ਬੁਰਾਈ-ਭਰੀ ਦੁਨੀਆਂ ਵਿਚ ਨੇਕ ਰਹਿਣਾ
“ਤੁਸੀਂ ਸੱਭੇ ਕੰਮ ਬੁੜ ਬੁੜ ਅਤੇ ਝਗੜੇ ਕਰਨ ਤੋਂ ਬਿਨਾ ਕਰੋ, ਭਈ ਤੁਸੀਂ ਨਿਰਦੋਸ਼ ਅਤੇ ਸਿੱਧੇ ਸਾਧੇ ਹੋ ਕੇ ਵਿੰਗੀ ਟੇਢੀ ਪੀੜ੍ਹੀ ਵਿੱਚ ਪਰਮੇਸ਼ੁਰ ਦੇ ਨਿਰਮਲ ਬਾਲਕ ਬਣੇ ਰਹੋ।”—ਫ਼ਿਲਿੱਪੀਆਂ 2:14, 15.
1, 2. ਪਰਮੇਸ਼ੁਰ ਨੇ ਕਨਾਨੀਆਂ ਦੇ ਵਿਨਾਸ਼ ਦੀ ਕਿਉਂ ਮੰਗ ਕੀਤੀ ਸੀ?
ਯਹੋਵਾਹ ਦੇ ਹੁਕਮ ਸਮਝੌਤੇ ਦੀ ਕੋਈ ਗੁੰਜਾਇਸ਼ ਨਹੀਂ ਛੱਡਦੇ ਹਨ। ਇਸਰਾਏਲੀ ਲੋਕ ਵਾਅਦਾ ਕੀਤੇ ਹੋਏ ਦੇਸ਼ ਵਿਚ ਦਾਖ਼ਲ ਹੋਣ ਹੀ ਲੱਗੇ ਸੀ ਜਦੋਂ ਮੂਸਾ ਨਬੀ ਨੇ ਉਨ੍ਹਾਂ ਨੂੰ ਕਿਹਾ: “ਜਿਵੇਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਹੁਕਮ ਦਿੱਤਾ ਸੀ ਹਿੱਤੀਆਂ, ਅਮੋਰੀਆਂ, ਕਨਾਨੀਆਂ, ਫ਼ਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਦਾ ਸੱਤਿਆ ਨਾਸ ਕਰ ਦਿਓ।”—ਬਿਵਸਥਾ ਸਾਰ 7:2; 20:17.
2 ਜਦ ਕਿ ਯਹੋਵਾਹ ਇਕ ਦਿਆਲੂ ਪਰਮੇਸ਼ੁਰ ਹੈ, ਉਸ ਨੇ ਕਨਾਨ ਦੇ ਵਾਸੀਆਂ ਦੇ ਵਿਨਾਸ਼ ਦੀ ਕਿਉਂ ਮੰਗ ਕੀਤੀ ਸੀ? (ਕੂਚ 34:6) ਇਕ ਕਾਰਨ ਸੀ ‘ਤਾਂ ਜੋ ਕਨਾਨੀ ਲੋਕ ਇਸਰਾਏਲ ਨੂੰ ਉਹ ਘਿਣਾਉਣੇ ਕੰਮ ਕਰਨਾ ਨਾ ਸਿਖਾਉਣ ਜਿਹੜੇ ਉਨ੍ਹਾਂ ਨੇ ਆਪਣੇ ਦੇਵਤਿਆਂ ਲਈ ਕੀਤੇ ਸਨ ਅਤੇ ਇਉਂ ਯਹੋਵਾਹ ਪਰਮੇਸ਼ੁਰ ਦਾ ਪਾਪ ਕਰਨ।’ (ਬਿਵਸਥਾ ਸਾਰ 20:18) ਮੂਸਾ ਨੇ ਇਹ ਵੀ ਕਿਹਾ: “ਓਹਨਾਂ ਕੌਮਾਂ ਦੀ ਬੁਰਿਆਈ ਦੇ ਕਾਰਨ ਯਹੋਵਾਹ ਓਹਨਾਂ ਨੂੰ ਤੁਹਾਡੇ ਅੱਗੋਂ ਕੱਢ ਰਿਹਾ ਹੈ।” (ਬਿਵਸਥਾ ਸਾਰ 9:4) ਕਨਾਨੀ ਬੁਰਾਈ ਦਾ ਪ੍ਰਤੱਖ ਰੂਪ ਸਨ। ਉਨ੍ਹਾਂ ਦੀ ਉਪਾਸਨਾ ਦੇ ਵਿਸ਼ੇਸ਼ ਗੁਣ ਬਦਚਲਣੀ ਅਤੇ ਮੂਰਤੀ-ਪੂਜਾ ਸਨ। (ਕੂਚ 23:24; 34:12, 13; ਗਿਣਤੀ 33:52; ਬਿਵਸਥਾ ਸਾਰ 7:5) “ਕਨਾਨ ਦੇ ਦੇਸ ਦੇ ਕਰਤੱਬ” ਗੋਤਰ-ਗਮਨ, ਮੁੰਡੇਬਾਜ਼ੀ, ਅਤੇ ਪਸ਼ੂ-ਗਮਨ ਸਨ। (ਲੇਵੀਆਂ 18:3-25) ਮਾਸੂਮ ਬੱਚਿਆਂ ਦੀਆਂ ਬਲੀਆਂ ਬੇਰਹਿਮੀ ਨਾਲ ਝੂਠੇ ਦੇਵਤਿਆਂ ਨੂੰ ਚੜ੍ਹਾਈਆਂ ਜਾਂਦੀਆਂ ਸਨ। (ਬਿਵਸਥਾ ਸਾਰ 18:9-12) ਤਾਂ ਫਿਰ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਯਹੋਵਾਹ ਨੇ ਇਨ੍ਹਾਂ ਕੌਮਾਂ ਦੀ ਨਿਰੀ ਹੋਂਦ ਨੂੰ ਆਪਣੇ ਲੋਕਾਂ ਦੇ ਸਰੀਰਕ, ਨੈਤਿਕ, ਅਤੇ ਅਧਿਆਤਮਿਕ ਕਲਿਆਣ ਲਈ ਖ਼ਤਰਾ ਸਮਝਿਆ!—ਕੂਚ 34:14-16.
3. ਕੀ ਨਤੀਜਾ ਨਿਕਲਿਆ ਜਦੋਂ ਇਰਾਏਲੀਆਂ ਨੇ ਕਨਾਨ ਦੇ ਵਾਸੀਆਂ ਦੇ ਸੰਬੰਧ ਵਿਚ ਪਰਮੇਸ਼ੁਰ ਦੇ ਆਦੇਸ਼ਾਂ ਨੂੰ ਪੂਰੀ ਤਰ੍ਹਾਂ ਅਮਲ ਵਿਚ ਨਹੀਂ ਲਿਆਂਦਾ?
