ਇਕ ਭੇਤ ਜੋ ਮਸੀਹੀ ਗੁਪਤ ਨਹੀਂ ਰੱਖ ਸਕਦੇ!
“ਮੈਂ ਜਗਤ ਨਾਲ ਖੋਲ੍ਹ ਕੇ ਗੱਲਾਂ ਕੀਤੀਆਂ ਹਨ . . . ਮੈਂ ਓਹਲੇ ਵਿੱਚ ਕੁਝ ਨਹੀਂ ਕਿਹਾ।”—ਯੂਹੰਨਾ 18:20.
1, 2. ਜਿਵੇਂ ਸ਼ਾਸਤਰ ਵਿਚ ਵਰਤਿਆ ਗਿਆ ਹੈ, ਯੂਨਾਨੀ ਸ਼ਬਦ ਮਿਸਟੇਰੀਓਨ ਦਾ ਅਰਥ ਕੀ ਹੈ?
ਯੂਨਾਨੀ ਸ਼ਬਦ ਮਿਸਟੇਰੀਓਨ ਦਾ ਅਨੁਵਾਦ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਵਿਚ 25 ਵਾਰ “ਪਵਿੱਤਰ ਭੇਤ” ਅਤੇ 3 ਵਾਰ “ਰਹੱਸ” ਵਜੋਂ ਕੀਤਾ ਗਿਆ ਹੈ। ਜੋ ਭੇਤ ਪਵਿੱਤਰ ਕਹਾਵੇ, ਜ਼ਰੂਰੀ ਮਹੱਤਵਪੂਰਣ ਹੋਵੇਗਾ! ਅਜਿਹੇ ਭੇਤ ਦਾ ਗਿਆਨ ਹਾਸਲ ਕਰਨ ਵਾਲੇ ਵਿਸ਼ੇਸ਼-ਅਧਿਕਾਰ ਪ੍ਰਾਪਤ ਵਿਅਕਤੀ ਨੂੰ ਵੱਡਾ ਮਾਣ ਮਹਿਸੂਸ ਕਰਨਾ ਚਾਹੀਦਾ ਹੈ, ਕਿਉਂਕਿ ਉਹ ਵਿਸ਼ਵ ਦੇ ਪਰਮ ਪਰਮੇਸ਼ੁਰ ਦੇ ਭੇਤ ਵਿਚ ਸ਼ਾਮਲ ਹੋਣ ਲਈ ਯੋਗ ਗਿਣਿਆ ਗਿਆ ਹੈ।
2 ਵਾਈਨ ਦੀ ਐਕਸਪੌਜ਼ੀਟਰੀ ਡਿਕਸ਼ਨਰੀ ਆਫ਼ ਓਲਡ ਐਂਡ ਨਿਊ ਟੈਸਟਾਮੈਂਟ ਵਰਡਜ਼ ਪੁਸ਼ਟੀ ਕਰਦੀ ਹੈ ਕਿ ਆਮ ਤੌਰ ਤੇ “ਰਹੱਸ” ਨਾਲੋਂ “ਪਵਿੱਤਰ ਭੇਤ” ਜ਼ਿਆਦਾ ਢੁਕਵਾਂ ਤਰਜਮਾ ਹੈ। ਇਹ ਮਿਸਟੇਰੀਓਨ (my·steʹri·on) ਬਾਰੇ ਕਹਿੰਦਾ ਹੈ: “[ਮਸੀਹੀ ਯੂਨਾਨੀ ਸ਼ਾਸਤਰ] ਵਿਚ ਇਸ ਦਾ ਮਤਲਬ ਰਹੱਸਮਈ ਨਹੀਂ (ਜਿਵੇਂ ਅੰਗ੍ਰੇਜ਼ੀ ਸ਼ਬਦ [mystery, ਮਿਸਟਰੀ] ਦਾ ਮਤਲਬ ਹੈ), ਪਰ ਉਹ ਜੋ ਸਹਾਇਤਾ ਬਿਨਾਂ ਆਮ ਸਮਝ ਦੀ ਹੱਦ ਤੋਂ ਬਾਹਰ ਹੋਣ ਕਰਕੇ, ਕੇਵਲ ਈਸ਼ਵਰੀ ਪ੍ਰਗਟੀਕਰਣ ਦੁਆਰਾ ਹੀ ਗਿਆਤ ਕਰਵਾਇਆ ਜਾ ਸਕਦਾ ਹੈ, ਅਤੇ ਪਰਮੇਸ਼ੁਰ ਦੇ ਚੁਣੇ ਤਰੀਕੇ ਨਾਲ ਅਤੇ ਉਸ ਦੇ ਸਮੇਂ ਤੇ ਗਿਆਤ ਕਰਵਾਇਆ ਜਾਂਦਾ ਹੈ, ਅਤੇ ਸਿਰਫ਼ ਉਨ੍ਹਾਂ ਨੂੰ ਜੋ ਉਸ ਦੀ ਆਤਮਾ ਨਾਲ ਪ੍ਰਬੁੱਧ ਕੀਤੇ ਗਏ ਹਨ। ਸਾਧਾਰਣ ਸਮਝ ਵਿਚ ਰਹੱਸ (mystery) ਦਾ ਅਰਥ ਹੈ ਰੋਕ ਰੱਖਿਆ ਗਿਆਨ; ਇਸ ਦਾ ਸ਼ਾਸਤਰ-ਸੰਬੰਧੀ ਭਾਵ ਹੈ ਪ੍ਰਗਟ ਕੀਤੀ ਸੱਚਾਈ। ਇਸ ਲਈ ਵਿਸ਼ੇ ਦੇ ਨਾਲ ਮੁੱਖ ਰੂਪ ਵਿਚ ਸੰਬੰਧਿਤ ਸ਼ਬਦ ‘ਗਿਆਤ,’ ‘ਜ਼ਾਹਰ,’ ‘ਪ੍ਰਗਟ,’ ‘ਪ੍ਰਚਾਰ,’ ‘ਸਮਝ,’ ਅਤੇ ‘ਵੰਡਾਈ’ ਹਨ।”
3. ਪਹਿਲੀ ਸਦੀ ਦੀ ਮਸੀਹੀ ਕਲੀਸਿਯਾ ਕੁਝ ਰਹੱਸਮਈ ਧਾਰਮਿਕ ਸਮੂਹਾਂ ਨਾਲੋਂ ਕਿਸ ਤਰ੍ਹਾਂ ਭਿੰਨ ਸੀ?
3 ਇਹ ਸਪੱਸ਼ਟੀਕਰਣ ਪਹਿਲੀ ਸਦੀ ਦੇ ਪ੍ਰਫੁੱਲਿਤ ਰਹੱਸਮਈ ਧਾਰਮਿਕ ਸਮੂਹਾਂ ਅਤੇ ਨਵੀਂ ਨਵੀਂ ਬਣਾਈ ਗਈ ਮਸੀਹੀ ਕਲੀਸਿਯਾ ਵਿਚਕਾਰ ਮੁੱਖ ਫ਼ਰਕ ਨੂੰ ਉਜਾਗਰ ਕਰਦਾ ਹੈ। ਹਾਲਾਂਕਿ ਗੁਪਤ ਸੰਪ੍ਰਦਾਵਾਂ ਵਿਚ ਦੀਖਿਅਤ ਵਿਅਕਤੀ ਧਾਰਮਿਕ ਸਿੱਖਿਆਵਾਂ ਦੀ ਰਾਖੀ ਕਰਨ ਲਈ ਅਕਸਰ ਚੁੱਪ ਦੇ ਪ੍ਰਣ ਦੁਆਰਾ ਬੱਝੇ ਹੁੰਦੇ ਸਨ, ਮਸੀਹੀ ਕਦੇ ਵੀ ਅਜਿਹੀ ਪਾਬੰਦੀ ਦੇ ਹੇਠ ਨਹੀਂ ਸਨ। ਇਹ ਸੱਚ ਹੈ ਕਿ ਪੌਲੁਸ ਰਸੂਲ ਨੇ ਪਰਮੇਸ਼ੁਰ ਦਾ ਗਿਆਨ ਪਵਿੱਤਰ ਭੇਤ ਨਾਲ ਸੁਣਾਇਆ ਅਤੇ ਇਸ ਨੂੰ ‘ਗੁਪਤ ਗਿਆਨ’ ਆਖਿਆ, ਮਤਲਬ ਕਿ ਇਹ “ਇਸ ਜੁੱਗ ਦੇ ਹਾਕਮਾਂ” ਤੋਂ ਗੁਪਤ ਹੈ। ਇਹ ਮਸੀਹੀਆਂ ਤੋਂ ਗੁਪਤ ਨਹੀਂ ਹੈ ਜਿਨ੍ਹਾਂ ਨੂੰ ਇਹ ਪਰਮੇਸ਼ੁਰ ਦੀ ਆਤਮਾ ਦੁਆਰਾ ਪ੍ਰਗਟ ਕੀਤਾ ਗਿਆ ਸੀ ਤਾਂਕਿ ਉਹ ਇਸ ਨੂੰ ਆਮ ਕਰ ਸਕਣ।—1 ਕੁਰਿੰਥੀਆਂ 2:7-12; ਤੁਲਨਾ ਕਰੋ ਕਹਾਉਤਾਂ 1:20.
“ਪਵਿੱਤਰ ਭੇਤ” ਦੀ ਪਛਾਣ ਕੀਤੀ ਗਈ
4. “ਪਵਿੱਤਰ ਭੇਤ” ਕਿਸ ਉੱਤੇ ਕੇਂਦ੍ਰਿਤ ਹੈ, ਅਤੇ ਕਿਵੇਂ?
