ਪਾਠ 80
ਯਿਸੂ ਨੇ 12 ਰਸੂਲ ਚੁਣੇ
ਯਿਸੂ ਨੂੰ ਪ੍ਰਚਾਰ ਕਰਦਿਆਂ ਲਗਭਗ ਡੇਢ ਸਾਲ ਹੋ ਗਿਆ ਸੀ ਅਤੇ ਹੁਣ ਉਸ ਨੂੰ ਇਕ ਜ਼ਰੂਰੀ ਫ਼ੈਸਲਾ ਕਰਨਾ ਪੈਣਾ ਸੀ। ਉਸ ਨੇ ਆਪਣੇ ਨਾਲ ਕੰਮ ਕਰਨ ਲਈ ਕਿਨ੍ਹਾਂ ਨੂੰ ਚੁਣਨਾ ਸੀ? ਉਸ ਨੇ ਮਸੀਹੀ ਮੰਡਲੀ ਦੀ ਅਗਵਾਈ ਕਰਨ ਲਈ ਕਿਨ੍ਹਾਂ ਨੂੰ ਸਿਖਲਾਈ ਦੇਣੀ ਸੀ? ਇਹ ਫ਼ੈਸਲੇ ਕਰਨ ਲਈ ਯਿਸੂ ਪਰਮੇਸ਼ੁਰ ਦੀ ਮਦਦ ਲੈਣੀ ਚਾਹੁੰਦਾ ਸੀ। ਇਸ ਲਈ ਉਹ ਪਹਾੜ ʼਤੇ ਗਿਆ ਜਿੱਥੇ ਉਹ ਇਕੱਲਾ ਸੀ ਅਤੇ ਉਸ ਨੇ ਸਾਰੀ ਰਾਤ ਪ੍ਰਾਰਥਨਾ ਕੀਤੀ। ਸਵੇਰ ਨੂੰ ਉਸ ਨੇ ਆਪਣੇ ਕੁਝ ਚੇਲਿਆਂ ਨੂੰ ਬੁਲਾਇਆ ਅਤੇ 12 ਰਸੂਲਾਂ ਨੂੰ ਚੁਣਿਆ। ਤੁਹਾਨੂੰ ਉਨ੍ਹਾਂ ਵਿੱਚੋਂ ਕਿਨ੍ਹਾਂ ਦੇ ਨਾਂ ਯਾਦ ਹਨ? ਉਨ੍ਹਾਂ ਦੇ ਨਾਂ ਸਨ, ਪਤਰਸ, ਅੰਦ੍ਰਿਆਸ, ਯਾਕੂਬ, ਯੂਹੰਨਾ, ਫ਼ਿਲਿੱਪੁਸ, ਬਰਥੁਲਮਈ, ਥੋਮਾ, ਮੱਤੀ, ਹਲਫ਼ਈ ਦਾ ਪੁੱਤਰ ਯਾਕੂਬ, ਥੱਦਈ, ਸ਼ਮਊਨ ਅਤੇ ਯਹੂਦਾ ਇਸਕਰਿਓਤੀ।
ਅੰਦ੍ਰਿਆਸ, ਪਤਰਸ, ਫ਼ਿਲਿੱਪੁਸ, ਯਾਕੂਬ
ਇਨ੍ਹਾਂ 12 ਰਸੂਲਾਂ ਨੇ ਉਸ ਦੇ ਨਾਲ-ਨਾਲ ਰਹਿਣਾ ਸੀ। ਉਨ੍ਹਾਂ ਨੂੰ ਸਿਖਲਾਈ ਦੇਣ ਤੋਂ ਬਾਅਦ ਯਿਸੂ ਨੇ ਉਨ੍ਹਾਂ ਨੂੰ ਇਕੱਲਿਆਂ ਪ੍ਰਚਾਰ ਕਰਨ ਲਈ ਭੇਜਿਆ। ਯਹੋਵਾਹ ਨੇ ਉਨ੍ਹਾਂ ਨੂੰ ਦੁਸ਼ਟ ਦੂਤਾਂ ਨੂੰ ਕੱਢਣ ਅਤੇ ਬੀਮਾਰਾਂ ਨੂੰ ਠੀਕ ਕਰਨ ਦੀ ਤਾਕਤ ਦਿੱਤੀ ਸੀ।
ਯੂਹੰਨਾ, ਮੱਤੀ, ਬਰਥੁਲਮਈ, ਥੋਮਾ
