“ਯਹੋਵਾਹ ਤਾਂ ਆਪਣੀ ਪਰਜਾ ਨੂੰ ਨਾ ਛੱਡੇਗਾ”
“ਧਰਮੀ ਉੱਤੇ ਬਹੁਤ ਸਾਰੀਆਂ ਮੁਸੀਬਤਾਂ ਪੈਂਦੀਆਂ ਹਨ, ਪਰ ਯਹੋਵਾਹ ਉਨ੍ਹਾਂ ਸਭਨਾਂ ਤੋਂ ਉਸ ਨੂੰ ਛੁਡਾਉਂਦਾ ਹੈ।”—ਜ਼ਬੂਰ 34:19.
1, 2. (ੳ) ਅੱਜ ਯਹੋਵਾਹ ਆਪਣੇ ਲੋਕਾਂ ਨੂੰ ਕਿਵੇਂ ਬਰਕਤਾਂ ਦੇ ਰਿਹਾ ਹੈ? (ਅ) ਬਹੁਤ ਸਾਰੇ ਮਸੀਹੀ ਕਿਨ੍ਹਾਂ ਚੀਜ਼ਾਂ ਦਾ ਸਾਮ੍ਹਣਾ ਕਰਦੇ ਹਨ, ਅਤੇ ਕਿਹੜੇ ਸਵਾਲ ਪੈਦਾ ਹੁੰਦੇ ਹਨ?
ਬਾਈਬਲ ਭਵਿੱਖਬਾਣੀ ਦੀ ਪੂਰਤੀ ਵਿਚ, ਯਹੋਵਾਹ ਦੇ ਉਪਾਸਕ ਅਧਿਆਤਮਿਕ ਪਰਾਦੀਸ ਵਿਚ ਵੱਸਦੇ ਹਨ। (2 ਕੁਰਿੰਥੀਆਂ 12:1-4) ਯਹੋਵਾਹ ਦੇ ਗਵਾਹ ਇਕ ਕੌਮਾਂਤਰੀ ਭਾਈਚਾਰੇ ਦੇ ਮੈਂਬਰ ਹਨ ਜਿਸ ਦੀ ਵਿਸ਼ੇਸ਼ਤਾ ਪ੍ਰੇਮ ਅਤੇ ਏਕਤਾ ਹੈ। (ਯੂਹੰਨਾ 13:35) ਉਹ ਬਾਈਬਲ ਸੱਚਾਈਆਂ ਦੇ ਡੂੰਘੇ ਅਤੇ ਵਿਸਤ੍ਰਿਤ ਗਿਆਨ ਦਾ ਆਨੰਦ ਮਾਣਦੇ ਹਨ। (ਯਸਾਯਾਹ 54:13) ਉਹ ਯਹੋਵਾਹ ਦੇ ਕਿੰਨੇ ਸ਼ੁਕਰਗੁਜ਼ਾਰ ਹਨ ਕਿ ਉਹ ਉਨ੍ਹਾਂ ਨੂੰ ਆਪਣੇ ਅਧਿਆਤਮਿਕ ਤੰਬੂ ਵਿਚ ਮਹਿਮਾਨ ਵਜੋਂ ਰਹਿਣ ਦਾ ਵਿਸ਼ੇਸ਼-ਸਨਮਾਨ ਦੇ ਰਿਹਾ ਹੈ!—ਜ਼ਬੂਰ 15:1.
2 ਜਦ ਕਿ ਯਹੋਵਾਹ ਦੇ ਸੰਗਠਨ ਵਿਚ ਸਾਰੇ ਲੋਕ ਅਧਿਆਤਮਿਕ ਖ਼ੁਸ਼ਹਾਲੀ ਦਾ ਆਨੰਦ ਮਾਣਦੇ ਹਨ, ਉਨ੍ਹਾਂ ਵਿੱਚੋਂ ਕੁਝ ਤੁਲਨਾਤਮਕ ਸ਼ਾਂਤੀ ਅਤੇ ਅਮਨ-ਚੈਨ ਵਿਚ ਰਹਿੰਦੇ ਜਾਪਦੇ ਹਨ ਜਦ ਕਿ ਬਾਕੀ ਕਿਸੇ ਨਾ ਕਿਸੇ ਤਰ੍ਹਾਂ ਦਾ ਦੁੱਖ ਅਨੁਭਵ ਕਰਦੇ ਹਨ। ਬਹੁਤ ਸਾਰੇ ਮਸੀਹੀ ਆਪਣੇ ਆਪ ਨੂੰ ਲੰਬੇ ਸਮੇਂ ਲਈ ਤਰਸਯੋਗ ਸਥਿਤੀ ਵਿਚ ਪਾਉਂਦੇ ਹਨ ਅਤੇ ਉਨ੍ਹਾਂ ਨੂੰ ਕੋਈ ਰਾਹਤ ਨਜ਼ਰ ਨਹੀਂ ਆਉਂਦੀ ਹੈ। ਅਜਿਹੀਆਂ ਹਾਲਤਾਂ ਵਿਚ ਹਿੰਮਤ-ਸ਼ਿਕਨੀ ਕੁਦਰਤੀ ਗੱਲ ਹੈ। (ਕਹਾਉਤਾਂ 13:12) ਕੀ ਆਫ਼ਤਾਂ ਪਰਮੇਸ਼ੁਰ ਦੀ ਨਾਰਾਜ਼ਗੀ ਦਾ ਸਬੂਤ ਹਨ? ਕੀ ਯਹੋਵਾਹ ਕੁਝ ਮਸੀਹੀਆਂ ਦੀ ਖ਼ਾਸ ਤੌਰ ਤੇ ਹਿਫਾਜ਼ਤ ਕਰ ਰਿਹਾ ਹੈ ਅਤੇ ਦੂਸਰਿਆਂ ਨੂੰ ਤਿਆਗ ਰਿਹਾ ਹੈ?
3. (ੳ) ਕੀ ਯਹੋਵਾਹ ਆਪਣੇ ਲੋਕਾਂ ਵੱਲੋਂ ਝੱਲੀਆਂ ਜਾਂਦੀਆਂ ਬਿਪਤਾਵਾਂ ਲਈ ਜ਼ਿੰਮੇਵਾਰ ਹੈ? (ਅ) ਯਹੋਵਾਹ ਦੇ ਵਫ਼ਾਦਾਰ ਉਪਾਸਕ ਵੀ ਮਨੁੱਖੀ ਦੁੱਖ ਕਿਉਂ ਭੋਗਦੇ ਹਨ?
3 ਬਾਈਬਲ ਜਵਾਬ ਦਿੰਦੀ ਹੈ: “ਕੋਈ ਮਨੁੱਖ ਜਦ ਪਰਤਾਇਆ ਜਾਵੇ ਤਾਂ ਇਹ ਨਾ ਆਖੇ ਭਈ ਮੈਂ ਪਰਮੇਸ਼ੁਰ ਵੱਲੋਂ ਪਰਤਾਇਆ ਜਾਂਦਾ ਹਾਂ ਕਿਉਂ ਜੋ ਪਰਮੇਸ਼ੁਰ ਬਦੀਆਂ ਤੋਂ ਪਰਤਾਇਆ ਨਹੀਂ ਜਾਂਦਾ ਹੈ ਅਤੇ ਨਾ ਉਹ ਆਪ ਕਿਸੇ ਨੂੰ ਪਰਤਾਉਂਦਾ ਹੈ।” (ਯਾਕੂਬ 1:13) ਯਹੋਵਾਹ ਆਪਣੇ ਲੋਕਾਂ ਦਾ ਰੱਖਿਅਕ ਅਤੇ ਸੰਭਾਲਣ ਵਾਲਾ ਹੈ। (ਜ਼ਬੂਰ 91:2-6) “ਯਹੋਵਾਹ ਤਾਂ ਆਪਣੀ ਪਰਜਾ ਨੂੰ ਨਾ ਛੱਡੇਗਾ।” (ਜ਼ਬੂਰ 94:14) ਇਸ ਦਾ ਇਹ ਮਤਲਬ ਨਹੀਂ ਹੈ ਕਿ ਵਫ਼ਾਦਾਰ ਉਪਾਸਕ ਦੁੱਖ ਨਹੀਂ ਭੋਗਣਗੇ। ਸੰਸਾਰ ਦੀ ਮੌਜੂਦਾ ਰੀਤੀ-ਵਿਵਸਥਾ ਉੱਤੇ ਉਹ ਵਿਅਕਤੀ ਰਾਜ ਕਰਦੇ ਹਨ ਜਿਨ੍ਹਾਂ ਨੂੰ ਵਿਰਸੇ ਵਿਚ ਅਪੂਰਣਤਾ ਮਿਲੀ ਹੈ। ਬਹੁਤ ਸਾਰੇ ਭ੍ਰਿਸ਼ਟ ਹਨ, ਅਤੇ ਕੁਝ ਬਿਲਕੁਲ ਦੁਸ਼ਟ ਹਨ। ਇਨ੍ਹਾਂ ਵਿੱਚੋਂ ਕੋਈ ਵੀ ਯਹੋਵਾਹ ਵੱਲ ਬੁੱਧ ਲਈ ਨਹੀਂ ਦੇਖਦਾ ਹੈ। ਇਸ ਕਾਰਨ ਬਹੁਤ ਸਾਰੇ ਮਨੁੱਖੀ ਦੁੱਖ ਪੈਦਾ ਹੋਏ ਹਨ। ਬਾਈਬਲ ਸਪੱਸ਼ਟ ਕਰਦੀ ਹੈ ਕਿ ਯਹੋਵਾਹ ਦੇ ਲੋਕ ਮਨੁੱਖੀ ਅਪੂਰਣਤਾ ਅਤੇ ਦੁਸ਼ਟਤਾ ਦੇ ਦੁਖਦਾਇਕ ਨਤੀਜਿਆਂ ਤੋਂ ਹਮੇਸ਼ਾ ਨਹੀਂ ਬਚ ਸਕਦੇ ਹਨ।—ਰਸੂਲਾਂ ਦੇ ਕਰਤੱਬ 14:22.
