ਪਾਠ 85
ਯਿਸੂ ਨੇ ਸਬਤ ਦੇ ਦਿਨ ਠੀਕ ਕੀਤਾ
ਫ਼ਰੀਸੀ ਯਿਸੂ ਨਾਲ ਨਫ਼ਰਤ ਕਰਦੇ ਸਨ ਅਤੇ ਉਸ ਨੂੰ ਗਿਰਫ਼ਤਾਰ ਕਰਨ ਦਾ ਕੋਈ ਕਾਰਨ ਲੱਭ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਉਸ ਨੂੰ ਸਬਤ ਦੇ ਦਿਨ ਬੀਮਾਰਾਂ ਨੂੰ ਠੀਕ ਨਹੀਂ ਕਰਨਾ ਚਾਹੀਦਾ। ਇਕ ਵਾਰ ਸਬਤ ਵਾਲੇ ਦਿਨ ਯਿਸੂ ਨੇ ਸੜਕ ʼਤੇ ਇਕ ਅੰਨ੍ਹੇ ਆਦਮੀ ਨੂੰ ਦੇਖਿਆ। ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: ‘ਦੇਖੋ ਪਰਮੇਸ਼ੁਰ ਦੀ ਤਾਕਤ ਇਸ ਆਦਮੀ ਦੀ ਕਿਵੇਂ ਮਦਦ ਕਰੇਗੀ।’ ਯਿਸੂ ਨੇ ਆਪਣੇ ਥੁੱਕ ਨਾਲ ਮਿੱਟੀ ਮਿਲਾ ਕੇ ਲੇਪ ਬਣਾਇਆ ਅਤੇ ਉਸ ਅੰਨ੍ਹੇ ਆਦਮੀ ਦੀਆਂ ਅੱਖਾਂ ʼਤੇ ਲਾਇਆ। ਯਿਸੂ ਨੇ ਉਸ ਨੂੰ ਕਿਹਾ: ‘ਜਾਹ ਤੇ ਸੀਲੋਮ ਦੇ ਸਰੋਵਰ ਵਿਚ ਆਪਣੀਆਂ ਅੱਖਾਂ ਧੋ ਲੈ।’ ਆਦਮੀ ਨੇ ਉਸੇ ਤਰ੍ਹਾਂ ਕੀਤਾ ਅਤੇ ਉਹ ਜ਼ਿੰਦਗੀ ਵਿਚ ਪਹਿਲੀ ਵਾਰ ਦੇਖ ਸਕਿਆ।
ਲੋਕ ਹੈਰਾਨ ਰਹਿ ਗਏ। ਉਨ੍ਹਾਂ ਨੇ ਕਿਹਾ: ‘ਕੀ ਇਹ ਉਹੀ ਆਦਮੀ ਨਹੀਂ ਜਿਹੜਾ ਪਹਿਲਾਂ ਬੈਠਾ ਭੀਖ ਮੰਗਦਾ ਹੁੰਦਾ ਸੀ ਜਾਂ ਫਿਰ ਇਹ ਉਸ ਆਦਮੀ ਵਰਗਾ ਲੱਗਦਾ ਹੈ?’ ਆਦਮੀ ਨੇ ਕਿਹਾ: ‘ਮੈਂ ਉਹੀ ਹਾਂ ਜੋ ਜਨਮ ਤੋਂ ਅੰਨ੍ਹਾ ਸੀ!’ ਲੋਕਾਂ ਨੇ ਉਸ ਤੋਂ ਪੁੱਛਿਆ: ‘ਫਿਰ ਤੂੰ ਠੀਕ ਕਿੱਦਾਂ ਹੋਇਆ?’ ਜਦੋਂ ਉਸ ਨੇ ਉਨ੍ਹਾਂ ਨੂੰ ਸਾਰਾ ਕੁਝ ਦੱਸਿਆ, ਤਾਂ ਉਹ ਉਸ ਨੂੰ ਫ਼ਰੀਸੀਆਂ ਕੋਲ ਲੈ ਗਏ।
ਉਸ ਆਦਮੀ ਨੇ ਫ਼ਰੀਸੀਆਂ ਨੂੰ ਕਿਹਾ: ‘ਯਿਸੂ ਨੇ ਮੇਰੀਆਂ ਅੱਖਾਂ ʼਤੇ ਲੇਪ ਲਾਇਆ ਅਤੇ ਮੈਨੂੰ ਜਾ ਕੇ ਅੱਖਾਂ ਧੋਣ ਲਈ ਕਿਹਾ। ਮੈਂ ਉੱਦਾਂ ਹੀ ਕੀਤਾ ਤੇ ਹੁਣ ਮੈਂ ਦੇਖ ਸਕਦਾ ਹਾਂ।’ ਫ਼ਰੀਸੀਆਂ ਨੇ ਕਿਹਾ: ‘ਜੇ ਯਿਸੂ ਸਬਤ ਦੇ ਦਿਨ ਠੀਕ ਕਰਦਾ ਹੈ, ਤਾਂ ਉਸ ਦੀ ਤਾਕਤ ਪਰਮੇਸ਼ੁਰ ਵੱਲੋਂ ਨਹੀਂ ਹੋ ਸਕਦੀ।’ ਪਰ ਦੂਸਰਿਆਂ ਨੇ ਕਿਹਾ: ‘ਜੇ ਉਸ ਦੀ ਤਾਕਤ ਪਰਮੇਸ਼ੁਰ ਵੱਲੋਂ ਨਾ ਹੁੰਦੀ, ਤਾਂ ਉਹ ਠੀਕ ਨਹੀਂ ਕਰ ਸਕਦਾ ਸੀ।’