3 ਕਿਉਂ ਜੋ ਪਰਮੇਸ਼ੁਰ ਦੇ ਆਦੇਸ਼ਾਂ ਨੂੰ ਪੂਰੀ ਤਰ੍ਹਾਂ ਨਾਲ ਅਮਲ ਵਿਚ ਨਹੀਂ ਸੀ ਲਿਆਂਦਾ ਗਿਆ, ਵਾਅਦਾ ਕੀਤੇ ਹੋਏ ਦੇਸ਼ ਉੱਤੇ ਇਸਰਾਏਲ ਦਾ ਕਬਜ਼ਾ ਹੋਣ ਤੋਂ ਬਾਅਦ ਵੀ ਕਨਾਨ ਦੇ ਕਈ ਵਾਸੀ ਜੀਉਂਦੇ ਰਹੇ। (ਨਿਆਈਆਂ 1:19-21) ਆਖ਼ਰਕਾਰ, ਕਨਾਨੀਆਂ ਦਾ ਗੁਪਤ ਪ੍ਰਭਾਵ ਪਿਆ, ਅਤੇ ਇਹ ਕਿਹਾ ਜਾ ਸਕਦਾ ਸੀ: “[ਯਹੋਵਾਹ] ਦੀਆਂ ਬਿਧੀਆਂ ਨੂੰ ਅਤੇ ਉਹ ਦੇ ਉਸ ਨੇਮ ਨੂੰ ਜੋ ਉਸ ਨੇ ਉਨ੍ਹਾਂ ਦੇ ਪਿਉ ਦਾਦਿਆਂ ਨਾਲ ਬੱਧਾ ਸੀ ਅਤੇ ਉਹ ਦੀਆਂ ਸਾਖੀਆਂ ਨੂੰ ਜੋ ਉਸ ਨੇ ਉਨ੍ਹਾਂ ਨੂੰ ਸਮ੍ਹਾਲੀਆਂ ਸਨ ਉਨ੍ਹਾਂ [ਇਸਰਾਏਲੀਆਂ] ਨੇ ਰੱਦਿਆ ਅਰ ਨਿਕੰਮੀਆਂ ਵਸਤੂਆਂ ਦੇ ਪਿੱਛੇ ਲੱਗ ਕੇ ਨਿਕੰਮੇ ਹੋ ਗਏ ਅਰ ਆਪਣੇ ਆਲੇ ਦੁਆਲੇ ਦੀਆਂ ਕੌਮਾਂ ਦੇ ਪਿੱਛੇ ਲੱਗ ਗਏ ਜਿਨ੍ਹਾਂ ਦੇ ਵਿਖੇ ਯਹੋਵਾਹ ਨੇ ਉਨ੍ਹਾਂ ਨੂੰ ਪੱਕੀ ਕੀਤੀ ਸੀ ਭਈ ਉਨ੍ਹਾਂ ਵਾਂਙੁ ਕੰਮ ਨਾ ਕਰਨ।” (2 ਰਾਜਿਆਂ 17:15) ਜੀ ਹਾਂ, ਸਾਲਾਂ ਦੌਰਾਨ ਜਿਨ੍ਹਾਂ ਬੁਰਾਈਆਂ ਕਰਕੇ ਪਰਮੇਸ਼ੁਰ ਨੇ ਕਨਾਨੀਆਂ ਨੂੰ ਤਬਾਹ ਕਰਨ ਦਾ ਹੁਕਮ ਦਿੱਤਾ ਸੀ—ਮੂਰਤੀ-ਪੂਜਾ, ਲਿੰਗੀ ਜ਼ਿਆਦਤੀਆਂ, ਅਤੇ ਬਾਲ ਬਲੀ ਵੀ—ਓਹੋ ਹੀ ਬੁਰਾਈਆਂ ਕਈ ਇਸਰਾਏਲੀਆਂ ਨੇ ਕੀਤੀਆਂ!—ਨਿਆਈਆਂ 10:6; 2 ਰਾਜਿਆਂ 17:17; ਯਿਰਮਿਯਾਹ 13:27.
4, 5. (ੳ) ਬੇਵਫ਼ਾ ਇਸਰਾਏਲ ਅਤੇ ਯਹੂਦਾਹ ਦਾ ਕੀ ਬਣਿਆ ਸੀ? (ਅ) ਫ਼ਿਲਿੱਪੀਆਂ 2:14, 15 ਵਿਚ ਕੀ ਉਪਦੇਸ਼ ਦਿੱਤਾ ਗਿਆ ਹੈ, ਅਤੇ ਕਿਹੜੇ ਸਵਾਲ ਉੱਠਦੇ ਹਨ?
4 ਇਸ ਲਈ ਹੋਸ਼ੇਆ ਨਬੀ ਨੇ ਐਲਾਨ ਕੀਤਾ: “ਹੇ ਇਸਰਾਏਲੀਓ, ਯਹੋਵਾਹ ਦੀ ਬਾਣੀ ਸੁਣੋ, ਏਸ ਦੇਸ ਦੇ ਵਾਸੀਆਂ ਨਾਲ ਤਾਂ ਯਹੋਵਾਹ ਦਾ ਝਗੜਾ ਹੈ, ਕਿਉਂ ਜੋ ਦੇਸ ਵਿੱਚ ਨਾ ਵਫ਼ਾਦਾਰੀ, ਨਾ ਦਯਾ, ਨਾ ਪਰਮੇਸ਼ੁਰ ਦਾ ਗਿਆਨ ਹੈ! ਗਾਲੀਆਂ, ਝੂਠ, ਖ਼ੂਨ ਖਰਾਬਾ, ਚੋਰੀ, ਜ਼ਨਾਹ ਹੁੰਦੇ ਹਨ, ਓਹ ਫੁੱਟ ਨਿੱਕਲਦੇ ਹਨ ਅਤੇ ਖ਼ੂਨ ਤੇ ਖ਼ੂਨ ਹੁੰਦੇ ਹਨ! ਏਸ ਲਈ ਦੇਸ ਸੋਗ ਕਰੇਗਾ, ਅਤੇ ਉਹ ਦੇ ਸਾਰੇ ਵਾਸੀ ਲਿੱਸੇ ਪੈ ਜਾਣਗੇ, ਨਾਲੇ ਜੰਗਲੀ ਦਰਿੰਦੇ ਅਤੇ ਅਕਾਸ਼ ਦੇ ਪੰਛੀ,—ਹਾਂ, ਸਮੁੰਦਰ ਦੀਆਂ ਮੱਛੀਆਂ ਵੀ ਮੁੱਕਣਗੀਆਂ।” (ਹੋਸ਼ੇਆ 4:1-3) 740 ਸਾ.ਯੁ.ਪੂ. ਵਿਚ, ਅੱਸ਼ੂਰ ਨੇ ਇਸਰਾਏਲ ਦੇ ਭ੍ਰਿਸ਼ਟ ਉੱਤਰੀ ਰਾਜ ਨੂੰ ਕਾਬੂ ਕਰ ਲਿਆ। ਇਕ ਸਦੀ ਤੋਂ ਕੁਝ ਸਮਾਂ ਬਾਅਦ, ਬਾਬਲ ਨੇ ਯਹੂਦਾਹ ਦੇ ਬੇਵਫ਼ਾ ਦੱਖਣੀ ਰਾਜ ਉੱਤੇ ਕਬਜ਼ਾ ਕਰ ਲਿਆ ਸੀ।
5 ਇਹ ਘਟਨਾਵਾਂ ਸਪੱਸ਼ਟ ਕਰਦੀਆਂ ਹਨ ਕਿ ਆਪਣੇ ਆਪ ਨੂੰ ਬੁਰਾਈ ਵਿਚ ਪੈਣ ਦੇਣਾ ਕਿੰਨਾ ਖ਼ਤਰਨਾਕ ਹੋ ਸਕਦਾ ਹੈ। ਪਰਮੇਸ਼ੁਰ ਨੂੰ ਦੁਸ਼ਟਤਾ ਨਾਲ ਨਫ਼ਰਤ ਹੈ ਅਤੇ ਉਹ ਇਸ ਨੂੰ ਆਪਣੇ ਲੋਕਾਂ ਵਿਚਕਾਰ ਨਹੀਂ ਸਹੇਗਾ। (1 ਪਤਰਸ 1:14-16) ਇਹ ਸੱਚ ਹੈ ਕਿ ਅਸੀਂ “ਇਸ ਵਰਤਮਾਨ ਬੁਰੇ ਜੁੱਗ” ਵਿਚ ਰਹਿੰਦੇ ਹਾਂ, ਅਜਿਹੀ ਦੁਨੀਆਂ ਜੋ ਵਧਦੀ ਮਾਤਰਾ ਵਿਚ ਭ੍ਰਿਸ਼ਟ ਹੁੰਦੀ ਜਾ ਰਹੀ ਹੈ। (ਗਲਾਤੀਆਂ 1:4; 2 ਤਿਮੋਥਿਉਸ 3:13) ਫਿਰ ਵੀ, ਪਰਮੇਸ਼ੁਰ ਦਾ ਬਚਨ ਸਾਰੇ ਮਸੀਹੀਆਂ ਨੂੰ ਅਜਿਹੇ ਤਰੀਕੇ ਵਿਚ ਚੱਲਣ ਦੀ ਤਾਕੀਦ ਕਰਦਾ ਹੈ ਕਿ ਉਹ ‘ਨਿਰਦੋਸ਼ ਅਤੇ ਸਿੱਧੇ ਸਾਧੇ ਹੋ ਕੇ ਵਿੰਗੀ ਟੇਢੀ ਪੀੜ੍ਹੀ ਵਿੱਚ ਪਰਮੇਸ਼ੁਰ ਦੇ ਨਿਰਮਲ ਬਾਲਕ ਬਣੇ ਰਹਿਣ ਜਿਨ੍ਹਾਂ ਦੇ ਵਿੱਚ ਉਹ ਜਗਤ ਉੱਤੇ ਜੋਤਾਂ ਵਾਂਙੁ ਦਿੱਸਦੇ ਹਨ।’ (ਫ਼ਿਲਿੱਪੀਆਂ 2:14, 15) ਪਰ ਅਸੀਂ ਬੁਰਾਈ-ਭਰੀ ਦੁਨੀਆਂ ਵਿਚ ਕਿਵੇਂ ਨੇਕ ਰਹਿ ਸਕਦੇ ਹਾਂ? ਕੀ ਨੇਕ ਰਹਿਣਾ ਸੱਚ-ਮੁੱਚ ਮੁਮਕਿਨ ਹੈ?
