ਸੱਪ ਦੀ ਸੰਤਾਨ—ਉਸ ਦਾ ਕਿਵੇਂ ਪਰਦਾ ਫ਼ਾਸ਼?
“ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ।”—ਉਤਪਤ 3:15.
1. (ੳ) ਯਹੋਵਾਹ ਖ਼ੁਸ਼ ਪਰਮੇਸ਼ੁਰ ਕਿਉਂ ਹੈ? (ਅ) ਉਸ ਨੇ ਕੀ ਕੀਤਾ ਹੈ ਤਾਂਕਿ ਅਸੀਂ ਉਸ ਦੇ ਆਨੰਦ ਵਿਚ ਹਿੱਸਾ ਲੈਣ ਦੇ ਯੋਗ ਹੋ ਸਕੀਏ?
ਯਹੋਵਾਹ ਖ਼ੁਸ਼ ਪਰਮੇਸ਼ੁਰ ਹੈ ਅਤੇ ਇਸ ਦਾ ਵਾਜਬ ਕਾਰਨ ਹੈ। ਉਹ ਅਜਿਹੀਆਂ ਚੀਜ਼ਾਂ ਦਾ ਮਹੱਤਮ ਅਤੇ ਸ੍ਰੇਸ਼ਟ ਦਾਤਾ ਹੈ ਜੋ ਚੰਗੀਆਂ ਹਨ, ਅਤੇ ਕੁਝ ਵੀ ਉਸ ਦੇ ਮਕਸਦਾਂ ਦੀ ਪੂਰਤੀ ਨੂੰ ਨਹੀਂ ਰੋਕ ਸਕਦਾ ਹੈ। (ਯਸਾਯਾਹ 55:10, 11; 1 ਤਿਮੋਥਿਉਸ 1:11; ਯਾਕੂਬ 1:17) ਉਹ ਚਾਹੁੰਦਾ ਹੈ ਕਿ ਉਸ ਦੇ ਸੇਵਕ ਉਸ ਦੇ ਆਨੰਦ ਵਿਚ ਹਿੱਸਾ ਲੈਣ, ਅਤੇ ਉਹ ਉਨ੍ਹਾਂ ਨੂੰ ਅਜਿਹਾ ਕਰਨ ਦੇ ਲਈ ਠੋਸ ਕਾਰਨ ਪ੍ਰਦਾਨ ਕਰਦਾ ਹੈ। ਇਸ ਲਈ, ਮਾਨਵ ਇਤਿਹਾਸ ਦੇ ਇਕ ਸਭ ਤੋਂ ਭੈੜੇ ਸਮੇਂ—ਅਦਨ ਵਿਚ ਬਗਾਵਤ—ਤੇ ਉਸ ਨੇ ਸਾਡੇ ਲਈ ਆਧਾਰ ਪ੍ਰਦਾਨ ਕੀਤਾ ਕਿ ਅਸੀਂ ਉਮੀਦ ਦੇ ਨਾਲ ਭਵਿੱਖ ਦੇ ਵੱਲ ਦੇਖ ਸਕੀਏ।—ਰੋਮੀਆਂ 8:19-21.
2. ਅਦਨ ਵਿਚ ਬਾਗ਼ੀਆਂ ਉੱਤੇ ਨਿਆਉਂ ਘੋਸ਼ਿਤ ਕਰਦੇ ਸਮੇਂ, ਯਹੋਵਾਹ ਨੇ ਆਦਮ ਅਤੇ ਹੱਵਾਹ ਦੀ ਔਲਾਦ ਲਈ ਉਮੀਦ ਦਾ ਇਕ ਆਧਾਰ ਕਿਵੇਂ ਪ੍ਰਦਾਨ ਕੀਤਾ?
2 ਯਹੋਵਾਹ ਦੇ ਆਤਮਿਕ ਪੁੱਤਰਾਂ ਵਿੱਚੋਂ ਇਕ ਨੇ, ਪਰਮੇਸ਼ੁਰ ਦਾ ਵਿਰੋਧ ਕਰਨ ਅਤੇ ਉਸ ਉੱਤੇ ਤੁਹਮਤ ਲਗਾਉਣ ਦੇ ਦੁਆਰਾ, ਹੁਣੇ-ਹੁਣੇ ਆਪਣੇ ਆਪ ਨੂੰ ਸ਼ਤਾਨ ਅਰਥਾਤ ਇਬਲੀਸ ਬਣਾਇਆ ਸੀ। ਪਹਿਲੇ ਮਾਨਵ, ਹੱਵਾਹ ਅਤੇ ਫਿਰ ਆਦਮ, ਨੇ ਉਸ ਦੇ ਪ੍ਰਭਾਵ ਹੇਠ ਆ ਕੇ ਯਹੋਵਾਹ ਦੇ ਸਪੱਸ਼ਟ ਤੌਰ ਤੇ ਬਿਆਨ ਕੀਤੇ ਗਏ ਨਿਯਮ ਦੀ ਉਲੰਘਣਾ ਕੀਤੀ ਸੀ। ਉਨ੍ਹਾਂ ਨੂੰ ਨਿਆਂਪੂਰਵਕ ਮੌਤ ਦੀ ਸਜ਼ਾ ਦਿੱਤੀ ਗਈ। (ਉਤਪਤ 3:1-24) ਫਿਰ ਵੀ, ਇਨ੍ਹਾਂ ਬਾਗ਼ੀਆਂ ਉੱਤੇ ਨਿਆਉਂ ਘੋਸ਼ਿਤ ਕਰਦੇ ਸਮੇਂ, ਯਹੋਵਾਹ ਨੇ ਆਦਮ ਅਤੇ ਹੱਵਾਹ ਦੀ ਔਲਾਦ ਲਈ ਉਮੀਦ ਦਾ ਇਕ ਆਧਾਰ ਪ੍ਰਦਾਨ ਕੀਤਾ। ਕਿਸ ਤਰੀਕੇ ਤੋਂ? ਜਿਵੇਂ ਕਿ ਉਤਪਤ 3:15 ਵਿਚ ਦਰਜ ਹੈ, ਯਹੋਵਾਹ ਨੇ ਕਿਹਾ: “ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹ ਦੀ ਅੱਡੀ ਨੂੰ ਡੰਗ ਮਾਰੇਂਗਾ।” ਇਹ ਭਵਿੱਖਬਾਣੀ ਪੂਰੀ ਬਾਈਬਲ ਨੂੰ, ਨਾਲ ਹੀ ਸੰਸਾਰ ਅਤੇ ਯਹੋਵਾਹ ਦੇ ਸੇਵਕਾਂ ਦੋਹਾਂ ਨਾਲ ਸੰਬੰਧਿਤ ਅਤੀਤ ਅਤੇ ਵਰਤਮਾਨ ਦੀਆਂ ਘਟਨਾਵਾਂ ਨੂੰ ਸਮਝਣ ਲਈ ਇਕ ਕੁੰਜੀ ਹੈ।
ਇਸ ਭਵਿੱਖਬਾਣੀ ਦਾ ਅਰਥ ਕੀ ਹੈ
3. ਜਿਵੇਂ ਕਿ ਉਤਪਤ 3:15 ਵਿਚ ਜ਼ਿਕਰ ਕੀਤਾ ਗਿਆ ਹੈ, (ੳ) ਸੱਪ, (ਅ) “ਤੀਵੀਂ,” (ੲ) ਸੱਪ ਦੀ “ਸੰਤਾਨ,” (ਸ) ਤੀਵੀਂ ਦੀ “ਸੰਤਾਨ” ਦੀ ਸ਼ਨਾਖਤ ਕਰੋ।
3 ਇਸ ਦੀ ਮਹੱਤਤਾ ਦੀ ਕਦਰ ਕਰਨ ਲਈ, ਖ਼ੁਦ ਭਵਿੱਖਬਾਣੀ ਦੇ ਵਿਭਿੰਨ ਹਿੱਸਿਆਂ ਬਾਰੇ ਵਿਚਾਰ ਕਰੋ। ਉਤਪਤ 3:15 ਵਿਚ ਜਿਸ ਨੂੰ ਸੰਬੋਧਿਤ ਕੀਤਾ ਗਿਆ ਹੈ ਉਹ ਸੱਪ ਹੈ—ਨੀਵਾਂ ਸੱਪ ਨਹੀਂ, ਬਲਕਿ ਉਹ ਵਿਅਕਤੀ ਜਿਸ ਨੇ ਇਸ ਨੂੰ ਇਸਤੇਮਾਲ ਕੀਤਾ। (ਪਰਕਾਸ਼ ਦੀ ਪੋਥੀ 12:9) “ਤੀਵੀਂ” ਹੱਵਾਹ ਨਹੀਂ ਬਲਕਿ ਯਹੋਵਾਹ ਦਾ ਸਵਰਗੀ ਸੰਗਠਨ ਹੈ, ਅਰਥਾਤ ਧਰਤੀ ਉੱਤੇ ਆਤਮਾ ਦੁਆਰਾ ਮਸਹ ਕੀਤੇ ਹੋਏ ਉਸ ਦੇ ਸੇਵਕਾਂ ਦੀ ਮਾਤਾ। (ਗਲਾਤੀਆਂ 4:26) ਸੱਪ ਦੀ “ਸੰਤਾਨ,” ਸ਼ਤਾਨ ਦੀ ਸੰਤਾਨ ਹੈ, ਉਸ ਦੀ ਔਲਾਦ—ਪਿਸ਼ਾਚ ਅਤੇ ਮਾਨਵ ਅਤੇ ਨਾਲ ਹੀ ਉਹ ਮਾਨਵ ਸੰਗਠਨ ਜੋ ਸ਼ਤਾਨ ਦੇ ਗੁਣਾਂ ਨੂੰ ਪ੍ਰਗਟ ਕਰਦੇ ਹਨ ਅਤੇ ਜੋ ਤੀਵੀਂ ਦੀ “ਸੰਤਾਨ” ਦੇ ਪ੍ਰਤੀ ਵੈਰ ਦਿਖਾਉਂਦੇ ਹਨ। (ਯੂਹੰਨਾ 15:19; 17:15) ਤੀਵੀਂ ਦੀ “ਸੰਤਾਨ” ਮੁੱਖ ਤੌਰ ਤੇ ਯਿਸੂ ਮਸੀਹ ਹੈ, ਜੋ 29 ਸਾ.ਯੂ. ਵਿਚ ਪਵਿੱਤਰ ਆਤਮਾ ਨਾਲ ਮਸਹ ਕੀਤਾ ਗਿਆ ਸੀ। ਉਹ 1,44,000 ਜੋ ‘ਜਲ ਅਰ ਆਤਮਾ ਤੋਂ ਨਵੇਂ ਸਿਰਿਓਂ ਜੰਮੇ’ ਹਨ ਅਤੇ ਜੋ ਮਸੀਹ ਦੇ ਨਾਲ ਸਵਰਗੀ ਰਾਜ ਦੇ ਵਾਰਸ ਹਨ, ਉਸ ਵਾਅਦੇ ਦੀ ਸੰਤਾਨ ਦਾ ਇਕ ਉਪਸੰਗੀ ਭਾਗ ਹਨ। ਪੰਤੇਕੁਸਤ 33 ਸਾ.ਯੁ. ਤੋਂ ਇਨ੍ਹਾਂ ਨੂੰ ਤੀਵੀਂ ਦੀ ਸੰਤਾਨ ਦੇ ਨਾਲ ਸ਼ਾਮਲ ਕੀਤੇ ਜਾਣ ਲੱਗਾ।—ਯੂਹੰਨਾ 3:3, 5; ਗਲਾਤੀਆਂ 3:16, 29.
