ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w96 4/1 ਸਫ਼ੇ 8-13
  • ਸਦੀਵਤਾ ਦੇ ਰਾਜਾ ਦੀ ਉਸਤਤ ਕਰੋ!

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸਦੀਵਤਾ ਦੇ ਰਾਜਾ ਦੀ ਉਸਤਤ ਕਰੋ!
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • “ਜੁੱਗੋ ਜੁੱਗ ਪਾਤਸ਼ਾਹ”
  • ਜੀਵਨ ਦੀ ਇਕ ਅਦਭੁਤ ਉਮੀਦ
  • ਯਹੋਵਾਹ ਦੀ ਸਿਰਜਣਾਤਮਕ ਬੁੱਧ
  • ਉੱਚਤਮ ਪਾਰਥਿਵ ਸ੍ਰਿਸ਼ਟੀ
  • ਹੋਰ ਵੀ ਅਧਿਕ ਸ਼ਕਤੀਸ਼ਾਲੀ ਕੰਮ
  • “ਹੇ ਲੋਕੋ, ਯਾਹ ਦੀ ਉਸਤਤ ਕਰੋ!”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
  • ਸਦੀਵਤਾ ਨੂੰ ਧਿਆਨ ਵਿਚ ਰੱਖਦੇ ਹੋਏ ਪਰਮੇਸ਼ੁਰ ਦੇ ਨਾਲ-ਨਾਲ ਚੱਲਣਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
  • ‘ਵਾਹ, ਪਰਮੇਸ਼ੁਰ ਦੀ ਬੁੱਧ ਕੇਡੀ ਡੂੰਘੀ ਹੈ!’
    ਯਹੋਵਾਹ ਦੇ ਨੇੜੇ ਰਹੋ
  • ਯੁਗਾਂ-ਯੁਗਾਂ ਦੇ ਰਾਜੇ ਯਹੋਵਾਹ ਦੀ ਭਗਤੀ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2014
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
w96 4/1 ਸਫ਼ੇ 8-13

ਸਦੀਵਤਾ ਦੇ ਰਾਜਾ ਦੀ ਉਸਤਤ ਕਰੋ!

“ਯਹੋਵਾਹ ਜੁੱਗੋ ਜੁੱਗ ਪਾਤਸ਼ਾਹ ਹੈ।”—ਜ਼ਬੂਰ 10:16.

1. ਸਦੀਵਤਾ ਦੇ ਸੰਬੰਧ ਵਿਚ ਕਿਹੜੇ ਸਵਾਲ ਉੱਠਦੇ ਹਨ?

ਸਦੀਵਤਾ—ਤੁਸੀਂ ਕੀ ਕਹੋਗੇ ਕਿ ਇਹ ਕੀ ਹੈ? ਕੀ ਤੁਹਾਡੇ ਵਿਚਾਰ ਵਿਚ ਸਮਾਂ ਸੱਚ-ਮੁੱਚ ਸਦਾ ਦੇ ਲਈ ਜਾਰੀ ਰਹਿ ਸਕਦਾ ਹੈ? ਖ਼ੈਰ, ਇਸ ਵਿਚ ਕੋਈ ਸ਼ੱਕ ਨਹੀਂ ਕਿ ਸਮਾਂ ਪਿੱਛੇ ਵੱਲ ਅਤੀਤ ਵਿਚ ਸਦਾ ਦੇ ਲਈ ਚੱਲਦਾ ਹੈ। ਤਾਂ ਫਿਰ ਇਹ ਭਵਿੱਖ ਵਿਚ ਸਦਾ ਦੇ ਲਈ ਕਿਉਂ ਨਹੀਂ ਚੱਲ ਸਕਦਾ? ਦਰਅਸਲ, ਬਾਈਬਲ ਦੀ ਨਿਊ ਵਰਲਡ ਟ੍ਰਾਂਸਲੇਸ਼ਨ ਪਰਮੇਸ਼ੁਰ ਦੀ “ਆਦ ਤੋਂ ਅੰਤ ਤੀਕ” ਉਸਤਤ ਕੀਤੇ ਜਾਣ ਬਾਰੇ ਜ਼ਿਕਰ ਕਰਦੀ ਹੈ। (ਜ਼ਬੂਰ 41:13) ਇਸ ਅਭਿਵਿਅਕਤੀ ਦਾ ਕੀ ਅਰਥ ਹੈ? ਸਾਨੂੰ ਇਹ ਸਮਝਣ ਵਿਚ ਮਦਦ ਮਿਲ ਸਕਦੀ ਹੈ ਜੇਕਰ ਅਸੀਂ ਇਕ ਸੰਬੰਧਿਤ ਵਿਸ਼ੇ—ਪੁਲਾੜ—ਨੂੰ ਦੇਖੀਏ।

2, 3. (ੳ) ਪੁਲਾੜ ਬਾਰੇ ਕਿਹੜੇ ਸਵਾਲ ਹਨ ਜੋ ਸਾਨੂੰ ਸਦੀਵਤਾ ਨੂੰ ਸਮਝਣ ਲਈ ਮਦਦ ਕਰਦੇ ਹਨ? (ਅ) ਸਾਨੂੰ ਸਦੀਵਤਾ ਦੇ ਰਾਜਾ ਦੀ ਉਪਾਸਨਾ ਕਰਨ ਲਈ ਕਿਉਂ ਇੱਛੁਕ ਹੋਣਾ ਚਾਹੀਦਾ ਹੈ?

2 ਪੁਲਾੜ ਕਿੰਨਾ ਵਿਸਤ੍ਰਿਤ ਹੈ? ਕੀ ਇਸ ਦੀ ਕੋਈ ਸੀਮਾ ਹੈ? ਅੱਜ ਤੋਂ 400 ਸਾਲ ਪਹਿਲਾਂ ਤਾਈਂ, ਸਾਡੀ ਧਰਤੀ ਨੂੰ ਵਿਸ਼ਵ-ਮੰਡਲ ਦੀ ਕੇਂਦਰ-ਬਿੰਦੂ ਸਮਝਿਆ ਜਾਂਦਾ ਸੀ। ਫਿਰ ਗਲੈਲੀਓ ਨੇ ਦੂਰਬੀਨ ਵਿਕਸਿਤ ਕਰ ਕੇ ਆਕਾਸ਼ ਦਾ ਇਕ ਅਤਿ ਵਿਸਤ੍ਰਿਤ ਦ੍ਰਿਸ਼ ਪੇਸ਼ ਕੀਤਾ। ਹੁਣ ਗਲੈਲੀਓ ਕਿਤੇ ਹੀ ਜ਼ਿਆਦਾ ਤਾਰੇ ਦੇਖ ਸਕਦਾ ਸੀ ਅਤੇ ਇਹ ਦਿਖਾਉਣ ਵਿਚ ਯੋਗ ਹੋਇਆ ਕਿ ਧਰਤੀ ਅਤੇ ਦੂਜੇ ਗ੍ਰਹਿ ਸੂਰਜ ਦੇ ਇਰਦ-ਗਿਰਦ ਘੁੰਮਦੇ ਹਨ। ਆਕਾਸ਼ ਗੰਗਾ ਹੁਣ ਧੁੰਦਲੀ ਨਜ਼ਰ ਨਹੀਂ ਆਉਂਦੀ ਸੀ। ਇਹ ਗਿਣਤੀ ਵਿਚ ਲਗਭਗ ਇਕ ਸੌ ਅਰਬ ਤਾਰਿਆਂ ਦੀ ਇਕ ਗਲੈਕਸੀ ਸਾਬਤ ਹੋਈ। ਅਸੀਂ ਕਦੇ ਵੀ ਇੰਨੇ ਸਾਰੇ ਵਾਸਤਵਿਕ ਤਾਰਿਆਂ ਨੂੰ ਨਹੀਂ ਗਿਣ ਸਕਦੇ ਹਾਂ, ਇਕ ਜੀਵਨਕਾਲ ਵਿਚ ਵੀ ਨਹੀਂ। ਬਾਅਦ ਵਿਚ, ਖਗੋਲ-ਵਿਗਿਆਨੀਆਂ ਨੇ ਅੱਗੇ ਜਾ ਕੇ ਅਰਬਾਂ ਹੀ ਗਲੈਕਸੀਆਂ ਦਾ ਪਤਾ ਲਗਾਇਆ ਹੈ। ਇਹ ਪੁਲਾੜ ਵਿਚ ਨਿਰੰਤਰ ਹੀ ਫੈਲੀਆਂ ਹੋਈਆਂ ਹਨ, ਜਿੱਥੇ ਤਕ ਸਭ ਤੋਂ ਸ਼ਕਤੀਸ਼ਾਲੀ ਦੂਰਬੀਨਾਂ ਦੀ ਪਹੁੰਚ ਹੈ। ਇੰਜ ਜਾਪਦਾ ਹੈ ਕਿ ਪੁਲਾੜ ਦੀਆਂ ਕੋਈ ਸੀਮਾਵਾਂ ਨਹੀਂ ਹਨ। ਇਹੋ ਗੱਲ ਸਦੀਵਤਾ ਦੇ ਬਾਰੇ ਵੀ ਸੱਚ ਹੈ—ਇਸ ਦੀਆਂ ਕੋਈ ਸੀਮਾਵਾਂ ਨਹੀਂ ਹਨ।

