ਪਰਮੇਸ਼ੁਰ ਦਾ ਰਾਜ—ਕੀ ਤੁਸੀਂ ਇਸ ਨੂੰ ਸਮਝ ਰਹੇ ਹੋ?
“ਜਿਹੜਾ ਚੰਗੀ ਜ਼ਮੀਨ ਵਿੱਚ ਬੀਜਿਆ ਗਿਆ ਸੋ ਉਹ ਹੈ ਜੋ ਬਚਨ ਨੂੰ ਸੁਣਦਾ ਅਤੇ ਸਮਝਦਾ ਹੈ।”—ਮੱਤੀ 13:23.
1. ‘ਸੁਰਗ ਦੇ ਰਾਜ’ ਦੇ ਸੰਬੰਧ ਵਿਚ ਕੁਝ ਆਮ ਵਿਚਾਰ ਕੀ ਹਨ?
ਕੀ ਤੁਸੀਂ ‘ਸਮਝਿਆ’ ਹੈ ਕਿ ਪਰਮੇਸ਼ੁਰ ਦਾ ਰਾਜ ਕੀ ਹੈ? ‘ਸੁਰਗ ਦੇ ਰਾਜ’ ਬਾਰੇ ਧਾਰਨਾਵਾਂ ਸਦੀਆਂ ਦੇ ਦੌਰਾਨ ਬਹੁਤ ਭਿੰਨ ਰਹੀਆਂ ਹਨ। ਅੱਜ ਗਿਰਜਿਆਂ ਦੇ ਕਈ ਸਦੱਸਾਂ ਦੇ ਵਿਚਕਾਰ ਇਕ ਆਮ ਵਿਚਾਰ ਇਹ ਹੈ ਕਿ ਰਾਜ ਉਹ ਚੀਜ਼ ਹੈ ਜਿਸ ਨੂੰ ਪਰਮੇਸ਼ੁਰ ਧਰਮ-ਪਰਿਵਰਤਨ ਵੇਲੇ ਇਕ ਵਿਅਕਤੀ ਦੇ ਦਿਲ ਵਿਚ ਪਾਉਂਦਾ ਹੈ। ਦੂਜੇ ਮਹਿਸੂਸ ਕਰਦੇ ਹਨ ਕਿ ਇਹ ਇਕ ਅਜਿਹਾ ਥਾਂ ਹੈ ਜਿੱਥੇ ਚੰਗੇ ਲੋਕ ਮਰਨ ਮਗਰੋਂ ਸਦੀਪਕ ਪਰਮਾਨੰਦ ਮਾਣਨ ਲਈ ਜਾਂਦੇ ਹਨ। ਹੋਰ ਦੂਜੇ ਲੋਕ ਦਾਅਵਾ ਕਰਦੇ ਹਨ ਕਿ ਪਰਮੇਸ਼ੁਰ ਨੇ ਮਾਨਵ ਉੱਤੇ ਇਹ ਛੱਡਿਆ ਹੈ ਕਿ ਉਹ ਮਸੀਹੀ ਸਿੱਖਿਆਵਾਂ ਅਤੇ ਅਭਿਆਸਾਂ ਨੂੰ ਸਮਾਜਕ ਅਤੇ ਸਰਕਾਰੀ ਮਾਮਲਿਆਂ ਵਿਚ ਪਾਉਣ ਦੇ ਜਤਨ ਦੇ ਦੁਆਰਾ ਧਰਤੀ ਉੱਤੇ ਉਹ ਰਾਜ ਲਿਆਉਣ।
2. ਬਾਈਬਲ ਪਰਮੇਸ਼ੁਰ ਦੇ ਰਾਜ ਦੀ ਕਿਵੇਂ ਵਿਆਖਿਆ ਕਰਦੀ ਹੈ, ਅਤੇ ਇਹ ਕੀ ਸੰਪੰਨ ਕਰੇਗਾ?
2 ਪਰੰਤੂ, ਬਾਈਬਲ ਸਾਫ਼-ਸਾਫ਼ ਦਿਖਾਉਂਦੀ ਹੈ ਕਿ ਪਰਮੇਸ਼ੁਰ ਦਾ ਰਾਜ ਧਰਤੀ ਉੱਤੇ ਇਕ ਸੰਸਥਾ ਨਹੀਂ ਹੈ। ਇਹ ਨਾ ਤਾਂ ਦਿਲ ਦੀ ਸਥਿਤੀ ਹੈ ਅਤੇ ਨਾ ਹੀ ਮਾਨਵ ਸਮਾਜ ਨੂੰ ਮਸੀਹੀ ਬਣਾਉਣਾ ਹੈ। ਸੱਚ ਹੈ, ਇਸ ਬਾਰੇ ਸਹੀ ਸਮਝ ਹਾਸਲ ਕਰਨਾ ਕਿ ਇਹ ਰਾਜ ਕੀ ਹੈ, ਉਨ੍ਹਾਂ ਵਿਅਕਤੀਆਂ ਦਿਆਂ ਜੀਵਨਾਂ ਵਿਚ ਵੱਡੀਆਂ ਤਬਦੀਲੀਆਂ ਲਿਆਉਂਦਾ ਹੈ, ਜੋ ਇਸ ਉੱਤੇ ਨਿਹਚਾ ਰੱਖਦੇ ਹਨ। ਲੇਕਨ ਰਾਜ ਖ਼ੁਦ ਇਕ ਈਸ਼ਵਰੀ ਰੂਪ ਵਿਚ ਸਥਾਪਿਤ ਸਵਰਗੀ ਸਰਕਾਰ ਹੈ, ਜੋ ਪਾਪ ਅਤੇ ਮੌਤ ਦਿਆਂ ਅਸਰਾਂ ਨੂੰ ਮਿਟਾ ਕੇ ਅਤੇ ਧਰਤੀ ਉੱਤੇ ਧਰਮੀ ਹਾਲਾਤਾਂ ਮੁੜ ਬਹਾਲ ਕਰ ਕੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਦੀ ਹੈ। ਪਹਿਲਾਂ ਤੋਂ ਹੀ ਇਹ ਰਾਜ ਸਵਰਗ ਵਿਚ ਸੱਤਾ ਵਿਚ ਆ ਚੁੱਕਿਆ ਹੈ, ਅਤੇ ਜਲਦੀ ਹੀ “ਉਹ ਏਹਨਾਂ ਸਾਰੀਆਂ [ਮਾਨਵੀ] ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।”—ਦਾਨੀਏਲ 2:44; ਪਰਕਾਸ਼ ਦੀ ਪੋਥੀ 11:15; 12:10.
3. ਜਦੋਂ ਯਿਸੂ ਨੇ ਆਪਣੀ ਸੇਵਕਾਈ ਸ਼ੁਰੂ ਕੀਤੀ, ਉਦੋਂ ਮਾਨਵ ਲਈ ਕੀ ਖੋਲ੍ਹਿਆ ਗਿਆ?
3 ਇਤਿਹਾਸਕਾਰ ਐੱਚ. ਜੀ. ਵੈਲਜ਼ ਨੇ ਲਿਖਿਆ: “ਸਵਰਗ ਦੇ ਰਾਜ ਦਾ ਇਹ ਸਿਧਾਂਤ, ਜੋ ਯਿਸੂ ਦੀ ਮੁੱਖ ਸਿੱਖਿਆ ਸੀ, ਅਤੇ ਜੋ ਈਸਾਈ ਧਰਮ-ਸਿਧਾਂਤਾਂ ਵਿਚ ਇੰਨੀ ਛੋਟੀ ਭੂਮਿਕਾ ਅਦਾ ਕਰਦਾ ਹੈ, ਨਿਸ਼ਚੇ ਹੀ ਸਭ ਤੋਂ ਕ੍ਰਾਂਤੀਸ਼ੀਲ ਸਿਧਾਂਤਾਂ ਵਿੱਚੋਂ ਇਕ ਹੈ, ਜਿਸ ਨੇ ਮਾਨਵ ਵਿਚਾਰ ਨੂੰ ਕਦੇ ਉਤੇਜਿਤ ਕੀਤਾ ਅਤੇ ਬਦਲਿਆ।” ਸ਼ੁਰੂ ਤੋਂ ਹੀ, ਯਿਸੂ ਦੀ ਸੇਵਕਾਈ ਦਾ ਵਿਸ਼ਾ ਸੀ: “ਤੋਬਾ ਕਰੋ ਕਿਉਂ ਜੋ ਸੁਰਗ ਦਾ ਰਾਜ ਨੇੜੇ ਆਇਆ ਹੈ।” (ਮੱਤੀ 4:17) ਉਹ ਉੱਥੇ ਮਸਹ ਕੀਤੇ ਹੋਏ ਰਾਜਾ ਵਜੋਂ ਹਾਜ਼ਰ ਸੀ, ਅਤੇ ਸਭ ਤੋਂ ਵੱਡੀ ਖ਼ੁਸ਼ੀ ਦੀ ਗੱਲ ਇਹ ਸੀ ਕਿ ਹੁਣ ਮਾਨਵ ਲਈ ਨਾ ਕੇਵਲ ਉਸ ਰਾਜ ਦੀਆਂ ਬਰਕਤਾਂ ਵਿਚ ਸਾਂਝੇਦਾਰ ਹੋਣ ਲਈ ਪਰੰਤੂ ਉਸ ਰਾਜ ਵਿਚ ਯਿਸੂ ਦੇ ਨਾਲ ਸੰਗੀ ਸ਼ਾਸਕ ਅਤੇ ਜਾਜਕ ਬਣਨ ਲਈ ਵੀ ਰਾਹ ਖੋਲ੍ਹਿਆ ਜਾ ਰਿਹਾ ਸੀ!—ਲੂਕਾ 22:28-30; ਪਰਕਾਸ਼ ਦੀ ਪੋਥੀ 1:6; 5:10.
