ਸਿੱਖਿਆ ਡੱਬੀ 19ਅ
ਚਸ਼ਮੇ ਦਾ ਥੋੜ੍ਹਾ ਪਾਣੀ ਨਦੀ ਬਣ ਗਿਆ!
ਯਹੋਵਾਹ ਦੇ ਪਵਿੱਤਰ ਸਥਾਨ ਤੋਂ ਥੋੜ੍ਹੇ ਪਾਣੀ ਵਾਲਾ ਚਸ਼ਮਾ ਵਹਿੰਦਾ ਹੈ ਤੇ ਹਿਜ਼ਕੀਏਲ ਉਸ ਦੇ ਨਾਲ-ਨਾਲ ਤੁਰਦਾ ਜਾਂਦਾ ਹੈ। ਇਹ ਥੋੜ੍ਹਾ ਜਿਹਾ ਪਾਣੀ ਬੱਸ ਦੋ ਕਿਲੋਮੀਟਰ ਅੱਗੇ ਜਾ ਕੇ ਇਕ ਡੂੰਘੀ ਨਦੀ ਬਣ ਜਾਂਦਾ ਹੈ! ਉਹ ਦੇਖਦਾ ਹੈ ਕਿ ਨਦੀ ਦੇ ਕੰਢਿਆਂ ਉੱਤੇ ਹਰੇ-ਭਰੇ ਦਰਖ਼ਤ ਹਨ ਜਿਨ੍ਹਾਂ ਨੂੰ ਚੰਗੇ ਫਲ ਲੱਗਦੇ ਹਨ ਤੇ ਜਿਨ੍ਹਾਂ ਦੇ ਪੱਤੇ ਇਲਾਜ ਲਈ ਵਰਤੇ ਜਾਂਦੇ ਹਨ। ਇਸ ਸਭ ਦਾ ਕੀ ਮਤਲਬ ਹੈ?
ਬਰਕਤਾਂ ਦੀ ਨਦੀ
ਪੁਰਾਣੇ ਜ਼ਮਾਨੇ ਵਿਚ: ਯਹੂਦੀਆਂ ਨੇ ਆਪਣੇ ਦੇਸ਼ ਵਾਪਸ ਆ ਕੇ ਮੰਦਰ ਵਿਚ ਸ਼ੁੱਧ ਭਗਤੀ ਬਹਾਲ ਕਰਨ ਵਿਚ ਜਦੋਂ ਪੂਰੀ ਵਾਹ ਲਾਈ, ਤਾਂ ਉਨ੍ਹਾਂ ਨੂੰ ਕਈ ਬਰਕਤਾਂ ਮਿਲੀਆਂ
ਅੱਜ ਦੇ ਜ਼ਮਾਨੇ ਵਿਚ: 1919 ਵਿਚ ਸ਼ੁੱਧ ਭਗਤੀ ਬਹਾਲ ਹੋਈ ਅਤੇ ਉਦੋਂ ਤੋਂ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਲਈ ਬਰਕਤਾਂ ਦਾ ਚਸ਼ਮਾ ਵਹਿਣ ਲੱਗਾ
ਭਵਿੱਖ ਵਿਚ: ਆਰਮਾਗੇਡਨ ਤੋਂ ਬਾਅਦ ਯਹੋਵਾਹ ਸਾਨੂੰ ਹੋਰ ਵੀ ਬਰਕਤਾਂ ਦੇਵੇਗਾ। ਉਹ ਸਾਨੂੰ ਮੁਕੰਮਲ ਬਣਾ ਦੇਵੇਗਾ ਤੇ ਨਵੀਆਂ ਸੱਚਾਈਆਂ ਸਿਖਾਵੇਗਾ
ਜੀਵਨ ਦੇਣ ਵਾਲਾ ਪਾਣੀ
ਪੁਰਾਣੇ ਜ਼ਮਾਨੇ ਵਿਚ: ਯਹੋਵਾਹ ਨੇ ਆਪਣੇ ਆਗਿਆਕਾਰ ਲੋਕਾਂ ਨੂੰ ਬਹੁਤ ਸਾਰੀਆਂ ਬਰਕਤਾਂ ਦਿੱਤੀਆਂ। ਜਿਉਂ-ਜਿਉਂ ਉਨ੍ਹਾਂ ਦੀ ਗਿਣਤੀ ਵਧਦੀ ਗਈ, ਉੱਦਾਂ-ਉੱਦਾਂ ਉਨ੍ਹਾਂ ਲਈ ਬਹੁਤ ਸਾਰੇ ਇੰਤਜ਼ਾਮ ਕੀਤੇ ਗਏ ਤਾਂਕਿ ਉਹ ਯਹੋਵਾਹ ਦੀ ਭਗਤੀ ਕਰ ਸਕਣ
