ਬਰਕਤਾਂ ਜਾਂ ਸਰਾਪ—ਇਕ ਚੋਣ ਹੈ!
“ਮੈਂ ਤੁਹਾਡੇ ਅੱਗੇ ਜੀਵਨ ਅਤੇ ਮੌਤ, ਬਰਕਤ ਅਤੇ ਸਰਾਪ ਰੱਖਿਆ ਹੈ। ਏਸ ਲਈ ਜੀਵਨ ਨੂੰ ਚੁਣੋ ਤਾਂ ਜੋ ਤੁਸੀਂ . . . ਜੀਉਂਦੇ ਰਹੋ।”—ਬਿਵਸਥਾ ਸਾਰ 30:19.
1. ਮਾਨਵ ਨੂੰ ਕਿਹੜੀ ਯੋਗਤਾ ਬਖ਼ਸ਼ੀ ਗਈ ਸੀ?
ਯਹੋਵਾਹ ਪਰਮੇਸ਼ੁਰ ਨੇ ਸਾਨੂੰ—ਉਸ ਦੇ ਬੁੱਧੀਮਾਨ ਮਾਨਵ ਪ੍ਰਾਣੀਆਂ ਨੂੰ—ਆਜ਼ਾਦ ਨੈਤਿਕ ਕਾਰਜਕਰਤਾ ਹੋਣ ਲਈ ਡੀਜ਼ਾਈਨ ਕੀਤਾ। ਅਸੀਂ ਕੇਵਲ ਸਵੈ-ਚੱਲ ਵਸਤੂ, ਜਾਂ ਰੋਬੋਟ, ਵਜੋਂ ਸ੍ਰਿਸ਼ਟ ਨਹੀਂ ਕੀਤੇ ਗਏ ਸਨ, ਪਰੰਤੂ ਸਾਨੂੰ ਚੋਣ ਕਰਨ ਦਾ ਵਿਸ਼ੇਸ਼-ਸਨਮਾਨ ਅਤੇ ਜ਼ਿੰਮੇਵਾਰੀ ਦਿੱਤੀ ਗਈ ਸੀ। (ਜ਼ਬੂਰ 100:3) ਪ੍ਰਥਮ ਮਾਨਵ—ਆਦਮ ਅਤੇ ਹੱਵਾਹ—ਆਪਣੀ ਕ੍ਰਿਆ-ਵਿਧੀ ਚੁਣਨ ਲਈ ਆਜ਼ਾਦ ਸਨ, ਅਤੇ ਉਹ ਆਪਣੀ ਚੋਣ ਲਈ ਪਰਮੇਸ਼ੁਰ ਦੇ ਪ੍ਰਤੀ ਜਵਾਬਦੇਹ ਸਨ।
2. ਆਦਮ ਨੇ ਕਿਹੜੀ ਚੋਣ ਕੀਤੀ, ਅਤੇ ਨਤੀਜਾ ਕੀ ਹੋਇਆ?
2 ਸ੍ਰਿਸ਼ਟੀਕਰਤਾ ਨੇ ਇਕ ਪਰਾਦੀਸ ਧਰਤੀ ਉੱਤੇ ਸਦੀਵੀ ਬਰਕਤਾਂ ਵਾਲੇ ਮਾਨਵ ਜੀਵਨ ਦੇ ਲਈ ਦਿਲ ਖੋਲ੍ਹ ਕੇ ਪ੍ਰਬੰਧ ਕੀਤਾ ਹੈ। ਉਹ ਮਕਸਦ ਅਜੇ ਤਕ ਸੰਪੰਨ ਕਿਉਂ ਨਹੀਂ ਹੋਇਆ ਹੈ? ਕਿਉਂਕਿ ਆਦਮ ਨੇ ਗ਼ਲਤ ਚੋਣ ਕੀਤੀ ਸੀ। ਯਹੋਵਾਹ ਨੇ ਆਦਮੀ ਨੂੰ ਇਹ ਆਗਿਆ ਦਿੱਤੀ ਸੀ: “ਬਾਗ ਦੇ ਹਰ ਬਿਰਛ ਤੋਂ ਤੂੰ ਨਿਸੰਗ ਖਾਈਂ। ਪਰ ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਤੂੰ ਨਾ ਖਾਈਂ ਕਿਉਂਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਂਗਾ।” (ਉਤਪਤ 2:16, 17) ਜੇਕਰ ਆਦਮ ਨੇ ਆਗਿਆ ਮੰਨਣ ਨੂੰ ਚੁਣਿਆ ਹੁੰਦਾ, ਤਾਂ ਸਾਡੇ ਪ੍ਰਥਮ ਮਾਪਿਆਂ ਨੂੰ ਬਰਕਤਾਂ ਮਿਲੀਆਂ ਹੁੰਦੀਆਂ। ਅਵੱਗਿਆ ਨੇ ਮੌਤ ਲਿਆਂਦੀ। (ਉਤਪਤ 3:6, 18, 19) ਇਸ ਤਰ੍ਹਾਂ ਆਦਮ ਦੀ ਸਾਰੀ ਸੰਤਾਨ ਨੂੰ ਵਿਰਸੇ ਵਿਚ ਪਾਪ ਅਤੇ ਮੌਤ ਮਿਲੀ ਹੈ।—ਰੋਮੀਆਂ 5:12.
ਬਰਕਤਾਂ ਸੰਭਵ ਕੀਤੀਆਂ ਗਈਆਂ
3. ਪਰਮੇਸ਼ੁਰ ਨੇ ਕਿਵੇਂ ਭਰੋਸਾ ਦਿੱਤਾ ਕਿ ਮਨੁੱਖਜਾਤੀ ਦੇ ਲਈ ਉਸ ਦਾ ਮਕਸਦ ਜ਼ਰੂਰ ਨੇਪਰੇ ਚਾੜ੍ਹਿਆ ਜਾਵੇਗਾ?
3 ਯਹੋਵਾਹ ਪਰਮੇਸ਼ੁਰ ਨੇ ਇਕ ਜ਼ਰੀਆ ਸਥਾਪਿਤ ਕੀਤਾ ਜਿਸ ਦੇ ਰਾਹੀਂ ਮਨੁੱਖਜਾਤੀ ਨੂੰ ਬਰਕਤਾਂ ਦੇਣ ਦਾ ਉਸ ਦਾ ਮਕਸਦ ਆਖ਼ਰਕਾਰ ਪੂਰਾ ਕੀਤਾ ਜਾਂਦਾ। ਖ਼ੁਦ ਉਸ ਨੇ ਇਕ ਸੰਤਾਨ ਦੀ ਪੂਰਵ-ਸੂਚਨਾ ਦਿੰਦੇ ਹੋਏ, ਅਦਨ ਵਿਚ ਭਵਿੱਖਬਾਣੀ ਕੀਤੀ: “ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹ ਦੀ ਅੱਡੀ ਨੂੰ ਡੰਗ ਮਾਰੇਂਗਾ।” (ਉਤਪਤ 3:15) ਪਰਮੇਸ਼ੁਰ ਨੇ ਬਾਅਦ ਵਿਚ ਵਾਅਦਾ ਕੀਤਾ ਕਿ ਆਗਿਆਕਾਰ ਮਨੁੱਖਜਾਤੀ ਲਈ ਬਰਕਤਾਂ ਇਸ ਸੰਤਾਨ, ਅਰਥਾਤ ਅਬਰਾਹਾਮ ਦੀ ਇਕ ਔਲਾਦ ਦੇ ਦੁਆਰਾ ਆਉਣਗੀਆਂ।—ਉਤਪਤ 22:15-18.
4. ਯਹੋਵਾਹ ਨੇ ਮਨੁੱਖਜਾਤੀ ਨੂੰ ਬਰਕਤਾਂ ਦੇਣ ਦੇ ਲਈ ਕਿਹੜਾ ਪ੍ਰਬੰਧ ਕੀਤਾ ਹੈ?
