ਅੰਤਹਕਰਣ—ਇਕ ਬੋਝ ਜਾਂ ਇਕ ਲਾਭ?
‘ਮੇਰਾ ਅੰਤਹਕਰਣ ਮੈਨੂੰ ਪਰੇਸ਼ਾਨ ਕਰ ਰਿਹਾ ਹੈ!’ ਸਮੇਂ-ਸਮੇਂ ਤੇ, ਲਗਭਗ ਅਸੀਂ ਸਾਰੇ ਅੰਤਹਕਰਣ ਦੀਆਂ ਚੋਭਾਂ ਮਹਿਸੂਸ ਕਰਦੇ ਹਾਂ। ਅਜਿਹੀਆਂ ਭਾਵਨਾਵਾਂ ਮਹਿਜ਼ ਬੇਚੈਨੀ ਹੋ ਸਕਦੀਆਂ ਹਨ ਜਾਂ ਇੱਥੋਂ ਤਕ ਕਿ ਕਸ਼ਟਦਾਇਕ ਦਰਦ ਵੀ ਹੋ ਸਕਦੀਆਂ ਹਨ। ਇਕ ਪੀੜਿਤ ਅੰਤਹਕਰਣ ਹਤਾਸ਼ਾ ਜਾਂ ਨਾਕਾਮੀ ਦੀ ਗਹਿਰੀ ਭਾਵਨਾ ਪੈਦਾ ਕਰ ਸਕਦਾ ਹੈ।
ਤਾਂ ਫਿਰ, ਇਸ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਏ, ਕੀ ਅੰਤਹਕਰਣ ਇਕ ਬੋਝ ਨਹੀਂ ਹੈ? ਕੁਝ ਸ਼ਾਇਦ ਮਹਿਸੂਸ ਕਰਨ ਕਿ ਇਹ ਹੈ। ਪਿੱਛਲੇ ਸਮਿਆਂ ਵਿਚ ਮਨੁੱਖ ਅੰਤਹਕਰਣ ਨੂੰ ਅਕਸਰ ਇਕ ਸੁਭਾਵਕ, ਪੈਦਾਇਸ਼ੀ ਯੋਗਤਾ ਮੰਨਦੇ ਸਨ। ਬਹੁਤ ਸਾਰਿਆਂ ਨੇ ਮਹਿਸੂਸ ਕੀਤਾ ਕਿ ਇਹ ਸਿੱਧਾ ਪਰਮੇਸ਼ੁਰ ਵੱਲੋਂ ਦਿੱਤਾ ਗਿਆ ਇਕ ਨੈਤਿਕ ਮਾਰਗ-ਦਰਸ਼ਕ ਸੀ। ਇਸ ਲਈ ਅੰਤਹਕਰਣ ਨੂੰ “ਆਦਮੀ ਦੇ ਅੰਦਰ ਪਰਮੇਸ਼ੁਰ ਦੀ ਮੌਜੂਦਗੀ,” “ਸਾਡਾ ਮੁਢਲਾ ਸੁਭਾਉ,” ਅਤੇ “ਪਰਮੇਸ਼ੁਰ ਦੀ ਆਵਾਜ਼” ਵੀ ਕਿਹਾ ਗਿਆ ਹੈ।
ਪਰੰਤੂ, ਹਾਲ ਹੀ ਦੇ ਸਾਲਾਂ ਵਿਚ, ਇਹ ਦਾਅਵਾ ਕਰਨਾ ਮਸ਼ਹੂਰ ਹੋ ਗਿਆ ਹੈ ਕਿ ਅੰਤਹਕਰਣ ਵਧੇਰੇ ਕਰਕੇ ਇਕ ਪ੍ਰਾਪਤ ਯੋਗਤਾ ਹੈ—ਮਾਤਾ-ਪਿਤਾ ਅਤੇ ਸਮਾਜ ਦੇ ਪ੍ਰਭਾਵ ਦਾ ਨਤੀਜਾ। ਮਿਸਾਲ ਲਈ, ਕੁਝ ਮਨੋਵਿਗਿਆਨੀ ਦਲੀਲ ਦਿੰਦੇ ਹਨ ਕਿ ਇਕ ਬੱਚਾ ਮੁੱਖ ਤੌਰ ਤੇ ਸਜ਼ਾ ਦੇ ਡਰ ਕਾਰਨ ਅਣਚਾਹੇ ਵਤੀਰੇ ਤੋਂ ਦੂਰ ਰਹਿਣਾ ਸਿੱਖਦਾ ਹੈ। ਉਹ ਮੰਨਦੇ ਹਨ ਕਿ ਜਿਸ ਨੂੰ ਅਸੀਂ ਅੰਤਹਕਰਣ ਕਹਿੰਦੇ ਹਾਂ ਉਹ ਮਹਿਜ਼ ਆਪਣੇ ਮਾਪਿਆਂ ਦੀਆਂ ਵਿਅਕਤੀਗਤ ਕਦਰਾਂ-ਕੀਮਤਾਂ ਅਤੇ ਵਿਸ਼ਵਾਸਾਂ ਨੂੰ ਪ੍ਰਾਪਤ ਕਰਨਾ ਹੈ। ਦੂਸਰੇ ਲੋਕ ਸਮਾਜ ਵੱਲੋਂ ਕਦਰਾਂ-ਕੀਮਤਾਂ ਅਤੇ ਮਿਆਰਾਂ ਨੂੰ ਅੱਗੇ ਤੋਰਨ ਲਈ ਆਮ ਤੌਰ ਤੇ ਨਿਭਾਈ ਗਈ ਭੂਮਿਕਾ ਵੱਲ ਇਸ਼ਾਰਾ ਕਰਦੇ ਹਨ। ਕੁਝ ਲੋਕ ਅੰਤਹਕਰਣ ਦੀਆਂ ਚੋਭਾਂ ਨੂੰ ਮਹਿਜ਼ ਉਸ ਵਿਚਕਾਰ ਜੋ ਅਸੀਂ ਕਰਨਾ ਚਾਹੁੰਦੇ ਹਾਂ, ਅਤੇ ਜੋ ਇਕ ਦਮਨਕਾਰੀ ਸਮਾਜ ਸਾਡੇ ਤੋਂ ਕਰਨ ਦੀ ਮੰਗ ਕਰਦਾ ਹੈ, ਸੰਘਰਸ਼ ਵਜੋਂ ਵਿਚਾਰਦੇ ਹਨ।
ਸਿਧਾਂਤ ਚਾਹੇ ਜੋ ਵੀ ਹੋਣ, ਲੋਕ ਅਕਸਰ ਆਪਣੇ ਮਾਪਿਆਂ, ਪਰਿਵਾਰਾਂ, ਅਤੇ ਪੂਰੇ ਸਮਾਜ ਵਿਰੁੱਧ ਖੜ੍ਹੇ ਹੋਏ ਹਨ ਕਿਉਂਕਿ ਉਨ੍ਹਾਂ ਦੇ ਅੰਤਹਕਰਣ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਕਿਹਾ। ਕੁਝ ਲੋਕ ਅੰਤਹਕਰਣ ਦੀ ਖ਼ਾਤਰ ਆਪਣੇ ਜੀਵਨ ਦਾ ਬਲੀਦਾਨ ਦੇਣ ਨੂੰ ਵੀ ਤਿਆਰ ਸਨ! ਅਤੇ ਦੁਨੀਆਂ ਦੇ ਸਭਿਆਚਾਰਾਂ ਵਿਚਕਾਰ ਬਹੁਤ ਜ਼ਿਆਦਾ ਭਿੰਨਤਾ ਹੋਣ ਦੇ ਬਾਵਜੂਦ, ਕਤਲ, ਚੋਰੀ, ਜ਼ਨਾਹ, ਝੂਠ ਬੋਲਣਾ, ਅਤੇ ਗੋਤਰ-ਗਮਨ ਵਰਗੇ ਕੰਮਾਂ ਨੂੰ ਤਕਰੀਬਨ ਹਰ ਜਗ੍ਹਾ ਗ਼ਲਤ ਵਿਚਾਰਿਆ ਜਾਂਦਾ ਹੈ। ਕੀ ਇਹ ਸਿੱਧ ਨਹੀਂ ਕਰਦਾ ਕਿ ਅੰਤਹਕਰਣ ਸੁਭਾਵਕ, ਅਤੇ ਪੈਦਾਇਸ਼ੀ ਹੈ?
