ਕੀ ਤੁਸੀਂ ਦੇਣ ਦੀ ਮਨੋਬਿਰਤੀ ਰੱਖਦੇ ਹੋ?
ਕੀ ਤੁਸੀਂ ਦੇਖਿਆ ਹੈ ਕਿ ਲੋਕੀ ਦੇਣ ਲਈ ਇਕ ਤੋਂ ਅਧਿਕ ਮਨੋਬਿਰਤੀ ਦੁਆਰਾ ਪ੍ਰੇਰਿਤ ਹੁੰਦੇ ਹਨ? ਇਕ ਤੋਹਫ਼ਾ ਪ੍ਰੇਮ ਦਾ, ਉਦਾਰਤਾ ਦਾ, ਕਦਰ ਦਾ ਪ੍ਰਗਟਾਉ ਹੋ ਸਕਦਾ ਹੈ। ਫਿਰ ਵੀ, ਕੀ ਤੁਸੀਂ ਇਹ ਨਹੀਂ ਦੇਖਿਆ ਹੈ ਕਿ ਇਕ ਤੋਹਫ਼ਾ ਸ਼ਾਇਦ ਇਸ ਲਈ ਦਿੱਤਾ ਜਾਂਦਾ ਹੈ ਕਿਉਂਕਿ ਇਕ ਵਿਅਕਤੀ ਕਿਰਪਾ ਹਾਸਲ ਕਰਨ ਦੀ ਇੱਛਾ ਰੱਖਦਾ ਹੈ? ਜਾਂ ਫਿਰ ਇਹ ਸ਼ਾਇਦ ਕੇਵਲ ਫ਼ਰਜ਼ ਦੀ ਭਾਵਨਾ ਨਾਲ ਦਿੱਤਾ ਜਾਂਦਾ ਹੈ, ਜਾਂ ਇਸ ਲਈ ਕਿ ਦੇਣਹਾਰ ਬਦਲੇ ਵਿਚ ਕੁਝ ਚਾਹੁੰਦਾ ਹੈ।
ਤੋਹਫ਼ਾ ਸ਼ਾਇਦ ਇਕ ਸੁੰਦਰ ਰਿਬਨ ਨਾਲ ਬੰਨ੍ਹੇ ਹੋਏ ਡੱਬੇ ਵਿਚ ਹੋਵੇ। ਲੇਕਿਨ ਕੀ ਇਹ ਸੱਚ ਨਹੀਂ ਕਿ ਇਕ ਵਧੀਆ ਤੋਹਫ਼ਾ ਫੁੱਲਾਂ ਦਾ ਇਕ ਗੁਲਦਸਤਾ, ਇਕ ਪਕਵਾਨ, ਜਾਂ ਇਕ ਦਿਆਲੂ ਕਾਰਜ ਵੀ ਹੋ ਸਕਦਾ ਹੈ? ਅਸਲ ਵਿਚ, ਜਿਹੜੇ ਤੋਹਫ਼ਿਆਂ ਦੀ ਸਭ ਤੋਂ ਗਹਿਰੀ ਕਦਰ ਪਾਈ ਜਾਂਦੀ ਹੈ, ਉਹ ਹਨ ਦੂਜਿਆਂ ਦੇ ਪ੍ਰਤੀ ਆਪਣੇ ਆਪ ਨੂੰ ਦੇਣਾ।
ਕੀ ਕੋਈ ਅਜਿਹਾ ਵਿਅਕਤੀ ਹੈ ਜਿਸ ਦੀ ਕਿਰਪਾ ਤੁਸੀਂ ਭਾਲਦੇ ਹੋ?
ਇਹ ਅਸਾਧਾਰਣ ਗੱਲ ਨਹੀਂ ਹੈ ਕਿ ਇਕ ਵਿਅਕਤੀ ਉਸ ਨੂੰ ਤੋਹਫ਼ਾ ਦਿੰਦਾ ਹੈ ਜਿਸ ਦੀ ਉਹ ਕਿਰਪਾ ਭਾਲਦਾ ਹੈ। ਕਈ ਦੇਸ਼ਾਂ ਵਿਚ ਇਕ ਜਵਾਨ ਆਦਮੀ ਇਕ ਸੰਭਾਵੀ ਲਾੜੀ ਦਾ ਦਿਲ ਜਿੱਤਣ ਲਈ ਸ਼ਾਇਦ ਉਸ ਲਈ ਫੁੱਲ ਲਿਆਵੇ। ਪਰ ਫਿਰ ਅਕਲਮੰਦ ਇਸਤਰੀ ਉਸ ਤੋਹਫ਼ੇ ਤੋਂ ਅਧਿਕ ਦੇਖਦੀ ਹੈ। ਉਹ ਵਿਚਾਰਦੀ ਹੈ ਕਿ ਉਸ ਨੌਜਵਾਨ ਦੇ ਤੋਹਫ਼ੇ ਦੇ ਪਿੱਛੇ ਜੋ ਮਨੋਬਿਰਤੀ ਹੈ, ਉਹ ਪ੍ਰੇਮਪੂਰਣ ਹੈ ਜੋ ਉਸ ਨੂੰ ਇਕ ਵਧੀਆ ਪਤੀ ਵੀ ਬਣਾਏਗੀ ਜਾਂ ਨਹੀਂ। ਅਜਿਹਾ ਤੋਹਫ਼ਾ, ਜੇਕਰ ਇਹ ਇਕ ਈਸ਼ਵਰੀ ਮਨੋਬਿਰਤੀ ਨੂੰ ਪ੍ਰਤਿਬਿੰਬਤ ਕਰਦਾ ਹੈ, ਤਾਂ ਉਹ ਦੇਣਹਾਰ ਅਤੇ ਪ੍ਰਾਪਤ ਕਰਤਾ ਦੋਹਾਂ ਲਈ ਵੱਡੀ ਖ਼ੁਸ਼ੀ ਦਾ ਕਾਰਨ ਬਣ ਸਕਦਾ ਹੈ।
