ਪਾਠ 35
ਹੰਨਾਹ ਨੇ ਪ੍ਰਾਰਥਨਾ ਵਿਚ ਮੁੰਡਾ ਮੰਗਿਆ
ਅਲਕਾਨਾਹ ਨਾਂ ਦੇ ਇਜ਼ਰਾਈਲੀ ਦੀਆਂ ਦੋ ਪਤਨੀਆਂ ਸਨ, ਹੰਨਾਹ ਅਤੇ ਪਨਿੰਨਾਹ। ਪਰ ਉਹ ਹੰਨਾਹ ਨੂੰ ਜ਼ਿਆਦਾ ਪਿਆਰ ਕਰਦਾ ਸੀ। ਹੰਨਾਹ ਦੇ ਕੋਈ ਬੱਚਾ ਨਹੀਂ ਸੀ, ਪਰ ਪਨਿੰਨਾਹ ਦੇ ਬਹੁਤ ਸਾਰੇ ਬੱਚੇ ਸਨ। ਇਸ ਲਈ ਉਹ ਹਮੇਸ਼ਾ ਹੰਨਾਹ ਦਾ ਮਜ਼ਾਕ ਉਡਾਉਂਦੀ ਸੀ। ਹਰ ਸਾਲ ਅਲਕਾਨਾਹ ਸ਼ੀਲੋਹ ਦੇ ਡੇਰੇ ਵਿਚ ਆਪਣੇ ਪਰਿਵਾਰ ਨਾਲ ਭਗਤੀ ਕਰਨ ਜਾਂਦਾ ਸੀ। ਇਕ ਵਾਰ ਜਦੋਂ ਉਹ ਉੱਥੇ ਸਨ, ਤਾਂ ਉਸ ਨੇ ਦੇਖਿਆ ਕਿ ਉਸ ਦੀ ਪਿਆਰੀ ਪਤਨੀ ਹੰਨਾਹ ਬਹੁਤ ਉਦਾਸ ਸੀ। ਉਸ ਨੇ ਕਿਹਾ: ‘ਹੰਨਾਹ, ਨਾ ਰੋ। ਮੈਂ ਤੇਰੇ ਨਾਲ ਹਾਂ। ਮੈਂ ਤੈਨੂੰ ਪਿਆਰ ਕਰਦਾ ਹਾਂ।’
ਬਾਅਦ ਵਿਚ ਹੰਨਾਹ ਇਕੱਲੀ ਪ੍ਰਾਰਥਨਾ ਕਰਨ ਚਲੀ ਗਈ। ਯਹੋਵਾਹ ਅੱਗੇ ਤਰਲੇ-ਮਿੰਨਤਾਂ ਕਰਦਿਆਂ ਉਹ ਆਪਣੇ ਹੰਝੂ ਨਾ ਰੋਕ ਸਕੀ। ਉਸ ਨੇ ਵਾਅਦਾ ਕੀਤਾ: ‘ਹੇ ਯਹੋਵਾਹ, ਜੇ ਮੇਰੇ ਮੁੰਡਾ ਹੋਇਆ, ਤਾਂ ਮੈਂ ਉਹ ਮੁੰਡਾ ਤੈਨੂੰ ਸੌਂਪ ਦਿਆਂਗੀ ਅਤੇ ਉਹ ਸਾਰੀ ਜ਼ਿੰਦਗੀ ਤੇਰੀ ਸੇਵਾ ਕਰੇਗਾ।’
ਮਹਾਂ ਪੁਜਾਰੀ ਏਲੀ ਨੇ ਹੰਨਾਹ ਨੂੰ ਹਟਕੋਰੇ ਲੈਂਦੇ ਦੇਖਿਆ ਅਤੇ ਸੋਚਿਆ ਕਿ ਉਸ ਨੇ ਨਸ਼ਾ ਕੀਤਾ ਹੈ। ਹੰਨਾਹ ਨੇ ਜਵਾਬ ਦਿੱਤਾ: ‘ਨਹੀਂ, ਮੇਰੇ ਮਾਲਕ, ਮੈਂ ਕੋਈ ਨਸ਼ਾ ਨਹੀਂ ਕੀਤਾ। ਮੈਂ ਬਹੁਤ ਦੁਖੀ ਹਾਂ ਅਤੇ ਮੈਂ ਆਪਣਾ ਦੁੱਖ ਯਹੋਵਾਹ ਨੂੰ ਦੱਸ ਰਹੀ ਹਾਂ।’ ਏਲੀ ਨੂੰ ਅਹਿਸਾਸ ਹੋਇਆ ਕਿ ਉਸ ਤੋਂ ਹੰਨਾਹ ਨੂੰ ਗ਼ਲਤ ਕਹਿ ਹੋ ਗਿਆ। ਉਸ ਨੇ ਹੰਨਾਹ ਨੂੰ ਕਿਹਾ: ‘ਮੇਰੀ ਦੁਆ ਹੈ ਕਿ ਪਰਮੇਸ਼ੁਰ ਤੇਰੀ ਮੁਰਾਦ ਪੂਰੀ ਕਰੇ ਜੋ ਤੂੰ ਉਸ ਤੋਂ ਮੰਗੀ ਹੈ।’ ਫਿਰ ਹੰਨਾਹ ਦਾ ਮਨ ਉਦਾਸ ਨਾ ਰਿਹਾ ਅਤੇ ਉਹ ਵਾਪਸ ਚਲੇ ਗਈ। ਸਾਲ ਦੇ ਅੰਦਰ-ਅੰਦਰ ਹੰਨਾਹ ਦੇ ਮੁੰਡਾ ਹੋਇਆ ਜਿਸ ਦਾ ਨਾਂ ਉਸ ਨੇ ਸਮੂਏਲ ਰੱਖਿਆ। ਕੀ ਤੁਸੀਂ ਸੋਚ ਸਕਦੇ ਕਿ ਉਦੋਂ ਹੰਨਾਹ ਕਿੰਨੀ ਖ਼ੁਸ਼ ਹੋਈ ਹੋਣੀ?
ਹੰਨਾਹ ਯਹੋਵਾਹ ਨਾਲ ਕੀਤੇ ਆਪਣੇ ਵਾਅਦੇ ਨੂੰ ਭੁੱਲੀ ਨਹੀਂ। ਸਮੂਏਲ ਦਾ ਦੁੱਧ ਛੁਡਾਉਣ ਤੋਂ ਜਲਦੀ ਬਾਅਦ ਉਹ ਉਸ ਨੂੰ ਡੇਰੇ ਵਿਚ ਸੇਵਾ ਕਰਨ ਲਈ ਲੈ ਗਈ। ਉਸ ਨੇ ਏਲੀ ਨੂੰ ਕਿਹਾ: ‘ਇਹ ਉਹੀ ਮੁੰਡਾ ਹੈ ਜਿਸ ਲਈ ਮੈਂ ਪ੍ਰਾਰਥਨਾ ਕੀਤੀ ਸੀ। ਮੈਂ ਇਸ ਨੂੰ ਯਹੋਵਾਹ ਨੂੰ ਸੌਂਪ ਰਹੀ ਹਾਂ। ਉਹ ਆਪਣੀ ਸਾਰੀ ਜ਼ਿੰਦਗੀ ਯਹੋਵਾਹ ਦਾ ਰਹੇਗਾ।’ ਅਲਕਾਨਾਹ ਤੇ ਹੰਨਾਹ ਹਰ ਸਾਲ ਸਮੂਏਲ ਨੂੰ ਮਿਲਣ ਜਾਂਦੇ ਸਨ ਅਤੇ ਉਸ ਲਈ ਬਿਨਾਂ ਬਾਹਾਂ ਵਾਲਾ ਨਵਾਂ ਚੋਗਾ ਲੈ ਕੇ ਜਾਂਦੇ ਸਨ। ਯਹੋਵਾਹ ਦੀ ਬਰਕਤ ਕਰਕੇ ਹੰਨਾਹ ਦੇ ਹੋਰ ਤਿੰਨ ਮੁੰਡੇ ਅਤੇ ਦੋ ਕੁੜੀਆਂ ਹੋਈਆਂ।
“ਮੰਗਦੇ ਰਹੋ, ਤਾਂ ਤੁਹਾਨੂੰ ਦਿੱਤਾ ਜਾਵੇਗਾ; ਲੱਭਦੇ ਰਹੋ, ਤਾਂ ਤੁਹਾਨੂੰ ਲੱਭ ਜਾਵੇਗਾ।”—ਮੱਤੀ 7:7