ਸਾਰੇ ਯਹੋਵਾਹ ਦੀ ਮਹਿਮਾ ਕਰਨ!
“ਚੜ੍ਹਦੇ ਪਾਸਿਓਂ ਯਹੋਵਾਹ ਦੀ ਮਹਿਮਾ ਕਰੋ।”—ਯਸਾਯਾਹ 24:15.
1. ਯਹੋਵਾਹ ਦੇ ਨਬੀ ਉਸ ਦੇ ਨਾਂ ਨੂੰ ਕਿਵੇਂ ਵਿਚਾਰਦੇ ਸਨ, ਅਤੇ ਇਹ ਅੱਜ ਮਸੀਹੀ-ਜਗਤ ਵਿਚ ਕਿਹੜੇ ਨਜ਼ਰੀਏ ਦੇ ਉਲਟ ਹੈ?
ਯਹੋਵਾਹ—ਪਰਮੇਸ਼ੁਰ ਦਾ ਪ੍ਰਤਾਪੀ ਨਾਂ! ਪ੍ਰਾਚੀਨ ਸਮੇਂ ਦੇ ਵਫ਼ਾਦਾਰ ਨਬੀ ਇਸ ਨਾਂ ਵਿਚ ਬੋਲ ਕੇ ਕਿੰਨੇ ਹੀ ਆਨੰਦਮਈ ਹੁੰਦੇ ਸਨ! ਉਨ੍ਹਾਂ ਨੇ ਹੁਲਾਸ ਸਹਿਤ ਆਪਣੇ ਸਰਬਸੱਤਾਵਾਨ ਪ੍ਰਭੂ, ਯਹੋਵਾਹ ਦੀ ਮਹਿਮਾ ਕੀਤੀ, ਜਿਸ ਦਾ ਨਾਂ ਮਹਾਨ ਮਕਸਦਕਾਰ ਵਜੋਂ ਉਸ ਦੀ ਪਛਾਣ ਕਰਾਉਂਦਾ ਹੈ। (ਯਸਾਯਾਹ 40:5; ਯਿਰਮਿਯਾਹ 10:6, 10; ਹਿਜ਼ਕੀਏਲ 36:23) ਇੱਥੋਂ ਤਕ ਕਿ ਅਖਾਉਤੀ ਛੋਟੇ ਨਬੀ ਵੀ ਯਹੋਵਾਹ ਨੂੰ ਖੁੱਲ੍ਹ ਕੇ ਮਹਿਮਾ ਦਿੰਦੇ ਸਨ। ਇਨ੍ਹਾਂ ਵਿੱਚੋਂ ਇਕ ਹੱਜਈ ਸੀ। ਹੱਜਈ ਦੀ ਪੋਥੀ ਵਿਚ, ਜੋ ਕੇਵਲ 38 ਆਇਤਾਂ ਦੀ ਬਣੀ ਹੋਈ ਹੈ, ਪਰਮੇਸ਼ੁਰ ਦਾ ਨਾਂ 35 ਵਾਰੀ ਵਰਤਿਆ ਗਿਆ ਹੈ। ਅਜਿਹੀ ਭਵਿੱਖਬਾਣੀ ਬੇਜਾਨ ਜਾਪਦੀ ਹੈ ਜਦੋਂ ਇਸ ਅਤਿ-ਉੱਤਮ ਨਾਂ ਯਹੋਵਾਹ ਦੀ ਥਾਂ ਤੇ ਉਪਾਧੀ “ਪ੍ਰਭੂ” ਵਰਤੀ ਜਾਂਦੀ ਹੈ, ਜਿਵੇਂ ਕਿ ਮਸੀਹੀ-ਜਗਤ ਦੇ ਮਹਾਨ ਰਸੂਲਾਂ ਨੇ ਆਪਣੇ ਬਾਈਬਲ ਤਰਜਮਿਆਂ ਵਿਚ ਅਨੁਵਾਦਿਤ ਕੀਤਾ ਹੈ।—ਤੁਲਨਾ ਕਰੋ 2 ਕੁਰਿੰਥੀਆਂ 11:5.
2, 3. (ੳ) ਇਸਰਾਏਲ ਦੀ ਮੁੜ ਬਹਾਲੀ ਸੰਬੰਧੀ ਇਕ ਮਾਅਰਕੇ ਵਾਲੀ ਭਵਿੱਖਬਾਣੀ ਕਿਵੇਂ ਪੂਰੀ ਹੋਈ? (ਅ) ਯਹੂਦੀ ਬਕੀਏ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਿਹੜੇ ਆਨੰਦ ਵਿਚ ਹਿੱਸਾ ਲਿਆ?
2 ਯਸਾਯਾਹ 12:2 ਵਿਚ, ਇਸ ਨਾਂ ਦਾ ਦੁਹਰਾ ਰੂਪ ਵਰਤਿਆ ਗਿਆ ਹੈ।a ਨਬੀ ਐਲਾਨ ਕਰਦਾ ਹੈ: “ਵੇਖੋ, ਪਰਮੇਸ਼ੁਰ ਮੇਰੀ ਮੁਕਤੀ ਹੈ, ਮੈਂ ਆਸ ਰੱਖਾਂਗਾ ਅਤੇ ਨਾ ਡਰਾਂਗਾ, ਕਿਉਂ ਜੋ ਮੇਰਾ ਬਲ ਅਰ ਮੇਰਾ ਗੀਤ [“ਮੇਰੀ ਸਮਰਥਾ,” ਨਿ ਵ] ਯਾਹ ਯਹੋਵਾਹ ਹੈ, ਅਤੇ ਉਹੋ ਮੇਰੀ ਮੁਕਤੀ ਹੈ।” (ਨਾਲੇ ਦੇਖੋ ਯਸਾਯਾਹ 26:4.) ਇਸ ਤਰ੍ਹਾਂ, ਬਾਬਲ ਦੀ ਕੈਦ ਤੋਂ ਇਸਰਾਏਲ ਦੀ ਰਿਹਾਈ ਤੋਂ ਕੁਝ 200 ਸਾਲ ਪਹਿਲਾਂ, ਯਾਹ ਯਹੋਵਾਹ ਆਪਣੇ ਨਬੀ ਯਸਾਯਾਹ ਦੁਆਰਾ ਭਰੋਸਾ ਦਿਲਾ ਰਿਹਾ ਸੀ ਕਿ ਉਹ ਉਨ੍ਹਾਂ ਦਾ ਸ਼ਕਤੀਸ਼ਾਲੀ ਮੁਕਤੀਦਾਤਾ ਸੀ। ਉਹ ਕੈਦ 607 ਤੋਂ 537 ਸਾ.ਯੁ.ਪੂ. ਤਕ ਰਹਿਣੀ ਸੀ। ਯਸਾਯਾਹ ਨੇ ਇਹ ਵੀ ਲਿਖਿਆ: “ਮੈਂ ਯਹੋਵਾਹ ਸਾਰੀਆਂ ਚੀਜ਼ਾਂ ਦਾ ਕਰਤਾ ਹਾਂ, . . . ਜੋ ਖੋਰੁਸ ਵਿਖੇ ਆਖਦਾ ਹਾਂ, ਉਹ ਮੇਰਾ ਅਯਾਲੀ ਹੈ, ਅਤੇ ਉਹ ਮੇਰੀ ਸਾਰੀ ਇੱਛਿਆ ਪੁਰੀ ਕਰੇਗਾ, ਭਈ ਉਹ ਯਰੂਸ਼ਲਮ ਦੇ ਵਿਖੇ ਆਖੇ, ਉਹ ਉਸਾਰਿਆ ਜਾਵੇਗਾ, ਅਤੇ ਹੈਕਲ ਦੀ ਨੀਂਹ ਰੱਖੀ ਜਾਵੇਗੀ।” ਇਹ ਖੋਰੁਸ ਕੌਣ ਸੀ? ਮਾਅਰਕੇ ਵਾਲੀ ਗੱਲ ਹੈ ਕਿ ਉਹ ਫਾਰਸ ਦਾ ਰਾਜਾ ਖੋਰੁਸ ਸਾਬਤ ਹੋਇਆ, ਜਿਸ ਨੇ 539 ਸਾ.ਯੁ.ਪੂ. ਵਿਚ ਬਾਬਲ ਉੱਤੇ ਜਿੱਤ ਹਾਸਲ ਕੀਤੀ।—ਯਸਾਯਾਹ 44:24, 28.
