ਹੌਸਲਾ ਨਾ ਹਾਰੋ!
“ਆਓ ਅਸੀਂ ਭਲਿਆਈ ਕਰਨ ਵਿਚ ਹੌਸਲਾ ਨਾ ਹਾਰੀਏ, ਕਿਉਂਕਿ ਜੇ ਅਸੀਂ ਥੱਕ ਨਾ ਜਾਈਏ ਤਾਂ ਅਸੀਂ ਵੇਲੇ ਸਿਰ ਵੱਢਾਂਗੇ।”—ਗਲਾਤੀਆਂ 6:9, ਨਿ ਵ.
1, 2. (ੳ) ਇਕ ਸ਼ੀਂਹ ਕਿਹੜੇ ਤਰੀਕਿਆਂ ਨਾਲ ਸ਼ਿਕਾਰ ਕਰਦਾ ਹੈ? (ਅ) ਇਬਲੀਸ ਖ਼ਾਸ ਕਰਕੇ ਕਿਨ੍ਹਾਂ ਦਾ ਸ਼ਿਕਾਰ ਕਰਨ ਵਿਚ ਰੁਚੀ ਰੱਖਦਾ ਹੈ?
ਇਕ ਸ਼ੀਂਹ ਵਿਭਿੰਨ ਤਰੀਕਿਆਂ ਨਾਲ ਸ਼ਿਕਾਰ ਕਰਦਾ ਹੈ। ਕਦੇ-ਕਦੇ ਉਹ ਚਲ੍ਹਿਆਂ ਵਿਖੇ ਜਾਂ ਬਹੁਤ ਆਵਾਜਾਈ ਵਾਲੀਆਂ ਪਗਡੰਡੀਆਂ ਤੇ ਆਪਣੇ ਸ਼ਿਕਾਰ ਉੱਤੇ ਛੁਪ ਕੇ ਹਮਲਾ ਕਰੇਗਾ। ਪਰੰਤੂ ਕਦੇ-ਕਦੇ, ਪੁਸਤਕ ਜੰਗਲ ਵਿਚ ਤਸਵੀਰਾਂ (ਅੰਗ੍ਰੇਜ਼ੀ) ਕਹਿੰਦੀ ਹੈ, ਇਕ ਸ਼ੀਂਹ “ਕੇਵਲ ਮੌਕੇ ਦਾ ਫ਼ਾਇਦਾ ਉਠਾਉਂਦਾ ਹੈ—ਮਿਸਾਲ ਲਈ, ਜਦੋਂ ਉਹ ਇਕ ਸੁੱਤੇ ਹੋਏ ਗੋਰਖਰ ਦੇ ਵਛੇਰੇ ਨਾਲ ਟੱਕਰ ਪੈਂਦਾ ਹੈ।”
2 ਸਾਡਾ “ਵਿਰੋਧੀ ਸ਼ਤਾਨ,” ਰਸੂਲ ਪਤਰਸ ਵਿਆਖਿਆ ਕਰਦਾ ਹੈ, “ਬੁਕਦੇ ਸ਼ੀਂਹ ਵਾਂਙੁ ਭਾਲਦਾ ਫਿਰਦਾ ਹੈ ਭਈ ਕਿਹ ਨੂੰ ਪਾੜ ਖਾਵਾਂ!” (1 ਪਤਰਸ 5:8) ਇਹ ਜਾਣਦੇ ਹੋਏ ਕਿ ਉਸ ਦਾ ਸਮਾਂ ਥੋੜ੍ਹਾ ਹੈ, ਸ਼ਤਾਨ ਮਾਨਵ ਨੂੰ ਯਹੋਵਾਹ ਦੀ ਸੇਵਾ ਕਰਨ ਤੋਂ ਰੋਕਣ ਲਈ ਉਨ੍ਹਾਂ ਉੱਤੇ ਹੋਰ ਵੀ ਜ਼ਿਆਦਾ ਦਬਾਉ ਪਾ ਰਿਹਾ ਹੈ। ਪਰੰਤੂ, ਇਹ ‘ਬੁਕਦਾ ਸ਼ੀਂਹ’ ਖ਼ਾਸ ਕਰਕੇ ਯਹੋਵਾਹ ਦੇ ਸੇਵਕਾਂ ਦਾ ਸ਼ਿਕਾਰ ਕਰਨ ਵਿਚ ਰੁਚੀ ਰੱਖਦਾ ਹੈ। (ਪਰਕਾਸ਼ ਦੀ ਪੋਥੀ 12:12, 17) ਉਸ ਦੇ ਸ਼ਿਕਾਰ ਕਰਨ ਦੇ ਤਰੀਕੇ ਪਸ਼ੂ-ਜਗਤ ਵਿਚ ਉਸ ਦੇ ਪ੍ਰਤਿਰੂਪ ਸ਼ੀਂਹ ਵਰਗੇ ਹਨ। ਇਹ ਕਿਵੇਂ?
3, 4. (ੳ) ਯਹੋਵਾਹ ਦੇ ਸੇਵਕਾਂ ਦਾ ਸ਼ਿਕਾਰ ਕਰਨ ਲਈ ਸ਼ਤਾਨ ਕਿਹੜੇ ਤਰੀਕਿਆਂ ਦੀ ਵਰਤੋਂ ਕਰਦਾ ਹੈ? (ਅ) ਇਹ “ਭੈੜੇ ਸਮੇਂ” ਹੋਣ ਕਰਕੇ, ਕਿਹੜੇ ਸਵਾਲ ਪੈਦਾ ਹੁੰਦੇ ਹਨ?
3 ਕਦੇ-ਕਦੇ ਸ਼ਤਾਨ ਘਾਤ ਲਾਉਣ ਦਾ ਜਤਨ ਕਰਦਾ ਹੈ—ਸਤਾਹਟ ਜਾਂ ਵਿਰੋਧ ਜਿਸ ਦਾ ਮੰਤਵ ਸਾਡੀ ਖਰਿਆਈ ਨੂੰ ਤੋੜਨਾ ਹੈ ਤਾਂਕਿ ਅਸੀਂ ਯਹੋਵਾਹ ਦੀ ਸੇਵਾ ਕਰਨੀ ਛੱਡ ਦੇਈਏ। (2 ਤਿਮੋਥਿਉਸ 3:12) ਪਰੰਤੂ, ਸ਼ੀਂਹ ਦੀ ਤਰ੍ਹਾਂ, ਇਬਲੀਸ ਦੂਜੇ ਸਮਿਆਂ ਤੇ ਕੇਵਲ ਮੌਕੇ ਦਾ ਫ਼ਾਇਦਾ ਉਠਾਉਂਦਾ ਹੈ। ਉਹ ਉਡੀਕਦਾ ਹੈ ਕਿ ਕਦੋਂ ਅਸੀਂ ਨਿਰਾਸ਼ ਹੁੰਦੇ ਹਾਂ ਜਾਂ ਥੱਕ ਜਾਂਦੇ ਹਾਂ, ਫਿਰ ਉਦੋਂ ਉਹ ਸਾਡਾ ਹੌਸਲਾ ਤੋੜਨ ਲਈ ਸਾਡੀ ਹਤਾਸ਼ ਮਾਨਸਿਕ ਸਥਿਤੀ ਦਾ ਲਾਭ ਉਠਾਉਣ ਦੀ ਕੋਸ਼ਿਸ਼ ਕਰਦਾ ਹੈ। ਸਾਨੂੰ ਆਸਾਨ ਸ਼ਿਕਾਰ ਨਹੀਂ ਬਣਨਾ ਚਾਹੀਦਾ ਹੈ!
4 ਫਿਰ ਵੀ, ਅਸੀਂ ਪੂਰੇ ਮਾਨਵ ਇਤਿਹਾਸ ਵਿਚ ਸਭ ਤੋਂ ਕਠਿਨ ਸਮੇਂ ਵਿਚ ਜੀ ਰਹੇ ਹਾਂ। ਇਨ੍ਹਾਂ ‘ਭੈੜੇ ਸਮਿਆਂ’ ਵਿਚ, ਸਾਡੇ ਵਿੱਚੋਂ ਬਹੁਤੇਰੇ ਸ਼ਾਇਦ ਕਦੇ-ਕਦਾਈਂ ਤੇ ਨਿਰਾਸ਼ ਜਾਂ ਬੋਝ ਹੇਠਾਂ ਦੱਬੇ ਹੋਏ ਮਹਿਸੂਸ ਕਰਨ। (2 ਤਿਮੋਥਿਉਸ 3:1) ਤਾਂ ਫਿਰ, ਅਸੀਂ ਇਬਲੀਸ ਲਈ ਆਸਾਨ ਸ਼ਿਕਾਰ ਬਣਨ ਦੀ ਹੱਦ ਤਕ ਥੱਕਣ ਤੋਂ ਕਿਵੇਂ ਬਚ ਸਕਦੇ ਹਾਂ? ਜੀ ਹਾਂ, ਅਸੀਂ ਕਿਵੇਂ ਰਸੂਲ ਪੌਲੁਸ ਦੀ ਪ੍ਰੇਰਿਤ ਸਲਾਹ ਨੂੰ ਲਾਗੂ ਕਰ ਸਕਦੇ ਹਾਂ: “ਆਓ ਅਸੀਂ ਭਲਿਆਈ ਕਰਨ ਵਿਚ ਹੌਸਲਾ ਨਾ ਹਾਰੀਏ, ਕਿਉਂਕਿ ਜੇ ਅਸੀਂ ਥੱਕ ਨਾ ਜਾਈਏ ਤਾਂ ਅਸੀਂ ਵੇਲੇ ਸਿਰ ਵੱਢਾਂਗੇ”?—ਗਲਾਤੀਆਂ 6:9.
ਜਦੋਂ ਦੂਸਰੇ ਸਾਨੂੰ ਨਿਰਾਸ਼ ਕਰਦੇ ਹਨ
5. ਦਾਊਦ ਕਿਸ ਗੱਲ ਦੇ ਕਾਰਨ ਥੱਕ ਗਿਆ ਸੀ, ਪਰੰਤੂ ਉਸ ਨੇ ਕੀ ਨਹੀਂ ਕੀਤਾ?
