ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w96 5/1 ਸਫ਼ੇ 21-26
  • ਪਠਨ ਵਿਚ ਲੱਗੇ ਰਹੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਠਨ ਵਿਚ ਲੱਗੇ ਰਹੋ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ‘ਧੰਨ ਉਹ ਜਿਹੜਾ ਉੱਚੀ ਆਵਾਜ਼ ਵਿਚ ਪੜ੍ਹਦਾ ਹੈ’
  • ਕ੍ਰਿਆਸ਼ੀਲ ਢੰਗ ਨਾਲ ਸੋਚੋ ਅਤੇ ਮਨਨ ਕਰੋ
  • ਨਵੇਂ ਨੁਕਤਿਆਂ ਦਾ ਪੁਰਾਣਿਆਂ ਨਾਲ ਸੰਬੰਧ ਜੋੜੋ
  • ਸ਼ਾਸਤਰ ਸੰਬੰਧੀ ਘਟਨਾਵਾਂ ਦੀ ਕਲਪਨਾ ਕਰੋ
  • ਬਹੁਮੁੱਲੇ ਸਬਕ ਸਿੱਖਣਾ
  • ਇਕ ਪਰਿਵਾਰ ਦੇ ਤੌਰ ਤੇ ਬਾਈਬਲ ਪੜ੍ਹਨ ਤੋਂ ਲਾਭ ਪ੍ਰਾਪਤ ਕਰੋ
  • ਪਠਨ ਅਤੇ ਮਸੀਹੀ ਸੇਵਕਾਈ
  • ਬਾਈਬਲ—ਕਿਉਂ ਅਤੇ ਕਿਵੇਂ ਪੜ੍ਹੀਏ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
  • ਬਾਈਬਲ ਤੋਂ ਪੂਰਾ ਫ਼ਾਇਦਾ ਲੈਣ ਲਈ ਕੀ ਕਰੀਏ?
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
  • ਪੜ੍ਹਨ ਵਿਚ ਕੀ ਰੱਖਿਆ ਹੈ?
    ਜਾਗਰੂਕ ਬਣੋ!—2006
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
w96 5/1 ਸਫ਼ੇ 21-26

ਪਠਨ ਵਿਚ ਲੱਗੇ ਰਹੋ

“ਜਦ ਤੀਕੁਰ ਮੈਂ ਨਾ ਆਵਾਂ ਤੂੰ ਪੜ੍ਹਾਈ ਕਰਨ, ਉਪਦੇਸ਼ ਕਰਨ ਅਤੇ ਸਿੱਖਿਆ ਦੇਣ ਵਿੱਚ ਲੱਗਾ ਰਹੀਂ।”—1 ਤਿਮੋਥਿਉਸ 4:13.

1. ਬਾਈਬਲ ਪੜ੍ਹਨ ਤੋਂ ਅਸੀਂ ਕਿਵੇਂ ਲਾਭ ਪ੍ਰਾਪਤ ਕਰ ਸਕਦੇ ਹਾਂ?

ਯਹੋਵਾਹ ਪਰਮੇਸ਼ੁਰ ਨੇ ਮਨੁੱਖਜਾਤੀ ਨੂੰ ਪੜ੍ਹਨਾ ਅਤੇ ਲਿਖਣਾ ਸਿੱਖਣ ਦੀ ਅਦਭੁਤ ਯੋਗਤਾ ਦਿੱਤੀ ਹੈ। ਉਸ ਨੇ ਆਪਣਾ ਬਚਨ, ਬਾਈਬਲ ਵੀ ਪ੍ਰਦਾਨ ਕੀਤਾ ਹੈ, ਤਾਂਕਿ ਅਸੀਂ ਚੰਗੀ ਤਰ੍ਹਾਂ ਨਾਲ ਸਿਖਾਏ ਜਾ ਸਕੀਏ। (ਯਸਾਯਾਹ 30:20, 21) ਲਾਖਣਿਕ ਤੌਰ ਤੇ, ਇਸ ਦੇ ਸਫ਼ੇ ਸਾਨੂੰ ਅਬਰਾਹਾਮ, ਇਸਹਾਕ, ਅਤੇ ਯਾਕੂਬ ਵਰਗੇ ਪਰਮੇਸ਼ੁਰ ਦਾ ਭੈ ਰੱਖਣ ਵਾਲੇ ਕੁਲ-ਪਿਤਾਵਾਂ ਦੇ ਨਾਲ-ਨਾਲ “ਚੱਲਣ” ਦੇ ਕਾਬਲ ਬਣਾਉਂਦੇ ਹਨ। ਅਸੀਂ ਅਜਿਹੀਆਂ ਧਾਰਮਿਕ ਔਰਤਾਂ ਨੂੰ ਦੇਖ ਸਕਦੇ ਹਾਂ, ਜਿਵੇਂ ਕਿ ਸਾਰਾਹ, ਰਿਬਕਾਹ, ਅਤੇ ਨਿਸ਼ਠਾਵਾਨ ਮੋਆਬੀ ਰੂਥ। ਜੀ ਹਾਂ, ਅਤੇ ਅਸੀਂ ਯਿਸੂ ਮਸੀਹ ਨੂੰ ਆਪਣਾ ਪਹਾੜੀ ਉਪਦੇਸ਼ ਦਿੰਦੇ ਹੋਏ “ਸੁਣ” ਸਕਦੇ ਹਾਂ। ਇਹ ਸਾਰੀ ਖ਼ੁਸ਼ੀ ਅਤੇ ਪਵਿੱਤਰ ਸ਼ਾਸਤਰ ਵਿੱਚੋਂ ਮਹਾਨ ਹਿਦਾਇਤ ਸਾਡੀ ਹੋ ਸਕਦੀ ਹੈ ਜੇਕਰ ਅਸੀਂ ਚੰਗੇ ਪਾਠਕ ਹੋਈਏ।

2. ਕਿਹੜੀ ਗੱਲ ਸੰਕੇਤ ਕਰਦੀ ਹੈ ਕਿ ਯਿਸੂ ਅਤੇ ਉਸ ਦੇ ਰਸੂਲ ਚੰਗੀ ਤਰ੍ਹਾਂ ਨਾਲ ਪੜ੍ਹ ਸਕਦੇ ਸਨ?

2 ਨਿਰਸੰਦੇਹ, ਸੰਪੂਰਣ ਮਾਨਵ ਯਿਸੂ ਮਸੀਹ ਕੋਲ ਉੱਤਮ ਪਠਨ ਯੋਗਤਾ ਸੀ, ਅਤੇ ਉਹ ਨਿਸ਼ਚੇ ਹੀ ਇਬਰਾਨੀ ਸ਼ਾਸਤਰਵਚਨਾਂ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਜਾਣਦਾ ਸੀ। ਇਸ ਲਈ, ਜਦੋਂ ਇਬਲੀਸ ਦੁਆਰਾ ਪਰਤਾਇਆ ਗਿਆ, ਤਾਂ ਯਿਸੂ ਨੇ ਬਾਰ-ਬਾਰ ਇਨ੍ਹਾਂ ਵੱਲ ਸੰਕੇਤ ਕਰ ਕੇ ਆਖਿਆ, “ਲਿਖਿਆ ਹੈ।” (ਮੱਤੀ 4:4, 7, 10) ਇਕ ਅਵਸਰ ਤੇ ਨਾਸਰਤ ਦੇ ਯਹੂਦੀ ਸਭਾ-ਘਰ ਵਿਚ, ਉਸ ਨੇ ਯਸਾਯਾਹ ਦੀ ਭਵਿੱਖਬਾਣੀ ਦੇ ਇਕ ਭਾਗ ਨੂੰ ਸ਼ਰੇਆਮ ਪੜ੍ਹਿਆ ਅਤੇ ਆਪਣੇ ਉੱਤੇ ਲਾਗੂ ਕੀਤਾ। (ਲੂਕਾ 4:16-21) ਯਿਸੂ ਦੇ ਰਸੂਲਾਂ ਦੇ ਬਾਰੇ ਕੀ? ਆਪਣੀਆਂ ਲਿਖਤਾਂ ਵਿਚ, ਉਨ੍ਹਾਂ ਨੇ ਅਕਸਰ ਇਬਰਾਨੀ ਸ਼ਾਸਤਰ ਵਿੱਚੋਂ ਹਵਾਲੇ ਦਿੱਤੇ। ਭਾਵੇਂ ਕਿ ਯਹੂਦੀ ਸ਼ਾਸਕ ਪਤਰਸ ਅਤੇ ਯੂਹੰਨਾ ਨੂੰ ਅਨਪੜ੍ਹ ਅਤੇ ਸਾਧਾਰਣ ਵਿਚਾਰਦੇ ਸਨ ਇਸ ਲਈ ਕਿ ਉਨ੍ਹਾਂ ਨੇ ਉਚੇਰੀ ਸਿੱਖਿਆ ਦੇ ਇਬਰਾਨੀ ਸਕੂਲਾਂ ਵਿਚ ਸਿੱਖਿਆ ਹਾਸਲ ਨਹੀਂ ਕੀਤੀ ਸੀ, ਉਨ੍ਹਾਂ ਦੇ ਈਸ਼ਵਰੀ ਰੂਪ ਵਿਚ ਪ੍ਰੇਰਿਤ ਪੱਤਰ ਸਪੱਸ਼ਟ ਤੌਰ ਤੇ ਸਾਬਤ ਕਰਦੇ ਹਨ ਕਿ ਉਹ ਚੰਗੀ ਤਰ੍ਹਾਂ ਨਾਲ ਪੜ੍ਹ-ਲਿਖ ਸਕਦੇ ਸਨ। (ਰਸੂਲਾਂ ਦੇ ਕਰਤੱਬ 4:13) ਪਰੰਤੂ ਕੀ ਪੜ੍ਹਨ ਦੀ ਯੋਗਤਾ ਸੱਚ-ਮੁੱਚ ਹੀ ਮਹੱਤਵਪੂਰਣ ਹੈ?

‘ਧੰਨ ਉਹ ਜਿਹੜਾ ਉੱਚੀ ਆਵਾਜ਼ ਵਿਚ ਪੜ੍ਹਦਾ ਹੈ’

3. ਸ਼ਾਸਤਰ ਅਤੇ ਮਸੀਹੀ ਪ੍ਰਕਾਸ਼ਨਾਂ ਨੂੰ ਪੜ੍ਹਨਾ ਇੰਨਾ ਮਹੱਤਵਪੂਰਣ ਕਿਉਂ ਹੈ?