ਨਿਸ਼ਠਾਵਾਨ ਮਸੀਹੀ ਦੁੱਖ ਭੋਗਣ ਦੀ ਆਸ ਰੱਖਦੇ ਹਨ
4. ਜਿੰਨਾ ਚਿਰ ਮਸੀਹੀ ਇਸ ਦੁਸ਼ਟ ਰੀਤੀ-ਵਿਵਸਥਾ ਵਿਚ ਰਹਿੰਦੇ ਹਨ, ਉਹ ਸਾਰੇ ਕੀ ਆਸ ਰੱਖ ਸਕਦੇ ਹਨ, ਅਤੇ ਕਿਉਂ?
4 ਭਾਵੇਂ ਯਿਸੂ ਦੇ ਪੈਰੋਕਾਰ ਸੰਸਾਰ ਦਾ ਹਿੱਸਾ ਨਹੀਂ ਹਨ, ਉਹ ਇਸ ਰੀਤੀ-ਵਿਵਸਥਾ ਵਿਚਕਾਰ ਰਹਿੰਦੇ ਹਨ। (ਯੂਹੰਨਾ 17:15, 16) ਬਾਈਬਲ ਵਿਚ ਸ਼ਤਾਨ ਨੂੰ ਇਸ ਸੰਸਾਰ ਪਿੱਛੇ ਪ੍ਰਬਲ ਸ਼ਕਤੀ ਵਜੋਂ ਬੇਨਕਾਬ ਕੀਤਾ ਗਿਆ ਹੈ। (1 ਯੂਹੰਨਾ 5:19) ਇਸ ਲਈ, ਸਾਰੇ ਮਸੀਹੀ ਕਦੀ ਨਾ ਕਦੀ ਗੰਭੀਰ ਸਮੱਸਿਆਵਾਂ ਦਾ ਸਾਮ੍ਹਣਾ ਕਰਨ ਦੀ ਆਸ ਕਰ ਸਕਦੇ ਹਨ। ਇਸ ਨੂੰ ਯਾਦ ਰੱਖਦੇ ਹੋਏ, ਰਸੂਲ ਪਤਰਸ ਕਹਿੰਦਾ ਹੈ: “ਸੁਚੇਤ ਹੋਵੋ, ਜਾਗਦੇ ਰਹੋ! ਤੁਹਾਡਾ ਵਿਰੋਧੀ ਸ਼ਤਾਨ ਬੁਕਦੇ ਸ਼ੀਂਹ ਵਾਂਙੁ ਭਾਲਦਾ ਫਿਰਦਾ ਹੈ ਭਈ ਕਿਹ ਨੂੰ ਪਾੜ ਖਾਵਾਂ! ਤੁਸੀਂ ਆਪਣੀ ਨਿਹਚਾ ਵਿੱਚ ਤਕੜੇ ਹੋ ਕੇ ਉਹ ਦਾ ਸਾਹਮਣਾ ਕਰੋ ਇਹ ਜਾਣ ਕੇ ਜੋ ਤੁਹਾਡੇ ਗੁਰਭਾਈ ਜਿਹੜੇ ਜਗਤ ਵਿੱਚ ਹਨ ਓਹਨਾਂ ਨੂੰ ਵੀ ਏਹੋ ਦੁਖ ਸਹਿਣੇ ਪੈਂਦੇ ਹਨ।” (1 ਪਤਰਸ 5:8, 9) ਜੀ ਹਾਂ, ਮਸੀਹੀਆਂ ਦੀ ਸਮੁੱਚੀ ਸੰਗਤ ਦੁੱਖਾਂ ਦੀ ਆਸ ਰੱਖ ਸਕਦੀ ਹੈ।
5. ਯਿਸੂ ਨੇ ਇਹ ਕਿਸ ਤਰ੍ਹਾਂ ਸਪੱਸ਼ਟ ਕੀਤਾ ਕਿ ਵਫ਼ਾਦਾਰ ਮਸੀਹੀ ਜੀਵਨ ਵਿਚ ਦੁਖਦਾਇਕ ਚੀਜ਼ਾਂ ਦਾ ਅਨੁਭਵ ਕਰਨਗੇ?
5 ਭਾਵੇਂ ਅਸੀਂ ਯਹੋਵਾਹ ਨਾਲ ਡੂੰਘਾ ਪ੍ਰੇਮ ਕਰਦੇ ਹਾਂ ਅਤੇ ਉਸ ਦੇ ਸਿਧਾਂਤਾਂ ਪ੍ਰਤੀ ਨਿਸ਼ਠਾਵਾਨ ਹਾਂ, ਤਾਂ ਵੀ ਅਸੀਂ ਜੀਵਨ ਵਿਚ ਦੁਖਦਾਇਕ ਚੀਜ਼ਾਂ ਦਾ ਅਨੁਭਵ ਕਰਾਂਗੇ। ਯਿਸੂ ਨੇ ਮੱਤੀ 7:24-27 ਵਿਚ ਦਰਜ ਆਪਣੇ ਦ੍ਰਿਸ਼ਟਾਂਤ ਵਿਚ ਇਹ ਸਪੱਸ਼ਟ ਕੀਤਾ ਸੀ, ਜਿੱਥੇ ਉਸ ਨੇ ਉਨ੍ਹਾਂ ਦੋਨਾਂ ਵਿਚ ਭਿੰਨਤਾ ਦਿਖਾਈ ਜੋ ਉਸ ਦੇ ਸ਼ਬਦਾਂ ਦੀ ਪਾਲਣਾ ਕਰਦੇ ਹਨ ਅਤੇ ਜੋ ਨਹੀਂ ਕਰਦੇ ਹਨ। ਉਸ ਨੇ ਆਗਿਆਕਾਰ ਚੇਲਿਆਂ ਦੀ ਤੁਲਨਾ ਇਕ ਬੁੱਧਵਾਨ ਨਾਲ ਕੀਤੀ ਜੋ ਆਪਣਾ ਘਰ ਠੋਸ ਪੱਥਰ ਉੱਤੇ ਬਣਾਉਂਦਾ ਹੈ। ਜੋ ਉਸ ਦੇ ਸ਼ਬਦਾਂ ਦੀ ਪਾਲਣਾ ਨਹੀਂ ਕਰਦਾ ਹੈ ਉਸ ਦੀ ਤੁਲਨਾ ਉਸ ਨੇ ਇਕ ਮੂਰਖ ਨਾਲ ਕੀਤੀ ਹੈ ਜੋ ਆਪਣਾ ਘਰ ਰੇਤ ਉੱਤੇ ਬਣਾਉਂਦਾ ਹੈ। ਪ੍ਰਚੰਡ ਤੂਫ਼ਾਨ ਦੇ ਬਾਅਦ, ਕੇਵਲ ਪੱਥਰ ਉੱਤੇ ਬਣਿਆ ਘਰ ਹੀ ਬਚਦਾ ਹੈ। ਧਿਆਨ ਦਿਓ ਕਿ ਬੁੱਧਵਾਨ ਦੇ ਘਰ ਦੇ ਮਾਮਲੇ ਵਿਚ, “ਮੀਂਹ ਵਰ੍ਹਿਆ ਅਤੇ ਹੜ੍ਹ ਆਏ ਅਤੇ ਅਨ੍ਹੇਰੀਆਂ ਵਗੀਆਂ ਅਰ ਉਸ ਘਰ ਨੂੰ ਧੱਕਾ ਮਾਰਿਆ ਪਰ ਉਹ ਨਾ ਡਿੱਗਿਆ।” ਯਿਸੂ ਨੇ ਵਾਅਦਾ ਨਹੀਂ ਕੀਤਾ ਸੀ ਕਿ ਬੁੱਧਵਾਨ ਹਮੇਸ਼ਾ ਸ਼ਾਂਤੀ ਅਤੇ ਅਮਨ-ਚੈਨ ਦਾ ਆਨੰਦ ਮਾਣੇਗਾ। ਇਸ ਦੀ ਬਜਾਇ, ਉਸ ਆਦਮੀ ਦੀ ਸਿਆਣਪ ਉਸ ਨੂੰ ਤੂਫ਼ਾਨ ਵਿੱਚੋਂ ਬਚ ਕੇ ਨਿਕਲਣ ਲਈ ਤਿਆਰ ਕਰੇਗੀ। ਬੀਜ ਬੀਜਣ ਵਾਲੇ ਦੇ ਦ੍ਰਿਸ਼ਟਾਂਤ ਵਿਚ ਵੀ ਸਮਾਨ ਵਿਚਾਰ ਪੇਸ਼ ਕੀਤਾ ਗਿਆ ਹੈ। ਇਸ ਵਿਚ ਯਿਸੂ ਵਿਆਖਿਆ ਕਰਦਾ ਹੈ ਕਿ “ਚੰਗੇ ਅਤੇ ਖਰੇ ਦਿਲ ਵਾਲੇ” ਆਗਿਆਕਾਰ ਉਪਾਸਕ ਵੀ ‘ਧੀਰਜ ਨਾਲ ਫਲ ਦੇਣਗੇ।’—ਲੂਕਾ 8:4-15.
