ਮਸੀਹੀ ਜੁਗ ਵਿਚ ਦੈਵ-ਸ਼ਾਸਕੀ ਪ੍ਰਬੰਧ
“ਆਪਣੇ ਉਸ ਨੇਕ ਇਰਾਦੇ ਦੇ ਅਨੁਸਾਰ . . . ਸਭਨਾਂ [“ਸਭ ਚੀਜ਼ਾਂ,” “ਨਿ ਵ”] ਜੋ ਸੁਰਗ ਵਿੱਚ ਅਤੇ ਜੋ ਧਰਤੀ ਉੱਤੇ ਹਨ ਮਸੀਹ ਵਿੱਚ ਇਕੱਠਾ ਕਰੇ।”—ਅਫ਼ਸੀਆਂ 1:9, 10.
1, 2. (ੳ) ਸੰਨ 33 ਸਾ.ਯੁ. ਵਿਚ ਸ਼ੁਰੂ ਹੁੰਦੇ ਹੋਏ, ‘ਚੀਜ਼ਾਂ ਜੋ ਸੁਰਗ ਵਿੱਚ ਹਨ’ ਦਾ ਇਕੱਠਾ ਕਰਨਾ ਕਿਵੇਂ ਅੱਗੇ ਵਧਿਆ? (ਅ) ਸੰਨ 1914 ਤੋਂ, ਮਸਹ ਕੀਤੇ ਹੋਏ ਮਸੀਹੀਆਂ ਨੇ ਮੂਸਾ ਅਤੇ ਏਲੀਯਾਹ ਦੀ ਰੂਹ ਕਿਸ ਤਰ੍ਹਾਂ ਪ੍ਰਦਰਸ਼ਿਤ ਕੀਤੀ ਹੈ?
ਇਨ੍ਹਾਂ ‘ਚੀਜ਼ਾਂ ਜੋ ਸੁਰਗ ਵਿੱਚ ਹਨ,’ ਦਾ ਇਕੱਠਾ ਕਰਨਾ 33 ਸਾ.ਯੁ. ਵਿਚ ਸ਼ੁਰੂ ਹੋਇਆ, ਜਦੋਂ ‘ਪਰਮੇਸ਼ੁਰ ਦਾ ਇਸਰਾਏਲ’ ਪੈਦਾ ਹੋਇਆ ਸੀ। (ਗਲਾਤੀਆਂ 6:16; ਯਸਾਯਾਹ 43:10; 1 ਪਤਰਸ 2:9, 10) ਪਹਿਲੀ ਸਦੀ ਸਾ.ਯੁ. ਤੋਂ ਬਾਅਦ, ਇਕੱਠਾ ਕਰਨ ਦਾ ਇਹ ਕੰਮ ਹੌਲਾ ਹੋ ਗਿਆ ਜਦ ਅਸਲੀ ਮਸੀਹੀਆਂ (ਜਿਨ੍ਹਾਂ ਨੂੰ ਯਿਸੂ ਨੇ “ਕਣਕ” ਸੱਦਿਆ) ਨੂੰ ਸ਼ਤਾਨ ਦੁਆਰਾ ਬੀਜੀ ਗਈ ਧਰਮ-ਤਿਆਗੀ “ਜੰਗਲੀ ਬੂਟੀ” ਨੇ ਢਕ ਲਿਆ। ਪਰ ਜਿਉਂ ਹੀ ‘ਓੜਕ ਦਾ ਸਮਾਂ’ ਪਹੁੰਚਿਆ, ਪਰਮੇਸ਼ੁਰ ਦਾ ਸੱਚਾ ਇਸਰਾਏਲ ਦੁਬਾਰਾ ਪ੍ਰਗਟ ਹੋਇਆ ਅਤੇ 1919 ਵਿਚ ਯਿਸੂ ਦੇ ਸਾਰੇ ਮਾਲ ਮਤਾ ਉੱਤੇ ਮੁਖ਼ਤਿਆਰ ਕਰ ਦਿੱਤਾ ਗਿਆ।a—ਮੱਤੀ 13:24-30, 36-43; 24:45-47; ਦਾਨੀਏਲ 12:4.
2 ਪਹਿਲੇ ਵਿਸ਼ਵ ਯੁੱਧ ਦੇ ਦੌਰਾਨ, ਮਸਹ ਕੀਤੇ ਹੋਏ ਮਸੀਹੀਆਂ ਨੇ ਸ਼ਕਤੀਸ਼ਾਲੀ ਕੰਮ ਕੀਤੇ, ਬਿਲਕੁਲ ਜਿਵੇਂ ਮੂਸਾ ਅਤੇ ਏਲੀਯਾਹ ਨੇ ਕੀਤੇ ਸਨ।b (ਪਰਕਾਸ਼ ਦੀ ਪੋਥੀ 11:5, 6) 1919 ਤੋਂ ਉਨ੍ਹਾਂ ਨੇ ਏਲੀਯਾਹ ਵਰਗੀ ਹਿੰਮਤ ਨਾਲ ਇਕ ਵਿਰੋਧੀ ਦੁਨੀਆਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਹੈ। (ਮੱਤੀ 24:9-14) ਅਤੇ 1922 ਤੋਂ ਉਨ੍ਹਾਂ ਨੇ ਮਨੁੱਖਜਾਤੀ ਤੇ ਯਹੋਵਾਹ ਦੇ ਨਿਆਉਂ ਐਲਾਨ ਕੀਤੇ ਹਨ, ਬਿਲਕੁਲ ਜਿਵੇਂ ਮੂਸਾ ਨੇ ਪ੍ਰਾਚੀਨ ਮਿਸਰ ਉੱਤੇ ਪਰਮੇਸ਼ੁਰ ਦੀਆਂ ਬਿਪਤਾਵਾਂ ਲਿਆਂਦੀਆਂ ਸਨ। (ਪਰਕਾਸ਼ ਦੀ ਪੋਥੀ 15:1; 16:2-17) ਇਨ੍ਹਾਂ ਮਸਹ ਕੀਤੇ ਹੋਏ ਮਸੀਹੀਆਂ ਦਾ ਬਕੀਆ ਅੱਜ ਯਹੋਵਾਹ ਦੇ ਗਵਾਹਾਂ ਦੇ ਨਵੇਂ ਸੰਸਾਰ ਵਾਲੇ ਸਮਾਜ ਦਾ ਕੇਂਦਰਕ ਹੈ।
ਪ੍ਰਬੰਧਕ ਸਭਾ ਦੀ ਕਾਰਵਾਈ
3. ਕਿਹੜੀਆਂ ਘਟਨਾਵਾਂ ਦਿਖਾਉਂਦੀਆਂ ਹਨ ਕਿ ਮੁਢਲੀ ਮਸੀਹੀ ਕਲੀਸਿਯਾ ਸੁਵਿਵਸਥਿਤ ਸੀ?
3 ਯਿਸੂ ਦੇ ਮਸਹ ਕੀਤੇ ਹੋਏ ਪੈਰੋਕਾਰ ਸ਼ੁਰੂ ਤੋਂ ਹੀ ਵਿਵਸਥਿਤ ਸਨ। ਜਿਉਂ-ਜਿਉਂ ਚੇਲਿਆਂ ਦੀ ਗਿਣਤੀ ਵਧਦੀ ਗਈ, ਸਥਾਨਕ ਕਲੀਸਿਯਾਵਾਂ ਸਥਾਪਿਤ ਕੀਤੀਆਂ ਗਈਆਂ ਅਤੇ ਬਜ਼ੁਰਗ ਨਿਯੁਕਤ ਕੀਤੇ ਗਏ ਸਨ। (ਤੀਤੁਸ 1:5) 33 ਸਾ.ਯੁ. ਤੋਂ ਬਾਅਦ, 12 ਰਸੂਲ ਇਕ ਅਧਿਕਾਰਪੂਰਣ ਕੇਂਦਰੀ ਪ੍ਰਬੰਧਕ ਸਭਾ ਵਜੋਂ ਕੰਮ ਕਰਦੇ ਸਨ। ਇਸ ਹੈਸੀਅਤ ਵਿਚ, ਉਨ੍ਹਾਂ ਨੇ ਗਵਾਹੀ ਕਾਰਜ ਵਿਚ ਨਿਡਰ ਅਗਵਾਈ ਕੀਤੀ ਸੀ। (ਰਸੂਲਾਂ ਦੇ ਕਰਤੱਬ 4:33, 35, 37; 5:18, 29) ਉਨ੍ਹਾਂ ਨੇ ਲੋੜਵੰਦਾਂ ਨੂੰ ਖਿਲਾਉਣ ਪਿਲਾਉਣ ਦਾ ਪ੍ਰਬੰਧ ਕੀਤਾ, ਅਤੇ ਇਹ ਖ਼ਬਰ ਮਿਲਣ ਤੇ ਕਿ ਸਾਮਰਿਯਾ ਵਿਚ ਲੋਕੀ ਕਾਫ਼ੀ ਦਿਲਚਸਪੀ ਦਿਖਾ ਰਹੇ ਹਨ, ਉਨ੍ਹਾਂ ਨੇ ਪਤਰਸ ਅਤੇ ਯੂਹੰਨਾ ਨੂੰ ਉੱਥੇ ਘੱਲਿਆ। (ਰਸੂਲਾਂ ਦੇ ਕਰਤੱਬ 6:1-6; 8:6-8, 14-17) ਇਹ ਪੱਕਾ ਕਰਨ ਲਈ ਕਿ ਉਹ ਇਕ ਸਮੇਂ ਦਾ ਅਤਿਆਚਾਰੀ ਹੁਣ ਯਿਸੂ ਦਾ ਪੈਰੋਕਾਰ ਸੀ, ਬਰਨਬਾਸ ਪੌਲੁਸ ਨੂੰ ਉਨ੍ਹਾਂ ਦੇ ਕੋਲ ਲੈ ਗਿਆ। (ਰਸੂਲਾਂ ਦੇ ਕਰਤੱਬ 9:27; ਗਲਾਤੀਆਂ 1:18, 19) ਅਤੇ ਪਤਰਸ ਵੱਲੋਂ ਕੁਰਨੇਲਿਯੁਸ ਅਤੇ ਉਸ ਦੇ ਪਰਿਵਾਰ ਨੂੰ ਪ੍ਰਚਾਰ ਕਰਨ ਤੋਂ ਬਾਅਦ, ਉਹ ਯਰੂਸ਼ਲਮ ਵਾਪਸ ਆਇਆ ਅਤੇ ਉਸ ਨੇ ਰਸੂਲਾਂ ਅਤੇ ਬਾਕੀ ਯਹੂਦਿਯਾਈ ਭਰਾਵਾਂ ਨੂੰ ਸਪੱਸ਼ਟ ਕੀਤਾ ਕਿ ਕਿਸ ਤਰ੍ਹਾਂ ਪਵਿੱਤਰ ਆਤਮਾ ਨੇ ਇਸ ਮਾਮਲੇ ਵਿਚ ਪਰਮੇਸ਼ੁਰ ਦੀ ਮਰਜ਼ੀ ਦਿਖਾਈ ਸੀ।—ਰਸੂਲਾਂ ਦੇ ਕਰਤੱਬ 11:1-18.
