ਪਾਠ 70
ਦੂਤਾਂ ਨੇ ਯਿਸੂ ਦੇ ਜਨਮ ਬਾਰੇ ਦੱਸਿਆ
ਰੋਮੀ ਸਾਮਰਾਜ ਦੇ ਸਮਰਾਟ ਅਗਸਤੁਸ ਨੇ ਹੁਕਮ ਦਿੱਤਾ ਕਿ ਸਾਰੇ ਯਹੂਦੀ ਆਪੋ-ਆਪਣੇ ਜੱਦੀ ਸ਼ਹਿਰ ਜਾ ਕੇ ਆਪਣੇ ਨਾਂ ਦਰਜ ਕਰਵਾਉਣ। ਇਸ ਲਈ ਯੂਸੁਫ਼ ਮਰੀਅਮ ਨਾਲ ਆਪਣੇ ਜੱਦੀ ਸ਼ਹਿਰ ਬੈਤਲਹਮ ਨੂੰ ਤੁਰ ਪਿਆ। ਉਸ ਵੇਲੇ ਮਰੀਅਮ ਦਾ ਬੱਚੇ ਨੂੰ ਜਨਮ ਦੇਣ ਦਾ ਸਮਾਂ ਨੇੜੇ ਆ ਗਿਆ ਸੀ।
ਜਦੋਂ ਉਹ ਬੈਤਲਹਮ ਪਹੁੰਚੇ, ਤਾਂ ਉਨ੍ਹਾਂ ਨੂੰ ਰਹਿਣ ਲਈ ਕੋਈ ਜਗ੍ਹਾ ਨਹੀਂ ਮਿਲੀ। ਇਸ ਕਰਕੇ ਉਨ੍ਹਾਂ ਨੂੰ ਤਬੇਲੇ ਵਿਚ ਰੁਕਣਾ ਪਿਆ। ਇੱਥੇ ਮਰੀਅਮ ਨੇ ਆਪਣੇ ਪੁੱਤਰ ਯਿਸੂ ਨੂੰ ਜਨਮ ਦਿੱਤਾ। ਉਸ ਨੇ ਯਿਸੂ ਨੂੰ ਮੁਲਾਇਮ ਕੱਪੜੇ ਵਿਚ ਲਪੇਟ ਕੇ ਖੁਰਲੀ ਵਿਚ ਲੰਮਾ ਪਾ ਦਿੱਤਾ।
ਬੈਤਲਹਮ ਸ਼ਹਿਰ ਦੇ ਨੇੜੇ ਕੁਝ ਚਰਵਾਹੇ ਰਾਤ ਨੂੰ ਬਾਹਰ ਬੈਠੇ ਆਪਣੇ ਇੱਜੜਾਂ ਦੀ ਰਖਵਾਲੀ ਕਰ ਰਹੇ ਸਨ। ਅਚਾਨਕ ਯਹੋਵਾਹ ਦਾ ਦੂਤ ਉਨ੍ਹਾਂ ਸਾਮ੍ਹਣੇ ਆ ਖੜ੍ਹਾ ਹੋਇਆ ਅਤੇ ਯਹੋਵਾਹ ਦੀ ਮਹਿਮਾ ਦੇ ਨੂਰ ਨਾਲ ਉਨ੍ਹਾਂ ਦਾ ਆਲਾ-ਦੁਆਲਾ ਚਮਕ ਉੱਠਿਆ। ਚਰਵਾਹੇ ਬਹੁਤ ਡਰ ਗਏ, ਪਰ ਦੂਤ ਨੇ ਉਨ੍ਹਾਂ ਨੂੰ ਕਿਹਾ: ‘ਡਰੋ ਨਾ। ਮੈਂ ਤੁਹਾਨੂੰ ਖ਼ੁਸ਼ ਖ਼ਬਰੀ ਸੁਣਾਉਣ ਆਇਆ ਹਾਂ। ਅੱਜ ਬੈਤਲਹਮ ਵਿਚ ਮਸੀਹ ਦਾ ਜਨਮ ਹੋਇਆ ਹੈ।’ ਉਸੇ ਸਮੇਂ ਬਹੁਤ ਸਾਰੇ ਦੂਤ ਆਕਾਸ਼ ਵਿਚ ਪ੍ਰਗਟ ਹੋਏ ਅਤੇ ਕਹਿਣ ਲੱਗੇ: ‘ਸਵਰਗ ਵਿਚ ਪਰਮੇਸ਼ੁਰ ਦੀ ਜੈ-ਜੈ ਕਾਰ ਹੋਵੇ ਅਤੇ ਧਰਤੀ ਉੱਤੇ ਸ਼ਾਂਤੀ ਹੋਵੇ।’ ਫਿਰ ਦੂਤ ਚਲੇ ਗਏ। ਫਿਰ ਚਰਵਾਹਿਆਂ ਨੇ ਕੀ ਕੀਤਾ?
ਚਰਵਾਹੇ ਇਕ-ਦੂਜੇ ਨੂੰ ਕਹਿਣ ਲੱਗੇ: ‘ਆਓ ਆਪਾਂ ਹੁਣੇ ਬੈਤਲਹਮ ਨੂੰ ਚੱਲੀਏ।’ ਉਹ ਫ਼ੌਰਨ ਗਏ ਅਤੇ ਉੱਥੇ ਪਹੁੰਚ ਕੇ ਉਨ੍ਹਾਂ ਨੇ ਯੂਸੁਫ਼ ਅਤੇ ਮਰੀਅਮ ਨੂੰ ਆਪਣੇ ਨਵ-ਜੰਮੇ ਬੱਚੇ ਨਾਲ ਤਬੇਲੇ ਵਿਚ ਦੇਖਿਆ।
ਜਦੋਂ ਲੋਕਾਂ ਨੇ ਸੁਣਿਆ ਕਿ ਦੂਤ ਨੇ ਚਰਵਾਹਿਆਂ ਨੂੰ ਕੀ ਕਿਹਾ ਸੀ, ਤਾਂ ਉਹ ਹੈਰਾਨ ਰਹਿ ਗਏ। ਮਰੀਅਮ ਨੇ ਦੂਤ ਦੀਆਂ ਗੱਲਾਂ ʼਤੇ ਸੋਚ-ਵਿਚਾਰ ਕੀਤਾ ਅਤੇ ਇਨ੍ਹਾਂ ਨੂੰ ਕਦੇ ਨਹੀਂ ਭੁੱਲੀ। ਚਰਵਾਹੇ ਵਾਪਸ ਆਪਣੇ ਇੱਜੜਾਂ ਕੋਲ ਚਲੇ ਗਏ ਅਤੇ ਉਨ੍ਹਾਂ ਨੇ ਜੋ ਦੇਖਿਆ ਅਤੇ ਸੁਣਿਆ, ਉਸ ਲਈ ਯਹੋਵਾਹ ਦਾ ਧੰਨਵਾਦ ਕੀਤਾ।
“ਪਰਮੇਸ਼ੁਰ ਨੇ ਮੈਨੂੰ ਇੱਥੇ ਘੱਲਿਆ ਹੈ। ਮੈਂ ਆਪ ਆਪਣੀ ਮਰਜ਼ੀ ਨਾਲ ਨਹੀਂ ਆਇਆ, ਪਰ ਉਸ ਨੇ ਮੈਨੂੰ ਘੱਲਿਆ ਹੈ।”—ਯੂਹੰਨਾ 8:42