3 ਸਦੀਵਤਾ ਦਾ ਵਿਚਾਰ ਸਾਡੇ ਸੀਮਿਤ ਮਾਨਵ ਦਿਮਾਗ਼ਾਂ ਦੀ ਸਮਝ ਤੋਂ ਪਰੇ ਜਾਪਦਾ ਹੈ। ਪਰੰਤੂ, ਇਕ ਵਿਅਕਤੀ ਹੈ ਜੋ ਇਸ ਨੂੰ ਪੂਰਣ ਤੌਰ ਤੇ ਸਮਝਦਾ ਹੈ। ਉਹ ਆਪੋ-ਆਪਣੀਆਂ ਅਰਬਾਂ ਗਲੈਕਸੀਆਂ ਵਿਚ ਅਸੀਮ ਖਰਬਾਂ ਤਾਰਿਆਂ ਨੂੰ ਗਿਣ ਸਕਦਾ ਹੈ, ਜੀ ਹਾਂ, ਉਨ੍ਹਾਂ ਦਾ ਨਾਂ ਵੀ ਲੈ ਸਕਦਾ ਹੈ! ਇਹ ਵਿਅਕਤੀ ਕਹਿੰਦਾ ਹੈ: “ਆਪਣੀਆਂ ਅੱਖਾਂ ਉਤਾਹਾਂ ਚੁੱਕੋ, ਅਤੇ ਵੇਖੋ ਭਈ ਕਿਹਨੇ ਏਹਨਾਂ ਨੂੰ ਸਾਜਿਆ, ਜਿਹੜਾ ਏਹਨਾਂ ਦੀ ਸੈਨਾ ਗਿਣ ਕੇ ਬਾਹਰ ਲੈ ਜਾਂਦਾ ਹੈ, ਉਹ ਏਹਨਾਂ ਸਾਰਿਆਂ ਨੂੰ ਨਾਉਂ ਲੈ ਲੈ ਕੇ ਪੁਕਾਰਦਾ ਹੈ, ਉਹ ਦੀ ਵੱਡੀ ਸ਼ਕਤੀ ਨਾਲ, ਅਤੇ ਉਹ ਦੇ ਡਾਢੇ ਬਲ ਦੇ ਕਾਰਨ, ਇੱਕ ਦੀ ਵੀ ਕਮੀ ਨਹੀਂ ਹੁੰਦੀ। ਕੀ ਤੂੰ ਨਹੀਂ ਜਾਣਿਆ, ਕੀ ਤੂੰ ਨਹੀਂ ਸੁਣਿਆ, ਕਿ ਅਨਾਦੀ ਪਰਮੇਸ਼ੁਰ ਯਹੋਵਾਹ, ਧਰਤੀ ਦਿਆਂ ਬੰਨਿਆਂ ਦਾ ਕਰਤਾ, ਨਾ ਹੁੱਸਦਾ ਹੈ, ਨਾ ਥੱਕਦਾ ਹੈ, ਉਹ ਦੀ ਸਮਝ ਅਥਾਹ ਹੈ?” (ਯਸਾਯਾਹ 40:26, 28) ਕੀ ਹੀ ਅਸਚਰਜ ਪਰਮੇਸ਼ੁਰ! ਨਿਸ਼ਚੇ ਹੀ, ਇਹ ਉਹ ਪਰਮੇਸ਼ੁਰ ਹੈ ਜਿਸ ਦੀ ਉਪਾਸਨਾ ਕਰਨ ਲਈ ਸਾਨੂੰ ਇੱਛੁਕ ਹੋਣਾ ਚਾਹੀਦਾ ਹੈ!

“ਜੁੱਗੋ ਜੁੱਗ ਪਾਤਸ਼ਾਹ”

4. (ੳ) ਦਾਊਦ ਨੇ ਸਦੀਵਤਾ ਦੇ ਰਾਜਾ ਦੇ ਲਈ ਕਿਵੇਂ ਕਦਰ ਪ੍ਰਗਟ ਕੀਤੀ? (ਅ) ਇਤਿਹਾਸ ਦੇ ਸਰਬਸ੍ਰੇਸ਼ਟ ਵਿਗਿਆਨੀਆਂ ਵਿੱਚੋਂ ਇਕ ਨੇ ਵਿਸ਼ਵ-ਮੰਡਲ ਦੇ ਮੂਲ ਬਾਰੇ ਕੀ ਸਿੱਟਾ ਕੱਢਿਆ?

4 ਜ਼ਬੂਰ 10:16 ਵਿਚ, ਦਾਊਦ ਸ੍ਰਿਸ਼ਟੀਕਰਤਾ, ਪਰਮੇਸ਼ੁਰ ਬਾਰੇ ਕਹਿੰਦਾ ਹੈ: “ਯਹੋਵਾਹ ਜੁੱਗੋ ਜੁੱਗ ਪਾਤਸ਼ਾਹ ਹੈ।” ਅਤੇ ਜ਼ਬੂਰ 29:10 ਵਿਚ, ਉਹ ਦੁਹਰਾਉਂਦਾ ਹੈ: “ਯਹੋਵਾਹ ਸਦਾ ਲਈ ਪਾਤਸ਼ਾਹ ਹੋ ਕੇ ਬੈਠਦਾ ਹੈ।” ਜੀ ਹਾਂ, ਯਹੋਵਾਹ ਸਦੀਵਤਾ ਦਾ ਰਾਜਾ ਹੈ! ਇਸ ਤੋਂ ਇਲਾਵਾ, ਦਾਊਦ ਇਸ ਦਾ ਪ੍ਰਮਾਣ ਦਿੰਦੇ ਹੋਏ ਕਿ ਇਹ ਬੁਲੰਦ ਪਾਤਸ਼ਾਹ ਉਨ੍ਹਾਂ ਸਾਰੀਆਂ ਚੀਜ਼ਾਂ, ਜੋ ਅਸੀਂ ਪੁਲਾੜ ਵਿਚ ਦੇਖਦੇ ਹਾਂ, ਦਾ ਡੀਜ਼ਾਈਨਕਾਰ ਅਤੇ ਬਣਾਉਣ ਵਾਲਾ ਹੈ, ਜ਼ਬੂਰ 19:1 ਵਿਚ ਕਹਿੰਦਾ ਹੈ: “ਅਕਾਸ਼ ਪਰਮੇਸ਼ੁਰ ਦੀ ਮਹਿਮਾ ਦਾ ਵਰਨਣ ਕਰਦੇ ਹਨ, ਅਤੇ ਅੰਬਰ ਉਸ ਦੀ ਦਸਤਕਾਰੀ ਵਿਖਾਲਦਾ ਹੈ।” ਕੁਝ 2,700 ਸਾਲਾਂ ਉਪਰੰਤ, ਪ੍ਰਸਿੱਧ ਵਿਗਿਆਨੀ ਸਰ ਆਈਜ਼ਕ ਨਿਊਟਨ ਨੇ ਦਾਊਦ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ, ਲਿਖਿਆ: “ਸੂਰਜਾਂ, ਗ੍ਰਹਿਆਂ ਅਤੇ ਧੂਮਕੇਤਾਂ ਦੀ ਇਹ ਅਤਿ ਸ਼ਾਨਦਾਰ ਵਿਵਸਥਾ ਕੇਵਲ ਇਕ ਪ੍ਰਬੁੱਧ ਅਤੇ ਸ਼ਕਤੀਸ਼ਾਲੀ ਵਿਅਕਤੀ ਦੇ ਮਕਸਦ ਅਤੇ ਸਰਬਸੱਤਾ ਤੋਂ ਹੀ ਉਤਪੰਨ ਹੋ ਸਕਦੀ ਹੈ।”

5. ਯਸਾਯਾਹ ਅਤੇ ਪੌਲੁਸ ਨੇ ਬੁੱਧ ਦੇ ਸੋਮੇ ਬਾਰੇ ਕੀ ਲਿਖਿਆ?

5 ਇਹ ਜਾਣ ਕੇ ਸਾਨੂੰ ਕਿੰਨਾ ਨਿਮਰ ਮਹਿਸੂਸ ਕਰਨਾ ਚਾਹੀਦਾ ਹੈ ਕਿ ਸਰਬਸੱਤਾਵਾਨ ਪ੍ਰਭੂ ਯਹੋਵਾਹ, ਜਿਸ ਨੂੰ ‘ਸੁਰਗ ਸਗੋਂ ਸੁਰਗਾਂ ਦੇ ਸੁਰਗ ਨਹੀਂ ਸੰਭਾਲ ਸਕਦੇ ਹਨ,’ ਸਦੀਵੀ ਜੀਉਂਦਾ ਰਹਿੰਦਾ ਹੈ! (1 ਰਾਜਿਆਂ 8:27) ਯਹੋਵਾਹ, ਜਿਸ ਨੂੰ ਯਸਾਯਾਹ 45:18 ਵਿਚ “ਅਕਾਸ਼ ਦਾ ਕਰਤਾ . . . ਜਿਸ ਧਰਤੀ ਨੂੰ ਸਾਜਿਆ, ਜਿਸ ਉਹ ਨੂੰ ਬਣਾਇਆ” ਦੇ ਤੌਰ ਤੇ ਵਰਣਿਤ ਕੀਤਾ ਗਿਆ ਹੈ, ਅਜਿਹੀ ਬੁੱਧ ਦਾ ਸੋਮਾ ਹੈ ਜੋ ਨਾਸ਼ਵਾਨ ਮਾਨਵ ਦਿਮਾਗ਼ ਦੀ ਸਮਝ ਤੋਂ ਕਿਤੇ ਹੀ ਜ਼ਿਆਦਾ ਵਿਸ਼ਾਲ ਹੈ। ਜਿਵੇਂ ਕਿ 1 ਕੁਰਿੰਥੀਆਂ 1:19 ਵਿਚ ਉਜਾਗਰ ਕੀਤਾ ਗਿਆ ਹੈ, ਯਹੋਵਾਹ ਨੇ ਆਖਿਆ: “ਮੈਂ ਬੁੱਧਵਾਨਾਂ ਦੀ ਬੁੱਧ ਦਾ ਨਾਸ ਕਰਾਂਗਾ, ਅਤੇ ਚਤਰਿਆਂ ਦੀ ਚਤਰਾਈ ਨੂੰ ਰੱਦ ਕਰਾਂਗਾ।” ਇਸ ਬਾਰੇ ਰਸੂਲ ਪੌਲੁਸ ਨੇ ਅੱਗੇ ਜਾ ਕੇ ਆਇਤ 20 ਵਿਚ ਕਿਹਾ: “ਕਿੱਥੇ ਬੁੱਧਵਾਨ? ਕਿੱਥੇ ਗ੍ਰੰਥੀ? ਕਿੱਥੇ ਇਸ ਜੁੱਗ ਦਾ ਵਿਵਾਦੀ? ਕੀ ਪਰਮੇਸ਼ੁਰ ਨੇ ਸੰਸਾਰ ਦੀ ਬੁੱਧ ਨੂੰ ਮੂਰਖਤਾਈ ਨਹੀਂ ਠਹਿਰਾਇਆ?” ਜੀ ਹਾਂ, ਜਿਵੇਂ ਕਿ ਪੌਲੁਸ ਨੇ ਅੱਗੇ ਜਾ ਕੇ ਅਧਿਆਇ 3, ਆਇਤ 19 ਵਿਚ ਕਿਹਾ, “ਇਸ ਸੰਸਾਰ ਦਾ ਗਿਆਨ ਪਰਮੇਸ਼ੁਰ ਦੇ ਭਾਣੇ ਮੂਰਖਪੁਣਾ ਹੈ।”

6. ਉਪਦੇਸ਼ਕ ਦੀ ਪੋਥੀ 3:11 “ਸਦੀਪਕਾਲ” ਦੇ ਸੰਬੰਧ ਵਿਚ ਕੀ ਸੰਕੇਤ ਕਰਦੀ ਹੈ?

