ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w96 2/1 ਸਫ਼ੇ 18-22
  • ਯਹੋਵਾਹ ਅਤੇ ਉਸ ਦੇ ਬਚਨ ਉੱਤੇ ਭਰੋਸਾ ਰੱਖੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਹੋਵਾਹ ਅਤੇ ਉਸ ਦੇ ਬਚਨ ਉੱਤੇ ਭਰੋਸਾ ਰੱਖੋ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਸੰਸਾਰਕ ਬੁੱਧ ਉੱਤੇ ਭਰੋਸਾ ਰੱਖਣ ਤੋਂ ਪਰਹੇਜ਼ ਕਰੋ
  • ਸ਼ੰਕਾ ਕਰਨ ਦੇ ਝੁਕਾਉ ਦਾ ਵਿਰੋਧ ਕਰੋ
  • ਵਿਆਹ ਵਿਚ ਯਹੋਵਾਹ ਦੇ ਨਿਰਦੇਸ਼ਨ ਦੀ ਪੈਰਵੀ ਕਰਨਾ
  • ਨੌਜਵਾਨੋ—ਪਰਮੇਸ਼ੁਰ ਦੇ ਬਚਨ ਉੱਤੇ ਕੰਨ ਧਰੋ
  • ਕੀ ਤੁਸੀਂ ਸੱਚਾਈ ਨੂੰ ਆਪਣੇ ਦਿਲ ਵਿਚ ਬਿਠਾ ਲਿਆ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • ਸ਼ੱਕ ਕਰ ਕੇ ਆਪਣੀ ਨਿਹਚਾ ਨਾ ਤੋੜੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • ਆਪਣੀ ਵਿਆਹੁਤਾ ਜ਼ਿੰਦਗੀ ਸਫ਼ਲ ਬਣਾਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2016
  • ਪਤੀ-ਪਤਨੀ ਵਿਚ ਅੱਜ ਵੀ ਪਿਆਰ ਹੋ ਸਕਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
w96 2/1 ਸਫ਼ੇ 18-22

ਯਹੋਵਾਹ ਅਤੇ ਉਸ ਦੇ ਬਚਨ ਉੱਤੇ ਭਰੋਸਾ ਰੱਖੋ

“ਤੇਰੇ ਨਾਮ ਦੇ ਜਾਣਨ ਵਾਲੇ ਤੇਰੇ ਉੱਤੇ ਭਰੋਸਾ ਰੱਖਦੇ ਹਨ।”—ਜ਼ਬੂਰ 9:10.

1. ਅਸੀਂ ਆਪਣੇ ਆਧੁਨਿਕ ਦਿਨ ਵਿਚ ਵੀ ਯਹੋਵਾਹ ਅਤੇ ਉਸ ਦੇ ਬਚਨ ਉੱਤੇ ਭਰੋਸਾ ਕਿਉਂ ਰੱਖ ਸਕਦੇ ਹਾਂ?

ਇਸ ਆਧੁਨਿਕ ਸੰਸਾਰ ਵਿਚ, ਪਰਮੇਸ਼ੁਰ ਅਤੇ ਉਸ ਦੇ ਬਚਨ, ਬਾਈਬਲ ਉੱਤੇ ਭਰੋਸਾ ਰੱਖਣ ਦਾ ਨਿਮੰਤ੍ਰਣ ਸ਼ਾਇਦ ਅਵਿਵਹਾਰਕ ਅਤੇ ਅਵਾਸਤਵਿਕ ਲੱਗੇ। ਫਿਰ ਵੀ, ਪਰਮੇਸ਼ੁਰ ਦੀ ਬੁੱਧ ਸਮੇਂ ਦੀ ਕਸੌਟੀ ਤੇ ਪੂਰੀ ਉੱਤਰੀ ਹੈ। ਪੁਰਸ਼ ਅਤੇ ਇਸਤਰੀ ਦਾ ਸ੍ਰਿਸ਼ਟੀਕਰਤਾ ਵਿਆਹ ਅਤੇ ਪਰਿਵਾਰ ਦਾ ਆਰੰਭਕਰਤਾ ਹੈ, ਅਤੇ ਉਹ ਸਾਡੀਆਂ ਲੋੜਾਂ ਨੂੰ ਕਿਸੇ ਹੋਰ ਨਾਲੋਂ ਬਿਹਤਰ ਜਾਣਦਾ ਹੈ। ਠੀਕ ਜਿਵੇਂ ਬੁਨਿਆਦੀ ਮਾਨਵ ਲੋੜਾਂ ਬਦਲੀਆਂ ਨਹੀਂ ਹਨ, ਉਵੇਂ ਹੀ ਇਨ੍ਹਾਂ ਲੋੜਾਂ ਨੂੰ ਪੂਰਿਆਂ ਕਰਨ ਦੇ ਮੂਲ ਤਰੀਕੇ ਵੀ ਨਹੀਂ ਬਦਲੇ ਹਨ। ਬਾਈਬਲ ਦੀ ਬੁੱਧੀਮਾਨ ਸਲਾਹ, ਹਾਲਾਂਕਿ ਸਦੀਆਂ ਪਹਿਲਾਂ ਲਿਖੀ ਗਈ ਸੀ, ਅਜੇ ਵੀ ਜੀਵਨ ਬਤੀਤ ਕਰਨ ਅਤੇ ਸਮੱਸਿਆਵਾਂ ਨੂੰ ਸੁਲਝਾਉਣ ਵਿਚ ਸਫ਼ਲਤਾ ਦੇ ਲਈ ਬਿਹਤਰੀਨ ਮਾਰਗ-ਦਰਸ਼ਣ ਮੁਹੱਈਆ ਕਰਦੀ ਹੈ। ਇਸ ਉੱਤੇ ਧਿਆਨ ਦੇਣ ਨਾਲ ਵੱਡੀ ਖ਼ੁਸ਼ੀ ਮਿਲਦੀ ਹੈ—ਇਸ ਦੁਨੀਆਂਦਾਰ, ਵਿਗਿਆਨਕ ਸੰਸਾਰ ਵਿਚ ਵੀ ਜਿਸ ਵਿਚ ਅਸੀਂ ਜੀ ਰਹੇ ਹਾਂ!

2. (ੳ) ਪਰਮੇਸ਼ੁਰ ਦਿਆਂ ਹੁਕਮਾਂ ਦੀ ਪਾਲਣਾ ਨੇ ਯਹੋਵਾਹ ਦੇ ਲੋਕਾਂ ਦਿਆਂ ਜੀਵਨਾਂ ਵਿਚ ਕਿਹੜੇ ਚੰਗੇ ਫਲ ਉਤਪੰਨ ਕੀਤੇ ਹਨ? (ਅ) ਯਹੋਵਾਹ ਉਨ੍ਹਾਂ ਲਈ ਹੋਰ ਕੀ ਵਾਅਦਾ ਕਰਦਾ ਹੈ ਜੋ ਉਸ ਦੇ ਪ੍ਰਤੀ ਅਤੇ ਉਸ ਦੇ ਬਚਨ ਦੇ ਪ੍ਰਤੀ ਆਗਿਆਕਾਰ ਰਹਿੰਦੇ ਹਨ?