4. ਪਹਿਲੀ ਸਦੀ ਵਿਚ, ਭੀੜਾਂ ਨੇ “ਰਾਜ ਦੀ ਖ਼ੁਸ਼ ਖ਼ਬਰੀ” ਦੇ ਪ੍ਰਤੀ ਕਿਵੇਂ ਪ੍ਰਤਿਕ੍ਰਿਆ ਦਿਖਾਈ, ਅਤੇ ਸਿੱਟੇ ਵਜੋਂ ਇਹ ਕਿਹੜੇ ਨਿਆਉਂ ਵੱਲ ਲੈ ਗਿਆ?
4 ਹਾਲਾਂਕਿ ਭੀੜਾਂ ਨੇ ਰੁਮਾਂਚਕ “ਰਾਜ ਦੀ ਖ਼ੁਸ਼ ਖ਼ਬਰੀ” ਸੁਣੀ, ਕੇਵਲ ਥੋੜ੍ਹਿਆਂ ਹੀ ਨੇ ਵਿਸ਼ਵਾਸ ਕੀਤਾ। ਇਹ ਕੁਝ ਹੱਦ ਤਕ ਇਸ ਲਈ ਸੀ ਕਿਉਂਕਿ ਧਾਰਮਿਕ ਆਗੂਆਂ ਨੇ “ਸੁਰਗ ਦੇ ਰਾਜ ਨੂੰ ਮਨੁੱਖਾਂ ਦੇ ਅੱਗੇ ਬੰਦ” ਕਰ ਦਿੱਤਾ ਸੀ। ਉਹ ਆਪਣੀਆਂ ਝੂਠੀਆਂ ਸਿੱਖਿਆਵਾਂ ਦੇ ਦੁਆਰਾ “ਗਿਆਨ ਦੀ ਕੁੰਜੀ ਲੈ ਗਏ।” ਕਿਉਂ ਜੋ ਅਧਿਕਤਰ ਲੋਕਾਂ ਨੇ ਯਿਸੂ ਨੂੰ ਮਸੀਹਾ ਅਤੇ ਪਰਮੇਸ਼ੁਰ ਦੇ ਰਾਜ ਦੇ ਮਸਹ ਕੀਤੇ ਹੋਏ ਰਾਜਾ ਵਜੋਂ ਰੱਦ ਕੀਤਾ, ਯਿਸੂ ਨੇ ਉਨ੍ਹਾਂ ਨੂੰ ਕਿਹਾ: “ਪਰਮੇਸ਼ੁਰ ਦਾ ਰਾਜ ਤੁਹਾਥੋਂ ਖੋਹਿਆ ਅਤੇ ਪਰਾਈ ਕੌਮ ਨੂੰ ਜਿਹੜੀ ਉਹ ਦੇ ਫਲ ਦੇਵੇ ਦਿੱਤਾ ਜਾਵੇਗਾ।”—ਮੱਤੀ 4:23; 21:43; 23:13; ਲੂਕਾ 11:52.
5. ਯਿਸੂ ਦਿਆਂ ਦ੍ਰਿਸ਼ਟਾਂਤਾਂ ਨੂੰ ਸੁਣਨ ਵਾਲਿਆਂ ਵਿੱਚੋਂ ਅਧਿਕਤਰ ਲੋਕਾਂ ਨੇ ਕਿਵੇਂ ਦਿਖਾਇਆ ਕਿ ਉਨ੍ਹਾਂ ਨੇ ਸਮਝ ਦੇ ਨਾਲ ਨਹੀਂ ਸੁਣਿਆ?
5 ਇਕ ਅਵਸਰ ਤੇ ਇਕ ਵੱਡੀ ਭੀੜ ਨੂੰ ਸਿਖਾਉਂਦੇ ਸਮੇਂ, ਯਿਸੂ ਨੇ ਭੀੜ ਨੂੰ ਪਰਖਣ ਅਤੇ ਉਨ੍ਹਾਂ ਵਿਅਕਤੀਆਂ ਦੀ ਛਾਂਟੀ ਕਰਨ ਲਈ ਜਿਹੜੇ ਰਾਜ ਵਿਚ ਕੇਵਲ ਬਾਹਰੀ ਰੁਚੀ ਰੱਖਦੇ ਸਨ, ਆਪਣੀ ਰੀਤ ਅਨੁਸਾਰ ਦ੍ਰਿਸ਼ਟਾਂਤਾਂ ਦੀ ਇਕ ਲੜੀ ਇਸਤੇਮਾਲ ਕੀਤੀ। ਪਹਿਲੇ ਦ੍ਰਿਸ਼ਟਾਂਤ ਵਿਚ ਇਕ ਬੀਜਣ ਵਾਲਾ ਸ਼ਾਮਲ ਸੀ, ਜਿਸ ਨੇ ਚਾਰ ਪ੍ਰਕਾਰ ਦੀਆਂ ਜ਼ਮੀਨਾਂ ਵਿਚ ਬੀ ਬੀਜਿਆ। ਪਹਿਲੇ ਤਿੰਨ ਪ੍ਰਕਾਰ ਦੀਆਂ ਜ਼ਮੀਨਾਂ ਪੌਦਿਆਂ ਦੀ ਉਪਜ ਲਈ ਪ੍ਰਤਿਕੂਲ ਸਨ, ਪਰ ਆਖ਼ਰੀ ਪ੍ਰਕਾਰ “ਚੰਗੀ ਜ਼ਮੀਨ” ਸੀ ਜਿਸ ਨੇ ਚੰਗਾ ਫਲ ਉਤਪੰਨ ਕੀਤਾ। ਉਹ ਸੰਖੇਪ ਦ੍ਰਿਸ਼ਟਾਂਤ ਇਸ ਪ੍ਰੇਰਣਾ ਨਾਲ ਸਮਾਪਤ ਹੋਇਆ: “ਜਿਹ ਦੇ ਕੰਨ ਹੋਣ ਸੋ ਸੁਣੇ [“ਕੰਨ ਧਰੇ,” ਨਿ ਵ]।” (ਮੱਤੀ 13:1-9) ਉੱਥੇ ਹਾਜ਼ਰ ਅਧਿਕਤਰ ਲੋਕਾਂ ਨੇ ਉਸ ਦੀ ਗੱਲ ਸੁਣੀ, ਪਰੰਤੂ ਉਨ੍ਹਾਂ ਨੇ ‘ਕੰਨ ਨਾ ਧਰਿਆ।’ ਉਨ੍ਹਾਂ ਵਿਚ ਕੋਈ ਪ੍ਰੇਰਣਾ, ਜਾਂ ਇਹ ਜਾਣਨ ਦੀ ਕੋਈ ਅਸਲ ਰੁਚੀ ਨਹੀਂ ਸੀ ਕਿ ਭਿੰਨ ਹਾਲਤਾਂ ਹੇਠ ਬੀਜਿਆ ਗਿਆ ਬੀ ਕਿਵੇਂ ਸਵਰਗ ਦੇ ਰਾਜ ਵਾਂਗ ਸੀ। ਉਹ ਆਪਣੇ ਦਿਨ-ਪ੍ਰਤੀ-ਦਿਨ ਦੇ ਜੀਵਨ ਨੂੰ ਵਾਪਸ ਚਲੇ ਗਏ, ਸੰਭਵ ਤੌਰ ਤੇ ਇਹ ਵਿਚਾਰਦੇ ਹੋਏ ਕਿ ਯਿਸੂ ਦੇ ਦ੍ਰਿਸ਼ਟਾਂਤ ਨੈਤਿਕ ਵਿਸ਼ੇ ਵਾਲੀਆਂ ਚੰਗੀਆਂ ਕਹਾਣੀਆਂ ਤੋਂ ਵਧ ਕੁਝ ਨਹੀਂ ਸਨ। ਉਹ ਕੀ ਹੀ ਭਰਪੂਰ ਸਮਝ ਤੋਂ ਅਤੇ ਕੀ ਹੀ ਮਹਾਨ ਵਿਸ਼ੇਸ਼-ਸਨਮਾਨਾਂ ਅਤੇ ਅਵਸਰਾਂ ਤੋਂ ਵਾਂਝਿਆਂ ਰਹੇ, ਕਿਉਂਕਿ ਉਨ੍ਹਾਂ ਦੇ ਦਿਲ ਅਪ੍ਰਤਿਕ੍ਰਿਆਸ਼ੀਲ ਸਨ!