3 ਯਸਾਯਾਹ ਦੁਆਰਾ ਦਰਜ ਕੀਤੇ ਗਏ ਯਹੋਵਾਹ ਦੇ ਸ਼ਬਦਾਂ ਦੇ ਠੀਕ ਅਨੁਸਾਰ, ਖੋਰੁਸ ਨੇ ਕੈਦੀ ਇਸਰਾਏਲ ਨੂੰ ਇਹ ਫ਼ਰਮਾਨ ਜਾਰੀ ਕੀਤਾ: “ਉਹ ਦੀ ਸਾਰੀ ਪਰਜਾ ਵਿੱਚੋਂ ਤੁਹਾਡੇ ਵਿੱਚ ਕੌਣ ਤਿਆਰ ਹੈ? ਉਹ ਦਾ ਪਰਮੇਸ਼ੁਰ ਉਹ ਦੇ ਅੰਗ ਸੰਗ ਹੋਵੇ! ਉਹ ਯਹੂਦਾਹ ਦੇ ਯਰੂਸ਼ਲਮ ਨੂੰ ਜਾਵੇ ਤੇ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦਾ ਭਵਨ ਬਣਾਵੇ ਜੋ ਯਰੂਸ਼ਲਮ ਵਿੱਚ ਹੈ (ਓਹੋ ਪਰਮੇਸ਼ੁਰ ਹੈ)।” ਇਕ ਅਤਿ ਆਨੰਦਿਤ ਯਹੂਦੀ ਬਕੀਆ, ਗ਼ੈਰ-ਇਸਰਾਏਲੀ ਨਥੀਨੀਮ ਅਤੇ ਸੁਲੇਮਾਨ ਦੇ ਸੇਵਕਾਂ ਦੇ ਪੁੱਤਰਾਂ ਸਮੇਤ, ਯਰੂਸ਼ਲਮ ਨੂੰ ਪਰਤਿਆ। ਉਹ 537 ਸਾ.ਯੁ.ਪੂ. ਵਿਚ ਡੇਰਿਆਂ ਦਾ ਪਰਬ ਮਨਾਉਣ ਅਤੇ ਯਹੋਵਾਹ ਦੀ ਵੇਦੀ ਤੇ ਉਸ ਲਈ ਬਲੀ ਚੜ੍ਹਾਉਣ ਲਈ ਸਮੇਂ ਸਿਰ ਪਹੁੰਚੇ। ਅਗਲੇ ਸਾਲ, ਦੂਜੇ ਮਹੀਨੇ ਵਿਚ, ਉਨ੍ਹਾਂ ਨੇ ਆਨੰਦ ਦੇ ਉੱਚੇ ਜੈਕਾਰੇ ਗਜਾਉਂਦੇ ਹੋਏ ਅਤੇ ਯਹੋਵਾਹ ਦੀ ਪ੍ਰਸ਼ੰਸਾ ਕਰਦੇ ਹੋਏ, ਦੂਸਰੀ ਹੈਕਲ ਦੀ ਬੁਨਿਆਦ ਰੱਖੀ।—ਅਜ਼ਰਾ 1:1-4; 2:1, 2, 43, 55; 3:1-6, 8, 10-13.
4. ਯਸਾਯਾਹ ਅਧਿਆਇ 35 ਅਤੇ 55 ਕਿਵੇਂ ਹਕੀਕਤ ਬਣੇ?
4 ਮੁੜ ਬਹਾਲੀ ਸੰਬੰਧੀ ਯਹੋਵਾਹ ਦੀ ਭਵਿੱਖਬਾਣੀ ਨੇ ਇਸਰਾਏਲ ਵਿਚ ਸ਼ਾਨਦਾਰ ਤਰੀਕੇ ਨਾਲ ਪੂਰੀ ਹੋਣੀ ਸੀ: “ਉਜਾੜ ਅਤੇ ਥਲ ਖੁਸ਼ੀ ਮਨਾਉਣਗੇ, ਰੜਾ ਮਦਾਨ ਬਾਗ ਬਾਗ ਹੋਵੇਗਾ, ਅਤੇ ਨਰਗਸ ਵਾਂਙੁ ਖਿੜੇਗਾ। . . . ਓਹ ਯਹੋਵਾਹ ਦਾ ਪਰਤਾਪ, ਸਾਡੇ ਪਰਮੇਸ਼ੁਰ ਦੀ ਸ਼ਾਨ ਵੇਖਣਗੇ।” “ਤੁਸੀਂ ਨਿੱਕਲੋਗੇ ਤਾਂ ਖੁਸ਼ੀ ਨਾਲ, ਤੁਸੀਂ ਤੋਰੇ ਜਾਓਗੇ ਸ਼ਾਂਤੀ ਨਾਲ, ਪਹਾੜ ਅਤੇ ਟਿੱਬੇ ਤੁਹਾਡੇ ਅੱਗੇ ਖੁਲ੍ਹ ਕੇ ਜੈਕਾਰੇ ਗਜਾਉਣਗੇ, . . . ਏਹ ਯਹੋਵਾਹ ਲਈ ਨਾਮ ਅਤੇ ਸਦੀਪਕ ਨਿਸ਼ਾਨ ਹੋਵੇਗਾ, ਜੋ ਮਿਟੇਗਾ ਨਹੀਂ।”—ਯਸਾਯਾਹ 35:1, 2; 55:12, 13.
5. ਇਸਰਾਏਲ ਦਾ ਆਨੰਦ ਥੋੜ੍ਹੇ ਚਿਰ ਲਈ ਹੀ ਕਿਉਂ ਰਿਹਾ?
5 ਲੇਕਿਨ, ਉਹ ਆਨੰਦ ਥੋੜ੍ਹੇ ਚਿਰ ਲਈ ਹੀ ਰਿਹਾ। ਆਂਢ-ਗੁਆਂਢ ਦੇ ਲੋਕਾਂ ਨੇ ਹੈਕਲ ਨੂੰ ਉਸਾਰਨ ਲਈ ਅੰਤਰਵਿਸ਼ਵਾਸ ਸੰਬੰਧ ਕਾਇਮ ਕਰਨ ਦੀ ਕੋਸ਼ਿਸ਼ ਕੀਤੀ। ਪਹਿਲਾਂ ਤਾਂ ਯਹੂਦੀਆਂ ਨੇ ਦ੍ਰਿੜ੍ਹ ਰਹਿੰਦੇ ਹੋਏ, ਐਲਾਨ ਕੀਤਾ: “ਇਹ ਤੁਹਾਡਾ ਕੰਮ ਨਹੀਂ ਭਈ ਸਾਡੇ ਨਾਲ ਸਾਡੇ ਪਰਮੇਸ਼ੁਰ ਦੇ ਲਈ ਭਵਨ ਬਣਾਓ ਸਗੋਂ ਅਸੀਂ ਆਪੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੇ ਲਈ ਉਹ ਨੂੰ ਬਣਾ ਲਵਾਂਗੇ ਜਿਵੇਂ ਫਾਰਸ ਦੇ ਪਾਤਸ਼ਾਹ ਕੋਰਸ਼ ਨੇ ਸਾਨੂੰ ਆਗਿਆ ਦਿੱਤੀ ਹੈ।” ਹੁਣ ਉਹ ਗੁਆਂਢੀ ਸਖ਼ਤ ਵਿਰੋਧੀ ਬਣ ਗਏ। ਉਹ “ਯਹੂਦਾਹ ਦੀ ਪਰਜਾ ਦੇ ਹੱਥ ਢਿੱਲੇ ਕਰਨ ਅਰ ਬਣਾਉਣ ਦੇ ਵੇਲੇ ਉਨ੍ਹਾਂ ਨੂੰ ਕਸ਼ਟ ਦੇਣ ਲੱਗੇ।” ਨਾਲੇ ਉਨ੍ਹਾਂ ਨੇ ਖੋਰੁਸ ਦੇ ਉਤਰਾਧਿਕਾਰੀ, ਅਰਤਹਸ਼ਸ਼ਤਾ ਨੂੰ ਸਥਿਤੀ ਬਾਰੇ ਗ਼ਲਤ-ਬਿਆਨ ਦਿੱਤਾ, ਜਿਸ ਨੇ ਹੈਕਲ ਦੀ ਉਸਾਰੀ ਉੱਤੇ ਰੋਕ ਲਾ ਦਿੱਤੀ। (ਅਜ਼ਰਾ 4:1-24) 17 ਸਾਲਾਂ ਲਈ ਕੰਮ ਰੁਕਿਆ ਰਿਹਾ। ਦੁੱਖ ਦੀ ਗੱਲ ਹੈ ਕਿ ਉਸ ਸਮੇਂ ਦੌਰਾਨ ਯਹੂਦੀ ਲੋਕ ਭੌਤਿਕਵਾਦੀ ਜੀਵਨ-ਸ਼ੈਲੀ ਵਿਚ ਪੈ ਗਏ।
“ਸੈਨਾਂ ਦਾ ਯਹੋਵਾਹ” ਬੋਲਦਾ ਹੈ
6. (ੳ) ਯਹੋਵਾਹ ਨੇ ਇਸਰਾਏਲ ਵਿਚ ਦੀ ਸਥਿਤੀ ਦੇ ਪ੍ਰਤੀ ਕਿਵੇਂ ਪ੍ਰਤਿਕ੍ਰਿਆ ਦਿਖਾਈ? (ਅ) ਹੱਜਈ ਦੇ ਨਾਂ ਦਾ ਜੋ ਅਰਥ ਪ੍ਰਤੀਤ ਹੁੰਦਾ ਹੈ, ਉਹ ਕਿਉਂ ਉਚਿਤ ਹੈ?
