ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w97 8/1 ਸਫ਼ੇ 4-6
  • ਆਪਣੇ ਅੰਤਹਕਰਣ ਨੂੰ ਕਿਵੇਂ ਸਿਖਲਾਈ ਦੇਈਏ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਆਪਣੇ ਅੰਤਹਕਰਣ ਨੂੰ ਕਿਵੇਂ ਸਿਖਲਾਈ ਦੇਈਏ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਮਨ, ਦਿਲ, ਅਤੇ ਤੁਹਾਡਾ ਅੰਤਹਕਰਣ
  • ਜਦੋਂ ਅਸੀਂ ਗ਼ਲਤ ਕੰਮ ਕਰਦੇ ਹਾਂ
  • “ਅੰਤਹਕਰਨ ਸ਼ੁੱਧ ਰੱਖੋ”
  • ਤੁਸੀਂ ਆਪਣੀ ਜ਼ਮੀਰ ਕਿਵੇਂ ਸਾਫ਼ ਰੱਖ ਸਕਦੇ ਹੋ?
    ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ
  • ਕੀ ਤੁਹਾਡੀ ਜ਼ਮੀਰ ਚੰਗੀ ਤਰ੍ਹਾਂ ਕੰਮ ਕਰਦੀ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
  • ਕੀ ਤੁਹਾਡੀ ਜ਼ਮੀਰ ਤੁਹਾਨੂੰ ਸਹੀ ਸੇਧ ਦਿੰਦੀ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2015
  • ਮੈਂ ਆਪਣੀ ਜ਼ਮੀਰ ਨੂੰ ਸਿਖਲਾਈ ਕਿਵੇਂ ਦੇ ਸਕਦਾ ਹਾਂ?
    ਨੌਜਵਾਨਾਂ ਦੇ ਸਵਾਲ
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
w97 8/1 ਸਫ਼ੇ 4-6

ਆਪਣੇ ਅੰਤਹਕਰਣ ਨੂੰ ਕਿਵੇਂ ਸਿਖਲਾਈ ਦੇਈਏ

“ਇਕ ਸਾਫ਼ ਅੰਤਹਕਰਣ ਸਭ ਤੋਂ ਵਧੀਆ ਸਰ੍ਹਾਣਾ ਹੈ।” ਇਹ ਪੁਰਾਣੀ ਕਹਾਵਤ ਇਕ ਮਹੱਤਵਪੂਰਣ ਤੱਥ ਨੂੰ ਉਜਾਗਰ ਕਰਦੀ ਹੈ: ਜਦੋਂ ਅਸੀਂ ਆਪਣੇ ਅੰਤਹਕਰਣ ਵੱਲ ਧਿਆਨ ਦਿੰਦੇ ਹਾਂ, ਤਾਂ ਅਸੀਂ ਅੰਦਰੂਨੀ ਸ਼ਾਂਤੀ ਅਤੇ ਸਕੂਨ ਦਾ ਆਨੰਦ ਮਾਣਦੇ ਹਾਂ।