2 ਯਹੋਵਾਹ ਉੱਤੇ ਭਰੋਸਾ ਰੱਖਣਾ ਅਤੇ ਬਾਈਬਲ ਦਿਆਂ ਸਿਧਾਂਤਾਂ ਨੂੰ ਲਾਗੂ ਕਰਨਾ ਹਰ ਦਿਨ ਵਿਵਹਾਰਕ ਫ਼ਾਇਦੇ ਲਿਆਉਂਦਾ ਹੈ। ਇਸ ਗੱਲ ਦਾ ਸਬੂਤ ਵਿਸ਼ਵ ਭਰ ਵਿਚ ਉਨ੍ਹਾਂ ਲੱਖਾਂ ਯਹੋਵਾਹ ਦੇ ਗਵਾਹਾਂ ਦਿਆਂ ਜੀਵਨਾਂ ਵਿਚ ਦਿਖਾਈ ਦਿੰਦਾ ਹੈ, ਜਿਨ੍ਹਾਂ ਕੋਲ ਬਾਈਬਲ ਦੀ ਸਲਾਹ ਨੂੰ ਲਾਗੂ ਕਰਨ ਦਾ ਯਕੀਨ ਅਤੇ ਸਾਹਸ ਰਿਹਾ ਹੈ। ਉਨ੍ਹਾਂ ਦੇ ਲਈ, ਸ੍ਰਿਸ਼ਟੀਕਰਤਾ ਅਤੇ ਉਸ ਦੇ ਬਚਨ ਉੱਤੇ ਭਰੋਸਾ ਵਾਜਬ ਸਾਬਤ ਹੋਇਆ ਹੈ। (ਜ਼ਬੂਰ 9:9, 10) ਪਰਮੇਸ਼ੁਰ ਦਿਆਂ ਹੁਕਮਾਂ ਦੀ ਪਾਲਣਾ ਨੇ ਉਨ੍ਹਾਂ ਨੂੰ ਸਫ਼ਾਈ, ਈਮਾਨਦਾਰੀ, ਮਿਹਨਤ, ਦੂਜਿਆਂ ਦੀ ਜ਼ਿੰਦਗੀ ਅਤੇ ਸੰਪਤੀ ਲਈ ਆਦਰ, ਅਤੇ ਖਾਣ-ਪੀਣ ਵਿਚ ਸੰਤੁਲਨ ਦੇ ਮਾਮਲੇ ਦੇ ਸੰਬੰਧ ਵਿਚ ਬਿਹਤਰ ਲੋਕ ਬਣਾਇਆ ਹੈ। ਇਸ ਦੇ ਸਿੱਟੇ ਵਜੋਂ ਪਰਿਵਾਰਕ ਦਾਇਰੇ ਵਿਚ ਉਚਿਤ ਪ੍ਰੇਮ ਅਤੇ ਸਿਖਲਾਈ ਪ੍ਰਾਪਤ ਹੋਈ ਹੈ—ਅਰਥਾਤ ਪਰਾਹੁਣਾਚਾਰ, ਧੀਰਜਵਾਨ, ਦਿਆਲੂ, ਅਤੇ ਬਖ਼ਸ਼ਣਹਾਰ ਹੋਣਾ—ਅਤੇ ਨਾਲ ਹੀ ਹੋਰ ਕਈ ਦੂਜੀਆਂ ਗੱਲਾਂ ਵੀ। ਉਹ ਕਾਫ਼ੀ ਹੱਦ ਤਕ ਕ੍ਰੋਧ, ਨਫ਼ਰਤ, ਕਤਲ, ਖੁਣਸ, ਡਰ, ਆਲਸ, ਘਮੰਡ, ਝੂਠ ਬੋਲਣ, ਤੁਹਮਤ ਲਾਉਣ, ਖੁੱਲ੍ਹੇ ਜਿਨਸੀ ਸੰਬੰਧ, ਅਤੇ ਅਨੈਤਿਕਤਾ ਦੇ ਭੈੜੇ ਫਲਾਂ ਤੋਂ ਬਚਣ ਵਿਚ ਸਫ਼ਲ ਰਹੇ ਹਨ। (ਜ਼ਬੂਰ 32:10) ਪਰੰਤੂ ਪਰਮੇਸ਼ੁਰ ਆਪਣੇ ਨਿਯਮਾਂ ਦੀ ਪਾਲਣਾ ਕਰਨ ਵਾਲਿਆਂ ਲਈ ਕੇਵਲ ਇਕ ਚੰਗੇ ਪਰਿਣਾਮ ਦਾ ਵਾਅਦਾ ਕਰਨ ਤੋਂ ਵੀ ਵੱਧ ਕਰਦਾ ਹੈ। ਯਿਸੂ ਨੇ ਕਿਹਾ ਕਿ ਜੋ ਮਸੀਹੀ ਰਾਹ ਦੀ ਪੈਰਵੀ ਕਰਦੇ ਹਨ, ਉਹ “ਹੁਣ ਇਸ ਸਮੇ ਵਿੱਚ ਸੌ ਗੁਣਾ . . . ਮਾਵਾਂ ਅਤੇ ਬਾਲ ਬੱਚੇ ਅਤੇ ਜਮੀਨਾਂ ਪਰ ਦੁਖਾਂ ਨਾਲ ਅਤੇ ਅਗਲੇ ਜੁਗ ਵਿੱਚ ਸਦੀਪਕ ਜੀਉਣ” ਹਾਸਲ ਕਰਨਗੇ।—ਮਰਕੁਸ 10:29, 30.

ਸੰਸਾਰਕ ਬੁੱਧ ਉੱਤੇ ਭਰੋਸਾ ਰੱਖਣ ਤੋਂ ਪਰਹੇਜ਼ ਕਰੋ

3. ਯਹੋਵਾਹ ਅਤੇ ਉਸ ਦੇ ਬਚਨ ਉੱਤੇ ਲਗਾਤਾਰ ਭਰੋਸਾ ਰੱਖਣ ਵਿਚ, ਮਸੀਹੀ ਕਦੇ-ਕਦੇ ਕਿਹੜੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਦੇ ਹਨ?

3 ਅਪੂਰਣ ਮਾਨਵ ਨਾਲ ਇਹ ਸਮੱਸਿਆ ਹੈ ਕਿ ਉਹ ਪਰਮੇਸ਼ੁਰ ਦੀਆਂ ਮੰਗਾਂ ਨੂੰ ਘੱਟ ਕਰ ਕੇ ਪੇਸ਼ ਕਰਨ ਜਾਂ ਭੁੱਲ ਜਾਣ ਦੇ ਵੱਲ ਝੁਕਾਉ ਰੱਖਦੇ ਹਨ। ਉਹ ਆਸਾਨੀ ਨਾਲ ਸੋਚਣ ਲੱਗਦੇ ਹਨ ਕਿ ਉਹ ਬਿਹਤਰ ਜਾਣਦੇ ਹਨ ਜਾਂ ਕਿ ਇਸ ਸੰਸਾਰ ਦੇ ਬੁੱਧਜੀਵੀ ਵਰਗ ਤੋਂ ਆਈ ਬੁੱਧ ਪਰਮੇਸ਼ੁਰ ਦੀ ਬੁੱਧ ਨਾਲੋਂ ਉੱਚ ਹੈ, ਕਿ ਇਹ ਜ਼ਿਆਦਾ ਆਧੁਨਿਕ ਹੈ। ਇਸ ਸੰਸਾਰ ਦੇ ਵਿਚ ਰਹਿੰਦੇ ਹੋਏ, ਪਰਮੇਸ਼ੁਰ ਦੇ ਸੇਵਕ ਵਿਚ ਵੀ ਅਜਿਹਾ ਰਵੱਈਆ ਵਿਕਸਿਤ ਹੋ ਸਕਦਾ ਹੈ। ਇਸ ਲਈ, ਉਸ ਦੀ ਸਲਾਹ ਉੱਤੇ ਕੰਨ ਧਰਨ ਲਈ ਪ੍ਰੇਮਮਈ ਨਿਮੰਤ੍ਰਣ ਦਿੰਦੇ ਸਮੇਂ, ਸਾਡਾ ਸਵਰਗੀ ਪਿਤਾ ਉਪਯੁਕਤ ਚੇਤਾਵਨੀਆਂ ਵੀ ਸ਼ਾਮਲ ਕਰਦਾ ਹੈ: “ਹੇ ਮੇਰੇ ਪੁੱਤ੍ਰ, ਤੂੰ ਮੇਰੀ ਤਾਲੀਮ ਨੂੰ ਨਾ ਭੁੱਲ, ਸਗੋਂ ਆਪਣੇ ਚਿੱਤ ਨਾਲ ਮੇਰੇ ਹੁਕਮਾਂ ਨੂੰ ਮੰਨ, ਕਿਉਂ ਜੋ ਓਹ ਉਮਰ ਦੀ ਲੰਬਾਈ, ਜੀਉਣ ਦੇ ਵਰ੍ਹੇ, ਅਤੇ ਸ਼ਾਂਤੀ ਤੇਰੇ ਲਈ ਵਧਾਉਣਗੇ। ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ। ਤੂੰ ਆਪਣੀ ਨਿਗਾਹ ਵਿੱਚ ਬੁੱਧਵਾਨ ਨਾ ਹੋ, ਯਹੋਵਾਹ ਦਾ ਭੈ ਰੱਖ ਅਤੇ ਬੁਰਿਆਈ ਤੋਂ ਲਾਂਭੇ ਰਹੁ।”—ਕਹਾਉਤਾਂ 3:1, 2, 5-7.

4. “ਇਸ ਸੰਸਾਰ ਦਾ ਗਿਆਨ” ਕਿੰਨਾ ਵਿਆਪਕ ਹੈ, ਅਤੇ ਇਹ “ਪਰਮੇਸ਼ੁਰ ਦੇ ਭਾਣੇ ਮੂਰਖਪੁਣਾ” ਕਿਉਂ ਹੈ?

4 ਇਸ ਸੰਸਾਰ ਦੀ ਬੁੱਧ ਬਹੁਤਾਤ ਵਿਚ ਅਤੇ ਕਈ ਸ੍ਰੋਤਾਂ ਤੋਂ ਉਪਲਬਧ ਹੈ। ਸਿੱਖਿਆ ਦੀਆਂ ਅਨੇਕ ਸੰਸਥਾਵਾਂ ਹਨ, ਅਤੇ “ਬਹੁਤ ਪੋਥੀਆਂ ਦੇ ਰਚਣ ਦਾ ਅੰਤ ਨਹੀਂ।” (ਉਪਦੇਸ਼ਕ ਦੀ ਪੋਥੀ 12:12) ਹੁਣ ਕੰਪਿਊਟਰ ਦੁਨੀਆਂ ਦਾ ਅਖਾਉਤੀ ਜਾਣਕਾਰੀ ਸੁਪਰਹਾਇਵੇ ਲਗਭਗ ਕਿਸੇ ਵੀ ਵਿਸ਼ੇ ਉੱਤੇ ਬੇਅੰਤ ਜਾਣਕਾਰੀ ਮੁਹੱਈਆ ਕਰਨ ਦਾ ਵਾਅਦਾ ਕਰਦਾ ਹੈ। ਲੇਕਨ ਇਹ ਸਾਰਾ ਗਿਆਨ ਉਪਲਬਧ ਹੋਣ ਨਾਲ ਸੰਸਾਰ ਜ਼ਿਆਦਾ ਬੁੱਧੀਮਾਨ ਨਹੀਂ ਬਣ ਜਾਂਦਾ ਹੈ ਅਤੇ ਨਾ ਹੀ ਇਸ ਦੀਆਂ ਸਮੱਸਿਆਵਾਂ ਹਲ ਹੁੰਦੀਆਂ ਹਨ। ਇਸ ਦੀ ਬਜਾਇ, ਵਿਸ਼ਵ ਸਥਿਤੀ ਦਿਨ ਪ੍ਰਤਿ ਦਿਨ ਵਿਗੜਦੀ ਜਾਂਦੀ ਹੈ। ਸਮਝਣਯੋਗ ਹੈ, ਬਾਈਬਲ ਸਾਨੂੰ ਦੱਸਦੀ ਹੈ ਕਿ “ਇਸ ਸੰਸਾਰ ਦਾ ਗਿਆਨ ਪਰਮੇਸ਼ੁਰ ਦੇ ਭਾਣੇ ਮੂਰਖਪੁਣਾ ਹੈ।”—1 ਕੁਰਿੰਥੀਆਂ 3:19, 20.

