ਪਾਠ 52
ਅੱਗ ਵਰਗੇ ਘੋੜਿਆਂ ਅਤੇ ਯੁੱਧ ਦੇ ਰਥਾਂ ਵਾਲੀ ਇਕ ਫ਼ੌਜ
ਸੀਰੀਆ ਦਾ ਰਾਜਾ ਬਨ-ਹਦਦ ਇਜ਼ਰਾਈਲ ʼਤੇ ਵਾਰ-ਵਾਰ ਹਮਲਾ ਕਰਦਾ ਸੀ। ਪਰ ਅਲੀਸ਼ਾ ਨਬੀ ਹਰ ਵਾਰ ਇਜ਼ਰਾਈਲ ਦੇ ਰਾਜੇ ਨੂੰ ਪਹਿਲਾਂ ਹੀ ਦੱਸ ਦਿੰਦਾ ਸੀ ਜਿਸ ਕਰਕੇ ਰਾਜਾ ਬਚ ਜਾਂਦਾ ਸੀ। ਇਸ ਲਈ ਬਨ-ਹਦਦ ਨੇ ਅਲੀਸ਼ਾ ਨੂੰ ਫੜਨ ਬਾਰੇ ਸੋਚਿਆ। ਉਸ ਨੂੰ ਪਤਾ ਲੱਗਾ ਕਿ ਅਲੀਸ਼ਾ ਦੋਥਾਨ ਸ਼ਹਿਰ ਵਿਚ ਹੈ। ਇਸ ਲਈ ਉਸ ਨੇ ਅਲੀਸ਼ਾ ਨੂੰ ਫੜਨ ਲਈ ਆਪਣੀ ਫ਼ੌਜ ਭੇਜੀ।
ਫ਼ੌਜੀ ਰਾਤ ਨੂੰ ਦੋਥਾਨ ਵਿਚ ਆ ਗਏ। ਅਗਲੀ ਸਵੇਰ ਅਲੀਸ਼ਾ ਦਾ ਸੇਵਾਦਾਰ ਬਾਹਰ ਗਿਆ ਅਤੇ ਉਸ ਨੇ ਦੇਖਿਆ ਕਿ ਇਕ ਵੱਡੀ ਫ਼ੌਜ ਨੇ ਸਾਰੇ ਸ਼ਹਿਰ ਨੂੰ ਘੇਰਾ ਪਾਇਆ ਹੋਇਆ ਸੀ। ਉਹ ਡਰ ਗਿਆ ਅਤੇ ਉੱਚੀ-ਉੱਚੀ ਕਹਿਣ ਲੱਗਾ: ‘ਅਲੀਸ਼ਾ, ਹੁਣ ਆਪਾਂ ਕੀ ਕਰੀਏ?’ ਉਸ ਨੇ ਕਿਹਾ: ‘ਉਨ੍ਹਾਂ ਨਾਲ ਜਿੰਨੇ ਹਨ, ਉਨ੍ਹਾਂ ਨਾਲੋਂ ਕਿਤੇ ਜ਼ਿਆਦਾ ਸਾਡੇ ਨਾਲ ਹਨ।’ ਉਸ ਵੇਲੇ ਯਹੋਵਾਹ ਨੇ ਅਲੀਸ਼ਾ ਦੇ ਸੇਵਾਦਾਰ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਅਤੇ ਉਸ ਨੇ ਦੇਖਿਆ ਕਿ ਸ਼ਹਿਰ ਦੇ ਆਲੇ-ਦੁਆਲੇ ਦੇ ਪਹਾੜ ਅੱਗ ਵਰਗੇ ਘੋੜਿਆਂ ਅਤੇ ਯੁੱਧ ਦੇ ਰਥਾਂ ਨਾਲ ਭਰੇ ਹੋਏ ਸਨ।