6. “ਰਾਜ ਦੇ ਭੇਤਾਂ” ਦੀ ਸਮਝ ਕੇਵਲ ਯਿਸੂ ਦਿਆਂ ਚੇਲਿਆਂ ਨੂੰ ਹੀ ਕਿਉਂ ਦਿੱਤੀ ਗਈ ਸੀ?
6 ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ: “ਸੁਰਗ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਪਰ ਉਨ੍ਹਾਂ ਨੂੰ ਨਹੀਂ ਦਿੱਤੀ ਗਈ ਹੈ।” ਯਸਾਯਾਹ ਤੋਂ ਹਵਾਲਾ ਦਿੰਦੇ ਹੋਏ, ਉਸ ਨੇ ਅੱਗੇ ਕਿਹਾ: “ਕਿਉਂ ਜੋ ਇਸ ਪਰਜਾ ਦਾ ਮਨ ਮੋਟਾ ਹੋ ਗਿਆ ਹੈ, ਅਤੇ ਓਹ ਕੰਨਾਂ ਨਾਲ ਉੱਚਾ ਸੁਣਦੇ ਹਨ, ਏਹਨਾਂ ਨੇ ਆਪਣੀਆਂ ਅੱਖਾਂ ਮੀਟ ਲਈਆਂ ਹਨ, ਮਤੇ ਓਹ ਅੱਖਾਂ ਨਾਲ ਵੇਖਣ ਅਤੇ ਕੰਨਾਂ ਨਾਲ ਸੁਣਨ, ਅਤੇ ਮਨ ਨਾਲ ਸਮਝਣ ਅਤੇ ਮੁੜ ਆਉਣ, ਅਤੇ ਮੈਂ ਏਹਨਾਂ ਨੂੰ ਚੰਗਾ ਕਰਾਂ। ਪਰ ਧੰਨ ਤੁਹਾਡੀਆਂ ਅੱਖੀਆਂ ਜੋ ਓਹ ਵੇਖਦੀਆਂ ਹਨ ਅਤੇ ਤੁਹਾਡੇ ਕੰਨ ਜੋ ਓਹ ਸੁਣਦੇ ਹਨ।” (ਟੇਢੇ ਟਾਈਪ ਸਾਡੇ।)—ਮੱਤੀ 13:10-16; ਮਰਕੁਸ 4:11-13.
ਰਾਜ ਨੂੰ ‘ਸਮਝਣਾ’
7. ਰਾਜ ਨੂੰ ‘ਸਮਝਣਾ’ ਕਿਉਂ ਮਹੱਤਵਪੂਰਣ ਹੈ?
7 ਯਿਸੂ ਨੇ ਸਮੱਸਿਆ ਉੱਤੇ ਉਂਗਲ ਰੱਖੀ। ਇਹ ਰਾਜ ਸੰਦੇਸ਼ ਨੂੰ ‘ਸਮਝਣ’ ਨਾਲ ਸੰਬੰਧਿਤ ਸੀ। ਆਪਣੇ ਚੇਲਿਆਂ ਨੂੰ ਉਸ ਨੇ ਏਕਾਂਤ ਵਿਚ ਕਿਹਾ: “ਸੋ ਤੁਸੀਂ ਬੀਜਣ ਵਾਲੇ ਦਾ ਦ੍ਰਿਸ਼ਟਾਂਤ ਸੁਣੋ। ਹਰ ਕੋਈ ਜੋ ਰਾਜ ਦਾ ਬਚਨ ਸੁਣਦਾ ਹੈ ਪਰ ਨਹੀਂ ਸਮਝਦਾ ਸੋ ਉਹ ਦੇ ਮਨ ਵਿੱਚ ਜੋ ਕੁਝ ਬੀਜਿਆ ਹੋਇਆ ਹੈ ਦੁਸ਼ਟ ਆਣ ਕੇ ਉਹ ਨੂੰ ਖੋਹ ਲੈਂਦਾ ਹੈ।” (ਟੇਢੇ ਟਾਈਪ ਸਾਡੇ।) ਫਿਰ ਉਹ ਅੱਗੇ ਸਮਝਾਉਂਦਾ ਹੈ ਕਿ ਚਾਰ ਪ੍ਰਕਾਰ ਦੀਆਂ ਜ਼ਮੀਨਾਂ ਉਸ ਦਿਲ ਦੀਆਂ ਵਿਵਿਧ ਹਾਲਤਾਂ ਨੂੰ ਦਰਸਾਉਂਦੀਆਂ ਹਨ, ਜਿਨ੍ਹਾਂ ਵਿਚ “ਰਾਜ ਦਾ ਬਚਨ” ਬੀਜਿਆ ਜਾਵੇਗਾ।—ਮੱਤੀ 13:18-23; ਲੂਕਾ 8:9-15.
8. ਕਿਸ ਗੱਲ ਨੇ ਪਹਿਲੀਆਂ ਤਿੰਨ ਪ੍ਰਕਾਰ ਦੀਆਂ ਜ਼ਮੀਨਾਂ ਵਿਚ ਬੀਜੇ ਗਏ ਬੀ ਨੂੰ ਫਲ ਉਤਪੰਨ ਕਰਨ ਤੋਂ ਰੋਕਿਆ?
8 ਹਰ ਵਾਰੀ ‘ਬੀ’ ਤਾਂ ਚੰਗਾ ਸੀ, ਪਰੰਤੂ ਫਲ ਉਸ ਜ਼ਮੀਨ ਦੀ ਹਾਲਤ ਉੱਤੇ ਨਿਰਭਰ ਕਰਦਾ। ਜੇਕਰ ਦਿਲ ਦੀ ਜ਼ਮੀਨ ਅਨੇਕ ਅਣ-ਅਧਿਆਤਮਿਕ ਸਰਗਰਮੀਆਂ ਨਾਲ ਸਖ਼ਤ ਕੀਤੀ ਗਈ ਇਕ ਵਿਅਸਤ, ਖਚਾ ਖਚ ਭਰੀ ਸੜਕ ਵਾਂਗ ਹੁੰਦੀ, ਤਾਂ ਰਾਜ ਸੰਦੇਸ਼ ਸੁਣਨ ਵਾਲੇ ਇਕ ਵਿਅਕਤੀ ਲਈ ਇਹ ਕਹਿ ਕੇ ਬਹਾਨਾ ਬਣਾਉਣਾ ਆਸਾਨ ਹੋਵੇਗਾ ਕਿ ਰਾਜ ਲਈ ਸਮਾਂ ਹੀ ਨਹੀਂ ਹੈ। ਉਹ ਅਣਗੌਲਿਆ ਬੀ ਜੜ੍ਹ ਫੜਨ ਤੋਂ ਪਹਿਲਾਂ ਹੀ ਆਸਾਨੀ ਨਾਲ ਖੋਹਿਆ ਜਾ ਸਕਦਾ ਹੈ। ਲੇਕਨ ਉਦੋਂ ਕੀ ਜੇਕਰ ਬੀ ਪਥਰੇਲੀ ਜ਼ਮੀਨ ਸਮਾਨ ਇਕ ਦਿਲ ਵਿਚ ਬੀਜਿਆ ਗਿਆ ਹੋਵੇ? ਬੀ ਸ਼ਾਇਦ ਪੁੰਗਰੇ, ਪਰੰਤੂ ਇਸ ਨੂੰ ਖ਼ੁਰਾਕ ਅਤੇ ਸਥਿਰਤਾ ਲਈ ਕਿਸੇ ਡੂੰਘਾਈ ਤਕ ਜੜ੍ਹ ਫੜਨ ਵਿਚ ਔਖਿਆਈ ਹੋਵੇਗੀ। ਪਰਮੇਸ਼ੁਰ ਦੇ ਇਕ ਆਗਿਆਕਾਰ ਸੇਵਕ ਹੋਣ ਦੀ ਸੰਭਾਵਨਾ, ਖ਼ਾਸ ਕਰਕੇ ਸਤਾਹਟ ਦੀ ਤਾਪ ਵਿਚ, ਇਕ ਭਾਰੂ ਚੁਣੌਤੀ ਪੇਸ਼ ਕਰੇਗੀ, ਅਤੇ ਉਸ ਵਿਅਕਤੀ ਨੂੰ ਠੋਕਰ ਲੱਗੇਗੀ। ਨਾਲ ਹੀ, ਜੇਕਰ ਦਿਲ ਦੀ ਜ਼ਮੀਨ ਕੰਡੇ ਵਰਗੀਆਂ ਚਿੰਤਾਵਾਂ ਨਾਲ ਜਾਂ ਧਨ ਲਈ ਭੌਤਿਕਵਾਦੀ ਲਾਲਸਾ ਨਾਲ ਭਰਪੂਰ ਹੋਵੇ, ਤਾਂ ਦੁਬਲਾ-ਪਤਲਾ ਰਾਜ ਪੌਦਾ ਸੁਕ ਜਾਵੇਗਾ। ਜੀਵਨ ਦੀਆਂ ਇਨ੍ਹਾਂ ਤਿੰਨ ਵਿਸ਼ਿਸ਼ਟ ਸਥਿਤੀਆਂ ਵਿਚ ਕੋਈ ਵੀ ਰਾਜ ਫਲ ਉਤਪੰਨ ਨਹੀਂ ਹੋਵੇਗਾ।
9. ਚੰਗੀ ਜ਼ਮੀਨ ਵਿਚ ਬੀਜਿਆ ਗਿਆ ਬੀ ਚੰਗੇ ਫਲ ਕਿਉਂ ਉਤਪੰਨ ਕਰ ਸਕਿਆ?
