ਪਾਠ 67
ਯਰੂਸ਼ਲਮ ਦੀਆਂ ਕੰਧਾਂ
ਆਓ ਹੁਣ ਦੇਖੀਏ ਕਿ ਯਰੂਸ਼ਲਮ ਦੀਆਂ ਕੰਧਾਂ ਦੁਬਾਰਾ ਬਣਾਉਣ ਤੋਂ ਕੁਝ ਸਾਲ ਪਹਿਲਾਂ ਕੀ ਹੋਇਆ ਸੀ। ਨਹਮਯਾਹ ਨਾਂ ਦਾ ਇਕ ਇਜ਼ਰਾਈਲੀ ਸੀ ਜੋ ਰਾਜਾ ਅਰਤਹਸ਼ਸਤਾ ਦਾ ਸੇਵਕ ਸੀ। ਉਹ ਫਾਰਸ ਦੇ ਸ਼ੂਸ਼ਨ ਸ਼ਹਿਰ ਵਿਚ ਰਹਿੰਦਾ ਸੀ। ਨਹਮਯਾਹ ਦਾ ਭਰਾ ਯਹੂਦਾਹ ਤੋਂ ਬੁਰੀ ਖ਼ਬਰ ਲੈ ਕੇ ਆਇਆ: ‘ਯਰੂਸ਼ਲਮ ਵਿਚ ਰਹਿਣ ਵਾਲੇ ਲੋਕ ਸੁਰੱਖਿਅਤ ਨਹੀਂ ਹਨ। ਬਾਬਲੀ ਫ਼ੌਜਾਂ ਦੁਆਰਾ ਨਾਸ਼ ਕੀਤੀਆਂ ਸ਼ਹਿਰ ਦੀਆਂ ਕੰਧਾਂ ਅਤੇ ਦਰਵਾਜ਼ਿਆਂ ਨੂੰ ਦੁਬਾਰਾ ਨਹੀਂ ਬਣਾਇਆ ਗਿਆ।’ ਨਹਮਯਾਹ ਬਹੁਤ ਦੁਖੀ ਹੋ ਗਿਆ। ਉਹ ਯਰੂਸ਼ਲਮ ਵਿਚ ਜਾ ਕੇ ਲੋਕਾਂ ਦੀ ਮਦਦ ਕਰਨੀ ਚਾਹੁੰਦਾ ਸੀ। ਇਸ ਲਈ ਉਸ ਨੇ ਪ੍ਰਾਰਥਨਾ ਕੀਤੀ ਕਿ ਰਾਜਾ ਉਸ ਨੂੰ ਜਾਣ ਦੇਵੇ।
ਇਕ ਦਿਨ ਰਾਜੇ ਨੇ ਦੇਖਿਆ ਕਿ ਨਹਮਯਾਹ ਬਹੁਤ ਉਦਾਸ ਸੀ। ਉਸ ਨੇ ਕਿਹਾ: ‘ਮੈਂ ਤੈਨੂੰ ਕਦੇ ਵੀ ਇੰਨਾ ਉਦਾਸ ਨਹੀਂ ਦੇਖਿਆ। ਕੀ ਗੱਲ ਹੈ?’ ਨਹਮਯਾਹ ਨੇ ਕਿਹਾ: ‘ਮੈਂ ਉਦਾਸ ਕਿਉਂ ਨਾ ਹੋਵਾਂ ਜਦ ਕਿ ਮੇਰਾ ਸ਼ਹਿਰ ਯਰੂਸ਼ਲਮ ਉਜਾੜ ਪਿਆ ਹੋਇਆ ਹੈ?’ ਰਾਜੇ ਨੇ ਕਿਹਾ: ‘ਮੈਂ ਤੇਰੇ ਲਈ ਕੀ ਕਰ ਸਕਦਾਂ?’ ਨਹਮਯਾਹ ਨੇ ਉਸੇ ਵੇਲੇ ਆਪਣੇ ਮਨ ਵਿਚ ਪ੍ਰਾਰਥਨਾ ਕੀਤੀ। ਫਿਰ ਉਸ ਨੇ ਕਿਹਾ: ‘ਕਿਰਪਾ ਕਰ ਕੇ ਮੈਨੂੰ ਯਰੂਸ਼ਲਮ ਵਾਪਸ ਜਾਣ ਦੇ ਤਾਂਕਿ ਮੈਂ ਉੱਥੇ ਦੀਆਂ ਕੰਧਾਂ ਦੁਬਾਰਾ ਬਣਾ ਸਕਾਂ।’ ਰਾਜਾ ਅਰਤਹਸ਼ਸਤਾ ਨੇ ਨਹਮਯਾਹ ਨੂੰ ਕਿਹਾ ਕਿ ਉਹ ਜਾ ਸਕਦਾ ਹੈ ਅਤੇ ਰਾਜੇ ਨੇ ਇਹ ਪੱਕਾ ਕੀਤਾ ਕਿ ਇਸ ਲੰਬੇ ਸਫ਼ਰ ਦੌਰਾਨ ਨਹਮਯਾਹ ਨੂੰ ਕੋਈ ਖ਼ਤਰਾ ਨਾ ਹੋਵੇ। ਉਸ ਨੇ ਨਹਮਯਾਹ ਨੂੰ ਯਹੂਦਾਹ ਦਾ ਰਾਜਪਾਲ ਵੀ ਬਣਾ ਦਿੱਤਾ ਅਤੇ ਉਸ ਨੂੰ ਸ਼ਹਿਰ ਦੇ ਦਰਵਾਜ਼ਿਆਂ ਲਈ ਲੱਕੜ ਵੀ ਦਿੱਤੀ।
ਯਰੂਸ਼ਲਮ ਪਹੁੰਚ ਕੇ ਨਹਮਯਾਹ ਨੇ ਸ਼ਹਿਰ ਦੀਆਂ ਕੰਧਾਂ ਦੀ ਜਾਂਚ-ਪੜਤਾਲ ਕੀਤੀ। ਉਸ ਨੇ ਪੁਜਾਰੀਆਂ ਅਤੇ ਅਧਿਕਾਰੀਆਂ ਨੂੰ ਇਕੱਠਾ ਕਰ ਕੇ ਕਿਹਾ: ‘ਸ਼ਹਿਰ ਦੀ ਹਾਲਤ ਬਹੁਤ ਖ਼ਰਾਬ ਹੈ। ਸਾਨੂੰ ਕੰਮ ʼਤੇ ਲੱਗ ਜਾਣਾ ਚਾਹੀਦਾ।’ ਲੋਕਾਂ ਨੇ ਉਸ ਦੀ ਗੱਲ ਮੰਨ ਲਈ ਅਤੇ ਦੁਬਾਰਾ ਤੋਂ ਕੰਧਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ।
ਪਰ ਇਜ਼ਰਾਈਲੀਆਂ ਦੇ ਕੁਝ ਦੁਸ਼ਮਣ ਉਨ੍ਹਾਂ ਦਾ ਮਜ਼ਾਕ ਉਡਾਉਂਦਿਆਂ ਕਹਿਣ ਲੱਗੇ: ‘ਜਿਹੜੀ ਕੰਧ ਤੁਸੀਂ ਬਣਾ ਰਹੇ ਹੋ, ਉਸ ਨੂੰ ਤਾਂ ਇਕ ਲੂੰਬੜੀ ਵੀ ਢਾਹ ਸਕਦੀ ਹੈ।’ ਪਰ ਕੰਧ ਬਣਾਉਣ ਵਾਲਿਆਂ ਨੇ ਉਨ੍ਹਾਂ ਦੀਆਂ ਗੱਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਆਪਣੇ ਕੰਮ ਵਿਚ ਲੱਗੇ ਰਹੇ। ਹੌਲੀ-ਹੌਲੀ ਕੰਧ ਉੱਚੀ ਅਤੇ ਮਜ਼ਬੂਤ ਬਣਦੀ ਗਈ।
