ਕੀ ਪਰਮੇਸ਼ੁਰ ਤੁਹਾਡੇ ਪਰਿਵਾਰ ਵਿਚ ਪਹਿਲੀ ਥਾਂ ਰੱਖਦਾ ਹੈ?
‘ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਪਿਆਰ ਕਰ।’—ਮਰਕੁਸ 12:29, 30.
1. ਸਾਡੇ ਲਈ ਯਹੋਵਾਹ ਨੂੰ ਪਿਆਰ ਕਰਨਾ ਕਿੰਨਾ ਮਹੱਤਵਪੂਰਣ ਹੈ?
“ਸਭਨਾਂ ਹੁਕਮਾਂ ਵਿੱਚੋਂ ਵੱਡਾ ਕਿਹੜਾ ਹੈ?” ਇਕ ਗ੍ਰੰਥੀ ਨੇ ਯਿਸੂ ਨੂੰ ਪੁੱਛਿਆ। ਆਪਣੀ ਖ਼ੁਦ ਦੀ ਰਾਇ ਦੇਣ ਦੀ ਬਜਾਇ, ਯਿਸੂ ਨੇ ਪਰਮੇਸ਼ੁਰ ਦੇ ਬਚਨ ਵਿੱਚੋਂ ਬਿਵਸਥਾ ਸਾਰ 6:4, 5 ਤੋਂ ਹਵਾਲਾ ਦਿੰਦੇ ਹੋਏ ਉਸ ਦੇ ਸਵਾਲ ਦਾ ਜਵਾਬ ਦਿੱਤਾ। ਉਸ ਨੇ ਕਿਹਾ: “ਮੁੱਖ ਇਹ ਹੈ ਕਿ ਹੇ ਇਸਰਾਏਲ, ਸੁਣ। ਪ੍ਰਭੁ ਸਾਡਾ ਪਰਮੇਸ਼ੁਰ ਇੱਕੋ ਪ੍ਰਭੁ ਹੈ। ਅਰ ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰ।”—ਮਰਕੁਸ 12:28-30.
2. (ੳ) ਯਿਸੂ ਨੂੰ ਕਿਹੜੇ ਵਿਰੋਧ ਦਾ ਸਾਮ੍ਹਣਾ ਕਰਨਾ ਪਿਆ? (ਅ) ਕਿਸੇ-ਕਿਸੇ ਵੇਲੇ ਕਿਹੜੀ ਗੱਲ ਸ਼ਾਇਦ ਯਹੋਵਾਹ ਨੂੰ ਖ਼ੁਸ਼ ਕਰਨਾ ਮੁਸ਼ਕਲ ਬਣਾ ਸਕਦੀ ਹੈ?
2 ਉਸ ਹੁਕਮ ਨੂੰ ਮੰਨਣਾ ਜਿਸ ਨੂੰ ਯਿਸੂ ਮੁੱਖ ਹੁਕਮ—ਅਰਥਾਤ ਸਭ ਤੋਂ ਮਹੱਤਵਪੂਰਣ ਹੁਕਮ—ਕਹਿੰਦਾ ਹੈ, ਇਹ ਮੰਗ ਕਰਦਾ ਹੈ ਕਿ ਅਸੀਂ ਹਮੇਸ਼ਾ ਉਹ ਕੰਮ ਕਰੀਏ ਜਿਸ ਤੋਂ ਪਰਮੇਸ਼ੁਰ ਖ਼ੁਸ਼ ਹੁੰਦਾ ਹੈ। ਯਿਸੂ ਨੇ ਇਹੋ ਹੀ ਕੀਤਾ, ਭਾਵੇਂ ਕਿ ਇਕ ਅਵਸਰ ਤੇ ਰਸੂਲ ਪਤਰਸ ਨੇ ਯਿਸੂ ਦੇ ਅਪਣਾਏ ਹੋਏ ਮਾਰਗ ਦਾ ਇਤਰਾਜ਼ ਕੀਤਾ, ਅਤੇ ਇਕ ਹੋਰ ਅਵਸਰ ਤੇ ਉਸ ਦੇ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਵੀ ਇਤਰਾਜ਼ ਕੀਤਾ ਸੀ। (ਮੱਤੀ 16:21-23; ਮਰਕੁਸ 3:21; ਯੂਹੰਨਾ 8:29) ਜੇਕਰ ਤੁਸੀਂ ਆਪਣੇ ਆਪ ਨੂੰ ਇਕ ਸਮਾਨ ਪਰਿਸਥਿਤੀ ਵਿਚ ਪਾਉਂਦੇ ਹੋ, ਤਦ ਕੀ? ਫ਼ਰਜ਼ ਕਰੋ ਕਿ ਪਰਿਵਾਰ ਦੇ ਸਦੱਸ ਚਾਹੁੰਦੇ ਹਨ ਕਿ ਤੁਸੀਂ ਆਪਣੇ ਬਾਈਬਲ ਅਧਿਐਨ ਨੂੰ ਅਤੇ ਯਹੋਵਾਹ ਦੇ ਗਵਾਹਾਂ ਨਾਲ ਆਪਣੀ ਸੰਗਤ ਨੂੰ ਛੱਡ ਦਿਓ। ਕੀ ਤੁਸੀਂ ਉਹੋ ਕਰਨ ਦੁਆਰਾ ਉਸ ਨੂੰ ਪਹਿਲੀ ਥਾਂ ਦਿਓਗੇ ਜੋ ਪਰਮੇਸ਼ੁਰ ਨੂੰ ਭਾਉਂਦਾ ਹੈ? ਕੀ ਪਰਮੇਸ਼ੁਰ ਪਹਿਲੀ ਥਾਂ ਰੱਖਦਾ ਹੈ, ਭਾਵੇਂ ਕਿ ਪਰਿਵਾਰ ਦੇ ਸਦੱਸ ਸ਼ਾਇਦ ਉਸ ਦੀ ਸੇਵਾ ਕਰਨ ਦੀਆਂ ਤੁਹਾਡੀਆਂ ਕੋਸ਼ਿਸ਼ਾਂ ਦਾ ਵਿਰੋਧ ਕਰਨ?
ਪਰਿਵਾਰਕ ਵਿਰੋਧਤਾ ਦਾ ਫੰਧਾ
3. (ੳ) ਯਿਸੂ ਦੀਆਂ ਸਿੱਖਿਆਵਾਂ ਦੇ ਕਾਰਨ ਪਰਿਵਾਰ ਲਈ ਕੀ ਨਤੀਜੇ ਹੋ ਸਕਦੇ ਹਨ? (ਅ) ਪਰਿਵਾਰ ਦੇ ਸਦੱਸ ਕਿਵੇਂ ਦਿਖਾ ਸਕਦੇ ਹਨ ਕਿ ਉਹ ਕਿਨ੍ਹਾਂ ਨੂੰ ਵੱਧ ਪਿਆਰ ਕਰਦੇ ਹਨ?
3 ਯਿਸੂ ਨੇ ਉਨ੍ਹਾਂ ਕਠਿਨਾਈਆਂ ਨੂੰ ਘੱਟ ਕਰ ਕੇ ਪੇਸ਼ ਨਹੀਂ ਕੀਤਾ, ਜਿਹੜੀਆਂ ਉਸ ਦੀ ਸਿੱਖਿਆ ਸਵੀਕਾਰ ਕਰਨ ਵਾਲੇ ਵਿਅਕਤੀ ਦੇ ਪਰਿਵਾਰ ਵੱਲੋਂ ਆਈ ਵਿਰੋਧਤਾ ਦੇ ਨਤੀਜੇ ਵਜੋਂ ਉਤਪੰਨ ਹੋ ਸਕਦੀਆਂ ਹਨ। “ਮਨੁੱਖ ਦੇ ਵੈਰੀ ਉਹ ਦੇ ਘਰ ਦੇ ਹੀ ਹੋਣਗੇ,” ਯਿਸੂ ਨੇ ਕਿਹਾ। ਫਿਰ ਵੀ, ਇਸ ਦੁਖਦਾਇਕ ਸਿੱਟੇ ਦੇ ਬਾਵਜੂਦ, ਯਿਸੂ ਨੇ ਇਹ ਕਹਿ ਕੇ ਦਿਖਾਇਆ ਕਿ ਕਿਸ ਨੂੰ ਪਹਿਲੀ ਥਾਂ ਦੇਣੀ ਚਾਹੀਦੀ: “ਜੋ ਕੋਈ ਪਿਉ ਯਾ ਮਾਂ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ ਮੇਰੇ ਜੋਗ ਨਹੀਂ ਅਤੇ ਜੋ ਕੋਈ ਪੁੱਤ੍ਰ ਯਾ ਧੀ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ ਮੇਰੇ ਜੋਗ ਨਹੀਂ।” (ਮੱਤੀ 10:34-37) ਅਸੀਂ ਯਹੋਵਾਹ ਪਰਮੇਸ਼ੁਰ ਨੂੰ, ਉਸ ਦੇ ਪੁੱਤਰ ਯਿਸੂ ਮਸੀਹ, ਜੋ “[ਪਰਮੇਸ਼ੁਰ] ਦੀ ਜ਼ਾਤ ਦਾ ਨਕਸ਼” ਹੈ, ਦੀਆਂ ਸਿੱਖਿਆਵਾਂ ਦੀ ਪਾਲਣਾ ਕਰਨ ਦੁਆਰਾ ਪਹਿਲੀ ਥਾਂ ਦਿੰਦੇ ਹਾਂ।—ਇਬਰਾਨੀਆਂ 1:3; ਯੂਹੰਨਾ 14:9.
4. (ੳ) ਯਿਸੂ ਦੇ ਅਨੁਯਾਈ ਬਣਨ ਵਿਚ ਕੀ ਕੁਝ ਸ਼ਾਮਲ ਸੀ, ਇਸ ਬਾਰੇ ਉਸ ਨੇ ਕੀ ਕਿਹਾ? (ਅ) ਮਸੀਹੀਆਂ ਨੂੰ ਕਿਸ ਅਰਥ ਵਿਚ ਆਪਣੇ ਪਰਿਵਾਰ ਦੇ ਸਦੱਸਾਂ ਨਾਲ ਵੈਰ ਕਰਨਾ ਹੈ?
