ਸੱਚੀ ਉਪਾਸਨਾ ਦੀ ਵਿਜੈ ਨੇੜੇ ਅੱਪੜਦੀ ਹੈ
“ਸਾਰੀ ਧਰਤੀ ਉਤੇ ਯਹੋਵਾਹ ਹੀ ਪਾਤਸ਼ਾਹ ਹੋਵੇਗਾ।”—ਜ਼ਕਰਯਾਹ 14:9.
1. ਵਿਸ਼ਵ ਯੁੱਧ I ਦੇ ਦੌਰਾਨ, ਮਸਹ ਕੀਤੇ ਹੋਏ ਮਸੀਹੀਆਂ ਦਾ ਕੀ ਅਨੁਭਵ ਸੀ, ਅਤੇ ਇਸ ਨੂੰ ਕਿਵੇਂ ਪੂਰਵ-ਸੂਚਿਤ ਕੀਤਾ ਗਿਆ ਸੀ?
ਪਹਿਲੇ ਵਿਸ਼ਵ ਯੁੱਧ ਦੇ ਦੌਰਾਨ, ਮਸਹ ਕੀਤੇ ਹੋਏ ਮਸੀਹੀਆਂ ਨੇ ਲੜਦੀਆਂ ਕੌਮਾਂ ਦੇ ਹੱਥੀਂ ਬਹੁਤ ਸਾਰੀਆਂ ਕਠਿਨਾਈਆਂ ਅਤੇ ਕੈਦ ਦਾ ਦੁੱਖ ਭੋਗਿਆ। ਯਹੋਵਾਹ ਦੇ ਪ੍ਰਤੀ ਉਨ੍ਹਾਂ ਦੀ ਉਸਤਤ ਦੀਆਂ ਬਲੀਆਂ ਉੱਤੇ ਸਖ਼ਤੀ ਨਾਲ ਰੋਕ ਲਾਈ ਗਈ, ਅਤੇ ਉਹ ਅਧਿਆਤਮਿਕ ਤੌਰ ਤੇ ਇਕ ਕੈਦ ਦੀ ਸਥਿਤੀ ਵਿਚ ਪੈ ਗਏ। ਇਹ ਸਭ ਕੁਝ ਜ਼ਕਰਯਾਹ 14:2 ਵਿਚ ਪੂਰਵ-ਸੂਚਿਤ ਸੀ, ਜੋ ਯਰੂਸ਼ਲਮ ਉੱਤੇ ਇਕ ਕੌਮਾਂਤਰੀ ਹਮਲੇ ਦਾ ਵਰਣਨ ਕਰਦਾ ਹੈ। ਇਸ ਭਵਿੱਖਬਾਣੀ ਦਾ ਸ਼ਹਿਰ “ਸੁਰਗੀ ਯਰੂਸ਼ਲਮ” ਹੈ, ਅਥਵਾ ਪਰਮੇਸ਼ੁਰ ਦਾ ਸਵਰਗੀ ਰਾਜ ਅਤੇ ‘ਪਰਮੇਸ਼ੁਰ ਅਤੇ ਲੇਲੇ ਦੇ ਸਿੰਘਾਸਣ’ ਦਾ ਸਥਾਨ। (ਇਬਰਾਨੀਆਂ 12:22, 28; 13:14; ਪਰਕਾਸ਼ ਦੀ ਪੋਥੀ 22:3) ਧਰਤੀ ਉੱਤੇ ਪਰਮੇਸ਼ੁਰ ਦੇ ਮਸਹ ਕੀਤੇ ਹੋਏ ਵਿਅਕਤੀ ਉਸ ਸ਼ਹਿਰ ਦੀ ਪ੍ਰਤਿਨਿਧਤਾ ਕਰਦੇ ਸਨ। ਉਨ੍ਹਾਂ ਵਿੱਚੋਂ ਵਫ਼ਾਦਾਰ ਵਿਅਕਤੀ ਉਸ ਹਮਲੇ ਵਿੱਚੋਂ ਬੱਚ ਨਿਕਲੇ, ਅਤੇ ਉਨ੍ਹਾਂ ਨੇ ਖ਼ੁਦ ਨੂੰ “ਸ਼ਹਿਰ ਤੋਂ” ਜਲਾਵਤਨ ਨਹੀਂ ਹੋਣ ਦਿੱਤਾ।a
2, 3. (ੳ) ਸੰਨ 1919 ਤੋਂ ਯਹੋਵਾਹ ਦੀ ਉਪਾਸਨਾ ਨੇ ਕਿਵੇਂ ਵਿਜੈ ਹਾਸਲ ਕੀਤੀ ਹੈ? (ਅ) ਸੰਨ 1935 ਤੋਂ ਕਿਹੜੀ ਘਟਨਾ ਵਾਪਰੀ ਹੈ?
2 ਸੰਨ 1919 ਵਿਚ ਵਫ਼ਾਦਾਰ ਮਸਹ ਕੀਤੇ ਹੋਏ ਵਿਅਕਤੀਆਂ ਨੂੰ ਉਨ੍ਹਾਂ ਦੀ ਕੈਦ ਦੀ ਸਥਿਤੀ ਤੋਂ ਮੁਕਤ ਕੀਤਾ ਗਿਆ, ਅਤੇ ਉਨ੍ਹਾਂ ਨੇ ਯੁੱਧ ਮਗਰੋਂ ਆਉਣ ਵਾਲੀ ਸ਼ਾਂਤੀ ਦੀ ਅਵਧੀ ਦਾ ਤੁਰੰਤ ਹੀ ਲਾਭ ਉਠਾਇਆ। ਸਵਰਗੀ ਯਰੂਸ਼ਲਮ ਦੇ ਰਾਜਦੂਤਾਂ ਵਜੋਂ, ਉਨ੍ਹਾਂ ਨੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਪ੍ਰਚਾਰ ਕਰਨ ਅਤੇ 1,44,000 ਦੇ ਆਖ਼ਰੀ ਸਦੱਸਾਂ ਨੂੰ ਇਕੱਠਿਆਂ ਕਰਨ ਵਿਚ ਮਦਦ ਕਰਨ ਦੇ ਸ਼ਾਨਦਾਰ ਮੌਕੇ ਦਾ ਫ਼ਾਇਦਾ ਚੁੱਕਿਆ। (ਮੱਤੀ 24:14; 2 ਕੁਰਿੰਥੀਆਂ 5:20) ਸੰਨ 1931 ਵਿਚ ਉਨ੍ਹਾਂ ਨੇ ਉਚਿਤ ਸ਼ਾਸਤਰ ਸੰਬੰਧੀ ਨਾਂ, ਯਹੋਵਾਹ ਦੇ ਗਵਾਹ ਅਪਣਾਇਆ।—ਯਸਾਯਾਹ 43:10, 12.
3 ਉਸ ਸਮੇਂ ਤੋਂ ਲੈ ਕੇ ਅੱਜ ਤਕ, ਪਰਮੇਸ਼ੁਰ ਦੇ ਮਸਹ ਕੀਤੇ ਹੋਏ ਗਵਾਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਹੈ। ਹਿਟਲਰ ਵੀ ਆਪਣੇ ਨਾਜ਼ੀ ਜੰਗੀ ਪ੍ਰਬੰਧਕੀ ਢਾਂਚੇ ਸਮੇਤ ਉਨ੍ਹਾਂ ਨੂੰ ਚੁੱਪ ਨਾ ਕਰਾ ਸਕਿਆ। ਵਿਸ਼ਵ-ਵਿਆਪੀ ਸਤਾਹਟ ਦੇ ਬਾਵਜੂਦ, ਉਨ੍ਹਾਂ ਦਾ ਕਾਰਜ ਪੂਰੀ ਧਰਤੀ ਵਿਚ ਫਲ ਲਿਆਇਆ ਹੈ। ਖ਼ਾਸ ਤੌਰ ਤੇ ਸਾਲ 1935 ਤੋਂ, ਪਰਕਾਸ਼ ਦੀ ਪੋਥੀ ਵਿਚ ਪੂਰਵ-ਸੂਚਿਤ ਕੌਮਾਂਤਰੀ “ਵੱਡੀ ਭੀੜ” ਉਨ੍ਹਾਂ ਦੇ ਨਾਲ ਆ ਮਿਲੀ ਹੈ। ਇਹ ਵੀ ਸਮਰਪਿਤ, ਬਪਤਿਸਮਾ-ਪ੍ਰਾਪਤ ਮਸੀਹੀ ਹਨ ਅਤੇ ਉਨ੍ਹਾਂ ਨੇ “ਆਪਣੇ ਬਸਤਰ ਲੇਲੇ” ਅਰਥਾਤ ਯਿਸੂ ਮਸੀਹ “ਦੇ ਲਹੂ ਨਾਲ ਧੋਤੇ ਅਤੇ ਉਨ੍ਹਾਂ ਨੂੰ ਚਿੱਟੇ ਕੀਤਾ” ਹੈ। (ਪਰਕਾਸ਼ ਦੀ ਪੋਥੀ 7:9, 14) ਪਰੰਤੂ, ਉਹ ਸਵਰਗੀ ਜੀਵਨ ਦੀ ਉਮੀਦ ਰੱਖਣ ਵਾਲੇ ਮਸਹ ਕੀਤੇ ਹੋਏ ਵਿਅਕਤੀ ਨਹੀਂ ਹਨ। ਉਨ੍ਹਾਂ ਦੀ ਉਮੀਦ ਵਿਰਸੇ ਵਿਚ ਉਹ ਚੀਜ਼ ਹਾਸਲ ਕਰਨਾ ਹੈ ਜੋ ਆਦਮ ਅਤੇ ਹੱਵਾਹ ਨੇ ਗੁਆ ਦਿੱਤੀ ਸੀ, ਯਾਨੀ, ਇਕ ਪਰਾਦੀਸ ਧਰਤੀ ਉੱਤੇ ਸੰਪੂਰਣ ਮਾਨਵ ਜੀਵਨ। (ਜ਼ਬੂਰ 37:29; ਮੱਤੀ 25:34) ਅੱਜ, ਵੱਡੀ ਭੀੜ ਦੀ ਗਿਣਤੀ 50 ਲੱਖ ਪ੍ਰਾਣੀਆਂ ਤੋਂ ਵੱਧ ਹੈ। ਯਹੋਵਾਹ ਦੀ ਸੱਚੀ ਉਪਾਸਨਾ ਵਿਜੈ ਹਾਸਲ ਕਰ ਰਹੀ ਹੈ, ਪਰੰਤੂ ਇਸ ਦੀ ਆਖ਼ਰੀ ਵਿਜੈ ਅਜੇ ਅਗਾਹਾਂ ਨੂੰ ਹੈ।
ਪਰਮੇਸ਼ੁਰ ਦੀ ਅਧਿਆਤਮਿਕ ਹੈਕਲ ਵਿਚ ਓਪਰੇ
4, 5. (ੳ) ਵੱਡੀ ਭੀੜ ਕਿੱਥੇ ਯਹੋਵਾਹ ਦੀ ਉਪਾਸਨਾ ਕਰਦੀ ਹੈ? (ਅ) ਉਹ ਕਿਹੜੇ ਵਿਸ਼ੇਸ਼-ਸਨਮਾਨਾਂ ਦਾ ਆਨੰਦ ਉਠਾਉਂਦੇ ਹਨ, ਅਤੇ ਕਿਹੜੀ ਭਵਿੱਖਬਾਣੀ ਦੀ ਪੂਰਤੀ ਵਿਚ?