5 ਬਾਈਬਲ ਸਮਿਆਂ ਵਿਚ, ਯਹੋਵਾਹ ਦੇ ਸਭ ਤੋਂ ਨਿਹਚਾਵਾਨ ਸੇਵਕਾਂ ਨੇ ਵੀ ਸ਼ਾਇਦ ਖ਼ੁਦ ਨੂੰ ਬੋਝ ਹੇਠਾਂ ਦੱਬੇ ਹੋਏ ਮਹਿਸੂਸ ਕੀਤਾ। “ਮੈਂ ਧਾਹਾਂ ਮਾਰਦਾ ਮਾਰਦਾ ਥੱਕ ਗਿਆ,” ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਲਿਖਿਆ। “ਸਾਰੀ ਰਾਤ ਮੈਂ ਆਪਣੇ ਵਿਛਾਉਣੇ ਉੱਤੇ ਹੜ੍ਹ ਵਗਾ ਲੈਂਦਾ ਹਾਂ, ਆਪਣੇ ਅੰਝੂਆਂ ਨਾਲ ਮੈਂ ਆਪਣਾ ਮੰਜਾ ਭਿਉਂਦਾ ਹਾਂ। ਮੇਰੀਆਂ ਅੱਖਾਂ ਸੋਗ ਦੇ ਮਾਰੇ ਗਲ ਗਈਆਂ।” ਦਾਊਦ ਨੇ ਇੰਜ ਕਿਉਂ ਮਹਿਸੂਸ ਕੀਤਾ? “ਮੇਰੇ ਵਿਰੋਧੀਆਂ ਦੇ ਕਾਰਨ,” ਉਸ ਨੇ ਵਿਆਖਿਆ ਕੀਤੀ। ਦੂਸਰਿਆਂ ਦੇ ਦੁਖਦਾਈ ਸਲੂਕ ਨੇ ਦਾਊਦ ਦੇ ਦਿਲ ਨੂੰ ਇੰਨਾ ਦੁੱਖ ਪਹੁੰਚਾਇਆ ਕਿ ਉਸ ਦੇ ਹੰਝੂ ਬਿਨਾਂ ਰੋਕ ਵਗੇ। ਫਿਰ ਵੀ, ਸੰਗੀ ਮਾਨਵਾਂ ਨੇ ਜੋ ਕੁਝ ਉਸ ਨਾਲ ਕੀਤਾ, ਉਸ ਦੇ ਕਾਰਨ ਦਾਊਦ ਨੇ ਯਹੋਵਾਹ ਤੋਂ ਮੂੰਹ ਨਹੀਂ ਮੋੜਿਆ।—ਜ਼ਬੂਰ 6:6-9.
6. (ੳ) ਅਸੀਂ ਦੂਜਿਆਂ ਦੇ ਸ਼ਬਦਾਂ ਜਾਂ ਸਲੂਕਾਂ ਤੋਂ ਕਿਵੇਂ ਪ੍ਰਭਾਵਿਤ ਹੋ ਸਕਦੇ ਹਾਂ? (ਅ) ਕਈ ਆਪਣੇ ਆਪ ਨੂੰ ਇਬਲੀਸ ਲਈ ਆਸਾਨ ਸ਼ਿਕਾਰ ਕਿਵੇਂ ਬਣਾਉਂਦੇ ਹਨ?
6 ਇਸੇ ਤਰ੍ਹਾਂ, ਦੂਸਰਿਆਂ ਦੇ ਸ਼ਬਦ ਜਾਂ ਸਲੂਕ ਸਾਡੇ ਦਿਲ ਨੂੰ ਇੰਨਾ ਦੁੱਖ ਪਹੁੰਚਾ ਸਕਦੇ ਹਨ ਕਿ ਅਸੀਂ ਥੱਕ ਸਕਦੇ ਹਾਂ। “ਬੇਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਙੁ ਵਿੰਨ੍ਹਦੀਆਂ ਹਨ,” ਕਹਾਉਤਾਂ 12:18 ਆਖਦਾ ਹੈ। ਜਦੋਂ ਬਿਨਾਂ ਸੋਚੇ-ਸਮਝੇ ਬੋਲਣ ਵਾਲਾ ਵਿਅਕਤੀ ਇਕ ਮਸੀਹੀ ਭਰਾ ਜਾਂ ਭੈਣ ਹੁੰਦੀ ਹੈ, ਤਾਂ ‘ਤਲਵਾਰ ਦਾ ਜ਼ਖ਼ਮ’ ਗਹਿਰਾ ਬਣ ਸਕਦਾ ਹੈ। ਮਾਨਵੀ ਝੁਕਾਉ ਇਸ ਗੱਲ ਦਾ ਬੁਰਾ ਮਨਾ ਸਕਦਾ ਹੈ, ਅਤੇ ਸ਼ਾਇਦ ਮਨ ਵਿਚ ਰੋਸਾ ਵੀ ਰੱਖਦਿਆਂ ਹੋਏ। ਇਹ ਖ਼ਾਸ ਕਰਕੇ ਉਦੋਂ ਸੱਚ ਹੁੰਦਾ ਹੈ ਜਦੋਂ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੇ ਨਾਲ ਰੁੱਖੇ ਜਾਂ ਅਨੁਚਿਤ ਢੰਗ ਨਾਲ ਵਰਤਾਉ ਕੀਤਾ ਗਿਆ ਹੈ। ਸਾਨੂੰ ਸ਼ਾਇਦ ਉਸ ਕਸੂਰਵਾਰ ਦੇ ਨਾਲ ਗੱਲ-ਬਾਤ ਕਰਨ ਵਿਚ ਔਖਿਆਈ ਮਹਿਸੂਸ ਹੋਵੇ; ਅਸੀਂ ਸ਼ਾਇਦ ਜਾਣ-ਬੁੱਝ ਕੇ ਉਸ ਤੋਂ ਕਿਨਾਰਾ ਕਰੀਏ। ਰੋਸੇ ਦੇ ਬੋਝ ਹੇਠਾਂ ਦੱਬੇ ਹੋਣ ਕਰਕੇ, ਕਈਆਂ ਨੇ ਹੌਸਲਾ ਹਾਰ ਕੇ ਮਸੀਹੀ ਸਭਾਵਾਂ ਵਿਚ ਆਉਣਾ ਛੱਡ ਦਿੱਤਾ ਹੈ। ਦੁੱਖ ਦੀ ਗੱਲ ਹੈ ਕਿ ਉਹ ਫਲਸਰੂਪ ‘ਸ਼ਤਾਨ ਨੂੰ ਥਾਂ ਦਿੰਦੇ ਹਨ’ ਕਿ ਉਹ ਆਸਾਨ ਸ਼ਿਕਾਰ ਵਜੋਂ ਉਨ੍ਹਾਂ ਦਾ ਲਾਭ ਉਠਾਵੇ।—ਅਫ਼ਸੀਆਂ 4:27.
7. (ੳ) ਅਸੀਂ ਕਿਵੇਂ ਇਬਲੀਸ ਦੇ ਫੰਦੇ ਵਿਚ ਪੈਣ ਤੋਂ ਬਚ ਸਕਦੇ ਹਾਂ ਜਦੋਂ ਦੂਸਰੇ ਸਾਨੂੰ ਨਿਰਾਸ਼ ਕਰਦੇ ਜਾਂ ਦੁੱਖ ਪਹੁੰਚਾਉਂਦੇ ਹਨ? (ਅ) ਸਾਨੂੰ ਰੋਸਾ ਕਿਉਂ ਛੱਡ ਦੇਣਾ ਚਾਹੀਦਾ ਹੈ?
7 ਅਸੀਂ ਕਿਵੇਂ ਇਬਲੀਸ ਦੇ ਫੰਦੇ ਵਿਚ ਪੈਣ ਤੋਂ ਬਚ ਸਕਦੇ ਹਾਂ ਜਦੋਂ ਦੂਸਰੇ ਸਾਨੂੰ ਨਿਰਾਸ਼ ਕਰਦੇ ਜਾਂ ਦੁੱਖ ਪਹੁੰਚਾਉਂਦੇ ਹਨ? ਸਾਨੂੰ ਮਨ ਵਿਚ ਰੋਸਾ ਨਾ ਰੱਖਣ ਦਾ ਜਤਨ ਕਰਨਾ ਚਾਹੀਦਾ ਹੈ। ਇਸ ਦੀ ਬਜਾਇ, ਜਲਦੀ ਤੋਂ ਜਲਦੀ ਸੁਲ੍ਹਾ ਕਰਨ ਜਾਂ ਮਾਮਲੇ ਨੂੰ ਨਿਪਟਾਉਣ ਦੀ ਪਹਿਲ-ਕਦਮੀ ਕਰੋ। (ਅਫ਼ਸੀਆਂ 4:26) ਕੁਲੁੱਸੀਆਂ 3:13 ਸਾਨੂੰ ਜ਼ੋਰ ਦਿੰਦਾ ਹੈ: “ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ ਤਾਂ . . . ਇੱਕ ਦੂਏ ਨੂੰ ਮਾਫ਼ ਕਰ ਦੇਵੇ।” ਮਾਫ਼ੀ ਦੇਣੀ ਖ਼ਾਸ ਕਰਕੇ ਉਦੋਂ ਉਚਿਤ ਹੈ ਜਦੋਂ ਸਾਨੂੰ ਰੋਸ ਦਿਲਾਉਣ ਵਾਲਾ ਵਿਅਕਤੀ ਗ਼ਲਤੀ ਨੂੰ ਮੰਨ ਲੈਂਦਾ ਹੈ ਅਤੇ ਸੱਚੇ ਦਿਲੋਂ ਸ਼ਰਮਿੰਦਾ ਹੁੰਦਾ ਹੈ। (ਤੁਲਨਾ ਕਰੋ ਜ਼ਬੂਰ 32:3-5 ਅਤੇ ਕਹਾਉਤਾਂ 28:13.) ਪਰੰਤੂ, ਇਹ ਗੱਲ ਮਨ ਵਿਚ ਰੱਖਣੀ ਸਹਾਇਕ ਹੋਵੇਗੀ ਕਿ ਮਾਫ਼ ਕਰਨ ਦਾ ਅਰਥ ਇਹ ਨਹੀਂ ਹੈ ਕਿ ਦੂਜਿਆਂ ਦੀਆਂ ਕੀਤੀਆਂ ਗ਼ਲਤੀਆਂ ਨੂੰ ਅਣਡਿੱਠ ਜਾਂ ਘੱਟ ਕਰ ਕੇ ਪੇਸ਼ ਕਰਨਾ। ਮਾਫ਼ ਕਰਨ ਵਿਚ ਰੋਸੇ ਨੂੰ ਛੱਡਣਾ ਸ਼ਾਮਲ ਹੈ। ਰੋਸਾ ਇਕ ਭਾਰਾ ਬੋਝ ਹੈ। ਇਹ ਸਾਡੇ ਵਿਚਾਰਾਂ ਉੱਤੇ ਹਾਵੀ ਹੋ ਕੇ ਸਾਡੀ ਖ਼ੁਸ਼ੀ ਨੂੰ ਲੁੱਟ ਸਕਦਾ ਹੈ। ਇਹ ਸਾਡੀ ਸਿਹਤ ਉੱਤੇ ਵੀ ਅਸਰ ਪਾ ਸਕਦਾ ਹੈ। ਇਸ ਦੇ ਉਲਟ, ਉਪਯੁਕਤ ਸਥਿਤੀਆਂ ਵਿਚ, ਮਾਫ਼ੀ ਦੇਣੀ ਸਾਡੇ ਖ਼ੁਦ ਦੇ ਫ਼ਾਇਦੇ ਲਈ ਕੰਮ ਕਰਦੀ ਹੈ। ਦਾਊਦ ਵਾਂਗ, ਇੰਜ ਹੋਵੇ ਕਿ ਅਸੀਂ ਦੂਜੇ ਮਾਨਵਾਂ ਦੁਆਰਾ ਸਾਨੂੰ ਕਹੀਆਂ ਗੱਲਾਂ ਜਾਂ ਕੀਤੇ ਕੰਮਾਂ ਦੇ ਕਾਰਨ ਕਦੇ ਵੀ ਹੌਸਲਾ ਨਾ ਹਾਰੀਏ ਅਤੇ ਯਹੋਵਾਹ ਤੋਂ ਦੂਰ ਨਾ ਹੋਈਏ!
