ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ?
“ਪਰਮੇਸ਼ੁਰ ਦੇ ਪ੍ਰੇਮ ਦਾ ਇਹੋ ਅਰਥ ਹੈ, ਕਿ ਅਸੀਂ ਉਸ ਦੇ ਹੁਕਮਾਂ ਦੀ ਪਾਲਣਾ ਕਰੀਏ; ਅਤੇ ਫਿਰ ਵੀ ਉਸ ਦੇ ਹੁਕਮ ਬੋਝਲ ਨਹੀਂ ਹਨ।”—1 ਯੂਹੰਨਾ 5:3, ਨਿ ਵ.
1, 2. ਇਸ ਵਿਚ ਕੋਈ ਹੈਰਾਨੀ ਦੀ ਗੱਲ ਕਿਉਂ ਨਹੀਂ ਹੈ ਕਿ ਪਰਮੇਸ਼ੁਰ ਉਨ੍ਹਾਂ ਤੋਂ ਕੁਝ ਮੰਗ ਕਰਦਾ ਹੈ ਜੋ ਪ੍ਰਵਾਨਣਯੋਗ ਢੰਗ ਨਾਲ ਉਸ ਦੀ ਉਪਾਸਨਾ ਕਰਨੀ ਚਾਹੁੰਦੇ ਹਨ?
“ਮੈਂ ਆਪਣੇ ਧਰਮ ਨਾਲ ਸੰਤੁਸ਼ਟ ਹਾਂ!” ਕੀ ਅਕਸਰ ਲੋਕੀ ਇਹੋ ਨਹੀਂ ਕਹਿੰਦੇ? ਪਰੰਤੂ, ਦਰਅਸਲ, ਸਵਾਲ ਇਹ ਹੋਣਾ ਚਾਹੀਦਾ ਹੈ, “ਕੀ ਮੇਰਾ ਧਰਮ ਪਰਮੇਸ਼ੁਰ ਨੂੰ ਪਸੰਦ ਹੈ?” ਜੀ ਹਾਂ, ਪਰਮੇਸ਼ੁਰ ਉਨ੍ਹਾਂ ਤੋਂ ਕੁਝ ਮੰਗ ਕਰਦਾ ਹੈ ਜੋ ਪ੍ਰਵਾਨਣਯੋਗ ਢੰਗ ਨਾਲ ਉਸ ਦੀ ਉਪਾਸਨਾ ਕਰਨੀ ਚਾਹੁੰਦੇ ਹਨ। ਕੀ ਇਸ ਤੋਂ ਸਾਨੂੰ ਹੈਰਾਨੀ ਹੋਣੀ ਚਾਹੀਦੀ ਹੈ? ਅਸਲ ਵਿਚ ਨਹੀਂ। ਫ਼ਰਜ਼ ਕਰੋ ਕਿ ਤੁਹਾਡਾ ਇਕ ਸੁੰਦਰ ਘਰ ਹੈ, ਜਿਸ ਦੀ ਤੁਸੀਂ ਹਾਲ ਹੀ ਵਿਚ ਵਧੇਰੇ ਪੈਸਾ ਖ਼ਰਚ ਕਰ ਕੇ ਮੁਰੰਮਤ ਕੀਤੀ ਹੈ। ਕੀ ਤੁਸੀਂ ਉੱਥੇ ਹਰ ਕਿਸੇ ਨੂੰ ਰਹਿਣ ਦਿਓਗੇ? ਯਕੀਨਨ ਨਹੀਂ! ਕੋਈ ਵੀ ਸੰਭਾਵੀ ਕਿਰਾਏਦਾਰ ਨੂੰ ਤੁਹਾਡੀਆਂ ਮੰਗਾਂ ਪੂਰੀਆਂ ਕਰਨੀਆਂ ਪੈਣਗੀਆਂ।
2 ਇਸੇ ਤਰ੍ਹਾਂ, ਯਹੋਵਾਹ ਪਰਮੇਸ਼ੁਰ ਨੇ ਇਹ ਪਾਰਥਿਵ ਘਰ ਮਾਨਵ ਪਰਿਵਾਰ ਨੂੰ ਦਿੱਤਾ ਹੈ। ਉਸ ਦੇ ਰਾਜ ਦੀ ਹਕੂਮਤ ਅਧੀਨ, ਛੇਤੀ ਹੀ ਧਰਤੀ ਦੀ “ਮੁਰੰਮਤ” ਕੀਤੀ ਜਾਵੇਗੀ—ਇਸ ਨੂੰ ਇਕ ਸੁੰਦਰ ਪਰਾਦੀਸ ਵਿਚ ਤਬਦੀਲ ਕੀਤਾ ਜਾਵੇਗਾ। ਯਹੋਵਾਹ ਇਹ ਨੇਪਰੇ ਚਾੜ੍ਹੇਗਾ। ਵੱਡੀ ਕੀਮਤ ਚੁਕਾ ਕੇ, ਉਸ ਨੇ ਇਹ ਸੰਭਵ ਬਣਾਉਣ ਲਈ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ। ਨਿਰਸੰਦੇਹ, ਪਰਮੇਸ਼ੁਰ ਉੱਥੇ ਰਹਿਣ ਵਾਲਿਆਂ ਤੋਂ ਜ਼ਰੂਰ ਕੁਝ ਮੰਗ ਕਰੇਗਾ!—ਜ਼ਬੂਰ 115:16; ਮੱਤੀ 6:9, 10; ਯੂਹੰਨਾ 3:16.
3. ਪਰਮੇਸ਼ੁਰ ਸਾਡੇ ਤੋਂ ਕੀ ਆਸ ਰੱਖਦਾ ਹੈ, ਇਸ ਦਾ ਸਾਰਾਂਸ਼ ਸੁਲੇਮਾਨ ਨੇ ਕਿਵੇਂ ਪੇਸ਼ ਕੀਤਾ?
3 ਅਸੀਂ ਕਿਵੇਂ ਪਤਾ ਲਗਾ ਸਕਦੇ ਹਾਂ ਕਿ ਪਰਮੇਸ਼ੁਰ ਦੀਆਂ ਕਿਹੜੀਆਂ ਮੰਗਾਂ ਹਨ? ਯਹੋਵਾਹ ਸਾਡੇ ਤੋਂ ਕੀ ਆਸ ਰੱਖਦਾ ਹੈ, ਇਸ ਦਾ ਸਾਰਾਂਸ਼ ਪੇਸ਼ ਕਰਨ ਲਈ ਉਸ ਨੇ ਬੁੱਧੀਮਾਨ ਰਾਜਾ ਸੁਲੇਮਾਨ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਵਿਚਾਰਨ ਮਗਰੋਂ ਜਿਨ੍ਹਾਂ ਦੀ ਉਸ ਨੇ ਭਾਲ ਕੀਤੀ ਸੀ—ਜਿਨ੍ਹਾਂ ਵਿਚ ਧਨ, ਉਸਾਰੀ ਯੋਜਨਾਵਾਂ, ਸੰਗੀਤਕ ਰੁਚੀ, ਅਤੇ ਰੁਮਾਂਟਿਕ ਪ੍ਰੇਮ ਸ਼ਾਮਲ ਸਨ—ਸੁਲੇਮਾਨ ਨੂੰ ਅਹਿਸਾਸ ਹੋਇਆ: “ਹੁਣ ਅਸੀਂ ਸਾਰੇ ਬਚਨਾਂ ਦਾ ਸਾਰ ਸੁਣੀਏ,—ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆਂ ਨੂੰ ਮੰਨ ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ।” (ਟੇਢੇ ਟਾਈਪ ਸਾਡੇ।)—ਉਪਦੇਸ਼ਕ ਦੀ ਪੋਥੀ 12:13.
“ਉਸ ਦੇ ਹੁਕਮ ਬੋਝਲ ਨਹੀਂ ਹਨ”
4-6. (ੳ) “ਬੋਝਲ” ਅਨੁਵਾਦ ਕੀਤੇ ਗਏ ਯੂਨਾਨੀ ਸ਼ਬਦ ਦਾ ਸ਼ਾਬਦਿਕ ਅਰਥ ਕੀ ਹੈ? (ਅ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਪਰਮੇਸ਼ੁਰ ਦੇ ਹੁਕਮ ਬੋਝਲ ਨਹੀਂ ਹਨ?
4 “ਉਹ ਦੀਆਂ ਆਗਿਆਂ ਨੂੰ ਮੰਨ।” ਬੁਨਿਆਦੀ ਤੌਰ ਤੇ, ਪਰਮੇਸ਼ੁਰ ਸਾਡੇ ਤੋਂ ਇਹੋ ਆਸ ਰੱਖਦਾ ਹੈ। ਕੀ ਇਹ ਮੰਗ ਕਰਨਾ ਉਸ ਵੱਲੋਂ ਜ਼ਿਆਦਤੀ ਹੈ? ਬਿਲਕੁਲ ਨਹੀਂ। ਰਸੂਲ ਯੂਹੰਨਾ ਸਾਨੂੰ ਪਰਮੇਸ਼ੁਰ ਦੇ ਹੁਕਮਾਂ, ਜਾਂ ਮੰਗਾਂ ਬਾਰੇ ਇਕ ਬਹੁਤ ਹੀ ਮੁੜ ਭਰੋਸਾ-ਦਿਵਾਊ ਗੱਲ ਦੱਸਦਾ ਹੈ। ਉਸ ਨੇ ਲਿਖਿਆ: “ਪਰਮੇਸ਼ੁਰ ਦੇ ਪ੍ਰੇਮ ਦਾ ਇਹੋ ਅਰਥ ਹੈ, ਕਿ ਅਸੀਂ ਉਸ ਦੇ ਹੁਕਮਾਂ ਦੀ ਪਾਲਣਾ ਕਰੀਏ; ਅਤੇ ਫਿਰ ਵੀ ਉਸ ਦੇ ਹੁਕਮ ਬੋਝਲ ਨਹੀਂ ਹਨ।”—1 ਯੂਹੰਨਾ 5:3.