ਦੁਸ਼ਮਣਾਂ ਨੇ ਫ਼ੈਸਲਾ ਕੀਤਾ ਕਿ ਉਹ ਚਾਰੇ ਪਾਸਿਓਂ ਆ ਕੇ ਯਰੂਸ਼ਲਮ ʼਤੇ ਅਚਾਨਕ ਹਮਲਾ ਕਰਨਗੇ। ਜਦੋਂ ਯਹੂਦੀਆਂ ਨੂੰ ਇਹ ਗੱਲ ਪਤਾ ਲੱਗੀ, ਤਾਂ ਉਹ ਡਰ ਗਏ। ਪਰ ਨਹਮਯਾਹ ਨੇ ਉਨ੍ਹਾਂ ਨੂੰ ਕਿਹਾ: ‘ਨਾ ਡਰੋ। ਯਹੋਵਾਹ ਸਾਡੇ ਨਾਲ ਹੈ।’ ਉਸ ਨੇ ਕੰਧ ਬਣਾਉਣ ਵਾਲਿਆਂ ਦੀ ਰਾਖੀ ਕਰਨ ਲਈ ਪਹਿਰੇਦਾਰ ਖੜ੍ਹੇ ਕਰ ਦਿੱਤੇ ਅਤੇ ਦੁਸ਼ਮਣ ਉਨ੍ਹਾਂ ʼਤੇ ਹਮਲਾ ਨਾ ਕਰ ਸਕੇ।
ਸਿਰਫ਼ 52 ਦਿਨਾਂ ਦੇ ਅੰਦਰ-ਅੰਦਰ ਕੰਧਾਂ ਅਤੇ ਦਰਵਾਜ਼ੇ ਬਣ ਕੇ ਤਿਆਰ ਹੋ ਗਏ। ਨਹਮਯਾਹ ਨੇ ਸਾਰੇ ਲੇਵੀਆਂ ਨੂੰ ਉਦਘਾਟਨ ਕਰਨ ਲਈ ਯਰੂਸ਼ਲਮ ਬੁਲਾਇਆ। ਉਸ ਨੇ ਗਾਇਕਾਂ ਦੀਆਂ ਦੋ ਟੋਲੀਆਂ ਬਣਾ ਦਿੱਤੀਆਂ। ਦੋਵੇਂ ਟੋਲੀਆਂ ਫਾਟਕ ਦੀਆਂ ਪੌੜੀਆਂ ਚੜ੍ਹ ਕੇ ਸ਼ਹਿਰ ਦੀ ਕੰਧ ʼਤੇ ਚਲੀਆਂ ਗਈਆਂ ਅਤੇ ਸ਼ਹਿਰ ਦੇ ਦੁਆਲੇ ਦੋਵੇਂ ਟੋਲੀਆਂ ਇਕ-ਦੂਜੇ ਤੋਂ ਉਲਟ ਦਿਸ਼ਾ ਵਿਚ ਚੱਕਰ ਕੱਢਣ ਲੱਗੀਆਂ। ਉਨ੍ਹਾਂ ਨੇ ਤੁਰ੍ਹੀਆਂ, ਛੈਣੇ ਅਤੇ ਰਬਾਬ ਵਜਾ ਕੇ ਯਹੋਵਾਹ ਲਈ ਗੀਤ ਗਾਏ। ਅਜ਼ਰਾ ਇਕ ਟੋਲੀ ਨਾਲ ਗਿਆ ਅਤੇ ਨਹਮਯਾਹ ਦੂਜੀ ਟੋਲੀ ਨਾਲ। ਫਿਰ ਉਹ ਦੋਵੇਂ ਟੋਲੀਆਂ ਮੰਦਰ ਦੇ ਸਾਮ੍ਹਣੇ ਆ ਕੇ ਮਿਲੀਆਂ। ਸਾਰੇ ਆਦਮੀਆਂ, ਔਰਤਾਂ ਅਤੇ ਬੱਚਿਆਂ ਨੇ ਯਹੋਵਾਹ ਅੱਗੇ ਬਲ਼ੀਆਂ ਚੜ੍ਹਾਈਆਂ ਅਤੇ ਜਸ਼ਨ ਮਨਾਇਆ। ਉਨ੍ਹਾਂ ਦੀਆਂ ਆਵਾਜ਼ਾਂ ਦੂਰ-ਦੂਰ ਤਕ ਸੁਣਦੀਆਂ ਸਨ।
“ਤੇਰੇ ਖ਼ਿਲਾਫ਼ ਬਣਾਇਆ ਕੋਈ ਵੀ ਹਥਿਆਰ ਸਫ਼ਲ ਨਹੀਂ ਹੋਵੇਗਾ।”—ਯਸਾਯਾਹ 54:17