4. ਪਤਰਸ ਨੂੰ ਮਾਰਨ ਦਾ ਕੀ ਜਤਨ ਕੀਤਾ ਗਿਆ ਸੀ, ਪਰ ਉਸ ਦੀ ਜਾਨ ਕਿਸ ਤਰ੍ਹਾਂ ਬਚਾਈ ਗਈ?
4 ਫਿਰ ਪ੍ਰਬੰਧਕ ਸਭਾ ਉੱਤੇ ਇਕ ਕਠੋਰ ਹਮਲਾ ਆਇਆ। ਪਤਰਸ ਕੈਦਖ਼ਾਨੇ ਵਿਚ ਪਾ ਦਿੱਤਾ ਗਿਆ ਅਤੇ ਉਸ ਦੀ ਜਾਨ ਸਿਰਫ਼ ਦੂਤਮਈ ਦਖ਼ਲ ਕਾਰਨ ਬਚਾਈ ਗਈ। (ਰਸੂਲਾਂ ਦੇ ਕਰਤੱਬ 12:3-11) ਹੁਣ ਪਹਿਲੀ ਵਾਰ, 12 ਰਸੂਲਾਂ ਤੋਂ ਇਲਾਵਾ ਕੋਈ ਹੋਰ ਯਰੂਸ਼ਲਮ ਵਿਚ ਉੱਘੀ ਪਦਵੀ ਤੇ ਦਿਖਾਈ ਦਿੱਤਾ। ਜਦੋਂ ਪਤਰਸ ਕੈਦਖ਼ਾਨੇ ਵਿੱਚੋਂ ਨਿਕਲਿਆ, ਤਾਂ ਉਸ ਨੇ ਯੂਹੰਨਾ ਮਰਕੁਸ ਦੀ ਮਾਤਾ ਦੇ ਘਰ ਵਿਚ ਇਕੱਠੇ ਹੋਏ ਇਕ ਝੁੰਡ ਨੂੰ ਕਿਹਾ: “ਯਾਕੂਬ [ਯਿਸੂ ਦਾ ਮਤਰੇਆ ਭਰਾ] ਅਤੇ ਭਾਈਆਂ ਨੂੰ ਇਨ੍ਹਾਂ ਗੱਲਾਂ ਦੀ ਖਬਰ ਦਿਓ।”—ਰਸੂਲਾਂ ਦੇ ਕਰਤੱਬ 12:17.
5. ਯਾਕੂਬ ਦੇ ਸ਼ਹੀਦ ਹੋਣ ਤੋਂ ਬਾਅਦ ਪ੍ਰਬੰਧਕ ਸਭਾ ਦੀ ਬਣਤਰ ਕਿਸ ਤਰ੍ਹਾਂ ਬਦਲ ਦਿੱਤੀ ਗਈ ਸੀ?
5 ਪਹਿਲਾਂ-ਪਹਿਲ, ਦਗੇਬਾਜ਼ ਰਸੂਲ ਯਹੂਦਾ ਇਸਕਰਿਯੋਤੀ ਦੇ ਖ਼ੁਦਕਸ਼ੀ ਕਰਨ ਤੋਂ ਬਾਅਦ, ਇਕ ਰਸੂਲ ਵਜੋਂ “ਉਹ ਦਾ ਹੁੱਦਾ” ਕਿਸੇ ਹੋਰ ਨੂੰ ਦੇਣ ਦੀ ਜ਼ਰੂਰਤ ਮਹਿਸੂਸ ਕੀਤੀ ਗਈ, ਜੋ ਯਿਸੂ ਦੇ ਨਾਲ ਉਸ ਦੀ ਸੇਵਕਾਈ ਦੇ ਦੌਰਾਨ ਮੌਜੂਦ ਸੀ ਅਤੇ ਜਿਸ ਨੇ ਯਿਸੂ ਦੀ ਮੌਤ ਅਤੇ ਉਸ ਦਾ ਪੁਨਰ-ਉਥਾਨ ਦੇਖਿਆ ਸੀ। ਫਿਰ ਵੀ, ਜਦੋਂ ਯੂਹੰਨਾ ਦਾ ਭਰਾ ਯਾਕੂਬ ਮਾਰਿਆ ਗਿਆ, ਕਿਸੇ ਹੋਰ ਨੇ 12 ਰਸੂਲਾਂ ਵਿੱਚੋਂ ਇਕ ਰਸੂਲ ਵਜੋਂ ਉਸ ਦੀ ਥਾਂ ਨਹੀਂ ਲਈ। (ਰਸੂਲਾਂ ਦੇ ਕਰਤੱਬ 1:20-26; 12:1, 2) ਬਲਕਿ, ਪ੍ਰਬੰਧਕ ਸਭਾ ਦਾ ਅਗਲਾ ਸ਼ਾਸਤਰ-ਸੰਬੰਧੀ ਜ਼ਿਕਰ ਦਿਖਾਉਂਦਾ ਹੈ ਕਿ ਉਸ ਵਿਚ ਵਾਧਾ ਕੀਤਾ ਗਿਆ ਸੀ। ਜਦੋਂ ਝਗੜਾ ਸ਼ੁਰੂ ਹੋਇਆ ਕਿ ਯਿਸੂ ਦੇ ਪਿੱਛੇ ਚਲਣ ਵਾਲੇ ਗ਼ੈਰ-ਯਹੂਦੀਆਂ ਨੂੰ ਮੂਸਾ ਦੀ ਬਿਵਸਥਾ ਮੰਨਣੀ ਚਾਹੀਦੀ ਹੈ ਜਾਂ ਨਹੀਂ, ਤਾਂ ਫ਼ੈਸਲੇ ਲਈ ਮਾਮਲੇ ਨੂੰ “ਯਰੂਸ਼ਲਮ ਵਿੱਚਲਿਆਂ ਰਸੂਲਾਂ ਅਤੇ ਬਜ਼ੁਰਗਾਂ” ਦੇ ਹਵਾਲੇ ਕੀਤਾ ਗਿਆ ਸੀ। (ਰਸੂਲਾਂ ਦੇ ਕਰਤੱਬ 15:2, 6, 20, 22, 23; 16:4) ‘ਬਜ਼ੁਰਗ’ ਜ਼ਾਹਰ ਤੌਰ ਤੇ ਹੁਣ ਪ੍ਰਬੰਧਕ ਸਭਾ ਵਿਚ ਕਿਉਂ ਸਨ? ਬਾਈਬਲ ਇਹ ਨਹੀਂ ਦੱਸਦੀ, ਪਰ ਇਸ ਦਾ ਇਕ ਪ੍ਰਤੱਖ ਲਾਭ ਸੀ। ਯਾਕੂਬ ਦੀ ਮੌਤ ਅਤੇ ਪਤਰਸ ਦੀ ਕੈਦ ਨੇ ਦਿਖਾਇਆ ਸੀ ਕਿ ਇਕ ਦਿਨ ਰਸੂਲ ਕੈਦ ਕੀਤੇ ਜਾ ਸਕਦੇ ਜਾਂ ਮਾਰੇ ਜਾ ਸਕਦੇ ਹਨ। ਅਜਿਹੀ ਸੰਭਾਵਨਾ ਵਿਚ, ਪ੍ਰਬੰਧਕ ਸਭਾ ਦੀ ਕਾਰਜਵਿਧੀ ਵਿਚ ਤਜਰਬੇਕਾਰ ਦੂਜੇ ਯੋਗ ਬਜ਼ੁਰਗਾਂ ਦੀ ਮੌਜੂਦਗੀ ਇਹ ਨਿਸ਼ਚਿਤ ਕਰੇਗੀ ਕਿ ਨਿਗਰਾਨੀ ਵਿਵਸਥਿਤ ਤੌਰ ਤੇ ਜਾਰੀ ਰਹੇ।
6. ਪ੍ਰਬੰਧਕ ਸਭਾ ਯਰੂਸ਼ਲਮ ਵਿਚ ਕਿਸ ਤਰ੍ਹਾਂ ਕੰਮ ਕਰਦੀ ਰਹੀ, ਹਾਲਾਂਕਿ ਇਸ ਦੇ ਮੁਢਲੇ ਮੈਂਬਰ ਉਸ ਸ਼ਹਿਰ ਵਿਚ ਹਾਜ਼ਰ ਨਹੀਂ ਸਨ?