ਫ਼ਰੀਸੀਆਂ ਨੇ ਉਸ ਆਦਮੀ ਦੇ ਮਾਪਿਆਂ ਨੂੰ ਬੁਲਾ ਕੇ ਪੁੱਛਿਆ: ‘ਹੁਣ ਤੁਹਾਡਾ ਮੁੰਡਾ ਕਿਵੇਂ ਦੇਖ ਸਕਦਾ ਹੈ?’ ਉਸ ਦੇ ਮਾਪੇ ਡਰ ਗਏ ਕਿਉਂਕਿ ਫ਼ਰੀਸੀਆਂ ਨੇ ਕਿਹਾ ਸੀ ਕਿ ਜਿਹੜਾ ਵੀ ਯਿਸੂ ʼਤੇ ਵਿਸ਼ਵਾਸ ਕਰੇਗਾ, ਉਸ ਨੂੰ ਸਭਾ ਘਰ ਵਿੱਚੋਂ ਕੱਢ ਦਿੱਤਾ ਜਾਵੇਗਾ। ਸੋ ਉਨ੍ਹਾਂ ਨੇ ਕਿਹਾ: ‘ਅਸੀਂ ਨਹੀਂ ਜਾਣਦੇ। ਤੁਸੀਂ ਆਪੇ ਉਸ ਤੋਂ ਪੁੱਛ ਲਓ।’ ਫ਼ਰੀਸੀਆਂ ਨੇ ਉਸ ਆਦਮੀ ਤੋਂ ਉਦੋਂ ਤਕ ਸਵਾਲ ਪੁੱਛੇ ਜਦ ਤਕ ਉਸ ਨੇ ਇਹ ਨਹੀਂ ਕਿਹਾ: ‘ਮੈਂ ਤੁਹਾਨੂੰ ਸਾਰਾ ਕੁਝ ਪਹਿਲਾਂ ਹੀ ਦੱਸ ਚੁੱਕਾ ਹਾਂ। ਤੁਸੀਂ ਮੈਨੂੰ ਵਾਰ-ਵਾਰ ਕਿਉਂ ਪੁੱਛ ਰਹੇ ਹੋ?’ ਫ਼ਰੀਸੀਆਂ ਨੂੰ ਬਹੁਤ ਗੁੱਸਾ ਚੜ੍ਹ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਸਭਾ ਘਰ ਵਿੱਚੋਂ ਕੱਢ ਦਿੱਤਾ!
ਫਿਰ ਯਿਸੂ ਜਾ ਕੇ ਉਸ ਆਦਮੀ ਨੂੰ ਮਿਲਿਆ ਤੇ ਉਸ ਨੂੰ ਪੁੱਛਿਆ: ‘ਕੀ ਤੂੰ ਮਸੀਹ ʼਤੇ ਨਿਹਚਾ ਕਰਦਾ ਹੈਂ?’ ਆਦਮੀ ਨੇ ਕਿਹਾ: ‘ਮੈਂ ਨਿਹਚਾ ਕਰਾਂਗਾ ਜੇ ਮੈਨੂੰ ਪਤਾ ਹੋਵੇ ਕਿ ਉਹ ਕੌਣ ਹੈ।’ ਯਿਸੂ ਨੇ ਕਿਹਾ: ‘ਮੈਂ ਮਸੀਹ ਹਾਂ।’ ਕੀ ਇਸ ਤੋਂ ਪਤਾ ਨਹੀਂ ਲੱਗਦਾ ਕਿ ਯਿਸੂ ਨੂੰ ਲੋਕਾਂ ਦੀ ਕਿੰਨੀ ਪਰਵਾਹ ਸੀ? ਯਿਸੂ ਨੇ ਨਾ ਸਿਰਫ਼ ਉਸ ਆਦਮੀ ਨੂੰ ਠੀਕ ਕੀਤਾ, ਸਗੋਂ ਉਸ ਦੀ ਮਸੀਹ ʼਤੇ ਨਿਹਚਾ ਕਰਨ ਵਿਚ ਵੀ ਮਦਦ ਕੀਤੀ।
“ਤੁਸੀਂ ਗ਼ਲਤ ਹੋ ਕਿਉਂਕਿ ਤੁਸੀਂ ਨਾ ਤਾਂ ਧਰਮ-ਗ੍ਰੰਥ ਨੂੰ ਜਾਣਦੇ ਹੋ ਅਤੇ ਨਾ ਹੀ ਪਰਮੇਸ਼ੁਰ ਦੀ ਸ਼ਕਤੀ ਨੂੰ।”—ਮੱਤੀ 22:29