ਪਾਠ 72
ਨੌਜਵਾਨ ਯਿਸੂ
ਯੂਸੁਫ਼ ਅਤੇ ਮਰੀਅਮ ਆਪਣੇ ਪੁੱਤਰ ਯਿਸੂ ਅਤੇ ਹੋਰ ਧੀਆਂ-ਪੁੱਤਰਾਂ ਨਾਲ ਨਾਸਰਤ ਵਿਚ ਰਹਿੰਦੇ ਸਨ। ਯੂਸੁਫ਼ ਤਰਖਾਣ ਦਾ ਕੰਮ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਦਾ ਸੀ ਅਤੇ ਉਹ ਆਪਣੇ ਪਰਿਵਾਰ ਨੂੰ ਯਹੋਵਾਹ ਅਤੇ ਉਸ ਦੇ ਕਾਨੂੰਨ ਬਾਰੇ ਸਿਖਾਉਂਦਾ ਸੀ। ਇਹ ਪਰਿਵਾਰ ਭਗਤੀ ਕਰਨ ਲਈ ਬਾਕਾਇਦਾ ਸਭਾ ਘਰ ਜਾਂਦਾ ਸੀ ਅਤੇ ਹਰ ਸਾਲ ਪਸਾਹ ਦਾ ਤਿਉਹਾਰ ਮਨਾਉਣ ਲਈ ਯਰੂਸ਼ਲਮ ਜਾਂਦਾ ਸੀ।
ਜਦੋਂ ਯਿਸੂ 12 ਸਾਲਾਂ ਦਾ ਸੀ, ਤਾਂ ਹਰ ਸਾਲ ਵਾਂਗ ਇਸ ਵਾਰ ਵੀ ਉਸ ਦਾ ਪਰਿਵਾਰ ਲੰਬਾ ਸਫ਼ਰ ਤੈਅ ਕਰ ਕੇ ਯਰੂਸ਼ਲਮ ਗਿਆ। ਪੂਰਾ ਸ਼ਹਿਰ ਪਸਾਹ ਮਨਾਉਣ ਆਏ ਲੋਕਾਂ ਨਾਲ ਭਰਿਆ ਪਿਆ ਸੀ। ਤਿਉਹਾਰ ਮਨਾਉਣ ਤੋਂ ਬਾਅਦ ਯੂਸੁਫ਼ ਅਤੇ ਮਰੀਅਮ ਘਰ ਵਾਪਸ ਜਾਣ ਲਈ ਤੁਰ ਪਏ। ਉਨ੍ਹਾਂ ਨੂੰ ਲੱਗਾ ਕਿ ਯਿਸੂ ਬਾਕੀ ਲੋਕਾਂ ਨਾਲ ਹੋਣਾ। ਪਰ ਜਦੋਂ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਵਿਚ ਯਿਸੂ ਨੂੰ ਲੱਭਿਆ, ਤਾਂ ਉਹ ਉਨ੍ਹਾਂ ਨੂੰ ਨਾ ਲੱਭਾ।
ਉਹ ਯਰੂਸ਼ਲਮ ਵਾਪਸ ਗਏ ਅਤੇ ਤਿੰਨ ਦਿਨਾਂ ਤਕ ਯਿਸੂ ਨੂੰ ਲੱਭਦੇ ਰਹੇ। ਅਖ਼ੀਰ ਉਹ ਮੰਦਰ ਪਹੁੰਚੇ। ਉੱਥੇ ਯਿਸੂ ਧਰਮ-ਗੁਰੂਆਂ ਵਿਚ ਬੈਠਾ ਉਨ੍ਹਾਂ ਦੀਆਂ ਗੱਲਾਂ ਧਿਆਨ ਨਾਲ ਸੁਣ ਰਿਹਾ ਸੀ ਅਤੇ ਉਨ੍ਹਾਂ ਨੂੰ ਸਵਾਲ ਪੁੱਛ ਰਿਹਾ ਸੀ। ਧਰਮ-ਗੁਰੂ ਉਸ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਏ। ਫਿਰ ਉਹ ਉਸ ਤੋਂ ਸਵਾਲ ਪੁੱਛਣ ਲੱਗੇ। ਧਰਮ-ਗੁਰੂ ਯਿਸੂ ਦੇ ਜਵਾਬ ਸੁਣ ਕੇ ਹੈਰਾਨੀ ਵਿਚ ਪੈ ਗਏ। ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਯਿਸੂ ਪਰਮੇਸ਼ੁਰ ਦਾ ਕਾਨੂੰਨ ਸਮਝਦਾ ਸੀ।
ਯੂਸੁਫ਼ ਅਤੇ ਮਰੀਅਮ ਬਹੁਤ ਚਿੰਤਾ ਵਿਚ ਸਨ। ਮਰੀਅਮ ਨੇ ਕਿਹਾ: ‘ਪੁੱਤ, ਅਸੀਂ ਤੈਨੂੰ ਸਾਰੇ ਪਾਸੇ ਲੱਭਿਆ! ਤੂੰ ਕਿੱਥੇ ਸੀ?’ ਯਿਸੂ ਨੇ ਕਿਹਾ: ‘ਤੁਹਾਨੂੰ ਨਹੀਂ ਪਤਾ ਕਿ ਮੈਂ ਆਪਣੇ ਪਿਤਾ ਦੇ ਘਰ ਹੀ ਹੋਵਾਂਗਾ?’
ਯਿਸੂ ਆਪਣੇ ਮਾਤਾ-ਪਿਤਾ ਨਾਲ ਨਾਸਰਤ ਵਾਪਸ ਚਲਾ ਗਿਆ। ਯੂਸੁਫ਼ ਨੇ ਯਿਸੂ ਨੂੰ ਤਰਖਾਣ ਦਾ ਕੰਮ ਸਿਖਾਇਆ। ਤੁਹਾਨੂੰ ਕੀ ਲੱਗਦਾ ਕਿ ਨੌਜਵਾਨ ਹੁੰਦਿਆਂ ਯਿਸੂ ਕਿੱਦਾਂ ਦਾ ਇਨਸਾਨ ਸੀ? ਜਿੱਦਾਂ-ਜਿੱਦਾਂ ਉਹ ਵੱਡਾ ਹੁੰਦਾ ਗਿਆ, ਉਹ ਸਮਝ ਵਿਚ ਵਧਦਾ ਗਿਆ। ਉਸ ʼਤੇ ਪਰਮੇਸ਼ੁਰ ਦੀ ਮਿਹਰ ਸੀ ਅਤੇ ਲੋਕ ਵੀ ਉਸ ਤੋਂ ਖ਼ੁਸ਼ ਸਨ।
“ਹੇ ਮੇਰੇ ਪਰਮੇਸ਼ੁਰ, ਮੈਨੂੰ ਤੇਰੀ ਇੱਛਾ ਪੂਰੀ ਕਰ ਕੇ ਖ਼ੁਸ਼ੀ ਮਿਲਦੀ ਹੈ ਅਤੇ ਤੇਰਾ ਕਾਨੂੰਨ ਮੇਰੇ ਦਿਲ ਵਿਚ ਸਮਾਇਆ ਹੈ।”—ਜ਼ਬੂਰ 40:8