ਜਦੋਂ ਅਸੀਂ ਚੂਕ ਜਾਂਦੇ ਹਾਂ
8. (ੳ) ਕਈ ਵਿਅਕਤੀ ਕਦੇ-ਕਦੇ ਕਿਉਂ ਖ਼ਾਸ ਕਰਕੇ ਦੋਸ਼ੀ ਮਹਿਸੂਸ ਕਰਦੇ ਹਨ? (ਅ) ਉਸ ਦੋਸ਼-ਭਾਵਨਾ ਵਿਚ ਇੰਨੇ ਡੁੱਬ ਜਾਣ ਦਾ ਕੀ ਖ਼ਤਰਾ ਹੈ ਕਿ ਅਸੀਂ ਆਪਣੇ ਤੋਂ ਹੀ ਮਾਯੂਸ ਹੋ ਜਾਂਦੇ ਹਾਂ?
8 “ਅਸੀਂ ਸੱਭੇ ਬਹੁਤ ਭੁੱਲਣਹਾਰ ਹਾਂ,” ਯਾਕੂਬ 3:2 ਆਖਦਾ ਹੈ। ਜਦੋਂ ਅਸੀਂ ਭੁੱਲ ਕਰਦੇ ਹਾਂ, ਤਾਂ ਦੋਸ਼ੀ ਮਹਿਸੂਸ ਕਰਨਾ ਕੇਵਲ ਸੁਭਾਵਕ ਹੀ ਹੈ। (ਜ਼ਬੂਰ 38:3-8) ਦੋਸ਼ ਦੀਆਂ ਭਾਵਨਾਵਾਂ ਖ਼ਾਸ ਕਰਕੇ ਜ਼ੋਰਦਾਰ ਹੋ ਸਕਦੀਆਂ ਹਨ ਜੇਕਰ ਅਸੀਂ ਇਕ ਸਰੀਰਕ ਕਮਜ਼ੋਰੀ ਨਾਲ ਸੰਘਰਸ਼ ਕਰ ਰਹੇ ਹਾਂ ਅਤੇ ਸਮੇਂ-ਸਮੇਂ ਤੇ ਮੁੜ ਗਿਰ ਜਾਂਦੇ ਹਾਂ।a ਇਕ ਮਸੀਹੀ ਜੋ ਅਜਿਹੇ ਹੀ ਇਕ ਸੰਘਰਸ਼ ਵਿਚ ਪਈ ਹੋਈ ਸੀ, ਨੇ ਵਿਆਖਿਆ ਕੀਤੀ: “ਇਹ ਨਾ ਜਾਣਦੇ ਹੋਏ ਕਿ ਮੈਂ ਨਾ ਬਖਸ਼ਣ ਯੋਗ ਪਾਪ ਕਰ ਬੈਠੀ ਸੀ ਜਾਂ ਨਹੀਂ, ਮੈਂ ਜੀਉਂਦੀ ਨਹੀਂ ਰਹਿਣਾ ਚਾਹੁੰਦੀ ਸੀ। ਮੈਂ ਮਹਿਸੂਸ ਕੀਤਾ ਕਿ ਮੈਂ ਯਹੋਵਾਹ ਦੀ ਸੇਵਾ ਵਿਚ ਜਤਨ ਨਾ ਹੀ ਕਰਾਂ ਤਾਂ ਚੰਗਾ ਹੈ, ਕਿਉਂਕਿ ਹੁਣ ਤਾਂ ਉਂਜ ਵੀ ਬਹੁਤ ਦੇਰ ਹੋ ਚੁੱਕੀ ਹੋਵੇਗੀ।” ਜਦੋਂ ਅਸੀਂ ਦੋਸ਼-ਭਾਵਨਾ ਵਿਚ ਇੰਨੇ ਡੁੱਬ ਜਾਂਦੇ ਹਾਂ ਕਿ ਅਸੀਂ ਆਪਣੇ ਤੋਂ ਹੀ ਮਾਯੂਸ ਹੋ ਜਾਂਦੇ ਹਾਂ, ਤਾਂ ਅਸੀਂ ਸ਼ਤਾਨ ਨੂੰ ਮੌਕਾ ਦਿੰਦੇ ਹਾਂ—ਅਤੇ ਉਹ ਸ਼ਾਇਦ ਇਸ ਦਾ ਜਲਦੀ ਨਾਲ ਫ਼ਾਇਦਾ ਉਠਾਵੇ! (2 ਕੁਰਿੰਥੀਆਂ 2:5-7, 11) ਇੱਥੇ ਸ਼ਾਇਦ ਦੋਸ਼-ਭਾਵਨਾ ਬਾਰੇ ਇਕ ਜ਼ਿਆਦਾ ਸੰਤੁਲਿਤ ਦ੍ਰਿਸ਼ਟੀ ਦੀ ਲੋੜ ਹੈ।
9. ਸਾਨੂੰ ਪਰਮੇਸ਼ੁਰ ਦੀ ਦਇਆ ਵਿਚ ਕਿਉਂ ਭਰੋਸਾ ਰੱਖਣਾ ਚਾਹੀਦਾ ਹੈ?
9 ਜਦੋਂ ਅਸੀਂ ਪਾਪ ਕਰਦੇ ਹਾਂ, ਤਾਂ ਕੁਝ ਹੱਦ ਤਕ ਦੋਸ਼ੀ ਮਹਿਸੂਸ ਕਰਨਾ ਉਪਯੁਕਤ ਹੈ। ਪਰੰਤੂ, ਕਦੇ-ਕਦੇ ਦੋਸ਼ ਦੀਆਂ ਭਾਵਨਾਵਾਂ ਕਾਇਮ ਰਹਿੰਦੀਆਂ ਹਨ ਕਿਉਂਕਿ ਇਕ ਮਸੀਹੀ ਮਹਿਸੂਸ ਕਰਦਾ ਹੈ ਕਿ ਉਹ ਕਦੇ ਵੀ ਪਰਮੇਸ਼ੁਰ ਦੀ ਦਇਆ ਦੇ ਕਾਬਲ ਨਹੀਂ ਹੋ ਸਕਦਾ ਹੈ। ਲੇਕਿਨ, ਬਾਈਬਲ ਸਾਨੂੰ ਨਿੱਘ ਨਾਲ ਭਰੋਸਾ ਦਿਵਾਉਂਦੀ ਹੈ: “ਜੇ ਅਸੀਂ ਆਪਣਿਆਂ ਪਾਪਾਂ ਦਾ ਇਕਰਾਰ ਕਰੀਏ ਤਾਂ ਉਹ ਵਫ਼ਾਦਾਰ ਅਤੇ ਧਰਮੀ ਹੈ ਭਈ ਸਾਡੇ ਪਾਪਾਂ ਨੂੰ ਮਾਫ਼ ਕਰੇ ਅਤੇ ਸਾਨੂੰ ਸਾਰੇ ਕੁਧਰਮ ਤੋਂ ਸ਼ੁੱਧ ਕਰੇ।” (1 ਯੂਹੰਨਾ 1:9) ਕੀ ਇਹ ਵਿਸ਼ਵਾਸ ਕਰਨ ਦਾ ਕੋਈ ਠੋਸ ਕਾਰਨ ਹੈ ਕਿ ਪਰਮੇਸ਼ੁਰ ਸਾਡੇ ਮਾਮਲੇ ਵਿਚ ਇੰਜ ਨਹੀਂ ਕਰੇਗਾ? ਯਾਦ ਰੱਖੋ, ਆਪਣੇ ਬਚਨ ਵਿਚ, ਯਹੋਵਾਹ ਕਹਿੰਦਾ ਹੈ ਕਿ ਉਹ ‘ਦਯਾਲੂ ਹੈ।’ (ਜ਼ਬੂਰ 86:5; 130:3, 4) ਕਿਉਂ ਜੋ ਉਹ ਝੂਠ ਨਹੀਂ ਬੋਲ ਸਕਦਾ, ਉਹ ਉਵੇਂ ਹੀ ਕਰੇਗਾ ਜਿਵੇਂ ਉਸ ਦਾ ਬਚਨ ਵਾਅਦਾ ਕਰਦਾ ਹੈ, ਬਸ਼ਰਤੇ ਕਿ ਅਸੀਂ ਇਕ ਪਸ਼ਚਾਤਾਪੀ ਦਿਲ ਨਾਲ ਉਸ ਕੋਲ ਆਈਏ।—ਤੀਤੁਸ 1:2.
10. ਇਕ ਪੁਰਾਣੇ ਪਹਿਰਾਬੁਰਜ ਨੇ ਸਰੀਰਕ ਕਮਜ਼ੋਰੀ ਦੇ ਨਾਲ ਲੜਨ ਬਾਰੇ ਕਿਹੜਾ ਨਿੱਘ-ਦਿਲੀ ਮੁੜ ਭਰੋਸਾ ਪ੍ਰਕਾਸ਼ਿਤ ਕੀਤਾ?
