ਪਾਠ 77
ਖੂਹ ʼਤੇ ਤੀਵੀਂ
ਪਸਾਹ ਦੇ ਤਿਉਹਾਰ ਤੋਂ ਬਾਅਦ ਯਿਸੂ ਤੇ ਉਸ ਦੇ ਚੇਲੇ ਸਾਮਰਿਯਾ ਵਿੱਚੋਂ ਦੀ ਸਫ਼ਰ ਕਰਦਿਆਂ ਗਲੀਲ ਵਾਪਸ ਗਏ। ਸੁਖਾਰ ਸ਼ਹਿਰ ਦੇ ਨੇੜੇ ਯਿਸੂ ਇਕ ਥਾਂ ʼਤੇ ਰੁਕਿਆ ਜਿਸ ਨੂੰ ਯਾਕੂਬ ਦਾ ਖੂਹ ਕਿਹਾ ਜਾਂਦਾ ਸੀ। ਜਦੋਂ ਉਹ ਉੱਥੇ ਆਰਾਮ ਕਰ ਰਿਹਾ ਸੀ, ਉਦੋਂ ਉਸ ਦੇ ਚੇਲੇ ਸ਼ਹਿਰੋਂ ਖਾਣਾ ਖ਼ਰੀਦਣ ਗਏ।
ਇਕ ਤੀਵੀਂ ਖੂਹ ਤੋਂ ਪਾਣੀ ਭਰਨ ਆਈ। ਯਿਸੂ ਨੇ ਉਸ ਨੂੰ ਕਿਹਾ: “ਮੈਨੂੰ ਪਾਣੀ ਪਿਲਾਈਂ।” ਉਸ ਨੇ ਕਿਹਾ: ‘ਤੂੰ ਮੇਰੇ ਨਾਲ ਕਿਉਂ ਗੱਲ ਕਰ ਰਿਹਾ ਹੈਂ? ਮੈਂ ਤਾਂ ਇਕ ਸਾਮਰੀ ਤੀਵੀਂ ਹਾਂ। ਯਹੂਦੀ ਸਾਮਰੀਆਂ ਨਾਲ ਗੱਲ ਨਹੀਂ ਕਰਦੇ।’ ਯਿਸੂ ਨੇ ਉਸ ਨੂੰ ਕਿਹਾ: ‘ਜੇ ਤੈਨੂੰ ਪਤਾ ਹੁੰਦਾ ਕਿ ਮੈਂ ਕੌਣ ਹਾਂ, ਤਾਂ ਤੂੰ ਮੇਰੇ ਤੋਂ ਪਾਣੀ ਮੰਗਦੀ ਅਤੇ ਮੈਂ ਤੈਨੂੰ ਅੰਮ੍ਰਿਤ ਜਲ ਦਿੰਦਾ।’ ਤੀਵੀਂ ਨੇ ਪੁੱਛਿਆ: ‘ਤੇਰੇ ਕਹਿਣ ਦਾ ਕੀ ਮਤਲਬ ਹੈ? ਤੇਰੇ ਕੋਲ ਤਾਂ ਬਾਲਟੀ ਵੀ ਨਹੀਂ ਹੈ।’ ਯਿਸੂ ਨੇ ਕਿਹਾ: ‘ਜੇ ਕੋਈ ਉਹ ਪਾਣੀ ਪੀਵੇ ਜਿਹੜਾ ਮੈਂ ਦਿਆਂਗਾ, ਤਾਂ ਉਸ ਨੂੰ ਫਿਰ ਕਦੀ ਪਿਆਸ ਨਹੀਂ ਲੱਗੇਗੀ।’ ਤੀਵੀਂ ਨੇ ਕਿਹਾ: “ਵੀਰਾ, ਮੈਨੂੰ ਇਹ ਪਾਣੀ ਦੇ ਦੇ।”
ਫਿਰ ਯਿਸੂ ਨੇ ਕਿਹਾ: ‘ਆਪਣੇ ਪਤੀ ਨੂੰ ਖੂਹ ʼਤੇ ਲੈ ਕੇ ਆ।’ ਉਸ ਨੇ ਕਿਹਾ: ‘ਮੇਰਾ ਕੋਈ ਪਤੀ ਨਹੀਂ ਹੈ।’ ਯਿਸੂ ਨੇ ਕਿਹਾ: ‘ਤੂੰ ਸੱਚ ਕਹਿ ਰਹੀਂ ਹੈਂ। ਤੂੰ ਪੰਜ ਵਿਆਹ ਕਰਾ ਚੁੱਕੀ ਹੈਂ ਅਤੇ ਜਿਸ ਆਦਮੀ ਨਾਲ ਤੂੰ ਹੁਣ ਰਹਿੰਦੀ ਹੈਂ, ਉਸ ਨਾਲ ਤੇਰਾ ਵਿਆਹ ਨਹੀਂ ਹੋਇਆ ਹੈ।’ ਤੀਵੀਂ ਨੇ ਕਿਹਾ: ‘ਮੈਨੂੰ ਲੱਗਦਾ ਤੂੰ ਕੋਈ ਨਬੀ ਹੈਂ। ਮੇਰੇ ਲੋਕ ਮੰਨਦੇ ਹਨ ਕਿ ਸਾਨੂੰ ਇਸ ਪਹਾੜ ਉੱਤੇ ਭਗਤੀ ਕਰਨੀ ਚਾਹੀਦੀ ਹੈ, ਪਰ ਯਹੂਦੀ ਕਹਿੰਦੇ ਹਨ ਕਿ ਸਾਨੂੰ ਸਿਰਫ਼ ਯਰੂਸ਼ਲਮ ਵਿਚ ਹੀ ਭਗਤੀ ਕਰਨੀ ਚਾਹੀਦੀ ਹੈ। ਮੈਨੂੰ ਯਕੀਨ ਹੈ ਕਿ ਮਸੀਹ ਆ ਕੇ ਸਾਨੂੰ ਸਿਖਾਵੇਗਾ ਕਿ ਭਗਤੀ ਕਿਵੇਂ ਕੀਤੀ ਜਾਣੀ ਚਾਹੀਦੀ ਹੈ।’ ਫਿਰ ਯਿਸੂ ਨੇ ਉਸ ਨੂੰ ਕੁਝ ਅਜਿਹਾ ਦੱਸਿਆ ਜਿਸ ਬਾਰੇ ਉਸ ਨੇ ਹੋਰ ਕਿਸੇ ਨੂੰ ਨਹੀਂ ਦੱਸਿਆ ਸੀ: ‘ਮੈਂ ਮਸੀਹ ਹਾਂ।’
ਉਹ ਤੀਵੀਂ ਜਲਦੀ ਨਾਲ ਆਪਣੇ ਸ਼ਹਿਰ ਗਈ ਅਤੇ ਉਸ ਨੇ ਸਾਮਰੀਆਂ ਨੂੰ ਦੱਸਿਆ: ‘ਮੈਨੂੰ ਲੱਗਦਾ ਕਿ ਮੈਨੂੰ ਮਸੀਹ ਮਿਲ ਗਿਆ ਹੈ। ਉਹ ਮੇਰੇ ਬਾਰੇ ਹਰ ਗੱਲ ਜਾਣਦਾ ਹੈ। ਆਓ ਤੇ ਦੇਖੋ!’ ਉਹ ਤੀਵੀਂ ਦੇ ਪਿੱਛੇ-ਪਿੱਛੇ ਖੂਹ ʼਤੇ ਗਏ ਅਤੇ ਉਨ੍ਹਾਂ ਨੇ ਯਿਸੂ ਦੀਆਂ ਗੱਲਾਂ ਸੁਣੀਆਂ।
ਸਾਮਰੀਆਂ ਨੇ ਯਿਸੂ ਨੂੰ ਆਪਣੇ ਸ਼ਹਿਰ ਆ ਕੇ ਰਹਿਣ ਨੂੰ ਕਿਹਾ। ਉਸ ਨੇ ਦੋ ਦਿਨਾਂ ਤਕ ਉਨ੍ਹਾਂ ਨੂੰ ਸਿਖਾਇਆ ਅਤੇ ਬਹੁਤ ਸਾਰੇ ਲੋਕਾਂ ਨੇ ਉਸ ʼਤੇ ਨਿਹਚਾ ਕੀਤੀ। ਉਨ੍ਹਾਂ ਨੇ ਸਾਮਰੀ ਤੀਵੀਂ ਨੂੰ ਦੱਸਿਆ: ‘ਇਸ ਆਦਮੀ ਦੀਆਂ ਗੱਲਾਂ ਸੁਣਨ ਤੋਂ ਬਾਅਦ ਅਸੀਂ ਵੀ ਜਾਣ ਗਏ ਹਾਂ ਕਿ ਇਹੀ ਆਦਮੀ ਦੁਨੀਆਂ ਦਾ ਮੁਕਤੀਦਾਤਾ ਹੈ।’
“‘ਆਓ!’ ਜਿਹੜਾ ਵੀ ਪਿਆਸਾ ਹੈ, ਉਹ ਆਵੇ ਅਤੇ ਜਿਹੜਾ ਚਾਹੁੰਦਾ ਹੈ, ਉਹ ਆ ਕੇ ਅੰਮ੍ਰਿਤ ਜਲ ਮੁਫ਼ਤ ਪੀਵੇ।”—ਪ੍ਰਕਾਸ਼ ਦੀ ਕਿਤਾਬ 22:17