4 ਇਕ ਹੋਰ ਅਵਸਰ ਤੇ ਜਦੋਂ ਯਿਸੂ ਚਰਚਾ ਕਰ ਰਿਹਾ ਸੀ ਕਿ ਉਸ ਦੇ ਸੱਚੇ ਅਨੁਯਾਈ ਬਣਨ ਵਿਚ ਦਰਅਸਲ ਕੀ ਸ਼ਾਮਲ ਹੈ, ਉਸ ਨੇ ਕਿਹਾ: “ਜੋ ਕੋਈ ਮੇਰੇ ਕੋਲ ਆਵੇ ਅਰ ਆਪਣੇ ਪਿਉ ਅਤੇ ਮਾਂ ਅਤੇ ਤੀਵੀਂ ਅਤੇ ਬਾਲ ਬੱਚਿਆਂ ਅਤੇ ਭਾਈਆਂ ਅਤੇ ਭੈਣਾਂ ਨਾਲ ਸਗੋਂ ਆਪਣੀ ਜਾਨ ਨਾਲ ਵੀ ਵੈਰ ਨਾ ਰੱਖੇ ਤਾਂ ਉਹ ਮੇਰਾ ਚੇਲਾ ਨਹੀਂ ਹੋ ਸੱਕਦਾ।” (ਲੂਕਾ 14:26) ਸਪੱਸ਼ਟ ਤੌਰ ਤੇ ਯਿਸੂ ਦਾ ਇਹ ਮਤਲਬ ਨਹੀਂ ਸੀ ਕਿ ਉਸ ਦੇ ਅਨੁਯਾਈਆਂ ਨੂੰ ਸ਼ਾਬਦਿਕ ਰੂਪ ਵਿਚ ਆਪਣੇ ਪਰਿਵਾਰ ਦੇ ਸਦੱਸਾਂ ਨਾਲ ਵੈਰ ਕਰਨਾ ਚਾਹੀਦਾ ਹੈ, ਜਦ ਕਿ ਉਸ ਨੇ ਲੋਕਾਂ ਨੂੰ ਆਪਣੇ ਵੈਰੀਆਂ ਨਾਲ ਵੀ ਪਿਆਰ ਕਰਨ ਦਾ ਹੁਕਮ ਦਿੱਤਾ ਸੀ। (ਮੱਤੀ 5:44) ਇਸ ਦੀ ਬਜਾਇ, ਯਿਸੂ ਦਾ ਇੱਥੇ ਇਹ ਮਤਲਬ ਸੀ ਕਿ ਉਸ ਦੇ ਅਨੁਯਾਈਆਂ ਨੂੰ ਪਰਿਵਾਰ ਦੇ ਸਦੱਸਾਂ ਨੂੰ ਪਰਮੇਸ਼ੁਰ ਨਾਲੋਂ ਘੱਟ ਪਿਆਰ ਕਰਨਾ ਚਾਹੀਦਾ ਹੈ। (ਤੁਲਨਾ ਕਰੋ ਮੱਤੀ 6:24.) ਉਸ ਸਮਝ ਦੇ ਅਨੁਕੂਲ, ਬਾਈਬਲ ਕਹਿੰਦੀ ਹੈ ਕਿ ਯਾਕੂਬ ਲੇਆਹ ਨੂੰ “ਨਫ਼ਰਤ” ਅਤੇ ਰਾਖੇਲ ਨੂੰ ਪਿਆਰ ਕਰਦਾ ਸੀ, ਜਿਸ ਦਾ ਮਤਲਬ ਸੀ ਕਿ ਉਹ ਲੇਆਹ ਨੂੰ ਇੰਨਾ ਪਿਆਰ ਨਹੀਂ ਕਰਦਾ ਸੀ ਜਿੰਨਾ ਕਿ ਉਹ ਉਸ ਦੀ ਭੈਣ, ਰਾਖੇਲ ਨੂੰ ਕਰਦਾ ਸੀ। (ਉਤਪਤ 29:30-32, ਨਿ ਵ) ਯਿਸੂ ਨੇ ਕਿਹਾ ਕਿ ਸਾਨੂੰ ਆਪਣੀ “ਜਾਨ,” ਤੋਂ ਵੀ ਨਫ਼ਰਤ ਹੋਣੀ ਚਾਹੀਦੀ ਹੈ, ਜਾਂ ਯਹੋਵਾਹ ਨਾਲੋਂ ਘੱਟ ਪਿਆਰ ਕਰਨਾ ਚਾਹੀਦਾ ਹੈ!
5. ਸ਼ਤਾਨ ਚਲਾਕੀ ਨਾਲ ਪਰਿਵਾਰਕ ਪ੍ਰਬੰਧ ਦਾ ਕਿਵੇਂ ਲਾਭ ਉਠਾਉਂਦਾ ਹੈ?
5 ਸ੍ਰਿਸ਼ਟੀਕਰਤਾ ਅਤੇ ਜੀਵਨ-ਦਾਤਾ ਦੇ ਤੌਰ ਤੇ, ਯਹੋਵਾਹ ਆਪਣੇ ਸਾਰੇ ਸੇਵਕਾਂ ਤੋਂ ਪੂਰੀ ਭਗਤੀ ਪ੍ਰਾਪਤ ਕਰਨ ਦਾ ਹੱਕਦਾਰ ਹੈ। (ਪਰਕਾਸ਼ ਦੀ ਪੋਥੀ 4:11) “ਮੈਂ ਉਸ ਪਿਤਾ ਦੇ ਅੱਗੇ ਆਪਣੇ ਗੋਡੇ ਨਿਵਾਉਂਦਾ ਹਾਂ,” ਰਸੂਲ ਪੌਲੁਸ ਨੇ ਲਿਖਿਆ, “ਜਿਸ ਤੋਂ ਅਕਾਸ਼ ਅਤੇ ਧਰਤੀ ਉਤਲੇ ਹਰੇਕ ਘਰਾਣੇ ਦਾ ਨਾਉਂ ਆਖੀਦਾ ਹੈ।” (ਅਫ਼ਸੀਆਂ 3:14, 15) ਯਹੋਵਾਹ ਨੇ ਪਰਿਵਾਰਕ ਪ੍ਰਬੰਧ ਨੂੰ ਅਜਿਹੇ ਅਦਭੁਤ ਤਰੀਕੇ ਨਾਲ ਰਚਿਆ ਕਿ ਪਰਿਵਾਰ ਦੇ ਸਦੱਸ ਇਕ ਦੂਜੇ ਲਈ ਕੁਦਰਤੀ ਸਨੇਹ ਰੱਖਦੇ ਹਨ। (1 ਰਾਜਿਆਂ 3:25, 26; 1 ਥੱਸਲੁਨੀਕੀਆਂ 2:7) ਪਰੰਤੂ, ਸ਼ਤਾਨ ਅਰਥਾਤ ਇਬਲੀਸ ਚਲਾਕੀ ਨਾਲ ਇਸ ਕੁਦਰਤੀ ਪਰਿਵਾਰਕ ਸਨੇਹ ਦਾ ਲਾਭ ਉਠਾਉਂਦਾ ਹੈ, ਜਿਸ ਵਿਚ ਪਿਆਰਿਆਂ ਨੂੰ ਖ਼ੁਸ਼ ਕਰਨ ਦੀ ਇੱਛਾ ਸ਼ਾਮਲ ਹੈ। ਉਹ ਪਰਿਵਾਰਕ ਵਿਰੋਧਤਾ ਦੀ ਅੱਗ ਉੱਤੇ ਤੇਲ ਪਾਉਂਦਾ ਹੈ, ਅਤੇ ਅਨੇਕ ਲੋਕ ਇਸ ਦਾ ਸਾਮ੍ਹਣਾ ਕਰਦੇ ਹੋਏ, ਬਾਈਬਲ ਸੱਚਾਈ ਦੇ ਪੱਖ ਵਿਚ ਦ੍ਰਿੜ੍ਹ ਖੜ੍ਹੇ ਰਹਿਣ ਨੂੰ ਇਕ ਚੁਣੌਤੀ ਮਹਿਸੂਸ ਕਰਦੇ ਹਨ।—ਪਰਕਾਸ਼ ਦੀ ਪੋਥੀ 12:9, 12.
ਚੁਣੌਤੀ ਦਾ ਸਫਲਤਾਪੂਰਵਕ ਸਾਮ੍ਹਣਾ ਕਰਨਾ
6, 7. (ੳ) ਬਾਈਬਲ ਅਧਿਐਨ ਅਤੇ ਮਸੀਹੀ ਸੰਗਤ ਦੀ ਮਹੱਤਤਾ ਦੀ ਕਦਰ ਕਰਨ ਲਈ ਪਰਿਵਾਰ ਦੇ ਸਦੱਸਾਂ ਦੀ ਕਿਵੇਂ ਸਹਾਇਤਾ ਕੀਤੀ ਜਾ ਸਕਦੀ ਹੈ? (ਅ) ਅਸੀਂ ਕਿਵੇਂ ਪ੍ਰਦਰਸ਼ਿਤ ਕਰ ਸਕਦੇ ਹਾਂ ਕਿ ਅਸੀਂ ਸੱਚ-ਮੁੱਚ ਆਪਣੇ ਪਰਿਵਾਰ ਦੇ ਸਦੱਸਾਂ ਨਾਲ ਪਿਆਰ ਕਰਦੇ ਹਾਂ?