6 ਸੰਨ 56 ਸਾ.ਯੁ. ਦੇ ਲਗਭਗ ਜਦ ਪੌਲੁਸ ਯਰੂਸ਼ਲਮ ਆਇਆ, ਤਾਂ ਉਸ ਨੇ ਯਾਕੂਬ ਨੂੰ ਰਿਪੋਰਟ ਦਿੱਤੀ ਅਤੇ, ਬਾਈਬਲ ਕਹਿੰਦੀ ਹੈ, “ਸਾਰੇ ਬਜ਼ੁਰਗ ਉੱਥੇ ਹਾਜ਼ਰ ਸਨ।” (ਰਸੂਲਾਂ ਦੇ ਕਰਤੱਬ 21:18) ਇਸ ਸਭਾ ਵਿਚ ਰਸੂਲਾਂ ਦਾ ਕੋਈ ਜ਼ਿਕਰ ਕਿਉਂ ਨਹੀਂ ਸੀ? ਇਕ ਵਾਰ ਫਿਰ, ਬਾਈਬਲ ਇਸ ਬਾਰੇ ਨਹੀਂ ਦੱਸਦੀ ਹੈ। ਪਰ ਇਤਿਹਾਸ-ਸ਼ਾਸਤਰੀ ਯੂਸੀਬੀਅਸ ਨੇ ਬਾਅਦ ਵਿਚ ਰਿਪੋਰਟ ਕੀਤੀ ਕਿ 66 ਸਾ.ਯੁ. ਤੋਂ ਕੁਝ ਸਮੇਂ ਪਹਿਲਾਂ, “ਬਾਕੀ ਦੇ ਰਸੂਲ, ਖੂੰਖਾਰ ਸਾਜ਼ਸ਼ਾਂ ਦੇ ਲਗਾਤਾਰ ਖ਼ਤਰੇ ਕਾਰਨ ਯਹੂਦਿਯਾ ਵਿੱਚੋਂ ਬਾਹਰ ਭਜਾਏ ਗਏ ਸੀ। ਪਰ ਆਪਣਾ ਸੰਦੇਸ਼ ਸਿਖਾਉਣ ਲਈ ਉਨ੍ਹਾਂ ਨੇ ਮਸੀਹ ਦੀ ਤਾਕਤ ਵਿਚ ਹਰ ਇਲਾਕੇ ਤਕ ਸਫ਼ਰ ਕੀਤਾ।” (ਯੂਸੀਬੀਅਸ, ਕਿਤਾਬ III, V, v. 2) ਇਹ ਸੱਚ ਹੈ ਕਿ ਯੂਸੀਬੀਅਸ ਦੇ ਸ਼ਬਦ ਪ੍ਰੇਰਿਤ ਰਿਕਾਰਡ ਦਾ ਭਾਗ ਨਹੀਂ ਹਨ, ਪਰ ਇਸ ਰਿਕਾਰਡ ਵਿਚ ਲਿੱਖੀਆਂ ਗੱਲਾਂ ਉਸ ਨਾਲ ਮੇਲ ਖਾਂਦੀਆਂ ਹਨ। ਮਿਸਾਲ ਲਈ, 62 ਸਾ.ਯੁ. ਤਕ, ਪਤਰਸ ਬਾਬਲ ਵਿਚ ਸੀ—ਯਰੂਸ਼ਲਮ ਤੋਂ ਬਹੁਤ ਦੂਰ। (1 ਪਤਰਸ 5:13) ਤਾਂ ਵੀ, 56 ਸਾ.ਯੁ. ਵਿਚ, ਅਤੇ ਮੁਮਕਿਨ ਹੈ ਕਿ ਠੀਕ 66 ਸਾ.ਯੁ. ਤਕ, ਯਰੂਸ਼ਲਮ ਵਿਚ ਇਕ ਪ੍ਰਬੰਧਕ ਸਭਾ ਸਪੱਸ਼ਟ ਤੌਰ ਤੇ ਸਰਗਰਮ ਸੀ।
ਆਧੁਨਿਕ ਸਮਿਆਂ ਵਿਚ ਪ੍ਰਬੰਧ
7. ਪਹਿਲੀ ਸਦੀ ਦੀ ਪ੍ਰਬੰਧਕ ਸਭਾ ਦੀ ਤੁਲਨਾ ਵਿਚ, ਅੱਜ ਦੀ ਪ੍ਰਬੰਧਕ ਸਭਾ ਦੀ ਬਣਤਰ ਵਿਚ ਕਿਹੜਾ ਵਿਸ਼ੇਸ਼ ਫ਼ਰਕ ਹੈ?
7 ਸੰਨ 33 ਸਾ.ਯੁ. ਤੋਂ ਲੈ ਕੇ ਯਰੂਸ਼ਲਮ ਤੇ ਬਿਪਤਾ ਆਉਣ ਤਕ, ਪ੍ਰਬੰਧਕ ਸਭਾ ਵਿਚ ਜ਼ਾਹਰਾ ਤੌਰ ਤੇ ਕੇਵਲ ਯਹੂਦੀ ਮਸੀਹੀ ਸਨ। 56 ਸਾ.ਯੁ. ਵਿਚ ਆਪਣੇ ਫੇਰੇ ਦੇ ਦੌਰਾਨ, ਪੌਲੁਸ ਨੂੰ ਪਤਾ ਲੱਗਾ ਕਿ ਯਰੂਸ਼ਲਮ ਵਿਚ ਕਈ ਯਹੂਦੀ ਮਸੀਹੀ ‘ਪ੍ਰਭੁ ਯਿਸੂ ਮਸੀਹ ਦੀ ਨਿਹਚਾ ਰੱਖਣ’ ਦੇ ਬਾਵਜੂਦ ਅਜੇ ਵੀ “[ਮੂਸਾ ਦੀ] ਸ਼ਰਾ ਦੇ ਗੈਰਤ ਵਾਲੇ” ਸਨ।c (ਯਾਕੂਬ 2:1; ਰਸੂਲਾਂ ਦੇ ਕਰਤੱਬ 21:20-25) ਅਜਿਹੇ ਯਹੂਦੀਆਂ ਲਈ ਪ੍ਰਬੰਧਕ ਸਭਾ ਵਿਚ ਇਕ ਗ਼ੈਰ-ਯਹੂਦੀ ਦੇ ਹੋਣ ਦੀ ਕਲਪਨਾ ਕਰਨੀ ਸ਼ਾਇਦ ਮੁਸ਼ਕਲ ਸੀ। ਪਰ, ਆਧੁਨਿਕ ਸਮਿਆਂ ਵਿਚ, ਇਸ ਸਭਾ ਦੀ ਬਣਤਰ ਵਿਚ ਇਕ ਹੋਰ ਤਬਦੀਲੀ ਆਈ ਹੈ। ਅੱਜ, ਇਹ ਕੇਵਲ ਮਸਹ ਕੀਤੇ ਹੋਏ ਗ਼ੈਰ-ਯਹੂਦੀ ਮਸੀਹੀਆਂ ਦੀ ਬਣੀ ਹੋਈ ਹੈ, ਅਤੇ ਯਹੋਵਾਹ ਨੇ ਉਨ੍ਹਾਂ ਦੀ ਨਿਗਰਾਨੀ ਉੱਤੇ ਵੱਡੀ ਬਰਕਤ ਦਿੱਤੀ ਹੈ।—ਅਫ਼ਸੀਆਂ 2:11-15.
8, 9. ਆਧੁਨਿਕ ਸਮਿਆਂ ਵਿਚ ਪ੍ਰਬੰਧਕ ਸਭਾ ਵਿਚ ਕਿਹੜੀਆਂ ਵਿਕਸਿਤ ਘਟਨਾਵਾਂ ਵਾਪਰੀਆਂ ਹਨ?