4 ਯਹੋਵਾਹ ਦਾ “ਪਵਿੱਤਰ ਭੇਤ” ਯਿਸੂ ਮਸੀਹ ਉੱਤੇ ਕੇਂਦ੍ਰਿਤ ਹੈ। ਪੌਲੁਸ ਨੇ ਲਿਖਿਆ: “[ਯਹੋਵਾਹ] ਨੇ ਆਪਣੀ ਇੱਛਿਆ ਦੇ ਭੇਤ [“ਪਵਿੱਤਰ ਭੇਤ,” ਨਿ ਵ] ਨੂੰ ਸਾਡੇ ਉੱਤੇ ਪਰਗਟ ਕੀਤਾ ਆਪਣੇ ਉਸ ਨੇਕ ਇਰਾਦੇ ਦੇ ਅਨੁਸਾਰ ਜਿਹੜਾ ਉਹ ਨੇ ਉਸ ਵਿੱਚ ਧਾਰਿਆ ਸੀ। ਭਈ ਸਮਿਆਂ ਦੀ ਪੂਰਨਤਾਈ ਦੀ ਜੁਗਤ ਹੋਵੇ ਤਾਂ ਜੋ ਉਹ ਸਭਨਾਂ ਨੂੰ ਜੋ ਸੁਰਗ ਵਿੱਚ ਅਤੇ ਜੋ ਧਰਤੀ ਉੱਤੇ ਹਨ ਮਸੀਹ ਵਿੱਚ ਇਕੱਠਾ ਕਰੇ। ਹਾਂ, ਉਸੇ ਵਿੱਚ।” (ਅਫ਼ਸੀਆਂ 1:9-11) ਪੌਲੁਸ ਤਾਂ “ਪਵਿੱਤਰ ਭੇਤ” ਦੇ ਸੁਭਾਉ ਬਾਰੇ ਹੋਰ ਵੀ ਸਪੱਸ਼ਟ ਸੀ ਜਦ ਉਸ ਨੇ “ਪਰਮੇਸ਼ੁਰ ਦੇ ਭੇਤ [“ਪਵਿੱਤਰ ਭੇਤ,” ਨਿ ਵ] ਨੂੰ ਜਾਣ ਲੈਣ ਅਰਥਾਤ ਮਸੀਹ ਨੂੰ” ਜਾਣ ਲੈਣ ਦੀ ਲੋੜ ਵੱਲ ਸੰਕੇਤ ਕੀਤਾ।—ਕੁਲੁੱਸੀਆਂ 2:2.
5. “ਪਵਿੱਤਰ ਭੇਤ” ਵਿਚ ਕੀ ਸ਼ਾਮਲ ਹੈ?
5 ਪਰੰਤੂ ਇਸ ਵਿਚ ਹੋਰ ਵੀ ਸ਼ਾਮਲ ਹੈ, ਕਿਉਂ ਜੋ “ਪਵਿੱਤਰ ਭੇਤ” ਬਹੁਤ ਸਾਰੇ ਪਹਿਲੂਆਂ ਵਾਲਾ ਭੇਤ ਹੈ। ਇਹ ਸਿਰਫ਼ ਯਿਸੂ ਨੂੰ ਵਾਅਦਾ ਕੀਤੀ ਹੋਈ ਸੰਤਾਨ ਜਾਂ ਮਸੀਹਾ ਵਜੋਂ ਪਛਾਣਨਾ ਹੀ ਨਹੀਂ ਹੈ; ਇਸ ਵਿਚ ਪਰਮੇਸ਼ੁਰ ਦੇ ਮਕਸਦ ਵਿਚ ਉਸ ਨੂੰ ਦਿੱਤੀ ਗਈ ਭੂਮੀਕਾ ਵੀ ਸ਼ਾਮਲ ਹੈ। ਇਸ ਵਿਚ ਸਵਰਗੀ ਸਰਕਾਰ, ਪਰਮੇਸ਼ੁਰ ਦਾ ਮਸੀਹਾਈ ਰਾਜ ਵੀ ਸ਼ਾਮਲ ਹੈ, ਜਿਵੇਂ ਯਿਸੂ ਨੇ ਆਪਣੇ ਚੇਲਿਆਂ ਨੂੰ ਸਪੱਸ਼ਟ ਤੌਰ ਤੇ ਸਮਝਾਇਆ ਸੀ: “ਸੁਰਗ ਦੇ ਰਾਜ ਦੇ ਭੇਤਾਂ [“ਪਵਿੱਤਰ ਭੇਤਾਂ,” “ਨਿ ਵ”] ਦੀ ਸਮਝ ਤੁਹਾਨੂੰ ਦਿੱਤੀ ਗਈ ਪਰ ਉਨ੍ਹਾਂ ਨੂੰ ਨਹੀਂ ਦਿੱਤੀ ਗਈ ਹੈ।” (ਟੇਢੇ ਟਾਈਪ ਸਾਡੇ।)—ਮੱਤੀ 13:11.
6. (ੳ) ਇਹ ਕਹਿਣਾ ਕਿਉਂ ਸਹੀ ਹੈ ਕਿ “ਪਵਿੱਤਰ ਭੇਤ” “ਸਨਾਤਨ ਸਮੇਂ ਤੋਂ ਗੁਪਤ ਰੱਖਿਆ ਗਿਆ” ਸੀ? (ਅ) ਇਹ ਕਿਸ ਤਰ੍ਹਾਂ ਪ੍ਰਗਤੀਵਾਦੀ ਢੰਗ ਨਾਲ ਪ੍ਰਗਟ ਕੀਤਾ ਗਿਆ ਸੀ?
6 ਮਸੀਹਾਈ ਰਾਜ ਦਾ ਆਧਾਰ ਪ੍ਰਦਾਨ ਕਰਨ ਸੰਬੰਧੀ, ਪਰਮੇਸ਼ੁਰ ਦੇ ਮਕਸਦ ਦੇ ਪਹਿਲੇ ਜ਼ਿਕਰ ਤੋਂ ਲੈ ਕੇ “ਭੇਤ [“ਪਵਿੱਤਰ ਭੇਤ,” ਨਿ ਵ] ਸੰਪੂਰਨ” ਹੋਣ ਤਕ ਇਕ ਲੰਬਾ ਸਮਾਂ ਲੰਘਣਾ ਸੀ। (ਪਰਕਾਸ਼ ਦੀ ਪੋਥੀ 10:7; ਉਤਪਤ 3:15) ਉਹ ਰਾਜ ਦੀ ਸਥਾਪਨਾ ਨਾਲ ਸੰਪੂਰਨ ਹੋਵੇਗਾ, ਜਿਵੇਂ ਪਰਕਾਸ਼ ਦੀ ਪੋਥੀ 10:7 ਅਤੇ 11:15 ਦੀ ਤੁਲਨਾ ਸਾਬਤ ਕਰਦੀ ਹੈ। ਅਸਲ ਵਿਚ, ਅਦਨ ਵਿਚ ਰਾਜ ਦਾ ਪਹਿਲਾ ਵਾਅਦਾ ਕਰਨ ਤੋਂ ਕੁਝ 4,000 ਸਾਲ ਬੀਤਣ ਦੇ ਬਾਅਦ ਮਨੋਨੀਤ-ਰਾਜਾ 29 ਸਾ.ਯੁ. ਵਿਚ ਪੇਸ਼ ਹੋਇਆ ਸੀ। 1,885 ਹੋਰ ਸਾਲ ਬੀਤਣ ਦੇ ਬਾਅਦ 1914 ਵਿਚ ਸਵਰਗ ਵਿਚ ਰਾਜ ਸਥਾਪਿਤ ਕੀਤਾ ਗਿਆ। ਇਸ ਤਰ੍ਹਾਂ “ਪਵਿੱਤਰ ਭੇਤ” ਤਕਰੀਬਨ 6,000 ਸਾਲ ਦੀ ਅਵਧੀ ਦੌਰਾਨ ਪ੍ਰਗਤੀਵਾਦੀ ਢੰਗ ਨਾਲ ਪ੍ਰਗਟ ਕੀਤਾ ਗਿਆ ਸੀ। (ਸਫ਼ਾ 16 ਦੇਖੋ।) ਪੌਲੁਸ ਵਾਕਈ ਸਹੀ ਕਹਿ ਰਿਹਾ ਸੀ ਜਦੋਂ ਉਸ ਨੇ ‘ਉਸ ਭੇਤ ਦੇ ਪਰਕਾਸ਼ ਦੇ ਅਨੁਸਾਰ ਜਿਹੜਾ ਸਨਾਤਨ ਸਮੇਂ ਤੋਂ ਗੁਪਤ ਰੱਖਿਆ ਗਿਆ, ਪਰ ਹੁਣ ਪਰਗਟ ਹੋਇਆ ਅਤੇ ਪਰਸਿੱਧ ਕੀਤਾ ਗਿਆ’ ਬਾਰੇ ਗੱਲ ਕੀਤੀ ਸੀ।—ਰੋਮੀਆਂ 16:25-27; ਅਫ਼ਸੀਆਂ 3:4-11.
7. ਅਸੀਂ ਮਾਤਬਰ ਅਤੇ ਬੁੱਧਵਾਨ ਨੌਕਰ ਵਰਗ ਵਿਚ ਕਿਸ ਤਰ੍ਹਾਂ ਅਤਿਅੰਤ ਭਰੋਸਾ ਰੱਖ ਸਕਦੇ ਹਾਂ?