ਅੱਜ ਦੇ ਜ਼ਮਾਨੇ ਵਿਚ: ਅੱਜ ਯਹੋਵਾਹ ਦੀ ਭਗਤੀ ਹੋਰ ਵੀ ਉੱਚੇ-ਸੁੱਚੇ ਤਰੀਕੇ ਨਾਲ ਕੀਤੀ ਜਾ ਰਹੀ ਹੈ ਅਤੇ ਉਸ ਦੀਆਂ ਬਰਕਤਾਂ ਸਦਕਾ ਸੱਚੇ ਭਗਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਤੇ ਉਸ ਨਾਲ ਰਿਸ਼ਤਾ ਹੋਣ ਕਰਕੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਮਿਲ ਰਹੀ ਹੈ
ਭਵਿੱਖ ਵਿਚ: ਆਰਮਾਗੇਡਨ ਵਿੱਚੋਂ ਬਚਣ ਵਾਲਿਆਂ ਨੂੰ ਅਤੇ ਉਸ ਤੋਂ ਬਾਅਦ ਜੀਉਂਦੇ ਕੀਤੇ ਜਾਣ ਵਾਲੇ ਅਣਗਿਣਤ ਲੋਕਾਂ ਨੂੰ ਯਹੋਵਾਹ ਤੋਂ ਭਰਪੂਰ ਬਰਕਤਾਂ ਮਿਲਣਗੀਆਂ
ਭੋਜਨ ਅਤੇ ਇਲਾਜ ਲਈ ਦਰਖ਼ਤ
ਪੁਰਾਣੇ ਜ਼ਮਾਨੇ ਵਿਚ: ਆਪਣੇ ਦੇਸ਼ ਪਰਤੇ ਯਹੂਦੀਆਂ ਨੂੰ ਯਹੋਵਾਹ ਨੇ ਗਿਆਨ ਦਿੱਤਾ ਜੋ ਉਨ੍ਹਾਂ ਲਈ ਖ਼ੁਰਾਕ ਵਾਂਗ ਸੀ ਤੇ ਅਜਿਹੇ ਇੰਤਜ਼ਾਮ ਕੀਤੇ ਜਿਨ੍ਹਾਂ ਕਰਕੇ ਉਹ ਸ਼ੁੱਧ ਭਗਤੀ ਕਰ ਸਕੇ। ਉਸ ਨੇ ਉਨ੍ਹਾਂ ਨੂੰ ਚੰਗਾ ਵੀ ਕੀਤਾ ਯਾਨੀ ਝੂਠੀ ਭਗਤੀ ਤੋਂ ਦੂਰ ਰਹਿਣ ਵਿਚ ਉਨ੍ਹਾਂ ਦੀ ਮਦਦ ਕੀਤੀ
ਅੱਜ ਦੇ ਜ਼ਮਾਨੇ ਵਿਚ: ਅੱਜ ਦੁਨੀਆਂ ਵਿਚ ਸਹੀ ਸੇਧ ਦਾ ਕਾਲ਼ ਪਿਆ ਹੋਇਆ ਹੈ। ਪਰ ਯਹੋਵਾਹ ਦੇ ਲੋਕਾਂ ਨੂੰ ਸੱਚਾਈ ਦਾ ਭਰਪੂਰ ਗਿਆਨ ਮਿਲ ਰਿਹਾ ਹੈ ਤਾਂਕਿ ਉਹ ਪਾਪ ਕਰਨ ਤੇ ਦੁਨੀਆਂ ਵਰਗਾ ਰਵੱਈਆ ਅਪਣਾਉਣ ਤੋਂ ਬਚ ਸਕਣ
ਭਵਿੱਖ ਵਿਚ: ਮਸੀਹ ਤੇ ਉਸ ਨਾਲ ਰਾਜ ਕਰਨ ਵਾਲੇ 1,44,000 ਮਸੀਹੀਆਂ ਦੀ ਮਦਦ ਨਾਲ ਵਫ਼ਾਦਾਰ ਲੋਕ ਮੁਕੰਮਲ ਹੋ ਜਾਣਗੇ ਤੇ ਹਮੇਸ਼ਾ ਲਈ ਤੰਦਰੁਸਤ ਰਹਿਣਗੇ