ਫਿਰ ਵੀ, ਸਾਰੇ ਇਸ ਤਰ੍ਹਾਂ ਕਰਨ ਦੀ ਚੋਣ ਨਹੀਂ ਕਰਦੇ ਹਨ। ਅਡੌਲਫ਼ ਹਿਟਲਰ ਨੇ ਐਲਾਨ ਕੀਤਾ ਕਿ ਉਹ ਮਨੁੱਖ ਨੂੰ ਅਪਮਾਨਜਨਕ ਵਹਿਮ, ਜਾਂ ਭਰਮ, ਜਿਸ ਨੂੰ ਅੰਤਹਕਰਣ ਕਿਹਾ ਜਾਂਦਾ ਹੈ ਤੋਂ ਆਜ਼ਾਦ ਕਰਾਉਣ ਦੇ ਇਕ ਮਿਸ਼ਨ ਤੇ ਸੀ। ਉਸ ਦਾ ਦਹਿਸ਼ਤ ਭਰਿਆ ਰਾਜ ਇਕ ਨਿਰਾਸ਼ਾਜਨਕ ਝਲਕ ਪੇਸ਼ ਕਰਦਾ ਹੈ ਕਿ ਮਨੁੱਖ ਕਿੰਨੇ ਨਿਰਦਈ ਹੋ ਸਕਦੇ ਹਨ ਜਦੋਂ ਉਹ ਆਪਣੇ ਅੰਤਹਕਰਣ ਨੂੰ ਤਿਆਗ ਦਿੰਦੇ ਹਨ। ਖ਼ੈਰ, ਅੱਜ ਦੇ ਬਹੁਤ ਸਾਰੇ ਹਿੰਸਕ ਅਪਰਾਧੀ ਘੱਟ ਨਿਰਦਈ ਨਹੀਂ ਹਨ—ਜੋ ਬਿਨਾਂ ਪਛਤਾਵੇ ਦੇ ਬਲਾਤਕਾਰ ਅਤੇ ਕਤਲ ਕਰਦੇ ਹਨ। ਇਨ੍ਹਾਂ ਵਿਚ ਛੋਟੀ ਉਮਰ ਦੇ ਅਪਰਾਧੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਲਈ ਇਸ ਤੱਥ ਉੱਤੇ ਅਧਿਐਨ ਕਰ ਰਹੀ ਇਕ ਕਿਤਾਬ ਦਾ ਉਪ-ਸਿਰਲੇਖ ਸੀ ਅੰਤਹਕਰਣ-ਰਹਿਤ ਬੱਚੇ (ਅੰਗ੍ਰੇਜ਼ੀ)।

ਜਦ ਕਿ ਜ਼ਿਆਦਾਤਰ ਲੋਕ ਹਿੰਸਕ ਅਪਰਾਧ ਕਰਨ ਬਾਰੇ ਕਦੇ ਵੀ ਨਹੀਂ ਸੋਚਣਗੇ, ਬਹੁਤ ਸਾਰੇ ਲੋਕ ਲਿੰਗੀ ਅਨੈਤਿਕਤਾ ਵਿਚ ਸ਼ਾਮਲ ਹੋਣ, ਝੂਠ ਬੋਲਣ, ਜਾਂ ਧੋਖਾ ਦੇਣ ਬਾਰੇ ਕੋਈ ਮਨੋ-ਸੰਤਾਪ ਮਹਿਸੂਸ ਨਹੀਂ ਕਰਦੇ ਹਨ। ਨੈਤਿਕ ਕਦਰਾਂ-ਕੀਮਤਾਂ ਦਾ ਸੰਸਾਰ ਭਰ ਵਿਚ ਪਤਨ ਹੋ ਰਿਹਾ ਹੈ। ਸੱਚੀ ਉਪਾਸਨਾ ਤੋਂ ਵੱਡੇ ਧਰਮ-ਤਿਆਗ ਬਾਰੇ ਜ਼ਿਕਰ ਕਰਦੇ ਹੋਏ, ਪੌਲੁਸ ਰਸੂਲ ਨੇ ਲਿਖਿਆ ਸੀ ਕਿ ਕੁਝ ਮਸੀਹੀ ਸੰਸਾਰ ਦੇ ਪ੍ਰਭਾਵ ਹੇਠ ਆ ਜਾਣਗੇ ਅਤੇ ਇਸ ਤਰ੍ਹਾਂ ਉਨ੍ਹਾਂ ਦਾ “ਆਪਣਾ ਹੀ ਅੰਤਹਕਰਨ ਤੱਤੇ ਲੋਹੇ ਨਾਲ ਦਾਗਿਆ” ਜਾਵੇਗਾ। (1 ਤਿਮੋਥਿਉਸ 4:2) ਭ੍ਰਿਸ਼ਟਾਚਾਰ ਦਾ ਖ਼ਤਰਾ ਅੱਜ ਇਨ੍ਹਾਂ “ਅੰਤ ਦਿਆਂ ਦਿਨਾਂ” ਦੌਰਾਨ ਹੋਰ ਵੀ ਜ਼ਿਆਦਾ ਹੈ। (2 ਤਿਮੋਥਿਉਸ 3:1) ਇਸ ਲਈ ਮਸੀਹੀਆਂ ਨੂੰ ਆਪਣੇ ਅੰਤਹਕਰਣ ਨੂੰ ਸੁਰੱਖਿਅਤ ਰੱਖਣ ਲਈ ਸਖ਼ਤ ਜਤਨ ਕਰਨਾ ਚਾਹੀਦਾ ਹੈ। ਅਸੀਂ ਇਸ ਨੂੰ ਸਿਖਲਾਈ ਦੇਣ ਅਤੇ ਵਿਕਸਿਤ ਕਰਨ ਦੁਆਰਾ ਇਹ ਕਰ ਸਕਦੇ ਹਾਂ।

ਮਨ, ਦਿਲ, ਅਤੇ ਤੁਹਾਡਾ ਅੰਤਹਕਰਣ

ਪੌਲੁਸ ਰਸੂਲ ਨੇ ਕਿਹਾ: “ਮੈਂ ਮਸੀਹ ਵਿੱਚ ਸਤ ਆਖਦਾ ਹਾਂ, ਝੂਠ ਨਹੀਂ ਕਹਿੰਦਾ ਅਤੇ ਮੇਰਾ ਅੰਤਹਕਰਨ ਪਵਿੱਤਰ ਆਤਮਾ ਵਿੱਚ ਮੇਰਾ ਗਵਾਹ ਹੈ।” (ਰੋਮੀਆਂ 9:1) ਇਸ ਲਈ ਅੰਤਹਕਰਣ ਇਕ ਗਵਾਹ ਹੋ ਸਕਦਾ ਹੈ। ਇਹ ਆਚਰਣ ਦੀ ਪਰਖ ਕਰ ਸਕਦਾ ਹੈ ਅਤੇ ਇਸ ਨੂੰ ਜਾਂ ਤਾਂ ਪ੍ਰਵਾਨ ਕਰ ਸਕਦਾ ਹੈ ਜਾਂ ਨਿੰਦ ਸਕਦਾ ਹੈ। ਸਹੀ ਅਤੇ ਗ਼ਲਤ ਬਾਰੇ ਸਾਡੀ ਜ਼ਿਆਦਾਤਰ ਸਮਝ ਸਾਡੇ ਸ੍ਰਿਸ਼ਟੀਕਰਤਾ ਨੇ ਸਾਡੇ ਵਿਚ ਪਾਈ ਹੈ। ਫਿਰ ਵੀ, ਸਾਡੇ ਅੰਤਹਕਰਣ ਨੂੰ ਢਾਲਿਆ ਅਤੇ ਸਿਖਲਾਇਆ ਜਾ ਸਕਦਾ ਹੈ। ਕਿਵੇਂ? ਪਰਮੇਸ਼ੁਰ ਦੇ ਬਚਨ ਵਿੱਚੋਂ ਯਥਾਰਥ ਗਿਆਨ ਲੈਣ ਦੁਆਰਾ। “ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ ਤਾਂ ਜੋ ਤੁਸੀਂ ਸਿਆਣ ਲਵੋ ਭਈ ਪਰਮੇਸ਼ੁਰ ਦੀ ਚੰਗੀ ਅਤੇ ਮਨ ਭਾਉਂਦੀ ਅਤੇ ਪੂਰੀ ਇੱਛਿਆ ਕੀ ਹੈ,” ਪੌਲੁਸ ਰਸੂਲ ਕਹਿੰਦਾ ਹੈ। (ਰੋਮੀਆਂ 12:2) ਜਿਉਂ-ਜਿਉਂ ਤੁਸੀਂ ਪਰਮੇਸ਼ੁਰ ਦੇ ਖ਼ਿਆਲਾਂ ਨੂੰ ਅਤੇ ਉਸ ਦੀ ਇੱਛਾ ਨੂੰ ਆਪਣੇ ਮਨ ਵਿਚ ਬਿਠਾਉਂਦੇ ਹੋ, ਤਾਂ ਤੁਹਾਡਾ ਅੰਤਹਕਰਣ ਹੋਰ ਵੀ ਜ਼ਿਆਦਾ ਈਸ਼ਵਰੀ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ।

ਯਹੋਵਾਹ ਦੇ ਗਵਾਹਾਂ ਨੇ ਸੰਸਾਰ ਭਰ ਵਿਚ ਲੱਖਾਂ ਹੀ ਲੋਕਾਂ ਦੀ ‘ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਨੂੰ ਜਾਣਨ’ ਵਿਚ ਮਦਦ ਕੀਤੀ ਹੈ। (ਯੂਹੰਨਾ 17:3) ਆਪਣੇ ਮੁਫ਼ਤ ਗ੍ਰਹਿ ਬਾਈਬਲ ਅਧਿਐਨ ਪ੍ਰਬੰਧ ਦੁਆਰਾ, ਉਹ ਨੇਕਦਿਲ ਵਿਅਕਤੀਆਂ ਨੂੰ ਸੈਕਸ, ਸ਼ਰਾਬ, ਵਿਆਹ, ਵਪਾਰਕ ਲੈਣ-ਦੇਣ, ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਬਾਰੇ ਯਹੋਵਾਹ ਪਰਮੇਸ਼ੁਰ ਦੇ ਮਿਆਰਾਂ ਦੀ ਸਿੱਖਿਆ ਦਿੰਦੇ ਹਨ।a (ਕਹਾਉਤਾਂ 11:1; ਮਰਕੁਸ 10:6-12; 1 ਕੁਰਿੰਥੀਆਂ 6:9, 10; ਅਫ਼ਸੀਆਂ 5:28-33) ਈਸ਼ਵਰੀ ਅੰਤਹਕਰਣ ਵਿਕਸਿਤ ਕਰਨ ਵਿਚ ਇਹ “ਯਥਾਰਥ ਗਿਆਨ” ਲੈਣਾ ਇਕ ਮਹੱਤਵਪੂਰਣ ਕਦਮ ਹੈ। (ਫ਼ਿਲਿੱਪੀਆਂ 1:9, ਨਿ ਵ) ਨਿਰਸੰਦੇਹ, ਇਕ ਮਸੀਹੀ ਦੁਆਰਾ ਬਾਈਬਲ ਦੀ ਪ੍ਰੌੜ੍ਹ ਸਮਝ ਪ੍ਰਾਪਤ ਕਰਨ ਤੋਂ ਬਾਅਦ ਵੀ, ਉਸ ਨੂੰ ਲਗਾਤਾਰ ਪਰਮੇਸ਼ੁਰ ਦੇ ਬਚਨ ਨਾਲ ਆਪਣੇ ਮਨ ਨੂੰ ਭਰਦੇ ਰਹਿਣਾ ਚਾਹੀਦਾ ਹੈ ਜੇਕਰ ਉਸ ਦੇ ਅੰਤਹਕਰਣ ਨੇ ਸਹੀ ਢੰਗ ਨਾਲ ਕੰਮ ਕਰਦੇ ਰਹਿਣਾ ਹੈ।—ਜ਼ਬੂਰ 1:1-3.

