ਉਹ ਦਿਨ ਜਿਹੜਾ ‘ਇਕ ਭੱਠੀ ਦੇ ਵਾਂਗ ਬਲਦਾ ਹੈ’
“ਵੇਖੋ, ਉਹ ਦਿਨ ਆਉਂਦਾ ਹੈ ਜਿਹੜਾ ਭੱਠੀ ਦੇ ਵਾਂਗ ਬਲ ਰਿਹਾ ਹੈ।”—ਮਲਾਕੀ 4:1, ਨਿ ਵ.
1. ਮਲਾਕੀ 4:1 ਦੇ ਸੰਬੰਧ ਵਿਚ ਕਿਹੜੇ ਸਵਾਲ ਉੱਠਦੇ ਹਨ?
ਇਨ੍ਹਾਂ ਅੰਤ ਦੇ ਦਿਨਾਂ ਦੇ ਦੌਰਾਨ, ਖ਼ੁਸ਼ ਹਨ ਉਹ ਜਿਨ੍ਹਾਂ ਦੇ ਨਾਂ ਯਹੋਵਾਹ ਆਪਣੀ ਯਾਦਗੀਰੀ ਦੀ ਪੁਸਤਕ ਵਿਚ ਲਿੱਖਣ ਲਈ ਚੁਣਦਾ ਹੈ। ਪਰੰਤੂ ਉਨ੍ਹਾਂ ਦੇ ਬਾਰੇ ਕੀ ਜੋ ਇਸ ਵਿਸ਼ੇਸ਼-ਸਨਮਾਨ ਦੇ ਯੋਗ ਬਣਨ ਤੋਂ ਚੂਕ ਜਾਂਦੇ ਹਨ? ਭਾਵੇਂ ਉਹ ਸ਼ਾਸਕ ਹੋਣ ਜਾਂ ਕੇਵਲ ਆਮ ਲੋਕ, ਉਨ੍ਹਾਂ ਦਾ ਕੀ ਹੋਵੇਗਾ ਜੇਕਰ ਉਹ ਪਰਮੇਸ਼ੁਰ ਦੇ ਰਾਜ ਦਿਆਂ ਘੋਸ਼ਕਾਂ ਦਾ ਅਤੇ ਉਨ੍ਹਾਂ ਦੇ ਸੰਦੇਸ਼ ਦਾ ਤਿਰਸਕਾਰ ਕਰਦੇ ਹਨ? ਮਲਾਕੀ ਇਕ ਲੇਖੇ ਦੇ ਦਿਨ ਬਾਰੇ ਦੱਸਦਾ ਹੈ। ਅਧਿਆਇ 4, ਆਇਤ 1, ਵਿਚ ਅਸੀਂ ਪੜ੍ਹਦੇ ਹਾਂ: “‘ਕਿਉਂਕਿ, ਵੇਖੋ, ਉਹ ਦਿਨ ਆਉਂਦਾ ਹੈ ਜਿਹੜਾ ਭੱਠੀ ਦੇ ਵਾਂਗ ਬਲ ਰਿਹਾ ਹੈ, ਅਤੇ ਸਾਰੇ ਆਕੜਬਾਜ਼ ਅਤੇ ਸਾਰੇ ਦੁਸ਼ਟ ਲੋਕ ਵੱਢ ਵਾਂਗ ਬਣ ਜਾਣਗੇ। ਅਤੇ ਉਹ ਦਿਨ ਜਿਹੜਾ ਆਉਂਦਾ ਹੈ ਨਿਸ਼ਚੇ ਹੀ ਉਨ੍ਹਾਂ ਨੂੰ ਭਸਮ ਕਰੇਗਾ,’ ਸੈਨਾਂ ਦੇ ਯਹੋਵਾਹ ਨੇ ਆਖਿਆ ਹੈ, ‘ਤਾਂਕਿ ਇਹ ਉਨ੍ਹਾਂ ਲਈ ਨਾ ਕੋਈ ਜੜ੍ਹ ਅਤੇ ਨਾ ਟਾਹਣੀ ਛੱਡੇਗਾ।’”—ਨਿ ਵ.
2. ਹਿਜ਼ਕੀਏਲ ਯਹੋਵਾਹ ਦੇ ਨਿਆਉਂ ਬਾਰੇ ਕਿਹੜਾ ਸੁਚਿਤ੍ਰਿਤ ਵਰਣਨ ਦਿੰਦਾ ਹੈ?
2 ਦੂਜੇ ਨਬੀ ਵੀ, ਕੌਮਾਂ ਉੱਤੇ ਯਹੋਵਾਹ ਦੇ ਨਿਆਉਂ ਨੂੰ ਇਕ ਭੱਠੀ ਦੇ ਤੇਜ਼ ਤਾਪ ਨਾਲ ਤੁਲਨਾ ਕਰਦੇ ਹਨ। ਹਿਜ਼ਕੀਏਲ 22:19-22 ਧਰਮ-ਤਿਆਗੀ ਮਸੀਹੀ-ਜਗਤ ਦੇ ਫਿਰਕਿਆਂ ਉੱਤੇ ਕਿੰਨਾ ਉਚਿਤ ਢੰਗ ਨਾਲ ਲਾਗੂ ਹੁੰਦਾ ਹੈ! ਇਹ ਕਹਿੰਦਾ ਹੈ: “ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ,—ਤੁਸੀਂ ਸਾਰੇ ਮੈਲ ਬਣ ਗਏ ਹੋ, ਏਸ ਲਈ ਵੇਖੋ, ਮੈਂ ਤੁਹਾਨੂੰ . . . ਇਕੱਠਾ ਕਰਾਂਗਾ। ਜਿਵੇਂ ਓਹ ਚਾਂਦੀ, ਪਿੱਤਲ, ਲੋਹਾ, ਸਿੱਕਾ ਅਤੇ ਟੀਨ ਭੱਠੀ ਵਿੱਚ ਇਕੱਠਾ ਪਾਉਂਦੇ ਹਨ ਅਤੇ ਉਨ੍ਹਾਂ ਨੂੰ ਅੱਗ ਨਾਲ ਤਾਉਂਦੇ ਹਨ ਤਾਂ ਜੋ ਉਨ੍ਹਾਂ ਨੂੰ ਪੰਘਰਾ ਦੇਣ ਓਦਾਂ ਹੀ ਮੈਂ ਆਪਣੇ ਕਹਿਰ ਅਤੇ ਕ੍ਰੋਧ ਵਿੱਚ ਤੁਹਾਨੂੰ ਇਕੱਠਾ ਕਰਾਂਗਾ ਅਤੇ ਤੁਹਾਨੂੰ ਉੱਥੇ ਰੱਖ ਕੇ ਪਘਰਾਵਾਂਗਾ। ਹਾਂ, ਮੈਂ ਤੁਹਾਨੂੰ ਇਕੱਠਾ ਕਰਾਂਗਾ ਅਤੇ ਆਪਣੇ ਕਹਿਰ ਦੀ ਅੱਗ ਵਿੱਚ ਤੁਹਾਨੂੰ ਤਪਾਵਾਂਗਾ ਅਤੇ ਤੁਸੀਂ ਉਸ ਵਿੱਚ ਪੰਘਰੋਗੇ। ਜਿਦਾਂ ਚਾਂਦੀ ਭੱਠੀ ਵਿੱਚ ਪੰਘਾਰੀ ਜਾਂਦੀ ਹੈ, ਉਦਾਂ ਤੁਸੀਂ ਉਸ ਵਿੱਚ ਪਘਾਰੇ ਜਾਓਗੇ, ਤਾਂ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਨੇ ਆਪਣਾ ਕਹਿਰ ਤੁਹਾਡੇ ਉੱਤੇ ਪਾਇਆ ਹੈ।”
3, 4. (ੳ) ਪਾਦਰੀਆਂ ਨੇ ਕਿਹੜਾ ਪਖੰਡੀ ਦਾਅਵਾ ਕੀਤਾ ਹੈ? (ਅ) ਧਰਮ ਦਾ ਕੀ ਘਿਣਾਉਣਾ ਰਿਕਾਰਡ ਹੈ?
