ਦਿਲਾਸੇ ਲਈ ਯਹੋਵਾਹ ਦਾ ਆਸਰਾ ਰੱਖੋ
“ਧੀਰਜ ਅਤੇ ਦਿਲਾਸੇ ਦਾ ਪਰਮੇਸ਼ੁਰ ਤੁਹਾਨੂੰ ਇਹ ਬਖ਼ਸ਼ੇ ਜੋ ਮਸੀਹ ਯਿਸੂ ਦੇ ਅਨੁਸਾਰ ਆਪੋ ਵਿੱਚ ਮੇਲ ਰੱਖੋ।”—ਰੋਮੀਆਂ 15:5.
1. ਹਰੇਕ ਦਿਨ ਦੇ ਨਾਲ-ਨਾਲ ਦਿਲਾਸੇ ਦੀ ਲੋੜ ਕਿਉਂ ਵਧਦੀ ਜਾਂਦੀ ਹੈ?
ਹਰੇਕ ਗੁਜ਼ਰਦੇ ਦਿਨ ਦੇ ਨਾਲ-ਨਾਲ ਦਿਲਾਸੇ ਦੀ ਲੋੜ ਵਧਦੀ ਜਾਂਦੀ ਹੈ। ਜਿਵੇਂ ਕਿ ਇਕ ਬਾਈਬਲ ਲਿਖਾਰੀ ਨੇ 1,900 ਤੋਂ ਵੀ ਵੱਧ ਸਾਲ ਪਹਿਲਾਂ ਟਿੱਪਣੀ ਕੀਤੀ, “ਸਾਰੀ ਸਰਿਸ਼ਟੀ ਰਲ ਕੇ ਹੁਣ ਤੀਕ ਹਾਹੁਕੇ ਭਰਦੀ ਹੈ ਅਤੇ ਉਹ ਨੂੰ ਪੀੜਾਂ ਲੱਗੀਆਂ ਹੋਈਆਂ ਹਨ।” (ਰੋਮੀਆਂ 8:22) ਸਾਡੇ ਸਮੇਂ ਵਿਚ ਅੱਗੇ ਨਾਲੋਂ ਕਿਤੇ ਹੀ ਵੱਧ “ਹਾਹੁਕੇ” ਅਤੇ “ਪੀੜਾਂ” ਰਹੀਆਂ ਹਨ। ਵਿਸ਼ਵ ਯੁੱਧ I ਦੇ ਸਮੇਂ ਤੋਂ, ਮਨੁੱਖਜਾਤੀ ਨੇ ਯੁੱਧਾਂ, ਅਪਰਾਧ, ਅਤੇ ਉਨ੍ਹਾਂ ਕੁਦਰਤੀ ਬਿਪਤਾਵਾਂ ਦੇ ਰੂਪ ਵਿਚ ਇਕ ਤੋਂ ਬਾਅਦ ਇਕ ਸੰਕਟ ਦਾ ਦੁੱਖ ਭੋਗਿਆ ਹੈ, ਜੋ ਮਨੁੱਖ ਵੱਲੋਂ ਧਰਤੀ ਦੇ ਬਦਇੰਤਜ਼ਾਮ ਨਾਲ ਅਕਸਰ ਸੰਬੰਧਿਤ ਹਨ।—ਪਰਕਾਸ਼ ਦੀ ਪੋਥੀ 11:18.
2. (ੳ) ਮਨੁੱਖਜਾਤੀ ਦੇ ਵਰਤਮਾਨ ਕਸ਼ਟਾਂ ਦੇ ਲਈ ਕੌਣ ਸਭ ਤੋਂ ਜ਼ਿਆਦਾ ਦੋਸ਼ੀ ਹੈ? (ਅ) ਕਿਹੜਾ ਤੱਥ ਸਾਨੂੰ ਦਿਲਾਸੇ ਲਈ ਇਕ ਆਧਾਰ ਦਿੰਦਾ ਹੈ?
2 ਸਾਡੇ ਸਮੇਂ ਵਿਚ ਇੰਨਾ ਦੁੱਖ ਕਿਉਂ ਰਿਹਾ ਹੈ? ਸੰਨ 1914 ਵਿਚ ਰਾਜ ਦੇ ਜਨਮ ਮਗਰੋਂ ਸ਼ਤਾਨ ਨੂੰ ਸਵਰਗ ਤੋਂ ਸੁੱਟੇ ਜਾਣ ਦਾ ਵਰਣਨ ਕਰਦੇ ਹੋਏ, ਬਾਈਬਲ ਜਵਾਬ ਦਿੰਦੀ ਹੈ: “ਧਰਤੀ ਅਤੇ ਸਮੁੰਦਰ ਨੂੰ ਹਾਇ! ਹਾਇ! ਇਸ ਲਈ ਜੋ ਸ਼ਤਾਨ ਤੁਹਾਡੇ ਕੋਲ ਉਤਰ ਆਇਆ ਹੈ ਅਤੇ ਉਹ ਨੂੰ ਵੱਡਾ ਕ੍ਰੋਧ ਹੈ ਕਿਉਂ ਜੋ ਉਹ ਜਾਣਦਾ ਹੈ ਭਈ ਮੇਰਾ ਸਮਾ ਥੋੜਾ ਹੀ ਰਹਿੰਦਾ ਹੈ।” (ਪਰਕਾਸ਼ ਦੀ ਪੋਥੀ 12:12) ਇਸ ਭਵਿੱਖਬਾਣੀ ਦੀ ਪੂਰਤੀ ਦੇ ਸਪੱਸ਼ਟ ਸਬੂਤ ਦਾ ਇਹ ਅਰਥ ਹੈ ਕਿ ਅਸੀਂ ਸ਼ਤਾਨ ਦੀ ਦੁਸ਼ਟ ਹਕੂਮਤ ਦੇ ਅੰਤ ਤਕ ਲਗਭਗ ਪਹੁੰਚ ਚੁੱਕੇ ਹਾਂ। ਇਹ ਜਾਣਨਾ ਕਿੰਨੇ ਹੀ ਦਿਲਾਸੇ ਦੀ ਗੱਲ ਹੈ ਕਿ ਧਰਤੀ ਉੱਤੇ ਜੀਵਨ ਛੇਤੀ ਹੀ ਉਸੇ ਸ਼ਾਂਤਮਈ ਸਥਿਤੀ ਵਿਚ ਪਰਤ ਜਾਵੇਗਾ ਜੋ ਸ਼ਤਾਨ ਵੱਲੋਂ ਸਾਡੇ ਪ੍ਰਥਮ ਮਾਪਿਆਂ ਨੂੰ ਬਗਾਵਤ ਵੱਲ ਲੈ ਜਾਣ ਤੋਂ ਪਹਿਲਾਂ ਹੋਂਦ ਵਿਚ ਸੀ!
3. ਮਾਨਵ ਨੂੰ ਕਦੋਂ ਦਿਲਾਸੇ ਦੀ ਲੋੜ ਨਹੀਂ ਸੀ?
3 ਮੁੱਢ ਵਿਚ, ਮਨੁੱਖ ਦੇ ਸ੍ਰਿਸ਼ਟੀਕਰਤਾ ਨੇ ਪ੍ਰਥਮ ਮਾਨਵ ਜੋੜੇ ਦੇ ਲਈ ਇਕ ਘਰ ਵਜੋਂ ਇਕ ਸੁੰਦਰ ਬਾਗ਼ ਦਾ ਪ੍ਰਬੰਧ ਕੀਤਾ। ਇਹ ਅਦਨ ਨਾਮਕ ਖੇਤਰ ਵਿਚ ਸਥਿਤ ਸੀ, ਜਿਸ ਨਾਂ ਦਾ ਅਰਥ ਹੈ “ਪ੍ਰਸੰਨਤਾ” ਜਾਂ “ਆਨੰਦ।” (ਉਤਪਤ 2:8, ਨਿ ਵ, ਫੁਟਨੋਟ) ਇਸ ਤੋਂ ਇਲਾਵਾ, ਆਦਮ ਅਤੇ ਹੱਵਾਹ ਸੰਪੂਰਣ ਤੰਦਰੁਸਤੀ ਦਾ ਆਨੰਦ ਮਾਣਦੇ ਸਨ, ਜਿਸ ਵਿਚ ਕਦੇ ਨਾ ਮਰਨ ਦੀ ਸੰਭਾਵਨਾ ਸ਼ਾਮਲ ਸੀ। ਜ਼ਰਾ ਉਨ੍ਹਾਂ ਅਨੇਕ ਖੇਤਰਾਂ ਬਾਰੇ ਵਿਚਾਰ ਕਰੋ ਜਿਨ੍ਹਾਂ ਵਿਚ ਉਹ ਆਪਣੀਆਂ ਕਾਬਲੀਅਤਾਂ ਨੂੰ ਵਿਕਸਿਤ ਕਰ ਸਕਦੇ ਸਨ—ਬਾਗ਼ਬਾਨੀ, ਕਲਾ, ਉਸਾਰੀ, ਸੰਗੀਤ। ਨਾਲ ਹੀ, ਸ੍ਰਿਸ਼ਟੀ ਦੀਆਂ ਉਨ੍ਹਾਂ ਸਾਰੀਆਂ ਰਚਨਾਵਾਂ ਦੇ ਬਾਰੇ ਸੋਚੋ ਜਿਨ੍ਹਾਂ ਦਾ ਉਹ ਅਧਿਐਨ ਕਰ ਸਕਦੇ ਸਨ, ਜਿਉਂ-ਜਿਉਂ ਉਹ ਧਰਤੀ ਨੂੰ ਆਪਣੇ ਵੱਸ ਵਿਚ ਕਰਨ ਅਤੇ ਇਸ ਨੂੰ ਇਕ ਪਰਾਦੀਸ ਬਣਾਉਣ ਦੇ ਆਪਣੇ ਨਿਯੁਕਤ-ਕਾਰਜ ਨੂੰ ਪੂਰਾ ਕਰਦੇ। (ਉਤਪਤ 1:28) ਨਿਰਸੰਦੇਹ, ਆਦਮ ਅਤੇ ਹੱਵਾਹ ਦਾ ਜੀਵਨ, ਹਉਕੇ ਅਤੇ ਪੀੜਾਂ ਦੇ ਨਾਲ ਨਹੀਂ, ਬਲਕਿ ਆਨੰਦ ਅਤੇ ਪ੍ਰਸੰਨਤਾ ਦੇ ਨਾਲ ਭਰਿਆ ਹੁੰਦਾ। ਸਪੱਸ਼ਟ ਤੌਰ ਤੇ, ਉਨ੍ਹਾਂ ਨੂੰ ਦਿਲਾਸੇ ਦੀ ਲੋੜ ਨਾ ਪੈਂਦੀ।
4, 5. (ੳ) ਆਦਮ ਅਤੇ ਹੱਵਾਹ ਆਗਿਆਕਾਰਤਾ ਦੀ ਪਰੀਖਿਆ ਵਿਚ ਕਿਉਂ ਅਸਫ਼ਲ ਹੋਏ? (ਅ) ਮਨੁੱਖਜਾਤੀ ਨੂੰ ਕਿਵੇਂ ਦਿਲਾਸੇ ਦੀ ਲੋੜ ਪਈ?