ਬਾਈਬਲ ਅੰਤਹਕਰਣ ਨੂੰ ਲਾਖਣਿਕ ਦਿਲ ਨਾਲ ਵੀ ਜੋੜਦੀ ਹੈ, ਜਿਸ ਵਿਚ ਸਾਡੇ ਜਜ਼ਬਾਤ ਅਤੇ ਭਾਵਨਾਵਾਂ ਸ਼ਾਮਲ ਹਨ। (ਰੋਮੀਆਂ 2:15) ਅੰਤਹਕਰਣ ਨੂੰ ਸਹੀ ਢੰਗ ਨਾਲ ਕੰਮ ਕਰਨ ਲਈ ਮਨ ਅਤੇ ਦਿਲ ਦਾ ਇਕਸੁਰਤਾ ਵਿਚ ਕੰਮ ਕਰਨਾ ਜ਼ਰੂਰੀ ਹੈ। ਇਸ ਦਾ ਮਤਲਬ ਹੈ ਕਿ ਕੇਵਲ ਆਪਣੇ ਮਨ ਵਿਚ ਜਾਣਕਾਰੀ ਭਰਨੀ ਕਾਫ਼ੀ ਨਹੀਂ ਹੈ। ਤੁਹਾਨੂੰ ਆਪਣੇ ਦਿਲ—ਆਪਣੇ ਅੰਦਰੂਨੀ ਜਜ਼ਬਾਤਾਂ, ਇੱਛਾਵਾਂ, ਅਤੇ ਲਾਲਸਾਵਾਂ—ਨੂੰ ਵੀ ਢਾਲਣਾ ਚਾਹੀਦਾ ਹੈ। ਇਸ ਲਈ ਕਹਾਉਤਾਂ ਦੀ ਪੋਥੀ ਅਜਿਹੀਆਂ ਇਬਰਾਨੀ ਅਭਿਵਿਅਕਤੀਆਂ ਦਾ ਪ੍ਰਯੋਗ ਕਰਦੀ ਹੈ ਜਿਨ੍ਹਾਂ ਦਾ ਸ਼ਾਬਦਿਕ ਅਰਥ ਹੈ “ਦਿਲ ਮੋੜੋ,” “ਦਿਲ ਲਾਓ,” “ਦਿਲ ਨੂੰ ਸੇਧ ਦਿਓ।” (ਕਹਾਉਤਾਂ 2:2; 23:19; 27:23) ਅਜਿਹਾ ਕਰਨ ਦਾ ਇਕ ਤਰੀਕਾ ਹੈ ਸ਼ਾਸਤਰਵਚਨਾਂ ਉੱਤੇ ਮਨਨ ਕਰਨਾ ਅਤੇ ਵਿਚਾਰ ਕਰਨਾ। “ਮੈਂ ਤੇਰੇ ਸਾਰੇ ਕੰਮਾਂ ਉੱਤੇ ਵਿਚਾਰ ਕਰਾਂਗਾ, ਅਤੇ ਮੈਂ ਤੇਰੇ ਕਾਰਜਾਂ ਉੱਤੇ ਧਿਆਨ ਕਰਾਂਗਾ,” ਜ਼ਬੂਰ 77:12 ਕਹਿੰਦਾ ਹੈ। ਮਨਨ ਕਰਨਾ ਸਾਨੂੰ ਆਪਣੇ ਅੰਦਰੂਨੀ ਜਜ਼ਬਾਤਾਂ ਅਤੇ ਮਨੋਰਥਾਂ ਤਕ ਪਹੁੰਚਣ ਵਿਚ ਮਦਦ ਦਿੰਦਾ ਹੈ।