3 ਸੱਚ-ਮੁੱਚ ਹੀ ਇਕ ਜ਼ਬਰਦਸਤ ਦ੍ਰਿਸ਼ਟਾਂਤ! ਉਨ੍ਹਾਂ ਪਾਦਰੀਆਂ ਨੂੰ ਜਿਨ੍ਹਾਂ ਨੇ ਯਹੋਵਾਹ ਦੇ ਨਾਂ ਨੂੰ ਨਾ ਇਸਤੇਮਾਲ ਕਰਨ ਲਈ ਬਹਾਨੇ ਬਣਾਏ ਹਨ, ਇੱਥੇ ਤਕ ਕਿ ਉਸ ਪਵਿੱਤਰ ਨਾਂ ਨੂੰ ਤਿਰਸਕਾਰਿਆ ਹੈ, ਉਸ ਨਬੇੜੇ ਦੇ ਦਿਨ ਦਾ ਸਾਮ੍ਹਣਾ ਕਰਨਾ ਪਵੇਗਾ। ਗੁਸਤਾਖੀ ਨਾਲ, ਉਹ ਦਾਅਵਾ ਕਰਦੇ ਹਨ ਕਿ ਉਹ ਅਤੇ ਉਨ੍ਹਾਂ ਦੇ ਰਾਜਨੀਤਿਕ ਸਾਥੀ ਧਰਤੀ ਉੱਤੇ ਪਰਮੇਸ਼ੁਰ ਦੇ ਰਾਜ ਨੂੰ ਸਥਾਪਿਤ ਕਰਨਗੇ, ਜਾਂ ਘੱਟੋ-ਘੱਟ ਧਰਤੀ ਨੂੰ ਰਾਜ ਦੇ ਲਈ ਇਕ ਢੁਕਵੀਂ ਥਾਂ ਬਣਾਉਣਗੇ।
4 ਧਰਮ-ਤਿਆਗੀ ਮਸੀਹੀ-ਜਗਤ ਨੇ ਰਾਜਨੀਤਿਕ ਸ਼ਾਸਕਾਂ ਦੇ ਨਾਲ ਮਿਲ ਕੇ ਭਿਆਨਕ ਯੁੱਧ ਲੜੇ ਹਨ। ਮੱਧਕਾਲੀਨ ਸਮੇਂ ਦੇ ਕਰੂਸ-ਯੁੱਧ, ਸਪੇਨੀ ਧਰਮ-ਅਧਿਕਰਣ ਦੇ ਜ਼ਬਰਦਸਤੀ ਨਾਲ ਕੀਤੇ ਗਏ ਧਰਮ-ਪਰਿਵਰਤਨ, ਤੀਹ-ਸਾਲਾ ਯੁੱਧ ਜਿਸ ਨੇ 17ਵੀਂ ਸਦੀ ਵਿਚ ਯੂਰਪ ਦਾ ਵੱਡਾ ਭਾਗ ਨਸ਼ਟ ਕਰ ਦਿੱਤਾ, ਅਤੇ 1930 ਦੇ ਦਹਾਕੇ ਦਾ ਸਪੇਨੀ ਘਰੇਲੂ ਯੁੱਧ, ਜੋ ਸਪੇਨ ਨੂੰ ਕੈਥੋਲਿਕਵਾਦ ਲਈ ਸੁਰੱਖਿਅਤ ਬਣਾਉਣ ਲਈ ਲੜਿਆ ਗਿਆ ਸੀ, ਇਹ ਸਾਰੇ ਦੇ ਸਾਰੇ ਇਤਿਹਾਸ ਵਿਚ ਦਰਜ ਹਨ। ਸਭ ਤੋਂ ਵੱਡਾ ਖ਼ੂਨ-ਖ਼ਰਾਬਾ ਸਾਡੀ ਸਦੀ ਦੇ ਦੋ ਵਿਸ਼ਵ ਯੁੱਧਾਂ ਵਿਚ ਹੋਇਆ, ਜਦੋਂ ਕੈਥੋਲਿਕਾਂ ਅਤੇ ਪ੍ਰੋਟੈਸਟੈਂਟਾਂ ਨੇ ਫ਼ਸਾਦ ਵਿਚ ਹਿੱਸਾ ਲੈਂਦੇ ਹੋਏ, ਸੰਗੀ ਵਿਸ਼ਵਾਸੀਆਂ ਨੂੰ ਅਤੇ ਦੂਜੇ ਧਰਮਾਂ ਦੇ ਲੋਕਾਂ ਨੂੰ ਅੰਧਾ-ਧੁੰਦ ਕਤਲ ਕੀਤਾ। ਹੋਰ ਹਾਲ ਹੀ ਦੇ ਸਾਲਾਂ ਵਿਚ, ਆਇਰਲੈਂਡ ਵਿਚ ਕੈਥੋਲਿਕਾਂ ਅਤੇ ਪ੍ਰੋਟੈਸਟੈਂਟਾਂ ਦੇ ਦਰਮਿਆਨ, ਭਾਰਤ ਵਿਚ ਧਾਰਮਿਕ ਫਿਰਕਿਆਂ ਦੇ ਦਰਮਿਆਨ, ਅਤੇ ਭੂਤਪੂਰਵ ਯੂਗੋਸਲਾਵੀਆ ਦੇ ਧਾਰਮਿਕ ਸਮੂਹਾਂ ਦੇ ਦਰਮਿਆਨ ਘਾਤਕ ਲੜਾਈ ਲੜੀ ਗਈ ਹੈ। ਧਾਰਮਿਕ ਇਤਿਹਾਸ ਦੇ ਪੰਨੇ ਹਜ਼ਾਰਾਂ ਨਿਹਚਾਵਾਨ ਯਹੋਵਾਹ ਦੇ ਗਵਾਹਾਂ ਦੀ ਸ਼ਹੀਦੀ ਦੇ ਲਹੂ ਨਾਲ ਵੀ ਲਿਬੜੇ ਹੋਏ ਹਨ।—ਪਰਕਾਸ਼ ਦੀ ਪੋਥੀ 6:9, 10.
5. ਝੂਠੇ ਧਰਮ ਦੇ ਲਈ ਕੀ ਨਿਆਉਂ ਠਹਿਰਾਇਆ ਗਿਆ ਹੈ?
5 ਅਸੀਂ ਵੱਡੀ ਬਾਬੁਲ, ਅਰਥਾਤ ਝੂਠੇ ਧਰਮ ਦਾ ਵਿਸ਼ਵ ਸਾਮਰਾਜ, ਅਤੇ ਉਸ ਦੇ ਸਮਰਥਕਾਂ ਉੱਤੇ ਯਹੋਵਾਹ ਦੇ ਆ ਰਹੇ ਵਿਨਾਸ਼ ਦੀ ਨਿਆਂਪੂਰਣਤਾ ਦੀ ਆਸਾਨੀ ਨਾਲ ਕਦਰ ਕਰ ਸਕਦੇ ਹਾਂ। ਇਹ ਵਿਨਾਸ਼ ਪਰਕਾਸ਼ ਦੀ ਪੋਥੀ 18:21, 24 ਵਿਚ ਵਰਣਨ ਕੀਤਾ ਗਿਆ ਹੈ: “ਇੱਕ ਬਲੀ ਦੂਤ ਨੇ ਇੱਕ ਪੱਥਰ ਵੱਡੇ ਖਰਾਸ ਦੇ ਪੁੜ ਜਿਹਾ ਚੁੱਕ ਕੇ ਸਮੁੰਦਰ ਵਿੱਚ ਸੁੱਟਿਆ ਅਤੇ ਆਖਿਆ, ਇਸੇ ਤਰਾਂ ਉਹ ਵੱਡੀ ਨਗਰੀ ਬਾਬੁਲ ਜ਼ੋਰ ਨਾਲ ਡੇਗੀ ਜਾਵੇਗੀ, ਅਤੇ ਫੇਰ ਕਦੇ ਉਹ ਦਾ ਪਤਾ ਨਾ ਲੱਗੇਗਾ! ਨਾਲੇ ਨਬੀਆਂ, ਸੰਤਾਂ ਅਤੇ ਓਹਨਾਂ ਸਭਨਾਂ ਦਾ ਲਹੂ ਜਿਹੜੇ ਧਰਤੀ ਉੱਤੇ ਕੋਹੇ ਗਏ ਸਨ, ਉਹ ਦੇ ਵਿੱਚ ਪਾਇਆ ਗਿਆ!”
6. (ੳ) ਕੌਣ ਵੱਢ ਵਾਂਗ ਬਣ ਜਾਣਗੇ, ਅਤੇ ਕਿਉਂ? (ਅ) ਉਨ੍ਹਾਂ ਲੋਕਾਂ ਲਈ ਕੀ ਤਸੱਲੀ ਹੈ ਜੋ ਯਹੋਵਾਹ ਦਾ ਭੈ ਮੰਨਦੇ ਹਨ?