3 ਸ਼ਾਸਤਰ ਦੇ ਯਥਾਰਥ ਗਿਆਨ ਨੂੰ ਲੈਣ ਅਤੇ ਲਾਗੂ ਕਰਨ ਦਾ ਨਤੀਜਾ ਸਦੀਪਕ ਜੀਵਨ ਹੋ ਸਕਦਾ ਹੈ। (ਯੂਹੰਨਾ 17:3) ਇਸ ਲਈ ਯਹੋਵਾਹ ਦੇ ਗਵਾਹ ਅਹਿਸਾਸ ਕਰਦੇ ਹਨ ਕਿ ਪਵਿੱਤਰ ਸ਼ਾਸਤਰ ਅਤੇ ਮਸਹ ਕੀਤੇ ਹੋਏ ਮਸੀਹੀਆਂ ਦੇ ਮਾਤਬਰ ਅਤੇ ਬੁੱਧਵਾਨ ਨੌਕਰ ਵਰਗ ਦੁਆਰਾ ਪਰਮੇਸ਼ੁਰ ਵੱਲੋਂ ਪ੍ਰਦਾਨ ਕੀਤੇ ਗਏ ਮਸੀਹੀ ਪ੍ਰਕਾਸ਼ਨਾਂ ਨੂੰ ਪੜ੍ਹਨਾ ਅਤੇ ਇਨ੍ਹਾਂ ਦਾ ਅਧਿਐਨ ਕਰਨਾ ਬੇਹੱਦ ਮਹੱਤਵਪੂਰਣ ਹੈ। (ਮੱਤੀ 24:45-47) ਅਸਲ ਵਿਚ, ਖ਼ਾਸ ਤੌਰ ਤੇ ਤਿਆਰ ਕੀਤੇ ਗਏ ਵਾਚ ਟਾਵਰ ਪ੍ਰਕਾਸ਼ਨਾਂ ਨੂੰ ਇਸਤੇਮਾਲ ਕਰ ਕੇ, ਹਜ਼ਾਰਾਂ ਲੋਕਾਂ ਨੂੰ ਪੜ੍ਹਨਾ ਸਿਖਾਇਆ ਗਿਆ ਹੈ ਅਤੇ ਇਸ ਤਰ੍ਹਾਂ ਉਹ ਪਰਮੇਸ਼ੁਰ ਦੇ ਬਚਨ ਦੇ ਜੀਵਨ-ਦਾਇਕ ਗਿਆਨ ਨੂੰ ਹਾਸਲ ਕਰਦੇ ਹਨ।

4. (ੳ) ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ, ਅਧਿਐਨ ਕਰਨ, ਅਤੇ ਲਾਗੂ ਕਰਨ ਤੋਂ ਕਿਉਂ ਖ਼ੁਸ਼ੀ ਹਾਸਲ ਹੁੰਦੀ ਹੈ? (ਅ) ਪਠਨ ਦੇ ਸੰਬੰਧ ਵਿਚ, ਪੌਲੁਸ ਨੇ ਤਿਮੋਥਿਉਸ ਨੂੰ ਕਿਹੜੀ ਗੱਲ ਕਹੀ?

4 ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ, ਅਧਿਐਨ ਕਰਨ, ਅਤੇ ਲਾਗੂ ਕਰਨ ਤੋਂ ਖ਼ੁਸ਼ੀ ਹਾਸਲ ਹੁੰਦੀ ਹੈ। ਇਹ ਇਸ ਕਾਰਨ ਹੈ ਕਿਉਂਕਿ ਇੰਜ ਕਰਨ ਨਾਲ ਅਸੀਂ ਪਰਮੇਸ਼ੁਰ ਨੂੰ ਖ਼ੁਸ਼ ਕਰਦੇ ਅਤੇ ਸਨਮਾਨ ਦਿੰਦੇ ਹਾਂ, ਉਸ ਦੀ ਬਰਕਤ ਹਾਸਲ ਕਰਦੇ ਹਾਂ, ਅਤੇ ਆਨੰਦ ਅਨੁਭਵ ਕਰਦੇ ਹਾਂ। ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਸੇਵਕ ਖ਼ੁਸ਼ ਰਹਿਣ। ਇਸ ਲਈ, ਉਸ ਨੇ ਜਾਜਕਾਂ ਨੂੰ ਹੁਕਮ ਦਿੱਤਾ ਕਿ ਉਹ ਪ੍ਰਾਚੀਨ ਇਸਰਾਏਲ ਦੇ ਲੋਕਾਂ ਨੂੰ ਉਸ ਦੀ ਬਿਵਸਥਾ ਪੜ੍ਹ ਕੇ ਸੁਣਾਉਣ। (ਬਿਵਸਥਾ ਸਾਰ 31:9-12) ਜਦੋਂ ਨਕਲਨਵੀਸ ਅਜ਼ਰਾ ਅਤੇ ਦੂਜਿਆਂ ਨੇ ਯਰੂਸ਼ਲਮ ਵਿਚ ਸਾਰਿਆਂ ਇਕਤ੍ਰਿਤ ਲੋਕਾਂ ਨੂੰ ਬਿਵਸਥਾ ਪੜ੍ਹ ਕੇ ਸੁਣਾਈ, ਤਾਂ ਇਸ ਦਾ ਅਰਥ ਸਪੱਸ਼ਟ ਕੀਤਾ ਗਿਆ, ਅਤੇ ਨਤੀਜੇ ਵਜੋਂ “ਵੱਡਾ ਅਨੰਦ” ਹੋਇਆ। (ਨਹਮਯਾਹ 8:6-8, 12) ਮਸੀਹੀ ਰਸੂਲ ਪੌਲੁਸ ਨੇ ਬਾਅਦ ਵਿਚ ਆਪਣੇ ਸਹਿਕਰਮੀ ਤਿਮੋਥਿਉਸ ਨੂੰ ਦੱਸਿਆ: “ਜਦ ਤੀਕੁਰ ਮੈਂ ਨਾ ਆਵਾਂ ਤੂੰ ਪੜ੍ਹਾਈ ਕਰਨ, ਉਪਦੇਸ਼ ਕਰਨ ਅਤੇ ਸਿੱਖਿਆ ਦੇਣ ਵਿੱਚ ਲੱਗਾ ਰਹੀਂ।” (1 ਤਿਮੋਥਿਉਸ 4:13) ਇਕ ਹੋਰ ਤਰਜਮਾ ਕਹਿੰਦਾ ਹੈ: “ਸ਼ਾਸਤਰ ਦੇ ਪਬਲਿਕ ਪਠਨ ਵਿਚ ਲੱਗਾ ਰਹੀਂ।”—ਨਿਊ ਇੰਟਰਨੈਸ਼ਨਲ ਵਰਯਨ.

5. ਪਰਕਾਸ਼ ਦੀ ਪੋਥੀ 1:3 ਖ਼ੁਸ਼ੀ ਨੂੰ ਪਠਨ ਦੇ ਨਾਲ ਕਿਵੇਂ ਜੋੜਦੀ ਹੈ?

5 ਇਹ ਗੱਲ ਕਿ ਸਾਡੀ ਖ਼ੁਸ਼ੀ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ ਅਤੇ ਲਾਗੂ ਕਰਨ ਉੱਤੇ ਨਿਰਭਰ ਕਰਦੀ ਹੈ ਪਰਕਾਸ਼ ਦੀ ਪੋਥੀ 1:3 ਵਿਚ ਸਪੱਸ਼ਟ ਕੀਤਾ ਗਿਆ ਹੈ। ਉੱਥੇ ਸਾਨੂੰ ਦੱਸਿਆ ਗਿਆ ਹੈ: “ਧੰਨ ਉਹ ਜਿਹੜਾ ਇਸ ਅਗੰਮ ਵਾਕ ਦੀਆਂ ਬਾਣੀਆਂ ਨੂੰ ਪੜ੍ਹਦਾ [“ਉੱਚੀ ਆਵਾਜ਼ ਵਿਚ ਪੜ੍ਹਦਾ,” ਨਿ ਵ] ਹੈ, ਨਾਲੇ ਓਹ ਜਿਹੜੇ ਸੁਣਦੇ ਹਨ ਅਤੇ ਜੋ ਕੁਝ ਇਹ ਦੇ ਵਿੱਚ ਲਿਖਿਆ ਹੋਇਆ ਹੈ ਉਹ ਦੀ ਪਾਲਨਾ ਕਰਦੇ ਹਨ, ਕਿਉਂ ਜੋ ਸਮਾ ਨੇੜੇ ਹੈ।” ਜੀ ਹਾਂ, ਸਾਨੂੰ ਪਰਕਾਸ਼ ਦੀ ਪੋਥੀ ਅਤੇ ਪੂਰੇ ਸ਼ਾਸਤਰ ਵਿਚ ਪਾਏ ਜਾਣ ਵਾਲੇ ਪਰਮੇਸ਼ੁਰ ਦੇ ਭਵਿੱਖ-ਸੂਚਕ ਸ਼ਬਦਾਂ ਨੂੰ ਉੱਚੀ ਆਵਾਜ਼ ਵਿਚ ਪੜ੍ਹਨ ਅਤੇ ਸੁਣਨ ਦੀ ਜ਼ਰੂਰਤ ਹੈ। ਅਸਲੀ ਆਨੰਦਿਤ ਵਿਅਕਤੀ ਉਹ ਹੈ ਜੋ “ਯਹੋਵਾਹ ਦੀ ਬਿਵਸਥਾ ਵਿੱਚ ਮਗਨ ਰਹਿੰਦਾ, ਅਤੇ ਦਿਨ ਰਾਤ ਉਸ ਦੀ ਬਿਵਸਥਾ ਉੱਤੇ ਧਿਆਨ ਕਰਦਾ [“ਨੂੰ ਧੀਮੀ ਆਵਾਜ਼ ਵਿਚ ਪੜ੍ਹਦਾ,” ਨਿ ਵ] ਹੈ।” ਨਤੀਜਾ? ‘ਜੋ ਕੁਝ ਉਹ ਕਰੇ ਸੋ ਸਫ਼ਲ ਹੋਵੇਗਾ।’ (ਜ਼ਬੂਰ 1:1-3) ਇਸ ਲਈ, ਚੰਗੇ ਕਾਰਨਾਂ ਦੇ ਲਈ ਯਹੋਵਾਹ ਦਾ ਸੰਗਠਨ ਸਾਨੂੰ ਸਾਰਿਆਂ ਨੂੰ ਵਿਅਕਤੀਗਤ ਤੌਰ ਤੇ, ਪਰਿਵਾਰਾਂ ਦੇ ਤੌਰ ਤੇ, ਅਤੇ ਮਿੱਤਰਾਂ ਦੇ ਨਾਲ ਮਿਲ ਕੇ ਉਸ ਦੇ ਬਚਨ ਨੂੰ ਪੜ੍ਹਨ ਅਤੇ ਅਧਿਐਨ ਕਰਨ ਲਈ ਉਤੇਜਿਤ ਕਰਦਾ ਹੈ।

ਕ੍ਰਿਆਸ਼ੀਲ ਢੰਗ ਨਾਲ ਸੋਚੋ ਅਤੇ ਮਨਨ ਕਰੋ

6. ਯਹੋਸ਼ੁਆ ਨੂੰ ਕੀ ਪੜ੍ਹਨ ਦੇ ਲਈ ਹਿਦਾਇਤ ਦਿੱਤੀ ਗਈ ਸੀ, ਅਤੇ ਇਹ ਕਿਵੇਂ ਲਾਭਦਾਇਕ ਸੀ?