4 ਪਰੰਤੂ, ਆਦਮ ਅਤੇ ਹੱਵਾਹ ਨੂੰ ਜਿਸ ਗੱਲ ਦੀ ਲੋੜ ਸੀ, ਉਹ ਸੀ ਆਪਣੇ ਦਿਆਲੂ ਸਵਰਗੀ ਪਿਤਾ ਦੇ ਲਈ ਗਹਿਰਾ ਪ੍ਰੇਮ ਅਤੇ ਕਦਰ ਵਿਕਸਿਤ ਕਰਨਾ। ਅਜਿਹਾ ਪ੍ਰੇਮ ਉਨ੍ਹਾਂ ਨੂੰ ਹਰ ਹਾਲਾਤ ਵਿਚ ਪਰਮੇਸ਼ੁਰ ਦੀ ਆਗਿਆਪਾਲਣਾ ਕਰਨ ਦੇ ਲਈ ਪ੍ਰੇਰਿਤ ਕਰਦਾ। (ਤੁਲਨਾ ਕਰੋ ਯੂਹੰਨਾ 14:31.) ਦੁੱਖ ਦੀ ਗੱਲ ਹੈ ਕਿ ਸਾਡੇ ਮੁਢਲੇ ਮਾਤਾ-ਪਿਤਾ ਦੋਵੇਂ ਹੀ ਆਪਣੇ ਹੱਕੀ ਸਰਬਸੱਤਾਵਾਨ, ਯਹੋਵਾਹ ਦੀ ਆਗਿਆਪਾਲਣਾ ਕਰਨ ਵਿਚ ਅਸਫ਼ਲ ਰਹੇ। ਇਸ ਦੀ ਬਜਾਇ, ਉਨ੍ਹਾਂ ਨੇ ਖ਼ੁਦ ਨੂੰ ਇਕ ਪਤਿਤ ਦੂਤ, ਸ਼ਤਾਨ ਅਰਥਾਤ ਇਬਲੀਸ ਦੀ ਦੁਸ਼ਟ ਹਕੂਮਤ ਦੇ ਅਧੀਨ ਆਉਣ ਦਿੱਤਾ। ਉਹ ਸ਼ਤਾਨ ਹੀ ਸੀ ਜਿਸ ਨੇ ਹੱਵਾਹ ਨੂੰ ਪਾਪ ਕਰਨ ਅਤੇ ਵਰਜਿਤ ਫਲ ਨੂੰ ਖਾਣ ਦੇ ਲਈ ਵਰਗਲਾਇਆ ਸੀ। ਫਿਰ ਆਦਮ ਨੇ ਪਾਪ ਕੀਤਾ ਜਦੋਂ ਉਸ ਨੇ ਵੀ ਉਸ ਦਰਖ਼ਤ ਦਾ ਫਲ ਖਾਧਾ ਜਿਸ ਦੇ ਬਾਰੇ ਪਰਮੇਸ਼ੁਰ ਨੇ ਸਪੱਸ਼ਟ ਤੌਰ ਤੇ ਚੇਤਾਵਨੀ ਦਿੱਤੀ ਸੀ: “ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਂਗਾ।”—ਉਤਪਤ 2:17.
5 ਇਸ ਤਰ੍ਹਾਂ, ਉਹ ਪਾਪੀ ਜੋੜਾ ਮਰਨ ਲੱਗਾ। ਮੌਤ ਦੀ ਸਜ਼ਾ ਸੁਣਾਉਂਦੇ ਸਮੇਂ, ਪਰਮੇਸ਼ੁਰ ਨੇ ਆਦਮ ਨੂੰ ਇਹ ਵੀ ਆਖਿਆ: “ਜ਼ਮੀਨ ਤੇਰੇ ਕਾਰਨ ਸਰਾਪਤ ਹੋਈ। ਤੂੰ ਆਪਣੇ ਜੀਵਣ ਦੇ ਸਾਰੇ ਦਿਨ ਉਸ ਤੋਂ ਦੁਖ ਨਾਲ ਖਾਵੇਂਗਾ। ਉਹ ਕੰਡੇ ਅਰ ਕੰਡਿਆਲੇ ਤੇਰੇ ਲਈ ਉਗਾਵੇਗੀ ਅਤੇ ਤੂੰ ਪੈਲੀ ਦਾ ਸਾਗ ਪੱਤ ਖਾਵੇਂਗਾ।” (ਉਤਪਤ 3:17, 18) ਇਸ ਤਰ੍ਹਾਂ ਆਦਮ ਅਤੇ ਹੱਵਾਹ ਨੇ ਅਣਵਾਹੀ ਧਰਤੀ ਨੂੰ ਇਕ ਪਰਾਦੀਸ ਬਣਾਉਣ ਦੀ ਸੰਭਾਵਨਾ ਨੂੰ ਗੁਆ ਦਿੱਤਾ। ਅਦਨ ਵਿੱਚੋਂ ਕੱਢੇ ਜਾਣ ਤੇ, ਉਨ੍ਹਾਂ ਨੂੰ ਉਸ ਭੂਮੀ ਵਿੱਚੋਂ ਸਖ਼ਤ ਮਿਹਨਤ ਨਾਲ ਰੋਟੀ ਹਾਸਲ ਕਰਨ ਲਈ ਆਪਣੀ ਤਾਕਤ ਲਗਾਉਣੀ ਪਈ ਜੋ ਸਰਾਪੀ ਗਈ ਸੀ। ਉਨ੍ਹਾਂ ਦੀ ਸੰਤਾਨ ਨੂੰ, ਇਸ ਪਾਪਮਈ, ਮਰਨਹਾਰ ਸਥਿਤੀ ਨੂੰ ਵਿਰਸੇ ਵਿਚ ਪ੍ਰਾਪਤ ਕਰਨ ਦੇ ਕਾਰਨ, ਦਿਲਾਸੇ ਦੀ ਵੱਡੀ ਲੋੜ ਪਈ।—ਰੋਮੀਆਂ 5:12.
ਇਕ ਦਿਲਾਸਾ ਭਰਿਆ ਵਾਅਦਾ ਪੂਰਾ ਹੋਇਆ
6. (ੳ) ਮਨੁੱਖਜਾਤੀ ਦਾ ਪਾਪ ਵਿਚ ਡਿਗਣ ਮਗਰੋਂ ਪਰਮੇਸ਼ੁਰ ਨੇ ਕਿਹੜਾ ਦਿਲਾਸਾ ਭਰਿਆ ਵਾਅਦਾ ਕੀਤਾ? (ਅ) ਲਾਮਕ ਨੇ ਦਿਲਾਸੇ ਸੰਬੰਧੀ ਕਿਹੜੀ ਭਵਿੱਖਬਾਣੀ ਵਿਅਕਤ ਕੀਤੀ?
6 ਮਨੁੱਖ ਦੀ ਬਗਾਵਤ ਨੂੰ ਸ਼ਹਿ ਦੇਣ ਵਾਲੇ ਨੂੰ ਸਜ਼ਾ ਸੁਣਾਉਂਦੇ ਸਮੇਂ, ਯਹੋਵਾਹ “ਦਿਲਾਸੇ ਦਾ ਪਰਮੇਸ਼ੁਰ” ਸਾਬਤ ਹੋਇਆ। (ਰੋਮੀਆਂ 15:5) ਉਸ ਨੇ ਇਹ ਇਕ “ਸੰਤਾਨ” ਭੇਜਣ ਦਾ ਵਾਅਦਾ ਕਰਨ ਦੁਆਰਾ ਸਾਬਤ ਕੀਤਾ ਜੋ ਆਖ਼ਰਕਾਰ ਆਦਮ ਦੀ ਔਲਾਦ ਨੂੰ ਆਦਮ ਦੀ ਬਗਾਵਤ ਦੇ ਬਿਪਤਾਜਨਕ ਅਸਰਾਂ ਤੋਂ ਮੁਕਤ ਕਰਦੀ। (ਉਤਪਤ 3:15) ਸਮੇਂ ਦੇ ਬੀਤਣ ਨਾਲ, ਪਰਮੇਸ਼ੁਰ ਨੇ ਇਸ ਮੁਕਤੀ ਦੀ ਪੂਰਵ-ਝਲਕ ਵੀ ਪ੍ਰਦਾਨ ਕੀਤੀ। ਉਦਾਹਰਣ ਲਈ, ਉਸ ਨੇ ਲਾਮਕ, ਜੋ ਆਦਮ ਦੇ ਪੁੱਤਰ ਸੇਥ ਦੁਆਰਾ ਆਦਮ ਦੀ ਇਕ ਦੂਰ ਦੀ ਔਲਾਦ ਸੀ, ਨੂੰ ਭਵਿੱਖਬਾਣੀ ਕਰਨ ਦੇ ਲਈ ਪ੍ਰੇਰਿਤ ਕੀਤਾ ਕਿ ਲਾਮਕ ਦਾ ਪੁੱਤਰ ਕੀ ਕਰਦਾ: “ਇਹ ਸਾਨੂੰ ਸਾਡੀ ਮਿਹਨਤ ਤੋਂ ਅਰ ਸਾਡੇ ਹੱਥਾਂ ਦੀ ਸਖਤ ਕਮਾਈ ਤੋਂ ਜਿਹੜੀ ਜ਼ਮੀਨ ਦੇ ਕਾਰਨ ਸਾਡੇ ਉੱਤੇ ਆਈ ਹੋਈ ਹੈ ਜਿਸ ਉੱਤੇ ਯਹੋਵਾਹ ਦਾ ਸਰਾਪ ਪਿਆ ਹੋਇਆ ਹੈ ਸ਼ਾਂਤ ਦੇਵੇਗਾ।” (ਉਤਪਤ 5:29) ਇਸ ਵਾਅਦੇ ਦੇ ਇਕਸਾਰ, ਉਸ ਲੜਕੇ ਦਾ ਨਾਂ ਨੂਹ ਰੱਖਿਆ ਗਿਆ, ਜਿਸ ਦਾ ਅਰਥ “ਆਰਾਮ” ਜਾਂ “ਤਸੱਲੀ” ਸਮਝਿਆ ਜਾਂਦਾ ਹੈ।
7, 8. (ੳ) ਯਹੋਵਾਹ ਨੂੰ ਕਿਹੜੀ ਸਥਿਤੀ ਦੇ ਕਾਰਨ ਮਨੁੱਖ ਨੂੰ ਸ੍ਰਿਸ਼ਟ ਕਰਨ ਤੋਂ ਰੰਜ ਹੋਇਆ, ਅਤੇ ਉਸ ਨੇ ਪ੍ਰਤਿਕ੍ਰਿਆ ਵਿਚ ਕੀ ਕਰਨ ਦਾ ਉਦੇਸ਼ ਰੱਖਿਆ? (ਅ) ਨੂਹ ਆਪਣੇ ਨਾਂ ਦੇ ਅਰਥ ਉੱਤੇ ਕਿਵੇਂ ਪੂਰਾ ਉਤਰਿਆ?