7 ਮਨੁੱਖਾਂ ਤੋਂ ਉਲਟ, ਜਿਨ੍ਹਾਂ ਦੀ ਉਮਰ ਸੀਮਿਤ ਹੈ, ਯਹੋਵਾਹ ਕਦੀ ਵੀ ਆਪਣੇ ਭੇਤ ਸਮੇਂ ਤੋਂ ਪਹਿਲਾਂ ਪ੍ਰਗਟ ਕਰਨ ਲਈ ਮਜਬੂਰ ਨਹੀਂ ਮਹਿਸੂਸ ਕਰਦਾ। ਇਸ ਅਸਲੀਅਤ ਨੂੰ ਸਾਨੂੰ ਉਦੋਂ ਬੇਸਬਰੇ ਹੋਣ ਤੋਂ ਰੋਕਣਾ ਚਾਹੀਦਾ ਹੈ ਜਦੋਂ ਖ਼ਾਸ ਬਾਈਬਲ ਸੰਬੰਧੀ ਸਵਾਲਾਂ ਦੇ ਜਵਾਬ ਸਾਡੀ ਤਸੱਲੀ ਦੇ ਅਨੁਸਾਰ ਨਹੀਂ ਹੁੰਦੇ ਹਨ। ਮਾਤਬਰ ਅਤੇ ਬੁੱਧਵਾਨ ਨੌਕਰ ਵਰਗ, ਜਿਸ ਨੂੰ ਮਸੀਹੀ ਘਰਬਾਰ ਨੂੰ ਵੇਲੇ ਸਿਰ ਰਸਤ ਦੇਣ ਲਈ ਨਿਯੁਕਤ ਕੀਤਾ ਗਿਆ ਹੈ, ਦੀ ਨਿਮਰਤਾ ਉਸ ਨੂੰ ਗੁਸਤਾਖ਼ੀ ਨਾਲ ਅੱਗੇ ਨਿਕਲਣ ਤੋਂ ਅਤੇ ਅਸਪੱਸ਼ਟ ਚੀਜ਼ਾਂ ਬਾਰੇ ਅੰਨ੍ਹੇਵਾਹ ਅਨੁਮਾਨ ਲਾਉਣ ਤੋਂ ਰੋਕਦੀ ਹੈ। ਨੌਕਰ ਵਰਗ ਕੱਟੜਪੰਥੀ ਹੋਣ ਤੋਂ ਪਰਹੇਜ਼ ਕਰਨ ਦਾ ਜਤਨ ਕਰਦਾ ਹੈ। ਕਹਾਉਤਾਂ 4:18 ਨੂੰ ਸਪੱਸ਼ਟ ਤੌਰ ਤੇ ਚੇਤੇ ਰੱਖਦੇ ਹੋਏ ਉਹ ਇਹ ਸਵੀਕਾਰ ਕਰਨ ਲਈ ਇੰਨਾ ਘਮੰਡੀ ਨਹੀਂ ਹੈ ਕਿ ਉਹ ਅਜੇ ਹਰ ਸਵਾਲ ਦਾ ਜਵਾਬ ਨਹੀਂ ਦੇ ਸਕਦਾ। ਪਰ ਇਹ ਜਾਣਨਾ ਕਿੰਨਾ ਰੁਮਾਂਚਕ ਹੈ ਕਿ ਯਹੋਵਾਹ, ਆਪਣੇ ਉਚਿਤ ਸਮੇਂ ਤੇ ਅਤੇ ਆਪਣੇ ਨਿੱਜੀ ਤਰੀਕੇ ਅਨੁਸਾਰ, ਆਪਣੇ ਮਕਸਦਾਂ ਨਾਲ ਸੰਬੰਧਿਤ ਆਪਣੇ ਭੇਤ ਪ੍ਰਗਟ ਕਰਨੇ ਜਾਰੀ ਰੱਖੇਗਾ! ਸਾਨੂੰ ਯਹੋਵਾਹ ਦੇ ਇੰਤਜ਼ਾਮ ਨਾਲ ਬੇਸਬਰੇ ਹੁੰਦੇ ਹੋਏ ਬੇਸਮਝੀ ਨਾਲ ਕਦੀ ਵੀ ਭੇਤ ਪ੍ਰਗਟ ਕਰਨ ਵਾਲੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਹੈ। ਇਹ ਜਾਣਨਾ ਕਿੰਨਾ ਮੁੜ ਭਰੋਸਾ-ਦਿਵਾਊ ਹੈ ਕਿ ਯਹੋਵਾਹ ਦੁਆਰਾ ਇਸਤੇਮਾਲ ਕੀਤਾ ਗਿਆ ਮਾਧਿਅਮ ਇੰਜ ਨਹੀਂ ਕਰਦਾ ਹੈ! ਉਹ ਮਾਤਬਰ ਅਤੇ ਬੁੱਧਵਾਨ ਦੋਵੇਂ ਹੈ।—ਮੱਤੀ 24:45; 1 ਕੁਰਿੰਥੀਆਂ 4:6.
ਪ੍ਰਗਟ ਕੀਤਾ ਗਿਆ ਭੇਤ ਦੱਸਣਾ ਜ਼ਰੂਰੀ ਹੈ!
8. ਅਸੀਂ ਕਿਸ ਤਰ੍ਹਾਂ ਜਾਣਦੇ ਹਾਂ ਕਿ “ਪਵਿੱਤਰ ਭੇਤ” ਗਿਆਤ ਕੀਤਾ ਜਾਣਾ ਚਾਹੀਦਾ ਹੈ?
8 ਯਹੋਵਾਹ ਨੇ ਮਸੀਹੀਆਂ ਨੂੰ ਆਪਣਾ “ਪਵਿੱਤਰ ਭੇਤ” ਲੁਕਾਉਣ ਲਈ ਨਹੀਂ ਸੀ ਪ੍ਰਗਟ ਕੀਤਾ। ਇਹ ਗਿਆਤ ਕੀਤਾ ਜਾਣਾ ਚਾਹੀਦਾ ਹੈ, ਉਸ ਸਿਧਾਂਤ ਅਨੁਸਾਰ ਜੋ ਯਿਸੂ ਨੇ ਆਪਣੇ ਸਾਰੇ ਪੈਰੋਕਾਰਾਂ ਲਈ—ਨਾ ਸਿਰਫ਼ ਕੁਝ ਪਾਦਰੀਆਂ ਲਈ—ਨਿਸ਼ਚਿਤ ਕੀਤਾ ਸੀ: “ਤੁਸੀਂ ਜਗਤ ਦੇ ਚਾਨਣ ਹੋ। ਜਿਹੜਾ ਨਗਰ ਪਹਾੜ ਉੱਤੇ ਵੱਸਦਾ ਹੈ ਉਹ ਗੁੱਝਾ ਨਹੀਂ ਰਹਿ ਸੱਕਦਾ। ਅਤੇ ਦੀਵਾ ਬਾਲ ਕੇ ਟੋਪੇ ਦੇ ਹੇਠ ਨਹੀਂ ਸਗੋਂ ਦੀਵਟ ਉੱਤੇ ਰੱਖਦੇ ਹਨ ਤਾਂ ਉਹ ਸੱਭਨਾਂ ਨੂੰ ਜਿਹੜੇ ਘਰ ਵਿੱਚ ਹਨ ਚਾਨਣ ਦਿੰਦਾ ਹੈ। ਇਸੇ ਤਰਾਂ ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ ਤਾਂ ਜੋ ਓਹ ਤੁਹਾਡੇ ਸ਼ੁਭ ਕਰਮ ਵੇਖ ਕੇ ਤੁਹਾਡੇ ਪਿਤਾ ਦੀ ਜਿਹੜਾ ਸੁਰਗ ਵਿੱਚ ਹੈ ਵਡਿਆਈ ਕਰਨ।”—ਮੱਤੀ 5:14-16; 28:19, 20.
9. ਕੀ ਸਾਬਤ ਕਰਦਾ ਹੈ ਕਿ ਯਿਸੂ ਕੋਈ ਇਨਕਲਾਬੀ ਨਹੀਂ ਸੀ, ਜਿਵੇਂ ਕੁਝ ਦਾਅਵਾ ਕਰਦੇ ਹਨ?
