ਪਾਠ 98
ਬਹੁਤ ਸਾਰੀਆਂ ਕੌਮਾਂ ਵਿਚ ਯਿਸੂ ਦੀਆਂ ਸਿੱਖਿਆਵਾਂ ਫੈਲ ਗਈਆਂ
ਰਸੂਲਾਂ ਨੇ ਯਿਸੂ ਦਾ ਇਹ ਹੁਕਮ ਮੰਨਿਆ ਕਿ ਉਹ ਪੂਰੀ ਧਰਤੀ ʼਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ। 47 ਈਸਵੀ ਵਿਚ ਅੰਤਾਕੀਆ ਦੇ ਭਰਾਵਾਂ ਨੇ ਪੌਲੁਸ ਤੇ ਬਰਨਾਬਾਸ ਨੂੰ ਪ੍ਰਚਾਰ ਕਰਨ ਲਈ ਮਿਸ਼ਨਰੀ ਦੌਰੇ ʼਤੇ ਭੇਜਿਆ। ਦੋਵੇਂ ਜੋਸ਼ੀਲੇ ਪ੍ਰਚਾਰਕਾਂ ਨੇ ਪੂਰੇ ਏਸ਼ੀਆ ਮਾਈਨਰ ਦੀਆਂ ਥਾਵਾਂ ʼਤੇ ਪ੍ਰਚਾਰ ਕੀਤਾ, ਜਿਵੇਂ ਦਰਬੇ, ਲੁਸਤ੍ਰਾ ਅਤੇ ਇਕੁਨਿਉਮ।
ਪੌਲੁਸ ਤੇ ਬਰਨਾਬਾਸ ਨੇ ਸਾਰਿਆਂ ਨੂੰ ਪ੍ਰਚਾਰ ਕੀਤਾ, ਚਾਹੇ ਕੋਈ ਅਮੀਰ ਸੀ ਜਾਂ ਗ਼ਰੀਬ, ਜਵਾਨ ਸੀ ਜਾਂ ਬੁੱਢਾ। ਬਹੁਤ ਸਾਰੇ ਲੋਕਾਂ ਨੇ ਮਸੀਹ ਬਾਰੇ ਸੱਚਾਈ ਕਬੂਲ ਕੀਤੀ। ਜਦੋਂ ਪੌਲੁਸ ਤੇ ਬਰਨਾਬਾਸ ਨੇ ਸਾਈਪ੍ਰਸ ਦੇ ਰਾਜਪਾਲ ਸਰਗੀਉਸ ਪੌਲੂਸ ਨੂੰ ਪ੍ਰਚਾਰ ਕੀਤਾ, ਤਾਂ ਇਕ ਜਾਦੂਗਰ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪੌਲੁਸ ਨੇ ਜਾਦੂਗਰ ਨੂੰ ਕਿਹਾ: ‘ਯਹੋਵਾਹ ਤੇਰੇ ਵਿਰੁੱਧ ਹੈ।’ ਉਸੇ ਵੇਲੇ ਜਾਦੂਗਰ ਅੰਨ੍ਹਾ ਹੋ ਗਿਆ। ਇਹ ਦੇਖ ਕੇ ਰਾਜਪਾਲ ਪੌਲੂਸ ਯਿਸੂ ʼਤੇ ਨਿਹਚਾ ਕਰਨ ਲੱਗ ਪਿਆ।
ਪੌਲੁਸ ਤੇ ਬਰਨਾਬਾਸ ਨੇ ਹਰ ਥਾਂ ਪ੍ਰਚਾਰ ਕੀਤਾ, ਜਿਵੇਂ ਘਰ-ਘਰ, ਬਾਜ਼ਾਰਾਂ ਵਿਚ, ਸੜਕਾਂ ʼਤੇ ਅਤੇ ਸਭਾ ਘਰਾਂ ਵਿਚ। ਉਨ੍ਹਾਂ ਨੇ ਲੁਸਤ੍ਰਾ ਵਿਚ ਇਕ ਲੰਗੜੇ ਆਦਮੀ ਨੂੰ ਠੀਕ ਕੀਤਾ। ਜਿਨ੍ਹਾਂ ਲੋਕਾਂ ਨੇ ਵੀ ਇਹ ਚਮਤਕਾਰ ਦੇਖਿਆ, ਉਨ੍ਹਾਂ ਨੇ ਸੋਚਿਆ ਕਿ ਉਹ ਦੇਵਤੇ ਹਨ ਅਤੇ ਉਨ੍ਹਾਂ ਦੀ ਭਗਤੀ ਕਰਨ ਦੀ ਕੋਸ਼ਿਸ਼ ਕੀਤੀ। ਪਰ ਪੌਲੁਸ ਤੇ ਬਰਨਾਬਾਸ ਨੇ ਉਨ੍ਹਾਂ ਨੂੰ ਰੋਕਿਆ ਅਤੇ ਕਿਹਾ: ‘ਸਿਰਫ਼ ਪਰਮੇਸ਼ੁਰ ਦੀ ਭਗਤੀ ਕਰੋ! ਅਸੀਂ ਤਾਂ ਆਮ ਇਨਸਾਨ ਹਾਂ।’ ਫਿਰ ਕੁਝ ਯਹੂਦੀ ਆਏ ਅਤੇ ਉਨ੍ਹਾਂ ਨੇ ਭੀੜ ਨੂੰ ਪੌਲੁਸ ਦੇ ਖ਼ਿਲਾਫ਼ ਕਰ ਦਿੱਤਾ। ਭੀੜ ਨੇ ਉਸ ਨੂੰ ਪੱਥਰ ਮਾਰੇ ਅਤੇ ਮਰਿਆ ਸਮਝ ਕੇ ਉਸ ਨੂੰ ਘਸੀਟ ਕੇ ਸ਼ਹਿਰੋਂ ਬਾਹਰ ਲੈ ਗਏ। ਪਰ ਪੌਲੁਸ ਅਜੇ ਵੀ ਜੀਉਂਦਾ ਸੀ! ਉਸੇ ਵੇਲੇ ਭਰਾਵਾਂ ਨੇ ਆ ਕੇ ਉਸ ਨੂੰ ਬਚਾਇਆ ਅਤੇ ਉਸ ਨੂੰ ਸ਼ਹਿਰ ਵਾਪਸ ਲੈ ਆਏ। ਬਾਅਦ ਵਿਚ ਪੌਲੁਸ ਅੰਤਾਕੀਆ ਵਾਪਸ ਚਲਾ ਗਿਆ।