6 ਸਮਾਂ ਆਉਣ ਤੇ, ਧਾਰਮਿਕਤਾ ਦੇ ਸਾਰੇ ਵੈਰੀ, ਅਤੇ ਉਹ ਜੋ ਇਨ੍ਹਾਂ ਦਾ ਅਨੁਸਰਣ ਕਰਦੇ ਹਨ, “ਵੱਢ ਵਾਂਗ ਬਣ ਜਾਣਗੇ।” ਯਹੋਵਾਹ ਦਾ ਦਿਨ ਉਨ੍ਹਾਂ ਦੇ ਵਿਚਕਾਰ ਇਕ ਭੱਠੀ ਦੇ ਵਾਂਗ ਬਲੇਗਾ। “ਇਹ ਉਨ੍ਹਾਂ ਲਈ ਨਾ ਕੋਈ ਜੜ ਅਤੇ ਨਾ ਟਾਹਣੀ ਛੱਡੇਗਾ।” ਲੇਖੇ ਦੇ ਉਸ ਦਿਨ ਵਿਚ, ਛੋਟੇ ਬੱਚਿਆਂ, ਜਾਂ ਟਾਹਣੀਆਂ ਦੇ ਨਾਲ ਉਨ੍ਹਾਂ ਦੀਆਂ ਜੜ੍ਹਾਂ, ਅਰਥਾਤ ਉਨ੍ਹਾਂ ਦੇ ਮਾਪਿਆਂ ਦੇ ਪ੍ਰਤੀ ਯਹੋਵਾਹ ਦੇ ਮੁੱਲ-ਨਿਰਧਾਰਣ ਦੇ ਅਨੁਸਾਰ ਨਿਆਂਪੂਰਵਕ ਵਿਵਹਾਰ ਕੀਤਾ ਜਾਵੇਗਾ, ਜਿਨ੍ਹਾਂ ਦੇ ਜ਼ਿੰਮੇ ਇਹ ਬੱਚੇ ਹਨ। ਦੁਸ਼ਟ ਮਾਪਿਆਂ ਕੋਲ ਆਪਣੇ ਦੁਸ਼ਟ ਮਾਰਗਾਂ ਨੂੰ ਸਦੀਵੀ ਬਣਾਉਣ ਲਈ ਕੋਈ ਸੰਤਾਨ ਨਹੀਂ ਹੋਵੇਗੀ। ਪਰੰਤੂ ਉਹ ਜੋ ਪਰਮੇਸ਼ੁਰ ਦੇ ਰਾਜ ਸੰਬੰਧੀ ਵਾਅਦਿਆਂ ਉੱਤੇ ਨਿਹਚਾ ਰੱਖਦੇ ਹਨ, ਨਹੀਂ ਡਗਮਗਾਉਣਗੇ। ਇਸ ਲਈ ਇਬਰਾਨੀਆਂ 12:28 ਉਪਦੇਸ਼ ਦਿੰਦਾ ਹੈ: “ਆਓ, ਅਸੀਂ ਧੰਨਵਾਦ ਕਰੀਏ ਜਿਸ ਕਰਕੇ ਅਸੀਂ ਭਗਤੀ ਅਤੇ ਭੈ ਨਾਲ ਪਰਮੇਸ਼ੁਰ ਦੀ ਉਹ ਉਪਾਸਨਾ ਕਰੀਏ ਜੋ ਉਹ ਦੇ ਮਨ ਭਾਵੇ, ਕਿਉਂ ਜੋ ਸਾਡਾ ਪਰਮੇਸ਼ੁਰ ਭਸਮ ਕਰਨ ਵਾਲੀ ਅੱਗ ਹੈ।”
ਕੀ ਯਹੋਵਾਹ ਇਕ ਨਿਰਦਈ ਪਰਮੇਸ਼ੁਰ ਹੈ?
7. ਯਹੋਵਾਹ ਦੇ ਨਿਆਉਂ ਵਿਚ ਉਸ ਦਾ ਪ੍ਰੇਮ ਕਿਵੇਂ ਸ਼ਾਮਲ ਹੈ?
7 ਕੀ ਇਸ ਦਾ ਇਹ ਮਤਲਬ ਹੈ ਕਿ ਯਹੋਵਾਹ ਇਕ ਨਿਰਦਈ, ਬਦਲਾਖੋਰ ਪਰਮੇਸ਼ੁਰ ਹੈ? ਬਿਲਕੁਲ ਹੀ ਨਹੀਂ! 1 ਯੂਹੰਨਾ 4:8 ਵਿਚ, ਰਸੂਲ ਇਕ ਮੂਲ ਸੱਚਾਈ ਬਿਆਨ ਕਰਦਾ ਹੈ: “ਪਰਮੇਸ਼ੁਰ ਪ੍ਰੇਮ ਹੈ।” ਫਿਰ, ਆਇਤ 16 ਵਿਚ ਉਹ ਇਸ ਤੇ ਜ਼ੋਰ ਦਿੰਦੇ ਹੋਏ ਕਹਿੰਦਾ ਹੈ: “ਪਰਮੇਸ਼ੁਰ ਪ੍ਰੇਮ ਹੈ ਅਤੇ ਜਿਹੜਾ ਪ੍ਰੇਮ ਵਿੱਚ ਰਹਿੰਦਾ ਹੈ ਉਹ ਪਰਮੇਸ਼ੁਰ ਵਿੱਚ ਰਹਿੰਦਾ ਹੈ ਅਤੇ ਪਰਮੇਸ਼ੁਰ ਓਸ ਵਿੱਚ ਰਹਿੰਦਾ ਹੈ।” ਮਨੁੱਖਜਾਤੀ ਦੇ ਲਈ ਆਪਣੇ ਪ੍ਰੇਮ ਦੇ ਕਾਰਨ ਹੀ ਯਹੋਵਾਹ ਇਸ ਧਰਤੀ ਨੂੰ ਸਾਰੀ ਦੁਸ਼ਟਤਾ ਤੋਂ ਸਾਫ਼ ਕਰਨ ਦਾ ਮਕਸਦ ਰੱਖਦਾ ਹੈ। ਸਾਡਾ ਪ੍ਰੇਮਪੂਰਣ, ਦਇਆਵਾਨ ਪਰਮੇਸ਼ੁਰ ਐਲਾਨ ਕਰਦਾ ਹੈ: “ਮੈਨੂੰ ਆਪਣੀ ਜਾਨ ਦੀ ਸਹੁੰ, ਦੁਸ਼ਟ ਦੀ ਮੌਤ ਵਿੱਚ ਮੈਨੂੰ ਕੋਈ ਖ਼ੁਸ਼ੀ ਨਹੀਂ, ਸਗੋਂ ਇਸ ਵਿੱਚ ਹੈ, ਕਿ ਦੁਸ਼ਟ ਆਪਣੀ ਰਾਹ ਤੋਂ ਮੁੜੇ, ਅਤੇ ਜੀਉਂਦਾ ਰਹੇ। . . . ਤੁਸੀਂ ਮੁੜੋ। ਤੁਸੀਂ ਆਪਣੇ ਭੈੜੇ ਰਾਹ ਤੋਂ ਮੁੜੋ! ਤੁਸੀਂ ਕਿਉਂ ਮਰੋਗੇ?”—ਹਿਜ਼ਕੀਏਲ 33:11.
8. ਯੂਹੰਨਾ ਨੇ ਕਿਵੇਂ ਪ੍ਰੇਮ ਉੱਤੇ ਜ਼ੋਰ ਦਿੱਤਾ, ਅਤੇ ਫਿਰ ਵੀ ਖ਼ੁਦ ਨੂੰ ਗਰਜਣ ਦਾ ਪੁੱਤਰ ਦਿਖਾਇਆ?
8 ਯੂਹੰਨਾ ਅਗਾਪੇ, ਅਰਥਾਤ ਅਸੂਲੀ ਪ੍ਰੇਮ, ਦਾ ਇੰਨਾ ਅਕਸਰ ਜ਼ਿਕਰ ਕਰਦਾ ਹੈ ਜਿੰਨਾ ਕਿ ਦੂਸਰੇ ਤਿੰਨਾਂ ਇੰਜੀਲ ਲਿਖਾਰੀਆਂ ਨੇ ਮਿਲ ਕੇ ਨਹੀਂ ਕੀਤਾ, ਫਿਰ ਵੀ ਮਰਕੁਸ 3:17 ਵਿਚ, ਯੂਹੰਨਾ ਨੂੰ ਖ਼ੁਦ “ਗਰਜਣ ਦੇ ਪੁੱਤ੍ਰ” ਦੇ ਤੌਰ ਤੇ ਵਰਣਨ ਕੀਤਾ ਗਿਆ ਹੈ। ਯਹੋਵਾਹ ਦੇ ਵੱਲੋਂ ਪ੍ਰੇਰਣਾ ਦੇ ਦੁਆਰਾ ਹੀ ਇਸ ਗਰਜਣ ਦੇ ਪੁੱਤਰ ਨੇ ਬਾਈਬਲ ਦੀ ਆਖ਼ਰੀ ਪੋਥੀ, ਪਰਕਾਸ਼ ਦੀ ਪੋਥੀ, ਦੇ ਇਲਹਾਮੀ ਸੰਦੇਸ਼ਾਂ ਨੂੰ ਲਿਖਿਆ ਸੀ, ਜੋ ਯਹੋਵਾਹ ਨੂੰ ਨਿਆਉਂ ਪੂਰਾ ਕਰਨ ਵਾਲੇ ਪਰਮੇਸ਼ੁਰ ਦੇ ਤੌਰ ਤੇ ਚਿਤ੍ਰਿਤ ਕਰਦਾ ਹੈ। ਇਹ ਪੋਥੀ ਨਿਆਉਂ ਦੀਆਂ ਅਭਿਵਿਅਕਤੀਆਂ ਨਾਲ ਭਰੀ ਹੋਈ ਹੈ, ਜਿਵੇਂ ਕਿ ‘ਪਰਮੇਸ਼ੁਰ ਦੇ ਕ੍ਰੋਧ ਦਾ ਵੱਡਾ ਚੁਬੱਚਾ,’ “ਪਰਮੇਸ਼ੁਰ ਦੇ ਕ੍ਰੋਧ ਦੇ ਸੱਤ ਕਟੋਰੇ,” ਅਤੇ ‘ਪਰਮੇਸ਼ੁਰ ਸਰਬ ਸ਼ਕਤੀਮਾਨ ਦਾ ਅੱਤ ਵੱਡਾ ਕ੍ਰੋਧ।’—ਪਰਕਾਸ਼ ਦੀ ਪੋਥੀ 14:19; 16:1; 19:15.