5 “ਬੋਝਲ” ਅਨੁਵਾਦ ਕੀਤੇ ਗਏ ਯੂਨਾਨੀ ਸ਼ਬਦ ਦਾ ਸ਼ਾਬਦਿਕ ਅਰਥ “ਭਾਰਾ” ਹੈ। ਇਹ ਅਜਿਹੀ ਚੀਜ਼ ਨੂੰ ਸੰਕੇਤ ਕਰ ਸਕਦਾ ਹੈ ਜਿਸ ਉੱਤੇ ਪੂਰਾ ਉਤਰਨਾ ਕਠਿਨ ਹੈ ਜਾਂ ਜਿਸ ਨੂੰ ਪੂਰਾ ਕਰਨਾ ਔਖਾ ਹੈ। ਮੱਤੀ 23:4 ਵਿਚ, ਇਸ ਨੂੰ “ਭਾਰੇ ਬੋਝ,” ਅਥਵਾ ਮਨੁੱਖ ਦੇ ਬਣਾਏ ਹੋਏ ਉਨ੍ਹਾਂ ਨਿਯਮਾਂ ਅਤੇ ਰੀਤਾਂ ਦਾ ਵਰਣਨ ਦੇਣ ਲਈ ਵਰਤਿਆ ਜਾਂਦਾ ਹੈ, ਜਿਨ੍ਹਾਂ ਨੂੰ ਗ੍ਰੰਥੀ ਅਤੇ ਫ਼ਰੀਸੀ ਲੋਕਾਂ ਉੱਤੇ ਲੱਦ ਦਿੰਦੇ ਸਨ। (ਟੇਢੇ ਟਾਈਪ ਸਾਡੇ।) ਕੀ ਤੁਸੀਂ ਸਮਝਦੇ ਹੋ ਕਿ ਬਿਰਧ ਰਸੂਲ ਯੂਹੰਨਾ ਕੀ ਸਿੱਟਾ ਕੱਢ ਰਿਹਾ ਹੈ? ਪਰਮੇਸ਼ੁਰ ਦੇ ਹੁਕਮ ਇਕ ਭਾਰਾ ਬੋਝ ਨਹੀਂ, ਨਾ ਹੀ ਉਹ ਪਾਲਣਾ ਕਰਨ ਪੱਖੋਂ ਅਤਿ ਔਖੇ ਹਨ। (ਤੁਲਨਾ ਕਰੋ ਬਿਵਸਥਾ ਸਾਰ 30:11.) ਇਸ ਦੇ ਉਲਟ, ਜਦੋਂ ਅਸੀਂ ਪਰਮੇਸ਼ੁਰ ਨਾਲ ਪ੍ਰੇਮ ਕਰਦੇ ਹਾਂ, ਤਾਂ ਉਸ ਦੀਆਂ ਮੰਗਾਂ ਨੂੰ ਪੂਰਿਆਂ ਕਰ ਕੇ ਸਾਨੂੰ ਖ਼ੁਸ਼ੀ ਮਿਲਦੀ ਹੈ। ਇਹ ਸਾਨੂੰ ਯਹੋਵਾਹ ਲਈ ਆਪਣਾ ਪ੍ਰੇਮ ਪ੍ਰਦਰਸ਼ਿਤ ਕਰਨ ਦਾ ਇਕ ਵਧੀਆ ਅਵਸਰ ਦਿੰਦਾ ਹੈ।
6 ਪਰਮੇਸ਼ੁਰ ਲਈ ਆਪਣਾ ਪ੍ਰੇਮ ਦਿਖਾਉਣ ਲਈ, ਸਾਨੂੰ ਵਿਸ਼ੇਸ਼ ਤੌਰ ਤੇ ਜਾਣਨ ਦੀ ਲੋੜ ਹੈ ਕਿ ਉਹ ਸਾਡੇ ਤੋਂ ਕੀ ਆਸ ਰੱਖਦਾ ਹੈ। ਆਓ ਅਸੀਂ ਹੁਣ ਪਰਮੇਸ਼ੁਰ ਦੀਆਂ ਮੰਗਾਂ ਵਿੱਚੋਂ ਪੰਜ ਮੰਗਾਂ ਦੀ ਚਰਚਾ ਕਰੀਏ। ਜਿਉਂ-ਜਿਉਂ ਅਸੀਂ ਇੰਜ ਕਰਾਂਗੇ, ਯੂਹੰਨਾ ਦੀ ਲਿਖੀ ਹੋਈ ਗੱਲ ਨੂੰ ਧਿਆਨ ਵਿਚ ਰੱਖੋ: ‘ਪਰਮੇਸ਼ੁਰ ਦੇ ਹੁਕਮ ਬੋਝਲ ਨਹੀਂ ਹਨ।’
ਪਰਮੇਸ਼ੁਰ ਦਾ ਗਿਆਨ ਲਓ
7. ਸਾਡੀ ਮੁਕਤੀ ਕਿਸ ਚੀਜ਼ ਉੱਤੇ ਨਿਰਭਰ ਹੈ?
7 ਪਹਿਲੀ ਮੰਗ ਹੈ ਪਰਮੇਸ਼ੁਰ ਦਾ ਗਿਆਨ ਲੈਣਾ। ਯੂਹੰਨਾ ਅਧਿਆਇ 17 ਵਿਚ ਦਰਜ ਕੀਤੇ ਗਏ ਯਿਸੂ ਦੇ ਸ਼ਬਦਾਂ ਉੱਤੇ ਵਿਚਾਰ ਕਰੋ। ਇਹ ਇਕ ਮਾਨਵ ਵਜੋਂ ਯਿਸੂ ਦੇ ਜੀਵਨ ਦੀ ਆਖ਼ਰੀ ਰਾਤ ਸੀ। ਯਿਸੂ ਨੇ ਉਸ ਸ਼ਾਮ ਦਾ ਜ਼ਿਆਦਾਤਰ ਸਮਾਂ ਆਪਣੀ ਵਿਦਾਇਗੀ ਲਈ ਆਪਣੇ ਰਸੂਲਾਂ ਨੂੰ ਤਿਆਰ ਕਰਨ ਵਿਚ ਬਿਤਾ ਦਿੱਤਾ ਸੀ। ਉਹ ਉਨ੍ਹਾਂ ਦੇ ਭਵਿੱਖ, ਉਨ੍ਹਾਂ ਦੇ ਸਦੀਪਕ ਭਵਿੱਖ ਬਾਰੇ ਫਿਕਰਮੰਦ ਸੀ। ਆਪਣੀਆਂ ਅੱਖਾਂ ਸਵਰਗ ਵੱਲ ਚੁੱਕਦੇ ਹੋਏ, ਉਸ ਨੇ ਉਨ੍ਹਾਂ ਲਈ ਪ੍ਰਾਰਥਨਾ ਕੀਤੀ। ਆਇਤ 3 ਵਿਚ, ਅਸੀਂ ਪੜ੍ਹਦੇ ਹਾਂ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ [“ਦਾ ਗਿਆਨ ਲੈਣ,” ਨਿ ਵ]।” ਜੀ ਹਾਂ, ਉਨ੍ਹਾਂ ਦੀ ਮੁਕਤੀ ਇਸ ਉੱਤੇ ਨਿਰਭਰ ਸੀ ਕਿ ਉਹ ਪਰਮੇਸ਼ੁਰ ਅਤੇ ਮਸੀਹ ਦੋਹਾਂ ਦਾ “ਗਿਆਨ ਲੈਣ।” ਇਹ ਸਾਡੇ ਉੱਤੇ ਵੀ ਲਾਗੂ ਹੁੰਦਾ ਹੈ। ਮੁਕਤੀ ਹਾਸਲ ਕਰਨ ਲਈ, ਸਾਡੇ ਲਈ ਅਜਿਹਾ ਗਿਆਨ ਲੈਣਾ ਜ਼ਰੂਰੀ ਹੈ।
8. ਪਰਮੇਸ਼ੁਰ ਦਾ “ਗਿਆਨ ਲੈਣ” ਦਾ ਕੀ ਅਰਥ ਹੈ?