49 ਈਸਵੀ ਵਿਚ ਪੌਲੁਸ ਦੂਜੇ ਮਿਸ਼ਨਰੀ ਦੌਰੇ ʼਤੇ ਗਿਆ। ਏਸ਼ੀਆ ਮਾਈਨਰ ਦੇ ਭੈਣਾਂ-ਭਰਾਵਾਂ ਨੂੰ ਦੁਬਾਰਾ ਮਿਲਣ ਤੋਂ ਬਾਅਦ ਉਹ ਖ਼ੁਸ਼ ਖ਼ਬਰੀ ਸੁਣਾਉਣ ਲਈ ਹੋਰ ਦੂਰ ਯੂਰਪ ਵਿਚ ਚਲਾ ਗਿਆ। ਉਹ ਐਥਿਨਜ਼, ਅਫ਼ਸੁਸ, ਫ਼ਿਲਿੱਪੈ, ਥੱਸਲੁਨੀਕਾ ਤੇ ਹੋਰ ਥਾਵਾਂ ਨੂੰ ਗਿਆ। ਇਸ ਸਫ਼ਰ ਵਿਚ ਸੀਲਾਸ, ਲੂਕਾ ਅਤੇ ਨੌਜਵਾਨ ਤਿਮੋਥਿਉਸ ਉਸ ਦੇ ਨਾਲ ਗਏ। ਉਨ੍ਹਾਂ ਨੇ ਮੰਡਲੀਆਂ ਬਣਾਉਣ ਅਤੇ ਉਨ੍ਹਾਂ ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕੀਤਾ। ਪੌਲੁਸ ਕੁਰਿੰਥੁਸ ਸ਼ਹਿਰ ਵਿਚ ਡੇਢ ਸਾਲ ਰਿਹਾ ਅਤੇ ਉਸ ਨੇ ਉੱਥੇ ਦੇ ਭੈਣਾਂ-ਭਰਾਵਾਂ ਨੂੰ ਮਜ਼ਬੂਤ ਕੀਤਾ। ਉਸ ਨੇ ਪ੍ਰਚਾਰ ਕੀਤਾ, ਸਿਖਾਇਆ ਅਤੇ ਬਹੁਤ ਸਾਰੀਆਂ ਮੰਡਲੀਆਂ ਨੂੰ ਚਿੱਠੀਆਂ ਲਿਖੀਆਂ। ਉਸ ਨੇ ਤੰਬੂ ਬਣਾਉਣ ਦਾ ਵੀ ਕੰਮ ਕੀਤਾ। ਸਮੇਂ ਦੇ ਬੀਤਣ ਨਾਲ ਪੌਲੁਸ ਅੰਤਾਕੀਆ ਵਾਪਸ ਚਲਾ ਗਿਆ।
ਬਾਅਦ ਵਿਚ 52 ਈਸਵੀ ਵਿਚ ਪੌਲੁਸ ਤੀਜੇ ਮਿਸ਼ਨਰੀ ਦੌਰੇ ʼਤੇ ਗਿਆ ਜੋ ਉਸ ਨੇ ਏਸ਼ੀਆ ਮਾਈਨਰ ਵਿਚ ਸ਼ੁਰੂ ਕੀਤਾ। ਉਹ ਉੱਤਰ ਦਿਸ਼ਾ ਵਿਚ ਫ਼ਿਲਿੱਪੈ ਅਤੇ ਫਿਰ ਕੁਰਿੰਥੁਸ ਤਕ ਗਿਆ। ਪੌਲੁਸ ਅਫ਼ਸੁਸ ਵਿਚ ਕਈ ਸਾਲ ਰਿਹਾ ਅਤੇ ਉਸ ਨੇ ਉੱਥੇ ਲੋਕਾਂ ਨੂੰ ਸਿੱਖਿਆ ਦਿੱਤੀ, ਉਨ੍ਹਾਂ ਨੂੰ ਠੀਕ ਕੀਤਾ ਅਤੇ ਮੰਡਲੀ ਦੀ ਮਦਦ ਕੀਤੀ। ਉਹ ਲੋਕਾਂ ਨੂੰ ਹਰ ਰੋਜ਼ ਸਕੂਲ ਵਿਚ ਉਪਦੇਸ਼ ਦਿੰਦਾ ਸੀ। ਕਈ ਲੋਕਾਂ ਨੇ ਉਸ ਦੀ ਗੱਲ ਸੁਣ ਕੇ ਆਪਣੇ ਜੀਉਣ ਦੇ ਤਰੀਕੇ ਨੂੰ ਬਦਲ ਲਿਆ। ਬਹੁਤ ਸਾਰੇ ਦੇਸ਼ਾਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਪੌਲੁਸ ਯਰੂਸ਼ਲਮ ਚਲਾ ਗਿਆ।
“ਇਸ ਲਈ ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ।”—ਮੱਤੀ 28:19