4. ਉਤਪਤ 3:15 ਦਾ ਧਰਤੀ ਦੇ ਇਕ ਅਜਿਹੇ ਪਰਾਦੀਸ ਬਣਨ ਨਾਲ ਕੀ ਸੰਬੰਧ ਹੈ, ਜੋ ਪਾਪ ਅਤੇ ਮੌਤ ਤੋਂ ਮੁਕਤ ਲੋਕਾਂ ਨਾਲ ਭਰਿਆ ਹੋਵੇਗਾ?
4 ਅਦਨ ਵਿਚ ਸ਼ਾਬਦਿਕ ਸੱਪ ਨੂੰ ਇਕ ਪ੍ਰਵਕਤਾ ਦੇ ਤੌਰ ਤੇ ਉਸ ਵਿਅਕਤੀ ਦੇ ਦੁਆਰਾ ਇਸਤੇਮਾਲ ਕੀਤਾ ਗਿਆ ਸੀ, ਜਿਸ ਦੇ ਧੋਖੇ ਦੇ ਕਾਰਨ ਮਨੁੱਖਜਾਤੀ ਨੂੰ ਪਰਾਦੀਸ ਖੋਣਾ ਪਿਆ। ਉਤਪਤ 3:15 ਨੇ ਉਸ ਸਮੇਂ ਦੇ ਵੱਲ ਸੰਕੇਤ ਕੀਤਾ ਜਦੋਂ ਉਸ ਵਿਅਕਤੀ ਨੂੰ ਮਸਲ ਦਿੱਤਾ ਜਾਵੇਗਾ ਜਿਸ ਨੇ ਉਸ ਸੱਪ ਨੂੰ ਆਪਣੇ ਹਿਤ ਵਿਚ ਵਰਤਿਆ ਸੀ। ਉਸ ਮਗਰੋਂ ਪਰਮੇਸ਼ੁਰ ਦੇ ਮਾਨਵ ਸੇਵਕਾਂ ਦੇ ਲਈ ਪਾਪ ਅਤੇ ਮੌਤ ਤੋਂ ਮੁਕਤ, ਪਰਾਦੀਸ ਵਿਚ ਵਸਣ ਦੇ ਲਈ ਫਿਰ ਤੋਂ ਰਾਹ ਖੁੱਲ੍ਹ ਜਾਵੇਗਾ। ਉਹ ਕਿੰਨਾ ਹੀ ਆਨੰਦਮਈ ਸਮਾਂ ਹੋਵੇਗਾ!—ਪਰਕਾਸ਼ ਦੀ ਪੋਥੀ 20:1-3; 21:1-5.
5. ਕਿਹੜੇ ਗੁਣ ਇਬਲੀਸ ਦੀ ਅਧਿਆਤਮਿਕ ਸੰਤਾਨ ਦੀ ਵਿਸ਼ੇਸ਼ਤਾ ਹਨ?
5 ਅਦਨ ਵਿਚ ਬਗਾਵਤ ਤੋਂ ਬਾਅਦ, ਅਜਿਹੇ ਵਿਅਕਤੀ ਅਤੇ ਸੰਗਠਨ ਪ੍ਰਗਟ ਹੋਣ ਲੱਗੇ ਜਿਨ੍ਹਾਂ ਨੇ ਸ਼ਤਾਨ ਅਰਥਾਤ ਇਬਲੀਸ ਵਰਗੇ ਗੁਣ ਪ੍ਰਦਰਸ਼ਿਤ ਕੀਤੇ—ਬਗਾਵਤ, ਝੂਠ, ਤੁਹਮਤ, ਅਤੇ ਕਤਲ, ਨਾਲ ਹੀ ਯਹੋਵਾਹ ਦੀ ਇੱਛਾ ਦਾ ਅਤੇ ਯਹੋਵਾਹ ਦੀ ਉਪਾਸਨਾ ਕਰਨ ਵਾਲਿਆਂ ਦਾ ਵਿਰੋਧ। ਇਨ੍ਹਾਂ ਗੁਣਾਂ ਨੇ ਇਬਲੀਸ ਦੀ ਸੰਤਾਨ, ਅਰਥਾਤ ਉਸ ਦੇ ਅਧਿਆਤਮਿਕ ਬੱਚਿਆਂ ਦੀ ਸ਼ਨਾਖਤ ਕੀਤੀ। ਇਨ੍ਹਾਂ ਵਿਚ ਕਇਨ ਸ਼ਾਮਲ ਸੀ, ਜਿਸ ਨੇ ਹਾਬਲ ਦਾ ਕਤਲ ਕੀਤਾ ਜਦੋਂ ਯਹੋਵਾਹ ਨੇ ਕਇਨ ਦੀ ਉਪਾਸਨਾ ਦੀ ਬਜਾਇ ਹਾਬਲ ਦੀ ਉਪਾਸਨਾ ਉੱਤੇ ਕਿਰਪਾ ਦਿਖਾਈ। (1 ਯੂਹੰਨਾ 3:10-12) ਨਿਮਰੋਦ ਇਕ ਵਿਅਕਤੀ ਸੀ ਜਿਸ ਦੇ ਨਾਂ ਨੇ ਹੀ ਇਕ ਬਾਗ਼ੀ ਦੇ ਤੌਰ ਤੇ ਉਸ ਦੀ ਸ਼ਨਾਖਤ ਕੀਤੀ ਅਤੇ ਜੋ ਯਹੋਵਾਹ ਦੇ ਵਿਰੋਧ ਵਿਚ ਇਕ ਬਲਵੰਤ ਸ਼ਿਕਾਰੀ ਅਤੇ ਸ਼ਾਸਕ ਬਣਿਆ। (ਉਤਪਤ 10:9) ਇਸ ਤੋਂ ਇਲਾਵਾ, ਝੂਠ ਉੱਤੇ ਕਾਇਮ ਆਪਣੇ ਰਾਜ-ਸਮਰਥਤ ਧਰਮਾਂ ਸਮੇਤ, ਇਕ ਦੇ ਬਾਅਦ ਦੂਜੇ ਪ੍ਰਾਚੀਨ ਰਾਜ ਆਏ, ਜਿਨ੍ਹਾਂ ਵਿਚ ਬਾਬਲ ਸ਼ਾਮਲ ਸੀ, ਅਤੇ ਇਨ੍ਹਾਂ ਨੇ ਯਹੋਵਾਹ ਦੇ ਉਪਾਸਕਾਂ ਉੱਤੇ ਬੇਦਰਦੀ ਨਾਲ ਦਮਨ ਕੀਤਾ।—ਯਿਰਮਿਯਾਹ 50:29.
‘ਤੇਰੇ ਤੇ ਤੀਵੀਂ ਵਿੱਚ ਵੈਰ’
6. ਸ਼ਤਾਨ ਨੇ ਯਹੋਵਾਹ ਦੀ ਤੀਵੀਂ ਦੇ ਪ੍ਰਤੀ ਕਿਨ੍ਹਾਂ ਤਰੀਕਿਆਂ ਵਿਚ ਵੈਰ ਦਿਖਾਇਆ ਹੈ?
6 ਇਸ ਪੂਰੇ ਸਮੇਂ ਦੇ ਦੌਰਾਨ, ਸੱਪ ਅਤੇ ਯਹੋਵਾਹ ਦੀ ਤੀਵੀਂ ਦੇ ਵਿਚਕਾਰ, ਸ਼ਤਾਨ ਅਰਥਾਤ ਇਬਲੀਸ ਅਤੇ ਯਹੋਵਾਹ ਦੇ ਨਿਸ਼ਠਾਵਾਨ ਆਤਮਿਕ ਪ੍ਰਾਣੀਆਂ ਤੋਂ ਬਣੇ ਸਵਰਗੀ ਸੰਗਠਨ ਦੇ ਵਿਚਕਾਰ ਵੈਰ ਸੀ। ਸ਼ਤਾਨ ਦਾ ਵੈਰ ਉਦੋਂ ਪ੍ਰਦਰਸ਼ਿਤ ਹੋਇਆ ਜਦੋਂ ਉਸ ਨੇ ਯਹੋਵਾਹ ਨੂੰ ਤਾਅਨਾ ਮਾਰਿਆ ਅਤੇ ਦੂਤਾਂ ਨੂੰ ਆਪਣੇ ਉਚਿਤ ਠਿਕਾਣੇ ਨੂੰ ਛੱਡਣ ਦੇ ਲਈ ਭਰਮਾਉਣ ਦੇ ਦੁਆਰਾ ਯਹੋਵਾਹ ਦੇ ਸਵਰਗੀ ਸੰਗਠਨ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ। (ਕਹਾਉਤਾਂ 27:11; ਯਹੂਦਾਹ 6) ਇਹ ਉਦੋਂ ਪ੍ਰਗਟ ਹੋਇਆ ਜਦੋਂ ਸ਼ਤਾਨ ਨੇ ਯਹੋਵਾਹ ਵੱਲੋਂ ਭੇਜੇ ਗਏ ਦੂਤਮਈ ਸੰਦੇਸ਼ਵਾਹਕਾਂ ਨਾਲ ਦਖ਼ਲ ਦੇਣ ਦੀ ਕੋਸ਼ਿਸ਼ ਵਿਚ ਆਪਣੇ ਪਿਸ਼ਾਚਾਂ ਨੂੰ ਇਸਤੇਮਾਲ ਕੀਤਾ। (ਦਾਨੀਏਲ 10:13, 14, 20, 21) ਇਹ ਇਸ 20ਵੀਂ ਸਦੀ ਵਿਚ ਉੱਘੜਵੇਂ ਤੌਰ ਤੇ ਸਪੱਸ਼ਟ ਸੀ ਜਦੋਂ ਸ਼ਤਾਨ ਨੇ ਮਸੀਹਾਈ ਰਾਜ ਦੇ ਜਨਮ ਦੇ ਸਮੇਂ ਉਸ ਨੂੰ ਨਾਸ਼ ਕਰਨ ਦੀ ਕੋਸ਼ਿਸ਼ ਕੀਤੀ।—ਪਰਕਾਸ਼ ਦੀ ਪੋਥੀ 12:1-4.