ਮਿਸਾਲ ਲਈ, ਫ਼ਰਜ਼ ਕਰੋ ਕਿ ਤੁਹਾਨੂੰ ਇਕ ਗੰਦੀ ਆਦਤ ਹੈ ਜਿਵੇਂ ਕਿ ਤਮਾਖੂ ਦੀ ਲਤ। ਜ਼ਿਆਦਾਤਰ ਲੋਕਾਂ ਦੀ ਤਰ੍ਹਾਂ, ਨਿਰਸੰਦੇਹ ਤੁਹਾਨੂੰ ਵੀ ਇਸ ਦੇ ਸਿਹਤ-ਸੰਬੰਧੀ ਖ਼ਤਰਿਆਂ ਬਾਰੇ ਚੰਗੀ ਤਰ੍ਹਾਂ ਪਤਾ ਹੈ। ਫਿਰ ਵੀ, ਦੋਸਤਾਂ ਅਤੇ ਪਰਿਵਾਰ ਦੁਆਰਾ ਤਾਕੀਦ ਕੀਤੇ ਜਾਣ ਦੇ ਬਾਵਜੂਦ ਵੀ, ਤੁਸੀਂ ਇਸ ਲਤ ਨੂੰ ਛੱਡਣਾ ਮੁਸ਼ਕਲ ਪਾਇਆ ਹੈ। ਬਾਈਬਲ ਦੇ ਸੰਦੇਸ਼ ਉੱਤੇ ਮਨਨ ਕਰਨਾ ਇਸ ਸੰਬੰਧ ਵਿਚ ਤੁਹਾਡੇ ਅੰਤਹਕਰਣ ਨੂੰ ਕਿਸ ਤਰ੍ਹਾਂ ਮਜ਼ਬੂਤ ਕਰ ਸਕਦਾ ਹੈ?

ਮਿਸਾਲ ਲਈ, 2 ਕੁਰਿੰਥੀਆਂ 7:1 ਵਿਚ ਪਾਏ ਗਏ ਪੌਲੁਸ ਰਸੂਲ ਦੇ ਸ਼ਬਦਾਂ ਉੱਤੇ ਮਨਨ ਕਰਨ ਦੀ ਕੋਸ਼ਿਸ਼ ਕਰੋ: “ਸੋ ਹੇ ਪਿਆਰਿਓ, ਜਦੋਂ ਏਹ ਬਚਨ ਸਾਨੂੰ ਦਿੱਤੇ ਹੋਏ ਹਨ ਤਾਂ ਆਓ, ਅਸੀਂ ਆਪਣੇ ਆਪ ਨੂੰ ਸਰੀਰ ਅਤੇ ਆਤਮਾ ਦੀ ਸਾਰੀ ਮਲੀਨਤਾਈ ਤੋਂ ਸ਼ੁੱਧ ਕਰ ਕੇ ਪਰਮੇਸ਼ੁਰ ਦੇ ਭੌ ਨਾਲ ਪਵਿੱਤਰਤਾਈ ਨੂੰ ਸੰਪੂਰਨ ਕਰੀਏ।” ਇਨ੍ਹਾਂ ਸ਼ਬਦਾਂ ਨੂੰ ਸਮਝੋ। ਆਪਣੇ ਆਪ ਤੋਂ ਪੁੱਛੋ, ‘ਪੌਲੁਸ ਦੁਆਰਾ ਜ਼ਿਕਰ ਕੀਤੇ ਗਏ “ਏਹ ਬਚਨ” ਕੀ ਹਨ?’ ਸੰਦਰਭ ਨੂੰ ਪੜ੍ਹਨ ਦੁਆਰਾ, ਤੁਸੀਂ ਦੇਖੋਗੇ ਕਿ ਪਿੱਛਲੀਆਂ ਆਇਤਾਂ ਕਹਿੰਦੀਆਂ ਹਨ: “ਉਨ੍ਹਾਂ ਵਿੱਚੋਂ ਨਿੱਕਲ ਆਓ ਅਤੇ ਅੱਡ ਹੋਵੋ, ਪ੍ਰਭੁ ਆਖਦਾ ਹੈ, ਅਤੇ ਕਿਸੇ ਭ੍ਰਿਸ਼ਟ ਵਸਤ ਨੂੰ ਹੱਥ ਨਾ ਲਾਓ, ਮੈਂ ਤੁਹਾਨੂੰ ਕਬੂਲ ਕਰ ਲਵਾਂਗਾ, ਅਰ ਤੁਹਾਡਾ ਪਿਤਾ ਹੋਵਾਂਗਾ ਅਤੇ ਤੁਸੀਂ ਮੇਰੇ ਪੁੱਤ੍ਰ ਧੀਆਂ ਹੋਵੋਗੇ। ਇਹ ਬਚਨ ਸਰਬ ਸ਼ਕਤੀਮਾਨ ਪ੍ਰਭੁ ਦਾ ਹੈ।”—2 ਕੁਰਿੰਥੀਆਂ 6:17, 18.