8 ਪਰਮੇਸ਼ੁਰ ਦਾ “ਗਿਆਨ ਲੈਣ” ਦਾ ਕੀ ਅਰਥ ਹੈ? ਇੱਥੇ ‘ਗਿਆਨ ਲੈਣਾ’ ਅਨੁਵਾਦ ਕੀਤਾ ਗਿਆ ਯੂਨਾਨੀ ਸ਼ਬਦ, “ਜਾਣ ਜਾਣਾ, ਪਛਾਣਨਾ” ਜਾਂ “ਪੂਰੀ ਤਰ੍ਹਾਂ ਨਾਲ ਸਮਝਣਾ” ਨੂੰ ਦਰਸਾਉਂਦਾ ਹੈ। ਨਾਲ ਹੀ, ਧਿਆਨ ਦਿਓ ਕਿ ਅਨੁਵਾਦ ‘ਗਿਆਨ ਲੈਣਾ’ ਸੰਕੇਤ ਕਰਦਾ ਹੈ ਕਿ ਇਹ ਇਕ ਜਾਰੀ ਸਿਲਸਿਲਾ ਹੈ। ਇਸ ਤਰ੍ਹਾਂ, ਪਰਮੇਸ਼ੁਰ ਦਾ ਗਿਆਨ ਲੈਣ ਦਾ ਅਰਥ ਹੈ ਕਿ ਉਸ ਨਾਲ ਇਕ ਸੂਝਵਾਨ ਮਿੱਤਰਤਾ ਵਿਕਸਿਤ ਕਰਦੇ ਹੋਏ, ਉਸ ਨੂੰ ਸਤਹੀ ਤੌਰ ਤੇ ਨਹੀਂ, ਬਲਕਿ ਨਜ਼ਦੀਕੀ ਤੌਰ ਤੇ ਜਾਣ ਜਾਣਾ। ਪਰਮੇਸ਼ੁਰ ਨਾਲ ਇਕ ਜਾਰੀ ਸੰਬੰਧ ਕਾਇਮ ਰੱਖਣ ਨਾਲ ਸਾਨੂੰ ਉਸ ਬਾਰੇ ਸਦਾ-ਵਧਦਾ ਗਿਆਨ ਮਿਲਦਾ ਹੈ। ਇਹ ਪ੍ਰਕ੍ਰਿਆ ਹਮੇਸ਼ਾ ਲਈ ਜਾਰੀ ਰਹਿ ਸਕਦਾ ਹੈ, ਕਿਉਂਕਿ ਅਸੀਂ ਕਦੇ ਵੀ ਯਹੋਵਾਹ ਬਾਰੇ ਸਭ ਕੁਝ ਨਹੀਂ ਸਿੱਖ ਸਕਾਂਗੇ।—ਰੋਮੀਆਂ 11:33.
9. ਅਸੀਂ ਸ੍ਰਿਸ਼ਟੀ ਦੀ ਪੁਸਤਕ ਤੋਂ ਯਹੋਵਾਹ ਬਾਰੇ ਕੀ ਸਿੱਖ ਸਕਦੇ ਹਾਂ?
9 ਅਸੀਂ ਪਰਮੇਸ਼ੁਰ ਦਾ ਗਿਆਨ ਕਿਵੇਂ ਲੈਂਦੇ ਹਾਂ? ਦੋ ਪੁਸਤਕਾਂ ਹਨ ਜੋ ਸਾਡੀ ਮਦਦ ਕਰ ਸਕਦੀਆਂ ਹਨ। ਇਕ ਹੈ ਸ੍ਰਿਸ਼ਟੀ ਦੀ ਪੁਸਤਕ। ਯਹੋਵਾਹ ਨੇ ਜੋ ਚੀਜ਼ਾਂ ਸ੍ਰਿਸ਼ਟ ਕੀਤੀਆਂ ਹਨ—ਸਜੀਵ ਤੇ ਨਿਰਜੀਵ ਦੋਵੇਂ—ਉਹ ਸਾਨੂੰ ਕੁਝ ਅੰਤਰਦ੍ਰਿਸ਼ਟੀ ਦਿੰਦੀਆਂ ਹਨ ਕਿ ਉਹ ਕਿਸ ਤਰ੍ਹਾਂ ਦਾ ਵਿਅਕਤੀ ਹੈ। (ਰੋਮੀਆਂ 1:20) ਕੁਝ ਮਿਸਾਲਾਂ ਉੱਤੇ ਗੌਰ ਕਰੋ। ਵਿਸ਼ਾਲ ਝਰਨੇ ਦੀ ਗਰਜਣ, ਤੂਫ਼ਾਨ ਦੌਰਾਨ ਲਹਿਰਾਂ ਦਾ ਟਕਰਾਉ, ਨਿੰਬਲ ਰਾਤ ਨੂੰ ਤਾਰਿਆਂ ਨਾਲ ਭਰੇ ਆਕਾਸ਼ ਦਾ ਨਜ਼ਾਰਾ—ਕੀ ਅਜਿਹੀਆਂ ਚੀਜ਼ਾਂ ਸਾਨੂੰ ਨਹੀਂ ਸਿਖਾਉਂਦੀਆਂ ਹਨ ਕਿ ਯਹੋਵਾਹ “ਡਾਢੇ ਬਲ” ਵਾਲਾ ਪਰਮੇਸ਼ੁਰ ਹੈ? (ਯਸਾਯਾਹ 40:26) ਕਤੂਰੇ ਨੂੰ ਆਪਣੀ ਪੂਛ ਫੜਨ ਦੀ ਕੋਸ਼ਿਸ਼ ਕਰਦਿਆਂ ਜਾਂ ਇਕ ਬਲੂੰਗੜੇ ਨੂੰ ਉੱਨ ਦੇ ਗੋਲੇ ਨਾਲ ਖੇਡਦਿਆਂ ਦੇਖ ਕੇ ਇਕ ਬੱਚੇ ਦਾ ਖਿੜਖਿੜਾਉਣਾ—ਕੀ ਇਹ ਸੰਕੇਤ ਨਹੀਂ ਕਰਦਾ ਹੈ ਕਿ “ਖ਼ੁਸ਼ ਪਰਮੇਸ਼ੁਰ,” ਯਹੋਵਾਹ ਇਕ ਮਜ਼ਾਕੀਏ ਸੁਭਾਉ ਦਾ ਮਾਲਕ ਹੈ? (1 ਤਿਮੋਥਿਉਸ 1:11, ਨਿ ਵ) ਸੁਆਦੀ ਭੋਜਨ ਦਾ ਮਜ਼ਾ, ਮੈਦਾਨ ਵਿਚ ਫੁੱਲਾਂ ਦੀ ਮਨਮੋਹਕ ਖੁਸ਼ਬੂ, ਨਾਜ਼ੁਕ ਤਿਤਲੀ ਦੇ ਸ਼ੋਖ ਰੰਗ, ਬਸੰਤ ਰੁੱਤ ਵਿਚ ਪੰਛੀਆਂ ਦੀ ਚਹਿਕਣ ਦੀ ਆਵਾਜ਼, ਪਿਆਰੇ ਜੀਅ ਵੱਲੋਂ ਨਿੱਘੀ ਗਲਵੱਕੜੀ—ਕੀ ਅਸੀਂ ਅਜਿਹੀਆਂ ਚੀਜ਼ਾਂ ਤੋਂ ਨਹੀਂ ਭਾਂਪ ਲੈਂਦੇ ਹਾਂ ਕਿ ਸਾਡਾ ਸ੍ਰਿਸ਼ਟੀਕਰਤਾ ਪ੍ਰੇਮ ਦਾ ਪਰਮੇਸ਼ੁਰ ਹੈ ਜੋ ਚਾਹੁੰਦਾ ਹੈ ਕਿ ਅਸੀਂ ਜੀਵਨ ਦਾ ਆਨੰਦ ਲਈਏ?—1 ਯੂਹੰਨਾ 4:8.
10, 11. (ੳ) ਅਸੀਂ ਸ੍ਰਿਸ਼ਟੀ ਦੀ ਪੁਸਤਕ ਤੋਂ ਯਹੋਵਾਹ ਅਤੇ ਉਸ ਦੇ ਮਕਸਦਾਂ ਬਾਰੇ ਕਿਹੜੀਆਂ ਗੱਲਾਂ ਨਹੀਂ ਸਿੱਖ ਸਕਦੇ ਹਾਂ? (ਅ) ਕਿਹੜੇ ਸਵਾਲਾਂ ਦੇ ਜਵਾਬ ਕੇਵਲ ਬਾਈਬਲ ਵਿਚ ਹੀ ਪਾਏ ਜਾਂਦੇ ਹਨ?
10 ਪਰੰਤੂ, ਅਸੀਂ ਸ੍ਰਿਸ਼ਟੀ ਦੀ ਪੁਸਤਕ ਤੋਂ ਕੇਵਲ ਕੁਝ ਹੱਦ ਤਕ ਹੀ ਯਹੋਵਾਹ ਬਾਰੇ ਸਿੱਖ ਸਕਦੇ ਹਾਂ। ਦਰਸਾਉਣ ਲਈ: ਪਰਮੇਸ਼ੁਰ ਦਾ ਨਾਂ ਕੀ ਹੈ? ਉਸ ਨੇ ਧਰਤੀ ਸ੍ਰਿਸ਼ਟ ਕਰ ਕੇ ਇਸ ਉੱਤੇ ਮਨੁੱਖਜਾਤੀ ਨੂੰ ਕਿਉਂ ਰੱਖਿਆ? ਪਰਮੇਸ਼ੁਰ ਕਿਉਂ ਦੁਸ਼ਟਤਾ ਨੂੰ ਇਜਾਜ਼ਤ ਦਿੰਦਾ ਹੈ? ਭਵਿੱਖ ਵਿਚ ਸਾਡੇ ਲਈ ਕੀ ਹੈ? ਅਜਿਹੇ ਸਵਾਲਾਂ ਦੇ ਜਵਾਬ ਲਈ, ਸਾਨੂੰ ਪਰਮੇਸ਼ੁਰ ਦਾ ਗਿਆਨ ਮੁਹੱਈਆ ਕਰਨ ਵਾਲੀ ਦੂਜੀ ਪੁਸਤਕ—ਬਾਈਬਲ—ਵੱਲ ਮੁੜਨ ਦੀ ਲੋੜ ਹੈ। ਇਸ ਦੇ ਪੰਨਿਆਂ ਵਿਚ, ਯਹੋਵਾਹ ਨੇ ਆਪਣੇ ਬਾਰੇ ਗੱਲਾਂ ਪ੍ਰਗਟ ਕੀਤੀਆਂ ਹਨ, ਜਿਨ੍ਹਾਂ ਵਿਚ ਉਸ ਦਾ ਨਾਂ, ਉਸ ਦਾ ਵਿਅਕਤਿੱਤਵ, ਅਤੇ ਉਸ ਦੇ ਮਕਸਦ ਸ਼ਾਮਲ ਹਨ—ਅਜਿਹੀ ਜਾਣਕਾਰੀ ਜੋ ਅਸੀਂ ਹੋਰ ਕਿਸੇ ਵੀ ਸ੍ਰੋਤ ਤੋਂ ਹਾਸਲ ਨਹੀਂ ਕਰ ਸਕਦੇ ਹਾਂ।—ਕੂਚ 34:6, 7; ਜ਼ਬੂਰ 83:18; ਆਮੋਸ 3:7.