ਅੰਤਹਕਰਣ—ਬਾਈਬਲ ਦਾ ਦ੍ਰਿਸ਼ਟੀਕੋਣ
ਇਸ ਵਿਸ਼ੇ ਉੱਤੇ ਅਸਲੀ ਮਾਹਰ ਯਹੋਵਾਹ ਪਰਮੇਸ਼ੁਰ ਹੈ। ਆਖ਼ਰਕਾਰ, “ਉਹ [ਪਰਮੇਸ਼ੁਰ] ਨੇ ਸਾਨੂੰ ਸਾਜਿਆ ਨਾ ਕਿ ਅਸਾਂ ਆਪਣੇ ਆਪ ਨੂੰ।” (ਜ਼ਬੂਰ 100:3, ਫੁਟਨੋਟ) ਉਹ ਚੰਗੀ ਤਰ੍ਹਾਂ ਸਾਡੀ ਬਣਤਰ ਨੂੰ ਜਾਣਦਾ ਹੈ। ਪਰਮੇਸ਼ੁਰ ਦਾ ਬਚਨ, ਬਾਈਬਲ, ਵਿਆਖਿਆ ਕਰਦਾ ਹੈ ਕਿ ਆਦਮੀ ਨੂੰ ਪਰਮੇਸ਼ੁਰ ਦੇ “ਸਰੂਪ” ਤੇ ਬਣਾਇਆ ਗਿਆ ਸੀ। (ਉਤਪਤ 1:26) ਆਦਮੀ ਨੂੰ ਭਲੇ ਅਤੇ ਬੁਰੇ ਦੀ ਸਮਝ ਨਾਲ ਰਚਿਆ ਗਿਆ ਸੀ; ਆਰੰਭ ਤੋਂ ਹੀ, ਅੰਤਹਕਰਣ ਆਦਮੀ ਦੇ ਸੁਭਾਉ ਦਾ ਇਕ ਸੁਭਾਵਕ ਭਾਗ ਸੀ।—ਤੁਲਨਾ ਕਰੋ ਉਤਪਤ 2:16, 17.
ਪੌਲੁਸ ਰਸੂਲ ਰੋਮੀਆਂ ਦੇ ਨਾਂ ਆਪਣੀ ਚਿੱਠੀ ਵਿਚ ਇਸ ਦੀ ਪੁਸ਼ਟੀ ਕਰਦੇ ਹੋਏ ਲਿਖਦਾ ਹੈ: “ਜਦ ਪਰਾਈਆਂ ਕੌਮਾਂ ਜਿਹੜੀਆਂ [ਪਰਮੇਸ਼ੁਰ ਦੀ] ਸ਼ਰਾ ਹੀਨ ਹਨ ਆਪਣੇ ਸੁਭਾਉ ਤੋਂ ਸ਼ਰਾ ਦੇ ਕੰਮ ਕਰਦੀਆਂ ਹਨ ਤਾਂ ਸ਼ਰਾ ਦੇ ਨਾ ਹੁੰਦਿਆਂ ਓਹ ਆਪਣੇ ਲਈ ਆਪ ਹੀ ਸ਼ਰਾ ਹਨ। ਸੋ ਓਹ ਸ਼ਰਾ ਦਾ ਕੰਮ ਆਪਣੇ ਹਿਰਦਿਆਂ ਵਿੱਚ ਲਿਖਿਆ ਹੋਇਆ ਵਿਖਾਲਦੀਆਂ ਹਨ ਨਾਲੇ ਉਨ੍ਹਾਂ ਦਾ ਅੰਤਹਕਰਨ ਉਹ ਦੀ ਸਾਖੀ ਦਿੰਦਾ ਹੈ ਅਤੇ ਉਨ੍ਹਾਂ ਦੇ ਖਿਆਲ ਉਨ੍ਹਾਂ ਨੂੰ ਆਪੋ ਵਿੱਚੀਂ ਦੋਸ਼ੀ ਅਥਵਾ ਨਿਰਦੋਸ਼ੀ ਠਹਿਰਾਉਂਦੇ ਹਨ।” (ਰੋਮੀਆਂ 2:14, 15) ਧਿਆਨ ਦਿਓ ਕਿ ਬਹੁਤ ਸਾਰੇ ਲੋਕ ਜਿਨ੍ਹਾਂ ਦੀ ਪਾਲਣਾ ਯਹੂਦੀਆਂ ਨੂੰ ਦਿੱਤੀ ਗਈ ਈਸ਼ਵਰੀ ਸ਼ਰਾ ਅਨੁਸਾਰ ਨਹੀਂ ਕੀਤੀ ਗਈ ਸੀ, ਉਹ ਫਿਰ ਵੀ ਪਰਮੇਸ਼ੁਰ ਦੇ ਨਿਯਮ ਦੇ ਕੁਝ ਸਿਧਾਂਤਾਂ ਦੀ ਪੈਰਵੀ ਕਰਦੇ ਸਨ, ਸਮਾਜਕ ਦਬਾਉ ਕਰਕੇ ਨਹੀਂ, ਪਰੰਤੂ “ਆਪਣੇ ਸੁਭਾਉ ਤੋਂ”!