4 ਜਿਵੇਂ ਕਿ ਪੂਰਵ-ਸੂਚਿਤ ਕੀਤਾ ਗਿਆ ਸੀ, ਵੱਡੀ ਭੀੜ “[ਪਰਮੇਸ਼ੁਰ] ਦੀ ਹੈਕਲ ਵਿੱਚ ਰਾਤ ਦਿਨ ਉਹ ਦੀ ਉਪਾਸਨਾ ਕਰਦੇ ਹਨ।” (ਪਰਕਾਸ਼ ਦੀ ਪੋਥੀ 7:15) ਕਿਉਂ ਜੋ ਉਹ ਅਧਿਆਤਮਿਕ, ਜਾਜਕੀ ਇਸਰਾਏਲੀ ਨਹੀਂ ਹਨ, ਸੰਭਵ ਹੈ ਕਿ ਯੂਹੰਨਾ ਨੇ ਉਨ੍ਹਾਂ ਨੂੰ ਹੈਕਲ ਵਿਚ ਗ਼ੈਰ-ਯਹੂਦੀਆਂ ਦੇ ਬਾਹਰਲੇ ਹਾਤੇ ਵਿਚ ਖੜ੍ਹੇ ਦੇਖਿਆ ਸੀ। (1 ਪਤਰਸ 2:5) ਯਹੋਵਾਹ ਦੀ ਅਧਿਆਤਮਿਕ ਹੈਕਲ ਕਿੰਨੀ ਹੀ ਪ੍ਰਤਾਪੀ ਬਣ ਗਈ ਹੈ, ਅਤੇ ਇਸ ਦੇ ਅਹਾਤੇ ਇਸ ਵੱਡੀ ਭੀੜ ਦੇ ਨਾਲ ਭਰ ਗਏ ਹਨ ਜੋ, ਅਧਿਆਤਮਿਕ ਇਸਰਾਏਲ ਦੇ ਬਕੀਏ ਦੇ ਨਾਲ, ਉਸ ਦੀ ਉਸਤਤ ਕਰ ਰਹੇ ਹਨ!
5 ਵੱਡੀ ਭੀੜ ਅੰਦਰਲੇ ਜਾਜਕੀ ਹਾਤੇ ਦੁਆਰਾ ਚਿਤ੍ਰਿਤ ਕੀਤੀ ਗਈ ਸਥਿਤੀ ਵਿਚ ਪਰਮੇਸ਼ੁਰ ਦੀ ਸੇਵਾ ਨਹੀਂ ਕਰਦੀ। ਉਨ੍ਹਾਂ ਨੂੰ ਪਰਮੇਸ਼ੁਰ ਦੇ ਅਧਿਆਤਮਿਕ, ਲੇਪਾਲਕ ਪੁੱਤਰ ਹੋਣ ਦੇ ਉਦੇਸ਼ ਨਾਲ ਧਰਮੀ ਨਹੀਂ ਠਹਿਰਾਇਆ ਜਾਂਦਾ ਹੈ। (ਰੋਮੀਆਂ 8:1, 15) ਫਿਰ ਵੀ, ਯਿਸੂ ਦੀ ਰਿਹਾਈ-ਕੀਮਤ ਵਿਚ ਨਿਹਚਾ ਰੱਖਣ ਦੇ ਦੁਆਰਾ, ਉਨ੍ਹਾਂ ਦੀ ਯਹੋਵਾਹ ਅੱਗੇ ਇਕ ਸ਼ੁੱਧ ਸਥਿਤੀ ਹੈ। ਉਹ ਉਸ ਦੇ ਮਿੱਤਰ ਹੋਣ ਦੇ ਉਦੇਸ਼ ਨਾਲ ਧਰਮੀ ਠਹਿਰਾਏ ਜਾਂਦੇ ਹਨ। (ਤੁਲਨਾ ਕਰੋ ਯਾਕੂਬ 2:21, 23.) ਉਨ੍ਹਾਂ ਨੂੰ ਵੀ ਪਰਮੇਸ਼ੁਰ ਦੀ ਅਧਿਆਤਮਿਕ ਵੇਦੀ ਉੱਤੇ ਸਵੀਕਾਰਯੋਗ ਬਲੀਆਂ ਚੜ੍ਹਾਉਣ ਦਾ ਵਿਸ਼ੇਸ਼-ਸਨਮਾਨ ਹਾਸਲ ਹੈ। ਇਸ ਤਰ੍ਹਾਂ, ਇਸ ਵੱਡੀ ਭੀੜ ਵਿਚ, ਯਸਾਯਾਹ 56:6, 7 ਦੀ ਭਵਿੱਖਬਾਣੀ ਦੀ ਇਕ ਪ੍ਰਤਾਪੀ ਪੂਰਤੀ ਹੋ ਰਹੀ ਹੈ: “ਓਪਰੇ ਜਿਨ੍ਹਾਂ ਨੇ ਆਪਣੇ ਆਪ ਨੂੰ ਯਹੋਵਾਹ ਦੇ ਮਗਰ ਲਾ ਲਿਆ ਹੈ, ਭਈ ਓਹ ਉਸ ਦੀ ਸੇਵਾ ਕਰਨ ਅਤੇ ਯਹੋਵਾਹ ਦੇ ਨਾਮ ਨਾਲ ਪ੍ਰੇਮ ਰੱਖਣ, . . . ਏਹਨਾਂ ਨੂੰ ਮੈਂ ਆਪਣੇ ਪਵਿੱਤ੍ਰ ਪਹਾੜ ਨੂੰ ਲਿਆਵਾਂਗਾ ਅਤੇ ਓਹਨਾਂ ਨੂੰ ਆਪਣੇ ਪ੍ਰਾਰਥਨਾ ਦੇ ਘਰ ਵਿੱਚ ਅਨੰਦ ਦੁਆਵਾਂਗਾ, ਓਹਨਾਂ ਦੀਆਂ ਹੋਮ ਬਲੀਆਂ ਅਤੇ ਬਲੀਦਾਨ ਮੇਰੀ ਜਗਵੇਦੀ ਉੱਤੇ ਕਬੂਲ ਹੋਣਗੇ, ਮੇਰਾ ਘਰ ਤਾਂ ਸਾਰਿਆਂ ਲੋਕਾਂ ਲਈ ਪ੍ਰਾਰਥਨਾ ਦਾ ਘਰ ਸਦਾਵੇਗਾ।”
6. (ੳ) ਓਪਰੇ ਕਿਸ ਪ੍ਰਕਾਰ ਦੀਆਂ ਬਲੀਆਂ ਪੇਸ਼ ਕਰਦੇ ਹਨ? (ਅ) ਜਾਜਕੀ ਹਾਤੇ ਵਿਚ ਪਾਣੀ ਦਾ ਹੌਜ਼ ਉਨ੍ਹਾਂ ਨੂੰ ਕਿਸ ਚੀਜ਼ ਦੀ ਯਾਦ ਦਿਲਾਉਂਦਾ ਹੈ?