ਬਾਈਬਲ ਇਕ ਮੌਕੇ ਬਾਰੇ ਦੱਸਦੀ ਹੈ ਜਦੋਂ ਨਾਬਾਲ ਦੀ ਪਤਨੀ, ਅਬੀਗੈਲ ਨੇ ਛੇਤੀ ਨਾਲ ਦਾਊਦ ਲਈ ਇਕ ਉਦਾਰ ਤੋਹਫ਼ਾ ਤਿਆਰ ਕੀਤਾ, ਜਿਸ ਨੂੰ ਉਸ ਨੇ ਪਰਮੇਸ਼ੁਰ ਦੁਆਰਾ ਚੁਣੇ ਹੋਏ ਇਸਰਾਏਲ ਦੇ ਭਾਵੀ ਰਾਜਾ ਦੇ ਤੌਰ ਤੇ ਸਵੀਕਾਰਿਆ। ਉਹ ਵੀ ਕਿਰਪਾ ਭਾਲਦੀ ਸੀ। ਉਸ ਦੇ ਪਤੀ ਨੇ ਦਾਊਦ ਨੂੰ ਦੁਤਕਾਰਿਆ ਸੀ ਅਤੇ ਦਾਊਦ ਦੇ ਆਦਮੀਆਂ ਨੂੰ ਫਿਟਕਾਰਿਆ ਸੀ। ਕੁਝ 400 ਹਥਿਆਰਬੰਦ ਆਦਮੀਆਂ ਦੇ ਸਮੂਹ ਦੀ ਅਗਵਾਈ ਕਰਦੇ ਹੋਏ, ਦਾਊਦ ਨਾਬਾਲ ਅਤੇ ਉਸ ਦੇ ਘਰਾਣੇ ਨੂੰ ਨਾਸ਼ ਕਰਨ ਲਈ ਨਿਕਲ ਪਿਆ ਸੀ। ਅਬੀਗੈਲ ਨੇ ਦਖ਼ਲ ਦਿੰਦੀ ਹੋਈ, ਛੇਤੀ ਨਾਲ ਦਾਊਦ ਨੂੰ ਉਸ ਦੇ ਆਦਮੀਆਂ ਲਈ ਭੋਜਨ ਵਸਤਾਂ ਦਾ ਇਕ ਉਦਾਰ ਤੋਹਫ਼ਾ ਭੇਜਿਆ। ਤੋਹਫ਼ਾ ਭੇਜਣ ਮਗਰੋਂ ਉਹ ਖ਼ੁਦ ਵੀ ਉੱਥੇ ਪਹੁੰਚੀ, ਅਤੇ ਆਪਣੇ ਪਤੀ ਦੀ ਕਰਤੂਤ ਲਈ ਨਿਮਰਤਾ ਨਾਲ ਮਾਫ਼ੀ ਮੰਗਣ ਤੋਂ ਬਾਅਦ ਉਸ ਨੇ ਦਾਊਦ ਨੂੰ ਦਲੀਲ ਰਾਹੀਂ ਮਨਾਉਂਦੇ ਹੋਏ ਵੱਡੀ ਸਿਆਣਪ ਦਾ ਸਬੂਤ ਦਿੱਤਾ।
ਉਸ ਦਾ ਉਦੇਸ਼ ਚੰਗਾ ਸੀ, ਅਤੇ ਨਤੀਜਾ ਵੀ ਚੰਗਾ ਨਿਕਲਿਆ। ਦਾਊਦ ਨੇ ਉਸ ਦਾ ਤੋਹਫ਼ਾ ਸਵੀਕਾਰ ਕੀਤਾ ਅਤੇ ਉਸ ਨੂੰ ਕਿਹਾ: “ਆਪਣੇ ਘਰ ਸੁਖ ਸਾਂਦੀ ਨਾਲ ਜਾਹ। ਵੇਖ, ਮੈਂ ਤੇਰੀ ਗੱਲ ਸੁਣ ਲਈ ਹੈ ਅਤੇ ਤੇਰੀ ਅਰਜ਼ ਨੂੰ ਮੰਨ ਲਿਆ।” ਬਾਅਦ ਵਿਚ, ਨਾਬਾਲ ਦੀ ਮੌਤ ਮਗਰੋਂ, ਦਾਊਦ ਨੇ ਅਬੀਗੈਲ ਨੂੰ ਵਿਆਹ ਦੀ ਵੀ ਪੇਸ਼ਕਸ਼ ਕੀਤੀ, ਅਤੇ ਉਸ ਨੇ ਖ਼ੁਸ਼ੀ ਨਾਲ ਸਵੀਕਾਰ ਕੀਤਾ।—1 ਸਮੂਏਲ 25:13-42.