5. ‘ਇਸ ਸੰਸਾਰ ਦੇ ਗਿਆਨ’ ਦੇ ਸੰਬੰਧ ਵਿਚ ਬਾਈਬਲ ਕਿਹੜੀਆਂ ਚੇਤਾਵਨੀਆਂ ਦਿੰਦੀ ਹੈ?

5 ਅੰਤ ਦਿਆਂ ਦਿਨਾਂ ਦੇ ਇਸ ਅੰਤਿਮ ਭਾਗ ਦੇ ਦੌਰਾਨ, ਇਹ ਕੇਵਲ ਸੁਭਾਵਕ ਹੀ ਹੈ ਕਿ ਮਹਾਂ ਧੋਖੇਬਾਜ਼, ਸ਼ਤਾਨ ਅਰਥਾਤ ਇਬਲੀਸ, ਬਾਈਬਲ ਦੀ ਸੱਚਾਈ ਵਿਚ ਵਿਸ਼ਵਾਸ ਨੂੰ ਕਮਜ਼ੋਰ ਕਰਨ ਦੇ ਜਤਨ ਵਿਚ ਝੂਠ ਦਾ ਹੜ੍ਹ ਲਿਆਵੇਗਾ। ਉੱਚ ਆਲੋਚਕਾਂ ਨੇ ਸਿਧਾਂਤਕ ਪੁਸਤਕਾਂ ਦੀ ਭਰਪੂਰਤਾ ਉਤਪੰਨ ਕੀਤੀ ਹੈ ਜੋ ਬਾਈਬਲ ਦੀ ਪ੍ਰਮਾਣਿਕਤਾ ਅਤੇ ਵਿਸ਼ਵਾਸਯੋਗਤਾ ਨੂੰ ਚੁਣੌਤੀ ਦਿੰਦੀਆਂ ਹਨ। ਪੌਲੁਸ ਨੇ ਆਪਣੇ ਸੰਗੀ ਮਸੀਹੀਆਂ ਨੂੰ ਚੇਤਾਵਨੀ ਦਿੱਤੀ: “ਹੇ ਤਿਮੋਥਿਉਸ, ਉਸ ਅਮਾਨਤ ਦੀ ਰਖਵਾਲੀ ਕਰ ਅਤੇ ਜਿਹੜਾ ਝੂਠ ਮੂਠ ਗਿਆਨ ਕਹਾਉਂਦਾ ਹੈ ਉਹ ਦੀ ਗੰਦੀ ਬੁੜ ਬੁੜ ਅਤੇ ਵਿਰੋਧਤਾਈਆਂ ਵੱਲੋਂ ਮੂੰਹ ਭੁਆ ਲੈ। ਕਈ ਲੋਕ ਉਸ ਗਿਆਨ ਨੂੰ ਮੰਨ ਕੇ ਨਿਹਚਾ ਦੇ ਨਿਸ਼ਾਨੇ ਤੋਂ ਖੁੰਝ ਗਏ ਹਨ।” (1 ਤਿਮੋਥਿਉਸ 6:20, 21) ਬਾਈਬਲ ਅੱਗੇ ਚੇਤਾਵਨੀ ਦਿੰਦੀ ਹੈ: “ਵੇਖਣਾ ਕਿਤੇ ਕੋਈ ਆਪਣੀ ਫ਼ੈਲਸੂਫ਼ੀ ਅਤੇ ਲਾਗ ਲਪੇਟ ਨਾਲ ਤੁਹਾਨੂੰ ਲੁੱਟ ਨਾ ਲਵੇ ਜੋ ਮਨੁੱਖਾਂ ਦੀਆਂ ਰੀਤਾਂ ਅਤੇ ਸੰਸਾਰ ਦੀਆਂ ਮੂਲ ਗੱਲਾਂ ਦੇ ਅਨੁਸਾਰ ਹਨ ਪਰ ਮਸੀਹ ਦੇ ਅਨੁਸਾਰ ਨਹੀਂ।”—ਕੁਲੁੱਸੀਆਂ 2:8.

ਸ਼ੰਕਾ ਕਰਨ ਦੇ ਝੁਕਾਉ ਦਾ ਵਿਰੋਧ ਕਰੋ

6. ਦਿਲ ਵਿਚ ਸ਼ੰਕਾ ਨੂੰ ਜੜ੍ਹ ਫੜਨ ਤੋਂ ਰੋਕਣ ਲਈ ਸਾਵਧਾਨੀ ਕਿਉਂ ਜ਼ਰੂਰੀ ਹੈ?

6 ਇਬਲੀਸ ਦੀ ਇਕ ਹੋਰ ਗੁੱਝੀ ਚਾਲ ਹੈ ਮਨ ਵਿਚ ਸ਼ੰਕਾ ਬੀਜਣਾ। ਉਹ ਨਿਹਚਾ ਵਿਚ ਕਿਸੇ ਕਮਜ਼ੋਰੀ ਨੂੰ ਦੇਖ ਕੇ ਉਸ ਦਾ ਲਾਭ ਉਠਾਉਣ ਲਈ ਸਦਾ ਚੌਕਸ ਰਹਿੰਦਾ ਹੈ। ਕੋਈ ਵੀ ਜੋ ਸ਼ੰਕਾ ਅਨੁਭਵ ਕਰਦਾ ਹੈ, ਉਸ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਅਜਿਹੇ ਸ਼ੰਕਾ ਦੇ ਪਿੱਛੇ ਉਹ ਵਿਅਕਤੀ ਹੈ ਜਿਸ ਨੇ ਹੱਵਾਹ ਨੂੰ ਕਿਹਾ ਸੀ: “ਭਲਾ, ਪਰਮੇਸ਼ੁਰ ਨੇ ਸੱਚ ਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਛ ਤੋਂ ਤੁਸੀਂ ਨਾ ਖਾਓ?” ਇਕ ਵਾਰ ਉਸ ਦੇ ਮਨ ਵਿਚ ਸ਼ੰਕਾ ਪਾ ਦੇਣ ਤੇ, ਅੱਗਲਾ ਕਦਮ ਉਸ ਨੂੰ ਇਕ ਝੂਠ ਦੱਸਣਾ ਸੀ, ਜਿਸ ਨੂੰ ਉਸ ਨੇ ਮੰਨ ਲਿਆ। (ਉਤਪਤ 3:1, 4, 5) ਜਿਵੇਂ ਹੱਵਾਹ ਦੀ ਨਿਹਚਾ ਨਸ਼ਟ ਹੋਈ, ਉਵੇਂ ਸ਼ੰਕਾ ਦੁਆਰਾ ਆਪਣੀ ਨਿਹਚਾ ਦੇ ਨਸ਼ਟ ਹੋਣ ਤੋਂ ਬਚਣ ਲਈ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਜੇਕਰ ਤੁਹਾਡੇ ਦਿਲ ਵਿਚ ਯਹੋਵਾਹ, ਉਸ ਦੇ ਬਚਨ, ਜਾਂ ਉਸ ਦੇ ਸੰਗਠਨ ਬਾਰੇ ਕੁਝ ਸ਼ੰਕਾ ਆਉਣ ਲੱਗਾ ਹੈ, ਤਾਂ ਇਸ ਨੂੰ ਦੂਰ ਕਰਨ ਲਈ ਛੇਤੀ ਨਾਲ ਕਦਮ ਚੁੱਕੋ, ਇਸ ਤੋਂ ਪਹਿਲਾਂ ਕਿ ਇਹ ਪੱਕ ਕੇ ਅਜਿਹੀ ਚੀਜ਼ ਬਣ ਜਾਵੇ ਜੋ ਤੁਹਾਡੀ ਨਿਹਚਾ ਨੂੰ ਨਾਸ਼ ਕਰ ਸਕਦੀ ਹੈ।—ਤੁਲਨਾ ਕਰੋ 1 ਕੁਰਿੰਥੀਆਂ 10:12.

7. ਸ਼ੰਕਾ ਨੂੰ ਦੂਰ ਕਰਨ ਦੇ ਲਈ ਕੀ ਕੀਤਾ ਜਾ ਸਕਦਾ ਹੈ?