7. ਯਹੋਵਾਹ ਦੇ ਨਿਸ਼ਠਾਵਾਨ ਦੂਤਾਂ ਨੇ ਪ੍ਰਤੀਕਾਤਮਕ ਸੱਪ ਦੇ ਪ੍ਰਤੀ ਵੈਰ ਕਿਉਂ ਮਹਿਸੂਸ ਕੀਤਾ, ਫਿਰ ਵੀ ਉਨ੍ਹਾਂ ਨੇ ਕੀ ਆਤਮ-ਸੰਜਮ ਦਿਖਾਇਆ ਹੈ?
7 ਯਹੋਵਾਹ ਦੀ ਤੀਵੀਂ, ਅਰਥਾਤ ਨਿਸ਼ਠਾਵਾਨ ਦੂਤਾਂ ਦੇ ਸਮੂਹ ਵੱਲੋਂ ਵੀ ਪ੍ਰਤੀਕਾਤਮਕ ਸੱਪ ਦੇ ਪ੍ਰਤੀ ਵੈਰ ਸੀ। ਸ਼ਤਾਨ ਨੇ ਪਰਮੇਸ਼ੁਰ ਦੀ ਨੇਕਨਾਮੀ ਉੱਤੇ ਤੁਹਮਤ ਲਗਾਈ ਸੀ; ਉਸ ਨੇ ਪਰਮੇਸ਼ੁਰ ਦੇ ਹਰੇਕ ਬੁੱਧੀਮਾਨ ਪ੍ਰਾਣੀ ਦੀ ਖਰਿਆਈ ਉੱਤੇ ਵੀ ਸ਼ੰਕਾ ਪੈਦਾ ਕੀਤਾ ਸੀ, ਜਿਨ੍ਹਾਂ ਵਿਚ ਸਾਰੇ ਦੂਤ ਸ਼ਾਮਲ ਸਨ, ਅਤੇ ਉਹ ਸਰਗਰਮੀ ਨਾਲ ਪਰਮੇਸ਼ੁਰ ਦੇ ਪ੍ਰਤੀ ਉਨ੍ਹਾਂ ਦੀ ਨਿਸ਼ਠਾ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਸੀ। (ਪਰਕਾਸ਼ ਦੀ ਪੋਥੀ 12:4ੳ) ਨਿਸ਼ਠਾਵਾਨ ਦੂਤਾਂ, ਕਰੂਬੀਆਂ, ਅਤੇ ਸਰਾਫ਼ੀਮਾਂ ਨੇ ਨਿਸ਼ਚਿਤ ਹੀ ਉਸ ਵਿਅਕਤੀ ਦੇ ਪ੍ਰਤੀ ਘਿਰਣਾ ਮਹਿਸੂਸ ਕੀਤੀ ਹੋਵੇਗੀ ਜਿਸ ਨੇ ਖ਼ੁਦ ਨੂੰ ਇਬਲੀਸ ਅਤੇ ਸ਼ਤਾਨ ਬਣਾ ਲਿਆ ਸੀ। ਫਿਰ ਵੀ, ਉਨ੍ਹਾਂ ਨੇ ਯਹੋਵਾਹ ਤੋਂ ਆਪਣੇ ਸਮੇਂ ਅਤੇ ਤਰੀਕੇ ਵਿਚ ਮਾਮਲੇ ਨੂੰ ਸੁਲਝਾਉਣ ਲਈ ਉਡੀਕ ਕੀਤੀ ਹੈ।—ਤੁਲਨਾ ਕਰੋ ਯਹੂਦਾਹ 9.
ਪਰਮੇਸ਼ੁਰ ਦੀ ਤੀਵੀਂ ਦੀ ਸੰਤਾਨ ਦੇ ਪ੍ਰਤੀ ਵੈਰ
8. ਸ਼ਤਾਨ ਕਿਸ ਦੀ ਤਾਕ ਵਿਚ ਸੀ?
8 ਇਸ ਅਰਸੇ ਵਿਚ, ਸ਼ਤਾਨ ਤੀਵੀਂ ਦੀ ਉਸ ਪੂਰਵ-ਸੂਚਿਤ ਸੰਤਾਨ ਦੀ ਤਾਕ ਵਿਚ ਸੀ, ਜਿਸ ਦੇ ਬਾਰੇ ਯਹੋਵਾਹ ਨੇ ਕਿਹਾ ਸੀ ਕਿ ਉਹ ਸੱਪ ਦੇ ਸਿਰ ਨੂੰ ਫੇਵੇਗਾ। ਜਦੋਂ ਸਵਰਗ ਤੋਂ ਦੂਤ ਨੇ ਘੋਸ਼ਣਾ ਕੀਤੀ ਕਿ ਯਿਸੂ, ਜਿਸ ਦਾ ਜਨਮ ਬੈਤਲਹਮ ਵਿਚ ਹੋ ਚੁੱਕਾ ਸੀ, ਉਹ “ਮੁਕਤੀ ਦਾਤਾ” ਸੀ “ਜਿਹੜਾ ਮਸੀਹ ਪ੍ਰਭੁ ਹੈ,” ਤਾਂ ਇਹ ਜ਼ੋਰਦਾਰ ਪੁਸ਼ਟੀ ਸੀ ਕਿ ਉਹ ਤੀਵੀਂ ਦੀ ਪੂਰਵ-ਸੂਚਿਤ ਸੰਤਾਨ ਬਣੇਗਾ—ਲੂਕਾ 2:10, 11.
9. ਯਿਸੂ ਦੇ ਜਨਮ ਦੇ ਬਾਅਦ, ਸ਼ਤਾਨ ਨੇ ਕਿਵੇਂ ਦਵੈਖਪੂਰਣ ਵੈਰ ਪ੍ਰਦਰਸ਼ਿਤ ਕੀਤਾ?
9 ਸ਼ਤਾਨ ਦਾ ਇਹ ਦਵੈਖਪੂਰਣ ਵੈਰ ਜਲਦੀ ਹੀ ਪ੍ਰਗਟ ਹੋਇਆ ਜਦੋਂ ਉਸ ਨੇ ਗ਼ੈਰ-ਯਹੂਦੀ ਜੋਤਸ਼ੀਆਂ ਨੂੰ ਇਕ ਮਿਸ਼ਨ ਤੇ ਜਾਣ ਦੇ ਲਈ ਲੁਭਾਇਆ, ਜੋ ਉਨ੍ਹਾਂ ਨੂੰ ਪਹਿਲਾਂ ਯਰੂਸ਼ਲਮ ਵਿਚ ਰਾਜਾ ਹੇਰੋਦੇਸ ਦੇ ਕੋਲ ਅਤੇ ਫਿਰ ਬੈਤਲਹਮ ਵਿਚ ਉਸ ਘਰ ਵਿਖੇ ਲੈ ਗਿਆ ਜਿੱਥੇ ਉਨ੍ਹਾਂ ਨੇ ਛੋਟੇ ਬਾਲਕ ਯਿਸੂ ਅਤੇ ਉਸ ਦੀ ਮਾਤਾ, ਮਰਿਯਮ ਨੂੰ ਪਾਇਆ। ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਰਾਜਾ ਹੇਰੋਦੇਸ ਨੇ ਬੈਤਲਹਮ ਵਿਚ ਅਤੇ ਉਸ ਦੇ ਇਰਦ-ਗਿਰਦ ਦੇ ਦੋ ਸਾਲ ਦੀ ਉਮਰ ਅਤੇ ਉਸ ਤੋਂ ਛੋਟੇ ਸਾਰੇ ਬਾਲਕਾਂ ਦੀ ਮੌਤ ਦਾ ਹੁਕਮ ਦਿੱਤਾ। ਇਸ ਵਿਚ, ਹੇਰੋਦੇਸ ਨੇ ਉਸ ਸੰਤਾਨ ਦੇ ਪ੍ਰਤੀ ਸ਼ਤਾਨੀ ਨਫ਼ਰਤ ਦਿਖਾਈ। ਸਪੱਸ਼ਟ ਤੌਰ ਤੇ ਹੇਰੋਦੇਸ ਚੰਗੀ ਤਰ੍ਹਾਂ ਨਾਲ ਜਾਣਦਾ ਸੀ ਕਿ ਉਹ ਉਸ ਵਿਅਕਤੀ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਨੇ ਮਸੀਹਾ ਬਣਨਾ ਸੀ। (ਮੱਤੀ 2:1-6, 16) ਇਤਿਹਾਸ ਗਵਾਹ ਹੈ ਕਿ ਰਾਜਾ ਹੇਰੋਦੇਸ ਬੇਅਸੂਲਾ, ਚਾਲਬਾਜ਼, ਅਤੇ ਖ਼ੂਨੀ ਸੀ—ਸੱਚ-ਮੁੱਚ ਹੀ ਸੱਪ ਦੀ ਇਕ ਸੰਤਾਨ।
10. (ੳ) ਯਿਸੂ ਦੇ ਬਪਤਿਸਮੇ ਮਗਰੋਂ, ਸ਼ਤਾਨ ਨੇ ਵਾਅਦਾ ਕੀਤੀ ਗਈ ਸੰਤਾਨ ਦੇ ਸੰਬੰਧ ਵਿਚ ਨਿੱਜੀ ਤੌਰ ਤੇ ਯਹੋਵਾਹ ਦੇ ਮਕਸਦ ਨੂੰ ਨਿਸਫਲ ਕਰਨ ਦੀ ਕਿਵੇਂ ਕੋਸ਼ਿਸ਼ ਕੀਤੀ? (ਅ) ਸ਼ਤਾਨ ਨੇ ਆਪਣੇ ਲਕਸ਼ ਪ੍ਰਾਪਤ ਕਰਨ ਦੇ ਲਈ ਕਿਵੇਂ ਯਹੂਦੀ ਧਾਰਮਿਕ ਆਗੂਆਂ ਦਾ ਇਸਤੇਮਾਲ ਕੀਤਾ?