6 ਤਾਂ ਵੀ, ਯਹੋਵਾਹ ਨੇ ਯਹੂਦੀਆਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਦਿਲਾਉਣ ਲਈ ਨਬੀ, ਖ਼ਾਸ ਤੌਰ ਤੇ ਹੱਜਈ ਅਤੇ ਜ਼ਕਰਯਾਹ ਨੂੰ ਭੇਜਣ ਦੁਆਰਾ, ਇਸਰਾਏਲ ਨਿਮਿੱਤ ‘ਆਪਣਾ ਬਲ ਅਰ ਆਪਣੀ ਸਮਰਥਾ’ ਪ੍ਰਦਰਸ਼ਿਤ ਕੀਤੀ। ਹੱਜਈ ਦੇ ਨਾਂ ਦਾ ਤਿਉਹਾਰੀ ਸੰਬੰਧ ਹੈ, ਕਿਉਂਕਿ ਇਸ ਦਾ ਅਰਥ “ਤਿਉਹਾਰ ਤੇ ਜੰਮਿਆ” ਪ੍ਰਤੀਤ ਹੁੰਦਾ ਹੈ। ਉਚਿਤ ਰੂਪ ਵਿਚ, ਉਸ ਨੇ ਡੇਰਿਆਂ ਦੇ ਪਰਬ ਦੇ ਮਹੀਨੇ ਦੇ ਪਹਿਲੇ ਦਿਨ ਤੇ ਭਵਿੱਖਬਾਣੀ ਕਰਨੀ ਸ਼ੁਰੂ ਕੀਤੀ, ਜਿਸ ਵੇਲੇ ਯਹੂਦੀਆਂ ਤੋਂ ‘ਪੂਰਾ ਪੂਰਾ ਅਨੰਦ ਕਰਨ’ ਦੀ ਮੰਗ ਕੀਤੀ ਜਾਂਦੀ ਸੀ। (ਬਿਵਸਥਾ ਸਾਰ 16:15) ਹੱਜਈ ਰਾਹੀਂ, ਯਹੋਵਾਹ ਨੇ 112 ਦਿਨਾਂ ਦੀ ਅਵਧੀ ਦੌਰਾਨ ਚਾਰ ਸੰਦੇਸ਼ ਦਿੱਤੇ।—ਹੱਜਈ 1:1; 2:1, 10, 20.
7. ਹੱਜਈ ਦਿਆਂ ਆਰੰਭਕ ਸ਼ਬਦਾਂ ਤੋਂ ਸਾਨੂੰ ਕਿਵੇਂ ਹੌਸਲਾ ਮਿਲਣਾ ਚਾਹੀਦਾ ਹੈ?
7 ਆਪਣੀ ਭਵਿੱਖਬਾਣੀ ਆਰੰਭ ਕਰਦੇ ਹੋਏ, ਹੱਜਈ ਨੇ ਕਿਹਾ: “ਸੈਨਾਂ ਦਾ ਯਹੋਵਾਹ ਇਉਂ ਆਖਦਾ ਹੈ।” (ਹੱਜਈ 1:2ੳ) ਇਹ “ਸੈਨਾਂ” ਕੌਣ ਹੋ ਸਕਦੇ ਹਨ? ਇਹ ਯਹੋਵਾਹ ਦੇ ਦੂਤਮਈ ਲਸ਼ਕਰ ਹਨ, ਜਿਨ੍ਹਾਂ ਦਾ ਜ਼ਿਕਰ ਬਾਈਬਲ ਵਿਚ ਕਦੇ-ਕਦੇ ਸੈਨਿਕ ਫ਼ੌਜਾਂ ਵਜੋਂ ਕੀਤਾ ਜਾਂਦਾ ਹੈ। (ਅੱਯੂਬ 1:6; 2:1; ਜ਼ਬੂਰ 103:20, 21; ਮੱਤੀ 26:53) ਕੀ ਸਾਨੂੰ ਅੱਜ ਇਸ ਗੱਲ ਤੋਂ ਹੌਸਲਾ ਨਹੀਂ ਮਿਲਦਾ ਹੈ ਕਿ ਖ਼ੁਦ ਸਰਬਸੱਤਾਵਾਨ ਪ੍ਰਭੂ ਯਹੋਵਾਹ ਧਰਤੀ ਉੱਤੇ ਸੱਚੀ ਉਪਾਸਨਾ ਨੂੰ ਮੁੜ ਬਹਾਲ ਕਰਨ ਦੇ ਸਾਡੇ ਕੰਮ ਨੂੰ ਨਿਰਦੇਸ਼ਿਤ ਕਰਨ ਲਈ ਇਨ੍ਹਾਂ ਅਜਿੱਤ ਆਸਮਾਨੀ ਫ਼ੌਜਾਂ ਨੂੰ ਇਸਤੇਮਾਲ ਕਰ ਰਿਹਾ ਹੈ?—ਤੁਲਨਾ ਕਰੋ 2 ਰਾਜਿਆਂ 6:15-17.
8. ਇਸਰਾਏਲ ਕਿਹੜੇ ਨਜ਼ਰੀਏ ਤੋਂ ਪ੍ਰਭਾਵਿਤ ਸੀ, ਅਤੇ ਸਿੱਟਾ ਕੀ ਹੋਇਆ?
8 ਹੱਜਈ ਦੇ ਪਹਿਲੇ ਸੰਦੇਸ਼ ਦਾ ਵਿਸ਼ਾ ਕੀ ਸੀ? ਲੋਕਾਂ ਨੇ ਕਿਹਾ ਸੀ: “ਅਜੇ ਯਹੋਵਾਹ ਦੇ ਭਵਨ ਦੇ ਬਣਾਉਣ ਦਾ ਵੇਲਾ ਨਹੀਂ ਆਇਆ।” ਹੈਕਲ ਦੀ ਉਸਾਰੀ, ਜੋ ਈਸ਼ਵਰੀ ਉਪਾਸਨਾ ਦੀ ਮੁੜ ਬਹਾਲੀ ਨੂੰ ਦਰਸਾਉਂਦੀ ਸੀ, ਹੁਣ ਉਨ੍ਹਾਂ ਦੀ ਪਹਿਲੀ ਚਿੰਤਾ ਨਾ ਰਹੀ। ਉਹ ਆਪੋ ਆਪਣੇ ਲਈ ਆਲੀਸ਼ਾਨ ਘਰ ਬਣਾ ਰਹੇ ਸਨ। ਭੌਤਿਕਵਾਦੀ ਨਜ਼ਰੀਏ ਨੇ ਯਹੋਵਾਹ ਦੀ ਉਪਾਸਨਾ ਲਈ ਉਨ੍ਹਾਂ ਦਾ ਜੋਸ਼ ਘਟਾ ਦਿੱਤਾ ਸੀ। ਸਿੱਟੇ ਵਜੋਂ, ਉਸ ਦੀ ਬਰਕਤ ਉਨ੍ਹਾਂ ਉੱਤੋਂ ਹੱਟ ਗਈ ਸੀ। ਉਨ੍ਹਾਂ ਦੇ ਖੇਤ ਹੁਣ ਉਪਜਾਊ ਨਾ ਰਹੇ, ਅਤੇ ਉਨ੍ਹਾਂ ਨੂੰ ਸਖ਼ਤ ਸਰਦੀਆਂ ਲਈ ਕੱਪੜਿਆਂ ਦੀ ਘਾਟ ਸੀ। ਉਨ੍ਹਾਂ ਦੀ ਆਮਦਨੀ ਨਾ ਦੇ ਬਰਾਬਰ ਹੋ ਗਈ ਸੀ, ਅਤੇ ਇਹ ਇੰਜ ਸੀ ਮਾਨੋ ਉਹ ਛੇਕਾਂ ਨਾਲ ਭਰੀ ਥੈਲੀ ਵਿਚ ਪੈਸੇ ਪਾ ਰਹੇ ਸਨ।—ਹੱਜਈ 1:2ਅ-6.
9. ਯਹੋਵਾਹ ਨੇ ਕਿਹੜੀ ਜ਼ਬਰਦਸਤ, ਉਤਸ਼ਾਹਜਨਕ ਤਾੜਨਾ ਪ੍ਰਦਾਨ ਕੀਤੀ?
9 ਦੋ ਵਾਰ, ਯਹੋਵਾਹ ਨੇ ਜ਼ਬਰਦਸਤ ਤਾੜਨਾ ਦਿੱਤੀ: “ਤੁਸੀਂ ਆਪਣੇ ਚਾਲੇ ਉੱਤੇ ਧਿਆਨ ਦਿਓ।” ਸਪੱਸ਼ਟ ਤੌਰ ਤੇ, ਯਰੂਸ਼ਲਮ ਦਾ ਹਾਕਮ, ਜ਼ਰੁੱਬਾਬਲ, ਅਤੇ ਪ੍ਰਧਾਨ ਜਾਜਕ ਯਹੋਸ਼ੁਆb ਨੇ ਪ੍ਰਤਿਕ੍ਰਿਆ ਦਿਖਾਈ ਅਤੇ ਦਲੇਰੀ ਨਾਲ ਸਾਰੇ ਲੋਕਾਂ ਨੂੰ ‘ਆਪਣੇ ਪਰਮੇਸ਼ੁਰ ਯਹੋਵਾਹ ਦੀ ਅਵਾਜ਼ ਨੂੰ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਦੇ ਘੱਲੇ ਹੋਏ ਨਬੀ ਹੱਜਈ ਦੀਆਂ ਗੱਲਾਂ ਨੂੰ ਗੌਹ ਨਾਲ ਸੁਣਨ’ ਲਈ ਉਤਸ਼ਾਹਿਤ ਕੀਤਾ; “ਅਤੇ ਲੋਕ ਯਹੋਵਾਹ ਦੇ ਅੱਗੋਂ ਡਰੇ।” ਇਸ ਤੋਂ ਇਲਾਵਾ, “ਯਹੋਵਾਹ ਦੇ ਦੂਤ ਹੱਜਈ ਨੇ ਯਹੋਵਾਹ ਦਾ ਸੰਦੇਸਾ ਲੋਕਾਂ ਨੂੰ ਦੇ ਕੇ ਆਖਿਆ, ਯਹੋਵਾਹ ਦਾ ਵਾਕ ਹੈ ਕਿ ਮੈਂ ਤੁਹਾਡੇ ਨਾਲ ਹਾਂ।”—ਹੱਜਈ 1:5, 7-14.