6. ਪੌਲੁਸ ਦੇ ਅੱਗ-ਪ੍ਰਤਿਰੋਧੀ ਚੀਜ਼ਾਂ ਵਾਲੇ ਦ੍ਰਿਸ਼ਟਾਂਤ ਵਿਚ, ਕੌਣ ਅਗਨਮਈ ਪਰੀਖਿਆ ਦਾ ਸਾਮ੍ਹਣਾ ਕਰਦੇ ਹਨ?
6 ਕੁਰਿੰਥੀਆਂ ਨੂੰ ਲਿਖਦੇ ਸਮੇਂ, ਪੌਲੁਸ ਰਸੂਲ ਨੇ ਉਨ੍ਹਾਂ ਪਾਇਦਾਰ ਗੁਣਾਂ ਦੀ ਲੋੜ ਨੂੰ ਦਰਸਾਉਣ ਲਈ ਰੂਪਕੀ ਭਾਸ਼ਾ ਦੀ ਵਰਤੋਂ ਕੀਤੀ ਜੋ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਵਿਚ ਸਾਡੀ ਸਹਾਇਤਾ ਕਰ ਸਕਦੇ ਹਨ। ਅੱਗ-ਪ੍ਰਤਿਰੋਧੀ ਚੀਜ਼ਾਂ ਜਿਵੇਂ ਸੋਨਾ, ਚਾਂਦੀ, ਅਤੇ ਕੀਮਤੀ ਪੱਥਰ ਈਸ਼ਵਰੀ ਗੁਣਾਂ ਦੇ ਸਮਾਨ ਹਨ। (ਤੁਲਨਾ ਕਰੋ ਕਹਾਉਤਾਂ 3:13-15; 1 ਪਤਰਸ 1:6, 7.) ਦੂਸਰੇ ਪਾਸੇ, ਸਰੀਰਕ ਵਿਸ਼ੇਸ਼ਤਾਵਾਂ ਦੀ ਤੁਲਨਾ ਜਲਣਸ਼ੀਲ ਚੀਜ਼ਾਂ ਨਾਲ ਕੀਤੀ ਗਈ ਹੈ। ਫਿਰ ਪੌਲੁਸ ਕਹਿੰਦਾ ਹੈ: “ਹਰੇਕ ਦਾ ਕੰਮ ਪਰਗਟ ਹੋਵੇਗਾ ਕਿਉਂ ਜੋ ਉਹ ਦਿਨ ਉਸ ਨੂੰ ਉਘਾੜ ਦੇਵੇਗਾ ਇਸ ਲਈ ਜੋ ਉਹ ਅੱਗ ਨਾਲ ਪਰਕਾਸ਼ ਹੁੰਦਾ ਹੈ ਅਤੇ ਅੱਗ ਆਪੇ ਹਰੇਕ ਦਾ ਕੰਮ ਪਰਖ ਦੇਵੇਗੀ ਭਈ ਉਹ ਕਿਸ ਪਰਕਾਰ ਦਾ ਹੈ। ਜੇ ਕਿਸੇ ਦਾ ਕੰਮ ਜਿਹੜਾ ਉਹ ਨੇ ਬਣਾਇਆ ਸੀ ਟਿਕਿਆ ਰਹੇਗਾ ਤਾਂ ਉਹ ਨੂੰ ਬਦਲਾ ਮਿਲੇਗਾ।” (1 ਕੁਰਿੰਥੀਆਂ 3:10-14) ਇੱਥੇ ਇਕ ਵਾਰ ਫਿਰ, ਬਾਈਬਲ ਵਿਆਖਿਆ ਕਰਦੀ ਹੈ ਕਿ ਅਸੀਂ ਸਾਰੇ ਜ਼ਰੂਰ ਕਿਸੇ ਨਾ ਕਿਸੇ ਪ੍ਰਕਾਰ ਦੀ ਅਗਨਮਈ ਪਰੀਖਿਆ ਦਾ ਸਾਮ੍ਹਣਾ ਕਰਾਂਗੇ।
7. ਰੋਮੀਆਂ 15:4 ਦੇ ਅਨੁਸਾਰ, ਸ਼ਾਸਤਰ ਕਿਸ ਤਰ੍ਹਾਂ ਅਜ਼ਮਾਇਸ਼ਾਂ ਨੂੰ ਸਹਿਣ ਕਰਨ ਵਿਚ ਸਾਡੀ ਸਹਾਇਤਾ ਕਰ ਸਕਦੇ ਹਨ?
7 ਬਾਈਬਲ ਵਿਚ ਪਰਮੇਸ਼ੁਰ ਦੇ ਉਨ੍ਹਾਂ ਨਿਸ਼ਠਾਵਾਨ ਸੇਵਕਾਂ ਦੇ ਅਨੇਕ ਬਿਰਤਾਂਤ ਪਾਏ ਜਾਂਦੇ ਹਨ ਜਿਨ੍ਹਾਂ ਨੂੰ ਆਫ਼ਤਾਂ ਝੱਲਣੀਆਂ ਪਈਆਂ, ਕਦੇ-ਕਦਾਈਂ ਤਾਂ ਲੰਬੇ ਸਮੇਂ ਲਈ। ਫਿਰ ਵੀ, ਯਹੋਵਾਹ ਨੇ ਉਨ੍ਹਾਂ ਨੂੰ ਛੱਡਿਆ ਨਹੀਂ ਸੀ। ਸੰਭਵ ਹੈ ਕਿ ਪੌਲੁਸ ਰਸੂਲ ਦੇ ਮਨ ਵਿਚ ਅਜਿਹੀਆਂ ਹੀ ਮਿਸਾਲਾਂ ਸਨ ਜਦੋਂ ਉਸ ਨੇ ਕਿਹਾ: “ਜੋ ਕੁਝ ਅੱਗੇ ਲਿਖਿਆ ਗਿਆ ਸੋ ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ ਭਈ ਅਸੀਂ ਧੀਰਜ ਤੋਂ ਅਤੇ ਧਰਮ ਪੁਸਤਕ ਦੇ ਦਿਲਾਸੇ ਤੋਂ ਆਸਾ ਰੱਖੀਏ।” (ਰੋਮੀਆਂ 15:4) ਤਿੰਨ ਆਦਮੀਆਂ ਦੀਆਂ ਮਿਸਾਲਾਂ ਉੱਤੇ ਵਿਚਾਰ ਕਰੋ ਜਿਨ੍ਹਾਂ ਨੇ, ਪਰਮੇਸ਼ੁਰ ਦੇ ਨਾਲ ਨਜ਼ਦੀਕੀ ਰਿਸ਼ਤੇ ਦਾ ਆਨੰਦ ਮਾਣਦੇ ਹੋਏ ਵੀ, ਬਹੁਤ ਸਾਰੀਆਂ ਆਫ਼ਤਾਂ ਝੱਲੀਆਂ।
ਬਾਈਬਲ ਬਿਰਤਾਂਤਾਂ ਤੋਂ ਜੋ ਅਸੀਂ ਸਿੱਖਦੇ ਹਾਂ
8. ਯੂਸੁਫ਼ ਦੇ ਮਾਮਲੇ ਵਿਚ ਯਹੋਵਾਹ ਨੇ ਕਿਸ ਚੀਜ਼ ਦੀ ਇਜਾਜ਼ਤ ਦਿੱਤੀ ਸੀ, ਅਤੇ ਕਿੰਨੇ ਚਿਰ ਲਈ?
8 ਯਾਕੂਬ ਦੇ ਪੁੱਤਰ, ਯੂਸੁਫ਼ ਨੂੰ ਛੋਟੀ ਉਮਰ ਤੋਂ ਹੀ ਯਹੋਵਾਹ ਦੀ ਮਿਹਰ ਪ੍ਰਾਪਤ ਸੀ। ਫਿਰ ਵੀ, ਬਿਨਾਂ ਆਪਣੀ ਕਿਸੇ ਗ਼ਲਤੀ ਦੇ, ਉਸ ਨੇ ਲਗਾਤਾਰ ਇਕ ਦੇ ਬਾਅਦ ਇਕ ਆਫ਼ਤਾਂ ਝੱਲੀਆਂ। ਉਸ ਦੇ ਆਪਣੇ ਭਰਾਵਾਂ ਨੇ ਹੀ ਉਸ ਨੂੰ ਅਗਵਾ ਕੀਤਾ ਅਤੇ ਉਸ ਨਾਲ ਬੇਰਹਿਮੀ ਭਰਿਆ ਵਰਤਾਓ ਕੀਤਾ। ਉਸ ਨੂੰ ਇਕ ਓਪਰੇ ਦੇਸ਼ ਵਿਚ ਇਕ ਦਾਸ ਵਜੋਂ ਵੇਚ ਦਿੱਤਾ ਗਿਆ ਜਿੱਥੇ ਉਸ ਉੱਤੇ ਝੂਠਾ ਦੋਸ਼ ਲਗਾਇਆ ਗਿਆ ਅਤੇ ਉਸ ਨੂੰ “ਭੋਰੇ” ਵਿਚ ਸੁੱਟਿਆ ਗਿਆ। (ਉਤਪਤ 40:15) ਉੱਥੇ “ਉਨ੍ਹਾਂ ਨੇ ਉਹ ਦੇ ਪੈਰਾਂ ਨੂੰ ਬੇੜੀਆਂ ਨਾਲ ਦੁਖ ਦਿੱਤਾ, ਉਹ ਲੋਹੇ ਵਿੱਚ ਜਕੜਿਆ ਗਿਆ।” (ਜ਼ਬੂਰ 105:17, 18) ਆਪਣੀ ਗ਼ੁਲਾਮੀ ਅਤੇ ਕੈਦ ਦੌਰਾਨ, ਯੂਸੁਫ਼ ਨੇ ਬਿਨਾਂ ਸ਼ੱਕ ਰਿਹਾਈ ਲਈ ਯਹੋਵਾਹ ਨੂੰ ਵਾਰ-ਵਾਰ ਮਿੰਨਤ ਕੀਤੀ। ਫਿਰ ਵੀ, ਕੁਝ 13 ਸਾਲਾਂ ਲਈ, ਭਾਵੇਂ ਕਿ ਯਹੋਵਾਹ ਨੇ ਉਸ ਨੂੰ ਬਹੁਤ ਤਰੀਕਿਆਂ ਨਾਲ ਮਜ਼ਬੂਤ ਕੀਤਾ, ਉਹ ਹਰ ਦਿਨ ਇਕ ਦਾਸ ਜਾਂ ਕੈਦੀ ਹੀ ਰਿਹਾ।—ਉਤਪਤ 37:2; 41:46.