6 ਤੁਸੀਂ ਪਰਮੇਸ਼ੁਰ ਦੇ ਬਚਨ ਅਤੇ ਮਸੀਹੀ ਪ੍ਰਕਾਸ਼ਨਾਂ ਨੂੰ ਪੜ੍ਹਨ ਤੋਂ ਅਤਿ ਅਧਿਕ ਲਾਭ ਕਿਵੇਂ ਹਾਸਲ ਕਰ ਸਕਦੇ ਹੋ? ਸੰਭਵ ਹੈ ਕਿ ਤੁਸੀਂ ਉਸੇ ਤਰ੍ਹਾਂ ਕਰਨਾ ਲਾਭਦਾਇਕ ਪਾਓਗੇ ਜੋ ਪ੍ਰਾਚੀਨ ਇਸਰਾਏਲ ਵਿਚ ਇਕ ਪਰਮੇਸ਼ੁਰ ਦਾ ਭੈ ਰੱਖਣ ਵਾਲਾ ਆਗੂ, ਯਹੋਸ਼ੁਆ ਨੇ ਕੀਤਾ ਸੀ। ਉਸ ਨੂੰ ਹੁਕਮ ਦਿੱਤਾ ਗਿਆ ਸੀ: “ਏਹ ਬਿਵਸਥਾ ਦੀ ਪੋਥੀ ਤੇਰੇ ਮੂੰਹ ਤੋਂ ਕਦੀ ਵੱਖਰੀ ਨਾ ਹੋਵੇ ਸਗੋਂ ਤੂੰ ਦਿਨ ਰਾਤ ਉਸ ਉੱਤੇ ਧਿਆਨ ਰੱਖ [“ਉਸ ਨੂੰ ਧੀਮੀ ਆਵਾਜ਼ ਵਿਚ ਪੜ੍ਹ,” ਨਿ ਵ] ਤਾਂ ਜੋ ਤੂੰ ਉਸ ਸਾਰੇ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ ਚੱਲੇਂ ਤੇ ਉਸ ਨੂੰ ਪੂਰਾ ਕਰੇਂ ਤਾਂ ਤੂੰ ਆਪਣੇ ਮਾਰਗ ਨੂੰ ਸੁਫਲ ਬਣਾਵੇਂਗਾ ਅਤੇ ਤੇਰਾ ਬੋਲ ਬਾਲਾ ਹੋਵੇਗਾ।” (ਯਹੋਸ਼ੁਆ 1:8) ‘ਧੀਮੀ ਆਵਾਜ਼ ਵਿਚ ਪੜ੍ਹਨ’ ਦਾ ਅਰਥ ਹੈ ਨੀਵੀਂ ਆਵਾਜ਼ ਵਿਚ ਆਪਣੇ ਆਪ ਨੂੰ ਸ਼ਬਦ ਸੁਣਾਉਣਾ। ਇਹ ਇਕ ਯਾਦਾਸ਼ਤ ਸਹਾਇਕ ਸਾਧਨ ਹੈ, ਕਿਉਂਕਿ ਇਹ ਸਾਮੱਗਰੀ ਨੂੰ ਮਨ ਵਿਚ ਬਿਠਾ ਦਿੰਦਾ ਹੈ। ਯਹੋਸ਼ੁਆ ਨੇ ਪਰਮੇਸ਼ੁਰ ਦੀ ਬਿਵਸਥਾ ਵਿਚ “ਦਿਨ ਰਾਤ,” ਜਾਂ ਨਿਯਮਿਤ ਤੌਰ ਤੇ ਪੜ੍ਹਨਾ ਸੀ। ਉਹ ਸੀ ਸਫ਼ਲ ਹੋਣ ਦਾ ਅਤੇ ਪਰਮੇਸ਼ੁਰ-ਦਿੱਤ ਜ਼ਿੰਮੇਵਾਰੀਆਂ ਨੂੰ ਨਿਭਾਉਣ ਵਿਚ ਬੁੱਧੀਮਤਾ ਨਾਲ ਕੰਮ ਕਰਨ ਦਾ ਤਰੀਕਾ। ਪਰਮੇਸ਼ੁਰ ਦੇ ਬਚਨ ਦਾ ਅਜਿਹਾ ਨਿਯਮਿਤ ਪਠਨ ਤੁਹਾਨੂੰ ਵੀ ਇਸੇ ਤਰ੍ਹਾਂ ਮਦਦ ਕਰ ਸਕਦਾ ਹੈ।

7. ਜਦੋਂ ਅਸੀਂ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਦੇ ਹਾਂ, ਉਦੋਂ ਸਾਨੂੰ ਰਫ਼ਤਾਰ ਉੱਤੇ ਧਿਆਨ ਕੇਂਦ੍ਰਿਤ ਕਿਉਂ ਨਹੀਂ ਕਰਨਾ ਚਾਹੀਦਾ ਹੈ?

7 ਪਰਮੇਸ਼ੁਰ ਦਾ ਬਚਨ ਪੜ੍ਹਦੇ ਸਮੇਂ, ਰਫ਼ਤਾਰ ਉੱਤੇ ਧਿਆਨ ਕੇਂਦ੍ਰਿਤ ਨਾ ਕਰੋ। ਜੇਕਰ ਤੁਸੀਂ ਬਾਈਬਲ ਜਾਂ ਕਿਸੇ ਮਸੀਹੀ ਪ੍ਰਕਾਸ਼ਨ ਨੂੰ ਪੜ੍ਹਨ ਦੇ ਲਈ ਸਮੇਂ ਦੀ ਇਕ ਅਵਧੀ ਬਿਤਾਉਣ ਦੀ ਯੋਜਨਾ ਬਣਾਈ ਹੈ, ਤਾਂ ਤੁਸੀਂ ਸ਼ਾਇਦ ਹੌਲੀ-ਹੌਲੀ ਪੜ੍ਹਨਾ ਚਾਹੋਗੇ। ਇਹ ਖ਼ਾਸ ਤੌਰ ਤੇ ਉਦੋਂ ਮਹੱਤਵਪੂਰਣ ਹੈ ਜਦੋਂ ਤੁਸੀਂ ਅਹਿਮ ਨੁਕਤਿਆਂ ਨੂੰ ਯਾਦ ਰੱਖਣ ਦੇ ਉਦੇਸ਼ ਨਾਲ ਅਧਿਐਨ ਕਰ ਰਹੇ ਹੁੰਦੇ ਹੋ। ਅਤੇ ਜਦੋਂ ਤੁਸੀਂ ਪੜ੍ਹਦੇ ਹੋ, ਤਾਂ ਕ੍ਰਿਆਸ਼ੀਲ ਢੰਗ ਨਾਲ ਸੋਚੋ। ਬਾਈਬਲ ਲਿਖਾਰੀ ਦੇ ਕਥਨਾਂ ਦਾ ਵਿਸ਼ਲੇਸ਼ਣ ਕਰੋ। ਆਪਣੇ ਆਪ ਨੂੰ ਪੁੱਛੋ, ‘ਉਸ ਦਾ ਮਕਸਦ ਕੀ ਹੈ? ਮੈਂ ਇਸ ਜਾਣਕਾਰੀ ਨੂੰ ਕਿਵੇਂ ਲਾਗੂ ਕਰ ਸਕਦਾ ਹਾਂ?’

8. ਸ਼ਾਸਤਰ ਪੜ੍ਹਦੇ ਸਮੇਂ ਮਨਨ ਕਰਨਾ ਕਿਉਂ ਲਾਭਦਾਇਕ ਹੈ?

8 ਪਵਿੱਤਰ ਸ਼ਾਸਤਰ ਪੜ੍ਹਦੇ ਸਮੇਂ ਮਨਨ ਕਰਨ ਦੇ ਲਈ ਸਮਾਂ ਲਗਾਓ। ਇਹ ਤੁਹਾਨੂੰ ਬਾਈਬਲ ਬਿਰਤਾਂਤ ਨੂੰ ਚੇਤੇ ਰੱਖਣ ਅਤੇ ਸ਼ਾਸਤਰ ਸੰਬੰਧੀ ਸਿਧਾਂਤਾਂ ਨੂੰ ਲਾਗੂ ਕਰਨ ਵਿਚ ਮਦਦ ਕਰੇਗਾ। ਪਰਮੇਸ਼ੁਰ ਦੇ ਬਚਨ ਉੱਤੇ ਮਨਨ ਕਰਨਾ ਅਤੇ ਇਸ ਤਰ੍ਹਾਂ ਨੁਕਤਿਆਂ ਨੂੰ ਆਪਣੇ ਮਨ ਵਿਚ ਚੇਤੇ ਰੱਖਣਾ ਤੁਹਾਨੂੰ ਦਿਲੋਂ ਬੋਲਣ ਦੇ ਯੋਗ ਵੀ ਬਣਾਵੇਗਾ, ਅਤੇ ਸੁਹਿਰਦ ਪੁੱਛ-ਗਿੱਛ ਕਰਨ ਵਾਲਿਆਂ ਨੂੰ, ਅਜਿਹੀ ਕੋਈ ਗੱਲ ਕਹਿਣ ਦੀ ਬਜਾਇ ਜੋ ਤੁਸੀਂ ਸ਼ਾਇਦ ਬਾਅਦ ਵਿਚ ਪਛਤਾਓ, ਸਹੀ ਜਵਾਬ ਦਿੱਤੇ ਜਾਣਗੇ। ਇਕ ਈਸ਼ਵਰੀ ਰੂਪ ਵਿਚ ਪ੍ਰੇਰਿਤ ਕਹਾਵਤ ਕਹਿੰਦੀ ਹੈ: “ਧਰਮੀ ਦਾ ਮਨ ਸੋਚ ਕੇ ਉੱਤਰ ਦਿੰਦਾ ਹੈ।”—ਕਹਾਉਤਾਂ 15:28.