8 ਸੰਨ 1884 ਵਿਚ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਆਫ਼ ਪੈਨਸਿਲਵੇਨਿਆ ਦੇ ਇਕ ਕਾਰਪੋਰੇਸ਼ਨ ਬਣਨ ਤੋਂ ਲੈ ਕੇ 1972 ਤਕ, ਯਹੋਵਾਹ ਦੇ ਸੰਗਠਨ ਵਿਚ ਸੰਸਥਾ ਦਾ ਪ੍ਰਧਾਨ ਬਹੁਤ ਇਖ਼ਤਿਆਰ ਰੱਖਦਾ ਸੀ, ਜਦ ਕਿ ਪ੍ਰਬੰਧਕ ਸਭਾ ਅਤੇ ਸੰਸਥਾ ਦੇ ਬੋਰਡ ਆਫ਼ ਡਾਇਰੈਕਟਰਜ਼ ਵਿਚ ਗੂੜ੍ਹਾ ਸੰਬੰਧ ਸੀ। ਜੋ ਬਰਕਤਾਂ ਉਨ੍ਹਾਂ ਸਾਲਾਂ ਦੇ ਦੌਰਾਨ ਮਿਲੀਆਂ, ਇਹ ਸਾਬਤ ਕਰਦੀਆਂ ਹਨ ਕਿ ਯਹੋਵਾਹ ਉਸ ਇੰਤਜ਼ਾਮ ਨੂੰ ਕਬੂਲ ਕਰਦਾ ਸੀ। 1972 ਅਤੇ 1975 ਦੇ ਦਰਮਿਆਨ, ਪ੍ਰਬੰਧਕ ਸਭਾ ਨੂੰ 18 ਮੈਂਬਰਾਂ ਤਕ ਵਧਾ ਦਿੱਤਾ ਗਿਆ। ਜਦੋਂ ਇਸ ਵੱਡੀ ਕੀਤੀ ਗਈ ਸਭਾ ਨੂੰ ਜ਼ਿਆਦਾ ਇਖ਼ਤਿਆਰ ਦਿੱਤਾ ਗਿਆ, ਤਾਂ ਗੱਲਾਂ ਪਹਿਲੀ-ਸਦੀ ਦੇ ਇੰਤਜ਼ਾਮ ਨਾਲ ਜ਼ਿਆਦਾ ਮੇਲ ਖਾਣ ਲੱਗੀਆਂ। ਇਸ ਸਭਾ ਦੇ ਕੁਝ ਭਰਾ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਆਫ਼ ਪੈਨਸਿਲਵੇਨਿਆ ਦੇ ਡਾਇਰੈਕਟਰ ਵੀ ਹਨ।
9 ਸੰਨ 1975 ਤੋਂ ਹੁਣ ਤੀਕ ਇਨ੍ਹਾਂ 18 ਵਿਅਕਤੀਆਂ ਵਿੱਚੋਂ ਕਈ ਆਪਣਾ ਪਾਰਥਿਵ ਜੀਵਨ ਪੂਰਾ ਕਰ ਚੁੱਕੇ ਹਨ। ਉਨ੍ਹਾਂ ਨੇ ਜਗਤ ਨੂੰ ਜਿੱਤਿਆ ਹੈ ਅਤੇ ‘ਸਿੰਘਾਸਣ ਉੱਤੇ ਯਿਸੂ ਨਾਲ ਬੈਠ’ ਗਏ ਹਨ। (ਪਰਕਾਸ਼ ਦੀ ਪੋਥੀ 3:21) ਇਸ ਅਤੇ ਹੋਰ ਕਾਰਨਾਂ ਕਰਕੇ, ਪ੍ਰਬੰਧਕ ਸਭਾ ਵਿਚ ਹੁਣ ਦਸ ਮੈਂਬਰ ਹਨ, ਜਿਨ੍ਹਾਂ ਵਿਚ ਇਕ ਮੈਂਬਰ 1994 ਵਿਚ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਵਿੱਚੋਂ ਬਹੁਤ ਸਾਰੇ ਕਾਫ਼ੀ ਪੱਕੀ ਉਮਰ ਦੇ ਹਨ। ਫਿਰ ਵੀ, ਇਨ੍ਹਾਂ ਮਸਹ ਕੀਤੇ ਹੋਏ ਭਰਾਵਾਂ ਨੂੰ ਚੰਗੀ ਸਹਾਇਤਾ ਦਿੱਤੀ ਜਾਂਦੀ ਹੈ ਜਿਉਂ-ਜਿਉਂ ਉਹ ਆਪਣੀਆਂ ਭਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਦੇ ਹਨ। ਉਹ ਸਹਾਇਤਾ ਕਿੱਥੋਂ ਮਿਲਦੀ ਹੈ? ਇਸ ਸਵਾਲ ਦਾ ਜਵਾਬ ਪਰਮੇਸ਼ੁਰ ਦੇ ਲੋਕਾਂ ਵਿਚ ਵਿਕਸਿਤ ਹੋਈਆਂ ਆਧੁਨਿਕ ਘਟਨਾਵਾਂ ਵੱਲ ਇਕ ਨਜ਼ਰ ਮਾਰਨ ਨਾਲ ਮਿਲਦਾ ਹੈ।
ਪਰਮੇਸ਼ੁਰ ਦੇ ਇਸਰਾਏਲ ਲਈ ਸਹਾਇਤਾ
10. ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਮਸਹ ਕੀਤੇ ਹੋਇਆਂ ਨਾਲ ਕੌਣ ਯਹੋਵਾਹ ਦੀ ਸੇਵਾ ਵਿਚ ਸ਼ਾਮਲ ਹੋਏ ਹਨ, ਅਤੇ ਇਸ ਦੀ ਭਵਿੱਖਬਾਣੀ ਕਿਸ ਤਰ੍ਹਾਂ ਕੀਤੀ ਗਈ ਸੀ?
10 ਸੰਨ 1884 ਵਿਚ ਤਕਰੀਬਨ ਸਾਰੇ ਜੋ ਪਰਮੇਸ਼ੁਰ ਦੇ ਇਸਰਾਏਲ ਨਾਲ ਸੰਗਤ ਕਰਦੇ ਸਨ ਮਸਹ ਕੀਤੇ ਹੋਏ ਮਸੀਹੀ ਸਨ। ਫਿਰ ਵੀ, ਹੌਲੀ ਹੌਲੀ, ਇਕ ਹੋਰ ਸਮੂਹ ਪ੍ਰਗਟ ਹੋਣ ਲੱਗਾ, ਅਤੇ 1935 ਵਿਚ ਇਹ ਸਮੂਹ ਪਰਕਾਸ਼ ਦੀ ਪੋਥੀ ਅਧਿਆਇ 7 ਦੀ “ਵੱਡੀ ਭੀੜ” ਵਜੋਂ ਪਛਾਣਿਆ ਗਿਆ। ਇਕ ਪਾਰਥਿਵ ਉਮੀਦ ਰੱਖਦੇ ਹੋਏ, ਇਹ ਉਨ੍ਹਾਂ ‘ਚੀਜ਼ਾਂ ਜੋ ਧਰਤੀ ਉੱਤੇ ਹਨ,’ ਨੂੰ ਦਰਸਾਉਂਦੇ ਹਨ ਜਿਨ੍ਹਾਂ ਨੂੰ ਮਸੀਹ ਵਿਚ ਇਕੱਠਾ ਕਰਨਾ ਯਹੋਵਾਹ ਦਾ ਮਕਸਦ ਹੈ। (ਅਫ਼ਸੀਆਂ 1:10) ਇਹ ਯਿਸੂ ਦੇ ਭੇਡ-ਵਾੜੇ ਦੇ ਦ੍ਰਿਸ਼ਟਾਂਤ ਦੀਆਂ ‘ਹੋਰ ਭੇਡਾਂ’ ਨੂੰ ਦਰਸਾਉਂਦੇ ਹਨ। (ਯੂਹੰਨਾ 10:16) 1935 ਤੋਂ, ਹੋਰ ਭੇਡਾਂ ਯਹੋਵਾਹ ਦੇ ਸੰਗਠਨ ਵਿਚ ਇਕੱਠਿਆਂ ਹੋ ਰਹੀਆਂ ਹਨ। ਉਹ “ਬੱਦਲ ਵਾਂਙੁ ਉੱਡੇ ਆਉਂਦੇ ਹਨ, ਜਿਵੇਂ ਘੁੱਗੀਆਂ ਆਪਣੇ ਕਾਬੁਕਾਂ ਨੂੰ।” (ਯਸਾਯਾਹ 60:8) ਕਿਉਂ ਜੋ ਵੱਡੀ ਭੀੜ ਵੱਧਦੀ ਜਾ ਰਹੀ ਹੈ, ਅਤੇ ਮਸਹ ਕੀਤੇ ਹੋਏ ਮਸੀਹੀ ਮੌਤ ਵਿਚ ਆਪਣੇ ਪਾਰਥਿਵ ਜੀਵਨ ਖ਼ਤਮ ਕਰਨ ਦੇ ਕਾਰਨ ਘੱਟਦੇ ਜਾ ਰਹੇ ਹਨ, ਯੋਗਤਾ-ਪ੍ਰਾਪਤ ਹੋਰ ਭੇਡਾਂ ਨੇ ਮਸੀਹੀ ਸਰਗਰਮੀਆਂ ਵਿਚ ਵਧੱਦੀ ਮਾਤਰਾ ਵਿਚ ਹਿੱਸਾ ਲਿਆ ਹੈ। ਕਿਨ੍ਹਾਂ ਤਰੀਕਿਆਂ ਨਾਲ?
11. ਕਿਹੜੇ ਵਿਸ਼ੇਸ਼-ਸਨਮਾਨ, ਜੋ ਮੁੱਢ ਵਿਚ ਸਿਰਫ਼ ਮਸਹ ਕੀਤੇ ਹੋਏ ਮਸੀਹੀਆਂ ਲਈ ਸਨ, ਹੁਣ ਹੋਰ ਭੇਡਾਂ ਨੂੰ ਦਿੱਤੇ ਗਏ ਹਨ?