10. ਯਹੋਵਾਹ ਨੇ ਇਸਰਾਏਲ ਦੇ ਨਿਮਿੱਤ ਆਪਣੀ ਸ਼ਕਤੀ ਕਿਵੇਂ ਵਰਤੀ?
10 ਯਰੂਸ਼ਲਮ ਵਿਚ ਕੁਝ ਬਿਰਧ ਵਿਅਕਤੀਆਂ ਨੇ ਸ਼ਾਇਦ ਵਿਚਾਰ ਕੀਤਾ ਹੋਵੇ ਕਿ ਇਹ ਮੁੜ ਉਸਾਰੀ ਗਈ ਹੈਕਲ ਪਹਿਲੀ ਹੈਕਲ ਦੇ ਮੁਕਾਬਲੇ ਵਿਚ “ਕੁਝ ਵੀ ਨਹੀਂ” ਹੋਵੇਗੀ। ਪਰੰਤੂ, ਲਗਭਗ 51 ਦਿਨਾਂ ਬਾਅਦ, ਯਹੋਵਾਹ ਨੇ ਹੱਜਈ ਨੂੰ ਇਕ ਦੂਜਾ ਸੰਦੇਸ਼ ਘੋਸ਼ਿਤ ਕਰਨ ਲਈ ਪ੍ਰੇਰਿਆ। ਉਸ ਨੇ ਐਲਾਨ ਕੀਤਾ: “ਹੇ ਜ਼ਰੁੱਬਾਬਲ, ਤਕੜਾ ਹੋ! ਯਹੋਵਾਹ ਦਾ ਵਾਕ ਹੈ, ਅਤੇ ਹੇ ਯਹੋਸਾਦਾਕ ਦੇ ਪੁੱਤ੍ਰ ਯਹੋਸ਼ੁਆ ਮਹਾ ਜਾਜਕ, ਤਕੜਾ ਹੋ! ਅਤੇ ਹੇ ਦੇਸ ਦੇ ਸਾਰੇ ਲੋਕੋ, ਤਕੜੇ ਹੋਵੋ! ਯਹੋਵਾਹ ਦਾ ਵਾਕ ਹੈ, ਅਤੇ ਕੰਮ ਕਰੋ ਕਿਉਂ ਜੋ ਮੈਂ ਤੁਹਾਡੇ ਨਾਲ ਹਾਂ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, . . . ਡਰੋ ਨਾ।” ਯਹੋਵਾਹ, ਜੋ ਸਮਾਂ ਆਉਣ ਤੇ ਆਪਣੀ ਮਹਾਂ ਸ਼ਕਤੀ ਨੂੰ ‘ਅਕਾਸ਼ ਅਤੇ ਧਰਤੀ ਨੂੰ ਹਿਲਾ’ ਦੇਣ ਲਈ ਵਰਤਦਾ, ਨੇ ਇਹ ਨਿਸ਼ਚਿਤ ਕੀਤਾ ਕਿ ਸਾਰੀ ਵਿਰੋਧਤਾ, ਇੱਥੋਂ ਤਕ ਕਿ ਸ਼ਾਹੀ ਪਾਬੰਦੀ ਉੱਤੇ ਵੀ ਜਿੱਤ ਹਾਸਲ ਕੀਤੀ ਜਾਵੇ। ਪੰਜ ਸਾਲਾਂ ਦੇ ਵਿਚਕਾਰ ਇਹ ਹੈਕਲ ਦੀ ਇਮਾਰਤ ਸ਼ਾਨਦਾਰ ਤਰੀਕੇ ਨਾਲ ਪੂਰੀ ਕੀਤੀ ਗਈ।—ਹੱਜਈ 2:3-6.
11. ਪਰਮੇਸ਼ੁਰ ਨੇ ਦੂਜੀ ਹੈਕਲ ਨੂੰ ‘ਵਧੀਕ ਰੌਣਕ’ ਨਾਲ ਕਿਵੇਂ ਭਰ ਦਿੱਤਾ?
11 ਉਦੋਂ ਇਕ ਮਾਅਰਕੇ ਵਾਲਾ ਵਾਅਦਾ ਪੂਰਾ ਹੋਇਆ: “ਸਾਰੀਆਂ ਕੌਮਾਂ ਦੇ ਪਦਾਰਥ ਆਉਣਗੇ [“ਦੀਆਂ ਮਨਭਾਉਂਦੀਆਂ ਵਸਤਾਂ ਆਉਣਗੀਆਂ,” ਨਿ ਵ] ਸੋ ਮੈਂ ਏਸ ਭਵਨ ਨੂੰ ਪਰਤਾਪ ਨਾਲ ਭਰ ਦਿਆਂਗਾ, ਸੈਨਾਂ ਦਾ ਯਹੋਵਾਹ ਕਹਿੰਦਾ ਹੈ।” (ਹੱਜਈ 2:7) ਇਹ “ਮਨਭਾਉਂਦੀਆਂ ਵਸਤਾਂ” ਉਹ ਗ਼ੈਰ-ਇਸਰਾਏਲੀ ਲੋਕ ਸਾਬਤ ਹੋਏ ਜੋ ਇਸ ਹੈਕਲ ਵਿਖੇ ਉਪਾਸਨਾ ਕਰਨ ਲਈ ਆਏ, ਜਿਉਂ-ਜਿਉਂ ਹੈਕਲ ਨੇ ਉਸ ਦੀ ਤੇਜੱਸਵੀ ਮੌਜੂਦਗੀ ਦਾ ਪ੍ਰਤਾਪ ਪ੍ਰਤਿਬਿੰਬਤ ਕੀਤਾ। ਇਹ ਮੁੜ ਉਸਾਰੀ ਗਈ ਹੈਕਲ ਸੁਲੇਮਾਨ ਦਿਆਂ ਦਿਨਾਂ ਵਿਚ ਉਸਾਰੀ ਗਈ ਹੈਕਲ ਦੀ ਤੁਲਨਾ ਵਿਚ ਕਿਵੇਂ ਸੀ? ਪਰਮੇਸ਼ੁਰ ਦੇ ਨਬੀ ਨੇ ਐਲਾਨ ਕੀਤਾ: “ਏਸ ਭਵਨ ਦੀ ਆਖਰੀ ਰੌਣਕ ਪਹਿਲੀ ਤੋਂ ਵਧੀਕ ਹੋਵੇਗੀ, ਸੈਨਾਂ ਦਾ ਯਹੋਵਾਹ ਆਖਦਾ ਹੈ।” (ਹੱਜਈ 2:9) ਇਸ ਭਵਿੱਖਬਾਣੀ ਦੀ ਪਹਿਲੀ ਪੂਰਤੀ ਵਿਚ, ਇਹ ਮੁੜ ਉਸਾਰੀ ਗਈ ਹੈਕਲ ਪਹਿਲੀ ਹੈਕਲ ਨਾਲੋਂ ਜ਼ਿਆਦਾ ਸਮੇਂ ਲਈ ਕਾਇਮ ਰਹੀ। ਇਹ ਹਾਲੇ ਵੀ ਕਾਇਮ ਸੀ ਜਦੋਂ 29 ਸਾ.ਯੁ. ਵਿਚ ਮਸੀਹਾ ਪ੍ਰਗਟ ਹੋਇਆ। ਇਸ ਤੋਂ ਇਲਾਵਾ, ਜਦ ਤਕ ਕਿ ਉਸ ਦੇ ਧਰਮ-ਤਿਆਗੀ ਵੈਰੀਆਂ ਨੇ 33 ਸਾ.ਯੁ. ਵਿਚ ਉਸ ਦਾ ਕਤਲ ਨਹੀਂ ਕਰਵਾ ਦਿੱਤਾ, ਖ਼ੁਦ ਮਸੀਹਾ ਨੇ ਇਸ ਨੂੰ ਮਹਿਮਾ ਪਹੁੰਚਾਈ ਜਦੋਂ ਉਸ ਨੇ ਇੱਥੇ ਸੱਚਾਈ ਦਾ ਪ੍ਰਚਾਰ ਕੀਤਾ।
12. ਪਹਿਲੀਆਂ ਦੋ ਹੈਕਲਾਂ ਨੇ ਕਿਹੜਾ ਮਕਸਦ ਪੂਰਾ ਕੀਤਾ?
12 ਯਰੂਸ਼ਲਮ ਵਿਖੇ ਪਹਿਲੀ ਅਤੇ ਦੂਜੀ ਹੈਕਲ ਨੇ ਮਸੀਹਾ ਦੀ ਜਾਜਕੀ ਸੇਵਾ ਦੀਆਂ ਮਹੱਤਵਪੂਰਣ ਵਿਸ਼ੇਸ਼ਤਾਵਾਂ ਦਾ ਪੂਰਵ-ਪਰਛਾਵਾਂ ਦੇਣ ਅਤੇ ਮਸੀਹਾ ਦੇ ਅਸਲ ਪ੍ਰਗਟਾਉ ਤਕ ਧਰਤੀ ਉੱਤੇ ਯਹੋਵਾਹ ਦੀ ਸ਼ੁੱਧ ਉਪਾਸਨਾ ਨੂੰ ਜੀਵਿਤ ਰੱਖਣ ਵਿਚ ਇਕ ਅਤਿ ਜ਼ਰੂਰੀ ਮਕਸਦ ਪੂਰਾ ਕੀਤਾ।—ਇਬਰਾਨੀਆਂ 10:1.