ਨਵੇਂ ਨੁਕਤਿਆਂ ਦਾ ਪੁਰਾਣਿਆਂ ਨਾਲ ਸੰਬੰਧ ਜੋੜੋ

9, 10. ਨਵੇਂ ਸ਼ਾਸਤਰ ਸੰਬੰਧੀ ਨੁਕਤਿਆਂ ਨੂੰ ਉਨ੍ਹਾਂ ਨਾਲ ਸੰਬੰਧ ਜੋੜਨਾ, ਜਿਨ੍ਹਾਂ ਨੂੰ ਤੁਸੀਂ ਪਹਿਲਾਂ ਤੋਂ ਹੀ ਜਾਣਦੇ ਹੋ, ਤੁਹਾਡੇ ਬਾਈਬਲ ਪਠਨ ਦੇ ਮੁੱਲ ਨੂੰ ਕਿਵੇਂ ਵਧਾ ਸਕਦਾ ਹੈ?

9 ਅਧਿਕਤਰ ਮਸੀਹੀਆਂ ਨੂੰ ਕਬੂਲ ਕਰਨਾ ਪਵੇਗਾ ਕਿ ਇਕ ਸਮੇਂ ਤੇ ਉਹ ਪਰਮੇਸ਼ੁਰ, ਉਸ ਦੇ ਬਚਨ, ਅਤੇ ਉਸ ਦਿਆਂ ਮਕਸਦਾਂ ਬਾਰੇ ਘੱਟ ਹੀ ਜਾਣਦੇ ਸਨ। ਪਰੰਤੂ, ਅੱਜ ਇਹ ਮਸੀਹੀ ਸੇਵਕ, ਸ੍ਰਿਸ਼ਟੀ ਅਤੇ ਪਾਪ ਵਿਚ ਮਨੁੱਖ ਦੇ ਪਤਨ ਤੋਂ ਸ਼ੁਰੂ ਕਰਦੇ ਹੋਏ, ਮਸੀਹ ਦੇ ਬਲੀਦਾਨ ਦੇ ਮਕਸਦ ਨੂੰ ਸਮਝਾ ਸਕਦੇ ਹਨ, ਇਸ ਦੁਸ਼ਟ ਰੀਤੀ-ਵਿਵਸਥਾ ਦੇ ਵਿਨਾਸ਼ ਬਾਰੇ ਦੱਸ ਸਕਦੇ ਹਨ, ਅਤੇ ਇਹ ਦਿਖਾ ਸਕਦੇ ਹਨ ਕਿ ਕਿਵੇਂ ਆਗਿਆਕਾਰ ਮਨੁੱਖਜਾਤੀ ਪਰਾਦੀਸ ਧਰਤੀ ਉੱਤੇ ਸਦੀਪਕ ਜੀਵਨ ਨਾਲ ਵਰੋਸਾਈ ਜਾਵੇਗੀ। ਇਹ ਕਾਫ਼ੀ ਹੱਦ ਤਕ ਇਸ ਲਈ ਮੁਮਕਿਨ ਹੈ ਕਿਉਂਕਿ ਯਹੋਵਾਹ ਦੇ ਇਨ੍ਹਾਂ ਸੇਵਕਾਂ ਨੇ ਬਾਈਬਲ ਅਤੇ ਮਸੀਹੀ ਪ੍ਰਕਾਸ਼ਨਾਂ ਦਾ ਅਧਿਐਨ ਕਰਨ ਦੇ ਦੁਆਰਾ “ਪਰਮੇਸ਼ੁਰ ਦੇ ਗਿਆਨ” ਨੂੰ ਹਾਸਲ ਕੀਤਾ ਹੈ। (ਕਹਾਉਤਾਂ 2:1-5) ਹੌਲੀ-ਹੌਲੀ ਉਨ੍ਹਾਂ ਨੇ ਸਿੱਖੇ ਹੋਏ ਨਵੇਂ ਨੁਕਤਿਆਂ ਨੂੰ ਪਹਿਲਾਂ ਸਮਝੇ ਹੋਏ ਪੁਰਾਣੇ ਨੁਕਤਿਆਂ ਨਾਲ ਸੰਬੰਧ ਜੋੜਿਆ ਹੈ।

10 ਨਵੇਂ ਸ਼ਾਸਤਰ ਸੰਬੰਧੀ ਨੁਕਤਿਆਂ ਨੂੰ ਉਨ੍ਹਾਂ ਦੇ ਨਾਲ ਸੰਬੰਧ ਜੋੜਨਾ, ਜਿਨ੍ਹਾਂ ਨੂੰ ਤੁਸੀਂ ਪਹਿਲਾਂ ਤੋਂ ਹੀ ਜਾਣਦੇ ਹੋ, ਲਾਭਦਾਇਕ ਅਤੇ ਫਲਦਾਇਕ ਹੈ। (ਯਸਾਯਾਹ 48:17) ਜਦੋਂ ਬਾਈਬਲ ਨਿਯਮ, ਸਿਧਾਂਤ, ਜਾਂ ਕੁਝ-ਕੁ ਅਸਪੱਸ਼ਟ ਵਿਚਾਰ ਵੀ ਪੇਸ਼ ਕੀਤੇ ਜਾਂਦੇ ਹਨ, ਤਾਂ ਇਨ੍ਹਾਂ ਦਾ ਉਨ੍ਹਾਂ ਗੱਲਾਂ ਨਾਲ ਸੰਬੰਧ ਜੋੜੋ ਜੋ ਤੁਸੀਂ ਪਹਿਲਾਂ ਤੋਂ ਹੀ ਜਾਣਦੇ ਹੋ। “ਖਰੀਆਂ ਗੱਲਾਂ ਦੇ ਨਮੂਨੇ” ਬਾਰੇ ਤੁਸੀਂ ਜੋ ਕੁਝ ਸਿੱਖਿਆ ਹੈ, ਉਸ ਦੇ ਅਨੁਸਾਰ ਜਾਣਕਾਰੀ ਨੂੰ ਅਨੁਕੂਲ ਬਣਾਓ। (2 ਤਿਮੋਥਿਉਸ 1:13) ਅਜਿਹੀ ਜਾਣਕਾਰੀ ਨੂੰ ਭਾਲੋ ਜੋ ਸ਼ਾਇਦ ਪਰਮੇਸ਼ੁਰ ਦੇ ਨਾਲ ਤੁਹਾਡੇ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ, ਤੁਹਾਡੇ ਮਸੀਹੀ ਵਿਅਕਤਿੱਤਵ ਨੂੰ ਸੁਧਾਰਣ ਲਈ, ਜਾਂ ਦੂਜਿਆਂ ਦੇ ਨਾਲ ਬਾਈਬਲ ਸੱਚਾਈਆਂ ਨੂੰ ਸਾਂਝਿਆਂ ਕਰਨ ਲਈ ਤੁਹਾਡੀ ਮਦਦ ਕਰ ਸਕੇ।

11. ਜਦੋਂ ਤੁਸੀਂ ਅਜਿਹਾ ਕੁਝ ਪੜ੍ਹਦੇ ਹੋ ਜੋ ਬਾਈਬਲ ਆਚਰਣ ਦੇ ਬਾਰੇ ਕਹਿੰਦੀ ਹੈ, ਤਾਂ ਤੁਸੀਂ ਸ਼ਾਇਦ ਕੀ ਕਰ ਸਕਦੇ ਹੋ? ਉਦਾਹਰਣ ਦਿਓ।

11 ਜਦੋਂ ਤੁਸੀਂ ਅਜਿਹਾ ਕੁਝ ਪੜ੍ਹਦੇ ਹੋ ਜੋ ਬਾਈਬਲ ਆਚਰਣ ਦੇ ਬਾਰੇ ਕਹਿੰਦੀ ਹੈ, ਤਾਂ ਇਸ ਵਿਚ ਅੰਤਰਗ੍ਰਸਤ ਸਿਧਾਂਤ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇਸ ਉੱਤੇ ਮਨਨ ਕਰੋ, ਅਤੇ ਫ਼ੈਸਲਾ ਕਰੋ ਕਿ ਸਮਾਨ ਪਰਿਸਥਿਤੀਆਂ ਅਧੀਨ ਤੁਸੀਂ ਕੀ ਕਰਦੇ। ਯਾਕੂਬ ਦੇ ਪੁੱਤਰ ਯੂਸੁਫ਼ ਨੇ ਪੋਟੀਫ਼ਰ ਦੀ ਪਤਨੀ ਨਾਲ ਲਿੰਗੀ ਅਨੈਤਿਕਤਾ ਵਿਚ ਭਾਗ ਲੈਣ ਤੋਂ ਲਗਾਤਾਰ ਇਨਕਾਰ ਕੀਤਾ, ਇਹ ਪੁੱਛਦਾ ਹੋਇਆ: “ਮੈਂ ਐੱਡੀ ਵੱਡੀ ਬੁਰਿਆਈ ਅਤੇ ਪਾਪ ਪਰਮੇਸ਼ੁਰ ਦੇ ਵਿਰੁੱਧ ਕਿਵੇਂ ਕਰਾਂ?” (ਉਤਪਤ 39:7-9) ਇਸ ਪ੍ਰਭਾਵਸ਼ਾਲੀ ਬਿਰਤਾਂਤ ਵਿਚ, ਤੁਸੀਂ ਇਕ ਬੁਨਿਆਦੀ ਸਿਧਾਂਤ ਪਾਉਂਦੇ ਹੋ—ਲਿੰਗੀ ਅਨੈਤਿਕਤਾ ਪਰਮੇਸ਼ੁਰ ਦੇ ਵਿਰੁੱਧ ਇਕ ਪਾਪ ਹੈ। ਤੁਸੀਂ ਮਾਨਸਿਕ ਤੌਰ ਤੇ ਇਸ ਸਿਧਾਂਤ ਨੂੰ ਪਰਮੇਸ਼ੁਰ ਦੇ ਬਚਨ ਵਿਚ ਪਾਏ ਜਾਣ ਵਾਲੇ ਦੂਸਰੇ ਕਥਨਾਂ ਨਾਲ ਸੰਬੰਧ ਜੋੜ ਸਕਦੇ ਹੋ, ਅਤੇ ਜੇਕਰ ਤੁਸੀਂ ਅਜਿਹੇ ਪਾਪ ਵਿਚ ਭਾਗ ਲੈਣ ਦੇ ਲਈ ਪਰਤਾਏ ਜਾਂਦੇ ਹੋ, ਤਾਂ ਤੁਸੀਂ ਇਸ ਨੂੰ ਲਾਭ ਸਹਿਤ ਯਾਦ ਕਰ ਸਕਦੇ ਹੋ।—1 ਕੁਰਿੰਥੀਆਂ 6:9-11.