6 ਇਨ੍ਹਾਂ ਓਪਰਿਆਂ ਵੱਲੋਂ ਪੇਸ਼ ਕੀਤੀਆਂ ਗਈਆਂ ਬਲੀਆਂ ਵਿਚ “[ਮਹੀਨ ਪੀਸੇ ਮੈਦੇ ਦੀ ਭੇਟ ਦੇ ਸਮਾਨ] ਬੁੱਲ੍ਹਾਂ ਦੇ ਫਲ ਜੋ [ਪਰਮੇਸ਼ੁਰ] ਦੇ ਨਾਂ ਦੀ ਖੁੱਲ੍ਹੇ-ਆਮ ਘੋਸ਼ਣਾ ਕਰਦੇ ਹਨ” ਅਤੇ ‘ਭਲਿਆਈ ਕਰਨੀ ਅਤੇ ਦੂਜਿਆਂ ਨਾਲ ਚੀਜ਼ਾਂ ਦਾ ਸਾਂਝਿਆਂ ਕਰਨਾ’ ਸ਼ਾਮਲ ਹਨ। (ਇਬਰਾਨੀਆਂ 13:15, 16, ਨਿ ਵ) ਪਾਣੀ ਦਾ ਵੱਡਾ ਹੌਜ਼ ਜਿਸ ਨੂੰ ਜਾਜਕਾਂ ਨੇ ਖ਼ੁਦ ਨੂੰ ਧੋਣ ਲਈ ਵਰਤਣਾ ਸੀ, ਵੀ ਇਨ੍ਹਾਂ ਓਪਰਿਆਂ ਦੇ ਲਈ ਇਕ ਮਹੱਤਵਪੂਰਣ ਯਾਦ-ਦਹਾਨੀ ਹੈ। ਉਨ੍ਹਾਂ ਨੂੰ ਵੀ ਅਧਿਆਤਮਿਕ ਅਤੇ ਨੈਤਿਕ ਸੁਧਾਈ ਸਵੀਕਾਰ ਕਰਨੀ ਪੈਂਦੀ ਹੈ ਜਿਉਂ-ਜਿਉਂ ਪਰਮੇਸ਼ੁਰ ਦਾ ਬਚਨ ਉਨ੍ਹਾਂ ਦੇ ਲਈ ਪ੍ਰਗਤੀਵਾਦੀ ਢੰਗ ਨਾਲ ਹੋਰ ਸਪੱਸ਼ਟ ਕੀਤਾ ਜਾਂਦਾ ਹੈ।
ਪਵਿੱਤਰ ਸਥਾਨ ਅਤੇ ਉਸ ਦੀਆਂ ਸਾਮੱਗਰੀਆਂ
7. (ੳ) ਵੱਡੀ ਭੀੜ ਪਵਿੱਤਰ ਜਾਜਕਾਈ ਦੇ ਵਿਸ਼ੇਸ਼-ਸਨਮਾਨਾਂ ਨੂੰ ਕਿਸ ਨਜ਼ਰ ਤੋਂ ਦੇਖਦੀ ਹੈ? (ਅ) ਕਈ ਓਪਰਿਆਂ ਨੂੰ ਹੋਰ ਕਿਹੜੇ ਵਿਸ਼ੇਸ਼-ਸਨਮਾਨ ਹਾਸਲ ਹੋਏ ਹਨ?
7 ਕੀ ਪਵਿੱਤਰ ਸਥਾਨ ਅਤੇ ਉਸ ਦੀਆਂ ਸਾਮੱਗਰੀਆਂ ਓਪਰਿਆਂ ਦੀ ਇਸ ਵੱਡੀ ਭੀੜ ਲਈ ਕੋਈ ਅਰਥ ਰੱਖਦੀਆਂ ਹਨ? ਖ਼ੈਰ, ਉਹ ਕਦੇ ਵੀ ਪਵਿੱਤਰ ਸਥਾਨ ਦੁਆਰਾ ਚਿਤ੍ਰਿਤ ਕੀਤੀ ਗਈ ਸਥਿਤੀ ਵਿਚ ਨਹੀਂ ਹੋਣਗੇ। ਉਹ ਪਰਮੇਸ਼ੁਰ ਦੇ ਸਵਰਗੀ ਨਾਗਰਿਕਤਾ ਰੱਖਣ ਵਾਲੇ ਅਧਿਆਤਮਿਕ ਪੁੱਤਰਾਂ ਦੇ ਤੌਰ ਤੇ ਨਵੇਂ ਸਿਰਿਓਂ ਜਨਮ ਨਹੀਂ ਲੈਂਦੇ ਹਨ। ਕੀ ਇਸ ਕਾਰਨ ਉਹ ਖੁਣਸ ਜਾਂ ਲੋਭ ਮਹਿਸੂਸ ਕਰਦੇ ਹਨ? ਜੀ ਨਹੀਂ। ਇਸ ਦੀ ਬਜਾਇ, ਉਹ 1,44,000 ਦੇ ਬਕੀਏ ਨੂੰ ਸਮਰਥਨ ਦੇਣ ਦੇ ਆਪਣੇ ਵਿਸ਼ੇਸ਼-ਸਨਮਾਨ ਵਿਚ ਆਨੰਦ ਮਨਾਉਂਦੇ ਹਨ, ਅਤੇ ਉਹ ਇਨ੍ਹਾਂ ਅਧਿਆਤਮਿਕ ਪੁੱਤਰਾਂ, ਜੋ ਮਨੁੱਖਜਾਤੀ ਨੂੰ ਸੰਪੂਰਣਤਾ ਤਕ ਚੁੱਕਣ ਵਿਚ ਮਸੀਹ ਦੇ ਸਾਂਝੀਦਾਰ ਹੋਣਗੇ, ਨੂੰ ਪੁਤਰੇਲ ਬਣਾਉਣ ਵਿਚ ਪਰਮੇਸ਼ੁਰ ਦੇ ਉਦੇਸ਼ ਲਈ ਡੂੰਘੀ ਕਦਰ ਦਿਖਾਉਂਦੇ ਹਨ। ਨਾਲ ਹੀ, ਓਪਰਿਆਂ ਦੀ ਵੱਡੀ ਭੀੜ ਪਰਮੇਸ਼ੁਰ ਦੀ ਉਸ ਮਹਾਨ ਅਯੋਗ ਦਿਆਲਗੀ ਨੂੰ ਬਹੁਮੁੱਲੀ ਸਮਝਦੀ ਹੈ ਜੋ ਉਸ ਨੇ ਉਨ੍ਹਾਂ ਨੂੰ ਪਰਾਦੀਸ ਵਿਚ ਸਦੀਪਕ ਜੀਵਨ ਦੀ ਪਾਰਥਿਵ ਉਮੀਦ ਪ੍ਰਦਾਨ ਕਰ ਕੇ ਦਿਖਾਈ ਹੈ। ਇਨ੍ਹਾਂ ਵਿੱਚੋਂ ਕਈ ਓਪਰਿਆਂ ਨੂੰ, ਪ੍ਰਾਚੀਨ ਸਮੇਂ ਦੇ ਨਥੀਨੀਮ ਵਾਂਗ, ਪਵਿੱਤਰ ਜਾਜਕਾਈ ਦੀ ਮਦਦ ਕਰਨ ਲਈ ਨਿਗਰਾਨੀ ਦੇ ਵਿਸ਼ੇਸ਼-ਸਨਮਾਨ ਦਿੱਤੇ ਗਏ ਹਨ।b (ਯਸਾਯਾਹ 61:5) ਇਨ੍ਹਾਂ ਵਿੱਚੋਂ ਹੀ ਯਿਸੂ “ਸਾਰੀ ਧਰਤੀ ਉੱਤੇ ਸਰਦਾਰ” ਨਿਯੁਕਤ ਕਰਦਾ ਹੈ।—ਜ਼ਬੂਰ 45:16.
8, 9. ਪਵਿੱਤਰ ਸਥਾਨ ਦੀਆਂ ਸਾਮੱਗਰੀਆਂ ਉੱਤੇ ਵਿਚਾਰ ਕਰਨ ਤੋਂ ਵੱਡੀ ਭੀੜ ਨੂੰ ਕੀ ਲਾਭ ਹਾਸਲ ਹੁੰਦਾ ਹੈ?
8 ਹਾਲਾਂਕਿ ਉਹ ਕਦੇ ਵੀ ਪ੍ਰਤਿਰੂਪੀ ਪਵਿੱਤਰ ਸਥਾਨ ਵਿਚ ਪ੍ਰਵੇਸ਼ ਨਹੀਂ ਕਰਨਗੇ, ਓਪਰਿਆਂ ਦੀ ਇਹ ਵੱਡੀ ਭੀੜ ਇਸ ਦੀਆਂ ਸਾਮੱਗਰੀਆਂ ਤੋਂ ਬਹੁਮੁੱਲੇ ਸਬਕ ਸਿੱਖਦੀ ਹੈ। ਠੀਕ ਜਿਵੇਂ ਸ਼ਮਾਦਾਨ ਨੂੰ ਲਗਾਤਾਰ ਤੇਲ ਦੀ ਲੋੜ ਸੀ, ਉਸੇ ਤਰ੍ਹਾਂ ਇਨ੍ਹਾਂ ਓਪਰਿਆਂ ਨੂੰ “ਮਾਤਬਰ ਅਤੇ ਬੁੱਧਵਾਨ ਨੌਕਰ” ਦੇ ਮਾਧਿਅਮ ਰਾਹੀਂ, ਪਰਮੇਸ਼ੁਰ ਦੇ ਬਚਨ ਵਿੱਚੋਂ ਦਿੱਤੀਆਂ ਗਈਆਂ ਪ੍ਰਗਤੀਵਾਦੀ ਸੱਚਾਈਆਂ ਨੂੰ ਸਮਝਣ ਵਿਚ ਮਦਦ ਕਰਨ ਲਈ ਪਵਿੱਤਰ ਆਤਮਾ ਦੀ ਲੋੜ ਹੈ। (ਮੱਤੀ 24:45-47) ਇਸ ਤੋਂ ਇਲਾਵਾ, ਪਰਮੇਸ਼ੁਰ ਦੀ ਆਤਮਾ ਉਨ੍ਹਾਂ ਨੂੰ ਇਸ ਨਿਮੰਤ੍ਰਣ ਨੂੰ ਪ੍ਰਤਿਕ੍ਰਿਆ ਦਿਖਾਉਣ ਲਈ ਮਦਦ ਕਰਦੀ ਹੈ: “ਆਤਮਾ ਅਤੇ ਲਾੜੀ [ਮਸਹ ਕੀਤਾ ਹੋਇਆ ਬਕੀਆ] ਆਖਦੀ ਹੈ, ਆਓ! ਜਿਹੜਾ ਸੁਣਦਾ ਹੋਵੇ ਉਹ ਕਹੇ ਆਓ! ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ। ਜਿਹੜਾ ਚਾਹੇ ਅੰਮ੍ਰਿਤ ਜਲ ਮੁਖਤ ਲਵੇ।” (ਪਰਕਾਸ਼ ਦੀ ਪੋਥੀ 22:17) ਇਸ ਤਰ੍ਹਾਂ, ਸ਼ਮਾਦਾਨ ਵੱਡੀ ਭੀੜ ਨੂੰ ਉਨ੍ਹਾਂ ਦੇ ਮਸੀਹੀ ਹੋਣ ਦੇ ਨਾਤੇ ਚਮਕਣ ਅਤੇ ਅਜਿਹੀ ਕਿਸੇ ਵੀ ਮਨੋਬਿਰਤੀ, ਵਿਚਾਰ, ਕਥਨ, ਜਾਂ ਕਾਰਜ, ਜੋ ਪਰਮੇਸ਼ੁਰ ਦੀ ਪਵਿੱਤਰ ਆਤਮਾ ਨੂੰ ਦੁਖੀ ਕਰੇ, ਤੋਂ ਬਚੇ ਰਹਿਣ ਦੇ ਆਪਣੇ ਫ਼ਰਜ਼ ਨੂੰ ਚੇਤੇ ਕਰਾਉਂਦਾ ਹੈ।—ਅਫ਼ਸੀਆਂ 4:30.
9 ਹਜੂਰੀ ਦੀਆਂ ਰੋਟੀਆਂ ਦੀ ਮੇਜ਼ ਵੱਡੀ ਭੀੜ ਨੂੰ ਯਾਦ ਦਿਲਾਉਂਦੀ ਹੈ ਕਿ ਅਧਿਆਤਮਿਕ ਤੌਰ ਤੇ ਸਿਹਤਮੰਦ ਰਹਿਣ ਲਈ, ਉਨ੍ਹਾਂ ਨੂੰ ਬਾਈਬਲ ਤੋਂ ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਦੇ ਪ੍ਰਕਾਸ਼ਨਾਂ ਤੋਂ ਅਧਿਆਤਮਿਕ ਭੋਜਨ ਨਿਯਮਿਤ ਰੂਪ ਵਿਚ ਲੈਣਾ ਚਾਹੀਦਾ ਹੈ। (ਮੱਤੀ 4:4) ਧੂਪ ਦੀ ਵੇਦੀ ਉਨ੍ਹਾਂ ਨੂੰ ਇਸ ਗੱਲ ਦੀ ਮਹੱਤਤਾ ਚੇਤੇ ਕਰਾਉਂਦੀ ਹੈ ਕਿ ਉਨ੍ਹਾਂ ਨੂੰ ਆਪਣੀ ਖਰਿਆਈ ਕਾਇਮ ਰੱਖਣ ਵਿਚ ਮਦਦ ਦੇ ਲਈ ਯਹੋਵਾਹ ਨੂੰ ਸੁਹਿਰਦਤਾ ਨਾਲ ਪ੍ਰਾਰਥਨਾ ਕਰਨੀ ਚਾਹੀਦੀ ਹੈ। (ਲੂਕਾ 21:36) ਉਨ੍ਹਾਂ ਦੀਆਂ ਪ੍ਰਾਰਥਨਾਵਾਂ ਵਿਚ ਉਸਤਤ ਅਤੇ ਧੰਨਵਾਦ ਦੀਆਂ ਸੁਹਿਰਦ ਅਭਿਵਿਅਕਤੀਆਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। (ਜ਼ਬੂਰ 106:1) ਧੂਪ ਦੀ ਵੇਦੀ ਉਨ੍ਹਾਂ ਨੂੰ ਇਹ ਵੀ ਚੇਤੇ ਕਰਾਉਂਦੀ ਹੈ ਕਿ ਦੂਜੇ ਤਰੀਕਿਆਂ ਵਿਚ ਵੀ ਪਰਮੇਸ਼ੁਰ ਦੀ ਉਸਤਤ ਕਰਨ ਦੀ ਲੋੜ ਹੈ, ਜਿਵੇਂ ਕਿ ਮਸੀਹੀ ਸਭਾਵਾਂ ਵਿਚ ਆਪਣੇ ਪੂਰੇ ਦਿਲ ਨਾਲ ਰਾਜ ਗੀਤਾਂ ਨੂੰ ਗਾਉਣ ਦੇ ਦੁਆਰਾ ਅਤੇ ਪ੍ਰਭਾਵਕਾਰੀ ਢੰਗ ਨਾਲ “ਮੁਕਤੀ ਲਈ ਮੂੰਹ ਨਾਲ ਇਕਰਾਰ” ਕਰਨ ਦੇ ਲਈ ਆਪਣੀ ਚੰਗੀ ਤਿਆਰੀ ਕਰਨ ਦੇ ਦੁਆਰਾ।—ਰੋਮੀਆਂ 10:10.
ਸੱਚੀ ਉਪਾਸਨਾ ਦੀ ਪੂਰਣ ਵਿਜੈ
10. (ੳ) ਅਸੀਂ ਕਿਹੜੀ ਸ਼ਾਨਦਾਰ ਸੰਭਾਵਨਾ ਦੀ ਤਾਂਘ ਰੱਖ ਸਕਦੇ ਹਾਂ? (ਅ) ਪਹਿਲਾਂ ਕਿਹੜੀ ਘਟਨਾ ਦਾ ਵਾਪਰਨਾ ਜ਼ਰੂਰੀ ਹੈ?
10 ਅੱਜ ਸਾਰੀਆਂ ਕੌਮਾਂ ਵਿੱਚੋਂ “ਬਹੁਤੀਆਂ ਉੱਮਤਾਂ” ਯਹੋਵਾਹ ਦੀ ਉਪਾਸਨਾ ਦੇ ਭਵਨ ਵੱਲ ਆ ਰਹੀਆਂ ਹਨ। (ਯਸਾਯਾਹ 2:2, 3) ਇਸ ਦੀ ਪੁਸ਼ਟੀ ਕਰਦੇ ਹੋਏ, ਪਰਕਾਸ਼ ਦੀ ਪੋਥੀ 15:4 ਬਿਆਨ ਕਰਦੀ ਹੈ: “ਹੇ ਪ੍ਰਭੁ, ਕੌਣ ਤੈਥੋਂ ਨਾ ਡਰੇਗਾ ਅਤੇ ਤੇਰੇ ਨਾਮ ਦੀ ਮਹਿਮਾ ਨਾ ਕਰੇਗਾ? ਤੂੰ ਹੀ ਤਾਂ ਇਕੱਲਾ ਪਵਿੱਤਰ ਹੈਂ ਸੋ ਸਾਰੀਆਂ ਕੌਮਾਂ ਆਉਣ ਗੀਆਂ, ਅਤੇ ਤੇਰੇ ਅੱਗੇ ਮੱਥਾ ਟੇਕਣ ਗੀਆਂ, ਇਸ ਲਈ ਜੋ ਤੇਰੇ ਨਿਆਉਂ ਦੇ ਕੰਮ ਪਰਗਟ ਹੋ ਗਏ ਹਨ।” ਜ਼ਕਰਯਾਹ ਅਧਿਆਇ 14 ਵਰਣਨ ਕਰਦਾ ਹੈ ਕਿ ਇਸ ਮਗਰੋਂ ਕੀ ਹੁੰਦਾ ਹੈ। ਨਿਕਟ ਭਵਿੱਖ ਵਿਚ, ਧਰਤੀ ਉੱਤੇ ਅਧਿਕਤਰ ਲੋਕਾਂ ਦਾ ਵੈਰਭਾਵ ਸਿਖਰ ਤਕ ਪਹੁੰਚੇਗਾ ਜਿਉਂ ਹੀ ਉਹ ਆਖ਼ਰੀ ਵਾਰੀ ਯਰੂਸ਼ਲਮ—ਸਵਰਗੀ ਯਰੂਸ਼ਲਮ ਦੇ ਧਰਤੀ ਉੱਤੇ ਪ੍ਰਤਿਨਿਧਾਂ—ਦੇ ਵਿਰੁੱਧ ਯੁੱਧ ਕਰਨ ਦੇ ਲਈ ਇਕੱਠੇ ਹੋਣਗੇ। ਉਦੋਂ ਯਹੋਵਾਹ ਕਾਰਵਾਈ ਕਰੇਗਾ। ਇਕ ਯੋਧਾ-ਪਰਮੇਸ਼ੁਰ ਵਜੋਂ, ਉਹ “ਨਿੱਕਲੇਗਾ ਅਤੇ ਓਹਨਾਂ ਕੌਮਾਂ ਨਾਲ ਜੁੱਧ ਕਰੇਗਾ” ਜੋ ਇਹ ਹਮਲਾ ਕਰਨ ਦੀ ਜੁਰਅਤ ਕਰਦੀਆਂ ਹਨ।—ਜ਼ਕਰਯਾਹ 14:2, 3.