6 ਤੁਸੀਂ ਕੀ ਕਰੋਗੇ ਜੇਕਰ ਪਰਮੇਸ਼ੁਰ ਨੂੰ ਜਾਂ ਇਕ ਪਰਿਵਾਰ ਸਦੱਸ ਨੂੰ ਖ਼ੁਸ਼ ਕਰਨ ਦਾ ਚੁਣਾਉ ਤੁਹਾਡੇ ਅੱਗੇ ਮਜਬੂਰਨ ਪੇਸ਼ ਕੀਤਾ ਜਾਂਦਾ ਹੈ? ਕੀ ਤੁਸੀਂ ਤਰਕ ਕਰੋਗੇ ਕਿ ਪਰਮੇਸ਼ੁਰ ਸਾਡੇ ਤੋਂ ਉਸ ਦੇ ਬਚਨ ਦਾ ਅਧਿਐਨ ਕਰਨ ਅਤੇ ਉਸ ਦੇ ਸਿਧਾਂਤਾਂ ਨੂੰ ਲਾਗੂ ਕਰਨ ਦੀ ਆਸ ਨਹੀਂ ਰੱਖਦਾ ਹੈ ਜੇਕਰ ਅਜਿਹਾ ਕਰਨਾ ਪਰਿਵਾਰਕ ਅਣਬਣ ਪੈਦਾ ਕਰਦਾ ਹੈ? ਪਰੰਤੂ ਜ਼ਰਾ ਸੋਚੋ। ਜੇਕਰ ਤੁਸੀਂ ਹਾਰ ਮੰਨਦੇ ਹੋਏ ਆਪਣਾ ਬਾਈਬਲ ਅਧਿਐਨ ਜਾਂ ਯਹੋਵਾਹ ਦੇ ਗਵਾਹਾਂ ਦੇ ਨਾਲ ਆਪਣੀ ਸੰਗਤ ਛੱਡ ਦਿੰਦੇ ਹੋ, ਤਾਂ ਤੁਹਾਡੇ ਮਿੱਤਰ-ਪਿਆਰੇ ਕਿਵੇਂ ਕਦੀ ਵੀ ਸਮਝ ਸੱਕਣਗੇ ਕਿ ਬਾਈਬਲ ਦਾ ਯਥਾਰਥ-ਗਿਆਨ ਜ਼ਿੰਦਗੀ ਅਤੇ ਮੌਤ ਦਾ ਸਵਾਲ ਹੈ?—ਯੂਹੰਨਾ 17:3; 2 ਥੱਸਲੁਨੀਕੀਆਂ 1:6-8.
7 ਅਸੀਂ ਸਥਿਤੀ ਨੂੰ ਇਸ ਤਰੀਕੇ ਨਾਲ ਦਰਸਾ ਸਕਦੇ ਹਾਂ: ਸ਼ਾਇਦ ਪਰਿਵਾਰ ਦਾ ਇਕ ਸਦੱਸ ਸ਼ਰਾਬ ਦੇ ਲਈ ਬੇਹੱਦ ਲੋਚਦਾ ਹੈ। ਕੀ ਉਸ ਦੀ ਪੀਣ ਦੀ ਸਮੱਸਿਆ ਨੂੰ ਅਣਡਿੱਠ ਕਰਨਾ ਜਾਂ ਦਰਗੁਜ਼ਰ ਕਰਨਾ ਉਸ ਨੂੰ ਅਸਲ ਲਾਭ ਪਹੁੰਚਾਏਗਾ? ਕੀ ਸ਼ਾਂਤੀ ਬਣਾਏ ਰੱਖਣ ਲਈ ਉਸ ਦੀ ਇੱਛਾ ਅੱਗੇ ਝੁਕ ਜਾਣਾ ਅਤੇ ਉਸ ਦੀ ਸਮੱਸਿਆ ਬਾਰੇ ਕੁਝ ਨਾ ਕਰਨਾ ਬਿਹਤਰ ਹੋਵੇਗਾ? ਨਹੀਂ, ਸ਼ਾਇਦ ਤੁਸੀਂ ਸਹਿਮਤ ਹੋਵੋਗੇ ਕਿ ਉਸ ਦੀ ਪੀਣ ਦੀ ਸਮੱਸਿਆ ਨੂੰ ਜਿੱਤਣ ਵਿਚ ਉਸ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰਨਾ ਸਭ ਤੋਂ ਬਿਹਤਰ ਹੋਵੇਗਾ, ਭਾਵੇਂ ਕਿ ਉਸ ਦੇ ਗੁੱਸੇ ਅਤੇ ਧਮਕੀਆਂ ਦਾ ਸਾਮ੍ਹਣਾ ਹੀ ਕਿਉਂ ਨਾ ਕਰਨਾ ਪਵੇ। (ਕਹਾਉਤਾਂ 29:25) ਇਸੇ ਸਮਾਨ, ਜੇਕਰ ਤੁਸੀਂ ਸੱਚ-ਮੁੱਚ ਆਪਣੇ ਪਰਿਵਾਰ ਦੇ ਸਦੱਸਾਂ ਨਾਲ ਪਿਆਰ ਕਰਦੇ ਹੋ, ਤਾਂ ਉਨ੍ਹਾਂ ਵੱਲੋਂ ਤੁਹਾਨੂੰ ਬਾਈਬਲ ਅਧਿਐਨ ਕਰਨ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਦੇ ਅੱਗੇ ਤੁਸੀਂ ਹਾਰ ਨਹੀਂ ਮੰਨੋਗੇ। (ਰਸੂਲਾਂ ਦੇ ਕਰਤੱਬ 5:29) ਕੇਵਲ ਇਕ ਦ੍ਰਿੜ੍ਹ ਸਥਿਤੀ ਅਪਣਾਉਣ ਦੁਆਰਾ ਹੀ ਤੁਸੀਂ ਉਨ੍ਹਾਂ ਨੂੰ ਇਸ ਦੀ ਕਦਰ ਕਰਨ ਵਿਚ ਸਹਾਇਤਾ ਕਰ ਸਕਦੇ ਹੋ ਕਿ ਮਸੀਹ ਦੀਆਂ ਸਿੱਖਿਆਵਾਂ ਅਨੁਸਾਰ ਜੀਵਨ ਬਤੀਤ ਕਰਨ ਵਿਚ ਸਾਡਾ ਜੀਵਨ ਸੰਮਿਲਿਤ ਹੈ।
8. ਅਸੀਂ ਇਸ ਤੱਥ ਤੋਂ ਕਿਵੇਂ ਲਾਭ ਪ੍ਰਾਪਤ ਕਰਦੇ ਹਾਂ ਕਿ ਯਿਸੂ ਨੇ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਇੱਛਾ ਪੂਰੀ ਕੀਤੀ?
8 ਪਰਮੇਸ਼ੁਰ ਨੂੰ ਪਹਿਲੀ ਥਾਂ ਦੇਣੀ ਸ਼ਾਇਦ ਕਿਸੇ-ਕਿਸੇ ਵੇਲੇ ਬਹੁਤ ਮੁਸ਼ਕਲ ਲੱਗੇ। ਪਰੰਤੂ ਯਾਦ ਰੱਖੋ, ਸ਼ਤਾਨ ਨੇ ਯਿਸੂ ਲਈ ਵੀ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਮੁਸ਼ਕਲ ਬਣਾਈ ਸੀ। ਫਿਰ ਵੀ ਯਿਸੂ ਨੇ ਕਦੀ ਹਾਰ ਨਹੀਂ ਮੰਨੀ; ਉਸ ਨੇ ਸਾਡੇ ਲਈ ਤਸੀਹੇ ਦੀ ਸੂਲੀ ਦਾ ਦੁੱਖ ਵੀ ਭੋਗਿਆ। ‘ਯਿਸੂ ਮਸੀਹ ਸਾਡਾ ਮੁਕਤੀ ਦਾਤਾ ਹੈ,’ ਬਾਈਬਲ ਕਹਿੰਦੀ ਹੈ। “[ਉਹ] ਸਾਡੇ ਲਈ ਮੋਇਆ।” (ਤੀਤੁਸ 3:6; 1 ਥੱਸਲੁਨੀਕੀਆਂ 5:10) ਕੀ ਅਸੀਂ ਧੰਨਵਾਦੀ ਨਹੀਂ ਹਾਂ ਕਿ ਯਿਸੂ ਵਿਰੋਧਤਾ ਦੇ ਅੱਗੇ ਨਹੀਂ ਝੁਕਿਆ? ਕਿਉਂਕਿ ਉਸ ਨੇ ਇਕ ਬਲੀਦਾਨ ਰੂਪੀ ਮੌਤ ਬਰਦਾਸ਼ਤ ਕੀਤੀ, ਅਸੀਂ ਉਸ ਦੇ ਵਹਾਏ ਗਏ ਲਹੂ ਉੱਤੇ ਨਿਹਚਾ ਕਰਨ ਦੇ ਦੁਆਰਾ ਧਾਰਮਿਕਤਾ ਦੇ ਇਕ ਸ਼ਾਂਤਮਈ ਨਵੇਂ ਸੰਸਾਰ ਵਿਚ ਸਦੀਪਕ ਜੀਵਨ ਦੀ ਆਸ ਰੱਖਦੇ ਹਾਂ।—ਯੂਹੰਨਾ 3:16, 36; ਪਰਕਾਸ਼ ਦੀ ਪੋਥੀ 21:3, 4.
ਇਕ ਸੰਭਵ ਬਹੁਮੁੱਲਾ ਪ੍ਰਤਿਫਲ
9. (ੳ) ਮਸੀਹੀ ਦੂਜਿਆਂ ਨੂੰ ਬਚਾਉਣ ਵਿਚ ਕਿਵੇਂ ਹਿੱਸਾ ਲੈ ਸਕਦੇ ਹਨ? (ਅ) ਤਿਮੋਥਿਉਸ ਦੀ ਪਰਿਵਾਰਕ ਸਥਿਤੀ ਕੀ ਸੀ?
