ਯਹੋਵਾਹ ਦੀਆਂ ਭੇਡਾਂ ਨੂੰ ਕੋਮਲ ਦੇਖ-ਭਾਲ ਦੀ ਲੋੜ ਹੈ
“ਜਾਣ ਰੱਖੋ ਭਈ ਯਹੋਵਾਹ ਹੀ ਪਰਮੇਸ਼ੁਰ ਹੈ, . . . ਅਸੀਂ ਉਹ ਦੀ ਪਰਜਾ ਅਤੇ ਉਹ ਦੀ ਜੂਹ ਦੀਆਂ ਭੇਡਾਂ ਹਾਂ।”—ਜ਼ਬੂਰ 100:3.
1. ਯਹੋਵਾਹ ਆਪਣੇ ਸੇਵਕਾਂ ਨਾਲ ਕਿਵੇਂ ਵਰਤਾਉ ਕਰਦਾ ਹੈ?
ਯਹੋਵਾਹ ਵੱਡਾ ਅਯਾਲੀ ਹੈ। ਜੇਕਰ ਅਸੀਂ ਉਸ ਦੇ ਸੇਵਕ ਹਾਂ, ਤਾਂ ਉਹ ਸਾਨੂੰ ਆਪਣੀਆਂ ਭੇਡਾਂ ਵਿਚਾਰਦਾ ਹੈ ਅਤੇ ਸਾਡੀ ਕੋਮਲ ਦੇਖ-ਭਾਲ ਕਰਦਾ ਹੈ। ਸਾਡਾ ਸਵਰਗੀ ਪਿਤਾ ਸਾਨੂੰ ਦਿਲਾਸਾ ਅਤੇ ਤਾਜ਼ਗੀ ਦਿੰਦਾ ਹੈ ਅਤੇ ‘ਧਰਮ ਦੇ ਮਾਰਗਾਂ ਵਿੱਚ ਆਪਣੇ ਨਾਮ ਦੇ ਨਮਿੱਤ’ ਸਾਡੀ ਅਗਵਾਈ ਕਰਦਾ ਹੈ। (ਜ਼ਬੂਰ 23:1-4) ਅੱਛਾ ਅਯਾਲੀ, ਯਿਸੂ ਮਸੀਹ, ਸਾਨੂੰ ਇੰਨਾ ਪ੍ਰੇਮ ਕਰਦਾ ਹੈ ਕਿ ਉਸ ਨੇ ਸਾਡੇ ਲਈ ਆਪਣੀ ਜਾਨ ਦੇ ਦਿੱਤੀ।—ਯੂਹੰਨਾ 10:7-15.
2. ਪਰਮੇਸ਼ੁਰ ਦੇ ਲੋਕ ਆਪਣੇ ਆਪ ਨੂੰ ਕਿਸ ਸਥਿਤੀ ਵਿਚ ਪਾਉਂਦੇ ਹਨ?
2 ਕੋਮਲ ਦੇਖ-ਭਾਲ ਦੇ ਪ੍ਰਾਪਤ ਕਰਤਾ ਵਜੋਂ, ਅਸੀਂ ਜ਼ਬੂਰਾਂ ਦੇ ਲਿਖਾਰੀ ਨਾਲ ਕਹਿ ਸਕਦੇ ਹਾਂ: “ਅਨੰਦ ਹੋ ਕੇ ਯਹੋਵਾਹ ਦੀ ਉਪਾਸਨਾ ਕਰੋ, ਜੈ ਜੈ ਕਾਰ ਕਾਰਦੇ ਹੋਏ ਉਹ ਦੀ ਹਜ਼ੂਰੀ ਵਿੱਚ ਆਓ। ਜਾਣ ਰੱਖੋ ਭਈ ਯਹੋਵਾਹ ਹੀ ਪਰਮੇਸ਼ੁਰ ਹੈ, ਉਹ ਨੇ ਸਾਨੂੰ ਸਾਜਿਆ [ਨਾ ਕਿ ਅਸਾਂ ਆਪਣੇ ਆਪ ਨੂੰ], ਅਸੀਂ ਉਹ ਦੀ ਪਰਜਾ ਅਤੇ ਉਹ ਦੀ ਜੂਹ ਦੀਆਂ ਭੇਡਾਂ ਹਾਂ।” (ਜ਼ਬੂਰ 100:2, 3, ਫੁਟਨੋਟ) ਜੀ ਹਾਂ, ਅਸੀਂ ਆਨੰਦਿਤ ਅਤੇ ਸੁਰੱਖਿਅਤ ਹਾਂ। ਇਹ ਇਸ ਤਰ੍ਹਾਂ ਹੈ ਜਿਵੇਂ ਕਿ ਅਸੀਂ ਖੂੰਖਾਰ ਜਾਨਵਰਾਂ ਤੋਂ ਸੁਰੱਖਿਅਤ, ਪੱਥਰ ਦੀਆਂ ਬਣੀਆਂ ਮਜ਼ਬੂਤ ਦੀਵਾਰਾਂ ਵਾਲੇ ਇਕ ਭੇਡ-ਵਾੜੇ ਵਿਚ ਹੁੰਦੇ।—ਗਿਣਤੀ 32:16; 1 ਸਮੂਏਲ 24:3; ਸਫ਼ਨਯਾਹ 2:6.
ਝੁੰਡ ਦੇ ਰਜ਼ਾਮੰਦ ਚਰਵਾਹੇ
3. ਨਿਯੁਕਤ ਮਸੀਹੀ ਬਜ਼ੁਰਗ ਪਰਮੇਸ਼ੁਰ ਦੇ ਇੱਜੜ ਨਾਲ ਕਿਵੇਂ ਵਰਤਾਉ ਕਰਦੇ ਹਨ?
3 ਕੋਈ ਹੈਰਾਨੀ ਦੀ ਗੱਲ ਨਹੀਂ ਕਿ ਅਸੀਂ ਪਰਮੇਸ਼ੁਰ ਦੀਆਂ ਭੇਡਾਂ ਦੇ ਤੌਰ ਤੇ ਆਨੰਦਿਤ ਹਾਂ! ਨਿਯੁਕਤ ਬਜ਼ੁਰਗ ਸਾਡੇ ਦਰਮਿਆਨ ਅਗਵਾਈ ਕਰਦੇ ਹਨ। ਉਹ “ਆਪਣੇ ਆਪ ਨੂੰ ਪਾਤਸ਼ਾਹ” ਨਹੀਂ ਬਣਾਉਂਦੇ ਹਨ, ਅਤੇ ਸਾਡੇ ਉੱਤੇ ਜਾਂ ਸਾਡੀ ਨਿਹਚਾ ਉੱਤੇ ਹੁਕਮ ਨਹੀਂ ਚਲਾਉਂਦੇ ਹਨ। (ਗਿਣਤੀ 16:13; ਮੱਤੀ 20:25-28; 2 ਕੁਰਿੰਥੀਆਂ 1:24; ਇਬਰਾਨੀਆਂ 13:7) ਇਸ ਦੀ ਬਜਾਇ, ਉਹ ਪ੍ਰੇਮਮਈ ਚਰਵਾਹੇ ਹਨ ਜੋ ਰਸੂਲ ਪਤਰਸ ਦੀ ਸਲਾਹ ਲਾਗੂ ਕਰਦੇ ਹਨ: “ਤੁਸੀਂ ਪਰਮੇਸ਼ੁਰ ਦੇ ਉਸ ਇੱਜੜ ਦੀ ਜੋ ਤੁਹਾਡੇ ਵਿੱਚ ਹੈ ਚਰਵਾਹੀ ਕਰੋ ਪਰ ਲਚਾਰੀ ਨਾਲ ਨਹੀਂ ਸਗੋਂ ਖੁਸ਼ੀ ਨਾਲ ਪਰਮੇਸ਼ੁਰ ਦੀ ਇੱਛਿਆ ਅਨੁਸਾਰ ਅਤੇ ਨਾ ਝੂਠੇ ਨਫ਼ੇ ਦੇ ਕਾਰਨ ਸਗੋਂ ਮਨ ਦੀ ਚਾਹ ਨਾਲ। ਅਤੇ ਓਹਨਾਂ ਉੱਤੇ ਜਿਹੜੇ ਤੁਹਾਡੇ ਸਪੁਰਦ ਹਨ ਹੁਕਮ ਨਾ ਚਲਾਓ ਸਗੋਂ ਇੱਜੜ ਦੇ ਲਈ ਨਮੂਨਾ ਬਣੋ।” (1 ਪਤਰਸ 5:2, 3) ਰਸੂਲ ਪੌਲੁਸ ਨੇ ਸੰਗੀ ਬਜ਼ੁਰਗਾਂ ਨੂੰ ਆਖਿਆ: “ਤੁਸੀਂ ਆਪਣੀ, ਨਾਲੇ ਉਸ ਸਾਰੇ ਇੱਜੜ ਦੀ ਖਬਰਦਾਰੀ ਕਰੋ ਜਿਹ ਦੇ ਉੱਤੇ ਪਵਿੱਤ੍ਰ ਆਤਮਾ ਨੇ ਤੁਹਾਨੂੰ ਨਿਗਾਹਬਾਨ ਠਹਿਰਾਇਆ ਹੈ ਜੋ ਪਰਮੇਸ਼ੁਰ ਦੀ ਕਲੀਸਿਯਾ ਦੀ ਚਰਵਾਹੀ ਕਰੋ ਜਿਹ ਨੂੰ ਉਸ ਨੇ ਆਪਣੇ ਹੀ [“ਪੁੱਤਰ ਦੇ,” ਨਿ ਵ] ਲਹੂ ਨਾਲ ਮੁੱਲ ਲਿਆ ਹੈ।” ਅਤੇ ਭੇਡਾਂ ਕਿੰਨੀਆਂ ਧੰਨਵਾਦੀ ਹਨ ਕਿ ਪਵਿੱਤਰ ਆਤਮਾ ਦੁਆਰਾ ਨਿਯੁਕਤ ਕੀਤੇ ਗਏ ਇਹ ਮਨੁੱਖ ‘ਇੱਜੜ ਨਾਲ ਕੋਮਲਤਾ ਸਹਿਤ ਵਰਤਾਉ ਕਰਦੇ ਹਨ!’—ਰਸੂਲਾਂ ਦੇ ਕਰਤੱਬ 20:28-30, ਨਿ ਵ.