4 ਵਾਅਦਾ ਕੀਤੀ ਹੋਈ ਬਰਕਤ ਦੀ ਉਹ ਸੰਤਾਨ ਯਿਸੂ ਮਸੀਹ ਸਾਬਤ ਹੋਇਆ। ਮਨੁੱਖਜਾਤੀ ਨੂੰ ਬਰਕਤਾਂ ਦੇਣ ਦੇ ਲਈ ਯਹੋਵਾਹ ਦੇ ਪ੍ਰਬੰਧ ਵਿਚ ਯਿਸੂ ਦੀ ਭੂਮਿਕਾ ਦੇ ਬਾਰੇ, ਮਸੀਹੀ ਰਸੂਲ ਪੌਲੁਸ ਨੇ ਲਿਖਿਆ: “ਪਰਮੇਸ਼ੁਰ ਆਪਣਾ ਪ੍ਰੇਮ ਸਾਡੇ ਉੱਤੇ ਇਉਂ ਪਰਗਟ ਕਰਦਾ ਹੈ ਭਈ ਜਾਂ ਅਸੀਂ ਅਜੇ ਪਾਪੀ ਹੀ ਸਾਂ ਤਾਂ ਮਸੀਹ ਸਾਡੇ ਲਈ ਮੋਇਆ।” (ਰੋਮੀਆਂ 5:8) ਪਾਪੀ ਮਨੁੱਖਜਾਤੀ ਵਿੱਚੋਂ ਉਹ ਵਿਅਕਤੀ ਬਰਕਤਾਂ ਦਾ ਆਨੰਦ ਮਾਣਨਗੇ ਜੋ ਪਰਮੇਸ਼ੁਰ ਦੀ ਆਗਿਆਪਾਲਣਾ ਕਰਦੇ ਹਨ ਅਤੇ ਯਿਸੂ ਮਸੀਹ ਦੇ ਰਿਹਾਈ-ਕੀਮਤ ਬਲੀਦਾਨ ਦੀ ਲਿਆਕਤ ਦਾ ਲਾਭ ਉਠਾਉਂਦੇ ਹਨ। (ਰਸੂਲਾਂ ਦੇ ਕਰਤੱਬ 4:12) ਕੀ ਤੁਸੀਂ ਆਗਿਆਕਾਰਤਾ ਅਤੇ ਬਰਕਤਾਂ ਨੂੰ ਚੁਣੋਗੇ? ਅਵੱਗਿਆ ਦਾ ਨਤੀਜਾ ਬਹੁਤ ਹੀ ਵੱਖਰਾ ਹੋਵੇਗਾ।
ਸਰਾਪ ਬਾਰੇ ਕੀ?
5. “ਸਰਾਪ” ਸ਼ਬਦ ਦਾ ਕੀ ਅਰਥ ਹੈ?
5 ਬਰਕਤ ਦਾ ਉਲਟ ਸਰਾਪ ਹੈ। “ਸਰਾਪ” ਸ਼ਬਦ ਦਾ ਅਰਥ ਹੈ ਕਿਸੇ ਦੇ ਬਾਰੇ ਭੈੜਾ ਬੋਲਣਾ ਜਾਂ ਉਸ ਨੂੰ ਬਦ-ਦੁਆ ਦੇਣੀ। ਇਬਰਾਨੀ ਸ਼ਬਦ ਕੇਲਾਲਾਹ ਮੂਲ ਕ੍ਰਿਆ ਕਾਲੇਲ ਤੋਂ ਉਤਪੰਨ ਹੁੰਦਾ ਹੈ, ਜਿਸ ਦਾ ਸ਼ਾਬਦਿਕ ਤੌਰ ਤੇ ਅਰਥ ਹੈ “ਤੁੱਛ ਹੋਣਾ।” ਪਰੰਤੂ ਜਦੋਂ ਇਸ ਨੂੰ ਅਲੰਕਾਰਕ ਭਾਵ ਵਿਚ ਵਰਤਿਆ ਜਾਂਦਾ ਹੈ, ਤਾਂ ਇਸ ਦਾ ਅਰਥ ‘ਫਿਟਕਾਰਨਾ’ ਜਾਂ ‘ਤੁੱਛ ਜਾਣਨਾ’ ਹੈ।—ਲੇਵੀਆਂ 20:9; 2 ਸਮੂਏਲ 19:43.
6. ਪ੍ਰਾਚੀਨ ਬੈਤਏਲ ਦੇ ਨੇੜੇ ਅਲੀਸ਼ਾ ਦੇ ਨਾਲ ਸੰਬੰਧਿਤ ਕਿਹੜੀ ਘਟਨਾ ਵਾਪਰੀ?
6 ਸਰਾਪ ਦੇ ਸੰਬੰਧ ਵਿਚ ਕੀਤੀ ਗਈ ਤੁਰੰਤ ਕਾਰਵਾਈ ਦੀ ਇਕ ਨਾਟਕੀ ਮਿਸਾਲ ਉੱਤੇ ਗੌਰ ਕਰੋ। ਇਹ ਉਦੋਂ ਵਾਪਰਿਆ ਜਦੋਂ ਪਰਮੇਸ਼ੁਰ ਦਾ ਨਬੀ ਅਲੀਸ਼ਾ ਯਰੀਹੋ ਤੋਂ ਬੈਤਏਲ ਨੂੰ ਤੁਰਿਆ ਜਾ ਰਿਹਾ ਸੀ। ਬਿਰਤਾਂਤ ਬਿਆਨ ਕਰਦਾ ਹੈ: “ਜਦ ਉਹ ਰਾਹੇ ਰਾਹ ਤੁਰਿਆ ਜਾਂਦਾ ਸੀ ਤਾਂ ਕੁਝ ਮੁੰਡੇ ਸ਼ਹਿਰੋਂ ਬਾਹਰ ਨਿੱਕਲੇ ਅਰ ਠੱਠਾ ਕਰ ਕੇ ਉਹ ਨੂੰ ਆਖਿਆ, ਚੜ੍ਹਿਆ ਜਾ ਗੰਜੇ ਸਿਰ ਵਾਲਿਆ ਚੜ੍ਹਿਆ ਜਾ ਗੰਜੇ ਸਿਰ ਵਾਲਿਆ। ਅਤੇ ਜਦ ਉਹ ਨੇ ਪਿੱਛੇ ਮੁੜ ਕੇ ਉਨ੍ਹਾਂ ਨੂੰ ਵੇਖਿਆ ਤਾਂ ਉਹ ਨੇ ਯਹੋਵਾਹ ਦਾ ਨਾਮ ਲੈ ਕੇ ਉਨ੍ਹਾਂ ਨੂੰ ਸਰਾਪ ਦਿੱਤਾ ਅਤੇ ਬਣ ਵਿੱਚੋਂ ਦੋ ਰਿੱਛਣੀਆਂ ਨਿੱਕਲੀਆਂ ਅਤੇ ਉਨ੍ਹਾਂ ਵਿੱਚੋਂ ਬਤਾਲੀ ਮੁੰਡਿਆਂ ਨੂੰ ਪਾੜ ਛੱਡਿਆ।” (2 ਰਾਜਿਆਂ 2:23, 24) ਅਲੀਸ਼ਾ ਨੇ ਉਨ੍ਹਾਂ ਠੱਠਾ ਕਰਨ ਵਾਲੇ ਬੱਚਿਆਂ ਨੂੰ ਫਿਟਕਾਰਨ ਦੇ ਦੁਆਰਾ ਇਹ ਸਰਾਪ ਦਿੰਦੇ ਸਮੇਂ ਅਸਲ ਵਿਚ ਕੀ ਕਿਹਾ ਸੀ, ਇਹ ਪ੍ਰਗਟ ਨਹੀਂ ਹੈ। ਫਿਰ ਵੀ, ਉਹ ਮੌਖਿਕ ਘੋਸ਼ਣਾ ਅਸਰਦਾਰ ਸੀ ਕਿਉਂਕਿ ਇਹ ਈਸ਼ਵਰੀ ਇੱਛਾ ਦੇ ਅਨੁਸਾਰ ਕੰਮ ਕਰਨ ਵਾਲੇ ਪਰਮੇਸ਼ੁਰ ਦੇ ਇਕ ਨਬੀ ਦੇ ਦੁਆਰਾ ਯਹੋਵਾਹ ਦੇ ਨਾਂ ਵਿਚ ਕਹੀ ਗਈ ਸੀ।
7. ਅਲੀਸ਼ਾ ਦਾ ਠੱਠਾ ਕਰਨ ਵਾਲੇ ਬੱਚਿਆਂ ਨੂੰ ਕੀ ਹੋਇਆ, ਅਤੇ ਕਿਉਂ?