ਜਦੋਂ ਸੀਰੀਆਈ ਫ਼ੌਜੀ ਅਲੀਸ਼ਾ ਨੂੰ ਫੜਨ ਆਏ, ਤਾਂ ਉਸ ਨੇ ਪ੍ਰਾਰਥਨਾ ਕੀਤੀ: ‘ਯਹੋਵਾਹ, ਕਿਰਪਾ ਕਰ ਕੇ ਇਨ੍ਹਾਂ ਨੂੰ ਅੰਨ੍ਹਾ ਕਰ ਦੇ।’ ਭਾਵੇਂ ਫ਼ੌਜੀ ਦੇਖ ਸਕਦੇ ਸਨ, ਪਰ ਉਨ੍ਹਾਂ ਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਉਹ ਕਿੱਥੇ ਸਨ। ਅਲੀਸ਼ਾ ਨੇ ਫ਼ੌਜੀਆਂ ਨੂੰ ਕਿਹਾ: ‘ਤੁਸੀਂ ਗ਼ਲਤ ਸ਼ਹਿਰ ਆ ਗਏ ਹੋ। ਮੇਰੇ ਮਗਰ-ਮਗਰ ਆਓ। ਮੈਂ ਤੁਹਾਨੂੰ ਉਸ ਆਦਮੀ ਕੋਲ ਲੈ ਜਾਵਾਂਗਾ ਜਿਸ ਨੂੰ ਤੁਸੀਂ ਲੱਭ ਰਹੇ ਹੋ।’ ਉਹ ਸਾਮਰਿਯਾ ਤਕ ਅਲੀਸ਼ਾ ਦੇ ਮਗਰ-ਮਗਰ ਗਏ ਜਿੱਥੇ ਇਜ਼ਰਾਈਲ ਦਾ ਰਾਜਾ ਰਹਿੰਦਾ ਸੀ।
ਛੇਤੀ ਹੀ ਫ਼ੌਜੀਆਂ ਨੂੰ ਪਤਾ ਲੱਗ ਗਿਆ ਕਿ ਉਹ ਕਿੱਥੇ ਸਨ। ਇਜ਼ਰਾਈਲ ਦੇ ਰਾਜੇ ਨੇ ਅਲੀਸ਼ਾ ਨੂੰ ਪੁੱਛਿਆ: ‘ਕੀ ਮੈਂ ਇਨ੍ਹਾਂ ਨੂੰ ਮਾਰ ਸੁੱਟਾਂ?’ ਕੀ ਅਲੀਸ਼ਾ ਨੇ ਇਸ ਮੌਕੇ ਦਾ ਫ਼ਾਇਦਾ ਉਠਾ ਕੇ ਉਨ੍ਹਾਂ ਲੋਕਾਂ ਤੋਂ ਬਦਲਾ ਲੈਣ ਦੀ ਕੋਸ਼ਿਸ਼ ਕੀਤੀ ਜੋ ਉਸ ਨੂੰ ਮਾਰਨਾ ਚਾਹੁੰਦੇ ਸਨ? ਨਹੀਂ। ਅਲੀਸ਼ਾ ਨੇ ਕਿਹਾ: ‘ਤੂੰ ਉਨ੍ਹਾਂ ਨੂੰ ਨਾ ਮਾਰ, ਸਗੋਂ ਉਨ੍ਹਾਂ ਨੂੰ ਰੋਟੀ ਖੁਆ ਕੇ ਵਾਪਸ ਭੇਜ ਦੇ।’ ਸੋ ਰਾਜੇ ਨੇ ਉਨ੍ਹਾਂ ਲਈ ਵੱਡੀ ਦਾਅਵਤ ਕੀਤੀ ਅਤੇ ਫ਼ੌਜੀਆਂ ਨੂੰ ਵਾਪਸ ਘਰ ਭੇਜ ਦਿੱਤਾ।
“ਸਾਨੂੰ ਉਸ ਉੱਤੇ ਭਰੋਸਾ ਹੈ ਕਿ ਅਸੀਂ ਉਸ ਦੀ ਇੱਛਾ ਅਨੁਸਾਰ ਜੋ ਵੀ ਮੰਗਦੇ ਹਾਂ, ਉਹ ਸਾਡੀ ਸੁਣਦਾ ਹੈ।”—1 ਯੂਹੰਨਾ 5:14