ਬੁਰਾਈ-ਭਰੀ ਰੋਮੀ ਦੁਨੀਆਂ
6. ਪਹਿਲੀ ਸਦੀ ਦੇ ਮਸੀਹੀਆਂ ਨੂੰ ਨੇਕ ਰਹਿਣ ਦੀ ਚੁਣੌਤੀ ਦਾ ਸਾਮ੍ਹਣਾ ਕਿਉਂ ਕਰਨਾ ਪਿਆ ਸੀ?
6 ਪਹਿਲੀ ਸਦੀ ਦੇ ਮਸੀਹੀਆਂ ਨੂੰ ਨੇਕ ਰਹਿਣ ਦੀ ਚੁਣੌਤੀ ਦਾ ਸਾਮ੍ਹਣਾ ਕਰਨਾ ਪਿਆ ਕਿਉਂਕਿ ਰੋਮੀ ਸਮਾਜ ਦਾ ਹਰ ਪਹਿਲੂ ਬੁਰਾਈ ਨਾਲ ਭਰਿਆ ਹੋਇਆ ਸੀ। ਰੋਮੀ ਫ਼ਿਲਾਸਫ਼ਰ ਸਨੀਕਾ ਨੇ ਆਪਣੇ ਸਮਕਾਲੀਆਂ ਬਾਰੇ ਕਿਹਾ: “ਮਨੁੱਖ ਦੁਸ਼ਟਤਾ ਦੇ ਜ਼ਬਰਦਸਤ ਮੁਕਾਬਲੇ ਵਿਚ ਸੰਘਰਸ਼ ਕਰਦੇ ਹਨ। ਗ਼ਲਤ ਕੰਮ ਕਰਨ ਦੀ ਇੱਛਾ ਰੋਜ਼ ਵਧਦੀ ਜਾਂਦੀ ਹੈ, ਅਤੇ ਇਸ ਦਾ ਡਰ ਘੱਟਦਾ ਜਾਂਦਾ ਹੈ।” ਉਸ ਨੇ ਰੋਮੀ ਸਮਾਜ ਦੀ ਤੁਲਨਾ “ਜੰਗਲੀ ਜਾਨਵਰਾਂ ਦੇ ਸਮੂਹ” ਨਾਲ ਕੀਤੀ। ਇਸ ਲਈ ਹੈਰਾਨੀ ਦੀ ਕੋਈ ਗੱਲ ਨਹੀਂ ਕਿ ਰੋਮੀ ਲੋਕ ਮਨੋਰੰਜਨ ਲਈ ਕਰੂਰ ਤਲਵਾਰੀਏ ਦੇ ਮੁਕਾਬਲੇ ਅਤੇ ਅਸ਼ਲੀਲ ਨਾਟਕ ਭਾਲਦੇ ਸਨ।
7. ਪੌਲੁਸ ਨੇ ਉਨ੍ਹਾਂ ਬੁਰਾਈਆਂ ਦਾ ਕਿਸ ਤਰ੍ਹਾਂ ਵਰਣਨ ਕੀਤਾ ਜੋ ਪਹਿਲੀ ਸਦੀ ਸਾ.ਯੁ. ਦੇ ਕਾਫ਼ੀ ਲੋਕਾਂ ਵਿਚਕਾਰ ਆਮ ਸਨ?
7 ਪੌਲੁਸ ਰਸੂਲ ਸ਼ਾਇਦ ਪਹਿਲੀ ਸਦੀ ਦੇ ਲੋਕਾਂ ਦੇ ਘਟੀਆ ਵਤੀਰੇ ਬਾਰੇ ਸੋਚ ਰਿਹਾ ਸੀ ਜਦ ਉਸ ਨੇ ਲਿਖਿਆ: “ਪਰਮੇਸ਼ੁਰ ਨੇ ਉਨ੍ਹਾਂ ਨੂੰ ਨੀਚ ਵਾਸਨਾਂ ਦੇ ਵੱਸ ਕਰ ਦਿੱਤਾ ਕਿਉਂ ਜੋ ਉਨ੍ਹਾਂ ਦੀਆਂ ਨਾਰਾਂ ਨੇ ਆਪਣੇ ਸੁਭਾਵਕ ਕੰਮ ਨੂੰ ਉਹ ਦੇ ਨਾਲ ਵਟਾ ਦਿੱਤਾ ਜਿਹੜਾ ਸੁਭਾਉ ਦੇ ਵਿਰੁੱਧ ਹੈ; ਇਸੇ ਤਰਾਂ ਨਰ ਵੀ ਨਾਰੀਆਂ ਨਾਲ ਸੁਭਾਵਕ ਕੰਮ ਛੱਡ ਕੇ ਆਪੋ ਵਿੱਚੀਂ ਆਪਣੀ ਕਾਮਨਾਂ ਵਿੱਚ ਸੜ ਗਏ, ਨਰਾਂ ਨੇ ਨਰਾਂ ਨਾਲ ਮੁਕਾਲਕ ਦੇ ਕੰਮ ਕੀਤੇ ਅਤੇ ਆਪਣੇ ਆਪ ਵਿੱਚ ਆਪਣੀ ਭੁੱਲ ਦੇ ਜੋਗ ਫਲ ਭੋਗਿਆ।” (ਰੋਮੀਆਂ 1:26, 27) ਅਸ਼ੁੱਧ ਜਿਸਮੀ ਕਾਮਨਾਵਾਂ ਦੀ ਪੂਰਤੀ ਦਾ ਭੂਤ ਸਵਾਰ ਹੋਣ ਕਰਕੇ, ਰੋਮੀ ਸਮਾਜ ਬੁਰਾਈ ਨਾਲ ਭਰ ਗਿਆ ਸੀ।
8. ਯੂਨਾਨੀ ਅਤੇ ਰੋਮੀ ਸਮਾਜ ਵਿਚ ਬੱਚਿਆਂ ਦਾ ਅਕਸਰ ਕਿਸ ਤਰ੍ਹਾਂ ਸ਼ੋਸ਼ਣ ਕੀਤਾ ਜਾਂਦਾ ਸੀ?
8 ਇਤਿਹਾਸ ਸਪੱਸ਼ਟ ਨਹੀਂ ਕਰਦਾ ਕਿ ਰੋਮੀਆਂ ਵਿਚ ਸਮਲਿੰਗਕਾਮੁਕਤਾ ਕਿੰਨੀ ਪ੍ਰਚਲਿਤ ਸੀ। ਪਰ, ਕੋਈ ਸ਼ੱਕ ਨਹੀਂ ਕਿ ਉਹ ਆਪਣੇ ਤੋਂ ਪਹਿਲਾਂ ਦੇ ਯੂਨਾਨੀ ਅਧਿਕਾਰੀਆਂ ਤੋਂ ਪ੍ਰਭਾਵਿਤ ਹੋਏ ਸਨ, ਜਿਨ੍ਹਾਂ ਵਿਚ ਸਮਲਿੰਗਕਾਮੁਕਤਾ ਆਮ ਸੀ। ਮਰਦਾਂ ਲਈ ਮੁੰਡਿਆਂ ਨੂੰ ਭ੍ਰਿਸ਼ਟ ਕਰਨਾ ਰਿਵਾਜੀ ਸੀ, ਅਤੇ ਉਹ ਇਕ ਸ਼ਾਗਿਰਦ-ਉਸਤਾਦ ਵਾਲੇ ਰਿਸ਼ਤੇ ਵਿਚ ਉਨ੍ਹਾਂ ਨੂੰ ਆਪਣੀ ਸੰਭਾਲ ਵਿਚ ਲੈ ਲੈਂਦੇ ਸਨ ਜੋ ਅਕਸਰ ਨੌਜਵਾਨਾਂ ਨੂੰ ਅਸੁਭਾਵਕ ਲਿੰਗੀ-ਵਿਹਾਰ ਵੱਲ ਲੈ ਜਾਂਦਾ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸ਼ਤਾਨ ਅਤੇ ਉਸ ਦੇ ਪਿਸ਼ਾਚ ਅਜਿਹੀ ਬੁਰਾਈ ਅਤੇ ਬੱਚਿਆਂ ਨਾਲ ਦੁਰਵਿਵਹਾਰ ਦੇ ਪਿੱਛੇ ਸਨ।—ਯੋਏਲ 3:3; ਯਹੂਦਾਹ 6, 7.
9, 10. (ੳ) ਪਹਿਲਾ ਕੁਰਿੰਥੀਆਂ 6:9, 10 ਨੇ ਅਨੇਕ ਕਿਸਮ ਦੀਆਂ ਬੁਰਾਈਆਂ ਦੀ ਕਿਸ ਤਰ੍ਹਾਂ ਨਿਖੇਦੀ ਕੀਤੀ? (ਅ) ਕੁਰਿੰਥੁਸ ਦੀ ਕਲੀਸਿਯਾ ਵਿਚ ਕੁਝ ਵਿਅਕਤੀਆਂ ਦਾ ਕੀ ਪਿਛੋਕੜ ਸੀ, ਅਤੇ ਉਨ੍ਹਾਂ ਵਿਚ ਕਿਹੜੀ ਤਬਦੀਲੀ ਆਈ ਸੀ?