7 ਕੀ ਕੀਤਾ ਜਾ ਸਕਦਾ ਹੈ? ਇਕ ਵਾਰ ਫਿਰ, ਇਸ ਦਾ ਜਵਾਬ ਹੈ ਯਹੋਵਾਹ ਅਤੇ ਉਸ ਦੇ ਬਚਨ ਉੱਤੇ ਭਰੋਸਾ ਰੱਖਣਾ। “ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦਾ ਘਾਟਾ ਹੋਵੇ ਤਾਂ ਉਹ ਪਰਮੇਸ਼ੁਰ ਕੋਲੋਂ ਮੰਗੇ ਜਿਹੜਾ ਸਭਨਾਂ ਨੂੰ ਖੁਲ੍ਹੇ ਦਿਲ ਨਾਲ ਬਿਨਾ ਉਲਾਂਭੇ ਦੇ ਦਿੰਦਾ ਹੈ, ਤਾਂ ਉਹ ਨੂੰ ਦਿੱਤੀ ਜਾਵੇਗੀ। ਪਰ ਨਿਹਚਾ ਨਾਲ ਮੰਗੇ ਅਤੇ ਕੁਝ ਭਰਮ ਨਾ ਕਰੇ ਕਿਉਂ ਜੋ ਭਰਮ ਕਰਨ ਵਾਲਾ ਸਮੁੰਦਰ ਦੀ ਛੱਲ ਵਰਗਾ ਹੈ ਜਿਹੜੀ ਪੌਣ ਨਾਲ ਟਕਰਾਈ ਅਤੇ ਉਡਾਈ ਜਾਂਦੀ ਹੈ।” (ਯਾਕੂਬ 1:5, 6; 2 ਪਤਰਸ 3:17, 18) ਇਸ ਲਈ ਯਹੋਵਾਹ ਨੂੰ ਸੁਹਿਰਦ ਪ੍ਰਾਰਥਨਾ ਕਰਨਾ ਪਹਿਲਾ ਕਦਮ ਹੈ। (ਜ਼ਬੂਰ 62:8) ਫਿਰ, ਕਲੀਸਿਯਾ ਵਿਚ ਪ੍ਰੇਮਮਈ ਨਿਗਾਹਬਾਨਾਂ ਤੋਂ ਮਦਦ ਮੰਗਣ ਤੋਂ ਨਾ ਝਿਜਕੋ। (ਰਸੂਲਾਂ ਦੇ ਕਰਤੱਬ 20:28; ਯਾਕੂਬ 5:14, 15; ਯਹੂਦਾਹ 22) ਉਹ ਤੁਹਾਡੇ ਸ਼ੰਕਾ ਦੇ ਸ੍ਰੋਤ ਦਾ ਪਤਾ ਲਗਾਉਣ ਵਿਚ ਤੁਹਾਡੀ ਮਦਦ ਕਰਨਗੇ, ਜੋ ਸ਼ਾਇਦ ਘਮੰਡ ਜਾਂ ਕਿਸੇ ਗ਼ਲਤ ਸੋਚ ਦੇ ਕਾਰਨ ਉਤਪੰਨ ਹੋਇਆ ਹੈ।

8. ਧਰਮ-ਤਿਆਗੀ ਸੋਚ ਅਕਸਰ ਕਿਵੇਂ ਆਰੰਭ ਹੁੰਦੀ ਹੈ, ਅਤੇ ਇਸ ਦਾ ਉਪਾਉ ਕੀ ਹੈ?

8 ਕੀ ਧਰਮ-ਤਿਆਗੀ ਵਿਚਾਰਾਂ ਜਾਂ ਸੰਸਾਰਕ ਫ਼ਲਸਫ਼ਿਆਂ ਨੂੰ ਪੜ੍ਹਨ ਜਾਂ ਸੁਣਨ ਦੇ ਕਾਰਨ ਜ਼ਹਿਰੀਲੇ ਸ਼ੰਕਾਵਾਂ ਉਤਪੰਨ ਹੋਏ ਹਨ? ਬੁੱਧੀਮਾਨੀ ਨਾਲ, ਬਾਈਬਲ ਸਲਾਹ ਦਿੰਦੀ ਹੈ: “ਆਪਣੇ ਆਪ ਨੂੰ ਪਰਮੇਸ਼ੁਰ ਦੇ ਅੱਗੇ ਪਰਵਾਨ ਅਤੇ ਅਜਿਹਾ ਕਾਰੀਗਰ ਠਹਿਰਾਉਣ ਦਾ ਜਤਨ ਕਰ ਜਿਹ ਨੂੰ ਲੱਜਿਆਵਾਨ ਨਾ ਹੋਣਾ ਪਵੇ ਅਤੇ ਜਿਹੜਾ ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰਨ ਵਾਲਾ ਹੋਵੇ। ਪਰ ਕੁਧਰਮ ਦੀ ਬੁੜ ਬੁੜਾਟ ਤੋਂ ਲਾਂਭੇ ਰਹੁ ਕਿਉਂ ਜੋ ਏਹ ਲੋਕਾਂ ਨੂੰ ਅਭਗਤੀ ਦੇ ਰਾਹ ਵਿੱਚ ਅਗਾਹਾਂ ਹੀ ਆਗਾਹਾਂ ਲੈ ਜਾਵੇਗੀ। ਅਤੇ ਓਹਨਾਂ ਦਾ ਬਚਨ ਮਿੱਠੀ ਮੌਹਰੀ ਵਾਂਙੁ ਖਾਂਦਾ ਜਾਵੇਗਾ।” (2 ਤਿਮੋਥਿਉਸ 2:15-17) ਇਹ ਦਿਲਚਸਪੀ ਦੀ ਗੱਲ ਹੈ ਕਿ ਬਹੁਤੇਰੇ ਜੋ ਧਰਮ-ਤਿਆਗ ਦੇ ਸ਼ਿਕਾਰ ਬਣ ਗਏ ਹਨ, ਉਨ੍ਹਾਂ ਨੇ ਪਹਿਲਾਂ ਇਹ ਸ਼ਿਕਾਇਤ ਕਰਨ ਦੇ ਦੁਆਰਾ ਕਿ ਉਹ ਮਹਿਸੂਸ ਕਰਦੇ ਸਨ ਕਿ ਉਨ੍ਹਾਂ ਨਾਲ ਯਹੋਵਾਹ ਦੇ ਸੰਗਠਨ ਵਿਚ ਕਿਵੇਂ ਵਰਤਾਉ ਕੀਤਾ ਜਾ ਰਿਹਾ ਸੀ, ਗ਼ਲਤ ਰੁੱਖ ਵਿਚ ਤੁਰਨਾ ਆਰੰਭ ਕੀਤਾ। (ਯਹੂਦਾਹ 16) ਵਿਸ਼ਵਾਸਾਂ ਵਿਚ ਗ਼ਲਤੀ ਲੱਭਣਾ ਤਾਂ ਬਾਅਦ ਵਿਚ ਆਇਆ। ਠੀਕ ਜਿਵੇਂ ਇਕ ਸਰਜਨ ਗੈਂਗਰੀਨ ਨੂੰ ਕੱਢਣ ਲਈ ਛੇਤੀ ਨਾਲ ਕਦਮ ਚੁੱਕਦਾ ਹੈ, ਤੁਸੀਂ ਵੀ ਸ਼ਿਕਾਇਤ ਕਰਨ, ਅਤੇ ਮਸੀਹੀ ਕਲੀਸਿਯਾ ਵਿਚ ਕਾਰਜ ਕਰਨ ਦੇ ਢੰਗ ਨਾਲ ਅਸੰਤੁਸ਼ਟ ਹੋਣ ਦੇ ਕਿਸੇ ਝੁਕਾਉ ਨੂੰ ਮਨ ਵਿੱਚੋਂ ਕੱਢਣ ਲਈ ਛੇਤੀ ਨਾਲ ਕਦਮ ਚੁੱਕੋ। (ਕੁਲੁੱਸੀਆਂ 3:13, 14) ਇਸ ਤਰ੍ਹਾਂ ਦੀ ਕਿਸੇ ਵੀ ਗੱਲ ਨੂੰ ਦੂਰ ਕਰੋ, ਜੋ ਅਜਿਹਿਆਂ ਸ਼ੰਕਾਵਾਂ ਨੂੰ ਚਾਰਾ ਪਾਉਂਦੀ ਹੈ।—ਮਰਕੁਸ 9:43.

9. ਇਕ ਵਧੀਆ ਦੈਵ-ਸ਼ਾਸਕੀ ਨਿੱਤ-ਕਰਮ ਸਾਨੂੰ ਨਿਹਚਾ ਵਿਚ ਤੰਦਰੁਸਤ ਰਹਿਣ ਲਈ ਕਿਵੇਂ ਮਦਦ ਕਰੇਗਾ?