4. ਚਾਰਲਸ ਟੀ. ਰਸਲ ਇੱਜੜ ਦੇ ਨਾਲ ਕਿਸ ਪ੍ਰਕਾਰ ਦੇ ਸੰਬੰਧ ਲਈ ਪ੍ਰਸਿੱਧ ਸੀ?
4 ਯਿਸੂ ਨੇ ਕਲੀਸਿਯਾ ਲਈ “ਮਨੁੱਖਾਂ ਨੂੰ ਦਾਨ ਦਿੱਤੇ,” ਕਈਆਂ ਨੂੰ “ਪਾਸਟਰ,” ਜਾਂ ਚਰਵਾਹੇ, ਵਜੋਂ ਦਿੱਤਾ, ਜੋ ਕੋਮਲ ਤਰੀਕੇ ਨਾਲ ਯਹੋਵਾਹ ਦੇ ਇੱਜੜ ਨਾਲ ਵਰਤਾਉ ਕਰਦੇ ਹਨ। (ਅਫ਼ਸੀਆਂ 4:8, 11; ਕਿੰਗ ਜੇਮਜ਼ ਵਰਯਨ) ਇਨ੍ਹਾਂ ਵਿੱਚੋਂ ਇਕ ਆਦਮੀ ਚਾਰਲਸ ਟੀ. ਰਸਲ ਸੀ, ਵਾਚ ਟਾਵਰ ਸੋਸਾਇਟੀ ਦਾ ਪ੍ਰਥਮ ਪ੍ਰਧਾਨ। ਉਹ ਮੁੱਖ ਅਯਾਲੀ, ਯਿਸੂ ਮਸੀਹ ਦੇ ਅਧੀਨ ਇੱਜੜ ਦੀ ਚਰਵਾਹੀ ਕਰਨ ਵਿਚ ਆਪਣੀ ਪ੍ਰੇਮਮਈ ਅਤੇ ਤਰਸਵਾਨ ਕ੍ਰਿਆਵਾਂ ਦੇ ਕਾਰਨ ਪਾਸਟਰ ਰਸਲ ਸੱਦਿਆ ਜਾਂਦਾ ਸੀ। ਅੱਜ, ਮਸੀਹੀ ਬਜ਼ੁਰਗ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੁਆਰਾ ਨਿਯੁਕਤ ਕੀਤੇ ਜਾਂਦੇ ਹਨ, ਅਤੇ ਧਿਆਨ ਰੱਖਿਆ ਜਾਂਦਾ ਹੈ ਕਿ “ਪਾਸਟਰ,” “ਬਜ਼ੁਰਗ,” ਜਾਂ “ਗੁਰੂ” ਵਰਗੇ ਸ਼ਬਦ ਪਦਵੀਆਂ ਵਜੋਂ ਨਾ ਵਰਤੇ ਜਾਣ। (ਮੱਤੀ 23:8-12) ਫਿਰ ਵੀ, ਵਰਤਮਾਨ-ਦਿਨ ਦੇ ਬਜ਼ੁਰਗ ਯਹੋਵਾਹ ਦੀ ਜੂਹ ਦੀਆਂ ਭੇਡਾਂ ਦੇ ਹਿੱਤ ਲਈ ਇਕ ਪਾਸਟਰ ਸੰਬੰਧੀ, ਜਾਂ ਚਰਵਾਹੀ ਦਾ ਕੰਮ ਕਰਦੇ ਹਨ।
5. ਨਵੇਂ ਵਿਅਕਤੀਆਂ ਨੂੰ ਮਸੀਹੀ ਕਲੀਸਿਯਾ ਦੇ ਨਿਯੁਕਤ ਬਜ਼ੁਰਗਾਂ ਨਾਲ ਕਿਉਂ ਪਰਿਚਿਤ ਹੋਣਾ ਚਾਹੀਦਾ ਹੈ?
5 ਚਰਵਾਹਿਆਂ ਦੇ ਤੌਰ ਤੇ, ਬਜ਼ੁਰਗ ਨਵੇਂ ਵਿਅਕਤੀਆਂ ਦੀ ਅਧਿਆਤਮਿਕ ਉੱਨਤੀ ਵਿਚ ਇਕ ਮਹੱਤਵਪੂਰਣ ਹਿੱਸਾ ਅਦਾ ਕਰਦੇ ਹਨ। ਇਸ ਲਈ, ਨਵੀਂ ਪੁਸਤਕ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ, (ਅੰਗ੍ਰੇਜ਼ੀ) ਸਫ਼ਾ 168 ਤੇ ਕਹਿੰਦੀ ਹੈ: “ਕਲੀਸਿਯਾ ਦੇ ਨਿਯੁਕਤ ਬਜ਼ੁਰਗਾਂ ਨਾਲ ਪਰਿਚਿਤ ਹੋਵੋ। ਪਰਮੇਸ਼ੁਰ ਦੇ ਗਿਆਨ ਦੀ ਵਰਤੋਂ ਵਿਚ ਉਨ੍ਹਾਂ ਕੋਲ ਕਾਫ਼ੀ ਤਜਰਬਾ ਹੈ, ਕਿਉਂਕਿ ਉਹ ਬਾਈਬਲ ਵਿਚ ਨਿਗਾਹਬਾਨਾਂ ਲਈ ਠਹਿਰਾਈਆਂ ਗਈਆਂ ਯੋਗਤਾਵਾਂ ਉੱਤੇ ਸਹੀ ਉਤਰੇ ਹਨ। (1 ਤਿਮੋਥਿਉਸ 3:1-7; ਤੀਤੁਸ 1:5-9) ਉਨ੍ਹਾਂ ਕੋਲ ਜਾਣ ਤੋਂ ਨਾ ਝਿਜਕੋ ਜੇਕਰ ਤੁਹਾਨੂੰ ਪਰਮੇਸ਼ੁਰ ਦੀਆਂ ਮੰਗਾਂ ਨਾਲ ਟਕਰਾਉਣ ਵਾਲੀ ਇਕ ਅਜਿਹੀ ਆਦਤ ਜਾਂ ਵਿਸ਼ੇਸ਼ ਗੁਣ ਨੂੰ ਕਾਬੂ ਕਰਨ ਵਿਚ ਅਧਿਆਤਮਿਕ ਮਦਦ ਦੀ ਜ਼ਰੂਰਤ ਹੈ। ਤੁਸੀਂ ਪਾਓਗੇ ਕਿ ਇਹ ਬਜ਼ੁਰਗ, ਪੌਲੁਸ ਦੇ ਉਪਦੇਸ਼ ਦੀ ਪੈਰਵੀ ਕਰਦੇ ਹਨ: ‘ਕਮਦਿਲਿਆਂ ਨੂੰ ਦਿਲਾਸਾ ਦਿਓ, ਨਿਤਾਣਿਆਂ ਨੂੰ ਸਮ੍ਹਾਲੋ, ਸਭਨਾਂ ਨਾਲ ਧੀਰਜ ਕਰੋ।’—1 ਥੱਸਲੁਨੀਕੀਆਂ 2:7, 8; 5:14.”
ਜਦੋਂ ਨਵੇਂ ਵਿਅਕਤੀ ਪ੍ਰਚਾਰ ਕਰਨਾ ਚਾਹੁੰਦੇ ਹਨ
6. ਜੇਕਰ ਇਕ ਬਾਈਬਲ ਵਿਦਿਆਰਥੀ ਇਕ ਰਾਜ ਪ੍ਰਕਾਸ਼ਕ ਬਣਨਾ ਚਾਹੁੰਦਾ ਹੈ, ਤਾਂ ਕਿਹੜੀ ਕਾਰਵਾਈ ਕੀਤੀ ਜਾਂਦੀ ਹੈ?