9. ਯਿਸੂ ਨੇ ਯਹੋਵਾਹ ਦੇ ਨਿਆਉਂ ਬਾਰੇ ਕਿਹੜੀਆਂ ਅਭਿਵਿਅਕਤੀਆਂ ਕੀਤੀਆਂ, ਅਤੇ ਉਸ ਦੀਆਂ ਭਵਿੱਖਬਾਣੀਆਂ ਦੀ ਪੂਰਤੀ ਕਿਵੇਂ ਹੋਈ?
9 ਸਾਡੇ ਪ੍ਰਭੂ ਯਿਸੂ ਮਸੀਹ, ਜੋ “ਅਲੱਖ ਪਰਮੇਸ਼ੁਰ ਦਾ ਰੂਪ” ਹੈ, ਨੇ ਦਲੇਰੀ ਨਾਲ ਯਹੋਵਾਹ ਦੇ ਨਿਆਉਂ ਨੂੰ ਘੋਸ਼ਿਤ ਕੀਤਾ ਜਦੋਂ ਉਹ ਧਰਤੀ ਉੱਤੇ ਸੀ। (ਕੁਲੁੱਸੀਆਂ 1:15) ਉਦਾਹਰਣ ਦੇ ਤੌਰ ਤੇ, ਮੱਤੀ ਅਧਿਆਇ 23 ਦੀਆਂ ਸਤ ਬਿਪਤਾਵਾਂ ਨੂੰ ਉਸ ਨੇ ਆਪਣੇ ਦਿਨਾਂ ਦੇ ਧਾਰਮਿਕ ਪਖੰਡੀਆਂ ਦੇ ਵਿਰੁੱਧ ਸਾਫ਼-ਸਾਫ਼ ਐਲਾਨ ਕੀਤਾ। ਉਸ ਨੇ ਉਹ ਨਿੰਦਾਤਮਕ ਨਿਆਉਂ ਨੂੰ ਇਨ੍ਹਾਂ ਸ਼ਬਦਾਂ ਦੇ ਨਾਲ ਸਮਾਪਤ ਕੀਤਾ: “ਹੇ ਯਰੂਸ਼ਲਮ ਯਰੂਸ਼ਲਮ! ਤੂੰ ਜੋ ਨਬੀਆਂ ਨੂੰ ਕਤਲ ਕਰਦਾ ਹੈਂ ਅਤੇ ਉਨ੍ਹਾਂ ਨੂੰ ਜਿਹੜੇ ਤੇਰੇ ਕੋਲ ਘੱਲੇ ਗਏ ਪਥਰਾਉ ਕਰਦਾ ਹੈਂ ਮੈਂ ਕਿੰਨੀ ਵਾਰੀ ਚਾਹਿਆ ਜੋ ਤੇਰੇ ਬਾਲਕਾਂ ਨੂੰ ਉਸੇ ਤਰਾਂ ਇਕੱਠੇ ਕਰਾਂ ਜਿਸ ਤਰਾਂ ਕੁੱਕੜੀ ਆਪਣੇ ਬੱਚਿਆਂ ਨੂੰ ਖੰਭਾਂ ਦੇ ਹੇਠ ਇਕੱਠੇ ਕਰਦੀ ਹੈ ਪਰ ਤੁਸਾਂ ਨਾ ਚਾਹਿਆ। ਵੇਖੋ ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਜਾਂਦਾ ਹੈ।” ਸੈਂਤੀ ਸਾਲਾਂ ਬਾਅਦ, ਜਰਨੈਲ ਤੀਤੁਸ ਦੇ ਅਧੀਨ ਰੋਮੀ ਸੈਨਾ ਦੁਆਰਾ ਇਹ ਨਿਆਉਂ ਪੂਰਾ ਕੀਤਾ ਗਿਆ। ਉਹ ਇਕ ਭਿਆਨਕ ਦਿਨ ਸੀ, ਅਤੇ ਉਹ ਉਸ ਦਿਨ ਨੂੰ ਭਵਿੱਖ-ਸੂਚਿਤ ਕਰਦਾ ਹੈ ਜੋ ਸਾਰੇ ਮਾਨਵ ਅਨੁਭਵਾਂ ਵਿਚ ਸਭ ਤੋਂ ਭੈ ਦਾਇਕ ਦਿਨ ਸਾਬਤ ਹੋਵੇਗਾ—ਯਹੋਵਾਹ ਦਾ ਦਿਨ, ਜੋ ਜਲਦੀ ਹੀ ਆਉਣ ਵਾਲਾ ਹੈ।
“ਸੂਰਜ” ਚੜ੍ਹਦਾ ਹੈ
10. “ਧਰਮ ਦਾ ਸੂਰਜ” ਕਿਵੇਂ ਪਰਮੇਸ਼ੁਰ ਦੇ ਲੋਕਾਂ ਲਈ ਆਨੰਦ ਲਿਆਉਂਦਾ ਹੈ?
10 ਯਹੋਵਾਹ ਦੱਸਦਾ ਹੈ ਕਿ ਉਸ ਦੇ ਦਿਨ ਵਿੱਚੋਂ ਬਚ ਨਿਕਲਣ ਵਾਲੇ ਲੋਕ ਹੋਣਗੇ। ਉਹ ਇਨ੍ਹਾਂ ਦਾ ਜ਼ਿਕਰ ਮਲਾਕੀ 4:2 ਵਿਚ ਕਰਦੇ ਹੋਏ ਕਹਿੰਦਾ ਹੈ: “ਤੁਹਾਡੇ ਲਈ ਜਿਹੜੇ ਮੇਰੇ ਨਾਮ ਦਾ ਭੈ ਮੰਨਦੇ ਹੋ ਧਰਮ ਦਾ ਸੂਰਜ ਚੜ੍ਹੇਗਾ ਅਤੇ ਉਹ ਦੀਆਂ ਕਿਰਨਾਂ ਵਿੱਚ ਸ਼ਿਫਾ ਹੋਵੇਗੀ।” ਧਰਮ ਦਾ ਉਹ ਸੂਰਜ ਹੋਰ ਕੋਈ ਨਹੀਂ ਬਲਕਿ ਯਿਸੂ ਮਸੀਹ ਖ਼ੁਦ ਹੀ ਹੈ। ਉਹ “ਜਗਤ ਦਾ” ਅਧਿਆਤਮਿਕ “ਚਾਨਣ” ਹੈ। (ਯੂਹੰਨਾ 8:12) ਉਹ ਕਿਵੇਂ ਚੜ੍ਹਦਾ ਹੈ? ਉਹ ਆਪਣੀਆਂ ਕਿਰਨਾਂ ਵਿਚ ਸ਼ਿਫਾ ਨਾਲ ਚੜ੍ਹਦਾ ਹੈ—ਪਹਿਲਾਂ ਅਧਿਆਤਮਿਕ ਸ਼ਿਫਾ, ਜੋ ਅਸੀਂ ਅੱਜਕਲ੍ਹ ਵੀ ਅਨੁਭਵ ਕਰ ਸਕਦੇ ਹਾਂ, ਅਤੇ ਫਿਰ, ਆਉਣ ਵਾਲੇ ਨਵੇਂ ਸੰਸਾਰ ਵਿਚ, ਸਾਰੀਆਂ ਕੌਮਾਂ ਵਿੱਚੋਂ ਆਏ ਲੋਕਾਂ ਦੀ ਸਰੀਰਕ ਸ਼ਿਫਾ। (ਮੱਤੀ 4:23; ਪਰਕਾਸ਼ ਦੀ ਪੋਥੀ 22:1, 2) ਅਲੰਕਾਰਕ ਰੂਪ ਵਿਚ, ਜਿਵੇਂ ਮਲਾਕੀ ਨੇ ਕਿਹਾ, ਸ਼ਿਫਾ ਪ੍ਰਾਪਤ ਕੀਤੇ ਹੋਏ ਲੋਕ ਤਬੇਲੇ ਵਿੱਚੋਂ ਹੁਣੇ ਹੀ ਰਿਹਾ ਕੀਤੇ ਗਏ ‘ਵਾੜੇ ਦੇ ਵੱਛਿਆਂ ਵਾਂਙੁ ਬਾਹਰ ਨਿੱਕਲਣਗੇ ਅਤੇ ਕੁੱਦਣਗੇ।’ ਉਹ ਪੁਨਰ-ਉਥਿਤ ਵਿਅਕਤੀ ਵੀ ਕਿੰਨਾ ਆਨੰਦ ਅਨੁਭਵ ਕਰਨਗੇ, ਜਿਨ੍ਹਾਂ ਨੂੰ ਮਾਨਵ ਸੰਪੂਰਣਤਾ ਪ੍ਰਾਪਤ ਕਰਨ ਦੀ ਆਸ ਨਾਲ ਜੀਉਂਦਾ ਕੀਤਾ ਗਿਆ ਹੈ!