9 ਕੀ ਤੁਸੀਂ ਅਹਿਸਾਸ ਕੀਤਾ ਹੈ ਕਿ ਤੁਸੀਂ ਵੀ ਦੂਜਿਆਂ ਨੂੰ ਬਚਾਉਣ ਦੇ ਕੰਮ ਵਿਚ ਹਿੱਸਾ ਲੈ ਸਕਦੇ ਹੋ, ਜਿਨ੍ਹਾਂ ਵਿਚ ਤੁਹਾਡੇ ਅਜ਼ੀਜ਼ ਰਿਸ਼ਤੇਦਾਰ ਵੀ ਸ਼ਾਮਲ ਹਨ? ਰਸੂਲ ਪੌਲੁਸ ਨੇ ਤਿਮੋਥਿਉਸ ਨੂੰ ਉਤੇਜਿਤ ਕੀਤਾ: “ਇਨ੍ਹਾਂ ਗੱਲਾਂ ਉੱਤੇ [ਜੋ ਤੈਨੂੰ ਸਿਖਾਈਆਂ ਗਈਆਂ ਹਨ] ਪੱਕਿਆਂ ਰਹੁ ਕਿਉਂ ਜੋ ਤੂੰ ਇਹ ਕਰ ਕੇ ਨਾਲੇ ਆਪਣੇ ਆਪ ਨੂੰ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ।” (1 ਤਿਮੋਥਿਉਸ 4:16, ਟੇਢੇ ਟਾਈਪ ਸਾਡੇ।) ਤਿਮੋਥਿਉਸ ਇਕ ਵਿਭਾਜਿਤ ਘਰਾਣੇ ਵਿਚ ਰਹਿੰਦਾ ਸੀ, ਕਿਉਂਕਿ ਉਸ ਦਾ ਯੂਨਾਨੀ ਪਿਤਾ ਇਕ ਅਵਿਸ਼ਵਾਸੀ ਸੀ। (ਰਸੂਲਾਂ ਦੇ ਕਰਤੱਬ 16:1; 2 ਤਿਮੋਥਿਉਸ 1:5; 3:14) ਭਾਵੇਂ ਕਿ ਅਸੀਂ ਇਹ ਨਹੀਂ ਜਾਣਦੇ ਹਾਂ ਕਿ ਤਿਮੋਥਿਉਸ ਦਾ ਪਿਤਾ ਕਦੀ ਇਕ ਵਿਸ਼ਵਾਸੀ ਬਣਿਆ ਜਾਂ ਨਹੀਂ, ਉਸ ਦੀ ਪਤਨੀ, ਯੂਨੀਕਾ ਦੇ ਅਤੇ ਤਿਮੋਥਿਉਸ ਦੇ ਵਫ਼ਾਦਾਰ ਆਚਰਣ ਕਰਕੇ ਉਸ ਦੇ ਬਣਨ ਦੀ ਸੰਭਾਵਨਾ ਅਧਿਕ ਸੀ।
10. ਮਸੀਹੀ ਆਪਣੇ ਅਵਿਸ਼ਵਾਸੀ ਵਿਆਹ-ਸਾਥੀ ਦੇ ਨਿਮਿੱਤ ਕੀ ਕਰ ਸਕਦੇ ਹਨ?
10 ਸ਼ਾਸਤਰ ਪ੍ਰਗਟ ਕਰਦਾ ਹੈ ਕਿ ਬਾਈਬਲ ਸੱਚਾਈ ਦਾ ਦ੍ਰਿੜ੍ਹਤਾ ਨਾਲ ਸਮਰਥਨ ਕਰਨ ਵਾਲੇ ਪਤੀ ਅਤੇ ਪਤਨੀਆਂ ਆਪਣੇ ਗ਼ੈਰ-ਮਸੀਹੀ ਵਿਆਹ-ਸਾਥੀਆਂ ਨੂੰ ਵਿਸ਼ਵਾਸੀ ਬਣਨ ਵਿਚ ਸਹਾਇਤਾ ਕਰ ਕੇ, ਉਨ੍ਹਾਂ ਨੂੰ ਬਚਾਉਣ ਵਿਚ ਸਹਾਇਕ ਹੋ ਸਕਦੇ ਹਨ। ਰਸੂਲ ਪੌਲੁਸ ਨੇ ਲਿਖਿਆ: “ਜੇ ਕਿਸੇ ਭਰਾ ਦੀ ਬੇਪਰਤੀਤ ਪਤਨੀ ਹੋਵੇ ਅਤੇ ਇਹ ਉਸ ਦੇ ਨਾਲ ਵੱਸਣ ਨੂੰ ਪਰਸੰਨ ਹੋਵੇ ਤਾਂ ਪੁਰਖ ਉਸ ਨੂੰ ਨਾ ਤਿਆਗੇ। ਅਤੇ ਜਿਹੜੀ ਪਤਨੀ ਦਾ ਬੇਪਰਤੀਤ ਪਤੀ ਹੋਵੇ ਅਤੇ ਇਹ ਉਸ ਦੇ ਨਾਲ ਰਹਿਣ ਨੂੰ ਪਰਸੰਨ ਹੋਵੇ ਤਾਂ ਉਹ ਆਪਣੇ ਪਤੀ ਨੂੰ ਨਾ ਤਿਆਗੇ। ਹੇ ਪਤਨੀਏ, ਤੂੰ ਕਿੱਕੁਰ ਜਾਣਦੀ ਹੈਂ ਜੋ ਤੂੰ ਆਪਣੇ ਪਤੀ ਨੂੰ ਬਚਾ ਲਵੇਂਗੀ? ਅਥਵਾ ਹੇ ਪਤੀ, ਤੂੰ ਕਿੱਕੁਰ ਜਾਣਦਾ ਹੈ ਜੋ ਤੂੰ ਆਪਣੀ ਪਤਨੀ ਨੂੰ ਬਚਾ ਲਵੇਂਗਾ?” (1 ਕੁਰਿੰਥੀਆਂ 7:12, 13, 16) ਰਸੂਲ ਪਤਰਸ ਨੇ ਇਹ ਵਿਆਖਿਆ ਕਿ ਕਿਵੇਂ ਪਤਨੀਆਂ, ਵਾਸਤਵ ਵਿਚ, ਆਪਣੇ ਪਤੀਆਂ ਨੂੰ ਬਚਾ ਸਕਦੀਆਂ ਹਨ, ਇਹ ਉਤੇਜਿਤ ਕਰਦੇ ਹੋਏ: “ਆਪਣਿਆਂ ਪਤੀਆਂ ਦੇ ਅਧੀਨ ਹੋਵੋ ਭਈ ਜੇ ਕੋਈ ਬਚਨ ਨਾ ਵੀ ਮੰਨਦੇ ਹੋਣ ਤਾਂ ਓਹ ਬਚਨ ਤੋਂ ਬਿਨਾ ਆਪਣੀਆਂ ਪਤਨੀਆਂ ਦੀ ਚਾਲ ਢਾਲ ਦੇ ਕਾਰਨ ਖਿੱਚੇ ਜਾਣ।”—1 ਪਤਰਸ 3:1.
11, 12. (ੳ) ਹਜ਼ਾਰਾਂ ਹੀ ਮਸੀਹੀਆਂ ਨੇ ਕੀ ਪ੍ਰਤਿਫਲ ਪਾਇਆ ਹੈ, ਅਤੇ ਇਹ ਪ੍ਰਾਪਤ ਕਰਨ ਦੇ ਲਈ ਉਨ੍ਹਾਂ ਨੇ ਕੀ ਕੀਤਾ ਹੈ? (ਅ) ਇਕ ਪਰਿਵਾਰ ਸਦੱਸ ਦਾ ਅਨੁਭਵ ਬਿਆਨ ਕਰੋ ਜਿਸ ਨੂੰ ਵਫ਼ਾਦਾਰ ਧੀਰਜ ਲਈ ਪ੍ਰਤਿਫਲ ਮਿਲਿਆ।
11 ਹਾਲ ਹੀ ਦੇ ਸਾਲਾਂ ਵਿਚ ਕਈ ਹਜ਼ਾਰ ਵਿਅਕਤੀ ਆਪਣੇ ਰਿਸ਼ਤੇਦਾਰਾਂ, ਯਹੋਵਾਹ ਦੇ ਗਵਾਹ ਦੇ ਮਸੀਹੀ ਕਾਰਜਾਂ ਦਾ ਮਹੀਨਿਆਂ ਤੋਂ, ਇੱਥੋਂ ਤਕ ਕਿ ਸਾਲਾਂ ਤੋਂ ਵਿਰੋਧ ਕਰਨ ਮਗਰੋਂ, ਯਹੋਵਾਹ ਦੇ ਗਵਾਹ ਬਣੇ ਹਨ। ਦ੍ਰਿੜ੍ਹ ਰਹਿਣ ਵਾਲੇ ਮਸੀਹੀਆਂ ਲਈ ਇਹ ਕੀ ਹੀ ਇਕ ਪ੍ਰਤਿਫਲ ਹੈ, ਅਤੇ ਇਕ ਸਮੇਂ ਦੇ ਵਿਰੋਧੀਆਂ ਲਈ ਕੀ ਹੀ ਬਰਕਤ! ਭਾਵ ਭਰੀ ਆਵਾਜ਼ ਵਿਚ, ਇਕ 74-ਸਾਲਾ ਮਸੀਹੀ ਬਜ਼ੁਰਗ ਨੇ ਬਿਆਨ ਕੀਤਾ: “ਮੈਂ ਅਕਸਰ ਆਪਣੀ ਪਤਨੀ ਅਤੇ ਬੱਚਿਆਂ ਦਾ ਧੰਨਵਾਦ ਕਰਦਾ ਹਾਂ ਕਿ ਉਹ ਉਨ੍ਹਾਂ ਸਾਲਾਂ ਦੇ ਦੌਰਾਨ ਸੱਚਾਈ ਵਿਚ ਡਟੇ ਰਹੇ, ਜਦੋਂ ਮੈਂ ਉਨ੍ਹਾਂ ਦਾ ਵਿਰੋਧ ਕਰਦਾ ਸੀ।” ਉਸ ਨੇ ਕਿਹਾ ਕਿ ਤਿੰਨ ਸਾਲ ਦੇ ਲਈ ਉਸ ਨੇ ਢੀਠਪੁਣੇ ਨਾਲ ਆਪਣੀ ਪਤਨੀ ਨੂੰ ਬਾਈਬਲ ਦੇ ਬਾਰੇ ਉਸ ਨਾਲ ਗੱਲ ਕਰਨ ਦੀ ਵੀ ਇਜਾਜ਼ਤ ਨਹੀਂ ਦਿੱਤੀ। “ਪਰੰਤੂ ਉਸ ਨੇ ਉਚਿਤ ਮੌਕੇ ਦਾ ਫਾਇਦਾ ਉਠਾਇਆ,” ਉਸ ਨੇ ਕਿਹਾ, “ਅਤੇ ਮੇਰੇ ਪੈਰਾਂ ਦੀ ਮਾਲਸ਼ ਕਰਦੇ ਸਮੇਂ ਮੈਨੂੰ ਗਵਾਹੀ ਦੇਣੀ ਸ਼ੁਰੂ ਕੀਤੀ। ਮੈਂ ਕਿੰਨਾ ਧੰਨਵਾਦੀ ਹਾਂ ਕਿ ਉਸ ਨੇ ਮੇਰੇ ਵਿਰੋਧ ਦੇ ਅੱਗੇ ਹਾਰ ਨਹੀਂ ਮੰਨੀ!”