9 ਯਿਸੂ, ਗੁੱਝੇ ਉਦੇਸ਼ਾਂ ਦੀ ਪੈਰਵੀ ਕਰਨ ਲਈ ਸ਼ਾਗਿਰਦਾਂ ਦਾ ਇਕ ਗੁਪਤ ਸੰਗਠਨ ਕਾਇਮ ਕਰਨ ਦਾ ਕੋਈ ਇਨਕਲਾਬੀ ਇਰਾਦਾ ਨਹੀਂ ਰੱਖਦਾ ਸੀ। ਮੁਢਲੀ ਮਸੀਹੀਅਤ ਅਤੇ ਸਮਾਜ (ਅੰਗ੍ਰੇਜ਼ੀ) ਕਿਤਾਬ ਵਿਚ, ਰੌਬਰਟ ਐੱਮ. ਗ੍ਰਾਂਟ ਨੇ ਮਸੀਹੀ ਮਤ ਦੇ ਦੂਸਰੀ-ਸਦੀ ਹਿਮਾਇਤੀ ਜਸਟਿਨ ਮਾਰਟਰ ਵੱਲੋਂ ਮੁਢਲੇ ਮਸੀਹੀਆਂ ਦੀ ਪੱਖ-ਪੂਰਤੀ ਬਾਰੇ ਲਿਖਿਆ: “ਜੇ ਮਸੀਹੀ ਇਨਕਲਾਬੀ ਹੁੰਦੇ ਤਾਂ ਉਹ ਆਪਣੇ ਟੀਚੇ ਤੇ ਪਹੁੰਚਣ ਲਈ ਲੁਕੇ ਰਹਿੰਦੇ।” ਪਰ ਮਸੀਹੀ ਕਿਸ ਤਰ੍ਹਾਂ “ਲੁਕੇ ਰਹਿੰਦੇ” ਅਤੇ ਨਾਲ ਹੀ ਨਾਲ ‘ਪਹਾੜ ਉੱਤੇ ਵੱਸਦੇ ਨਗਰ’ ਵਾਂਗ ਹੁੰਦੇ? ਉਹ ਆਪਣਾ ਚਾਨਣ ਟੋਪੇ ਦੇ ਹੇਠ ਨਹੀਂ ਰੱਖ ਸਕਦੇ ਸਨ! ਇਸ ਵਾਸਤੇ, ਹਕੂਮਤ ਕੋਲ ਉਨ੍ਹਾਂ ਦੀ ਕਾਰਵਾਈ ਤੋਂ ਡਰਨ ਦਾ ਕੋਈ ਕਾਰਨ ਨਹੀਂ ਸੀ। ਇਹ ਲੇਖਕ ਉਨ੍ਹਾਂ ਨੂੰ “ਅਮਨ-ਅਮਾਨ ਦੇ ਸੰਬੰਧ ਵਿਚ ਬਾਦਸ਼ਾਹ ਦੇ ਸਭ ਤੋਂ ਵਧੀਆ ਸਾਥੀ,” ਵਰਣਨ ਕਰਦਾ ਹੈ।
10. ਮਸੀਹੀਆਂ ਨੂੰ ਆਪਣੀ ਪਛਾਣ ਲੁਕਾਈ ਕਿਉਂ ਨਹੀਂ ਰੱਖਣੀ ਚਾਹੀਦੀ?
10 ਯਿਸੂ ਇਹ ਨਹੀਂ ਚਾਹੁੰਦਾ ਸੀ ਕਿ ਉਸ ਦੇ ਚੇਲੇ, ਇਕ ਅਖਾਉਤੀ ਧਾਰਮਿਕ ਪੰਥ ਦੇ ਮੈਂਬਰਾਂ ਵਜੋਂ ਆਪਣੀ ਪਛਾਣ ਲੁਕਾਈ ਰੱਖਣ। (ਰਸੂਲਾਂ ਦੇ ਕਰਤੱਬ 24:14; 28:22) ਅੱਜ ਆਪਣੇ ਚਾਨਣ ਨੂੰ ਨਾ ਚਮਕਣ ਦੇਣਾ, ਯਿਸੂ ਅਤੇ ਉਸ ਦੇ ਪਿਤਾ, ਅਰਥਾਤ ਭੇਤ ਪ੍ਰਗਟ ਕਰਨ ਵਾਲੇ, ਦੋਹਾਂ ਨੂੰ ਨਾਰਾਜ਼ ਕਰੇਗਾ ਅਤੇ ਅਸੀਂ ਵੀ ਖ਼ੁਸ਼ ਨਹੀਂ ਹੋਵਾਂਗੇ।
11, 12. (ੳ) ਯਹੋਵਾਹ ਕਿਉਂ ਚਾਹੁੰਦਾ ਹੈ ਕਿ ਮਸੀਹੀਅਤ ਗਿਆਤ ਕੀਤੀ ਜਾਵੇ? (ਅ) ਯਿਸੂ ਨੇ ਕਿਸ ਤਰ੍ਹਾਂ ਚੰਗੀ ਮਿਸਾਲ ਕਾਇਮ ਕੀਤੀ ਸੀ?
11 ਯਹੋਵਾਹ “ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ ਸਗੋਂ ਸੱਭੇ ਤੋਬਾ ਵੱਲ ਮੁੜਨ।” (2 ਪਤਰਸ 3:9; ਹਿਜ਼ਕੀਏਲ 18:23; 33:11; ਰਸੂਲਾਂ ਦੇ ਕਰਤੱਬ 17:30) ਤੋਬਾ ਕਰਨ ਵਾਲੇ ਇਨਸਾਨਾਂ ਨੂੰ ਮਾਫ਼ ਕਰਨ ਦਾ ਆਧਾਰ ਯਿਸੂ ਮਸੀਹ ਦੇ ਰਿਹਾਈ-ਕੀਮਤ ਬਲੀਦਾਨ ਵਿਚ ਨਿਹਚਾ ਹੈ, ਜਿਸ ਨੇ ਆਪਣੇ ਆਪ ਨੂੰ ਰਿਹਾਈ-ਕੀਮਤ ਵਜੋਂ ਸਾਰਿਆਂ ਲਈ ਦਿੱਤਾ—ਨਾ ਕਿ ਥੋੜ੍ਹੇ ਜਿਹਿਆਂ ਲਈ—ਤਾਂ ਜੋ “ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।” (ਯੂਹੰਨਾ 3:16) ਲੋਕਾਂ ਦੀ ਲੋੜੀਂਦੇ ਕਦਮ ਉਠਾਉਣ ਵਿਚ ਮਦਦ ਕਰਨੀ ਅਤਿ-ਜ਼ਰੂਰੀ ਹੈ ਤਾਂਕਿ ਆ ਰਹੇ ਨਿਆਉਂ ਦੇ ਦੌਰਾਨ ਉਹ ਭੇਡਾਂ ਵਜੋਂ ਵਿਚਾਰੇ ਜਾਣ ਦੇ ਯੋਗ ਹੋਣ, ਨਾ ਕਿ ਬੱਕਰੀਆਂ ਵਜੋਂ।—ਮੱਤੀ 25:31-46.
12 ਸੱਚੀ ਮਸੀਹੀਅਤ ਲੁਕਾਈ ਨਹੀਂ ਜਾਣੀ ਚਾਹੀਦੀ; ਇਹ ਹਰ ਢੁਕਵੇਂ ਮੁਮਕਿਨ ਤਰੀਕੇ ਨਾਲ ਗਿਆਤ ਕੀਤੀ ਜਾਣੀ ਚਾਹੀਦੀ ਹੈ। ਯਿਸੂ ਨੇ ਖ਼ੁਦ ਚੰਗੀ ਮਿਸਾਲ ਕਾਇਮ ਕੀਤੀ। ਜਦੋਂ ਸਰਦਾਰ ਜਾਜਕ ਨੇ ਉਸ ਦੇ ਚੇਲਿਆਂ ਅਤੇ ਉਸ ਦੀ ਸਿੱਖਿਆ ਦੇ ਬਾਰੇ ਪੁੱਛਿਆ, ਤਾਂ ਉਸ ਨੇ ਕਿਹਾ: “ਮੈਂ ਜਗਤ ਨਾਲ ਖੋਲ੍ਹ ਕੇ ਗੱਲਾਂ ਕੀਤੀਆਂ ਹਨ। ਮੈਂ ਸਮਾਜ ਅਤੇ ਹੈਕਲ ਵਿੱਚ ਜਿੱਥੇ ਸਭ ਯਹੂਦੀ ਇਕੱਠੇ ਹੁੰਦੇ ਹਨ ਸਦਾ ਉਪਦੇਸ਼ ਕੀਤਾ ਹੈ ਅਤੇ ਮੈਂ ਓਹਲੇ ਵਿੱਚ ਕੁਝ ਨਹੀਂ ਕਿਹਾ।” (ਯੂਹੰਨਾ 18:19, 20) ਇਸ ਪੂਰਵਉਦਾਹਰਣ ਨੂੰ ਧਿਆਨ ਵਿਚ ਰੱਖਦਿਆਂ, ਕਿਹੜਾ ਪਰਮੇਸ਼ੁਰ ਤੋਂ ਡਰਨ ਵਾਲਾ ਵਿਅਕਤੀ ਉਸ ਸੰਦੇਸ਼ ਨੂੰ ਲੁਕਾਉਣ ਦੀ ਗੁਸਤਾਖ਼ੀ ਕਰੇਗਾ ਜੋ ਪਰਮੇਸ਼ੁਰ ਨੇ ਕਿਹਾ ਕਿ ਆਮ ਕੀਤਾ ਜਾਣਾ ਚਾਹੀਦਾ ਹੈ? ਕੌਣ ਉਸ “ਗਿਆਨ ਦੀ ਕੁੰਜੀ” ਨੂੰ ਲੁਕਾਵੇਗਾ ਜੋ ਸਦੀਪਕ ਜੀਵਨ ਵੱਲ ਲੈ ਜਾਂਦੀ ਹੈ? ਇਸ ਤਰ੍ਹਾਂ ਕਰਨਾ, ਉਸ ਨੂੰ ਪਹਿਲੀ ਸਦੀ ਦੇ ਧਾਰਮਿਕ ਪਖੰਡੀਆਂ ਵਰਗਾ ਬਣਾ ਦੇਵੇਗਾ।—ਲੂਕਾ 11:52; ਯੂਹੰਨਾ 17:3.
13. ਸਾਨੂੰ ਹਰ ਇਕ ਮੌਕੇ ਤੇ ਕਿਉਂ ਪ੍ਰਚਾਰ ਕਰਨਾ ਚਾਹੀਦਾ ਹੈ?