11, 12. (ੳ) ਦੁਸ਼ਟਾਂ ਦਾ ਅੰਤਿਮ ਪਰਿਣਾਮ ਕੀ ਹੋਵੇਗਾ? (ਅ) ਪਰਮੇਸ਼ੁਰ ਦੇ ਲੋਕ ਕਿਵੇਂ ‘ਦੁਸ਼ਟਾਂ ਨੂੰ ਮਿੱਧਦੇ’ ਹਨ?
11 ਪਰੰਤੂ, ਦੁਸ਼ਟ ਦੇ ਬਾਰੇ ਕੀ? ਮਲਾਕੀ 4:3 ਵਿਚ, ਅਸੀਂ ਪੜ੍ਹਦੇ ਹਾਂ: “ਤੁਸੀਂ ਦੁਸ਼ਟਾਂ ਨੂੰ ਮਿੱਧੋਗੇ, ਓਹ ਤੁਹਾਡੇ ਪੈਰਾਂ ਦੀਆਂ ਤਲੀਆਂ ਦੇ ਹੇਠ ਦੀ ਸੁਆਹ ਹੋਣਗੇ ਉਸ ਦਿਨ ਜਦ ਮੈਂ ਕੰਮ ਕਰਾਂਗਾ, ਸੈਨਾਂ ਦਾ ਯਹੋਵਾਹ ਆਖਦਾ ਹੈ।” ਆਪਣੇ ਨਾਲ ਪ੍ਰੇਮ ਕਰਨ ਵਾਲਿਆਂ ਦੀ ਰਾਖੀ ਕਰਦੇ ਹੋਏ, ਸਾਡਾ ਯੋਧਾ-ਪਰਮੇਸ਼ੁਰ ਇਨ੍ਹਾਂ ਤਾਨਾਸ਼ਾਹ ਵੈਰੀਆਂ ਨੂੰ ਨਾਸ਼ ਕਰ ਕੇ ਧਰਤੀ ਤੋਂ ਇਨ੍ਹਾਂ ਦਾ ਸਫ਼ਾਇਆ ਕਰ ਚੁੱਕਾ ਹੋਵੇਗਾ। ਸ਼ਤਾਨ ਅਤੇ ਉਸ ਦੇ ਪਿਸ਼ਾਚਾਂ ਉੱਤੇ ਬੰਦਸ਼ ਲਾ ਦਿੱਤੀ ਗਈ ਹੋਵੇਗੀ।—ਜ਼ਬੂਰ 145:20; ਪਰਕਾਸ਼ ਦੀ ਪੋਥੀ 20:1-3.
12 ਪਰਮੇਸ਼ੁਰ ਦੇ ਲੋਕ ਦੁਸ਼ਟਾਂ ਨੂੰ ਨਾਸ਼ ਕਰਨ ਵਿਚ ਕੋਈ ਭਾਗ ਨਹੀਂ ਲੈਂਦੇ ਹਨ। ਫਿਰ, ਉਹ ਕਿਵੇਂ ‘ਦੁਸ਼ਟਾਂ ਨੂੰ ਮਿੱਧਦੇ’ ਹਨ? ਇਹ ਉਹ ਜਿੱਤ ਦੇ ਇਕ ਵੱਡੇ ਜਸ਼ਨ ਵਿਚ ਹਿੱਸਾ ਲੈਣ ਦੇ ਦੁਆਰਾ ਅਲੰਕਾਰਕ ਰੂਪ ਵਿਚ ਕਰਦੇ ਹਨ। ਕੂਚ 15:1-21 ਅਜਿਹੇ ਇਕ ਜਸ਼ਨ ਦਾ ਵਰਣਨ ਕਰਦਾ ਹੈ। ਇਹ ਲਾਲ ਸਮੁੰਦਰ ਵਿਚ ਫ਼ਿਰਊਨ ਅਤੇ ਉਸ ਦੀ ਸੈਨਾ ਦੇ ਵਿਨਾਸ਼ ਦੇ ਬਾਅਦ ਹੁੰਦਾ ਹੈ। ਯਸਾਯਾਹ 25:3-9 ਦੀ ਪੂਰਤੀ ਵਿਚ, “ਡਰਾਉਣਿਆਂ” ਨੂੰ ਖ਼ਤਮ ਕਰਨ ਤੋਂ ਬਾਅਦ ਜਿੱਤ ਦੀ ਇਕ ਦਾਅਵਤ ਹੋਵੇਗੀ ਜੋ ਪਰਮੇਸ਼ੁਰ ਦੇ ਇਸ ਵਾਅਦੇ ਨਾਲ ਜੁੜੀ ਹੋਈ ਹੈ: “ਉਹ ਮੌਤ ਨੂੰ ਸਦਾ ਲਈ ਝੱਫ ਲਵੇਗਾ, ਅਤੇ ਪ੍ਰਭੁ ਯਹੋਵਾਹ ਸਾਰਿਆਂ ਮੂੰਹਾਂ ਤੋਂ ਅੰਝੂ ਪੂੰਝ ਸੁੱਟੇਗਾ, ਅਤੇ ਆਪਣੀ ਪਰਜਾ ਦੀ ਬਦਨਾਮੀ ਨੂੰ ਸਾਰੀ ਧਰਤੀ ਦੇ ਉੱਤੋਂ ਦੂਰ ਕਰ ਦੇਵੇਗਾ, ਕਿਉਂਕਿ ਏਹ ਯਹੋਵਾਹ ਦਾ ਬੋਲ ਹੈ। ਓਸ ਦਿਨ ਆਖਿਆ ਜਾਵੇਗਾ, ਵੇਖੋ, ਏਹ ਸਾਡਾ ਪਰਮੇਸ਼ੁਰ ਹੈ, . . . ਏਹ ਯਹੋਵਾਹ ਹੈ, ਅਸੀਂ ਉਹ ਨੂੰ ਉਡੀਕਦੇ ਸਾਂ, ਅਸੀਂ ਉਹ ਦੀ ਮੁਕਤੀ ਵਿੱਚ ਖੁਸ਼ੀ ਮਨਾਈਏ ਅਤੇ ਅਨੰਦ ਕਰੀਏ।” ਇਸ ਖ਼ੁਸ਼ੀ ਵਿਚ, ਬਦਲਾਖੋਰੀ ਜਾਂ ਮੰਦ-ਭਾਵੀ ਪ੍ਰਸੰਨਤਾ ਨਹੀਂ, ਬਲਕਿ ਪਰਮ-ਹਰਸ਼ ਹੈ ਇਹ ਦੇਖਦੇ ਹੋਏ ਕਿ ਯਹੋਵਾਹ ਦੇ ਨਾਂ ਨੂੰ ਪਵਿੱਤਰ ਕੀਤਾ ਅਤੇ ਧਰਤੀ ਨੂੰ ਇਕ ਸੰਯੁਕਤ ਮਨੁੱਖਜਾਤੀ ਦੇ ਸ਼ਾਂਤਮਈ ਨਿਵਾਸ ਲਈ ਸਾਫ਼ ਕੀਤਾ ਗਿਆ ਹੈ।
ਇਕ ਮਹਾਨ ਸਿੱਖਿਆਦਾਇਕ ਕਾਰਜਕ੍ਰਮ
13. “ਨਵੀਂ ਧਰਤੀ” ਵਿਚ ਕਿਹੜੀ ਸਿੱਖਿਆ ਦਿੱਤੀ ਜਾਵੇਗੀ?