‘ਆਪਣੇ ਆਪ ਨੂੰ ਮਲੀਨਤਾਈ ਤੋਂ ਸ਼ੁੱਧ ਕਰਨ’ ਦਾ ਪੌਲੁਸ ਦਾ ਆਦੇਸ਼ ਹੁਣ ਹੋਰ ਵੀ ਵਜ਼ਨਦਾਰ ਹੋ ਗਿਆ ਹੈ! ਅਜਿਹਾ ਕਰਨ ਵਿਚ ਇਕ ਸ਼ਕਤੀਸ਼ਾਲੀ ਪ੍ਰੇਰਣਾ ਵਜੋਂ, ਪਰਮੇਸ਼ੁਰ ‘ਸਾਨੂੰ ਕਬੂਲ ਕਰਨ,’ ਯਾਨੀ ਸਾਨੂੰ ਆਪਣੀ ਰੱਖਿਆਕਾਰੀ ਦੇਖ-ਭਾਲ ਹੇਠ ਰੱਖਣ ਦਾ ਵਾਅਦਾ ਕਰਦਾ ਹੈ। ‘ਕੀ ਮੈਂ ਉਸ ਦੇ ਨਾਲ ਇਕ ਨਜ਼ਦੀਕੀ ਰਿਸ਼ਤੇ ਦਾ ਆਨੰਦ ਮਾਣਾਂਗਾ—ਜਿਸ ਤਰ੍ਹਾਂ ਇਕ ਪੁੱਤਰ ਜਾਂ ਧੀ ਦਾ ਆਪਣੇ ਪਿਤਾ ਨਾਲ ਰਿਸ਼ਤਾ ਹੁੰਦਾ ਹੈ?’ ਤੁਸੀਂ ਸ਼ਾਇਦ ਆਪਣੇ ਆਪ ਤੋਂ ਪੁੱਛੋ। ਕੀ ਬੁੱਧੀਮਾਨ, ਪ੍ਰੇਮਮਈ ਪਰਮੇਸ਼ੁਰ ਦੁਆਰਾ ‘ਕਬੂਲ ਕੀਤੇ ਜਾਣ’ ਜਾਂ ਪਿਆਰ ਕੀਤੇ ਜਾਣ ਦਾ ਵਿਚਾਰ ਮਨਮੋਹਕ ਨਹੀਂ ਹੈ? ਜੇਕਰ ਇਹ ਵਿਚਾਰ ਤੁਹਾਨੂੰ ਓਪਰਾ ਲੱਗਦਾ ਹੈ, ਤਾਂ ਜਿਸ ਢੰਗ ਨਾਲ ਪ੍ਰੇਮਮਈ ਪਿਤਾ ਆਪਣੇ ਬੱਚਿਆਂ ਨੂੰ ਪਿਆਰ ਅਤੇ ਸਨੇਹ ਦਿਖਾਉਂਦਾ ਹੈ ਉਸ ਵੱਲ ਧਿਆਨ ਦਿਓ। ਹੁਣ ਆਪਣੇ ਅਤੇ ਯਹੋਵਾਹ ਵਿਚਕਾਰ ਅਜਿਹਾ ਰਿਸ਼ਤਾ ਹੋਣ ਦੀ ਕਲਪਨਾ ਕਰੋ! ਜਿੰਨਾ ਜ਼ਿਆਦਾ ਤੁਸੀਂ ਇਸ ਉੱਤੇ ਮਨਨ ਕਰਦੇ ਹੋ, ਅਜਿਹੇ ਰਿਸ਼ਤੇ ਲਈ ਇੱਛਾ ਉੱਨੀ ਹੀ ਵਧਦੀ ਹੈ।