ਪਰੰਤੂ, ਕਈ ਮਾਮਲਿਆਂ ਵਿਚ ਇਕ ਵਿਅਕਤੀ ਜਿਸ ਕਿਰਪਾ ਦੀ ਭਾਲ ਕਰ ਰਿਹਾ ਹੁੰਦਾ ਹੈ, ਉਸ ਵਿਚ ਸ਼ਾਇਦ ਪੱਖਪਾਤ ਕਰਨਾ, ਜਾਂ ਇੱਥੋਂ ਤਕ ਕਿ ਨਿਆਉਂ ਦਾ ਵਿਗਾੜ ਵੀ ਸ਼ਾਮਲ ਹੋਵੇ। ਅਜਿਹੇ ਮਾਮਲੇ ਵਿਚ, ਉਹ ਤੋਹਫ਼ਾ ਇਕ ਰਿਸ਼ਵਤ ਹੈ। ਦੇਣਹਾਰ ਸੋਚਦਾ ਹੈ ਕਿ ਉਸ ਦਾ ਫ਼ਾਇਦਾ ਹੋਵੇਗਾ, ਪਰੰਤੂ ਉਹ ਆਪਣੀ ਮਨ ਦੀ ਸ਼ਾਂਤੀ ਗੁਆ ਬੈਠਦਾ ਹੈ। ਇਹ ਖ਼ਤਰਾ ਹਰ ਵੇਲੇ ਰਹਿੰਦਾ ਹੈ ਕਿ ਦੂਜਿਆਂ ਨੂੰ ਇਸ ਬਾਰੇ ਪਤਾ ਲੱਗ ਜਾਵੇਗਾ, ਅਤੇ ਕਿ ਉਸ ਨੂੰ ਇਸ ਲਈ ਜਵਾਬ ਦੇਣਾ ਪਵੇਗਾ। ਭਾਵੇਂ ਕਿ ਇੱਛਿਤ ਕਿਰਪਾ ਹਾਸਲ ਹੋ ਵੀ ਜਾਂਦੀ ਹੈ, ਕਿਰਪਾ ਭਾਲਣ ਵਾਲਾ ਵਿਅਕਤੀ, ਭੈੜੀ ਨੀਅਤ ਰੱਖਣ ਵਾਲੇ ਦੇ ਤੌਰ ਤੇ ਖੁਨਾਮੀ ਹਾਸਲ ਕਰਦਾ ਹੈ। ਈਸ਼ਵਰੀ ਬੁੱਧ ਪ੍ਰਤਿਬਿੰਬਤ ਕਰਦੇ ਹੋਏ, ਬਾਈਬਲ ਅਜਿਹਿਆਂ ਤੋਹਫ਼ਿਆਂ ਦੇ ਵਿਰੁੱਧ ਚੇਤਾਵਨੀ ਦਿੰਦੀ ਹੈ।—ਬਿਵਸਥਾ ਸਾਰ 16:19; ਉਪਦੇਸ਼ਕ ਦੀ ਪੋਥੀ 7:7.
ਕੀ ਤੋਹਫ਼ਾ ਇਕ ਇੱਛੁਕ ਦਿਲ ਤੋਂ ਆਉਂਦਾ ਹੈ?
ਇਸ ਵਿਚ ਕੋਈ ਸ਼ੱਕ ਨਹੀਂ—ਜਿਸ ਵਿਅਕਤੀ ਨਾਲ ਤੁਸੀਂ ਪਿਆਰ ਕਰਦੇ ਹੋ ਉਸ ਨੂੰ ਇਸ ਲਈ ਤੋਹਫ਼ਾ ਦੇਣਾ ਕਿਉਂਕਿ ਤੁਸੀਂ ਇਹ ਕਰਨ ਦੇ ਇੱਛੁਕ ਹੋ, ਜ਼ਿਆਦਾ ਖ਼ੁਸ਼ੀ ਲਿਆਉਂਦਾ ਹੈ, ਇਸ ਦੀ ਬਜਾਇ ਕਿ ਤੁਸੀਂ ਇਸ ਲਈ ਦਿੰਦੇ ਹੋ ਕਿਉਂਕਿ ਦੂਸਰੇ ਤੁਹਾਨੂੰ ਮਹਿਸੂਸ ਕਰਵਾਉਂਦੇ ਹਨ ਕਿ ਤੁਹਾਨੂੰ ਦੇਣਾ ਹੀ ਚਾਹੀਦਾ ਹੈ।
ਭੌਤਿਕ ਤੌਰ ਤੇ ਲੋੜ ਵਿਚ ਪਏ ਸੰਗੀ ਮਸੀਹੀਆਂ ਲਈ ਰਾਹਤ ਸਾਮੱਗਰੀ ਨੂੰ ਇਕੱਠਿਆਂ ਕਰਨ ਦੇ ਸੰਬੰਧ ਵਿਚ, ਰਸੂਲ ਪੌਲੁਸ ਨੇ ਈਸ਼ਵਰੀ ਦਾਨ ਕਰਨ ਬਾਰੇ ਕਈ ਉੱਤਮ ਸਿਧਾਂਤ ਪੇਸ਼ ਕੀਤੇ। “ਜੇ ਮਨ ਦੀ ਤਿਆਰੀ ਅੱਗੇ ਹੋਵੇ,” ਉਸ ਨੇ ਲਿਖਿਆ, “ਤਾਂ ਉਹ ਉਸ ਦੇ ਅਨੁਸਾਰ ਜੋ ਕਿਸੇ ਕੋਲ ਹੈ ਪਰਵਾਨ ਹੁੰਦੀ ਹੈ ਨਾ ਉਸ ਦੇ ਅਨੁਸਾਰ ਜੋ ਉਸ ਦੇ ਕੋਲ ਨਹੀਂ ਹੈ।” ਉਸ ਨੇ ਅੱਗੇ ਕਿਹਾ: “ਹਰੇਕ ਜਿਵੇਂ ਉਹ ਨੇ ਦਿਲ ਵਿੱਚ ਧਾਰਿਆ ਹੈ ਤਿਵੇਂ ਕਰੇ, ਰੰਜ ਨਾਲ ਅਥਵਾ ਲਚਾਰੀ ਨਾਲ ਨਹੀਂ ਕਿਉਂ ਜੋ ਪਰਮੇਸ਼ੁਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।” (2 ਕੁਰਿੰਥੀਆਂ 8:12; 9:7) ਇਸ ਤਰ੍ਹਾਂ, ਕਾਫ਼ੀ ਕੁਝ ਤੁਹਾਡੇ ਉੱਤੇ ਨਿਰਭਰ ਕਰਦਾ ਹੈ। ਤੋਹਫ਼ੇ ਦੇਣ ਦੇ ਧੁਨ ਵਿਚ ਆ ਕੇ ਕਰਜ਼ੇ ਵਿਚ ਡੁੱਬ ਜਾਣ ਦੀ ਬਜਾਇ, ਕੀ ਤੁਸੀਂ ਆਪਣੀ ਚਾਦਰ ਵੇਖ ਕੇ ਪੈਰ ਪਸਾਰਦੇ ਹੋ? ਵਿਸ਼ੇਸ਼ ਕਰਕੇ ਸਮਾਜਕ ਜਾਂ ਤਜਾਰਤੀ ਦਬਾਉ ਦੇ ਕਾਰਨ ਹੀ ਤੋਹਫ਼ੇ ਦੇਣ ਲਈ ਮਜਬੂਰ ਹੋਣ ਦੀ ਬਜਾਇ, ਕੀ ਤੁਸੀਂ ਉਹੋ ਹੀ ਕਰਦੇ ਹੋ ਜੋ ਤੁਸੀਂ ਦਿਲ ਵਿਚ ਠਾਣਿਆ ਹੈ? ਉਨ੍ਹਾਂ ਮੁਢਲੇ ਮਸੀਹੀਆਂ ਬਾਰੇ ਜਿਨ੍ਹਾਂ ਨੇ ਅਜਿਹੇ ਈਸ਼ਵਰੀ ਸਿਧਾਂਤਾਂ ਨੂੰ ਲਾਗੂ ਕੀਤਾ, ਪੌਲੁਸ ਨੇ ਲਿਖਿਆ: “ਉਨ੍ਹਾਂ ਨੇ ਵੱਡੀਆਂ ਮਿੰਨਤਾਂ ਨਾਲ ਸਾਡੇ ਅੱਗੇ ਇਹ ਬੇਨਤੀ ਕੀਤੀ ਭਈ ਸਾਡੀ ਵੀ ਉਸ ਪੁੰਨ ਦੇ ਕੰਮ ਅਤੇ ਉਸ ਸੇਵਾ ਵਿੱਚ ਜਿਹੜੀ ਸੰਤਾਂ ਦੇ ਲਈ ਹੈ ਸਾਂਝ ਹੋਵੇ।”—2 ਕੁਰਿੰਥੀਆਂ 8:4.
ਉਸ ਦੇ ਬਿਲਕੁਲ ਉਲਟ, ਨਵੰਬਰ/ਦਸੰਬਰ 1994 ਦੇ ਰੌਯਲ ਬੈਂਕ ਲੈੱਟਰ ਨੇ ਕ੍ਰਿਸਮਸ ਤੋਂ ਪਹਿਲਾਂ ਕੁਝ ਹਫ਼ਤਿਆਂ ਬਾਰੇ ਕਿਹਾ: “ਇਸ ਸਮੇਂ ਨੂੰ ਇਕ ਬਣਾਵਟੀ ਉਤੇਜਨਾ ਦੀ ਸਥਿਤੀ ਸਮਝਿਆ ਜਾ ਸਕਦਾ ਹੈ, ਜਿਸ ਨੂੰ ਵਪਾਰਕ ਹਿਤਾਂ ਦੁਆਰਾ ਭੜਕਾਇਆ ਜਾਂਦਾ ਹੈ ਤਾਂ ਜੋ ਉਪਭੋਗੀਆਂ ਨੂੰ ਉਹ ਚੀਜ਼ਾਂ ਖ਼ਰੀਦਣ ਲਈ ਮਜਬੂਰ ਕਰਨ ਜੋ ਆਮ ਹਾਲਾਤਾਂ ਵਿਚ ਉਹ ਨਹੀਂ ਖ਼ਰੀਦਦੇ।” ਜੇਕਰ ਉਧਾਰ ਤੇ ਖ਼ਰੀਦਾਰੀ ਕੀਤੀ ਜਾਂਦੀ ਹੈ, ਤਾਂ ਤੋਹਫ਼ੇ ਦੇਣ ਤੋਂ ਜੋ ਵੀ ਸੰਤੁਸ਼ਟੀ ਮਿਲਦੀ ਹੈ, ਉਸ ਉੱਤੇ ਛੇਤੀ ਹੀ ਮਾਂਦ ਪੈ ਸਕਦੀ ਹੈ ਜਦੋਂ ਬਿਲ ਦਾ ਭੁਗਤਾਨ ਕਰਨ ਦਾ ਸਮਾਂ ਆਉਂਦਾ ਹੈ।
ਤੁਹਾਡੀ ਮੁੱਖ ਚਿੰਤਾ—ਉਹ ਅਵਸਰ? ਜਾਂ ਪ੍ਰੇਮ ਦਾ ਪ੍ਰਗਟਾਉ?