9 ਯਹੋਵਾਹ ਅਤੇ ਉਸ ਦੇ ਸੰਗਠਨ ਨਾਲ ਨਜ਼ਦੀਕੀ ਤੌਰ ਤੇ ਜੁੜੇ ਰਹੋ। ਨਿਸ਼ਠਾ ਨਾਲ ਪਤਰਸ ਦਾ ਅਨੁਕਰਣ ਕਰੋ, ਜਿਸ ਨੇ ਦ੍ਰਿੜ੍ਹਤਾ ਨਾਲ ਕਿਹਾ: “ਪ੍ਰਭੁ ਜੀ ਅਸੀਂ ਕਿਹ ਦੇ ਕੋਲ ਜਾਈਏ? ਸਦੀਪਕ ਜੀਉਣ ਦੀਆਂ ਗੱਲਾਂ ਤਾਂ ਤੇਰੇ ਕੋਲ ਹਨ।” (ਯੂਹੰਨਾ 6:52, 60, 66-68) ਯਹੋਵਾਹ ਦੇ ਬਚਨ ਦੇ ਅਧਿਐਨ ਦੀ ਇਕ ਚੰਗੀ ਅਨੁਸੂਚੀ ਬਣਾਓ, ਤਾਂ ਜੋ ਤੁਸੀਂ ਆਪਣੀ ਨਿਹਚਾ ਨੂੰ ਇਕ ਵੱਡੀ ਢਾਲ ਵਾਂਗ ਮਜ਼ਬੂਤ ਬਣਾਈ ਰੱਖ ਸਕੋ, ਜੋ “ਉਸ ਦੁਸ਼ਟ ਦੇ ਸਾਰੇ ਅਗਣ ਬਾਣਾਂ ਨੂੰ ਬੁਝਾ” ਸਕਦੀ ਹੈ। (ਅਫ਼ਸੀਆਂ 6:16) ਪ੍ਰੇਮਪੂਰਣ ਢੰਗ ਨਾਲ ਰਾਜ ਸੰਦੇਸ਼ ਦੂਜਿਆਂ ਨਾਲ ਸਾਂਝਿਆਂ ਕਰਦੇ ਹੋਏ, ਮਸੀਹੀ ਸੇਵਕਾਈ ਵਿਚ ਕ੍ਰਿਆਸ਼ੀਲ ਰਹੋ। ਹਰ ਦਿਨ, ਕਦਰਦਾਨੀ ਨਾਲ ਮਨਨ ਕਰੋ ਕਿ ਯਹੋਵਾਹ ਨੇ ਤੁਹਾਨੂੰ ਕਿਵੇਂ ਵਰੋਸਾਇਆ ਹੈ। ਧੰਨਵਾਦੀ ਹੋਵੋ ਕਿ ਤੁਹਾਨੂੰ ਸੱਚਾਈ ਦਾ ਗਿਆਨ ਹਾਸਲ ਹੈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਇਕ ਵਧੀਆ ਮਸੀਹੀ ਨਿੱਤ-ਕਰਮ ਅਨੁਸਾਰ ਕਰਨਾ, ਤੁਹਾਨੂੰ ਖ਼ੁਸ਼ ਰਹਿਣ, ਸਹਿਣ ਕਰਨ, ਅਤੇ ਸ਼ੰਕਾਵਾਂ ਤੋਂ ਮੁਕਤ ਰਹਿਣ ਵਿਚ ਮਦਦ ਕਰੇਗਾ।—ਜ਼ਬੂਰ 40:4; ਫ਼ਿਲਿੱਪੀਆਂ 3:15, 16; ਇਬਰਾਨੀਆਂ 6:10-12.

ਵਿਆਹ ਵਿਚ ਯਹੋਵਾਹ ਦੇ ਨਿਰਦੇਸ਼ਨ ਦੀ ਪੈਰਵੀ ਕਰਨਾ

10. ਮਸੀਹੀ ਵਿਆਹ ਵਿਚ ਮਾਰਗ ਦਰਸ਼ਣ ਲਈ ਯਹੋਵਾਹ ਵੱਲ ਦੇਖਣਾ ਕਿਉਂ ਖ਼ਾਸ ਤੌਰ ਤੇ ਮਹੱਤਵਪੂਰਣ ਹੈ?

10 ਪੁਰਸ਼ ਅਤੇ ਇਸਤਰੀ ਲਈ ਇਕ ਵਿਆਹੁਤਾ ਦੰਪਤੀ ਵਜੋਂ ਇਕੱਠੇ ਜੀਉਣ ਦਾ ਪ੍ਰਬੰਧ ਕਰਨ ਵਿਚ, ਯਹੋਵਾਹ ਨੇ ਨਾ ਕੇਵਲ ਧਰਤੀ ਨੂੰ ਆਰਾਮ ਨਾਲ ਭਰ ਦੇਣ ਦਾ, ਬਲਕਿ ਉਨ੍ਹਾਂ ਦੀ ਖ਼ੁਸ਼ੀ ਨੂੰ ਵਧਾਉਣ ਦਾ ਵੀ ਮਕਸਦ ਰੱਖਿਆ। ਪਰੰਤੂ, ਪਾਪ ਅਤੇ ਅਪੂਰਣਤਾ ਨੇ ਵਿਆਹ ਦੇ ਰਿਸ਼ਤੇ ਵਿਚ ਗੰਭੀਰ ਸਮੱਸਿਆਵਾਂ ਲਿਆਂਦੀਆਂ ਹਨ। ਮਸੀਹੀ ਇਨ੍ਹਾਂ ਤੋਂ ਮੁਕਤ ਨਹੀਂ ਹਨ, ਕਿਉਂਕਿ ਉਹ ਵੀ ਅਪੂਰਣ ਹਨ ਅਤੇ ਆਧੁਨਿਕ-ਦਿਨ ਦੇ ਜੀਵਨ ਦਿਆਂ ਦਬਾਵਾਂ ਨੂੰ ਅਨੁਭਵ ਕਰਦੇ ਹਨ। ਫਿਰ ਵੀ, ਜਿੰਨੀ ਹੱਦ ਤਕ ਉਹ ਯਹੋਵਾਹ ਅਤੇ ਉਸ ਦੇ ਬਚਨ ਉੱਤੇ ਭਰੋਸਾ ਰੱਖਦੇ ਹਨ, ਮਸੀਹੀ ਉੱਨੀ ਹੱਦ ਤਕ ਵਿਆਹ ਵਿਚ ਅਤੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਵਿਚ ਚੰਗੀ ਸਫ਼ਲਤਾ ਹਾਸਲ ਕਰ ਸਕਦੇ ਹਨ। ਮਸੀਹੀ ਵਿਆਹ ਵਿਚ ਸੰਸਾਰਕ ਅਭਿਆਸਾਂ ਅਤੇ ਆਚਰਣ ਲਈ ਕੋਈ ਥਾਂ ਨਹੀਂ ਹੈ। ਪਰਮੇਸ਼ੁਰ ਦਾ ਬਚਨ ਸਾਨੂੰ ਤਾੜਦਾ ਹੈ: “ਵਿਆਹ ਕਰਨਾ ਸਭਨਾਂ ਵਿੱਚ ਆਦਰ ਜੋਗ ਗਿਣਿਆ ਜਾਵੇ ਅਤੇ ਵਿਛਾਉਣਾ ਬੇਦਾਗ ਰਹੇ ਕਿਉਂ ਜੋ ਪਰਮੇਸ਼ੁਰ ਹਰਾਮਕਾਰਾਂ ਅਤੇ ਵਿਭਚਾਰੀਆਂ ਦਾ ਨਿਆਉਂ ਕਰੇਗਾ।”—ਇਬਰਾਨੀਆਂ 13:4.

11. ਵਿਆਹ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਵਿਚ, ਦੋਵੇਂ ਸਾਥੀਆਂ ਨੂੰ ਕਿਹੜੀ ਗੱਲ ਪਛਾਣਨੀ ਚਾਹੀਦੀ ਹੈ?

11 ਜਿਹੜਾ ਵਿਆਹ ਬਾਈਬਲ ਦੀ ਸਲਾਹ ਦੇ ਅਨੁਸਾਰ ਨਿਭਾਇਆ ਜਾਂਦਾ ਹੈ, ਉਸ ਵਿਚ ਪ੍ਰੇਮ, ਵਚਨਬੱਧਤਾ, ਅਤੇ ਸੁਰੱਖਿਆ ਦਾ ਮਾਹੌਲ ਰਹਿੰਦਾ ਹੈ। ਦੋਵੇਂ ਪਤੀ ਅਤੇ ਪਤਨੀ ਸਰਦਾਰੀ ਦੇ ਸਿਧਾਂਤ ਨੂੰ ਸਮਝਦੇ ਅਤੇ ਆਦਰ ਕਰਦੇ ਹਨ। ਜਦੋਂ ਮੁਸ਼ਕਲਾਂ ਵਿਕਸਿਤ ਹੁੰਦੀਆਂ ਹਨ, ਅਕਸਰ ਇਸ ਦਾ ਕਾਰਨ ਬਾਈਬਲ ਦੀ ਸਲਾਹ ਨੂੰ ਲਾਗੂ ਕਰਨ ਵਿਚ ਕੋਈ ਲਾਪਰਵਾਹੀ ਹੁੰਦੀ ਹੈ। ਇਕ ਲੰਬੇ ਸਮੇਂ ਦੀ ਸਮੱਸਿਆ ਨੂੰ ਸੁਲਝਾਉਣ ਵਿਚ, ਇਹ ਅਤਿ-ਆਵੱਸ਼ਕ ਹੈ ਕਿ ਦੋਵੇਂ ਸਾਥੀ ਈਮਾਨਦਾਰੀ ਨਾਲ ਅਸਲ ਸਮੱਸਿਆ ਉੱਤੇ ਧਿਆਨ ਕੇਂਦ੍ਰਿਤ ਕਰਨ ਅਤੇ ਲੱਛਣਾਂ ਦੀ ਬਜਾਇ ਕਾਰਨਾਂ ਨਾਲ ਨਿਭਣ। ਜੇਕਰ ਹਾਲ ਹੀ ਦਿਆਂ ਚਰਚਿਆਂ ਤੋਂ ਘੱਟ ਜਾਂ ਬਿਲਕੁਲ ਹੀ ਸਮਝੌਤਾ ਨਹੀਂ ਹੋਇਆ ਹੈ, ਤਾਂ ਦੰਪਤੀ ਸ਼ਾਇਦ ਇਕ ਪ੍ਰੇਮਮਈ ਨਿਗਾਹਬਾਨ ਤੋਂ ਨਿਰਪੱਖ ਮਦਦ ਮੰਗਣ।

12. (ੳ) ਵਿਆਹ ਦੀਆਂ ਕਿਹੜੀਆਂ ਆਮ ਸਮੱਸਿਆਵਾਂ ਉੱਤੇ ਬਾਈਬਲ ਸਲਾਹ ਦਿੰਦੀ ਹੈ? (ਅ) ਦੋਵੇਂ ਸਾਥੀਆਂ ਵੱਲੋਂ ਯਹੋਵਾਹ ਦੇ ਤਰੀਕੇ ਨਾਲ ਕੰਮ ਕਰਨ ਦੀ ਕਿਉਂ ਲੋੜ ਹੈ?