7 ਠੱਠਾ ਕਰਨ ਦਾ ਮੁੱਖ ਕਾਰਨ ਇਹ ਜਾਪਦਾ ਹੈ ਕਿ ਅਲੀਸ਼ਾ ਨੇ ਏਲੀਯਾਹ ਦਾ ਜਾਣਿਆ-ਪਛਾਣਿਆ ਪਦ-ਸੰਬੰਧੀ ਬਸਤਰ ਪਾਇਆ ਹੋਇਆ ਸੀ, ਅਤੇ ਬੱਚੇ ਉੱਥੇ ਉਸ ਨਬੀ ਦਾ ਕੋਈ ਵੀ ਉਤਰਾਧਿਕਾਰੀ ਨਹੀਂ ਚਾਹੁੰਦੇ ਸਨ। (2 ਰਾਜਿਆਂ 2:13) ਉਸ ਦਾ ਏਲੀਯਾਹ ਦਾ ਉਤਰਾਧਿਕਾਰੀ ਹੋਣ ਦੇ ਪ੍ਰਤੀ, ਉਸ ਚੁਣੌਤੀ ਦਾ ਜਵਾਬ ਦੇਣ ਲਈ ਅਤੇ ਇਨ੍ਹਾਂ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਯਹੋਵਾਹ ਦੇ ਨਬੀ ਦੇ ਲਈ ਉਚਿਤ ਆਦਰ ਸਿਖਾਉਣ ਦੇ ਲਈ, ਅਲੀਸ਼ਾ ਨੇ ਏਲੀਯਾਹ ਦੇ ਪਰਮੇਸ਼ੁਰ ਦੇ ਨਾਂ ਵਿਚ ਉਸ ਠੱਠਾ ਕਰਨ ਵਾਲੀ ਭੀੜ ਨੂੰ ਫਿਟਕਾਰਿਆ। ਯਹੋਵਾਹ ਨੇ ਬਣ ਵਿੱਚੋਂ ਦੋ ਰਿੱਛਣੀਆਂ ਭਿਜਵਾ ਕੇ ਉਨ੍ਹਾਂ 42 ਠੱਠਾ ਕਰਨ ਵਾਲਿਆਂ ਨੂੰ ਪਾੜ ਸੁੱਟਣ ਦੇ ਦੁਆਰਾ ਆਪਣੇ ਨਬੀ ਵਜੋਂ ਅਲੀਸ਼ਾ ਉੱਤੇ ਆਪਣੀ ਪ੍ਰਵਾਨਗੀ ਪ੍ਰਗਟ ਕੀਤੀ। ਯਹੋਵਾਹ ਨੇ ਦ੍ਰਿੜ੍ਹਤਾ ਨਾਲ ਵਰਤਾਉ ਕੀਤਾ ਕਿਉਂਕਿ ਉਨ੍ਹਾਂ ਨੇ ਉਸ ਸੰਚਾਰ ਮਾਧਿਅਮ ਦੇ ਲਈ ਘੋਰ ਨਿਰਾਦਰ ਦਿਖਾਇਆ ਜਿਸ ਨੂੰ ਉਹ ਉਸ ਸਮੇਂ ਤੇ ਧਰਤੀ ਉੱਤੇ ਵਰਤ ਰਿਹਾ ਸੀ।
8. ਇਸਰਾਏਲ ਦੀ ਪਰਜਾ ਕੀ ਕਰਨ ਲਈ ਰਾਜ਼ੀ ਹੋਈ, ਅਤੇ ਕਿਹੜੀਆਂ ਸੰਭਾਵਨਾਵਾਂ ਦੇ ਨਾਲ?
8 ਸਾਲਾਂ ਪਹਿਲਾਂ, ਇਸਰਾਏਲੀਆਂ ਨੇ ਪਰਮੇਸ਼ੁਰ ਦੇ ਪ੍ਰਬੰਧਾਂ ਦੇ ਲਈ ਸਮਾਨ ਨਿਰਾਦਰ ਦਿਖਾਇਆ ਸੀ। ਇਹ ਇੰਜ ਵਿਕਸਿਤ ਹੋਇਆ ਸੀ: ਸੰਨ 1513 ਸਾ.ਯੁ.ਪੂ. ਵਿਚ, ਯਹੋਵਾਹ ਨੇ ਇਸਰਾਏਲ ਦੀ ਪਰਜਾ ਨੂੰ ਮਾਨੋ “ਉਕਾਬ ਦੇ ਖੰਭਾਂ ਉੱਤੇ” ਚੁੱਕ ਕੇ ਮਿਸਰੀ ਗ਼ੁਲਾਮੀ ਤੋਂ ਮੁਕਤ ਕਰਾਉਣ ਦੇ ਦੁਆਰਾ ਉਨ੍ਹਾਂ ਉੱਤੇ ਕਿਰਪਾ ਦਿਖਾਈ। ਇਸ ਤੋਂ ਥੋੜ੍ਹੇ ਹੀ ਸਮੇਂ ਮਗਰੋਂ, ਉਨ੍ਹਾਂ ਨੇ ਪਰਮੇਸ਼ੁਰ ਦੀ ਆਗਿਆ ਮੰਨਣ ਦਾ ਪ੍ਰਣ ਕੀਤਾ। ਧਿਆਨ ਦਿਓ ਕਿ ਆਗਿਆਕਾਰਤਾ ਪਰਮੇਸ਼ੁਰ ਦੀ ਪ੍ਰਵਾਨਗੀ ਹਾਸਲ ਕਰਨ ਦੇ ਨਾਲ ਅਨਿਖੜਵੇਂ ਢੰਗ ਨਾਲ ਕਿਵੇਂ ਜੁੜੀ ਹੋਈ ਸੀ। ਯਹੋਵਾਹ ਨੇ ਮੂਸਾ ਦੇ ਦੁਆਰਾ ਆਖਿਆ: “ਜੇ ਤੁਸੀਂ ਮੇਰੀ ਅਵਾਜ਼ ਦੇ ਸਰੋਤੇ ਹੋਵੋਗੇ ਅਰ ਮੇਰੇ ਨੇਮ ਦੀ ਮਨੌਤ ਕਰੋਗੇ ਤਾਂ ਤੁਸੀਂ ਸਾਰੀਆਂ ਕੌਮਾਂ ਵਿੱਚੋਂ ਮੇਰੀ ਨਿਜੀ ਪਰਜਾ ਹੋਵੋਗੇ ਕਿਉਂ ਜੋ ਸਾਰੀ ਧਰਤੀ ਮੇਰੀ ਹੈ।” ਉਸ ਮਗਰੋਂ, ਲੋਕਾਂ ਨੇ ਹਾਂ ਵਿਚ ਜਵਾਬ ਦਿੰਦੇ ਹੋਏ ਕਿਹਾ: “ਸਭ ਕੁਝ ਜੋ ਯਹੋਵਾਹ ਬੋਲਿਆ ਹੈ ਅਸੀਂ ਕਰਾਂਗੇ।” (ਕੂਚ 19:4, 5, 8; 24:3) ਇਸਰਾਏਲੀਆਂ ਨੇ ਯਹੋਵਾਹ ਨੂੰ ਪ੍ਰੇਮ ਕਰਨ ਦਾ ਦਾਅਵਾ ਕੀਤਾ, ਉਸ ਨੂੰ ਸਮਰਪਿਤ ਹੋਏ, ਅਤੇ ਉਸ ਦੀ ਆਗਿਆ ਮੰਨਣ ਦਾ ਪ੍ਰਣ ਕੀਤਾ। ਇੰਜ ਕਰਨਾ ਵੱਡੀਆਂ ਬਰਕਤਾਂ ਵਿਚ ਪਰਿਣਿਤ ਹੁੰਦਾ।
9, 10. ਜਦੋਂ ਮੂਸਾ ਸੀਨਈ ਪਹਾੜ ਉੱਤੇ ਸੀ, ਉਦੋਂ ਇਸਰਾਏਲੀਆਂ ਨੇ ਕੀ ਕੀਤਾ, ਅਤੇ ਉਸ ਦੇ ਨਤੀਜੇ ਕੀ ਹੋਏ?