10 ਤੁਹਾਨੂੰ ਕੀ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਇਕ ਕਮਜ਼ੋਰੀ ਨਾਲ ਜੂਝ ਰਹੇ ਹੋ ਅਤੇ ਮੁੜ ਗਿਰ ਜਾਂਦੇ ਹੋ? ਹੌਸਲਾ ਨਾ ਹਾਰੋ! ਜ਼ਰੂਰੀ ਨਹੀਂ ਹੈ ਕਿ ਮੁੜ ਗਿਰਾਵਟ ਦੇ ਕਾਰਨ ਤੁਹਾਡੀ ਹੁਣ ਤਕ ਕੀਤੀ ਗਈ ਉਨੱਤੀ ਵਿਫਲ ਹੋ ਜਾਂਦੀ ਹੈ। ਇਸ ਰਸਾਲੇ ਦੇ ਫਰਵਰੀ 15, 1954, ਦੇ ਅੰਕ (ਅੰਗ੍ਰੇਜ਼ੀ) ਨੇ ਇਹ ਨਿੱਘ-ਦਿਲੀ ਮੁੜ ਭਰੋਸਾ ਦਿੱਤਾ: “ਅਸੀਂ [ਸ਼ਾਇਦ] ਆਪਣੇ ਆਪ ਨੂੰ ਕਈ ਵਾਰ ਕਿਸੇ ਅਜਿਹੀ ਬੁਰੀ ਆਦਤ ਦੇ ਕਾਰਨ ਠੋਕਰ ਖਾਂਦੇ ਅਤੇ ਗਿਰਦੇ ਹੋਏ ਪਾਉਂਦੇ ਹਾਂ, ਜੋ ਸਾਡੇ ਅੰਦਾਜ਼ੇ ਤੋਂ ਵੀ ਜ਼ਿਆਦਾ ਡੂੰਘੀ ਤਰ੍ਹਾਂ ਨਾਲ ਸਾਡੀ ਪੁਰਾਣੀ ਜੀਵਨ-ਸ਼ੈਲੀ ਵਿਚ ਸਮਾਈ ਹੋਈ ਹੈ। . . . ਮਾਯੂਸ ਨਾ ਹੋਵੋ। ਇਹ ਸਿੱਟਾ ਨਾ ਕੱਢੋ ਕਿ ਤੁਸੀਂ ਨਾ ਬਖਸ਼ਣ ਯੋਗ ਪਾਪ ਕੀਤਾ ਹੈ। ਸ਼ਤਾਨ ਚਾਹੁੰਦਾ ਹੈ ਕਿ ਤੁਸੀਂ ਇਉਂ ਹੀ ਤਰਕ ਕਰੋ। ਇਹ ਹਕੀਕਤ ਕਿ ਤੁਸੀਂ ਦੁਖੀ ਹੋ ਅਤੇ ਆਪਣੇ ਉੱਤੇ ਖਿਝ ਮਹਿਸੂਸ ਕਰਦੇ ਹੋ, ਖ਼ੁਦ ਵਿਚ ਇਕ ਸਬੂਤ ਹੈ ਕਿ ਤੁਸੀਂ ਹੱਦੋਂ ਦੂਰ ਨਹੀਂ ਗਏ ਹੋ। ਪਰਮੇਸ਼ੁਰ ਦੀ ਮਾਫ਼ੀ ਅਤੇ ਸੋਧ ਅਤੇ ਮਦਦ ਲਈ ਬੇਨਤੀ ਕਰਦੇ ਹੋਏ, ਨਿਮਰਤਾ ਅਤੇ ਸੁਹਿਰਦਤਾ ਸਹਿਤ ਉਸ ਵੱਲ ਮੁੜਨ ਤੋਂ ਕਦੇ ਨਾ ਥੱਕੋ। ਜਿਵੇਂ ਮੁਸੀਬਤ ਦੇ ਸਮੇਂ ਇਕ ਬੱਚਾ ਆਪਣੇ ਪਿਤਾ ਕੋਲ ਜਾਂਦਾ ਹੈ, ਤੁਸੀਂ ਵੀ ਉਸ ਕੋਲ ਜਾਓ, ਭਾਵੇਂ ਵਾਰ-ਵਾਰ ਇੱਕੋ ਹੀ ਕਮਜ਼ੋਰੀ ਦੇ ਕਾਰਨ ਹੀ ਕਿਉਂ ਨਾ ਹੋਵੇ, ਅਤੇ ਯਹੋਵਾਹ ਆਪਣੀ ਅਯੋਗ ਦਿਆਲਗੀ ਦੇ ਕਾਰਨ ਤੁਹਾਨੂੰ ਕਿਰਪਾਪੂਰਵਕ ਮਦਦ ਦੇਵੇਗਾ ਅਤੇ, ਜੇਕਰ ਤੁਸੀਂ ਸੁਹਿਰਦ ਹੋ, ਤਾਂ ਉਹ ਤੁਹਾਨੂੰ ਇਕ ਸ਼ੁੱਧ ਅੰਤਹਕਰਣ ਦਾ ਅਹਿਸਾਸ ਪ੍ਰਦਾਨ ਕਰੇਗਾ।”
ਜਦੋਂ ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਕਾਫ਼ੀ ਨਹੀਂ ਕਰ ਰਹੇ ਹਾਂ
11. (ੳ) ਰਾਜ-ਪ੍ਰਚਾਰ ਕਾਰਜ ਵਿਚ ਭਾਗ ਲੈਣ ਬਾਰੇ ਸਾਨੂੰ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ? (ਅ) ਕਈ ਮਸੀਹੀ ਵਿਅਕਤੀ ਸੇਵਕਾਈ ਵਿਚ ਭਾਗ ਲੈਣ ਦੇ ਬਾਰੇ ਕਿਹੜੀਆਂ ਭਾਵਨਾਵਾਂ ਨਾਲ ਸੰਘਰਸ਼ ਕਰਦੇ ਹਨ?
11 ਰਾਜ-ਪ੍ਰਚਾਰ ਕਾਰਜ ਇਕ ਮਸੀਹੀ ਦੇ ਜੀਵਨ ਵਿਚ ਇਕ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ, ਅਤੇ ਇਸ ਵਿਚ ਭਾਗ ਲੈਣਾ ਖ਼ੁਸ਼ੀ ਲਿਆਉਂਦਾ ਹੈ। (ਜ਼ਬੂਰ 40:8) ਪਰ ਕਈ ਮਸੀਹੀ ਬਹੁਤ ਦੋਸ਼ੀ ਮਹਿਸੂਸ ਕਰਦੇ ਹਨ ਕਿ ਉਹ ਸੇਵਕਾਈ ਵਿਚ ਹੋਰ ਜ਼ਿਆਦਾ ਨਹੀਂ ਕਰ ਪਾਉਂਦੇ ਹਨ। ਅਜਿਹੀ ਦੋਸ਼-ਭਾਵਨਾ ਸਾਡੀ ਖ਼ੁਸ਼ੀ ਨੂੰ ਵੀ ਢਾਹ ਸਕਦੀ ਹੈ ਅਤੇ ਸਾਡਾ ਹੌਸਲਾ ਤੋੜ ਸਕਦੀ ਹੈ, ਇਹ ਕਲਪਨਾ ਕਰਦੇ ਹੋਏ ਕਿ ਯਹੋਵਾਹ ਮਹਿਸੂਸ ਕਰਦਾ ਹੈ ਕਿ ਅਸੀਂ ਕਦੇ ਵੀ ਕਾਫ਼ੀ ਨਹੀਂ ਕਰਦੇ ਹਾਂ। ਉਨ੍ਹਾਂ ਭਾਵਨਾਵਾਂ ਉੱਤੇ ਗੌਰ ਕਰੋ ਜਿਨ੍ਹਾਂ ਨਾਲ ਕਈ ਵਿਅਕਤੀ ਸੰਘਰਸ਼ ਕਰਦੇ ਹਨ।
“ਕੀ ਤੁਹਾਨੂੰ ਪਤਾ ਹੈ ਕਿ ਗ਼ਰੀਬੀ ਕਿੰਨੀ ਸਮਾਂ-ਖਾਊ ਹੈ?” ਇਕ ਮਸੀਹੀ ਭੈਣ ਨੇ ਲਿਖਿਆ ਜੋ ਆਪਣੇ ਪਤੀ ਨਾਲ ਤਿੰਨ ਬੱਚਿਆਂ ਦਾ ਪਾਲਣ-ਪੋਸਣ ਕਰ ਰਹੀ ਹੈ। “ਜਿੱਥੇ ਵੀ ਹੋ ਸਕੇ ਉੱਥੇ ਮੈਨੂੰ ਬਚਤ ਕਰਨੀ ਪੈਂਦੀ ਹੈ। ਇਸ ਦਾ ਅਰਥ ਹੈ ਕਿ ਮੈਨੂੰ ਕਿਫ਼ਾਇਤੀ ਦੁਕਾਨਾਂ ਵਿਚ, ਕਲੀਰੈਂਸ ਸੇਲ ਦਿਆਂ ਰੈਕਾਂ ਵਿਚ ਭਾਲ ਕਰਨ, ਜਾਂ ਇੱਥੋਂ ਤਕ ਕਿ ਕੱਪੜੇ ਸੀਉਣ ਵਿਚ ਵੀ ਸਮਾਂ ਬਿਤਾਉਣਾ ਪੈਂਦਾ ਹੈ। ਮੈਂ ਹਰ ਹਫ਼ਤੇ [ਕਟੌਤੀ ਭੋਜਨ] ਕੂਪਨਾਂ ਉੱਤੇ ਵੀ ਇਕ-ਦੋ ਘੰਟੇ ਬਤੀਤ ਕਰਦੀ ਹਾਂ—ਇਨ੍ਹਾਂ ਨੂੰ ਕੱਟਣਾ, ਫ਼ਾਈਲ ਕਰਨਾ, ਅਤੇ ਇਨ੍ਹਾਂ ਨਾਲ ਖ਼ਰੀਦੋ-ਫ਼ਰੋਖਤ ਕਰਨੀ। ਕਦੇ-ਕਦੇ ਤਾਂ ਮੈਂ ਇਹ ਚੀਜ਼ਾਂ ਕਰਦਿਆਂ ਬਹੁਤ ਦੋਸ਼ੀ ਮਹਿਸੂਸ ਕਰਦੀ ਹਾਂ, ਇਹ ਵਿਚਾਰਦੇ ਹੋਏ ਕਿ ਮੈਨੂੰ ਖੇਤਰ ਸੇਵਾ ਵਿਚ ਇਹ ਸਮਾਂ ਬਿਤਾਉਣਾ ਚਾਹੀਦਾ ਹੈ।”