12 ਕੀ ਸਮੱਸਿਆ ਸੰਚਾਰ, ਇਕ ਦੂਜੇ ਦੀਆਂ ਭਾਵਨਾਵਾਂ ਲਈ ਆਦਰ, ਸਰਦਾਰੀ ਲਈ ਆਦਰ, ਜਾਂ ਨਿਰਣੇ ਕਿਵੇਂ ਕੀਤੇ ਜਾਂਦੇ ਹਨ, ਨਾਲ ਸੰਬੰਧਿਤ ਹੈ? ਕੀ ਇਹ ਸਮੱਸਿਆ ਬੱਚਿਆਂ ਦੀ ਪਰਵਰਿਸ਼, ਜਾਂ ਜਿਨਸੀ ਲੋੜਾਂ ਨੂੰ ਸੰਤੁਲਿਤ ਰੱਖਣ ਨਾਲ ਸੰਬੰਧਿਤ ਹੈ? ਜਾਂ ਕਿ ਸਮੱਸਿਆ ਪਰਿਵਾਰਕ ਬਜਟ, ਮਨਪਰਚਾਵਾ, ਸੰਗਤ, ਪਤਨੀ ਨੂੰ ਨੌਕਰੀ ਤੇ ਲੱਗਣਾ ਚਾਹੀਦਾ ਹੈ ਜਾਂ ਨਹੀਂ, ਜਾਂ ਤੁਸੀਂ ਕਿੱਥੇ ਰਹਿਣਾ ਹੈ, ਦੇ ਨਾਲ ਸੰਬੰਧਿਤ ਹੈ? ਸਮੱਸਿਆ ਜੋ ਵੀ ਹੋਵੇ, ਬਾਈਬਲ ਜਾਂ ਤਾਂ ਸਿੱਧੇ ਤੌਰ ਤੇ ਨਿਯਮਾਂ ਦੁਆਰਾ ਜਾਂ ਅਸਿੱਧੇ ਤੌਰ ਤੇ ਸਿਧਾਂਤਾਂ ਦੁਆਰਾ ਵਿਵਹਾਰਕ ਸਲਾਹ ਦਿੰਦੀ ਹੈ। (ਮੱਤੀ 19:4, 5, 9; 1 ਕੁਰਿੰਥੀਆਂ 7:1-40; ਅਫ਼ਸੀਆਂ 5:21-23, 28-33; 6:1-4; ਕੁਲੁੱਸੀਆਂ 3:18-21; ਤੀਤੁਸ 2:4, 5; 1 ਪਤਰਸ 3:1-7) ਜਦੋਂ ਦੋਵੇਂ ਸਾਥੀ ਸੁਆਰਥੀ ਮੰਗ ਕਰਨ ਤੋਂ ਪਰਹੇਜ਼ ਕਰਦੇ ਹਨ ਅਤੇ ਆਪਣੇ ਵਿਆਹ ਵਿਚ ਪ੍ਰੇਮ ਨੂੰ ਪੂਰਨ ਤੌਰ ਤੇ ਪ੍ਰਗਟ ਹੋਣ ਦਿੰਦੇ ਹਨ, ਤਾਂ ਇਹ ਅਧਿਕ ਖ਼ੁਸ਼ੀ ਵਿਚ ਪਰਿਣਿਤ ਹੁੰਦਾ ਹੈ। ਦੋਵੇਂ ਵਿਆਹੁਤੇ ਸਾਥੀਆਂ ਵਿਚ ਲੋੜੀਂਦੀਆਂ ਤਬਦੀਲੀਆਂ ਕਰਨ, ਅਰਥਾਤ ਯਹੋਵਾਹ ਦੇ ਤਰੀਕੇ ਨਾਲ ਕੰਮ ਕਰਨ ਦੀ ਇਕ ਬੇਹੱਦ ਇੱਛਾ ਹੋਣੀ ਚਾਹੀਦੀ ਹੈ। “ਜਿਹੜਾ ਬਚਨ ਉੱਤੇ ਚਿੱਤ ਲਾਉਂਦਾ ਹੈ ਉਹ ਦਾ ਭਲਾ ਹੋਵੇਗਾ, ਅਤੇ ਜਿਹੜਾ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ ਉਹ ਧੰਨ ਹੈ!”—ਕਹਾਉਤਾਂ 16:20.

ਨੌਜਵਾਨੋ—ਪਰਮੇਸ਼ੁਰ ਦੇ ਬਚਨ ਉੱਤੇ ਕੰਨ ਧਰੋ

13. ਮਸੀਹੀ ਨੌਜਵਾਨਾਂ ਲਈ ਯਹੋਵਾਹ ਅਤੇ ਉਸ ਦੇ ਬਚਨ ਵਿਚ ਦ੍ਰਿੜ੍ਹ ਨਿਹਚਾ ਦੇ ਨਾਲ ਵੱਡੇ ਹੋਣਾ ਆਸਾਨ ਕਿਉਂ ਨਹੀਂ ਹੈ?

13 ਮਸੀਹੀ ਨੌਜਵਾਨਾਂ ਲਈ ਨਿਹਚਾ ਵਿਚ ਦ੍ਰਿੜ੍ਹ ਰਹਿੰਦੇ ਹੋਏ ਵੱਡੇ ਹੋਣਾ ਆਸਾਨ ਨਹੀਂ ਹੈ, ਜਦੋਂ ਕਿ ਦੁਸ਼ਟ ਸੰਸਾਰ ਉਨ੍ਹਾਂ ਦੇ ਚਾਰੇ ਤਰਫ਼ ਹੈ। ਇਕ ਕਾਰਨ ਹੈ ਕਿ “ਸਾਰਾ ਸੰਸਾਰ ਉਸ ਦੁਸ਼ਟ,” ਸ਼ਤਾਨ ਅਰਥਾਤ ਇਬਲੀਸ, “ਦੇ ਵੱਸ ਵਿੱਚ ਪਿਆ ਹੋਇਆ ਹੈ।” (1 ਯੂਹੰਨਾ 5:19) ਨੌਜਵਾਨ ਲੋਕ ਇਸ ਦੁਸ਼ਟ ਦੁਸ਼ਮਣ ਦੇ ਹਮਲੇ ਹੇਠ ਹਨ, ਜੋ ਭੈੜੇ ਨੂੰ ਚੰਗਾ ਕਰ ਕੇ ਦਿਖਾ ਸਕਦਾ ਹੈ। ਮੈਂ-ਪਹਿਲਾਂ ਵਤੀਰਾ, ਸੁਆਰਥੀ ਆਕਾਂਖਿਆਵਾਂ, ਅਨੈਤਿਕ ਅਤੇ ਕਰੂਰ ਚੀਜ਼ਾਂ ਲਈ ਲਾਲਸਾਵਾਂ, ਅਤੇ ਅਸਾਧਾਰਣ ਤੌਰ ਤੇ ਵਿਲਾਸ ਦਾ ਪਿੱਛਾ ਕਰਨਾ—ਇਹ ਸਭ ਕੁਝ ਇਕੱਠੇ ਮਿਲ ਕੇ ਇਕ ਆਮ, ਪ੍ਰਬਲ ਵਿਚਾਰਧਾਰਾ ਬਣਦੇ ਹਨ, ਜਿਸ ਦਾ ਵਰਣਨ ਬਾਈਬਲ ਵਿਚ ‘ਉਸ ਰੂਹ ਜਿਹੜੀ ਹੁਣ ਅਣਆਗਿਆਕਾਰੀ ਦੇ ਪੁੱਤ੍ਰਾਂ ਵਿੱਚ ਅਸਰ ਕਰਦੀ ਹੈ,’ ਦੇ ਤੌਰ ਤੇ ਕੀਤਾ ਜਾਂਦਾ ਹੈ। (ਅਫ਼ਸੀਆਂ 2:1-3) ਸ਼ਤਾਨ ਨੇ ਚਲਾਕੀ ਨਾਲ ਸਕੂਲ ਦੀਆਂ ਪਾਠ-ਪੁਸਤਕਾਂ ਵਿਚ, ਜ਼ਿਆਦਾਤਰ ਉਪਲਬਧ ਸੰਗੀਤ ਵਿਚ, ਖੇਡਾਂ ਵਿਚ, ਅਤੇ ਹੋਰ ਦੂਜੇ ਪ੍ਰਕਾਰ ਦਿਆਂ ਮਨਪਰਚਾਵਿਆਂ ਵਿਚ ਇਸ “ਰੂਹ” ਨੂੰ ਅੱਗੇ ਵਧਾਇਆ ਹੈ। ਮਾਪਿਆਂ ਨੂੰ ਅਜਿਹੇ ਪ੍ਰਭਾਵਾਂ ਨੂੰ ਰੋਕਣ ਲਈ ਚੌਕਸ ਰਹਿਣ ਦੀ ਲੋੜ ਹੈ, ਆਪਣੇ ਬੱਚਿਆਂ ਦੀ ਮਦਦ ਕਰਦੇ ਹੋਏ ਕਿ ਉਹ ਯਹੋਵਾਹ ਅਤੇ ਉਸ ਦੇ ਬਚਨ ਉੱਤੇ ਭਰੋਸਾ ਕਾਇਮ ਰੱਖਦੇ ਹੋਏ ਵੱਡੇ ਹੋਣ।

14. ਜਵਾਨ ਲੋਕ ਕਿਵੇਂ “ਜੁਆਨੀ ਦੀਆਂ ਕਾਮਨਾਂ ਤੋਂ ਭੱਜ” ਸਕਦੇ ਹਨ?