ਯਿਸੂ ਨੇ 12 ਰਸੂਲਾਂ ਨੂੰ ਆਪਣੇ ਦੋਸਤ ਕਿਹਾ ਅਤੇ ਉਹ ਇਨ੍ਹਾਂ ʼਤੇ ਭਰੋਸਾ ਕਰਦਾ ਸੀ। ਫ਼ਰੀਸੀਆਂ ਨੇ ਸੋਚਿਆ ਕਿ ਰਸੂਲ ਘੱਟ ਪੜ੍ਹੇ-ਲਿਖੇ ਅਤੇ ਆਮ ਆਦਮੀ ਸਨ। ਪਰ ਯਿਸੂ ਨੇ ਉਨ੍ਹਾਂ ਨੂੰ ਪ੍ਰਚਾਰ ਕਰਨ ਦੀ ਸਿਖਲਾਈ ਦਿੱਤੀ ਸੀ। ਉਨ੍ਹਾਂ ਨੇ ਯਿਸੂ ਦੀ ਜ਼ਿੰਦਗੀ ਦੇ ਸਭ ਤੋਂ ਜ਼ਰੂਰੀ ਮੌਕਿਆਂ ʼਤੇ ਉਸ ਦੇ ਨਾਲ ਹੋਣਾ ਸੀ, ਜਿਵੇਂ ਉਸ ਦੀ ਮੌਤ ਤੋਂ ਪਹਿਲਾਂ ਅਤੇ ਦੁਬਾਰਾ ਜੀਉਂਦੇ ਕੀਤੇ ਜਾਣ ਤੋਂ ਬਾਅਦ। ਯਿਸੂ ਵਾਂਗ ਜ਼ਿਆਦਾਤਰ ਰਸੂਲ ਗਲੀਲ ਤੋਂ ਸਨ। ਇਨ੍ਹਾਂ ਵਿੱਚੋਂ ਕੁਝ ਜਣੇ ਵਿਆਹੇ ਹੋਏ ਸਨ।
ਹਲਫ਼ਈ ਦਾ ਪੁੱਤਰ ਯਾਕੂਬ, ਯਹੂਦਾ ਇਸਕਰਿਓਤੀ, ਥੱਦਈ, ਸ਼ਮਊਨ
ਰਸੂਲ ਨਾਮੁਕੰਮਲ ਇਨਸਾਨ ਸਨ ਅਤੇ ਗ਼ਲਤੀਆਂ ਕਰਦੇ ਸਨ। ਕਈ ਵਾਰ ਉਹ ਬਿਨਾਂ ਸੋਚੇ-ਸਮਝੇ ਹੀ ਕੁਝ ਕਹਿ ਦਿੰਦੇ ਸਨ ਅਤੇ ਗ਼ਲਤ ਫ਼ੈਸਲੇ ਕਰ ਲੈਂਦੇ ਸਨ। ਕਈ ਵਾਰ ਉਨ੍ਹਾਂ ਨੂੰ ਗੁੱਸਾ ਆ ਜਾਂਦਾ ਸੀ। ਉਹ ਇਸ ਗੱਲ ʼਤੇ ਵੀ ਬਹਿਸ ਕਰਦੇ ਸਨ ਕਿ ਉਨ੍ਹਾਂ ਵਿੱਚੋਂ ਵੱਡਾ ਕੌਣ ਹੈ। ਪਰ ਉਹ ਚੰਗੇ ਇਨਸਾਨ ਸਨ ਜੋ ਯਹੋਵਾਹ ਨੂੰ ਪਿਆਰ ਕਰਦੇ ਸਨ। ਉਹ ਮਸੀਹੀ ਮੰਡਲੀ ਦੇ ਸਭ ਤੋਂ ਪਹਿਲਾਂ ਚੁਣੇ ਗਏ ਮੈਂਬਰ ਸਨ ਜਿਨ੍ਹਾਂ ਨੇ ਯਿਸੂ ਦੇ ਜਾਣ ਤੋਂ ਬਾਅਦ ਬਹੁਤ ਜ਼ਰੂਰੀ ਕੰਮ ਕਰਨੇ ਸਨ।
“ਮੈਂ ਤੁਹਾਨੂੰ ਆਪਣੇ ਦੋਸਤ ਕਿਹਾ ਹੈ ਕਿਉਂਕਿ ਜਿਹੜੀਆਂ ਗੱਲਾਂ ਮੈਂ ਆਪਣੇ ਪਿਤਾ ਤੋਂ ਸੁਣੀਆਂ ਹਨ, ਉਹ ਸਾਰੀਆਂ ਮੈਂ ਤੁਹਾਨੂੰ ਦੱਸ ਦਿੱਤੀਆਂ ਹਨ।”—ਯੂਹੰਨਾ 15:15