ਪਾਠ 99
ਜੇਲ੍ਹਰ ਨੂੰ ਸੱਚਾਈ ਮਿਲੀ
ਫ਼ਿਲਿੱਪੈ ਵਿਚ ਇਕ ਨੌਕਰਾਣੀ ਰਹਿੰਦੀ ਸੀ ਜਿਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਸੀ। ਇਸ ਦੁਸ਼ਟ ਦੂਤ ਦੀ ਮਦਦ ਨਾਲ ਇਹ ਕੁੜੀ ਭਵਿੱਖ ਦੱਸ ਕੇ ਆਪਣੇ ਮਾਲਕਾਂ ਲਈ ਬਹੁਤ ਪੈਸੇ ਕਮਾ ਲੈਂਦੀ ਸੀ। ਜਦੋਂ ਪੌਲੁਸ ਅਤੇ ਸੀਲਾਸ ਫ਼ਿਲਿੱਪੈ ਵਿਚ ਆਏ, ਤਾਂ ਇਹ ਕੁੜੀ ਕਿੰਨੇ ਦਿਨ ਉਨ੍ਹਾਂ ਦੇ ਪਿੱਛੇ-ਪਿੱਛੇ ਜਾਂਦੀ ਰਹੀ। ਦੁਸ਼ਟ ਦੂਤ ਉਸ ਕੁੜੀ ਤੋਂ ਉੱਚੀ-ਉੱਚੀ ਕਹਾਉਂਦਾ ਸੀ: “ਇਹ ਆਦਮੀ ਅੱਤ ਮਹਾਨ ਪਰਮੇਸ਼ੁਰ ਦੇ ਦਾਸ ਹਨ।” ਅਖ਼ੀਰ ਪੌਲੁਸ ਨੇ ਦੁਸ਼ਟ ਦੂਤ ਨੂੰ ਕਿਹਾ: ‘ਮੈਂ ਯਿਸੂ ਦੇ ਨਾਂ ʼਤੇ ਤੈਨੂੰ ਇਸ ਕੁੜੀ ਵਿੱਚੋਂ ਨਿਕਲ ਜਾਣ ਦਾ ਹੁਕਮ ਦਿੰਦਾ ਹਾਂ।’ ਦੁਸ਼ਟ ਦੂਤ ਕੁੜੀ ਵਿੱਚੋਂ ਨਿਕਲ ਗਿਆ।
ਜਦੋਂ ਕੁੜੀ ਦੇ ਮਾਲਕਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਹੁਣ ਉਹ ਉਸ ਕੁੜੀ ਤੋਂ ਕਮਾਈ ਨਹੀਂ ਕਰ ਸਕਦੇ, ਤਾਂ ਉਹ ਬਹੁਤ ਗੁੱਸੇ ਵਿਚ ਆ ਗਏ। ਉਹ ਪੌਲੁਸ ਅਤੇ ਸੀਲਾਸ ਨੂੰ ਘਸੀਟ ਕੇ ਸ਼ਹਿਰ ਦੇ ਹਾਕਮਾਂ ਕੋਲ ਲੈ ਗਏ ਅਤੇ ਕਹਿਣ ਲੱਗੇ: ‘ਇਹ ਆਦਮੀ ਕਾਨੂੰਨ ਤੋੜ ਰਹੇ ਹਨ ਅਤੇ ਸਾਰੇ ਸ਼ਹਿਰ ਵਿਚ ਹਲਚਲ ਮਚਾ ਰਹੇ ਹਨ!’ ਸ਼ਹਿਰ ਦੇ ਹਾਕਮਾਂ ਨੇ ਪੌਲੁਸ ਅਤੇ ਸੀਲਾਸ ਦੇ ਡੰਡੇ ਮਾਰਨ ਅਤੇ ਉਨ੍ਹਾਂ ਨੂੰ ਜੇਲ੍ਹ ਵਿਚ ਸੁੱਟਣ ਦਾ ਹੁਕਮ ਦਿੱਤਾ। ਜੇਲ੍ਹਰ ਨੇ ਦੋਵਾਂ ਨੂੰ ਜੇਲ੍ਹ ਦੀ ਅੰਦਰਲੀ ਕੋਠੜੀ ਵਿਚ ਸੁੱਟ ਦਿੱਤਾ ਅਤੇ ਉਨ੍ਹਾਂ ਦੇ ਪੈਰ ਸ਼ਿਕੰਜਿਆਂ ਵਿਚ ਜਕੜ ਦਿੱਤੇ।