7 ਇਸ ਦੌਰਾਨ, ਸ਼ਤਾਨ ਸਵਰਗੀ ਦੂਤਾਂ ਵਿੱਚੋਂ ਕੁਝ ਨੂੰ ਆਪਣੇ ਚੇਲੇ ਬਣਾ ਰਿਹਾ ਸੀ। ਇਨ੍ਹਾਂ ਨੇ ਮਾਨਵ ਸਰੀਰ ਧਾਰਨ ਕੀਤੇ ਅਤੇ ਆਦਮ ਦੀਆਂ ਸੁੰਦਰ ਨਾਰੀ ਔਲਾਦਾਂ ਨੂੰ ਪਤਨੀਆਂ ਵਜੋਂ ਲਿਆ। ਅਜਿਹੇ ਗ਼ੈਰ-ਕੁਦਰਤੀ ਸੰਜੋਗਾਂ ਨੇ ਮਾਨਵ ਸਮਾਜ ਨੂੰ ਹੋਰ ਵੀ ਭ੍ਰਿਸ਼ਟ ਕਰ ਦਿੱਤਾ ਅਤੇ ਨੈਫ਼ਲਿਮ, ਅਥਵਾ “ਗਿਰਾਉਣ ਵਾਲਿਆਂ” ਦੀ ਇਕ ਕੁਧਰਮੀ ਨਸਲ ਉਤਪੰਨ ਕੀਤੀ, ਜਿਨ੍ਹਾਂ ਨੇ ਧਰਤੀ ਨੂੰ ਹਿੰਸਾ ਦੇ ਨਾਲ ਭਰ ਦਿੱਤਾ। (ਉਤਪਤ 6:1, 2, 4, 11; ਯਹੂਦਾਹ 6) “ਫੇਰ ਯਹੋਵਾਹ ਨੇ ਵੇਖਿਆ ਕਿ ਆਦਮੀ ਦੀ ਬੁਰਿਆਈ ਧਰਤੀ ਉੱਤੇ ਵਧ ਗਈ . . . ਤਾਂ ਯਹੋਵਾਹ ਨੂੰ ਆਦਮੀ ਦੇ ਧਰਤੀ ਉੱਤੇ ਬਣਾਉਣ ਤੋਂ ਰੰਜ ਹੋਇਆ ਅਤੇ ਉਹ ਮਨ ਵਿੱਚ ਦੁਖੀ ਹੋਇਆ।”—ਉਤਪਤ 6:5, 6.
8 ਯਹੋਵਾਹ ਨੇ ਉਸ ਦੁਸ਼ਟ ਸੰਸਾਰ ਨੂੰ ਇਕ ਵਿਸ਼ਵ-ਵਿਆਪੀ ਜਲ-ਪਰਲੋ ਦੁਆਰਾ ਨਾਸ਼ ਕਰਨ ਦਾ ਉਦੇਸ਼ ਰੱਖਿਆ, ਲੇਕਿਨ ਪਹਿਲਾਂ ਉਸ ਨੇ ਜੀਵਨ ਨੂੰ ਕਾਇਮ ਰੱਖਣ ਦੇ ਲਈ ਨੂਹ ਤੋਂ ਇਕ ਕਿਸ਼ਤੀ ਬਣਵਾਈ। ਇਸ ਤਰ੍ਹਾਂ, ਮਾਨਵ ਨਸਲ ਅਤੇ ਪਸ਼ੂਆਂ ਦੀਆਂ ਕਿਸਮਾਂ ਬਚਾਈਆਂ ਗਈਆਂ। ਜਿਉਂ ਹੀ ਨੂਹ ਅਤੇ ਉਸ ਦੇ ਪਰਿਵਾਰ ਨੇ ਜਲ-ਪਰਲੋ ਮਗਰੋਂ ਕਿਸ਼ਤੀ ਵਿੱਚੋਂ ਬਾਹਰ ਇਕ ਸ਼ੁੱਧ ਧਰਤੀ ਉੱਤੇ ਕਦਮ ਰੱਖਿਆ, ਉਨ੍ਹਾਂ ਨੇ ਕਿੰਨਾ ਹੀ ਚੈਨ ਮਹਿਸੂਸ ਕੀਤਾ ਹੋਵੇਗਾ! ਇਹ ਦੇਖਣਾ ਕਿੰਨੇ ਹੀ ਦਿਲਾਸੇ ਦੀ ਗੱਲ ਸੀ ਕਿ ਭੂਮੀ ਨੂੰ ਦਿੱਤਾ ਗਿਆ ਸਰਾਪ ਹਟਾ ਦਿੱਤਾ ਗਿਆ ਸੀ ਜੋ ਕ੍ਰਿਸ਼ੀ-ਸੰਬੰਧੀ ਕਾਰਜ ਨੂੰ ਹੁਣ ਕਿਤੇ ਹੀ ਅਧਿਕ ਆਸਾਨ ਬਣਾਉਂਦਾ! ਨਿਰਸੰਦੇਹ, ਲਾਮਕ ਦੀ ਭਵਿੱਖਬਾਣੀ ਸੱਚ ਸਾਬਤ ਹੋਈ, ਅਤੇ ਨੂਹ ਆਪਣੇ ਨਾਂ ਦੇ ਅਰਥ ਉੱਤੇ ਪੂਰਾ ਉਤਰਿਆ। (ਉਤਪਤ 8:21) ਪਰਮੇਸ਼ੁਰ ਦੇ ਇਕ ਵਫ਼ਾਦਾਰ ਸੇਵਕ ਵਜੋਂ, ਨੂਹ ਮਨੁੱਖਜਾਤੀ ਨੂੰ ਕੁਝ ਹੱਦ ਤਕ “ਦਿਲਾਸਾ” ਦੇਣ ਵਿਚ ਸਹਾਈ ਸੀ। ਲੇਕਿਨ, ਸ਼ਤਾਨ ਅਤੇ ਉਸ ਦੇ ਪਿਸ਼ਾਚ ਦੂਤਾਂ ਦਾ ਦੁਸ਼ਟ ਪ੍ਰਭਾਵ ਜਲ-ਪਰਲੋ ਦੇ ਨਾਲ ਹੀ ਖ਼ਤਮ ਨਹੀਂ ਹੋਇਆ, ਅਤੇ ਮਨੁੱਖਜਾਤੀ ਅਜੇ ਵੀ ਪਾਪ, ਬੀਮਾਰੀ, ਅਤੇ ਮੌਤ ਦੇ ਬੋਝ ਹੇਠ ਹਉਕੇ ਭਰਦੀ ਹੈ।
ਨੂਹ ਤੋਂ ਵੀ ਮਹਾਨ ਇਕ ਵਿਅਕਤੀ
9. ਯਿਸੂ ਮਸੀਹ ਪਸ਼ਚਾਤਾਪੀ ਮਾਨਵ ਦੇ ਲਈ ਇਕ ਸਹਾਇਕ ਅਤੇ ਦਿਲਾਸਾ ਦੇਣ ਵਾਲਾ ਕਿਵੇਂ ਸਾਬਤ ਹੋਇਆ ਹੈ?