11 ਸ਼ਾਸਤਰ ਵਿਚ, ਯਹੋਵਾਹ ਦੂਸਰੇ ਵਿਅਕਤੀਆਂ ਬਾਰੇ ਵੀ ਅਤਿ ਜ਼ਰੂਰੀ ਗਿਆਨ ਮੁਹੱਈਆ ਕਰਦਾ ਹੈ ਜਿਨ੍ਹਾਂ ਬਾਰੇ ਸਾਨੂੰ ਜਾਣਨ ਦੀ ਲੋੜ ਹੈ। ਮਿਸਾਲ ਵਜੋਂ, ਯਿਸੂ ਮਸੀਹ ਕੌਣ ਹੈ, ਅਤੇ ਉਹ ਯਹੋਵਾਹ ਦੇ ਮਕਸਦਾਂ ਦੀ ਪੂਰਤੀ ਵਿਚ ਕੀ ਭੂਮਿਕਾ ਅਦਾ ਕਰਦਾ ਹੈ? (ਰਸੂਲਾਂ ਦੇ ਕਰਤੱਬ 4:12) ਸ਼ਤਾਨ ਅਰਥਾਤ ਇਬਲੀਸ ਕੌਣ ਹੈ? ਉਹ ਲੋਕਾਂ ਨੂੰ ਕਿਹੜੇ ਤਰੀਕਿਆਂ ਨਾਲ ਗੁਮਰਾਹ ਕਰਦਾ ਹੈ? ਅਸੀਂ ਉਸ ਵੱਲੋਂ ਗੁਮਰਾਹ ਕੀਤੇ ਜਾਣ ਤੋਂ ਕਿਵੇਂ ਬਚ ਸਕਦੇ ਹਾਂ? (1 ਪਤਰਸ 5:8) ਇਨ੍ਹਾਂ ਸਵਾਲਾਂ ਦੇ ਜਾਨ-ਬਚਾਊ ਜਵਾਬ ਕੇਵਲ ਬਾਈਬਲ ਵਿਚ ਹੀ ਪਾਏ ਜਾਂਦੇ ਹਨ।
12. ਤੁਸੀਂ ਕਿਵੇਂ ਵਿਆਖਿਆ ਕਰੋਗੇ ਕਿ ਪਰਮੇਸ਼ੁਰ ਅਤੇ ਉਸ ਦੇ ਮਕਸਦਾਂ ਦਾ ਗਿਆਨ ਲੈਣਾ ਕਿਉਂ ਇਕ ਬੋਝ ਨਹੀਂ ਹੈ?
12 ਕੀ ਪਰਮੇਸ਼ੁਰ ਅਤੇ ਉਸ ਦੇ ਮਕਸਦਾਂ ਬਾਰੇ ਅਜਿਹਾ ਗਿਆਨ ਲੈਣਾ ਇਕ ਬੋਝ ਹੈ? ਬਿਲਕੁਲ ਨਹੀਂ! ਕੀ ਤੁਹਾਨੂੰ ਯਾਦ ਹੈ ਕਿ ਜਦੋਂ ਤੁਸੀਂ ਪਹਿਲੀ ਵਾਰ ਸਿੱਖਿਆ ਕਿ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ, ਕਿ ਉਸ ਦਾ ਰਾਜ ਇਸ ਧਰਤੀ ਉੱਤੇ ਪਰਾਦੀਸ ਨੂੰ ਮੁੜ ਬਹਾਲ ਕਰੇਗਾ, ਕਿ ਉਸ ਨੇ ਸਾਡੇ ਪਾਪਾਂ ਲਈ ਆਪਣੇ ਪਿਆਰੇ ਪੁੱਤਰ ਨੂੰ ਰਿਹਾਈ-ਕੀਮਤ ਵਜੋਂ ਦੇ ਦਿੱਤਾ, ਅਤੇ ਹੋਰ ਦੂਸਰੀਆਂ ਕੀਮਤੀ ਸੱਚਾਈਆਂ ਬਾਰੇ ਸਿੱਖਿਆ ਸੀ, ਉਦੋਂ ਤੁਸੀਂ ਕਿਵੇਂ ਮਹਿਸੂਸ ਕੀਤਾ ਸੀ? ਕੀ ਇਹ ਅਗਿਆਨਤਾ ਦਾ ਪਰਦਾ ਹਟਾਉਣ ਅਤੇ ਚੀਜ਼ਾਂ ਨੂੰ ਪਹਿਲੀ ਵਾਰ ਸਾਫ਼-ਸਾਫ਼ ਦੇਖਣ ਦੇ ਸਮਾਨ ਨਹੀਂ ਸੀ? ਪਰਮੇਸ਼ੁਰ ਦਾ ਗਿਆਨ ਲੈਣਾ ਬੋਝ ਨਹੀਂ ਹੈ। ਇਹ ਤਾਂ ਆਨੰਦਦਾਇਕ ਹੈ!—ਜ਼ਬੂਰ 1:1-3; 119:97.
ਪਰਮੇਸ਼ੁਰ ਦੇ ਮਿਆਰਾਂ ਉੱਤੇ ਪੂਰਾ ਉਤਰਨਾ
13, 14. (ੳ) ਜਿਉਂ-ਜਿਉਂ ਅਸੀਂ ਪਰਮੇਸ਼ੁਰ ਦਾ ਗਿਆਨ ਲੈਂਦੇ ਹਾਂ, ਸਾਨੂੰ ਆਪਣੇ ਜੀਵਨ ਵਿਚ ਕਿਹੜੀਆਂ ਤਬਦੀਲੀਆਂ ਕਰਨ ਦੀ ਲੋੜ ਹੈ? (ਅ) ਪਰਮੇਸ਼ੁਰ ਕਿਨ੍ਹਾਂ ਅਸ਼ੁੱਧ ਅਭਿਆਸਾਂ ਤੋਂ ਪਰਹੇਜ਼ ਕਰਨ ਦੀ ਮੰਗ ਕਰਦਾ ਹੈ?
13 ਜਿਉਂ-ਜਿਉਂ ਅਸੀਂ ਪਰਮੇਸ਼ੁਰ ਦਾ ਗਿਆਨ ਲੈਂਦੇ ਹਾਂ, ਸਾਨੂੰ ਅਹਿਸਾਸ ਹੋ ਜਾਂਦਾ ਹੈ ਕਿ ਸਾਨੂੰ ਆਪਣੇ ਜੀਵਨ ਵਿਚ ਤਬਦੀਲੀਆਂ ਕਰਨ ਦੀ ਲੋੜ ਹੈ। ਇਹ ਸਾਨੂੰ ਦੂਜੀ ਮੰਗ ਵੱਲ ਲੈ ਆਉਂਦਾ ਹੈ। ਸਾਡੇ ਲਈ ਸਹੀ ਆਚਰਣ ਸੰਬੰਧੀ ਪਰਮੇਸ਼ੁਰ ਦੇ ਮਿਆਰਾਂ ਉੱਤੇ ਪੂਰਾ ਉਤਰਨਾ ਅਤੇ ਉਸ ਦੀ ਸੱਚਾਈ ਨੂੰ ਸਵੀਕਾਰ ਕਰਨਾ ਜ਼ਰੂਰੀ ਹੈ। ਸੱਚਾਈ ਕੀ ਹੈ? ਕੀ ਪਰਮੇਸ਼ੁਰ ਨੂੰ ਦਰਅਸਲ ਕੋਈ ਫ਼ਰਕ ਪੈਂਦਾ ਹੈ ਕਿ ਅਸੀਂ ਕੀ ਮੰਨਦੇ ਹਾਂ ਅਤੇ ਕੀ ਕਰਦੇ ਹਾਂ? ਜ਼ਾਹਰਾ ਤੌਰ ਤੇ ਅੱਜ ਅਨੇਕ ਲੋਕ ਸੋਚਦੇ ਹਨ ਕਿ ਨਹੀਂ। 1995 ਵਿਚ ਚਰਚ ਆਫ਼ ਇੰਗਲੈਂਡ ਦੁਆਰਾ ਪ੍ਰਕਾਸ਼ਿਤ ਇਕ ਰਿਪੋਰਟ ਨੇ ਸੁਝਾਇਆ ਕਿ ਵਿਆਹ ਬਿਨਾਂ ਇਕੱਠੇ ਵੱਸਣ ਨੂੰ ਪਾਪ ਨਹੀਂ ਵਿਚਾਰਿਆ ਜਾਣਾ ਚਾਹੀਦਾ ਹੈ। “ਅਭਿਵਿਅਕਤੀ ‘ਪਾਪ ਦੀ ਜ਼ਿੰਦਗੀ’ ਬਦਨਾਮ ਕਰਦੀ ਹੈ ਅਤੇ ਸਹਾਈ ਨਹੀਂ ਹੈ,” ਇਕ ਗਿਰਜੇ ਦੇ ਬਿਸ਼ਪ ਨੇ ਕਿਹਾ।
