ਪਾਠ 41
ਦਾਊਦ ਅਤੇ ਸ਼ਾਊਲ
ਜਦੋਂ ਦਾਊਦ ਨੇ ਗੋਲਿਅਥ ਨੂੰ ਮਾਰ ਦਿੱਤਾ, ਤਾਂ ਰਾਜਾ ਸ਼ਾਊਲ ਨੇ ਉਸ ਨੂੰ ਆਪਣੀ ਫ਼ੌਜ ਦਾ ਸੈਨਾਪਤੀ ਬਣਾ ਦਿੱਤਾ। ਦਾਊਦ ਨੇ ਬਹੁਤ ਸਾਰੇ ਯੁੱਧ ਜਿੱਤੇ ਅਤੇ ਉਹ ਬਹੁਤ ਮਸ਼ਹੂਰ ਹੋ ਗਿਆ। ਇਕ ਵਾਰ ਜਦੋਂ ਦਾਊਦ ਯੁੱਧ ਜਿੱਤ ਕੇ ਵਾਪਸ ਆਇਆ, ਤਾਂ ਔਰਤਾਂ ਨੱਚਦੀਆਂ-ਗਾਉਂਦੀਆਂ ਬਾਹਰ ਆਈਆਂ: ‘ਸ਼ਾਊਲ ਨੇ ਮਾਰਿਆ ਹਜ਼ਾਰਾਂ ਨੂੰ, ਦਾਊਦ ਨੇ ਮਾਰਿਆ ਲੱਖਾਂ ਨੂੰ!’ ਇਸ ਲਈ ਸ਼ਾਊਲ ਦਾਊਦ ਨਾਲ ਈਰਖਾ ਕਰਨ ਲੱਗ ਪਿਆ ਅਤੇ ਉਹ ਦਾਊਦ ਨੂੰ ਮਾਰਨਾ ਚਾਹੁੰਦਾ ਸੀ।
ਦਾਊਦ ਬਹੁਤ ਵਧੀਆ ਰਬਾਬ ਵਜਾਉਂਦਾ ਸੀ। ਇਕ ਦਿਨ ਦਾਊਦ ਜਦੋਂ ਸ਼ਾਊਲ ਲਈ ਰਬਾਬ ਵਜਾ ਰਿਹਾ ਸੀ, ਤਾਂ ਉਸ ਨੇ ਜ਼ੋਰ ਨਾਲ ਦਾਊਦ ਵੱਲ ਬਰਛਾ ਮਾਰਿਆ। ਦਾਊਦ ਇਕਦਮ ਪਿੱਛੇ ਹਟ ਗਿਆ ਅਤੇ ਬਰਛਾ ਕੰਧ ਵਿਚ ਜਾ ਲੱਗਾ। ਇਸ ਤੋਂ ਬਾਅਦ ਸ਼ਾਊਲ ਨੇ ਬਹੁਤ ਵਾਰੀ ਦਾਊਦ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਅਖ਼ੀਰ ਦਾਊਦ ਭੱਜ ਗਿਆ ਅਤੇ ਉਜਾੜ ਵਿਚ ਲੁਕ ਗਿਆ।
ਸ਼ਾਊਲ 3,000 ਫ਼ੌਜੀ ਲੈ ਕੇ ਦਾਊਦ ਨੂੰ ਲੱਭਣ ਗਿਆ। ਸ਼ਾਊਲ ਉਸ ਗੁਫਾ ਵਿਚ ਅਚਾਨਕ ਚਲਾ ਗਿਆ ਜਿੱਥੇ ਦਾਊਦ ਅਤੇ ਉਸ ਦੇ ਆਦਮੀ ਲੁਕੇ ਹੋਏ ਸਨ। ਦਾਊਦ ਦੇ ਆਦਮੀਆਂ ਨੇ ਉਸ ਨੂੰ ਕਿਹਾ: ‘ਤੇਰੇ ਕੋਲ ਸ਼ਾਊਲ ਨੂੰ ਮਾਰਨ ਦਾ ਇਹੀ ਮੌਕਾ ਹੈ।’ ਦਾਊਦ ਹੌਲੀ-ਹੌਲੀ ਸ਼ਾਊਲ ਕੋਲ ਗਿਆ ਅਤੇ ਉਸ ਦੇ ਚੋਗੇ ਦਾ ਸਿਰਾ ਕੱਟ ਲਿਆ। ਸ਼ਾਊਲ ਨੂੰ ਇਸ ਬਾਰੇ ਪਤਾ ਨਾ ਲੱਗਾ। ਦਾਊਦ ਨੂੰ ਬਹੁਤ ਬੁਰਾ ਲੱਗਾ ਕਿ ਉਸ ਨੇ ਯਹੋਵਾਹ ਦੇ ਚੁਣੇ ਹੋਏ ਰਾਜੇ ਦਾ ਆਦਰ ਨਹੀਂ ਕੀਤਾ। ਉਸ ਨੇ ਆਪਣੇ ਆਦਮੀਆਂ ਨੂੰ ਸ਼ਾਊਲ ਨੂੰ ਮਾਰਨ ਨਾ ਦਿੱਤਾ। ਦਾਊਦ ਨੇ ਸ਼ਾਊਲ ਨੂੰ ਆਵਾਜ਼ ਮਾਰ ਕੇ ਕਿਹਾ ਕਿ ਉਸ ਕੋਲ ਸ਼ਾਊਲ ਨੂੰ ਮਾਰਨ ਦਾ ਮੌਕਾ ਸੀ, ਪਰ ਉਸ ਨੇ ਮਾਰਿਆ ਨਹੀਂ। ਕੀ ਇਸ ਤੋਂ ਬਾਅਦ ਸ਼ਾਊਲ ਨੇ ਦਾਊਦ ਦਾ ਪਿੱਛਾ ਕਰਨਾ ਛੱਡ ਦਿੱਤਾ?