6 ਇਕ ਬਾਈਬਲ ਵਿਦਿਆਰਥੀ ਗਿਆਨ ਲੈਣ ਅਤੇ ਕੁਝ ਸਮੇਂ ਲਈ ਸਭਾਵਾਂ ਵਿਚ ਹਾਜ਼ਰ ਹੋਣ ਦੇ ਮਗਰੋਂ, ਸ਼ਾਇਦ ਇਕ ਰਾਜ ਪ੍ਰਕਾਸ਼ਕ, ਅਰਥਾਤ ਖ਼ੁਸ਼ ਖ਼ਬਰੀ ਦਾ ਪ੍ਰਚਾਰਕ ਬਣਨਾ ਚਾਹੇਗਾ। (ਮਰਕੁਸ 13:10) ਜੇਕਰ ਇੰਜ ਹੈ, ਤਾਂ ਉਸ ਨਾਲ ਬਾਈਬਲ ਅਧਿਐਨ ਕਰ ਰਹੇ ਗਵਾਹ ਨੂੰ ਪ੍ਰਧਾਨ ਨਿਗਾਹਬਾਨ ਨਾਲ ਸੰਪਰਕ ਕਰਨਾ ਚਾਹੀਦਾ ਹੈ, ਜੋ ਪ੍ਰਬੰਧ ਕਰੇਗਾ ਕਿ ਕਲੀਸਿਯਾ ਸੇਵਾ ਸਮਿਤੀ ਦਾ ਇਕ ਬਜ਼ੁਰਗ ਅਤੇ ਇਕ ਦੂਸਰਾ ਬਜ਼ੁਰਗ ਉਸ ਬਾਈਬਲ ਵਿਦਿਆਰਥੀ ਅਤੇ ਉਸ ਦੇ ਸਿੱਖਿਅਕ ਦੇ ਨਾਲ ਮਿਲਣ। ਚਰਚਾ ਆਪਣੀ ਸੇਵਕਾਈ ਨੂੰ ਸੰਪੰਨ ਕਰਨ ਲਈ ਸੰਗਠਿਤ (ਅੰਗ੍ਰੇਜ਼ੀ) ਪੁਸਤਕ, ਸਫ਼ੇ 98 ਅਤੇ 99 ਉੱਤੇ ਆਧਾਰਿਤ ਹੋਵੇਗੀ। ਜੇਕਰ ਇਹ ਦੋਵੇਂ ਬਜ਼ੁਰਗ ਦੇਖਣ ਕਿ ਨਵਾਂ ਵਿਅਕਤੀ ਬੁਨਿਆਦੀ ਬਾਈਬਲ ਸਿੱਖਿਆਵਾਂ ਉੱਤੇ ਵਿਸ਼ਵਾਸ ਰੱਖਦਾ ਹੈ ਅਤੇ ਪਰਮੇਸ਼ੁਰ ਦਿਆਂ ਸਿਧਾਂਤਾਂ ਦੇ ਅਨੁਸਾਰ ਬਦਲਿਆ ਹੈ, ਤਾਂ ਉਸ ਨੂੰ ਸੂਚਿਤ ਕੀਤਾ ਜਾਵੇਗਾ ਕਿ ਉਹ ਪਬਲਿਕ ਸੇਵਕਾਈ ਵਿਚ ਭਾਗ ਲੈਣ ਦੇ ਯੋਗ ਹੈ।a ਜਦੋਂ ਉਹ ਖੇਤਰ ਸੇਵਾ ਰਿਪੋਰਟ ਦੇਣ ਦੁਆਰਾ ਆਪਣੀ ਸੇਵਕਾਈ ਰਿਪੋਰਟ ਕਰਦਾ ਹੈ, ਤਾਂ ਇਹ ਕਲੀਸਿਯਾ ਦੇ ਪ੍ਰਕਾਸ਼ਕ ਰਿਕਾਰਡ ਕਾਰਡ, ਜੋ ਉਸ ਦੇ ਨਾਂ ਤੇ ਬਣਿਆ ਹੈ, ਉੱਤੇ ਦਰਜ ਕੀਤਾ ਜਾਵੇਗਾ। ਨਵਾਂ ਵਿਅਕਤੀ ਹੁਣ ਆਪਣੇ ਗਵਾਹੀ ਕਾਰਜ ਨੂੰ ਉਨ੍ਹਾਂ ਲੱਖਾਂ ਦੂਸਰੇ ਲੋਕਾਂ ਨਾਲ ਮਿਲ ਕੇ ਰਿਪੋਰਟ ਕਰ ਸਕਦਾ ਹੈ, ਜੋ ਆਨੰਦ ਨਾਲ ‘ਪਰਮੇਸ਼ੁਰ ਦਾ ਬਚਨ ਸੁਣਾਉਂਦੇ ਹਨ।’ (ਰਸੂਲਾਂ ਦੇ ਕਰਤੱਬ 13:5) ਕਲੀਸਿਯਾ ਵਿਚ ਇਕ ਘੋਸ਼ਣਾ ਕੀਤੀ ਜਾਵੇਗੀ ਕਿ ਉਹ ਇਕ ਬਪਤਿਸਮਾ-ਰਹਿਤ ਪ੍ਰਕਾਸ਼ਕ ਹੈ।
7, 8. ਇਕ ਬਪਤਿਸਮਾ-ਰਹਿਤ ਪ੍ਰਕਾਸ਼ਕ ਨੂੰ ਸੇਵਕਾਈ ਵਿਚ ਲੋੜੀਂਦੀ ਮਦਦ ਕਿਹੜੇ ਤਰੀਕਿਆਂ ਨਾਲ ਦਿੱਤੀ ਜਾ ਸਕਦੀ ਹੈ?
7 ਇਕ ਬਪਤਿਸਮਾ-ਰਹਿਤ ਪ੍ਰਕਾਸ਼ਕ ਨੂੰ ਬਜ਼ੁਰਗਾਂ ਅਤੇ ਦੂਜੇ ਪ੍ਰੌੜ੍ਹ ਮਸੀਹੀਆਂ ਦੀ ਮਦਦ ਦੀ ਲੋੜ ਹੁੰਦੀ ਹੈ। ਮਿਸਾਲ ਲਈ, ਉਹ ਜਿਸ ਕਲੀਸਿਯਾ ਪੁਸਤਕ ਅਧਿਐਨ ਵਿਚ ਹਾਜ਼ਰ ਹੁੰਦਾ ਹੈ, ਉਸ ਦੇ ਸੰਚਾਲਕ ਨੂੰ ਉਸ ਦੀ ਅਧਿਆਤਮਿਕ ਉੱਨਤੀ ਵਿਚ ਰੁਚੀ ਹੈ। ਨਵਾਂ ਪ੍ਰਕਾਸ਼ਕ ਸ਼ਾਇਦ ਘਰ-ਘਰ ਦੇ ਕਾਰਜ ਵਿਚ ਪ੍ਰਭਾਵਕਾਰੀ ਤਰੀਕੇ ਨਾਲ ਗੱਲ ਕਰਨ ਵਿਚ ਔਖਿਆਈ ਮਹਿਸੂਸ ਕਰੇ। (ਰਸੂਲਾਂ ਦੇ ਕਰਤੱਬ 20:20) ਇਸ ਲਈ ਸੰਭਵ ਹੈ ਕਿ ਉਹ ਮਦਦ ਦਾ ਸੁਆਗਤ ਕਰੇਗਾ, ਖ਼ਾਸ ਕਰਕੇ ਉਸ ਕੋਲੋਂ ਜੋ ਗਿਆਨ ਪੁਸਤਕ ਵਿੱਚੋਂ ਉਸ ਨਾਲ ਬਾਈਬਲ ਅਧਿਐਨ ਕਰ ਰਿਹਾ ਸੀ। ਅਜਿਹੀ ਵਿਵਹਾਰਕ ਮਦਦ ਉਪਯੁਕਤ ਹੈ, ਕਿਉਂਕਿ ਯਿਸੂ ਮਸੀਹ ਨੇ ਵੀ ਆਪਣੇ ਚੇਲਿਆਂ ਨੂੰ ਸੇਵਕਾਈ ਲਈ ਤਿਆਰ ਕੀਤਾ ਸੀ।—ਮਰਕੁਸ 6:7-13; ਲੂਕਾ 10:1-22.
8 ਜੇਕਰ ਸਾਡੀ ਸੇਵਕਾਈ ਨੇ ਪ੍ਰਭਾਵਕਾਰੀ ਹੋਣਾ ਹੈ, ਤਾਂ ਚੰਗੀ ਅਗਾਊਂ ਤਿਆਰੀ ਜ਼ਰੂਰੀ ਹੈ। ਇਸ ਲਈ, ਪਹਿਲਾਂ ਦੋਵੇਂ ਪ੍ਰਕਾਸ਼ਕ ਸ਼ਾਇਦ ਸਾਡੀ ਰਾਜ ਸੇਵਕਾਈ (ਅੰਗ੍ਰੇਜ਼ੀ) ਦਿਆਂ ਮਾਸਿਕ ਅੰਕਾਂ ਵਿਚ ਸੁਝਾਊ ਦਿੱਤੀਆਂ ਗਈਆਂ ਪੇਸ਼ਕਾਰੀਆਂ ਦਾ ਇਕੱਠੇ ਮਿਲ ਕੇ ਅਭਿਆਸ ਕਰਨ। ਜਦੋਂ ਉਹ ਆਪਣੀ ਖੇਤਰ ਸੇਵਾ ਆਰੰਭ ਕਰਦੇ ਹਨ, ਤਾਂ ਜ਼ਿਆਦਾ ਅਨੁਭਵੀ ਪ੍ਰਕਾਸ਼ਕ ਪਹਿਲੇ ਇਕ-ਦੋ ਦਰਵਾਜ਼ਿਆਂ ਤੇ ਗੱਲ ਕਰ ਸਕਦਾ ਹੈ। ਇਕ ਦੋਸਤਾਨਾ ਪਰਿਚੈ ਮਗਰੋਂ, ਦੋਵੇਂ ਪ੍ਰਕਾਸ਼ਕ ਗਵਾਹੀ ਦੇਣ ਵਿਚ ਭਾਗ ਲੈ ਸਕਦੇ ਹਨ। ਸੇਵਕਾਈ ਵਿਚ ਕੁਝ ਹਫ਼ਤਿਆਂ ਲਈ ਇਕੱਠੇ ਕੰਮ ਕਰਨਾ ਸ਼ਾਇਦ ਵਧੀਆ ਪੁਨਰ-ਮੁਲਾਕਾਤਾਂ, ਅਤੇ ਇੱਥੋਂ ਤਕ ਕਿ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਪੁਸਤਕ ਵਿੱਚੋਂ ਇਕ ਗ੍ਰਹਿ ਬਾਈਬਲ ਅਧਿਐਨ ਵਿਚ ਵੀ ਪਰਿਣਿਤ ਹੋਵੇ। ਜ਼ਿਆਦਾ ਅਨੁਭਵੀ ਪ੍ਰਕਾਸ਼ਕ ਸ਼ਾਇਦ ਕੁਝ ਸਮੇਂ ਲਈ ਉਸ ਅਧਿਐਨ ਨੂੰ ਸੰਚਾਲਨ ਕਰੇ ਅਤੇ ਫਿਰ ਇਸ ਨੂੰ ਨਵੇਂ ਰਾਜ ਘੋਸ਼ਕ ਨੂੰ ਸੌਂਪ ਦੇਵੇ। ਦੋਵੇਂ ਪ੍ਰਕਾਸ਼ਕ ਕਿੰਨੇ ਖ਼ੁਸ਼ ਹੋਣਗੇ ਜੇਕਰ ਉਹ ਬਾਈਬਲ ਵਿਦਿਆਰਥੀ ਪਰਮੇਸ਼ੁਰ ਦੇ ਗਿਆਨ ਲਈ ਕਦਰ ਪ੍ਰਗਟ ਕਰੇ!
9. ਜਦੋਂ ਇਕ ਪ੍ਰਕਾਸ਼ਕ ਬਪਤਿਸਮਾ ਪ੍ਰਾਪਤ ਕਰਨ ਦਾ ਇੱਛੁਕ ਹੋਵੇ, ਤਾਂ ਕਿਹੜੇ ਪ੍ਰਬੰਧ ਕੀਤੇ ਜਾਂਦੇ ਹਨ?
