ਪਾਠ 95
ਕੋਈ ਵੀ ਚੀਜ਼ ਉਨ੍ਹਾਂ ਨੂੰ ਰੋਕ ਨਾ ਸਕੀ
ਇਕ ਆਦਮੀ ਤੁਰ-ਫਿਰ ਨਹੀਂ ਸਕਦਾ ਸੀ ਅਤੇ ਉਹ ਹਰ ਰੋਜ਼ ਮੰਦਰ ਦੇ ਦਰਵਾਜ਼ੇ ʼਤੇ ਭੀਖ ਮੰਗਦਾ ਹੁੰਦਾ ਸੀ। ਇਕ ਦਿਨ ਉਸ ਨੇ ਪਤਰਸ ਅਤੇ ਯੂਹੰਨਾ ਨੂੰ ਮੰਦਰ ਵਿਚ ਵੜਦਿਆਂ ਦੇਖਿਆ। ਉਹ ਉਨ੍ਹਾਂ ਨੂੰ ਕਹਿਣ ਲੱਗਾ: ‘ਮੈਨੂੰ ਕੁਝ ਦੇ ਦਿਓ।’ ਪਤਰਸ ਨੇ ਕਿਹਾ: ‘ਮੇਰੇ ਕੋਲ ਤੈਨੂੰ ਦੇਣ ਲਈ ਪੈਸੇ ਨਾਲੋਂ ਵੀ ਜ਼ਿਆਦਾ ਵਧੀਆ ਚੀਜ਼ ਹੈ। ਮੈਂ ਤੈਨੂੰ ਯਿਸੂ ਦੇ ਨਾਂ ʼਤੇ ਕਹਿੰਦਾ ਹਾਂ, ਉੱਠ ਅਤੇ ਤੁਰ!’ ਪਤਰਸ ਨੇ ਖੜ੍ਹਾ ਹੋਣ ਵਿਚ ਉਸ ਦੀ ਮਦਦ ਕੀਤੀ ਅਤੇ ਉਹ ਆਦਮੀ ਤੁਰਨ-ਫਿਰਨ ਲੱਗ ਪਿਆ! ਭੀੜ ਇਹ ਚਮਤਕਾਰ ਦੇਖ ਕੇ ਦੰਗ ਰਹਿ ਗਈ ਅਤੇ ਹੋਰ ਬਹੁਤ ਸਾਰੇ ਲੋਕ ਚੇਲੇ ਬਣ ਗਏ।
ਪਰ ਪੁਜਾਰੀ ਅਤੇ ਸਦੂਕੀ ਬਹੁਤ ਗੁੱਸੇ ਹੋ ਗਏ। ਉਨ੍ਹਾਂ ਨੇ ਰਸੂਲਾਂ ਨੂੰ ਫੜ ਲਿਆ ਅਤੇ ਉਨ੍ਹਾਂ ਨੂੰ ਮਹਾਸਭਾ ਸਾਮ੍ਹਣੇ ਲੈ ਗਏ ਅਤੇ ਉਨ੍ਹਾਂ ਨੂੰ ਕਹਿਣ ਲੱਗੇ: ‘ਤੁਹਾਨੂੰ ਇਸ ਆਦਮੀ ਨੂੰ ਠੀਕ ਕਰਨ ਦੀ ਸ਼ਕਤੀ ਕਿਸ ਨੇ ਦਿੱਤੀ?’ ਪਤਰਸ ਨੇ ਕਿਹਾ: ‘ਸਾਨੂੰ ਯਿਸੂ ਮਸੀਹ ਤੋਂ ਸ਼ਕਤੀ ਮਿਲੀ ਹੈ ਜਿਸ ਨੂੰ ਤੁਸੀਂ ਮਰਵਾ ਦਿੱਤਾ ਸੀ।’ ਧਾਰਮਿਕ ਆਗੂ ਉੱਚੀ-ਉੱਚੀ ਬੋਲਣ ਲੱਗੇ: ‘ਯਿਸੂ ਬਾਰੇ ਗੱਲ ਕਰਨੀ ਬੰਦ ਕਰੋ!’ ਪਰ ਰਸੂਲਾਂ ਨੇ ਕਿਹਾ: ‘ਅਸੀਂ ਉਸ ਬਾਰੇ ਜ਼ਰੂਰ ਗੱਲ ਕਰਾਂਗੇ। ਅਸੀਂ ਨਹੀਂ ਹਟਾਂਗੇ।’