12 ਇਕ ਹੋਰ ਪਤੀ, ਜਿਸ ਨੇ ਆਪਣੇ ਪਰਿਵਾਰ ਦਾ ਵਿਰੋਧ ਕੀਤਾ, ਨੇ ਲਿਖਿਆ: ‘ਮੈਂ ਆਪਣੀ ਪਤਨੀ ਦਾ ਸਭ ਤੋਂ ਵੱਡਾ ਦੁਸ਼ਮਣ ਸੀ ਕਿਉਂਕਿ ਉਸ ਦੇ ਸੱਚਾਈ ਸਿੱਖਣ ਤੋਂ ਬਾਅਦ, ਮੈਂ ਉਸ ਨੂੰ ਧਮਕਾਉਂਦਾ ਸੀ, ਅਤੇ ਅਸੀਂ ਹਰ ਦਿਨ ਝਗੜਾ ਕਰਦੇ ਸਨ; ਕਹਿਣ ਦਾ ਭਾਵ ਹੈ ਕਿ ਮੈਂ ਹਮੇਸ਼ਾ ਝਗੜਾ ਸ਼ੁਰੂ ਕਰਦਾ ਸੀ। ਪਰੰਤੂ ਸਭ ਬੇਫ਼ਾਇਦਾ; ਮੇਰੀ ਪਤਨੀ ਬਾਈਬਲ ਤੇ ਡਟੀ ਰਹੀ। ਇਸੇ ਤਰ੍ਹਾਂ ਸੱਚਾਈ ਦੇ ਵਿਰੁੱਧ ਅਤੇ ਆਪਣੀ ਪਤਨੀ ਅਤੇ ਬੱਚੇ ਦੇ ਵਿਰੁੱਧ ਸਖ਼ਤ ਲੜਾਈ ਵਿਚ 12 ਸਾਲ ਬੀਤ ਗਏ। ਉਨ੍ਹਾਂ ਦੋਨਾਂ ਦੇ ਲਈ ਮੈਂ ਸ਼ਤਾਨ ਦਾ ਸਾਕਾਰ ਰੂਪ ਸੀ।’ ਆਖ਼ਰਕਾਰ ਉਸ ਆਦਮੀ ਨੇ ਆਪਣੇ ਜੀਵਨ ਦਾ ਵਿਸ਼ਲੇਸ਼ਣ ਕਰਨਾ ਸ਼ੁਰੂ ਕੀਤਾ। ‘ਮੈਂ ਵੇਖਿਆ ਕਿ ਮੈਂ ਕਿੰਨਾ ਹੀ ਨਿਸ਼ਠੁਰ ਸੀ,’ ਉਸ ਨੇ ਵਿਆਖਿਆ ਕੀਤੀ। ‘ਮੈਂ ਬਾਈਬਲ ਨੂੰ ਪੜ੍ਹਿਆ, ਅਤੇ ਉਸ ਦੀ ਹਿਦਾਇਤ ਸਦਕਾ ਮੈਂ ਹੁਣ ਇਕ ਬਪਤਿਸਮਾ-ਪ੍ਰਾਪਤ ਗਵਾਹ ਹਾਂ।’ ਜ਼ਰਾ ਉਸ ਪਤਨੀ ਦੇ ਮਹਾਨ ਪ੍ਰਤਿਫਲ ਬਾਰੇ ਸੋਚੋ, ਜੀ ਹਾਂ, ਜਿਸ ਨੇ 12 ਸਾਲਾਂ ਦੇ ਲਈ ਉਸ ਦੇ ਵਿਰੋਧ ਨੂੰ ਵਫ਼ਾਦਾਰੀ ਨਾਲ ਸਹਿ ਕੇ ‘ਆਪਣੇ ਪਤੀ ਨੂੰ ਬਚਾ ਲਿਆ!’
ਯਿਸੂ ਤੋਂ ਸਿੱਖਣਾ
13. (ੳ) ਯਿਸੂ ਦੇ ਜੀਵਨ-ਢੰਗ ਤੋਂ ਪਤੀ ਅਤੇ ਪਤਨੀਆਂ ਨੂੰ ਕਿਹੜਾ ਮੁੱਖ ਸਬਕ ਸਿੱਖਣਾ ਚਾਹੀਦਾ ਹੈ? (ਅ) ਜਿਹੜੇ ਲੋਕ ਪਰਮੇਸ਼ੁਰ ਦੀ ਇੱਛਾ ਦੇ ਅਧੀਨ ਹੋਣਾ ਕਠਿਨ ਪਾਉਂਦੇ ਹਨ, ਉਹ ਯਿਸੂ ਦੀ ਮਿਸਾਲ ਤੋਂ ਕਿਵੇਂ ਲਾਭ ਪ੍ਰਾਪਤ ਕਰ ਸਕਦੇ ਹਨ?
13 ਪਤੀ ਅਤੇ ਪਤਨੀਆਂ ਨੂੰ ਯਿਸੂ ਦੇ ਜੀਵਨ-ਢੰਗ ਤੋਂ ਜੋ ਮੁੱਖ ਸਬਕ ਸਿੱਖਣਾ ਚਾਹੀਦਾ ਹੈ, ਉਹ ਹੈ ਪਰਮੇਸ਼ੁਰ ਦੇ ਪ੍ਰਤੀ ਆਗਿਆਕਾਰਤਾ। “ਮੈਂ ਸਦਾ ਓਹ ਕੰਮ ਕਰਦਾ ਹਾਂ ਜਿਹੜੇ ਉਸ ਨੂੰ ਭਾਉਂਦੇ ਹਨ,” ਯਿਸੂ ਨੇ ਕਿਹਾ। “ਮੈਂ ਆਪਣੀ ਮਰਜ਼ੀ ਨਹੀਂ ਭਾਲਦਾ ਪਰ ਉਹ ਦੀ ਮਰਜ਼ੀ ਜਿਹ ਨੇ ਮੈਨੂੰ ਘੱਲਿਆ।” (ਯੂਹੰਨਾ 5:30; 8:29) ਇੱਥੋਂ ਤਕ ਕਿ ਜਦੋਂ ਇਕ ਵਾਰੀ ਯਿਸੂ ਨੂੰ ਪਰਮੇਸ਼ੁਰ ਦੀ ਇੱਛਾ ਦਾ ਇਕ ਖ਼ਾਸ ਪਹਿਲੂ ਨਾਪਸੰਦ ਲੱਗਾ, ਤਦ ਵੀ ਉਹ ਆਗਿਆਕਾਰ ਰਿਹਾ। “ਜੇ ਤੈਨੂੰ ਭਾਵੇ ਤਾਂ ਇਹ ਪਿਆਲਾ ਮੈਥੋਂ ਹਟਾ ਦਿਹ,” ਉਸ ਨੇ ਪ੍ਰਾਰਥਨਾ ਕੀਤੀ। ਪਰੰਤੂ ਉਸ ਨੇ ਤੁਰੰਤ ਅੱਗੇ ਕਿਹਾ: “ਤਾਂ ਵੀ ਮੇਰੀ ਮਰਜ਼ੀ ਨਹੀਂ ਪਰ ਤੇਰੀ ਹੋਵੇ।” (ਲੂਕਾ 22:42) ਯਿਸੂ ਨੇ ਪਰਮੇਸ਼ੁਰ ਨੂੰ ਆਪਣੀ ਇੱਛਾ ਬਦਲਣ ਲਈ ਨਹੀਂ ਕਿਹਾ; ਉਸ ਨੇ ਆਗਿਆਕਾਰੀ ਨਾਲ ਪਰਮੇਸ਼ੁਰ ਦੀ ਉਸ ਦੇ ਲਈ ਜੋ ਕੁਝ ਵੀ ਇੱਛਾ ਸੀ, ਦੇ ਅਧੀਨ ਹੋ ਕੇ ਇਹ ਪ੍ਰਗਟ ਕੀਤਾ ਕਿ ਉਹ ਸੱਚ-ਮੁੱਚ ਪਰਮੇਸ਼ੁਰ ਨਾਲ ਪਿਆਰ ਕਰਦਾ ਸੀ। (1 ਯੂਹੰਨਾ 5:3) ਹਮੇਸ਼ਾ ਪਰਮੇਸ਼ੁਰ ਦੀ ਇੱਛਾ ਨੂੰ ਪਹਿਲਾਂ ਰੱਖਣਾ, ਜਿਵੇਂ ਕਿ ਯਿਸੂ ਨੇ ਰੱਖਿਆ ਸੀ, ਨਾ ਕੇਵਲ ਅਵਿਵਾਹਿਤ ਜੀਵਨ ਵਿਚ, ਬਲਕਿ ਵਿਵਾਹਿਤ ਅਤੇ ਪਰਿਵਾਰਕ ਜੀਵਨ ਵਿਚ ਵੀ ਸਫਲਤਾ ਲਈ ਬੇਹੱਦ ਮਹੱਤਵਪੂਰਣ ਹੈ। ਗੌਰ ਕਰੋ ਕਿ ਇਹ ਇੰਜ ਕਿਉਂ ਹੈ।
14. ਕੁਝ ਮਸੀਹੀ ਅਨੁਚਿਤ ਢੰਗ ਨਾਲ ਕਿਵੇਂ ਤਰਕ ਕਰਦੇ ਹਨ?