10 ਜਦੋਂ ਯਿਸੂ ਨੂੰ 29 ਸਾ.ਯੁ. ਵਿਚ ਪਵਿੱਤਰ ਆਤਮਾ ਨਾਲ ਮਸਹ ਕੀਤਾ ਗਿਆ ਅਤੇ ਯਹੋਵਾਹ ਨੇ ਸਵਰਗ ਵਿੱਚੋਂ ਬੋਲਦੇ ਹੋਏ ਯਿਸੂ ਨੂੰ ਆਪਣੇ ਪੁੱਤਰ ਦੇ ਤੌਰ ਤੇ ਸਵੀਕਾਰ ਕੀਤਾ, ਤਦ ਉਸ ਮਗਰੋਂ ਸ਼ਤਾਨ ਨੇ ਯਹੋਵਾਹ ਦੇ ਪੁੱਤਰ ਸੰਬੰਧੀ ਉਸ ਦੇ ਮਕਸਦ ਨੂੰ ਨਿਸਫਲ ਕਰਨ ਦੀ ਭਾਲ ਵਿਚ, ਵਾਰ-ਵਾਰ ਯਿਸੂ ਨੂੰ ਪਰਤਾਵਿਆਂ ਅੱਗੇ ਝੁੱਕਾਉਣ ਦੀ ਕੋਸ਼ਿਸ਼ ਕੀਤੀ। (ਮੱਤੀ 4:1-10) ਇਸ ਵਿਚ ਅਸਫਲ ਹੁੰਦੇ ਹੋਏ, ਉਸ ਨੇ ਆਪਣੇ ਲਕਸ਼ ਨੂੰ ਪ੍ਰਾਪਤ ਕਰਨ ਦੇ ਲਈ ਮਾਨਵ ਕਾਰਿੰਦਿਆਂ ਦਾ ਹੋਰ ਵੀ ਇਸਤੇਮਾਲ ਕੀਤਾ। ਯਿਸੂ ਨੂੰ ਬਦਨਾਮ ਕਰਨ ਦੇ ਜਤਨ ਵਿਚ ਇਸਤੇਮਾਲ ਕੀਤੇ ਗਏ ਲੋਕਾਂ ਵਿਚ ਪਖੰਡੀ ਧਾਰਮਿਕ ਆਗੂ ਸ਼ਾਮਲ ਸਨ। ਉਨ੍ਹਾਂ ਨੇ ਝੂਠ ਅਤੇ ਤੁਹਮਤ ਦਾ ਪ੍ਰਯੋਗ ਕੀਤਾ, ਅਜਿਹੀਆਂ ਜੁਗਤਾਂ ਜੋ ਖ਼ੁਦ ਸ਼ਤਾਨ ਇਸਤੇਮਾਲ ਕਰਦਾ ਹੈ। ਜਦੋਂ ਯਿਸੂ ਨੇ ਇਕ ਅਧਰੰਗੀ ਨੂੰ ਕਿਹਾ, “ਹੌਂਸਲਾ ਰੱਖ! ਤੇਰੇ ਪਾਪ ਮਾਫ਼ ਹੋਏ,” ਤਾਂ ਗ੍ਰੰਥੀਆਂ ਨੇ ਇਹ ਦੇਖਣ ਦੇ ਲਈ ਇੰਤਜ਼ਾਰ ਕੀਤੇ ਬਿਨਾਂ ਹੀ ਕਿ ਉਹ ਆਦਮੀ ਸੱਚ-ਮੁੱਚ ਚੰਗਾ ਹੋਇਆ ਸੀ ਜਾਂ ਨਹੀਂ, ਰਾਇ ਬਣਾ ਲਈ ਕਿ ਯਿਸੂ ਇਕ ਕਾਫ਼ਰ ਸੀ। (ਮੱਤੀ 9:2-7) ਜਦੋਂ ਯਿਸੂ ਨੇ ਸਬਤ ਦੇ ਦਿਨ ਲੋਕਾਂ ਨੂੰ ਚੰਗਾ ਕੀਤਾ, ਤਾਂ ਫ਼ਰੀਸੀਆਂ ਨੇ ਉਸ ਨੂੰ ਸਬਤ ਦਾ ਨਿਯਮ ਤੋੜਨ ਵਾਲੇ ਦੇ ਤੌਰ ਤੇ ਦੋਸ਼ੀ ਠਹਿਰਾਇਆ ਅਤੇ ਉਸ ਨੂੰ ਮਾਰ ਦੇਣ ਦੀ ਸਲਾਹ ਬਣਾਈ। (ਮੱਤੀ 12:9-14; ਯੂਹੰਨਾ 5:1-18) ਜਦੋਂ ਯਿਸੂ ਨੇ ਪਿਸ਼ਾਚਾਂ ਨੂੰ ਕੱਢਿਆ, ਤਾਂ ਫ਼ਰੀਸੀਆਂ ਨੇ ਉਸ ਉੱਤੇ ਇਲਜ਼ਾਮ ਲਾਇਆ ਕਿ ਉਹ “ਭੂਤਾਂ [“ਪਿਸ਼ਾਚਾਂ,” ਨਿ ਵ] ਦੇ ਸਰਦਾਰ ਬਆਲਜ਼ਬੂਲ” ਦੇ ਨਾਲ ਮਿਲਿਆ ਹੋਇਆ ਸੀ। (ਮੱਤੀ 12:22-24) ਲਾਜ਼ਰ ਦਾ ਮੁਰਦਿਆਂ ਵਿੱਚੋਂ ਜੀ ਉੱਠਣ ਮਗਰੋਂ, ਅਨੇਕ ਲੋਕਾਂ ਨੇ ਯਿਸੂ ਉੱਤੇ ਨਿਹਚਾ ਕੀਤੀ, ਪਰੰਤੂ ਮੁੱਖ ਜਾਜਕਾਂ ਅਤੇ ਫ਼ਰੀਸੀਆਂ ਨੇ ਉਸ ਨੂੰ ਕਤਲ ਕਰਨ ਦੀ ਮੁੜ ਸਲਾਹ ਬਣਾਈ।—ਯੂਹੰਨਾ 11:47-53.
11. ਯਿਸੂ ਦੀ ਮੌਤ ਤੋਂ ਤਿੰਨ ਦਿਨ ਪਹਿਲਾਂ, ਉਸ ਨੇ ਕਿਸ ਨੂੰ ਸੱਪ ਦੀ ਸੰਤਾਨ ਦੇ ਭਾਗ ਦੇ ਤੌਰ ਤੇ ਸ਼ਨਾਖਤ ਕੀਤਾ, ਅਤੇ ਕਿਉਂ?
11 ਨਿਸਾਨ 11, 33 ਸਾ.ਯੁ. ਨੂੰ ਯਿਸੂ, ਇਹ ਚੰਗੀ ਤਰ੍ਹਾਂ ਨਾਲ ਜਾਣਦੇ ਹੋਏ ਕਿ ਉਹ ਕੀ ਮਨਸੂਬਾ ਘੜ ਰਹੇ ਸਨ, ਨਿਡਰਤਾ ਨਾਲ ਸਿੱਧਾ ਯਰੂਸ਼ਲਮ ਦੀ ਹੈਕਲ ਦੇ ਇਲਾਕੇ ਵਿਚ ਗਿਆ ਅਤੇ ਉੱਥੇ ਸ਼ਰੇਆਮ ਉਨ੍ਹਾਂ ਉੱਤੇ ਨਿਆਉਂ ਘੋਸ਼ਿਤ ਕੀਤਾ। ਇਕ ਸਮੂਹ ਦੇ ਤੌਰ ਤੇ, ਗ੍ਰੰਥੀਆਂ ਅਤੇ ਫ਼ਰੀਸੀਆਂ ਨੇ ਲਗਾਤਾਰ ਪ੍ਰਦਰਸ਼ਿਤ ਕੀਤਾ ਸੀ ਕਿ ਉਹ ਕਿਸ ਪ੍ਰਕਾਰ ਦੇ ਲੋਕ ਸਨ; ਇਸ ਲਈ ਯਿਸੂ ਨੇ ਕਿਹਾ: “ਹੇ ਕਪਟੀ ਗ੍ਰੰਥੀਓ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਇ ਹਾਇ! ਇਸ ਲਈ ਜੋ ਤੁਸੀਂ ਸੁਰਗ ਦੇ ਰਾਜ ਨੂੰ ਮਨੁੱਖਾਂ ਦੇ ਅੱਗੇ ਬੰਦ ਕਰਦੇ ਹੋ। ਕਿਉਂ ਜੋ ਉਸ ਵਿੱਚ ਨਾ ਆਪ ਵੜਦੇ ਨਾ ਵੜਨ ਵਾਲਿਆਂ ਨੂੰ ਵੜਨ ਦਿੰਦੇ ਹੋ।” ਯਿਸੂ ਨੇ ਸਪੱਸ਼ਟ ਤੌਰ ਤੇ ਇਹ ਘੋਸ਼ਿਤ ਕਰਦੇ ਹੋਏ ਕਿ ਉਹ ਸੱਪ ਦੀ ਸੰਤਾਨ ਸਨ, ਇਹ ਕਿਹਾ: “ਹੇ ਸੱਪੋ, ਹੇ ਨਾਗਾਂ ਦੇ ਬੱਚਿਓ! ਤੁਸੀਂ ਨਰਕ ਦੇ ਡੰਨੋਂ ਕਿਸ ਬਿਧ ਭੱਜੋਗੇ?” (ਮੱਤੀ 23:13, 14, 33) ਉਸ ਦੇ ਸ਼ਬਦਾਂ ਦੀ ਵਰਤੋਂ ਉਤਪਤ 3:15 ਦੀ ਭਵਿੱਖਬਾਣੀ ਨੂੰ ਚੇਤੇ ਕਰਾਉਂਦੀ ਹੈ।
12, 13. (ੳ) ਮੁੱਖ ਜਾਜਕਾਂ ਅਤੇ ਗ੍ਰੰਥੀਆਂ ਨੇ ਇਸ ਦਾ ਅਤਿਰਿਕਤ ਸਬੂਤ ਕਿਵੇਂ ਦਿੱਤਾ ਕਿ ਉਨ੍ਹਾਂ ਦਾ ਅਧਿਆਤਮਿਕ ਪਿਤਾ ਕੌਣ ਸੀ? (ਅ) ਕੌਣ ਉਨ੍ਹਾਂ ਦੇ ਨਾਲ ਮਿਲ ਗਏ? (ੲ) ਉਤਪਤ 3:15 ਦੀ ਪੂਰਤੀ ਵਿਚ, ਤੀਵੀਂ ਦੀ ਸੰਤਾਨ ਦੀ ਅੱਡੀ ਨੂੰ ਕਿਵੇਂ ਡੰਗ ਮਾਰਿਆ ਗਿਆ?