14 ਤਾਂ ਫਿਰ, ਕੀ “ਪਾਪ ਦੀ ਜ਼ਿੰਦਗੀ” ਹੁਣ ਪਾਪ ਨਾ ਰਹੀ? ਯਹੋਵਾਹ ਸਾਨੂੰ ਸਪੱਸ਼ਟ ਸ਼ਬਦਾਂ ਵਿਚ ਦੱਸਦਾ ਹੈ ਕਿ ਉਹ ਅਜਿਹੇ ਆਚਰਣ ਬਾਰੇ ਕਿਵੇਂ ਮਹਿਸੂਸ ਕਰਦਾ ਹੈ। ਉਸ ਦਾ ਬਚਨ, ਬਾਈਬਲ ਕਹਿੰਦੀ ਹੈ: “ਵਿਆਹ ਕਰਨਾ ਸਭਨਾਂ ਵਿੱਚ ਆਦਰ ਜੋਗ ਗਿਣਿਆ ਜਾਵੇ ਅਤੇ ਵਿਛਾਉਣਾ ਬੇਦਾਗ ਰਹੇ ਕਿਉਂ ਜੋ ਪਰਮੇਸ਼ੁਰ ਹਰਾਮਕਾਰਾਂ ਅਤੇ ਵਿਭਚਾਰੀਆਂ ਦਾ ਨਿਆਉਂ ਕਰੇਗਾ।” (ਇਬਰਾਨੀਆਂ 13:4) ਵਿਆਹ ਤੋਂ ਪਹਿਲਾਂ ਸੈਕਸ ਸ਼ਾਇਦ ਆਜ਼ਾਦ ਖ਼ਿਆਲਾਂ ਵਾਲੇ ਪਾਦਰੀਆਂ ਅਤੇ ਗਿਰਜਾ ਜਾਣ ਵਾਲਿਆਂ ਦੀ ਨਜ਼ਰ ਵਿਚ ਪਾਪ ਨਾ ਹੋਵੇ, ਪਰੰਤੂ ਇਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਕ ਗੰਭੀਰ ਪਾਪ ਹੈ! ਅਤੇ ਜ਼ਨਾਹ, ਗੋਤਰ-ਗਮਨ, ਅਤੇ ਸਮਲਿੰਗਕਾਮੁਕਤਾ ਵੀ ਗੰਭੀਰ ਪਾਪ ਹਨ। (ਲੇਵੀਆਂ 18:6; 1 ਕੁਰਿੰਥੀਆਂ 6:9, 10) ਪਰਮੇਸ਼ੁਰ ਮੰਗ ਕਰਦਾ ਹੈ ਕਿ ਅਸੀਂ ਅਜਿਹੇ ਅਭਿਆਸਾਂ ਤੋਂ ਪਰਹੇਜ਼ ਕਰੀਏ, ਜਿਨ੍ਹਾਂ ਨੂੰ ਉਹ ਅਸ਼ੁੱਧ ਵਿਚਾਰਦਾ ਹੈ।
15. ਪਰਮੇਸ਼ੁਰ ਦੀਆਂ ਮੰਗਾਂ ਵਿਚ ਸਾਡਾ ਦੂਸਰਿਆਂ ਪ੍ਰਤੀ ਸਲੂਕ ਅਤੇ ਅਸੀਂ ਕੀ ਵਿਸ਼ਵਾਸ ਕਰਦੇ ਹਾਂ, ਦੋਵੇਂ ਗੱਲਾਂ ਕਿਵੇਂ ਸ਼ਾਮਲ ਹਨ?
15 ਪਰੰਤੂ, ਜਿਨ੍ਹਾਂ ਅਭਿਆਸਾਂ ਨੂੰ ਪਰਮੇਸ਼ੁਰ ਪਾਪਮਈ ਵਿਚਾਰਦਾ ਹੈ, ਉਨ੍ਹਾਂ ਤੋਂ ਪਰਹੇਜ਼ ਕਰਨਾ ਹੀ ਕਾਫ਼ੀ ਨਹੀਂ ਹੈ। ਪਰਮੇਸ਼ੁਰ ਦੀਆਂ ਮੰਗਾਂ ਵਿਚ ਸਾਡਾ ਦੂਸਰਿਆਂ ਪ੍ਰਤੀ ਸਲੂਕ ਵੀ ਸ਼ਾਮਲ ਹੈ। ਪਰਿਵਾਰ ਵਿਚ, ਉਹ ਪਤੀ ਅਤੇ ਪਤਨੀ ਤੋਂ ਆਸ ਰੱਖਦਾ ਹੈ ਕਿ ਉਹ ਇਕ ਦੂਜੇ ਲਈ ਪ੍ਰੇਮ ਅਤੇ ਆਦਰ ਰੱਖਣ। ਪਰਮੇਸ਼ੁਰ ਮੰਗ ਕਰਦਾ ਹੈ ਕਿ ਮਾਪੇ ਆਪਣੇ ਬੱਚਿਆਂ ਦੀਆਂ ਭੌਤਿਕ, ਅਧਿਆਤਮਿਕ, ਅਤੇ ਭਾਵਾਤਮਕ ਲੋੜਾਂ ਦੀ ਦੇਖ-ਭਾਲ ਕਰਨ। ਉਹ ਬੱਚਿਆਂ ਨੂੰ ਆਪਣੇ ਮਾਪਿਆਂ ਪ੍ਰਤੀ ਆਗਿਆਕਾਰ ਹੋਣ ਲਈ ਕਹਿੰਦਾ ਹੈ। (ਕਹਾਉਤਾਂ 22:6; ਕੁਲੁੱਸੀਆਂ 3:18-21) ਅਤੇ ਸਾਡੇ ਵਿਸ਼ਵਾਸਾਂ ਬਾਰੇ ਕੀ? ਯਹੋਵਾਹ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਉਨ੍ਹਾਂ ਵਿਸ਼ਵਾਸਾਂ ਅਤੇ ਰੀਤਾਂ ਤੋਂ ਦੂਰ ਰਹੀਏ ਜਿਨ੍ਹਾਂ ਦਾ ਮੂਲ ਝੂਠੀ ਉਪਾਸਨਾ ਹੈ ਜਾਂ ਜੋ ਬਾਈਬਲ ਵਿਚ ਸਿਖਾਈ ਗਈ ਸ਼ੁੱਧ ਸੱਚਾਈ ਦੇ ਉਲਟ ਹਨ।—ਬਿਵਸਥਾ ਸਾਰ 18:9-13; 2 ਕੁਰਿੰਥੀਆਂ 6:14-17.
16. ਸਮਝਾਓ ਕਿ ਸਹੀ ਆਚਰਣ ਸੰਬੰਧੀ ਪਰਮੇਸ਼ੁਰ ਦੇ ਮਿਆਰਾਂ ਉੱਤੇ ਪੂਰਾ ਉਤਰਨਾ ਅਤੇ ਉਸ ਦੀ ਸੱਚਾਈ ਨੂੰ ਸਵੀਕਾਰ ਕਰਨਾ ਕਿਉਂ ਇਕ ਬੋਝ ਨਹੀਂ ਹੈ।
16 ਕੀ ਸਹੀ ਆਚਰਣ ਸੰਬੰਧੀ ਪਰਮੇਸ਼ੁਰ ਦੇ ਮਿਆਰਾਂ ਉੱਤੇ ਪੂਰਾ ਉਤਰਨਾ ਅਤੇ ਉਸ ਦੀ ਸੱਚਾਈ ਨੂੰ ਸਵੀਕਾਰ ਕਰਨਾ ਸਾਡੇ ਲਈ ਇਕ ਬੋਝ ਹੈ? ਇਹ ਇਕ ਬੋਝ ਨਹੀਂ ਜੇਕਰ ਅਸੀਂ ਫ਼ਾਇਦਿਆਂ ਉੱਤੇ ਗੌਰ ਕਰੀਏ—ਬੇਵਫ਼ਾਈ ਦੇ ਕਾਰਨ ਟੁੱਟਣ ਵਾਲੇ ਵਿਆਹਾਂ ਦੀ ਬਜਾਇ ਅਜਿਹੇ ਵਿਆਹ ਜਿਨ੍ਹਾਂ ਵਿਚ ਪਤੀ ਤੇ ਪਤਨੀ ਦੇ ਆਪਸ ਵਿਚ ਪ੍ਰੇਮ ਅਤੇ ਭਰੋਸਾ ਹੁੰਦਾ ਹੈ; ਅਜਿਹੇ ਪਰਿਵਾਰ ਜਿਨ੍ਹਾਂ ਵਿਚ ਬੱਚੇ ਦੁਪਿਆਰੇ, ਅਣਗੌਲੇ, ਅਤੇ ਅਣਚਾਹੇ ਮਹਿਸੂਸ ਕਰਦੇ ਹਨ, ਦੀ ਬਜਾਇ ਅਜਿਹੇ ਘਰ ਜਿੱਥੇ ਬੱਚੇ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਪ੍ਰੇਮ ਕਰਦੇ ਅਤੇ ਚਾਹੁੰਦੇ ਹਨ; ਦੋਸ਼ ਭਾਵਨਾ ਅਤੇ ਏਡਜ਼ ਜਾਂ ਲਿੰਗੀ ਤੌਰ ਤੇ ਸੰਚਾਰਿਤ ਕਿਸੇ ਹੋਰ ਬੀਮਾਰੀ ਨਾਲ ਪੀੜਿਤ ਸਰੀਰ ਦੀ ਬਜਾਇ ਇਕ ਸ਼ੁੱਧ ਅੰਤਹਕਰਣ ਅਤੇ ਚੰਗੀ ਸਿਹਤ। ਨਿਸ਼ਚੇ ਹੀ, ਯਹੋਵਾਹ ਦੀਆਂ ਮੰਗਾਂ ਸਾਨੂੰ ਅਜਿਹੇ ਕਿਸੇ ਵੀ ਚੀਜ਼ ਤੋਂ ਵਾਂਝੇ ਨਹੀਂ ਕਰਦੀਆਂ ਹਨ ਜਿਸ ਦੀ ਸਾਨੂੰ ਜੀਵਨ ਦਾ ਆਨੰਦ ਲੈਣ ਲਈ ਲੋੜ ਹੈ!—ਬਿਵਸਥਾ ਸਾਰ 10:12, 13.