9 ਜਿਉਂ-ਜਿਉਂ ਇਕ ਬਪਤਿਸਮਾ-ਰਹਿਤ ਪ੍ਰਕਾਸ਼ਕ ਅਧਿਆਤਮਿਕ ਤੌਰ ਤੇ ਉੱਨਤੀ ਕਰਦਾ ਹੈ, ਉਹ ਸ਼ਾਇਦ ਪ੍ਰਾਰਥਨਾ ਵਿਚ ਖ਼ੁਦ ਨੂੰ ਪਰਮੇਸ਼ੁਰ ਨੂੰ ਸਮਰਪਿਤ ਕਰੇ ਅਤੇ ਬਪਤਿਸਮਾ ਪ੍ਰਾਪਤ ਕਰਨਾ ਚਾਹੇ। (ਤੁਲਨਾ ਕਰੋ ਮਰਕੁਸ 1:9-11.) ਉਸ ਨੂੰ ਬਪਤਿਸਮਾ ਲੈਣ ਦੀ ਆਪਣੀ ਇੱਛਾ ਕਲੀਸਿਯਾ ਦੇ ਪ੍ਰਧਾਨ ਨਿਗਾਹਬਾਨ ਨੂੰ ਪ੍ਰਗਟ ਕਰਨੀ ਚਾਹੀਦੀ ਹੈ, ਜੋ ਪ੍ਰਬੰਧ ਕਰੇਗਾ ਕਿ ਬਜ਼ੁਰਗ ਉਸ ਪ੍ਰਕਾਸ਼ਕ ਨਾਲ ਉਨ੍ਹਾਂ ਸਵਾਲਾਂ ਉੱਤੇ ਪੁਨਰ-ਵਿਚਾਰ ਕਰਨ, ਜੋ ਆਪਣੀ ਸੇਵਕਾਈ ਨੂੰ ਸੰਪੰਨ ਕਰਨ ਲਈ ਸੰਗਠਿਤ ਪੁਸਤਕ ਦੇ ਸਫ਼ੇ 175 ਤੋਂ 218 ਉੱਤੇ ਦਿੱਤੇ ਗਏ ਹਨ। ਚਾਰ ਭਾਗਾਂ ਵਿਚ ਵੰਡੇ ਗਏ ਸਵਾਲਾਂ ਨੂੰ ਤਿੰਨ ਬੈਠਕਾਂ ਵਿਚ, ਅਤੇ ਜੇ ਸੰਭਵ ਹੋਇਆ ਤਾਂ ਤਿੰਨ ਵੱਖਰੇ ਬਜ਼ੁਰਗਾਂ ਦੁਆਰਾ ਪੂਰਾ ਕੀਤਾ ਜਾ ਸਕਦਾ ਹੈ। ਜੇ ਉਹ ਸਹਿਮਤ ਹਨ ਕਿ ਬਪਤਿਸਮਾ-ਰਹਿਤ ਪ੍ਰਕਾਸ਼ਕ ਬਾਈਬਲ ਸਿੱਖਿਆਵਾਂ ਦੀ ਉਚਿਤ ਸਮਝ ਰੱਖਦਾ ਹੈ ਅਤੇ ਦੂਜੇ ਤਰੀਕਿਆਂ ਤੋਂ ਵੀ ਉਹ ਯੋਗ ਹੈ, ਤਾਂ ਉਹ ਉਸ ਨੂੰ ਦੱਸ ਦੇਣਗੇ ਕਿ ਉਹ ਬਪਤਿਸਮਾ ਲੈ ਸਕਦਾ ਹੈ। ਆਪਣੇ ਸਮਰਪਣ ਅਤੇ ਬਪਤਿਸਮੇ ਦੇ ਸਿੱਟੇ ਵਜੋਂ, ਉਹ ਮੁਕਤੀ ਲਈ “ਨਿਸ਼ਾਨ” ਹਾਸਲ ਕਰਦਾ ਹੈ।—ਹਿਜ਼ਕੀਏਲ 9:4-6.
ਖ਼ਾਸ ਲੋੜਾਂ ਨੂੰ ਪੂਰਿਆਂ ਕਰਨਾ
10. ਗਿਆਨ ਪੁਸਤਕ ਵਿੱਚੋਂ ਆਪਣਾ ਬਾਈਬਲ ਅਧਿਐਨ ਪੂਰਾ ਕਰਨ ਅਤੇ ਬਪਤਿਸਮਾ ਪ੍ਰਾਪਤ ਕਰਨ ਮਗਰੋਂ, ਇਕ ਵਿਅਕਤੀ ਆਪਣਾ ਸ਼ਾਸਤਰ-ਸੰਬੰਧੀ ਗਿਆਨ ਕਿਵੇਂ ਵਧਾਏਗਾ?
10 ਜਦੋਂ ਇਕ ਵਿਅਕਤੀ ਗਿਆਨ ਪੁਸਤਕ ਵਿੱਚੋਂ ਆਪਣਾ ਬਾਈਬਲ ਅਧਿਐਨ ਪੂਰਾ ਕਰ ਲੈਂਦਾ ਹੈ ਅਤੇ ਬਪਤਿਸਮਾ ਪ੍ਰਾਪਤ ਕਰ ਲੈਂਦਾ ਹੈ, ਤਾਂ ਸ਼ਾਇਦ ਉਸ ਨਾਲ ਇਕ ਦੂਜੀ ਪੁਸਤਕ, ਜਿਵੇਂ ਕਿ ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਉਪਾਸਨਾ ਵਿਚ ਇਕਮੁੱਠb (ਅੰਗ੍ਰੇਜ਼ੀ), ਵਿੱਚੋਂ ਰਸਮੀ ਅਧਿਐਨ ਸੰਚਾਲਨ ਕਰਨ ਦੀ ਲੋੜ ਨਾ ਹੋਵੇ। ਨਿਰਸੰਦੇਹ, ਹਾਲ ਹੀ ਵਿਚ ਬਪਤਿਸਮਾ ਪ੍ਰਾਪਤ ਕਰਨ ਵਾਲਾ ਵਿਅਕਤੀ ਕਾਫ਼ੀ ਕੁਝ ਸਿੱਖੇਗਾ, ਜਿਉਂ-ਜਿਉਂ ਉਹ ਮਸੀਹੀ ਸਭਾਵਾਂ ਲਈ ਤਿਆਰੀ ਕਰਦਾ ਅਤੇ ਉਨ੍ਹਾਂ ਵਿਚ ਨਿਯਮਿਤ ਤੌਰ ਤੇ ਹਾਜ਼ਰ ਹੁੰਦਾ ਹੈ। ਨਾਲੇ ਜਿਉਂ-ਜਿਉਂ ਸੱਚਾਈ ਲਈ ਉਸ ਦੀ ਪਿਆਸ ਉਸ ਨੂੰ ਵਿਅਕਤੀਗਤ ਰੂਪ ਵਿਚ ਮਸੀਹੀ ਪ੍ਰਕਾਸ਼ਨਾਂ ਨੂੰ ਪੜ੍ਹਨ ਅਤੇ ਅਧਿਐਨ ਕਰਨ ਅਤੇ ਸੰਗੀ ਵਿਸ਼ਵਾਸੀਆਂ ਨਾਲ ਸ਼ਾਸਤਰ-ਸੰਬੰਧੀ ਮਾਮਲਿਆਂ ਦੀ ਚਰਚਾ ਕਰਨ ਲਈ ਪ੍ਰੇਰਿਤ ਕਰੇਗੀ, ਉਹ ਅਤਿਰਿਕਤ ਗਿਆਨ ਹਾਸਲ ਕਰੇਗਾ। ਪਰੰਤੂ ਜੇ ਖ਼ਾਸ ਲੋੜਾਂ ਉਤਪੰਨ ਹੋਣ, ਉਦੋਂ ਕੀ?
11. (ੳ) ਅਪੁੱਲੋਸ ਨੂੰ ਪ੍ਰਿਸਕਿੱਲਾ ਅਤੇ ਅਕੂਲਾ ਕੋਲੋਂ ਕਿਵੇਂ ਮਦਦ ਮਿਲੀ? (ਅ) ਹਾਲ ਹੀ ਵਿਚ ਬਪਤਿਸਮਾ ਪ੍ਰਾਪਤ ਕਰਨ ਵਾਲੇ ਇਕ ਜਵਾਨ ਬਾਲਗ ਨੂੰ, ਜੋ ਵਿਆਹ ਦਾ ਵਿਚਾਰ ਕਰ ਰਿਹਾ ਹੈ, ਕਿਹੜੀ ਮਦਦ ਦਿੱਤੀ ਜਾ ਸਕਦੀ ਹੈ?
