ਪਾਠ 54
ਯਹੋਵਾਹ ਨੇ ਯੂਨਾਹ ਨਾਲ ਧੀਰਜ ਰੱਖਿਆ
ਅੱਸ਼ੂਰ ਦੇ ਨੀਨਵਾਹ ਸ਼ਹਿਰ ਦੇ ਲੋਕ ਬਹੁਤ ਬੁਰੇ ਸਨ। ਯਹੋਵਾਹ ਨੇ ਯੂਨਾਹ ਨਬੀ ਨੂੰ ਕਿਹਾ ਕਿ ਉਹ ਨੀਨਵਾਹ ਜਾ ਕੇ ਲੋਕਾਂ ਨੂੰ ਚੇਤਾਵਨੀ ਦੇਵੇ ਕਿ ਉਹ ਆਪਣੇ ਬੁਰੇ ਕੰਮ ਛੱਡ ਦੇਣ। ਪਰ ਯੂਨਾਹ ਹੋਰ ਪਾਸੇ ਚਲਾ ਗਿਆ। ਉਹ ਤਰਸ਼ੀਸ਼ ਜਾਣ ਵਾਲੇ ਸਮੁੰਦਰੀ ਜਹਾਜ਼ ʼਤੇ ਚੜ੍ਹ ਗਿਆ।
ਜਦੋਂ ਜਹਾਜ਼ ਸਮੁੰਦਰ ਵਿਚ ਗਿਆ, ਤਾਂ ਭਿਆਨਕ ਤੂਫ਼ਾਨ ਆਇਆ। ਜਹਾਜ਼ ਚਲਾਉਣ ਵਾਲੇ ਬਹੁਤ ਡਰ ਗਏ। ਉਨ੍ਹਾਂ ਨੇ ਆਪੋ-ਆਪਣੇ ਦੇਵਤਿਆਂ ਨੂੰ ਪ੍ਰਾਰਥਨਾ ਕੀਤੀ ਅਤੇ ਕਿਹਾ: ‘ਇੱਦਾਂ ਕਿਉਂ ਹੋ ਰਿਹਾ ਹੈ?’ ਅਖ਼ੀਰ ਯੂਨਾਹ ਨੇ ਉਨ੍ਹਾਂ ਨੂੰ ਦੱਸਿਆ: ‘ਇਹ ਸਾਰਾ ਕੁਝ ਮੇਰੇ ਕਰਕੇ ਹੋ ਰਿਹਾ। ਮੈਂ ਉਹ ਕੰਮ ਕਰਨ ਤੋਂ ਭੱਜ ਰਿਹਾ ਹਾਂ ਜੋ ਯਹੋਵਾਹ ਨੇ ਮੈਨੂੰ ਕਰਨ ਲਈ ਕਿਹਾ ਸੀ। ਮੈਨੂੰ ਸਮੁੰਦਰ ਵਿਚ ਸੁੱਟ ਦਿਓ। ਇਸ ਨਾਲ ਤੂਫ਼ਾਨ ਸ਼ਾਂਤ ਹੋ ਜਾਵੇਗਾ।’ ਉਹ ਯੂਨਾਹ ਨੂੰ ਜਹਾਜ਼ ਵਿੱਚੋਂ ਸੁੱਟਣਾ ਨਹੀਂ ਚਾਹੁੰਦੇ ਸਨ, ਪਰ ਉਸ ਨੇ ਉਨ੍ਹਾਂ ʼਤੇ ਜ਼ੋਰ ਪਾਇਆ। ਜਦੋਂ ਉਨ੍ਹਾਂ ਨੇ ਯੂਨਾਹ ਨੂੰ ਸਮੁੰਦਰ ਵਿਚ ਸੁੱਟ ਦਿੱਤਾ, ਤਾਂ ਤੂਫ਼ਾਨ ਸ਼ਾਂਤ ਹੋ ਗਿਆ।