ਪ੍ਰਤਾਪੀ ਅਧਿਆਤਮਿਕ ਹੈਕਲ
13. (ੳ) ਸੰਨ 29 ਤੋਂ 33 ਸਾ.ਯੁ. ਤਕ ਅਧਿਆਤਮਿਕ ਹੈਕਲ ਸੰਬੰਧੀ ਕਿਹੜੀਆਂ ਘਟਨਾਵਾਂ ਵਾਪਰੀਆਂ? (ਅ) ਯਿਸੂ ਦੇ ਰਿਹਾਈ-ਕੀਮਤ ਬਲੀਦਾਨ ਨੇ ਇਨ੍ਹਾਂ ਘਟਨਾਵਾਂ ਵਿਚ ਕਿਹੜੀ ਅਤਿ-ਆਵੱਸ਼ਕ ਭੂਮਿਕਾ ਨਿਭਾਈ?
13 ਕੀ ਮੁੜ ਬਹਾਲੀ ਸੰਬੰਧੀ ਹੱਜਈ ਦੀ ਭਵਿੱਖਬਾਣੀ ਬਾਅਦ ਦਿਆਂ ਸਮਿਆਂ ਲਈ ਖ਼ਾਸ ਅਰਥ ਰੱਖਦੀ ਹੈ? ਯਕੀਨਨ ਰੱਖਦੀ ਹੈ! ਯਰੂਸ਼ਲਮ ਵਿਖੇ ਇਹ ਮੁੜ ਉਸਾਰੀ ਗਈ ਹੈਕਲ ਧਰਤੀ ਉੱਤੇ ਸਾਰੀ ਸੱਚੀ ਉਪਾਸਨਾ ਦਾ ਕੇਂਦਰ ਬਣ ਗਈ। ਲੇਕਿਨ ਇਸ ਨੇ ਇਕ ਕਿਤੇ ਹੀ ਵੱਧ ਪ੍ਰਤਾਪੀ ਅਧਿਆਤਮਿਕ ਹੈਕਲ ਦਾ ਖ਼ਾਕਾ ਪੇਸ਼ ਕੀਤਾ। ਇਹ 29 ਸਾ.ਯੁ. ਵਿਚ ਹਰਕਤ ਵਿਚ ਆਈ ਜਦੋਂ, ਯਰਦਨ ਨਦੀ ਵਿਚ ਯਿਸੂ ਦੇ ਬਪਤਿਸਮੇ ਵੇਲੇ, ਯਹੋਵਾਹ ਨੇ ਯਿਸੂ ਨੂੰ ਪ੍ਰਧਾਨ ਜਾਜਕ ਵਜੋਂ ਮਸਹ ਕੀਤਾ, ਅਤੇ ਪਵਿੱਤਰ ਆਤਮਾ ਉਸ ਉੱਤੇ ਇਕ ਕਬੂਤਰ ਵਾਂਗ ਉਤਰੀ। (ਮੱਤੀ 3:16) ਜਦੋਂ ਯਿਸੂ ਬਲੀਦਾਨ-ਰੂਪੀ ਮੌਤ ਵਿਚ ਆਪਣੀ ਪਾਰਥਿਵ ਸੇਵਕਾਈ ਪੂਰੀ ਕਰ ਚੁੱਕਿਆ, ਤਾਂ ਉਸ ਨੂੰ ਸਵਰਗ ਨੂੰ ਪੁਨਰ-ਉਥਿਤ ਕੀਤਾ ਗਿਆ, ਜੋ ਹੈਕਲ ਦੇ ਅੱਤ ਪਵਿੱਤਰ ਸਥਾਨ ਦੁਆਰਾ ਚਿਤ੍ਰਿਤ ਹੁੰਦਾ ਹੈ, ਅਤੇ ਉੱਥੇ ਉਸ ਨੇ ਯਹੋਵਾਹ ਨੂੰ ਆਪਣੇ ਬਲੀਦਾਨ ਦੀ ਲਿਆਕਤ ਪੇਸ਼ ਕੀਤੀ। ਇਸ ਨੇ ਰਿਹਾਈ-ਕੀਮਤ ਵਜੋਂ ਕੰਮ ਕੀਤਾ, ਜਿਸ ਕਰਕੇ ਉਸ ਦੇ ਚੇਲਿਆਂ ਦੇ ਪਾਪ ਢੱਕੇ ਗਏ, ਅਤੇ 33 ਸਾ.ਯੁ. ਦੇ ਪੰਤੇਕੁਸਤ ਦੇ ਦਿਨ ਤੇ, ਉਨ੍ਹਾਂ ਨੂੰ ਯਹੋਵਾਹ ਦੀ ਅਧਿਆਤਮਿਕ ਹੈਕਲ ਵਿਚ ਉਪ-ਜਾਜਕਾਂ ਵਜੋਂ ਮਸਹ ਕਰਨ ਦਾ ਰਾਹ ਖੁੱਲ੍ਹ ਗਿਆ। ਧਰਤੀ ਉੱਤੇ ਹੈਕਲ ਦੇ ਆਂਗਣ ਵਿਚ ਮੌਤ ਤਕ ਵਫ਼ਾਦਾਰ ਸੇਵਕਾਈ ਦੇ ਕਾਰਨ ਉਨ੍ਹਾਂ ਦੇ ਲਈ ਭਾਵੀ ਸਵਰਗੀ ਪੁਨਰ-ਉਥਾਨ ਮਿਲਦਾ, ਤਾਂ ਜੋ ਉਹ ਜਾਜਕੀ ਸੇਵਾ ਜਾਰੀ ਰੱਖ ਸਕਣ।
14. (ੳ) ਮੁਢਲੀ ਮਸੀਹੀ ਕਲੀਸਿਯਾ ਦੀ ਜੋਸ਼ੀਲੀ ਸਰਗਰਮੀ ਨਾਲ ਕਿਹੜਾ ਆਨੰਦ ਜੁੜਿਆ ਹੋਇਆ ਸੀ? (ਅ) ਇਹ ਆਨੰਦ ਥੋੜ੍ਹੇ ਚਿਰ ਲਈ ਹੀ ਕਿਉਂ ਰਿਹਾ?
14 ਹਜ਼ਾਰਾਂ ਪਸ਼ਚਾਤਾਪੀ ਯਹੂਦੀ—ਅਤੇ ਬਾਅਦ ਵਿਚ ਗ਼ੈਰ-ਯਹੂਦੀ—ਉਸ ਮਸੀਹੀ ਕਲੀਸਿਯਾ ਵਿਚ ਆਏ, ਅਤੇ ਉਨ੍ਹਾਂ ਨੇ ਧਰਤੀ ਉੱਤੇ ਪਰਮੇਸ਼ੁਰ ਦੀ ਆਉਣ ਵਾਲੀ ਰਾਜ ਹਕੂਮਤ ਦੀ ਖ਼ੁਸ਼ ਖ਼ਬਰੀ ਸੁਣਾਉਣ ਵਿਚ ਹਿੱਸਾ ਲਿਆ। ਕੁਝ 30 ਸਾਲ ਮਗਰੋਂ, ਰਸੂਲ ਪੌਲੁਸ ਕਹਿ ਸਕਿਆ ਕਿ ਖ਼ੁਸ਼ ਖ਼ਬਰੀ “ਅਕਾਸ਼ ਹੇਠਲੀ ਸਾਰੀ ਸਰਿਸ਼ਟ ਵਿੱਚ” ਪ੍ਰਚਾਰ ਕੀਤੀ ਜਾ ਚੁੱਕੀ ਸੀ। (ਕੁਲੁੱਸੀਆਂ 1:23) ਲੇਕਿਨ ਰਸੂਲਾਂ ਦੀ ਮੌਤ ਮਗਰੋਂ, ਇਕ ਵੱਡਾ ਧਰਮ-ਤਿਆਗ ਆਰੰਭ ਹੋਇਆ, ਅਤੇ ਸੱਚਾਈ ਦਾ ਦੀਵਾ ਬੁਝਣ ਲੱਗਾ। ਮਸੀਹੀ-ਜਗਤ ਦੀ ਫ਼ਿਰਕੇਬੰਦੀ, ਜੋ ਗ਼ੈਰ-ਮਸੀਹੀ ਸਿੱਖਿਆਵਾਂ ਅਤੇ ਫ਼ਲਸਫ਼ਿਆਂ ਉੱਤੇ ਆਧਾਰਿਤ ਸੀ, ਨੇ ਸੱਚੀ ਮਸੀਹੀਅਤ ਨੂੰ ਮਾਂਦ ਪਾ ਦਿੱਤਾ।—ਰਸੂਲਾਂ ਦੇ ਕਰਤੱਬ 20:29, 30.
15, 16. (ੳ) ਸੰਨ 1914 ਵਿਚ ਭਵਿੱਖਬਾਣੀ ਕਿਵੇਂ ਪੂਰੀ ਹੋਈ? (ਅ) ਕਿਹੜੇ ਇਕੱਠ ਕਾਰਜ ਨੇ 19ਵੀਂ ਸਦੀ ਦੇ ਮਗਰਲੇ ਅਤੇ 20ਵੀਂ ਸਦੀ ਦੇ ਮੁਢਲੇ ਭਾਗ ਨੂੰ ਚਿੰਨ੍ਹਿਤ ਕੀਤਾ?