11 ਅਪੁੱਲੋਸ, ਜੋ “ਲਿਖਤਾਂ ਵਿੱਚ ਵੱਡਾ ਸੁਚੇਤ ਸੀ” ਅਤੇ ਯਿਸੂ ਬਾਰੇ ਸਹੀ ਸਿੱਖਿਆ ਦਿੰਦਾ ਸੀ, ਨੇ ਵੀ ਲਾਭ ਹਾਸਲ ਕੀਤਾ ਜਦੋਂ ਅਨੁਭਵੀ ਮਸੀਹੀ ਪ੍ਰਿਸਕਿੱਲਾ ਅਤੇ ਅਕੂਲਾ ਨੇ “ਉਸ ਨੂੰ ਆਪਣੇ ਨਾਲ ਰਲਾ ਕੇ ਉਸ ਨੂੰ ਪਰਮੇਸ਼ੁਰ ਦਾ ਰਾਹ ਹੋਰ ਵੀ ਠੀਕ ਤਰਾਂ ਨਾਲ ਦੱਸਿਆ।” (ਰਸੂਲਾਂ ਦੇ ਕਰਤੱਬ 18:24-26; ਤੁਲਨਾ ਕਰੋ ਰਸੂਲਾਂ ਦੇ ਕਰਤੱਬ 19:1-7.) ਇਸ ਲਈ, ਮੰਨ ਲਓ ਕਿ ਹਾਲ ਹੀ ਵਿਚ ਬਪਤਿਸਮਾ ਪ੍ਰਾਪਤ ਕਰਨ ਵਾਲਾ ਇਕ ਜਵਾਨ ਬਾਲਗ ਆਸ਼ਨਾਈ ਅਤੇ ਵਿਆਹ ਕਰਨ ਦਾ ਵਿਚਾਰ ਕਰ ਰਿਹਾ ਹੈ। ਇਕ ਜ਼ਿਆਦਾ ਅਨੁਭਵੀ ਮਸੀਹੀ ਸ਼ਾਇਦ ਵਾਚ ਟਾਵਰ ਪ੍ਰਕਾਸ਼ਨਾਂ ਵਿੱਚੋਂ ਇਨ੍ਹਾਂ ਵਿਸ਼ਿਆਂ ਉੱਤੇ ਜਾਣਕਾਰੀ ਲੱਭਣ ਲਈ ਉਸ ਦੀ ਮਦਦ ਕਰੇ। ਮਿਸਾਲ ਲਈ, ਇਸ ਸੰਬੰਧੀ ਸਹਾਈ ਸਾਮੱਗਰੀ ਪੁਸਤਕ ਪ੍ਰਸ਼ਨ ਜੋ ਨੌਜਵਾਨ ਪੁੱਛਦੇ ਹਨ—ਉੱਤਰ ਜੋ ਕੰਮ ਕਰਦੇ ਹਨ (ਅੰਗ੍ਰੇਜ਼ੀ), ਭਾਗ 7c ਵਿਚ ਪਾਈ ਜਾਂਦੀ ਹੈ। ਜਿਸ ਪ੍ਰਕਾਸ਼ਕ ਨੇ ਉਸ ਨਾਲ ਬਾਈਬਲ ਅਧਿਐਨ ਕੀਤਾ, ਉਹ ਇਹ ਸਾਮੱਗਰੀ ਦੀ ਚਰਚਾ ਉਸ ਨਵੇਂ ਵਿਅਕਤੀ ਨਾਲ ਕਰ ਸਕਦਾ ਹੈ, ਹਾਲਾਂਕਿ ਇਸ ਵਿਚ ਇਕ ਨਿਯਮਿਤ ਅਧਿਐਨ ਸ਼ਾਮਲ ਨਹੀਂ ਹੋਵੇਗਾ।
12. ਨਵੇਂ ਬਪਤਿਸਮਾ-ਪ੍ਰਾਪਤ ਵਿਆਹੁਤੇ ਸਾਥੀਆਂ ਨੂੰ, ਜੋ ਸਮੱਸਿਆਵਾਂ ਦਾ ਸਾਮ੍ਹਣਾ ਕਰ ਰਹੇ ਹਨ, ਕਿਹੜੀ ਮਦਦ ਦਿੱਤੀ ਜਾ ਸਕਦੀ ਹੈ?
12 ਇਕ ਹੋਰ ਮਿਸਾਲ ਉੱਤੇ ਗੌਰ ਕਰੋ। ਹੋ ਸਕਦਾ ਹੈ ਕਿ ਨਵੇਂ ਬਪਤਿਸਮਾ-ਪ੍ਰਾਪਤ ਵਿਆਹੁਤਾ ਸਾਥੀਆਂ ਨੂੰ ਈਸ਼ਵਰੀ ਸਿਧਾਂਤ ਲਾਗੂ ਕਰਨ ਵਿਚ ਸਮੱਸਿਆਵਾਂ ਪੇਸ਼ ਆ ਰਹੀਆਂ ਹਨ। ਉਹ ਸ਼ਾਇਦ ਇਕ ਬਜ਼ੁਰਗ ਤੋਂ ਮਸ਼ਵਰਾ ਲੈਣ, ਜੋ ਉਨ੍ਹਾਂ ਦੇ ਨਾਲ ਸ਼ਾਸਤਰਵਚਨਾਂ ਉੱਤੇ ਚਰਚਾ ਕਰਨ ਲਈ ਅਤੇ ਵਾਚ ਟਾਵਰ ਪ੍ਰਕਾਸ਼ਨਾਂ ਵਿਚ ਪਾਈ ਜਾਂਦੀ ਜਾਣਕਾਰੀ ਵੱਲ ਉਨ੍ਹਾਂ ਦਾ ਧਿਆਨ ਦਿਵਾਉਣ ਲਈ ਉਨ੍ਹਾਂ ਦੇ ਨਾਲ ਕੁਝ ਸ਼ਾਮਾਂ ਲਈ ਬੈਠ ਸਕਦਾ ਹੈ। ਪਰੰਤੂ, ਬਜ਼ੁਰਗ ਉਸ ਦੰਪਤੀ ਦੇ ਨਾਲ ਇਕ ਨਿਯਮਿਤ ਬਾਈਬਲ ਅਧਿਐਨ ਮੁੜ ਸਥਾਪਿਤ ਨਹੀਂ ਕਰੇਗਾ।
ਜੇਕਰ ਇਕ ਨਵਾਂ ਵਿਅਕਤੀ ਗ਼ਲਤੀ ਕਰੇ
13. ਕਲੀਸਿਯਾ ਦੇ ਬਜ਼ੁਰਗਾਂ ਨੂੰ ਇਕ ਨਵੇਂ ਬਪਤਿਸਮਾ-ਪ੍ਰਾਪਤ ਵਿਅਕਤੀ ਨੂੰ, ਜੋ ਗ਼ਲਤੀ ਕਰਦਾ ਹੈ ਪਰੰਤੂ ਪਸ਼ਚਾਤਾਪੀ ਹੈ, ਦਇਆ ਕਿਉਂ ਦਿਖਾਉਣੀ ਚਾਹੀਦੀ ਹੈ?
13 ਬਜ਼ੁਰਗ ਵੱਡੇ ਅਯਾਲੀ, ਯਹੋਵਾਹ ਦਾ ਅਨੁਕਰਣ ਕਰਦੇ ਹਨ, ਜੋ ਕਹਿੰਦਾ ਹੈ: “ਮੈਂ ਹੀ ਆਪਣੇ ਇੱਜੜ ਨੂੰ ਚਾਰਾਂਗਾ . . . ਟੁਟੀਆਂ ਨੂੰ ਬੰਨ੍ਹਾਂਗਾ ਅਤੇ ਲਿੱਸੀਆਂ ਨੂੰ ਤਕੜਿਆਂ ਕਰਾਂਗਾ।” (ਹਿਜ਼ਕੀਏਲ 34:15, 16; ਅਫ਼ਸੀਆਂ 5:1) ਉਸੇ ਮਨੋਬਿਰਤੀ ਦੀ ਇਕਸਾਰਤਾ ਵਿਚ, ਚੇਲੇ ਯਹੂਦਾਹ ਨੇ ਜ਼ੋਰ ਦਿੱਤਾ ਕਿ ਉਨ੍ਹਾਂ ਮਸਹ ਕੀਤੇ ਹੋਏ ਮਸੀਹੀਆਂ ਨੂੰ ਦਇਆ ਦਿਖਾਈ ਜਾਵੇ ਜਿਨ੍ਹਾਂ ਨੂੰ ਸੰਦੇਹ ਸੀ ਜਾਂ ਜੋ ਪਾਪ ਵਿਚ ਪੈ ਗਏ ਸਨ। (ਯਹੂਦਾਹ 22, 23) ਜਦ ਕਿ ਅਸੀਂ ਉਚਿਤ ਤੌਰ ਤੇ ਅਨੁਭਵੀ ਮਸੀਹੀਆਂ ਤੋਂ ਵਧ ਆਸ ਰੱਖਦੇ ਹਾਂ, ਨਿਸ਼ਚੇ ਹੀ ਇਕ ਨਵੇਂ ਬਪਤਿਸਮਾ-ਪ੍ਰਾਪਤ ਵਿਅਕਤੀ—ਕੇਵਲ ਇਕ ਲੇਲਾ—ਜੋ ਗ਼ਲਤੀ ਕਰਦਾ ਹੈ ਪਰੰਤੂ ਪਸ਼ਚਾਤਾਪੀ ਹੈ, ਨੂੰ ਦਇਆ ਦਿਖਾਈ ਜਾਣੀ ਚਾਹੀਦੀ ਹੈ। (ਲੂਕਾ 12:48; 15:1-7) ਇਸ ਲਈ, ਬਜ਼ੁਰਗ ਜੋ “ਯਹੋਵਾਹ ਵੱਲੋਂ ਨਿਆਉਂ ਕਰਦੇ” ਹਨ, ਅਜਿਹੀਆਂ ਭੇਡਾਂ ਦੀ ਕੋਮਲ ਦੇਖ-ਭਾਲ ਕਰਦੇ ਹਨ ਅਤੇ ਉਨ੍ਹਾਂ ਨੂੰ ਨਿਮਰਤਾ ਦੀ ਭਾਵਨਾ ਨਾਲ ਸੁਧਾਰਦੇ ਹਨ।—2 ਇਤਹਾਸ 19:6; ਰਸੂਲਾਂ ਦੇ ਕਰਤੱਬ 20:28, 29; ਗਲਾਤੀਆਂ 6:1.d
14. ਕੀ ਕੀਤਾ ਜਾਣਾ ਚਾਹੀਦਾ ਹੈ ਜਦੋਂ ਹਾਲ ਹੀ ਵਿਚ ਬਪਤਿਸਮਾ ਪ੍ਰਾਪਤ ਕਰਨ ਵਾਲਾ ਇਕ ਪ੍ਰਕਾਸ਼ਕ ਇਕ ਗੰਭੀਰ ਪਾਪ ਕਰਦਾ ਹੈ, ਅਤੇ ਉਸ ਦੀ ਕਿਵੇਂ ਮਦਦ ਕੀਤੀ ਜਾ ਸਕਦੀ ਹੈ?