9 ਈਸ਼ਵਰੀ ਪ੍ਰੇਰਣਾ ਦੇ ਅਧੀਨ ਲਿਖਦੇ ਹੋਏ, ਪੌਲੁਸ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਕਿਹਾ: “ਅਥਵਾ ਤੁਸੀਂ ਨਹੀਂ ਜਾਣਦੇ ਜੋ ਕੁਧਰਮੀ ਲੋਕ ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਨਹੀਂ ਹੋਣਗੇ? ਧੋਖਾ ਨਾ ਖਾਓ, ਨਾ ਹਰਾਮਕਾਰ, ਨਾ ਮੂਰਤੀ ਪੂਜਕ, ਨਾ ਜ਼ਨਾਹਕਾਰ, ਨਾ ਜਨਾਨੜੇ, ਨਾ ਮੁੰਡੇਬਾਜ, ਨਾ ਚੋਰ, ਨਾ ਲੋਭੀ, ਨਾ ਸ਼ਰਾਬੀ, ਨਾ ਗਾਲਾਂ ਕੱਢਣ ਵਾਲੇ, ਨਾ ਲੁਟੇਰੇ ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਹੋਣਗੇ। ਅਤੇ ਤੁਹਾਡੇ ਵਿੱਚੋਂ ਕਈਕੁ ਏਹੋ ਜੇਹੇ ਸਨ ਪਰ ਪ੍ਰਭੁ ਯਿਸੂ ਮਸੀਹ ਦੇ ਨਾਮ ਤੋਂ ਅਤੇ ਸਾਡੇ ਪਰਮੇਸ਼ੁਰ ਦੇ ਆਤਮਾ ਤੋਂ ਤੁਸੀਂ ਧੋਤੇ ਗਏ ਅਰ ਤੁਸੀਂ ਪਵਿੱਤਰ ਕੀਤੇ ਗਏ ਅਰ ਤੁਸੀਂ ਧਰਮੀ ਠਹਿਰਾਏ ਗਏ।”—1 ਕੁਰਿੰਥੀਆਂ 6:9-11.
10 ਇਸ ਤਰ੍ਹਾਂ ਪੌਲੁਸ ਦੀ ਪ੍ਰੇਰਿਤ ਪੱਤਰੀ ਨੇ ਇਹ ਕਹਿ ਕੇ ਕਿ ‘ਹਰਾਮਕਾਰ ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਨਹੀਂ ਹੋਣਗੇ,’ ਲਿੰਗੀ ਅਨੈਤਿਕਤਾ ਦੀ ਨਿਖੇਦੀ ਕੀਤੀ। ਪਰ ਬੁਰਾਈਆਂ ਦੀ ਲੰਬੀ ਸੂਚੀ ਦੇਣ ਤੋਂ ਬਾਅਦ, ਪੌਲੁਸ ਨੇ ਕਿਹਾ: “ਤੁਹਾਡੇ ਵਿੱਚੋਂ ਕਈਕੁ ਏਹੋ ਜੇਹੇ ਸਨ ਪਰ . . . ਤੁਸੀਂ ਧੋਤੇ ਗਏ।” ਪਰਮੇਸ਼ੁਰ ਦੀ ਮਦਦ ਨਾਲ ਕੁਕਰਮੀਆਂ ਲਈ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸ਼ੁੱਧ ਬਣਨਾ ਮੁਮਕਿਨ ਸੀ।
11. ਪਹਿਲੀ-ਸਦੀ ਦੇ ਮਸੀਹੀਆਂ ਨੇ ਉਸ ਸਮੇਂ ਦੇ ਦੁਸ਼ਟ ਮਾਹੌਲ ਨਾਲ ਕਿਸ ਤਰ੍ਹਾਂ ਨਿਭਿਆ?
11 ਜੀ ਹਾਂ, ਪਹਿਲੀ ਸਦੀ ਦੀ ਬੁਰਾਈ-ਭਰੀ ਦੁਨੀਆਂ ਵਿਚ ਵੀ ਮਸੀਹੀ ਨੇਕੀ ਪ੍ਰਫੁੱਲਿਤ ਸੀ। ਵਿਸ਼ਵਾਸੀ ‘ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲ ਗਏ।’ (ਰੋਮੀਆਂ 12:2) ਉਨ੍ਹਾਂ ਨੇ ਆਪਣੇ “ਅਗਲੇ ਚਲਣ” ਨੂੰ ਛੱਡਿਆ ਅਤੇ ਉਹ ‘ਆਪਣੇ ਮਨ ਦੇ ਸੁਭਾਉ ਵਿੱਚ ਨਵੇਂ ਬਣ’ ਗਏ ਸਨ। ਇਸ ਤਰ੍ਹਾਂ ਉਹ ਦੁਨੀਆਂ ਦੀਆਂ ਬੁਰਾਈਆਂ ਤੋਂ ਭੱਜੇ ਅਤੇ ਉਨ੍ਹਾਂ ਨੇ ‘ਨਵੀਂ ਇਨਸਾਨੀਅਤ ਨੂੰ ਪਹਿਨ ਲਿਆ ਜਿਹੜੀ ਪਰਮੇਸ਼ੁਰ ਦੇ ਅਨੁਸਾਰ ਸਚਿਆਈ ਦੇ ਧਰਮ ਅਤੇ ਪਵਿੱਤਰਤਾਈ ਵਿੱਚ ਉਤਪਤ ਹੋਈ ਸੀ।’—ਅਫ਼ਸੀਆਂ 4:22-24.
ਅੱਜ ਦੀ ਬੁਰਾਈ-ਭਰੀ ਦੁਨੀਆਂ
12. ਸਾਲ 1914 ਤੋਂ ਦੁਨੀਆਂ ਵਿਚ ਕੀ ਪਰਿਵਰਤਨ ਆਇਆ ਹੈ?
12 ਸਾਡੇ ਦਿਨ ਬਾਰੇ ਕੀ ਕਿਹਾ ਜਾ ਸਕਦਾ ਹੈ? ਸਾਡੀ ਦੁਨੀਆਂ ਅੱਗੇ ਨਾਲੋਂ ਕਿਤੇ ਜ਼ਿਆਦਾ ਬੁਰਾਈ ਨਾਲ ਭਰਪੂਰ ਹੈ। ਖ਼ਾਸ ਕਰਕੇ 1914 ਤੋਂ ਵਿਆਪਕ ਨੈਤਿਕ ਪਤਨ ਹੁੰਦਾ ਆਇਆ ਹੈ। (2 ਤਿਮੋਥਿਉਸ 3:1-5) ਨੇਕੀ, ਨੈਤਿਕਤਾ, ਇੱਜ਼ਤ, ਅਤੇ ਸਦਾਚਾਰ ਬਾਰੇ ਰਿਵਾਜੀ ਵਿਚਾਰਾਂ ਨੂੰ ਰੱਦ ਕਰ ਕੇ, ਕਈ ਵਿਅਕਤੀ ਆਪਣੀ ਸੋਚਣੀ ਵਿਚ ਮਤਲਬੀ ਬਣ ਗਏ ਹਨ ਅਤੇ ਨੈਤਿਕਤਾ ਪੱਖੋਂ ‘ਸੁੰਨ ਹੋ ਗਏ ਹਨ।’ (ਅਫ਼ਸੀਆਂ 4:19) ਨਿਊਜ਼ਵੀਕ ਰਸਾਲੇ ਨੇ ਕਿਹਾ: “ਅਸੀਂ ਨੈਤਿਕ ਸਾਪੇਖਵਾਦ ਦੇ ਜ਼ਮਾਨੇ ਵਿਚ ਰਹਿੰਦੇ ਹਾਂ,” ਨਾਲੇ ਕਿਹਾ ਕਿ ਪ੍ਰਚਲਿਤ ਨੈਤਿਕ ਵਾਤਾਵਰਣ ਨੇ “ਠੀਕ ਜਾਂ ਗ਼ਲਤ ਦੇ ਸਾਰੇ ਵਿਚਾਰਾਂ ਨੂੰ ਨਿੱਜੀ ਪਸੰਦ, ਜਜ਼ਬਾਤੀ ਝੁਕਾਉ ਜਾਂ ਸਭਿਆਚਾਰਕ ਚੋਣ ਦੀ ਗੱਲ ਬਣਾ ਦਿੱਤਾ ਹੈ।”
13. (ੳ) ਅੱਜ ਦਾ ਕਾਫ਼ੀ ਮਨੋਰੰਜਨ ਕਿਸ ਤਰ੍ਹਾਂ ਬੁਰਾਈ ਨੂੰ ਅੱਗੇ ਵਧਾਉਂਦਾ ਹੈ? (ਅ) ਅਸ਼ੁੱਧ ਮਨੋਰੰਜਨ ਵਿਅਕਤੀਆਂ ਤੇ ਕਿਹੜਾ ਭੈੜਾ ਅਸਰ ਪਾ ਸਕਦਾ ਹੈ?