12 ਯਿਸੂ ਦੇ ਸ਼ਬਦ ਸੁਣ ਕੇ, ਕੀ ਉਨ੍ਹਾਂ ਨੂੰ ਪਛਤਾਵਾ ਹੋਇਆ, ਤਾਂ ਜੋ ਉਨ੍ਹਾਂ ਨੇ ਪਰਮੇਸ਼ੁਰ ਤੋਂ ਦਇਆ ਲਈ ਮਿੰਨਤਾਂ ਕੀਤੀਆਂ? ਕੀ ਉਨ੍ਹਾਂ ਨੇ ਆਪਣੀ ਦੁਸ਼ਟਤਾ ਤੋਂ ਤੋਬਾ ਕੀਤੀ? ਨਹੀਂ! ਮਰਕੁਸ 14:1 ਰਿਪੋਰਟ ਕਰਦਾ ਹੈ ਕਿ ਉਸ ਦੇ ਅਗਲੇ ਦਿਨ ਹੀ, ਪ੍ਰਧਾਨ ਜਾਜਕ ਦੇ ਵਿਹੜੇ ਵਿਖੇ ਇਕ ਸਭਾ ਵਿਚ, “ਪਰਧਾਨ ਜਾਜਕ ਅਤੇ ਗ੍ਰੰਥੀ ਇਸ ਗੱਲ ਦੇ ਪਿੱਛੇ ਲੱਗੇ ਜੋ [ਯਿਸੂ] ਨੂੰ ਕਿੱਕੁਰ ਛਲ ਨਾਲ ਫੜ ਕੇ ਜਾਨੋਂ ਮਾਰੀਏ।” ਉਨ੍ਹਾਂ ਨੇ ਸ਼ਤਾਨ ਦੀ ਖ਼ੂਨੀ ਪ੍ਰਵਿਰਤੀ ਨੂੰ ਪ੍ਰਦਰਸ਼ਿਤ ਕਰਨਾ ਜਾਰੀ ਰੱਖਿਆ, ਜਿਸ ਨੂੰ ਯਿਸੂ ਨੇ ਪਹਿਲਾਂ ਹੀ ਇਕ ਮਨੁੱਖ ਘਾਤਕ ਦੇ ਤੌਰ ਤੇ ਵਰਣਨ ਕੀਤਾ ਸੀ। (ਯੂਹੰਨਾ 8:44) ਜਲਦੀ ਹੀ ਯਹੂਦਾ ਇਸਕਰਿਯੋਤੀ ਉਨ੍ਹਾਂ ਦੇ ਨਾਲ ਮਿਲ ਗਿਆ, ਜਿਸ ਨੂੰ ਸ਼ਤਾਨ ਨੇ ਇਕ ਧਰਮ-ਤਿਆਗੀ ਬਣਨ ਦੇ ਲਈ ਪ੍ਰੇਰਿਤ ਕੀਤਾ ਸੀ। ਯਹੂਦਾ, ਪਰਮੇਸ਼ੁਰ ਦੀ ਤੀਵੀਂ ਦੀ ਨਿਰਦੋਸ਼ ਸੰਤਾਨ ਨੂੰ ਤਿਆਗ ਕੇ ਸੱਪ ਦੀ ਸੰਤਾਨ ਦੇ ਨਾਲ ਸ਼ਾਮਲ ਹੋ ਗਿਆ।
13 ਨਿਸਾਨ 14 ਦੇ ਤੜਕੇ ਹੀ, ਯਹੂਦੀ ਧਾਰਮਿਕ ਅਦਾਲਤ ਦੇ ਸਦੱਸ ਯਿਸੂ ਨੂੰ ਇਕ ਕੈਦੀ ਦੇ ਤੌਰ ਤੇ ਰੋਮੀ ਗਵਰਨਰ ਦੇ ਕੋਲ ਲੈ ਗਏ। ਇੱਥੇ ਮੁੱਖ ਜਾਜਕ ਨੇ ਉਸ ਨੂੰ ਸੂਲੀ ਉੱਤੇ ਚਾੜ੍ਹੇ ਜਾਣ ਦੇ ਲਈ ਚਿਲਾਉਣ ਵਿਚ ਅਗਵਾਈ ਕੀਤੀ। ਜਦੋਂ ਪਿਲਾਤੁਸ ਨੇ ਪੁੱਛਿਆ, “ਮੈਂ ਤੁਹਾਡੇ ਪਾਤਸ਼ਾਹ ਨੂੰ ਸਲੀਬ [“ਸੂਲੀ,” ਨਿ ਵ] ਦਿਆਂ?” ਤਾਂ ਮੁੱਖ ਜਾਜਕ ਹੀ ਸਨ ਜਿਨ੍ਹਾਂ ਨੇ ਉੱਤਰ ਦਿੱਤਾ, “ਕੈਸਰ ਬਿਨਾ ਸਾਡਾ ਕੋਈ ਪਾਤਸ਼ਾਹ ਨਹੀਂ ਹੈ।” (ਯੂਹੰਨਾ 19:6, 15) ਸੱਚ-ਮੁੱਚ ਹੀ, ਉਨ੍ਹਾਂ ਨੇ ਹਰ ਤਰੀਕੇ ਤੋਂ ਸਾਬਤ ਕੀਤਾ ਕਿ ਉਹ ਸੱਪ ਦੀ ਸੰਤਾਨ ਦਾ ਭਾਗ ਸਨ। ਪਰੰਤੂ ਉਹ ਨਿਸ਼ਚਿਤ ਹੀ ਇਕੱਲੇ ਨਹੀਂ ਸਨ। ਮੱਤੀ 27:24, 25 ਦਾ ਪ੍ਰੇਰਿਤ ਰਿਕਾਰਡ ਇਹ ਰਿਪੋਰਟ ਦਿੰਦਾ ਹੈ: “[ਪਿਲਾਤੁਸ] ਨੇ ਪਾਣੀ ਲੈ ਕੇ ਲੋਕਾਂ ਦੇ ਸਾਹਮਣੇ ਆਪਣੇ ਹੱਥ ਧੋਤੇ।” ਫਿਰ ਸਾਰੇ ਲੋਕਾਂ ਨੇ ਕਿਹਾ: “ਉਹ ਦਾ ਲਹੂ ਸਾਡੇ ਉੱਤੇ ਅਰ ਸਾਡੀ ਉਲਾਦ ਉੱਤੇ ਹੋਵੇ!” ਇਸ ਤਰ੍ਹਾਂ ਉਸ ਪੀੜ੍ਹੀ ਦੇ ਅਨੇਕ ਯਹੂਦੀਆਂ ਨੇ ਸੱਪ ਦੀ ਸੰਤਾਨ ਦੇ ਭਾਗ ਦੇ ਤੌਰ ਤੇ ਆਪਣੀ ਸ਼ਨਾਖਤ ਕੀਤੀ। ਉਸ ਦਿਨ ਦੇ ਸਮਾਪਤ ਹੋਣ ਤੋਂ ਪਹਿਲਾਂ, ਯਿਸੂ ਮਰ ਗਿਆ। ਆਪਣੀ ਦ੍ਰਿਸ਼ਟ ਸੰਤਾਨ ਨੂੰ ਇਸਤੇਮਾਲ ਕਰ ਕੇ, ਸ਼ਤਾਨ ਨੇ ਪਰਮੇਸ਼ੁਰ ਦੀ ਤੀਵੀਂ ਦੀ ਸੰਤਾਨ ਦੀ ਅੱਡੀ ਨੂੰ ਡੰਗ ਮਾਰਿਆ।
14. ਤੀਵੀਂ ਦੀ ਸੰਤਾਨ ਦੀ ਅੱਡੀ ਨੂੰ ਡੰਗ ਮਾਰੇ ਜਾਣ ਦਾ ਅਰਥ ਸ਼ਤਾਨ ਦੇ ਲਈ ਜਿੱਤ ਕਿਉਂ ਨਹੀਂ ਸੀ?