9. ਦਾਊਦ ਨੂੰ ਕਈ ਸਾਲਾਂ ਲਈ ਕੀ ਸਹਿਣ ਕਰਨਾ ਪਿਆ?
9 ਦਾਊਦ ਦਾ ਕਿੱਸਾ ਵੀ ਸਮਾਨ ਹੈ। ਜਦੋਂ ਯਹੋਵਾਹ ਇਸਰਾਏਲ ਉੱਤੇ ਰਾਜ ਕਰਨ ਲਈ ਇਕ ਯੋਗ ਆਦਮੀ ਨੂੰ ਚੁਣ ਰਿਹਾ ਸੀ, ਤਾਂ ਉਸ ਨੇ ਕਿਹਾ: “ਮੈਂ ਯੱਸੀ ਦੇ ਪੁੱਤ੍ਰ ਦਾਊਦ ਨੂੰ ਆਪਣੇ ਮਨ ਭਾਉਂਦਾ ਇੱਕ ਮਨੁੱਖ ਲੱਭਿਆ।” (ਰਸੂਲਾਂ ਦੇ ਕਰਤੱਬ 13:22) ਯਹੋਵਾਹ ਨੂੰ ਭਾਉਣ ਦੇ ਬਾਵਜੂਦ, ਦਾਊਦ ਨੇ ਬਹੁਤ ਦੁੱਖ ਸਹਿਣ ਕੀਤੇ। ਜਾਨਲੇਵਾ ਖ਼ਤਰੇ ਵਿਚ, ਉਹ ਕਈ ਸਾਲਾਂ ਤਕ ਉਜਾੜ ਵਿਚ, ਗੁਫਾਵਾਂ ਵਿਚ, ਦਰਾੜਾਂ ਵਿਚ, ਅਤੇ ਓਪਰੇ ਦੇਸ਼ਾਂ ਵਿਚ ਲੁਕਿਆ। ਇਕ ਜੰਗਲੀ ਜਾਨਵਰ ਦੀ ਤਰ੍ਹਾਂ ਪਿੱਛਾ ਕੀਤੇ ਜਾਣ ਤੇ, ਉਸ ਨੇ ਹਿੰਮਤ-ਸ਼ਿਕਨੀ ਅਤੇ ਡਰ ਦਾ ਸਾਮ੍ਹਣਾ ਕੀਤਾ। ਫਿਰ ਵੀ, ਉਸ ਨੇ ਯਹੋਵਾਹ ਦੀ ਤਾਕਤ ਨਾਲ ਸਹਿਣ ਕੀਤਾ। ਦਾਊਦ ਆਪਣੇ ਅਨੁਭਵ ਤੋਂ ਢੁਕਵੇਂ ਤੌਰ ਤੇ ਕਹਿ ਸਕਦਾ ਸੀ: “ਧਰਮੀ ਉੱਤੇ ਬਹੁਤ ਸਾਰੀਆਂ ਮੁਸੀਬਤਾਂ ਪੈਂਦੀਆਂ ਹਨ, ਪਰ ਯਹੋਵਾਹ ਉਨ੍ਹਾਂ ਸਭਨਾਂ ਤੋਂ ਉਸ ਨੂੰ ਛੁਡਾਉਂਦਾ ਹੈ।”—ਜ਼ਬੂਰ 34:19.
10. ਨਾਬੋਥ ਅਤੇ ਉਸ ਦੇ ਪਰਿਵਾਰ ਉੱਤੇ ਕਿਹੜੀ ਵੱਡੀ ਆਫ਼ਤ ਆ ਪਈ ਸੀ?
10 ਨਬੀ ਏਲੀਯਾਹ ਦੇ ਦਿਨਾਂ ਵਿਚ, ਇਸਰਾਏਲ ਵਿਚ ਸਿਰਫ਼ 7,000 ਲੋਕ ਸਨ ਜਿਨ੍ਹਾਂ ਨੇ ਝੂਠੇ ਦੇਵਤੇ ਬਆਲ ਦੇ ਅੱਗੇ ਗੋਡੇ ਨਹੀਂ ਟੇਕੇ ਸਨ। (1 ਰਾਜਿਆਂ 19:18; ਰੋਮੀਆਂ 11:4) ਨਾਬੋਥ, ਜੋ ਸੰਭਵ ਤੌਰ ਤੇ ਉਨ੍ਹਾਂ ਵਿੱਚੋਂ ਇਕ ਸੀ, ਭਿਆਨਕ ਅਨਿਆਉਂ ਦਾ ਸ਼ਿਕਾਰ ਹੋਇਆ। ਉਸ ਨੇ ਕੁਫ਼ਰ ਦੇ ਦੋਸ਼ ਦਾ ਅਪਮਾਨ ਸਹਿਣ ਕੀਤਾ। ਦੋਸ਼ੀ ਪਾਏ ਜਾਣ ਤੇ, ਉਸ ਨੂੰ ਸ਼ਾਹੀ ਫ਼ਰਮਾਨ ਦੇ ਅਨੁਸਾਰ ਪਥਰਾਉ ਕਰ ਕੇ ਮਾਰ ਦਿੱਤੇ ਜਾਣ ਦਾ ਹੁਕਮ ਦਿੱਤਾ ਗਿਆ, ਅਤੇ ਉਸ ਦਾ ਲਹੂ ਕੁੱਤਿਆਂ ਨੇ ਚੱਟਿਆ। ਇੱਥੋਂ ਤਕ ਕਿ ਉਸ ਦੇ ਪੁੱਤਰਾਂ ਨੂੰ ਮਾਰ ਦਿੱਤਾ ਗਿਆ! ਪਰੰਤੂ, ਉਹ ਇਲਜ਼ਾਮ ਤੋਂ ਨਿਰਦੋਸ਼ ਸੀ। ਉਸ ਦੇ ਵਿਰੁੱਧ ਗਵਾਹ ਝੂਠੇ ਸਨ। ਇਹ ਸਾਰਾ ਮਾਮਲਾ ਰਾਣੀ ਈਜ਼ਬਲ ਦੁਆਰਾ ਰਚੀ ਗਈ ਇਕ ਸਾਜ਼ਸ਼ ਸੀ ਤਾਂਕਿ ਨਾਬੋਥ ਦੇ ਅੰਗੂਰਾਂ ਦੇ ਬਾਗ਼ ਉੱਤੇ ਰਾਜਾ ਕਬਜ਼ਾ ਕਰ ਸਕੇ।—1 ਰਾਜਿਆਂ 21:1-19; 2 ਰਾਜਿਆਂ 9:26.
11. ਬਾਈਬਲ ਇਤਿਹਾਸ ਵਿਚ ਵਫ਼ਾਦਾਰ ਆਦਮੀਆਂ ਅਤੇ ਔਰਤਾਂ ਬਾਰੇ ਪੌਲੁਸ ਰਸੂਲ ਸਾਨੂੰ ਕੀ ਦੱਸਦਾ ਹੈ?