9 ਪਰੰਤੂ, ਇਸ ਤੋਂ ਪਹਿਲਾਂ ਕਿ ਉਸ ਇਕਰਾਰਨਾਮੇ ਦੇ ਬੁਨਿਆਦੀ ਸਿਧਾਂਤਾਂ ਨੂੰ “ਪਰਮੇਸ਼ੁਰ ਦੀ ਉਂਗਲੀ” ਦੁਆਰਾ ਪੱਥਰ ਵਿਚ ਖੁਣਿਆ ਗਿਆ, ਈਸ਼ਵਰੀ ਸਰਾਪਾਂ ਦੀ ਲੋੜ ਪਈ। (ਕੂਚ 31:18) ਅਜਿਹੇ ਦੁਖਦਾਈ ਨਤੀਜੇ ਉਚਿਤ ਕਿਉਂ ਸਨ? ਕੀ ਇਸਰਾਏਲੀਆਂ ਨੇ ਯਹੋਵਾਹ ਦੁਆਰਾ ਕਹੀਆਂ ਗਈਆਂ ਸਾਰੀਆਂ ਗੱਲਾਂ ਨੂੰ ਕਰਨ ਦੀ ਇੱਛਾ ਪ੍ਰਗਟ ਨਹੀਂ ਕੀਤੀ ਸੀ? ਜੀ ਹਾਂ, ਸ਼ਬਦਾਂ ਵਿਚ ਉਨ੍ਹਾਂ ਨੇ ਬਰਕਤਾਂ ਭਾਲੀਆਂ, ਪਰੰਤੂ ਆਪਣੇ ਕਾਰਜਾਂ ਦੇ ਦੁਆਰਾ ਉਨ੍ਹਾਂ ਨੇ ਅਜਿਹਾ ਰਾਹ ਚੁਣਿਆ ਜੋ ਸਰਾਪਾਂ ਦੇ ਯੋਗ ਸੀ।
10 ਜਦੋਂ ਇਕ 40-ਦਿਨ ਦੀ ਅਵਧੀ ਦੇ ਦੌਰਾਨ ਮੂਸਾ ਸੀਨਈ ਪਹਾੜ ਉੱਤੇ ਦਸ ਹੁਕਮ ਪ੍ਰਾਪਤ ਕਰ ਰਿਹਾ ਸੀ, ਤਾਂ ਇਸਰਾਏਲੀਆਂ ਨੇ ਯਹੋਵਾਹ ਦੇ ਪ੍ਰਤੀ ਨਿਸ਼ਠਾ ਦੇ ਆਪਣੇ ਪੂਰਬਲੇ ਵਾਅਦੇ ਨੂੰ ਤੋੜ ਦਿੱਤਾ। ਬਿਰਤਾਂਤ ਕਹਿੰਦਾ ਹੈ: “ਜਾਂ ਲੋਕਾਂ ਨੇ ਵੇਖਿਆ ਭਈ ਮੂਸਾ ਨੇ ਪਹਾੜੋਂ ਲਹਿਣ ਵਿੱਚ ਚਿਰ ਲਾ ਦਿੱਤਾ ਹੈ ਤਾਂ ਲੋਕਾਂ ਨੇ ਹਾਰੂਨ ਕੋਲ ਇਕੱਠੇ ਹੋਕੇ ਉਹ ਨੂੰ ਆਖਿਆ, ਉੱਠ ਅਤੇ ਸਾਡੇ ਲਈ ਦੇਵਤੇ ਬਣਾ ਜਿਹੜੇ ਸਾਡੇ ਅੱਗੇ ਚੱਲਣ ਕਿਉਂ ਜੋ ਏਹ ਮਰਦ ਮੂਸਾ ਜਿਹੜਾ ਸਾਨੂੰ ਮਿਸਰ ਦੇਸ ਤੋਂ ਉਤਾਹਾਂ ਲੈ ਆਇਆ ਹੈ ਅਸੀਂ ਨਹੀਂ ਜਾਣਦੇ ਉਹ ਨੂੰ ਕੀ ਹੋ ਗਿਆ ਹੈ।” (ਕੂਚ 32:1) ਇਹ ਯਹੋਵਾਹ ਵੱਲੋਂ ਆਪਣੇ ਲੋਕਾਂ ਨੂੰ ਅਗਵਾਈ ਅਤੇ ਨਿਰਦੇਸ਼ਨ ਦੇਣ ਦੇ ਲਈ ਵਰਤੇ ਗਏ ਮਾਨਵ ਕਾਰਜਕਰਤਾ ਦੇ ਪ੍ਰਤੀ ਪ੍ਰਗਟ ਕੀਤੇ ਗਏ ਅਪਮਾਨਜਨਕ ਵਤੀਰੇ ਦੀ ਇਕ ਹੋਰ ਮਿਸਾਲ ਹੈ। ਇਸਰਾਏਲੀ ਲੋਕ ਮਿਸਰੀ ਮੂਰਤੀ-ਪੂਜਾ ਦੀ ਨਕਲ ਕਰਨ ਦੇ ਲਈ ਭਰਮਾਏ ਗਏ ਅਤੇ ਉਨ੍ਹਾਂ ਨੇ ਦੁਖਦਾਈ ਫਲ ਪਾਇਆ ਜਦੋਂ ਇੱਕੋ ਹੀ ਦਿਨ ਵਿਚ ਉਨ੍ਹਾਂ ਵਿੱਚੋਂ ਕੁਝ 3,000 ਲੋਕ ਤਲਵਾਰ ਨਾਲ ਮਾਰੇ ਗਏ।—ਕੂਚ 32:2-6, 25-29.
ਬਰਕਤਾਂ ਅਤੇ ਸਰਾਪਾਂ ਦੀ ਘੋਸ਼ਣਾ
11. ਯਹੋਸ਼ੁਆ ਨੇ ਬਰਕਤਾਂ ਅਤੇ ਸਰਾਪਾਂ ਦੇ ਸੰਬੰਧ ਵਿਚ ਕਿਹੜੀਆਂ ਹਿਦਾਇਤਾਂ ਦੀ ਪਾਲਣਾ ਕੀਤੀ?
11 ਉਜਾੜ ਵਿਚ ਇਸਰਾਏਲ ਦੇ 40-ਸਾਲਾ ਯਾਤਰਾ ਦੇ ਅੰਤ ਨੇੜੇ, ਮੂਸਾ ਨੇ ਪਰਮੇਸ਼ੁਰ ਦੇ ਪ੍ਰਤੀ ਆਗਿਆਕਾਰਤਾ ਦਾ ਰਾਹ ਚੁਣਨ ਦੇ ਦੁਆਰਾ ਪਾਈਆਂ ਜਾਣ ਵਾਲੀਆਂ ਬਰਕਤਾਂ ਦਾ ਅਲੱਗ-ਅਲੱਗ ਉਲੇਖ ਕੀਤਾ। ਉਸ ਨੇ ਨਾਲ ਹੀ ਉਨ੍ਹਾਂ ਸਰਾਪਾਂ ਨੂੰ ਇਕ-ਇਕ ਕਰ ਕੇ ਵਰਣਿਤ ਕੀਤਾ ਜੋ ਇਸਰਾਏਲੀ ਅਨੁਭਵ ਕਰਦੇ ਜੇਕਰ ਉਹ ਯਹੋਵਾਹ ਦੀ ਅਵੱਗਿਆ ਕਰਨੀ ਚੁਣਦੇ। (ਬਿਵਸਥਾ ਸਾਰ 27:11–28:10) ਵਾਅਦਾ ਕੀਤੇ ਹੋਏ ਦੇਸ਼ ਵਿਚ ਇਸਰਾਏਲ ਦੇ ਪ੍ਰਵੇਸ਼ ਦੇ ਕੁਝ ਹੀ ਸਮਾਂ ਮਗਰੋਂ, ਯਹੋਸ਼ੁਆ ਨੇ ਇਨ੍ਹਾਂ ਬਰਕਤਾਂ ਅਤੇ ਸਰਾਪਾਂ ਦੇ ਸੰਬੰਧ ਵਿਚ ਮੂਸਾ ਦੀਆਂ ਹਿਦਾਇਤਾਂ ਦੀ ਪਾਲਣਾ ਕੀਤੀ। ਇਸਰਾਏਲ ਦੇ ਛੇ ਗੋਤਾਂ ਏਬਾਲ ਪਹਾੜ ਦੇ ਹੇਠ ਖੜ੍ਹੇ ਹੋਏ, ਅਤੇ ਦੂਜੇ ਛੇ ਗੋਤਾਂ ਨੇ ਗਰਿੱਜ਼ੀਮ ਪਹਾੜ ਦੇ ਸਾਮ੍ਹਣੇ ਆਪਣੀ ਸਥਿਤੀ ਅਪਣਾਈ। ਲੇਵੀ ਇਨ੍ਹਾਂ ਦੇ ਵਿਚਕਾਰ ਦੀ ਘਾਟੀ ਵਿਚ ਖੜ੍ਹੇ ਹੋਏ। ਪ੍ਰਤੱਖ ਤੌਰ ਤੇ, ਏਬਾਲ ਪਹਾੜ ਦੇ ਸਾਮ੍ਹਣੇ ਖੜ੍ਹੇ ਹੋਏ ਗੋਤਾਂ ਨੇ ਆਪਣੀ ਦਿਸ਼ਾ ਵਿਚ ਪੜ੍ਹੇ ਗਏ ਸਰਾਪਾਂ, ਜਾਂ ਬਦ-ਦੁਆਵਾਂ ਨੂੰ “ਆਮੀਨ!” ਕਿਹਾ। ਦੂਜਿਆਂ ਨੇ ਗਰਿੱਜ਼ੀਮ ਪਹਾੜ ਦੇ ਹੇਠ ਉਨ੍ਹਾਂ ਬਰਕਤਾਂ ਦਾ ਜਵਾਬ ਦਿੱਤਾ ਜੋ ਲੇਵੀਆਂ ਨੇ ਉਨ੍ਹਾਂ ਦੀ ਦਿਸ਼ਾ ਵਿਚ ਪੜ੍ਹੀਆਂ।—ਯਹੋਸ਼ੁਆ 8:30-35.
12. ਲੇਵੀਆਂ ਦੁਆਰਾ ਐਲਾਨ ਕੀਤੇ ਗਏ ਕੁਝ ਸਰਾਪ ਕਿਹੜੇ ਸਨ?