9 ਆਖ਼ਰਕਾਰ, ਮਾਨਵ ਇਤਿਹਾਸ ਦੇ ਲਗਭਗ 4,000 ਸਾਲਾਂ ਦੇ ਅੰਤ ਤੇ, ਉਹ ਵਾਅਦਾ ਕੀਤੀ ਹੋਈ ਸੰਤਾਨ ਪ੍ਰਗਟ ਹੋਈ। ਮਨੁੱਖਜਾਤੀ ਦੇ ਲਈ ਅਤਿ ਪ੍ਰੇਮ ਤੋਂ ਪ੍ਰੇਰਿਤ ਹੋ ਕੇ, ਯਹੋਵਾਹ ਪਰਮੇਸ਼ੁਰ ਨੇ ਆਪਣੇ ਇਕਲੌਤੇ ਪੁੱਤਰ ਨੂੰ ਪਾਪੀ ਮਨੁੱਖਜਾਤੀ ਦੇ ਲਈ ਇਕ ਰਿਹਾਈ-ਕੀਮਤ ਵਜੋਂ ਮਰਨ ਦੇ ਲਈ ਧਰਤੀ ਤੇ ਭੇਜਿਆ। (ਯੂਹੰਨਾ 3:16) ਯਿਸੂ ਮਸੀਹ ਉਨ੍ਹਾਂ ਪਸ਼ਚਾਤਾਪੀ ਪਾਪੀਆਂ ਨੂੰ ਵੱਡੀ ਰਾਹਤ ਪਹੁੰਚਾਉਂਦਾ ਹੈ ਜੋ ਉਸ ਦੀ ਬਲੀਦਾਨ-ਰੂਪੀ ਮੌਤ ਵਿਚ ਨਿਹਚਾ ਰੱਖਦੇ ਹਨ। ਉਹ ਸਾਰੇ ਜੋ ਆਪਣਾ ਜੀਵਨ ਯਹੋਵਾਹ ਨੂੰ ਸਮਰਪਿਤ ਕਰਦੇ ਹਨ ਅਤੇ ਉਸ ਦੇ ਪੁੱਤਰ ਦੇ ਬਪਤਿਸਮਾ-ਪ੍ਰਾਪਤ ਚੇਲੇ ਬਣਦੇ ਹਨ, ਸਥਾਈ ਤਾਜ਼ਗੀ ਅਤੇ ਦਿਲਾਸਾ ਅਨੁਭਵ ਕਰਦੇ ਹਨ। (ਮੱਤੀ 11:28-30; 16:24) ਆਪਣੀ ਅਪੂਰਣਤਾ ਦੇ ਬਾਵਜੂਦ, ਉਹ ਇਕ ਸ਼ੁੱਧ ਅੰਤਹਕਰਣ ਦੇ ਨਾਲ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਗਹਿਰਾ ਆਨੰਦ ਪ੍ਰਾਪਤ ਕਰਦੇ ਹਨ। ਉਨ੍ਹਾਂ ਵਾਸਤੇ ਇਹ ਜਾਣਨਾ ਕਿੰਨੇ ਹੀ ਦਿਲਾਸੇ ਦੀ ਗੱਲ ਹੈ ਕਿ ਜੇਕਰ ਉਹ ਯਿਸੂ ਵਿਚ ਨਿਹਚਾ ਕਰਨਾ ਜਾਰੀ ਰੱਖਣ, ਤਾਂ ਉਨ੍ਹਾਂ ਨੂੰ ਸਦੀਪਕ ਜੀਵਨ ਦਾ ਪ੍ਰਤਿਫਲ ਮਿਲੇਗਾ! (ਯੂਹੰਨਾ 3:36; ਇਬਰਾਨੀਆਂ 5:9) ਜੇਕਰ ਕਮਜ਼ੋਰੀ ਦੇ ਕਾਰਨ ਉਹ ਇਕ ਗੰਭੀਰ ਪਾਪ ਕਰ ਬੈਠਦੇ ਹਨ, ਤਾਂ ਉਨ੍ਹਾਂ ਨੂੰ ਪੁਨਰ-ਉਥਿਤ ਪ੍ਰਭੂ ਯਿਸੂ ਮਸੀਹ ਦੇ ਰੂਪ ਵਿਚ ਇਕ ਸਹਾਇਕ, ਜਾਂ ਦਿਲਾਸਾ ਦੇਣ ਵਾਲਾ ਪ੍ਰਾਪਤ ਹੈ। (1 ਯੂਹੰਨਾ 2:1, 2) ਅਜਿਹੇ ਪਾਪ ਦਾ ਇਕਬਾਲ ਕਰਨ ਦੇ ਦੁਆਰਾ ਅਤੇ ਪਾਪ ਦੇ ਅਭਿਆਸੀ ਬਣਨ ਤੋਂ ਪਰਹੇਜ਼ ਕਰਨ ਦੇ ਲਈ ਸ਼ਾਸਤਰ-ਸੰਬੰਧੀ ਕਦਮ ਚੁੱਕਣ ਦੇ ਦੁਆਰਾ ਉਹ ਰਾਹਤ ਹਾਸਲ ਕਰਦੇ ਹਨ, ਇਹ ਜਾਣਦੇ ਹੋਏ ਕਿ ‘ਪਰਮੇਸ਼ੁਰ ਵਫ਼ਾਦਾਰ ਅਤੇ ਧਰਮੀ ਹੈ ਭਈ ਸਾਡੇ ਪਾਪਾਂ ਨੂੰ ਮਾਫ਼ ਕਰੇ।’—1 ਯੂਹੰਨਾ 1:9; 3:6; ਕਹਾਉਤਾਂ 28:13.
10. ਧਰਤੀ ਉੱਤੇ ਰਹਿੰਦਿਆਂ ਯਿਸੂ ਦੇ ਕੀਤੇ ਗਏ ਚਮਤਕਾਰਾਂ ਤੋਂ ਅਸੀਂ ਕੀ ਸਿੱਖਦੇ ਹਾਂ?
10 ਜਦੋਂ ਯਿਸੂ ਧਰਤੀ ਉੱਤੇ ਸੀ, ਉਸ ਨੇ ਪਿਸ਼ਾਚ-ਗ੍ਰਸਤ ਵਿਅਕਤੀਆਂ ਨੂੰ ਮੁਕਤ ਕਰਨ, ਹਰ ਪ੍ਰਕਾਰ ਦੀਆਂ ਬੀਮਾਰੀਆਂ ਨੂੰ ਚੰਗਾ ਕਰਨ, ਅਤੇ ਮਰੇ ਹੋਏ ਪਿਆਰਿਆਂ ਨੂੰ ਮੁੜ ਜੀਵਿਤ ਕਰਨ ਦੇ ਦੁਆਰਾ ਵੀ ਤਾਜ਼ਗੀ ਪ੍ਰਦਾਨ ਕੀਤੀ। ਇਹ ਸੱਚ ਹੈ ਕਿ ਅਜਿਹੇ ਚਮਤਕਾਰ ਕੇਵਲ ਅਸਥਾਈ ਲਾਭ ਦੇ ਹੀ ਸਨ, ਕਿਉਂਕਿ ਇਸ ਤਰ੍ਹਾਂ ਵਰੋਸਾਏ ਗਏ ਵਿਅਕਤੀ ਬਾਅਦ ਵਿਚ ਬੁੱਢੇ ਹੋ ਕੇ ਮਰ ਗਏ। ਤਾਂ ਵੀ, ਯਿਸੂ ਨੇ ਇਸ ਦੁਆਰਾ ਉਨ੍ਹਾਂ ਸਥਾਈ ਭਾਵੀ ਬਰਕਤਾਂ ਵੱਲ ਸੰਕੇਤ ਕੀਤਾ ਜੋ ਉਹ ਪੂਰੀ ਮਨੁੱਖਜਾਤੀ ਉੱਤੇ ਵਹਾਏਗਾ। ਹੁਣ ਇਕ ਸ਼ਕਤੀਸ਼ਾਲੀ ਸਵਰਗੀ ਰਾਜੇ ਦੇ ਤੌਰ ਤੇ, ਉਹ ਛੇਤੀ ਹੀ ਪਿਸ਼ਾਚਾਂ ਨੂੰ ਕੇਵਲ ਕੱਢਣ ਨਾਲੋਂ ਕਿਤੇ ਵੱਧ ਕੁਝ ਕਰੇਗਾ। ਉਹ ਉਨ੍ਹਾਂ ਨੂੰ ਉਨ੍ਹਾਂ ਦੇ ਸਰਦਾਰ, ਸ਼ਤਾਨ ਸਮੇਤ ਨਿਸ਼ਕ੍ਰਿਆ ਦੀ ਹਾਲਤ ਵਿਚ, ਅਥਾਹ ਕੁੰਡ ਅੰਦਰ ਸੁੱਟ ਦੇਵੇਗਾ। ਉਦੋਂ ਮਸੀਹ ਦਾ ਸ਼ਾਨਦਾਰ ਹਜ਼ਾਰ ਵਰ੍ਹਿਆਂ ਦਾ ਰਾਜ ਆਰੰਭ ਹੋਵੇਗਾ।—ਲੂਕਾ 8:30, 31; ਪਰਕਾਸ਼ ਦੀ ਪੋਥੀ 20:1, 2, 6.
11. ਯਿਸੂ ਨੇ ਖ਼ੁਦ ਨੂੰ “ਸਬਤ ਦੇ ਦਿਨ ਦਾ ਮਾਲਕ” ਕਿਉਂ ਆਖਿਆ?
11 ਯਿਸੂ ਨੇ ਕਿਹਾ ਕਿ ਉਹ “ਸਬਤ ਦੇ ਦਿਨ ਦਾ ਮਾਲਕ” ਸੀ, ਅਤੇ ਉਸ ਦੇ ਅਨੇਕ ਚੰਗਾਈ ਦੇ ਕਾਰਜ ਸਬਤ ਦੇ ਦਿਨ ਤੇ ਕੀਤੇ ਗਏ ਸਨ। (ਮੱਤੀ 12:8-13; ਲੂਕਾ 13:14-17; ਯੂਹੰਨਾ 5:15, 16; 9:14) ਇੰਜ ਕਿਉਂ? ਖ਼ੈਰ, ਸਬਤ ਇਸਰਾਏਲ ਨੂੰ ਦਿੱਤੀ ਗਈ ਪਰਮੇਸ਼ੁਰ ਦੀ ਬਿਵਸਥਾ ਦਾ ਭਾਗ ਸੀ ਅਤੇ ਇਸ ਲਈ ਇਸ ਨੇ ‘ਆਉਣ ਵਾਲੀਆਂ ਚੰਗੀਆਂ ਵਸਤਾਂ ਦੇ ਪਰਛਾਵੇ’ ਵਜੋਂ ਕੰਮ ਕੀਤਾ। (ਇਬਰਾਨੀਆਂ 10:1) ਹਫ਼ਤੇ ਵਿਚ ਕਾਰਜ ਦੇ ਛੇ ਦਿਨ ਸਾਨੂੰ ਸ਼ਤਾਨ ਦੀ ਦਮਨਕਾਰੀ ਹਕੂਮਤ ਹੇਠ ਗ਼ੁਲਾਮੀ ਵਿਚ ਬਿਤਾਏ ਗਏ ਮਨੁੱਖ ਦੇ ਪਿੱਛਲੇ 6,000 ਸਾਲਾਂ ਦੀ ਯਾਦ ਦਿਲਾਉਂਦੇ ਹਨ। ਹਫ਼ਤੇ ਦੇ ਅੰਤ ਵਿਚ ਸਬਤ ਦਾ ਦਿਨ ਸਾਨੂੰ ਉਸ ਦਿਲਾਸਾ ਭਰੇ ਆਰਾਮ ਦਾ ਚੇਤੇ ਕਰਾਉਂਦਾ ਹੈ ਜੋ ਮਹਾਨਤਰ ਨੂਹ, ਅਰਥਾਤ ਯਿਸੂ ਮਸੀਹ, ਦੇ ਹਜ਼ਾਰ ਵਰ੍ਹਿਆਂ ਦੇ ਰਾਜ ਦੇ ਦੌਰਾਨ ਮਨੁੱਖਜਾਤੀ ਅਨੁਭਵ ਕਰੇਗੀ।—ਤੁਲਨਾ ਕਰੋ 2 ਪਤਰਸ 3:8.