13 ਮਲਾਕੀ 4:4 ਵਿਚ, ਯਹੂਦੀਆਂ ਨੂੰ ਤਾੜਨਾ ਦਿੱਤੀ ਗਈ ਸੀ ਕਿ “ਮੂਸਾ ਦੀ ਬਿਵਸਥਾ ਨੂੰ ਚੇਤੇ ਰੱਖੋ।” ਇਸ ਲਈ ਸਾਨੂੰ ਅੱਜ “ਮਸੀਹ ਦੀ ਸ਼ਰਾ” ਦਾ ਅਨੁਸਰਣ ਕਰਨ ਦੀ ਜ਼ਰੂਰਤ ਹੈ, ਜਿਵੇਂ ਕਿ ਗਲਾਤੀਆਂ 6:2 ਵਿਚ ਜ਼ਿਕਰ ਕੀਤਾ ਗਿਆ ਹੈ। ਆਰਮਾਗੇਡਨ ਵਿੱਚੋਂ ਬਚਣ ਵਾਲਿਆਂ ਨੂੰ ਨਿਰਸੰਦੇਹ ਇਸ ਉੱਤੇ ਆਧਾਰਿਤ ਹੋਰ ਹਿਦਾਇਤਾਂ ਦਿੱਤੀਆਂ ਜਾਣਗੀਆਂ, ਅਤੇ ਇਨ੍ਹਾਂ ਨੂੰ ਸ਼ਾਇਦ ਪਰਕਾਸ਼ ਦੀ ਪੋਥੀ 20:12 ਦੀਆਂ “ਪੋਥੀਆਂ” ਵਿਚ ਲਿਖਿਆ ਜਾਵੇ ਜੋ ਪੁਨਰ-ਉਥਾਨ ਦੇ ਸਮੇਂ ਖੋਲ੍ਹੀਆਂ ਜਾਣਗੀਆਂ। ਉਹ ਕਿੰਨਾ ਹੀ ਮਹਾਨ ਦਿਨ ਹੋਵੇਗਾ ਜਦੋਂ ਪੁਨਰ-ਉਥਿਤ ਮਿਰਤਕਾਂ ਨੂੰ “ਨਵੀਂ ਧਰਤੀ” ਦੇ ਜੀਵਨ-ਢੰਗ ਦਾ ਅਨੁਸਰਣ ਕਰਨ ਲਈ ਸਿੱਖਿਆ ਦਿੱਤੀ ਜਾਵੇਗੀ!—ਪਰਕਾਸ਼ ਦੀ ਪੋਥੀ 21:1.
14, 15. (ੳ) ਆਧੁਨਿਕ-ਦਿਨ ਦੇ ਏਲੀਯਾਹ ਦੀ ਕਿਵੇਂ ਸ਼ਨਾਖਤ ਕੀਤੀ ਜਾਂਦੀ ਹੈ? (ਅ) ਏਲੀਯਾਹ ਵਰਗ ਕਿਹੜੀ ਜ਼ਿੰਮੇਵਾਰੀ ਨੂੰ ਪੂਰਾ ਕਰਦਾ ਹੈ?
14 ਇਹ ਉਸ ਸਿੱਖਿਆਦਾਇਕ ਕੰਮ ਦਾ ਵਿਸਤਾਰ ਹੋਵੇਗਾ ਜਿਸ ਦਾ ਜ਼ਿਕਰ ਯਹੋਵਾਹ ਨੇ ਕੀਤਾ ਸੀ, ਜਿਵੇਂ ਕਿ ਮਲਾਕੀ 4:5 ਵਿਚ ਦਰਜ ਹੈ: “ਵੇਖੋ, ਮੈਂ ਏਲੀਯਾਹ ਨਬੀ ਨੂੰ ਤੁਹਾਡੇ ਲਈ ਘੱਲਾਂਗਾ ਏਸ ਤੋਂ ਪਹਿਲਾਂ ਕਿ ਯਹੋਵਾਹ ਦਾ ਵੱਡਾ ਅਤੇ ਭੈ ਦਾਇਕ ਦਿਨ ਆਵੇ।” ਉਹ ਆਧੁਨਿਕ-ਦਿਨ ਦਾ ਏਲੀਯਾਹ ਕੌਣ ਹੈ? ਜਿਵੇਂ ਕਿ ਮੱਤੀ 16:27, 28 ਵਿਚ ਦਿਖਾਇਆ ਗਿਆ ਹੈ, ਯਿਸੂ ਨੇ ‘ਆਪਣੇ ਰਾਜ ਵਿੱਚ ਆਉਣ’ ਦੇ ਬਾਰੇ ਜ਼ਿਕਰ ਕਰਦੇ ਹੋਏ, ਕਿਹਾ: “ਮਨੁੱਖ ਦਾ ਪੁੱਤ੍ਰ ਆਪਣੇ ਦੂਤਾਂ ਸਣੇ ਆਪਣੇ ਪਿਤਾ ਦੇ ਤੇਜ ਨਾਲ ਆਵੇਗਾ ਅਤੇ ਉਸ ਸਮੇ ਉਹ ਹਰੇਕ ਨੂੰ ਉਹ ਦੀ ਕਰਨੀ ਮੂਜਬ ਫਲ ਦੇਵੇਗਾ।” ਛੇ ਦਿਨਾਂ ਮਗਰੋਂ, ਪਤਰਸ, ਯਾਕੂਬ, ਅਤੇ ਯੂਹੰਨਾ ਦੇ ਨਾਲ ਇਕ ਪਹਾੜ ਤੇ, “ਉਹ ਦਾ ਰੂਪ ਉਨ੍ਹਾਂ ਦੇ ਸਾਹਮਣੇ ਬਦਲ ਗਿਆ ਅਰ ਉਹ ਦਾ ਮੂੰਹ ਸੂਰਜ ਵਾਂਙੁ ਚਮਕਿਆ ਅਤੇ ਉਹ ਦੇ ਕੱਪੜੇ ਚਾਨਣ ਜੇਹੇ ਚਿੱਟੇ ਹੋ ਗਏ।” ਕੀ ਉਹ ਇਸ ਦਰਸ਼ਨ ਵਿਚ ਇਕੱਲਾ ਸੀ? ਨਹੀਂ, ਕਿਉਂਕਿ “ਵੇਖੋ ਜੋ ਮੂਸਾ ਅਤੇ ਏਲੀਯਾਹ ਉਸ ਨਾਲ ਗੱਲਾਂ ਕਰਦੇ ਉਨ੍ਹਾਂ ਨੂੰ ਵਿਖਾਲੀ ਦਿੱਤੇ।”—ਮੱਤੀ 17:2, 3.
15 ਇਸ ਦਾ ਕੀ ਮਤਲਬ ਹੋ ਸਕਦਾ ਹੈ? ਇਸ ਨੇ ਭਵਿੱਖ-ਸੂਚਿਤ ਵੱਡੇ ਮੂਸਾ ਦੇ ਤੌਰ ਤੇ ਯਿਸੂ ਵੱਲ ਸੰਕੇਤ ਕੀਤਾ ਜਿਸ ਸਮੇਂ ਉਹ ਨਿਆਉਂ ਕਰਨ ਲਈ ਆਉਂਦਾ ਹੈ। (ਬਿਵਸਥਾ ਸਾਰ 18:18, 19; ਰਸੂਲਾਂ ਦੇ ਕਰਤੱਬ 3:19-23) ਉਸ ਸਮੇਂ ਉਹ ਇਕ ਆਧੁਨਿਕ-ਦਿਨ ਦੇ ਏਲੀਯਾਹ ਨਾਲ ਸੰਗਤ ਕਰੇਗਾ ਤਾਂਕਿ ਯਹੋਵਾਹ ਦੇ ਵੱਡੇ ਅਤੇ ਭੈ ਦਾਇਕ ਦਿਨ ਆਉਣ ਤੋਂ ਪਹਿਲਾਂ ਇਕ ਅਤਿ-ਮਹੱਤਵਪੂਰਣ ਕੰਮ, ਯਾਨੀ ਕਿ ਪੂਰੀ ਧਰਤੀ ਵਿਚ ਰਾਜ ਦੀ ਇਸ ਖ਼ੁਸ਼ ਖ਼ਬਰੀ ਨੂੰ ਪ੍ਰਚਾਰ ਕਰਨ ਦੇ ਕੰਮ ਨੂੰ ਪੂਰਾ ਕੀਤਾ ਜਾਵੇ। ਇਸ “ਏਲੀਯਾਹ” ਦੇ ਕੰਮ ਨੂੰ ਵਰਣਨ ਕਰਦੇ ਹੋਏ, ਮਲਾਕੀ 4:6 ਬਿਆਨ ਕਰਦਾ ਹੈ: “ਉਹ ਪੇਵਾਂ ਦੇ ਦਿਲ ਬਾਲਕਾਂ ਵੱਲ ਅਤੇ ਬਾਲਕਾਂ ਦੇ ਦਿਲ ਪੇਵਾਂ ਵੱਲ ਮੋੜੇਗਾ, ਮਤੇ ਮੈਂ ਆਵਾਂ ਅਤੇ ਧਰਤੀ ਦਾ ਸੱਤਿਆ ਨਾਸ ਕਰਾਂ!” ਇਸ ਤਰ੍ਹਾਂ “ਏਲੀਯਾਹ” ਨੂੰ ਧਰਤੀ ਉੱਤੇ ਮਸਹ ਕੀਤੇ ਹੋਏ ਮਸੀਹੀਆਂ ਦੇ ਮਾਤਬਰ ਅਤੇ ਬੁੱਧਵਾਨ ਨੌਕਰ ਵਰਗ ਦੇ ਤੌਰ ਤੇ ਸ਼ਨਾਖਤ ਕੀਤਾ ਗਿਆ ਹੈ, ਜਿਸ ਨੂੰ ਮਾਲਕ, ਯਿਸੂ, ਨੇ ਆਪਣਾ ਸਾਰਾ ਮਾਲ ਮਤਾ ਸੌਂਪ ਦਿੱਤਾ ਹੈ। ਇਸ ਵਿਚ ਨਿਹਚਾ ਦੇ ਗ੍ਰਹਿਸਥ ਨੂੰ “ਵੇਲੇ ਸਿਰ” ਲੋੜੀਂਦਾ ਅਧਿਆਤਮਿਕ “ਰਸਤ” ਮੁਹੱਈਆ ਕਰਨਾ ਸ਼ਾਮਲ ਹੈ।—ਮੱਤੀ 24:45, 46.