12 ਕਲਪਨਾ ਕਰੋ ਕਿ ਤੁਸੀਂ ਲੇਵੀਆਂ ਨੂੰ ਇਹ ਆਖਦੇ ਹੋਏ ਸੁਣਦੇ ਹੋ: “ਸਰਾਪੀ ਹੋਵੇ ਉਹ ਮਨੁੱਖ ਜਿਹੜਾ ਘੜੀ ਹੋਈ ਯਾ ਢਾਲੀ ਹੋਈ ਮੂਰਤ ਜਿਹੜੀ ਯਹੋਵਾਹ ਅੱਗੇ ਘਿਣਾਉਣੀ ਅਤੇ ਜਿਹੜੀ ਕਾਰੀਗਰ ਦੇ ਹੱਥ ਦਾ ਕੰਮ ਹੋਵੇ ਬਣਾਵੇ ਅਤੇ ਓਹਨਾਂ ਨੂੰ ਕਿਸੇ ਉਹਲੇ ਥਾਂ ਖੜਾ ਕਰੇ. . . ਸਰਾਪੀ ਹੋਵੇ ਉਹ ਜਿਹੜਾ ਆਪਣੇ ਪਿਤਾ ਯਾ ਆਪਣੀ ਮਾਤਾ ਨੂੰ ਤੁੱਛ ਜਾਣੇ . . . ਸਰਾਪੀ ਹੋਵੇ ਉਹ ਜਿਹੜਾ ਆਪਣੇ ਗੁਆਂਢੀ ਦੀਆਂ ਹੱਦਾਂ ਨੂੰ ਸਰਕਾਵੇ . . . ਸਰਾਪੀ ਹੋਵੇ ਉਹ ਜਿਹੜਾ ਅੰਨ੍ਹੇ ਨੂੰ ਕੁਰਾਹੇ ਪਾਵੇ . . . ਸਰਾਪੀ ਹੋਵੇ ਉਹ ਜਿਹੜਾ ਪਰਦੇਸੀ, ਯਤੀਮ ਅਤੇ ਵਿਧਵਾ ਦਾ ਨਿਆਉਂ ਵਿਗਾੜੇ . . . ਸਰਾਪੀ ਹੋਵੇ ਉਹ ਜਿਹੜਾ ਆਪਣੇ ਪਿਉ ਦੀ ਤੀਵੀਂ ਨਾਲ ਕੁਕਰਮ ਕਰੇ ਕਿਉਂ ਜੋ ਉਸ ਨੇ ਆਪਣੇ ਪਿਉ ਦਾ ਨੰਗੇਜ ਖੋਲ੍ਹਿਆ ਹੈ . . . ਸਰਾਪੀ ਹੋਵੇ ਉਹ ਜਿਹੜਾ ਕਿਸੇ ਪਸੂ ਨਾਲ ਕੁਕਰਮ ਕਰੇ . . . ਸਰਾਪੀ ਹੋਵੇ ਉਹ ਜਿਹੜਾ ਆਪਣੀ ਭੈਣ ਨਾਲ ਕੁਕਰਮ ਕਰੇ ਜਿਹੜੀ ਉਹ ਦੇ ਪਿਉ ਦੀ ਧੀ ਯਾ ਉਹ ਦੀ ਮਾਂ ਦੀ ਧੀ ਹੈ . . . ਸਰਾਪੀ ਹੋਵੇ ਉਹ ਜਿਹੜਾ ਆਪਣੀ ਸੱਸ ਨਾਲ ਕੁਕਰਮ ਕਰੇ . . . ਸਰਾਪੀ ਹੋਵੇ ਉਹ ਜਿਹੜਾ ਆਪਣੇ ਗੁਆਂਢੀ ਨੂੰ ਲੁਕ ਕੇ ਮਾਰੇ . . . ਸਰਾਪੀ ਹੋਵੇ ਉਹ ਜਿਹੜਾ ਵੱਢੀ ਖਾ ਕੇ ਬੇਦੋਸ਼ੇ ਪ੍ਰਾਣੀ ਦਾ ਖ਼ੂਨ ਕਰੇ . . . ਸਰਾਪੀ ਹੋਵੇ ਉਹ ਜਿਹੜਾ ਏਸ ਬਿਵਸਥਾ ਦੀਆਂ ਗੱਲਾਂ ਨੂੰ ਮੰਨ ਕੇ ਪੂਰਾ ਨਾ ਕਰੇ।” ਹਰੇਕ ਸਰਾਪ ਮਗਰੋਂ, ਏਬਾਲ ਪਹਾੜ ਦੇ ਸਾਮ੍ਹਣੇ ਖੜ੍ਹੇ ਗੋਤ ਕਹਿੰਦੇ ਹਨ, “ਆਮੀਨ!”—ਬਿਵਸਥਾ ਸਾਰ 27:15-26.
13. ਆਪਣੇ ਸ਼ਬਦਾਂ ਵਿਚ, ਤੁਸੀਂ ਉਨ੍ਹਾਂ ਕੁਝ ਖ਼ਾਸ ਬਰਕਤਾਂ ਨੂੰ, ਜੋ ਲੇਵੀਆਂ ਨੇ ਐਲਾਨ ਕੀਤੀਆਂ ਸਨ, ਕਿਵੇਂ ਅਭਿਵਿਅਕਤ ਕਰੋਗੇ?
13 ਹੁਣ ਕਲਪਨਾ ਕਰੋ ਕਿ ਤੁਸੀਂ ਗਰਿੱਜ਼ੀਮ ਪਹਾੜ ਦੇ ਸਾਮ੍ਹਣੇ ਖੜ੍ਹੇ ਲੋਕਾਂ ਨੂੰ ਹਰੇਕ ਬਰਕਤ ਦੇ ਪ੍ਰਤੀ ਮੌਖਿਕ ਰੂਪ ਵਿਚ ਜਵਾਬ ਦਿੰਦੇ ਹੋਏ ਸੁਣਦੇ ਹੋ, ਜਿਉਂ ਹੀ ਲੇਵੀ ਐਲਾਨ ਕਰਦੇ ਹਨ: “ਮੁਬਾਰਕ ਹੋਵੋਗੇ ਤੁਸੀਂ ਸ਼ਹਿਰ ਵਿੱਚ ਅਤੇ ਮੁਬਾਰਕ ਹੋਵੋਗੇ ਤੁਸੀਂ ਖੇਤ ਵਿੱਚ। ਮੁਬਾਰਕ ਹੋਵੇਗਾ ਤੁਹਾਡੇ ਸਰੀਰ ਦਾ ਫਲ, ਤੁਹਾਡੀ ਜਮੀਨ ਦਾ ਫਲ, ਤੁਹਾਡੇ ਡੰਗਰ ਦਾ ਫਲ, ਤੁਹਾਡੇ ਚੌਣੇ ਦਾ ਵਾਧਾ ਅਤੇ ਤੁਹਾਡੇ ਇੱਜੜ ਦੇ ਬੱਚੇ। ਮੁਬਾਰਕ ਹੋਵੇਗੀ ਤੁਹਾਡੀ ਖਾਰੀ ਅਤੇ ਤੁਹਾਡਾ ਪਰਾਤੜਾ। ਮੁਬਾਰਕ ਹੋਵੋਗੇ ਤੁਸੀਂ ਆਪਣੇ ਅੰਦਰ ਆਉਣ ਵਿੱਚ ਅਤੇ ਮੁਬਾਰਕ ਹੋਵੋਗੇ ਤੁਸੀਂ ਆਪਣੇ ਬਾਹਰ ਜਾਣ ਵਿੱਚ।”—ਬਿਵਸਥਾ ਸਾਰ 28:3-6.
14. ਇਸਰਾਏਲੀ ਲੋਕ ਕਿਹੜੇ ਆਧਾਰ ਉੱਤੇ ਬਰਕਤਾਂ ਹਾਸਲ ਕਰਦੇ?
14 ਇਨ੍ਹਾਂ ਬਰਕਤਾਂ ਨੂੰ ਹਾਸਲ ਕਰਨ ਦਾ ਆਧਾਰ ਕੀ ਸੀ? ਬਿਰਤਾਂਤ ਕਹਿੰਦਾ ਹੈ: “ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਮਨ ਲਾ ਕੇ ਸੁਣੋ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਨਾ ਕਰ ਕੇ ਪੂਰਾ ਕਰੋ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਤਾਂ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਉੱਤੇ ਉੱਚਾ ਕਰੇਗਾ। ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਸੁਣੋ ਤਾਂ ਏਹ ਸਾਰੀਆਂ ਅਸੀਸਾਂ ਤੁਹਾਡੇ ਉੱਤੇ ਆਉਣਗੀਆਂ ਸਗੋਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ।” (ਬਿਵਸਥਾ ਸਾਰ 28:1, 2) ਜੀ ਹਾਂ, ਈਸ਼ਵਰੀ ਬਰਕਤਾਂ ਦਾ ਆਨੰਦ ਮਾਣਨ ਦੀ ਕੁੰਜੀ ਪਰਮੇਸ਼ੁਰ ਦੇ ਪ੍ਰਤੀ ਆਗਿਆਕਾਰਤਾ ਸੀ। ਪਰੰਤੂ ਅੱਜ ਸਾਡੇ ਬਾਰੇ ਕੀ? ਕੀ ਅਸੀਂ ਵਿਅਕਤੀਗਤ ਤੌਰ ਤੇ ‘ਯਹੋਵਾਹ ਦੀ ਅਵਾਜ਼ ਸੁਣਨਾ’ ਜਾਰੀ ਰੱਖਣ ਦੇ ਦੁਆਰਾ ਬਰਕਤਾਂ ਅਤੇ ਜੀਵਨ ਨੂੰ ਚੁਣਾਂਗੇ?—ਬਿਵਸਥਾ ਸਾਰ 30:19, 20.