15 ਸਦੀਆਂ ਬੀਤ ਗਈਆਂ। ਫਿਰ 1870 ਦੇ ਦਹਾਕੇ ਵਿਚ, ਸੁਹਿਰਦ ਮਸੀਹੀਆਂ ਦੇ ਇਕ ਸਮੂਹ ਨੇ ਬਾਈਬਲ ਦਾ ਡੂੰਘਾ ਅਧਿਐਨ ਕਰਨਾ ਸ਼ੁਰੂ ਕੀਤਾ। ਸ਼ਾਸਤਰ ਤੋਂ, ਉਹ ਇਹ ਸੁਨਿਸ਼ਚਿਤ ਕਰ ਸਕੇ ਕਿ ਸਾਲ 1914 ਹੀ “ਪਰਾਈਆਂ ਕੌਮਾਂ ਦੇ ਸਮੇਂ” ਦੀ ਸਮਾਪਤੀ ਨੂੰ ਚਿੰਨ੍ਹਿਤ ਕਰਦਾ ਸੀ। ਇਹ ਉਹ ਸਮਾਂ ਸੀ ਜਦੋਂ ਮਸੀਹ ਯਿਸੂ—ਉਹ ਜਿਹੜਾ ਧਰਤੀ ਦੇ ਮਸੀਹਾਈ ਰਾਜੇ ਵਜੋਂ “ਹੱਕ” ਰੱਖਦਾ ਹੈ—ਦੀ ਸਵਰਗੀ ਤਖਤਨਸ਼ੀਨੀ ਹੁੰਦੇ ਹੀ ਸੱਤ ਪ੍ਰਤੀਕਾਤਮਕ “ਸਮੇਂ” (ਪਸ਼ੂ-ਸਮਾਨ ਮਾਨਵ ਹਕੂਮਤ ਦੇ 2,520 ਸਾਲ) ਖ਼ਤਮ ਹੋਏ। (ਲੂਕਾ 21:24; ਦਾਨੀਏਲ 4:25; ਹਿਜ਼ਕੀਏਲ 21:26, 27) ਖ਼ਾਸ ਕਰਕੇ 1919 ਤੋਂ, ਇਹ ਬਾਈਬਲ ਸਟੂਡੈਂਟਸ, ਜੋ ਅੱਜ ਯਹੋਵਾਹ ਦੇ ਗਵਾਹ ਦੇ ਨਾਂ ਤੋਂ ਜਾਣੇ ਜਾਂਦੇ ਹਨ, ਆਉਣ ਵਾਲੇ ਰਾਜ ਦੀ ਖ਼ੁਸ਼ ਖ਼ਬਰੀ ਨੂੰ ਧਰਤੀ ਭਰ ਵਿਚ ਉਤਸ਼ਾਹਪੂਰਵਕ ਫੈਲਾਉਣ ਵਿਚ ਲੱਗੇ ਹੋਏ ਹਨ। ਇਹ 1919 ਵਿਚ ਸੀ ਕਿ ਇੰਨ੍ਹਾਂ ਵਿੱਚੋਂ ਕਈ ਹਜ਼ਾਰਾਂ ਨੇ ਕਾਰਜਸ਼ੀਲ ਹੋਣ ਦੇ ਉਸ ਸੱਦੇ ਨੂੰ ਸਵੀਕਾਰ ਕੀਤਾ ਜੋ ਸੀਡਰ ਪਾਇੰਟ, ਓਹੀਓ, ਯੂ.ਐੱਸ.ਏ., ਵਿਚ ਮਹਾਂ ਸੰਮੇਲਨ ਵਿਖੇ ਦਿੱਤਾ ਗਿਆ ਸੀ। ਸਾਲ 1935 ਤਕ ਉਹ ਗਿਣਤੀ ਵਿਚ ਵਧਦੇ ਚਲੇ ਗਏ, ਜਦੋਂ 56,153 ਨੇ ਖੇਤਰ ਸੇਵਾ ਰਿਪੋਰਟ ਕੀਤੀ। ਉਸ ਸਾਲ ਵਿਚ, 52,465 ਨੇ ਯਿਸੂ ਦੀ ਮੌਤ ਦੇ ਸਾਲਾਨਾ ਸਮਾਰਕ ਵਿਚ ਰੋਟੀ ਅਤੇ ਦਾਖ-ਰਸ ਦੇ ਪ੍ਰਤੀਕਾਂ ਵਿਚ ਹਿੱਸਾ ਲਿਆ ਸੀ, ਅਤੇ ਇਸ ਤਰ੍ਹਾਂ ਇਸ ਗੱਲ ਨੂੰ ਦਰਸਾਇਆ ਕਿ ਉਨ੍ਹਾਂ ਦੀ ਉਮੀਦ ਯਹੋਵਾਹ ਦੀ ਮਹਾਨ ਅਧਿਆਤਮਿਕ ਹੈਕਲ ਦੇ ਸਵਰਗੀ ਹਿੱਸੇ ਵਿਚ ਮਸੀਹ ਯਿਸੂ ਨਾਲ ਜਾਜਕ ਬਣਨ ਦੀ ਹੈ। ਉਹ ਉਸ ਨਾਲ ਉਸ ਦੀ ਮਸੀਹਾਈ ਰਾਜ ਵਿਚ ਸੰਗੀ ਰਾਜਿਆਂ ਵਜੋਂ ਵੀ ਸੇਵਾ ਕਰਦੇ।—ਲੂਕਾ 22:29, 30; ਰੋਮੀਆਂ 8:15-17.
16 ਪਰੰਤੂ, ਪਰਕਾਸ਼ ਦੀ ਪੋਥੀ 7:4-8 ਅਤੇ 14:1-4 ਦਿਖਾਉਂਦੀ ਹੈ ਕਿ ਇਨ੍ਹਾਂ ਮਸਹ ਕੀਤੇ ਹੋਏ ਮਸੀਹੀਆਂ ਦੀ ਕੁੱਲ ਗਿਣਤੀ 1,44,000 ਤਕ ਸੀਮਿਤ ਹੈ, ਜਿਨ੍ਹਾਂ ਵਿੱਚੋਂ ਅਨੇਕ ਪਹਿਲੀ ਸਦੀ ਦੇ ਦੌਰਾਨ ਇਕੱਠੇ ਕੀਤੇ ਗਏ ਸਨ, ਉਦੋਂ ਜਦੋਂ ਵੱਡਾ ਧਰਮ-ਤਿਆਗ ਅਜੇ ਆਰੰਭ ਨਹੀਂ ਹੋਇਆ ਸੀ। 19ਵੀਂ ਸਦੀ ਦੇ ਅੰਤ ਤੋਂ ਲੈ ਕੇ ਅਤੇ 20ਵੀਂ ਸਦੀ ਵਿਚ ਜਾਰੀ ਰਹਿੰਦੇ ਹੋਏ, ਯਹੋਵਾਹ ਇਸ ਸਮੂਹ ਨੂੰ ਪੂਰਾ ਕਰਦਾ ਆਇਆ ਹੈ ਜੋ ਉਸ ਦੇ ਬਚਨ ਦੇ ਪਾਣੀ ਦੁਆਰਾ ਸ਼ੁੱਧ ਕੀਤਾ ਜਾਂਦਾ ਹੈ, ਯਿਸੂ ਦੇ ਪ੍ਰਾਸਚਿਤ ਬਲੀਦਾਨ ਵਿਚ ਨਿਹਚਾ ਰੱਖਣ ਦੁਆਰਾ ਧਾਰਮਿਕ ਘੋਸ਼ਿਤ ਕੀਤਾ ਜਾਂਦਾ ਹੈ, ਅਤੇ 1,44,000 ਦੀ ਗਿਣਤੀ ਪੂਰੀ ਕਰਨ ਲਈ ਜਿਸ ਉੱਤੇ ਆਖ਼ਰਕਾਰ ਮਸਹ ਕੀਤੇ ਹੋਏ ਮਸੀਹੀਆਂ ਵਜੋਂ ਮੋਹਰ ਲਗਾਈ ਜਾਂਦੀ ਹੈ।
17. (ੳ) ਕਿਹੜਾ ਇਕੱਠ ਕਾਰਜ 1930 ਦੇ ਦਹਾਕੇ ਤੋਂ ਚੱਲਦਾ ਆਇਆ ਹੈ? (ਅ) ਇੱਥੇ ਯੂਹੰਨਾ 3:30 ਕਿਉਂ ਦਿਲਚਸਪੀ ਵਾਲਾ ਹੈ? (ਨਾਲੇ ਦੇਖੋ ਲੂਕਾ 7:28.)