9 ਪਰੰਤੂ, ਚੰਗੀ ਜ਼ਮੀਨ ਵਿਚ ਬੀਜੇ ਗਏ ਉਸ ਰਾਜ ਦੇ ਬੀ ਦੇ ਬਾਰੇ ਕੀ? ਯਿਸੂ ਜਵਾਬ ਦਿੰਦਾ ਹੈ: “ਜਿਹੜਾ ਚੰਗੀ ਜ਼ਮੀਨ ਵਿੱਚ ਬੀਜਿਆ ਗਿਆ ਸੋ ਉਹ ਹੈ ਜੋ ਬਚਨ ਨੂੰ ਸੁਣਦਾ ਅਤੇ ਸਮਝਦਾ ਹੈ। ਉਹ ਜਰੂਰ ਫਲ ਦਿੰਦਾ ਅਤੇ ਕੋਈ ਸੌ ਗੁਣਾ ਕੋਈ ਸੱਠ ਗੁਣਾ ਕੋਈ ਤੀਹ ਗੁਣਾ ਫਲਦਾ ਹੈ।” (ਟੇਢੇ ਟਾਈਪ ਸਾਡੇ।) (ਮੱਤੀ 13:23) ਰਾਜ ਨੂੰ ‘ਸਮਝਣ’ ਦੇ ਨਾਲ, ਉਹ ਆਪਣੀਆਂ ਵਿਅਕਤੀਗਤ ਹਾਲਾਤਾਂ ਦੇ ਅਨੁਸਾਰ ਚੰਗੇ ਫਲ ਉਤਪੰਨ ਕਰਨਗੇ।
ਸਮਝ ਦੇ ਨਾਲ-ਨਾਲ ਜ਼ਿੰਮੇਵਾਰੀ ਆਉਂਦੀ ਹੈ
10. (ੳ) ਯਿਸੂ ਨੇ ਕਿਵੇਂ ਦਿਖਾਇਆ ਕਿ ਰਾਜ ਨੂੰ ‘ਸਮਝਣਾ,’ ਦੋਵੇਂ ਬਰਕਤਾਂ ਅਤੇ ਜ਼ਿੰਮੇਵਾਰੀ ਲਿਆਉਂਦਾ ਹੈ? (ਅ) ਕੀ ਯਿਸੂ ਵੱਲੋਂ ਜਾ ਕੇ ਚੇਲੇ ਬਣਾਉਣ ਦੀ ਕਾਰਜ-ਨਿਯੁਕਤੀ ਕੇਵਲ ਪਹਿਲੀ-ਸਦੀ ਦਿਆਂ ਚੇਲਿਆਂ ਨੂੰ ਹੀ ਲਾਗੂ ਹੁੰਦੀ ਸੀ?
10 ਰਾਜ ਦਿਆਂ ਵਿਵਿਧ ਪਹਿਲੂਆਂ ਨੂੰ ਸਮਝਾਉਣ ਲਈ ਛੇ ਹੋਰ ਦ੍ਰਿਸ਼ਟਾਂਤ ਦੇਣ ਮਗਰੋਂ, ਯਿਸੂ ਨੇ ਆਪਣੇ ਚੇਲਿਆਂ ਨੂੰ ਪੁੱਛਿਆ: “ਕੀ ਤੁਸਾਂ ਇਹ ਸੱਭੋ ਕੁਝ ਸਮਝਿਆ?” ਜਦੋਂ ਉਨ੍ਹਾਂ ਨੇ ਜਵਾਬ ਦਿੱਤਾ “ਹਾਂ ਜੀ,” ਤਾਂ ਉਸ ਨੇ ਕਿਹਾ: “ਇਸ ਲਈ ਹਰੇਕ ਗ੍ਰੰਥੀ ਜਿਹ ਨੇ ਸੁਰਗ ਦੇ ਰਾਜ ਦੀ ਸਿੱਖਿਆ ਪਾਈ ਹੈ ਉਸ ਘਰ ਦੇ ਮਾਲਕ ਵਰਗਾ ਹੈ ਜਿਹੜਾ ਆਪਣੇ ਖ਼ਜ਼ਾਨੇ ਵਿੱਚੋਂ ਨਵੀਆਂ ਅਤੇ ਪੁਰਾਣੀਆਂ ਚੀਜ਼ਾਂ ਕੱਢਦਾ ਹੈ।” ਯਿਸੂ ਦੁਆਰਾ ਮੁਹੱਈਆ ਕੀਤੀਆਂ ਗਈਆਂ ਸਿੱਖਿਆਵਾਂ ਅਤੇ ਸਿਖਲਾਈ ਉਸ ਦੇ ਚੇਲਿਆਂ ਨੂੰ ਪ੍ਰੌੜ੍ਹ ਮਸੀਹੀ ਬਣਾਉਂਦੀਆਂ, ਜੋ ਆਪਣੇ “ਖ਼ਜ਼ਾਨੇ” ਵਿੱਚੋਂ ਭਰਪੂਰ ਅਧਿਆਤਮਿਕ ਭੋਜਨ ਦੀ ਬੇਅੰਤ ਸਪਲਾਈ ਕੱਢ ਸਕਦੇ। ਇਨ੍ਹਾਂ ਵਿੱਚੋਂ ਅਧਿਕਤਰ ਪਰਮੇਸ਼ੁਰ ਦੇ ਰਾਜ ਨਾਲ ਸੰਬੰਧ ਰੱਖਦੀਆਂ ਸਨ। ਯਿਸੂ ਨੇ ਸਪੱਸ਼ਟ ਕੀਤਾ ਕਿ ਰਾਜ ਨੂੰ ‘ਸਮਝਣਾ,’ ਕੇਵਲ ਬਰਕਤਾਂ ਹੀ ਨਹੀਂ ਬਲਕਿ ਜ਼ਿੰਮੇਵਾਰੀ ਵੀ ਲਿਆਉਂਦਾ ਹੈ। ਉਸ ਨੇ ਹੁਕਮ ਦਿੱਤਾ: “ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ . . . ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਮੈਂ ਜੁਗ ਦੇ ਅੰਤ [“ਰੀਤੀ-ਵਿਵਸਥਾ ਦੀ ਸਮਾਪਤੀ,” ਨਿ ਵ] ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ।”—ਮੱਤੀ 13:51, 52; 28:19, 20.
11. ਜਦੋਂ 1914 ਅੱਪੜਿਆ, ਉਦੋਂ ਰਾਜ ਨਾਲ ਸੰਬੰਧਿਤ ਕਿਹੜੀਆਂ ਘਟਨਾਵਾਂ ਵਾਪਰੀਆਂ?