14 ਕੀ ਸ਼ਤਾਨ ਜਿੱਤ ਗਿਆ ਸੀ? ਬਿਲਕੁਲ ਨਹੀਂ! ਯਿਸੂ ਮਸੀਹ ਨੇ ਸੰਸਾਰ ਨੂੰ ਜਿੱਤ ਲਿਆ ਸੀ ਅਤੇ ਉਹ ਉਸ ਦੇ ਸ਼ਾਸਕ ਉੱਤੇ ਪ੍ਰਬਲ ਹੋਇਆ ਸੀ। (ਯੂਹੰਨਾ 14:30, 31; 16:33) ਉਸ ਨੇ ਮੌਤ ਤਕ ਯਹੋਵਾਹ ਦੇ ਪ੍ਰਤੀ ਆਪਣੀ ਨਿਸ਼ਠਾ ਨੂੰ ਕਾਇਮ ਰੱਖਿਆ ਸੀ। ਇਕ ਸੰਪੂਰਣ ਮਾਨਵ ਦੇ ਤੌਰ ਤੇ ਉਸ ਦੀ ਮੌਤ ਨੇ ਉਹ ਰਿਹਾਈ-ਕੀਮਤ ਪ੍ਰਦਾਨ ਕੀਤੀ ਜੋ ਆਦਮ ਦੁਆਰਾ ਗੁਆ ਦਿੱਤੇ ਗਏ ਜੀਵਨ-ਅਧਿਕਾਰ ਨੂੰ ਵਾਪਸ ਖ਼ਰੀਦਣ ਲਈ ਜ਼ਰੂਰੀ ਸੀ। ਇਸ ਲਈ ਉਸ ਨੇ ਉਨ੍ਹਾਂ ਲੋਕਾਂ ਲਈ ਸਦੀਪਕ ਜੀਵਨ ਦਾ ਰਾਹ ਖੋਲ੍ਹ ਦਿੱਤਾ ਜੋ ਉਸ ਪ੍ਰਬੰਧ ਉੱਤੇ ਨਿਹਚਾ ਕਰਦੇ ਅਤੇ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਦੇ। (ਮੱਤੀ 20:28; ਯੂਹੰਨਾ 3:16) ਯਹੋਵਾਹ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜੀ ਉਠਾ ਕੇ ਸਵਰਗ ਵਿਚ ਅਮਰ ਜੀਵਨ ਦਿੱਤਾ। ਯਹੋਵਾਹ ਦੇ ਨਿਯਤ ਸਮੇਂ ਤੇ, ਯਿਸੂ ਸ਼ਤਾਨ ਨੂੰ ਮਸਲ ਕੇ, ਉਸ ਦੀ ਹੋਂਦ ਮਿਟਾ ਦੇਵੇਗਾ। ਉਤਪਤ 22:16-18 ਤੇ, ਇਹ ਭਵਿੱਖਬਾਣੀ ਕੀਤੀ ਗਈ ਹੈ ਕਿ ਯਹੋਵਾਹ ਧਰਤੀ ਦੇ ਉਨ੍ਹਾਂ ਸਾਰੇ ਪਰਿਵਾਰਾਂ ਉੱਤੇ ਕਿਰਪਾ ਕਰੇਗਾ ਜੋ ਉਸ ਨਿਸ਼ਠਾਵਾਨ ਸੰਤਾਨ ਦੇ ਜ਼ਰੀਏ ਆਪਣੇ ਉੱਤੇ ਬਰਕਤ ਲਿਆਉਣ ਦੇ ਲਈ ਜ਼ਰੂਰੀ ਕਦਮ ਚੁੱਕਦੇ ਹਨ।
15. (ੳ) ਯਿਸੂ ਦੀ ਮੌਤ ਮਗਰੋਂ, ਉਸ ਦੇ ਰਸੂਲਾਂ ਨੇ ਸੱਪ ਦੀ ਸੰਤਾਨ ਦਾ ਪਰਦਾ ਫ਼ਾਸ਼ ਕਰਨਾ ਕਿਵੇਂ ਜਾਰੀ ਰੱਖਿਆ? (ਅ) ਠੀਕ ਸਾਡੇ ਦਿਨਾਂ ਤਕ ਸੱਪ ਦੀ ਸੰਤਾਨ ਦੁਆਰਾ ਹੋਰ ਕਿਹੜਾ ਵੈਰ ਪ੍ਰਦਰਸ਼ਿਤ ਕੀਤਾ ਗਿਆ ਹੈ?
15 ਯਿਸੂ ਦੀ ਮੌਤ ਮਗਰੋਂ, ਆਤਮਾ ਦੁਆਰਾ ਮਸਹ ਕੀਤੇ ਹੋਏ ਮਸੀਹੀਆਂ ਨੇ ਸੱਪ ਦੀ ਸੰਤਾਨ ਦਾ ਪਰਦਾ ਫ਼ਾਸ਼ ਕਰਨਾ ਜਾਰੀ ਰੱਖਿਆ, ਜਿਵੇਂ ਉਨ੍ਹਾਂ ਦੇ ਪ੍ਰਭੂ ਨੇ ਕੀਤਾ ਸੀ। ਪਵਿੱਤਰ ਆਤਮਾ ਦੁਆਰਾ ਪ੍ਰੇਰਿਤ ਹੋ ਕੇ, ਰਸੂਲ ਪੌਲੁਸ ਨੇ ‘ਕੁਧਰਮ ਦੇ ਪੁਰਖ’ ਬਾਰੇ ਚੇਤਾਵਨੀ ਦਿੱਤੀ, ਜਿਸ ਦੀ ਮੌਜੂਦਗੀ “ਸ਼ਤਾਨ ਦੇ ਅਮਲ ਅਨੁਸਾਰ” ਹੋਵੇਗੀ। (2 ਥੱਸਲੁਨੀਕੀਆਂ 2:3-10) ਇਹ ਸਮੂਹਕ “ਪੁਰਖ” ਮਸੀਹੀ-ਜਗਤ ਦਾ ਪਾਦਰੀ-ਵਰਗ ਸਾਬਤ ਹੋਇਆ ਹੈ। ਕ੍ਰਮ ਅਨੁਸਾਰ, ਸੱਪ ਦੀ ਸੰਤਾਨ ਨੇ ਯਿਸੂ ਮਸੀਹ ਦੇ ਅਨੁਯਾਈਆਂ ਨੂੰ ਤੀਬਰਤਾ ਨਾਲ ਸਤਾਇਆ। ਪਰਕਾਸ਼ ਦੀ ਪੋਥੀ 12:17 ਵਿਚ ਦਰਜ ਭਵਿੱਖਬਾਣੀ ਵਿਚ, ਰਸੂਲ ਯੂਹੰਨਾ ਨੇ ਪੂਰਵ-ਸੂਚਿਤ ਕੀਤਾ ਕਿ ਸ਼ਤਾਨ ਠੀਕ ਸਾਡੇ ਦਿਨਾਂ ਤਕ ਪਰਮੇਸ਼ੁਰ ਦੀ ਤੀਵੀਂ ਦੀ ਸੰਤਾਨ ਦੇ ਬਕੀਏ ਦੇ ਨਾਲ ਯੁੱਧ ਕਰਨਾ ਜਾਰੀ ਰੱਖੇਗਾ। ਠੀਕ ਇਹੋ ਹੀ ਹੋਇਆ ਹੈ। ਅਨੇਕ ਦੇਸ਼ਾਂ ਵਿਚ, ਪਰਮੇਸ਼ੁਰ ਦੇ ਰਾਜ ਅਤੇ ਉਸ ਦੇ ਧਰਮੀ ਰਾਹਾਂ ਦੇ ਪੱਖ ਵਿਚ ਆਪਣੀ ਦ੍ਰਿੜ੍ਹ ਸਥਿਤੀ ਦੇ ਕਾਰਨ ਯਹੋਵਾਹ ਦੇ ਗਵਾਹਾਂ ਉੱਤੇ ਪਾਬੰਦੀ ਲਗਾਈ ਗਈ, ਹੱਲਾ ਬੋਲਿਆ ਗਿਆ, ਉਨ੍ਹਾਂ ਨੂੰ ਕੈਦ ਕੀਤਾ ਗਿਆ, ਜਾਂ ਨਜ਼ਰਬੰਦੀ-ਕੈਂਪਾਂ ਵਿਚ ਸੁੱਟਿਆ ਗਿਆ ਹੈ।
ਸੱਪ ਦੀ ਸੰਤਾਨ ਦਾ ਆਧੁਨਿਕ-ਦਿਨ ਵਿਚ ਪਰਦਾ ਫ਼ਾਸ਼
16. ਆਧੁਨਿਕ ਸਮਿਆਂ ਵਿਚ, ਸੱਪ ਦੀ ਸੰਤਾਨ ਦੇ ਭਾਗ ਦੇ ਤੌਰ ਤੇ ਕਿਨ੍ਹਾਂ ਦਾ ਪਰਦਾ ਫ਼ਾਸ਼ ਕੀਤਾ ਗਿਆ ਹੈ, ਅਤੇ ਕਿਵੇਂ?