ਜੀਵਨ ਅਤੇ ਲਹੂ ਲਈ ਆਦਰ ਦਿਖਾਓ
17. ਯਹੋਵਾਹ ਜੀਵਨ ਅਤੇ ਲਹੂ ਨੂੰ ਕਿਵੇਂ ਵਿਚਾਰਦਾ ਹੈ?
17 ਜਿਉਂ-ਜਿਉਂ ਤੁਸੀਂ ਆਪਣੇ ਜੀਵਨ ਨੂੰ ਪਰਮੇਸ਼ੁਰ ਦੇ ਮਿਆਰਾਂ ਦੀ ਇਕਸਾਰਤਾ ਵਿਚ ਲਿਆਉਂਦੇ ਹੋ, ਤੁਸੀਂ ਕਦਰ ਕਰਨ ਲੱਗਦੇ ਹੋ ਕਿ ਜੀਵਨ ਸੱਚ-ਮੁੱਚ ਹੀ ਕਿੰਨਾ ਕੀਮਤੀ ਹੈ। ਆਓ ਅਸੀਂ ਹੁਣ ਪਰਮੇਸ਼ੁਰ ਦੀ ਤੀਜੀ ਮੰਗ ਬਾਰੇ ਚਰਚਾ ਕਰੀਏ। ਸਾਡੇ ਲਈ ਜੀਵਨ ਅਤੇ ਲਹੂ ਲਈ ਆਦਰ ਦਿਖਾਉਣਾ ਜ਼ਰੂਰੀ ਹੈ। ਜੀਵਨ ਯਹੋਵਾਹ ਲਈ ਪਵਿੱਤਰ ਹੈ। ਇਹ ਹੋਣਾ ਵੀ ਚਾਹੀਦਾ ਹੈ, ਕਿਉਂਕਿ ਉਹ ਜੀਵਨ ਦਾ ਚਸ਼ਮਾ ਹੈ। (ਜ਼ਬੂਰ 36:9) ਕਿਉਂ, ਆਪਣੀ ਮਾਤਾ ਵਿਚ ਇਕ ਅਣਜੰਮੇ ਬੱਚੇ ਦਾ ਜੀਵਨ ਵੀ ਯਹੋਵਾਹ ਨੂੰ ਕੀਮਤੀ ਹੈ! (ਕੂਚ 21:22, 23) ਲਹੂ ਜੀਵਨ ਦਾ ਪ੍ਰਤੀਕ ਹੈ। ਇਸ ਲਈ, ਲਹੂ ਵੀ ਪਰਮੇਸ਼ੁਰ ਦੀ ਨਜ਼ਰ ਵਿਚ ਪਵਿੱਤਰ ਹੈ। (ਲੇਵੀਆਂ 17:14) ਤਾਂ ਫਿਰ, ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਹੋਣੀ ਚਾਹੀਦੀ ਹੈ ਕਿ ਪਰਮੇਸ਼ੁਰ ਸਾਡੇ ਤੋਂ ਆਸ ਰੱਖਦਾ ਹੈ ਕਿ ਅਸੀਂ ਜੀਵਨ ਅਤੇ ਲਹੂ ਨੂੰ ਉਸ ਨਜ਼ਰ ਤੋਂ ਦੇਖੀਏ ਜਿਸ ਨਜ਼ਰ ਤੋਂ ਉਹ ਦੇਖਦਾ ਹੈ।
18. ਜੀਵਨ ਅਤੇ ਲਹੂ ਬਾਰੇ ਯਹੋਵਾਹ ਦਾ ਨਜ਼ਰੀਆ ਸਾਡੇ ਤੋਂ ਕੀ ਮੰਗ ਕਰਦਾ ਹੈ?
18 ਜੀਵਨ ਅਤੇ ਲਹੂ ਲਈ ਆਦਰ ਸਾਡੇ ਤੋਂ ਕੀ ਮੰਗ ਕਰਦਾ ਹੈ? ਮਸੀਹੀਆਂ ਵਜੋਂ, ਅਸੀਂ ਕੇਵਲ ਆਨੰਦ ਲਈ ਆਪਣੇ ਜੀਵਨ ਨੂੰ ਬੇਲੋੜੇ ਖ਼ਤਰਿਆਂ ਵਿਚ ਨਹੀਂ ਪਾਉਂਦੇ ਹਾਂ। ਅਸੀਂ ਸੁਰੱਖਿਆ-ਚੇਤਨ ਹਾਂ ਅਤੇ ਇਸ ਲਈ ਨਿਸ਼ਚਿਤ ਕਰਦੇ ਹਾਂ ਕਿ ਸਾਡੀਆਂ ਕਾਰਾਂ ਅਤੇ ਘਰ ਸੁਰੱਖਿਅਤ ਹਨ। (ਬਿਵਸਥਾ ਸਾਰ 22:8) ਅਸੀਂ ਤਮਾਖੂ ਦੀ ਵਰਤੋਂ ਨਹੀਂ ਕਰਦੇ, ਸੁਪਾਰੀ ਨਹੀਂ ਚਬਾਉਂਦੇ, ਅਤੇ ਨਾ ਹੀ ਆਨੰਦ ਲਈ ਨਸ਼ੀਲੀਆਂ ਜਾਂ ਮਨ ਨੂੰ ਵਿਕ੍ਰਿਤ ਕਰਨ ਵਾਲੀਆਂ ਦਵਾਈਆਂ ਲੈਂਦੇ ਹਾਂ। (2 ਕੁਰਿੰਥੀਆਂ 7:1) ਕਿਉਂ ਜੋ ਅਸੀਂ ਪਰਮੇਸ਼ੁਰ ਦੀ ਸੁਣਦੇ ਹਾਂ ਜਦੋਂ ਉਹ ਸਾਨੂੰ ‘ਲਹੂ ਤੋਂ ਬਚੇ ਰਹਿਣ’ ਲਈ ਕਹਿੰਦਾ ਹੈ, ਅਸੀਂ ਆਪਣੇ ਸਰੀਰ ਵਿਚ ਲਹੂ ਚੜ੍ਹਾਉਣ ਦੀ ਅਨੁਮਤੀ ਨਹੀਂ ਦਿੰਦੇ ਹਾਂ। (ਰਸੂਲਾਂ ਦੇ ਕਰਤੱਬ 15:28, 29) ਭਾਵੇਂ ਅਸੀਂ ਜੀਵਨ ਨਾਲ ਪ੍ਰੇਮ ਕਰਦੇ ਹਾਂ, ਅਸੀਂ ਆਪਣੇ ਵਰਤਮਾਨ ਜੀਵਨ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਪਰਮੇਸ਼ੁਰ ਦੇ ਨਿਯਮ ਨੂੰ ਨਹੀਂ ਤੋੜਾਂਗੇ, ਅਤੇ ਇਸ ਤਰ੍ਹਾਂ ਆਪਣੀ ਸਦੀਪਕ ਜੀਵਨ ਦੀ ਸੰਭਾਵਨਾ ਨੂੰ ਜੋਖਮ ਵਿਚ ਨਹੀਂ ਪਾਵਾਂਗੇ!—ਮੱਤੀ 16:25.
19. ਸਮਝਾਓ ਕਿ ਜੀਵਨ ਅਤੇ ਲਹੂ ਲਈ ਆਦਰ ਦਿਖਾਉਣ ਤੋਂ ਸਾਨੂੰ ਕਿਵੇਂ ਫ਼ਾਇਦਾ ਹੁੰਦਾ ਹੈ।
19 ਕੀ ਜੀਵਨ ਅਤੇ ਲਹੂ ਨੂੰ ਪਵਿੱਤਰ ਸਮਝਣਾ ਇਕ ਬੋਝ ਹੈ? ਬਿਲਕੁਲ ਨਹੀਂ! ਜ਼ਰਾ ਸੋਚੋ। ਕੀ ਤਮਾਖੂ ਪੀਣ ਦੁਆਰਾ ਹੋਣ ਵਾਲੀ ਫੇਫੜਿਆਂ ਦਾ ਕੈਂਸਰ ਤੋਂ ਮੁਕਤ ਹੋਣਾ ਇਕ ਬੋਝ ਹੈ? ਕੀ ਮਾਨਸਿਕ ਅਤੇ ਸਰੀਰਕ ਤੌਰ ਤੇ ਹਾਨੀਕਾਰਕ ਦਵਾਈਆਂ ਦੇ ਨਸ਼ੇ ਤੋਂ ਬਚਣਾ ਇਕ ਬੋਝ ਹੈ? ਕੀ ਰਕਤ-ਆਧਾਨ ਦੁਆਰਾ ਏਡਜ਼, ਜਿਗਰ ਦੀ ਸੋਜ, ਜਾਂ ਹੋਰ ਕੋਈ ਬੀਮਾਰੀ ਸਹੇੜਨ ਤੋਂ ਬਚੇ ਰਹਿਣਾ ਇਕ ਬੋਝ ਹੈ? ਸਪੱਸ਼ਟ ਤੌਰ ਤੇ, ਹਾਨੀਕਾਰਕ ਆਦਤਾਂ ਅਤੇ ਅਭਿਆਸਾਂ ਤੋਂ ਪਰੇ ਰਹਿਣਾ ਸਾਡੇ ਹੀ ਫ਼ਾਇਦੇ ਲਈ ਹੈ।—ਯਸਾਯਾਹ 48:17.