6 ਆਕਾਸ਼-ਪਿੰਡ ਉਸ ਸ੍ਰਿਸ਼ਟੀ ਦਾ ਭਾਗ ਹਨ ਜਿਸ ਦਾ ਜ਼ਿਕਰ ਰਾਜਾ ਸੁਲੇਮਾਨ ਨੇ ਕੀਤਾ: “[ਪਰਮੇਸ਼ੁਰ] ਨੇ ਹਰੇਕ ਵਸਤ ਆਪੋ ਆਪਣੇ ਸਮੇਂ ਵਿੱਚ ਸੁੰਦਰ ਬਣਾਈ ਹੈ ਅਤੇ ਉਸ ਨੇ ਸਦੀਪਕਾਲ ਨੂੰ ਵੀ ਓਹਨਾਂ ਦੇ ਮਨ ਵਿੱਚ ਟਿਕਾ ਦਿੱਤਾ ਹੈ, ਤਾਂ ਵੀ ਇਨਸਾਨ ਉਸ ਕੰਮ ਨੂੰ ਜੋ ਪਰਮੇਸ਼ੁਰ ਆਦ ਤੋਂ ਲੈ ਕੇ ਅੰਤ ਤੋੜੀ ਕਰਦਾ ਹੈ ਬੁੱਝ ਨਹੀਂ ਸੱਕਦਾ।” (ਉਪਦੇਸ਼ਕ ਦੀ ਪੋਥੀ 3:11) ਸੱਚ-ਮੁੱਚ, ਮਨੁੱਖ ਦੇ ਦਿਲ ਵਿਚ ਇਹ ਬਿਠਾਇਆ ਗਿਆ ਹੈ ਕਿ ਉਹ “ਸਦੀਪਕਾਲ,” ਅਰਥਾਤ ਸਦੀਵਤਾ ਦਾ ਅਰਥ ਮਾਲੂਮ ਕਰਨ ਦੀ ਕੋਸ਼ਿਸ਼ ਕਰੇ। ਲੇਕਨ ਕੀ ਉਹ ਕਦੇ ਵੀ ਅਜਿਹਾ ਗਿਆਨ ਹਾਸਲ ਕਰ ਸਕਦਾ ਹੈ?

ਜੀਵਨ ਦੀ ਇਕ ਅਦਭੁਤ ਉਮੀਦ

7, 8. (ੳ) ਮਨੁੱਖਜਾਤੀ ਦੇ ਭਵਿੱਖ ਵਿਚ ਜੀਵਨ ਦੀ ਕਿਹੜੀ ਅਦਭੁਤ ਉਮੀਦ ਹੈ, ਅਤੇ ਇਹ ਕਿਵੇਂ ਹਾਸਲ ਕੀਤੀ ਜਾ ਸਕਦੀ ਹੈ? (ਅ) ਸਾਨੂੰ ਕਿਉਂ ਆਨੰਦਿਤ ਹੋਣਾ ਚਾਹੀਦਾ ਹੈ ਕਿ ਈਸ਼ਵਰੀ ਸਿੱਖਿਆ ਸਦੀਵਤਾ ਲਈ ਜਾਰੀ ਰਹੇਗੀ?

7 ਯਿਸੂ ਮਸੀਹ ਨੇ ਪ੍ਰਾਰਥਨਾ ਵਿਚ ਯਹੋਵਾਹ ਨੂੰ ਕਿਹਾ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” (ਯੂਹੰਨਾ 17:3) ਅਸੀਂ ਅਜਿਹਾ ਗਿਆਨ ਕਿਵੇਂ ਹਾਸਲ ਕਰ ਸਕਦੇ ਹਾਂ? ਸਾਨੂੰ ਪਰਮੇਸ਼ੁਰ ਦੇ ਬਚਨ, ਪਵਿੱਤਰ ਬਾਈਬਲ ਦਾ ਅਧਿਐਨ ਕਰਨ ਦੀ ਲੋੜ ਹੈ। ਫਲਸਰੂਪ ਅਸੀਂ ਪਰਮੇਸ਼ੁਰ ਦੇ ਮਹਾਨ ਮਕਸਦਾਂ, ਜਿਸ ਵਿਚ ਉਸ ਦੇ ਪੁੱਤਰ ਦੇ ਦੁਆਰਾ ਇਕ ਪਰਾਦੀਸ ਧਰਤੀ ਉੱਤੇ ਸਦੀਪਕ ਜੀਵਨ ਦੇ ਲਈ ਕੀਤਾ ਗਿਆ ਪ੍ਰਬੰਧ ਵੀ ਸ਼ਾਮਲ ਹੈ, ਦੇ ਬਾਰੇ ਯਥਾਰਥ ਗਿਆਨ ਹਾਸਲ ਕਰ ਸਕਦੇ ਹਾਂ। ਇਹ ਹੋਵੇਗਾ ਉਹ “ਅਸਲ ਜੀਵਨ,” ਜਿਸ ਦਾ ਜ਼ਿਕਰ 1 ਤਿਮੋਥਿਉਸ 6:19 ਵਿਚ ਕੀਤਾ ਗਿਆ ਹੈ। ਇਹ ਉਸ ਦੇ ਅਨੁਸਾਰ ਹੋਵੇਗਾ ਜਿਸ ਨੂੰ ਅਫ਼ਸੀਆਂ 3:11 ‘ਉਹ ਸਦੀਪਕ ਮਨਸ਼ਾ ਜਿਹੜੀ [ਪਰਮੇਸ਼ੁਰ] ਨੇ ਮਸੀਹ ਯਿਸੂ ਸਾਡੇ ਪ੍ਰਭੁ ਵਿੱਚ ਧਾਰੀ’ ਦੇ ਤੌਰ ਤੇ ਵਰਣਿਤ ਕਰਦਾ ਹੈ।

8 ਜੀ ਹਾਂ, ਅਸੀਂ ਪਾਪੀ ਮਾਨਵ, ਈਸ਼ਵਰੀ ਸਿੱਖਿਆ ਦੇ ਦੁਆਰਾ ਅਤੇ ਯਿਸੂ ਦੇ ਰਿਹਾਈ-ਕੀਮਤ ਬਲੀਦਾਨ ਵਿਚ ਨਿਹਚਾ ਦੇ ਦੁਆਰਾ ਸਦੀਪਕ ਜੀਵਨ ਹਾਸਲ ਕਰ ਸਕਦੇ ਹਾਂ। ਇਹ ਸਿੱਖਿਆ ਕਦੋਂ ਤਕ ਜਾਰੀ ਰਹੇਗੀ? ਇਹ ਪੂਰੀ ਸਦੀਵਤਾ ਲਈ ਜਾਰੀ ਰਹੇਗੀ ਜਿਉਂ-ਜਿਉਂ ਮਾਨਵਜਾਤੀ ਨੂੰ ਸਾਡੇ ਸ੍ਰਿਸ਼ਟੀਕਰਤਾ ਦੀ ਬੁੱਧ ਵਿਚ ਪ੍ਰਗਤੀਵਾਦੀ ਢੰਗ ਨਾਲ ਸਿੱਖਿਆ ਦਿੱਤੀ ਜਾਵੇਗੀ। ਯਹੋਵਾਹ ਦੀ ਬੁੱਧ ਦੀਆਂ ਕੋਈ ਸੀਮਾਵਾਂ ਨਹੀਂ ਹਨ। ਇਸ ਗੱਲ ਨੂੰ ਪਛਾਣਦੇ ਹੋਏ, ਰਸੂਲ ਪੌਲੁਸ ਬੋਲ ਉੱਠਿਆ: “ਵਾਹ, ਪਰਮੇਸ਼ੁਰ ਦਾ ਧਨ ਅਤੇ ਬੁੱਧ ਅਤੇ ਗਿਆਨ ਕੇਡਾ ਡੂੰਘਾ ਹੈ! ਉਹ ਦੇ ਨਿਆਉਂ ਕੇਡੇ ਅਣ-ਲੱਭ ਹਨ ਅਤੇ ਉਹ ਦੇ ਰਾਹ ਕੇਡੇ ਬੇਖੋਜ ਹਨ!” (ਰੋਮੀਆਂ 11:33) ਸੱਚ-ਮੁੱਚ, ਇਹ ਉਪਯੁਕਤ ਹੈ ਕਿ 1 ਤਿਮੋਥਿਉਸ 1:17 ਯਹੋਵਾਹ ਨੂੰ ‘ਸਦੀਵਤਾ ਦਾ ਰਾਜਾ’ (ਨਿ ਵ) ਆਖਦਾ ਹੈ!

ਯਹੋਵਾਹ ਦੀ ਸਿਰਜਣਾਤਮਕ ਬੁੱਧ

9, 10. (ੳ) ਧਰਤੀ ਨੂੰ ਮਨੁੱਖਜਾਤੀ ਦੇ ਲਈ ਸੁਗਾਤ ਵਜੋਂ ਤਿਆਰ ਕਰਨ ਵਿਚ ਯਹੋਵਾਹ ਨੇ ਕਿਹੜੇ ਮਹਾਨ ਕੰਮ ਸੰਪੰਨ ਕੀਤੇ? (ਅ) ਯਹੋਵਾਹ ਦੀ ਉੱਤਮ ਬੁੱਧ ਉਸ ਦੀਆਂ ਸ੍ਰਿਸ਼ਟੀਆਂ ਵਿਚ ਕਿਵੇਂ ਪ੍ਰਦਰਸ਼ਿਤ ਹੁੰਦੀ ਹੈ? (ਡੱਬੀ ਦੇਖੋ।)

9 ਉਸ ਅਨੋਖੇ ਵਿਰਸੇ ਉੱਤੇ ਗੌਰ ਕਰੋ ਜੋ ਸਦੀਵਤਾ ਦੇ ਰਾਜਾ ਨੇ ਸਾਨੂੰ ਮਾਨਵ ਦੇ ਨਿਮਿੱਤ ਮੁਹੱਈਆ ਕੀਤਾ ਹੈ। ਜ਼ਬੂਰ 115:16 ਸਾਨੂੰ ਦੱਸਦਾ ਹੈ: “ਅਕਾਸ਼ ਯਹੋਵਾਹ ਦੇ ਅਕਾਸ਼ ਹਨ, ਪਰ ਧਰਤੀ ਉਹ ਨੇ ਮਨੁੱਖ ਮਾਤ੍ਰ ਦੇ ਵੰਸ ਨੂੰ ਦਿੱਤੀ ਹੈ।” ਕੀ ਤੁਸੀਂ ਨਹੀਂ ਸੋਚਦੇ ਕਿ ਇਹ ਇਕ ਵਧੀਆ ਅਮਾਨਤ ਹੈ? ਯਕੀਨਨ! ਅਤੇ ਧਰਤੀ ਨੂੰ ਸਾਡੇ ਘਰ ਵਜੋਂ ਤਿਆਰ ਕਰਨ ਵਿਚ ਸਾਡੇ ਸ੍ਰਿਸ਼ਟੀਕਰਤਾ ਦੀ ਸਿਰਕੱਢਵੀਂ ਦੂਰਦ੍ਰਿਸ਼ਟੀ ਦੀ ਅਸੀਂ ਕਿੰਨੀ ਹੀ ਕਦਰ ਪਾਉਂਦੇ ਹਾਂ!—ਜ਼ਬੂਰ 107:8.