11, 12. (ੳ) ਯਹੋਵਾਹ ਆਪਣੀ ਹੈਕਲ ਵਿਚ ਉਪਾਸਕਾਂ ਉੱਤੇ ਹੋਣ ਵਾਲੇ ਵਿਸ਼ਵ-ਵਿਆਪੀ ਹਮਲੇ ਨੂੰ ਕਿਵੇਂ ਪ੍ਰਤਿਕ੍ਰਿਆ ਦਿਖਾਵੇਗਾ? (ਅ) ਪਰਮੇਸ਼ੁਰ ਦੇ ਯੁੱਧ ਦਾ ਕੀ ਨਤੀਜਾ ਹੋਵੇਗਾ?
11 “ਉਹ ਅਜ਼ਾਬ ਹੋਵੇਗਾ ਜਿਹ ਦੇ ਨਾਲ ਯਹੋਵਾਹ ਸਾਰੀਆਂ ਉੱਮਤਾਂ ਨੂੰ ਮਾਰੇਗਾ ਜਿਹੜੀਆਂ ਯਰੂਸ਼ਲਮ ਨਾਲ ਲੜਦੀਆਂ ਹਨ। ਓਹਨਾਂ ਦਾ ਮਾਸ ਪੈਰਾਂ ਉੱਤੇ ਖੜੇ ਖੜੇ ਗਲ ਜਾਵੇਗਾ ਅਤੇ ਓਹਨਾਂ ਦੀਆਂ ਅੱਖਾਂ ਅੱਖ ਦੀਆਂ ਕੋਠੀਆਂ ਵਿੱਚ ਗਲ ਜਾਣਗੀਆਂ ਅਤੇ ਓਹਨਾਂ ਦੀ ਜੀਭ ਓਹਨਾਂ ਦੇ ਮੂੰਹ ਵਿੱਚ ਗਲ ਜਾਵੇਗੀ। ਅਤੇ ਇਉਂ ਹੋਵੇਗਾ ਕਿ ਉਸ ਦਿਨ ਯਹੋਵਾਹ ਦੀ ਵੱਲੋਂ ਓਹਨਾਂ ਵਿੱਚ ਵੱਡੀ ਹੱਲ ਚੱਲ ਹੋਵੇਗੀ, ਓਹ ਆਪੋ ਆਪਣੇ ਗੁਆਂਢੀ ਦਾ ਹੱਥ ਫੜਨਗੇ ਅਤੇ ਓਹਨਾਂ ਦੇ ਹੱਥ ਓਹਨਾਂ ਦੇ ਗੁਆਂਢੀਆਂ ਦੇ ਉੱਤੇ ਚੁੱਕੇ ਜਾਣਗੇ।”—ਜ਼ਕਰਯਾਹ 14:12, 13.
12 ਇਹ ਅਜ਼ਾਬ ਪਈ ਸ਼ਾਬਦਿਕ ਹੈ ਜਾਂ ਲਾਖਣਿਕ, ਇਹ ਤਾਂ ਸਾਨੂੰ ਉਦੋਂ ਹੀ ਪਤਾ ਲੱਗੇਗਾ। ਪਰੰਤੂ, ਇਕ ਗੱਲ ਨਿਸ਼ਚਿਤ ਹੈ। ਜਦੋਂ ਪਰਮੇਸ਼ੁਰ ਦੇ ਵੈਰੀ ਯਹੋਵਾਹ ਦੇ ਸੇਵਕਾਂ ਉੱਤੇ ਆਪਣਾ ਵਿਸ਼ਵ-ਵਿਆਪੀ ਹਮਲਾ ਕਰਨ ਲਈ ਕਾਰਵਾਈ ਕਰ ਰਹੇ ਹੋਣਗੇ, ਉਨ੍ਹਾਂ ਨੂੰ ਪਰਮੇਸ਼ੁਰ ਦੀ ਮਹਾਨ ਸ਼ਕਤੀ ਦੇ ਹੌਲਨਾਕ ਪ੍ਰਗਟਾਵਿਆਂ ਦੁਆਰਾ ਰੋਕਿਆ ਜਾਵੇਗਾ। ਉਨ੍ਹਾਂ ਦੇ ਮੂੰਹ ਬੰਦ ਕੀਤੇ ਜਾਣਗੇ। ਇਹ ਇਉਂ ਹੋਵੇਗਾ ਜਿਵੇਂ ਕਿ ਉਨ੍ਹਾਂ ਦੀਆਂ ਅਵੱਗਿਆਕਾਰੀ ਦੀਆਂ ਜੀਭਾਂ ਗਲ ਗਈਆਂ ਹੋਣ। ਉਨ੍ਹਾਂ ਦਾ ਸੰਯੁਕਤ ਲਕਸ਼ ਉਨ੍ਹਾਂ ਦੀਆਂ ਨਜ਼ਰਾਂ ਵਿਚ ਧੁੰਦਲਾ ਪੈ ਜਾਵੇਗਾ, ਜਿਵੇਂ ਕਿ ਉਨ੍ਹਾਂ ਦੀਆਂ ਅੱਖਾਂ ਗਲ ਗਈਆਂ ਹੋਣ। ਉਨ੍ਹਾਂ ਦੀਆਂ ਸਰੀਰਕ ਸ਼ਕਤੀਆਂ, ਜਿਨ੍ਹਾਂ ਦੇ ਬਲ ਉੱਤੇ ਉਨ੍ਹਾਂ ਨੇ ਇਹ ਹਮਲਾ ਕੀਤਾ ਸੀ, ਨਸ਼ਟ ਹੋ ਜਾਣਗੀਆਂ। ਭੰਬਲਭੂਸੇ ਵਿਚ ਉਹ ਇਕ ਦੂਜੇ ਦੇ ਖ਼ਿਲਾਫ਼ ਹੋ ਕੇ ਵੱਡਾ ਕਤਲਾਮ ਕਰਨਗੇ। ਇਸ ਤਰ੍ਹਾਂ ਪਰਮੇਸ਼ੁਰ ਦੀ ਉਪਾਸਨਾ ਦੇ ਸਾਰੇ ਪਾਰਥਿਵ ਵੈਰੀ ਨਾਸ਼ ਕੀਤੇ ਜਾਣਗੇ। ਆਖ਼ਰਕਾਰ, ਸਾਰੀਆਂ ਕੌਮਾਂ ਯਹੋਵਾਹ ਦੀ ਵਿਸ਼ਵ ਸਰਬਸੱਤਾ ਨੂੰ ਪਛਾਣਨ ਲਈ ਮਜਬੂਰ ਕੀਤੀਆਂ ਜਾ ਚੁੱਕੀਆਂ ਹੋਣਗੀਆਂ। ਇਹ ਭਵਿੱਖਬਾਣੀ ਪੂਰੀ ਹੋਵੇਗੀ: “ਸਾਰੀ ਧਰਤੀ ਉੱਤੇ ਯਹੋਵਾਹ ਹੀ ਪਾਤਸ਼ਾਹ ਹੋਵੇਗਾ।” (ਜ਼ਕਰਯਾਹ 14:9) ਉਸ ਮਗਰੋਂ, ਸ਼ਤਾਨ ਅਤੇ ਉਸ ਦੇ ਪਿਸ਼ਾਚਾਂ ਨੂੰ ਬੰਨ੍ਹਿਆ ਜਾਵੇਗਾ ਜਿਉਂ ਹੀ ਮਸੀਹ ਦਾ ਹਜ਼ਾਰ ਵਰ੍ਹਿਆਂ ਦਾ ਰਾਜ ਆਰੰਭ ਹੋਵੇਗਾ ਅਤੇ ਮਨੁੱਖਜਾਤੀ ਲਈ ਵੱਡੀਆਂ ਬਰਕਤਾਂ ਹੋਣਗੀਆਂ।—ਪਰਕਾਸ਼ ਦੀ ਪੋਥੀ 20:1, 2; 21:3, 4.