13 ਕੋਈ ਕਦੀ ਨਾ ਕਹਿ ਸਕੇ ਕਿ ਅਸੀਂ ਯਹੋਵਾਹ ਦੇ ਗਵਾਹਾਂ ਨੇ ਪਰਮੇਸ਼ੁਰ ਦੇ ਰਾਜ ਦਾ ਸੰਦੇਸ਼ ਗੁਪਤ ਰੱਖਿਆ ਹੈ! ਭਾਵੇਂ ਸੰਦੇਸ਼ ਸਵੀਕਾਰ ਕੀਤਾ ਜਾਵੇ ਜਾਂ ਰੱਦ ਕੀਤਾ ਜਾਵੇ, ਲੋਕਾਂ ਲਈ ਜਾਣਨਾ ਜ਼ਰੂਰੀ ਹੈ ਕਿ ਇਹ ਪ੍ਰਚਾਰ ਕੀਤਾ ਗਿਆ ਹੈ। (ਤੁਲਨਾ ਕਰੋ ਹਿਜ਼ਕੀਏਲ 2:5; 33:33.) ਇਸ ਕਰਕੇ ਆਓ ਅਸੀਂ ਸਾਰਿਆਂ ਨੂੰ, ਜਿੱਥੇ ਕਿਤੇ ਵੀ ਸਾਨੂੰ ਉਹ ਮਿਲਦੇ ਹਨ, ਸੱਚਾਈ ਦਾ ਸੰਦੇਸ਼ ਸੁਣਾਉਣ ਦੇ ਹਰ ਇਕ ਮੌਕੇ ਦਾ ਲਾਭ ਉਠਾਈਏ।
ਸ਼ਤਾਨ ਦੇ ਜਬਾੜਿਆਂ ਵਿਚ ਕੰਡਿਆਲਾ ਪਾਉਣਾ
14. ਸਾਨੂੰ ਆਪਣੀ ਉਪਾਸਨਾ ਵਿਚ ਖੁੱਲ੍ਹੇ ਹੋਣ ਲਈ ਝਿਜਕਣਾ ਕਿਉਂ ਨਹੀਂ ਚਾਹੀਦਾ?
14 ਕਈਆਂ ਸਥਾਨਾਂ ਵਿਚ ਯਹੋਵਾਹ ਦੇ ਗਵਾਹ ਖ਼ਬਰਾਂ ਦਾ ਵਿਸ਼ਾ ਬਣਦੇ ਜਾ ਰਹੇ ਹਨ। ਜਿਵੇਂ ਮੁਢਲੇ ਮਸੀਹੀਆਂ ਨਾਲ ਹੋਇਆ, ਉਹ ਅਕਸਰ ਗ਼ਲਤ ਪੇਸ਼ ਕੀਤੇ ਜਾਂਦੇ ਹਨ ਅਤੇ ਸ਼ੱਕੀ ਧਾਰਮਿਕ ਸੰਪ੍ਰਦਾਵਾਂ ਅਤੇ ਗੁਪਤ ਸੰਗਠਨਾਂ ਦੇ ਦਰਜੇ ਵਿਚ ਗਿਣੇ ਜਾਂਦੇ ਹਨ। (ਰਸੂਲਾਂ ਦੇ ਕਰਤੱਬ 28:22) ਕੀ ਪ੍ਰਚਾਰ ਵਿਚ ਸਾਡਾ ਖੁੱਲ੍ਹਾਪਣ ਸਾਡੇ ਤੇ ਹੋਰ ਹਮਲੇ ਲਿਆ ਸਕਦਾ ਹੈ? ਆਪਣੇ ਆਪ ਨੂੰ ਐਵੇਂ ਹੀ ਵਿਵਾਦ ਵਿਚ ਪਾਉਣਾ ਬਿਲਕੁਲ ਬੇਵਕੂਫੀ ਦੀ ਗੱਲ ਹੋਵੇਗੀ, ਅਤੇ ਯਿਸੂ ਦੀ ਸਲਾਹ ਦੇ ਮੁਤਾਬਕ ਨਹੀਂ ਹੋਵੇਗਾ। (ਕਹਾਉਤਾਂ 26:17; ਮੱਤੀ 10:16) ਫਿਰ ਵੀ, ਰਾਜ ਪ੍ਰਚਾਰ ਦਾ ਅਤੇ ਲੋਕਾਂ ਨੂੰ ਉਨ੍ਹਾਂ ਦੇ ਜੀਵਨ ਸੁਧਾਰਨ ਲਈ ਮਦਦ ਦੇਣ ਦਾ ਲਾਭਦਾਇਕ ਕੰਮ ਲੁਕੋਇਆ ਨਹੀਂ ਜਾਣਾ ਚਾਹੀਦਾ। ਇਹ ਯਹੋਵਾਹ ਨੂੰ ਵਡਿਆਉਂਦੇ ਹੋਏ, ਉਸ ਨੂੰ ਉਚਿਆਉਂਦਾ ਹੈ, ਅਤੇ ਉਸ ਵੱਲ ਅਤੇ ਉਸ ਦੇ ਸਥਾਪਿਤ ਰਾਜ ਵੱਲ ਧਿਆਨ ਖਿੱਚਦਾ ਹੈ। ਪੂਰਬੀ ਯੂਰਪ ਅਤੇ ਅਫ਼ਰੀਕਾ ਦੇ ਕੁਝ ਹਿੱਸਿਆਂ ਵਿਚ ਬਾਈਬਲ ਸੱਚਾਈ ਦੇ ਪ੍ਰਤੀ ਹਾਲ ਦੀ ਆਨੰਦਦਾਇਕ ਪ੍ਰਤਿਕ੍ਰਿਆ ਦਾ ਕਾਰਨ ਕੁਝ ਹੱਦ ਤਕ ਉਹ ਵਧਦਾ ਖੁੱਲ੍ਹਾਪਣ ਹੈ ਜਿਸ ਨਾਲ ਉੱਥੇ ਹੁਣ ਸੱਚਾਈ ਦਾ ਪ੍ਰਚਾਰ ਕੀਤਾ ਜਾ ਸਕਦਾ ਹੈ।
15, 16. (ੳ) ਸਾਡੇ ਖੁੱਲ੍ਹੇਪਣ ਨਾਲ ਅਤੇ ਸਾਡੀ ਅਧਿਆਤਮਿਕ ਖ਼ੁਸ਼ਹਾਲੀ ਨਾਲ ਕਿਹੜੇ ਮਕਸਦ ਪੂਰੇ ਹੁੰਦੇ ਹਨ, ਪਰ ਕੀ ਇਹ ਫ਼ਿਕਰ ਕਰਨ ਦਾ ਕਾਰਨ ਹੈ? (ਅ) ਯਹੋਵਾਹ ਸ਼ਤਾਨ ਦੇ ਜਬਾੜਿਆਂ ਵਿਚ ਕੰਡਿਆਲਾ ਕਿਉਂ ਪਾਉਂਦਾ ਹੈ?