10 ਉਤਪਤ ਅਧਿਆਇ 1 ਦੇ ਉਨ੍ਹਾਂ ਛੇ ਸਿਰਜਣਾਤਮਕ “ਦਿਨਾਂ” ਦੇ ਦੌਰਾਨ ਧਰਤੀ ਉੱਤੇ ਅਦਭੁਤ ਵਿਕਾਸ ਹੋਏ, ਜਿਨ੍ਹਾਂ ਵਿੱਚੋਂ ਹਰ ਇਕ ਦਿਨ ਹਜ਼ਾਰਾਂ ਹੀ ਵਰ੍ਹਿਆਂ ਦਾ ਸੀ। ਪਰਮੇਸ਼ੁਰ ਦੀਆਂ ਇਹ ਸ੍ਰਿਸ਼ਟੀਆਂ ਆਖ਼ਰਕਾਰ ਪੂਰੀ ਧਰਤੀ ਨੂੰ ਇਕ ਹਰੇ-ਭਰੇ ਘਾਹਦਾਰ ਕਾਲੀਨ, ਸ਼ਾਨਦਾਰ ਜੰਗਲਾਂ ਅਤੇ ਰੰਗੀਨ ਫੁੱਲਾਂ ਨਾਲ ਢੱਕ ਦਿੰਦੀਆਂ। ਉਹ ਬਹੁਸੰਖਿਆ ਵਿਚ ਵਿਚਿੱਤਰ ਜਲ ਜੰਤੂਆਂ, ਸੁੰਦਰ ਖੰਭਦਾਰ ਪੰਛੀਆਂ ਦੇ ਝੁੰਡ, ਅਤੇ ਪਾਲਤੂ ਤੇ ਜੰਗਲੀ ਪਸ਼ੂਆਂ ਦੇ ਵਿਸ਼ਾਲ ਸਮੂਹਾਂ ਨਾਲ ਭਰਪੂਰ ਹੁੰਦਾ, ਜਿਨ੍ਹਾਂ ਵਿੱਚੋਂ ਹਰ ਇਕ ‘ਆਪਣੀ ਜਿਨਸ ਦੇ ਅਨੁਸਾਰ’ ਪ੍ਰਜਨਨ ਕਰਦਾ। ਪੁਰਸ਼ ਅਤੇ ਇਸਤਰੀ ਦੀ ਸ੍ਰਿਸ਼ਟੀ ਦੇ ਵਰਣਨ ਉਪਰੰਤ, ਉਤਪਤ 1:31 ਦੱਸਦਾ ਹੈ: “ਪਰਮੇਸ਼ੁਰ ਨੇ ਸਰਬੱਤ ਨੂੰ ਜਿਹ ਨੂੰ ਉਸ ਨੇ ਬਣਾਇਆ ਸੀ ਡਿੱਠਾ ਅਤੇ ਵੇਖੋ ਉਹ ਬਹੁਤ ਹੀ ਚੰਗਾ ਸੀ।” ਉਨ੍ਹਾਂ ਪਹਿਲੇ ਮਾਨਵ ਦੇ ਆਲੇ-ਦੁਆਲੇ ਕੀ ਹੀ ਸੁਖਾਵਾਂ ਵਾਤਾਵਰਣ ਸੀ! ਕੀ ਅਸੀਂ ਇਨ੍ਹਾਂ ਸਾਰੀਆਂ ਸ੍ਰਿਸ਼ਟੀਆਂ ਵਿਚ ਇਕ ਪ੍ਰੇਮਮਈ ਸ੍ਰਿਸ਼ਟੀਕਰਤਾ ਦੀ ਬੁੱਧ, ਦੂਰਦ੍ਰਿਸ਼ਟੀ, ਅਤੇ ਪਰਵਾਹ ਨਹੀਂ ਦੇਖਦੇ ਹਾਂ?—ਯਸਾਯਾਹ 45:11, 12, 18.

11. ਸੁਲੇਮਾਨ ਨੇ ਯਹੋਵਾਹ ਦੀ ਸਿਰਜਣਾਤਮਕ ਬੁੱਧ ਦੀ ਵਡਿਆਈ ਕਿਵੇਂ ਕੀਤੀ?

11 ਸਦੀਵਤਾ ਦੇ ਰਾਜਾ ਦੀ ਬੁੱਧ ਉੱਤੇ ਹੈਰਾਨ ਹੋਣ ਵਾਲਾ ਇਕ ਵਿਅਕਤੀ ਸੁਲੇਮਾਨ ਸੀ। ਉਸ ਨੇ ਵਾਰ-ਵਾਰ ਸ੍ਰਿਸ਼ਟੀਕਰਤਾ ਦੀ ਬੁੱਧ ਵੱਲ ਧਿਆਨ ਖਿੱਚਿਆ। (ਕਹਾਉਤਾਂ 1:1, 2; 2:1, 6; 3:13-18) ਸੁਲੇਮਾਨ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ “ਧਰਤੀ ਸਦਾ ਅਟੱਲ ਹੈ।” ਉਸ ਨੇ ਸ੍ਰਿਸ਼ਟੀ ਦੇ ਬਥੇਰੇ ਅਜੂਬਿਆਂ ਦੀ, ਨਾਲੇ ਸਾਡੀ ਧਰਤੀ ਨੂੰ ਮੁੜ ਤਾਜ਼ਾ ਕਰਨ ਵਿਚ ਬਰਸਾਤੀ ਬੱਦਲਾਂ ਦੀ ਭੂਮਿਕਾ ਦੀ ਵੀ ਵਡਿਆਈ ਕੀਤੀ। ਇਸ ਲਈ, ਉਸ ਨੇ ਲਿਖਿਆ: “ਸਾਰੀਆਂ ਨਦੀਆਂ ਸਮੁੰਦਰ ਵਿੱਚ ਜਾ ਪੈਂਦੀਆਂ ਹਨ, ਪਰ ਸਮੁੰਦਰ ਨਹੀਂ ਭਰੀਦਾ। ਓਸੇ ਥਾਂ ਨੂੰ ਜਿੱਥੋਂ ਨਦੀਆਂ ਨਿੱਕਲੀਆਂ, ਉੱਥੇ ਹੀ ਮੁੜ ਜਾਂਦੀਆਂ ਹਨ।” (ਉਪਦੇਸ਼ਕ ਦੀ ਪੋਥੀ 1:4, 7) ਸੋ ਇਉਂ ਹੁੰਦਾ ਹੈ ਕਿ ਜਦੋਂ ਵਰਖਾ ਅਤੇ ਨਦੀਆਂ ਧਰਤੀ ਨੂੰ ਮੁੜ ਤਾਜ਼ਾ ਕਰ ਦਿੰਦੀਆਂ ਹਨ, ਤਾਂ ਉਨ੍ਹਾਂ ਦਾ ਪਾਣੀ ਮਹਾਂਸਾਗਰਾਂ ਤੋਂ ਬੱਦਲਾਂ ਵਿਚ ਮੁੜ ਪਰਿਵਰਤਿਤ ਹੋ ਜਾਂਦਾ ਹੈ। ਇਹ ਧਰਤੀ ਦੀ ਕੀ ਦਸ਼ਾ ਹੁੰਦੀ, ਅਤੇ ਅਸੀਂ ਜਲ ਦੇ ਇਹ ਪਵਿੱਤਰੀਕਰਣ ਅਤੇ ਮੁੜ ਵਰਤੋਂ ਤੋਂ ਬਿਨਾਂ ਕਿੱਥੇ ਹੁੰਦੇ?

12, 13. ਅਸੀਂ ਪਰਮੇਸ਼ੁਰ ਦੀ ਸ੍ਰਿਸ਼ਟੀ ਲਈ ਕਿਵੇਂ ਕਦਰ ਦਿਖਾ ਸਕਦੇ ਹਾਂ?

12 ਸ੍ਰਿਸ਼ਟੀ ਵਿਚ ਪਾਈ ਜਾਣ ਵਾਲੀ ਸੰਤੁਲਨ ਦੀ ਕਦਰ ਕਰਨ ਦੇ ਨਾਲ-ਨਾਲ ਸਾਨੂੰ ਕਾਰਜ ਵੀ ਕਰਨੇ ਚਾਹੀਦੇ ਹਨ, ਜਿਵੇਂ ਕਿ ਰਾਜਾ ਸੁਲੇਮਾਨ ਨੇ ਉਪਦੇਸ਼ਕ ਦੀ ਪੋਥੀ ਦਿਆਂ ਅੰਤਿਮ ਸ਼ਬਦਾਂ ਵਿਚ ਬਿਆਨ ਕੀਤਾ: “ਹੁਣ ਅਸੀਂ ਸਾਰੇ ਬਚਨਾਂ ਦਾ ਸਾਰ ਸੁਣੀਏ,—ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆਂ ਨੂੰ ਮੰਨ ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ। ਪਰਮੇਸ਼ੁਰ ਤਾਂ ਇੱਕ ਇੱਕ ਕੰਮ ਦਾ ਅਤੇ ਇੱਕ ਇੱਕ ਗੁੱਝੀ ਗੱਲ ਦਾ ਨਿਆਉਂ ਕਰੇਗਾ ਭਾਵੇਂ ਚੰਗੀ ਹੋਵੇ ਭਾਵੇਂ ਮਾੜੀ।” (ਉਪਦੇਸ਼ਕ ਦੀ ਪੋਥੀ 12:13, 14) ਪਰਮੇਸ਼ੁਰ ਨੂੰ ਨਾਖ਼ੁਸ਼ ਕਰਨ ਵਾਲੇ ਕੋਈ ਵੀ ਕੰਮ ਕਰਨ ਤੋਂ ਸਾਨੂੰ ਡਰਨਾ ਚਾਹੀਦਾ ਹੈ। ਇਸ ਦੀ ਬਜਾਇ, ਸਾਨੂੰ ਸ਼ਰਧਾਮਈ ਭੈ ਦੇ ਨਾਲ ਉਸ ਦੀ ਆਗਿਆਪਾਲਣਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