ਸ਼ਾਸਤਰ ਸੰਬੰਧੀ ਘਟਨਾਵਾਂ ਦੀ ਕਲਪਨਾ ਕਰੋ

12. ਜਿਉਂ-ਜਿਉਂ ਤੁਸੀਂ ਬਾਈਬਲ ਬਿਰਤਾਂਤਾਂ ਨੂੰ ਪੜ੍ਹਦੇ ਹੋ, ਉਨ੍ਹਾਂ ਦੀ ਕਲਪਨਾ ਕਿਉਂ ਕਰਨੀ ਚਾਹੀਦੀ ਹੈ?

12 ਆਪਣੇ ਮਨ ਵਿਚ ਨੁਕਤਿਆਂ ਨੂੰ ਬਿਠਾਉਣ ਦੇ ਲਈ, ਜਿਉਂ ਹੀ ਤੁਸੀਂ ਪੜ੍ਹਦੇ ਜਾਂਦੇ ਹੋ, ਉਨ੍ਹਾਂ ਗੱਲਾਂ ਦੀ ਕਲਪਨਾ ਕਰੋ ਜੋ ਵਾਪਰ ਰਹੀਆਂ ਹਨ। ਆਪਣੇ ਮਨ ਵਿਚ ਉਸ ਖੇਤਰ, ਉਨ੍ਹਾਂ ਘਰਾਂ, ਉਨ੍ਹਾਂ ਲੋਕਾਂ ਨੂੰ ਦੇਖੋ। ਉਨ੍ਹਾਂ ਦੀਆਂ ਆਵਾਜ਼ਾਂ ਨੂੰ ਸੁਣੋ। ਤੰਦੂਰ ਵਿਚ ਪਕਦੀ ਰੋਟੀ ਨੂੰ ਸੁੰਘੋ। ਦ੍ਰਿਸ਼ਾਂ ਨੂੰ ਕਲਪਨਾ ਵਿਚ ਲਿਆਓ। ਤਦ ਤੁਹਾਡਾ ਪਠਨ ਇਕ ਪ੍ਰਭਾਵਸ਼ਾਲੀ ਅਨੁਭਵ ਹੋਵੇਗਾ, ਕਿਉਂਕਿ ਤੁਸੀਂ ਸ਼ਾਇਦ ਇਕ ਪ੍ਰਾਚੀਨ ਸ਼ਹਿਰ ਨੂੰ “ਦੇਖ” ਸਕੋਗੇ, ਇਕ ਬੁਲੰਦ ਪਹਾੜ ਉੱਤੇ ਚੜ੍ਹੋਗੇ, ਸ੍ਰਿਸ਼ਟੀ ਦਿਆਂ ਚਮਤਕਾਰਾਂ ਉੱਤੇ ਹੈਰਾਨ ਹੋਵੋਗੇ, ਜਾਂ ਵੱਡੀ ਨਿਹਚਾ ਵਾਲੇ ਆਦਮੀਆਂ ਅਤੇ ਔਰਤਾਂ ਦੇ ਨਾਲ ਸੰਗਤ ਕਰੋਗੇ।

13. ਨਿਆਈਆਂ 7:19-22 ਵਿਚ ਦਰਜ ਗੱਲ ਨੂੰ ਤੁਸੀਂ ਕਿਵੇਂ ਵਰਣਨ ਕਰੋਗੇ?

13 ਫ਼ਰਜ਼ ਕਰੋ ਕਿ ਤੁਸੀਂ ਨਿਆਈਆਂ 7:19-22 ਪੜ੍ਹ ਰਹੇ ਹੋ। ਵਾਪਰ ਰਹੀਆਂ ਗੱਲਾਂ ਦੀ ਕਲਪਨਾ ਕਰੋ। ਨਿਆਈ ਗਿਦਾਊਨ ਅਤੇ ਤਿੰਨ ਸੌ ਬਹਾਦਰ ਇਸਰਾਏਲੀ ਮਨੁੱਖਾਂ ਨੇ ਮਿਦਯਾਨੀਆਂ ਦੀ ਛਾਉਣੀ ਦੇ ਕੰਢੇ ਆਪਣੀਆਂ ਥਾਵਾਂ ਲੈ ਲਈਆਂ ਹਨ। ਤਕਰੀਬਨ ਸ਼ਾਮ ਦੇ ਦਸ ਵੱਜੇ ਹਨ, ਅਰਥਾਤ “ਦੂਜੇ ਪਹਿਰੇ” ਦਾ ਆਰੰਭ। ਮਿਦਯਾਨੀ ਪਹਿਰੇਦਾਰ ਹੁਣੇ ਬਦਲੇ ਹਨ, ਅਤੇ ਹਨੇਰਾ ਇਸਰਾਏਲ ਦੇ ਸੁੱਤੇ ਹੋਏ ਦੁਸ਼ਮਣਾਂ ਦੀ ਛਾਉਣੀ ਨੂੰ ਢੱਕਦਾ ਹੈ। ਦੇਖੋ! ਗਿਦਾਊਨ ਅਤੇ ਉਸ ਦੇ ਆਦਮੀ ਤੁਰ੍ਹੀਆਂ ਦੇ ਨਾਲ ਲੈਸ ਹਨ। ਉਨ੍ਹਾਂ ਦੇ ਕੋਲ ਵੱਡੇ-ਵੱਡੇ ਘੜੇ ਹਨ ਜੋ ਉਨ੍ਹਾਂ ਦਿਆਂ ਖੱਬੇ ਹੱਥਾਂ ਵਿਚ ਫੜੀਆਂ ਹੋਈਆਂ ਮਸ਼ਾਲਾਂ ਨੂੰ ਢੱਕਦੇ ਹਨ। ਅਚਾਨਕ, ਸੌ-ਸੌ ਦੀਆਂ ਤਿੰਨਾਂ ਟੋਲੀਆਂ ਨੇ ਤੁਰ੍ਹੀਆਂ ਵਜਾਈਆਂ, ਘੜੇ ਭੰਨੇ, ਮਸ਼ਾਲਾਂ ਉਤਾਹਾਂ ਨੂੰ ਚੁੱਕੀਆਂ, ਅਤੇ ਹਾਕ ਮਾਰੀ: “ਪਰਮੇਸ਼ੁਰ ਦੀ ਅਤੇ ਗਿਦਾਊਨ ਦੀ ਤੇਗ!” ਤੁਸੀਂ ਛਾਉਣੀ ਨੂੰ ਦੇਖਦੇ ਹੋ। ਕਿਉਂ, ਮਿਦਯਾਨੀ ਭੱਜਣ ਲੱਗਦੇ ਹਨ ਅਤੇ ਚਿਲਾਉਣਾ ਸ਼ੁਰੂ ਕਰ ਦਿੰਦੇ ਹਨ! ਜਿਉਂ ਹੀ ਤਿੰਨ ਸੌ ਮਨੁੱਖ ਆਪਣੀਆਂ ਤੁਰ੍ਹੀਆਂ ਵਜਾਉਣੀਆਂ ਜਾਰੀ ਰੱਖਦੇ ਹਨ, ਪਰਮੇਸ਼ੁਰ ਮਿਦਯਾਨੀਆਂ ਦੀਆਂ ਤਲਵਾਰਾਂ ਇਕ ਦੂਜੇ ਦੇ ਵਿਰੁੱਧ ਚਲਵਾ ਦਿੰਦਾ ਹੈ। ਮਿਦਯਾਨ ਭਜਾ ਦਿੱਤਾ ਗਿਆ ਹੈ, ਅਤੇ ਯਹੋਵਾਹ ਨੇ ਇਸਰਾਏਲ ਨੂੰ ਵਿਜੈ ਦੇ ਦਿੱਤੀ ਹੈ।

ਬਹੁਮੁੱਲੇ ਸਬਕ ਸਿੱਖਣਾ

14. ਇਕ ਬੱਚੇ ਨੂੰ ਨਿਮਰ ਹੋਣ ਦੀ ਜ਼ਰੂਰਤ ਸਿਖਾਉਣ ਦੇ ਲਈ ਨਿਆਈਆਂ ਅਧਿਆਇ 9 ਨੂੰ ਸ਼ਾਇਦ ਕਿਵੇਂ ਇਸਤੇਮਾਲ ਕੀਤਾ ਜਾ ਸਕਦਾ ਹੈ?