12. ਅਸੀਂ ਉਤਸ਼ਾਹ ਦੇ ਨਾਲ ਕਿਹੜੇ ਦਿਲਾਸੇ ਵਾਲੇ ਅਨੁਭਵਾਂ ਦੀ ਉਡੀਕ ਕਰ ਸਕਦੇ ਹਾਂ?
12 ਮਸੀਹ ਦੀ ਹਕੂਮਤ ਦੀ ਪਾਰਥਿਵ ਪਰਜਾ ਕਿੰਨੀ ਹੀ ਰਾਹਤ ਮਹਿਸੂਸ ਕਰੇਗੀ ਜਦੋਂ, ਆਖ਼ਰਕਾਰ, ਉਹ ਸ਼ਤਾਨ ਦੇ ਦੁਸ਼ਟ ਪ੍ਰਭਾਵ ਤੋਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਮੁਕਤ ਪਾਵੇਗੀ! ਹੋਰ ਵੀ ਦਿਲਾਸਾ ਮਿਲੇਗਾ ਜਿਉਂ-ਜਿਉਂ ਉਹ ਆਪਣੇ ਸਰੀਰਕ, ਭਾਵਾਤਮਕ, ਅਤੇ ਮਾਨਸਿਕ ਰੋਗਾਂ ਦੀ ਚੰਗਾਈ ਅਨੁਭਵ ਕਰਦੇ ਹਨ। (ਯਸਾਯਾਹ 65:17) ਫਿਰ, ਜ਼ਰਾ ਉਨ੍ਹਾਂ ਦੇ ਹੁਲਾਸ ਬਾਰੇ ਵਿਚਾਰ ਕਰੋ ਜਿਉਂ ਹੀ ਉਹ ਮਿਰਤਕਾਂ ਵਿੱਚੋਂ ਪਿਆਰਿਆਂ ਦਾ ਸੁਆਗਤ ਕਰਨਾ ਆਰੰਭ ਕਰਦੇ ਹਨ! ਇਨ੍ਹਾਂ ਤਰੀਕਿਆਂ ਵਿਚ ਪਰਮੇਸ਼ੁਰ “ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ।” (ਪਰਕਾਸ਼ ਦੀ ਪੋਥੀ 21:4) ਜਿਉਂ ਹੀ ਯਿਸੂ ਦੇ ਰਿਹਾਈ-ਕੀਮਤ ਬਲੀਦਾਨ ਦੇ ਲਾਭ ਪ੍ਰਗਤੀਸ਼ੀਲ ਢੰਗ ਨਾਲ ਲਾਗੂ ਕੀਤੇ ਜਾਂਦੇ ਹਨ, ਪਰਮੇਸ਼ੁਰ ਦੇ ਰਾਜ ਦੀ ਆਗਿਆਕਾਰੀ ਪਰਜਾ ਆਦਮ ਦੇ ਪਾਪ ਦੇ ਸਾਰੇ ਭੈੜੇ ਅਸਰਾਂ ਤੋਂ ਬਿਲਕੁਲ ਮੁਕਤ ਹੁੰਦੀ ਹੋਈ, ਸੰਪੂਰਣਤਾ ਵੱਲ ਵਧੇਗੀ। (ਪਰਕਾਸ਼ ਦੀ ਪੋਥੀ 22:1-5) ਤਦ ਸ਼ਤਾਨ ਨੂੰ “ਥੋੜੇ ਚਿਰ ਲਈ” ਛੱਡਿਆ ਜਾਵੇਗਾ। (ਪਰਕਾਸ਼ ਦੀ ਪੋਥੀ 20:3, 7) ਸਾਰੇ ਮਾਨਵ ਜੋ ਵਫ਼ਾਦਾਰੀ ਨਾਲ ਯਹੋਵਾਹ ਦੀ ਹੱਕੀ ਸਰਬਸੱਤਾ ਦਾ ਸਮਰਥਨ ਕਰਦੇ ਹਨ, ਸਦੀਪਕ ਜੀਵਨ ਦਾ ਪ੍ਰਤਿਫਲ ਪਾਉਣਗੇ। ਪੂਰਣ ਤੌਰ ਤੇ ‘ਬਿਨਾਸ ਦੀ ਗੁਲਾਮੀ ਤੋਂ ਛੁੱਟਕਾਰਾ’ ਪਾਉਣ ਦੇ ਅਕਹਿ ਆਨੰਦ ਅਤੇ ਰਾਹਤ ਦੀ ਕਲਪਨਾ ਕਰੋ! ਇਵੇਂ ਮਨੁੱਖਜਾਤੀ “ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ” ਦਾ ਆਨੰਦ ਮਾਣੇਗੀ।—ਰੋਮੀਆਂ 8:21.
13. ਸਾਰੇ ਸੱਚੇ ਮਸੀਹੀਆਂ ਨੂੰ ਪਰਮੇਸ਼ੁਰ ਵੱਲੋਂ ਮੁਹੱਈਆ ਕੀਤੇ ਗਏ ਦਿਲਾਸੇ ਦੀ ਲੋੜ ਕਿਉਂ ਹੈ?
13 ਇਸ ਦੌਰਾਨ, ਅਸੀਂ ਅਜੇ ਵੀ ਉਸ ਹਉਕੇ ਅਤੇ ਪੀੜਾਂ ਦੇ ਅਧੀਨ ਹਾਂ ਜੋ ਸ਼ਤਾਨ ਦੀ ਦੁਸ਼ਟ ਵਿਵਸਥਾ ਵਿਚ ਜੀ ਰਹੇ ਸਭ ਲੋਕਾਂ ਲਈ ਆਮ ਹਨ। ਸਰੀਰਕ ਬੀਮਾਰੀਆਂ ਅਤੇ ਭਾਵਾਤਮਕ ਵਿਕਾਰਾਂ ਦਾ ਵਾਧਾ ਸਭ ਪ੍ਰਕਾਰ ਦੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਵਿਚ ਵਫ਼ਾਦਾਰ ਮਸੀਹੀ ਵੀ ਸ਼ਾਮਲ ਹਨ। (ਫ਼ਿਲਿੱਪੀਆਂ 2:25-27; 1 ਥੱਸਲੁਨੀਕੀਆਂ 5:14) ਇਸ ਤੋਂ ਇਲਾਵਾ, ਮਸੀਹੀ ਹੋਣ ਦੇ ਨਾਤੇ ਅਸੀਂ ਅਕਸਰ ਉਸ ਅਨਿਆਂਪੂਰਣ ਉਪਹਾਸ ਅਤੇ ਸਤਾਹਟ ਦਾ ਕਸ਼ਟ ਸਹਾਰਦੇ ਹਾਂ ਜੋ ‘ਮਨੁੱਖ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣ’ ਕਰਕੇ ਸ਼ਤਾਨ ਸਾਡੇ ਉੱਤੇ ਲਿਆਉਂਦਾ ਹੈ। (ਰਸੂਲਾਂ ਦੇ ਕਰਤੱਬ 5:29) ਇਸ ਲਈ, ਜੇਕਰ ਅਸੀਂ ਸ਼ਤਾਨ ਦੇ ਸੰਸਾਰ ਦੇ ਅੰਤ ਤਕ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਿਚ ਦ੍ਰਿੜ੍ਹ ਰਹਿਣਾ ਹੈ, ਤਾਂ ਸਾਨੂੰ ਉਸ ਵੱਲੋਂ ਮੁਹੱਈਆ ਕੀਤੇ ਗਏ ਦਿਲਾਸੇ, ਮਦਦ, ਅਤੇ ਸ਼ਕਤੀ ਦੀ ਲੋੜ ਹੈ।
ਦਿਲਾਸਾ ਕਿੱਥੋਂ ਹਾਸਲ ਕਰੀਏ
14. (ੳ) ਯਿਸੂ ਨੇ ਆਪਣੀ ਮੌਤ ਤੋਂ ਪਹਿਲਾਂ ਦੀ ਰਾਤ ਨੂੰ ਕਿਹੜਾ ਵਾਅਦਾ ਕੀਤਾ? (ਅ) ਕਿਹੜੀ ਚੀਜ਼ ਜ਼ਰੂਰੀ ਹੈ ਜੇਕਰ ਅਸੀਂ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੇ ਦਿਲਾਸੇ ਤੋਂ ਪੂਰਾ ਲਾਭ ਉਠਾਉਣਾ ਹੈ?