11 ਯਹੋਵਾਹ ਦੇ ਗੁਣਾਂ ਦਾ ਪ੍ਰਚਾਰ ਕਰਨਾ ਹਮੇਸ਼ਾ ਪਰਮੇਸ਼ੁਰ ਦੀ “ਪਵਿੱਤ੍ਰ ਕੌਮ” ਦਾ ਇਕ ਖ਼ਾਸ ਫ਼ਰਜ਼ ਰਿਹਾ ਹੈ। ਪੌਲੁਸ ਨੇ ਇਸ ਨੂੰ ਇਕ ਹੈਕਲ ਬਲੀਦਾਨ ਕਿਹਾ, ਅਤੇ ਯਿਸੂ ਨੇ “ਜਾਜਕਾਂ ਦੀ ਸ਼ਾਹੀ ਮੰਡਲੀ” ਵਿਚ ਸ਼ਾਮਲ ਹੋਣ ਵਾਲਿਆਂ ਨੂੰ ਪ੍ਰਚਾਰ ਕਰਨ ਅਤੇ ਸਿਖਾਉਣ ਦਾ ਹੁਕਮ ਦਿੱਤਾ ਸੀ। (ਕੂਚ 19:5, 6; 1 ਪਤਰਸ 2:4, 9; ਮੱਤੀ 24:14; 28:19, 20; ਇਬਰਾਨੀਆਂ 13:15, 16) ਤਾਂ ਵੀ, ਅਗਸਤ 1, 1932, ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਅੰਕ ਨੇ ਖ਼ਾਸ ਕਰਕੇ ਉਨ੍ਹਾਂ ਨੂੰ ਇਸ ਸਰਗਰਮੀ ਵਿਚ ਹਿੱਸਾ ਲੈਣ ਲਈ ਉਤਸ਼ਾਹ ਦਿੱਤਾ ਜੋ ਯੋਨਾਦਾਬ ਦੁਆਰਾ ਪੂਰਵ-ਚਿਤ੍ਰਿਤ ਕੀਤੇ ਗਏ ਸਨ। ਵਾਕਈ, ਇਨ੍ਹਾਂ ਹੋਰ ਭੇਡਾਂ ਵਿੱਚੋਂ ਅਨੇਕ ਪਹਿਲਾਂ ਹੀ ਇੰਜ ਕਰ ਰਹੀਆਂ ਸੀ। ਅੱਜ, ਤਕਰੀਬਨ ਸਾਰਾ ਪ੍ਰਚਾਰ ਕਾਰਜ ਹੋਰ ਭੇਡਾਂ ਰਾਹੀਂ ਕੀਤਾ ਜਾਂਦਾ ਹੈ; ਇਹ ‘[ਪਰਮੇਸ਼ੁਰ] ਦੀ ਹੈਕਲ ਵਿੱਚ ਰਾਤ ਦਿਨ ਉਹ ਦੀ ਉਪਾਸਨਾ ਕਰਨ’ ਦਾ ਇਕ ਉੱਘਾ ਹਿੱਸਾ ਹੈ। (ਪਰਕਾਸ਼ ਦੀ ਪੋਥੀ 7:15) ਇਸੇ ਤਰ੍ਹਾਂ, ਯਹੋਵਾਹ ਦੇ ਲੋਕਾਂ ਦੇ ਆਧੁਨਿਕ ਇਤਿਹਾਸ ਦੇ ਮੁਢਲੇ ਹਿੱਸੇ ਵਿਚ, ਕਲੀਸਿਯਾ ਦੇ ਬਜ਼ੁਰਗ ਮਸਹ ਕੀਤੇ ਹੋਏ ਮਸੀਹੀ ਸਨ, ਯਿਸੂ ਮਸੀਹ ਦੇ ਸੱਜੇ ਹੱਥ ਵਿਚ “ਤਾਰੇ।” (ਪਰਕਾਸ਼ ਦੀ ਪੋਥੀ 1:16, 20) ਪਰ ਮਈ 1, 1937, ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਅੰਕ ਨੇ ਐਲਾਨ ਕੀਤਾ ਕਿ ਯੋਗਤਾ-ਪ੍ਰਾਪਤ ਹੋਰ ਭੇਡਾਂ ਕੰਪਨੀ ਸੇਵਕ (ਪ੍ਰਧਾਨ ਨਿਗਾਹਬਾਨ) ਹੋ ਸਕਦੀਆਂ ਸਨ। ਜੇਕਰ ਮਸਹ ਕੀਤੇ ਹੋਏ ਮਨੁੱਖ ਮੌਜੂਦ ਵੀ ਹੋਣ, ਤਾਂ ਵੀ ਹੋਰ ਭੇਡਾਂ ਇਸਤੇਮਾਲ ਕੀਤੀਆਂ ਜਾ ਸਕਦੀਆਂ ਹਨ ਜੇ ਮਸਹ ਕੀਤੇ ਹੋਏ ਮਨੁੱਖ ਇਸ ਜ਼ਿੰਮੇਵਾਰੀ ਨੂੰ ਨਾ ਚੁੱਕ ਸਕਣ। ਅੱਜ, ਕਲੀਸਿਯਾ ਦੇ ਤਕਰੀਬਨ ਸਾਰੇ ਬਜ਼ੁਰਗ ਹੋਰ ਭੇਡਾਂ ਵਿੱਚੋਂ ਹਨ।
12. ਯੋਗਤਾ-ਪ੍ਰਾਪਤ ਹੋਰ ਭੇਡਾਂ ਨੂੰ ਭਾਰੀਆਂ ਪ੍ਰਬੰਧਕੀ ਜ਼ਿੰਮੇਵਾਰੀਆਂ ਦੇਣ ਲਈ ਕਿਹੜੀਆਂ ਸ਼ਾਸਤਰ-ਸੰਬੰਧੀ ਪੂਰਵ-ਮਿਸਾਲਾਂ ਪੇਸ਼ ਹਨ?
12 ਕੀ ਹੋਰ ਭੇਡਾਂ ਨੂੰ ਅਜਿਹੀਆਂ ਭਾਰੀਆਂ ਜ਼ਿੰਮੇਵਾਰੀਆਂ ਦੇਣੀਆਂ ਗ਼ਲਤ ਹਨ? ਜੀ ਨਹੀਂ, ਇਹ ਇਤਿਹਾਸਕ ਪੂਰਵ-ਮਿਸਾਲ ਅਨੁਸਾਰ ਹੈ। ਪ੍ਰਾਚੀਨ ਇਸਰਾਏਲ ਵਿਚ ਕੁਝ ਓਪਰੇ ਨਵ-ਯਹੂਦੀ (ਪਰਦੇਸੀ) ਉੱਚੀ ਪਦਵੀ ਤੇ ਸਨ। (2 ਸਮੂਏਲ 23:37, 39; ਯਿਰਮਿਯਾਹ 38:7-9) ਬਾਬਲੀ ਜਲਾਵਤਨ ਤੋਂ ਬਾਅਦ, ਹੈਕਲ ਦੀ ਸੇਵਾ ਦਾ ਵਿਸ਼ੇਸ਼-ਸਨਮਾਨ, ਜੋ ਪਹਿਲਾਂ ਸਿਰਫ਼ ਲੇਵੀਆਂ ਲਈ ਰਾਖਵਾਂ ਸੀ, ਯੋਗ ਨਥੀਨੀਮਾਂ (ਹੈਕਲ ਦੇ ਗ਼ੈਰ-ਇਸਰਾਏਲੀ ਸੇਵਕਾਂ) ਨੂੰ ਦਿੱਤਾ ਗਿਆ। (ਅਜ਼ਰਾ 8:15-20; ਨਹਮਯਾਹ 7:60) ਇਸ ਤੋਂ ਇਲਾਵਾ, ਮੂਸਾ, ਜੋ ਰੂਪਾਂਤਰਣ ਦਰਸ਼ਣ ਵਿਚ ਯਿਸੂ ਨਾਲ ਨਜ਼ਰ ਆਇਆ ਸੀ, ਨੇ ਮਿਦਯਾਨੀ ਯਿਥਰੋ ਦੁਆਰਾ ਪੇਸ਼ ਕੀਤੀ ਹੋਈ ਵਧੀਆ ਸਲਾਹ ਪ੍ਰਵਾਨ ਕੀਤੀ। ਬਾਅਦ ਵਿਚ, ਉਸ ਨੇ ਯਿਥਰੋ ਦੇ ਪੁੱਤਰ ਹੋਬਾਬ ਨੂੰ ਉਨ੍ਹਾਂ ਨੂੰ ਉਜਾੜ ਵਿੱਚੋਂ ਰਾਹ ਦਿਖਾਉਣ ਲਈ ਬੇਨਤੀ ਕੀਤੀ।—ਕੂਚ 18:5, 17-24; ਗਿਣਤੀ 10:29.
13. ਯੋਗਤਾ-ਪ੍ਰਾਪਤ ਹੋਰ ਭੇਡਾਂ ਨੂੰ ਨਿਮਰਤਾ ਨਾਲ ਜ਼ਿੰਮੇਵਾਰੀਆਂ ਸੌਂਪ ਕੇ, ਮਸਹ ਕੀਤੇ ਹੋਏ ਮਸੀਹੀ ਕਿਸ ਦੀ ਵਧੀਆ ਮਨੋਬਿਰਤੀ ਦੀ ਨਕਲ ਕਰ ਰਹੇ ਹਨ?
13 ਉਜਾੜ ਵਿਚ 40 ਵਰ੍ਹਿਆਂ ਦੇ ਅੰਤ ਤਕ, ਮੂਸਾ, ਇਹ ਜਾਣਦੇ ਹੋਏ ਕਿ ਉਹ ਵਾਅਦਾ ਕੀਤੇ ਹੋਏ ਦੇਸ਼ ਵਿਚ ਨਹੀਂ ਜਾਵੇਗਾ, ਨੇ ਪ੍ਰਾਰਥਨਾ ਕੀਤੀ ਕਿ ਯਹੋਵਾਹ ਇਕ ਉੱਤਰਗਾਮੀ ਦਾ ਪ੍ਰਬੰਧ ਕਰੇ। (ਗਿਣਤੀ 27:15-17) ਯਹੋਵਾਹ ਨੇ ਉਸ ਨੂੰ ਸਾਰੇ ਲੋਕਾਂ ਦੇ ਸਾਮ੍ਹਣੇ ਯਹੋਸ਼ੁਆ ਨੂੰ ਨਿਯੁਕਤ ਕਰਨ ਲਈ ਕਿਹਾ, ਅਤੇ ਮੂਸਾ ਨੇ ਇੰਜ ਹੀ ਕੀਤਾ, ਭਾਵੇਂ ਉਹ ਅਜੇ ਸਰੀਰਕ ਤੌਰ ਤੇ ਚੰਗਾ-ਭਲਾ ਸੀ ਅਤੇ ਉਸ ਨੇ ਇਸਰਾਏਲ ਦੀ ਸੇਵਾ ਕਰਨੀ ਫ਼ੌਰਨ ਬੰਦ ਨਹੀਂ ਕੀਤੀ ਸੀ। (ਬਿਵਸਥਾ ਸਾਰ 3:28; 34:5-7, 9) ਮਸਹ ਕੀਤੇ ਹੋਏ ਪਹਿਲਾਂ ਤੋਂ ਹੀ ਅਜਿਹੀ ਨਿਮਰ ਮਨੋਬਿਰਤੀ ਨਾਲ, ਹੋਰ ਭੇਡਾਂ ਵਿੱਚੋਂ ਯੋਗ ਮਨੁੱਖਾਂ ਨੂੰ ਵੱਧਦੀ ਮਾਤਰਾ ਵਿਚ ਵਿਸ਼ੇਸ਼-ਸਨਮਾਨ ਪੇਸ਼ ਕਰਦੇ ਆਏ ਹਨ।
14. ਕਿਹੜੀਆਂ ਭਵਿੱਖਬਾਣੀਆਂ ਹੋਰ ਭੇਡਾਂ ਦੀ ਵੱਧ ਰਹੀ ਪ੍ਰਬੰਧਕੀ ਭੂਮਿਕਾ ਵੱਲ ਧਿਆਨ ਖਿੱਚਦੀਆਂ ਹਨ?