13 ਪਹਿਲੀ ਸਦੀ ਵਾਂਗ, ਘਟੀਆ ਮਨੋਰੰਜਨ ਅੱਜ ਵੀ ਆਮ ਹੈ। ਟੈਲੀਵਿਯਨ, ਰੇਡੀਓ, ਫਿਲਮਾਂ, ਅਤੇ ਵਿਡਿਓ ਲਗਾਤਾਰ ਅਸ਼ਲੀਲ ਸਾਮੱਗਰੀ ਪੇਸ਼ ਕਰਦੇ ਹਨ। ਬੁਰਾਈ ਤਾਂ ਕੰਪਿਊਟਰ ਨੈਟਵਰਕਾਂ ਵਿਚ ਵੀ ਘੁਸ ਗਈ ਹੈ। ਇਕ ਯੂਨੀਵਰਸਿਟੀ ਵਿਸ਼ਲੇਸ਼ਣ ਅਨੁਸਾਰ, ਹੁਣ ਕੰਪਿਊਟਰਕ੍ਰਿਤ ਅਸ਼ਲੀਲ ਦ੍ਰਿਸ਼ ਨੂੰ “ਕੰਪਿਊਟਰ ਨੈਟਵਰਕਾਂ ਦੇ ਖਪਤਕਾਰਾਂ ਵੱਲੋਂ ਮਨੋਰੰਜਨ ਲਈ (ਜੇਕਰ ਸਭ ਤੋਂ ਜ਼ਿਆਦਾ ਨਹੀਂ ਤਾਂ) ਬਹੁਤ ਜ਼ਿਆਦਾ ਵਰਤਿਆ ਜਾਂਦਾ ਹੈ।” ਇਸ ਸਭ ਦੇ ਕੀ ਅਸਰ ਹਨ? ਅਖ਼ਬਾਰ ਦਾ ਇਕ ਕਾਲਮਨਵੀਸ ਕਹਿੰਦਾ ਹੈ: “ਜਦੋਂ ਸਾਡਾ ਲੋਕਪ੍ਰਿਯ ਸਭਿਆਚਾਰ ਖ਼ੂਨ-ਖ਼ਰਾਬਾ ਅਤੇ ਕੱਟ-ਵੱਢ ਅਤੇ ਤੁੱਛ ਕਾਮੁਕਤਾ ਨਾਲ ਭਰਿਆ ਹੋਇਆ ਹੈ, ਤਾਂ ਅਸੀਂ ਖ਼ੂਨ-ਖ਼ਰਾਬਾ ਅਤੇ ਕੱਟ-ਵੱਢ ਅਤੇ ਤੁੱਛ ਕਾਮੁਕਤਾ ਦੇ ਆਦੀ ਹੋ ਜਾਂਦੇ ਹਾਂ। ਸਾਡੀ ਮੱਤ ਮਾਰੀ ਜਾਂਦੀ ਹੈ। ਬਦਚਲਣੀ ਜ਼ਿਆਦਾ ਤੋਂ ਜ਼ਿਆਦਾ ਝੱਲਣਯੋਗ ਬਣਦੀ ਜਾਂਦੀ ਹੈ ਕਿਉਂ ਜੋ ਘੱਟ ਤੋਂ ਘੱਟ ਗੱਲਾਂ ਸਾਨੂੰ ਠੇਸ ਪਹੁੰਚਾਉਂਦੀਆਂ ਹਨ।”—ਤੁਲਨਾ ਕਰੋ 1 ਤਿਮੋਥਿਉਸ 4:1, 2.
14, 15. ਦੁਨੀਆਂ ਭਰ ਵਿਚ ਲਿੰਗੀ ਨੈਤਿਕਤਾ ਦੇ ਪਤਨ ਦਾ ਕੀ ਸਬੂਤ ਹੈ?
14 ਦ ਨਿਊਯਾਰਕ ਟਾਈਮਜ਼ ਦੀ ਇਸ ਰਿਪੋਰਟ ਤੇ ਧਿਆਨ ਦਿਓ: “ਜੋ 25 ਸਾਲ ਪਹਿਲਾਂ ਸ਼ਰਮਨਾਕ ਮੰਨਿਆ ਜਾਣਾ ਸੀ ਉਹ ਹੁਣ ਸਵੀਕਾਰਯੋਗ ਸਹਿਵਾਸ ਪ੍ਰਬੰਧ ਬਣ ਗਿਆ ਹੈ। [ਸੰਯੁਕਤ ਰਾਜ ਅਮਰੀਕਾ] ਵਿਚ 1980 ਅਤੇ 1991 ਦੇ ਦਰਮਿਆਨ ਉਨ੍ਹਾਂ ਜੋੜਿਆਂ ਦੀ ਗਿਣਤੀ 80 ਫੀ ਸਦੀ ਵੱਧ ਗਈ, ਜੋ ਵਿਆਹ ਕਰਾਉਣ ਨਾਲੋਂ ਵਿਆਹ ਬਿਨਾਂ ਇਕੱਠੇ ਰਹਿਣਾ ਪਸੰਦ ਕਰਦੇ ਹਨ।” ਇਹ ਸਿਰਫ਼ ਉੱਤਰੀ ਅਮਰੀਕਾ ਵਿਚ ਹੀ ਨਹੀਂ ਹੈ। ਏਸ਼ੀਆਵੀਕ ਰਸਾਲਾ ਰਿਪੋਰਟ ਕਰਦਾ ਹੈ: “[ਏਸ਼ੀਆ] ਦੇ ਸਾਰੇ ਦੇਸ਼ਾਂ ਵਿਚ ਇਕ ਸਭਿਆਚਾਰਕ ਬਹਿਸ ਜੋਸ਼ ਨਾਲ ਚੱਲ ਰਹੀ ਹੈ। ਵਾਦ-ਵਿਸ਼ਾ ਹੈ ਲਿੰਗੀ ਆਜ਼ਾਦੀ ਦਾ ਰਿਵਾਜੀ ਕਦਰਾਂ-ਕੀਮਤਾਂ ਨਾਲ ਮੁਕਾਬਲਾ, ਅਤੇ ਤਬਦੀਲੀ ਲਈ ਦਬਾਉ ਲਗਾਤਾਰ ਵੱਧ ਰਹੇ ਹਨ।” ਅੰਕੜੇ ਸੰਕੇਤ ਕਰਦੇ ਹਨ ਕਿ ਬਹੁਤ ਸਾਰੇ ਦੇਸ਼ਾਂ ਵਿਚ ਜ਼ਨਾਹ ਅਤੇ ਪੂਰਵ-ਵਿਆਹ ਸੰਭੋਗ ਦੀ ਸਵੀਕ੍ਰਿਤੀ ਵੱਧ ਰਹੀ ਹੈ।
15 ਬਾਈਬਲ ਨੇ ਭਵਿੱਖਬਾਣੀ ਕੀਤੀ ਸੀ ਕਿ ਸਾਡੇ ਦਿਨਾਂ ਵਿਚ ਸ਼ਤਾਨੀ ਸਰਗਰਮੀ ਡਾਢੀ ਹੋਵੇਗੀ। (ਪਰਕਾਸ਼ ਦੀ ਪੋਥੀ 12:12) ਇਸ ਕਰਕੇ, ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਕਿ ਬੁਰਾਈ ਭਿਆਨਕ ਢੰਗ ਨਾਲ ਪ੍ਰਚਲਿਤ ਹੈ। ਉਦਾਹਰਣ ਲਈ, ਬੱਚਿਆਂ ਦਾ ਜਿਨਸੀ ਸ਼ੋਸ਼ਣ ਵੱਡੇ ਪੈਮਾਨੇ ਤੇ ਫ਼ੈਲ ਰਿਹਾ ਹੈ।a ਸੰਯੁਕਤ ਰਾਸ਼ਟਰ-ਸੰਘ ਬਾਲ ਫ਼ੰਡ ਰਿਪੋਰਟ ਕਰਦਾ ਹੈ ਕਿ “ਵਪਾਰਕ ਜਿਨਸੀ ਸ਼ੋਸ਼ਣ ਬੱਚਿਆਂ ਨੂੰ ਦੁਨੀਆਂ ਦੇ ਲਗਭਗ ਹਰ ਦੇਸ਼ ਵਿਚ ਨੁਕਸਾਨ ਪਹੁੰਚਾ ਰਿਹਾ ਹੈ।” ਹਰ ਸਾਲ “ਰਿਪੋਰਟ ਅਨੁਸਾਰ ਦੁਨੀਆਂ ਭਰ ਵਿਚ ਦਸ ਲੱਖ ਤੋਂ ਜ਼ਿਆਦਾ ਬੱਚੇ ਬਾਲ ਵੇਸਵਾ-ਗਮਨ ਲਈ ਮਜਬੂਰ ਕੀਤੇ ਜਾਂਦੇ ਹਨ, ਲਿੰਗੀ ਮਕਸਦਾਂ ਲਈ ਵੇਚੇ ਅਤੇ ਖ਼ਰੀਦੇ ਜਾਂਦੇ ਹਨ, ਅਤੇ ਬਾਲ ਅਸ਼ਲੀਲ ਸਾਹਿੱਤ ਦੇ ਉਤਪਾਦਨ ਲਈ ਵਰਤੇ ਜਾਂਦੇ ਹਨ।” ਸਮਲਿੰਗਕਾਮੁਕਤਾ ਵੀ ਆਮ ਹੈ; ਕੁਝ ਸਿਆਸਤਦਾਨ ਅਤੇ ਧਾਰਮਿਕ ਆਗੂ ਇਕ “ਵਿਕਲਪਕ ਜੀਵਨ-ਢੰਗ” ਵਜੋਂ ਇਸ ਦਾ ਸਮਰਥਨ ਕਰਨ ਵਿਚ ਅਗਵਾਈ ਕਰਦੇ ਹਨ।
ਦੁਨੀਆਂ ਦੀਆਂ ਬੁਰਾਈਆਂ ਨੂੰ ਰੱਦ ਕਰਨਾ
16. ਯਹੋਵਾਹ ਦੇ ਗਵਾਹਾਂ ਦਾ ਲਿੰਗੀ ਨੈਤਿਕਤਾ ਬਾਰੇ ਕੀ ਦ੍ਰਿਸ਼ਟੀਕੋਣ ਹੈ?