15 ਇਹ ਸੱਚ ਹੈ ਕਿ ਯਹੋਵਾਹ ਦੇ ਗਵਾਹਾਂ ਦੇ ਪ੍ਰਚਾਰ ਦਾ ਖੁੱਲ੍ਹਾਪਣ, ਉਨ੍ਹਾਂ ਦਾ ਅਧਿਆਤਮਿਕ ਪਰਾਦੀਸ ਜਿਸ ਦਾ ਉਹ ਆਨੰਦ ਮਾਣਦੇ ਹਨ, ਅਤੇ ਉਨ੍ਹਾਂ ਦੀ ਖ਼ੁਸ਼ਹਾਲੀ—ਦੋਵੇਂ ਮਾਨਵੀ ਸਾਧਨਾਂ ਅਤੇ ਭੌਤਿਕ ਸੰਪਤੀ ਦੇ ਕਾਰਨ—ਨੋਟ ਕੀਤੇ ਜਾਂਦੇ ਹਨ। ਹਾਲਾਂਕਿ ਇਹ ਗੱਲਾਂ ਨੇਕਦਿਲ ਵਾਲਿਆਂ ਨੂੰ ਖਿੱਚਦੀਆਂ ਹਨ, ਇਹ ਵਿਰੋਧੀਆਂ ਨੂੰ ਘਿਰਣਾ ਦੁਆ ਸਕਦੀਆਂ ਹਨ। (2 ਕੁਰਿੰਥੀਆਂ 2:14-17) ਅਸਲ ਵਿਚ, ਇਹ ਖ਼ੁਸ਼ਹਾਲੀ ਆਖ਼ੀਰ ਵਿਚ ਸ਼ਾਇਦ ਸ਼ਤਾਨ ਦੀ ਸੈਨਾ ਵੱਲੋਂ ਪਰਮੇਸ਼ੁਰ ਦੇ ਲੋਕਾਂ ਤੇ ਹਮਲਾ ਕਰਨ ਦਾ ਕਾਰਨ ਬਣੇ।
16 ਕੀ ਇਹ ਫ਼ਿਕਰ ਕਰਨ ਦਾ ਕਾਰਨ ਹੋਣਾ ਚਾਹੀਦਾ ਹੈ? ਹਿਜ਼ਕੀਏਲ ਅਧਿਆਇ 38 ਵਿਚ ਪਾਈ ਗਈ ਯਹੋਵਾਹ ਦੀ ਭਵਿੱਖਬਾਣੀ ਦੇ ਅਨੁਸਾਰ ਤਾਂ ਨਹੀਂ। ਇਹ ਭਵਿੱਖਬਾਣੀ ਦੱਸਦੀ ਹੈ ਕਿ ਮਾਗੋਗ ਦਾ ਗੋਗ, ਜੋ ਉਸ ਸਮੇਂ ਤੋਂ ਸ਼ਤਾਨ ਅਰਥਾਤ ਇਬਲੀਸ ਨੂੰ ਚਿਤ੍ਰਿਤ ਕਰਦਾ ਹੈ ਜਦੋਂ ਦਾ ਉਹ 1914 ਵਿਚ ਰਾਜ ਦੇ ਸਥਾਪਿਤ ਹੋਣ ਤੋਂ ਬਾਅਦ ਧਰਤੀ ਤੇ ਸੁੱਟਿਆ ਗਿਆ ਸੀ, ਪਰਮੇਸ਼ੁਰ ਦੇ ਲੋਕਾਂ ਤੇ ਹਮਲਾ ਕਰਨ ਵਿਚ ਅਗਵਾਈ ਕਰੇਗਾ। (ਪਰਕਾਸ਼ ਦੀ ਪੋਥੀ 12:7-9) ਯਹੋਵਾਹ ਗੋਗ ਨੂੰ ਕਹਿੰਦਾ ਹੈ: “ਤੂੰ ਆਖੇਂਗਾ, ਮੈਂ ਬੇਸਫੀਲਿਆਂ ਪਿੰਡਾਂ ਦੇ ਦੇਸ ਤੇ ਹੱਲਾ ਕਰਾਂਗਾ। ਮੈਂ ਉਨ੍ਹਾਂ ਤੇ ਹੱਲਾ ਕਰਾਂਗਾ ਜਿਹੜੇ ਅਰਾਮ ਤੇ ਬੇ-ਫਿਕਰੀ ਨਾਲ ਵੱਸਦੇ ਹਨ, ਓਹ ਸਾਰੇ ਦੇ ਸਾਰੇ ਜੋ ਬਿਨਾਂ ਕੰਧਾਂ ਦੇ ਵੱਸਦੇ ਹਨ, ਨਾ ਹੀ ਖਾਈਆਂ ਅਤੇ ਨਾ ਦਰਵੱਜੇ ਹਨ। ਤਾਂ ਜੋ ਤੂੰ ਲੁੱਟੇਂ ਅਤੇ ਲੁੱਟ ਦਾ ਮਾਲ ਖੋਹ ਲਵੇਂ ਅਤੇ ਉਨ੍ਹਾਂ ਉੱਜੜਿਆਂ ਥਾਂਵਾਂ ਤੇ ਜਿਹੜਿਆਂ ਹੁਣ ਆਬਾਦ ਹਨ ਅਤੇ ਉਨ੍ਹਾਂ ਲੋਕਾਂ ਤੇ ਜਿਹੜੇ ਸਾਰੀਆਂ ਕੌਮਾਂ ਵਿੱਚੋਂ ਇਕੱਠੇ ਹੋਏ ਹਨ ਆਪਣਾ ਹੱਥ ਚਲਾਵੇਂ, ਜਿਨ੍ਹਾਂ ਪਸੂਆਂ ਤੇ ਮਾਲ ਨੂੰ ਪਰਾਪਤ ਕੀਤਾ ਹੈ ਅਤੇ ਧਰਤੀ ਦੀ ਧੁੰਨੀ ਤੇ ਵੱਸਦੇ ਹਨ।” (ਹਿਜ਼ਕੀਏਲ 38:11, 12) ਪਰ, ਆਇਤ 4 ਦਿਖਾਉਂਦੀ ਹੈ ਕਿ ਪਰਮੇਸ਼ੁਰ ਦੇ ਲੋਕਾਂ ਨੂੰ ਇਸ ਹਮਲੇ ਤੋਂ ਡਰਨਾ ਨਹੀਂ ਚਾਹੀਦਾ, ਕਿਉਂਕਿ ਇਹ ਯਹੋਵਾਹ ਦੀ ਕਰਨੀ ਹੈ। ਪਰ ਪਰਮੇਸ਼ੁਰ ਆਪਣੇ ਲੋਕਾਂ ਉੱਤੇ ਸਿਰਤੋੜ ਹਮਲਾ ਕਿਉਂ ਆਉਣ ਦੇਵੇਗਾ—ਹਾਂ, ਉਸ ਨੂੰ ਕਿਉਂ ਭੜਕਾਵੇਗਾ? ਆਇਤ 23 ਵਿਚ ਅਸੀਂ ਯਹੋਵਾਹ ਦਾ ਜਵਾਬ ਪੜ੍ਹਦੇ ਹਾਂ: “[ਮੈਂ] ਆਪਣੀ ਮਹਿਮਾ ਅਤੇ ਆਪਣੀ ਪਵਿੱਤ੍ਰਤਾ ਕਰਾਵਾਂਗਾ ਅਤੇ ਬਹੁਤ ਸਾਰੀਆਂ ਕੌਮਾਂ ਦੀਆਂ ਨਜ਼ਰਾਂ ਵਿੱਚ ਜਾਣਿਆ ਜਾਵਾਂਗਾ ਅਤੇ ਓਹ ਜਾਣਨਗੇ ਕਿ ਮੈਂ ਯਹੋਵਾਹ ਹਾਂ!”
17. ਸਾਨੂੰ ਗੋਗ ਦੇ ਅਤਿ ਨੇੜੇ ਹਮਲੇ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ?
17 ਇਸ ਲਈ, ਗੋਗ ਦੇ ਹਮਲੇ ਤੋਂ ਭੈਭੀਤ ਹੋਣ ਦੀ ਬਜਾਇ, ਯਹੋਵਾਹ ਦੇ ਲੋਕ ਬਾਈਬਲ ਦੀ ਇਸ ਅਗਲੀ ਭਵਿੱਖਬਾਣੀ ਦੀ ਪੂਰਤੀ ਨੂੰ ਉਤਸ਼ਾਹ ਨਾਲ ਉਡੀਕਦੇ ਹਨ। ਇਹ ਜਾਣਨਾ ਕਿੰਨਾ ਰੁਮਾਂਚਕ ਹੈ ਕਿ ਆਪਣੇ ਦ੍ਰਿਸ਼ਟ ਸੰਗਠਨ ਨੂੰ ਖ਼ੁਸ਼ਹਾਲ ਬਣਾਉਣ ਅਤੇ ਬਰਕਤ ਦੇਣ ਦੁਆਰਾ, ਯਹੋਵਾਹ ਸ਼ਤਾਨ ਦੇ ਜਬਾੜਿਆਂ ਵਿਚ ਕੰਡਿਆਲਾ ਪਾ ਕੇ ਉਸ ਨੂੰ ਆਪਣੀ ਸੈਨਿਕ ਸ਼ਕਤੀ ਸਮੇਤ ਬਰਬਾਦੀ ਵੱਲ ਖਿੱਚਦਾ ਹੈ!—ਹਿਜ਼ਕੀਏਲ 38:4.
ਹੁਣ ਅੱਗੇ ਨਾਲੋਂ ਕਿਤੇ ਹੀ ਜ਼ਿਆਦਾ!
18. (ੳ) ਕਈਆਂ ਨੂੰ ਹੁਣ ਕਿਸ ਗੱਲ ਦਾ ਅਹਿਸਾਸ ਹੋ ਰਿਹਾ ਹੈ, ਅਤੇ ਕਿਉਂ? (ਅ) ਰਾਜ ਪ੍ਰਚਾਰ ਦੇ ਪ੍ਰਤੀ ਪ੍ਰਤਿਕ੍ਰਿਆ ਕਿਸ ਤਰ੍ਹਾਂ ਜ਼ੋਰਦਾਰ ਉਤੇਜਨਾ ਬਣਦੀ ਹੈ?