16 ਯਿਸੂ ਮਸੀਹ ਦਾ ਅਨੁਕਰਣ ਕਰਦੇ ਹੋਏ, ਸੱਚੇ ਮਸੀਹੀਆਂ ਨੇ ਸੱਪ ਅਤੇ ਉਸ ਦੀ ਸੰਤਾਨ ਦਾ ਨਿਡਰਤਾ ਨਾਲ ਪਰਦਾ ਫ਼ਾਸ਼ ਕਰਨਾ ਜਾਰੀ ਰੱਖਿਆ ਹੈ। ਸੰਨ 1917 ਵਿਚ ਬਾਈਬਲ ਸਟੂਡੈਂਟਸ, ਜਿਵੇਂ ਕਿ ਯਹੋਵਾਹ ਦੇ ਗਵਾਹ ਉਸ ਸਮੇਂ ਜਾਣੇ ਜਾਂਦੇ ਸਨ, ਨੇ ਪੁਸਤਕ ਸਮਾਪਤ ਰਹੱਸ (ਅੰਗ੍ਰੇਜ਼ੀ) ਪ੍ਰਕਾਸ਼ਿਤ ਕੀਤੀ, ਜਿਸ ਵਿਚ ਉਨ੍ਹਾਂ ਨੇ ਮਸੀਹੀ-ਜਗਤ ਦੇ ਪਾਦਰੀ-ਵਰਗ ਦੇ ਪਖੰਡ ਨੂੰ ਨੰਗਾ ਕੀਤਾ। ਇਸ ਮਗਰੋਂ, 1924 ਵਿਚ, ਪਾਦਰੀਆਂ ਉੱਤੇ ਇਲਜ਼ਾਮ (ਅੰਗ੍ਰੇਜ਼ੀ) ਨਾਮਕ ਇਕ ਪ੍ਰਸਤਾਵ ਛਾਪਿਆ ਗਿਆ। ਪੰਜ ਕਰੋੜ ਕਾਪੀਆਂ ਨੂੰ ਸੰਸਾਰ ਭਰ ਵਿਚ ਵੰਡਿਆ ਗਿਆ। ਸੰਨ 1937 ਵਿਚ, ਉਸ ਸਮੇਂ ਵਾਚ ਟਾਵਰ ਸੋਸਾਇਟੀ ਦੇ ਪ੍ਰਧਾਨ, ਜੇ. ਐੱਫ਼. ਰਦਰਫ਼ਰਡ ਨੇ “ਪਰਦਾ ਫ਼ਾਸ਼” ਅਤੇ “ਧਰਮ ਅਤੇ ਮਸੀਹੀਅਤ” ਨਾਮਕ ਭਾਸ਼ਣਾਂ ਵਿਚ ਸ਼ਤਾਨ ਦੀ ਸੰਤਾਨ ਦਾ ਜ਼ਬਰਦਸਤ ਪਰਦਾ ਫ਼ਾਸ਼ ਕੀਤਾ। ਉਸ ਤੋਂ ਅਗਲੇ ਸਾਲ, ਜਦੋਂ ਵਿਭਿੰਨ ਦੇਸ਼ਾਂ ਵਿਚ 50 ਮਹਾਂ-ਸੰਮੇਲਨਾਂ ਦੇ ਸ੍ਰੋਤੇ ਸੁਣ ਰਹੇ ਸਨ, ਉਸ ਨੇ ਲੰਡਨ, ਇੰਗਲੈਂਡ ਤੋਂ ਰੇਡੀਓਟੈਲੀਫ਼ੋਨ ਦੇ ਦੁਆਰਾ “ਹਕੀਕਤਾਂ ਦਾ ਸਾਮ੍ਹਣਾ ਕਰੋ” ਨਾਮਕ ਭਾਸ਼ਣ ਦਿੱਤਾ। ਇਕ ਮਹੀਨੇ ਬਾਅਦ, ਸੰਯੁਕਤ ਰਾਜ ਅਮਰੀਕਾ ਵਿਚ ਇਕ ਵਿਸਤ੍ਰਿਤ ਰੇਡੀਓ ਨੈਟਵਰਕ ਨੇ ਭਾਸ਼ਣ “ਫਾਸ਼ੀਵਾਦ ਜਾਂ ਆਜ਼ਾਦੀ” ਪ੍ਰਸਾਰਿਤ ਕੀਤਾ। ਇਨ੍ਹਾਂ ਦੇ ਨਾਲ-ਨਾਲ, ਵੈਰੀ ਅਤੇ ਧਰਮ ਵਰਗੀਆਂ ਅੰਗ੍ਰੇਜ਼ੀ ਪੁਸਤਕਾਂ ਅਤੇ ਨਾਲ ਹੀ ਨੰਗਾ ਕੀਤਾ ਗਿਆ ਨਾਮਕ ਅੰਗ੍ਰੇਜ਼ੀ ਪੁਸਤਿਕਾ ਵਿਚ ਵੀ ਜ਼ਬਰਦਸਤ ਪਰਦਾ ਫ਼ਾਸ਼ ਕੀਤਾ ਗਿਆ। ਸੰਨ 1920 ਦੇ ਦਸ਼ਕ ਤੋਂ ਜੋ ਕੁਝ ਪ੍ਰਕਾਸ਼ਿਤ ਕੀਤਾ ਗਿਆ ਸੀ, ਉਸ ਦੇ ਇਕਸੁਰਤਾ ਵਿਚ ਪੁਸਤਕ ਪਰਕਾਸ਼ ਦੀ ਪੋਥੀ—ਇਸ ਦਾ ਮਹਾਨ ਸਿਖਰ ਨੇੜੇ!a (ਅੰਗ੍ਰੇਜ਼ੀ), ਜੋ ਹੁਣ 65 ਭਾਸ਼ਾਵਾਂ ਵਿਚ ਛਾਪੀ ਜਾ ਚੁੱਕੀ ਹੈ, ਸ਼ਨਾਖਤ ਕਰਦੀ ਹੈ ਕਿ ਭ੍ਰਿਸ਼ਟ ਰਾਜਨੀਤਿਕ ਸ਼ਾਸਕ ਅਤੇ ਲਾਲਚੀ, ਸਿਧਾਂਤਹੀਣ ਤਜਾਰਤੀ ਵਪਾਰੀ ਸੱਪ ਦੀ ਦ੍ਰਿਸ਼ਟ ਸੰਤਾਨ ਦੇ ਪ੍ਰਮੁੱਖ ਸਦੱਸਾਂ ਵਿਚ ਸ਼ਾਮਲ ਹਨ। ਜਦੋਂ ਰਾਜਨੀਤਿਕ ਨੇਤਾ ਵਾਰ-ਵਾਰ ਆਪਣੀ ਪਰਜਾ ਨੂੰ ਕੁਰਾਹੇ ਪਾਉਣ ਦੇ ਲਈ ਝੂਠ ਦਾ ਸਹਾਰਾ ਲੈਂਦੇ ਹਨ, ਲਹੂ ਦੀ ਪਵਿੱਤਰਤਾ ਲਈ ਕੋਈ ਆਦਰ ਨਹੀਂ ਦਿਖਾਉਂਦੇ ਹਨ, ਅਤੇ ਯਹੋਵਾਹ ਦੇ ਸੇਵਕਾਂ ਉੱਤੇ ਅਤਿਆਚਾਰ ਕਰਦੇ ਹਨ (ਇਸ ਤਰ੍ਹਾਂ ਪਰਮੇਸ਼ੁਰ ਦੀ ਤੀਵੀਂ ਦੀ ਸੰਤਾਨ ਲਈ ਨਫ਼ਰਤ ਦਿਖਾਉਂਦੇ ਹਨ), ਤਾਂ ਉਹ ਨਿਸ਼ਚੇ ਹੀ ਆਪਣੀ ਸ਼ਨਾਖਤ ਸੱਪ ਦੀ ਸੰਤਾਨ ਦੇ ਭਾਗ ਦੇ ਤੌਰ ਤੇ ਕਰਦੇ ਹਨ। ਇਹੋ ਗੱਲ ਤਜਾਰਤੀ ਵਪਾਰੀਆਂ ਦੇ ਬਾਰੇ ਵੀ ਸੱਚ ਹੈ ਜੋ, ਬਿਨਾਂ ਕਿਸੇ ਸੰਕੋਚ ਦੇ, ਮਾਲੀ ਲਾਭ ਲਈ ਝੂਠ ਬੋਲਦੇ ਹਨ ਅਤੇ ਜੋ ਅਜਿਹੇ ਉਤਪਾਦਨ ਬਣਾਉਂਦੇ ਜਾਂ ਵੇਚਦੇ ਹਨ ਜਿਨ੍ਹਾਂ ਬਾਰੇ ਜਾਣਿਆ ਜਾਂਦਾ ਹੈ ਕਿ ਉਹ ਬਿਮਾਰੀ ਉਤਪੰਨ ਕਰਦੇ ਹਨ।
17. ਉੱਘੜਵੇਂ ਵਿਅਕਤੀਆਂ ਦੇ ਲੇਈ, ਜੋ ਸ਼ਾਇਦ ਸੰਸਾਰ ਦੀ ਵਿਵਸਥਾ ਵਿੱਚੋਂ ਨਿਕਲ ਆਉਣ, ਹਾਲੇ ਵੀ ਕਿਹੜਾ ਮੌਕਾ ਖੁੱਲਾ ਹੈ?
17 ਸੰਸਾਰਕ ਧਰਮ, ਰਾਜਨੀਤੀ, ਜਾਂ ਤਜਾਰਤ ਦੁਆਰਾ ਕਲੰਕਿਤ ਹਰੇਕ ਵਿਅਕਤੀ ਆਖ਼ਰਕਾਰ ਸੱਪ ਦੀ ਸੰਤਾਨ ਦੇ ਭਾਗ ਵਜੋਂ ਨਹੀਂ ਗਿਣਿਆ ਜਾਵੇਗਾ। ਇਨ੍ਹਾਂ ਵਿੱਚੋਂ ਕੁਝ ਆਦਮੀ ਅਤੇ ਔਰਤਾਂ ਯਹੋਵਾਹ ਦੇ ਗਵਾਹਾਂ ਦੀ ਸ਼ਲਾਘਾ ਕਰਨ ਲੱਗਦੇ ਹਨ। ਉਹ ਉਨ੍ਹਾਂ ਦੀ ਮਦਦ ਕਰਨ ਦੇ ਲਈ ਆਪਣੇ ਪ੍ਰਭਾਵ ਦਾ ਪ੍ਰਯੋਗ ਕਰਦੇ ਹਨ, ਅਤੇ ਉਚਿਤ ਸਮੇਂ ਤੇ ਸੱਚੀ ਉਪਾਸਨਾ ਨੂੰ ਅਪਣਾ ਲੈਂਦੇ ਹੈ। (ਤੁਲਨਾ ਕਰੋ ਰਸੂਲਾਂ ਦੇ ਕਰਤੱਬ 13:7, 12; 17:32-34.) ਅਜਿਹੇ ਸਾਰਿਆਂ ਵਿਅਕਤੀਆਂ ਤੋਂ ਇਹ ਨਿਵੇਦਨ ਕੀਤਾ ਗਿਆ ਹੈ: “ਹੁਣ ਹੇ ਰਾਜਿਓ, ਸਿਆਣੇ ਬਣੋ, ਅਤੇ ਹੇ ਧਰਤੀ ਦੇ ਨਿਆਈਓ, ਤੁਸੀਂ ਸਮਝ ਜਾਓ। ਭੈ ਨਾਲ ਯਹੋਵਾਹ ਦੀ ਸੇਵਾ ਕਰੋ ਅਤੇ ਕੰਬਦੇ ਕੰਬਦੇ ਖੁਸ਼ੀ ਮਨਾਓ, ਪੁੱਤ੍ਰ ਨੂੰ ਚੁੰਮੋ ਮਤੇ ਉਹ ਕ੍ਰੋਧ ਵਿੱਚ ਆਵੇ, ਅਤੇ ਤੁਸੀਂ ਰਾਹ ਵਿੱਚ ਹੀ ਨਾਸ ਹੋ ਜਾਓ, ਕਿਉਂ ਜੋ ਉਸ ਦਾ ਕ੍ਰੋਧ ਝੱਟ ਭੜਕ ਉੱਠੇਗਾ। ਧੰਨ ਹਨ ਓਹ ਜਿਹੜੇ ਉਸ ਵਿੱਚ ਪਨਾਹ ਲੈਂਦੇ ਹਨ।” (ਜ਼ਬੂਰ 2:10-12) ਦਰਅਸਲ, ਯਹੋਵਾਹ ਦੀ ਕਿਰਪਾ ਹਾਸਲ ਕਰਨ ਦੀ ਇੱਛਾ ਰੱਖਣ ਵਾਲੇ ਸਾਰਿਆਂ ਲਈ ਹੁਣ ਕਦਮ ਚੁੱਕਣਾ ਅਤਿ-ਆਵੱਸ਼ਕ ਹੈ, ਇਸ ਤੋਂ ਪਹਿਲਾਂ ਕਿ ਸਵਰਗੀ ਨਿਆਂਕਾਰ ਮੌਕੇ ਦੇ ਬੂਹੇ ਨੂੰ ਬੰਦ ਕਰ ਦੇਵੇ!