ਕੀ ਤੁਸੀਂ ਇਹ ਪਾਉਂਦੇ ਹੋ ਕਿ ਤੁਸੀਂ ਮੁੱਖ ਤੌਰ ਤੇ ਉਦੋਂ ਹੀ ਤੋਹਫ਼ੇ ਦਿੰਦੇ ਹੋ ਜਦੋਂ ਅਵਸਰ ਇਸ ਦੀ ਮੰਗ ਕਰਦਾ ਹੈ? ਜੇਕਰ ਹਾਂ, ਤਾਂ ਸ਼ਾਇਦ ਤੁਸੀਂ ਉਸ ਖ਼ੁਸ਼ੀ ਤੋਂ ਵੰਚਿਤ ਹੋ ਰਹੇ ਹੋ ਜੋ ਸਹਿਜਸੁਭਾਵਕ ਦੇਣ ਤੋਂ ਮਿਲਦੀ ਹੈ।
ਬਹੁਤ ਸਾਰੇ ਲੋਕ ਹਨ ਜੋ ਵਿਸ਼ੇਸ਼ ਦਿਨਾਂ ਤੇ ਤੋਹਫ਼ੇ ਦੇਣ ਦਿਆਂ ਨਤੀਜਿਆਂ ਤੋਂ ਖ਼ੁਸ਼ ਨਹੀਂ ਹਨ। ਇਕ ਮਾਂ ਜੋ ਇਕ ਲੇਖਕਾ ਵੀ ਹੈ, ਕਬੂਲਦੀ ਹੈ ਕਿ ਜਦੋਂ ਉਹ ਦਿਨ ਨਿਕਟ ਆਉਂਦਾ ਜਦੋਂ ਤੋਹਫ਼ਿਆਂ ਦੀ ਆਸ ਰੱਖੀ ਜਾਂਦੀ ਸੀ, ਤਾਂ ਉਸ ਦੇ ਬੱਚਿਆਂ ਵਿਚ ਲਾਲਚ ਨਜ਼ਰ ਆਉਣ ਲੱਗਦਾ ਸੀ। ਉਸ ਨੇ ਮੰਨਿਆ ਕਿ ਇਕ ਸੁੰਦਰ ਤੋਹਫ਼ੇ ਦੇ ਸੰਬੰਧ ਵਿਚ ਉਸ ਦੀ ਖ਼ੁਦ ਦੀ ਖ਼ੁਸ਼ੀ ਮਾਰੀ ਗਈ ਕਿਉਂਕਿ ਉਸ ਨੇ ਕਿਸੇ ਹੋਰ ਚੀਜ਼ ਦੀ ਉਮੀਦ ਰੱਖੀ ਸੀ। ਅਨੇਕ ਰਿਪੋਰਟਾਂ ਦੱਸਦੀਆਂ ਹਨ ਕਿ ਉਹ ਤਿਉਹਾਰ ਜਿਨ੍ਹਾਂ ਵਿਚ ਰੌਣਕ-ਮੇਲਾ ਅਤੇ ਤੋਹਫ਼ਿਆਂ ਦੇ ਲੈਣ-ਦੇਣ ਨੂੰ ਇਕ ਪ੍ਰਮੁੱਖ ਸਥਾਨ ਦਿੱਤਾ ਜਾਂਦਾ ਹੈ, ਅਜਿਹੇ ਸਮੇਂ ਵੀ ਹੁੰਦੇ ਹਨ ਜਦੋਂ ਕਾਫ਼ੀ ਭਾਵਾਤਮਕ ਹਤਾਸ਼ਾ ਅਤੇ ਸ਼ਰਾਬ ਦੀ ਕੁਵਰਤੋਂ ਹੁੰਦੀ ਹੈ।
ਇਹ ਦੇਖਣ ਤੋਂ ਬਾਅਦ ਕਿ ਤਿਉਹਾਰ ਦੇ ਸਮੇਂ ਤੇ ਤੋਹਫ਼ੇ ਦੇਣ ਉੱਤੇ ਦਿੱਤਾ ਜਾਂਦਾ ਜ਼ੋਰ ਕਦੇ-ਕਦੇ ਬੱਚਿਆਂ ਉੱਤੇ ਪ੍ਰਤਿਕੂਲ ਅਸਰ ਪਾਉਂਦਾ ਹੈ, ਦ ਨਿਊ ਯੌਰਕ ਟਾਈਮਜ਼ ਵਿਚ ਉੱਧਰਤ ਇਕ ਮਨੋਵਿਗਿਆਨ ਦਾ ਪ੍ਰੋਫ਼ੈਸਰ ਸਲਾਹ ਦਿੰਦਾ ਹੈ: “ਤਣਾਉ ਨੂੰ ਘਟਾਉਣ ਲਈ ਦੂਜਿਆਂ ਦਿਨਾਂ ਤੇ ਵੀ ਕੁਝ ਤੋਹਫ਼ੇ ਦੇਣ ਬਾਰੇ ਵਿਚਾਰ ਕਰੋ।” ਤੁਹਾਡੇ ਵਿਚਾਰ ਵਿਚ ਕੀ ਇਸ ਦਾ ਚੰਗਾ ਅਸਰ ਹੋਵੇਗਾ?
ਟੈਮੀ, ਇਕ 12-ਸਾਲਾ ਲੜਕੀ ਜੋ ਅਜਿਹੇ ਘਰਾਣੇ ਵਿਚ ਰਹਿੰਦੀ ਹੈ ਜਿਸ ਵਿਚ ਕ੍ਰਿਸਮਸ ਅਤੇ ਜਨਮ-ਦਿਨ ਨਹੀਂ ਮਨਾਏ ਜਾਂਦੇ ਹਨ, ਨੇ ਲਿਖਿਆ: “ਉਦੋਂ ਤੋਹਫ਼ਾ ਹਾਸਲ ਕਰਨ ਵਿਚ ਜ਼ਿਆਦਾ ਮਜ਼ਾ ਹੈ, ਜਦੋਂ ਤੁਹਾਨੂੰ ਇਸ ਦੀ ਆਸ ਨਹੀਂ ਹੁੰਦੀ ਹੈ।” ਉਸ ਨੇ ਕਿਹਾ ਕਿ ਸਾਲ ਵਿਚ ਕੇਵਲ ਇਕ-ਦੋ ਵਾਰ ਤੋਹਫ਼ੇ ਦੇਣ ਦੀ ਬਜਾਇ, ਉਸ ਦੇ ਮਾਪੇ ਉਸ ਨੂੰ ਅਤੇ ਉਸ ਦੇ ਭਰਾ ਨੂੰ ਸਾਲ ਭਰ ਹੀ ਤੋਹਫ਼ੇ ਦਿੰਦੇ ਹਨ। ਪਰੰਤੂ ਉਸ ਲਈ ਇਨ੍ਹਾਂ ਤੋਹਫ਼ਿਆਂ ਤੋਂ ਵੀ ਇਕ ਹੋਰ ਅਧਿਕ ਮਹੱਤਵਪੂਰਣ ਚੀਜ਼ ਹੈ। ਜਿਵੇਂ ਕਿ ਉਹ ਦੱਸਦੀ ਹੈ, “ਮੇਰਾ ਇਕ ਬਹੁਤ ਹੀ ਸੁਖੀ ਪਰਿਵਾਰਕ ਜੀਵਨ ਹੈ।”
ਪੁਸਤਕ ਮਜ਼ਬੂਤ ਪਰਿਵਾਰਾਂ ਦੇ ਰਾਜ਼ (ਅੰਗ੍ਰੇਜ਼ੀ) ਖੁਲ੍ਹੇ ਤੌਰ ਤੇ ਬਿਆਨ ਕਰਦੀ ਹੈ: “ਸਾਡੇ ਵਿੱਚੋਂ ਜ਼ਿਆਦਾਤਰ ਲੋਕ ਸਾਲ ਵਿਚ ਕਈ ਵਾਰ ਜਨਮ-ਦਿਨ, ਵਿਆਹਾਂ ਦੀਆਂ ਸਾਲ-ਗਿਰ੍ਹਾਂ, ਜਾਂ ਤਿਉਹਾਰਾਂ ਤੇ ਆਪਣੇ ਪਿਆਰਿਆਂ ਲਈ ਉਪਯੁਕਤ ਤੋਹਫ਼ੇ ਚੁਣਨ ਲਈ ਸਮਾਂ ਅਤੇ ਪੈਸਾ ਖ਼ਰਚ ਕਰਦੇ ਹਨ। ਸਭ ਤੋਂ ਬਿਹਤਰੀਨ ਤੋਹਫ਼ੇ ਲਈ ਤੁਹਾਨੂੰ ਬੈਂਕ ਵਿੱਚੋਂ ਪੈਸੇ ਕੱਢਣ ਦੀ ਲੋੜ ਨਹੀਂ ਪਵੇਗੀ। ਅਤੇ ਤੁਹਾਨੂੰ ਇਸ ਨੂੰ ਲਪੇਟਣਾ ਵੀ ਨਹੀਂ ਪਵੇਗਾ। ਜੇਕਰ ਤੁਸੀਂ ਮੰਨਦੇ ਹੋ, ਜਿਵੇਂ ਕਿ ਅਧਿਕਤਰ ਲੋਕ ਮੰਨਦੇ ਹਨ, ਕਿ ਤੁਹਾਡਾ ਜੀਵਨ ਹੀ ਤੁਹਾਡੀ ਸਭ ਤੋਂ ਮੁੱਲਵਾਨ ਸੰਪਤੀ ਹੈ, ਤਾਂ ਤੁਹਾਡੇ ਜੀਵਨ ਦਾ ਇਕ ਹਿੱਸਾ ਹੀ ਉਹ ਸਭ ਤੋਂ ਕੀਮਤੀ ਤੋਹਫ਼ਾ ਹੈ ਜੋ ਤੁਸੀਂ ਦੇ ਸਕਦੇ ਹੋ। ਅਸੀਂ ਇਹ ਕੀਮਤੀ ਤੋਹਫ਼ਾ ਦਿੰਦੇ ਹਾਂ ਜਦੋਂ ਅਸੀਂ ਆਪਣੇ ਪਿਆਰਿਆਂ ਨੂੰ ਆਪਣਾ ਸਮਾਂ ਦਿੰਦੇ ਹਾਂ।”
ਤੁਸੀਂ ਅਜਿਹਾ ਤੋਹਫ਼ਾ ਆਪਣੇ ਪਰਿਵਾਰ ਦੇ ਬਾਹਰ ਵੀ ਦੇ ਸਕਦੇ ਹੋ। ਦੂਜਿਆਂ ਦੀ ਕਿਸੇ ਸਪੱਸ਼ਟ ਲੋੜ ਨੂੰ ਪੂਰਿਆਂ ਕਰਨ ਲਈ ਸਹਿਜਸੁਭਾਵਕ ਤੋਹਫ਼ਾ ਦੇਣ ਨਾਲ ਖ਼ਾਸ ਸੰਤੁਸ਼ਟਤੀ ਹਾਸਲ ਹੋ ਸਕਦੀ ਹੈ। ਯਿਸੂ ਮਸੀਹ ਨੇ ਗ਼ਰੀਬਾਂ, ਲੰਗੜਿਆਂ, ਅਤੇ ਅੰਨ੍ਹਿਆਂ ਦੇ ਪ੍ਰਤੀ ਅਜਿਹੀ ਪ੍ਰੇਮਮਈ ਚਿੰਤਾ ਦਿਖਾਉਣ ਲਈ ਸਾਨੂੰ ਜ਼ੋਰ ਦਿੰਦੇ ਹੋਏ, ਅੱਗੇ ਕਿਹਾ: “ਤੂੰ ਧੰਨ ਹੋਵੇਂਗਾ ਕਿਉਂ ਜੋ ਤੇਰਾ ਬਦਲਾ ਦੇਣ ਨੂੰ ਉਨ੍ਹਾਂ ਕੋਲ ਕੁਝ ਨਹੀਂ ਹੈ।”—ਲੂਕਾ 14:12-14.