“ਮੈਂ ਸੋਚਿਆ ਕਿ ਜ਼ਰੂਰ ਮੈਂ ਯਹੋਵਾਹ ਨਾਲ ਅਸਲ ਵਿਚ ਕਾਫ਼ੀ ਪ੍ਰੇਮ ਨਹੀਂ ਕਰਦੀ ਹੋਵਾਂਗੀ,” ਇਕ ਭੈਣ ਨੇ ਵਿਆਖਿਆ ਕੀਤੀ ਜਿਸ ਦੇ ਚਾਰ ਬੱਚੇ ਅਤੇ ਇਕ ਅਵਿਸ਼ਵਾਸੀ ਪਤੀ ਹੈ। “ਇਸ ਲਈ ਮੈਂ ਯਹੋਵਾਹ ਦੀ ਸੇਵਾ ਵਿਚ ਸੰਘਰਸ਼ ਕੀਤਾ। ਮੈਂ ਬਹੁਤ ਹੀ ਮਿਹਨਤ ਕੀਤੀ, ਪਰ ਮੈਨੂੰ ਕਦੇ ਵੀ ਮਹਿਸੂਸ ਨਾ ਹੁੰਦਾ ਕਿ ਇਹ ਕਾਫ਼ੀ ਸੀ। ਅਸਲ ਵਿਚ, ਮੇਰੇ ਵਿਚ ਆਤਮ-ਕਦਰ ਦੀ ਕੋਈ ਭਾਵਨਾ ਹੀ ਨਹੀਂ ਸੀ, ਇਸ ਲਈ ਮੈਂ ਕਲਪਨਾ ਵੀ ਨਹੀਂ ਕਰ ਸਕਦੀ ਸੀ ਕਿ ਯਹੋਵਾਹ ਕਿਵੇਂ ਮੇਰੀ ਉਸ ਦੇ ਪ੍ਰਤੀ ਸੇਵਾ ਕਬੂਲ ਕਰ ਸਕਦਾ ਸੀ।”
ਇਕ ਮਸੀਹੀ ਜਿਸ ਨੂੰ ਮਜਬੂਰਨ ਹੀ ਪੂਰਣ-ਕਾਲੀ ਸੇਵਾ ਛੱਡਣੀ ਪਈ, ਨੇ ਕਿਹਾ: “ਮੇਰੇ ਲਈ ਇਹ ਵਿਚਾਰ ਅਸਹਿ ਸੀ ਕਿ ਮੈਂ ਯਹੋਵਾਹ ਦੀ ਪੂਰਣ-ਕਾਲੀ ਸੇਵਾ ਕਰਨ ਦੀ ਆਪਣੀ ਵਚਨਬੱਧਤਾ ਵਿਚ ਨਾਕਾਮ ਹੋ ਰਹੀ ਸੀ। ਤੁਸੀਂ ਸੋਚ ਵੀ ਨਹੀਂ ਸਕਦੇ ਹੋ ਕਿ ਮੈਂ ਕਿੰਨੀ ਨਿਰਾਸ਼ ਹੋਈ! ਮੈਂ ਹੁਣ ਇਸ ਬਾਰੇ ਯਾਦ ਕਰ ਕੇ ਰੋਂਦੀ ਹਾਂ।”
12. ਕੁਝ ਮਸੀਹੀ ਸੇਵਕਾਈ ਵਿਚ ਹੋਰ ਨਾ ਕਰ ਸਕਣ ਬਾਰੇ ਬਹੁਤ ਹੀ ਦੋਸ਼ੀ ਕਿਉਂ ਮਹਿਸੂਸ ਕਰਦੇ ਹਨ?
12 ਇਹ ਇੱਛਾ ਕਰਨੀ ਕੇਵਲ ਸੁਭਾਵਕ ਹੀ ਹੈ ਕਿ ਜਿੰਨਾ ਸੰਭਵ ਹੋਵੇ ਉੱਨਾ ਪੂਰਣ ਰੂਪ ਵਿਚ ਯਹੋਵਾਹ ਦੀ ਸੇਵਾ ਕਰੀਏ। (ਜ਼ਬੂਰ 86:12) ਪਰੰਤੂ, ਕਈ ਵਿਅਕਤੀ ਹੋਰ ਜ਼ਿਆਦਾ ਨਾ ਕਰ ਸਕਣ ਬਾਰੇ ਕਿਉਂ ਅਤਿ ਦੋਸ਼ੀ ਮਹਿਸੂਸ ਕਰਦੇ ਹਨ? ਕਈਆਂ ਲਈ, ਇੰਜ ਜਾਪਦਾ ਹੈ ਕਿ ਇਹ ਵਿਅਰਥਤਾ ਦੀ ਆਮ ਭਾਵਨਾ ਨਾਲ ਸੰਬੰਧਿਤ ਹੈ, ਜੋ ਸ਼ਾਇਦ ਜੀਵਨ ਵਿਚ ਅਸੁਖਾਵੇਂ ਤਜਰਬਿਆਂ ਦੇ ਸਿੱਟੇ ਵਜੋਂ ਪੈਦਾ ਹੁੰਦੀ ਹੈ। ਦੂਜੇ ਮਾਮਲਿਆਂ ਵਿਚ, ਇਹ ਕਿ ਯਹੋਵਾਹ ਸਾਡੇ ਤੋਂ ਕੀ ਆਸ ਰੱਖਦਾ ਹੈ, ਬਾਰੇ ਇਕ ਅਵਾਸਤਵਿਕ ਦ੍ਰਿਸ਼ਟੀਕੋਣ ਰੱਖਣ ਦੇ ਕਾਰਨ ਵੀ ਅਨੁਚਿਤ ਦੋਸ਼-ਭਾਵਨਾ ਪੈਦਾ ਹੋ ਸਕਦੀ ਹੈ। “ਮੈਂ ਮਹਿਸੂਸ ਕਰਦੀ ਸੀ ਕਿ ਜਦੋਂ ਤਾਈਂ ਮੈਂ ਪੂਰੀ ਥੱਕ ਨਾ ਜਾਵਾਂ, ਮੈਂ ਸ਼ਾਇਦ ਕਾਫ਼ੀ ਨਹੀਂ ਕਰ ਰਹੀ ਹਾਂ,” ਇਕ ਮਸੀਹੀ ਨੇ ਸਵੀਕਾਰ ਕੀਤਾ। ਇਸ ਦੇ ਸਿੱਟੇ ਵਜੋਂ, ਉਸ ਨੇ ਆਪਣੇ ਲਈ ਬੇਹੱਦ ਉੱਚੇ ਮਿਆਰ ਕਾਇਮ ਕੀਤੇ—ਅਤੇ ਫਿਰ ਹੋਰ ਵੀ ਦੋਸ਼ੀ ਮਹਿਸੂਸ ਕੀਤਾ ਜਦੋਂ ਉਹ ਇਨ੍ਹਾਂ ਤਕ ਨਾ ਪਹੁੰਚ ਸਕੀ।
13. ਯਹੋਵਾਹ ਸਾਡੇ ਤੋਂ ਕੀ ਆਸ ਰੱਖਦਾ ਹੈ?
13 ਯਹੋਵਾਹ ਸਾਡੇ ਤੋਂ ਕੀ ਆਸ ਰੱਖਦਾ ਹੈ? ਸਰਲ ਸ਼ਬਦਾਂ ਵਿਚ, ਯਹੋਵਾਹ ਸਾਡੇ ਤੋਂ ਉਸ ਦੀ ਸੇਵਾ ਪੂਰੇ ਪ੍ਰਾਣ ਨਾਲ ਕਰਨ ਦੀ ਆਸ ਰੱਖਦਾ ਹੈ, ਜਿੰਨਾ ਕਿ ਸਾਡੇ ਹਾਲਾਤ ਇਜਾਜ਼ਤ ਦਿੰਦੇ ਹਨ। (ਕੁਲੁੱਸੀਆਂ 3:23) ਪਰੰਤੂ, ਅਸੀਂ ਜੋ ਕਰਨਾ ਚਾਹੁੰਦੇ ਹਾਂ ਅਤੇ ਜੋ ਅਸੀਂ ਅਸਲ ਵਿਚ ਕਰ ਸਕਦੇ ਹਾਂ, ਵਿਚ ਇਕ ਵੱਡਾ ਫ਼ਰਕ ਹੋ ਸਕਦਾ ਹੈ। ਸਾਡੇ ਉੱਤੇ ਅਜਿਹਿਆਂ ਕਾਰਨਾਂ ਜਿਵੇਂ ਕਿ ਉਮਰ, ਸਿਹਤ, ਸਰੀਰਕ ਬਲ, ਜਾਂ ਪਰਿਵਾਰਕ ਜ਼ਿੰਮੇਵਾਰੀਆਂ ਦੀਆਂ ਬੰਦਸ਼ਾਂ ਹੋ ਸਕਦੀਆਂ ਹਨ। ਫਿਰ ਵੀ, ਜਦੋਂ ਅਸੀਂ ਉੱਨਾ ਕਰਦੇ ਹਾਂ ਜਿੰਨਾ ਅਸੀਂ ਕਰ ਸਕਦੇ ਹਾਂ, ਤਾਂ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਦੇ ਪ੍ਰਤੀ ਸਾਡੀ ਸੇਵਾ ਸੁਹਿਰਦ ਹੈ—ਉਸ ਵਿਅਕਤੀ ਤੋਂ ਘੱਟ ਜਾਂ ਜ਼ਿਆਦਾ ਸੁਹਿਰਦ ਨਹੀਂ ਜਿਸ ਦੀ ਸਿਹਤ ਅਤੇ ਹਾਲਾਤ ਉਸ ਨੂੰ ਪੂਰਣ-ਕਾਲੀ ਸੇਵਕਾਈ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਦਿੰਦੇ ਹਨ।—ਮੱਤੀ 13:18-23.
14. ਤੁਸੀਂ ਕੀ ਕਰ ਸਕਦੇ ਹੋ ਜੇਕਰ ਤੁਹਾਨੂੰ ਇਹ ਨਿਸ਼ਚਿਤ ਕਰਨ ਵਿਚ ਮਦਦ ਦੀ ਲੋੜ ਹੈ ਕਿ ਤੁਸੀਂ ਖ਼ੁਦ ਤੋਂ ਵਾਸਤਵਿਕ ਤੌਰ ਤੇ ਕੀ ਆਸ ਰੱਖ ਸਕਦੇ ਹੋ?