14 ਪਰਮੇਸ਼ੁਰ ਦੇ ਬਚਨ ਪੜ੍ਹਨ ਨਾਲ, ਅਸੀਂ ਅਨੇਕ ਸਬਕ ਸਿੱਖ ਸਕਦੇ ਹਾਂ। ਉਦਾਹਰਣ ਦੇ ਲਈ, ਸ਼ਾਇਦ ਤੁਸੀਂ ਆਪਣੇ ਬੱਚਿਆਂ ਨੂੰ ਨਿਮਰ ਹੋਣ ਦੀ ਜ਼ਰੂਰਤ ਬਾਰੇ ਪ੍ਰਭਾਵਿਤ ਕਰਨਾ ਚਾਹੁੰਦੇ ਹੋ। ਖ਼ੈਰ, ਗਿਦਾਊਨ ਦੇ ਪੁੱਤਰ ਯੋਥਾਮ ਦੀ ਭਵਿੱਖਬਾਣੀ ਵਿਚ ਲਿਖੀ ਹੋਈ ਗੱਲ ਦੀ ਕਲਪਨਾ ਕਰਨੀ ਅਤੇ ਉਸ ਦੀ ਮਹੱਤਤਾ ਨੂੰ ਸਮਝ­ਣਾ ਸੌਖਾ ਹੋਣਾ ਚਾਹੀਦਾ ਹੈ। ਨਿਆਈਆਂ 9:8 ਤੋਂ ਪੜ੍ਹਨਾ ਸ਼ੁਰੂ ਕਰੋ। “ਇੱਕ ਵਾਰੀ,” ਯੋਥਾਮ ਨੇ ਕਿਹਾ, “ਬਿਰਛ ਆਪਣੇ ਉੱਤੇ ਰਾਜਾ ਮਸਹ ਕਰਨ ਲਈ ਨਿੱਕਲੇ।” ਜ਼ੈਤੂਨ ਦੇ ਬਿਰਛ, ਅੰਜੀਰ ਦੇ ਬਿਰਛ, ਅਤੇ ਦਾਖ ਨੇ ਸ਼ਾਸਨ ਕਰਨ ਤੋਂ ਇਨਕਾਰ ਕਰ ਦਿੱਤਾ। ਪਰੰਤੂ ਨੀਵਾਂ ਕਰੀਰ ਇਕ ਸ਼ਾਸਕ ਬਣਨ ਲਈ ਖ਼ੁਸ਼ ਸੀ। ਆਪਣੇ ਬੱਚਿਆਂ ਲਈ ਇਹ ਬਿਰਤਾਂਤ ਉੱਚੀ ਆਵਾਜ਼ ਵਿਚ ਪੜ੍ਹਨ ਤੋਂ ਬਾਅਦ, ਤੁਸੀਂ ਸ਼ਾਇਦ ਸਮਝਾ ਸਕਦੇ ਹੋ ਕਿ ਕੀਮਤੀ ਪੌਦੇ ਉਨ੍ਹਾਂ ਯੋਗ ਵਿਅਕਤੀਆਂ ਨੂੰ ਦਰਸਾਉਂਦੇ ਸਨ ਜਿਨ੍ਹਾਂ ਨੇ ਆਪਣੇ ਸੰਗੀ ਇਸਰਾਏਲੀਆਂ ਦੇ ਉੱਤੇ ਰਾਜਤਵ ਦੀ ਪਦਵੀ ਨਹੀਂ ਭਾਲੀ। ਕਰੀਰ ਜੋ ਕੇਵਲ ਬਾਲਣ ਦੇ ਹੀ ਕੰਮ ਆਉਂਦਾ ਸੀ, ਉਸ ਘਮੰਡੀ ਅਬੀਮਲਕ ਦੇ ਰਾਜਤਵ ਨੂੰ ਦਰਸਾਉਂਦਾ ਹੈ, ਜੋ ਦੂਜਿਆਂ ਉੱਤੇ ਪ੍ਰਬਲ ਹੋਣ ਦੀ ਇੱਛਾ ਰੱਖਣ ਵਾਲਾ ਇਕ ਕਾਤਲ ਸੀ, ਪਰੰਤੂ ਯੋਥਾਮ ਦੀ ਭਵਿੱਖਬਾਣੀ ਦੀ ਪੂਰਤੀ ਵਿਚ ਨਾਸ਼ ਹੋ ਗਿਆ। (ਨਿਆਈਆਂ, ਅਧਿਆਇ 9) ਕਿਹੜਾ ਬੱਚਾ ਵੱਡਾ ਹੋ ਕੇ ਇਕ ਕਰੀਰ ਦੇ ਵਾਂਗ ਬਣਨਾ ਚਾਹੇਗਾ?

15. ਰੂਥ ਨਾਮਕ ਪੋਥੀ ਵਿਚ ਨਿਸ਼ਠਾ ਦੀ ਮਹੱਤਤਾ ਨੂੰ ਕਿਵੇਂ ਉਜਾਗਰ ਕੀਤਾ ਗਿਆ ਹੈ?

15 ਰੂਥ ਨਾਮਕ ਬਾਈਬਲ ਪੋਥੀ ਵਿਚ ਨਿਸ਼ਠਾ ਦੀ ਮਹੱਤਤਾ ਸਪੱਸ਼ਟ ਕੀਤੀ ਗਈ ਹੈ। ਫ਼ਰਜ਼ ਕਰੋ ਕਿ ਤੁਹਾਡੇ ਪਰਿਵਾਰ ਦੇ ਸਦੱਸ ਵਾਰੀ ਵਾਰੀ ਉਸ ਬਿਰਤਾਂਤ ਨੂੰ ਉੱਚੀ ਆਵਾਜ਼ ਵਿਚ ਪੜ੍ਹ ਰਹੇ ਹਨ ਅਤੇ ਇਸ ਵਿਚ ਦੱਸੀਆਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ। ਤੁਸੀਂ ਮੋਆਬੀ ਰੂਥ ਨੂੰ ਆਪਣੀ ਵਿਧਵਾ ਸੱਸ, ਨਾਓਮੀ ਦੇ ਨਾਲ ਬੈਤਲਹਮ ਜਾਂਦੇ ਹੋਏ ਦੇਖਦੇ ਹੋ, ਅਤੇ ਤੁਸੀਂ ਰੂਥ ਨੂੰ ਇਹ ਕਹਿੰਦੇ ਹੋਏ ਸੁਣਦੇ ਹੋ: “ਤੇਰੇ ਲੋਕ ਸੋ ਮੇਰੇ ਲੋਕ ਅਤੇ ਤੇਰਾ ਪਰਮੇਸ਼ੁਰ ਸੋ ਮੇਰਾ ਪਰਮੇਸ਼ੁਰ ਹੋਵੇਗਾ।” (ਰੂਥ 1:16) ਮਿਹਨਤੀ ਰੂਥ ਬੋਅਜ਼ ਦੀ ਪੈਲੀ ਵਿਚ ਵਾਢਿਆਂ ਦੇ ਮਗਰ-ਮਗਰ ਸਿਲਾ ਚੁਗਦੀ ਹੋਈ ਨਜ਼ਰ ਆਉਂਦੀ ਹੈ। ਤੁਸੀਂ ਬੋਅਜ਼ ਨੂੰ ਉਸ ਦੀ ਸ਼ਲਾਘਾ ਕਰਦੇ ਹੋਏ, ਇਹ ਕਹਿੰਦੇ ਹੋਏ ਸੁਣਦੇ ਹੋ: “ਮੇਰੇ ਲੋਕਾਂ ਦੀ ਸਾਰੀ ਪਰਿਹਾ ਜਾਣਦੀ ਹੈ ਜੋ ਤੂੰ ਸਤਵੰਤੀ ਇਸਤ੍ਰੀ ਹੈਂ।” (ਰੂਥ 3:11) ਥੋੜ੍ਹੀ ਦੇਰ ਬਾਅਦ, ਬੋਅਜ਼ ਰੂਥ ਨਾਲ ਵਿਆਹ ਕਰ ਲੈਂਦਾ ਹੈ। ਕਰੇਵੇ ਦੇ ਲਈ ਪ੍ਰਬੰਧ ਦੀ ਇਕਸਾਰਤਾ ਵਿਚ, ਉਹ ਬੋਅਜ਼ ਤੋਂ “ਨਾਓਮੀ ਦੇ ਲਈ” ਇਕ ਪੁੱਤਰ ਪੈਦਾ ਕਰਦੀ ਹੈ। ਰੂਥ ਦਾਊਦ ਦੀ ਅਤੇ ਆਖ਼ਰਕਾਰ ਯਿਸੂ ਮਸੀਹ ਦੀ ਇਕ ਵਡਿੱਕੀ ਬਣਦੀ ਹੈ। ਇਸ ਤਰ੍ਹਾਂ ਉਸ ਨੇ ਇਕ “ਪੂਰਾ ਵੱਟਾ” ਪਾਇਆ। ਇਸ ਤੋਂ ਇਲਾਵਾ, ਸ਼ਾਸਤਰ ਸੰਬੰਧੀ ਬਿਰਤਾਂਤ ਨੂੰ ਪੜ੍ਹਨ ਵਾਲੇ ਵਿਅਕਤੀ ਇਕ ਬਹੁਮੁੱਲਾ ਸਬਕ ਸਿੱਖਦੇ ਹਨ: ਯਹੋਵਾਹ ਦੇ ਪ੍ਰਤੀ ਨਿਸ਼ਠਾਵਾਨ ਰਹੋ, ਅਤੇ ਤੁਹਾਨੂੰ ਭਰਪੂਰ ਬਰਕਤਾਂ ਮਿਲਣਗੀਆਂ।—ਰੂਥ 2:12; 4:17-22; ਕਹਾਉਤਾਂ 10:22; ਮੱਤੀ 1:1, 5, 6.

16. ਤਿੰਨ ਇਬਰਾਨੀਆਂ ਨੇ ਕਿਹੜੀ ਅਜ਼ਮਾਇਸ਼ ਦਾ ਸਾਮ੍ਹਣਾ ਕੀਤਾ, ਅਤੇ ਇਹ ਬਿਰਤਾਂਤ ਸਾਨੂੰ ਕਿਵੇਂ ਮਦਦ ਕਰ ਸਕਦਾ ਹੈ?