11 ਯੂਸੁਫ਼, ਦਾਊਦ, ਅਤੇ ਨਾਬੋਥ ਬਾਈਬਲ ਵਿਚ ਜ਼ਿਕਰ ਕੀਤੇ ਗਏ ਉਨ੍ਹਾਂ ਬਹੁਤ ਸਾਰੇ ਆਦਮੀਆਂ ਅਤੇ ਔਰਤਾਂ ਵਿੱਚੋਂ ਸਿਰਫ਼ ਤਿੰਨ ਹਨ ਜਿਨ੍ਹਾਂ ਨੇ ਆਫ਼ਤਾਂ ਝੱਲੀਆਂ। ਪੌਲੁਸ ਰਸੂਲ ਨੇ ਸਦੀਆਂ ਦੌਰਾਨ ਹੋਏ ਯਹੋਵਾਹ ਦੇ ਸੇਵਕਾਂ ਦੇ ਇਤਿਹਾਸ ਨੂੰ ਪੁਨਰ-ਵਿਚਾਰ ਵਜੋਂ ਲਿਖਿਆ। ਇਸ ਵਿਚ ਉਸ ਨੇ ਉਨ੍ਹਾਂ ਦਾ ਜ਼ਿਕਰ ਕੀਤਾ ਜੋ “ਠੱਠਿਆਂ ਵਿੱਚ ਉਡਾਏ ਜਾਣ ਅਤੇ ਕੋਰੜੇ ਖਾਣ ਸਗੋਂ ਜਕੜੇ ਜਾਣ ਅਤੇ ਕੈਦ ਹੋਣ ਨਾਲ ਪਰਤਾਏ ਗਏ। ਓਹ ਪਥਰਾਉ ਕੀਤੇ ਗਏ, ਆਰਿਆਂ ਨਾਲ ਚੀਰੇ ਗਏ, ਪਰਤਾਏ ਗਏ, ਤਲਵਾਰਾਂ ਨਾਲ ਵੱਢੇ ਗਏ, ਕੰਗਾਲ ਅਤੇ ਦੁਖੀ ਹੋਏ ਹੋਏ ਜਬਰੀ ਝੱਲਦੇ ਹੋਏ ਭੇਡਾਂ ਅਤੇ ਬੱਕਰਿਆਂ ਦੀਆਂ ਖਲੜੀਆਂ ਪਹਿਨੇ ਮਾਰੇ ਮਾਰੇ ਫਿਰਦੇ ਰਹੇ,—ਸੰਸਾਰ ਓਹਨਾਂ ਦੇ ਜੋਗ ਨਹੀਂ ਸੀ—ਓਹ ਉਜਾੜਾਂ ਅਤੇ ਪਹਾੜਾਂ ਅਤੇ ਗੁਫ਼ਾਂ ਅਤੇ ਧਰਤੀ ਦੀਆਂ ਖੁੰਦਰਾਂ ਵਿੱਚ ਲੁੱਕਦੇ ਪਏ ਫਿਰੇ।” (ਇਬਰਾਨੀਆਂ 11:36-38) ਪਰੰਤੂ ਯਹੋਵਾਹ ਨੇ ਉਨ੍ਹਾਂ ਨੂੰ ਨਹੀਂ ਛੱਡਿਆ ਸੀ।
ਯਹੋਵਾਹ ਉਨ੍ਹਾਂ ਦੀ ਪਰਵਾਹ ਕਰਦਾ ਹੈ ਜੋ ਦੁੱਖ ਝੱਲਦੇ ਹਨ
12. ਅੱਜ ਯਹੋਵਾਹ ਦੇ ਗਵਾਹਾਂ ਦੁਆਰਾ ਅਨੁਭਵ ਕੀਤੇ ਗਏ ਕੁਝ ਦੁੱਖ ਕਿਹੜੇ ਹਨ?
12 ਅੱਜ ਯਹੋਵਾਹ ਦੇ ਲੋਕਾਂ ਬਾਰੇ ਕੀ? ਇਕ ਸੰਗਠਨ ਵਜੋਂ, ਅਸੀਂ ਈਸ਼ਵਰੀ ਹਿਫਾਜ਼ਤ ਅਤੇ ਅੰਤ ਦਿਆਂ ਦਿਨਾਂ ਅਤੇ ਵੱਡੀ ਬਿਪਤਾ ਵਿੱਚੋਂ ਸੁਰੱਖਿਅਤ ਬਚ ਨਿਕਲਣ ਦੀ ਆਸ ਰੱਖ ਸਕਦੇ ਹਾਂ। (ਯਸਾਯਾਹ 54:17; ਪਰਕਾਸ਼ ਦੀ ਪੋਥੀ 7:9-17) ਫਿਰ ਵੀ, ਵਿਅਕਤੀਗਤ ਤੌਰ ਤੇ, ਅਸੀਂ ਪਛਾਣਦੇ ਹਾਂ ਕਿ “ਸਮੇਂ ਅਤੇ ਅਣਚਿਤਵੀ ਘਟਨਾ” ਸਾਰੇ ਮਨੁੱਖਾਂ ਉੱਤੇ ਵਾਪਰਦੀ ਹੈ। (ਉਪਦੇਸ਼ਕ ਦੀ ਪੋਥੀ 9:11, ਨਿ ਵ) ਅੱਜ ਬਹੁਤ ਸਾਰੇ ਵਫ਼ਾਦਾਰ ਮਸੀਹੀ ਹਨ ਜੋ ਆਫ਼ਤਾਂ ਝੱਲ ਰਹੇ ਹਨ। ਕੁਝ ਘੋਰ ਗ਼ਰੀਬੀ ਝੱਲਦੇ ਹਨ। ਬਾਈਬਲ ਮਸੀਹੀ “ਅਨਾਥਾਂ ਅਤੇ ਵਿਧਵਾਂ” ਬਾਰੇ ਦੱਸਦੀ ਹੈ ਜਿਨ੍ਹਾਂ ਨੂੰ ਬਿਪਤਾ ਹੈ। (ਯਾਕੂਬ 1:27) ਦੂਸਰੇ ਲੋਕ ਕੁਦਰਤੀ ਆਫ਼ਤਾਂ, ਯੁੱਧਾਂ, ਜੁਲਮ, ਤਾਕਤ ਦਾ ਗ਼ਲਤ ਪ੍ਰਯੋਗ, ਬੀਮਾਰੀ, ਅਤੇ ਮੌਤ ਕਾਰਨ ਦੁੱਖ ਝੱਲਦੇ ਹਨ।
13. ਹਾਲ ਹੀ ਵਿਚ ਕਿਹੜੇ ਮੁਸ਼ਕਲ ਅਨੁਭਵਾਂ ਦੀ ਰਿਪੋਰਟ ਦਿੱਤੀ ਗਈ ਹੈ?
13 ਉਦਾਹਰਣ ਲਈ, ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਨੂੰ ਦਿੱਤੀ ਗਈ 1996 ਦੀ ਆਪਣੀ ਰਿਪੋਰਟ ਵਿਚ, ਵਾਚ ਟਾਵਰ ਸ਼ਾਖਾ ਦਫ਼ਤਰਾਂ ਨੇ ਦੱਸਿਆ ਕਿ ਸਾਡੇ ਕੁਝ ਭੈਣ-ਭਰਾ ਬਾਈਬਲ ਸਿਧਾਂਤਾਂ ਪ੍ਰਤੀ ਆਪਣੀ ਵਫ਼ਾਦਾਰੀ ਕਾਰਨ ਬੁਰੀਆਂ ਹਾਲਤਾਂ ਅਧੀਨ ਕੈਦ ਵਿਚ ਹਨ। ਇਕ ਦੱਖਣੀ ਅਮਰੀਕੀ ਦੇਸ਼ ਵਿਚ ਤਿੰਨ ਕਲੀਸਿਯਾਵਾਂ ਸਮਾਪਤ ਕੀਤੀਆਂ ਗਈਆਂ ਜਦੋਂ ਗੁਰੀਲਿਆਂ ਦੇ ਗਰੁੱਪਾਂ ਨੇ ਸੈਂਕੜੇ ਗਵਾਹਾਂ ਨੂੰ ਖੇਤਰ ਖਾਲੀ ਕਰਨ ਲਈ ਮਜਬੂਰ ਕੀਤਾ। ਇਕ ਪੱਛਮੀ ਅਫ਼ਰੀਕੀ ਦੇਸ਼ ਵਿਚ, ਕੁਝ ਗਵਾਹ ਘਰੇਲੂ-ਯੁੱਧ ਮੁੱਠਭੇੜ ਵਿਚ ਫੱਸ ਕੇ ਮਾਰੇ ਗਏ। ਇਕ ਕੇਂਦਰੀ ਅਮਰੀਕੀ ਦੇਸ਼ ਵਿਚ, ਕੁਝ ਭਰਾਵਾਂ ਦੀ ਪਹਿਲਾਂ ਹੀ ਚਿੰਤਾਜਨਕ ਆਰਥਿਕ ਹਾਲਤ ਤੂਫਾਨ ਦੇ ਹਮਲੇ ਕਾਰਨ ਹੋਰ ਵਿਗੜ ਗਈ। ਦੂਸਰੀਆਂ ਥਾਵਾਂ ਤੇ ਜਿੱਥੇ ਸ਼ਾਇਦ ਗ਼ਰੀਬੀ ਅਤੇ ਭੋਜਨ ਦੀ ਘਾਟ ਗੰਭੀਰ ਸਮੱਸਿਆਵਾਂ ਨਾ ਹੋਣ, ਨਕਾਰਾਤਮਕ ਪ੍ਰਭਾਵ ਸ਼ਾਇਦ ਕੁਝ ਲੋਕਾਂ ਦੀ ਖ਼ੁਸ਼ੀ ਨੂੰ ਘਟਾਉਣ। ਦੂਜੇ ਆਧੁਨਿਕ-ਦਿਨ ਦੇ ਰਹਿਣ-ਸਹਿਣ ਦੇ ਦਬਾਵਾਂ ਹੇਠ ਦੱਬੇ ਹੋਏ ਹਨ। ਲੋਕਾਂ ਦੀ ਉਦਾਸੀਨਤਾ ਕਰਕੇ, ਹੋਰ ਦੂਜੇ ਸ਼ਾਇਦ ਨਿਰਾਸ਼ਾ ਮਹਿਸੂਸ ਕਰਨ ਜਦੋਂ ਉਹ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਨ।
14. (ੳ) ਅੱਯੂਬ ਦੀ ਮਿਸਾਲ ਤੋਂ ਅਸੀਂ ਕੀ ਸਿੱਖਦੇ ਹਾਂ? (ਅ) ਨਕਾਰਾਤਮਕ ਸੋਚਣ ਦੀ ਬਜਾਇ, ਸਾਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਅਸੀਂ ਕਸ਼ਟਾਂ ਦਾ ਸਾਮ੍ਹਣਾ ਕਰ ਰਹੇ ਹੁੰਦੇ ਹਾਂ?