14 ਪੌਲੁਸ ਨੇ ਆਪਣੇ ਜਵਾਨ ਸਾਥੀ ਤਿਮੋਥਿਉਸ ਨੂੰ ਪਿਤਾ ਸਮਾਨ ਸਲਾਹ ਦਿੱਤੀ: “ਜੁਆਨੀ ਦੀਆਂ ਕਾਮਨਾਂ ਤੋਂ ਭੱਜ ਅਤੇ ਜਿਹੜੇ ਸਾਫ਼ ਦਿਲ ਤੋਂ ਪ੍ਰਭੁ ਦਾ ਨਾਮ ਲੈਂਦੇ ਹਨ ਉਨ੍ਹਾਂ ਨਾਲ ਧਰਮ, ਨਿਹਚਾ, ਪ੍ਰੇਮ ਅਤੇ ਮਿਲਾਪ ਦੇ ਮਗਰ ਲੱਗਾ ਰਹੁ।” (2 ਤਿਮੋਥਿਉਸ 2:22) ਹਾਲਾਂਕਿ ਸਾਰੀਆਂ “ਜੁਆਨੀ ਦੀਆਂ ਕਾਮਨਾਂ” ਆਪਣੇ ਆਪ ਵਿਚ ਬੁਰੀਆਂ ਨਹੀਂ ਹਨ, ਨੌਜਵਾਨਾਂ ਨੂੰ ਇਨ੍ਹਾਂ ਤੋਂ ਇਸ ਭਾਵ ਵਿਚ ‘ਭੱਜਣਾ’ ਚਾਹੀਦਾ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਚੀਜ਼ਾਂ ਨੂੰ ਇਕ ਪੂਰਵ-ਰੁਝੇਵਾਂ ਨਹੀਂ ਬਣਨ ਦੇਣਾ ਚਾਹੀਦਾ ਹੈ, ਜਿਸ ਦੇ ਕਰਕੇ ਈਸ਼ਵਰੀ ਕੰਮਾਂ ਲਈ ਥੋੜ੍ਹਾ, ਜਾਂ ਸ਼ਾਇਦ ਕੁਝ ਵੀ ਸਮਾਂ ਨਾ ਬਚੇ। ਬਾਡੀ ਬਿਲਡਿੰਗ, ਖੇਡ, ਸੰਗੀਤ, ਮਨੋਰੰਜਨ, ਸ਼ੁਗਲ, ਅਤੇ ਯਾਤਰਾ, ਭਾਵੇਂ ਕਿ ਜ਼ਰੂਰੀ ਤੌਰ ਤੇ ਗ਼ਲਤ ਨਹੀਂ ਹਨ, ਉਹ ਇਕ ਫੰਦਾ ਬਣ ਸਕਦੇ ਹਨ, ਜੇਕਰ ਉਹ ਜੀਵਨ ਵਿਚ ਮੁੱਖ ਗੱਲਾਂ ਬਣ ਜਾਣ। ਬੇਮਕਸਦ ਗੱਲਾਂ-ਬਾਤਾਂ ਤੋਂ, ਆਵਾਰਾਗਰਦੀ ਤੋਂ, ਸੰਭੋਗ ਵਿਚ ਅਸਾਧਾਰਣ ਰੁਚੀ ਤੋਂ, ਬੇਕਾਰ ਬੈਠ ਕੇ ਬੋਰ ਹੋਣ ਤੋਂ, ਅਤੇ ਆਪਣੇ ਮਾਪਿਆਂ ਵੱਲੋਂ ਨਾ ਸਮਝੇ ਜਾਣ ਬਾਰੇ ਸ਼ਿਕਾਇਤ ਕਰਨ ਤੋਂ ਪੂਰੀ ਤਰ੍ਹਾਂ ਨਾਲ ਭੱਜੋ।

15. ਘਰ ਦੀ ਏਕਾਂਤ ਵਿਚ ਕਿਹੜੀਆਂ ਗੱਲਾਂ ਹੋ ਸਕਦੀਆਂ ਹਨ ਜੋ ਨੌਜਵਾਨਾਂ ਨੂੰ ਦੁਪੱਖਾ ਜੀਵਨ ਬਤੀਤ ਕਰਨ ਵੱਲ ਯੋਗਦਾਨ ਦੇ ਸਕਦੀਆਂ ਹਨ?

15 ਘਰ ਦੀ ਏਕਾਂਤ ਵਿਚ ਵੀ ਨੌਜਵਾਨਾਂ ਲਈ ਖ਼ਤਰਾ ਲੁਕਿਆ ਹੋ ਸਕਦਾ ਹੈ। ਜੇਕਰ ਅਨੈਤਿਕ ਜਾਂ ਹਿੰਸਕ ਟੀ.ਵੀ. ਕਾਰਜਕ੍ਰਮ ਅਤੇ ਵਿਡਿਓ ਦੇਖੇ ਜਾਣ, ਤਾਂ ਭੈੜੇ ਕੰਮ ਕਰਨ ਦੀ ਕਾਮਨਾ ਮਨ ਵਿਚ ਬੈਠ ਸਕਦੀ ਹੈ। (ਯਾਕੂਬ 1:14, 15) ਬਾਈਬਲ ਸਲਾਹ ਦਿੰਦੀ ਹੈ: “ਹੇ ਯਹੋਵਾਹ ਦੇ ਪ੍ਰੇਮੀਓ, ਬੁਰਿਆਈ ਤੋਂ ਘਿਣ ਕਰੋ!” (ਜ਼ਬੂਰ 97:10; 115:11) ਯਹੋਵਾਹ ਜਾਣਦਾ ਹੈ ਜੇਕਰ ਕੋਈ ਦੁਪੱਖਾ ਜੀਵਨ ਬਤੀਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। (ਕਹਾਉਤਾਂ 15:3) ਮਸੀਹੀ ਨੌਜਵਾਨੋ, ਆਪਣੇ ਕਮਰੇ ਦੇ ਚਾਰੇ ਪਾਸੇ ਦੇਖੋ। ਕੀ ਤੁਸੀਂ ਦੀਵਾਰਾਂ ਉੱਤੇ ਖੇਡ ਜਾਂ ਸੰਗੀਤ ਦੁਨੀਆਂ ਦੇ ਅਨੈਤਿਕ ਸਿਤਾਰਿਆਂ ਦੀਆਂ ਤਸਵੀਰਾਂ ਪ੍ਰਦਰਸ਼ਿਤ ਕਰਦੇ ਹੋ, ਜਾਂ ਕੀ ਤੁਸੀਂ ਸੁਆਸਥਕਾਰੀ ਚੀਜ਼ਾਂ ਪ੍ਰਦਰਸ਼ਿਤ ਕਰਦੇ ਹੋ ਜਿਹੜੀਆਂ ਕਿ ਚੰਗੀਆਂ ਯਾਦ-ਦਹਾਨੀਆਂ ਹਨ? (ਜ਼ਬੂਰ 101:3) ਕੀ ਤੁਹਾਡੀ ਅਲਮਾਰੀ ਵਿਚ ਉਚਿਤ ਕੱਪੜੇ ਪਏ ਹਨ, ਜਾਂ ਕੀ ਤੁਹਾਡੇ ਕੁਝ ਬਸਤਰ ਇਸ ਸੰਸਾਰ ਦੇ ਅਤਿਅੰਤ ਫ਼ੈਸ਼ਨਾਂ ਨੂੰ ਪ੍ਰਤਿਬਿੰਬਤ ਕਰਦੇ ਹਨ? ਚਲਾਕ ਤਰੀਕਿਆਂ ਨਾਲ ਇਬਲੀਸ ਤੁਹਾਨੂੰ ਫੰਦੇ ਵਿਚ ਫਸਾ ਸਕਦਾ ਹੈ ਜੇਕਰ ਤੁਸੀਂ ਬੁਰੀਆਂ ਚੀਜ਼ਾਂ ਨੂੰ ਚੱਖਣ ਦੇ ਪਰਤਾਵੇਂ ਅੱਗੇ ਝੁੱਕ ਜਾਂਦੇ ਹੋ। ਬਾਈਬਲ ਬੁੱਧੀਮਾਨੀ ਨਾਲ ਸਲਾਹ ਦਿੰਦੀ ਹੈ: “ਸੁਚੇਤ ਹੋਵੋ, ਜਾਗਦੇ ਰਹੋ! ਤੁਹਾਡਾ ਵਿਰੋਧੀ ਸ਼ਤਾਨ ਬੁਕਦੇ ਸ਼ੀਂਹ ਵਾਂਙੁ ਭਾਲਦਾ ਫਿਰਦਾ ਹੈ ਭਈ ਕਿਹ ਨੂੰ ਪਾੜ ਖਾਵਾਂ!”—1 ਪਤਰਸ 5:8.

