ਪਾਠ 33
ਰੂਥ ਤੇ ਨਾਓਮੀ
ਇਜ਼ਰਾਈਲ ਵਿਚ ਕਾਲ਼ ਪੈਣ ਕਰਕੇ ਨਾਓਮੀ ਨਾਂ ਦੀ ਇਕ ਇਜ਼ਰਾਈਲੀ ਔਰਤ ਆਪਣੇ ਪਤੀ ਤੇ ਦੋ ਮੁੰਡਿਆਂ ਨਾਲ ਮੋਆਬ ਦੇਸ਼ ਚਲੀ ਗਈ। ਬਾਅਦ ਵਿਚ ਉੱਥੇ ਨਾਓਮੀ ਦੇ ਪਤੀ ਦੀ ਮੌਤ ਹੋ ਗਈ। ਉਸ ਦੇ ਮੁੰਡਿਆਂ ਨੇ ਮੋਆਬੀ ਕੁੜੀਆਂ ਰੂਥ ਤੇ ਆਰਪਾਹ ਨਾਲ ਵਿਆਹ ਕਰਾ ਲਏ। ਪਰ ਦੁੱਖ ਦੀ ਗੱਲ ਹੈ ਕਿ ਥੋੜ੍ਹੀ ਦੇਰ ਬਾਅਦ ਨਾਓਮੀ ਦੇ ਮੁੰਡੇ ਵੀ ਮਰ ਗਏ।
ਜਦੋਂ ਨਾਓਮੀ ਨੇ ਸੁਣਿਆ ਕਿ ਇਜ਼ਰਾਈਲ ਵਿਚ ਕਾਲ਼ ਖ਼ਤਮ ਹੋ ਗਿਆ, ਤਾਂ ਉਸ ਨੇ ਵਾਪਸ ਜਾਣ ਦਾ ਫ਼ੈਸਲਾ ਕੀਤਾ। ਰੂਥ ਤੇ ਆਰਪਾਹ ਵੀ ਉਸ ਨਾਲ ਤੁਰ ਪਈਆਂ, ਪਰ ਰਾਹ ਵਿਚ ਨਾਓਮੀ ਨੇ ਉਨ੍ਹਾਂ ਨੂੰ ਕਿਹਾ: ‘ਤੁਸੀਂ ਮੇਰੇ ਮੁੰਡਿਆਂ ਦੀਆਂ ਚੰਗੀਆਂ ਪਤਨੀਆਂ ਸੀ ਤੇ ਮੇਰੀਆਂ ਚੰਗੀਆਂ ਨੂੰਹਾਂ। ਮੈਂ ਚਾਹੁੰਦੀ ਹਾਂ ਕਿ ਤੁਹਾਡੇ ਦੁਬਾਰਾ ਵਿਆਹ ਹੋ ਜਾਣ। ਮੋਆਬ ਨੂੰ ਵਾਪਸ ਚਲੀਆਂ ਜਾਓ।’ ਉਨ੍ਹਾਂ ਨੇ ਕਿਹਾ: ‘ਅਸੀਂ ਤੈਨੂੰ ਪਿਆਰ ਕਰਦੀਆਂ ਹਾਂ। ਅਸੀਂ ਤੈਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੀਆਂ।’ ਨਾਓਮੀ ਉਨ੍ਹਾਂ ਨੂੰ ਵਾਰ-ਵਾਰ ਜਾਣ ਲਈ ਕਹਿੰਦੀ ਰਹੀ। ਅਖ਼ੀਰ ਆਰਪਾਹ ਆਪਣੇ ਘਰ ਚਲੀ ਗਈ, ਪਰ ਰੂਥ ਨਾ ਗਈ। ਨਾਓਮੀ ਨੇ ਉਸ ਨੂੰ ਕਿਹਾ: ‘ਆਰਪਾਹ ਆਪਣੇ ਲੋਕਾਂ ਅਤੇ ਆਪਣੇ ਦੇਵਤਿਆਂ ਕੋਲ ਮੁੜ ਗਈ ਹੈ। ਤੂੰ ਵੀ ਉਸ ਨਾਲ ਮੁੜ ਜਾਹ ਅਤੇ ਆਪਣੀ ਮਾਂ ਦੇ ਘਰ ਚਲੀ ਜਾਹ।’ ਪਰ ਰੂਥ ਨੇ ਕਿਹਾ: ‘ਮੈਂ ਤੈਨੂੰ ਛੱਡ ਕੇ ਨਹੀਂ ਜਾਣਾ। ਤੇਰੇ ਲੋਕ ਮੇਰੇ ਲੋਕ ਹੋਣਗੇ ਅਤੇ ਤੇਰਾ ਪਰਮੇਸ਼ੁਰ ਮੇਰਾ ਪਰਮੇਸ਼ੁਰ ਹੋਵੇਗਾ।’ ਤੁਸੀਂ ਕੀ ਸੋਚਦੇ ਹੋ ਕਿ ਨਾਓਮੀ ਨੂੰ ਰੂਥ ਦੀ ਗੱਲ ਸੁਣ ਕੇ ਕਿਵੇਂ ਲੱਗਾ ਹੋਣਾ?