11 ਜਿਵੇਂ ਕਿ ਵਾਅਦਾ ਕੀਤਾ ਗਿਆ ਸੀ, ਯਿਸੂ ਸਦੀਆਂ ਦੇ ਦੌਰਾਨ ਇਸ ਦਿਨ ਤਕ ਆਪਣੇ ਸੱਚੇ ਚੇਲਿਆਂ ਨਾਲ ਬਣਿਆ ਰਿਹਾ ਹੈ। ਇਨ੍ਹਾਂ ਅੰਤ ਦਿਆਂ ਦਿਨਾਂ ਵਿਚ, ਉਸ ਨੇ ਅਗਾਂਹਵਧੂ ਢੰਗ ਨਾਲ ਉਨ੍ਹਾਂ ਨੂੰ ਸਮਝ ਦਿੱਤੀ ਹੈ, ਅਤੇ ਨਾਲੇ ਉਸ ਨੇ ਉਨ੍ਹਾਂ ਨੂੰ ਸੱਚਾਈ ਦੇ ਵਧਦੇ ਚਾਨਣ ਦੀ ਵਰਤੋਂ ਲਈ ਜ਼ਿੰਮੇਵਾਰ ਠਹਿਰਾਇਆ ਹੈ। (ਲੂਕਾ 19:11-15, 26) ਸੰਨ 1914 ਵਿਚ ਰਾਜ ਸੰਬੰਧੀ ਘਟਨਾਵਾਂ ਤੇਜ਼ੀ ਨਾਲ ਅਤੇ ਨਾਟਕੀ ਢੰਗ ਨਾਲ ਪ੍ਰਗਟ ਹੋਣ ਲੱਗੀਆਂ। ਉਸ ਸਾਲ ਵਿਚ ਨਾ ਕੇਵਲ ਲੰਬੇ-ਸਮੇਂ-ਤੋਂ-ਉਮੀਦ-ਰੱਖੇ-ਗਏ ਰਾਜ ਦਾ ‘ਜਨਮ’ ਹੋਇਆ ਪਰੰਤੂ “ਰੀਤੀ-ਵਿਵਸਥਾ ਦੀ ਸਮਾਪਤੀ” ਆਰੰਭ ਹੋਈ। (ਪਰਕਾਸ਼ ਦੀ ਪੋਥੀ 11:15; 12:5, 10; ਦਾਨੀਏਲ 7:13, 14, 27) ਸੱਚੇ ਮਸੀਹੀਆਂ ਨੇ, ਵਰਤਮਾਨ ਘਟਨਾਵਾਂ ਦਾ ਭਾਵ ਸਿਆਣਦੇ ਹੋਏ, ਇਤਿਹਾਸ ਵਿਚ ਸਭ ਤੋਂ ਮਹਾਨ ਰਾਜ-ਪ੍ਰਚਾਰ ਕਾਰਜ ਨੂੰ ਅਤੇ ਸਿੱਖਿਆ ਮੁਹਿੰਮ ਨੂੰ ਸੰਚਾਲਿਤ ਕੀਤਾ ਹੈ। ਯਿਸੂ ਨੇ ਇਸ ਦੀ ਪੂਰਵ-ਸੂਚਨਾ ਦਿੰਦੇ ਹੋਏ, ਕਿਹਾ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।”—ਮੱਤੀ 24:14.
12. (ੳ) ਆਧੁਨਿਕ-ਦਿਨ ਦੀ ਵਿਸਤ੍ਰਿਤ ਰਾਜ ਗਵਾਹੀ ਦਾ ਕੀ ਨਤੀਜਾ ਹੋਇਆ ਹੈ? (ਅ) ਇਸ ਸ਼ੰਕਾਪੂਰਣ ਸੰਸਾਰ ਵਿਚ, ਮਸੀਹੀਆਂ ਨੂੰ ਕਿਹੜਾ ਖ਼ਤਰਾ ਪੇਸ਼ ਹੈ?
12 ਇਹ ਵਿਸ਼ਾਲ ਰਾਜ ਗਵਾਹੀ 230 ਤੋਂ ਵੱਧ ਦੇਸ਼ਾਂ ਵਿਚ ਪਹੁੰਚੀ ਹੈ। ਪਹਿਲਾਂ ਤੋਂ ਹੀ, 50 ਲੱਖ ਤੋਂ ਵੱਧ ਸੱਚੇ ਚੇਲੇ ਇਸ ਕਾਰਜ ਵਿਚ ਭਾਗ ਲੈ ਰਹੇ ਹਨ, ਅਤੇ ਹੋਰ ਦੂਜੇ ਇਕੱਠੇ ਕੀਤੇ ਜਾ ਰਹੇ ਹਨ। ਲੇਕਨ ਜੇ ਅਸੀਂ ਚੇਲਿਆਂ ਦੀ ਗਿਣਤੀ ਦੀ ਤੁਲਨਾ ਧਰਤੀ ਦਿਆਂ 560 ਕਰੋੜ ਨਿਵਾਸੀਆਂ ਨਾਲ ਕਰੀਏ, ਤਾਂ ਇਹ ਸਪੱਸ਼ਟ ਹੈ ਕਿ ਯਿਸੂ ਦੇ ਦਿਨਾਂ ਸਮਾਨ, ਮਨੁੱਖਜਾਤੀ ਵਿੱਚੋਂ ਅਧਿਕਤਰ ਲੋਕ ਰਾਜ ਨੂੰ ਨਹੀਂ ‘ਸਮਝਦੇ’ ਹਨ। ਬਹੁਤੇਰੇ ਲੋਕ, ਜਿਵੇਂ ਕਿ ਭਵਿੱਖਬਾਣੀ ਕੀਤੀ ਗਈ ਸੀ, ਠੱਠਾ ਕਰਦੇ ਅਤੇ ਕਹਿੰਦੇ ਹਨ: “ਉਹ ਦੇ ਆਉਣ ਦੇ ਕਰਾਰ ਦਾ ਕੀ ਪਤਾ ਹੈ?” (2 ਪਤਰਸ 3:3, 4) ਮਸੀਹੀਆਂ ਦੇ ਤੌਰ ਤੇ ਸਾਨੂੰ ਇਹ ਖ਼ਤਰਾ ਪੇਸ਼ ਹੈ ਕਿ ਉਨ੍ਹਾਂ ਦਾ ਸਵੈ-ਸੰਤੁਸ਼ਟ, ਸ਼ੰਕਾਪੂਰਣ, ਭੌਤਿਕਵਾਦੀ ਵਤੀਰਾ ਸਹਿਜੇ-ਸਹਿਜੇ ਸਾਡੇ ਰਾਜ ਵਿਸ਼ੇਸ਼-ਸਨਮਾਨਾਂ ਬਾਰੇ ਸਾਡੀ ਦ੍ਰਿਸ਼ਟੀ ਉੱਤੇ ਅਸਰ ਪਾ ਸਕਦਾ ਹੈ। ਇਸ ਸੰਸਾਰ ਦੇ ਲੋਕਾਂ ਨਾਲ ਘੇਰੇ ਹੋਏ ਹੋਣ ਕਰਕੇ, ਅਸੀਂ ਆਸਾਨੀ ਨਾਲ ਉਨ੍ਹਾਂ ਦਿਆਂ ਕੁਝ-ਕੁ ਵਤੀਰਿਆਂ ਅਤੇ ਅਭਿਆਸਾਂ ਨੂੰ ਅਪਣਾਉਣਾ ਸ਼ੁਰੂ ਕਰ ਸਕਦੇ ਹਾਂ। ਕਿੰਨਾ ਹੀ ਅਤਿ-ਆਵੱਸ਼ਕ ਹੈ ਕਿ ਅਸੀਂ ਪਰਮੇਸ਼ੁਰ ਦੇ ਰਾਜ ਨੂੰ ‘ਸਮਝੀਏ’ ਅਤੇ ਇਸ ਨੂੰ ਫੜੀ ਰੱਖੀਏ!
ਰਾਜ ਦੇ ਸੰਬੰਧ ਵਿਚ ਖ਼ੁਦ ਨੂੰ ਪਰਖਣਾ
13. ਰਾਜ ਦੀ ਖ਼ੁਸ਼ ਖ਼ਬਰੀ ਪ੍ਰਚਾਰ ਕਰਨ ਦੀ ਕਾਰਜ-ਨਿਯੁਕਤੀ ਦੇ ਸੰਬੰਧ ਵਿਚ, ਅਸੀਂ ਕਿਵੇਂ ਪਰਖ ਸਕਦੇ ਹਾਂ ਕਿ ਅਸੀਂ ਸਿਆਣਪ ਨਾਲ ‘ਸੁਣਨਾ’ ਜਾਰੀ ਰੱਖ ਰਹੇ ਹਾਂ ਜਾਂ ਨਹੀਂ?
13 ਅਸੀਂ ਜਿਸ ਵਾਢੀ ਦੇ ਸਮੇਂ ਵਿਚ ਜੀ ਰਹੇ ਹਾਂ, ਉਸ ਬਾਰੇ ਯਿਸੂ ਨੇ ਕਿਹਾ: “ਮਨੁੱਖ ਦਾ ਪੁੱਤ੍ਰ ਆਪਣਿਆਂ ਦੂਤਾਂ ਨੂੰ ਘੱਲੇਗਾ ਅਤੇ ਓਹ ਉਸ ਦੇ ਰਾਜ ਵਿੱਚੋਂ ਸਾਰੀਆਂ ਠੋਕਰ ਖੁਆਉਣ ਵਾਲੀਆਂ ਚੀਜ਼ਾਂ ਨੂੰ ਅਤੇ ਕੁਕਰਮੀਆਂ ਨੂੰ ਇਕੱਠਿਆਂ ਕਰਨਗੇ। . . . ਤਦ ਧਰਮੀ ਲੋਕ ਆਪਣੇ ਪਿਤਾ ਦੇ ਰਾਜ ਵਿੱਚ ਸੂਰਜ ਵਾਂਙੁ ਚਮਕਣਗੇ। ਜਿਹ ਦੇ ਕੰਨ ਹੋਣ ਸੋ ਸੁਣੇ।” (ਮੱਤੀ 13:41, 43) ਕੀ ਤੁਸੀਂ ਰਾਜ ਦਾ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਹੁਕਮ ਨੂੰ ਆਗਿਆਕਾਰ ਸੰਵੇਦਨਸ਼ੀਲਤਾ ਨਾਲ ‘ਸੁਣਨਾ’ ਜਾਰੀ ਰੱਖ ਰਹੇ ਹੋ? ਯਾਦ ਰੱਖੋ, “ਜਿਹੜਾ ਚੰਗੀ ਜ਼ਮੀਨ ਵਿੱਚ ਬੀਜਿਆ ਗਿਆ,” ਉਸ ਨੇ ‘ਬਚਨ ਨੂੰ ਸੁਣਿਆ ਅਤੇ ਸਮਝਿਆ’ ਅਤੇ ਚੰਗਾ ਫਲ ਉਤਪੰਨ ਕੀਤਾ।—ਮੱਤੀ 13:23.
14. ਜਦੋਂ ਹਿਦਾਇਤ ਦਿੱਤੀ ਜਾਂਦੀ ਹੈ, ਅਸੀਂ ਕਿਵੇਂ ਦਿਖਾਉਂਦੇ ਹਾਂ ਕਿ ਅਸੀਂ ਦਿੱਤੀ ਗਈ ਸਲਾਹ ਨੂੰ ‘ਸਮਝਦੇ’ ਹਾਂ?
14 ਵਿਅਕਤੀਗਤ ਅਧਿਐਨ ਕਰਦੇ ਅਤੇ ਮਸੀਹੀ ਸਭਾਵਾਂ ਵਿਚ ਹਾਜ਼ਰ ਹੁੰਦੇ ਸਮੇਂ, ਸਾਨੂੰ ‘ਸਮਝ ਉੱਤੇ ਚਿੱਤ ਲਾਉਣਾ’ ਚਾਹੀਦਾ ਹੈ। (ਕਹਾਉਤਾਂ 2:1-4) ਜਦੋਂ ਆਚਰਣ, ਪਹਿਰਾਵਾ, ਸੰਗੀਤ, ਅਤੇ ਮਨੋਰੰਜਨ ਬਾਰੇ ਸਲਾਹ ਦਿੱਤੀ ਜਾਂਦੀ ਹੈ, ਉਦੋਂ ਸਾਨੂੰ ਇਸ ਨੂੰ ਆਪਣੇ ਦਿਲਾਂ ਵਿਚ ਉਤਰਨ ਅਤੇ ਕਿਸੇ ਵੀ ਲੋੜੀਂਦੇ ਸਮਾਯੋਜਨ ਕਰਨ ਲਈ ਸਾਨੂੰ ਪ੍ਰੇਰਿਤ ਕਰਨ ਦੇਣਾ ਚਾਹੀਦਾ ਹੈ। ਕਦੇ ਵੀ ਦਲੀਲ ਨਾ ਵਰਤੋ, ਬਹਾਨੇ ਨਾ ਬਣਾਓ, ਜਾਂ ਕਿਸੇ ਹੋਰ ਤਰੀਕੇ ਨਾਲ ਪ੍ਰਤਿਕ੍ਰਿਆ ਦਿਖਾਉਣ ਤੋਂ ਨਾ ਚੂਕੋ। ਜੇਕਰ ਰਾਜ ਸਾਡੇ ਜੀਵਨਾਂ ਵਿਚ ਵਾਸਤਵਿਕ ਹੈ, ਤਾਂ ਅਸੀਂ ਇਸ ਦਿਆਂ ਮਿਆਰਾਂ ਦੇ ਅਨੁਸਾਰ ਜੀਵਨ ਬਤੀਤ ਕਰਾਂਗੇ ਅਤੇ ਜੋਸ਼ ਨਾਲ ਦੂਸਰਿਆਂ ਨੂੰ ਇਸ ਬਾਰੇ ਘੋਸ਼ਣਾ ਕਰਾਂਗੇ। ਯਿਸੂ ਨੇ ਕਿਹਾ: “ਨਾ ਹਰੇਕ ਜਿਹੜਾ ਮੈਨੂੰ ਪ੍ਰਭੁ! ਪ੍ਰਭੁ! ਕਹਿੰਦਾ ਹੈ ਸੁਰਗ ਦੇ ਰਾਜ ਵਿੱਚ ਵੜੇਗਾ ਬਲਕਣ ਉਹੋ ਜੋ ਮੇਰੇ ਸੁਰਗੀ ਪਿਤਾ ਦੀ ਮਰਜੀ ਉੱਤੇ ਚੱਲਦਾ ਹੈ।”—ਮੱਤੀ 7:21-23.
15. ‘ਪਹਿਲਾਂ ਰਾਜ ਅਤੇ ਪਰਮੇਸ਼ੁਰ ਦੇ ਧਰਮ ਨੂੰ ਭਾਲਣਾ’ ਕਿਉਂ ਮਹੱਤਵਪੂਰਣ ਹੈ?
15 ਮਾਨਵੀ ਝੁਕਾਉ ਲੋੜੀਂਦੀ ਰੋਟੀ, ਕੱਪੜਾ, ਅਤੇ ਮਕਾਨ ਦੇ ਬਾਰੇ ਚਿੰਤਾ ਕਰਨ ਵੱਲ ਹੁੰਦਾ ਹੈ, ਪਰੰਤੂ ਯਿਸੂ ਨੇ ਕਿਹਾ: “ਪਰ ਤੁਸੀਂ ਪਹਿਲਾਂ ਉਹ ਦੇ ਰਾਜ ਅਤੇ ਉਹ ਦੇ [ਪਰਮੇਸ਼ੁਰ ਦੇ] ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ।” (ਮੱਤੀ 6:33, 34) ਪ੍ਰਾਥਮਿਕਤਾ ਤੈ ਕਰਦੇ ਸਮੇਂ, ਰਾਜ ਨੂੰ ਆਪਣੇ ਜੀਵਨ ਵਿਚ ਪਹਿਲਾ ਸਥਾਨ ਦਿਓ। ਲੋੜੀਂਦੀਆਂ ਚੀਜ਼ਾਂ ਨਾਲ ਸੰਤੁਸ਼ਟ ਰਹਿੰਦੇ ਹੋਏ, ਆਪਣੇ ਜੀਵਨ ਨੂੰ ਸਰਲ ਰੱਖੋ। ਬੇਲੋੜੀਆਂ ਸਰਗਰਮੀਆਂ ਅਤੇ ਪ੍ਰਾਪਤੀਆਂ ਨਾਲ ਆਪਣੇ ਜੀਵਨਾਂ ਨੂੰ ਭਰ ਦੇਣਾ ਮੂਰਖਤਾ ਹੋਵੇਗੀ, ਸ਼ਾਇਦ ਇਹ ਦਲੀਲ ਦਿੰਦੇ ਹੋਏ ਕਿ ਇੰਜ ਕਰਨਾ ਪ੍ਰਵਾਨਯੋਗ ਹੈ, ਕਿਉਂਕਿ ਇਹ ਚੀਜ਼ਾਂ ਆਪਣੇ ਆਪ ਵਿਚ ਜ਼ਰੂਰੀ ਤੌਰ ਤੇ ਬੁਰੀਆਂ ਨਹੀਂ ਹਨ। ਹਾਲਾਂਕਿ ਇਹ ਸ਼ਾਇਦ ਸੱਚ ਹੋਵੇ, ਪਰੰਤੂ ਅਜਿਹੀਆਂ ਗ਼ੈਰਜ਼ਰੂਰੀ ਚੀਜ਼ਾਂ ਦੀ ਪ੍ਰਾਪਤੀ ਅਤੇ ਵਰਤੋਂ ਸਾਡੇ ਵਿਅਕਤੀਗਤ ਅਧਿਐਨ ਦੀ ਅਨੁਸੂਚੀ ਬਣਾਉਣ, ਮਸੀਹੀ ਸਭਾਵਾਂ ਵਿਚ ਹਾਜ਼ਰ ਹੋਣ, ਅਤੇ ਪ੍ਰਚਾਰ ਕਾਰਜ ਵਿਚ ਹਿੱਸਾ ਲੈਣ ਉੱਤੇ ਕੀ ਅਸਰ ਪਾਵੇਗੀ? ਯਿਸੂ ਨੇ ਕਿਹਾ ਕਿ ਰਾਜ ਇਕ ਵਪਾਰੀ ਵਾਂਗ ਹੈ ਜਿਸ ਨੂੰ ਇਕ ‘ਮੋਤੀ ਭਾਰੇ ਮੁੱਲ ਦਾ ਮਿਲਿਆ ਅਤੇ ਉਹ ਗਿਆ ਅਤੇ ਆਪਣਾ ਸਭ ਕੁਝ ਵੇਚ ਕੇ ਉਹ ਨੂੰ ਮੁੱਲ ਲਿਆ।’ (ਮੱਤੀ 13:45, 46) ਸਾਨੂੰ ਪਰਮੇਸ਼ੁਰ ਦੇ ਰਾਜ ਬਾਰੇ ਇਵੇਂ ਹੀ ਮਹਿਸੂਸ ਕਰਨਾ ਚਾਹੀਦਾ ਹੈ। ਸਾਨੂੰ ਪੌਲੁਸ ਦਾ ਅਨੁਕਰਣ ਕਰਨਾ ਚਾਹੀਦਾ ਹੈ, ਨਾ ਕਿ ਦੇਮਾਸ ਦਾ, ਜਿਸ ਨੇ ਇਸ ਲਈ ਸੇਵਕਾਈ ਤਿਆਗ ਦਿੱਤੀ ਕਿਉਂਕਿ ਉਹ “ਇਸ ਵਰਤਮਾਨ ਜੁੱਗ ਨਾਲ ਮੋਹ” ਰੱਖਦਾ ਸੀ।—2 ਤਿਮੋਥਿਉਸ 4:10, 18; ਮੱਤੀ 19:23, 24; ਫ਼ਿਲਿੱਪੀਆਂ 3:7, 8, 13, 14; 1 ਤਿਮੋਥਿਉਸ 6:9, 10, 17-19.