17 ਮਸਹ ਕੀਤੇ ਹੋਇਆਂ ਦੀ ਸਮੁੱਚੀ ਗਿਣਤੀ ਦੇ ਚੁਣੇ ਜਾਣ ਮਗਰੋਂ ਕੀ ਹੁੰਦਾ ਹੈ? 1935 ਵਿਚ, ਵਾਸ਼ਿੰਗਟਨ, ਡੀ.ਸੀ., ਯੂ.ਐੱਸ.ਏ., ਵਿਚ ਇਕ ਯਾਦਗਾਰੀ ਮਹਾਂ ਸੰਮੇਲਨ ਵਿਖੇ ਇਹ ਦੱਸਿਆ ਗਿਆ ਸੀ ਕਿ ਪਰਕਾਸ਼ ਦੀ ਪੋਥੀ 7:9-17 ਦੀ “ਵੱਡੀ ਭੀੜ” ਉਹ ਸਮੂਹ ਸੀ ਜਿਸ ਨੂੰ 1,44,000 “ਮਗਰੋਂ” ਪਛਾਣਿਆ ਜਾਣਾ ਸੀ ਅਤੇ ਜਿਨ੍ਹਾਂ ਦਾ ਭਵਿੱਖ ਪਰਾਦੀਸ ਧਰਤੀ ਉੱਤੇ ਸਦੀਪਕ ਜੀਵਨ ਹੈ। ਮਸਹ ਕੀਤੇ ਹੋਏ ਯਿਸੂ ਦੀ ਸਪੱਸ਼ਟ ਤੌਰ ਤੇ ਸ਼ਨਾਖ਼ਤ ਕਰਨ ਮਗਰੋਂ, ਯੂਹੰਨਾ ਬਪਤਿਸਮਾ ਦੇਣ ਵਾਲਾ, ਜੋ ‘ਹੋਰ ਭੇਡਾਂ’ ਵਿੱਚੋਂ ਇਕ ਭੇਡ ਵਜੋਂ ਧਰਤੀ ਉੱਤੇ ਪੁਨਰ-ਉਥਿਤ ਕੀਤਾ ਜਾਵੇਗਾ, ਨੇ ਮਸੀਹਾ ਬਾਰੇ ਕਿਹਾ: “ਜਰੂਰ ਹੈ ਜੋ ਉਹ ਵਧੇ ਅਤੇ ਮੈਂ ਘਟਾਂ।” (ਯੂਹੰਨਾ 1:29; 3:30; 10:16; ਮੱਤੀ 11:11) ਮਸੀਹਾ ਲਈ ਚੇਲੇ ਤਿਆਰ ਕਰਨ ਦਾ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਕੰਮ ਮੁੱਕ ਰਿਹਾ ਸੀ, ਕਿਉਂ ਜੋ ਉਦੋਂ ਯਿਸੂ ਨੇ ਵਧਦੀ ਗਿਣਤੀ ਵਿਚ ਉਨ੍ਹਾਂ ਵਿਅਕਤੀਆਂ ਨੂੰ ਚੁਣਨ ਦਾ ਕੰਮ ਸੰਭਾਲ ਲਿਆ ਜੋ 1,44,000 ਵਿਚ ਸ਼ਾਮਲ ਹੁੰਦੇ। 1930 ਦੇ ਦਹਾਕੇ ਵਿਚ ਇਸ ਦੇ ਉਲਟ ਹੋਇਆ। ਘੱਟਦੀ ਗਿਣਤੀ ਵਿਚ ਲੋਕਾਂ ਨੂੰ 1,44,000 ਵਿਚ ਸ਼ਾਮਲ ਹੋਣ ਲਈ ‘ਸੱਦਿਆ ਅਤੇ ਚੁਣਿਆ’ ਗਿਆ ਜਦ ਕਿ ‘ਹੋਰ ਭੇਡਾਂ’ ਦੀ “ਵੱਡੀ ਭੀੜ” ਦੀ ਗਿਣਤੀ ਵਿਚ ਜ਼ਬਰਦਸਤ ਵਾਧਾ ਹੋਣ ਲੱਗਾ। ਜਿਉਂ ਹੀ ਸੰਸਾਰ ਦੀ ਦੁਸ਼ਟ ਵਿਵਸਥਾ ਆਰਮਾਗੇਡਨ ਵਿਚ ਆਪਣੇ ਅੰਤ ਨੇੜੇ ਅੱਪੜਦੀ ਹੈ, ਇਹ ਵੱਡੀ ਭੀੜ ਵਧਦੀ ਜਾ ਰਹੀ ਹੈ।—ਪਰਕਾਸ਼ ਦੀ ਪੋਥੀ 17:14ਅ.
18. (ੳ) ਅਸੀਂ ਕਿਉਂ ਭਰੋਸੇ ਨਾਲ ਉਮੀਦ ਰੱਖ ਸਕਦੇ ਹਾਂ ਕਿ “ਲੱਖੋਂ-ਲੱਖ ਜਿਹੜੇ ਹੁਣ ਜੀਉਂਦੇ ਹਨ ਕਦੀ ਨਹੀਂ ਮਰਨਗੇ”? (ਅ) ਸਾਨੂੰ ਕਿਉਂ ਹੱਜਈ 2:4 ਉੱਤੇ ਜੋਸ਼ ਸਹਿਤ ਧਿਆਨ ਦੇਣਾ ਚਾਹੀਦਾ ਹੈ?
18 ਯਹੋਵਾਹ ਦੇ ਗਵਾਹਾਂ ਦੁਆਰਾ, 1920 ਦੇ ਦਹਾਕੇ ਦੇ ਮੁਢਲੇ ਭਾਗ ਵਿਚ, ਇਕ ਵਿਆਪਕ ਰੂਪ ਵਿਚ ਵਿਗਿਆਪਤ ਪਬਲਿਕ ਭਾਸ਼ਣ ਪੇਸ਼ ਕੀਤਾ ਗਿਆ ਜਿਸ ਦਾ ਸ਼ੀਰਸ਼ਕ ਸੀ “ਲੱਖੋਂ-ਲੱਖ ਜਿਹੜੇ ਹੁਣ ਜੀਉਂਦੇ ਹਨ ਕਦੀ ਨਹੀਂ ਮਰਨਗੇ।” ਇਸ ਕਥਨ ਨੇ ਸ਼ਾਇਦ ਉਸ ਵੇਲੇ ਹੱਦੋਂ ਵੱਧ ਆਸ਼ਾਵਾਦ ਨੂੰ ਪ੍ਰਤਿਬਿੰਬਤ ਕੀਤਾ ਹੋਵੇ। ਲੇਕਿਨ ਅੱਜ ਇਹ ਕਥਨ ਪੂਰੇ ਭਰੋਸੇ ਨਾਲ ਕੀਤਾ ਜਾ ਸਕਦਾ ਹੈ। ਬਾਈਬਲ ਭਵਿੱਖਬਾਣੀ ਉੱਤੇ ਵਧਦਾ ਪ੍ਰਕਾਸ਼ ਅਤੇ ਇਸ ਮਰਨ ਕੰਢੇ ਪਏ ਸੰਸਾਰ ਦੀ ਅਰਾਜਕਤਾ ਦੋਵੇਂ ਹੀ ਚਿਲਾ ਚਿਲਾ ਕੇ ਕਹਿੰਦੇ ਹਨ ਕਿ ਸ਼ਤਾਨ ਦੀ ਵਿਵਸਥਾ ਦਾ ਅੰਤ ਬਹੁਤ, ਬਹੁਤ ਨੇੜੇ ਹੈ! 1996 ਲਈ ਸਮਾਰਕ ਰਿਪੋਰਟ ਦਿਖਾਉਂਦੀ ਹੈ ਕਿ 1,29,21,933 ਹਾਜ਼ਰ ਹੋਏ, ਜਿਨ੍ਹਾਂ ਵਿੱਚੋਂ ਕੇਵਲ 8,757 (.068 ਫੀ ਸਦੀ) ਨੇ ਪ੍ਰਤੀਕਾਂ ਵਿਚ ਹਿੱਸਾ ਲੈਣ ਦੁਆਰਾ ਆਪਣੀ ਸਵਰਗੀ ਉਮੀਦ ਦਾ ਸੰਕੇਤ ਦਿੱਤਾ। ਸੱਚੀ ਉਪਾਸਨਾ ਦੀ ਮੁੜ ਬਹਾਲੀ ਪੂਰੀ ਹੋਣ ਵਾਲੀ ਹੈ। ਲੇਕਿਨ ਆਓ ਅਸੀਂ ਇਸ ਕੰਮ ਵਿਚ ਕਦੇ ਵੀ ਹੱਥ ਢਿੱਲੇ ਨਾ ਕਰੀਏ। ਜੀ ਹਾਂ, ਹੱਜਈ 2:4 ਬਿਆਨ ਕਰਦਾ ਹੈ: “ਹੇ ਦੇਸ ਦੇ ਸਾਰੇ ਲੋਕੋ, ਤਕੜੇ ਹੋਵੋ! ਯਹੋਵਾਹ ਦਾ ਵਾਕ ਹੈ, ਅਤੇ ਕੰਮ ਕਰੋ ਕਿਉਂ ਜੋ ਮੈਂ ਤੁਹਾਡੇ ਨਾਲ ਹਾਂ, ਸੈਨਾਂ ਦੇ ਯਹੋਵਾਹ ਦਾ ਵਾਕ ਹੈ।” ਅਸੀਂ ਦ੍ਰਿੜ੍ਹ-ਸੰਕਲਪੀ ਹੋਈਏ ਕਿ ਅਸੀਂ ਯਹੋਵਾਹ ਦੇ ਕਾਰਜ ਲਈ ਆਪਣੇ ਜੋਸ਼ ਨੂੰ ਕਦੇ ਵੀ ਕਿਸੇ ਵੀ ਪ੍ਰਕਾਰ ਦੇ ਭੌਤਿਕਵਾਦ ਜਾਂ ਸੰਸਾਰੀਪਣ ਦੁਆਰਾ ਘਟਣ ਨਹੀਂ ਦਿਆਂਗੇ!—1 ਯੂਹੰਨਾ 2:15-17.
19. ਅਸੀਂ ਕਿਵੇਂ ਹੱਜਈ 2:6, 7 ਦੀ ਪੂਰਤੀ ਵਿਚ ਹਿੱਸਾ ਲੈ ਸਕਦੇ ਹਾਂ?