ਰੌਕਲੈਂਡ ਜਰਨਲ-ਨਿਊਜ਼ (ਅਮਰੀਕਾ) ਨੇ ਹਾਲ ਹੀ ਵਿਚ ਅਜਿਹੇ ਦਿੱਤ ਦੀ ਇਕ ਮਿਸਾਲ ਰਿਪੋਰਟ ਕੀਤੀ। ਜਦੋਂ ਇਕ ਬਿਰਧ ਨੇਤਰਹੀਣ ਇਸਤਰੀ ਦਾ ਘਰ ਢਹਿ-ਢੇਰੀ ਹੋ ਗਿਆ, ਤਾਂ ਮਿੱਤਰਾਂ ਨੇ ਉਸ ਲਈ ਇਕ ਨਵਾਂ ਘਰ ਉਸਾਰ ਦਿੱਤਾ। ਕਈ ਸਥਾਨਕ ਵਪਾਰ-ਕੇਂਦਰਾਂ ਨੇ ਚੰਦੇ ਦਿੱਤੇ, ਅਤੇ ਇਕ ਸਥਾਨਕ ਸਰਕਾਰੀ ਏਜੰਸੀ ਨੇ ਮਾਲੀ ਅਨੁਦਾਨ ਕੀਤਾ। “ਪਰੰਤੂ, ਸਭ ਤੋਂ ਮਹੱਤਵਪੂਰਣ ਗੱਲ ਇਹ ਹੈ,” ਇਸ ਅਖ਼ਬਾਰ ਨੇ ਕਿਹਾ, “ਕਿ 150 ਕੁ ਲੋਕ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਯਹੋਵਾਹ ਦੇ ਗਵਾਹਾਂ ਦੀ ਹੇਵਰਸਟ੍ਰੌ ਕਲੀਸਿਯਾ ਦੇ ਸਦੱਸ ਹਨ, ਨੇ ਘਰ ਨੂੰ ਬਣਾਉਣ ਵਿਚ ਸਮਾਂ ਲਗਾਇਆ।”
ਇਹ ਲੇਖ ਅੱਗੇ ਕਹਿੰਦਾ ਹੈ: “ਉਸਾਰੀ ਸਥਾਨ ਵਿਖੇ ਭੋਜਨ ਨਾਲ ਭਰੇ ਹੋਏ ਮੇਜ਼ਾਂ ਦੇ ਨਿਕਟ ਸਾਮੱਗਰੀ ਦੇ ਢੇਰ ਸਨ। ਦੋ ਦਿਨਾਂ ਵਿਚ ਕਾਮਿਆਂ ਨੇ ਤਿੰਨ ਮੰਜ਼ਲਾਂ ਵਾਲਾ, ਇਕ ਦੋ-ਪਰਿਵਾਰਕ ਘਰ ਖੜ੍ਹਾ ਕਰ ਦਿੱਤਾ। . . . ਯਹੋਵਾਹ ਦੇ ਗਵਾਹ ਇਮਾਰਤਾਂ ਨੂੰ ਤੇਜ਼ੀ ਨਾਲ ਉਸਾਰਨ ਵਿਚ ਆਪਣੀ ਯੋਗਤਾ ਲਈ ਪ੍ਰਸਿੱਧ ਹਨ। . . . ਪਰੰਤੂ, ਅਜਿਹੀ ਤੇਜ਼ੀ ਉਨ੍ਹਾਂ ਦੇ ਮਨੋਰਥ: ਪ੍ਰੇਮ ਦੇ ਕਾਰਜ ਵਿਚ ਪਕਿਆਈ ਨੂੰ ਮੁਹੱਈਆ ਕਰਨ, ਦੇ ਸਥਾਈਪਣ ਦਾ ਟਾਕਰਾ ਕਰਦੀ ਹੈ। ਮਿਸ ਬਲੇਕਲੀ ਭਾਵੇਂ ਆਪਣੇ ਨਵੇਂ ਘਰ ਨੂੰ ਨਹੀਂ ਦੇਖ ਸਕਦੀ ਹੈ, ਪਰੰਤੂ ਉਸ ਦੇ ਹੱਥ ਇਸ ਨੂੰ ਸਪਰਸ਼ ਕਰ ਸਕਦੇ ਹਨ, ਅਤੇ ਉਸ ਦਾ ਦਿਲ ਜਾਣਦਾ ਹੈ ਕਿ ਇਹ ਇਸ ਨਿਰਸੁਆਰਥੀ ਕਾਰਜ ਦੁਆਰਾ ਕਿੰਨੀ ਗਹਿਰਾਈ ਤਕ ਪ੍ਰਭਾਵਿਤ ਹੋਇਆ ਹੈ।”
ਸਾਲ-ਭਰ ਹੀ ਉਦਾਰਤਾ ਦੀ ਮਨੋਬਿਰਤੀ
ਉਹ ਜੋ ਸੱਚ-ਮੁੱਚ ਉਦਾਰਤਾ ਦੀ ਮਨੋਬਿਰਤੀ ਰੱਖਦੇ ਹਨ, ਖ਼ਾਸ ਦਿਨਾਂ ਦੀ ਉਡੀਕ ਨਹੀਂ ਕਰਦੇ ਹਨ। ਉਨ੍ਹਾਂ ਦਾ ਜੀਵਨ ਕੇਵਲ ਖ਼ੁਦ ਦੇ ਇਰਦ-ਗਿਰਦ ਹੀ ਨਹੀਂ ਘੁੰਮਦਾ ਹੈ। ਜਦੋਂ ਉਨ੍ਹਾਂ ਨੂੰ ਕੁਝ ਚੰਗੀ ਚੀਜ਼ ਮਿਲਦੀ ਹੈ, ਤਾਂ ਉਹ ਇਸ ਨੂੰ ਦੂਜਿਆਂ ਨਾਲ ਸਾਂਝਿਆਂ ਕਰਨ ਵਿਚ ਆਨੰਦ ਮਾਣਦੇ ਹਨ। ਇਸ ਦਾ ਇਹ ਭਾਵ ਨਹੀਂ ਕਿ ਉਹ ਅਵੱਸ਼ਕਾਰੀ ਤੋਹਫ਼ੇ ਦੇਣਹਾਰ ਹਨ। ਇਸ ਦਾ ਇਹ ਭਾਵ ਨਹੀਂ ਕਿ ਉਹ ਇਸ ਹੱਦ ਤਕ ਦਿੰਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਵਾਂਝਿਆਂ ਕੀਤੇ ਜਾਂਦੇ ਹਨ। ਇਸ ਦਾ ਇਹ ਭਾਵ ਨਹੀਂ ਕਿ ਉਹ ਪ੍ਰਾਪਤ ਕਰਤਾ ਉੱਤੇ ਪੈਣ ਵਾਲੇ ਪ੍ਰਭਾਵ ਬਾਰੇ ਸੋਚੇ ਬਿਨਾਂ ਹੀ ਤੋਹਫ਼ੇ ਦਿੰਦੇ ਹਨ। ਫਿਰ ਵੀ, ਇਹ ਉਹ ਲੋਕ ਹਨ ਜੋ “ਦੇਣ ਦਾ ਅਭਿਆਸ” ਕਰਦੇ ਹਨ, ਜਿਵੇਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਰਨ ਲਈ ਸਿਖਾਇਆ ਸੀ।—ਲੂਕਾ 6:38, ਨਿ ਵ.