14 ਤਾਂ ਫਿਰ, ਮੰਨ ਲਓ ਕਿ ਹਾਲ ਹੀ ਵਿਚ ਬਪਤਿਸਮਾ ਪ੍ਰਾਪਤ ਕਰਨ ਵਾਲੇ ਇਕ ਪ੍ਰਕਾਸ਼ਕ ਦੀ ਪਹਿਲਾਂ ਪੀਣ ਦੀ ਸਮੱਸਿਆ ਸੀ ਅਤੇ ਇਕ-ਦੋ ਮੌਕਿਆਂ ਤੇ ਉਹ ਫਿਰ ਤੋਂ ਸ਼ਰਾਬ ਦਾ ਅਤਿਸੇਵਨ ਕਰ ਬੈਠਿਆ। ਜਾਂ ਸ਼ਾਇਦ ਉਸ ਨੇ ਤਮਾਖੂ ਦੀ ਪੁਰਾਣੀ ਆਦਤ ਨੂੰ ਕਾਬੂ ਕਰ ਲਿਆ ਸੀ, ਪਰ ਇਕ-ਦੋ ਵਾਰੀ ਏਕਾਂਤ ਵਿਚ ਤਮਾਖੂਨੋਸ਼ੀ ਕਰਨ ਦੇ ਪਰਤਾਵੇ ਵਿਚ ਪੈ ਗਿਆ। ਹਾਲਾਂਕਿ ਸਾਡੇ ਨਵੇਂ ਭਰਾ ਨੇ ਪਰਮੇਸ਼ੁਰ ਦੀ ਮਾਫ਼ੀ ਲਈ ਪ੍ਰਾਰਥਨਾ ਕੀਤੀ ਹੈ, ਉਸ ਨੂੰ ਇਕ ਬਜ਼ੁਰਗ ਦੀ ਮਦਦ ਭਾਲਣੀ ਚਾਹੀਦੀ ਹੈ ਤਾਂ ਜੋ ਇਹ ਪਾਪ ਸਥਾਈ ਨਾ ਬਣ ਜਾਵੇ। (ਜ਼ਬੂਰ 32:1-5; ਯਾਕੂਬ 5:14, 15) ਜਦੋਂ ਉਹ ਇਕ ਬਜ਼ੁਰਗ ਅੱਗੇ ਆਪਣੀ ਗ਼ਲਤੀ ਦਾ ਜ਼ਿਕਰ ਕਰਦਾ ਹੈ, ਉਸ ਬਜ਼ੁਰਗ ਨੂੰ ਦਇਆਪੂਰਣ ਤਰੀਕੇ ਨਾਲ ਨਵੇਂ ਵਿਅਕਤੀ ਨੂੰ ਮੁੜ ਇਕਸਾਰ ਕਰਨ ਦੀ ਕੋਸ਼ਿਸ ਕਰਨੀ ਚਾਹੀਦੀ ਹੈ। (ਜ਼ਬੂਰ 130:3) ਉਸ ਨੂੰ ਇਸ ਉਪਰੰਤ ਆਪਣੇ ਪੈਰਾਂ ਲਈ ਸਿੱਧੇ ਰਾਹ ਬਣਾਉਣ ਵਿਚ ਮਦਦ ਕਰਨ ਲਈ ਸ਼ਾਇਦ ਸ਼ਾਸਤਰ-ਸੰਬੰਧੀ ਸਲਾਹ ਹੀ ਕਾਫ਼ੀ ਹੋਵੇ। (ਇਬਰਾਨੀਆਂ 12:12, 13) ਇਹ ਨਿਰਧਾਰਿਤ ਕਰਨ ਲਈ ਕਿ ਅੱਗੇ ਕੀ ਸਹਾਇਤਾ ਦੇਣੀ ਚਾਹੀਦੀ ਹੈ, ਇਹ ਬਜ਼ੁਰਗ ਕਲੀਸਿਯਾ ਦੇ ਪ੍ਰਧਾਨ ਨਿਗਾਹਬਾਨ ਦੇ ਨਾਲ ਹਾਲਾਤਾਂ ਦੀ ਚਰਚਾ ਕਰੇਗਾ।
15. ਕੁਝ ਮਾਮਲਿਆਂ ਵਿਚ, ਜਦੋ ਇਕ ਹਾਲ ਹੀ ਵਿਚ ਬਪਤਿਸਮਾ-ਪ੍ਰਾਪਤ ਵਿਅਕਤੀ ਪਾਪ ਕਰਦਾ ਹੈ ਕਿਸ ਗੱਲ ਦੀ ਜ਼ਰੂਰਤ ਹੋ ਸਕਦੀ ਹੈ?
15 ਕੁਝ ਮਾਮਲਿਆਂ ਵਿਚ ਸ਼ਾਇਦ ਹੋਰ ਵੀ ਜ਼ਰੂਰੀ ਹੋਵੇ। ਜੇਕਰ ਮਸ਼ਹੂਰੀ, ਝੁੰਡ ਲਈ ਖ਼ਤਰਾ, ਜਾਂ ਹੋਰ ਗੰਭੀਰ ਸਮੱਸਿਆਵਾਂ ਸ਼ਾਮਲ ਹੋਣ, ਬਜ਼ੁਰਗਾਂ ਦੀ ਨਿਕਾਇ ਮਾਮਲੇ ਦੀ ਜਾਂਚ-ਪੜਤਾਲ ਕਰਨ ਲਈ ਦੋ ਬਜ਼ੁਰਗਾਂ ਨੂੰ ਨਿਯੁਕਤ ਕਰੇਗੀ। ਜੇਕਰ ਇਨ੍ਹਾਂ ਬਜ਼ੁਰਗਾਂ ਨੂੰ ਪਤਾ ਚਲੇ ਕਿ ਮਾਮਲਾ ਇੰਨਾ ਗੰਭੀਰ ਹੈ ਕਿ ਇਕ ਨਿਆਇਕ ਸਮਿਤੀ ਦੀ ਲੋੜ ਹੈ, ਤਾਂ ਉਨ੍ਹਾਂ ਨੂੰ ਇਹ ਗੱਲ ਬਜ਼ੁਰਗਾਂ ਦੀ ਨਿਕਾਇ ਨੂੰ ਰਿਪੋਰਟ ਕਰਨੀ ਚਾਹੀਦੀ ਹੈ। ਫਿਰ ਬਜ਼ੁਰਗਾਂ ਦੀ ਨਿਕਾਇ ਉਸ ਗ਼ਲਤੀ ਕਰਨ ਵਾਲੇ ਦੀ ਮਦਦ ਕਰਨ ਲਈ ਇਕ ਨਿਆਇਕ ਸਮਿਤੀ ਨੂੰ ਨਿਯੁਕਤ ਕਰੇਗੀ। ਨਿਆਇਕ ਸਮਿਤੀ ਨੂੰ ਉਸ ਦੇ ਨਾਲ ਇਕ ਕੋਮਲ ਤਰੀਕੇ ਵਿਚ ਵਰਤਾਉ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਸ਼ਾਸਤਰ ਬਚਨਾ ਦੁਆਰਾ ਉਸ ਨੂੰ ਮੁੜ ਇਕਸਾਰ ਕਰਨ ਦੀ ਕੋਸ਼ਿਸ ਕਰਨੀ ਚਾਹੀਦੀ ਹੈ। ਜੇਕਰ ਉਹ ਨਿਆਇਕ ਸਮਿਤੀ ਦੇ ਦਿਆਲੂ ਜਤਨਾਂ ਦੇ ਪ੍ਰਤੀ ਅਨੁਕੂਲ ਪ੍ਰਤੀਕ੍ਰਿਆ ਦਿਖਾਉਂਦਾ ਹੈ, ਤਾਂ ਉਹ ਨਿਰਧਾਰਿਤ ਕਰ ਸਕਦੇ ਹਨ ਕਿ ਕੀ ਉਸ ਨੂੰ ਰਾਜ ਗ੍ਰਹਿ ਵਿਖੇ ਸਭਾਵਾਂ ਵਿਚ ਮੰਚ ਉੱਤੇ ਨਾ ਇਸਤੇਮਾਲ ਕਰਨ ਵਿਚ ਕੋਈ ਲਾਭ ਹਾਸਲ ਹੋ ਸਕਦਾ ਹੈ ਜਾਂ ਕਿ ਉਸ ਨੂੰ ਸਭਾਵਾਂ ਵਿਚ ਟਿੱਪਣੀ ਕਰਨ ਦੀ ਇਜਾਜ਼ਤ ਦਿੱਤੀ ਜਾਵੇ।
16. ਇਕ ਗ਼ਲਤੀ ਕਰਨ ਵਾਲੇ ਨੂੰ ਸਹਾਇਤਾ ਦੇਣ ਲਈ ਬਜ਼ੁਰਗ ਕੀ ਕਰ ਸਕਦੇ ਹਨ?
16 ਜੇਕਰ ਗ਼ਲਤੀ ਕਰਨ ਵਾਲਾ ਅਨੁਕੂਲ ਪ੍ਰਤੀਕ੍ਰਿਆ ਦਿਖਾਉਂਦਾ ਹੈ, ਤਾਂ ਨਿਆਇਕ ਸਮਿਤੀ ਵਿੱਚੋਂ ਇਕ ਜਾਂ ਦੋ ਬਜ਼ੁਰਗ ਉਸ ਦੀ ਨਿਸ਼ਚਾ ਨੂੰ ਦ੍ਰਿੜ੍ਹ ਕਰਨ ਲਈ ਅਤੇ ਪਰਮੇਸ਼ੁਰ ਦੇ ਧਾਰਮਿਕ ਮਿਆਰਾਂ ਲਈ ਉਸ ਦੀ ਕਦਰ ਨੂੰ ਵਧਾਉਣ ਲਈ ਰਹਿਨੁਮਾਈ-ਮੁਲਾਕਾਤ ਕਰਨ ਦਾ ਪ੍ਰਬੰਧ ਬਣਾ ਸਕਦੇ ਹਨ। ਦੋਵੇਂ ਹੀ ਸਮੇਂ-ਸਮੇਂ ਤੇ ਖੇਤਰ ਸੇਵਾ ਵਿਚ ਉਸ ਦੇ ਨਾਲ ਕੰਮ ਕਰ ਸਕਦੇ ਹਨ। ਉਹ ਸ਼ਾਇਦ ਉਸ ਨਾਲ ਕੁਝ ਸ਼ਾਸਤਰ-ਸੰਬੰਧੀ ਚਰਚੇ ਕਰਨ, ਸੰਭਵ ਤੌਰ ਤੇ ਉਪਯੁਕਤ ਪਹਿਰਾਬੁਰਜ ਅਤੇ ਅਵੇਕ! ਲੇਖਾਂ ਦੀ ਵਰਤੋਂ ਕਰਦੇ ਹੋਏ, ਲੇਕਨ ਉਹ ਇਕ ਨਿਯਮਿਤ ਬਾਈਬਲ ਅਧਿਐਨ ਸਥਾਪਿਤ ਨਹੀਂ ਕਰਨਗੇ। ਅਜਿਹੀ ਕੋਮਲ ਦੇਖ-ਭਾਲ ਦੇ ਨਾਲ ਗ਼ਲਤੀ ਕਰਨ ਵਾਲਾ ਸਰੀਰ ਦੀਆਂ ਕਮਜ਼ੋਰੀਆਂ ਦਾ ਵਿਰੋਧ ਕਰਨ ਲਈ ਆਉਣ ਵਾਲੇ ਸਮਿਆਂ ਵਿਚ ਮਜ਼ਬੂਤ ਬਣਾਇਆ ਜਾ ਸਕਦਾ ਹੈ।
17. ਕਿਹੜੇ ਕਦਮ ਚੁੱਕੇ ਜਾਂਦੇ ਹਨ, ਜੇਕਰ ਇਕ ਬਪਤਿਸਮਾ-ਪ੍ਰਾਪਤ ਅਪਰਾਧੀ ਤੋਬਾ ਕਰ ਕੇ ਆਪਣੇ ਪਾਪ ਵਾਲੇ ਰਾਹ ਨੂੰ ਨਹੀਂ ਤਿਆਗਦਾ ਹੈ?