14 ਅਜਿਹੀਆਂ ਹਾਲਤਾਂ ਨੂੰ ਪਰਮੇਸ਼ੁਰ ਦੀ ਨਾਰਾਜ਼ਗੀ ਦੇ ਸਬੂਤ ਵਜੋਂ ਨਹੀਂ ਸਮਝਿਆ ਜਾਣਾ ਚਾਹੀਦਾ ਹੈ। ਅੱਯੂਬ ਅਤੇ ਉਸ ਵੱਲੋਂ ਝੱਲੀਆਂ ਗਈਆਂ ਅਨੇਕ ਬਿਪਤਾਵਾਂ ਨੂੰ ਯਾਦ ਕਰੋ। ਉਹ “ਖਰਾ ਤੇ ਨੇਕ ਮਨੁੱਖ” ਸੀ। (ਅੱਯੂਬ 1:8) ਅੱਯੂਬ ਨੇ ਕਿੰਨੀ ਨਿਰਾਸ਼ਾ ਮਹਿਸੂਸ ਕੀਤੀ ਹੋਵੇਗੀ ਜਦੋਂ ਅਲੀਫ਼ਜ਼ ਨੇ ਉਸ ਉੱਤੇ ਗ਼ਲਤ ਕੰਮ ਕਰਨ ਦਾ ਦੋਸ਼ ਲਗਾਇਆ! (ਅੱਯੂਬ, ਅਧਿਆਇ 4, 5, 22) ਅਸੀਂ ਜਲਦੀ ਨਾਲ ਇਹ ਸਿੱਟਾ ਨਹੀਂ ਕੱਢਣਾ ਚਾਹੁੰਦੇ ਹਾਂ ਕਿ ਅਸੀਂ ਇਸ ਕਰਕੇ ਆਫ਼ਤਾਂ ਦਾ ਅਨੁਭਵ ਕਰਦੇ ਹਾਂ ਕਿਉਂਕਿ ਅਸੀਂ ਕਿਸੇ ਤਰੀਕੇ ਨਾਲ ਯਹੋਵਾਹ ਨੂੰ ਨਿਰਾਸ਼ ਕੀਤਾ ਹੈ ਜਾਂ ਕਿਉਂਕਿ ਯਹੋਵਾਹ ਨੇ ਆਪਣੀ ਬਰਕਤ ਹਟਾ ਲਈ ਹੈ। ਬਿਪਤਾ ਦੇ ਵੇਲੇ ਨਕਾਰਾਤਮਕ ਸੋਚ ਸਾਡੀ ਨਿਹਚਾ ਨੂੰ ਕਮਜ਼ੋਰ ਕਰ ਸਕਦੀ ਹੈ। (1 ਥੱਸਲੁਨੀਕੀਆਂ 3:1-3, 5) ਕਸ਼ਟਾਂ ਦਾ ਸਾਮ੍ਹਣਾ ਕਰਦੇ ਸਮੇਂ, ਇਸ ਤੱਥ ਉੱਤੇ ਮਨਨ ਕਰਨਾ ਵਧੀਆ ਹੋਵੇਗਾ ਕਿ ਯਹੋਵਾਹ ਅਤੇ ਯਿਸੂ ਧਰਮੀਆਂ ਦੇ ਨੇੜੇ ਹਨ ਭਾਵੇਂ ਜੋ ਮਰਜ਼ੀ ਹੋ ਜਾਵੇ।
15. ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਆਪਣੇ ਲੋਕਾਂ ਦੁਆਰਾ ਝੱਲੀਆਂ ਜਾਂਦੀਆਂ ਆਫ਼ਤਾਂ ਬਾਰੇ ਬਹੁਤ ਚਿੰਤਾ ਕਰਦਾ ਹੈ?
15 ਪੌਲੁਸ ਰਸੂਲ ਸਾਨੂੰ ਮੁੜ ਭਰੋਸਾ ਦਿੰਦਾ ਹੈ ਜਦੋਂ ਉਹ ਕਹਿੰਦਾ ਹੈ: “ਕੌਣ ਸਾਨੂੰ ਮਸੀਹ ਦੇ ਪ੍ਰੇਮ ਤੋਂ ਅੱਡ ਕਰੇਗਾ? ਕੀ ਬਿਪਤਾ ਯਾ ਕਸ਼ਟ ਯਾ ਅਨ੍ਹੇਰ ਯਾ ਕਾਲ ਯਾ ਨੰਗ ਯਾ ਭੌਜਲ ਯਾ ਤਲਵਾਰ? . . . ਮੈਨੂੰ ਪਰਤੀਤ ਹੈ ਭਈ ਨਾ ਮੌਤ, ਨਾ ਜੀਵਨ, ਨਾ ਦੂਤ, ਨਾ ਹਕੂਮਤਾਂ, ਨਾ ਵਰਤਮਾਨ ਵਸਤਾਂ, ਨਾ ਹੋਣ ਵਾਲੀਆਂ ਵਸਤਾਂ, ਨਾ ਸ਼ਕਤੀਆਂ, ਨਾ ਉਚਿਆਈ, ਨਾ ਡੁੰਘਿਆਈ, ਨਾ ਕੋਈ ਹੋਰ ਸਰਿਸ਼ਟੀ ਪਰਮੇਸ਼ੁਰ ਦੇ ਓਸ ਪ੍ਰੇਮ ਤੋਂ ਜਿਹੜਾ ਮਸੀਹ ਯਿਸੂ ਸਾਡੇ ਪ੍ਰਭੁ ਵਿੱਚ ਹੈ ਸਾਨੂੰ ਅੱਡ ਕਰ ਸੱਕੇਗੀ।” (ਰੋਮੀਆਂ 8:35, 38, 39) ਯਹੋਵਾਹ ਸਾਡੀ ਬਹੁਤ ਚਿੰਤਾ ਕਰਦਾ ਹੈ ਅਤੇ ਉਹ ਸਾਡੇ ਦੁੱਖ ਤੋਂ ਜਾਣੂ ਹੈ। ਜਦੋਂ ਅਜੇ ਭਗੌੜਾ ਹੀ ਸੀ, ਦਾਊਦ ਨੇ ਲਿਖਿਆ: “ਯਹੋਵਾਹ ਦੀਆਂ ਅੱਖੀਆਂ ਧਰਮੀਆਂ ਉੱਤੇ, ਅਤੇ ਉਹ ਦੇ ਕੰਨ ਉਨ੍ਹਾਂ ਦੀ ਦੁਹਾਈ ਵੱਲ ਹਨ। ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ।” (ਜ਼ਬੂਰ 34:15, 18; ਮੱਤੀ 18:6, 14) ਸਾਡਾ ਸਵਰਗੀ ਪਿਤਾ ਸਾਡੀ ਪਰਵਾਹ ਕਰਦਾ ਹੈ ਅਤੇ ਉਨ੍ਹਾਂ ਉੱਤੇ ਤਰਸ ਖਾਂਦਾ ਹੈ ਜੋ ਦੁੱਖ ਝੱਲਦੇ ਹਨ। (1 ਪਤਰਸ 5:6, 7) ਅਸੀਂ ਭਾਵੇਂ ਕੋਈ ਵੀ ਦੁੱਖ ਕਿਉਂ ਨਾ ਝੱਲੀਏ, ਇਸ ਨੂੰ ਸਹਿਣ ਕਰਨ ਲਈ ਉਹ ਸਾਨੂੰ ਲੋੜੀਂਦੀ ਮਦਦ ਦਿੰਦਾ ਹੈ।
ਯਹੋਵਾਹ ਦੇ ਦਾਨ ਸਾਨੂੰ ਸੰਭਾਲਦੇ ਹਨ
16. ਸਹਿਣ ਕਰਨ ਲਈ ਯਹੋਵਾਹ ਵੱਲੋਂ ਕਿਹੜੇ ਪ੍ਰਬੰਧ ਸਾਡੀ ਸਹਾਇਤਾ ਕਰਦੇ ਹਨ, ਅਤੇ ਕਿਵੇਂ?
16 ਭਾਵੇਂ ਕਿ ਅਸੀਂ ਇਸ ਪੁਰਾਣੀ ਰੀਤੀ-ਵਿਵਸਥਾ ਵਿਚ ਬਿਪਤਾ-ਮੁਕਤ ਜੀਵਨ ਦੀ ਆਸ ਨਹੀਂ ਰੱਖ ਸਕਦੇ ਹਾਂ, ਅਸੀਂ “ਇਕੱਲੇ ਨਹੀਂ ਛੱਡੇ ਜਾਂਦੇ” ਹਾਂ। (2 ਕੁਰਿੰਥੀਆਂ 4:8, 9) ਯਿਸੂ ਨੇ ਆਪਣੇ ਪੈਰੋਕਾਰਾਂ ਨੂੰ ਇਕ ਸਹਾਇਕ ਦੇਣ ਦਾ ਵਾਅਦਾ ਕੀਤਾ ਸੀ। ਉਸ ਨੇ ਕਿਹਾ: “ਮੈਂ ਆਪਣੇ ਪਿਤਾ ਤੋਂ ਮੰਗਾਂਗਾ ਅਰ ਉਹ ਤੁਹਾਨੂੰ ਦੂਜਾ ਸਹਾਇਕ ਬਖ਼ਸ਼ੇਗਾ ਭਈ ਉਹ ਸਦਾ ਤੁਹਾਡੇ ਸੰਗ ਰਹੇ, ਅਰਥਾਤ ਸਚਿਆਈ ਦਾ ਆਤਮਾ।” (ਯੂਹੰਨਾ 14:16, 17) ਪੰਤੇਕੁਸਤ 33 ਸਾ.ਯੁ. ਨੂੰ, ਰਸੂਲ ਪਤਰਸ ਨੇ ਆਪਣੇ ਸਰੋਤਿਆਂ ਨੂੰ ਦੱਸਿਆ ਕਿ ਉਹ “ਪਵਿੱਤ੍ਰ ਆਤਮਾ ਦਾ ਦਾਨ” ਪਾ ਸਕਦੇ ਹਨ। (ਰਸੂਲਾਂ ਦੇ ਕਰਤੱਬ 2:38) ਕੀ ਪਵਿੱਤਰ ਆਤਮਾ ਅੱਜ ਸਾਡੀ ਮਦਦ ਕਰ ਰਹੀ ਹੈ? ਜੀ ਹਾਂ! ਯਹੋਵਾਹ ਦੀ ਕ੍ਰਿਆਸ਼ੀਲ ਸ਼ਕਤੀ ਸਾਨੂੰ ਅਦਭੁਤ ਫਲ ਦਿੰਦੀ ਹੈ: “ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ, ਸੰਜਮ।” (ਗਲਾਤੀਆਂ 5:22, 23) ਇਹ ਸਾਰੇ ਅਮੁੱਲ ਗੁਣ ਹਨ ਜੋ ਸਹਿਣ ਕਰਨ ਵਿਚ ਸਾਡੀ ਮਦਦ ਕਰਦੇ ਹਨ।
17. ਕਿਹੜੀਆਂ ਕੁਝ ਬਾਈਬਲ ਸੱਚਾਈਆਂ ਹਨ ਜੋ ਸਾਡੀ ਨਿਹਚਾ ਨੂੰ ਅਤੇ ਯਹੋਵਾਹ ਦੀ ਧੀਰਜ ਨਾਲ ਉਡੀਕ ਕਰਨ ਲਈ ਸਾਡੇ ਇਰਾਦੇ ਨੂੰ ਮਜ਼ਬੂਤ ਕਰਦੀਆਂ ਹਨ?
17 ਪਵਿੱਤਰ ਆਤਮਾ ਇਹ ਸਮਝਣ ਵਿਚ ਵੀ ਸਾਡੀ ਮਦਦ ਕਰਦੀ ਹੈ ਕਿ ਮੌਜੂਦਾ ਕਸ਼ਟ ‘ਛਿੰਨ ਭਰ ਦੇ ਅਤੇ ਹੌਲੇ’ ਹਨ ਜਦੋਂ ਇਨ੍ਹਾਂ ਦੀ ਤੁਲਨਾ ਸਦੀਪਕ ਜੀਵਨ ਦੇ ਇਨਾਮ ਨਾਲ ਕੀਤੀ ਜਾਂਦੀ ਹੈ। (2 ਕੁਰਿੰਥੀਆਂ 4:16-18) ਅਸੀਂ ਨਿਸ਼ਚਿਤ ਹਾਂ ਕਿ ਪਰਮੇਸ਼ੁਰ ਸਾਡੇ ਕੰਮਾਂ ਨੂੰ ਅਤੇ ਪਿਆਰ ਨੂੰ ਜੋ ਅਸੀਂ ਉਸ ਲਈ ਦਿਖਾਉਂਦੇ ਹਾਂ ਨਹੀਂ ਭੁੱਲੇਗਾ। (ਇਬਰਾਨੀਆਂ 6:9-12) ਬਾਈਬਲ ਦੇ ਪ੍ਰੇਰਿਤ ਸ਼ਬਦਾਂ ਨੂੰ ਪੜ੍ਹਨ ਤੇ, ਅਸੀਂ ਪੁਰਾਣੇ ਸਮੇਂ ਦੇ ਉਨ੍ਹਾਂ ਵਫ਼ਾਦਾਰ ਸੇਵਕਾਂ ਦੀਆਂ ਮਿਸਾਲਾਂ ਤੋਂ ਦਿਲਾਸਾ ਪ੍ਰਾਪਤ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਸਾਰੀਆਂ ਆਫ਼ਤਾਂ ਝੱਲੀਆਂ ਪਰੰਤੂ ਧੰਨ ਆਖੇ ਗਏ। ਯਾਕੂਬ ਲਿਖਦਾ ਹੈ: “ਹੇ ਮੇਰੇ ਭਰਾਵੋ, ਜਿਹੜੇ ਨਬੀ ਪ੍ਰਭੁ ਦਾ ਨਾਮ ਲੈ ਕੇ ਬੋਲਦੇ ਸਨ ਉਨ੍ਹਾਂ ਨੂੰ ਦੁਖ ਝੱਲਣ ਦਾ ਅਤੇ ਧੀਰਜ ਕਰਨ ਦਾ ਨਮੂਨਾ ਮੰਨ ਲਓ। ਵੇਖੋ, ਅਸੀਂ ਉਨ੍ਹਾਂ ਨੂੰ ਧੰਨ ਆਖਦੇ ਹਾਂ ਜਿਨ੍ਹਾਂ ਸਬਰ ਕੀਤਾ।” (ਯਾਕੂਬ 5:10, 11) ਅਜ਼ਮਾਇਸ਼ਾਂ ਨੂੰ ਸਹਿਣ ਕਰਨ ਲਈ ਬਾਈਬਲ ਸਾਨੂੰ “ਸਮਰੱਥਾ ਦਾ ਅੱਤ ਵੱਡਾ ਮਹਾਤਮ” ਦੇਣ ਦਾ ਵਾਅਦਾ ਕਰਦੀ ਹੈ। ਯਹੋਵਾਹ ਸਾਨੂੰ ਪੁਨਰ-ਉਥਾਨ ਦੀ ਉਮੀਦ ਦੀ ਵੀ ਬਰਕਤ ਦਿੰਦਾ ਹੈ। (2 ਕੁਰਿੰਥੀਆਂ 1:8-10; 4:7) ਬਾਈਬਲ ਨੂੰ ਰੋਜ਼ਾਨਾ ਪੜ੍ਹਨ ਅਤੇ ਇਨ੍ਹਾਂ ਵਾਅਦਿਆਂ ਉੱਤੇ ਮਨਨ ਕਰਨ ਦੁਆਰਾ, ਅਸੀਂ ਆਪਣੀ ਨਿਹਚਾ ਨੂੰ ਅਤੇ ਪਰਮੇਸ਼ੁਰ ਦੀ ਧੀਰਜ ਨਾਲ ਉਡੀਕ ਕਰਨ ਲਈ ਆਪਣੇ ਇਰਾਦਿਆਂ ਨੂੰ ਮਜ਼ਬੂਤ ਕਰਾਂਗੇ।—ਜ਼ਬੂਰ 42:5.
18. (ੳ) ਦੂਜਾ ਕੁਰਿੰਥੀਆਂ 1:3, 4 ਵਿਚ ਸਾਨੂੰ ਕੀ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਹੈ? (ਅ) ਮਸੀਹੀ ਨਿਗਾਹਬਾਨ ਕਿਸ ਤਰ੍ਹਾਂ ਦਿਲਾਸੇ ਅਤੇ ਤਾਜ਼ਗੀ ਦੇ ਸੋਮੇ ਸਾਬਤ ਹੋ ਸਕਦੇ ਹਨ?