“ਕੁਧਰਮੀ ਲੋਕ ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਨਹੀਂ ਹੋਣਗੇ”
16. ਪਰਮੇਸ਼ੁਰ ਦੇ ਰਾਜ ਨੂੰ ‘ਸਮਝਣਾ,’ ਸਾਨੂੰ ਕਿਵੇਂ ਗ਼ਲਤ ਆਚਰਣ ਤੋਂ ਪਰਹੇਜ਼ ਕਰਨ ਵਿਚ ਮਦਦ ਕਰੇਗਾ?
16 ਜਦੋਂ ਕੁਰਿੰਥੀਆਂ ਦੀ ਕਲੀਸਿਯਾ ਅਨੈਤਿਕਤਾ ਨੂੰ ਸਹਿਣ ਕਰ ਰਹੀ ਸੀ, ਤਾਂ ਪੌਲੁਸ ਨੇ ਸਾਫ਼-ਸਾਫ਼ ਕਿਹਾ: “ਅਥਵਾ ਤੁਸੀਂ ਨਹੀਂ ਜਾਣਦੇ ਜੋ ਕੁਧਰਮੀ ਲੋਕ ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਨਹੀਂ ਹੋਣਗੇ? ਧੋਖਾ ਨਾ ਖਾਓ, ਨਾ ਹਰਾਮਕਾਰ, ਨਾ ਮੂਰਤੀ ਪੂਜਕ, ਨਾ ਜ਼ਨਾਹਕਾਰ, ਨਾ ਜਨਾਨੜੇ, ਨਾ ਮੁੰਡੇਬਾਜ, ਨਾ ਚੋਰ, ਨਾ ਲੋਭੀ, ਨਾ ਸ਼ਰਾਬੀ, ਨਾ ਗਾਲਾਂ ਕੱਢਣ ਵਾਲੇ, ਨਾ ਲੁਟੇਰੇ ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਹੋਣਗੇ।” (1 ਕੁਰਿੰਥੀਆਂ 6:9, 10) ਜੇਕਰ ਅਸੀਂ ਪਰਮੇਸ਼ੁਰ ਦੇ ਰਾਜ ਨੂੰ ‘ਸਮਝਦੇ’ ਹਾਂ, ਤਾਂ ਅਸੀਂ ਇਹ ਸੋਚ ਕੇ ਆਪਣੇ ਆਪ ਨੂੰ ਧੋਖਾ ਨਹੀਂ ਦਿਆਂਗੇ ਕਿ ਯਹੋਵਾਹ ਕਿਸੇ ਪ੍ਰਕਾਰ ਦੀ ਅਨੈਤਿਕਤਾ ਸਹਾਰ ਲਵੇਗਾ ਜਿੰਨੀ ਦੇਰ ਤਕ ਉਹ ਦੇਖਦਾ ਹੈ ਕਿ ਅਸੀਂ ਮਸੀਹੀ ਸੇਵਾ ਵਿਚ ਵਿਅਸਤ ਹਾਂ। ਗੰਦ-ਮੰਦ ਦਾ ਸਾਡੇ ਵਿਚ ਜ਼ਿਕਰ ਤਕ ਨਹੀਂ ਕੀਤਾ ਜਾਣਾ ਚਾਹੀਦਾ ਹੈ। (ਅਫ਼ਸੀਆਂ 5:3-5) ਕੀ ਤੁਸੀਂ ਪਾਉਂਦੇ ਹੋ ਕਿ ਇਸ ਸੰਸਾਰ ਦੇ ਕੁਝ ਗੰਦੇ ਵਿਚਾਰ ਜਾਂ ਅਭਿਆਸ ਤੁਹਾਡੇ ਜੀਵਨ ਵਿਚ ਧੀਰੇ-ਧੀਰੇ ਆਉਣ ਲੱਗ ਪਏ ਹਨ? ਤੁਰੰਤ ਉਨ੍ਹਾਂ ਨੂੰ ਆਪਣੇ ਜੀਵਨ ਵਿੱਚੋਂ ਵੱਢ ਸੁੱਟੋ! ਰਾਜ ਇੰਨਾ ਬਹੁਮੁੱਲਾ ਹੈ ਕਿ ਇਸ ਨੂੰ ਅਜਿਹੀਆਂ ਚੀਜ਼ਾਂ ਦੀ ਖਾਤਰ ਗੁਆਉਣਾ ਨਹੀਂ ਚਾਹੀਦਾ ਹੈ।—ਮਰਕੁਸ 9:47.
17. ਪਰਮੇਸ਼ੁਰ ਦੇ ਰਾਜ ਲਈ ਕਦਰ ਕਿਨ੍ਹਾਂ ਤਰੀਕਿਆਂ ਵਿਚ ਨਿਮਰਤਾ ਨੂੰ ਉਤਸ਼ਾਹਿਤ ਕਰੇਗੀ ਅਤੇ ਠੋਕਰ ਦਿਆਂ ਕਾਰਨਾਂ ਨੂੰ ਦੂਰ ਕਰੇਗੀ?
17 ਯਿਸੂ ਦੇ ਚੇਲਿਆਂ ਨੇ ਪੁੱਛਿਆ: “ਸੁਰਗ ਦੇ ਰਾਜ ਵਿੱਚ ਸਭਨਾਂ ਨਾਲੋਂ ਵੱਡਾ ਕੌਣ ਹੈ?” ਯਿਸੂ ਨੇ ਇਕ ਛੋਟੇ ਬਾਲਕ ਨੂੰ ਉਨ੍ਹਾਂ ਦੇ ਵਿਚਾਲੇ ਖੜਾ ਕਰ ਕੇ ਇਹ ਕਹਿੰਦੇ ਹੋਏ ਜਵਾਬ ਦਿੱਤਾ: “ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜੇ ਤੁਸੀਂ ਨਾ ਮੁੜੋ ਅਤੇ ਛੋਟਿਆਂ ਬਾਲਕਾਂ ਵਾਂਙੁ ਨਾ ਬਣੋ ਤਾਂ ਸੁਰਗ ਦੇ ਰਾਜ ਵਿੱਚ ਕਦੀ ਨਾ ਵੜੋਗੇ। ਉਪਰੰਤ ਜੋ ਕੋਈ ਆਪਣੇ ਆਪ ਨੂੰ ਇਸ ਬਾਲਕ ਵਾਂਙੁ ਛੋਟਾ ਜਾਣੇ ਸੋਈ ਸੁਰਗ ਦੇ ਰਾਜ ਵਿੱਚ ਸਭਨਾਂ ਨਾਲੋਂ ਵੱਡਾ ਹੈ।” (ਮੱਤੀ 18:1-6) ਘਮੰਡੀ, ਕਠੋਰ, ਬੇਪਰਵਾਹ, ਅਤੇ ਬੇਨੇਮੇ ਲੋਕ ਪਰਮੇਸ਼ੁਰ ਦੇ ਰਾਜ ਵਿਚ ਨਹੀਂ ਹੋਣਗੇ, ਅਤੇ ਨਾ ਹੀ ਉਹ ਉਸ ਰਾਜ ਦੀ ਪਰਜਾ ਹੋਣਗੇ। ਕੀ ਆਪਣੇ ਭਰਾਵਾਂ ਲਈ ਤੁਹਾਡਾ ਪ੍ਰੇਮ, ਤੁਹਾਡੀ ਨਿਮਰਤਾ, ਤੁਹਾਡਾ ਈਸ਼ਵਰੀ ਡਰ, ਤੁਹਾਨੂੰ ਆਪਣੇ ਆਚਰਣ ਰਾਹੀਂ ਦੂਜਿਆਂ ਨੂੰ ਠੋਕਰ ਖੁਆਉਣ ਤੋਂ ਪਰਹੇਜ਼ ਕਰਨ ਲਈ ਪ੍ਰੇਰਿਤ ਕਰਦਾ ਹੈ? ਜਾਂ ਕੀ ਤੁਸੀਂ ਆਪਣੇ “ਹੱਕ” ਉੱਤੇ ਜ਼ੋਰ ਪਾਉਂਦੇ ਹੋ, ਭਾਵੇਂ ਇਹ ਰਵੱਈਆ ਅਤੇ ਆਚਰਣ ਦੂਜਿਆਂ ਨੂੰ ਕਿਸੇ ਤਰ੍ਹਾਂ ਵੀ ਅਸਰ ਕਿਉਂ ਨਾ ਕਰੇ?—ਰੋਮੀਆਂ 14:13, 17.