14 ਆਪਣੀ ਮੌਤ ਤੋਂ ਪਹਿਲਾਂ ਦੀ ਰਾਤ ਨੂੰ, ਯਿਸੂ ਨੇ ਆਪਣੇ ਵਫ਼ਾਦਾਰ ਰਸੂਲਾਂ ਨੂੰ ਸਪੱਸ਼ਟ ਤੌਰ ਤੇ ਦੱਸਿਆ ਕਿ ਉਹ ਛੇਤੀ ਹੀ ਉਨ੍ਹਾਂ ਨੂੰ ਛੱਡ ਕੇ ਆਪਣੇ ਪਿਤਾ ਕੋਲ ਪਰਤ ਜਾਵੇਗਾ। ਇਸ ਗੱਲ ਨੇ ਉਨ੍ਹਾਂ ਨੂੰ ਚਿੰਤਿਤ ਅਤੇ ਦੁਖੀ ਕੀਤਾ। (ਯੂਹੰਨਾ 13:33, 36; 14:27-31) ਨਿਰੰਤਰ ਦਿਲਾਸੇ ਲਈ ਉਨ੍ਹਾਂ ਦੀ ਲੋੜ ਨੂੰ ਪਛਾਣਦੇ ਹੋਏ, ਯਿਸੂ ਨੇ ਵਾਅਦਾ ਕੀਤਾ: “ਮੈਂ ਆਪਣੇ ਪਿਤਾ ਤੋਂ ਮੰਗਾਂਗਾ ਅਰ ਉਹ ਤੁਹਾਨੂੰ ਦੂਜਾ ਸਹਾਇਕ [“ਦਿਲਾਸਾ ਦੇਣ ਵਾਲਾ,” ਨਿ ਵ, ਫੁਟਨੋਟ] ਬਖ਼ਸ਼ੇਗਾ ਭਈ ਉਹ ਸਦਾ ਤੁਹਾਡੇ ਸੰਗ ਰਹੇ।” (ਯੂਹੰਨਾ 14:16) ਯਿਸੂ ਨੇ ਇੱਥੇ ਪਰਮੇਸ਼ੁਰ ਦੀ ਪਵਿੱਤਰ ਆਤਮਾ ਵੱਲ ਸੰਕੇਤ ਕੀਤਾ, ਜੋ ਉਸ ਦੇ ਪੁਨਰ-ਉਥਾਨ ਤੋਂ 50 ਦਿਨਾਂ ਮਗਰੋਂ ਉਸ ਦੇ ਚੇਲਿਆਂ ਉੱਤੇ ਵਹਾਈ ਗਈ ਸੀ।a ਹੋਰ ਗੱਲਾਂ ਦੇ ਨਾਲ-ਨਾਲ, ਪਰਮੇਸ਼ੁਰ ਦੀ ਆਤਮਾ ਨੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਅਜ਼ਮਾਇਸ਼ਾਂ ਦੇ ਦੌਰਾਨ ਦਿਲਾਸਾ ਦਿੱਤਾ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੀ ਇੱਛਾ ਪੂਰੀ ਕਰਦੇ ਰਹਿਣ ਦੇ ਲਈ ਮਜ਼ਬੂਤ ਬਣਾਇਆ। (ਰਸੂਲਾਂ ਦੇ ਕਰਤੱਬ 4:31) ਪਰੰਤੂ, ਅਜਿਹੀ ਮਦਦ ਨੂੰ ਖ਼ੁਦ-ਬ-ਖ਼ੁਦ ਮਿਲ ਜਾਣ ਵਾਲੀ ਚੀਜ਼ ਵਜੋਂ ਨਹੀਂ ਵਿਚਾਰਨਾ ਚਾਹੀਦਾ ਹੈ। ਇਸ ਤੋਂ ਪੂਰਾ ਲਾਭ ਉਠਾਉਣ ਦੇ ਲਈ, ਹਰੇਕ ਮਸੀਹੀ ਨੂੰ ਉਸ ਦਿਲਾਸਾ ਭਰੀ ਮਦਦ ਦੇ ਲਈ, ਜੋ ਪਰਮੇਸ਼ੁਰ ਆਪਣੀ ਪਵਿੱਤਰ ਆਤਮਾ ਦੇ ਦੁਆਰਾ ਮੁਹੱਈਆ ਕਰਦਾ ਹੈ, ਪ੍ਰਾਰਥਨਾ ਕਰਦੇ ਰਹਿਣਾ ਚਾਹੀਦਾ ਹੈ।—ਲੂਕਾ 11:13.
15. ਕਿਹੜੇ ਕੁਝ ਤਰੀਕੇ ਹਨ ਜਿਨ੍ਹਾਂ ਦੁਆਰਾ ਯਹੋਵਾਹ ਸਾਨੂੰ ਦਿਲਾਸਾ ਮੁਹੱਈਆ ਕਰਦਾ ਹੈ?
15 ਇਕ ਹੋਰ ਤਰੀਕਾ ਜਿਸ ਰਾਹੀਂ ਪਰਮੇਸ਼ੁਰ ਦਿਲਾਸਾ ਮੁਹੱਈਆ ਕਰਦਾ ਹੈ, ਉਹ ਹੈ ਆਪਣੇ ਬਚਨ ਬਾਈਬਲ ਦੁਆਰਾ। ਪੌਲੁਸ ਨੇ ਲਿਖਿਆ: “ਜੋ ਕੁਝ ਅੱਗੇ ਲਿਖਿਆ ਗਿਆ ਸੋ ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ ਭਈ ਅਸੀਂ ਧੀਰਜ ਤੋਂ ਅਤੇ ਧਰਮ ਪੁਸਤਕ ਦੇ ਦਿਲਾਸੇ ਤੋਂ ਆਸਾ ਰੱਖੀਏ।” (ਰੋਮੀਆਂ 15:4) ਇਹ ਸਾਨੂੰ ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਵਿਚ ਲਿਖੀਆਂ ਗਈਆਂ ਗੱਲਾਂ ਦਾ ਨਿਯਮਿਤ ਤੌਰ ਤੇ ਅਧਿਐਨ ਕਰਨ ਅਤੇ ਉਸ ਉੱਤੇ ਮਨਨ ਕਰਨ ਦੀ ਲੋੜ ਦਿਖਾਉਂਦਾ ਹੈ। ਸਾਨੂੰ ਮਸੀਹੀ ਸਭਾਵਾਂ ਵਿਚ ਨਿਯਮਿਤ ਤੌਰ ਤੇ ਹਾਜ਼ਰ ਹੋਣ ਦੀ ਵੀ ਲੋੜ ਹੈ, ਜਿੱਥੇ ਪਰਮੇਸ਼ੁਰ ਦੇ ਬਚਨ ਵਿੱਚੋਂ ਦਿਲਾਸੇ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਅਜਿਹੇ ਇਕੱਠਾਂ ਦਾ ਇਕ ਮੁੱਖ ਉਦੇਸ਼ ਹੈ, ਇਕ ਦੂਜੇ ਨੂੰ ਹੌਸਲਾ ਦੇਣਾ।—ਇਬਰਾਨੀਆਂ 10:25.
16. ਪਰਮੇਸ਼ੁਰ ਦੇ ਦਿਲਾਸੇ ਭਰੇ ਪ੍ਰਬੰਧਾਂ ਨੂੰ ਸਾਨੂੰ ਕੀ ਕਰਨ ਦੇ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ?
16 ਰੋਮੀਆਂ ਦੇ ਨਾਂ ਪੌਲੁਸ ਦੀ ਪੱਤਰੀ ਅੱਗੇ ਜਾ ਕੇ ਉਨ੍ਹਾਂ ਵਧੀਆ ਨਤੀਜਿਆਂ ਬਾਰੇ ਦੱਸਦੀ ਹੈ ਜੋ ਅਸੀਂ ਪਰਮੇਸ਼ੁਰ ਦੇ ਦਿਲਾਸਾ ਭਰੇ ਪ੍ਰਬੰਧਾਂ ਦੀ ਵਰਤੋਂ ਕਰਨ ਨਾਲ ਹਾਸਲ ਕਰਦੇ ਹਾਂ। “ਧੀਰਜ ਅਤੇ ਦਿਲਾਸੇ ਦਾ ਪਰਮੇਸ਼ੁਰ,” ਪੌਲੁਸ ਨੇ ਲਿਖਿਆ, “ਤੁਹਾਨੂੰ ਇਹ ਬਖ਼ਸ਼ੇ ਜੋ ਮਸੀਹ ਯਿਸੂ ਦੇ ਅਨੁਸਾਰ ਆਪੋ ਵਿੱਚ ਮੇਲ ਰੱਖੋ। ਤਾਂ ਜੋ ਤੁਸੀਂ ਇੱਕ ਮਨ ਹੋ ਕੇ ਇੱਕ ਜ਼ਬਾਨ ਨਾਲ ਸਾਡੇ ਪ੍ਰਭੁ ਯਿਸੂ ਮਸੀਹ ਦੇ ਪਰਮੇਸ਼ੁਰ ਅਤੇ ਪਿਤਾ ਦੀ ਵਡਿਆਈ ਕਰੋ।” (ਰੋਮੀਆਂ 15:5, 6) ਜੀ ਹਾਂ, ਪਰਮੇਸ਼ੁਰ ਦੇ ਦਿਲਾਸਾ ਭਰੇ ਪ੍ਰਬੰਧਾਂ ਤੋਂ ਪੂਰਾ ਲਾਭ ਲੈਣ ਦੇ ਦੁਆਰਾ, ਅਸੀਂ ਆਪਣੇ ਦਲੇਰ ਆਗੂ, ਯਿਸੂ ਮਸੀਹ ਦੇ ਹੋਰ ਵੀ ਸਮਰੂਪ ਬਣ ਜਾਵਾਂਗੇ। ਇਹ ਸਾਨੂੰ ਆਪਣੇ ਗਵਾਹੀ ਕਾਰਜ ਵਿਚ, ਆਪਣੀਆਂ ਸਭਾਵਾਂ ਵਿਖੇ, ਸੰਗੀ ਵਿਸ਼ਵਾਸੀਆਂ ਦੇ ਨਾਲ ਨਿੱਜੀ ਗੱਲਬਾਤ ਵਿਚ, ਅਤੇ ਆਪਣੀਆਂ ਪ੍ਰਾਰਥਨਾਵਾਂ ਵਿਚ ਪਰਮੇਸ਼ੁਰ ਦੀ ਮਹਿਮਾ ਕਰਨ ਲਈ ਆਪਣੇ ਮੂੰਹ ਨੂੰ ਇਸਤੇਮਾਲ ਕਰਦੇ ਰਹਿਣ ਦੇ ਲਈ ਪ੍ਰੇਰਿਤ ਕਰੇਗਾ।
ਸਖ਼ਤ ਅਜ਼ਮਾਇਸ਼ ਦੇ ਸਮਿਆਂ ਵਿਚ
17. ਯਹੋਵਾਹ ਨੇ ਆਪਣੇ ਪੁੱਤਰ ਨੂੰ ਕਿਵੇਂ ਦਿਲਾਸਾ ਦਿੱਤਾ, ਅਤੇ ਨਤੀਜਾ ਕੀ ਹੋਇਆ?