13 ਯਕੀਨਨ, ਸਾਨੂੰ ਸਦੀਵਤਾ ਦੇ ਰਾਜਾ ਦੀ ਸ੍ਰਿਸ਼ਟੀ ਦਿਆਂ ਮਹਾਨ ਕੰਮਾਂ ਦੇ ਲਈ ਉਸ ਦੀ ਉਸਤਤ ਕਰਨ ਲਈ ਇੱਛੁਕ ਹੋਣਾ ਚਾਹੀਦਾ ਹੈ! ਜ਼ਬੂਰ 104:24 ਘੋਸ਼ਿਤ ਕਰਦਾ ਹੈ: “ਹੇ ਯਹੋਵਾਹ, ਤੇਰੇ ਕੰਮ ਕੇਡੇ ਢੇਰ ਸਾਰੇ ਹਨ! ਤੈਂ ਇਨ੍ਹਾਂ ਸਾਰਿਆਂ ਨੂੰ ਬੁੱਧੀ ਨਾਲ ਸਾਜਿਆ ਹੈ, ਧਰਤੀ ਤੇਰੀਆਂ ਰਚਨਾਂ ਨਾਲ ਭਰੀ ਹੋਈ ਹੈ!” ਆਨੰਦ ਨਾਲ, ਆਓ ਅਸੀਂ ਜ਼ਬੂਰ ਦੀ ਇਸ ਆਖ਼ਰੀ ਆਇਤ ਨਾਲ ਹਾਮੀ ਭਰਦੇ ਹੋਏ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਕਹੀਏ: “ਹੇ ਮੇਰੀ ਜਾਨ, ਯਹੋਵਾਹ ਨੂੰ ਮੁਬਾਰਕ ਆਖ, ਯਾਹ ਦੀ ਉਸਤਤ ਕਰੋ!” (ਫੁਟਨੋਟ)

ਉੱਚਤਮ ਪਾਰਥਿਵ ਸ੍ਰਿਸ਼ਟੀ

14. ਪਰਮੇਸ਼ੁਰ ਦੀ ਮਾਨਵ ਸ੍ਰਿਸ਼ਟੀ ਕਿਨ੍ਹਾਂ ਤਰੀਕਿਆਂ ਵਿਚ ਪਸ਼ੂਆਂ ਤੋਂ ਕਿਤੇ ਹੀ ਜ਼ਿਆਦਾ ਉੱਤਮ ਹੈ?

14 ਯਹੋਵਾਹ ਦੀ ਸਾਰੀ ਸ੍ਰਿਸ਼ਟੀ ਉੱਤਮ ਹੈ। ਪਰੰਤੂ ਸਭ ਤੋਂ ਮਾਅਰਕੇ ਵਾਲੀ ਪਾਰਥਿਵ ਸ੍ਰਿਸ਼ਟੀ ਅਸੀਂ ਹਾਂ—ਮਾਨਵਜਾਤੀ। ਆਦਮ ਅਤੇ ਫਿਰ ਹੱਵਾਹ ਨੂੰ ਯਹੋਵਾਹ ਦੇ ਛੇਵੇਂ ਸਿਰਜਣਾਤਮਕ ਦਿਨ ਦੀ ਸਿਖਰ ਵਜੋਂ ਉਤਪੰਨ ਕੀਤਾ ਗਿਆ—ਅਜਿਹੀ ਸ੍ਰਿਸ਼ਟੀ ਜੋ ਮੱਛੀਆਂ, ਪੰਛੀਆਂ, ਅਤੇ ਪਸ਼ੂਆਂ ਤੋਂ ਕਿਤੇ ਹੀ ਜ਼ਿਆਦਾ ਉੱਤਮ ਹੈ! ਹਾਲਾਂਕਿ ਇਨ੍ਹਾਂ ਵਿੱਚੋਂ ਕਈ ਸਹਿਜ-ਸੁਭਾ ਹੀ ਸਿਆਣੇ ਹਨ, ਮਨੁੱਖਜਾਤੀ ਨੂੰ ਤਰਕ-ਸ਼ਕਤੀ, ਇਕ ਅੰਤਹ­ਕਰਣ ਜੋ ਸਹੀ ਅਤੇ ਗ਼ਲਤ ਵਿਚਕਾਰ ਅੰਤਰ ਕਰ ਸਕਦਾ ਹੈ, ਭਵਿੱਖ ਲਈ ਯੋਜਨਾ ਬਣਾਉਣ ਦੀ ਯੋਗਤਾ, ਅਤੇ ਉਪਾਸਨਾ ਕਰਨ ਦੀ ਇਕ ਸੁਭਾਵਕ ਇੱਛਾ ਬਖ਼ਸ਼ੀ ਗਈ ਹੈ। ਇਹ ਸਭ ਕੁਝ ਕਿਵੇਂ ਹੋਇਆ? ਬੇਸਮਝ ਪਸ਼ੂਆਂ ਤੋਂ ਵਿਕਸਿਤ ਹੋਣ ਦੀ ਬਜਾਇ, ਮਨੁੱਖ ਪਰਮੇਸ਼ੁਰ ਦੇ ਸਰੂਪ ਵਿਚ ਸ੍ਰਿਸ਼ਟ ਕੀਤਾ ਗਿਆ ਸੀ। ਫਲਸਰੂਪ, ਕੇਵਲ ਮਨੁੱਖ ਹੀ ਸਾਡੇ ਸ੍ਰਿਸ਼ਟੀਕਰਤਾ ਦਿਆਂ ਗੁਣਾਂ ਨੂੰ ਪ੍ਰਤਿਬਿੰਬਤ ਕਰ ਸਕਦਾ ਹੈ, ਜਿਸ ਨੇ ਇਸ ਤਰ੍ਹਾਂ ਆਪਣੀ ਪਛਾਣ ਦਿੱਤੀ “ਯਹੋਵਾਹ, ਯਹੋਵਾਹ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕਰੋਧ ਵਿੱਚ ਧੀਰਜੀ ਅਰ ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ।”—ਕੂਚ 34:6.

15. ਸਾਨੂੰ ਨਿਮਰਤਾ ਨਾਲ ਯਹੋਵਾਹ ਦਾ ਧੰਨਵਾਦ ਕਿਉਂ ਕਰਨਾ ਚਾਹੀਦਾ ਹੈ?

15 ਆਓ ਅਸੀਂ ਆਪਣੇ ਸਰੀਰਾਂ ਦੇ ਅਨੋਖੇ ਡੀਜ਼ਾਈਨ ਲਈ ਯਹੋਵਾਹ ਦੀ ਉਸਤਤ ਅਤੇ ਧੰਨਵਾਦ ਕਰੀਏ। ਸਾਡਾ ਲਹੂ-ਪ੍ਰਵਾਹ, ਜੋ ਜੀਵਨ ਲਈ ਅਨਿਵਾਰੀ ਹੈ, ਹਰ 60 ਸਕਿੰਟਾਂ ਵਿਚ ਪੂਰੇ ਸਰੀਰ ਦਾ ਚੱਕਰ ਕੱਢਦਾ ਹੈ। ਜਿਵੇਂ ਕਿ ਬਿਵਸਥਾ ਸਾਰ 12:23 ਬਿਆਨ ਕਰਦਾ ਹੈ, “ਲਹੂ ਹੀ ਜੀਉਣ ਹੈ”—ਸਾਡਾ ਜੀਵਨ—ਜੋ ਪਰਮੇਸ਼ੁਰ ਦੀ ਨਜ਼ਰ ਵਿਚ ਕੀਮਤੀ ਹੈ। ਮਜ਼ਬੂਤ ਹੱਡੀਆਂ, ਲਚਕਦਾਰ ਮਾਸ-ਪੇਸ਼ੀਆਂ, ਅਤੇ ਇਕ ਸੰਵੇਦਨਸ਼ੀਲ ਤੰਤੂ ਪ੍ਰਬੰਧ ਦੇ ਸਿਖਰ ਤੇ ਇਕ ਅਜਿਹਾ ਦਿਮਾਗ਼ ਜੋ ਕਿਸੇ ਵੀ ਪਸ਼ੂ ਦਿਮਾਗ਼ ਤੋਂ ਕਿਤੇ ਹੀ ਜ਼ਿਆਦਾ ਉੱਤਮ ਹੈ ਅਤੇ ਜਿਸ ਵਿਚ ਅਜਿਹੀਆਂ ਯੋਗਤਾਵਾਂ ਹਨ ਜੋ ਇਕ ਗਗਨ-ਚੁੰਬੀ ਇਮਾਰਤ ਵਰਗੇ ਵੱਡੇ ਕੰਪਿਊਟਰ ਵਿਚ ਵੀ ਸਮਾ ਨਹੀਂ ਸਕਦੀਆਂ ਹਨ। ਕੀ ਇਸ ਤੋਂ ਤੁਸੀਂ ਨਿਮਰ ਮਹਿਸੂਸ ਨਹੀਂ ਕਰਦੇ ਹੋ? ਤੁਹਾਨੂੰ ਮਹਿਸੂਸ ਕਰਨਾ ਚਾਹੀਦਾ ਹੈ। (ਕਹਾਉਤਾਂ 22:4) ਅਤੇ ਇਸ ਉੱਤੇ ਵੀ ਗੌਰ ਕਰੋ: ਸਾਡੇ ਫੇਫੜੇ, ਘੰਡੀ, ਜ਼ਬਾਨ, ਦੰਦ, ਅਤੇ ਮੂੰਹ ਪਰਸਪਰ ਕੰਮ ਕਰਦੇ ਹੋਏ ਹਜ਼ਾਰਾਂ ਭਾਸ਼ਾਵਾਂ ਵਿੱਚੋਂ ਕਿਸੇ ਵੀ ਭਾਸ਼ਾ ਵਿਚ ਮਾਨਵ ਬੋਲੀ ਪੇਸ਼ ਕਰਦੇ ਹਨ। ਦਾਊਦ ਨੇ ਯਹੋਵਾਹ ਲਈ ਉਪਯੁਕਤ ਸੰਗੀਤ ਪੇਸ਼ ਕਰਦੇ ਹੋਏ, ਕਿਹਾ: “ਮੈਂ ਤੇਰਾ ਧੰਨਵਾਦ ਕਰਾਂਗਾ, ਕਿਉਂ ਜੋ ਮੈਂ ਭਿਆਣਕ ਰੀਤੀ ਤੇ ਅਚਰਜ ਹਾਂ, ਤੇਰੇ ਕੰਮ ਅਚਰਜ ਹਨ, ਅਤੇ ਮੇਰੀ ਜਾਨ ਏਹ ਖੂਬ ਜਾਣਦੀ ਹੈ!” (ਜ਼ਬੂਰ 139:14) ਆਓ ਅਸੀਂ ਦਾਊਦ ਨਾਲ ਮਿਲ ਕੇ ਆਪਣੇ ਅਸਚਰਜ ਡੀਜ਼ਾਈਨਕਾਰ ਅਤੇ ਪਰਮੇਸ਼ੁਰ, ਯਹੋਵਾਹ, ਦੀ ਧੰਨਵਾਦ ਸਹਿਤ ਉਸਤਤ ਕਰੀਏ!