18 ਆਧੁਨਿਕ ਸਮਿਆਂ ਵਿਚ ਯਹੋਵਾਹ ਦੇ ਗਵਾਹ ਆਪਣੇ ਬਾਈਬਲ-ਆਧਾਰਿਤ ਦ੍ਰਿਸ਼ਟੀਕੋਣ ਪ੍ਰਗਟ ਕਰਨ ਵਿਚ ਬਹੁਤ ਖੁੱਲ੍ਹੇ ਰਹੇ ਹਨ, ਹਾਲਾਂਕਿ ਇਹ ਪਸੰਦ ਨਹੀਂ ਕੀਤਾ ਗਿਆ ਹੈ। ਦਹਾਕਿਆਂ ਤੋਂ ਉਹ ਸਿਗਰਟ ਪੀਣ ਅਤੇ ਨਸ਼ੀਲੀਆਂ ਦਵਾਈਆਂ ਦੀ ਕੁਵਰਤੋਂ ਦੇ ਖ਼ਤਰਿਆਂ ਬਾਰੇ, ਇਜਾਜ਼ਤੀ ਬਾਲ ਪਰਵਰਿਸ਼ ਦੀ ਥੋੜ੍ਹ-ਮਤਾ ਬਾਰੇ, ਨਾਜਾਇਜ਼ ਸੰਭੋਗ ਅਤੇ ਹਿੰਸਾ ਨਾਲ ਭਰਪੂਰ ਮਨੋਰੰਜਨ ਦੇ ਬੁਰੇ ਅਸਰਾਂ ਬਾਰੇ, ਅਤੇ ਰਕਤ-ਆਧਾਨ ਦੇ ਜੋਖਮ ਬਾਰੇ ਚੇਤਾਵਨੀ ਦਿੰਦੇ ਆਏ ਹਨ। ਉਨ੍ਹਾਂ ਨੇ ਸਾਫ਼-ਸਾਫ਼ ਕ੍ਰਮ-ਵਿਕਾਸ ਦੇ ਸਿਧਾਂਤ ਵਿਚ ਅਸੰਗਤੀਆਂ ਵੀ ਦਿਖਾਈਆਂ ਹਨ। ਜ਼ਿਆਦਾ ਤੋਂ ਜ਼ਿਆਦਾ ਲੋਕ ਹੁਣ ਕਹਿ ਰਹੇ ਹਨ, “ਯਹੋਵਾਹ ਦੇ ਗਵਾਹ ਆਖ਼ਰਕਾਰ ਗ਼ਲਤ ਨਹੀਂ ਹਨ।” ਜੇ ਅਸੀਂ ਆਪਣੇ ਦ੍ਰਿਸ਼ਟੀਕੋਣ ਇੰਨੀ ਖੁੱਲ੍ਹੀ ਤਰ੍ਹਾਂ ਆਮ ਨਾ ਕੀਤੇ ਹੁੰਦੇ, ਤਾਂ ਉਹ ਇਸ ਤਰ੍ਹਾਂ ਪ੍ਰਤਿਕ੍ਰਿਆ ਨਾ ਦਿਖਾ ਸਕਦੇ। ਅਤੇ ਇਹ ਅਸਲੀਅਤ ਅਣਡਿੱਠ ਨਾ ਕਰੋ ਕਿ ਅਜਿਹਾ ਬਿਆਨ ਕਰਕੇ, ਉਹ ਇਹ ਕਹਿਣ ਵੱਲ ਕਦਮ ਚੁੱਕ ਰਹੇ ਹਨ, ਕਿ “ਸ਼ਤਾਨ, ਤੂੰ ਝੂਠਾ ਹੈਂ; ਆਖ਼ਰਕਾਰ ਯਹੋਵਾਹ ਹੀ ਸੱਚਾ ਨਿਕਲਿਆ।” ਯਿਸੂ ਦੀ ਉਦਾਹਰਣ ਦੀ ਨਕਲ ਕਰਦੇ ਰਹਿਣ ਲਈ ਅਤੇ ਖੁੱਲ੍ਹੇ-ਆਮ ਸੱਚਾਈ ਦਾ ਬਚਨ ਬੋਲਦੇ ਰਹਿਣ ਲਈ ਇਹ ਸਾਡੇ ਵਾਸਤੇ ਕਿੰਨੀ ਜ਼ੋਰਦਾਰ ਉਤੇਜਨਾ ਹੈ!—ਕਹਾਉਤਾਂ 27:11.
19, 20. (ੳ) ਯਹੋਵਾਹ ਦੇ ਲੋਕਾਂ ਨੇ 1922 ਵਿਚ ਕਿਹੜਾ ਪੱਕਾ ਇਰਾਦਾ ਪ੍ਰਗਟ ਕੀਤਾ ਸੀ, ਅਤੇ ਕੀ ਇਹ ਸ਼ਬਦ ਅਜੇ ਵੀ ਲਾਗੂ ਹੁੰਦੇ ਹਨ? (ਅ) ਸਾਨੂੰ ਯਹੋਵਾਹ ਦੇ “ਪਵਿੱਤਰ ਭੇਤ” ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ?
19 ਲੰਬੇ ਸਮੇਂ ਤੋਂ ਯਹੋਵਾਹ ਦੇ ਲੋਕਾਂ ਨੇ ਇਸ ਬਾਰੇ ਆਪਣਾ ਫ਼ਰਜ਼ ਭਾਂਪਿਆ ਹੈ। 1922 ਵਿਚ, ਇਕ ਯਾਦ ਰੱਖਣ ਯੋਗ ਸੰਮੇਲਨ ਤੇ, ਜੇ. ਐੱਫ਼. ਰਦਰਫ਼ਰਡ, ਉਸ ਸਮੇਂ ਵਾਚ ਟਾਵਰ ਸੋਸਾਇਟੀ ਦੇ ਪ੍ਰਧਾਨ, ਨੇ ਹਾਜ਼ਰੀਨਾਂ ਨੂੰ ਇਹ ਕਹਿ ਕੇ ਰੁਮਾਂਚਿਤ ਕੀਤਾ: “ਸੰਜੀਦਾ ਹੋਵੋ, ਚੁਕੰਨੇ ਹੋਵੋ, ਸਰਗਰਮ ਹੋਵੋ, ਬਹਾਦਰ ਹੋਵੋ। ਪ੍ਰਭੂ ਲਈ ਵਫ਼ਾਦਾਰ ਅਤੇ ਸੱਚੇ ਗਵਾਹ ਹੋਵੋ। ਲੜਾਈ ਵਿਚ ਅੱਗੇ ਵਧੋ ਜਦ ਤਕ ਬਾਬੁਲ ਦਾ ਹਰ ਹਿੱਸਾ ਤਬਾਹ ਨਾ ਹੋ ਜਾਵੇ। ਸੰਦੇਸ਼ ਦਾ ਦੂਰ ਦੂਰ ਤਕ ਐਲਾਨ ਕਰੋ। ਦੁਨੀਆਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਯਹੋਵਾਹ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ ਹੈ। ਇਹ ਮਹਾਨ ਦਿਨ ਹੈ। ਦੇਖੋ, ਰਾਜਾ ਰਾਜ ਕਰ ਰਿਹਾ ਹੈ! ਤੁਸੀਂ ਉਸ ਦੇ ਪ੍ਰਚਾਰ ਕਾਰਿੰਦੇ ਹੋ। ਇਸ ਲਈ ਰਾਜੇ ਅਤੇ ਉਸ ਦੇ ਰਾਜ ਦੀ ਘੋਸ਼ਣਾ ਕਰੋ, ਘੋਸ਼ਣਾ ਕਰੋ, ਘੋਸ਼ਣਾ ਕਰੋ।”
20 ਭਾਵੇਂ ਇਹ ਸ਼ਬਦ 1922 ਵਿਚ ਮਹੱਤਵਪੂਰਣ ਸਨ, ਹੁਣ 75 ਸਾਲ ਬਾਅਦ ਇਹ ਹੋਰ ਵੀ ਜ਼ਿਆਦਾ ਮਹੱਤਵਪੂਰਣ ਹਨ, ਜਦੋਂ ਕਿ ਨਿਆਂਕਾਰ ਅਤੇ ਬਦਲਾ ਲੈਣ ਵਾਲੇ ਵਜੋਂ ਮਸੀਹ ਦਾ ਪ੍ਰਗਟ ਹੋਣਾ ਹੋਰ ਜ਼ਿਆਦਾ ਨਜ਼ਦੀਕ ਪਹੁੰਚ ਗਿਆ ਹੈ! ਯਹੋਵਾਹ ਦੇ ਸਥਾਪਿਤ ਰਾਜ, ਅਤੇ ਉਸ ਅਧਿਆਤਮਿਕ ਪਰਾਦੀਸ ਦਾ ਸੰਦੇਸ਼, ਜਿਸ ਦਾ ਪਰਮੇਸ਼ੁਰ ਦੇ ਲੋਕ ਆਨੰਦ ਮਾਣ ਰਹੇ ਹਨ, ਇਕ ਅਜਿਹਾ “ਪਵਿੱਤਰ ਭੇਤ” ਹੈ ਜੋ ਗੁਪਤ ਰੱਖਿਆ ਨਹੀਂ ਜਾ ਸਕਦਾ ਹੈ। ਜਿਵੇਂ ਯਿਸੂ ਨੇ ਖ਼ੁਦ ਇੰਨਾ ਸਾਫ਼ ਸਾਫ਼ ਬਿਆਨ ਕੀਤਾ ਸੀ, ਉਸ ਦੇ ਪੈਰੋਕਾਰਾਂ ਵਾਸਤੇ, ਪਵਿੱਤਰ ਆਤਮਾ ਦੀ ਮਦਦ ਦੇ ਨਾਲ “ਧਰਤੀ ਦੇ ਬੰਨੇ ਤੀਕੁਰ” ਯਹੋਵਾਹ ਦੇ ਸਦੀਵੀ ਮਕਸਦ ਵਿਚ ਉਸ ਦੀ ਮੁੱਖ ਭੂਮਿਕਾ ਬਾਰੇ ਗਵਾਹੀ ਦੇਣੀ ਜ਼ਰੂਰੀ ਹੈ। (ਰਸੂਲਾਂ ਦੇ ਕਰਤੱਬ 1:8; ਅਫ਼ਸੀਆਂ 3:8-12) ਅਸਲ ਵਿਚ, ਭੇਤ ਪ੍ਰਗਟ ਕਰਨ ਵਾਲੇ ਪਰਮੇਸ਼ੁਰ, ਯਹੋਵਾਹ ਦੇ ਸੇਵਕਾਂ ਵਜੋਂ ਅਸੀਂ ਆਪਣੇ ਆਪ ਕੋਲ ਇਹ ਭੇਤ ਗੁਪਤ ਨਹੀਂ ਰੱਖ ਸਕਦੇ!
ਤੁਸੀਂ ਕਿਵੇਂ ਜਵਾਬ ਦਿਓਗੇ?
◻ “ਪਵਿੱਤਰ ਭੇਤ” ਕੀ ਹੈ?
◻ ਸਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਇਹ ਆਮ ਕੀਤਾ ਜਾਣਾ ਚਾਹੀਦਾ ਹੈ?
◻ ਯਹੋਵਾਹ ਦੇ ਲੋਕਾਂ ਤੇ ਗੋਗ ਦੇ ਹਮਲੇ ਦਾ ਕੀ ਕਾਰਨ ਹੈ, ਅਤੇ ਸਾਨੂੰ ਇਸ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ?