14 ਜਿਵੇਂ ਕਿ ਪਹਿਲਾਂ ਚਰਚਾ ਕੀਤੀ ਗਈ ਹੈ, ਜਦੋਂ ਵਿਸ਼ਵਾਸੀ ਵਿਅਕਤੀ ਪਰਮੇਸ਼ੁਰ ਨੂੰ ਪਹਿਲੀ ਥਾਂ ਦਿੰਦੇ ਹਨ, ਤਾਂ ਉਹ ਆਪਣੇ ਅਵਿਸ਼ਵਾਸੀ ਵਿਆਹ-ਸਾਥੀਆਂ ਨਾਲ ਬਣੇ ਰਹਿਣ ਦੀ ਕੋਸ਼ਿਸ਼ ਕਰਦੇ ਹਨ ਅਤੇ ਅਕਸਰ ਉਹ ਉਨ੍ਹਾਂ ਨੂੰ ਉਧਾਰ ਦੇ ਯੋਗ ਹੋਣ ਵਿਚ ਸਹਾਇਤਾ ਦੇ ਸਕਦੇ ਹਨ। ਜਦੋਂ ਦੋਨੋਂ ਵਿਆਹ-ਸਾਥੀ ਵਿਸ਼ਵਾਸੀ ਹੁੰਦੇ ਹਨ, ਤਦ ਵੀ ਉਨ੍ਹਾਂ ਦਾ ਵਿਆਹ ਸ਼ਾਇਦ ਮਿਸਾਲੀ ਨਾ ਹੋਵੇ। ਪਾਪਮਈ ਪ੍ਰਵਿਰਤੀਆਂ ਦੇ ਕਾਰਨ, ਪਤੀ ਅਤੇ ਪਤਨੀ ਇਕ ਦੂਜੇ ਦੇ ਪ੍ਰਤੀ ਹਮੇਸ਼ਾ ਪ੍ਰੇਮਮਈ ਵਿਚਾਰ ਨਹੀਂ ਰੱਖਦੇ ਹਨ। (ਰੋਮੀਆਂ 7:19, 20; 1 ਕੁਰਿੰਥੀਆਂ 7:28) ਕਈ ਤਾਂ ਇਕ ਭਿੰਨ ਵਿਆਹ-ਸਾਥੀ ਲੱਭਣ ਦੀ ਹੱਦ ਤਕ ਜਾਂਦੇ ਹਨ, ਭਾਵੇਂ ਕਿ ਉਨ੍ਹਾਂ ਦੇ ਕੋਲ ਤਲਾਕ ਦੇ ਲਈ ਕੋਈ ਸ਼ਾਸਤਰ ਸੰਬੰਧੀ ਕਾਰਨ ਨਹੀਂ ਹੈ। (ਮੱਤੀ 19:9; ਇਬਰਾਨੀਆਂ 13:4) ਉਹ ਤਰਕ ਕਰਦੇ ਹਨ ਕਿ ਉਨ੍ਹਾਂ ਦੇ ਲਈ ਇਹੋ ਹੀ ਬਿਹਤਰ ਹੈ, ਅਤੇ ਕਿ ਪਤੀ ਅਤੇ ਪਤਨੀ ਦੇ ਇਕੱਠੇ ਬਣੇ ਰਹਿਣ ਦੀ ਪਰਮੇਸ਼ੁਰ ਦੀ ਇੱਛਾ ਬਹੁਤ ਮੁਸ਼ਕਲ ਹੈ। (ਮਲਾਕੀ 2:16; ਮੱਤੀ 19:5, 6) ਇਹ ਬਿਲਾ ਸ਼ੱਕ ਪਰਮੇਸ਼ੁਰ ਦਿਆਂ ਵਿਚਾਰਾਂ ਦੀ ਬਜਾਇ ਮਨੁੱਖਾਂ ਦੇ ਵਿਚਾਰ ਸੋਚਣ ਦਾ ਇਕ ਹੋਰ ਮਾਮਲਾ ਹੈ।
15. ਪਰਮੇਸ਼ੁਰ ਨੂੰ ਪਹਿਲੀ ਥਾਂ ਦੇਣਾ ਇਕ ਸੁਰੱਖਿਆ ਕਿਉਂ ਹੈ?
15 ਪਰਮੇਸ਼ੁਰ ਨੂੰ ਪਹਿਲੀ ਥਾਂ ਦੇਣਾ ਕੀ ਹੀ ਇਕ ਸੁਰੱਖਿਆ ਹੈ! ਵਿਵਾਹਿਤ ਜੋੜੇ ਜੋ ਇੰਜ ਕਰਦੇ ਹਨ, ਇਕੱਠੇ ਬਣੇ ਰਹਿਣ ਅਤੇ ਪਰਮੇਸ਼ੁਰ ਦੇ ਬਚਨ ਦੀ ਸਲਾਹ ਨੂੰ ਲਾਗੂ ਕਰਨ ਦੇ ਦੁਆਰਾ ਆਪਣੀਆਂ ਸਮੱਸਿਆਵਾਂ ਨੂੰ ਹਲ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਤਰ੍ਹਾਂ ਉਹ ਉਨ੍ਹਾਂ ਸਾਰੀਆਂ ਦਿਲ ਦੀਆਂ ਪੀੜਾਂ ਤੋਂ ਬਚੇ ਰਹਿੰਦੇ ਹਨ ਜੋ ਉਸ ਦੀ ਇੱਛਾ ਨੂੰ ਅਣਡਿੱਠ ਕਰਨ ਤੋਂ ਪਰਿਣਿਤ ਹੁੰਦੀਆਂ ਹਨ। (ਜ਼ਬੂਰ 19:7-11) ਇਹ ਗੱਲ ਇਕ ਜਵਾਨ ਜੋੜੇ ਦੁਆਰਾ ਦਰਸਾਈ ਜਾਂਦੀ ਹੈ ਜੋ ਤਲਾਕ ਲੈਣ ਹੀ ਵਾਲੇ ਸਨ ਕਿ ਉਨ੍ਹਾਂ ਨੇ ਬਾਈਬਲ ਦੀ ਸਲਾਹ ਨੂੰ ਲਾਗੂ ਕਰਨ ਦਾ ਫ਼ੈਸਲਾ ਕੀਤਾ। ਸਾਲਾਂ ਬਾਅਦ ਜਦੋਂ ਪਤਨੀ ਨੇ ਆਪਣੇ ਵਿਆਹ ਵਿਚ ਪ੍ਰਾਪਤ ਹੋਈ ਖ਼ੁਸ਼ੀ ਉੱਤੇ ਵਿਚਾਰ ਕੀਤਾ, ਤਾਂ ਉਸ ਨੇ ਕਿਹਾ: “ਮੈਂ ਬੈਠ ਕੇ ਰੋ ਹੀ ਪੈਂਦੀ ਹਾਂ ਜਦੋਂ ਮੈਂ ਉਸ ਸੰਭਾਵਨਾ ਦੇ ਬਾਰੇ ਸੋਚਦੀ ਹਾਂ ਕਿ ਮੈਨੂੰ ਇਨ੍ਹਾਂ ਸਾਰਿਆਂ ਸਾਲਾਂ ਦੇ ਲਈ ਆਪਣੇ ਪਤੀ ਦੇ ਵਿਛੋੜੇ ਵਿਚ ਰਹਿਣਾ ਪੈਂਦਾ। ਫਿਰ ਮੈਂ ਯਹੋਵਾਹ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੀ ਹਾਂ ਅਤੇ ਉਸ ਦੀ ਸਲਾਹ ਅਤੇ ਮਾਰਗ-ਦਰਸ਼ਨ ਲਈ ਉਸ ਦਾ ਧੰਨਵਾਦ ਕਰਦੀ ਹਾਂ, ਜਿਸ ਨੇ ਸਾਨੂੰ ਅਜਿਹੇ ਆਨੰਦਿਤ ਰਿਸ਼ਤੇ ਵਿਚ ਇਕੱਠੇ ਮਿਲਾਇਆ ਹੈ।”
ਪਤੀ, ਪਤਨੀਓ—ਮਸੀਹ ਦਾ ਅਨੁਕਰਣ ਕਰੋ!
16. ਪਤੀ ਅਤੇ ਪਤਨੀਆਂ ਦੋਹਾਂ ਲਈ ਯਿਸੂ ਨੇ ਕੀ ਮਿਸਾਲ ਕਾਇਮ ਕੀਤੀ ਸੀ?
16 ਯਿਸੂ, ਜੋ ਹਮੇਸ਼ਾ ਪਰਮੇਸ਼ੁਰ ਨੂੰ ਪਹਿਲਾਂ ਰੱਖਦਾ ਹੈ, ਨੇ ਪਤੀ ਅਤੇ ਪਤਨੀ ਦੋਹਾਂ ਲਈ ਇਕ ਅਦਭੁਤ ਮਿਸਾਲ ਕਾਇਮ ਕੀਤੀ ਹੈ, ਅਤੇ ਉਹ ਇਸ ਉੱਤੇ ਗਹੁ ਨਾਲ ਧਿਆਨ ਦੇ ਕੇ ਚੰਗਾ ਕਰਦੇ ਹਨ। ਪਤੀਆਂ ਨੂੰ ਉਤੇਜਿਤ ਕੀਤਾ ਜਾਂਦਾ ਹੈ ਕਿ ਜਿਸ ਤਰ੍ਹਾਂ ਯਿਸੂ, ਮਸੀਹੀ ਕਲੀਸਿਯਾ ਦੇ ਸਦੱਸਾਂ ਉੱਤੇ ਸਨੇਹਸ਼ੀਲ ਸਰਦਾਰੀ ਕਰਦਾ ਹੈ ਉਹ ਇਸ ਦਾ ਅਨੁਕਰਣ ਕਰਨ। (ਅਫ਼ਸੀਆਂ 5:23) ਅਤੇ ਮਸੀਹੀ ਪਤਨੀਆਂ ਪਰਮੇਸ਼ੁਰ ਦੇ ਪ੍ਰਤੀ ਯਿਸੂ ਦੀ ਅਧੀਨਗੀ ਦੇ ਬੇਦਾਗ ਮਿਸਾਲ ਤੋਂ ਸਿੱਖ ਸਕਦੀਆਂ ਹਨ।—1 ਕੁਰਿੰਥੀਆਂ 11:3.
17, 18. ਯਿਸੂ ਨੇ ਪਤੀਆਂ ਲਈ ਕਿਹੜੇ ਤਰੀਕਿਆਂ ਤੋਂ ਇਕ ਚੰਗੀ ਮਿਸਾਲ ਕਾਇਮ ਕੀਤੀ ਸੀ?