16 ਯਹੋਵਾਹ ਦੇ ਗਵਾਹ ਉਨ੍ਹਾਂ ਦੇ ਨਾਲ ਸਹਿਮਤ ਨਹੀਂ ਹੁੰਦੇ ਜੋ ਲਿੰਗੀ ਨੈਤਿਕਤਾ ਦੇ ਇਜਾਜ਼ਤੀ ਮਿਆਰਾਂ ਦੀ ਪੁਸ਼ਟੀ ਕਰਦੇ ਹਨ। ਤੀਤੁਸ 2:11, 12 ਕਹਿੰਦਾ ਹੈ: “ਪਰਮੇਸ਼ੁਰ ਦੀ ਕਿਰਪਾ ਸਭਨਾਂ ਮਨੁੱਖਾਂ ਦੀ ਮੁਕਤੀ ਲਈ ਪਰਗਟ ਹੋਈ ਅਤੇ ਸਾਨੂੰ ਤਾੜਨਾ ਦਿੰਦੀ ਹੈ ਭਈ ਅਸੀਂ ਅਭਗਤੀ ਅਤੇ ਸੰਸਾਰੀ ਵਿਸ਼ਿਆਂ ਤੋਂ ਮਨ ਫੇਰ ਕੇ ਇਸ ਵਰਤਮਾਨ ਜੁੱਗ ਵਿੱਚ ਸੁਰਤ, ਧਰਮ ਅਤੇ ਭਗਤੀ ਨਾਲ ਉਮਰ ਬਤੀਤ ਕਰੀਏ।” ਜੀ ਹਾਂ, ਅਸੀਂ ਅਜਿਹੀਆਂ ਬੁਰਾਈਆਂ ਜਿਵੇਂ ਪੂਰਵ-ਵਿਆਹ ਸੰਭੋਗ, ਜ਼ਨਾਹ, ਅਤੇ ਸਮਲਿੰਗਕਾਮੀ ਕਾਰਜਾਂ ਲਈ ਸਖ਼ਤ ਨਫ਼ਰਤ, ਅਰਥਾਤ ਘਿਰਣਾ ਉਤਪੰਨ ਕਰਦੇ ਹਾਂ।b (ਰੋਮੀਆਂ 12:9; ਅਫ਼ਸੀਆਂ 5:3-5) ਪੌਲੁਸ ਨੇ ਇਹ ਉਪਦੇਸ਼ ਦਿੱਤਾ: “ਹਰੇਕ ਜਿਹੜਾ ਪ੍ਰਭੁ ਦਾ ਨਾਮ ਲੈਂਦਾ ਹੈ ਕੁਧਰਮ ਤੋਂ ਅੱਡ ਰਹੇ।”—2 ਤਿਮੋਥਿਉਸ 2:19.
17. ਸੱਚੇ ਮਸੀਹੀਆਂ ਦਾ ਸ਼ਰਾਬ ਪੀਣ ਬਾਰੇ ਕੀ ਦ੍ਰਿਸ਼ਟੀਕੋਣ ਹੈ?
17 ਸੱਚੇ ਮਸੀਹੀ ਛੋਟੀਆਂ-ਮੋਟੀਆਂ ਜਾਪਦੀਆਂ ਬੁਰਾਈਆਂ ਬਾਰੇ ਦੁਨੀਆਂ ਦੇ ਦ੍ਰਿਸ਼ਟੀਕੋਣ ਨੂੰ ਰੱਦ ਕਰਦੇ ਹਨ। ਉਦਾਹਰਣ ਲਈ, ਅੱਜ-ਕਲ੍ਹ ਕਈ ਲੋਕ ਸ਼ਰਾਬ ਦੀ ਕੁਵਰਤੋਂ ਨੂੰ ਹਾਸੇ ਮਖੌਲ ਦੀ ਗੱਲ ਸਮਝਦੇ ਹਨ। ਪਰ ਯਹੋਵਾਹ ਦੇ ਲੋਕ ਅਫ਼ਸੀਆਂ 5:18 ਦੀ ਸਲਾਹ ਵਲ ਧਿਆਨ ਦਿੰਦੇ ਹਨ: “ਮੈ ਨਾਲ ਮਸਤ ਨਾ ਹੋਵੋ ਜਿਹ ਦੇ ਵਿੱਚ ਲੁੱਚਪੁਣਾ ਹੁੰਦਾ ਹੈ ਸਗੋਂ ਆਤਮਾ ਨਾਲ ਭਰਪੂਰ ਹੋ ਜਾਓ।” ਜੇਕਰ ਇਕ ਮਸੀਹੀ ਪੀਣੀ ਚਾਹੇ, ਤਾਂ ਉਹ ਸੰਜਮ ਨਾਲ ਪੀਂਦਾ ਹੈ।—ਕਹਾਉਤਾਂ 23:29-32.
18. ਬਾਈਬਲ ਸਿਧਾਂਤ ਯਹੋਵਾਹ ਦੇ ਸੇਵਕਾਂ ਨੂੰ ਪਰਿਵਾਰ ਦੇ ਜੀਆਂ ਨਾਲ ਆਪਣਾ ਸਲੂਕ ਠੀਕ ਰੱਖਣ ਲਈ ਕਿਸ ਤਰ੍ਹਾਂ ਅਗਵਾਈ ਦਿੰਦੇ ਹਨ?
18 ਯਹੋਵਾਹ ਦੇ ਸੇਵਕਾਂ ਵਜੋਂ, ਅਸੀਂ ਦੁਨੀਆਂ ਦੇ ਕੁਝ ਵਿਅਕਤੀਆਂ ਦੇ ਉਸ ਦ੍ਰਿਸ਼ਟੀਕੋਣ ਨੂੰ ਵੀ ਰੱਦ ਕਰਦੇ ਹਾਂ ਕਿ ਆਪਣੇ ਸਾਥੀ ਅਤੇ ਬੱਚਿਆਂ ਉੱਤੇ ਚਿਲਾਉਣਾ ਜਾਂ ਉਨ੍ਹਾਂ ਨੂੰ ਦੁਖਦਾਇਕ ਸ਼ਬਦਾਂ ਨਾਲ ਗਾਲ੍ਹਾਂ ਕੱਢਣੀਆਂ ਸਵੀਕਾਰਯੋਗ ਵਤੀਰਾ ਹੈ। ਨੇਕੀ ਦੇ ਰਸਤੇ ਤੇ ਚੱਲਣ ਦੇ ਪੱਕੇ ਇਰਾਦੇ ਨਾਲ, ਮਸੀਹੀ ਪਤੀ ਅਤੇ ਪਤਨੀਆਂ ਪੌਲੁਸ ਦੀ ਸਲਾਹ ਲਾਗੂ ਕਰਨ ਲਈ ਇਕੱਠੇ ਮਿਹਨਤ ਕਰਦੇ ਹਨ: “ਸਭ ਕੁੜੱਤਣ, ਕ੍ਰੋਧ, ਕੋਪ, ਰੌਲਾ, ਅਤੇ ਦੁਰਬਚਨ ਸਾਰੀ ਬੁਰਿਆਈ ਸਣੇ ਤੁਹਾਥੋਂ ਦੂਰ ਹੋਵੇ। ਅਤੇ ਤੁਸੀਂ ਇੱਕ ਦੂਏ ਉੱਤੇ ਕਿਰਪਾਵਾਨ ਅਤੇ ਤਰਸਵਾਨ ਹੋਵੋ ਅਤੇ ਇੱਕ ਦੂਏ ਨੂੰ ਮਾਫ਼ ਕਰੋ ਜਿਵੇਂ ਪਰਮੇਸ਼ੁਰ ਨੇ ਵੀ ਮਸੀਹ ਵਿੱਚ ਤੁਹਾਨੂੰ ਮਾਫ਼ ਕੀਤਾ।”—ਅਫ਼ਸੀਆਂ 4:31, 32.