14 ਹੋਰ ਭੇਡਾਂ ਦੀ ਵੱਧ ਰਹੀ ਪ੍ਰਬੰਧਕੀ ਭੂਮਿਕਾ ਵੀ ਭਵਿੱਖਬਾਣੀ ਦਾ ਵਿਸ਼ਾ ਹੈ। ਜ਼ਕਰਯਾਹ ਨੇ ਭਵਿੱਖਬਾਣੀ ਕੀਤੀ ਕਿ ਗ਼ੈਰ-ਇਸਰਾਏਲੀ ਫਲਿਸਤੀ ‘ਯਹੂਦਾਹ ਵਿੱਚ ਸਰਦਾਰ ਵਾਂਙੁ’ ਹੋਵੇਗਾ। (ਜ਼ਕਰਯਾਹ 9:6, 7) ਸਰਦਾਰ ਕਬਾਇਲੀ ਪ੍ਰਧਾਨ ਹੁੰਦੇ ਸੀ, ਇਸ ਲਈ ਜ਼ਕਰਯਾਹ ਕਹਿ ਰਿਹਾ ਸੀ ਕਿ ਇਸਰਾਏਲ ਦਾ ਬੀਤੇ ਸਮੇਂ ਦਾ ਇਕ ਦੁਸ਼ਮਣ ਸੱਚੀ ਉਪਾਸਨਾ ਕਬੂਲ ਕਰੇਗਾ ਅਤੇ ਵਾਅਦਾ ਕੀਤੇ ਹੋਏ ਦੇਸ਼ ਵਿਚ ਇਕ ਕਬਾਇਲੀ ਪ੍ਰਧਾਨ ਜਿਹਾ ਹੋਵੇਗਾ। ਨਾਲੇ, ਪਰਮੇਸ਼ੁਰ ਦੇ ਇਸਰਾਏਲ ਨੂੰ ਸੰਬੋਧਨ ਕਰਦੇ ਹੋਏ, ਯਹੋਵਾਹ ਨੇ ਕਿਹਾ: “ਪਰਦੇਸੀ ਆ ਖੜੇ ਹੋਣਗੇ ਅਤੇ ਤੁਹਾਡੇ ਇੱਜੜਾਂ ਨੂੰ ਚਾਰਨਗੇ, ਓਪਰੇ ਤੁਹਾਡੇ ਹਾਲੀ ਤੇ ਮਾਲੀ ਹੋਣਗੇ, ਤੁਸੀਂ ਯਹੋਵਾਹ ਦੇ ਜਾਜਕ ਕਹਾਓਗੇ, ਲੋਕ ਤੁਹਾਨੂੰ ਸਾਡੇ ਪਰਮੇਸ਼ੁਰ ਦੇ ਸੇਵਾਦਾਰ ਆਖਣਗੇ।” (ਯਸਾਯਾਹ 61:5, 6) “ਪਰਦੇਸੀ” ਅਤੇ “ਓਪਰੇ” ਹੋਰ ਭੇਡਾਂ ਹਨ। ਇਨ੍ਹਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ ਤਾਂ ਕਿ ਇਹ ਜ਼ਿਆਦਾ ਤੋਂ ਜ਼ਿਆਦਾ ਕੰਮ ਸੰਭਾਲਣ, ਜਿਉਂ-ਜਿਉਂ ਉਮਰ ਵਿਚ ਵੱਧ ਰਹੇ ਮਸਹ ਕੀਤੇ ਹੋਏ ਬਕੀਏ ਦੇ ਮੈਂਬਰ ਆਪਣੇ ਪਾਰਥਿਵ ਜੀਵਨ ਪੂਰੇ ਕਰ ਕੇ ਸਵਰਗ ਵਿਚ ‘ਯਹੋਵਾਹ ਦੇ ਜਾਜਕਾਂ’ ਵਜੋਂ ਸੰਪੂਰਣ ਤੌਰ ਤੇ ਸੇਵਾ ਕਰਨ ਲਈ ਜਾ ਰਹੇ ਹਨ, ਜਿੱਥੇ ਇਹ ‘ਸਾਡੇ ਪਰਮੇਸ਼ੁਰ ਦੇ ਸੇਵਾਦਾਰਾਂ’ ਵਜੋਂ ਯਹੋਵਾਹ ਦੇ ਸ਼ਾਹੀ ਸਿੰਘਾਸਣ ਦੇ ਦੁਆਲੇ ਰਹਿਣਗੇ।—1 ਕੁਰਿੰਥੀਆਂ 15:50-57; ਪਰਕਾਸ਼ ਦੀ ਪੋਥੀ 4:4, 9-11; 5:9, 10.
“ਆਉਣ ਵਾਲੀ ਪੀੜ੍ਹੀ”
15. ਇਸ ਅੰਤ ਦੇ ਸਮੇਂ ਵਿਚ, ਮਸੀਹੀਆਂ ਦਾ ਕਿਹੜਾ ਸਮੂਹ “ਬੁਢੇਪੇ” ਤਕ ਪਹੁੰਚ ਗਿਆ ਹੈ, ਅਤੇ ਕਿਹੜਾ ਸਮੂਹ “ਆਉਣ ਵਾਲੀ ਪੀੜ੍ਹੀ” ਨੂੰ ਦਰਸਾਉਂਦਾ ਹੈ?
15 ਮਸਹ ਕੀਤਾ ਹੋਇਆ ਬਕੀਆ ਹੋਰ ਭੇਡਾਂ ਨੂੰ ਵੱਧਦੀ ਮਾਤਰਾ ਵਿਚ ਜ਼ਿੰਮੇਵਾਰੀਆਂ ਦੇਣ ਲਈ ਉਤਸੁਕ ਰਿਹਾ ਹੈ। ਜ਼ਬੂਰ 71:18 ਕਹਿੰਦਾ ਹੈ: “ਬੁਢੇਪੇ ਤੇ ਧੌਲਿਆਂ ਤੀਕ ਵੀ, ਹੇ ਪਰਮੇਸ਼ੁਰ, ਮੈਨੂੰ ਨਾ ਤਿਆਗ, ਜਦ ਤੀਕ ਮੈਂ ਆਉਣ ਵਾਲੀ ਪੀੜ੍ਹੀ ਨੂੰ ਤੇਰਾ ਬਲ, ਅਤੇ ਸਾਰੇ ਆਉਣ ਵਾਲਿਆਂ ਨੂੰ ਤੇਰੀ ਸਮਰੱਥਾ ਨਾ ਦੱਸਾਂ।” ਇਸ ਆਇਤ ਤੇ ਟਿੱਪਣੀ ਕਰਦੇ ਹੋਏ, ਦਸੰਬਰ 15, 1948, ਦੇ ਪਹਿਰਾਬੁਰਜ (ਅੰਗ੍ਰੇਜ਼ੀ) ਨੇ ਇਸ ਗੱਲ ਵੱਲ ਧਿਆਨ ਖਿੱਚਿਆ ਕਿ ਮਸਹ ਕੀਤੇ ਹੋਏ ਮਸੀਹੀਆਂ ਦੀ ਕਲੀਸਿਯਾ ਸੱਚ-ਮੁੱਚ ਬੁਢੇਪੇ ਤਕ ਪਹੁੰਚ ਗਈ ਸੀ। ਇਸ ਨੇ ਅੱਗੇ ਕਿਹਾ ਕਿ ਮਸਹ ਕੀਤੇ ਹੋਏ ਮਸੀਹੀ ਖਿੜੇ-ਮੱਥੇ “ਬਾਈਬਲ ਦੀ ਭਵਿੱਖਬਾਣੀ ਦੀ ਰੌਸ਼ਨੀ ਵਿਚ ਅੱਗੇ ਦੇਖਦੇ ਹਨ ਅਤੇ ਉਨ੍ਹਾਂ ਨੂੰ ਇਕ ਨਵੀਂ ਪੀੜ੍ਹੀ ਨਜ਼ਰ ਆਉਂਦੀ ਹੈ।” ਇਹ ਖ਼ਾਸ ਕਰਕੇ ਕਿਸ ਬਾਰੇ ਜ਼ਿਕਰ ਹੈ? ਪਹਿਰਾਬੁਰਜ ਨੇ ਕਿਹਾ: “ਯਿਸੂ ਨੇ ਉਨ੍ਹਾਂ ਨੂੰ ਆਪਣੀਆਂ ‘ਹੋਰ ਭੇਡਾਂ’ ਵਜੋਂ ਦੱਸਿਆ ਸੀ।” “ਆਉਣ ਵਾਲੀ ਪੀੜ੍ਹੀ” ਉਨ੍ਹਾਂ ਵਿਅਕਤੀਆਂ ਨੂੰ ਸੰਕੇਤ ਕਰਦੀ ਹੈ ਜੋ ਸਵਰਗ ਦੇ ਰਾਜ ਦੇ ਅਧੀਨ ਨਵੇਂ ਪਾਰਥਿਵ ਪ੍ਰਬੰਧ ਹੇਠ ਰਹਿਣਗੇ।
16. “ਆਉਣ ਵਾਲੀ ਪੀੜ੍ਹੀ” ਵਾਲੇ ਵਿਅਕਤੀ ਕਿਹੜੀਆਂ ਬਰਕਤਾਂ ਨੂੰ ਬੇਚੈਨੀ ਨਾਲ ਉਡੀਕ ਰਹੇ ਹਨ?