20. ਜੀਵਨ ਬਾਰੇ ਪਰਮੇਸ਼ੁਰ ਦਾ ਨਜ਼ਰੀਆ ਰੱਖਣ ਨਾਲ ਇਕ ਪਰਿਵਾਰ ਨੂੰ ਕਿਵੇਂ ਫ਼ਾਇਦਾ ਪਹੁੰਚਿਆ?
20 ਇਸ ਅਨੁਭਵ ਉੱਤੇ ਗੌਰ ਕਰੋ। ਕੁਝ ਸਾਲ ਪਹਿਲਾਂ, ਇਕ ਗਵਾਹ ਇਸਤਰੀ ਜੋ ਲਗਭਗ ਸਾਢੇ ਤਿੰਨ ਮਹੀਨੇ ਦੀ ਗਰਭਵਤੀ ਸੀ, ਨੂੰ ਇਕ ਸ਼ਾਮ ਵੇਲੇ ਰੱਤ-ਵਹਿਣ ਹੋਣਾ ਸ਼ੁਰੂ ਹੋ ਗਿਆ ਅਤੇ ਉਸ ਨੂੰ ਛੇਤੀ ਨਾਲ ਹਸਪਤਾਲ ਪਹੁੰਚਾਇਆ ਗਿਆ। ਇਕ ਡਾਕਟਰ ਵੱਲੋਂ ਜਾਂਚ ਕਰਨ ਮਗਰੋਂ, ਉਸ ਨੇ ਉਸ ਨੂੰ ਇਕ ਨਰਸ ਨੂੰ ਕਹਿੰਦਿਆਂ ਸੁਣਿਆ ਕਿ ਉਨ੍ਹਾਂ ਨੂੰ ਗਰਭ ਗਿਰਾਉਣਾ ਪਵੇਗਾ। ਇਹ ਜਾਣਦੀ ਹੋਈ ਕਿ ਯਹੋਵਾਹ ਅਣਜੰਮੇ ਦੇ ਜੀਵਨ ਨੂੰ ਕਿਵੇਂ ਵਿਚਾਰਦਾ ਹੈ, ਉਸ ਨੇ ਗਰਭਪਾਤ ਤੋਂ ਦ੍ਰਿੜ੍ਹਤਾ ਨਾਲ ਇਨਕਾਰ ਕਰਦੇ ਹੋਏ, ਡਾਕਟਰ ਨੂੰ ਕਿਹਾ: “ਜੇਕਰ ਬੱਚਾ ਜੀਉਂਦਾ ਹੈ, ਤਾਂ ਉਸ ਨੂੰ ਰਹਿਣ ਦਿਓ!” ਉਸ ਨੂੰ ਸਮੇਂ-ਸਮੇਂ ਤੇ ਰੱਤ-ਵਹਿਣ ਹੁੰਦਾ ਰਿਹਾ, ਪਰੰਤੂ ਕਈ ਮਹੀਨੇ ਮਗਰੋਂ ਉਸ ਨੇ ਸਮੇਂ ਤੋਂ ਪਹਿਲਾਂ ਇਕ ਤੰਦਰੁਸਤ ਬੱਚੇ ਨੂੰ ਜਨਮ ਦਿੱਤਾ ਜੋ ਹੁਣ 17 ਸਾਲਾਂ ਦਾ ਹੈ। ਉਸ ਨੇ ਸਮਝਾਇਆ: “ਸਾਡੇ ਪੁੱਤਰ ਨੂੰ ਇਹ ਸਭ ਕੁਝ ਦੱਸਿਆ ਗਿਆ, ਅਤੇ ਉਸ ਨੇ ਕਿਹਾ ਕਿ ਉਹ ਕਿੰਨਾ ਹੀ ਖ਼ੁਸ਼ ਸੀ ਕਿ ਉਸ ਨੂੰ ਕੂੜੇ ਵਿਚ ਨਹੀਂ ਸੁੱਟ ਦਿੱਤਾ ਗਿਆ ਸੀ। ਉਹ ਜਾਣਦਾ ਹੈ ਕਿ ਉਹ ਜੀਉਂਦਾ ਹੀ ਇਸ ਕਾਰਨ ਹੈ ਕਿਉਂਕਿ ਅਸੀਂ ਯਹੋਵਾਹ ਦੀ ਸੇਵਾ ਕਰਦੇ ਹਾਂ।” ਨਿਰਸੰਦੇਹ, ਜੀਵਨ ਬਾਰੇ ਪਰਮੇਸ਼ੁਰ ਦਾ ਨਜ਼ਰੀਆ ਰੱਖਣਾ ਇਸ ਪਰਿਵਾਰ ਲਈ ਕੋਈ ਬੋਝ ਨਹੀਂ ਸੀ!
ਯਹੋਵਾਹ ਦੇ ਸੰਗਠਿਤ ਲੋਕਾਂ ਨਾਲ ਸੇਵਾ ਕਰਨਾ
21, 22. (ੳ) ਯਹੋਵਾਹ ਸਾਡੇ ਤੋਂ ਕਿਨ੍ਹਾਂ ਦੇ ਨਾਲ ਮਿਲ ਕੇ ਉਸ ਦੀ ਸੇਵਾ ਕਰਨ ਦੀ ਆਸ ਰੱਖਦਾ ਹੈ? (ਅ) ਪਰਮੇਸ਼ੁਰ ਦੇ ਸੰਗਠਿਤ ਲੋਕਾਂ ਦੀ ਪਛਾਣ ਕਿਵੇਂ ਕੀਤੀ ਜਾ ਸਕਦੀ ਹੈ?
21 ਆਪਣੇ ਜੀਵਨ ਨੂੰ ਪਰਮੇਸ਼ੁਰ ਦੇ ਮਿਆਰਾਂ ਦੀ ਇਕਸਾਰਤਾ ਵਿਚ ਲਿਆਉਣ ਲਈ ਤਬਦੀਲੀਆਂ ਕਰਨ ਵਿਚ ਅਸੀਂ ਇਕੱਲੇ ਨਹੀਂ ਹਾਂ। ਯਹੋਵਾਹ ਦੇ ਇਸ ਧਰਤੀ ਉੱਤੇ ਲੋਕ ਹਨ, ਅਤੇ ਉਹ ਸਾਡੇ ਤੋਂ ਆਸ ਰੱਖਦਾ ਹੈ ਕਿ ਅਸੀਂ ਉਨ੍ਹਾਂ ਦੇ ਨਾਲ ਮਿਲ ਕੇ ਉਸ ਦੀ ਸੇਵਾ ਕਰੀਏ। ਇਹ ਸਾਨੂੰ ਚੌਥੀ ਮੰਗ ਵੱਲ ਲੈ ਆਉਂਦਾ ਹੈ। ਸਾਡੇ ਲਈ ਯਹੋਵਾਹ ਦੇ ਆਤਮਾ-ਨਿਰਦੇਸ਼ਿਤ ਸੰਗਠਨ ਨਾਲ ਉਸ ਦੀ ਸੇਵਾ ਕਰਨੀ ਜ਼ਰੂਰੀ ਹੈ।
22 ਪਰੰਤੂ, ਪਰਮੇਸ਼ੁਰ ਦੇ ਸੰਗਠਿਤ ਲੋਕਾਂ ਦੀ ਪਛਾਣ ਕਿਵੇਂ ਕੀਤੀ ਜਾ ਸਕਦੀ ਹੈ? ਸ਼ਾਸਤਰ ਵਿਚ ਦਿੱਤੇ ਗਏ ਮਿਆਰਾਂ ਅਨੁਸਾਰ, ਉਹ ਆਪਸ ਵਿਚ ਸੱਚਾ ਪ੍ਰੇਮ ਰੱਖਦੇ ਹਨ, ਬਾਈਬਲ ਲਈ ਗਹਿਰਾ ਆਦਰ ਰੱਖਦੇ ਹਨ, ਪਰਮੇਸ਼ੁਰ ਦੇ ਨਾਂ ਦਾ ਸਨਮਾਨ ਕਰਦੇ ਹਨ, ਉਸ ਦੇ ਰਾਜ ਬਾਰੇ ਪ੍ਰਚਾਰ ਕਰਦੇ ਹਨ, ਅਤੇ ਉਹ ਇਸ ਦੁਸ਼ਟ ਸੰਸਾਰ ਦਾ ਭਾਗ ਨਹੀਂ ਹਨ। (ਮੱਤੀ 6:9; 24:14; ਯੂਹੰਨਾ 13:34, 35; 17:16, 17) ਇਸ ਧਰਤੀ ਉੱਤੇ ਕੇਵਲ ਇਕ ਹੀ ਧਾਰਮਿਕ ਸੰਗਠਨ ਹੈ ਜਿਸ ਵਿਚ ਸੱਚੀ ਮਸੀਹੀਅਤ ਦੇ ਇਹ ਸਭ ਚਿੰਨ੍ਹ ਮੌਜੂਦ ਹਨ—ਯਹੋਵਾਹ ਦੇ ਗਵਾਹ!
23, 24. ਅਸੀਂ ਉਦਾਹਰਣ ਦੁਆਰਾ ਕਿਵੇਂ ਸਮਝਾ ਸਕਦੇ ਹਾਂ ਕਿ ਯਹੋਵਾਹ ਦੇ ਸੰਗਠਿਤ ਲੋਕਾਂ ਦੇ ਨਾਲ ਮਿਲ ਕੇ ਯਹੋਵਾਹ ਦੀ ਸੇਵਾ ਕਰਨੀ ਇਕ ਬੋਝ ਨਹੀਂ ਹੈ?