16. ਇਕ ਪ੍ਰਸਿੱਧ ਸੰਗੀਤਕਾਰ ਨੇ ਯਹੋਵਾਹ ਦੀ ਉਸਤਤ ਵਿਚ ਕਿਹੜਾ ਮਧੁਰ ਸੰਗੀਤ ਪੇਸ਼ ਕੀਤਾ, ਅਤੇ ਅਸੀਂ ਕਿਹੜੇ ਜ਼ੋਰਦਾਰ ਨਿਮੰਤ੍ਰਣ ਨੂੰ ਪ੍ਰਤਿਕ੍ਰਿਆ ਦਿਖਾ ਸਕਦੇ ਹਾਂ?

16 ਯੋਸਫ਼ ਹੇਡਨ ਦੁਆਰਾ ਲਿਖੀ ਗਈ ਇਕ 18ਵੀਂ ਸਦੀ ਕੀਰਤਨ ਦੀ ਗੀਤ ਸੰਗੀਤ ਰਚਨਾ ਇਉਂ ਯਹੋਵਾਹ ਦੀ ਉਸਤਤ ਵਿਚ ਆਖਦੀ ਹੈ: “ਹੇ ਉਸ ਦੀਆਂ ਸਾਰੀਆਂ ਅਦਭੁਤ ਰਚਨਾਵਾਂ, ਉਸ ਦਾ ਧੰਨਵਾਦ ਕਰੋ! ਉਸ ਦੇ ਸਨਮਾਨ ਦਾ ਜਸ ਗਾਓ, ਉਸ ਦੀ ਮਹਿਮਾ ਦਾ ਜਸ ਗਾਓ, ਉਸ ਦੇ ਨਾਂ ਨੂੰ ਮੁਬਾਰਕ ਆਖੋ ਅਤੇ ਵਡਿਆਓ! ਯਹੋਵਾਹ ਦੀ ਉਸਤਤ ਅਨੰਤ ਕਾਲ ਤੀਕ ਕਾਇਮ ਰਹਿੰਦੀ ਹੈ, ਆਮੀਨ, ਆਮੀਨ!” ਇਸ ਤੋਂ ਵੀ ਸੁੰਦਰ ਜ਼ਬੂਰਾਂ ਵਿਚ ਅਕਸਰ ਦੁਹਰਾਏ ਗਏ ਉਹ ਪ੍ਰੇਰਿਤ ਪ੍ਰਗਟਾਵੇ ਹਨ, ਜਿਵੇਂ ਕਿ ਇਹ ਨਿਮੰਤ੍ਰਣ ਜੋ 107ਵੇਂ ਜ਼ਬੂਰ ਵਿਚ ਚਾਰ ਵਾਰ ਪੇਸ਼ ਕੀਤਾ ਗਿਆ ਹੈ: “ਉਹਨਾਂ ਲੋਕਾਂ ਨੂੰ, ਪ੍ਰਭੂ ਦੀ ਦਇਆ ਅਤੇ ਉਹਨਾਂ ਲਈ ਕੀਤੇ ਅਦਭੁੱਤ ਕੰਮਾਂ ਲਈ, ਉਸ ਦਾ ਧੰਨਵਾਦ ਕਰਨਾ ਚਾਹੀਦਾ ਹੈ।” (ਪਵਿੱਤਰ ਬਾਈਬਲ ਨਵਾਂ ਅਨੁਵਾਦ) ਕੀ ਤੁਸੀਂ ਉਸ ਉਸਤਤ ਵਿਚ ਸ਼ਾਮਲ ਹੁੰਦੇ ਹੋ? ਤੁਹਾਨੂੰ ਹੋਣਾ ਚਾਹੀਦਾ ਹੈ, ਕਿਉਂਕਿ ਸਭ ਕੁਝ ਜੋ ਅਸਲ ਵਿਚ ਸੁੰਦਰ ਹੈ, ਉਸ ਦਾ ਸੋਮਾ ਸਦੀਵਤਾ ਦਾ ਰਾਜਾ, ਯਹੋਵਾਹ ਹੈ।

ਹੋਰ ਵੀ ਅਧਿਕ ਸ਼ਕਤੀਸ਼ਾਲੀ ਕੰਮ

17. ‘ਮੂਸਾ ਦਾ ਅਤੇ ਲੇਲੇ ਦਾ ਗੀਤ’ ਯਹੋਵਾਹ ਦੀ ਕਿਵੇਂ ਮਹਿਮਾ ਕਰਦਾ ਹੈ?

17 ਪਿਛਲੇ ਛੇ ਹਜ਼ਾਰ ਸਾਲਾਂ ਦੇ ਦੌਰਾਨ, ਸਦੀਵਤਾ ਦੇ ਰਾਜਾ ਨੇ ਹੋਰ ਵੀ ਅਧਿਕ ਸ਼ਕਤੀਸ਼ਾਲੀ ਕੰਮ ਆਰੰਭ ਕੀਤੇ ਹਨ। ਬਾਈਬਲ ਦੀ ਆਖ਼ਰੀ ਕਿਤਾਬ ਵਿਚ, ਪਰਕਾਸ਼ ਦੀ ਪੋਥੀ 15:3, 4 ਵਿਚ ਅਸੀਂ ਸਵਰਗ ਦਿਆਂ ਉਨ੍ਹਾਂ ਲੋਕਾਂ ਬਾਰੇ ਪੜ੍ਹਦੇ ਹਾਂ ਜੋ ਪਿਸ਼ਾਚੀ ਦੁਸ਼ਮਣਾਂ ਉੱਤੇ ਵਿਜਈ ਹੋਏ ਹਨ: “ਓਹ ਪਰਮੇਸ਼ੁਰ ਦੇ ਦਾਸ ਮੂਸਾ ਦਾ ਗੀਤ ਅਤੇ ਲੇਲੇ ਦਾ ਗੀਤ ਗਾਉਂਦੇ ਹੋਏ ਆਖਦੇ ਹਨ,—ਹੇ ਪ੍ਰਭੁ ਪਰਮੇਸ਼ੁਰ, ਸਰਬ ਸ਼ਕਤੀਮਾਨ, ਵੱਡੇ ਅਤੇ ਅਚਰਜ ਹਨ ਤੇਰੇ ਕੰਮ! ਹੇ ਜੁੱਗਾਂ ਦੇ ਪਾਤਸ਼ਾਹ, ਜਥਾਰਥ ਅਤੇ ਸਤ ਹਨ ਤੇਰੇ ਮਾਰਗ! ਹੇ ਪ੍ਰਭੁ, ਕੌਣ ਤੈਥੋਂ ਨਾ ਡਰੇਗਾ ਅਤੇ ਤੇਰੇ ਨਾਮ ਦੀ ਮਹਿਮਾ ਨਾ ਕਰੇਗਾ? ਤੂੰ ਹੀ ਤਾਂ ਇਕੱਲਾ ਪਵਿੱਤਰ ਹੈਂ ਸੋ ਸਾਰੀਆਂ ਕੌਮਾਂ ਆਉਣ ਗੀਆਂ, ਅਤੇ ਤੇਰੇ ਅੱਗੇ ਮੱਥਾ ਟੇਕਣ ਗੀਆਂ, ਇਸ ਲਈ ਜੋ ਤੇਰੇ ਨਿਆਉਂ ਦੇ ਕੰਮ ਪਰਗਟ ਹੋ ਗਏ ਹਨ!” ਇਹ ‘ਮੂਸਾ ਦਾ ਅਤੇ ਲੇਲੇ ਦਾ ਗੀਤ’ ਕਿਉਂ ਅਖਵਾਉਂਦਾ ਹੈ? ਆਓ ਅਸੀਂ ਦੇਖੀਏ।

18. ਕੂਚ ਅਧਿਆਇ 15 ਦੇ ਗੀਤ ਵਿਚ ਕਿਹੜੇ ਸ਼ਕਤੀਸ਼ਾਲੀ ਕੰਮ ਦੀ ਯਾਦ ਮਨਾਈ ਜਾਂਦੀ ਹੈ?

18 ਕੁਝ 3,500 ਸਾਲ ਪਹਿਲਾਂ, ਜਦੋਂ ਫ਼ਿਰਊਨ ਦੀ ਸ਼ਕਤੀਸ਼ਾਲੀ ਸੈਨਾ ਲਾਲ ਸਮੁੰਦਰ ਵਿਚ ਖ਼ਤਮ ਹੋ ਗਈ ਸੀ, ਉਦੋਂ ਇਸਰਾਏਲੀਆਂ ਨੇ ਗੀਤ ਦੁਆਰਾ ਧੰਨਵਾਦ ਸਹਿਤ ਯਹੋਵਾਹ ਦੀ ਉਸਤਤ ਕੀਤੀ। ਅਸੀਂ ਕੂਚ 15:1, 18 ਵਿਚ ਪੜ੍ਹਦੇ ਹਾਂ: “ਤਦ ਮੂਸਾ ਅਤੇ ਇਸਰਾਏਲੀਆਂ ਨੇ ਯਹੋਵਾਹ ਲਈ ਏਹ ਗੀਤ ਗਾਉਂਦੇ ਹੋਇਆਂ ਆਖਿਆ—ਮੈਂ ਯਹੋਵਾਹ ਲਈ ਗਾਵਾਂਗਾ ਕਿਉਂ ਕਿ ਉਹ ਅੱਤ ਉੱਚਾ ਹੋਇਆ ਹੈ, ਉਸ ਨੇ ਘੋੜੇ ਅਤੇ ਉਸ ਦੇ ਅਸਵਾਰ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਹੈ। ਯਹੋਵਾਹ ਸਦਾ ਤੀਕ ਰਾਜ ਕਰਦਾ ਰਹੇਗਾ।” ਇਸ ਸਦੀਵਤਾ ਦੇ ਰਾਜਾ ਦੇ ਨਿਆਉਂ ਦੇ ਕੰਮ ਉਦੋਂ ਪ੍ਰਗਟ ਹੋਏ, ਜਦੋਂ ਉਸ ਨੇ ਆਪਣੀ ਸਰਬਸੱਤਾ ਦਾ ਵਿਰੋਧ ਕਰਨ ਵਾਲੇ ਆਪਣੇ ਦੁਸ਼ਮਣਾਂ ਦਾ ਨਿਆਉਂ ਕਰ ਕੇ ਦੰਡ-ਪੂਰਤੀ ਕੀਤੀ।

19, 20. (ੳ) ਯਹੋਵਾਹ ਨੇ ਇਸਰਾਏਲ ਦੀ ਕੌਮ ਨੂੰ ਕਿਉਂ ਬਣਾਇਆ ਸੀ? (ਅ) ਲੇਲੇ ਨੇ ਅਤੇ ਦੂਜਿਆਂ ਨੇ ਸ਼ਤਾਨ ਦੀ ਚੁਣੌਤੀ ਦਾ ਕਿਵੇਂ ਜਵਾਬ ਦਿੱਤਾ ਹੈ?