18. ਭਾਵੇਂ ਕਿ ਉਹ ਤੀਵੀਂ ਦੀ ਸੰਤਾਨ ਦਾ ਭਾਗ ਨਹੀਂ ਹਨ, ਫਿਰ ਵੀ ਕੌਣ ਯਹੋਵਾਹ ਦੇ ਉਪਾਸਕ ਹਨ?
18 ਕੇਵਲ ਉਹ ਹੀ ਜਿਨ੍ਹਾਂ ਤੋਂ ਸਵਰਗੀ ਰਾਜ ਬਣੇਗਾ, ਤੀਵੀਂ ਦੀ ਸੰਤਾਨ ਦਾ ਭਾਗ ਹਨ। ਇਨ੍ਹਾਂ ਦੀ ਗਿਣਤੀ ਥੋੜ੍ਹੀ ਹੀ ਹੈ। (ਪਰਕਾਸ਼ ਦੀ ਪੋਥੀ 7:4, 9) ਫਿਰ ਵੀ, ਹੋਰ ਲੋਕਾਂ ਦੀ ਇਕ ਵੱਡੀ ਭੀੜ ਹੈ, ਜੀ ਹਾਂ, ਲੱਖਾਂ ਲੋਕ, ਜੋ ਯਹੋਵਾਹ ਦੇ ਉਪਾਸਕਾਂ ਦੇ ਤੌਰ ਤੇ ਇਕ ਪਰਾਦੀਸ ਧਰਤੀ ਉੱਤੇ ਸਦੀਪਕ ਜੀਵਨ ਦੀ ਉਤਸ਼ਾਹ ਨਾਲ ਉਡੀਕ ਕਰ ਰਹੇ ਹਨ। ਸ਼ਬਦਾਂ ਅਤੇ ਕਾਰਜਾਂ ਦੋਹਾਂ ਦੇ ਦੁਆਰਾ ਉਹ ਯਹੋਵਾਹ ਦੇ ਮਸਹ ਕੀਤੇ ਹੋਇਆਂ ਨੂੰ ਕਹਿੰਦੇ ਹਨ: “ਅਸੀਂ ਤੁਹਾਡੇ ਨਾਲ ਚੱਲਾਂਗੇ ਕਿਉਂ ਜੋ ਅਸਾਂ ਸੁਣਿਆ ਹੈ ਕਿ ਪਰਮੇਸ਼ੁਰ ਤੁਹਾਡੇ ਸੰਗ ਹੈ।”—ਜ਼ਕਰਯਾਹ 8:23.
19. (ੳ) ਸਾਰਿਆਂ ਲੋਕਾਂ ਨੂੰ ਕਿਹੜੀ ਚੋਣ ਕਰਨੀ ਪਵੇਗੀ? (ਅ) ਖ਼ਾਸ ਤੌਰ ਤੇ ਕਿਨ੍ਹਾਂ ਲੋਕਾਂ ਤੋਂ ਇਕ ਤੀਬਰ ਨਿਵੇਦਨ ਕੀਤਾ ਜਾਂਦਾ ਹੈ ਕਿ ਉਹ ਮੌਕਾ ਸਮਾਪਤ ਹੋਣ ਤੋਂ ਪਹਿਲਾਂ ਬੁੱਧੀਮਤਾ ਨਾਲ ਕਾਰਜ ਕਰਨ?
19 ਹੁਣ ਉਹ ਸਮਾਂ ਹੈ ਜਦੋਂ ਸਾਰੀ ਮਨੁੱਖਜਾਤੀ ਨੂੰ ਇਕ ਚੋਣ ਕਰਨੀ ਪਵੇਗੀ। ਕੀ ਉਹ ਯਹੋਵਾਹ ਦੀ ਉਪਾਸਨਾ ਕਰਨਾ ਅਤੇ ਉਸ ਦੀ ਸਰਬਸੱਤਾ ਦਾ ਸਮਰਥਨ ਕਰਨਾ ਚਾਹੁੰਦੇ ਹਨ, ਜਾਂ ਕੀ ਉਹ ਸ਼ਤਾਨ ਨੂੰ ਪ੍ਰਸੰਨ ਕਰਨ ਵਾਲੇ ਕੰਮ ਕਰਨ ਦੇ ਦੁਆਰਾ ਉਸ ਨੂੰ ਆਪਣਾ ਸ਼ਾਸਕ ਬਣਨ ਦੇਣਗੇ? ਸਾਰੀਆਂ ਕੌਮਾਂ ਵਿੱਚੋਂ ਕੁਝ ਪੰਜਾਹ ਲੱਖ ਲੋਕਾਂ ਨੇ ਤੀਵੀਂ ਦੀ ਸੰਤਾਨ ਦੇ ਬਾਕੀ ਰਹਿੰਦੇ ਹੋਇਆਂ, ਅਰਥਾਤ, ਰਾਜ ਵਾਰਸਾਂ ਦੀ ਸੰਗਤੀ ਵਿਚ ਯਹੋਵਾਹ ਦੇ ਪੱਖ ਵਿਚ ਆਪਣੀ ਸਥਿਤੀ ਅਪਣਾਈ ਹੈ। ਹੋਰ ਅੱਸੀ ਲੱਖ ਲੋਕਾਂ ਨੇ ਉਨ੍ਹਾਂ ਦੇ ਨਾਲ ਬਾਈਬਲ ਅਧਿਐਨ ਕਰਨ ਜਾਂ ਉਨ੍ਹਾਂ ਦੀਆਂ ਸਭਾਵਾਂ ਵਿਚ ਹਾਜ਼ਰ ਹੋਣ ਵਿਚ ਦਿਲਚਸਪੀ ਦਿਖਾਈ ਹੈ। ਯਹੋਵਾਹ ਦੇ ਗਵਾਹ ਇਨ੍ਹਾਂ ਸਾਰਿਆਂ ਨੂੰ ਆਖਦੇ ਹਨ: ਮੌਕੇ ਦਾ ਬੂਹਾ ਹਾਲੇ ਵੀ ਖੁੱਲਾ ਹੈ। ਸਪੱਸ਼ਟ ਰੂਪ ਵਿਚ ਯਹੋਵਾਹ ਦੇ ਪੱਖ ਵਿਚ ਆਪਣੀ ਸਥਿਤੀ ਅਪਣਾਓ। ਮਸੀਹ ਯਿਸੂ ਨੂੰ ਵਾਅਦਾ ਕੀਤੀ ਹੋਈ ਸੰਤਾਨ ਦੇ ਤੌਰ ਤੇ ਸਵੀਕਾਰ ਕਰੋ। ਯਹੋਵਾਹ ਦੇ ਦ੍ਰਿਸ਼ਟ ਸੰਗਠਨ ਦੇ ਨਾਲ ਆਨੰਦਪੂਰਵਕ ਸੰਗਤੀ ਕਰੋ। ਇੰਜ ਹੋਵੇ ਕਿ ਤੁਸੀਂ ਉਨ੍ਹਾਂ ਸਾਰੀਆਂ ਬਰਕਤਾਂ ਦੇ ਵਿਚ ਹਿੱਸਾ ਲਓ, ਜੋ ਉਹ ਰਾਜਾ ਮਸੀਹ ਯਿਸੂ ਦੇ ਸ਼ਾਸਨ ਦੁਆਰਾ ਪ੍ਰਦਾਨ ਕਰੇਗਾ। (w96 6/1)
[ਫੁਟਨੋਟ]
a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ।
ਕੀ ਤੁਹਾਨੂੰ ਯਾਦ ਹੈ?
◻ ਉਤਪਤ 3:15 ਵਿਚ ਜ਼ਿਕਰ ਕੀਤਾ ਗਿਆ ਸੱਪ ਕੌਣ ਹੈ? ਅਤੇ ਤੀਵੀਂ ਕੌਣ ਹੈ?
◻ ਕਿਹੜੇ ਗੁਣ ਸੱਪ ਦੀ ਸੰਤਾਨ ਦੀ ਵਿਸ਼ੇਸ਼ਤਾ ਹਨ?
◻ ਯਿਸੂ ਨੇ ਸੱਪ ਦੀ ਸੰਤਾਨ ਦਾ ਪਰਦਾ ਫ਼ਾਸ਼ ਕਿਵੇਂ ਕੀਤਾ?
◻ ਆਧੁਨਿਕ ਸਮਿਆਂ ਵਿਚ ਸੱਪ ਦੀ ਸੰਤਾਨ ਦੇ ਭਾਗ ਦੇ ਤੌਰ ਤੇ ਕਿਨ੍ਹਾਂ ਦਾ ਪਰਦਾ ਫ਼ਾਸ਼ ਕੀਤਾ ਗਿਆ ਹੈ?
◻ ਸੱਪ ਦੀ ਸੰਤਾਨ ਨਾਲ ਸ਼ਨਾਖਤ ਨਾ ਕੀਤੇ ਜਾਣ ਦੇ ਲਈ ਕਿਹੜਾ ਅਤਿ-ਆਵੱਸ਼ਕ ਕਦਮ ਚੁੱਕਣ ਦੀ ਜ਼ਰੂਰਤ ਹੈ?
[ਸਫ਼ੇ 10 ਉੱਤੇ ਤਸਵੀਰ]
ਯਿਸੂ ਨੇ ਸੱਪ ਦੀ ਸੰਤਾਨ ਦੇ ਭਾਗ ਦੇ ਤੌਰ ਤੇ ਪਖੰਡੀ ਧਾਰਮਿਕ ਆਗੂਆਂ ਦਾ ਪਰਦਾ ਫ਼ਾਸ਼ ਕੀਤਾ