ਤਾਂ ਫਿਰ, ਇਕ ਬੋਝ ਹੋਣ ਦੀ ਬਜਾਇ, ਅੰਤਹਕਰਣ ਇਕ ਈਸ਼ਵਰੀ ਤੋਹਫ਼ਾ, ਇਕ ਲਾਭ ਹੈ। ਇਹ ਮੰਨਣ ਵਾਲੀ ਗੱਲ ਹੈ ਕਿ ਇਹ ਸਾਨੂੰ ਦੁੱਖ ਦੇ ਸਕਦਾ ਹੈ। ਪਰੰਤੂ ਜਦੋਂ ਅਸੀਂ ਇਸ ਵੱਲ ਸਹੀ ਢੰਗ ਨਾਲ ਧਿਆਨ ਦਿੰਦੇ ਹਾਂ, ਤਾਂ ਇਹ ਸਾਨੂੰ ਗਹਿਰੀ ਸੰਤੁਸ਼ਟੀ ਅਤੇ ਅੰਦਰੂਨੀ ਸ਼ਾਂਤੀ ਦੇ ਸਕਦਾ ਹੈ। ਇਹ ਸਾਡੀ ਅਗਵਾਈ ਕਰ ਸਕਦਾ ਹੈ, ਬਚਾਉ ਕਰ ਸਕਦਾ ਹੈ, ਅਤੇ ਸਾਨੂੰ ਪ੍ਰੇਰਿਤ ਕਰ ਸਕਦਾ ਹੈ। ਦੁਭਾਸ਼ੀਏ ਦੀ ਬਾਈਬਲ (ਅੰਗ੍ਰੇਜ਼ੀ) ਟਿੱਪਣੀ ਕਰਦੀ ਹੈ: “ਮਾਨਸਿਕ ਅਤੇ ਭਾਵਾਤਮਕ ਸਿਹਤ ਸਿਰਫ਼ ਉਦੋਂ ਕਾਇਮ ਰੱਖੀ ਜਾ ਸਕਦੀ ਹੈ ਜਦੋਂ ਇਕ ਵਿਅਕਤੀ ਜੋ ਉਹ ਕਰਦਾ ਹੈ ਅਤੇ ਜੋ ਉਹ ਮਹਿਸੂਸ ਕਰਦਾ ਹੈ ਕਿ ਉਸ ਨੂੰ ਕਰਨਾ ਚਾਹੀਦਾ ਹੈ, ਵਿਚ ਦਰਾੜ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦਾ ਹੈ।” ਇਕ ਵਿਅਕਤੀ ਕਿਸ ਤਰ੍ਹਾਂ ਇਸ ਦਰਾੜ ਨੂੰ ਬੰਦ ਕਰ ਸਕਦਾ ਹੈ? ਕੀ ਆਪਣੇ ਅੰਤਹਕਰਣ ਨੂੰ ਢਾਲਣਾ ਅਤੇ ਸਿਖਲਾਈ ਦੇਣੀ ਮੁਮਕਿਨ ਹੈ? ਇਨ੍ਹਾਂ ਪ੍ਰਸ਼ਨਾਂ ਉੱਤੇ ਅਗਲੇ ਲੇਖ ਵਿਚ ਵਿਚਾਰ ਕੀਤਾ ਜਾਵੇਗਾ।