19 ਇਹ ਕਿਉਂ ਜ਼ਰੂਰੀ ਹੋ ਗਿਆ ਸੀ? ਇਹ ਅਦਨ ਦੇ ਬਾਗ਼ ਵਿਚ ਸੀ ਕਿ ਉਸ ਚਾਲਬਾਜ਼ ਸੱਪ ਨੇ ਸਾਡੇ ਪਹਿਲੇ ਮਾਪਿਆਂ ਨੂੰ ਪਾਪ ਵਿਚ ਪ੍ਰਵੇਸ਼ ਕਰਵਾਇਆ। ਇਸ ਦੇ ਸਿੱਟੇ ਵਜੋਂ ਸਾਰੀ ਮਨੁੱਖਜਾਤੀ ਨੂੰ ਵਿਰਸੇ ਵਿਚ ਪਾਪੀ ਅਪੂਰਣਤਾ ਹਾਸਲ ਹੋਈ। ਪਰੰਤੂ, ਸਦੀਵਤਾ ਦੇ ਰਾਜਾ ਨੇ ਤੁਰੰਤ ਹੀ ਆਪਣੇ ਮੁਢਲੇ ਮਕਸਦ ਦੇ ਇਕਸਾਰ ਕਦਮ ਚੁੱਕਿਆ, ਜੋ ਕਿ ਉਸ ਦੇ ਸਾਰੇ ਦੁਸ਼ਮਣਾਂ ਨੂੰ ਧਰਤੀ ਦੇ ਖੇਤਰ ਵਿੱਚੋਂ ਕੱਢਣ ਅਤੇ ਪਰਾਦੀਸੀ ਹਾਲਤਾਂ ਦੀ ਮੁੜ ਬਹਾਲੀ ਵੱਲ ਲੈ ਜਾਵੇਗਾ। ਸਦੀਵਤਾ ਦੇ ਰਾਜਾ ਨੇ ਇਸਰਾਏਲ ਦੀ ਕੌਮ ਨੂੰ ਬਣਾਇਆ ਅਤੇ ਇਹ ਪੂਰਵ-ਪਰਛਾਵਾਂ ਕਰਨ ਲਈ ਉਸ ਨੂੰ ਆਪਣੀ ਬਿਵਸਥਾ ਦਿੱਤੀ ਕਿ ਉਹ ਇਸ ਨੂੰ ਕਿਵੇਂ ਸੰਪਨ ਕਰੇਗਾ।—ਗਲਾਤੀਆਂ 3:24.

20 ਲੇਕਨ, ਅੰਤ ਵਿਚ, ਖ਼ੁਦ ਇਸਰਾਏਲ ਵੀ ਬੇਵਫ਼ਾਈ ਵਿਚ ਡੁੱਬ ਗਿਆ, ਅਤੇ ਇਹ ਦੁੱਖਦਾਈ ਸਥਿਤੀ ਉਦੋਂ ਸਿਖਰ ਤੇ ਪਹੁੰਚੀ ਜਦੋਂ ਇਸ ਦੇ ਆਗੂਆਂ ਨੇ ਪਰਮੇਸ਼ੁਰ ਦੇ ਇਕਲੌਤੇ ਪੁੱਤਰ ਨੂੰ ਬੁਰੀ ਤਰ੍ਹਾਂ ਨਾਲ ਤਸੀਹੇ ਦੇਣ ਅਤੇ ਮਰਵਾਉਣ ਲਈ ਰੋਮੀਆਂ ਦੇ ਹੱਥੀਂ ਸੌਂਪ ਦਿੱਤਾ। (ਰਸੂਲਾਂ ਦੇ ਕਰਤੱਬ 10:39; ਫ਼ਿਲਿੱਪੀਆਂ 2:8) ਪਰੰਤੂ, ਬਲੀ ਲਈ ‘ਪਰਮੇਸ਼ੁਰ ਦੇ ਲੇਲੇ’ ਦੇ ਤੌਰ ਤੇ, ਯਿਸੂ ਵੱਲੋਂ ਮੌਤ ਤੀਕਰ ਖਰਿਆਈ ਨੇ ਬੇਮਿਸਾਲ ਤਰੀਕੇ ਤੋਂ ਪਰਮੇਸ਼ੁਰ ਦੇ ਪ੍ਰਾਚੀਨ ਵਿਰੋਧੀ, ਸ਼ਤਾਨ ਦੁਆਰਾ ਪੇਸ਼ ਕੀਤੀ ਗਈ ਚੁਣੌਤੀ—ਕਿ ਧਰਤੀ ਉੱਤੇ ਕੋਈ ਵੀ ਮਨੁੱਖ ਇਕ ਸਖ਼ਤ ਪਰੀਖਿਆ ਹੇਠ ਪਰਮੇਸ਼ੁਰ ਦਾ ਵਫ਼ਾਦਾਰ ਨਹੀਂ ਰਹਿ ਸਕਦਾ—ਨੂੰ ਗ਼ਲਤ ਸਾਬਤ ਕੀਤਾ। (ਯੂਹੰਨਾ 1:29, 36; ਅੱਯੂਬ 1:9-12; 27:5) ਆਦਮ ਤੋਂ ਵਿਰਸੇ ਵਿਚ ਅਪੂਰਣਤਾ ਹਾਸਲ ਕਰਨ ਦੇ ਬਾਵਜੂਦ, ਪਰਮੇਸ਼ੁਰ ਦਾ ਭੈ ਰੱਖਣ ਵਾਲੇ ਲੱਖਾਂ ਦੂਸਰੇ ਮਾਨਵ ਸ਼ਤਾਨੀ ਹਮਲਿਆਂ ਦੇ ਸਾਮ੍ਹਣੇ ਖਰਿਆਈ ਕਾਇਮ ਰੱਖਣ ਦੇ ਦੁਆਰਾ ਯਿਸੂ ਦੇ ਪੈਰ-ਚਿੰਨ੍ਹਾਂ ਤੇ ਚੱਲੇ ਹਨ।—1 ਪਤਰਸ 1:18, 19; 2:19, 21.

21. ਰਸੂਲਾਂ ਦੇ ਕਰਤੱਬ 17:29-31 ਦੇ ਅਨੁਸਾਰ, ਹੁਣ ਅੱਗੇ ਕਿਸ ਬਾਰੇ ਚਰਚਾ ਕੀਤੀ ਜਾਵੇਗੀ?

21 ਹੁਣ ਉਹ ਦਿਨ ਅੱਪੜਿਆ ਹੈ ਕਿ ਯਹੋਵਾਹ ਉਨ੍ਹਾਂ ਵਫ਼ਾਦਾਰ ਵਿਅਕਤੀਆਂ ਨੂੰ ਪ੍ਰਤਿਫਲ ਦੇਵੇ ਅਤੇ ਸੱਚਾਈ ਨਾਲੇ ਧਾਰਮਿਕਤਾ ਦੇ ਸਾਰੇ ਦੁਸ਼ਮਣਾਂ ਦਾ ਨਿਆਉਂ ਕਰੇ। (ਰਸੂਲਾਂ ਦੇ ਕਰਤੱਬ 17:29-31) ਇਹ ਕਿਵੇਂ ਹੋਵੇਗਾ? ਸਾਡਾ ਅਗਲਾ ਲੇਖ ਦੱਸੇਗਾ। (w96 4/1)

ਪੁਨਰ-ਵਿਚਾਰ ਡੱਬੀ

◻ ਯਹੋਵਾਹ ਨੂੰ ਉਚਿਤ ਤੌਰ ਤੇ ‘ਸਦੀਵਤਾ ਦਾ ਰਾਜਾ’ ਕਿਉਂ ਆਖਿਆ ਜਾਂਦਾ ਹੈ?

◻ ਯਹੋਵਾਹ ਦੀ ਬੁੱਧ ਉਸ ਦੀਆਂ ਸ੍ਰਿਸ਼ਟੀਆਂ ਵਿਚ ਕਿਵੇਂ ਪ੍ਰਦਰਸ਼ਿਤ ਹੁੰਦੀ ਹੈ?

◻ ਮਾਨਵਜਾਤੀ ਕਿਨ੍ਹਾਂ ਤਰੀਕਿਆਂ ਵਿਚ ਸ੍ਰਿਸ਼ਟੀ ਦਾ ਇਕ ਸ਼ਾਹਕਾਰ ਹੈ?

◻ ਕਿਹੜੇ ਕਾਰਜ ‘ਮੂਸਾ ਦੇ ਅਤੇ ਲੇਲੇ ਦੇ ਗੀਤ’ ਦੀ ਮੰਗ ਕਰਦੇ ਹਨ?