ਨਹੀਂ। ਸ਼ਾਊਲ ਦਾਊਦ ਨੂੰ ਲੱਭਦਾ ਰਿਹਾ। ਇਕ ਰਾਤ ਦਾਊਦ ਅਤੇ ਉਸ ਦਾ ਭਤੀਜਾ ਅਬੀਸ਼ਈ ਸ਼ਾਊਲ ਦੀ ਛਾਉਣੀ ਵਿਚ ਜਾ ਵੜੇ। ਸ਼ਾਊਲ ਦਾ ਅੰਗ-ਰੱਖਿਅਕ ਅਬਨੇਰ ਵੀ ਸੁੱਤਾ ਪਿਆ ਸੀ। ਅਬੀਸ਼ਈ ਨੇ ਕਿਹਾ: ‘ਸਾਡੇ ਕੋਲ ਮੌਕਾ ਹੈ। ਮੈਨੂੰ ਉਸ ਨੂੰ ਮਾਰ ਲੈਣ ਦੇ।’ ਦਾਊਦ ਨੇ ਉਸ ਨੂੰ ਕਿਹਾ: ‘ਯਹੋਵਾਹ ਆਪੇ ਸ਼ਾਊਲ ਨੂੰ ਸਜ਼ਾ ਦੇਵੇਗਾ। ਆਪਾਂ ਉਸ ਦਾ ਬਰਛਾ ਅਤੇ ਪਾਣੀ ਦੀ ਸੁਰਾਹੀ ਲੈ ਜਾਂਦੇ ਹਾਂ।’
ਦਾਊਦ ਪਹਾੜ ʼਤੇ ਚੜ੍ਹ ਗਿਆ ਜਿੱਥੋਂ ਸ਼ਾਊਲ ਦਾ ਤੰਬੂ ਦਿਸਦਾ ਸੀ। ਉਹ ਉੱਚੀ-ਉੱਚੀ ਕਹਿਣ ਲੱਗਾ: ‘ਅਬਨੇਰ, ਤੂੰ ਆਪਣੇ ਰਾਜੇ ਦੀ ਰਾਖੀ ਕਿਉਂ ਨਹੀਂ ਕੀਤੀ? ਸ਼ਾਊਲ ਦੀ ਸੁਰਾਹੀ ਅਤੇ ਬਰਛਾ ਕਿੱਥੇ ਹੈ?’ ਸ਼ਾਊਲ ਨੇ ਦਾਊਦ ਦੀ ਆਵਾਜ਼ ਪਛਾਣ ਲਈ ਅਤੇ ਕਿਹਾ: ‘ਤੇਰੇ ਕੋਲ ਮੈਨੂੰ ਜਾਨੋਂ ਮਾਰਨ ਦਾ ਮੌਕਾ ਸੀ, ਪਰ ਤੂੰ ਮੈਨੂੰ ਨਹੀਂ ਮਾਰਿਆ। ਮੈਂ ਜਾਣਦਾ ਹਾਂ ਕਿ ਤੂੰ ਇਜ਼ਰਾਈਲ ਦਾ ਅਗਲਾ ਰਾਜਾ ਬਣੇਂਗਾ।’ ਸ਼ਾਊਲ ਆਪਣੇ ਮਹਿਲ ਵਾਪਸ ਚਲਾ ਗਿਆ। ਪਰ ਉਸ ਦੇ ਪਰਿਵਾਰ ਦੇ ਸਾਰੇ ਮੈਂਬਰ ਦਾਊਦ ਨਾਲ ਨਫ਼ਰਤ ਨਹੀਂ ਕਰਦੇ ਸਨ।
“ਜੇ ਹੋ ਸਕੇ, ਤਾਂ ਸਾਰਿਆਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰੋ। ਪਿਆਰਿਓ, ਬਦਲਾ ਨਾ ਲਓ, ਸਗੋਂ ਪਰਮੇਸ਼ੁਰ ਦੇ ਕ੍ਰੋਧ ਨੂੰ ਮੌਕਾ ਦਿਓ।”—ਰੋਮੀਆਂ 12:18, 19