17 ਆਪਣੀ ਕਸ਼ਟਦਾਇਕ ਮੌਤ ਤੋਂ ਪਹਿਲਾਂ ਦੀ ਰਾਤ ਨੂੰ ਯਿਸੂ “ਦਿਲਗੀਰ” ਅਤੇ “ਬਹੁਤ ਉਦਾਸ” ਹੋ ਗਿਆ। (ਮੱਤੀ 26:37, 38) ਇਸ ਲਈ ਉਸ ਨੇ ਆਪਣੇ ਚੇਲਿਆਂ ਤੋਂ ਥੋੜ੍ਹੀ ਦੂਰ ਹਟ ਕੇ ਆਪਣੇ ਪਿਤਾ ਤੋਂ ਮਦਦ ਲਈ ਪ੍ਰਾਰਥਨਾ ਕੀਤੀ। “ਪਰਮੇਸ਼ੁਰ ਦਾ ਭੈ ਰੱਖਣ ਦੇ ਕਾਰਨ ਉਹ ਦੀ ਸੁਣੀ ਗਈ।” (ਇਬਰਾਨੀਆਂ 5:7) ਬਾਈਬਲ ਰਿਪੋਰਟ ਕਰਦੀ ਹੈ ਕਿ ‘ਸੁਰਗੋਂ ਇੱਕ ਦੂਤ ਯਿਸੂ ਨੂੰ ਵਿਖਾਈ ਦੇ ਕੇ ਉਹ ਨੂੰ ਸਹਾਰਾ ਦਿੰਦਾ ਸੀ।’ (ਲੂਕਾ 22:43) ਯਿਸੂ ਜਿਸ ਦਲੇਰ ਅਤੇ ਮਰਦਾਵੇਂ ਤਰੀਕੇ ਵਿਚ ਆਪਣੇ ਵਿਰੋਧੀਆਂ ਦਾ ਸਾਮ੍ਹਣਾ ਕਰਨ ਗਿਆ, ਇਸ ਗੱਲ ਦਾ ਸਬੂਤ ਹੈ ਕਿ ਪਰਮੇਸ਼ੁਰ ਦਾ ਆਪਣੇ ਪੁੱਤਰ ਨੂੰ ਦਿਲਾਸਾ ਦੇਣ ਦਾ ਤਰੀਕਾ ਸਭ ਤੋਂ ਪ੍ਰਭਾਵੀ ਸੀ।—ਯੂਹੰਨਾ 18:3-8, 33-38.
18. (ੳ) ਰਸੂਲ ਪੌਲੁਸ ਦੇ ਜੀਵਨ ਦਾ ਕਿਹੜਾ ਦੌਰ ਖ਼ਾਸ ਕਰਕੇ ਅਜ਼ਮਾਇਸ਼ੀ ਸੀ? (ਅ) ਅਸੀਂ ਮਿਹਨਤੀ, ਹਮਦਰਦੀਪੂਰਣ ਬਜ਼ੁਰਗਾਂ ਨੂੰ ਕਿਵੇਂ ਦਿਲਾਸਾ ਦੇ ਸਕਦੇ ਹਾਂ?
18 ਰਸੂਲ ਪੌਲੁਸ ਵੀ ਸਖ਼ਤ ਅਜ਼ਮਾਇਸ਼ਾਂ ਵਾਲੇ ਸਮਿਆਂ ਵਿੱਚੋਂ ਲੰਘਿਆ। ਮਿਸਾਲ ਵਜੋਂ, ਅਫ਼ਸੁਸ ਵਿਚ ਉਸ ਦੀ ਸੇਵਕਾਈ ਦੀ ਵਿਸ਼ੇਸ਼ਤਾ ‘ਹੰਝੂ ਅਤੇ ਉਹ ਪਰਤਾਵੇ ਸਨ ਜੋ ਯਹੂਦੀਆਂ ਦੇ ਘਾਤ ਲਾਉਣ ਤੋਂ ਉਸ ਉੱਤੇ ਆਣ ਪਏ।’ (ਰਸੂਲਾਂ ਦੇ ਕਰਤੱਬ 20:17-20) ਅਖ਼ੀਰ ਵਿਚ, ਉਸ ਦੇ ਪ੍ਰਚਾਰ ਕਾਰਜ ਦੇ ਕਾਰਨ ਅਰਤਿਮਿਸ ਦੇਵੀ ਦੇ ਸਮਰਥਕਾਂ ਵੱਲੋਂ ਉਸ ਸ਼ਹਿਰ ਵਿਚ ਹੰਗਾਮਾ ਖੜ੍ਹਾ ਕਰਨ ਮਗਰੋਂ ਪੌਲੁਸ ਅਫ਼ਸੁਸ ਤੋਂ ਚਲਿਆ ਗਿਆ। (ਰਸੂਲਾਂ ਦੇ ਕਰਤੱਬ 19:23-29; 20:1) ਜਿਉਂ-ਜਿਉਂ ਪੌਲੁਸ ਉੱਤਰ ਦਿਸ਼ਾ ਵਿਚ ਤ੍ਰੋਆਸ ਦੇ ਸ਼ਹਿਰ ਵੱਲ ਵਧਿਆ, ਕਿਸੇ ਹੋਰ ਗੱਲ ਦੀ ਚਿੰਤਾ ਉਸ ਨੂੰ ਖਾਈ ਜਾਂਦੀ ਸੀ। ਅਫ਼ਸੁਸ ਵਿਚ ਹੰਗਾਮਾ ਖੜ੍ਹੇ ਹੋਣ ਤੋਂ ਕੁਝ ਸਮਾਂ ਪਹਿਲਾਂ, ਉਸ ਨੂੰ ਇਕ ਚਿੰਤਾਜਨਕ ਰਿਪੋਰਟ ਮਿਲੀ ਸੀ। ਕੁਰਿੰਥੁਸ ਵਿਖੇ ਨਵੀਨ ਕਲੀਸਿਯਾ ਵਿਚ ਫੁੱਟ ਪਏ ਹੋਏ ਸਨ, ਅਤੇ ਕਲੀਸਿਯਾ ਵਿਭਚਾਰ ਨੂੰ ਸਹਿਣ ਕਰ ਰਹੀ ਸੀ। ਇਸ ਲਈ, ਪੌਲੁਸ ਨੇ ਉਸ ਸਥਿਤੀ ਨੂੰ ਠੀਕ ਕਰਨ ਦੀਆਂ ਉਮੀਦਾਂ ਵਿਚ, ਅਫ਼ਸੁਸ ਤੋਂ ਇਕ ਸਖ਼ਤ ਤਾੜਨਾ ਦੀ ਪੱਤਰੀ ਲਿਖੀ ਸੀ। ਇਹ ਉਸ ਦੇ ਲਈ ਇਕ ਆਸਾਨ ਕੰਮ ਨਹੀਂ ਸੀ। “ਮੈਂ ਵੱਡੀ ਬਿਪਤਾ ਅਤੇ ਮਨ ਦੇ ਕਸ਼ਟ ਨਾਲ ਬਹੁਤ ਅੰਝੂ ਕੇਰ ਕੇਰ ਕੇ ਤੁਹਾਨੂੰ ਲਿਖਿਆ,” ਉਸ ਨੇ ਬਾਅਦ ਵਿਚ ਇਕ ਦੂਜੀ ਪੱਤਰੀ ਵਿਚ ਪ੍ਰਗਟ ਕੀਤਾ। (2 ਕੁਰਿੰਥੀਆਂ 2:4) ਪੌਲੁਸ ਵਾਂਗ, ਹਮਦਰਦੀਪੂਰਣ ਬਜ਼ੁਰਗ ਸੁਧਾਰਕ ਸਲਾਹ ਅਤੇ ਤਾੜਨਾ ਦੇਣੀ ਆਸਾਨ ਨਹੀਂ ਪਾਉਂਦੇ ਹਨ, ਕੁਝ ਹੱਦ ਤਕ ਇਸ ਲਈ ਕਿ ਉਹ ਖ਼ੁਦ ਆਪਣੀਆਂ ਕਮਜ਼ੋਰੀਆਂ ਦੇ ਬਾਰੇ ਡਾਢੇ ਸਚੇਤ ਹਨ। (ਗਲਾਤੀਆਂ 6:1) ਤਾਂ ਫਿਰ, ਇੰਜ ਹੋਵੇ ਕਿ ਅਸੀਂ ਪ੍ਰੇਮਮਈ, ਬਾਈਬਲ-ਆਧਾਰਿਤ ਸਲਾਹ ਨੂੰ ਖ਼ੁਸ਼ੀ-ਖ਼ੁਸ਼ੀ ਸਵੀਕਾਰ ਕਰਨ ਦੇ ਦੁਆਰਾ ਆਪਣੇ ਦਰਮਿਆਨ ਅਗਵਾਈ ਕਰ ਰਹੇ ਵਿਅਕਤੀਆਂ ਨੂੰ ਦਿਲਾਸਾ ਦੇਈਏ।—ਇਬਰਾਨੀਆਂ 13:17.
19. ਪੌਲੁਸ ਤ੍ਰੋਆਸ ਤੋਂ ਮਕਦੂਨਿਯਾ ਨੂੰ ਕਿਉਂ ਗਿਆ, ਅਤੇ ਉਸ ਨੂੰ ਆਖ਼ਰਕਾਰ ਕਿਵੇਂ ਰਾਹਤ ਮਿਲੀ?