◻ ਸਾਡੇ ਵਿੱਚੋਂ ਹਰੇਕ ਨੂੰ ਕੀ ਕਰਨ ਦਾ ਪੱਕਾ ਇਰਾਦਾ ਰੱਖਣਾ ਚਾਹੀਦਾ ਹੈ?
[ਸਫ਼ੇ 16 ਉੱਤੇ ਡੱਬੀ]
“ਪਵਿੱਤਰ ਭੇਤ” ਪ੍ਰਗਤੀਵਾਦੀ ਢੰਗ ਨਾਲ ਪ੍ਰਗਟ ਕੀਤਾ ਗਿਆ
◻ 4026 ਸਾ.ਯੁ.ਪੂ. ਤੋਂ ਬਾਅਦ: ਸ਼ਤਾਨ ਨੂੰ ਨਸ਼ਟ ਕਰਨ ਲਈ ਪਰਮੇਸ਼ੁਰ ਇਕ ਸੰਤਾਨ ਨੂੰ ਖੜ੍ਹੀ ਕਰਨ ਦਾ ਵਾਅਦਾ ਕਰਦਾ ਹੈ।—ਉਤਪਤ 3:15
◻ 1943 ਸਾ.ਯੁ.ਪੂ.: ਅਬਰਾਹਾਮ ਦਾ ਨੇਮ ਪ੍ਰਮਾਣਿਤ ਕੀਤਾ ਜਾਂਦਾ ਹੈ, ਇਹ ਵਾਅਦਾ ਕਰਦੇ ਹੋਏ ਕਿ ਸੰਤਾਨ ਅਬਰਾਹਾਮ ਦੇ ਜ਼ਰੀਏ ਆਵੇਗੀ।—ਉਤਪਤ 12:1-7
◻ 1918 ਸਾ.ਯੁ.ਪੂ.: ਨੇਮ ਦੇ ਵਾਰਸ ਵਜੋਂ ਇਸਹਾਕ ਦਾ ਜਨਮ।—ਉਤਪਤ 17:19; 21:1-5
◻ ਤਕਰੀਬਨ 1761 ਸਾ.ਯੁ.ਪੂ.: ਯਹੋਵਾਹ ਪੁਸ਼ਟੀ ਕਰਦਾ ਹੈ ਕਿ ਸੰਤਾਨ ਇਸਹਾਕ ਦੇ ਪੁੱਤਰ ਯਾਕੂਬ ਦੇ ਜ਼ਰੀਏ ਆਵੇਗੀ।—ਉਤਪਤ 28:10-15
◻ 1711 ਸਾ.ਯੁ.ਪੂ.: ਯਾਕੂਬ ਸੰਕੇਤ ਕਰਦਾ ਹੈ ਕਿ ਸੰਤਾਨ ਉਸ ਦੇ ਪੁੱਤਰ ਯਹੂਦਾਹ ਦੇ ਜ਼ਰੀਏ ਆਵੇਗੀ।—ਉਤਪਤ 49:10
◻ 1070-1038 ਸਾ.ਯੁ.ਪੂ.: ਦਾਊਦ ਨੂੰ ਪਤਾ ਲੱਗਦਾ ਹੈ ਕਿ ਸੰਤਾਨ ਉਸ ਦੀ ਨਸਲ ਵਿੱਚੋਂ ਹੋਵੇਗੀ ਅਤੇ ਸਦਾ ਲਈ ਰਾਜੇ ਵਜੋਂ ਰਾਜ ਕਰੇਗੀ।—2 ਸਮੂਏਲ 7:13-16; ਜ਼ਬੂਰ 89:35, 36
◻ 29-33 ਸਾ.ਯੁ.: ਯਿਸੂ ਦੀ ਪਛਾਣ ਸੰਤਾਨ, ਮਸੀਹਾ, ਭਾਵੀ ਨਿਆਂਕਾਰ, ਅਤੇ ਮਨੋਨੀਤ-ਰਾਜਾ ਵਜੋਂ ਕੀਤੀ ਜਾਂਦੀ ਹੈ।—ਯੂਹੰਨਾ 1:17; 4:25, 26; ਰਸੂਲਾਂ ਦੇ ਕਰਤੱਬ 10:42, 43; 2 ਕੁਰਿੰਥੀਆਂ 1:20; 1 ਤਿਮੋਥਿਉਸ 3:16
◻ ਯਿਸੂ ਪ੍ਰਗਟ ਕਰਦਾ ਹੈ ਕਿ ਉਸ ਦੇ ਸੰਗੀ ਰਾਜੇ ਅਤੇ ਨਿਆਂਕਾਰ ਹੋਣਗੇ, ਕਿ ਸਵਰਗੀ ਰਾਜ ਦੀ ਪਾਰਥਿਵ ਪਰਜਾ ਹੋਵੇਗੀ, ਅਤੇ ਕਿ ਉਸ ਦੇ ਸਾਰੇ ਪੈਰੋਕਾਰ ਰਾਜ ਪ੍ਰਚਾਰਕ ਹੋਣਗੇ।—ਮੱਤੀ 5:3-5; 6:10; 28:19, 20; ਲੂਕਾ 10:1-9; 12:32; 22:29, 30; ਯੂਹੰਨਾ 10:16; 14:2, 3
◻ ਯਿਸੂ ਪ੍ਰਗਟ ਕਰਦਾ ਹੈ ਕਿ ਰਾਜ ਨਿਸ਼ਚਿਤ ਸਮੇਂ ਤੇ ਸਥਾਪਿਤ ਕੀਤਾ ਜਾਵੇਗਾ, ਅਤੇ ਦੁਨੀਆਂ ਦੀਆਂ ਘਟਨਾਵਾਂ ਇਸ ਦਾ ਸਮਰਥਨ ਕਰਦੀਆਂ ਹਨ।—ਮੱਤੀ 24:3-22; ਲੂਕਾ 21:24
◻ 36 ਸਾ.ਯੁ.: ਪਤਰਸ ਨੂੰ ਪਤਾ ਲੱਗਦਾ ਹੈ ਕਿ ਗ਼ੈਰ-ਯਹੂਦੀ ਵੀ ਰਾਜ ਦੇ ਸਾਂਝੇ ਵਾਰਸ ਹੋਣਗੇ।—ਰਸੂਲਾਂ ਦੇ ਕਰਤੱਬ 10:30-48
◻ 55 ਸਾ.ਯੁ.: ਪੌਲੁਸ ਸਮਝਾਉਂਦਾ ਹੈ ਕਿ ਰਾਜ ਦੇ ਸਾਂਝੇ ਵਾਰਸ ਮਸੀਹ ਦੀ ਮੌਜੂਦਗੀ ਦੇ ਦੌਰਾਨ ਅਮਰਤਾ ਅਤੇ ਅਵਿਨਾਸ਼ਤਾ ਵਿਚ ਪੁਨਰ-ਉਥਿਤ ਕੀਤੇ ਜਾਣਗੇ।—1 ਕੁਰਿੰਥੀਆਂ 15:51-54
◻ 96 ਸਾ.ਯੁ.: ਯਿਸੂ, ਆਪਣੇ ਮਸਹ ਕੀਤੇ ਹੋਏ ਪੈਰੋਕਾਰਾਂ ਤੇ ਪਹਿਲਾਂ ਹੀ ਰਾਜ ਕਰਦੇ ਹੋਏ, ਪ੍ਰਗਟ ਕਰਦਾ ਹੈ ਕਿ ਉਨ੍ਹਾਂ ਦੀ ਅੰਤਿਮ ਗਿਣਤੀ 1,44,000 ਹੋਵੇਗੀ।—ਅਫ਼ਸੀਆਂ 5:32; ਕੁਲੁੱਸੀਆਂ 1:13-20; ਪਰਕਾਸ਼ ਦੀ ਪੋਥੀ 1:1; 14:1-3
◻ 1879 ਸਾ.ਯੁ.: ਜ਼ਾਇੰਜ਼ ਵਾਚ ਟਾਵਰ ਪਰਮੇਸ਼ੁਰ ਦੇ “ਪਵਿੱਤਰ ਭੇਤ” ਦੇ ਪੂਰੇ ਹੋਣ ਵਿਚ ਇਕ ਬਹੁਤ ਅਹਿਮ ਸਾਲ ਵਜੋਂ 1914 ਵੱਲ ਸੰਕੇਤ ਕਰਦਾ ਹੈ।
◻ 1925 ਸਾ.ਯੁ.: ਦ ਵਾਚ ਟਾਵਰ ਸਮਝਾਉਂਦਾ ਹੈ ਕਿ ਰਾਜ 1914 ਵਿਚ ਪੈਦਾ ਹੋਇਆ ਸੀ; ਰਾਜ ਦਾ “ਪਵਿੱਤਰ ਭੇਤ” ਜ਼ਰੂਰ ਆਮ ਕੀਤਾ ਜਾਣਾ ਚਾਹੀਦਾ ਹੈ।—ਪਰਕਾਸ਼ ਦੀ ਪੋਥੀ 12:1-5, 10, 17
[ਸਫ਼ੇ 15 ਉੱਤੇ ਤਸਵੀਰਾਂ]
ਯਹੋਵਾਹ ਦੇ ਗਵਾਹ ਆਪਣੇ ਆਗੂ, ਯਿਸੂ ਵਾਂਗ ਯਹੋਵਾਹ ਦੇ ਰਾਜ ਦਾ ਖੁੱਲ੍ਹੇ-ਆਮ ਐਲਾਨ ਕਰਦੇ ਹਨ