16 ਬਾਈਬਲ ਸਪੱਸ਼ਟ ਤੌਰ ਤੇ ਨਹੀਂ ਦੱਸਦੀ ਕਿ ਸਾਰੇ ਮਸਹ ਕੀਤੇ ਹੋਏ ਮਸੀਹੀ ਕਦੋਂ ਆਪਣੇ ਇਸ “ਆਉਣ ਵਾਲੀ ਪੀੜ੍ਹੀ” ਦੇ ਭਰਾਵਾਂ ਨੂੰ ਛੱਡ ਕੇ ਯਿਸੂ ਮਸੀਹ ਨਾਲ ਵਡਿਆਏ ਜਾਣ ਲਈ ਰਵਾਨਾ ਹੋਣਗੇ। ਪਰ ਇਹ ਮਸਹ ਕੀਤੇ ਹੋਏ ਵਿਸ਼ਵਾਸ ਕਰਦੇ ਹਨ ਕਿ ਇਸ ਦਾ ਸਮਾਂ ਆ ਰਿਹਾ ਹੈ। “ਓੜਕ ਦੇ ਸਮੇਂ” ਬਾਰੇ ਯਿਸੂ ਦੀ ਮਹਾਨ ਭਵਿੱਖਬਾਣੀ ਵਿਚ ਪੂਰਵ-ਸੂਚਿਤ ਘਟਨਾਵਾਂ 1914 ਤੋਂ ਪੂਰੀਆਂ ਹੋ ਰਹੀਆਂ ਹਨ, ਇਹ ਦਿਖਾਉਂਦੇ ਹੋਏ ਕਿ ਇਸ ਜਗਤ ਦਾ ਅੰਤ ਨੇੜੇ ਹੈ। (ਦਾਨੀਏਲ 12:4; ਮੱਤੀ 24:3-14; ਮਰਕੁਸ 13:4-20; ਲੂਕਾ 21:7-24) ਜਲਦੀ ਹੀ, ਯਹੋਵਾਹ ਇਕ ਨਵਾਂ ਸੰਸਾਰ ਲਿਆਵੇਗਾ, ਜਿਸ ਵਿਚ “ਆਉਣ ਵਾਲੀ ਪੀੜ੍ਹੀ,” ‘ਸੰਸਾਰ ਦੇ ਮੁੱਢੋਂ ਉਨ੍ਹਾਂ ਲਈ ਤਿਆਰ ਕੀਤੇ ਹੋਏ ਰਾਜ [ਪਾਰਥਿਵ ਮੰਡਲ] ਦੇ ਵਾਰਸ’ ਹੋਣਗੇ। (ਮੱਤੀ 25:34) ਉਹ ਪਰਾਦੀਸ ਦੀ ਮੁੜ ਬਹਾਲੀ ਅਤੇ ਹੇਡੀਜ਼ ਵਿੱਚੋਂ ਕਰੋੜਾਂ ਮੁਰਦਿਆਂ ਦੇ ਜੀ ਉੱਠਣ ਦੀ ਆਸ ਰੱਖਣ ਤੇ ਰੁਮਾਂਚਿਤ ਹਨ। (ਪਰਕਾਸ਼ ਦੀ ਪੋਥੀ 20:13) ਕੀ ਮਸਹ ਕੀਤੇ ਹੋਏ ਮਸੀਹੀ ਇਨ੍ਹਾਂ ਪੁਨਰ-ਉਥਿਤ ਵਿਅਕਤੀਆਂ ਦਾ ਸੁਆਗਤ ਕਰਨ ਲਈ ਉੱਥੇ ਹੋਣਗੇ? 1925 ਵਿਚ, ਮਈ 1 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਨੇ ਕਿਹਾ: “ਸਾਨੂੰ ਮਨਮਰਜ਼ੀ ਨਾਲ ਕਹਿਣਾ ਨਹੀਂ ਚਾਹੀਦਾ ਕਿ ਪਰਮੇਸ਼ੁਰ ਕੀ ਕਰੇਗਾ ਜਾਂ ਨਹੀਂ ਕਰੇਗਾ। . . . [ਪਰ] ਅਸੀਂ ਇਸ ਸਿੱਟੇ ਤਕ ਪਹੁੰਚਦੇ ਹਾਂ ਕਿ ਚਰਚ ਦੇ ਮੈਂਬਰ [ਮਸਹ ਕੀਤੇ ਹੋਏ ਮਸੀਹੀ] ਪ੍ਰਾਚੀਨ ਸਨਮਾਨਯੋਗ ਵਿਅਕਤੀਆਂ [ਵਫ਼ਾਦਾਰ ਪੂਰਵ-ਮਸੀਹੀ ਗਵਾਹ] ਦੇ ਪੁਨਰ-ਉਥਾਨ ਤੋਂ ਪਹਿਲਾਂ ਵਡਿਆਏ ਜਾਣਗੇ।” ਇਸੇ ਤਰ੍ਹਾਂ ਜਦ ਚਰਚਾ ਚਲੀ ਕਿ ਕੀ ਪੁਨਰ-ਉਥਿਤ ਵਿਅਕਤੀਆਂ ਦਾ ਸੁਆਗਤ ਕਰਨ ਲਈ ਕੁਝ ਮਸਹ ਕੀਤੇ ਮਸੀਹੀ ਉੱਥੇ ਹੋਣਗੇ, ਤਾਂ ਸਤੰਬਰ 1, 1989, ਦੇ ਪਹਿਰਾਬੁਰਜ (ਅੰਗ੍ਰੇਜ਼ੀ) ਨੇ ਕਿਹਾ: “ਇਸ ਦੀ ਜ਼ਰੂਰਤ ਨਹੀਂ ਹੋਵੇਗੀ।”d
17. ਤਖਤਨਸ਼ੀਨ ਰਾਜੇ ਯਿਸੂ ਮਸੀਹ ਦੇ ਨਾਲ, ਮਸਹ ਕੀਤੇ ਹੋਏ ਮਸੀਹੀ ਇਕ ਸਮੂਹ ਵਜੋਂ, ਕਿਹੜੇ ਅਦਭੁਤ ਵਿਸ਼ੇਸ਼-ਸਨਮਾਨਾਂ ਵਿਚ ਹਿੱਸਾ ਲੈਣਗੇ?
17 ਇਹ ਸੱਚ ਹੈ, ਅਸੀਂ ਇਹ ਨਹੀਂ ਜਾਣਦੇ ਕਿ ਹਰੇਕ ਮਸਹ ਕੀਤੇ ਹੋਏ ਮਸੀਹੀ ਦੇ ਮਾਮਲੇ ਵਿਚ ਕੀ ਹੋਵੇਗਾ। ਪਰ ਰੂਪਾਂਤਰਣ ਦਰਸ਼ਣ ਵਿਚ ਮੂਸਾ ਅਤੇ ਏਲੀਯਾਹ ਦੀ ਮੌਜੂਦਗੀ ਸੰਕੇਤ ਕਰਦੀ ਹੈ ਕਿ ਪੁਨਰ-ਉਥਿਤ ਮਸਹ ਕੀਤੇ ਹੋਏ ਮਸੀਹੀਆਂ ਦੀ ਯਿਸੂ ਦੇ ਨਾਲ ਹੋਣ ਦੀ ਆਸ ਰੱਖੀ ਜਾਂਦੀ ਹੈ ਜਦੋਂ ਉਹ ਆਪਣਾ ਨਿਆਉਂ ਪੇਸ਼ ਕਰਨ ਅਤੇ ਅਮਲ ਵਿਚ ਲਿਆਉਣ ਵੇਲੇ “ਹਰੇਕ ਨੂੰ ਉਹ ਦੀ ਕਰਨੀ ਮੂਜਬ ਫਲ” ਦੇਣ ਲਈ ਆਵੇਗਾ। ਇਸ ਤੋਂ ਇਲਾਵਾ, ਸਾਨੂੰ ਯਿਸੂ ਦਾ ਵਾਅਦਾ ਚੇਤੇ ਹੈ ਕਿ ਮਸਹ ਕੀਤੇ ਹੋਏ ਮਸੀਹੀ ਜੋ ‘ਜਿੱਤਣਗੇ,’ ਆਰਮਾਗੇਡਨ ਵੇਲੇ ‘ਲੋਹੇ ਦੇ ਡੰਡੇ ਨਾਲ ਕੌਮਾਂ ਉੱਤੇ ਹਕੂਮਤ ਕਰਨ’ ਵਿਚ ਉਸ ਨਾਲ ਹਿੱਸਾ ਲੈਣਗੇ। ਜਦੋਂ ਯਿਸੂ ਤੇਜ ਨਾਲ ਆਉਂਦਾ ਹੈ, ਉਹ ਉਸ ਨਾਲ ਬੈਠਣਗੇ ਅਤੇ ‘ਇਸਰਾਏਲ ਦੀਆਂ ਬਾਰਾਂ ਗੋਤਾਂ ਦਾ ਨਿਆਉਂ ਕਰਨਗੇ।’ ਯਿਸੂ ਦੇ ਨਾਲ, ਉਹ ‘ਸ਼ਤਾਨ ਨੂੰ ਆਪਣੇ ਪੈਰਾਂ ਦੇ ਹੇਠ ਮਿੱਧਣਗੇ।’—ਮੱਤੀ 16:27–17:9; 19:28; ਪਰਕਾਸ਼ ਦੀ ਪੋਥੀ 2:26, 27; 16:14, 16; ਰੋਮੀਆਂ 16:20; ਉਤਪਤ 3:15; ਜ਼ਬੂਰ 2:9; 2 ਥੱਸਲੁਨੀਕੀਆਂ 1:9, 10.