18. ਆਗਿਆਕਾਰ ਮਨੁੱਖਜਾਤੀ ਲਈ ਕੀ ਨਤੀਜਾ ਹੋਵੇਗਾ ਜਦੋਂ ਪਰਮੇਸ਼ੁਰ ਦਾ ਰਾਜ ਉਸ ਦੀ ਇੱਛਾ ਨੂੰ ‘ਜਿਹੀ ਸੁਰਗ ਵਿੱਚ, ਜਮੀਨ ਉੱਤੇ ਵੀ’ ਨੇਪਰੇ ਚਾੜ੍ਹਦਾ ਹੈ?
18 ਸਾਡਾ ਸਵਰਗੀ ਪਿਤਾ, ਯਹੋਵਾਹ, ਛੇਤੀ ਹੀ ਇਸ ਉਤਸ਼ਾਹ-ਭਰਪੂਰ ਪ੍ਰਾਰਥਨਾ ਦਾ ਪੂਰੀ ਤਰ੍ਹਾਂ ਨਾਲ ਜਵਾਬ ਦੇਵੇਗਾ: “ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” ਬਹੁਤ ਛੇਤੀ ਹੀ ਸ਼ਾਸਨ ਕਰ ਰਿਹਾ ਰਾਜਾ, ਯਿਸੂ ਮਸੀਹ, ਇਸ ਭਾਵ ਵਿਚ ਆਵੇਗਾ ਕਿ ਉਹ ਨਿਆਉਂ ਕਰਨ ਲਈ, ਅਰਥਾਤ “ਭੇਡਾਂ” ਨੂੰ “ਬੱਕਰੀਆਂ” ਤੋਂ ਵੱਖਰਿਆਂ ਕਰਨ ਲਈ ਆਪਣੇ ਸਿੰਘਾਸਣ ਉੱਤੇ ਬੈਠੇਗਾ। ਉਸ ਨਿਯੁਕਤ ਸਮੇਂ ਤੇ, “ਪਾਤਸ਼ਾਹ ਉਨ੍ਹਾਂ ਨੂੰ ਜਿਹੜੇ ਉਹ ਦੇ ਸੱਜੇ ਪਾਸੇ ਹੋਣ ਆਖੇਗਾ, ਹੇ ਮੇਰੇ ਪਿਤਾ ਦੇ ਮੁਬਾਰਕ ਲੋਕੋ ਆਓ! ਜਿਹੜਾ ਰਾਜ ਸੰਸਾਰ ਦੇ ਮੁੱਢੋਂ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ ਉਹ ਦੇ ਵਾਰਸ ਹੋਵੋ।” ਬੱਕਰੀਆਂ ‘ਸਦੀਪਕ ਸਜ਼ਾ ਵਿੱਚ ਜਾਣਗੀਆਂ ਪਰ ਧਰਮੀ ਸਦੀਪਕ ਜੀਉਣ ਵਿੱਚ।’ (ਮੱਤੀ 6:10; 25:31-34, 46) “ਵੱਡੀ ਬਿਪਤਾ” ਇਸ ਪੁਰਾਣੀ ਵਿਵਸਥਾ ਨੂੰ ਅਤੇ ਉਨ੍ਹਾਂ ਸਾਰਿਆਂ ਨੂੰ ਹਟਾ ਦੇਵੇਗੀ, ਜੋ ਰਾਜ ਨੂੰ ‘ਸਮਝਣ’ ਤੋਂ ਇਨਕਾਰ ਕਰਦੇ ਹਨ। ਲੇਕਨ “ਵੱਡੀ ਬਿਪਤਾ” ਵਿੱਚੋਂ ਬਚਣ ਵਾਲੇ ਲੱਖਾਂ ਲੋਕ ਅਤੇ ਪੁਨਰ-ਉਥਿਤ ਹੋਣ ਵਾਲੇ ਕਰੋੜਾਂ ਲੋਕ ਉਸ ਮੁੜ ਬਹਾਲ ਕੀਤੇ ਗਏ ਪਾਰਥਿਵ ਪਰਾਦੀਸ ਵਿਚ ਸਦਾ ਦੇ ਲਈ ਰਾਜ ਸੰਬੰਧੀ ਬਰਕਤਾਂ ਦੇ ਵਾਰਸ ਹੋਣਗੇ। (ਪਰਕਾਸ਼ ਦੀ ਪੋਥੀ 7:14) ਇਹ ਰਾਜ ਧਰਤੀ ਦੀ ਨਵੀਂ ਸਰਕਾਰ ਹੈ ਜੋ ਸਵਰਗ ਤੋਂ ਰਾਜ ਕਰਦੀ ਹੈ। ਇਹ ਧਰਤੀ ਅਤੇ ਮਾਨਵਜਾਤੀ ਲਈ ਯਹੋਵਾਹ ਦੇ ਮਕਸਦ ਨੂੰ ਨੇਪਰੇ ਚਾੜ੍ਹੇਗਾ, ਅਤੇ ਇਹ ਸਭ ਕੁਝ ਉਸ ਦੇ ਸਰਬ ਪਵਿੱਤਰ ਨਾਂ ਦੀ ਪਵਿੱਤਰੀਕਰਣ ਦੇ ਲਈ ਹੋਵੇਗਾ। ਕੀ ਇਹ ਇਕ ਅਜਿਹਾ ਵਿਰਸਾ ਨਹੀਂ ਹੈ, ਜੋ ਜਤਨ ਕਰਨ, ਕੁਰਬਾਨੀ ਦੇਣ, ਅਤੇ ਉਡੀਕ ਕਰਨ ਦੇ ਯੋਗ ਹੈ? ਸਾਡੇ ਲਈ ਰਾਜ ਨੂੰ ‘ਸਮਝਣ’ ਦਾ ਇਹੋ ਹੀ ਅਰਥ ਹੋਣਾ ਚਾਹੀਦਾ ਹੈ! (w96 2/1)
ਤੁਸੀਂ ਕਿਵੇਂ ਜਵਾਬ ਦਿਓਗੇ?
◻ ਪਰਮੇਸ਼ੁਰ ਦਾ ਰਾਜ ਕੀ ਹੈ?
◻ ਯਿਸੂ ਦੇ ਅਧਿਕਤਰ ਸੁਣਨ ਵਾਲਿਆਂ ਨੇ ਰਾਜ ਨੂੰ ਕਿਉਂ ਨਹੀਂ ‘ਸਮਝਿਆ’?
◻ ਰਾਜ ਨੂੰ ‘ਸਮਝਣਾ’ ਕਿਵੇਂ ਦੋਵੇਂ ਬਰਕਤਾਂ ਅਤੇ ਜ਼ਿੰਮੇਵਾਰੀ ਲਿਆਉਂਦਾ ਹੈ?
◻ ਪ੍ਰਚਾਰ ਦੇ ਸੰਬੰਧ ਵਿਚ, ਕੀ ਸੰਕੇਤ ਕਰਦਾ ਹੈ ਕਿ ਅਸੀਂ ਰਾਜ ਨੂੰ ‘ਸਮਝਿਆ’ ਹੈ ਜਾਂ ਨਹੀਂ?
◻ ਅਸੀਂ ਆਪਣੇ ਆਚਰਣ ਤੋਂ ਕਿਵੇਂ ਦਿਖਾਉਂਦੇ ਹਾਂ ਕਿ ਅਸੀਂ ਦਿੱਤੀ ਗਈ ਸਲਾਹ ਨੂੰ ‘ਸਮਝਿਆ’ ਹੈ?
[ਸਫ਼ੇ 14 ਉੱਤੇ ਤਸਵੀਰਾਂ]
ਯਿਸੂ ਦੇ ਚੇਲਿਆਂ ਨੇ ਰਾਜ ਨੂੰ ‘ਸਮਝਿਆ’ ਅਤੇ ਚੰਗਾ ਫਲ ਉਤਪੰਨ ਕੀਤਾ