19. ਕਾਰੋਬਾਰੀ ਦੁਨੀਆਂ ਵਿਚ ਬੁਰਾਈ ਕਿੰਨੀ ਕੁ ਪ੍ਰਚਲਿਤ ਹੈ?
19 ਬੇਈਮਾਨੀ, ਧੋਖੇਬਾਜ਼ੀ, ਝੂਠ, ਨਿਰਦਈ ਕਾਰੋਬਾਰੀ ਜੁਗਤਾਂ, ਅਤੇ ਚੋਰੀ ਵੀ ਅੱਜ-ਕਲ੍ਹ ਆਮ ਹਨ। ਕਾਰੋਬਾਰੀ ਰਸਾਲਾ ਸੀ. ਐੱਫ਼. ਓ. ਦਾ ਇਕ ਲੇਖ ਰਿਪੋਰਟ ਕਰਦਾ ਹੈ: “4,000 ਮਜ਼ਦੂਰਾਂ ਦੇ ਸਰਵੇਖਣ . . . ਨੇ ਸਥਾਪਿਤ ਕੀਤਾ ਕਿ ਸਰਵੇਖਣ ਕੀਤੇ ਗਏ ਲੋਕਾਂ ਵਿੱਚੋਂ 31 ਫੀ ਸਦੀ ਨੇ ਪਿਛਲੇ ਸਾਲ ਦੌਰਾਨ ‘ਸਖ਼ਤ ਬਦਸਲੂਕੀ’ ਦੇਖੀ ਸੀ।” ਅਜਿਹੀ ਬਦਸਲੂਕੀ ਵਿਚ ਝੂਠ ਬੋਲਣੇ, ਨਕਲੀ ਦਸਤਾਵੇਜ਼ ਬਣਾਉਣੇ, ਲਿੰਗਕ ਛੇੜਖਾਨੀ, ਅਤੇ ਚੋਰੀ ਸ਼ਾਮਲ ਸਨ। ਜੇਕਰ ਅਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਨੈਤਿਕ ਤੌਰ ਤੇ ਪਾਕ ਰਹਿਣਾ ਚਾਹੁੰਦੇ ਹਾਂ, ਤਾਂ ਸਾਨੂੰ ਅਜਿਹੇ ਆਚਰਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਆਪਣੇ ਮਾਲੀ ਲੈਣ-ਦੇਣ ਵਿਚ ਈਮਾਨਦਾਰ ਹੋਣਾ ਚਾਹੀਦਾ ਹੈ।—ਮੀਕਾਹ 6:10, 11.
20. ਮਸੀਹੀਆਂ ਲਈ ‘ਮਾਇਆ ਦੇ ਲੋਭ’ ਤੋਂ ਬਚੇ ਰਹਿਣਾ ਕਿਉਂ ਜ਼ਰੂਰੀ ਹੈ?
20 ਉਸ ਵੱਲ ਧਿਆਨ ਦਿਓ ਜੋ ਇਕ ਆਦਮੀ ਨਾਲ ਵਾਪਰਿਆ ਜਿਸ ਨੇ ਸੋਚਿਆ ਕਿ ਜੇ ਉਹ ਇਕ ਵਪਾਰਕ ਜੋਖਮ ਵਿਚ ਖੂਬ ਮੁਨਾਫ਼ਾ ਖੱਟੇ ਤਾਂ ਉਸ ਨੂੰ ਪਰਮੇਸ਼ੁਰ ਦੀ ਸੇਵਾ ਲਈ ਹੋਰ ਸਮਾਂ ਮਿਲ ਜਾਵੇਗਾ। ਉਸ ਨੇ ਸੰਭਾਵੀ ਨਫਿਆਂ ਨੂੰ ਖੂਬ ਵਧਾ-ਚੜ੍ਹਾ ਕੇ ਦੱਸਣ ਰਾਹੀਂ ਅਗਲਿਆਂ ਨੂੰ ਇਕ ਪੂੰਜੀ-ਨਿਵੇਸ਼ ਯੋਜਨਾ ਲਈ ਖਿੱਚਿਆ। ਜਦ ਇਹ ਨਫੇ ਸਾਕਾਰ ਨਾ ਹੋਏ ਤਾਂ ਉਹ ਘਾਟਾ ਪੂਰਾ ਕਰਨ ਲਈ ਇੰਨਾ ਪਰੇਸ਼ਾਨ ਸੀ ਕਿ ਉਸ ਨੇ ਸੌਂਪੀ ਹੋਈ ਪੂੰਜੀ ਮਾਰ ਲਈ। ਉਸ ਦੇ ਕਾਰਜਾਂ ਅਤੇ ਅਪਸ਼ਚਾਤਾਪੀ ਰਵੱਈਏ ਕਰਕੇ, ਉਹ ਮਸੀਹੀ ਕਲੀਸਿਯਾ ਵਿੱਚੋਂ ਛੇਕਿਆ ਗਿਆ ਸੀ। ਬਾਈਬਲ ਦੀ ਚੇਤਾਵਨੀ ਵਾਕਈ ਸੱਚ ਹੈ: “ਓਹ ਜਿਹੜੇ ਧਨਵਾਨ ਬਣਿਆ ਚਾਹੁੰਦੇ ਹਨ ਸੋ ਪਰਤਾਵੇ ਅਤੇ ਫਾਹੀ ਵਿੱਚ ਅਤੇ ਬਹੁਤਿਆਂ ਮੂਰਖਪੁਣੇ ਦਿਆਂ ਅਤੇ ਨੁਕਸਾਨ ਕਰਨ ਵਾਲਿਆਂ ਵਿਸ਼ਿਆਂ ਵਿੱਚ ਪੈਂਦੇ ਹਨ ਜੋ ਮਨੁੱਖਾਂ ਨੂੰ ਤਬਾਹੀ ਅਤੇ ਨਾਸ ਦੇ ਸਮੁੰਦਰ ਵਿੱਚ ਡੋਬ ਦਿੰਦੇ ਹਨ। ਕਿਉਂ ਜੋ ਮਾਇਆ ਦਾ ਲੋਭ ਹਰ ਪਰਕਾਰ ਦੀਆਂ ਬੁਰਿਆਈਆਂ ਦੀ ਜੜ੍ਹ ਹੈ ਅਤੇ ਕਈ ਲੋਕ ਉਹ ਨੂੰ ਲੋਚਦਿਆਂ ਨਿਹਚਾ ਦੇ ਰਾਹੋਂ ਘੁੱਥ ਗਏ ਅਤੇ ਆਪਣੇ ਆਪ ਨੂੰ ਅਨੇਕ ਗਮਾਂ ਦਿਆਂ ਤੀਰਾਂ ਨਾਲ ਵਿੰਨ੍ਹਿਆ ਹੈ।”—1 ਤਿਮੋਥਿਉਸ 6:9, 10.
21. ਦੁਨੀਆਂ ਵਿਚ ਸੱਤਾਧਾਰੀ ਮਰਦਾਂ ਵਿਚਕਾਰ ਕਿਹੜਾ ਵਤੀਰਾ ਆਮ ਹੈ, ਪਰ ਮਸੀਹੀ ਕਲੀਸਿਯਾ ਵਿਚ ਜ਼ਿੰਮੇਵਾਰੀ ਦੀਆਂ ਪਦਵੀਆਂ ਵਾਲਿਆਂ ਨੂੰ ਕਿਸ ਤਰ੍ਹਾਂ ਵਰਤਾਉ ਕਰਨਾ ਚਾਹੀਦਾ ਹੈ?