16. ਬਾਈਬਲ ਦੀ ਸਲਾਹ ਕਿਵੇਂ ਇਕ ਨੌਜਵਾਨ ਦੀ ਮਦਦ ਕਰ ਸਕਦੀ ਹੈ ਕਿ ਸਾਰੇ ਵਿਅਕਤੀ ਜੋ ਮਹੱਤਤਾ ਰੱਖਦੇ ਹਨ, ਉਸ ਉੱਤੇ ਮਾਣ ਕਰਨ?

16 ਬਾਈਬਲ ਤੁਹਾਨੂੰ ਆਪਣੀ ਸੰਗਤ ਉੱਤੇ ਧਿਆਨ ਰੱਖਣ ਲਈ ਕਹਿੰਦੀ ਹੈ। (1 ਕੁਰਿੰਥੀਆਂ 15:33) ਤੁਹਾਡੇ ਸਾਥੀ ਉਹ ਹੋਣੇ ਚਾਹੀਦੇ ਹਨ ਜੋ ਯਹੋਵਾਹ ਤੋਂ ਡਰਦੇ ਹਨ। ਹਮਸਰ ਦਬਾਉ ਅੱਗੇ ਨਾ ਝੁੱਕੋ। (ਜ਼ਬੂਰ 56:11; ਕਹਾਉਤਾਂ 29:25) ਆਪਣੇ ਧਰਮੀ ਮਾਪਿਆਂ ਦੇ ਆਗਿਆਕਾਰ ਰਹੋ। (ਕਹਾਉਤਾਂ 6:20-22; ਅਫ਼ਸੀਆਂ 6:1-3) ਨਿਰਦੇਸ਼ਨ ਅਤੇ ਹੌਸਲਾ-ਅਫ਼ਜ਼ਾਈ ਲਈ ਬਜ਼ੁਰਗਾਂ ਵੱਲ ਦੇਖੋ। (ਯਸਾਯਾਹ 32:1, 2) ਆਪਣੇ ਮਨ ਅਤੇ ਅੱਖਾਂ ਨੂੰ ਅਧਿਆਤਮਿਕ ਕੀਮਤਾਂ ਅਤੇ ਟੀਚਿਆਂ ਉੱਤੇ ਲਗਾਏ ਰੱਖੋ। ਅਧਿਆਤਮਿਕ ਉੱਨਤੀ ਕਰਨ ਲਈ ਅਤੇ ਕਲੀਸਿਯਾ ਦੀਆਂ ਕ੍ਰਿਆਵਾਂ ਵਿਚ ਭਾਗ ਲੈਣ ਲਈ ਅਵਸਰਾਂ ਦੀ ਭਾਲ ਕਰੋ। ਆਪਣੇ ਹੱਥਾਂ ਨਾਲ ਕੰਮ ਕਰਨਾ ਸਿੱਖੋ। ਨਿਹਚਾ ਵਿਚ ਤਕੜੇ ਅਤੇ ਤੰਦਰੁਸਤ ਰਹਿੰਦੇ ਹੋਏ ਵੱਡੇ ਹੋਵੋ, ਅਤੇ ਫਿਰ ਤੁਸੀਂ ਸਾਬਤ ਕਰੋਗੇ ਕਿ ਤੁਸੀਂ ਅਸਲ ਵਿਚ ਕੋਈ ਹੋ—ਅਜਿਹਾ ਕੋਈ ਜੋ ਯਹੋਵਾਹ ਦੇ ਨਵੇਂ ਸੰਸਾਰ ਵਿਚ ਜੀਵਨ ਦੇ ਯੋਗ ਹੈ! ਸਾਡੇ ਸਵਰਗੀ ਪਿਤਾ ਨੂੰ ਤੁਹਾਡੇ ਉੱਤੇ ਮਾਣ ਹੋਵੇਗਾ, ਤੁਹਾਡੇ ਪਾਰਥਿਵ ਮਾਪੇ ਤੁਹਾਡੇ ਵਿਚ ਆਨੰਦਿਤ ਹੋਣਗੇ, ਅਤੇ ਤੁਹਾਡੇ ਮਸੀਹੀ ਭੈਣ-ਭਰਾ ਤੁਹਾਡੇ ਤੋਂ ਉਤਸ਼ਾਹ ਹਾਸਲ ਕਰਨਗੇ। ਇਹੋ ਹੀ ਮਹੱਤਤਾ ਰੱਖਦਾ ਹੈ!—ਕਹਾਉਤਾਂ 4:1, 2, 7, 8.

17. ਯਹੋਵਾਹ ਅਤੇ ਉਸ ਦੇ ਬਚਨ ਉੱਤੇ ਭਰੋਸਾ ਰੱਖਣ ਵਾਲਿਆਂ ਨੂੰ ਕੀ ਲਾਭ ਪ੍ਰਾਪਤ ਹੁੰਦੇ ਹਨ?

17 ਕਾਵਿਕ ਸ਼ੈਲੀ ਵਿਚ ਜ਼ਬੂਰਾਂ ਦਾ ਲਿਖਾਰੀ ਇਹ ਲਿਖਣ ਲਈ ਪ੍ਰੇਰਿਤ ਹੋਇਆ: “ਯਹੋਵਾਹ . . . ਸਿਧਿਆਈ ਵਿੱਚ ਚੱਲਣ ਵਾਲਿਆਂ ਤੋਂ ਕੋਈ ਚੰਗੀ ਚੀਜ਼ ਨਾ ਰੋਕੇਗਾ। ਹੇ ਸੈਨਾਂ ਦੇ ਯਹੋਵਾਹ, ਧੰਨ ਹੈ ਉਹ ਆਦਮੀ ਜਿਹੜਾ ਤੇਰੇ ਉੱਤੇ ਪਤੀਜਦਾ ਹੈ!” (ਜ਼ਬੂਰ 84:11, 12) ਜੀ ਹਾਂ, ਉਹ ਜੋ ਯਹੋਵਾਹ ਅਤੇ ਉਸ ਦੇ ਬਚਨ, ਬਾਈਬਲ ਉੱਤੇ ਭਰੋਸਾ ਰੱਖਦੇ ਹਨ, ਉਨ੍ਹਾਂ ਨੂੰ ਨਿਰਾਸ਼ਾ ਅਤੇ ­ਅਸਫ਼ਲਤਾ ਦੀ ਬਜਾਇ, ਖ਼ੁਸ਼ੀ ਅਤੇ ਸਫ਼ਲਤਾ ਪ੍ਰਾਪਤ ਹੋਵੇਗੀ।—2 ਤਿਮੋਥਿਉਸ 3:14, 16, 17. (w96 2/1)

ਤੁਸੀਂ ਕਿਵੇਂ ਜਵਾਬ ਦਿਓਗੇ?

◻ ਮਸੀਹੀਆਂ ਨੂੰ ‘ਇਸ ਸੰਸਾਰ ਦੇ ਗਿਆਨ’ ਉੱਤੇ ਆਪਣਾ ਭਰੋਸਾ ਕਿਉਂ ਨਹੀਂ ਰੱਖਣਾ ਚਾਹੀਦਾ ਹੈ?

◻ ਕੀ ਕੀਤਾ ਜਾਣਾ ਚਾਹੀਦਾ ਹੈ, ਜੇਕਰ ਕੋਈ ਸ਼ੰਕਾ ਅਨੁਭਵ ਕਰ ਰਿਹਾ ਹੈ?

◻ ਯਹੋਵਾਹ ਦੇ ਤਰੀਕੇ ਨਾਲ ਕੰਮ ਕਰਨਾ ਵਿਆਹ ਵਿਚ ­ਸਫ਼ਲਤਾ ਅਤੇ ਖ਼ੁਸ਼ੀ ਕਿਵੇਂ ਲਿਆਉਂਦਾ ਹੈ?

◻ ਨੌਜਵਾਨਾਂ ਨੂੰ ‘ਜੁਆਨੀ ਦੀਆਂ ਕਾਮਨਾਂ ਤੋਂ ਭੱਜਣ’ ਲਈ ਬਾਈਬਲ ਕਿਵੇਂ ਮਦਦ ਕਰਦੀ ਹੈ?

[ਸਫ਼ੇ 20 ਉੱਤੇ ਤਸਵੀਰ]

ਮਸੀਹੀ ਲੋਕ ‘ਇਸ ਸੰਸਾਰ ਦੇ ਗਿਆਨ’ ਨੂੰ ਮੂਰਖਪੁਣਾ ਸਮਝ ਕੇ ਰੱਦ ਕਰਦੇ ਹੋਏ, ਯਹੋਵਾਹ ਅਤੇ ਉਸ ਦੇ ਬਚਨ ਵੱਲ ਮੁੜਦੇ ਹਨ

[ਸਫ਼ੇ 21 ਉੱਤੇ ਤਸਵੀਰ]

ਪਰਿਵਾਰ ਜੋ ਯਹੋਵਾਹ ਅਤੇ ਉਸ ਦੇ ਬਚਨ ਉਤੇ ਭਰੋਸਾ ਰੱਖਦੇ ਹਨ, ਚੰਗੀ ਸਫ਼ਲਤਾ ਅਤੇ ਖ਼ੁਸ਼ੀ ਪ੍ਰਾਪਤ ਕਰਦੇ ਹਨ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