ਹੋਰ ਨੇੜਿਓਂ ਦੇਖਣਾ
15. ਬਿਵਸਥਾ ਸਾਰ 28:3 ਵਿਚ ਦਰਜ ਕੀਤੀ ਗਈ ਬਰਕਤ ਵਿਚ ਕਿਹੜੇ ਨੁਕਤੇ ਉੱਤੇ ਜ਼ੋਰ ਦਿੱਤਾ ਗਿਆ, ਅਤੇ ਅਸੀਂ ਇਸ ਤੋਂ ਕਿਵੇਂ ਲਾਭ ਹਾਸਲ ਕਰ ਸਕਦੇ ਹਾਂ?
15 ਆਓ ਅਸੀਂ ਉਨ੍ਹਾਂ ਕੁਝ ਖ਼ਾਸ ਬਰਕਤਾਂ ਉੱਤੇ ਗੌਰ ਕਰੀਏ ਜਿਨ੍ਹਾਂ ਦਾ ਆਨੰਦ ਇਕ ਇਸਰਾਏਲੀ ਵਿਅਕਤੀ ਯਹੋਵਾਹ ਦੀ ਆਗਿਆਪਾਲਣਾ ਕਰਨ ਦੇ ਕਾਰਨ ਮਾਣ ਸਕਦਾ ਸੀ। ਮਿਸਾਲ ਲਈ, ਬਿਵਸਥਾ ਸਾਰ 28:3 ਕਹਿੰਦਾ ਹੈ: “ਮੁਬਾਰਕ ਹੋਵੋਗੇ ਤੁਸੀਂ ਸ਼ਹਿਰ ਵਿੱਚ ਅਤੇ ਮੁਬਾਰਕ ਹੋਵੋਗੇ ਤੁਸੀਂ ਖੇਤ ਵਿੱਚ।” ਪਰਮੇਸ਼ੁਰ ਦੇ ਦੁਆਰਾ ਵਰੋਸਾਏ ਜਾਣਾ, ਕਿਸੇ ਥਾਂ ਜਾਂ ਨਿਯੁਕਤੀ ਦੇ ਉੱਤੇ ਨਿਰਭਰ ਨਹੀਂ ਕਰਦਾ ਹੈ। ਕੁਝ ਵਿਅਕਤੀ ਸ਼ਾਇਦ ਆਪਣੀ ਹਾਲਾਤ ਵਿਚ ਫਸੇ ਹੋਏ ਮਹਿਸੂਸ ਕਰਨ, ਸ਼ਾਇਦ ਇਸ ਲਈ ਕਿ ਉਹ ਇਕ ਭੌਤਿਕ ਤੌਰ ਤੇ ਉਜੜੇ ਹੋਏ ਇਲਾਕੇ ਵਿਚ ਜਾਂ ਇਕ ਯੁੱਧ-ਗ੍ਰਸਤ ਦੇਸ਼ ਵਿਚ ਜੀ ਰਹੇ ਹਨ। ਦੂਜੇ ਵਿਅਕਤੀ ਸ਼ਾਇਦ ਇਕ ਭਿੰਨ ਥਾਂ ਵਿਚ ਯਹੋਵਾਹ ਦੀ ਸੇਵਾ ਕਰਨ ਦੇ ਲਈ ਤਰਸਣ। ਕੁਝ ਮਸੀਹੀ ਪੁਰਸ਼ ਸ਼ਾਇਦ ਨਿਰਉਤਸ਼ਾਹਿਤ ਹਨ ਕਿਉਂਕਿ ਉਨ੍ਹਾਂ ਨੂੰ ਕਲੀਸਿਯਾ ਵਿਚ ਸੇਵਕਾਈ ਸੇਵਕਾਂ ਵਜੋਂ ਜਾਂ ਬਜ਼ੁਰਗਾਂ ਵਜੋਂ ਨਿਯੁਕਤ ਨਹੀਂ ਕੀਤਾ ਗਿਆ ਹੈ। ਕਦੇ-ਕਦੇ, ਮਸੀਹੀ ਇਸਤਰੀਆਂ ਨਿਰਾਸ਼ ਮਹਿਸੂਸ ਕਰਦੀਆਂ ਹਨ ਕਿਉਂਕਿ ਉਹ ਪਾਇਨੀਅਰਾਂ ਜਾਂ ਮਿਸ਼ਨਰੀਆਂ ਦੇ ਤੌਰ ਤੇ ਪੂਰਣ-ਕਾਲੀ ਸੇਵਕਾਈ ਵਿਚ ਹਿੱਸਾ ਲੈਣ ਦੀ ਸਥਿਤੀ ਵਿਚ ਨਹੀਂ ਹੁੰਦੀਆਂ ਹਨ। ਫਿਰ ਵੀ, ਹਰ ਕੋਈ ਜੋ ‘ਯਹੋਵਾਹ ਦੀ ਅਵਾਜ਼ ਮਨ ਲਾ ਕੇ ਸੁਣਦਾ ਹੈ ਅਤੇ ਉਸ ਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਕਰਦਾ ਹੈ,’ ਹੁਣ ਅਤੇ ਸਾਰੀ ਸਦੀਵਤਾ ਤਕ ਬਰਕਤਾਂ ਪਾਵੇਗਾ।
16. ਬਿਵਸਥਾ ਸਾਰ 28:4 ਦਾ ਸਿਧਾਂਤ ਅੱਜ ਯਹੋਵਾਹ ਦੇ ਸੰਗਠਨ ਦੁਆਰਾ ਕਿਵੇਂ ਅਨੁਭਵ ਕੀਤਾ ਜਾ ਰਿਹਾ ਹੈ?
16 ਬਿਵਸਥਾ ਸਾਰ 28:4 ਕਹਿੰਦਾ ਹੈ: “ਮੁਬਾਰਕ ਹੋਵੇਗਾ ਤੁਹਾਡੇ ਸਰੀਰ ਦਾ ਫਲ, ਤੁਹਾਡੀ ਜਮੀਨ ਦਾ ਫਲ, ਤੁਹਾਡੇ ਡੰਗਰ ਦਾ ਫਲ, ਤੁਹਾਡੇ ਚੌਣੇ ਦਾ ਵਾਧਾ ਅਤੇ ਤੁਹਾਡੇ ਇੱਜੜ ਦੇ ਬੱਚੇ।” “ਤੁਹਾਡੇ” ਅਨੁਵਾਦ ਕੀਤੇ ਗਏ ਇਕਵਚਨ ਇਬਰਾਨੀ ਪੜਨਾਂਵ ਦੀ ਵਰਤੋਂ ਸੰਕੇਤ ਕਰਦੀ ਹੈ ਕਿ ਇਹ ਇਕ ਆਗਿਆਕਾਰ ਇਸਰਾਏਲੀ ਦਾ ਨਿੱਜੀ ਅਨੁਭਵ ਹੁੰਦਾ। ਅੱਜ ਯਹੋਵਾਹ ਦੇ ਆਗਿਆਕਾਰ ਸੇਵਕਾਂ ਦੇ ਬਾਰੇ ਕੀ? ਯਹੋਵਾਹ ਦੇ ਗਵਾਹਾਂ ਦੇ ਸੰਗਠਨ ਵਿਚ ਹੋ ਰਹੀ ਵਿਸ਼ਵ-ਵਿਆਪੀ ਵ੍ਰਿਧੀ ਅਤੇ ਫੈਲਾਉ, ਰਾਜ ਦੀ ਖ਼ੁਸ਼ ਖ਼ਬਰੀ ਦੇ 50,00,000 ਤੋਂ ਅਧਿਕ ਘੋਸ਼ਕਾਂ ਦੇ ਸੁਹਿਰਦ ਜਤਨਾਂ ਉੱਤੇ ਪਰਮੇਸ਼ੁਰ ਦੀ ਬਰਕਤ ਦੇ ਹੀ ਸਿੱਟੇ ਵਜੋਂ ਹੈ। (ਮਰਕੁਸ 13:10) ਅਤੇ ਹੋਰ ਅਧਿਕ ਵ੍ਰਿਧੀ ਦੀ ਸੰਭਾਵਨਾ ਸਪੱਸ਼ਟ ਹੈ ਕਿਉਂਕਿ 1,30,00,000 ਤੋਂ ਅਧਿਕ ਲੋਕ 1995 ਦੇ ਪ੍ਰਭੂ ਦੇ ਸੰਧਿਆ ਭੋਜਨ ਦੀ ਪਾਲਣਾ ਲਈ ਹਾਜ਼ਰ ਸਨ। ਕੀ ਤੁਸੀਂ ਰਾਜ ਬਰਕਤਾਂ ਦਾ ਆਨੰਦ ਮਾਣ ਰਹੇ ਹੋ?