21 ਸੱਤਾਧਾਰੀ ਅਤੇ ਪ੍ਰਭਾਵਸ਼ਾਲੀ ਦੁਨਿਆਵੀ ਮਰਦਾਂ ਵਿਚ ਅਕਸਰ ਨੇਕੀ ਦੀ ਘਾਟ ਹੁੰਦੀ ਹੈ ਅਤੇ ਉਹ ਇਸ ਕਹਾਵਤ ਦੀ ਸੱਚਾਈ ਪ੍ਰਦਰਸ਼ਿਤ ਕਰਦੇ ਹਨ ਕਿ ‘ਤਾਕਤ ਭ੍ਰਿਸ਼ਟ ਕਰਦੀ ਹੈ।’ (ਉਪਦੇਸ਼ਕ ਦੀ ਪੋਥੀ 8:9) ਕੁਝ ਮੁਲਕਾਂ ਵਿਚ, ਰਿਸ਼ਵਤਖੋਰੀ ਅਤੇ ਭ੍ਰਿਸ਼ਟਤਾ ਦੇ ਹੋਰ ਰੂਪ ਨਿਆਂਕਾਰਾਂ, ਪੁਲਸ, ਅਤੇ ਸਿਆਸਤਦਾਨਾਂ ਵਿਚਕਾਰ ਆਮ ਹਨ। ਪਰੰਤੂ, ਮਸੀਹੀ ਕਲੀਸਿਯਾ ਵਿਚ ਅਗਵਾਈ ਕਰਨ ਵਾਲਿਆਂ ਲਈ ਨੇਕ ਹੋਣਾ ਅਤੇ ਦੂਸਰਿਆਂ ਉੱਤੇ ਹੁਕਮ ਨਾ ਚਲਾਉਣਾ ਜ਼ਰੂਰੀ ਹੈ। (ਲੂਕਾ 22:25, 26) ਬਜ਼ੁਰਗ, ਅਤੇ ਸਹਾਇਕ ਸੇਵਕ, “ਝੂਠੇ ਨਫ਼ੇ ਦੇ ਕਾਰਨ” ਸੇਵਾ ਨਹੀਂ ਕਰਦੇ ਹਨ। ਨਿੱਜੀ ਮੁਨਾਫ਼ੇ ਦੀ ਸੰਭਾਵਨਾ ਨਾਲ ਉਨ੍ਹਾਂ ਦੇ ਫ਼ੈਸਲੇ ਨੂੰ ਵਿਗਾੜਨ ਜਾਂ ਪ੍ਰਭਾਵਿਤ ਕਰਨ ਦੇ ਜਤਨਾਂ ਦਾ ਉਨ੍ਹਾਂ ਉੱਤੇ ਕੋਈ ਅਸਰ ਨਹੀਂ ਹੋਣਾ ਚਾਹੀਦਾ ਹੈ।—1 ਪਤਰਸ 5:2; ਕੂਚ 23:8; ਕਹਾਉਤਾਂ 17:23; 1 ਤਿਮੋਥਿਉਸ 5:21.
22. ਅਗਲਾ ਲੇਖ ਕਿਸ ਬਾਰੇ ਚਰਚਾ ਕਰੇਗਾ?
22 ਆਮ ਤੌਰ ਤੇ, ਮਸੀਹੀ ਇਸ ਬੁਰਾਈ-ਭਰੀ ਦੁਨੀਆਂ ਵਿਚ ਨੇਕ ਰਹਿਣ ਦੀ ਵਰਤਮਾਨ ਚੁਣੌਤੀ ਦਾ ਸਾਮ੍ਹਣਾ ਕਾਮਯਾਬੀ ਨਾਲ ਕਰ ਰਹੇ ਹਨ। ਤਦ ਵੀ, ਨੇਕੀ ਦੁਸ਼ਟਤਾ ਤੋਂ ਕੇਵਲ ਪਰਹੇਜ਼ ਕਰਨ ਨਾਲੋਂ ਜ਼ਿਆਦਾ ਲੋੜਦੀ ਹੈ। ਅਗਲਾ ਲੇਖ ਚਰਚਾ ਕਰੇਗਾ ਕਿ ਨੇਕੀ ਨੂੰ ਵਧਾਉਣਾ ਸੱਚ-ਮੁੱਚ ਕੀ ਲੋੜਦਾ ਹੈ।
[ਫੁਟਨੋਟ]
a ਅਕਤੂਬਰ 8, 1993, ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਵਿਚ ਛਪੀ, “ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖੋ!” ਲੇਖ-ਮਾਲਾ ਦੇਖੋ।
b ਜਿਹੜੇ ਵਿਅਕਤੀ ਬੀਤਿਆਂ ਸਮਿਆਂ ਵਿਚ ਸਮਲਿੰਗਕਾਮੀ ਕਾਰਜਾਂ ਵਿਚ ਲੱਗੇ ਹੋਏ ਸਨ, ਉਹ ਆਪਣੇ ਵਤੀਰਿਆਂ ਵਿਚ ਤਬਦੀਲੀਆਂ ਲਿਆ ਸਕਦੇ ਹਨ, ਜਿਵੇਂ ਪਹਿਲੀ ਸਦੀ ਵਿਚ ਕੁਝ ਵਿਅਕਤੀਆਂ ਨੇ ਕੀਤਾ ਸੀ। (1 ਕੁਰਿੰਥੀਆਂ 6:11) ਜਾਗਰੂਕ ਬਣੋ! (ਅੰਗ੍ਰੇਜ਼ੀ), ਮਾਰਚ 22, 1995, ਸਫ਼ੇ 21-3 ਉੱਤੇ ਸਹਾਇਕ ਸੂਚਨਾ ਪੇਸ਼ ਕੀਤੀ ਗਈ ਸੀ।
ਪੁਨਰ-ਵਿਚਾਰ ਲਈ ਨੁਕਤੇ
◻ ਯਹੋਵਾਹ ਨੇ ਕਨਾਨੀਆਂ ਦੇ ਵਿਨਾਸ਼ ਦਾ ਕਿਉਂ ਹੁਕਮ ਦਿੱਤਾ ਸੀ?
◻ ਪਹਿਲੀ ਸਦੀ ਵਿਚ ਕਿਹੜੀਆਂ ਬੁਰਾਈਆਂ ਆਮ ਸਨ, ਅਤੇ ਮਸੀਹੀਆਂ ਨੇ ਅਜਿਹੇ ਮਾਹੌਲ ਨਾਲ ਕਿਸ ਤਰ੍ਹਾਂ ਨਿਭਿਆ?
◻ ਕੀ ਸਬੂਤ ਹੈ ਕਿ 1914 ਤੋਂ ਦੁਨੀਆਂ ਨੇ ਵਿਆਪਕ ਨੈਤਿਕ ਪਤਨ ਵੇਖਿਆ ਹੈ?
◻ ਯਹੋਵਾਹ ਦੇ ਲੋਕਾਂ ਨੂੰ ਕਿਹੜੀਆਂ ਆਮ ਬੁਰਾਈਆਂ ਰੱਦ ਕਰਨੀਆਂ ਚਾਹੀਦੀਆਂ ਹਨ?
[ਸਫ਼ੇ 21 ਉੱਤੇ ਤਸਵੀਰ]
ਪਹਿਲੀ-ਸਦੀ ਦੇ ਮਸੀਹੀ ਨੇਕ ਸਨ, ਭਾਵੇਂ ਉਹ ਇਕ ਬੁਰਾਈ-ਭਰੀ ਦੁਨੀਆਂ ਵਿਚ ਰਹਿੰਦੇ ਸਨ
[ਸਫ਼ੇ 23 ਉੱਤੇ ਤਸਵੀਰ]
ਬੁਰਾਈ ਤਾਂ ਕੰਪਿਊਟਰ ਨੈਟਵਰਕਾਂ ਵਿਚ ਵੀ ਘੁਸ ਗਈ ਹੈ, ਜਿਸ ਕਰਕੇ ਅਨੇਕ ਨੌਜਵਾਨਾਂ ਅਤੇ ਹੋਰਨਾਂ ਨੂੰ ਅਸ਼ਲੀਲ ਸਾਮੱਗਰੀ ਉਪਲਬਧ ਹੈ
[ਸਫ਼ੇ 24 ਉੱਤੇ ਤਸਵੀਰ]
ਦੂਜਿਆਂ ਦੀਆਂ ਬੇਈਮਾਨ ਜੁਗਤਾਂ ਦੀ ਨਕਲ ਨਾ ਕਰਦੇ ਹੋਏ, ਮਸੀਹੀਆਂ ਲਈ ਨੇਕ ਰਹਿਣਾ ਜ਼ਰੂਰੀ ਹੈ