17 ਨਿਰਸੰਦੇਹ, ਹਾਲ ਹੀ ਵਿਚ ਬਪਤਿਸਮਾ ਲੈਣ ਤੋਂ ਬਾਅਦ, ਅਪਸ਼ਚਾਤਾਪੀ ਤਰੀਕੇ ਤੋਂ ਪਾਪ ਦਾ ਅਭਿਆਸ ਕਰਨ ਲਈ ਕੋਈ ਬਹਾਨਾ ਨਹੀਂ ਹੈ। (ਇਬਰਾਨੀਆਂ 10:26, 27; ਯਹੂਦਾਹ 4) ਜੇਕਰ ਕੋਈ ਬਪਤਿਸਮਾ-ਪ੍ਰਾਪਤ ਅਪਰਾਧੀ ਤੋਬਾ ਕਰ ਕੇ ਆਪਣੇ ਪਾਪ ਵਾਲੇ ਰਾਹ ਨੂੰ ਨਹੀਂ ਤਿਆਗਦਾ ਹੈ, ਤਾਂ ਉਸ ਨੂੰ ਕਲੀਸਿਯਾ ਵਿੱਚੋਂ ਛੇਕਿਆ ਜਾਵੇਗਾ। (1 ਕੁਰਿੰਥੀਆਂ 5:6, 11-13; 2 ਥੱਸਲੁਨੀਕੀਆਂ 2:11, 12; 2 ਯੂਹੰਨਾ 9-11) ਜਦੋਂ ਇਹ ਕਾਰਵਾਈ ਜ਼ਰੂਰੀ ਜਾਪੇ, ਤਾਂ ਬਜ਼ੁਰਗਾਂ ਦੀ ਨਿਕਾਇ ਇਕ ਨਿਆਇਕ ਸਮਿਤੀ ਦੀ ਚੋਣ ਕਰੇਗੀ। ਜੇਕਰ ਛੇਕਣਾ ਪਿਆ, ਤਾਂ ਇਹ ਸੰਖੇਪ ਘੋਸ਼ਣਾ ਕੀਤੀ ਜਾਵੇਗੀ: “ . . . ਨੂੰ ਛੇਕਿਆ ਗਿਆ ਹੈ।”e
‘ਸਿਆਣਪੁਣੇ ਦੀ ਵੱਲ ਅਗਾਹਾਂ ਵੱਧਣ’ ਲਈ ਉਨ੍ਹਾਂ ਦੀ ਮਦਦ ਕਰੋ
18. ਅਸੀਂ ਕਿਉਂ ਨਿਸ਼ਚਿਤ ਹੋ ਸਕਦੇ ਹਾਂ ਕਿ ਨਵੇਂ ਬਪਤਿਸਮਾ-ਪ੍ਰਾਪਤ ਮਸੀਹੀਆਂ ਨੂੰ ਅਤੇ ਦੂਜਿਆਂ ਨੂੰ ਹਮੇਸ਼ਾ ਹੀ ਯਹੋਵਾਹ ਦੇ ਬਾਰੇ ਅਤੇ ਉਸ ਦੀ ਇੱਛਾ ਬਾਰੇ ਹੋਰ ਸਿੱਖਣ ਦੀ ਜ਼ਰੂਰਤ ਹੋਵੇਗੀ?
18 ਪਰਮੇਸ਼ੁਰ ਦੇ ਜ਼ਿਆਦਾਤਰ ਸੇਵਕ ਝੁੰਡ ਦੇ ਅੰਦਰ ਕਾਇਮ ਰਹਿਣਗੇ। ਖ਼ੁਸ਼ੀ ਦੀ ਗੱਲ ਇਹ ਵੀ ਹੈ ਕਿ ਅਸੀਂ ਸਾਰੇ ਹੀ ਆਪਣੇ ਸਵਰਗੀ ਪਿਤਾ ਦੇ ਹੋਰ ਨੇੜੇ ਜਾ ਸਕਾਂਗੇ ਕਿਉਂਕਿ ਅਸੀਂ ਹਮੇਸ਼ਾ ਹੀ ਉਸ ਬਾਰੇ ਅਤੇ ਉਸ ਦੀ ਇੱਛਾ ਬਾਰੇ ਹੋਰ ਅਧਿਕ ਸਿੱਖ ਸਕਾਂਗੇ। (ਉਪਦੇਸ਼ਕ ਦੀ ਪੋਥੀ 3:11; ਯਾਕੂਬ 4:8) ਸੰਨ 33 ਸਾ.ਯੁ. ਦੇ ਪੰਤੇਕੁਸਤ ਦੇ ਦਿਨ ਬਪਤਿਸਮਾ ਲੈਣ ਵਾਲੇ ਹਜ਼ਾਰਾਂ ਲੋਕਾਂ ਨੂੰ ਨਿਸ਼ਚੇ ਹੀ ਹੋਰ ਸਿੱਖਣ ਦੀ ਜ਼ਰੂਰਤ ਸੀ। (ਰਸੂਲਾਂ ਦੇ ਕਰਤੱਬ 2:5, 37-41; 4:4) ਇਸੇ ਤਰ੍ਹਾਂ ਉਨ੍ਹਾਂ ਗ਼ੈਰ-ਯਹੂਦੀਆਂ ਨੂੰ ਵੀ, ਜਿਨ੍ਹਾਂ ਦਾ ਸ਼ਾਸਤਰ-ਸੰਬੰਧੀ ਪਿਛੋਕੜ ਨਹੀਂ ਸੀ। ਮਿਸਾਲ ਲਈ, ਇਹ ਗੱਲ ਉਨ੍ਹਾਂ ਦੇ ਸੰਬੰਧ ਵਿਚ ਸੱਚ ਸੀ ਜਿਨ੍ਹਾਂ ਨੇ ਅਥੇਨੈ ਵਿਖੇ ਅਰਿਯੁਪਗੁਸ ਉੱਤੇ ਪੌਲੁਸ ਦੇ ਭਾਸ਼ਣ ਮਗਰੋਂ ਬਪਤਿਸਮਾ ਲਿਆ। (ਰਸੂਲਾਂ ਦੇ ਕਰਤੱਬ 17:33, 34) ਅੱਜ ਵੀ, ਨਵੇਂ ਬਪਤਿਸਮਾ-ਪ੍ਰਾਪਤ ਵਿਅਕਤੀਆਂ ਨੂੰ ਹੋਰ ਗੱਲਾਂ ਸਿੱਖਣ ਦੀ ਜ਼ਰੂਰਤ ਹੈ ਅਤੇ ਪਰਮੇਸ਼ੁਰ ਦੀ ਨਜ਼ਰ ਵਿਚ ਸਹੀ ਕੰਮ ਕਰਦੇ ਰਹਿਣ ਦੇ ਉਨ੍ਹਾਂ ਦੇ ਸੰਕਲਪ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਨੂੰ ਸਮੇਂ ਅਤੇ ਮਦਦ ਦੀ ਲੋੜ ਹੈ।—ਗਲਾਤੀਆਂ 6:9; 2 ਥੱਸਲੁਨੀਕੀਆਂ 3:13.
19. ਬਪਤਿਸਮਾ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਨੂੰ ‘ਸਿਆਣਪੁਣੇ ਦੀ ਵੱਲ ਅਗਾਹਾਂ ਵੱਧਣ’ ਲਈ ਕਿਵੇਂ ਮਦਦ ਕੀਤੀ ਜਾ ਸਕਦੀ ਹੈ?