ਰੂਥ ਤੇ ਨਾਓਮੀ ਜੌਂਆਂ ਦੀ ਵਾਢੀ ਵੇਲੇ ਇਜ਼ਰਾਈਲ ਪਹੁੰਚੀਆਂ। ਇਕ ਦਿਨ ਰੂਥ ਰਾਹਾਬ ਦੇ ਮੁੰਡੇ ਬੋਅਜ਼ ਦੇ ਖੇਤਾਂ ਵਿਚ ਸਿੱਟੇ ਚੁਗਣ ਗਈ। ਬੋਅਜ਼ ਨੇ ਸੁਣਿਆ ਸੀ ਕਿ ਮੋਆਬਣ ਰੂਥ ਨਾਓਮੀ ਦੀ ਵਫ਼ਾਦਾਰ ਰਹੀ। ਬੋਅਜ਼ ਨੇ ਕਾਮਿਆਂ ਨੂੰ ਕਿਹਾ ਕਿ ਉਹ ਰੂਥ ਦੇ ਚੁਗਣ ਲਈ ਜ਼ਿਆਦਾ ਸਿੱਟੇ ਖੇਤ ਵਿਚ ਛੱਡ ਦੇਣ।
ਉਸ ਸ਼ਾਮ ਨਾਓਮੀ ਨੇ ਰੂਥ ਨੂੰ ਪੁੱਛਿਆ: ‘ਅੱਜ ਤੂੰ ਕਿਹਦੇ ਖੇਤਾਂ ਵਿਚ ਕੰਮ ਕੀਤਾ?’ ਰੂਥ ਨੇ ਕਿਹਾ: ‘ਬੋਅਜ਼ ਨਾਂ ਦੇ ਆਦਮੀ ਦੇ ਖੇਤਾਂ ਵਿਚ।’ ਨਾਓਮੀ ਨੇ ਉਸ ਨੂੰ ਦੱਸਿਆ: ‘ਬੋਅਜ਼ ਮੇਰੇ ਪਤੀ ਦਾ ਰਿਸ਼ਤੇਦਾਰ ਹੈ। ਉਸ ਦੇ ਖੇਤਾਂ ਵਿਚ ਹੋਰ ਕੁੜੀਆਂ ਨਾਲ ਸਿੱਟੇ ਚੁਗਦੀ ਰਹੀਂ। ਤੈਨੂੰ ਉੱਥੇ ਕੋਈ ਡਰ ਨਹੀਂ ਹੋਵੇਗਾ।’
ਵਾਢੀ ਖ਼ਤਮ ਹੋਣ ਤਕ ਰੂਥ ਬੋਅਜ਼ ਦੇ ਖੇਤਾਂ ਵਿਚ ਕੰਮ ਕਰਦੀ ਰਹੀ। ਬੋਅਜ਼ ਨੇ ਦੇਖਿਆ ਕਿ ਰੂਥ ਮਿਹਨਤੀ ਤੇ ਨੇਕ ਔਰਤ ਸੀ। ਉਨ੍ਹਾਂ ਦਿਨਾਂ ਵਿਚ ਜੇ ਕੋਈ ਆਦਮੀ ਮਰ ਜਾਂਦਾ ਸੀ ਤੇ ਉਸ ਦੇ ਕੋਈ ਮੁੰਡਾ ਨਹੀਂ ਸੀ ਹੁੰਦਾ, ਤਾਂ ਉਸ ਦਾ ਕੋਈ ਰਿਸ਼ਤੇਦਾਰ ਉਸ ਦੀ ਵਿਧਵਾ ਪਤਨੀ ਨਾਲ ਵਿਆਹ ਕਰਵਾ ਸਕਦਾ ਸੀ। ਇਸ ਲਈ ਬੋਅਜ਼ ਨੇ ਰੂਥ ਨਾਲ ਵਿਆਹ ਕਰਵਾ ਲਿਆ। ਉਨ੍ਹਾਂ ਦੇ ਘਰ ਇਕ ਮੁੰਡਾ ਪੈਦਾ ਹੋਇਆ ਜਿਸ ਦਾ ਨਾਂ ਓਬੇਦ ਸੀ ਜੋ ਬਾਅਦ ਵਿਚ ਦਾਊਦ ਦਾ ਦਾਦਾ ਬਣਿਆ। ਨਾਓਮੀ ਦੀਆਂ ਸਹੇਲੀਆਂ ਖ਼ੁਸ਼ ਸਨ। ਉਨ੍ਹਾਂ ਨੇ ਕਿਹਾ: ‘ਪਹਿਲਾਂ ਯਹੋਵਾਹ ਨੇ ਤੈਨੂੰ ਰੂਥ ਦਿੱਤੀ ਜਿਸ ਨੇ ਤੇਰੇ ਨਾਲ ਚੰਗਾ ਸਲੂਕ ਕੀਤਾ ਤੇ ਹੁਣ ਤੈਨੂੰ ਪੋਤਾ ਦਿੱਤਾ। ਯਹੋਵਾਹ ਦੀ ਮਹਿਮਾ ਹੋਵੇ।’
“ਇਕ ਦੋਸਤ ਅਜਿਹਾ ਹੈ ਜੋ ਭਰਾ ਨਾਲੋਂ ਵੱਧ ਕੇ ਵਫ਼ਾ ਨਿਭਾਉਂਦਾ ਹੈ।”—ਕਹਾਉਤਾਂ 18:24