18. (ੳ) ਉਨ੍ਹਾਂ ‘ਚੀਜ਼ਾਂ ਨੂੰ ਜੋ ਸੁਰਗ ਵਿੱਚ ਹਨ ਮਸੀਹ ਵਿੱਚ ਇਕੱਠਾ ਕਰਨ’ ਦੇ ਸੰਬੰਧ ਵਿਚ ਸਥਿਤੀ ਕੀ ਹੈ? (ਅ) ਉਨ੍ਹਾਂ ‘ਚੀਜ਼ਾਂ ਨੂੰ ਜੋ ਧਰਤੀ ਉੱਤੇ ਹਨ ਮਸੀਹ ਵਿੱਚ ਇਕੱਠਾ ਕਰਨ’ ਬਾਰੇ ਅਸੀਂ ਕੀ ਕਹਿ ਸਕਦੇ ਹਾਂ?
18 ਆਪਣੇ ਪ੍ਰਬੰਧ ਦੇ ਮੁਤਾਬਕ, ਯਹੋਵਾਹ ‘ਸਭ ਚੀਜ਼ਾਂ ਨੂੰ ਮਸੀਹ ਵਿੱਚ ਇਕੱਠਾ ਕਰਨ’ ਲਈ ਪ੍ਰਗਤੀਵਾਦੀ ਢੰਗ ਨਾਲ ਕਾਰਵਾਈ ਕਰ ਰਿਹਾ ਹੈ। ਜਿੱਥੋਂ ਤਕ ‘ਚੀਜ਼ਾਂ ਜੋ ਸੁਰਗ ਵਿੱਚ ਹਨ’ ਦੀ ਗੱਲ ਹੈ, ਉਸ ਦਾ ਮਕਸਦ ਪੂਰਾ ਹੋਣ ਵਾਲਾ ਹੈ। ਸਵਰਗ ਵਿਚ ‘ਲੇਲੇ ਦੇ ਵਿਆਹ’ ਲਈ ਯਿਸੂ ਦਾ 1,44,000 ਨਾਲ ਮੇਲ ਨਜ਼ਦੀਕ ਹੈ। ਇਸ ਲਈ, ਆਪਣੇ ਮਸਹ ਕੀਤੇ ਹੋਏ ਭਰਾਵਾਂ ਦੇ ਸਮਰਥਨ ਵਿਚ, ਹੋਰ ਭੇਡਾਂ, ਜਿਹੜੀਆਂ ਕਿ ‘ਚੀਜ਼ਾਂ ਜੋ ਧਰਤੀ ਉੱਤੇ ਹਨ’ ਨੂੰ ਦਰਸਾਉਂਦੀਆਂ ਹਨ, ਵਿੱਚੋਂ ਲੰਬੇ ਸਮੇਂ ਦੇ ਅਤੇ ਪ੍ਰੌੜ੍ਹ ਭਰਾਵਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਭਾਰੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਅਸੀਂ ਕਿੰਨੇ ਉਤੇਜਕ ਸਮਿਆਂ ਵਿਚ ਰਹਿੰਦੇ ਹਾਂ! ਯਹੋਵਾਹ ਦੇ ਮਕਸਦ ਨੂੰ ਆਪਣੀ ਪੂਰਤੀ ਵੱਲ ਵੱਧਦੇ ਹੋਏ ਦੇਖਣਾ ਕਿੰਨਾ ਰੁਮਾਂਚਕ ਹੈ! (ਅਫ਼ਸੀਆਂ 1:9, 10; 3:10-12; ਪਰਕਾਸ਼ ਦੀ ਪੋਥੀ 14:1; 19:7, 9) ਅਤੇ ਆਪਣੇ ਮਸਹ ਕੀਤੇ ਹੋਏ ਭਰਾਵਾਂ ਨੂੰ ਸਮਰਥਨ ਦੇਣ ਨਾਲ ਹੋਰ ਭੇਡਾਂ ਕਿੰਨਾ ਆਨੰਦ ਮਾਣਦੀਆਂ ਹਨ, ਜਿਉਂ-ਜਿਉਂ ਦੋਵੇਂ ਸਮੂਹ “ਇੱਕੋ ਇੱਜੜ” ਵਾਂਗ “ਇੱਕੋ ਅਯਾਲੀ” ਦੇ ਹੇਠ, ਰਾਜਾ ਯਿਸੂ ਮਸੀਹ ਦੀ ਅਧੀਨਗੀ ਵਿਚ ਅਤੇ ਸਰਬਸੱਤਾਵਾਨ, ਯਹੋਵਾਹ ਪਰਮੇਸ਼ੁਰ ਦੀ ਵਡਿਆਈ ਲਈ, ਇਕੱਠੇ ਸੇਵਾ ਕਰਦੇ ਹਨ!—ਯੂਹੰਨਾ 10:16; ਫ਼ਿਲਿੱਪੀਆਂ 2:9-11.
[ਫੁਟਨੋਟ]
a ਪਹਿਰਾਬੁਰਜ (ਅੰਗ੍ਰੇਜ਼ੀ) ਦੇ ਅਗਸਤ 1, 1981, ਦਾ ਅੰਕ, ਸਫ਼ੇ 16-26 ਦੇਖੋ।
b ਮਿਸਾਲ ਲਈ, 1914 ਤੋਂ ਸ਼ੁਰੂ ਹੋ ਕੇ, “ਸ੍ਰਿਸ਼ਟੀ ਦਾ ਫੋਟੋ-ਡਰਾਮਾ” (ਅੰਗ੍ਰੇਜ਼ੀ)—ਇਕ ਚਾਰ ਹਿੱਸਿਆਂ ਵਿਚ ਦੇਖਣ ਅਤੇ ਸੁਣਨ ਵਾਲੀ ਪੇਸ਼ਕਸ਼—ਪੂਰੀ ਪੱਛਮੀ ਦੁਨੀਆਂ ਵਿਚ ਭਰੇ ਹੋਏ ਨਾਟਘਰਾਂ ਵਿਚ ਦਰਸ਼ਕਾਂ ਨੂੰ ਦਿਖਾਇਆ ਗਿਆ ਸੀ।
c ਸੰਭਵ ਕਾਰਨ ਜਾਣਨ ਲਈ ਕਿ ਕੁਝ ਯਹੂਦੀ ਮਸੀਹੀ ਸ਼ਰਾ ਦੇ ਗੈਰਤ ਵਾਲੇ ਕਿਉਂ ਸੀ, ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ), ਖੰਡ 2, ਸਫ਼ੇ 1163-4 ਦੇਖੋ।
d ਦੇਖੋ ਪਹਿਰਾਬੁਰਜ (ਅੰਗ੍ਰੇਜ਼ੀ), ਅਗਸਤ 15, 1990, ਸਫ਼ੇ 30-1; ਦਸੰਬਰ 15, 1990, ਸਫ਼ਾ 30.
ਕੀ ਤੁਸੀਂ ਸਮਝਾ ਸਕਦੇ ਹੋ?
◻ ਪਹਿਲੀ ਸਦੀ ਵਿਚ ਪਰਮੇਸ਼ੁਰ ਦਾ ਸੰਗਠਨ ਕਿਸ ਤਰ੍ਹਾਂ ਅੱਗੇ ਵਧਿਆ?
◻ ਯਹੋਵਾਹ ਦੇ ਗਵਾਹਾਂ ਦੇ ਆਧੁਨਿਕ ਇਤਿਹਾਸ ਵਿਚ ਪ੍ਰਬੰਧਕ ਸਭਾ ਕਿਸ ਤਰ੍ਹਾਂ ਵਿਕਸਿਤ ਹੋਈ ਹੈ?
◻ ਕਿਹੜੇ ਸ਼ਾਸਤਰਵਚਨ ਯਹੋਵਾਹ ਦੇ ਸੰਗਠਨ ਵਿਚ ਹੋਰ ਭੇਡਾਂ ਨੂੰ ਇਖ਼ਤਿਆਰ ਦੇਣ ਦੀ ਪ੍ਰਵਾਨਗੀ ਦਿੰਦੇ ਹਨ?
◻ ‘ਚੀਜ਼ਾਂ ਜੋ ਸੁਰਗ ਵਿੱਚ ਹਨ’ ਅਤੇ ‘ਚੀਜ਼ਾਂ ਜੋ ਧਰਤੀ ਉੱਤੇ ਹਨ,’ ਨੂੰ ਮਸੀਹ ਵਿਚ ਕਿਸ ਤਰ੍ਹਾਂ ਇਕੱਠਾ ਕੀਤਾ ਗਿਆ ਹੈ?
[ਸਫ਼ੇ 26 ਉੱਤੇ ਤਸਵੀਰ]
ਹਾਲਾਂਕਿ ਇਸ ਦੇ ਮੁਢਲੇ ਮੈਂਬਰ ਯਰੂਸ਼ਲਮ ਵਿਚ ਹਾਜ਼ਰ ਨਹੀਂ ਸਨ, ਫਿਰ ਵੀ ਪ੍ਰਬੰਧਕ ਸਭਾ ਉਥੇ ਕੰਮ ਕਰਦੀ ਰਹੀ
[ਸਫ਼ੇ 28 ਉੱਤੇ ਤਸਵੀਰਾਂ]
ਪ੍ਰੌੜ੍ਹ ਮਸਹ ਕੀਤੇ ਹੋਏ ਮਸੀਹੀ ਯਹੋਵਾਹ ਦੇ ਲੋਕਾਂ ਲਈ ਇਕ ਬਰਕਤ ਰਹੇ ਹਨ
ਸੀ. ਟੀ. ਰਸਲ 1884-1916
ਜੇ. ਐੱਫ਼. ਰਦਰਫ਼ਰਡ 1916-42
ਐੱਨ. ਏਚ. ਨੌਰ 1942-77
ਐੱਫ਼. ਡਬਲਯੂ. ਫ਼੍ਰਾਂਜ਼ 1977-92
ਐੱਮ. ਜੀ. ਹੈਨਸ਼ਲ 1992-