16. ਏਲੀਯਾਹ ਵਰਗ ਦੇ ਕੰਮ ਦੁਆਰਾ ਕਿਹੜੇ ਆਨੰਦਿਤ ਪਰਿਣਾਮ ਉਤਪੰਨ ਹੋਏ ਹਨ?
16 ਅੱਜ ਸੰਸਾਰ ਭਰ ਵਿਚ, ਅਸੀਂ ਉਸ ਭੋਜਨ ਪ੍ਰਬੰਧ ਦੇ ਆਨੰਦਿਤ ਪਰਿਣਾਮ ਦੇਖ ਸਕਦੇ ਹਾਂ। ਵਾਚਟਾਵਰ ਰਸਾਲਾ, ਜਿਸ ਦੀ 120 ਭਾਸ਼ਾਵਾਂ ਵਿਚ ਹਰ ਅੰਕ ਦੀ ਛਪਾਈ 1,61,00,000 ਹੈ, ਅਤੇ ਜਿਨ੍ਹਾਂ ਵਿਚ 97 ਭਾਸ਼ਾਵਾਂ ਇੱਕੋ ਸਮੇਂ ਤੇ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਨ, “ਰਾਜ ਦੀ ਇਸ ਖ਼ੁਸ਼ ਖ਼ਬਰੀ” ਨਾਲ ਧਰਤੀ ਨੂੰ ਭਰ ਰਿਹਾ ਹੈ। (ਮੱਤੀ 24:14) ਅਨੇਕ ਭਾਸ਼ਾਵਾਂ ਵਿਚ ਦੂਜੇ ਪ੍ਰਕਾਸ਼ਨਾਂ ਨੂੰ ਯਹੋਵਾਹ ਦੇ ਗਵਾਹਾਂ ਦੇ ਪ੍ਰਚਾਰ ਅਤੇ ਸਿੱਖਿਆ ਦੇ ਕੰਮ ਦੇ ਵਿਭਿੰਨ ਪਹਿਲੂਆਂ ਵਿਚ ਇਸਤੇਮਾਲ ਕੀਤਾ ਜਾਂਦਾ ਹੈ। ਏਲੀਯਾਹ ਵਰਗ, ਅਰਥਾਤ ਮਾਤਬਰ ਅਤੇ ਬੁੱਧਵਾਨ ਨੌਕਰ, ਉਨ੍ਹਾਂ ਸਾਰਿਆਂ ਲਈ, “ਜੋ ਆਪਣੀ ਅਧਿਆਤਮਿਕ ਲੋੜ ਦੇ ਪ੍ਰਤੀ ਸਚੇਤ ਹਨ,” ਭਰਪੂਰ ਪ੍ਰਬੰਧ ਕਰਨ ਦੇ ਪ੍ਰਤੀ ਚੁਕੰਨਾ ਹੈ। (ਮੱਤੀ 5:3, ਨਿ ਵ) ਇਸ ਤੋਂ ਇਲਾਵਾ, ਜੋ ਲੋਕੀ ਇਸ ਰਾਜ ਦੀ ਉਮੀਦ ਨੂੰ ਸਵੀਕਾਰ ਕਰਦੇ ਹਨ ਅਤੇ ਉਸ ਉੱਤੇ ਅਮਲ ਕਰਦੇ ਹਨ, ਉਹ ਇਕ ਅਦਭੁਤ ਵਿਸ਼ਵ-ਵਿਆਪੀ ਏਕਤਾ ਵਿਚ ਬੰਨ੍ਹ ਜਾਂਦੇ ਹਨ। ਇਹ “ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ” ਆਈ ਵੱਡੀ ਭੀੜ ਨੂੰ ਸੰਮਿਲਿਤ ਕਰਦੀ ਹੈ। (ਪਰਕਾਸ਼ ਦੀ ਪੋਥੀ 7:9) ਜਦੋਂ ਇਹ ਕੰਮ ਉਸ ਹੱਦ ਤਕ ਸੰਪੰਨ ਹੋ ਜਾਵੇਗਾ ਜਿਸ ਹੱਦ ਤਕ ਯਹੋਵਾਹ ਚਾਹੁੰਦਾ ਹੈ, ਤਦ ਉਸ ਦੇ ਵੱਡੇ ਅਤੇ ਭੈ ਦਾਇਕ ਦਿਨ ਤੇ ਅੰਤ ਆਵੇਗਾ।
17. ਯਹੋਵਾਹ ਦਾ ਭੈ ਦਾਇਕ ਦਿਨ ਕਦੋਂ ਆਵੇਗਾ?
17 ਉਹ ਭੈ ਦਾਇਕ ਦਿਨ ਠੀਕ ਕਦੋਂ ਸਾਡੇ ਉੱਤੇ ਆ ਜਾਵੇਗਾ? ਰਸੂਲ ਪੌਲੁਸ ਜਵਾਬ ਦਿੰਦਾ ਹੈ: “ਪ੍ਰਭੁ ਦਾ ਦਿਨ ਇਸ ਤਰਾਂ ਆਵੇਗਾ ਜਿਸ ਤਰਾਂ ਰਾਤ ਨੂੰ ਚੋਰ। ਜਦ ਲੋਕ [ਸ਼ਾਇਦ ਇਕ ਅਨੋਖੇ ਤਰੀਕੇ ਨਾਲ] ਆਖਦੇ ਹੋਣਗੇ ਭਈ ਅਮਨ ਚੈਨ ਅਤੇ ਸੁਖ ਸਾਂਦ ਹੈ ਤਦ ਜਿਵੇਂ ਗਰਭਵੰਤੀ ਇਸਤ੍ਰੀ ਨੂੰ ਪੀੜਾਂ ਲੱਗਦੀਆਂ ਹਨ ਤਿਵੇਂ ਉਨ੍ਹਾਂ ਦਾ ਅਚਾਣਕ ਨਾਸ ਹੋ ਜਾਵੇਗਾ ਅਤੇ ਓਹ ਕਦੀ ਨਾ ਬਚਣਗੇ।”—1 ਥੱਸਲੁਨੀਕੀਆਂ 5:2, 3.
18, 19. (ੳ) “ਅਮਨ ਚੈਨ ਅਤੇ ਸੁਖ ਸਾਂਦ” ਕਿਵੇਂ ਐਲਾਨ ਕੀਤਾ ਜਾਂਦਾ ਹੈ? (ਅ) ਯਹੋਵਾਹ ਦੇ ਲੋਕ ਕਦੋਂ ਰਾਹਤ ਪਾਉਣਗੇ?
18 ਇਸ ਭਵਿੱਖਬਾਣੀ ਵਿਚ “ਲੋਕ” ਕੌਣ ਹਨ? ਇਹ ਰਾਜਨੀਤਿਕ ਆਗੂ ਹਨ ਜੋ ਦਾਅਵਾ ਕਰਦੇ ਹਨ ਕਿ ਇਸ ਹਿੰਸਕ ਸੰਸਾਰ ਦੇ ਟੁੱਟੇ ਹੋਏ ਭਾਗਾਂ ਤੋਂ ਉਹ ਇਕ ਸੰਯੁਕਤ ਨਵੀਂ ਵਿਵਸਥਾ ਬਣਾ ਸਕਦੇ ਹਨ। ਉਨ੍ਹਾਂ ਦੇ ਸ਼ਾਨਦਾਰ ਉਤਪਾਦਨ, ਰਾਸ਼ਟਰ-ਸੰਘ ਅਤੇ ਸੰਯੁਕਤ ਰਾਸ਼ਟਰ-ਸੰਘ, ਇਹ ਕਰਨ ਵਿਚ ਅਸਫ਼ਲ ਹੋਏ ਹਨ। ਜਿਵੇਂ ਕਿ ਯਹੋਵਾਹ ਦੇ ਨਬੀ ਨੇ ਪੂਰਵ-ਸੂਚਨਾ ਦਿੱਤੀ ਸੀ, ਉਹ ਹਾਲੇ ਵੀ “ਆਖਦੇ ਹਨ, ਸ਼ਾਂਤੀ, ਸ਼ਾਂਤੀ! ਪਰ ਸ਼ਾਂਤੀ ਹੈ ਨਹੀਂ।”—ਯਿਰਮਿਯਾਹ 6:14; 8:11; 14:13-16.