19 ਆਨੰਦਮਈ ਹੈ ਸਾਡਾ ਇਹ ਵਿਸ਼ੇਸ਼-ਸਨਮਾਨ ਕਿ ਅਸੀਂ ਹੱਜਈ 2:6, 7 ਦੀ ਆਧੁਨਿਕ-ਦਿਨ ਦੀ ਪੂਰਤੀ ਵਿਚ ਹਿੱਸਾ ਲੈ ਰਹੇ ਹਾਂ: “ਸੈਨਾਂ ਦਾ ਯਹੋਵਾਹ ਇਉਂ ਆਖਦਾ ਹੈ ਕਿ ਥੋੜੇ ਜਿਹੇ ਚਿਰ ਵਿੱਚ ਮੈਂ ਫੇਰ ਅਕਾਸ਼ ਅਤੇ ਧਰਤੀ ਅਤੇ ਜਲ ਥਲ ਨੂੰ ਹਿਲਾ ਦਿਆਂਗਾ। ਨਾਲੇ ਮੈਂ ਸਾਰੀਆਂ ਕੌਮਾਂ ਨੂੰ ਹਿਲਾ ਦਿਆਂਗਾ ਅਤੇ ਸਾਰੀਆਂ ਕੌਮਾਂ ਦੇ ਪਦਾਰਥ ਆਉਣਗੇ [“ਦੀਆਂ ਮਨਭਾਉਂਦੀਆਂ ਵਸਤਾਂ ਆਉਣਗੀਆਂ,” ਨਿ ਵ] ਸੋ ਮੈਂ ਏਸ ਭਵਨ ਨੂੰ ਪਰਤਾਪ ਨਾਲ ਭਰ ਦਿਆਂਗਾ, ਸੈਨਾਂ ਦਾ ਯਹੋਵਾਹ ਕਹਿੰਦਾ ਹੈ।” ਲਾਲਚ, ਭ੍ਰਿਸ਼ਟਾਚਾਰ, ਅਤੇ ਨਫ਼ਰਤ ਇਸ 20ਵੀਂ-ਸਦੀ ਦੇ ਸਮੁੱਚੇ ਸੰਸਾਰ ਵਿਚ ਵਿਆਪਕ ਹਨ। ਇਹ ਸੱਚ-ਮੁੱਚ ਆਪਣੇ ਅੰਤਿਮ ਦਿਨਾਂ ਵਿਚ ਹੈ, ਅਤੇ ਯਹੋਵਾਹ ਨੇ ਆਪਣੇ ਗਵਾਹਾਂ ਦੁਆਰਾ ‘ਆਪਣੇ ਬਦਲਾ ਲੈਣ ਦੇ ਦਿਨ ਦਾ ਪਰਚਾਰ’ ਕਰਵਾ ਕੇ ਪਹਿਲਾਂ ਤੋਂ ਹੀ ਇਸ ਨੂੰ ‘ਹਿਲਾਉਣਾ’ ਸ਼ੁਰੂ ਕਰ ਦਿੱਤਾ ਹੈ। (ਯਸਾਯਾਹ 61:2) ਇਹ ਮੁਢਲਾ ਹਿਲਾਉਣਾ ਆਰਮਾਗੇਡਨ ਵੇਲੇ ਸੰਸਾਰ ਦੇ ਵਿਨਾਸ਼ ਨਾਲ ਆਪਣੀ ਸਿਖਰ ਤੇ ਪਹੁੰਚੇਗਾ, ਲੇਕਿਨ ਉਸ ਸਮੇਂ ਤੋਂ ਪਹਿਲਾਂ, ਯਹੋਵਾਹ ਆਪਣੀ ਸੇਵਾ ਲਈ “ਸਾਰੀਆਂ ਕੌਮਾਂ ਦੀਆਂ ਮਨਭਾਉਂਦੀਆਂ ਵਸਤਾਂ”—ਧਰਤੀ ਦੇ ਨਿਮਰ, ਭੇਡ-ਸਮਾਨ ਲੋਕਾਂ—ਨੂੰ ਇਕੱਠਾ ਕਰ ਰਿਹਾ ਹੈ। (ਯੂਹੰਨਾ 6:44) ਇਹ “ਵੱਡੀ ਭੀੜ” ਹੁਣ ਉਸ ਦੀ ਉਪਾਸਨਾ ਵਾਲੇ ਭਵਨ ਦੇ ਪਾਰਥਿਵ ਆਂਗਣ ਵਿਚ ‘ਉਪਾਸਨਾ ਕਰਦੀ ਹੈ।’—ਪਰਕਾਸ਼ ਦੀ ਪੋਥੀ 7:9, 15.
20. ਸਭ ਤੋਂ ਬਹੁਮੁੱਲਾ ਖ਼ਜ਼ਾਨਾ ਕਿੱਥੇ ਪਾਇਆ ਜਾਂਦਾ ਹੈ?
20 ਯਹੋਵਾਹ ਦੀ ਅਧਿਆਤਮਿਕ ਹੈਕਲ ਵਿਚ ਸੇਵਾ ਕਰਨ ਤੋਂ ਅਜਿਹਾ ਲਾਭ ਹਾਸਲ ਹੁੰਦਾ ਹੈ ਜੋ ਕਿਸੇ ਵੀ ਭੌਤਿਕ ਖ਼ਜ਼ਾਨੇ ਨਾਲੋਂ ਅਧਿਕ ਬਹੁਮੁੱਲਾ ਹੈ। (ਕਹਾਉਤਾਂ 2:1-6; 3:13, 14; ਮੱਤੀ 6:19-21) ਇਸ ਤੋਂ ਇਲਾਵਾ, ਹੱਜਈ 2:9 ਬਿਆਨ ਕਰਦਾ ਹੈ: “ਏਸ ਭਵਨ ਦੀ ਆਖਰੀ ਰੌਣਕ ਪਹਿਲੀ ਤੋਂ ਵਧੀਕ ਹੋਵੇਗੀ, ਸੈਨਾਂ ਦਾ ਯਹੋਵਾਹ ਆਖਦਾ ਹੈ,—ਮੈਂ ਏਸ ਅਸਥਾਨ ਨੂੰ ਸ਼ਾਂਤੀ ਦਿਆਂਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ।” ਅੱਜ ਇਹ ਸ਼ਬਦ ਸਾਡੇ ਲਈ ਕੀ ਅਰਥ ਰੱਖਦੇ ਹਨ? ਸਾਡਾ ਅਗਲਾ ਲੇਖ ਦੱਸੇਗਾ।
[ਫੁਟਨੋਟ]
a “ਯਾਹ ਯਹੋਵਾਹ” ਅਭਿਵਿਅਕਤੀ ਖ਼ਾਸ ਬਲ ਲਈ ਵਰਤੀ ਜਾਂਦੀ ਹੈ। ਦੇਖੋ ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ), ਖੰਡ 1, ਸਫ਼ਾ 1248.
b ਅਜ਼ਰਾ ਅਤੇ ਹੋਰ ਬਾਈਬਲ ਪੋਥੀਆਂ ਵਿਚ ਯੇਸ਼ੂਆ।
ਪੁਨਰ-ਵਿਚਾਰ ਲਈ ਸਵਾਲ
◻ ਯਹੋਵਾਹ ਦੇ ਨਾਂ ਦੇ ਸੰਬੰਧ ਵਿਚ ਸਾਨੂੰ ਨਬੀਆਂ ਦੀ ਕਿਹੜੀ ਮਿਸਾਲ ਦੀ ਰੀਸ ਕਰਨੀ ਚਾਹੀਦੀ ਹੈ?
◻ ਮੁੜ ਬਹਾਲ ਕੀਤੇ ਗਏ ਇਸਰਾਏਲ ਨੂੰ ਯਹੋਵਾਹ ਵੱਲੋਂ ਦਿੱਤੇ ਗਏ ਜ਼ਬਰਦਸਤ ਸੰਦੇਸ਼ ਤੋਂ ਸਾਨੂੰ ਕਿਹੜਾ ਹੌਸਲਾ ਮਿਲਦਾ ਹੈ?
◻ ਅੱਜ ਕਿਹੜੀ ਪ੍ਰਤਾਪੀ ਅਧਿਆਤਮਿਕ ਹੈਕਲ ਹਰਕਤ ਵਿਚ ਹੈ?
◻ 19ਵੀਂ ਅਤੇ 20ਵੀਂ ਸਦੀਆਂ ਦੇ ਦੌਰਾਨ ਕਿਹੜੇ ਇਕੱਠ ਕਾਰਜ ਤਰਤੀਬ ਵਿਚ ਵਾਪਰੇ ਹਨ, ਅਤੇ ਕਿਹੜੀ ਸ਼ਾਨਦਾਰ ਸੰਭਾਵਨਾ ਨੂੰ ਧਿਆਨ ਵਿਚ ਰੱਖਦੇ ਹੋਏ?
[ਸਫ਼ੇ 4 ਉੱਤੇ ਤਸਵੀਰ]
ਯਹੋਵਾਹ ਦੀਆਂ ਸਵਰਗੀ ਸੈਨਾਵਾਂ ਧਰਤੀ ਉਤੇ ਉਸ ਦੇ ਗਵਾਹਾਂ ਨੂੰ ਨਿਰਦੇਸ਼ਿਤ ਕਰਦੀਆਂ ਅਤੇ ਸਮਰਥਨ ਦਿੰਦੀਆਂ ਹਨ