ਪੌਲੁਸ ਅਤੇ ਸੀਲਾਸ ਯਹੋਵਾਹ ਦੀ ਮਹਿਮਾ ਦੇ ਗੀਤ ਗਾ ਰਹੇ ਸਨ ਅਤੇ ਦੂਸਰੇ ਕੈਦੀ ਉਨ੍ਹਾਂ ਨੂੰ ਸੁਣ ਰਹੇ ਸਨ। ਅਚਾਨਕ ਅੱਧੀ ਰਾਤ ਨੂੰ ਇਕ ਜ਼ਬਰਦਸਤ ਭੁਚਾਲ਼ ਆਇਆ ਜਿਸ ਨੇ ਜੇਲ੍ਹ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ। ਜੇਲ੍ਹ ਦੇ ਦਰਵਾਜ਼ੇ ਖੁੱਲ੍ਹ ਗਏ ਅਤੇ ਕੈਦੀਆਂ ਦੀਆਂ ਬੇੜੀਆਂ ਅਤੇ ਸ਼ਿਕੰਜੇ ਖੁੱਲ੍ਹ ਗਏ। ਜੇਲ੍ਹਰ ਅੰਦਰਲੀ ਕੋਠੜੀ ਵੱਲ ਭੱਜਾ ਅਤੇ ਉਸ ਨੇ ਦੇਖਿਆ ਕਿ ਦਰਵਾਜ਼ੇ ਖੁੱਲ੍ਹੇ ਹੋਏ ਸਨ। ਜੇਲ੍ਹਰ ਨੂੰ ਲੱਗਾ ਕਿ ਸਾਰੇ ਕੈਦੀ ਭੱਜ ਗਏ ਸਨ। ਇਸ ਲਈ ਉਸ ਨੇ ਆਪਣੇ ਆਪ ਨੂੰ ਜਾਨੋਂ ਮਾਰਨ ਲਈ ਤਲਵਾਰ ਕੱਢੀ।
ਉਸੇ ਵੇਲੇ ਪੌਲੁਸ ਨੇ ਉਸ ਨੂੰ ਕਿਹਾ: ‘ਆਪਣੀ ਜਾਨ ਨਾ ਲੈ! ਅਸੀਂ ਸਾਰੇ ਇੱਥੇ ਹੀ ਹਾਂ!’ ਜੇਲ੍ਹਰ ਭੱਜ ਕੇ ਪੌਲੁਸ ਅਤੇ ਸੀਲਾਸ ਦੇ ਪੈਰਾਂ ਵਿਚ ਡਿਗ ਪਿਆ। ਜੇਲ੍ਹਰ ਨੇ ਉਨ੍ਹਾਂ ਨੂੰ ਪੁੱਛਿਆ: “ਮੈਨੂੰ ਦੱਸੋ ਕਿ ਮੈਂ ਮੁਕਤੀ ਪਾਉਣ ਲਈ ਕੀ ਕਰਾਂ?” ਉਨ੍ਹਾਂ ਨੇ ਕਿਹਾ: ‘ਤੈਨੂੰ ਤੇ ਤੇਰੇ ਪਰਿਵਾਰ ਨੂੰ ਯਿਸੂ ʼਤੇ ਵਿਸ਼ਵਾਸ ਕਰਨਾ ਚਾਹੀਦਾ ਹੈ।’ ਪੌਲੁਸ ਅਤੇ ਸੀਲਾਸ ਨੇ ਉਨ੍ਹਾਂ ਨੂੰ ਯਹੋਵਾਹ ਦੇ ਬਚਨ ਦੀ ਸਿੱਖਿਆ ਦਿੱਤੀ ਅਤੇ ਜੇਲ੍ਹਰ ਤੇ ਉਸ ਦੇ ਘਰ ਦੇ ਸਾਰੇ ਜੀਆਂ ਨੇ ਬਪਤਿਸਮਾ ਲੈ ਲਿਆ।
“ਲੋਕ ਤੁਹਾਨੂੰ ਮੇਰੇ ਚੇਲੇ ਹੋਣ ਕਰਕੇ ਫੜਨਗੇ ਅਤੇ ਤੁਹਾਡੇ ਉੱਤੇ ਅਤਿਆਚਾਰ ਕਰਨਗੇ ਅਤੇ ਤੁਹਾਨੂੰ ਸਭਾ ਘਰਾਂ ਦੇ ਹਵਾਲੇ ਕਰਨਗੇ ਅਤੇ ਜੇਲ੍ਹਾਂ ਵਿਚ ਸੁੱਟ ਦੇਣਗੇ। ਨਾਲੇ ਤੁਹਾਨੂੰ ਰਾਜਿਆਂ ਅਤੇ ਸਰਕਾਰੀ ਅਧਿਕਾਰੀਆਂ ਦੇ ਸਾਮ੍ਹਣੇ ਪੇਸ਼ ਕਰਨਗੇ। ਉੱਥੇ ਤੁਹਾਨੂੰ ਗਵਾਹੀ ਦੇਣ ਦਾ ਮੌਕਾ ਮਿਲੇਗਾ।”—ਲੂਕਾ 21:12, 13