17 ਬਾਈਬਲ ਹੁਕਮ ਦਿੰਦੀ ਹੈ: “ਹੇ ਪਤੀਓ, ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ ਜਿਵੇਂ ਮਸੀਹ ਨੇ ਵੀ ਕਲੀਸਿਯਾ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਉਸ ਦੇ ਲਈ ਦੇ ਦਿੱਤਾ।” (ਅਫ਼ਸੀਆਂ 5:25) ਇਕ ਮਹੱਤਵਪੂਰਣ ਤਰੀਕਾ ਜਿਸ ਤੋਂ ਯਿਸੂ ਨੇ ਅਨੁਯਾਈਆਂ ਦੀ ਬਣੀ ਆਪਣੀ ਕਲੀਸਿਯਾ ਲਈ ਆਪਣਾ ਪ੍ਰੇਮ ਦਿਖਾਇਆ, ਉਹ ਸੀ ਕਿ ਉਹ ਉਨ੍ਹਾਂ ਦਾ ਗਹਿਰਾ ਮਿੱਤਰ ਬਣਿਆ। “ਮੈਂ ਤੁਹਾਨੂੰ ਮਿੱਤ੍ਰ ਕਰਕੇ ਆਖਿਆ ਹੈ,” ਯਿਸੂ ਨੇ ਕਿਹਾ, “ਕਿਉਂਕਿ ਮੈਂ ਜੋ ਕੁਝ ਆਪਣੇ ਪਿਤਾ ਕੋਲੋਂ ਸੁਣਿਆ ਸੋ ਸਭ ਤੁਹਾਨੂੰ ਦੱਸ ਦਿੱਤਾ।” (ਯੂਹੰਨਾ 15:15) ਜ਼ਰਾ ਇਸ ਬਾਰੇ ਸੋਚੋ ਕਿ ਯਿਸੂ ਨੇ ਆਪਣੇ ਚੇਲਿਆਂ ਦੇ ਨਾਲ ਗੱਲ-ਬਾਤ ਕਰਨ ਵਿਚ ਕਿੰਨਾ ਸਮਾਂ ਬਿਤਾਇਆ—ਉਨ੍ਹਾਂ ਅਨੇਕ, ਅਨੇਕ ਚਰਚਿਆਂ ਬਾਰੇ ਜੋ ਉਸ ਨੇ ਉਨ੍ਹਾਂ ਦੇ ਨਾਲ ਕੀਤੇ—ਅਤੇ ਉਸ ਭਰੋਸੇ ਬਾਰੇ ਜੋ ਉਸ ਨੇ ਉਨ੍ਹਾਂ ਦੇ ਉੱਤੇ ਰੱਖਿਆ! ਕੀ ਇਹ ਪਤੀਆਂ ਲਈ ਇਕ ਸ਼ਾਨਦਾਰ ਮਿਸਾਲ ਨਹੀਂ ਹੈ?
18 ਯਿਸੂ ਨੇ ਆਪਣੇ ਚੇਲਿਆਂ ਵਿਚ ਅਸਲੀ ਦਿਲਚਸਪੀ ਰੱਖੀ ਅਤੇ ਉਨ੍ਹਾਂ ਨਾਲ ਸੱਚਾ ਸਨੇਹ ਸੀ। (ਯੂਹੰਨਾ 13:1) ਜਦੋਂ ਉਸ ਦੀਆਂ ਸਿੱਖਿਆਵਾਂ ਉਨ੍ਹਾਂ ਦੇ ਲਈ ਅਸਪੱਸ਼ਟ ਸਨ, ਤਾਂ ਉਸ ਨੇ ਧੀਰਜ ਨਾਲ ਏਕਾਂਤ ਵਿਚ ਮਾਮਲਿਆਂ ਨੂੰ ਸਪੱਸ਼ਟ ਕਰਨ ਲਈ ਸਮਾਂ ਕੱਢਿਆ। (ਮੱਤੀ 13:36-43) ਹੇ ਪਤੀਓ, ਕੀ ਤੁਹਾਡੀ ਪਤਨੀ ਦੀ ਅਧਿਆਤਮਿਕ ਕਲਿਆਣ ਤੁਹਾਡੇ ਲਈ ਉਹੀ ਮਹੱਤਤਾ ਰੱਖਦੀ ਹੈ? ਕੀ ਤੁਸੀਂ ਉਸ ਦੇ ਨਾਲ ਸਮਾਂ ਬਿਤਾਉਂਦੇ ਹੋ, ਇਹ ਨਿਸ਼ਚਿਤ ਕਰਦੇ ਹੋਏ ਕਿ ਤੁਹਾਡੇ ਦੋਹਾਂ ਦਿਆਂ ਮਨਾਂ ਅਤੇ ਦਿਲਾਂ ਵਿਚ ਬਾਈਬਲ ਦੀ ਸੱਚਾਈ ਸਪੱਸ਼ਟ ਹੈ? ਯਿਸੂ ਆਪਣੇ ਰਸੂਲਾਂ ਦੇ ਨਾਲ ਸੇਵਕਾਈ ਵਿਚ ਜਾਂਦਾ ਸੀ, ਅਤੇ ਸ਼ਾਇਦ ਉਨ੍ਹਾਂ ਵਿੱਚੋਂ ਹਰੇਕ ਨੂੰ ਵਿਅਕਤੀਗਤ ਤੌਰ ਤੇ ਸਿਖਲਾਈ ਦਿੰਦਾ ਸੀ। ਕੀ ਤੁਸੀਂ ਆਪਣੀ ਪਤਨੀ ਦੇ ਨਾਲ ਸੇਵਕਾਈ ਵਿਚ ਜਾਂਦੇ ਹੋ, ਅਤੇ ਘਰ-ਘਰ ਦੀਆਂ ਮੁਲਾਕਾਤਾਂ ਵਿਚ ਅਤੇ ਬਾਈਬਲ ਅਧਿਐਨ ਸੰਚਾਲਿਤ ਕਰਨ ਵਿਚ ਉਸ ਦੇ ਨਾਲ ਹਿੱਸਾ ਲੈਂਦੇ ਹੋ?
19. ਜਿਸ ਤਰੀਕੇ ਨਾਲ ਯਿਸੂ ਆਪਣੇ ਰਸੂਲਾਂ ਦੀਆਂ ਆਵਰਤੀ ਕਮਜ਼ੋਰੀਆਂ ਨਾਲ ਨਿਪਟਿਆ, ਇਸ ਤੋਂ ਪਤੀਆਂ ਦੇ ਲਈ ਕਿਵੇਂ ਇਕ ਮਿਸਾਲ ਕਾਇਮ ਹੁੰਦੀ ਹੈ?
19 ਖ਼ਾਸ ਤੌਰ ਤੇ ਆਪਣੇ ਰਸੂਲਾਂ ਦੀ ਅਪੂਰਣਤਾ ਦੇ ਨਾਲ ਨਿਪਟਦੇ ਸਮੇਂ, ਯਿਸੂ ਨੇ ਪਤੀਆਂ ਲਈ ਇਕ ਉੱਤਮ ਮਿਸਾਲ ਪ੍ਰਦਾਨ ਕੀਤੀ। ਆਪਣੇ ਰਸੂਲਾਂ ਦੇ ਨਾਲ ਆਖ਼ਰੀ ਭੋਜਨ ਦੇ ਦੌਰਾਨ, ਉਹ ਉਨ੍ਹਾਂ ਵਿਚ ਬਰਾਬਰੀ ਦੀ ਇਕ ਆਵਰਤੀ ਭਾਵਨਾ ਨੂੰ ਭਾਂਪ ਸਕਦਾ ਸੀ। ਕੀ ਉਸ ਨੇ ਉਨ੍ਹਾਂ ਦੀ ਸਖ਼ਤੀ ਨਾਲ ਆਲੋਚਨਾ ਕੀਤੀ? ਨਹੀਂ, ਬਲਕਿ ਉਸ ਨੇ ਨਿਮਰਤਾ ਸਹਿਤ ਹਰੇਕ ਦੇ ਪੈਰ ਧੋਤੇ। (ਮਰਕੁਸ 9:33-37; 10:35-45; ਯੂਹੰਨਾ 13:2-17) ਕੀ ਤੁਸੀਂ ਆਪਣੀ ਪਤਨੀ ਨਾਲ ਅਜਿਹੀ ਧੀਰਜ ਦਿਖਾਉਂਦੇ ਹੋ? ਇਕ ਆਵਰਤੀ ਕਮਜ਼ੋਰੀ ਦੇ ਬਾਰੇ ਸ਼ਿਕਾਇਤ ਕਰਨ ਦੀ ਬਜਾਇ, ਕੀ ਤੁਸੀਂ ਆਪਣੀ ਮਿਸਾਲ ਦੇ ਦੁਆਰਾ ਧੀਰਜ ਨਾਲ ਉਸ ਦੀ ਸਹਾਇਤਾ ਕਰਨ ਅਤੇ ਉਸ ਦੇ ਦਿਲ ਤਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹੋ? ਸੰਭਵ ਹੈ ਕਿ ਪਤਨੀਆਂ ਅਜਿਹੀ ਪ੍ਰੇਮਮਈ ਹਮਦਰਦੀ ਦੇ ਪ੍ਰਤੀ ਪ੍ਰਤਿਕ੍ਰਿਆ ਦਿਖਾਉਣਗੀਆਂ, ਜਿਵੇਂ ਕਿ ਰਸੂਲਾਂ ਨੇ ਆਖ਼ਰਕਾਰ ਦਿਖਾਈ ਸੀ।
20. ਮਸੀਹੀ ਪਤਨੀਆਂ ਨੂੰ ਕਿਹੜੀ ਗੱਲ ਕਦੀ ਵੀ ਨਹੀਂ ਭੁੱਲਣੀ ਚਾਹੀਦੀ ਹੈ, ਅਤੇ ਉਨ੍ਹਾਂ ਲਈ ਕਿਸ ਦੀ ਮਿਸਾਲ ਪੇਸ਼ ਕੀਤੀ ਜਾਂਦੀ ਹੈ?
20 ਪਤਨੀਆਂ ਨੂੰ ਵੀ ਯਿਸੂ ਬਾਰੇ ਵਿਚਾਰ ਕਰਨਾ ਚਾਹੀਦਾ ਹੈ, ਜੋ ਕਦੀ ਨਹੀਂ ਭੁੱਲਿਆ ਕਿ “ਮਸੀਹ ਦਾ ਸਿਰ ਪਰਮੇਸ਼ੁਰ ਹੈ।” ਉਸ ਨੇ ਹਮੇਸ਼ਾ ਆਪਣੇ ਆਪ ਨੂੰ ਆਪਣੇ ਸਵਰਗੀ ਪਿਤਾ ਦੇ ਅਧੀਨ ਕੀਤਾ। ਇਸੇ ਤਰ੍ਹਾਂ, ਪਤਨੀਆਂ ਨੂੰ ਨਹੀਂ ਭੁੱਲਣਾ ਚਾਹੀਦਾ ਹੈ ਕਿ “ਇਸਤ੍ਰੀ ਦਾ ਸਿਰ ਪੁਰਖ ਹੈ,” ਜੀ ਹਾਂ, ਕਿ ਉਨ੍ਹਾਂ ਦਾ ਪਤੀ ਉਨ੍ਹਾਂ ਦਾ ਸਿਰ ਹੈ। (1 ਕੁਰਿੰਥੀਆਂ 11:3; ਅਫ਼ਸੀਆਂ 5:23) ਰਸੂਲ ਪਤਰਸ ਨੇ ਮਸੀਹੀ ਪਤਨੀਆਂ ਨੂੰ ਮੁੱਢਲੇ ਸਮਿਆਂ ਦੀਆਂ “ਪਵਿੱਤਰ ਇਸਤ੍ਰੀਆਂ” ਦੀ ਮਿਸਾਲ ਬਾਰੇ ਵਿਚਾਰ ਕਰਨ ਲਈ ਉਤੇਜਿਤ ਕੀਤਾ, ਖ਼ਾਸ ਤੌਰ ਤੇ ਸਾਰਾਹ ਦੀ ਮਿਸਾਲ, ਜੋ “ਅਬਰਾਹਾਮ ਨੂੰ ਸੁਆਮੀ ਕਹਿ ਕੇ ਉਹ ਦੇ ਅਧੀਨ ਰਹੀ।”—1 ਪਤਰਸ 3:5, 6.