[ਸਫ਼ੇ 10 ਉੱਤੇ ਡੱਬੀ]

ਯਹੋਵਾਹ ਦੀ ਉੱਤਮ ਬੁੱਧ

ਸਦੀਵਤਾ ਦੇ ਰਾਜਾ ਦੀ ਬੁੱਧ ਕਿੰਨੇ ਹੀ ਤਰੀਕਿਆਂ ਵਿਚ ਧਰਤੀ ਉੱਤੇ ਉਸ ਦੀਆਂ ਰਚਨਾਵਾਂ ਵਿਚ ਪ੍ਰਤਿਬਿੰਬਤ ਹੁੰਦੀ ਹੈ। ਆਗੂਰ ਦਿਆਂ ਸ਼ਬਦਾਂ ਉੱਤੇ ਗੌਰ ਕਰੋ: “ਪਰਮੇਸ਼ੁਰ ਦਾ ਹਰੇਕ ਬਚਨ ਤਾਇਆ ਹੋਇਆ ਹੈ, ਜਿਹੜੇ ਉਹ ਦੀ ਸ਼ਰਨ ਵਿੱਚ ਆਉਂਦੇ ਹਨ ਉਹ ਓਹਨਾਂ ਦੀ ਢਾਲ ਹੈ।” (ਕਹਾਉਤਾਂ 30:5) ਇਸ ਮਗਰੋਂ ਆਗੂਰ, ਪਰਮੇਸ਼ੁਰ ਦਿਆਂ ਅਨੇਕ ਜੀਵਿਤ ਪ੍ਰਾਣੀਆਂ, ਵੱਡਿਆਂ ਅਤੇ ਛੋਟਿਆਂ, ਦਾ ਜ਼ਿਕਰ ਕਰਦਾ ਹੈ। ਮਿਸਾਲ ਲਈ, ਆਇਤਾਂ 24 ਤੋਂ 28 ਵਿਚ, ਉਹ “ਧਰਤੀ ਉੱਤੇ ਚਾਰ ਵਸਤਾਂ ਨਿੱਕੀਆਂ ਜਿਹੀਆਂ ਹਨ, ਪਰ ਤਾਂ ਵੀ ਬੜੀਆਂ ਸਿਆਣੀਆਂ [“ਸੁਭਾਵਕ ਤੌਰ ਤੇ ਬੁੱਧੀਮਾਨ,” ਨਿ ਵ] ਹਨ” ਦਾ ਵਰਣਨ ਕਰਦਾ ਹੈ। ਇਹ ਕੀੜੀ, ਪਹਾੜੀ ਸੈਹਾ, ਸਲਾ, ਅਤੇ ਕਿਰਲੀ ਹਨ।

“ਸੁਭਾਵਕ ਤੌਰ ਤੇ ਬੁੱਧੀਮਾਨ”—ਜੀ ਹਾਂ, ਪਸ਼ੂ ਇਸੇ ਤਰ੍ਹਾਂ ਬਣਾਏ ਗਏ ਹਨ। ਉਹ ਮਾਨਵ ਵਾਂਗ ਤਰਕ-ਸ਼ਕਤੀ ਦੀ ਵਰਤੋਂ ਨਹੀਂ ਕਰਦੇ ਹਨ ਪਰੰਤੂ ਸੁਭਾਵਕ ਬੁੱਧ ਉੱਤੇ ਨਿਰਭਰ ਕਰਦੇ ਹਨ। ਕੀ ਤੁਸੀਂ ਕਦੇ ਇਸ ਉੱਤੇ ਹੈਰਾਨ ਹੋਏ ਹੋ? ਉਹ ਕੀ ਹੀ ਵਿਵਸਥਿਤ ਸ੍ਰਿਸ਼ਟੀ ਹਨ! ਮਿਸਾਲ ਲਈ, ਕੀੜੀਆਂ ਮੰਡਲਾਂ ਵਿਚ ਸੰਗਠਿਤ ਹੁੰਦੀਆਂ ਹਨ, ਜਿਨ੍ਹਾਂ ਵਿਚ ਰਾਣੀ, ਕਾਮਾ ਕੀਟ, ਅਤੇ ਨਰ ਕੀਟ ਸ਼ਾਮਲ ਹੁੰਦੇ ਹਨ। ਕਈ ਜਿਣਸਾਂ ਵਿਚ, ਕਾਮਾ ਕੀੜੀਆਂ ਆਪਣੇ ਬਣਾਏ ਹੋਏ ਵਾੜਿਆਂ ਵਿਚ ਮਾਹੋਂ ਜੂੰਆਂ ਨੂੰ ਵੀ ਇਕੱਠੀਆਂ ਕਰਦੀਆਂ ਹਨ। ਉੱਥੇ ਉਹ ਮਾਹੋਂ ਜੂੰਆਂ ਤੋਂ ਸ਼ਹਿਦ ਲੈਂਦੀਆਂ ਹਨ, ਜਦ ਕਿ ਲੜਾਕੂ ਕੀੜੀਆਂ ਕਿਸੇ ਵੀ ਹਮਲਾਵਰ ਦੁਸ਼ਮਣਾਂ ਨੂੰ ਦੂਰ ਭਜਾਉਂਦੀਆਂ ਹਨ। ਕਹਾਉਤਾਂ 6:6 ਵਿਚ ਨਸੀਹਤ ਦਿੱਤੀ ਜਾਂਦੀ ਹੈ: “ਹੇ ਆਲਸੀ, ਤੂੰ ਕੀੜੀ ਕੋਲ ਜਾਹ, ਉਹ ਦੇ ਰਾਹਾਂ ਨੂੰ ਵੇਖ ਅਤੇ ਬੁੱਧਵਾਨ ਬਣ।” ਕੀ ਅਜਿਹੀਆਂ ਮਿਸਾਲਾਂ ਤੋਂ ਸਾਨੂੰ ਮਾਨਵ ਨੂੰ ‘ਪ੍ਰਭੁ ਦੇ ਕੰਮ ਵਿੱਚ ਸਦਾ ਵਧਦੇ ਜਾਣ’ ਲਈ ਪ੍ਰੇਰਿਤ ਨਹੀਂ ਹੋਣਾ ਚਾਹੀਦਾ ਹੈ?—1 ਕੁਰਿੰਥੀਆਂ 15:58.

ਮਨੁੱਖ ਨੇ ਵੱਡੇ ਹਵਾਈ-ਜਹਾਜ਼ ਬਣਾਏ ਹਨ। ਪਰੰਤੂ ਪੰਛੀ ਕਿੰਨੇ ਹੀ ਜ਼ਿਆਦਾ ਸੌਖ ਨਾਲ ਉਡਦੇ ਹਨ, ਜਿਨ੍ਹਾਂ ਵਿਚ ਗੂੰਜਣਾ-ਪੰਛੀ ਸ਼ਾਮਲ ਹੈ, ਜਿਸ ਦਾ ਭਾਰ 30 ਗ੍ਰਾਮ ਤੋਂ ਵੀ ਘੱਟ ਹੈ! ਇਕ ਬੋਇੰਗ 747 ਨੂੰ ਇਕ ਪਾਰ-ਸਾਗਰੀ ਯਾਤਰਾ ਕਰਨ ਲਈ 1,80,000 ਲੀਟਰ ਤੇਲ ਭਰਨ, ਇਕ ਸਿੱਖਿਅਤ ਜਹਾਜ਼ੀ ਸਮੂਹ ਦੁਆਰਾ ਚਲਾਏ ਜਾਣ, ਅਤੇ ਗੁੰਝਲਦਾਰ ਜਹਾਜ਼­ਰਾਨੀ ਪ੍ਰਣਾਲੀਆਂ ਦੀ ਵਰਤੋਂ ਕਰਨ ਦੀ ਲੋੜ ਪੈਂਦੀ ਹੈ। ਪਰੰਤੂ, ਇਕ ਨਿੱਕਾ ਗੂੰਜਣਾ-ਪੰਛੀ ਉੱਤਰੀ ਅਮਰੀਕਾ ਤੋਂ ਲੈ ਕੇ, ਮੈਕਸੀਕੋ ਦੀ ਖਾੜੀ ਨੂੰ ਪਾਰ ਕਰਦੇ ਹੋਏ ਦੱਖਣੀ ਅਮਰੀਕਾ ਤਕ ਜਾਣ ਲਈ ਇਕ ਗ੍ਰਾਮ ਚਰਬੀਦਾਰ ਬਾਲਣ ਉੱਤੇ ਨਿਰਭਰ ਕਰਦਾ ਹੈ। ਨਾ ਤੇਲ ਦਾ ਵੱਡਾ ਭਾਰ, ਨਾ ਜਹਾਜ਼ਰਾਨੀ ਵਿਚ ਕੋਈ ਸਿਖਲਾਈ, ਨਾ ਗੁੰਝਲਦਾਰ ਚਾਰਟ ਜਾਂ ਕੰਪਿਊਟਰ! ਕੀ ਇਹ ਯੋਗਤਾ ਕ੍ਰਮ-ਵਿਕਾਸ ਦੀ ਇਕ ਇਤਫ਼ਾਕੀ ਪ੍ਰਕ੍ਰਿਆ ਤੋਂ ਪਰਿਣਿਤ ਹੋਈ? ਬਿਲਕੁਲ ਨਹੀਂ! ਇਹ ਨਿੱਕਾ ਪੰਛੀ ਸਹਿਜ-ਸੁਭਾ ਹੀ ਸਿਆਣਾ ਹੈ, ਕਿਉਂ ਜੋ ਇਸ ਨੂੰ ਇਸ ਦੇ ਸ੍ਰਿਸ਼ਟੀਕਰਤਾ, ਯਹੋਵਾਹ ਪਰਮੇਸ਼ੁਰ ਨੇ ਇਉਂ ਹੀ ਪ੍ਰੋਗ੍ਰਾਮ ਕੀਤਾ ਹੈ।

[ਸਫ਼ੇ 8 ਉੱਤੇ ਤਸਵੀਰ]

“ਸਦੀਵਤਾ ਦੇ ਰਾਜਾ” ਦੀਆਂ ਵੰਨ-ਸੁਵੰਨੀਆਂ ਸ੍ਰਿਸ਼ਟੀਆਂ ਉਸ ਦੀ ਮਹਿਮਾ ਦਾ ਜਸ ਗਾਉਦੀਆਂ ਹਨ

[ਸਫ਼ੇ 13 ਉੱਤੇ ਤਸਵੀਰ]

ਜਿਵੇਂ ਮੂਸਾ ਅਤੇ ਸਾਰੇ ਇਸਰਾਏਲ ਨੇ ਲਾਲ ਸਮੁੰਦਰ ਵਿਖੇ ਯਹੋਵਾਹ ਦੀ ਵਿਜੈ ਦਾ ਜਸ਼ਨ ਮਨਾਇਆ ਸੀ, ਉਸੇ ਤਰ੍ਹਾਂ ਆਰਮਾਗੇਡਨ ਮਗਰੋਂ ਵੀ ਵੱਡਾ ਆਨੰਦ ਮਨਾਇਆ ਜਾਵੇਗਾ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