14 ਤਾਂ ਫਿਰ, ਤੁਸੀਂ ਕਿਵੇਂ ਨਿਸ਼ਚਿਤ ਕਰ ਸਕਦੇ ਹੋ ਕਿ ਤੁਸੀਂ ਖ਼ੁਦ ਤੋਂ ਵਾਸਤਵਿਕ ਤੌਰ ਤੇ ਕੀ ਆਸ ਰੱਖ ਸਕਦੇ ਹੋ? ਸ਼ਾਇਦ ਤੁਸੀਂ ਇਸ ਬਾਰੇ ਇਕ ਭਰੋਸੇਯੋਗ, ਪ੍ਰੌੜ੍ਹ ਮਸੀਹੀ ਮਿੱਤਰ ਦੇ ਨਾਲ ਗੱਲ ਕਰਨਾ ਚਾਹੋਗੇ, ਹੋ ਸਕਦਾ ਇਕ ਬਜ਼ੁਰਗ ਜਾਂ ਇਕ ਤਜਰਬੇਕਾਰ ਭੈਣ ਜੋ ਤੁਹਾਡੀਆਂ ਯੋਗਤਾਵਾਂ, ਤੁਹਾਡੀਆਂ ਸੀਮਾਵਾਂ, ਅਤੇ ਤੁਹਾਡੀਆਂ ਪਰਿਵਾਰਕ ਜ਼ਿੰਮੇਵਾਰੀਆਂ ਬਾਰੇ ਜਾਣੂ ਹੈ। (ਕਹਾਉਤਾਂ 15:22) ਯਾਦ ਰੱਖੋ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਕ ਵਿਅਕਤੀ ਦੇ ਤੌਰ ਤੇ ਤੁਹਾਡੀ ਕਦਰ ਇਸ ਦੁਆਰਾ ਨਹੀਂ ਮਾਪੀ ਜਾਂਦੀ ਹੈ ਕਿ ਤੁਸੀਂ ਖੇਤਰ ਸੇਵਕਾਈ ਵਿਚ ਕਿੰਨਾ ਕੁਝ ਕਰਦੇ ਹੋ। ਯਹੋਵਾਹ ਦੇ ਸਾਰੇ ਸੇਵਕ ਉਸ ਲਈ ਬਹੁਮੁੱਲੇ ਹਨ। (ਹੱਜਈ 2:7; ਮਲਾਕੀ 3:16, 17) ਤੁਸੀਂ ਪ੍ਰਚਾਰ ਕਾਰਜ ਵਿਚ ਜੋ ਕਰਦੇ ਹੋ, ਉਹ ਸ਼ਾਇਦ ਦੂਸਰਿਆਂ ਤੋਂ ਵਧ ਜਾਂ ਘੱਟ ਹੋਵੇ, ਪਰੰਤੂ ਜਿੰਨੀ ਦੇਰ ਤੁਸੀਂ ਆਪਣੀ ਪੂਰੀ ਕੋਸ਼ਿਸ਼ ਕਰਦੇ ਹੋ, ਯਹੋਵਾਹ ਪ੍ਰਸੰਨ ਹੁੰਦਾ ਹੈ, ਅਤੇ ਤੁਹਾਨੂੰ ਦੋਸ਼ੀ ਮਹਿਸੂਸ ਕਰਨ ਦੀ ਕੋਈ ਲੋੜ ਨਹੀਂ ਹੈ।—ਗਲਾਤੀਆਂ 6:4.
ਜਦੋਂ ਸਾਡੇ ਤੋਂ ਬਹੁਤਾ ਮੰਗਿਆ ਜਾਂਦਾ ਹੈ
15. ਕਿਨ੍ਹਾਂ ਤਰੀਕਿਆਂ ਵਿਚ ਕਲੀਸਿਯਾ ਬਜ਼ੁਰਗਾਂ ਤੋਂ ਬਹੁਤਾ ਮੰਗਿਆ ਜਾਂਦਾ ਹੈ?
15 “ਜਿਸ ਨੂੰ ਬਹੁਤ ਦਿੱਤਾ ਗਿਆ ਹੈ,” ਯਿਸੂ ਨੇ ਕਿਹਾ, “ਉਸ ਤੋਂ ਬਹੁਤਾ ਮੰਗਿਆ ਜਾਵੇਗਾ।” (ਲੂਕਾ 12:48, ਪਵਿੱਤਰ ਬਾਈਬਲ ਨਵਾਂ ਅਨੁਵਾਦ) ਨਿਸ਼ਚੇ ਹੀ, ਕਲੀਸਿਯਾ ਬਜ਼ੁਰਗਾਂ ਦੀ ਹੈਸੀਅਤ ਵਿਚ ਸੇਵਾ ਕਰਨ ਵਾਲਿਆਂ ਤੋਂ ‘ਬਹੁਤਾ ਮੰਗਿਆ ਜਾਂਦਾ ਹੈ।’ ਪੌਲੁਸ ਦੇ ਵਾਂਗ, ਉਹ ਕਲੀਸਿਯਾ ਦੇ ਨਿਮਿੱਤ ਖ਼ੁਦ ਨੂੰ ਖ਼ਰਚ ਕਰਦੇ ਹਨ। (2 ਕੁਰਿੰਥੀਆਂ 12:15) ਉਨ੍ਹਾਂ ਨੂੰ ਭਾਸ਼ਣ ਤਿਆਰ ਕਰਨੇ, ਰਹਿਨੁਮਾਈ ਮੁਲਾਕਾਤਾਂ ਕਰਨੀਆਂ, ਨਿਆਇਕ ਮਾਮਲਿਆਂ ਨੂੰ ਨਿਪਟਾਉਣਾ ਪੈਂਦਾ ਹੈ—ਅਤੇ ਇਹ ਸਭ ਕੁਝ ਆਪਣੇ ਪਰਿਵਾਰਾਂ ਦੀ ਅਣਗਹਿਲੀ ਕੀਤਿਆਂ ਬਿਨਾਂ। (1 ਤਿਮੋਥਿਉਸ 3:4, 5) ਕਈ ਬਜ਼ੁਰਗ ਤਾਂ ਰਾਜ ਗ੍ਰਹਿ ਨੂੰ ਉਸਾਰਨ, ਹਸਪਤਾਲ ਸੰਪਰਕ ਸਮਿਤੀ ਵਿਚ ਸੇਵਾ ਕਰਨ, ਅਤੇ ਸੰਮੇਲਨਾਂ ਤੇ ਮਹਾਂ-ਸੰਮੇਲਨਾਂ ਵਿਖੇ ਸਵੈ-ਇਛੁੱਕ ਸੇਵਾ ਕਰਨ ਵਿਚ ਵੀ ਵਿਅਸਤ ਹੁੰਦੇ ਹਨ। ਇਹ ਮਿਹਨਤੀ, ਸਮਰਪਿਤ ਮਨੁੱਖ ਅਜਿਹੀਆਂ ਜ਼ਿੰਮੇਵਾਰੀਆਂ ਦੇ ਬੋਝ ਹੇਠਾਂ ਥੱਕਣ ਤੋਂ ਕਿਵੇਂ ਬਚ ਸਕਦੇ ਹਨ?
16. (ੳ) ਯਿਥਰੋ ਨੇ ਮੂਸਾ ਨੂੰ ਕਿਹੜਾ ਵਿਵਹਾਰਕ ਹੱਲ ਪੇਸ਼ ਕੀਤਾ ਸੀ? (ਅ) ਕਿਹੜਾ ਗੁਣ ਇਕ ਬਜ਼ੁਰਗ ਨੂੰ ਦੂਸਰਿਆਂ ਦੇ ਨਾਲ ਉਪਯੁਕਤ ਜ਼ਿੰਮੇਵਾਰੀਆਂ ਸਾਂਝਿਆਂ ਕਰਨ ਲਈ ਯੋਗ ਬਣਾਏਗਾ?
16 ਜਦੋਂ ਮੂਸਾ, ਇਕ ਨਿਮਰ ਆਦਮੀ, ਦੂਜਿਆਂ ਦੀਆਂ ਸਮੱਸਿਆਵਾਂ ਦੀ ਦੇਖ-ਭਾਲ ਕਰਨ ਵਿਚ ਆਪਣੇ ਆਪ ਨੂੰ ਥਕਾ ਰਿਹਾ ਸੀ, ਤਾਂ ਉਸ ਦੇ ਸਹੁਰੇ, ਯਿਥਰੋ ਨੇ ਇਕ ਵਿਵਹਾਰਕ ਹੱਲ ਪੇਸ਼ ਕੀਤਾ: ਦੂਜੇ ਯੋਗ ਮਨੁੱਖਾਂ ਨਾਲ ਕੁਝ ਜ਼ਿੰਮੇਵਾਰੀ ਨੂੰ ਸਾਂਝਿਆਂ ਕਰੋ। (ਕੂਚ 18:17-26; ਗਿਣਤੀ 12:3) “ਨਮਰ ਮਨੁੱਖ ਬੁੱਧੀਮਾਨ ਹੁੰਦਾ ਹੈ,” ਕਹਾਉਤਾਂ 11:2 (ਨਵਾਂ ਅਨੁਵਾਦ) ਆਖਦਾ ਹੈ। ਨਿਮਰ ਹੋਣ ਦਾ ਭਾਵ ਹੈ, ਆਪਣੀਆਂ ਸੀਮਾਵਾਂ ਨੂੰ ਪਛਾਣਨਾ ਅਤੇ ਸਵੀਕਾਰਨਾ। ਇਕ ਨਿਮਰ ਮਨੁੱਖ ਦੂਜਿਆਂ ਨੂੰ ਅਧਿਕਾਰ ਸੌਂਪਣ ਵਿਚ ਸੰਕੋਚ ਨਹੀਂ ਕਰਦਾ ਹੈ, ਨਾ ਹੀ ਉਹ ਡਰਦਾ ਹੈ ਕਿ ਦੂਜੇ ਯੋਗ ਮਨੁੱਖਾਂ ਦੇ ਨਾਲ ਉਪਯੁਕਤ ਜ਼ਿੰਮੇਵਾਰੀਆਂ ਸਾਂਝਿਆਂ ਕਰਨ ਨਾਲ ਉਸ ਦਾ ਕਿਸੇ ਤਰੀਕੇ ਨਾਲ ਪ੍ਰਭਾਵ ਘੱਟ ਜਾਵੇਗਾ।b (ਗਿਣਤੀ 11:16, 17, 26-29) ਇਸ ਦੀ ਬਜਾਇ, ਉਹ ਉਨ੍ਹਾਂ ਨੂੰ ਉਨੱਤੀ ਕਰਨ ਵਿਚ ਮਦਦ ਕਰਨ ਲਈ ਉਤਸੁਕ ਹੁੰਦਾ ਹੈ।—1 ਤਿਮੋਥਿਉਸ 4:15.