ਯੂਨਾਹ ਨੇ ਸੋਚਿਆ ਕਿ ਉਹ ਮਰ ਜਾਵੇਗਾ। ਜਿੱਦਾਂ-ਜਿੱਦਾਂ ਉਹ ਸਮੁੰਦਰ ਦੀਆਂ ਗਹਿਰਾਈਆਂ ਵਿਚ ਡੁੱਬਦਾ ਜਾ ਰਿਹਾ ਸੀ, ਉਹ ਯਹੋਵਾਹ ਨੂੰ ਪ੍ਰਾਰਥਨਾ ਕਰ ਰਿਹਾ ਸੀ। ਫਿਰ ਯਹੋਵਾਹ ਨੇ ਇਕ ਵੱਡੀ ਸਾਰੀ ਮੱਛੀ ਭੇਜੀ ਜਿਸ ਨੇ ਯੂਨਾਹ ਨੂੰ ਨਿਗਲ਼ ਲਿਆ, ਪਰ ਉਹ ਮਰਿਆ ਨਹੀਂ। ਮੱਛੀ ਦੇ ਢਿੱਡ ਅੰਦਰ ਯੂਨਾਹ ਨੇ ਪ੍ਰਾਰਥਨਾ ਕੀਤੀ: ‘ਮੈਂ ਹਮੇਸ਼ਾ ਤੇਰਾ ਕਹਿਣਾ ਮੰਨਣ ਦਾ ਵਾਅਦਾ ਕਰਦਾ ਹਾਂ।’ ਯਹੋਵਾਹ ਨੇ ਯੂਨਾਹ ਨੂੰ ਤਿੰਨ ਦਿਨਾਂ ਤਕ ਮੱਛੀ ਦੇ ਢਿੱਡ ਵਿਚ ਸੁਰੱਖਿਅਤ ਰੱਖਿਆ। ਫਿਰ ਮੱਛੀ ਨੇ ਯੂਨਾਹ ਨੂੰ ਸੁੱਕੀ ਜ਼ਮੀਨ ʼਤੇ ਉਗਲ਼ ਦਿੱਤਾ।
ਯਹੋਵਾਹ ਨੇ ਯੂਨਾਹ ਨੂੰ ਬਚਾ ਲਿਆ ਸੀ। ਪਰ ਕੀ ਇਸ ਦਾ ਮਤਲਬ ਸੀ ਕਿ ਉਸ ਨੂੰ ਹੁਣ ਨੀਨਵਾਹ ਨਹੀਂ ਜਾਣਾ ਪੈਣਾ ਸੀ? ਨਹੀਂ। ਯਹੋਵਾਹ ਨੇ ਦੁਬਾਰਾ ਉਸ ਨੂੰ ਉੱਥੇ ਜਾਣ ਲਈ ਕਿਹਾ। ਇਸ ਵਾਰ ਯੂਨਾਹ ਨੇ ਯਹੋਵਾਹ ਦਾ ਕਹਿਣਾ ਮੰਨਿਆ। ਉਹ ਉੱਥੇ ਗਿਆ ਅਤੇ ਉਸ ਨੇ ਬੁਰੇ ਲੋਕਾਂ ਨੂੰ ਕਿਹਾ: ‘40 ਦਿਨਾਂ ਬਾਅਦ ਨੀਨਵਾਹ ਸ਼ਹਿਰ ਨੂੰ ਨਾਸ਼ ਕਰ ਦਿੱਤਾ ਜਾਵੇਗਾ।’ ਫਿਰ ਇਕ ਦਿਨ ਕੁਝ ਅਜਿਹਾ ਹੋਇਆ ਜਿਸ ਦੀ ਯੂਨਾਹ ਨੇ ਉਮੀਦ ਨਹੀਂ ਸੀ ਕੀਤੀ। ਨੀਨਵਾਹ ਦੇ ਲੋਕਾਂ ਨੇ ਉਸ ਦੀ ਗੱਲ ਸੁਣੀ ਅਤੇ ਆਪਣੇ ਬੁਰੇ ਕੰਮ ਛੱਡ ਦਿੱਤੇ! ਨੀਨਵਾਹ ਦੇ ਰਾਜੇ ਨੇ ਲੋਕਾਂ ਨੂੰ ਕਿਹਾ: ‘ਪਰਮੇਸ਼ੁਰ ਅੱਗੇ ਦੁਹਾਈ ਦਿਓ ਅਤੇ ਤੋਬਾ ਕਰੋ। ਸ਼ਾਇਦ ਉਹ ਸਾਨੂੰ ਨਾਸ਼ ਨਾ ਕਰੇ।’ ਜਦੋਂ ਯਹੋਵਾਹ ਨੇ ਦੇਖਿਆ ਕਿ ਲੋਕਾਂ ਨੇ ਤੋਬਾ ਕੀਤੀ ਹੈ, ਤਾਂ ਉਸ ਨੇ ਨੀਨਵਾਹ ਨੂੰ ਨਾਸ਼ ਨਹੀਂ ਕੀਤਾ।
ਸ਼ਹਿਰ ਦਾ ਨਾਸ਼ ਨਾ ਹੋਣ ਕਰਕੇ ਯੂਨਾਹ ਨੂੰ ਗੁੱਸਾ ਚੜ੍ਹ ਗਿਆ। ਜ਼ਰਾ ਸੋਚੋ: ਯਹੋਵਾਹ ਨੇ ਯੂਨਾਹ ਨਾਲ ਧੀਰਜ ਰੱਖਿਆ ਅਤੇ ਉਸ ʼਤੇ ਦਇਆ ਕੀਤੀ, ਪਰ ਯੂਨਾਹ ਨੇ ਨੀਨਵਾਹ ਦੇ ਲੋਕਾਂ ʼਤੇ ਦਇਆ ਨਹੀਂ ਕੀਤੀ। ਉਹ ਸ਼ਹਿਰ ਤੋਂ ਬਾਹਰ ਘੀਏ ਦੀ ਵੇਲ ਦੀ ਛਾਂਵੇਂ ਮੱਥੇ ਵੱਟ ਪਾ ਕੇ ਬੈਠ ਗਿਆ। ਫਿਰ ਵੇਲ ਸੁੱਕ ਗਈ ਅਤੇ ਯੂਨਾਹ ਨੂੰ ਗੁੱਸਾ ਚੜ੍ਹ ਗਿਆ। ਯਹੋਵਾਹ ਨੇ ਉਸ ਨੂੰ ਕਿਹਾ: ‘ਤੈਨੂੰ ਨੀਨਵਾਹ ਦੇ ਲੋਕਾਂ ਨਾਲੋਂ ਇਸ ਵੇਲ ਦੀ ਜ਼ਿਆਦਾ ਪਰਵਾਹ ਹੈ। ਮੈਂ ਉਨ੍ਹਾਂ ʼਤੇ ਦਇਆ ਕੀਤੀ ਤੇ ਉਹ ਬਚ ਗਏ।’ ਯਹੋਵਾਹ ਕੀ ਸਿਖਾਉਣਾ ਚਾਹੁੰਦਾ ਸੀ? ਨੀਨਵਾਹ ਦੇ ਲੋਕ ਕਿਸੇ ਵੀ ਬੂਟੇ ਨਾਲੋਂ ਜ਼ਿਆਦਾ ਅਨਮੋਲ ਸਨ।
“ਯਹੋਵਾਹ . . . ਤੁਹਾਡੇ ਨਾਲ ਧੀਰਜ ਰੱਖ ਰਿਹਾ ਹੈ ਕਿਉਂਕਿ ਉਹ ਨਹੀਂ ਚਾਹੁੰਦਾ ਕਿ ਕਿਸੇ ਦਾ ਨਾਸ਼ ਹੋਵੇ, ਸਗੋਂ ਚਾਹੁੰਦਾ ਹੈ ਕਿ ਸਾਰਿਆਂ ਨੂੰ ਤੋਬਾ ਕਰਨ ਦਾ ਮੌਕਾ ਮਿਲੇ।”—2 ਪਤਰਸ 3:9