ਇਸਰਾਏਲ ਦੀ ਚੋਣ ਤੋਂ ਫ਼ਰਕ ਪਿਆ
17. ਬਰਕਤਾਂ ‘ਆ ਫੜਦੀਆਂ’ ਜਾਂ ਕਿ ਸਰਾਪ, ਕਿਸ ਗੱਲ ਉੱਤੇ ਨਿਰਭਰ ਕਰਦਾ ਸੀ?
17 ਅਸਲ ਵਿਚ, ਬਰਕਤਾਂ ਇਕ ਆਗਿਆਕਾਰ ਇਸਰਾਏਲੀ ਦਾ ਪਿੱਛਾ ਕਰਦੀਆਂ। ਇਹ ਵਾਅਦਾ ਕੀਤਾ ਗਿਆ ਸੀ: “ਏਹ ਸਾਰੀਆਂ ਅਸੀਸਾਂ ਤੁਹਾਡੇ ਉੱਤੇ ਆਉਣਗੀਆਂ ਸਗੋਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ।” (ਬਿਵਸਥਾ ਸਾਰ 28:2) ਇਸੇ ਤਰ੍ਹਾਂ, ਸਰਾਪਾਂ ਦੇ ਬਾਰੇ ਇਹ ਕਿਹਾ ਗਿਆ ਸੀ: “ਏਹ ਸਾਰੇ ਸਰਾਪ ਤੁਹਾਡੇ ਉੱਤੇ ਆਉਣਗੇ ਅਤੇ ਤੁਹਾਨੂੰ ਜਾ ਫੜਨਗੇ।” (ਬਿਵਸਥਾ ਸਾਰ 28:15) ਜੇਕਰ ਤੁਸੀਂ ਪ੍ਰਾਚੀਨ ਸਮਿਆਂ ਵਿਚ ਇਕ ਇਸਰਾਏਲੀ ਹੁੰਦੇ, ਤਾਂ ਕੀ ਤੁਹਾਨੂੰ ਬਰਕਤਾਂ ‘ਆ ਫੜਦੀਆਂ’ ਜਾਂ ਕਿ ਸਰਾਪ? ਇਹ ਇਸ ਉੱਤੇ ਨਿਰਭਰ ਕਰਦਾ ਕਿ ਤੁਸੀਂ ਪਰਮੇਸ਼ੁਰ ਦੀ ਆਗਿਆਪਾਲਣਾ ਕਰਦੇ ਜਾਂ ਉਸ ਦੀ ਅਵੱਗਿਆ ਕਰਦੇ।
18. ਇਸਰਾਏਲੀ ਸਰਾਪ ਤੋਂ ਕਿਵੇਂ ਬਚ ਸਕਦੇ ਸਨ?
18 ਬਿਵਸਥਾ ਸਾਰ 28:15-68 ਵਿਚ, ਅਵੱਗਿਆ ਦੇ ਦੁਖਦਾਈ ਨਤੀਜਿਆਂ ਨੂੰ ਸਰਾਪਾਂ ਦੇ ਤੌਰ ਤੇ ਪੇਸ਼ ਕੀਤਾ ਗਿਆ ਹੈ। ਕੁਝ ਤਾਂ ਬਿਵਸਥਾ ਸਾਰ 28:3-14 ਵਿਚ ਇਕ-ਇਕ ਕਰ ਕੇ ਵਰਣਿਤ ਕੀਤੀਆਂ ਗਈਆਂ ਆਗਿਆਕਾਰਤਾ ਦੀਆਂ ਬਰਕਤਾਂ ਦੇ ਠੀਕ ਉਲਟ ਹਨ। ਅਕਸਰ, ਇਸਰਾਏਲ ਦੀ ਪਰਜਾ ਨੇ ਸਰਾਪਾਂ ਦੇ ਸਖ਼ਤ ਨਤੀਜਿਆਂ ਦਾ ਦੁੱਖ ਭੋਗਿਆ ਕਿਉਂਕਿ ਉਨ੍ਹਾਂ ਨੇ ਝੂਠੀ ਉਪਾਸਨਾ ਵਿਚ ਸ਼ਾਮਲ ਹੋਣਾ ਚੁਣਿਆ। (ਅਜ਼ਰਾ 9:7; ਯਿਰਮਿਯਾਹ 6:6-8; 44:2-6) ਕਿੰਨਾ ਹੀ ਦੁਖਦਾਈ! ਅਜਿਹੇ ਨਤੀਜਿਆਂ ਤੋਂ ਬਚਿਆ ਜਾ ਸਕਦਾ ਸੀ ਜੇਕਰ ਉਹ ਸਹੀ ਚੋਣ ਕਰਦੇ, ਅਥਵਾ ਯਹੋਵਾਹ ਦੇ ਸੁਅਸਥਕਾਰੀ ਨਿਯਮਾਂ ਅਤੇ ਸਿਧਾਂਤਾਂ ਦੇ ਪ੍ਰਤੀ ਆਗਿਆਕਾਰਤਾ ਦੀ ਚੋਣ, ਜੋ ਸਪੱਸ਼ਟ ਰੂਪ ਵਿਚ ਭਲੇ ਅਤੇ ਬੁਰੇ ਦੀ ਵਿਆਖਿਆ ਕਰਦੇ ਹਨ। ਅੱਜ ਅਨੇਕ ਲੋਕ ਪੀੜਾ ਅਤੇ ਬਿਪਤਾ ਦਾ ਦੁੱਖ ਭੋਗਦੇ ਹਨ ਕਿਉਂਕਿ ਉਨ੍ਹਾਂ ਨੇ ਝੂਠੇ ਧਰਮ ਦਾ ਅਭਿਆਸ ਕਰਨ, ਲਿੰਗੀ ਅਨੈਤਿਕਤਾ ਵਿਚ ਭਾਗ ਲੈਣ, ਗ਼ੈਰ-ਕਾਨੂੰਨੀ ਦਵਾਈਆਂ ਨੂੰ ਵਰਤਣ, ਸ਼ਰਾਬ ਦਾ ਅਤਿਸੇਵਨ ਕਰਨ, ਇਤਿਆਦਿ, ਦੁਆਰਾ ਬਾਈਬਲ ਸਿਧਾਂਤਾਂ ਦੇ ਉਲਟ ਕੰਮ ਕਰਨਾ ਚੁਣਿਆ ਹੈ। ਜਿਵੇਂ ਕਿ ਪ੍ਰਾਚੀਨ ਇਸਰਾਏਲ ਅਤੇ ਯਹੂਦਾਹ ਵਿਚ ਸੀ, ਅਜਿਹੀਆਂ ਬੁਰੀਆਂ ਚੋਣਾਂ ਕਰਨ ਦੇ ਸਿੱਟੇ ਵਜੋਂ ਈਸ਼ਵਰੀ ਅਪ੍ਰਵਾਨਗੀ ਅਤੇ ਬੇਲੋੜੀ ਦਿਲ ਦੀ ਪੀੜਾ ਹਾਸਲ ਹੁੰਦੀ ਹੈ।—ਯਸਾਯਾਹ 65:12-14.