ਪਤਰਸ ਅਤੇ ਯੂਹੰਨਾ ਜੇਲ੍ਹ ਵਿੱਚੋਂ ਰਿਹਾ ਹੁੰਦਿਆਂ ਹੀ ਦੂਸਰੇ ਚੇਲਿਆਂ ਕੋਲ ਗਏ ਅਤੇ ਉਨ੍ਹਾਂ ਨੂੰ ਸਾਰਾ ਕੁਝ ਦੱਸਿਆ ਕਿ ਉਨ੍ਹਾਂ ਨਾਲ ਕੀ-ਕੀ ਹੋਇਆ ਸੀ। ਉਨ੍ਹਾਂ ਸਾਰਿਆਂ ਨੇ ਮਿਲ ਕੇ ਪ੍ਰਾਰਥਨਾ ਕੀਤੀ ਅਤੇ ਯਹੋਵਾਹ ਨੂੰ ਕਿਹਾ: ‘ਸਾਡੀ ਦਲੇਰ ਬਣਨ ਵਿਚ ਮਦਦ ਕਰ ਤਾਂਕਿ ਅਸੀਂ ਤੇਰਾ ਕੰਮ ਕਰਦੇ ਰਹਿ ਸਕੀਏ।’ ਯਹੋਵਾਹ ਨੇ ਉਨ੍ਹਾਂ ਨੂੰ ਆਪਣੀ ਪਵਿੱਤਰ ਸ਼ਕਤੀ ਦਿੱਤੀ ਅਤੇ ਉਹ ਪ੍ਰਚਾਰ ਕਰਦੇ ਰਹੇ ਅਤੇ ਲੋਕਾਂ ਨੂੰ ਠੀਕ ਕਰਦੇ ਰਹੇ। ਬਹੁਤ ਸਾਰੇ ਲੋਕ ਨਿਹਚਾ ਕਰਨ ਲੱਗ ਪਏ। ਸਦੂਕੀ ਰਸੂਲਾਂ ਨਾਲ ਬਹੁਤ ਈਰਖਾ ਕਰਨ ਲੱਗ ਪਏ ਅਤੇ ਉਨ੍ਹਾਂ ਨੇ ਰਸੂਲਾਂ ਨੂੰ ਗਿਰਫ਼ਤਾਰ ਕਰ ਕੇ ਜੇਲ੍ਹ ਵਿਚ ਸੁੱਟ ਦਿੱਤਾ। ਪਰ ਉਸੇ ਰਾਤ ਯਹੋਵਾਹ ਨੇ ਆਪਣਾ ਦੂਤ ਭੇਜਿਆ ਜਿਸ ਨੇ ਜੇਲ੍ਹ ਦੇ ਦਰਵਾਜ਼ੇ ਖੋਲ੍ਹ ਦਿੱਤੇ ਅਤੇ ਰਸੂਲਾਂ ਨੂੰ ਕਿਹਾ: ‘ਮੰਦਰ ਵਾਪਸ ਜਾਓ ਅਤੇ ਸਿੱਖਿਆ ਦਿਓ।’
ਅਗਲੀ ਸਵੇਰ ਮਹਾਸਭਾ ਯਾਨੀ ਧਾਰਮਿਕ ਆਗੂਆਂ ਦੀ ਅਦਾਲਤ ਨੂੰ ਦੱਸਿਆ ਗਿਆ: ‘ਜੇਲ੍ਹ ਨੂੰ ਜਿੰਦਾ ਲੱਗਾ ਹੋਇਆ ਹੈ, ਪਰ ਜਿਨ੍ਹਾਂ ਆਦਮੀਆਂ ਨੂੰ ਤੁਸੀਂ ਗਿਰਫ਼ਤਾਰ ਕੀਤਾ ਸੀ, ਉਹ ਉੱਥੇ ਨਹੀਂ ਹਨ! ਉਹ ਮੰਦਰ ਵਿਚ ਹਨ ਅਤੇ ਲੋਕਾਂ ਨੂੰ ਸਿੱਖਿਆ ਦੇ ਰਹੇ ਹਨ!’ ਰਸੂਲਾਂ ਨੂੰ ਫਿਰ ਗਿਰਫ਼ਤਾਰ ਕਰ ਲਿਆ ਗਿਆ ਅਤੇ ਮਹਾਸਭਾ ਸਾਮ੍ਹਣੇ ਲਿਆਂਦਾ ਗਿਆ। ਮਹਾਂ ਪੁਜਾਰੀ ਨੇ ਉਨ੍ਹਾਂ ਨੂੰ ਕਿਹਾ: ‘ਅਸੀਂ ਤੁਹਾਨੂੰ ਹੁਕਮ ਦਿੱਤਾ ਸੀ ਕਿ ਯਿਸੂ ਬਾਰੇ ਗੱਲ ਨਾ ਕਰਿਓ!’ ਪਰ ਪਤਰਸ ਨੇ ਜਵਾਬ ਦਿੱਤਾ: “ਪਰਮੇਸ਼ੁਰ ਹੀ ਸਾਡਾ ਰਾਜਾ ਹੈ, ਇਸ ਕਰਕੇ ਅਸੀਂ ਇਨਸਾਨਾਂ ਦੀ ਬਜਾਇ ਉਸ ਦਾ ਹੀ ਹੁਕਮ ਮੰਨਾਂਗੇ।”
ਧਾਰਮਿਕ ਆਗੂ ਇੰਨੇ ਗੁੱਸੇ ਵਿਚ ਆ ਗਏ ਕਿ ਉਹ ਰਸੂਲਾਂ ਨੂੰ ਮਾਰ ਦੇਣਾ ਚਾਹੁੰਦੇ ਸਨ। ਪਰ ਗਮਲੀਏਲ ਨਾਂ ਦਾ ਫ਼ਰੀਸੀ ਖੜ੍ਹਾ ਹੋ ਕੇ ਉਨ੍ਹਾਂ ਨੂੰ ਕਹਿਣ ਲੱਗਾ: ‘ਖ਼ਬਰਦਾਰ ਰਹੋ! ਸ਼ਾਇਦ ਪਰਮੇਸ਼ੁਰ ਇਨ੍ਹਾਂ ਆਦਮੀਆਂ ਦੇ ਨਾਲ ਹੋਵੇ। ਕੀ ਤੁਸੀਂ ਪਰਮੇਸ਼ੁਰ ਨਾਲ ਲੜਾਈ ਮੁੱਲ ਲੈਣੀ ਚਾਹੁੰਦੇ ਹੋ?’ ਉਨ੍ਹਾਂ ਨੇ ਗਮਲੀਏਲ ਦੀ ਸਲਾਹ ਮੰਨ ਲਈ। ਉਨ੍ਹਾਂ ਨੇ ਰਸੂਲਾਂ ਦੇ ਕੋਰੜੇ ਮਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਹੁਕਮ ਦਿੱਤਾ ਕਿ ਉਹ ਪ੍ਰਚਾਰ ਕਰਨਾ ਬੰਦ ਕਰ ਦੇਣ ਅਤੇ ਫਿਰ ਉਨ੍ਹਾਂ ਨੂੰ ਛੱਡ ਦਿੱਤਾ। ਪਰ ਉਹ ਰਸੂਲਾਂ ਨੂੰ ਰੋਕ ਨਾ ਸਕੇ। ਰਸੂਲ ਦਲੇਰੀ ਨਾਲ ਮੰਦਰ ਵਿਚ ਅਤੇ ਘਰ-ਘਰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹੇ।
“ਪਰਮੇਸ਼ੁਰ ਹੀ ਸਾਡਾ ਰਾਜਾ ਹੈ, ਇਸ ਕਰਕੇ ਅਸੀਂ ਇਨਸਾਨਾਂ ਦੀ ਬਜਾਇ ਉਸ ਦਾ ਹੀ ਹੁਕਮ ਮੰਨਾਂਗੇ।”—ਰਸੂਲਾਂ ਦੇ ਕੰਮ 5:29