ਉਹ ਉਨ੍ਹਾਂ ਮਿੱਤਰਾਂ ਅਤੇ ਗੁਆਂਢੀਆਂ ਦਿਆਂ ਹਾਲਾਤਾਂ ਬਾਰੇ ਸਚੇਤ ਹਨ, ਜੋ ਬਿਰਧ, ਬੀਮਾਰ, ਜਾਂ ਉਤਸ਼ਾਹ ਦੇ ਲੋੜਵੰਦ ਹਨ। ਉਨ੍ਹਾਂ ਦਾ “ਤੋਹਫ਼ਾ” ਉਨ੍ਹਾਂ ਲਈ ਬਜ਼ਾਰ ਜਾਣਾ ਜਾਂ ਘਰ ਦਿਆਂ ਕੰਮਾਂ ਵਿਚ ਹੱਥ ਵਟਾਉਣਾ ਹੋ ਸਕਦਾ ਹੈ। ਇਹ ਲਕੜੀ ਵੱਢਣਾ ਜਾਂ ਬੇਲਚੇ ਨਾਲ ਬਰਫ਼ ਪੁੱਟਣਾ ਹੋ ਸਕਦਾ ਹੈ। ਇਹ ਇਕ ਤਿਆਰ ਕੀਤਾ ਹੋਇਆ ਭੋਜਨ ਦਾ ਕਟੋਰਾ ਜਾਂ ਇਕ ਘੰਟੇ ਦਾ ਸਮਾਂ ਹੋ ਸਕਦਾ ਹੈ ਜਿਸ ਵਿਚ ਮੁਲਾਕਾਤ ਕਰਨਾ ਅਤੇ ਇਕੱਠੇ ਮਿਲ ਕੇ ਪੜ੍ਹਨਾ ਸ਼ਾਮਲ ਹੈ। ਉਨ੍ਹਾਂ ਦਾ ਜੀਵਨ ਵਿਅਸਤ ਹੈ ਪਰ ਇੰਨਾ ਵਿਅਸਤ ਨਹੀਂ ਕਿ ਮਦਦ ਨਾ ਕਰ ਸਕਣ। ਉਨ੍ਹਾਂ ਨੇ ਤਜਰਬੇ ਤੋਂ ਸਿੱਖਿਆ ਹੈ ਕਿ ਸੱਚ-ਮੁੱਚ “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।”—ਰਸੂਲਾਂ ਦੇ ਕਰਤੱਬ 20:35.
ਨਿਰਸੰਦੇਹ, ਸਭ ਤੋਂ ਵੱਡਾ ਦੇਣਹਾਰ, ਸਾਡਾ ਸ੍ਰਿਸ਼ਟੀਕਰਤਾ ਯਹੋਵਾਹ ਪਰਮੇਸ਼ੁਰ ਹੈ। ਉਹ “ਸਭਨਾਂ ਨੂੰ ਜੀਉਣ, ਸਵਾਸ ਅਤੇ ਸੱਭੋ ਕੁਝ ਦਿੰਦਾ ਹੈ।” (ਰਸੂਲਾਂ ਦੇ ਕਰਤੱਬ 17:25) ਬਾਈਬਲ ਵਿਚ, ਉਹ ਦੁਸ਼ਟਤਾ, ਬੀਮਾਰੀ, ਅਤੇ ਮੌਤ ਨੂੰ ਖ਼ਤਮ ਕਰਨ, ਅਤੇ ਇਸ ਧਰਤੀ ਨੂੰ ਪਰਾਦੀਸ ਬਣਾਉਣ ਦੇ ਆਪਣੇ ਮਕਸਦ ਦੇ ਸੰਬੰਧ ਵਿਚ ਸਾਨੂੰ ਅੰਤਰਦ੍ਰਿਸ਼ਟੀ ਵੀ ਮੁਹੱਈਆ ਕਰਦਾ ਹੈ। (ਜ਼ਬੂਰ 37:10, 11; ਪਰਕਾਸ਼ ਦੀ ਪੋਥੀ 21:4, 5) ਇਸ ਬਾਰੇ ਗਿਆਨ ਹਾਸਲ ਕਰਨ ਤੇ, ਉਹ ਜੋ ਉਦਾਰ ਮਨੋਬਿਰਤੀ ਰੱਖਦੇ ਹਨ ਇਸ ਖ਼ੁਸ਼ ਖ਼ਬਰੀ ਨੂੰ ਆਪਣੇ ਤਕ ਸੀਮਿਤ ਨਹੀਂ ਰੱਖਦੇ ਹਨ। ਉਨ੍ਹਾਂ ਦੀ ਇਕ ਸਭ ਤੋਂ ਵੱਡੀ ਖ਼ੁਸ਼ੀ ਹੈ ਇਸ ਨੂੰ ਦੂਜਿਆਂ ਨਾਲ ਸਾਂਝਿਆਂ ਕਰਨਾ। ਉਨ੍ਹਾਂ ਦੀ ਵਾਸਤਵ ਵਿਚ ਦੇਣ ਦੀ ਇਕ ਈਸ਼ਵਰੀ ਮਨੋਬਿਰਤੀ ਹੈ। ਕੀ ਤੁਸੀਂ ਵੀ ਇਹੋ ਮਨੋਬਿਰਤੀ ਵਿਕਸਿਤ ਕਰ ਰਹੇ ਹੋ? (w95 12/15)
[ਸਫ਼ੇ 7 ਉੱਤੇ ਤਸਵੀਰ]
ਕਈ ਸਭ ਤੋਂ ਕੀਮਤੀ ਤੋਹਫ਼ਿਆਂ ਲਈ ਪੈਸੇ ਨਹੀਂ ਲੱਗਦੇ ਹਨ