16 ਸ਼ਦਰਕ, ਮੇਸ਼ਕ, ਅਤੇ ਅਬਦ-ਨਗੋ ਨਾਮਕ ਇਬਰਾਨੀਆਂ ਦਾ ਬਿਰਤਾਂਤ ਸਾਨੂੰ ਅਜ਼ਮਾਇਸ਼ੀ ਪਰਿਸਥਿਤੀਆਂ ਵਿਚ ਪਰਮੇਸ਼ੁਰ ਦੇ ਪ੍ਰਤੀ ਵਫ਼ਾਦਾਰ ਰਹਿਣ ਵਿਚ ਮਦਦ ਕਰ ਸਕਦਾ ਹੈ। ਜਿਉਂ-ਜਿਉਂ ਦਾਨੀਏਲ ਅਧਿਆਇ 3 ਨੂੰ ਉੱਚੀ ਆਵਾਜ਼ ਵਿਚ ਪੜ੍ਹਿਆ ਜਾਂਦਾ ਹੈ, ਉਸ ਘਟਨਾ ਦੀ ਕਲਪਨਾ ਕਰੋ। ਸੋਨੇ ਦੀ ਇਕ ਵਿਸ਼ਾਲ ਮੂਰਤ ਦੂਰਾ ਦੇ ਮੈਦਾਨ ਵਿਚ ਉੱਚੀ ਖੜ੍ਹੀ ਹੈ, ਜਿੱਥੇ ਬਾਬਲੀ ਅਧਿਕਾਰੀ ਇਕੱਠੇ ਹੋਏ ਹਨ। ਸੰਗੀਤਕ ਸਾਜ਼ ਦੀ ਆਵਾਜ਼ ਤੇ, ਉਹ ਡਿੱਗ ਕੇ ਉਸ ਮੂਰਤ ਦੀ ਉਪਾਸਨਾ ਕਰਦੇ ਹਨ ਜਿਸ ਨੂੰ ਰਾਜਾ ਨਬੂਕਦਨੱਸਰ ਨੇ ਖੜ੍ਹਾ ਕੀਤਾ ਹੈ। ਯਾਨੀ, ਸ਼ਦਰਕ, ਮੇਸ਼ਕ, ਅਤੇ ਅਬਦ-ਨਗੋ ਨੂੰ ਛੱਡ ਸਾਰੇ ਇੰਜ ਕਰਦੇ ਹਨ। ਆਦਰਪੂਰਣ, ਪਰੰਤੂ ਦ੍ਰਿੜ੍ਹਤਾ ਨਾਲ, ਉਹ ਰਾਜਾ ਨੂੰ ਦੱਸਦੇ ਹਨ ਕਿ ਉਹ ਉਸ ਦੇ ਦੇਵਤਿਆਂ ਦੀ ਸੇਵਾ ਅਤੇ ਉਸ ਦੀ ਸੋਨੇ ਦੀ ਮੂਰਤ ਦੀ ਉਪਾਸਨਾ ਨਹੀਂ ਕਰਨਗੇ। ਇਨ੍ਹਾਂ ਜਵਾਨ ਇਬਰਾਨੀਆਂ ਨੂੰ ਅਤਿ-ਤਪੀ ਭੱਠੀ ਵਿਚ ਸੁੱਟ ਦਿੱਤਾ ਜਾਂਦਾ ਹੈ। ਪਰੰਤੂ ਕੀ ਹੁੰਦਾ ਹੈ? ਅੰਦਰ ਝਾਕਦੇ ਹੋਏ, ਰਾਜਾ ਚਾਰ ਰਿਸ਼ਟ-ਪੁਸ਼ਟ ਆਦਮੀਆਂ ਨੂੰ ਦੇਖਦਾ ਹੈ, ਉਨ੍ਹਾਂ ਵਿੱਚੋਂ ਇਕ “ਦਾ ਸਰੂਪ ਦਿਓਤਿਆਂ ਦੇ ਪੁੱਤ੍ਰ ਦਾ ਹੈ।” (ਦਾਨੀਏਲ 3:25) ਇਨ੍ਹਾਂ ਤਿੰਨਾਂ ਇਬਰਾਨੀਆਂ ਨੂੰ ਭੱਠੀ ਵਿੱਚੋਂ ਬਾਹਰ ਲਿਆਇਆ ਜਾਂਦਾ ਹੈ, ਅਤੇ ਨਬੂਕਦਨੱਸਰ ਉਨ੍ਹਾਂ ਦੇ ਪਰਮੇਸ਼ੁਰ ਦਾ ਗੁਣ-ਗਾਨ ਕਰਦਾ ਹੈ। ਇਸ ਬਿਰਤਾਂਤ ਦੀ ਕਲਪਨਾ ਕਰਨੀ ਫਲਦਾਇਕ ਰਹੀ ਹੈ। ਅਤੇ ਅਜ਼ਮਾਇਸ਼ ਦੇ ਅਧੀਨ ਯਹੋਵਾਹ ਦੇ ਪ੍ਰਤੀ ਵਫ਼ਾਦਾਰੀ ਦੇ ਸੰਬੰਧ ਵਿਚ ਇਹ ਕੀ ਹੀ ਇਕ ਸਬਕ ਪੇਸ਼ ਕਰਦਾ ਹੈ!

ਇਕ ਪਰਿਵਾਰ ਦੇ ਤੌਰ ਤੇ ਬਾਈਬਲ ਪੜ੍ਹਨ ਤੋਂ ਲਾਭ ਪ੍ਰਾਪਤ ਕਰੋ

17. ਸੰਖੇਪ ਵਿਚ ਉਨ੍ਹਾਂ ਕੁਝ ਲਾਭਦਾਇਕ ਗੱਲਾਂ ਦਾ ਉਦਾਹਰਣ ਦਿਓ ਜੋ ਤੁਹਾਡਾ ਪਰਿਵਾਰ ਇਕੱਠਾ ਮਿਲ ਕੇ ਬਾਈਬਲ ਪੜ੍ਹਨ ਦੇ ਦੁਆਰਾ ਸਿੱਖ ਸਕਦਾ ਹੈ।

17 ਤੁਹਾਡਾ ਪਰਿਵਾਰ ਅਨੇਕ ਲਾਭ ਦਾ ਆਨੰਦ ਮਾਣ ਸਕਦਾ ਹੈ ਜੇਕਰ ਤੁਸੀਂ ਨਿਯਮਿਤ ਤੌਰ ਤੇ ਇਕੱਠੇ ਮਿਲ ਕੇ ਬਾਈਬਲ ਪੜ੍ਹਨ ਦੇ ਲਈ ਸਮਾਂ ਕੱਢੋ। ਉਤਪਤ ਤੋਂ ਸ਼ੁਰੂ ਕਰਦੇ ਹੋਏ, ਤੁਸੀਂ ਸ੍ਰਿਸ਼ਟੀ ਦੀ ਕਲਪਨਾ ਕਰ ਸਕਦੇ ਹੋ ਅਤੇ ਮਨੁੱਖ ਦੇ ਮੂਲ ਪਰਾਦੀਸ ਘਰ ਵਿਚ ਝਾਕ ਮਾਰ ਸਕਦੇ ਹੋ। ਤੁਸੀਂ ਵਫ਼ਾਦਾਰ ਕੁਲ-ਪਿਤਾਵਾਂ ਅਤੇ ਉਨ੍ਹਾਂ ਦਿਆਂ ਪਰਿਵਾਰਾਂ ਦੇ ਅਨੁਭਵਾਂ ਵਿਚ ਸਾਂਝੇ ਹੋ ਸਕਦੇ ਹੋ ਅਤੇ ਇਸਰਾਏਲੀਆਂ ਦੇ ਪਿੱਛੇ-ਪਿੱਛੇ ਜਾ ਸਕਦੇ ਹੋ, ਜਿਉਂ-ਜਿਉਂ ਉਹ ਲਾਲ ਸਮੁੰਦਰ ਦੇ ਵਿੱਚੋਂ ਸੁੱਕੇ ਪੈਰੀਂ ਪਾਰ ਹੁੰਦੇ ਹਨ। ਤੁਸੀਂ ਚਰਵਾਹੇ ਦਾਊਦ ਨੂੰ ਫਲਿਸਤੀ ਦੈਂਤ ਗੋਲਿਅਥ ਨੂੰ ਹਰਾਉਂਦੇ ਹੋਏ ਦੇਖ ਸਕਦੇ ਹੋ। ਤੁਹਾਡਾ ਪਰਿਵਾਰ ਯਰੂਸ਼ਲਮ ਵਿਚ ਯਹੋਵਾਹ ਦੀ ਹੈਕਲ ਦੀ ਉਸਾਰੀ ਵੱਲ ਧਿਆਨ ਦੇ ਸਕਦਾ ਹੈ, ਬਾਬਲੀ ਲਸ਼ਕਰਾਂ ਦੇ ਹੱਥੀਂ ਇਸ ਦਾ ਵਿਨਾਸ਼ ਦੇਖ ਸਕਦਾ ਹੈ, ਅਤੇ ਗਵਰਨਰ ਜ਼ਰੂੱਬਾਬਲ ਅਧੀਨ ਇਸ ਦੀ ਮੁੜ ਉਸਾਰੀ ਉੱਤੇ ਦ੍ਰਿਸ਼ਟੀ ਪਾ ਸਕਦਾ ਹੈ। ਬੈਤਲਹਮ ਦੇ ਨੇੜੇ ਮਾਮੂਲੀ ਚਰਵਾਹਿਆਂ ਦੇ ਨਾਲ, ਤੁਸੀਂ ਯਿਸੂ ਦੇ ਜਨਮ ਦੇ ਬਾਰੇ ਦੂਤਮਈ ਐਲਾਨ ਸੁਣ ਸਕਦੇ ਹੋ। ਤੁਸੀਂ ਉਸ ਦੇ ਬਪਤਿਸਮਾ ਅਤੇ ਉਸ ਦੀ ਸੇਵਕਾਈ ਦੇ ਬਾਰੇ ਵੇਰਵੇ ਪ੍ਰਾਪਤ ਕਰ ਸਕਦੇ ਹੋ, ਉਸ ਨੂੰ ਆਪਣਾ ਮਾਨਵ ਜੀਵਨ ਰਿਹਾਈ-ਕੀਮਤ ਦੇ ਤੌਰ ਤੇ ਦਿੰਦੇ ਹੋਏ ਦੇਖ ਸਕਦੇ ਹੋ, ਅਤੇ ਉਸ ਦੇ ਪੁਨਰ-ਉਥਾਨ ਦੇ ਆਨੰਦ ਵਿਚ ਸਾਂਝੇ ਹੋ ਸਕਦੇ ਹੋ। ਉਪਰੰਤ, ਤੁਸੀਂ ਰਸੂਲ ਪੌਲੁਸ ਦੇ ਨਾਲ ਸਫ਼ਰ ਕਰ ਕੇ ਕਲੀਸਿਯਾਵਾਂ ਦੀ ਸਥਾਪਨਾ ਨੂੰ ਦੇਖ ਸਕਦੇ ਹੋ, ਜਿਉਂ ਹੀ ਮਸੀਹੀਅਤ ਫੈਲਦੀ ਜਾਂਦੀ ਹੈ। ਫਿਰ, ਪਰਕਾਸ਼ ਦੀ ਪੋਥੀ ਵਿਚ ਤੁਹਾਡਾ ਪਰਿਵਾਰ ਭਵਿੱਖ ਦੇ ਬਾਰੇ ਰਸੂਲ ਯੂਹੰਨਾ ਦੇ ਮਹਾਨ ਦਰਸ਼ਣ ਦਾ ਆਨੰਦ ਮਾਣ ਸਕਦਾ ਹੈ, ਜਿਸ ਵਿਚ ਮਸੀਹ ਦਾ ਹਜ਼ਾਰ ਵਰ੍ਹਿਆਂ ਦਾ ਰਾਜ ਵੀ ਸ਼ਾਮਲ ਹੈ।

18, 19. ਪਰਿਵਾਰਕ ਬਾਈਬਲ ਪਠਨ ਦੇ ਸੰਬੰਧ ਵਿਚ ਕਿਹੜੇ ਸੁਝਾਉ ਪੇਸ਼ ਕੀਤੇ ਜਾਂਦੇ ਹਨ?