21. ਅਬਰਾਹਾਮ ਅਤੇ ਸਾਰਾਹ ਦਾ ਵਿਆਹ ਸਫਲ ਕਿਉਂ ਰਿਹਾ ਪਰੰਤੂ ਲੂਤ ਅਤੇ ਉਸ ਦੀ ਪਤਨੀ ਦਾ ਅਸਫਲ ਹੋਇਆ?
21 ਸਪੱਸ਼ਟ ਤੌਰ ਤੇ ਸਾਰਾਹ ਨੇ ਪਰਦੇਸ ਵਿਖੇ ਤੰਬੂਆਂ ਵਿਚ ਵਸਣ ਲਈ ਇਕ ਖ਼ੁਸ਼ਹਾਲ ਸ਼ਹਿਰ ਵਿਚ ਆਪਣੇ ਆਰਾਮਦੇਹ ਘਰ ਨੂੰ ਛੱਡਿਆ। ਕਿਉਂ? ਕਿਉਂਕਿ ਉਸ ਨੂੰ ਉਹ ਜੀਵਨ-ਢੰਗ ਜ਼ਿਆਦਾ ਪਸੰਦ ਸੀ? ਇਹ ਸੰਭਵ ਨਹੀਂ ਹੈ। ਕਿਉਂਕਿ ਉਸ ਦੇ ਪਤੀ ਨੇ ਉਸ ਨੂੰ ਜਾਣ ਲਈ ਕਿਹਾ ਸੀ? ਨਿਰਸੰਦੇਹ ਇਹ ਇਕ ਕਾਰਨ ਸੀ, ਕਿਉਂਕਿ ਸਾਰਾਹ ਅਬਰਾਹਾਮ ਨੂੰ ਉਸ ਦੇ ਈਸ਼ਵਰੀ ਗੁਣਾਂ ਦੇ ਕਰਕੇ ਪਿਆਰ ਅਤੇ ਆਦਰ ਕਰਦੀ ਸੀ। (ਉਤਪਤ 18:12) ਪਰੰਤੂ ਆਪਣੇ ਪਤੀ ਦੇ ਨਾਲ ਜਾਣ ਦਾ ਮੁੱਖ ਕਾਰਨ ਸੀ ਯਹੋਵਾਹ ਦੇ ਲਈ ਉਸ ਦਾ ਪਿਆਰ ਅਤੇ ਪਰਮੇਸ਼ੁਰ ਦੇ ਨਿਰਦੇਸ਼ਨ ਦਾ ਅਨੁਕਰਣ ਕਰਨ ਦੀ ਉਸ ਦੀ ਦਿਲੀ ਇੱਛਾ। (ਉਤਪਤ 12:1) ਉਹ ਪਰਮੇਸ਼ੁਰ ਦੇ ਪ੍ਰਤੀ ਆਗਿਆਕਾਰਤਾ ਵਿਚ ਆਨੰਦ ਮਾਣਦੀ ਸੀ। ਦੂਜੇ ਪਾਸੇ, ਲੂਤ ਦੀ ਪਤਨੀ ਪਰਮੇਸ਼ੁਰ ਦੀ ਇੱਛਾ ਕਰਨ ਤੋਂ ਹਿਚਕਿਚਾਈ ਅਤੇ ਇਸ ਲਈ ਉਸ ਨੇ ਅਭਿਲਾਸ਼ਾ ਦੇ ਨਾਲ ਆਪਣੇ ਜੱਦੀ ਸ਼ਹਿਰ ਸਦੂਮ ਵਿਚ ਪਿੱਛੇ ਛੱਡੀਆਂ ਗਈਆਂ ਚੀਜ਼ਾਂ ਵੱਲ ਮੁੜ ਕੇ ਦੇਖਿਆ। (ਉਤਪਤ 19:15, 25, 26; ਲੂਕਾ 17:32) ਉਸ ਵਿਆਹ ਦਾ ਕਿੰਨਾ ਹੀ ਦੁਖਦਾਈ ਅੰਤ—ਪਰਮੇਸ਼ੁਰ ਦੇ ਪ੍ਰਤੀ ਕੇਵਲ ਉਸ ਦੀ ਅਵੱਗਿਆ ਦੇ ਹੀ ਕਾਰਨ!
22. (ੳ) ਪਰਿਵਾਰ ਦੇ ਸਦੱਸ ਬੁੱਧੀਮਾਨੀ ਨਾਲ ਕਿਹੜੀ ਆਤਮ-ਜਾਂਚ ਕਰਨਗੇ? (ਅ) ਅਸੀਂ ਆਪਣੇ ਅਗਲੇ ਅਧਿਐਨ ਵਿਚ ਕੀ ਵਿਚਾਰ ਕਰਾਂਗੇ?
22 ਇਸ ਲਈ ਇਕ ਪਤੀ ਜਾਂ ਇਕ ਪਤਨੀ ਦੇ ਤੌਰ ਤੇ, ਇਹ ਅਤਿ-ਆਵੱਸ਼ਕ ਹੈ ਕਿ ਤੁਸੀਂ ਆਪਣੇ ਆਪ ਨੂੰ ਪੁੱਛੋ, ‘ਕੀ ਪਰਮੇਸ਼ੁਰ ਸਾਡੇ ਪਰਿਵਾਰ ਵਿਚ ਪਹਿਲੀ ਥਾਂ ਰੱਖਦਾ ਹੈ? ਕੀ ਮੈਂ ਸੱਚ-ਮੁੱਚ ਉਸ ਪਰਿਵਾਰਕ ਭੂਮਿਕਾ ਨੂੰ ਨਿਭਾਉਣ ਦਾ ਜਤਨ ਕਰਦਾ ਹਾਂ ਜੋ ਪਰਮੇਸ਼ੁਰ ਨੇ ਮੈਨੂੰ ਪ੍ਰਦਾਨ ਕੀਤੀ ਹੈ? ਕੀ ਮੈਂ ਆਪਣੇ ਵਿਆਹ-ਸਾਥੀ ਨੂੰ ਪਿਆਰ ਕਰਨ ਦਾ ਵਾਸਤਵਿਕ ਜਤਨ ਕਰਦਾ ਹਾਂ ਅਤੇ ਯਹੋਵਾਹ ਨਾਲ ਇਕ ਚੰਗਾ ਸੰਬੰਧ ਕਾਇਮ ਕਰਨ ਜਾਂ ਬਣਾਏ ਰੱਖਣ ਵਿਚ ਉਸ ਦੀ ਸਹਾਇਤਾ ਕਰਦਾ ਹਾਂ?’ ਅਧਿਕਤਰ ਪਰਿਵਾਰਾਂ ਵਿਚ ਬੱਚੇ ਵੀ ਹੁੰਦੇ ਹਨ। ਅੱਗੇ ਅਸੀਂ ਮਾਪਿਆਂ ਦੀ ਭੂਮਿਕਾ ਉੱਤੇ ਅਤੇ ਉਨ੍ਹਾਂ ਵੱਲੋਂ ਅਤੇ ਉਨ੍ਹਾਂ ਦੇ ਬੱਚਿਆਂ ਵੱਲੋਂ ਪਰਮੇਸ਼ੁਰ ਨੂੰ ਪਹਿਲੀ ਥਾਂ ਦੇਣ ਦੀ ਜ਼ਰੂਰਤ ਉੱਤੇ ਵਿਚਾਰ ਕਰਾਂਗੇ। (w95 10/1)
ਕੀ ਤੁਹਾਨੂੰ ਯਾਦ ਹੈ?
◻ ਯਿਸੂ ਦੀਆਂ ਸਿੱਖਿਆਵਾਂ ਦੇ ਕਾਰਨ ਅਨੇਕ ਪਰਿਵਾਰਾਂ ਲਈ ਕੀ ਨਤੀਜੇ ਹੋ ਸਕਦੇ ਹਨ?
◻ ਹਜ਼ਾਰਾਂ ਹੀ ਦ੍ਰਿੜ੍ਹ ਮਸੀਹੀਆਂ ਨੇ ਕੀ ਪ੍ਰਤਿਫਲ ਪਾਇਆ ਹੈ?
◻ ਕਿਹੜੀ ਗੱਲ ਵਿਆਹ-ਸਾਥੀਆਂ ਨੂੰ ਅਨੈਤਿਕਤਾ ਅਤੇ ਤਲਾਕ ਤੋਂ ਬਚੇ ਰਹਿਣ ਵਿਚ ਸਹਾਇਤਾ ਕਰੇਗੀ?
◻ ਯਿਸੂ ਦੀ ਮਿਸਾਲ ਤੋਂ ਪਤੀ ਕੀ ਸਿੱਖ ਸਕਦੇ ਹਨ?
◻ ਇਕ ਸੁਖੀ ਵਿਆਹ ਦੇ ਪ੍ਰਤੀ ਪਤਨੀਆਂ ਕਿਵੇਂ ਯੋਗਦਾਨ ਦੇ ਸਕਦੀਆਂ ਹਨ?
[ਸਫ਼ੇ 5 ਉੱਤੇ ਤਸਵੀਰ]
ਸਾਰਾਹ ਨੇ ਆਪਣੇ ਵਿਆਹ ਦੀ ਸਫਲਤਾ ਪ੍ਰਤੀ ਕਿਵੇਂ ਯੋਗਦਾਨ ਦਿੱਤਾ?