19 ਇਸ ਸਮੇਂ ਦੇ ਦੌਰਾਨ, ਯਹੋਵਾਹ ਦੇ ਲੋਕ ਇਸ ਨਾਸਤਿਕ ਸੰਸਾਰ ਦੇ ਦਬਾਉ ਅਤੇ ਸਤਾਹਟਾਂ ਨੂੰ ਸਹਿਣ ਕਰਦੇ ਹਨ। ਪਰ ਜਲਦੀ ਹੀ, ਜਿਵੇਂ ਕਿ 2 ਥੱਸਲੁਨੀਕੀਆਂ 1:7, 8 ਵਿਚ ਬਿਆਨ ਕੀਤਾ ਗਿਆ ਹੈ, ਉਹ ਰਾਹਤ ਪਾਉਣਗੇ ਜਦੋਂ “ਪ੍ਰਭੁ ਯਿਸੂ ਆਪਣੇ ਬਲਵੰਤ ਦੂਤਾਂ ਸਣੇ ਭੜਕਦੀ ਅੱਗ ਵਿੱਚ ਅਕਾਸ਼ੋਂ ਪਰਗਟ ਹੋਵੇਗਾ। ਅਤੇ ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੁ ਯਿਸੂ ਦੀ ਇੰਜੀਲ ਨੂੰ ਨਹੀਂ ਮੰਨਦੇ ਓਹਨਾਂ ਨੂੰ ਬਦਲਾ ਦੇਵੇਗਾ।”
20. (ੳ) ਸਫ਼ਨਯਾਹ ਅਤੇ ਹਬੱਕੂਕ ਉਸ ਦਿਨ ਦੇ ਬਾਰੇ ਕੀ ਭਵਿੱਖਬਾਣੀ ਕਰਦੇ ਹਨ ਜਿਹੜਾ ‘ਇਕ ਭੱਠੀ ਦੇ ਵਾਂਗ ਬਲਦਾ ਹੈ’? (ਅ) ਇਹ ਭਵਿੱਖਬਾਣੀਆਂ ਕੀ ਸਲਾਹ ਅਤੇ ਉਤਸ਼ਾਹ ਦਿੰਦੀਆਂ ਹਨ?
20 ਇਹ ਕਿੰਨਾ ਜਲਦੀ ਹੋਵੇਗਾ? ਸਾਡੇ ਵਿੱਚੋਂ ਅਨੇਕ ਲੋਕ ਬਹੁਤ ਚਿਰ ਤੋਂ ਇੰਤਜ਼ਾਰ ਕਰ ਰਹੇ ਹਨ। ਇਸ ਸਮੇਂ ਦੇ ਦੌਰਾਨ, ਬਚ ਨਿਕਲਣ ਵਾਲੇ ਮਸਕੀਨ ਲੋਕਾਂ ਦੀ ਵੱਡੀ ਗਿਣਤੀ ਉਸ ਹਾਕ ਦਾ ਜਵਾਬ ਦੇ ਰਹੀ ਹੈ ਜਿਹੜੀ ਸਫ਼ਨਯਾਹ 2:2, 3 ਵਿਚ ਪਾਈ ਜਾਂਦੀ ਹੈ: “ਯਹੋਵਾਹ ਨੂੰ ਭਾਲੋ . . . ਧਰਮ ਨੂੰ ਭਾਲੋ, ਮਸਕੀਨੀ ਨੂੰ ਭਾਲੋ, ਸ਼ਾਇਦ ਤੁਸੀਂ ਯਹੋਵਾਹ ਦੇ ਕ੍ਰੋਧ ਦੇ ਦਿਨ ਵਿੱਚ ਲੁਕੇ ਰਹੋਗੇ।” ਫਿਰ, ਸਫ਼ਨਯਾਹ 3:8 ਵਿਚ ਇਹ ਪ੍ਰੇਰਣਾ ਪਾਈ ਜਾਂਦੀ ਹੈ: “ਸੋ ਮੇਰੇ ਲਈ ਠਹਿਰੇ ਰਹੋ, ਯਹੋਵਾਹ ਦਾ ਵਾਕ ਹੈ, ਉਸ ਦਿਨ ਤੀਕ ਕਿ ਮੈਂ ਲੁੱਟ ਲਈ ਉੱਠਾਂ, ਕਿਉਂ ਜੋ ਮੈਂ ਠਾਣ ਲਿਆ, ਕਿ ਕੌਮਾਂ ਨੂੰ ਇਕੱਠਿਆਂ ਕਰਾਂ ਅਤੇ ਪਾਤਸ਼ਾਹੀਆਂ ਨੂੰ ਜਮਾ ਕਰਾਂ, ਭਈ ਮੈਂ ਉਨ੍ਹਾਂ ਦੇ ਉੱਤੇ ਆਪਣਾ ਗਜ਼ਬ, ਆਪਣਾ ਸਾਰਾ ਤੱਤਾ ਕ੍ਰੋਧ ਡੋਹਲ ਦਿਆਂ, ਕਿਉਂ ਜੋ ਸਾਰੀ ਧਰਤੀ ਮੇਰੀ ਅਣਖ ਦੀ ਅੱਗ ਵਿੱਚ ਭਸਮ ਕੀਤੀ ਜਾਵੇਗੀ।” ਅੰਤ ਨੇੜੇ ਹੈ! ਯਹੋਵਾਹ ਉਸ ਦਿਨ ਅਤੇ ਘੜੀ ਨੂੰ ਜਾਣਦਾ ਹੈ ਅਤੇ ਉਹ ਆਪਣੀ ਸਮਾਂ-ਸਾਰਣੀ ਨਹੀਂ ਬਦਲੇਗਾ। ਆਓ ਅਸੀਂ ਧੀਰਜ ਨਾਲ ਸਹਿਣ ਕਰੀਏ। “ਏਹ ਰੋਇਆ ਤਾਂ ਇੱਕ ਠਹਿਰਾਏ ਹੋਏ ਸਮੇਂ ਲਈ ਅਜੇ ਪੂਰੀ ਹੋਣ ਵਾਲੀ ਹੈ, ਉਹ ਅੰਤ ਵੱਲ ਕਾਹਲੀ ਕਰਦੀ ਹੈ, ਉਹ ਝੂਠੀ ਨਹੀਂ, ਭਾਵੇਂ ਉਹ ਠਹਿਰਿਆ ਰਹੇ, ਉਹ ਦੀ ਉਡੀਕ ਕਰ, ਉਹ ਜ਼ਰੂਰ ਆਵੇਗਾ, ਉਹ ਚਿਰ ਨਾ ਲਾਵੇਗਾ।” (ਹਬੱਕੂਕ 2:3) ਯਹੋਵਾਹ ਦਾ ਭੈ ਦਾਇਕ ਦਿਨ ਛੇਤੀ ਨਾਲ ਨੇੜੇ ਆਉਂਦਾ ਜਾ ਰਿਹਾ ਹੈ। ਯਾਦ ਰੱਖੋ, ਉਹ ਦਿਨ ਚਿਰ ਨਾ ਲਾਵੇਗਾ! (w95 4/15)
ਪੁਨਰ-ਵਿਚਾਰ ਦੇ ਤੌਰ ਤੇ:
◻ ਯਹੋਵਾਹ ਦੇ ਭੈ ਦਾਇਕ ਦਿਨ ਵਿਚ ਸ਼ਾਸਕਾਂ ਅਤੇ ਆਮ ਲੋਕਾਂ ਦਾ ਕੀ ਹੋਵੇਗਾ?
◻ ਯਹੋਵਾਹ ਕਿਸ ਤਰ੍ਹਾਂ ਦਾ ਪਰਮੇਸ਼ੁਰ ਹੈ?
◻ ਪਰਮੇਸ਼ੁਰ ਦੇ ਲੋਕਾਂ ਲਈ ਕਿਸ ਤਰ੍ਹਾਂ ਦੀ ਸਿੱਖਿਆ ਨੂੰ ਵਰਣਨ ਕੀਤਾ ਗਿਆ ਹੈ?
◻ ਅੰਤ ਦੀ ਨੇੜਤਾ ਨੂੰ ਧਿਆਨ ਵਿਚ ਰੱਖਦੇ ਹੋਏ ਪਰਮੇਸ਼ੁਰ ਦੇ ਨਬੀ ਸਾਨੂੰ ਕਿਵੇਂ ਪ੍ਰੇਰਣਾ ਦਿੰਦੇ ਹਨ?
[ਸਫ਼ੇ 26 ਉੱਤੇ ਤਸਵੀਰ]
ਸਪੇਨੀ ਧਰਮ-ਅਧਿਕਰਣ ਦੇ ਦੌਰਾਨ ਅਨੇਕ ਲੋਕਾਂ ਨੂੰ ਕੈਥੋਲਿਕਵਾਦ ਵਿਚ ਜ਼ਬਰਦਸਤੀ ਧਰਮ-ਪਰਿਵਰਤਿਤ ਕੀਤਾ ਗਿਆ ਸੀ
[ਕ੍ਰੈਡਿਟ ਲਾਈਨ]
ਦ ਕਮਪਲੀਟ ਐਨਸਾਈਕਲੋਪੀਡੀਆ ਆਫ਼ ਇਲਸਟ੍ਰੇਸ਼ਨ/J. G. Heck