17. (ੳ) ਕਲੀਸਿਯਾ ਦੇ ਸਦੱਸ ਬਜ਼ੁਰਗਾਂ ਦੇ ਬੋਝ ਨੂੰ ਕਿਵੇਂ ਘਟਾ ਸਕਦੇ ਹਨ? (ਅ) ਬਜ਼ੁਰਗਾਂ ਦੀਆਂ ਪਤਨੀਆਂ ਕਿਹੜੀਆਂ ਕੁਰਬਾਨੀਆਂ ਕਰਦੀਆਂ ਹਨ, ਅਤੇ ਅਸੀਂ ਉਨ੍ਹਾਂ ਨੂੰ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਇਨ੍ਹਾਂ ਨੂੰ ਸਾਧਾਰਣ ਨਹੀਂ ਸਮਝਦੇ ਹਾਂ?
17 ਕਲੀਸਿਯਾ ਦੇ ਸਦੱਸ ਬਜ਼ੁਰਗਾਂ ਦੇ ਬੋਝ ਨੂੰ ਘਟਾਉਣ ਵਿਚ ਕਾਫ਼ੀ ਕੁਝ ਕਰ ਸਕਦੇ ਹਨ। ਇਸ ਗੱਲ ਨੂੰ ਸਮਝਦੇ ਹੋਏ ਕਿ ਬਜ਼ੁਰਗਾਂ ਨੂੰ ਆਪਣੇ ਪਰਿਵਾਰਾਂ ਦੀ ਵੀ ਦੇਖ-ਭਾਲ ਕਰਨੀ ਪੈਂਦੀ ਹੈ, ਦੂਜੇ ਲੋਕ ਬਜ਼ੁਰਗਾਂ ਦੇ ਸਮੇਂ ਅਤੇ ਧਿਆਨ ਦੀ ਹੱਦੋਂ ਵੱਧ ਮੰਗ ਨਹੀਂ ਕਰਨਗੇ। ਨਾ ਹੀ ਉਹ ਉਨ੍ਹਾਂ ਰਜ਼ਾਮੰਦ ਕੁਰਬਾਨੀਆਂ ਨੂੰ ਸਾਧਾਰਣ ਸਮਝਣਗੇ ਜੋ ਬਜ਼ੁਰਗਾਂ ਦੀਆਂ ਪਤਨੀਆਂ ਕਰਦੀਆਂ ਹਨ ਜਿਉਂ-ਜਿਉਂ ਉਹ ਆਪਣੇ ਪਤੀਆਂ ਨੂੰ ਕਲੀਸਿਯਾ ਦੇ ਨਾਲ ਸਾਂਝਿਆਂ ਕਰਦੀਆਂ ਹਨ। ਇਕ ਤਿੰਨ ਬੱਚਿਆਂ ਦੀ ਮਾਂ ਜਿਸ ਦਾ ਪਤੀ ਇਕ ਬਜ਼ੁਰਗ ਵਜੋਂ ਸੇਵਾ ਕਰਦਾ ਹੈ, ਨੇ ਵਿਆਖਿਆ ਕੀਤੀ: “ਇਕ ਗੱਲ ਜਿਸ ਬਾਰੇ ਮੈਂ ਕਦੇ ਵੀ ਸ਼ਿਕਾਇਤ ਨਹੀਂ ਕਰਦੀ, ਉਹ ਇਹ ਹੈ ਕਿ ਘਰ ਵਿਚ ਮੈਂ ਖ਼ੁਸ਼ੀ ਨਾਲ ਜ਼ਿਆਦਾ ਬੋਝ ਸੰਭਾਲਦੀ ਹਾਂ ਤਾਂ ਜੋ ਮੇਰੇ ਪਤੀ ਇਕ ਬਜ਼ੁਰਗ ਦੀ ਹੈਸੀਅਤ ਵਿਚ ਸੇਵਾ ਕਰ ਸਕਣ। ਮੈਂ ਜਾਣਦੀ ਹਾਂ ਕਿ ਉਨ੍ਹਾਂ ਦੀ ਸੇਵਾ ਦੇ ਕਾਰਨ ਸਾਡੇ ਪਰਿਵਾਰ ਉੱਤੇ ਯਹੋਵਾਹ ਦੀ ਭਰਪੂਰ ਬਰਕਤ ਹੈ ਅਤੇ ਉਹ ਜੋ ਸਮਾਂ ਅਤੇ ਤਾਕਤ ਲਗਾਉਂਦੇ ਹਨ, ਉਸ ਬਾਰੇ ਮੈਂ ਕੁੜ੍ਹਦੀ ਨਹੀਂ ਹੈ। ਪਰੰਤੂ, ਕਿਉਂਕਿ ਮੇਰੇ ਪਤੀ ਵਿਅਸਤ ਹਨ, ਨਿਰਸੰਦੇਹ ਫਹੁੜੇ ਨਾਲ ਪੱਤੇ ਇਕੱਠੇ ਕਰਨ ਅਤੇ ਸਾਡੇ ਬੱਚਿਆਂ ਨੂੰ ਅਨੁਸ਼ਾਸਨ ਦੇਣ ਦਾ ਜ਼ਿਆਦਾ ਕੰਮ ਮੇਰੇ ਜ਼ਿੰਮੇ ਆਉਂਦਾ ਹੈ, ਜੋ ਕਿ ਆਮ ਹਾਲਾਤਾਂ ਵਿਚ ਇੰਜ ਨਾ ਹੁੰਦਾ।” ਦੁੱਖ ਦੀ ਗੱਲ ਹੈ ਕਿ ਇਸ ਭੈਣ ਨੇ ਪਾਇਆ ਕਿ ਉਸ ਦੇ ਅਧਿਕ ਬੋਝ ਦੀ ਕਦਰ ਕਰਨ ਦੀ ਬਜਾਇ, ਕਈਆਂ ਨੇ ਅਜਿਹੀਆਂ ਅਸੰਵੇਦਨਸ਼ੀਲ ਟਿੱਪਣੀਆਂ ਕੀਤੀਆਂ ਜਿਵੇਂ ਕਿ, “ਤੁਸੀਂ ਪਾਇਨੀਅਰਿੰਗ ਕਿਉਂ ਨਹੀਂ ਕਰ ਰਹੇ ਹੋ?” (ਕਹਾਉਤਾਂ 12:18) ਕਿੰਨਾ ਹੀ ਬਿਹਤਰ ਹੈ ਕਿ ਦੂਸਰੇ ਜਿੰਨਾ-ਕੁ ਕਰ ਰਹੇ ਹਨ, ਉਸ ਲਈ ਅਸੀਂ ਉਨ੍ਹਾਂ ਦੀ ਪ੍ਰਸ਼ੰਸਾ ਕਰੀਏ, ਇਸ ਦੇ ਬਜਾਇ ਕਿ ਉਹ ਜੋ ਕਰਨ ਵਿਚ ਅਯੋਗ ਹਨ, ਉਸ ਲਈ ਉਨ੍ਹਾਂ ਦੀ ਆਲੋਚਨਾ ਕਰੀਏ!—ਕਹਾਉਤਾਂ 16:24; 25:11.
ਕਿਉਂਕਿ ਅੰਤ ਅਜੇ ਆਇਆ ਨਹੀਂ ਹੈ
18, 19. (ੳ) ਸਦੀਪਕ ਜੀਵਨ ਲਈ ਦੌੜ ਦੇ ਵਿਚ ਰੁਕਣ ਦਾ ਹੁਣ ਸਮਾਂ ਕਿਉਂ ਨਹੀਂ ਹੈ? (ਅ) ਰਸੂਲ ਪੌਲੁਸ ਨੇ ਯਰੂਸ਼ਲਮ ਦੇ ਮਸੀਹੀਆਂ ਨੂੰ ਕਿਹੜੀ ਸਮੇਂ-ਅਨੁਕੂਲ ਸਲਾਹ ਦਿੱਤੀ ਸੀ?
18 ਜਦੋਂ ਇਕ ਦੌੜਾਕ ਜਾਣਦਾ ਹੈ ਕਿ ਉਹ ਇਕ ਲੰਮੀ ਦੌੜ ਦੇ ਅੰਤ ਦੇ ਨਿਕਟ ਹੈ, ਤਾਂ ਉਹ ਹੌਸਲਾ ਨਹੀਂ ਹਾਰਦਾ ਹੈ। ਉਸ ਦਾ ਸਰੀਰ ਸ਼ਾਇਦ ਆਪਣੀ ਸਹਿਣ-ਸ਼ਕਤੀ ਦੀ ਅੰਤਿਮ ਸੀਮਾ ਤੇ ਹੋਵੇ—ਥੱਕਿਆ, ਬਹੁਤਾ ਤਪਿਆ, ਅਤੇ ਨਿਰਜਲ—ਪਰੰਤੂ ਅੰਤ ਦੇ ਇੰਨੇ ਨਿਕਟ ਆ ਕੇ ਹੁਣ ਰੁਕਣ ਦਾ ਸਮਾਂ ਨਹੀਂ ਹੈ। ਇਸੇ ਤਰ੍ਹਾਂ, ਮਸੀਹੀਆਂ ਦੇ ਤੌਰ ਤੇ ਅਸੀਂ ਜੀਵਨ ਦੇ ਇਨਾਮ ਲਈ ਦੌੜ ਰਹੇ ਹਾਂ, ਅਤੇ ਅਸੀਂ ਅੰਤਿਮ ਰੇਖਾ ਦੇ ਬਹੁਤ ਹੀ ਨਿਕਟ ਪਹੁੰਚ ਗਏ ਹਾਂ। ਹੁਣ ਸਾਡੇ ਲਈ ਰੁਕਣ ਦਾ ਸਮਾਂ ਨਹੀਂ ਹੈ!—ਤੁਲਨਾ ਕਰੋ 1 ਕੁਰਿੰਥੀਆਂ 9:24; ਫ਼ਿਲਿੱਪੀਆਂ 2:16; 3:13, 14.