18 ਇਸ ਤੋਂ ਇਲਾਵਾ, ਯਹੋਵਾਹ ਨੇ ਸਾਨੂੰ ਅਧਿਆਤਮਿਕ ਪਰਾਦੀਸ ਦਿੱਤਾ ਹੈ ਜਿਸ ਵਿਚ ਅਸੀਂ ਆਪਣੇ ਮਸੀਹੀ ਭੈਣ-ਭਰਾਵਾਂ ਦੇ ਸੱਚੇ ਪ੍ਰੇਮ ਦਾ ਆਨੰਦ ਮਾਣ ਸਕਦੇ ਹਾਂ। ਇਕ ਦੂਸਰੇ ਨੂੰ ਦਿਲਾਸਾ ਦੇਣ ਵਿਚ ਅਸੀਂ ਸਾਰਿਆਂ ਨੇ ਭੂਮਿਕਾ ਅਦਾ ਕਰਨੀ ਹੈ। (2 ਕੁਰਿੰਥੀਆਂ 1:3, 4) ਵਿਸ਼ੇਸ਼ ਕਰਕੇ ਮਸੀਹੀ ਨਿਗਾਹਬਾਨ ਦਿਲਾਸੇ ਅਤੇ ਤਾਜ਼ਗੀ ਦਾ ਮੁੱਖ ਸੋਮਾ ਬਣ ਸਕਦੇ ਹਨ। (ਯਸਾਯਾਹ 32:2) “ਮਨੁੱਖਾਂ ਨੂੰ ਦਾਨ” ਵਜੋਂ, ਉਨ੍ਹਾਂ ਨੂੰ ਦੁੱਖ ਭੋਗਣ ਵਾਲਿਆਂ ਨੂੰ ਸਹਾਰਾ ਦੇਣ, ‘ਕਮਦਿਲਿਆਂ ਨੂੰ ਦਿਲਾਸਾ ਦੇਣ,’ ਅਤੇ ‘ਨਿਤਾਣਿਆਂ ਨੂੰ ਸਮ੍ਹਾਲਣ’ ਦਾ ਹੁਕਮ ਦਿੱਤਾ ਗਿਆ ਹੈ। (ਅਫ਼ਸੀਆਂ 4:8, 11, 12; 1 ਥੱਸਲੁਨੀਕੀਆਂ 5:14) ਬਜ਼ੁਰਗਾਂ ਨੂੰ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਦਾ, ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਵੱਲੋਂ ਮੁਹੱਈਆ ਕੀਤੇ ਗਏ ਦੂਜੇ ਪ੍ਰਕਾਸ਼ਨਾਂ ਦਾ ਚੰਗਾ ਪ੍ਰਯੋਗ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਹੈ। (ਮੱਤੀ 24:45-47) ਇਨ੍ਹਾਂ ਵਿਚ ਬਾਈਬਲ-ਆਧਾਰਿਤ ਸਲਾਹ ਦੀ ਬਹੁਤਾਤ ਹੈ ਜੋ ਸਾਨੂੰ ਚਿੰਤਿਤ ਕਰਨ ਵਾਲੀਆਂ ਕੁਝ ਸਮੱਸਿਆਵਾਂ ਨੂੰ ਸੁਲਝਾਉਣ—ਇੱਥੋਂ ਤਕ ਕਿ ਰੋਕਣ—ਵਿਚ ਸਾਡੀ ਸਹਾਇਤਾ ਕਰ ਸਕਦੀ ਹੈ। ਆਓ ਅਸੀਂ ਮੁਸ਼ਕਲ ਸਮਿਆਂ ਵਿਚ ਇਕ ਦੂਸਰੇ ਨੂੰ ਦਿਲਾਸਾ ਦੇਣ ਅਤੇ ਉਤਸ਼ਾਹ ਦੇਣ ਦੁਆਰਾ ਯਹੋਵਾਹ ਦੀ ਨਕਲ ਕਰੀਏ!
19. (ੳ) ਕੁਝ ਬਿਪਤਾਵਾਂ ਤੋਂ ਬਚਣ ਲਈ ਕਿਹੜੀ ਚੀਜ਼ ਸਾਡੀ ਮਦਦ ਕਰਦੀ ਹੈ? (ਅ) ਆਖ਼ਰਕਾਰ, ਸਾਨੂੰ ਕਿਸ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ, ਅਤੇ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਕਿਹੜੀ ਚੀਜ਼ ਸਾਨੂੰ ਯੋਗ ਬਣਾਉਂਦੀ ਹੈ?
19 ਜਿਉਂ-ਜਿਉਂ ਅਸੀਂ ਅੰਤ ਦਿਆਂ ਦਿਨਾਂ ਵਿਚ ਹੋਰ ਅੱਗੇ ਵਧਦੇ ਜਾਂਦੇ ਹਾਂ ਅਤੇ ਮੌਜੂਦਾ ਰੀਤੀ-ਵਿਵਸਥਾ ਦੀਆਂ ਹਾਲਤਾਂ ਬਦਤਰ ਹੁੰਦੀਆਂ ਜਾਂਦੀਆਂ ਹਨ, ਬਿਪਤਾਵਾਂ ਤੋਂ ਬਚਣ ਲਈ ਮਸੀਹੀ ਹਰ ਸੰਭਵ ਕੋਸ਼ਿਸ਼ ਕਰਦੇ ਹਨ। (ਕਹਾਉਤਾਂ 22:3) ਚੰਗੀ ਸੂਝ, ਸੁਰਤ, ਅਤੇ ਬਾਈਬਲ ਸਿਧਾਂਤਾਂ ਦਾ ਗਿਆਨ ਬੁੱਧੀਮਾਨ ਫ਼ੈਸਲੇ ਕਰਨ ਵਿਚ ਸਾਡੀ ਮਦਦ ਕਰ ਸਕਦੇ ਹਨ। (ਕਹਾਉਤਾਂ 3:21, 22) ਅਸੀਂ ਬੇਲੋੜੀਆਂ ਗ਼ਲਤੀਆਂ ਕਰਨ ਤੋਂ ਬਚਣ ਲਈ ਯਹੋਵਾਹ ਦੇ ਬਚਨ ਨੂੰ ਸੁਣਦੇ ਅਤੇ ਇਸ ਦੇ ਅਨੁਸਾਰ ਚੱਲਦੇ ਹਾਂ। (ਜ਼ਬੂਰ 38:4) ਫਿਰ ਵੀ, ਅਸੀਂ ਅਹਿਸਾਸ ਕਰਦੇ ਹਾਂ ਕਿ ਸਾਡੇ ਵੱਲੋਂ ਕੀਤਾ ਗਿਆ ਕੋਈ ਵੀ ਜਤਨ ਸਾਡੇ ਜੀਵਨਾਂ ਵਿੱਚੋਂ ਦੁੱਖਾਂ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕਰ ਸਕਦਾ ਹੈ। ਇਸ ਰੀਤੀ-ਵਿਵਸਥਾ ਵਿਚ, ਬਹੁਤ ਸਾਰੇ ਧਰਮੀ ਵਿਅਕਤੀ ਘੋਰ ਬਿਪਤਾਵਾਂ ਦਾ ਸਾਮ੍ਹਣਾ ਕਰਦੇ ਹਨ। ਫਿਰ ਵੀ, ਅਸੀਂ ਪੂਰੇ ਭਰੋਸੇ ਨਾਲ ਆਪਣੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਸਕਦੇ ਹਾਂ ਕਿ “ਯਹੋਵਾਹ ਤਾਂ ਆਪਣੀ ਪਰਜਾ ਨੂੰ ਨਾ ਛੱਡੇਗਾ।” (ਜ਼ਬੂਰ 94:14) ਅਤੇ ਅਸੀਂ ਜਾਣਦੇ ਹਾਂ ਕਿ ਇਹ ਰੀਤੀ-ਵਿਵਸਥਾ ਅਤੇ ਇਸ ਦੇ ਦੁੱਖ ਜਲਦੀ ਹੀ ਖ਼ਤਮ ਹੋ ਜਾਣਗੇ। ਇਸ ਲਈ, ਅਸੀਂ ਦ੍ਰਿੜ੍ਹ ਸੰਕਲਪ ਕਰੀਏ ਕਿ “ਭਲਿਆਈ ਕਰਦਿਆਂ ਅਸੀਂ ਅੱਕ ਨਾ ਜਾਈਏ ਕਿਉਂਕਿ ਜੇ ਹੌਸਲਾ ਨਾ ਹਾਰੀਏ ਤਾਂ ਵੇਲੇ ਸਿਰ ਵੱਢਾਂਗੇ।”—ਗਲਾਤੀਆਂ 6:9.
ਅਸੀਂ ਕੀ ਸਿੱਖਿਆ?
◻ ਮਸੀਹੀਆਂ ਦੀ ਸਮੁੱਚੀ ਸੰਗਤ ਕਿਹੜੀਆਂ ਅਜ਼ਮਾਇਸ਼ਾਂ ਦਾ ਅਨੁਭਵ ਕਰਦੀ ਹੈ?
◻ ਕਿਹੜੀਆਂ ਬਾਈਬਲ ਮਿਸਾਲਾਂ ਸਾਡੀ ਇਹ ਸਮਝਣ ਵਿਚ ਮਦਦ ਕਰਦੀਆਂ ਹਨ ਕਿ ਆਫ਼ਤਾਂ ਯਹੋਵਾਹ ਦੀ ਨਾਰਾਜ਼ਗੀ ਦਾ ਸਬੂਤ ਨਹੀਂ ਹਨ?
◻ ਯਹੋਵਾਹ ਆਪਣੇ ਲੋਕਾਂ ਦੁਆਰਾ ਝੱਲੀਆਂ ਜਾਂਦੀਆਂ ਬਿਪਤਾਵਾਂ ਪ੍ਰਤੀ ਕਿਸ ਤਰ੍ਹਾਂ ਮਹਿਸੂਸ ਕਰਦਾ ਹੈ?
◻ ਯਹੋਵਾਹ ਵੱਲੋਂ ਦਿੱਤੇ ਗਏ ਕੁਝ ਦਾਨ ਕਿਹੜੇ ਹਨ ਜੋ ਅਜ਼ਮਾਇਸ਼ਾਂ ਨੂੰ ਸਹਿਣ ਕਰਨ ਵਿਚ ਸਾਡੀ ਮਦਦ ਕਰਦੇ ਹਨ?
[ਸਫ਼ੇ 10 ਉੱਤੇ ਤਸਵੀਰਾਂ]
ਦਾਊਦ, ਨਾਬੋਥ, ਅਤੇ ਯੂਸੁਫ਼ ਤਿੰਨ ਵਿਅਕਤੀ ਹਨ ਜਿਨ੍ਹਾਂ ਨੇ ਆਫ਼ਤਾਂ ਝੱਲੀਆਂ