ਪਾਰਥਿਵ ਪੁਨਰ-ਉਥਾਨ
13. ‘ਸਾਰੀਆਂ ਕੌਮਾਂ ਵਿੱਚੋਂ ਬਾਕੀ ਰਹਿ ਜਾਣ’ ਵਾਲੇ ਵਿਅਕਤੀ ਕੌਣ ਹਨ?
13 ਜ਼ਕਰਯਾਹ ਦੀ ਭਵਿੱਖਬਾਣੀ ਅਧਿਆਇ 14, ਆਇਤ 16 ਤੇ ਜਾਰੀ ਰਹਿੰਦੀ ਹੈ: “ਇਉਂ ਹੋਵੇਗਾ ਕਿ ਹਰੇਕ ਜੋ ਸਾਰੀਆਂ ਕੌਮਾਂ ਵਿੱਚੋਂ ਜਿਹੜੀਆਂ ਯਰੂਸ਼ਲਮ ਦੇ ਵਿਰੁੱਧ ਆਈਆਂ ਹਨ ਬਾਕੀ ਰਹਿ ਜਾਣਗੀਆਂ ਓਹ ਸਾਲ ਬਸਾਲ ਸੈਨਾਂ ਦੇ ਯਹੋਵਾਹ ਪਾਤਸ਼ਾਹ ਨੂੰ ਮੱਥਾ ਟੇਕਣ ਲਈ ਅਤੇ ਡੇਰਿਆਂ ਦਾ ਪਰਬ ਮਨਾਉਣ ਲਈ ਉਤਾਹਾਂ ਨੂੰ ਜਾਣਗੀਆਂ।” ਬਾਈਬਲ ਦੇ ਅਨੁਸਾਰ, ਅੱਜ ਜੀਉਂਦੇ ਸਾਰੇ ਲੋਕ ਜੋ ਇਸ ਦੁਸ਼ਟ ਵਿਵਸਥਾ ਦੇ ਅੰਤ ਤਕ ਜੀਵਿਤ ਰਹਿੰਦੇ ਹਨ ਅਤੇ ਜਿਨ੍ਹਾਂ ਦਾ ਸੱਚੀ ਉਪਾਸਨਾ ਦੇ ਵੈਰੀਆਂ ਵਜੋਂ ਨਿਆਉਂ ਕੀਤਾ ਜਾਂਦਾ ਹੈ, ਉਹ ‘ਸਦਾ ਦੇ ਵਿਨਾਸ ਦੀ ਸਜ਼ਾ’ ਭੋਗਣਗੇ। (2 ਥੱਸਲੁਨੀਕੀਆਂ 1:7-9; ਨਾਲੇ ਦੇਖੋ ਮੱਤੀ 25:31-33, 46.) ਉਨ੍ਹਾਂ ਦਾ ਪੁਨਰ-ਉਥਾਨ ਨਹੀਂ ਹੋਵੇਗਾ। ਤਾਂ ਫਿਰ, ਸੰਭਵ ਹੈ ਕਿ ‘ਬਾਕੀ ਰਹੇ’ ਵਿਅਕਤੀਆਂ ਵਿਚ ਕੌਮਾਂ ਦੇ ਉਹ ਸਦੱਸ ਵੀ ਸ਼ਾਮਲ ਹਨ ਜੋ ਪਰਮੇਸ਼ੁਰ ਦੇ ਅੰਤਿਮ ਯੁੱਧ ਤੋਂ ਪਹਿਲਾਂ ਹੀ ਮਰ ਗਏ ਹਨ ਅਤੇ ਜਿਨ੍ਹਾਂ ਲਈ ਪੁਨਰ-ਉਥਾਨ ਦੀ ਇਕ ਬਾਈਬਲ-ਆਧਾਰਿਤ ਉਮੀਦ ਹੈ। “ਉਹ ਘੜੀ ਆਉਂਦੀ ਹੈ,” ਯਿਸੂ ਨੇ ਵਾਅਦਾ ਕੀਤਾ, “ਜਿਹ ਦੇ ਵਿੱਚ ਓਹ ਸਭ ਜਿਹੜੇ ਕਬਰਾਂ ਵਿੱਚ ਹਨ ਉਹ ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ। ਜਿਨ੍ਹਾਂ ਨੇ ਭਲਿਆਈ ਕੀਤੀ ਹੈ ਸੋ ਜੀਉਣ ਦੀ ਕਿਆਮਤ [“ਜੀਵਨ ਦੇ ਪੁਨਰ-ਉਥਾਨ,” ਨਿ ਵ] ਲਈ ਅਰ ਜਿਨ੍ਹਾਂ ਨੇ ਬੁਰਿਆਈ ਕੀਤੀ ਹੈ ਉਹ ਨਿਆਉਂ ਦੀ ਕਿਆਮਤ [“ਨਿਆਂ ਦੇ ਪੁਨਰ-ਉਥਾਨ,” ਨਿ ਵ] ਲਈ।”—ਯੂਹੰਨਾ 5:28, 29.
14. (ੳ) ਪੁਨਰ-ਉਥਿਤ ਵਿਅਕਤੀਆਂ ਨੂੰ ਸਦੀਪਕ ਜੀਵਨ ਹਾਸਲ ਕਰਨ ਦੇ ਲਈ ਕੀ ਕਰਨਾ ਪਵੇਗਾ? (ਅ) ਉਨ੍ਹਾਂ ਕਿਸੇ ਵਿਅਕਤੀਆਂ ਦਾ ਕੀ ਹੋਵੇਗਾ ਜੋ ਖ਼ੁਦ ਨੂੰ ਯਹੋਵਾਹ ਨੂੰ ਸਮਰਪਿਤ ਕਰਨ ਅਤੇ ਸੱਚੀ ਉਪਾਸਨਾ ਦਾ ਅਭਿਆਸ ਕਰਨ ਤੋਂ ਇਨਕਾਰ ਕਰਦੇ ਹਨ?
14 ਇਨ੍ਹਾਂ ਸਾਰੇ ਪੁਨਰ-ਉਥਿਤ ਵਿਅਕਤੀਆਂ ਨੂੰ ਕੁਝ ਕਰਨਾ ਪਵੇਗਾ ਤਾਂਕਿ ਉਨ੍ਹਾਂ ਦਾ ਪੁਨਰ-ਉਥਾਨ ਜੀਵਨ ਦਾ ਹੋਵੇ ਅਤੇ ਪ੍ਰਤਿਕੂਲ ਨਿਆਂ ਦਾ ਨਹੀਂ। ਉਨ੍ਹਾਂ ਨੂੰ ਯਹੋਵਾਹ ਦੀ ਹੈਕਲ ਦੇ ਪਾਰਥਿਵ ਹਾਤਿਆਂ ਵਿਖੇ ਆ ਕੇ ਯਿਸੂ ਮਸੀਹ ਦੇ ਦੁਆਰਾ ਪਰਮੇਸ਼ੁਰ ਨੂੰ ਸਮਰਪਣ ਵਿਚ ਮੱਥਾ ਟੇਕਣਾ ਜ਼ਰੂਰੀ ਹੈ। ਕੋਈ ਵੀ ਪੁਨਰ-ਉਥਿਤ ਵਿਅਕਤੀ ਜੋ ਇੰਜ ਕਰਨ ਤੋਂ ਇਨਕਾਰ ਕਰਦਾ ਹੈ, ਉਹ ਉਹੋ ਹੀ ਅਜ਼ਾਬ ਦਾ ਦੁੱਖ ਭੋਗੇਗਾ ਜੋ ਵਰਤਮਾਨ-ਦਿਨ ਦੀਆਂ ਕੌਮਾਂ ਉੱਤੇ ਵਾਪਰਦੀ ਹੈ। (ਜ਼ਕਰਯਾਹ 14:18) ਕੌਣ ਜਾਣਦਾ ਹੈ ਕਿ ਕਿੰਨੇ ਪੁਨਰ-ਉਥਿਤ ਵਿਅਕਤੀ ਖ਼ੁਸ਼ੀ ਨਾਲ ਪ੍ਰਤਿਰੂਪੀ ਡੇਰਿਆਂ ਦਾ ਪਰਬ ਮਨਾਉਣ ਵਿਚ ਵੱਡੀ ਭੀੜ ਦੇ ਨਾਲ ਆ ਮਿਲਣਗੇ? ਨਿਰਸੰਦੇਹ, ਬਹੁਤ ਸਾਰੇ ਹੋਣਗੇ, ਅਤੇ ਸਿੱਟੇ ਵਜੋਂ ਯਹੋਵਾਹ ਦੀ ਮਹਾਨ ਅਧਿਆਤਮਿਕ ਹੈਕਲ ਹੋਰ ਵੀ ਪ੍ਰਤਾਪੀ ਬਣ ਜਾਵੇਗੀ!
ਪ੍ਰਤਿਰੂਪੀ ਡੇਰਿਆਂ ਦਾ ਪਰਬ
15. (ੳ) ਪ੍ਰਾਚੀਨ ਇਸਰਾਏਲ ਦੇ ਡੇਰਿਆਂ ਦੇ ਪਰਬ ਦੀਆਂ ਕੁਝ ਸਿਰਕੱਢਵੀਆਂ ਵਿਸ਼ੇਸ਼ਤਾਵਾਂ ਕੀ ਸਨ? (ਅ) ਪਰਬ ਦੇ ਦੌਰਾਨ 70 ਬਲਦਾਂ ਦੀ ਬਲੀ ਕਿਉਂ ਚੜ੍ਹਾਈ ਜਾਂਦੀ ਸੀ?