19 ਅਫ਼ਸੁਸ ਵਿਚ ਰਹਿੰਦੇ ਸਮੇਂ, ਪੌਲੁਸ ਨੇ ਕੁਰਿੰਥੁਸ ਦੇ ਭਰਾਵਾਂ ਨੂੰ ਨਾ ਕੇਵਲ ਪੱਤਰੀ ਲਿਖੀ ਬਲਕਿ ਉਸ ਨੇ ਉਨ੍ਹਾਂ ਦੀ ਮਦਦ ਕਰਨ ਦੇ ਲਈ ਤੀਤੁਸ ਨੂੰ ਵੀ ਘੱਲਿਆ, ਉਸ ਨੂੰ ਇਹ ਹਿਦਾਇਤ ਦਿੰਦੇ ਹੋਏ ਕਿ ਉਸ ਪੱਤਰੀ ਦੇ ਪ੍ਰਤੀ ਉਨ੍ਹਾਂ ਦੀ ਪ੍ਰਤਿਕ੍ਰਿਆ ਦੀ ਰਿਪੋਰਟ ਵਾਪਸ ਲਿਆਵੇ। ਪੌਲੁਸ ਨੇ ਤੀਤੁਸ ਨੂੰ ਤ੍ਰੋਆਸ ਵਿਖੇ ਮਿਲਣ ਦੀ ਉਮੀਦ ਰੱਖੀ। ਉੱਥੇ ਪੌਲੁਸ ਨੂੰ ਚੇਲੇ ਬਣਾਉਣ ਦੇ ਵਧੀਆ ਮੌਕਿਆਂ ਦੀ ਬਰਕਤ ਹਾਸਲ ਹੋਈ। ਪਰੰਤੂ ਇਸ ਨਾਲ ਉਸ ਦੀ ਚਿੰਤਾ ਘੱਟ ਨਹੀਂ ਹੋਈ ਕਿਉਂਕਿ ਤੀਤੁਸ ਅਜੇ ਤਕ ਉੱਥੇ ਨਹੀਂ ਪਹੁੰਚਿਆ ਸੀ। (2 ਕੁਰਿੰਥੀਆਂ 2:12, 13) ਇਸ ਲਈ ਉਹ ਮਕਦੂਨਿਯਾ ਨੂੰ ਗਿਆ, ਇਸ ਉਮੀਦ ਵਿਚ ਕਿ ਉੱਥੇ ਉਸ ਨੂੰ ਤੀਤੁਸ ਮਿਲ ਪਵੇਗਾ। ਪੌਲੁਸ ਦੀ ਸੇਵਕਾਈ ਦੇ ਪ੍ਰਤੀ ਸਖ਼ਤ ਵਿਰੋਧ ਨੇ ਉਸ ਦੀ ਬੇਚੈਨੀ ਨੂੰ ਹੋਰ ਵੀ ਵਧਾ ਦਿੱਤਾ। “ਜਦ ਅਸੀਂ ਮਕਦੂਨਿਯਾ ਵਿੱਚ ਆਏ,” ਉਸ ਨੇ ਸਮਝਾਇਆ, “ਤਦ ਭੀ ਸਾਡੇ ਸਰੀਰ ਨੂੰ ਕੁਝ ਚੈਨ ਨਹੀਂ ਸੀ ਸਗੋਂ ਅਸੀਂ ਹਰ ਪਾਸਿਓਂ ਕਸ਼ਟ ਵਿੱਚ ਪਏ ਸਾਂ, ਬਾਹਰੋਂ ਝਗੜੇ ਅੰਦਰੋਂ ਧੜਕੇ। ਤਾਂ ਵੀ ਉਹ ਨੇ ਜਿਹੜਾ ਅਧੀਨਾਂ ਨੂੰ ਦਿਲਾਸਾ ਦੇਣ ਵਾਲਾ ਹੈ ਅਰਥਾਤ ਪਰਮੇਸ਼ੁਰ ਨੇ ਤੀਤੁਸ ਦੇ ਆਉਣ ਕਰਕੇ ਸਾਨੂੰ ਦਿਲਾਸਾ ਦਿੱਤਾ।” (2 ਕੁਰਿੰਥੀਆਂ 7:5, 6) ਕਿੰਨੀ ਹੀ ਰਾਹਤ ਮਿਲੀ ਜਦੋਂ ਤੀਤੁਸ ਨੇ ਆਖ਼ਰਕਾਰ ਉੱਥੇ ਪਹੁੰਚ ਕੇ ਪੌਲੁਸ ਨੂੰ ਉਸ ਦੀ ਪੱਤਰੀ ਦੇ ਪ੍ਰਤੀ ਕੁਰਿੰਥੀਆਂ ਦੀ ਸਕਾਰਾਤਮਕ ਪ੍ਰਤਿਕ੍ਰਿਆ ਦੇ ਬਾਰੇ ਦੱਸਿਆ!
20. (ੳ) ਜਿਵੇਂ ਕਿ ਪੌਲੁਸ ਦੇ ਮਾਮਲੇ ਵਿਚ ਹੋਇਆ, ਇਕ ਹੋਰ ਕਿਹੜਾ ਮਹੱਤਵਪੂਰਣ ਤਰੀਕਾ ਹੈ ਜਿਸ ਦੁਆਰਾ ਯਹੋਵਾਹ ਦਿਲਾਸਾ ਮੁਹੱਈਆ ਕਰਦਾ ਹੈ? (ਅ) ਅਗਲੇ ਲੇਖ ਵਿਚ ਕਿਸ ਬਾਰੇ ਚਰਚਾ ਕੀਤੀ ਜਾਵੇਗੀ?
20 ਪੌਲੁਸ ਦਾ ਅਨੁਭਵ ਅੱਜ ਪਰਮੇਸ਼ੁਰ ਦੇ ਸੇਵਕਾਂ ਲਈ ਦਿਲਾਸੇ ਵਾਲਾ ਹੈ, ਜਿਨ੍ਹਾਂ ਵਿੱਚੋਂ ਅਨੇਕ ਵਿਅਕਤੀ ਵੀ ਅਜਿਹੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਹਨ ਜੋ ਉਨ੍ਹਾਂ ਨੂੰ ‘ਅਧੀਨ,’ ਜਾਂ “ਦਿਲਗੀਰ” ਬਣਾ ਦਿੰਦੀਆਂ ਹਨ। (ਫ਼ਿਲਿਪਸ) ਜੀ ਹਾਂ, “ਦਿਲਾਸੇ ਦਾ ਪਰਮੇਸ਼ੁਰ” ਸਾਡੀਆਂ ਵਿਅਕਤੀਗਤ ਲੋੜਾਂ ਤੋਂ ਜਾਣੂ ਹੈ ਅਤੇ ਇਕ ਦੂਜੇ ਨੂੰ ਦਿਲਾਸਾ ਦੇਣ ਦੇ ਲਈ ਸਾਨੂੰ ਇਸਤੇਮਾਲ ਕਰ ਸਕਦਾ ਹੈ, ਠੀਕ ਜਿਵੇਂ ਪੌਲੁਸ ਨੇ ਕੁਰਿੰਥੀਆਂ ਦੇ ਪਸ਼ਚਾਤਾਪੀ ਰਵੱਈਏ ਬਾਰੇ ਤੀਤੁਸ ਦੀ ਰਿਪੋਰਟ ਤੋਂ ਦਿਲਾਸਾ ਹਾਸਲ ਕੀਤਾ ਸੀ। (2 ਕੁਰਿੰਥੀਆਂ 7:11-13) ਆਪਣੇ ਅਗਲੇ ਲੇਖ ਵਿਚ, ਅਸੀਂ ਕੁਰਿੰਥੀਆਂ ਦੇ ਪ੍ਰਤੀ ਪੌਲੁਸ ਦੀ ਨਿੱਘੀ ਪ੍ਰਤਿਕ੍ਰਿਆ ਦੇ ਬਾਰੇ ਚਰਚਾ ਕਰਾਂਗੇ ਅਤੇ ਕਿ ਇਹ ਸਾਨੂੰ ਕਿਵੇਂ ਅੱਜ ਪਰਮੇਸ਼ੁਰ ਦੇ ਦਿਲਾਸੇ ਦੇ ਪ੍ਰਭਾਵਕ ਸਾਂਝ-ਕਰਤਿਆਂ ਹੋਣ ਵਿਚ ਮਦਦ ਕਰ ਸਕਦੀ ਹੈ।
[ਫੁਟਨੋਟ]
a ਪਹਿਲੀ-ਸਦੀ ਦੇ ਮਸੀਹੀਆਂ ਉੱਤੇ ਪਰਮੇਸ਼ੁਰ ਦੀ ਆਤਮਾ ਦੀਆਂ ਮੁੱਖ ਕਾਰਵਾਈਆਂ ਵਿੱਚੋਂ ਇਕ ਕਾਰਵਾਈ ਸੀ, ਉਨ੍ਹਾਂ ਨੂੰ ਪਰਮੇਸ਼ੁਰ ਦੇ ਮੁਤਬੰਨੇ ਅਧਿਆਤਮਿਕ ਪੁੱਤਰਾਂ ਅਤੇ ਯਿਸੂ ਦੇ ਭਰਾਵਾਂ ਦੇ ਤੌਰ ਤੇ ਮਸਹ ਕਰਨਾ। (2 ਕੁਰਿੰਥੀਆਂ 1:21, 22) ਇਹ ਮਸੀਹ ਦੇ ਕੇਵਲ 1,44,000 ਚੇਲਿਆਂ ਦੇ ਲਈ ਰਾਖਵਾਂ ਹੈ। (ਪਰਕਾਸ਼ ਦੀ ਪੋਥੀ 14:1, 3) ਅੱਜ ਮਸੀਹੀਆਂ ਦੀ ਬਹੁਗਿਣਤੀ ਨੂੰ ਇਕ ਪਰਾਦੀਸ ਧਰਤੀ ਉੱਤੇ ਸਦੀਪਕ ਜੀਵਨ ਦੀ ਉਮੀਦ ਕਿਰਪਾਪੂਰਵਕ ਦਿੱਤੀ ਗਈ ਹੈ। ਹਾਲਾਂਕਿ ਉਹ ਮਸਹ ਕੀਤੇ ਹੋਏ ਨਹੀਂ ਹਨ, ਉਹ ਵੀ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਮਦਦ ਅਤੇ ਦਿਲਾਸਾ ਹਾਸਲ ਕਰਦੇ ਹਨ।
ਕੀ ਤੁਸੀਂ ਜਵਾਬ ਦੇ ਸਕਦੇ ਹੋ?
◻ ਮਨੁੱਖਜਾਤੀ ਨੂੰ ਕਿਵੇਂ ਦਿਲਾਸੇ ਦੀ ਲੋੜ ਪਈ?
◻ ਯਿਸੂ ਕਿਵੇਂ ਨੂਹ ਤੋਂ ਮਹਾਨਤਰ ਸਾਬਤ ਹੋਇਆ ਹੈ?
◻ ਯਿਸੂ ਨੇ ਖ਼ੁਦ ਨੂੰ “ਸਬਤ ਦੇ ਦਿਨ ਦਾ ਮਾਲਕ” ਕਿਉਂ ਆਖਿਆ?
◻ ਪਰਮੇਸ਼ੁਰ ਅੱਜ ਕਿਵੇਂ ਦਿਲਾਸਾ ਮੁਹੱਈਆ ਕਰਦਾ ਹੈ?
[ਸਫ਼ਾ 11 ਉੱਤੇ ਨਕਸ਼ਾ/ਤਸਵੀਰ]
(ਪੂਰੀ ਤਰ੍ਹਾਂ ਫਾਰਮੈਟ ਕੀਤੇ ਹੋਏ ਟੈਕਸਟ ਲਈ ਪ੍ਰਕਾਸ਼ਨ ਦੇਖੋ)
ਪੌਲੁਸ ਨੇ ਕੁਰਿੰਥੀਆਂ ਦੇ ਬਾਰੇ ਤੀਤੁਸ ਦੀ ਰਿਪੋਰਟ ਦੁਆਰਾ ਵੱਡਾ ਦਿਲਾਸਾ ਅਨੁਭਵ ਕੀਤਾ
ਮਕਦੂਨਿਯਾ
ਫ਼ਿਲਿੱਪੈ
ਯੂਨਾਨ
ਕੁਰਿੰਥੁਸ
ਏਸ਼ੀਆ
ਤ੍ਰੋਆਸ
ਅਫ਼ਸੁਸ