19 ਪਹਿਲੀ ਸਦੀ ਵਿਚ ਮਸੀਹੀਆਂ ਦੇ ਸਾਮ੍ਹਣੇ ਇਕ ਸਮਾਨ ਸਥਿਤੀ ਸੀ। ਲਗਭਗ 61 ਸਾ.ਯੁ. ਵਿਚ, ਰਸੂਲ ਪੌਲੁਸ ਨੇ ਯਰੂਸ਼ਲਮ ਦੇ ਮਸੀਹੀਆਂ ਨੂੰ ਲਿਖਿਆ। ਸਮਾਂ ਖ਼ਤਮ ਹੋ ਰਿਹਾ ਸੀ—ਦੁਸ਼ਟ “ਪੀਹੜੀ,” ਅਥਵਾ ਧਰਮ-ਤਿਆਗੀ ਯਹੂਦੀ ਰੀਤੀ-ਵਿਵਸਥਾ, ‘ਬੀਤਣ’ ਵਾਲੀ ਸੀ। ਖ਼ਾਸ ਕਰਕੇ ਯਰੂਸ਼ਲਮ ਵਿਚ ਮਸੀਹੀਆਂ ਨੂੰ ਸਾਵਧਾਨ ਅਤੇ ਵਫ਼ਾਦਾਰ ਰਹਿਣਾ ਪੈਣਾ ਸੀ; ਉਨ੍ਹਾਂ ਨੂੰ ਸ਼ਹਿਰ ਤੋਂ ਭੱਜਣ ਦੀ ਲੋੜ ਸੀ ਜਦੋਂ ਉਨ੍ਹਾਂ ਨੇ ਇਸ ਨੂੰ ਫ਼ੌਜਾਂ ਦੁਆਰਾ ਘੇਰਿਆ ਹੋਇਆ ਦੇਖਿਆ। (ਲੂਕਾ 21:20-24, 32) ਤਾਂ ਫਿਰ, ਪੌਲੁਸ ਦੀ ਪ੍ਰੇਰਿਤ ਸਲਾਹ ਸਮੇਂ-ਅਨੁਕੂਲ ਸੀ: ‘ਤੁਸੀਂ ਅੱਕ ਕੇ ਆਪਣੇ ਜੀ ਵਿੱਚ ਢਿੱਲੇ ਨਾ ਪੈ ਜਾਓ।’ (ਇਬਰਾਨੀਆਂ 12:3) ਰਸੂਲ ਪੌਲੁਸ ਨੇ ਇੱਥੇ ਦੋ ਸਪੱਸ਼ਟ ਕ੍ਰਿਆਵਾਂ ਦੀ ਵਰਤੋਂ ਕੀਤੀ: ‘ਅੱਕ ਜਾਣਾ’ (ਕੈਮਨੋ) ਅਤੇ ‘ਢਿੱਲੇ ਪੈ ਜਾਣਾ’ (ਐੱਕਲੀਓਮਾਈ)। ਇਕ ਬਾਈਬਲ ਵਿਦਵਾਨ ਦੇ ਅਨੁਸਾਰ, ਇਨ੍ਹਾਂ ਯੂਨਾਨੀ ਸ਼ਬਦਾਂ ਨੂੰ “ਅਰਸਤੂ ਨੇ ਉਨ੍ਹਾਂ ਦੌੜਾਕਾਂ ਲਈ ਵਰਤਿਆਂ ਜੋ ਅੰਤਿਮ-ਰੇਖਾ ਪਾਰ ਕਰਨ ਮਗਰੋਂ ਢਿੱਲੇ ਪੈ ਕੇ ਡਿੱਗ ਪੈਂਦੇ ਹਨ। [ਪੌਲੁਸ ਦੀ ਪੱਤ੍ਰੀ ਦੇ] ਪੜ੍ਹਨ ਵਾਲੇ ਹਾਲੇ ਵੀ ਦੌੜ ਵਿਚ ਸਨ। ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਹੀ ਹੌਸਲਾ ਨਹੀਂ ਹਾਰਨਾ ਚਾਹੀਦਾ ਹੈ। ਉਨ੍ਹਾਂ ਨੂੰ ਖ਼ੁਦ ਨੂੰ ਥਕਾਵਟ ਦੇ ਕਾਰਨ ਬੇਹੋਸ਼ ਹੋ ਕੇ ਡਿੱਗਣ ਨਹੀਂ ਦੇਣਾ ਚਾਹੀਦਾ ਹੈ। ਔਕੜ ਦਾ ਸਾਮ੍ਹਣਾ ਕਰਦਿਆਂ ਸਮੇਂ ਇਕ ਵਾਰ ਫਿਰ ਜੁਟੇ ਰਹਿਣ ਦੀ ਮੰਗ ਕੀਤੀ ਜਾਂਦੀ ਹੈ।”
20. ਪੌਲੁਸ ਦੀ ਸਲਾਹ ਅੱਜ ਸਾਡੇ ਲਈ ਕਿਉਂ ਸਮੇਂ-ਅਨੁਕੂਲ ਹੈ?
20 ਪੌਲੁਸ ਦੀ ਸਲਾਹ ਅੱਜ ਸਾਡੇ ਲਈ ਕਿੰਨੀ ਸਮੇਂ-ਅਨੁਕੂਲ ਹੈ! ਵਧਦੇ ਦਬਾਵਾਂ ਦਾ ਸਾਮ੍ਹਣਾ ਕਰਦੇ ਹੋਏ, ਕਦੇ-ਕਦੇ ਅਜਿਹੇ ਸਮੇਂ ਆ ਸਕਦੇ ਹਨ ਜਦੋਂ ਅਸੀਂ ਇਕ ਥੱਕੇ ਹੋਏ ਦੌੜਾਕ ਦੇ ਵਾਂਗ ਮਹਿਸੂਸ ਕਰੀਏ ਜਿਸ ਦੀਆਂ ਲੱਤਾਂ ਜਵਾਬ ਦੇਣ ਵਾਲੀਆਂ ਹੁੰਦੀਆਂ ਹਨ। ਪਰ ਅੰਤਿਮ-ਰੇਖਾ ਦੇ ਇੰਨੇ ਨਿਕਟ ਪਹੁੰਚ ਕੇ ਸਾਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ ਹੈ! (2 ਇਤਹਾਸ 29:11) ਸਾਡਾ ਵਿਰੋਧੀ, ‘ਬੁਕਦਾ ਸ਼ੀਂਹ,’ ਸਾਡੇ ਤੋਂ ਇਹੋ ਹੀ ਤਾਂ ਚਾਹੁੰਦਾ ਹੈ। ਅਸੀਂ ਸ਼ੁਕਰਗੁਜ਼ਾਰ ਹਾਂ ਕਿ ਯਹੋਵਾਹ ਨੇ ਉਹ ਪ੍ਰਬੰਧ ਕੀਤੇ ਹਨ ਜੋ ‘ਹੁੱਸੇ ਹੋਏ ਨੂੰ ਬਲ ਦਿੰਦੇ ਹਨ।’ (ਯਸਾਯਾਹ 40:29) ਇਹ ਕੀ ਹਨ ਅਤੇ ਅਸੀਂ ਇਨ੍ਹਾਂ ਤੋਂ ਕਿਵੇਂ ਲਾਭ ਉਠਾ ਸਕਦੇ ਹਾਂ, ਇਸ ਬਾਰੇ ਅਗਲੇ ਲੇਖ ਵਿਚ ਚਰਚਾ ਕੀਤੀ ਜਾਵੇਗੀ। (w95 12/1)
[ਫੁਟਨੋਟ]
a ਮਿਸਾਲ ਲਈ, ਕਈ ਸ਼ਾਇਦ ਇਕ ਡੂੰਘੇ ਸ਼ਖ਼ਸੀ ਔਗੁਣ, ਜਿਵੇਂ ਕਿ ਗਰਮ ਮਿਜ਼ਾਜ ਨੂੰ, ਜਾਂ ਹੱਥਰਸੀ ਦੀ ਸਮੱਸਿਆ ਨੂੰ ਕਾਬੂ ਪਾਉਣ ਲਈ ਸੰਘਰਸ਼ ਕਰਦੇ ਹੋਣ।—ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਅਵੇਕ!, ਮਈ 22, 1988, ਸਫ਼ੇ 19-21; ਨਵੰਬਰ 8, 1981, ਸਫ਼ੇ 16-20; ਅਤੇ ਪ੍ਰਸ਼ਨ ਜੋ ਨੌਜਵਾਨ ਪੁੱਛਦੇ ਹਨ—ਉੱਤਰ ਜੋ ਕੰਮ ਕਰਦੇ ਹਨ (ਅੰਗ੍ਰੇਜ਼ੀ), ਸਫ਼ੇ 198-211 ਦੇਖੋ।
b ਪਹਿਰਾਬੁਰਜ (ਅੰਗ੍ਰੇਜ਼ੀ) ਦੇ ਅਕਤੂਬਰ 15, 1992, ਦੇ ਅੰਕ ਵਿਚ, ਸਫ਼ਿਆਂ 20-3 ਉੱਤੇ ਲੇਖ “ਬਜ਼ੁਰਗ—ਅਧਿਕਾਰ ਸੌਂਪੋ!” ਦੇਖੋ।
ਤੁਹਾਡਾ ਜਵਾਬ ਕੀ ਹੈ?
◻ ਅਸੀਂ ਕਿਵੇਂ ਹੌਸਲਾ ਹਾਰਨ ਤੋਂ ਬਚ ਸਕਦੇ ਹਾਂ ਜਦੋਂ ਦੂਸਰੇ ਸਾਨੂੰ ਨਿਰਾਸ਼ ਕਰਦੇ ਜਾਂ ਦੁੱਖ ਪਹੁੰਚਾਉਂਦੇ ਹਨ?
◻ ਦੋਸ਼-ਭਾਵਨਾ ਬਾਰੇ ਕਿਹੜੀ ਸੰਤੁਲਿਤ ਦ੍ਰਿਸ਼ਟੀ ਸਾਨੂੰ ਹੌਸਲਾ ਹਾਰਨ ਤੋਂ ਬਚਾਏ ਰੱਖੇਗੀ?
◻ ਯਹੋਵਾਹ ਸਾਡੇ ਤੋਂ ਕੀ ਆਸ ਰੱਖਦਾ ਹੈ?
◻ ਨਿਮਰਤਾ ਕਿਵੇਂ ਕਲੀਸਿਯਾ ਬਜ਼ੁਰਗਾਂ ਨੂੰ ਥੱਕਣ ਤੋਂ ਬਚੇ ਰਹਿਣ ਵਿਚ ਮਦਦ ਕਰ ਸਕਦੀ ਹੈ?
◻ ਇਬਰਾਨੀਆਂ 12:3 ਵਿਚ ਪੌਲੁਸ ਦੀ ਸਲਾਹ ਅੱਜ ਸਾਡੇ ਲਈ ਕਿਉਂ ਸਮੇਂ-ਅਨੁਕੂਲ ਹੈ?