19 ਹਰ ਸਾਲ ਹਜ਼ਾਰਾਂ ਵਿਅਕਤੀ ਬਪਤਿਸਮਾ ਪ੍ਰਾਪਤ ਕਰਦੇ ਹਨ ਅਤੇ ਉਨ੍ਹਾਂ ਨੂੰ ਮਦਦ ਦੀ ਲੋੜ ਹੁੰਦੀ ਹੈ ਤਾਂ ਜੋ ਉਹ ‘ਸਿਆਣਪੁਣੇ ਦੀ ਵੱਲ ਅਗਾਹਾਂ ਵੱਧ ਸਕਣ।’ (ਇਬਰਾਨੀਆਂ 6:1-3) ਤੁਸੀਂ ਸ਼ਬਦਾਂ, ਮਿਸਾਲ, ਅਤੇ ਸੇਵਕਾਈ ਵਿਚ ਵਿਵਹਾਰਕ ਮਦਦ ਦੇ ਦੁਆਰਾ, ਸ਼ਾਇਦ ਕਈਆਂ ਨੂੰ ਨਵਾਂ ਵਿਅਕਤਿੱਤਵ ਪਹਿਨਣ ਲਈ ਅਤੇ ‘ਸਚਿਆਈ ਉੱਤੇ ਚੱਲਦੇ’ ਰਹਿਣ ਲਈ ਸਹਾਇਤਾ ਕਰ ਸਕਦੇ ਹੋ। (3 ਯੂਹੰਨਾ 4; ਕੁਲੁੱਸੀਆਂ 3:9, 10) ਜੇਕਰ ਤੁਸੀਂ ਇਕ ਅਨੁਭਵੀ ਪ੍ਰਕਾਸ਼ਕ ਹੋ, ਤਾਂ ਬਜ਼ੁਰਗ ਸ਼ਾਇਦ ਤੁਹਾਨੂੰ ਨਿਮੰਤ੍ਰਣ ਦੇਣ ਕਿ ਤੁਸੀਂ ਕੁਝ ਹਫ਼ਤਿਆਂ ਲਈ ਖੇਤਰ ਸੇਵਾ ਵਿਚ ਇਕ ਨਵੇਂ ਸੰਗੀ ਵਿਸ਼ਵਾਸੀ ਦੀ ਮਦਦ ਕਰੋ ਜਾਂ ਉਸ ਨਾਲ ਖ਼ਾਸ ਸ਼ਾਸਤਰ-ਸੰਬੰਧੀ ਨੁਕਤਿਆਂ ਉੱਤੇ ਚਰਚਾ ਕਰੋ, ਤਾਂ ਜੋ ਪਰਮੇਸ਼ੁਰ ਵਿਚ ਉਸ ਦੀ ਨਿਹਚਾ, ਮਸੀਹੀ ਸਭਾਵਾਂ ਲਈ ਉਸ ਦੀ ਕਦਰ, ਇਤਿਆਦਿ ਮਜ਼ਬੂਤ ਹੋ ਜਾਣ। ਝੁੰਡ ਦੇ ਨਾਲ ਚਰਵਾਹਿਆਂ ਦਾ ਰਿਸ਼ਤਾ ਉਪਦੇਸ਼ ਦੇਣ ਵਿਚ ਪਿਤਾ ਵਰਗਾ ਅਤੇ ਕੋਮਲਤਾ ਵਿਚ ਮਾਤਾ ਵਰਗਾ ਹੈ। (1 ਥੱਸਲੁਨੀਕੀਆਂ 2:7, 8, 11) ਪਰੰਤੂ, ਕੁਝ ਹੀ ਬਜ਼ੁਰਗ ਅਤੇ ਸੇਵਕਾਈ ਸੇਵਕ ਕਲੀਸਿਯਾ ਵਿਚ ਹਰ ਲੋੜੀਂਦੀ ਗੱਲ ਦੀ ਦੇਖ-ਭਾਲ ਨਹੀਂ ਕਰ ਸਕਦੇ ਹਨ। ਅਸੀਂ ਸਾਰੇ ਇਕ ਪਰਿਵਾਰ ਵਾਂਗ ਹਾਂ ਜਿਸ ਦੇ ਸਦੱਸ ਇਕ ਦੂਜੇ ਦੀ ਮਦਦ ਕਰਦੇ ਹਨ। ਸਾਡੇ ਵਿੱਚੋਂ ਹਰ ਇਕ ਵਿਅਕਤੀ ਆਪਣੇ ਸੰਗੀ ਉਪਾਸਕਾਂ ਦੀ ਮਦਦ ਲਈ ਕੁਝ ਕਰ ਸਕਦਾ ਹੈ। ਤੁਸੀਂ ਖ਼ੁਦ ਉਤਸ਼ਾਹ ਦੇਣ, ਕਮਦਿਲਿਆਂ ਨੂੰ ਦਿਲਾਸਾ ਦੇਣ, ਨਿਤਾਣਿਆਂ ਨੂੰ ਸੰਭਾਲਣ ਦੇ ਯੋਗ ਹੋ ਸਕਦੇ ਹੋ।—1 ਥੱਸਲੁਨੀਕੀਆਂ 5:14, 15.
20. ਪਰਮੇਸ਼ੁਰ ਦੇ ਗਿਆਨ ਨੂੰ ਫੈਲਾਉਣ ਅਤੇ ਯਹੋਵਾਹ ਦੀ ਜੂਹ ਦੀਆਂ ਭੇਡਾਂ ਨੂੰ ਕੋਮਲ ਦੇਖ-ਭਾਲ ਮੁਹੱਈਆ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ?
20 ਮਨੁੱਖਜਾਤੀ ਨੂੰ ਪਰਮੇਸ਼ੁਰ ਦੇ ਗਿਆਨ ਦੀ ਲੋੜ ਹੈ, ਅਤੇ ਯਹੋਵਾਹ ਦੇ ਇਕ ਗਵਾਹ ਵਜੋਂ, ਤੁਸੀਂ ਇਸ ਨੂੰ ਫੈਲਾਉਣ ਵਿਚ ਆਨੰਦਮਈ ਹਿੱਸਾ ਲੈ ਸਕਦੇ ਹੋ। ਯਹੋਵਾਹ ਦੀਆਂ ਭੇਡਾਂ ਨੂੰ ਕੋਮਲ ਦੇਖ-ਭਾਲ ਦੀ ਲੋੜ ਹੈ, ਅਤੇ ਤੁਸੀਂ ਇਹ ਮੁਹੱਈਆ ਕਰਨ ਵਿਚ ਮਦਦ ਦੇਣ ਦੇ ਦੁਆਰਾ ਇਕ ਪ੍ਰੇਮਮਈ ਭੂਮਿਕਾ ਅਦਾ ਕਰ ਸਕਦੇ ਹੋ। ਇੰਜ ਹੋਵੇ ਕਿ ਯਹੋਵਾਹ ਤੁਹਾਡੀ ਸੇਵਕਾਈ ਉੱਤੇ ਬਰਕਤ ਦੇਵੇ, ਅਤੇ ਉਸ ਦੀ ਜੂਹ ਦੀਆਂ ਭੇਡਾਂ ਦੀ ਮਦਦ ਕਰਨ ਵਿਚ ਤੁਹਾਡੇ ਸੁਹਿਰਦ ਜਤਨਾਂ ਲਈ ਉਹ ਤੁਹਾਨੂੰ ਪ੍ਰਤਿਫਲ ਦੇਵੇ। (w96 1/15)
[ਫੁਟਨੋਟ]
a ਇਸ ਮਕਾਮ ਤੇ, ਉਹ ਨਵਾਂ ਵਿਅਕਤੀ ਆਪਣੀ ਸੇਵਕਾਈ ਨੂੰ ਸੰਪੰਨ ਕਰਨ ਲਈ ਸੰਗਠਿਤ ਪੁਸਤਕ ਦੀ ਇਕ ਪ੍ਰਤਿ ਹਾਸਲ ਕਰ ਸਕਦਾ ਹੈ।
b ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ।
c ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ।
d ਬਪਤਿਸਮਾ-ਰਹਿਤ ਪ੍ਰਕਾਸ਼ਕਾਂ ਲਈ ਅਜਿਹੇ ਇਕ ਪ੍ਰਬੰਧ ਦੀ ਰੂਪ-ਰੇਖਾ ਨਵੰਬਰ 15, 1988, ਦੇ ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 15-20 ਉੱਤੇ “ਪਰਮੇਸ਼ੁਰ ਦੀ ਉਪਾਸਨਾ ਕਰਨ ਵਿਚ ਦੂਜਿਆਂ ਦੀ ਮਦਦ ਕਰਨਾ” ਲੇਖ ਵਿਚ ਦਿੱਤੀ ਗਈ ਸੀ।
e ਜੇਕਰ ਛੇਕਣ ਦਾ ਨਿਰਣਾ ਕੀਤੇ ਜਾਣ ਤੇ ਅਪੀਲ ਹੁੰਦੀ ਹੈ, ਤਾਂ ਘੋਸ਼ਣਾ ਰੋਕ ਦਿੱਤੀ ਜਾਂਦੀ ਹੈ। ਪੁਸਤਕ ਆਪਣੀ ਸੇਵਕਾਈ ਨੂੰ ਸੰਪੰਨ ਕਰਨ ਲਈ ਸੰਗਠਿਤ ਦੇ ਸਫ਼ੇ 147-8 ਦੇਖੋ।
ਤੁਸੀਂ ਕਿਵੇਂ ਜਵਾਬ ਦਿਓਗੇ?
◻ ਯਹੋਵਾਹ ਆਪਣੀਆਂ ਭੇਡਾਂ ਨਾਲ ਕਿਵੇਂ ਵਰਤਾਉ ਕਰਦਾ ਹੈ?
◻ ਕੀ ਕੀਤਾ ਜਾਂਦਾ ਹੈ ਜਦੋਂ ਨਵੇਂ ਵਿਅਕਤੀ ਪ੍ਰਚਾਰ ਕਰਨਾ ਚਾਹੁੰਦੇ ਹਨ?
◻ ਸੰਗੀ ਵਿਸ਼ਵਾਸੀ ਕਿਵੇਂ ਨਵੇਂ ਵਿਅਕਤੀਆਂ ਦੀ ਮਦਦ ਕਰ ਸਕਦੇ ਹਨ ਜਿਨ੍ਹਾਂ ਦੀਆਂ ਖ਼ਾਸ ਲੋੜਾਂ ਹਨ?
◻ ਬਜ਼ੁਰਗ ਉਨ੍ਹਾਂ ਨੂੰ ਕਿਹੜੀ ਮਦਦ ਦੇ ਸਕਦੇ ਹਨ, ਜੋ ਗ਼ਲਤੀ ਕਰਦੇ ਹਨ ਪਰੰਤੂ ਪਸ਼ਚਾਤਾਪੀ ਹਨ?
◻ ਤੁਸੀਂ ਇਕ ਨਵੇਂ ਬਪਤਿਸਮਾ-ਪ੍ਰਾਪਤ ਵਿਅਕਤੀ ਨੂੰ ‘ਸਿਆਣਪੁਣੇ ਦੀ ਵੱਲ ਅਗਾਹਾਂ ਵੱਧਣ’ ਲਈ ਕਿਵੇਂ ਮਦਦ ਕਰ ਸਕਦੇ ਹੋ?
[ਸਫ਼ੇ 25 ਉੱਤੇ ਤਸਵੀਰ]
ਚਾਰਲਸ ਟੀ. ਰਸਲ ਇੱਜੜ ਦੇ ਇਕ ਪ੍ਰੇਮਮਈ ਚਰਵਾਹੇ ਦੇ ਤੌਰ ਤੇ ਪ੍ਰਸਿੱਧ ਸੀ
[ਸਫ਼ੇ 27 ਉੱਤੇ ਤਸਵੀਰ]
ਤਰਸਵਾਨ ਚਰਵਾਹੇ ਪਰਮੇਸ਼ੁਰ ਦੇ ਇੱਜੜ ਨਾਲ ਕੋਮਲਤਾ ਸਹਿਤ ਵਰਤਾਉ ਕਰਦੇ ਹਨ