15 ਪ੍ਰਤਿ ਸਾਲ, ਪ੍ਰਾਚੀਨ ਇਸਰਾਏਲ ਲਈ ਡੇਰਿਆਂ ਦੇ ਪਰਬ ਨੂੰ ਮਨਾਉਣਾ ਆਵੱਸ਼ਕ ਸੀ। ਇਹ ਇਕ ਹਫ਼ਤੇ ਤਕ ਜਾਰੀ ਰਹਿੰਦਾ ਸੀ ਅਤੇ ਇਹ ਉਨ੍ਹਾਂ ਦੀ ਵਾਢੀ ਦੀ ਸਮਾਪਤੀ ਵੇਲੇ ਪੈਂਦਾ ਸੀ। ਇਹ ਧੰਨਵਾਦ ਦੇਣ ਦਾ ਇਕ ਆਨੰਦਮਈ ਸਮਾਂ ਸੀ। ਉਸ ਹਫ਼ਤੇ ਦੇ ਦੌਰਾਨ, ਉਨ੍ਹਾਂ ਨੂੰ ਦਰਖ਼ਤਾਂ ਦੇ ਪੱਤਿਆਂ, ਖ਼ਾਸ ਕਰਕੇ ਖਜੂਰ ਦੀਆਂ ਟਾਹਣੀਆਂ ਦੇ ਨਾਲ ਢਕੀਆਂ ਹੋਈਆਂ ਅਸਥਾਈ ਛੱਪਰੀਆਂ ਵਿਚ ਰਹਿਣਾ ਪੈਂਦਾ ਸੀ। ਇਸ ਪਰਬ ਨੇ ਇਸਰਾਏਲ ਨੂੰ ਯਾਦ ਦਿਲਾਇਆ ਕਿ ਕਿਵੇਂ ਪਰਮੇਸ਼ੁਰ ਨੇ ਉਨ੍ਹਾਂ ਦੇ ਪੂਰਵਜਾਂ ਨੂੰ ਮਿਸਰ ਵਿੱਚੋਂ ਬਚਾਇਆ ਅਤੇ ਕਿਵੇਂ ਉਸ ਨੇ ਉਨ੍ਹਾਂ ਦੀ ਛੱਪਰੀਆਂ ਵਿਚ ਰਹਿੰਦੇ ਸਮੇਂ ਦੇਖ-ਭਾਲ ਕੀਤੀ ਜਦੋਂ ਉਹ ਵਾਅਦਾ ਕੀਤੇ ਹੋਏ ਦੇਸ਼ ਪੁੱਜਣ ਤੋਂ ਪਹਿਲਾਂ 40 ਸਾਲਾਂ ਦੇ ਲਈ ਵਿਰਾਨ ਵਿਚ ਘੁੰਮ ਰਹੇ ਸਨ। (ਲੇਵੀਆਂ 23:39-43) ਪਰਬ ਦੇ ਦੌਰਾਨ, ਹੈਕਲ ਦੀ ਵੇਦੀ ਉੱਤੇ 70 ਬਲਦਾਂ ਦੀ ਬਲੀ ਚੜ੍ਹਾਈ ਜਾਂਦੀ ਸੀ। ਸਪੱਸ਼ਟ ਤੌਰ ਤੇ, ਪਰਬ ਦੀ ਇਹ ਵਿਸ਼ੇਸ਼ਤਾ ਯਿਸੂ ਮਸੀਹ ਦੁਆਰਾ ਕੀਤੇ ਗਏ ਸੰਪੂਰਣ ਅਤੇ ਮੁਕੰਮਲ ਜਾਨ-ਬਚਾਊ ਕਾਰਜ ਨੂੰ ਭਵਿੱਖ-ਸੂਚਿਤ ਕਰਦੀ ਸੀ। ਉਸ ਦੇ ਰਿਹਾਈ-ਕੀਮਤ ਬਲੀਦਾਨ ਦੇ ਲਾਭ ਆਖ਼ਰਕਾਰ ਨੂਹ ਦੀ ਨਸਲ ਤੋਂ ਆਏ ਮਨੁੱਖਜਾਤੀ ਦੇ 70 ਪਰਿਵਾਰਾਂ ਦੀਆਂ ਅਣਗਿਣਤ ਔਲਾਦਾਂ ਤਕ ਪਹੁੰਚਣਗੇ।—ਉਤਪਤ 10:1-29; ਗਿਣਤੀ 29:12-34; ਮੱਤੀ 20:28.
16, 17. (ੳ) ਪ੍ਰਤਿਰੂਪੀ ਡੇਰਿਆਂ ਦਾ ਪਰਬ ਕਦੋਂ ਆਰੰਭ ਹੋਇਆ, ਅਤੇ ਇਹ ਕਿਵੇਂ ਅੱਗੇ ਵਧਿਆ? (ਅ) ਵੱਡੀ ਭੀੜ ਜਸ਼ਨ ਵਿਚ ਕਿਵੇਂ ਹਿੱਸਾ ਲੈਂਦੀ ਹੈ?
16 ਇਸ ਤਰ੍ਹਾਂ, ਡੇਰਿਆਂ ਦਾ ਪ੍ਰਾਚੀਨ ਪਰਬ ਯਹੋਵਾਹ ਦੀ ਮਹਾਨ ਅਧਿਆਤਮਿਕ ਹੈਕਲ ਵਿਚ ਮੁਕਤੀ-ਪ੍ਰਾਪਤ ਪਾਪੀਆਂ ਨੂੰ ਇਕੱਠੇ ਕਰਨ ਦੇ ਆਨੰਦਮਈ ਕਾਰਜ ਵੱਲ ਸੰਕੇਤ ਕਰਦਾ ਸੀ। ਇਸ ਪਰਬ ਦਾ ਪ੍ਰਤਿਰੂਪ 33 ਸਾ.ਯੁ. ਦੇ ਪੰਤੇਕੁਸਤ ਦੇ ਸਮੇਂ ਆਰੰਭ ਹੋਇਆ ਸੀ, ਜਦੋਂ ਅਧਿਆਤਮਿਕ ਇਸਰਾਏਲੀਆਂ ਨੂੰ ਮਸੀਹੀ ਕਲੀਸਿਯਾ ਵਿਚ ਇਕੱਠੇ ਕਰਨ ਦਾ ਆਨੰਦਮਈ ਕਾਰਜ ਆਰੰਭ ਹੋਇਆ ਸੀ। (ਰਸੂਲਾਂ ਦੇ ਕਰਤੱਬ 2:41, 46, 47) ਇਨ੍ਹਾਂ ਮਸਹ ਕੀਤੇ ਹੋਏ ਵਿਅਕਤੀਆਂ ਨੇ ਇਸ ਗੱਲ ਦੀ ਕਦਰ ਕੀਤੀ ਕਿ ਉਹ ਸ਼ਤਾਨ ਦੇ ਸੰਸਾਰ ਵਿਚ “ਅਸਥਾਈ ਵਾਸੀ” ਸਨ ਕਿਉਂਕਿ ਉਹ ਅਸਲ ਵਿਚ “ਸੁਰਗ ਦੀ ਪਰਜਾ” ਹਨ। (1 ਪਤਰਸ 2:11, ਨਿ ਵ; ਫ਼ਿਲਿੱਪੀਆਂ 3:20) ਇਸ ਆਨੰਦਮਈ ਪਰਬ ਉੱਤੇ ਧਰਮ-ਤਿਆਗ ਦੁਆਰਾ ਅਸਥਾਈ ਤੌਰ ਤੇ ਮਾਂਦ ਪਈ ਜਿਸ ਦੇ ਸਿੱਟੇ ਵਜੋਂ ਮਸੀਹੀ-ਜਗਤ ਬਣਿਆ। (2 ਥੱਸਲੁਨੀਕੀਆਂ 2:1-3) ਪਰੰਤੂ, ਇਹ ਪਰਬ 1919 ਵਿਚ 1,44,000 ਅਧਿਆਤਮਿਕ ਇਸਰਾਏਲੀਆਂ ਦੇ ਆਖ਼ਰੀ ਸਦੱਸਾਂ ਨੂੰ, ਅਤੇ ਇਸ ਮਗਰੋਂ ਪਰਕਾਸ਼ ਦੀ ਪੋਥੀ 7:9 ਵਿਚ ਦੱਸੀ ਗਈ ਕੌਮਾਂਤਰੀ ਵੱਡੀ ਭੀੜ ਨੂੰ ਇਕੱਠਾ ਕਰਨ ਦੇ ਆਨੰਦਮਈ ਕਾਰਜ ਦੇ ਨਾਲ ਮੁੜ ਸ਼ੁਰੂ ਕੀਤਾ ਗਿਆ।
17 ਵੱਡੀ ਭੀੜ ਨੂੰ ਆਪਣੇ ਹੱਥਾਂ ਵਿਚ ਖਜੂਰ ਦੀਆਂ ਟਾਹਣੀਆਂ ਲਈਆਂ ਚਿਤ੍ਰਿਤ ਕੀਤਾ ਗਿਆ ਹੈ, ਜੋ ਦਿਖਾਉਂਦਾ ਹੈ ਕਿ ਉਹ ਵੀ ਪ੍ਰਤਿਰੂਪੀ ਡੇਰਿਆਂ ਦੇ ਪਰਬ ਦੇ ਆਨੰਦਮਈ ਜਸ਼ਨ ਮਨਾਉਣ ਵਾਲੇ ਹਨ। ਸਮਰਪਿਤ ਮਸੀਹੀਆਂ ਵਜੋਂ, ਉਹ ਯਹੋਵਾਹ ਦੀ ਹੈਕਲ ਵਿਚ ਹੋਰ ਜ਼ਿਆਦਾ ਉਪਾਸਕਾਂ ਨੂੰ ਇਕੱਠੇ ਕਰਨ ਦੇ ਕਾਰਜ ਵਿਚ ਆਨੰਦ ਨਾਲ ਹਿੱਸਾ ਲੈਂਦੇ ਹਨ। ਇਸ ਤੋਂ ਇਲਾਵਾ, ਪਾਪੀ ਹੋਣ ਵਜੋਂ, ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਉਹ ਧਰਤੀ ਉੱਤੇ ਸਥਾਈ ਨਿਵਾਸ ਦੇ ਹੱਕਦਾਰ ਨਹੀਂ ਹਨ। ਉਨ੍ਹਾਂ ਨੂੰ, ਭਾਵੀ ਪੁਨਰ-ਉਥਿਤ ਵਿਅਕਤੀਆਂ ਸਮੇਤ, ਮਸੀਹ ਦੇ ਰਿਹਾਈ-ਕੀਮਤ ਬਲੀਦਾਨ ਵਿਚ ਨਿਹਚਾ ਕਰਦੇ ਰਹਿਣਾ ਚਾਹੀਦਾ ਹੈ, ਜਦ ਤਾਈਂ ਉਹ ਮਸੀਹ ਦੇ ਹਜ਼ਾਰ ਵਰ੍ਹਿਆਂ ਦੇ ਰਾਜ ਦੇ ਅੰਤ ਵਿਚ ਮਾਨਵ ਸੰਪੂਰਣਤਾ ਤਕ ਨਹੀਂ ਪਹੁੰਚ ਜਾਂਦੇ ਹਨ।—ਪਰਕਾਸ਼ ਦੀ ਪੋਥੀ 20:5.