23 ਕੀ ਯਹੋਵਾਹ ਦੇ ਸੰਗਠਿਤ ਲੋਕਾਂ ਦੇ ਨਾਲ ਮਿਲ ਕੇ ਉਸ ਦੀ ਸੇਵਾ ਕਰਨੀ ਇਕ ਬੋਝ ਹੈ? ਬਿਲਕੁਲ ਨਹੀਂ! ਇਸ ਦੇ ਉਲਟ, ਮਸੀਹੀ ਭੈਣਾਂ-ਭਰਾਵਾਂ ਦੇ ਵਿਸ਼ਵ ਪਰਿਵਾਰ ਦਾ ਪ੍ਰੇਮ ਅਤੇ ਸਮਰਥਨ ਹਾਸਲ ਕਰਨਾ ਇਕ ਵਡਮੁੱਲਾ ਵਿਸ਼ੇਸ਼-ਸਨਮਾਨ ਹੈ। (1 ਪਤਰਸ 2:17) ਫ਼ਰਜ਼ ਕਰੋ ਕਿ ਤੁਸੀਂ ਜਹਾਜ਼ ਦੀ ਤਬਾਹੀ ਵਿੱਚੋਂ ਬਚ ਨਿਕਲਣ ਮਗਰੋਂ ਸਮੁੰਦਰ ਵਿਚ ਤਰਦੇ ਰਹਿਣ ਲਈ ਸੰਘਰਸ਼ ਕਰ ਰਹੇ ਹੋ। ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕੋਲੋਂ ਹੋਰ ਸੰਘਰਸ਼ ਨਹੀਂ ਹੋ ਸਕੇਗਾ, ਉਦੋਂ ਬਚਾਉ-ਕਿਸ਼ਤੀ ਵਿੱਚੋਂ ਇਕ ਹੱਥ ਤੁਹਾਡੇ ਵੱਲ ਵਧਦਾ ਹੈ। ਜੀ ਹਾਂ, ਹੋਰ ਵੀ ਲੋਕੀ ਬਚੇ ਹਨ! ਬਚਾਉ-ਕਿਸ਼ਤੀ ਵਿਚ, ਤੁਸੀਂ ਹੋਰ ਲੋਕਾਂ ਸਹਿਤ ਵਾਰੀ ਸਿਰ ਕਿਸ਼ਤੀ ਨੂੰ ਕਿਨਾਰੇ ਵੱਲ ਖੇਵਦੇ ਹੋ, ਅਤੇ ਜਾਂਦੇ-ਜਾਂਦੇ ਦੂਸਰੇ ਬਚਣ ਵਾਲਿਆਂ ਨੂੰ ਵੀ ਨਾਲ ਲੈ ਲੈਂਦੇ ਹੋ।
24 ਕੀ ਅਸੀਂ ਸਮਾਨ ਸਥਿਤੀ ਵਿਚ ਨਹੀਂ ਹਾਂ? ਸਾਨੂੰ ਇਸ ਦੁਸ਼ਟ ਸੰਸਾਰ ਦੇ ਖ਼ਤਰਨਾਕ “ਸਮੁੰਦਰ” ਵਿੱਚੋਂ ਕੱਢ ਕੇ ਯਹੋਵਾਹ ਦੇ ਪਾਰਥਿਵ ਸੰਗਠਨ ਦੀ “ਬਚਾਉ-ਕਿਸ਼ਤੀ” ਵਿਚ ਲੈ ਲਿਆ ਗਿਆ ਹੈ। ਇਸ ਵਿਚ, ਅਸੀਂ ਇਕੱਠੇ ਮਿਲ ਕੇ ਸੇਵਾ ਕਰਦੇ ਹੋਏ, ਇਕ ਧਾਰਮਿਕ ਨਵੇਂ ਸੰਸਾਰ ਦੇ “ਕਿਨਾਰੇ” ਵੱਲ ਵਧਦੇ ਹਾਂ। ਜੇਕਰ ਜੀਵਨ ਦੇ ਦਬਾਉ ਸਾਨੂੰ ਰਾਹ ਵਿਚ ਥਕਾ ਦਿੰਦੇ ਹਨ, ਉਦੋਂ ਅਸੀਂ ਸੱਚੇ ਮਸੀਹੀ ਸਾਥੀਆਂ ਦੀ ਸਹਾਇਤਾ ਅਤੇ ਦਿਲਾਸੇ ਲਈ ਕਿੰਨੇ ਹੀ ਧੰਨਵਾਦੀ ਹੁੰਦੇ ਹਾਂ!—ਕਹਾਉਤਾਂ 17:17.
25. (ੳ) ਉਨ੍ਹਾਂ ਪ੍ਰਤੀ ਸਾਡਾ ਕੀ ਫ਼ਰਜ਼ ਬਣਦਾ ਹੈ ਜੋ ਅਜੇ ਤਕ ਇਸ ਦੁਸ਼ਟ ਸੰਸਾਰ ਦੇ “ਸਮੁੰਦਰ” ਵਿਚ ਹਨ? (ਅ) ਪਰਮੇਸ਼ੁਰ ਦੀ ਕਿਹੜੀ ਮੰਗ ਬਾਰੇ ਅਗਲੇ ਲੇਖ ਵਿਚ ਚਰਚਾ ਕੀਤੀ ਜਾਵੇਗੀ?
25 ਹੋਰਾਂ ਬਾਰੇ ਕੀ—ਉਹ ਨੇਕਦਿਲ ਵਿਅਕਤੀ ਜੋ ਅਜੇ “ਸਮੁੰਦਰ” ਵਿਚ ਹਨ? ਕੀ ਸਾਡਾ ਇਹ ਫ਼ਰਜ਼ ਨਹੀਂ ਬਣਦਾ ਕਿ ਅਸੀਂ ਉਨ੍ਹਾਂ ਨੂੰ ਯਹੋਵਾਹ ਦੇ ਸੰਗਠਨ ਵਿਚ ਆਉਣ ਲਈ ਮਦਦ ਕਰੀਏ? (1 ਤਿਮੋਥਿਉਸ 2:3, 4) ਉਨ੍ਹਾਂ ਨੂੰ ਪਰਮੇਸ਼ੁਰ ਦੀਆਂ ਮੰਗਾਂ ਬਾਰੇ ਸਿੱਖਣ ਵਿਚ ਮਦਦ ਦੀ ਲੋੜ ਹੈ। ਇਹ ਸਾਨੂੰ ਪਰਮੇਸ਼ੁਰ ਦੀ ਪੰਜਵੀਂ ਮੰਗ ਵੱਲ ਲੈ ਆਉਂਦਾ ਹੈ। ਸਾਨੂੰ ਪਰਮੇਸ਼ੁਰ ਦੇ ਰਾਜ ਦੇ ਨਿਸ਼ਠਾਵਾਨ ਘੋਸ਼ਕ ਹੋਣਾ ਚਾਹੀਦਾ ਹੈ। ਇਸ ਵਿਚ ਕੀ ਕੁਝ ਸ਼ਾਮਲ ਹੈ, ਇਸ ਦੀ ਚਰਚਾ ਅਗਲੇ ਲੇਖ ਵਿਚ ਕੀਤੀ ਜਾਵੇਗੀ।
ਕੀ ਤੁਹਾਨੂੰ ਯਾਦ ਹੈ?
◻ ਪਰਮੇਸ਼ੁਰ ਦੇ ਹੁਕਮ ਬੋਝਲ ਕਿਉਂ ਨਹੀਂ ਹਨ?
◻ ਅਸੀਂ ਪਰਮੇਸ਼ੁਰ ਦਾ ਗਿਆਨ ਕਿਵੇਂ ਲੈਂਦੇ ਹਾਂ?
◻ ਸਹੀ ਆਚਰਣ ਸੰਬੰਧੀ ਪਰਮੇਸ਼ੁਰ ਦੇ ਮਿਆਰਾਂ ਉੱਤੇ ਪੂਰਾ ਉਤਰਨਾ ਅਤੇ ਉਸ ਦੀ ਸੱਚਾਈ ਨੂੰ ਸਵੀਕਾਰ ਕਰਨਾ ਇਕ ਬੋਝ ਕਿਉਂ ਨਹੀਂ ਹੈ?
◻ ਜੀਵਨ ਅਤੇ ਲਹੂ ਬਾਰੇ ਪਰਮੇਸ਼ੁਰ ਦਾ ਨਜ਼ਰੀਆ ਸਾਡੇ ਤੋਂ ਕੀ ਮੰਗ ਕਰਦਾ ਹੈ?
◻ ਪਰਮੇਸ਼ੁਰ ਸਾਡੇ ਤੋਂ ਕਿਨ੍ਹਾਂ ਦੇ ਨਾਲ ਮਿਲ ਕੇ ਉਸ ਦੀ ਸੇਵਾ ਕਰਨ ਦੀ ਆਸ ਰੱਖਦਾ ਹੈ, ਅਤੇ ਉਨ੍ਹਾਂ ਦੀ ਪਛਾਣ ਕਿਵੇਂ ਕੀਤੀ ਜਾ ਸਕਦੀ ਹੈ?
[ਸਫ਼ੇ 22 ਉੱਤੇ ਤਸਵੀਰਾਂ]
ਅਸੀਂ ਸ੍ਰਿਸ਼ਟੀ ਦੀ ਪੁਸਤਕ ਤੋਂ ਅਤੇ ਬਾਈਬਲ ਤੋਂ ਯਹੋਵਾਹ ਬਾਰੇ ਸਿੱਖਦੇ ਹਾਂ
[ਕ੍ਰੈਡਿਟ ਲਾਈਨਾਂ]
ਮਗਰਮੱਛ: Australian International Public Relations; ਰਿੱਛ: Safari-Zoo of Ramat-Gan, Tel Aviv ਦੀ ਕਿਰਪਾ ਨਾਲ