19. ਉਨ੍ਹਾਂ ਹਾਲਤਾਂ ਦਾ ਵਰਣਨ ਦਿਓ ਜਿਨ੍ਹਾਂ ਦਾ ਆਨੰਦ ਮਾਣਿਆ ਜਾਂਦਾ ਸੀ, ਜਦੋਂ ਯਹੂਦਾਹ ਅਤੇ ਇਸਰਾਏਲ ਨੇ ਯਹੋਵਾਹ ਦੀ ਆਗਿਆਪਾਲਣਾ ਕਰਨਾ ਚੁਣਿਆ।
19 ਕੇਵਲ ਉਦੋਂ ਹੀ ਬਰਕਤਾਂ ਭਰਪੂਰ ਸਨ ਅਤੇ ਹਰ ਜਗ੍ਹਾ ਸ਼ਾਂਤੀ ਹੀ ਸ਼ਾਂਤੀ ਸੀ ਜਦੋਂ ਇਸਰਾਏਲ ਨੇ ਯਹੋਵਾਹ ਦੀ ਆਗਿਆਪਾਲਣਾ ਕੀਤੀ। ਮਿਸਾਲ ਲਈ, ਰਾਜਾ ਸੁਲੇਮਾਨ ਦਿਆਂ ਦਿਨਾਂ ਦੇ ਬਾਰੇ ਅਸੀਂ ਪੜ੍ਹਦੇ ਹਾਂ: “ਯਹੂਦਾਹ ਅਤੇ ਇਸਰਾਏਲ ਉਸ ਰੇਤ ਦੇ ਢੇਰ ਵਾਂਙੁ ਬਹੁਤ ਸਾਰੇ ਸਨ ਜਿਹੜੀ ਸਮੁੰਦਰ ਦੇ ਕੰਢੇ ਉੱਤੇ ਹੈ ਅਤੇ ਓਹ ਖਾਂਦੇ ਪੀਂਦੇ ਅਤੇ ਅਨੰਦ ਕਰਦੇ ਸਨ। . . . ਅਤੇ ਯਹੂਦਾਹ ਅਰ ਇਸਰਾਏਲ ਵਿੱਚੋਂ ਹਰ ਮਨੁੱਖ ਆਪਣੇ ਅੰਗੂਰ ਅਤੇ ਆਪਣੀ ਹੰਜੀਰ ਦੇ ਹੇਠ ਦਾਨ ਤੋਂ ਲੈ ਕੇ ਬਏਰਸ਼ਬਾ ਤੀਕ ਸੁਲੇਮਾਨ ਦੇ ਸਭ ਦਿਨਾਂ ਵਿੱਚ ਅਮਨ ਨਾਲ ਬੈਠਦਾ ਸੀ।” (1 ਰਾਜਿਆਂ 4:20-25) ਇੱਥੋਂ ਤਕ ਕਿ ਰਾਜਾ ਦਾਊਦ ਦੇ ਸਮੇਂ ਵਿਚ, ਜੋ ਪਰਮੇਸ਼ੁਰ ਦਿਆਂ ਵੈਰੀਆਂ ਵੱਲੋਂ ਕਾਫ਼ੀ ਵਿਰੋਧ ਦੁਆਰਾ ਚਿੰਨ੍ਹਿਤ ਸੀ, ਉਦੋਂ ਵੀ ਇਸ ਕੌਮ ਨੇ ਯਹੋਵਾਹ ਦੇ ਸਮਰਥਨ ਅਤੇ ਬਰਕਤ ਨੂੰ ਅਨੁਭਵ ਕੀਤਾ ਜਦੋਂ ਉਨ੍ਹਾਂ ਨੇ ਸੱਚਾਈ ਦੇ ਪਰਮੇਸ਼ੁਰ ਦੀ ਆਗਿਆਪਾਲਣਾ ਕਰਨਾ ਚੁਣਿਆ।—2 ਸਮੂਏਲ 7:28, 29; 8:1-15.
20. ਮਾਨਵ ਦੇ ਸੰਬੰਧ ਵਿਚ ਪਰਮੇਸ਼ੁਰ ਕਿਸ ਗੱਲ ਬਾਰੇ ਯਕੀਨੀ ਹੈ?
20 ਕੀ ਤੁਸੀਂ ਪਰਮੇਸ਼ੁਰ ਦੀ ਆਗਿਆ ਮੰਨੋਗੇ, ਜਾਂ ਕੀ ਤੁਸੀਂ ਉਸ ਦੀ ਅਵੱਗਿਆ ਕਰੋਗੇ? ਇਸਰਾਏਲੀਆਂ ਦੇ ਅੱਗੇ ਇਕ ਚੋਣ ਸੀ। ਹਾਲਾਂਕਿ ਅਸੀਂ ਸਾਰਿਆਂ ਨੇ ਵਿਰਸੇ ਵਿਚ ਆਦਮ ਤੋਂ ਇਕ ਪਾਪੀ ਝੁਕਾਉ ਹਾਸਲ ਕੀਤਾ ਹੈ, ਅਸੀਂ ਆਜ਼ਾਦ ਚੋਣ ਦੀ ਦੇਣ ਨੂੰ ਵੀ ਪ੍ਰਾਪਤ ਕੀਤਾ ਹੈ। ਸ਼ਤਾਨ, ਇਸ ਦੁਸ਼ਟ ਸੰਸਾਰ, ਅਤੇ ਸਾਡੀਆਂ ਅਪੂਰਣਤਾਵਾਂ ਦੇ ਬਾਵਜੂਦ, ਅਸੀਂ ਸਹੀ ਚੋਣ ਕਰ ਸਕਦੇ ਹਾਂ। ਇਸ ਤੋਂ ਇਲਾਵਾ, ਸਾਡਾ ਸ੍ਰਿਸ਼ਟੀਕਰਤਾ ਯਕੀਨੀ ਹੈ ਕਿ ਹਰ ਅਜ਼ਮਾਇਸ਼ ਅਤੇ ਪਰਤਾਵੇ ਦੀ ਸਥਿਤੀ ਵਿਚ, ਅਜਿਹੇ ਲੋਕ ਹੋਣਗੇ ਜੋ ਨਾ ਕੇਵਲ ਸ਼ਬਦਾਂ ਵਿਚ, ਪਰੰਤੂ ਕਾਰਜ ਵਿਚ ਵੀ ਸਹੀ ਚੋਣ ਕਰਨਗੇ। (1 ਪਤਰਸ 5:8-10) ਕੀ ਤੁਸੀਂ ਉਨ੍ਹਾਂ ਵਿਚ ਸ਼ਾਮਲ ਹੋਵੋਗੇ?
21. ਅਗਲੇ ਲੇਖ ਵਿਚ ਕਿਸ ਗੱਲ ਦੀ ਜਾਂਚ ਕੀਤੀ ਜਾਵੇਗੀ?
21 ਅਗਲੇ ਲੇਖ ਵਿਚ, ਅਸੀਂ ਅਤੀਤ ਦੀਆਂ ਮਿਸਾਲਾਂ ਦੀ ਰੌਸ਼ਨੀ ਵਿਚ ਆਪਣੇ ਰਵੱਈਏ ਅਤੇ ਕਾਰਜਾਂ ਦੀ ਜਾਂਚ ਕਰ ਸਕਾਂਗੇ। ਇੰਜ ਹੋਵੇ ਕਿ ਸਾਡੇ ਵਿੱਚੋਂ ਹਰ ਇਕ ਵਿਅਕਤੀ ਮੂਸਾ ਦੁਆਰਾ ਕਹੇ ਗਏ ਪਰਮੇਸ਼ੁਰ ਦੇ ਇਨ੍ਹਾਂ ਸ਼ਬਦਾਂ ਦੇ ਪ੍ਰਤੀ ਧੰਨਵਾਦ-ਸਹਿਤ ਪ੍ਰਤਿਕ੍ਰਿਆ ਦਿਖਾਵੇ: “ਮੈਂ ਤੁਹਾਡੇ ਅੱਗੇ ਜੀਵਨ ਅਤੇ ਮੌਤ, ਬਰਕਤ ਅਤੇ ਸਰਾਪ ਰੱਖਿਆ ਹੈ। ਏਸ ਲਈ ਜੀਵਨ ਨੂੰ ਚੁਣੋ ਤਾਂ ਜੋ ਤੁਸੀਂ . . . ਜੀਉਂਦੇ ਰਹੋ।”—ਬਿਵਸਥਾ ਸਾਰ 30:19. (w96 6/15)
ਤੁਸੀਂ ਕਿਵੇਂ ਜਵਾਬ ਦਿਓਗੇ?
◻ ਯਹੋਵਾਹ ਨੇ ਪਾਪੀ ਮਾਨਵ ਦੇ ਲਈ ਬਰਕਤਾਂ ਨੂੰ ਕਿਵੇਂ ਸੰਭਵ ਕੀਤਾ ਹੈ?
◻ ਸਰਾਪ ਕੀ ਹੁੰਦੇ ਹਨ?
◻ ਇਸਰਾਏਲੀ ਸਰਾਪ ਦੀ ਬਜਾਇ ਬਰਕਤਾਂ ਕਿਵੇਂ ਹਾਸਲ ਕਰ ਸਕਦੇ ਸਨ?
◻ ਇਸਰਾਏਲ ਨੇ ਪਰਮੇਸ਼ੁਰ ਦੀ ਆਗਿਆਪਾਲਣਾ ਕਰਨ ਦੇ ਕਾਰਨ ਕਿਹੜੀਆਂ ਬਰਕਤਾਂ ਦਾ ਆਨੰਦ ਮਾਣਿਆ?
[ਸਫ਼ੇ 23 ਉੱਤੇ ਤਸਵੀਰ]
ਇਸਰਾਏਲੀ ਗਰਿੱਜ਼ੀਮ ਪਹਾੜ ਅਤੇ ਏਬਾਲ ਪਹਾੜ ਦੇ ਸਾਮ੍ਹਣੇ ਇਕੱਠੇ ਹੋਏ ਸਨ
[ਕ੍ਰੈਡਿਟ ਲਾਈਨ]
Pictorial Archive (Near Eastern History) Est.