18. (ੳ) ਯਿਸੂ ਮਸੀਹ ਦੇ ਹਜ਼ਾਰ ਵਰ੍ਹਿਆਂ ਦੇ ਰਾਜ ਦੇ ਅੰਤ ਵਿਚ ਕੀ ਹੋਵੇਗਾ? (ਅ) ਯਹੋਵਾਹ ਦੀ ਸੱਚੀ ਉਪਾਸਨਾ ਆਖ਼ਰਕਾਰ ਕਿਵੇਂ ਵਿਜੈ ਹਾਸਲ ਕਰੇਗੀ?
18 ਉਦੋਂ, ਧਰਤੀ ਉੱਤੇ ਪਰਮੇਸ਼ੁਰ ਦੇ ਉਪਾਸਕ, ਇਕ ਸਵਰਗੀ ਜਾਜਕਾਈ ਦੇ ਬਿਨਾਂ, ਮਾਨਵ ਸੰਪੂਰਣਤਾ ਵਿਚ ਉਸ ਅੱਗੇ ਖੜ੍ਹੇ ਹੋਣਗੇ। ਉਦੋਂ ਉਹ ਸਮਾਂ ਆ ਚੁੱਕਾ ਹੋਵੇਗਾ ਜਦੋਂ ਯਿਸੂ ਮਸੀਹ “ਰਾਜ ਨੂੰ ਪਰਮੇਸ਼ੁਰ ਅਤੇ ਪਿਤਾ ਦੇ ਹੱਥ ਸੋਂਪ ਦੇਵੇਗਾ।” (1 ਕੁਰਿੰਥੀਆਂ 15:24) ਸੰਪੂਰਣਤਾ-ਪ੍ਰਾਪਤ ਮਨੁੱਖਜਾਤੀ ਨੂੰ ਪਰਖਣ ਦੇ ਲਈ ਸ਼ਤਾਨ ਨੂੰ “ਥੋੜੇ ਚਿਰ ਲਈ” ਛੱਡਿਆ ਜਾਵੇਗਾ। ਹਰੇਕ ਬੇਵਫ਼ਾ ਵਿਅਕਤੀ ਨੂੰ ਸ਼ਤਾਨ ਅਤੇ ਉਸ ਦੇ ਪਿਸ਼ਾਚਾਂ ਸਮੇਤ ਸਦਾ ਦੇ ਲਈ ਨਾਸ਼ ਕੀਤਾ ਜਾਵੇਗਾ। ਉਹ ਜੋ ਵਫ਼ਾਦਾਰ ਰਹਿਣਗੇ, ਸਦੀਪਕ ਜੀਵਨ ਹਾਸਲ ਕਰਨਗੇ। ਉਹ ਪਾਰਥਿਵ ਪਰਾਦੀਸ ਵਿਚ ਸਥਾਈ ਨਿਵਾਸੀ ਬਣ ਜਾਣਗੇ। ਇਸ ਤਰ੍ਹਾਂ ਪ੍ਰਤਿਰੂਪੀ ਡੇਰਿਆਂ ਦਾ ਪਰਬ ਇਕ ਪ੍ਰਤਾਪੀ, ਸਫ਼ਲ ਸਮਾਪਤੀ ਤੇ ਪਹੁੰਚ ਚੁੱਕਾ ਹੋਵੇਗਾ। ਸੱਚੀ ਉਪਾਸਨਾ ਯਹੋਵਾਹ ਦੇ ਸਦੀਪਕ ਪ੍ਰਤਾਪ ਅਤੇ ਮਨੁੱਖਜਾਤੀ ਦੀ ਸਦੀਵੀ ਖ਼ੁਸ਼ੀ ਦੇ ਲਈ ਵਿਜੈ ਹਾਸਲ ਕਰ ਚੁੱਕੀ ਹੋਵੇਗੀ।—ਪਰਕਾਸ਼ ਦੀ ਪੋਥੀ 20:3, 7-10, 14, 15. (w96 7/1)
[ਫੁਟਨੋਟ]
a ਜ਼ਕਰਯਾਹ ਅਧਿਆਇ 14 ਉੱਤੇ ਇਕ ਆਇਤ-ਬ-ਆਇਤ ਟਿੱਪਣੀ ਦੇ ਲਈ, ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ 1972 ਵਿਚ ਪ੍ਰਕਾਸ਼ਿਤ ਪੁਸਤਕ ਮਨੁੱਖਜਾਤੀ ਲਈ ਪਰਾਦੀਸ ਮੁੜ ਬਹਾਲ—ਦੈਵ-ਸ਼ਾਸਨ ਰਾਹੀਂ (ਅੰਗ੍ਰੇਜ਼ੀ), ਅਧਿਆਇ 21 ਅਤੇ 22 ਦੇਖੋ।
b ਆਧੁਨਿਕ-ਦਿਨ ਦੇ ਨਥੀਨੀਮ ਉੱਤੇ ਹੋਰ ਜਾਣਕਾਰੀ ਲਈ, ਪਹਿਰਾਬੁਰਜ (ਅੰਗ੍ਰੇਜ਼ੀ), ਅਪ੍ਰੈਲ 15, 1992, ਸਫ਼ਾ 16 ਦੇਖੋ।
ਪੁਨਰ-ਵਿਚਾਰ ਦੇ ਸਵਾਲ
◻ ਪਹਿਲੇ ਵਿਸ਼ਵ ਯੁੱਧ ਦੇ ਦੌਰਾਨ “ਯਰੂਸ਼ਲਮ” ਉੱਤੇ ਕਿਵੇਂ ਹਮਲਾ ਕੀਤਾ ਜਾ ਰਿਹਾ ਸੀ?—ਜ਼ਕਰਯਾਹ 14:2.
◻ ਸੰਨ 1919 ਤੋਂ ਪਰਮੇਸ਼ੁਰ ਦੇ ਲੋਕਾਂ ਨੂੰ ਕੀ ਹੋਇਆ ਹੈ?
◻ ਅੱਜ ਪ੍ਰਤਿਰੂਪੀ ਡੇਰਿਆਂ ਦੇ ਪਰਬ ਨੂੰ ਮਨਾਉਣ ਵਿਚ ਕੌਣ ਹਿੱਸਾ ਲੈਂਦੇ ਹਨ?
◻ ਸੱਚੀ ਉਪਾਸਨਾ ਕਿਵੇਂ ਪੂਰੀ ਤਰ੍ਹਾਂ ਨਾਲ ਵਿਜੈ ਹਾਸਲ ਕਰੇਗੀ?
ਡੇਰਿਆਂ ਦਾ ਪਰਬ ਮਨਾਉਣ ਵਿਚ ਖਜੂਰ ਦੀਆਂ ਟਾਹਣੀਆਂ ਵਰਤੀਆਂ ਜਾਂਦੀਆਂ ਸਨ