18 ਜੇਕਰ ਤੁਸੀਂ ਇਕ ਪਰਿਵਾਰ ਦੇ ਤੌਰ ਤੇ ਬਾਈਬਲ ਨੂੰ ਉੱਚੀ ਆਵਾਜ਼ ਵਿਚ ਪੜ੍ਹ ਰਹੇ ਹੋ, ਤਾਂ ਉਸ ਨੂੰ ਸਪੱਸ਼ਟਤਾ ਅਤੇ ਜੋਸ਼ ਨਾਲ ਪੜ੍ਹੋ। ਸ਼ਾਸਤਰ ਦੇ ਕੁਝ ਭਾਗਾਂ ਨੂੰ ਪੜ੍ਹਦੇ ਸਮੇਂ ਪਰਿਵਾਰ ਦਾ ਇਕ ਸਦੱਸ—ਸੰਭਵ ਹੈ ਕਿ ਪਿਤਾ—ਆਮ ਬਿਰਤਾਂਤ ਦੇ ਸ਼ਬਦਾਂ ਨੂੰ ਪੜ੍ਹ ਸਕਦਾ ਹੈ। ਤੁਹਾਡੇ ਵਿੱਚੋਂ ਬਾਕੀ ਆਪਣੇ ਹਿੱਸਿਆਂ ਨੂੰ ਢੁਕਵੇਂ ਜਜ਼ਬਾਤ ਦੇ ਨਾਲ ਪੜ੍ਹਦੇ ਹੋਏ, ਬਾਈਬਲ ਪਾਤਰਾਂ ਦੀਆਂ ਭੂਮਿਕਾਵਾਂ ਅਪਣਾ ਸਕਦੇ ਹਨ।

19 ਜਿਉਂ-ਜਿਉਂ ਤੁਸੀਂ ਇਕ ਪਰਿਵਾਰ ਦੇ ਤੌਰ ਤੇ ਬਾਈਬਲ ਪਠਨ ਵਿਚ ਹਿੱਸਾ ਲੈਂਦੇ ਹੋ, ਤੁਹਾਡੀ ਪੜ੍ਹਨ ਦੀ ਯੋਗਤਾ ਸੁਧਰ ਸਕਦੀ ਹੈ। ਸੰਭਵ ਹੈ, ਪਰਮੇਸ਼ੁਰ ਦੇ ਬਾਰੇ ਤੁਹਾਡਾ ਗਿਆਨ ਵਧੇਗਾ, ਅਤੇ ਇਸ ਨੂੰ ਤੁਹਾਨੂੰ ਉਸ ਦੇ ਹੋਰ ਨਜ਼ਦੀਕ ਲੈ ਜਾਣਾ ਚਾਹੀਦਾ ਹੈ। ਆਸਾਫ਼ ਨੇ ਗੀਤ ਗਾਇਆ: “ਪਰਮੇਸ਼ੁਰ ਦੇ ਨੇੜੇ ਰਹਿਣਾ ਮੇਰੇ ਲਈ ਚੰਗਾ ਹੈ, ਮੈਂ ਪ੍ਰਭੁ ਯਹੋਵਾਹ ਨੂੰ ਆਪਣੀ ਪਨਾਹ ਬਣਾਇਆ ਹੈ, ਤਾਂ ਜੋ ਮੈਂ ਤੇਰੇ ਸਾਰੇ ਕਾਰਜਾਂ ਦਾ ਵਰਨਣ ਕਰਾਂ।” (ਜ਼ਬੂਰ 73:28) ਇਹ ਗੱਲ ਤੁਹਾਡੇ ਪਰਿਵਾਰ ਨੂੰ ਮੂਸਾ ਦੀ ਤਰ੍ਹਾਂ ਬਣਨ ਦੇ ਲਈ ਮਦਦ ਕਰੇਗੀ, ਜੋ “ਅਲੱਖ,” ਯਾਨੀ, ਯਹੋਵਾਹ ਪਰਮੇਸ਼ੁਰ “ਨੂੰ ਜਾਣੀਦਾ ਲੱਖ ਕੇ ਤਕੜਾ ਰਿਹਾ।”—ਇਬਰਾਨੀਆਂ 11:27.

ਪਠਨ ਅਤੇ ਮਸੀਹੀ ਸੇਵਕਾਈ

20, 21. ਸਾਡੇ ਪ੍ਰਚਾਰ ਕੰਮ ਦੀ ਨਿਯੁਕਤੀ ਪੜ੍ਹਨ ਦੀ ਯੋਗਤਾ ਨਾਲ ਕਿਵੇਂ ਸੰਬੰਧ ਰੱਖਦੀ ਹੈ?

20 “ਅਲੱਖ” ਦੀ ਉਪਾਸਨਾ ਕਰਨ ਦੀ ਸਾਡੀ ਚਾਹਤ ਨੂੰ ਸਾਨੂੰ ਚੰਗੇ ਪਾਠਕ ਬਣਨ ਦੇ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਚੰਗੀ ਤਰ੍ਹਾਂ ਨਾਲ ਪੜ੍ਹਨ ਦੀ ਯੋਗਤਾ ਸਾਨੂੰ ਪਰਮੇਸ਼ੁਰ ਦੇ ਬਚਨ ਵਿੱਚੋਂ ਗਵਾਹੀ ਦੇਣ ਦੇ ਲਈ ਮਦਦ ਕਰਦੀ ਹੈ। ਇਹ ਨਿਸ਼ਚੇ ਹੀ ਸਾਨੂੰ ਰਾਜ-ਪ੍ਰਚਾਰ ਕੰਮ ਵਿਚ ਲੱਗੇ ਰਹਿਣ ਦੇ ਲਈ ਮਦਦ ਕਰਦੀ ਹੈ ਜਿਸ ਦਾ ਹੁਕਮ ਯਿਸੂ ਨੇ ਆਪਣੇ ਅਨੁਯਾਈਆਂ ਨੂੰ ਦਿੱਤਾ ਸੀ ਜਦੋਂ ਉਸ ਨੇ ਕਿਹਾ: “ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।” (ਮੱਤੀ 28:19, 20; ਰਸੂਲਾਂ ਦੇ ਕਰਤੱਬ 1:8) ਯਹੋਵਾਹ ਦੇ ਲੋਕਾਂ ਦਾ ਮੁੱਖ ਕਾਰਜ ਗਵਾਹੀ ਦੇਣਾ ਹੈ, ਅਤੇ ਪੜ੍ਹਨ ਦੀ ਯੋਗਤਾ ਇਸ ਨੂੰ ਸੰਪੰਨ ਕਰਨ ਵਿਚ ਸਾਡੀ ਮਦਦ ਕਰਦੀ ਹੈ।

21 ਪਰਮੇਸ਼ੁਰ ਦੇ ਬਚਨ ਦਾ ਇਕ ਚੰਗਾ ਪਾਠਕ ਅਤੇ ਇਕ ਕੁਸ਼ਲ ਅਧਿਆਪਕ ਬਣਨ ਦੇ ਲਈ ਜਤਨ ਦੀ ਜ਼ਰੂਰਤ ਪੈਂਦੀ ਹੈ। (ਅਫ਼ਸੀਆਂ 6:17) ਇਸ ਲਈ, ‘ਆਪਣੇ ਆਪ ਨੂੰ ਪਰਮੇਸ਼ੁਰ ਦੇ ਅੱਗੇ ਪਰਵਾਨ ਠਹਿਰਾਉਣ ਦਾ ਜਤਨ ਕਰੋ ਜਿਹੜਾ ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰਨ ਵਾਲਾ ਹੋਵੇ।’ (2 ਤਿਮੋਥਿਉਸ 2:15) ਪਠਨ ਵਿਚ ਲੱਗੇ ਰਹਿਣ ਦੇ ਦੁਆਰਾ ਸ਼ਾਸਤਰ ਸੰਬੰਧੀ ਸੱਚਾਈ ਦੇ ਬਾਰੇ ਆਪਣੇ ਗਿਆਨ ਨੂੰ ਅਤੇ ਯਹੋਵਾਹ ਦੇ ਇਕ ਗਵਾਹ ਦੇ ਤੌਰ ਤੇ ਆਪਣੀ ਯੋਗਤਾ ਨੂੰ ਵਧਾਓ। (w96 5/15)

ਤੁਹਾਡੇ ਜਵਾਬ ਕੀ ਹਨ?

◻ ਖ਼ੁਸ਼ੀ, ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨ ਉੱਤੇ ਕਿਵੇਂ ਨਿਰਭਰ ਕਰਦੀ ਹੈ?

◻ ਬਾਈਬਲ ਵਿਚ ਤੁਸੀਂ ਜੋ ਪੜ੍ਹਦੇ ਹੋ, ਉਸ ਉੱਤੇ ਕਿਉਂ ਮਨਨ ਕਰਨਾ ਚਾਹੀਦਾ ਹੈ?

◻ ਸ਼ਾਸਤਰ ਪੜ੍ਹਦੇ ਸਮੇਂ ਸੰਬੰਧ ਜੋੜਨ ਅਤੇ ਕਲਪਨਾ ਕਰਨ ਨੂੰ ਕਿਉਂ ਇਸਤੇਮਾਲ ਕਰਨਾ ਚਾਹੀਦਾ ਹੈ?

◻ ਬਾਈਬਲ ਪਠਨ ਤੋਂ ਕਿਹੜੇ ਕੁਝ ਸਬਕ ਸਿੱਖੇ ਜਾ ਸਕਦੇ ਹਨ?

◻ ਇਕ ਪਰਿਵਾਰ ਦੇ ਤੌਰ ਤੇ ਬਾਈਬਲ ਨੂੰ ਉੱਚੀ ਆਵਾਜ਼ ਵਿਚ ਕਿਉਂ ਪੜ੍ਹੋ, ਅਤੇ ਪਠਨ ਦਾ ਮਸੀਹੀ ਸੇਵਕਾਈ ਨਾਲ ਕੀ ਸੰਬੰਧ ਹੈ?

[ਸਫ਼ੇ 24 ਉੱਤੇ ਤਸਵੀਰਾਂ]

ਇਕ ਪਰਿਵਾਰ ਦੇ ਤੌਰ ਤੇ ਬਾਈਬਲ ਪੜ੍ਹਦੇ ਸਮੇਂ, ਬਿਰਤਾਂਤਾਂ ਦੀ ਕਲਪਨਾ ਕਰੋ ਅਤੇ ਉਨ੍ਹਾਂ ਦੀ ਮਹੱਤਤਾ ਉਤੇ ਮਨਨ ਕਰੋ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