ਪਰੰਤੂ ਧਿਆਨ ਦਿਓ: ਪਰਮੇਸ਼ੁਰ ਨਾਲ ਨੇੜਤਾ ਸਿਰਫ਼ ਉਦੋਂ ਹੀ ਸੰਭਵ ਹੈ ਜਦੋਂ ਤੁਸੀਂ ‘ਕਿਸੇ ਭ੍ਰਿਸ਼ਟ ਵਸਤ ਨੂੰ ਹੱਥ ਨਹੀਂ ਲਾਉਂਦੇ ਹੋ।’ ਆਪਣੇ ਆਪ ਤੋਂ ਪੁੱਛੋ: ‘ਕੀ ਤਮਾਖੂ ਦੀ ਲਤ ਇਕ “ਭ੍ਰਿਸ਼ਟ ਵਸਤ” ਨਹੀਂ ਹੈ ਜਿਸ ਨੂੰ ਪਰਮੇਸ਼ੁਰ ਨਿੰਦਦਾ ਹੈ? ਕੀ ਇਸ ਦਾ ਪ੍ਰਯੋਗ “ਸਰੀਰ ਦੀ ਮਲੀਨਤਾਈ” ਨਹੀਂ ਹੋਵੇਗੀ, ਅਤੇ ਆਪਣੇ ਆਪ ਨੂੰ ਸਭ ਤਰ੍ਹਾਂ ਦੇ ਸਿਹਤ-ਸੰਬੰਧੀ ਖ਼ਤਰਿਆਂ ਵਿਚ ਪਾਉਣਾ ਨਹੀਂ ਹੋਵੇਗਾ? ਕਿਉਂਕਿ ਯਹੋਵਾਹ ਇਕ ਸ਼ੁੱਧ, ਜਾਂ “ਪਵਿੱਤਰ,” ਪਰਮੇਸ਼ੁਰ ਹੈ, ਕੀ ਉਹ ਮੇਰਾ ਆਪਣੇ ਆਪ ਨੂੰ ਇਸ ਤਰੀਕੇ ਨਾਲ ਜਾਣ-ਬੁੱਝ ਕੇ ਮਲੀਨ ਕਰਨਾ ਪ੍ਰਵਾਨ ਕਰੇਗਾ?’ (1 ਪਤਰਸ 1:15, 16) ਧਿਆਨ ਦਿਓ ਕਿ ਪੌਲੁਸ ‘ਆਤਮਾ ਦੀ’ ਜਾਂ ਮਾਨਸਿਕ ਝੁਕਾਉ ਦੀ ‘ਮਲੀਨਤਾਈ’ ਦੇ ਵਿਰੁੱਧ ਵੀ ਖ਼ਬਰਦਾਰ ਕਰਦਾ ਹੈ। ਆਪਣੇ ਆਪ ਤੋਂ ਪੁੱਛੋ: ‘ਕੀ ਇਹ ਲਤ ਮੇਰੀ ਸੋਚ ਉੱਤੇ ਹਾਵੀ ਹੈ? ਕੀ ਮੈਂ ਆਪਣੀ ਲਾਲਸਾ ਪੂਰੀ ਕਰਨ ਲਈ ਇੰਨੇ ਹੱਦ ਤਕ ਜਾਵਾਂਗਾ ਕਿ ਆਪਣੀ ਸਿਹਤ, ਆਪਣਾ ਪਰਿਵਾਰ, ਜਾਂ ਪਰਮੇਸ਼ੁਰ ਸਾਮ੍ਹਣੇ ਆਪਣੀ ਸਥਿਤੀ ਨੂੰ ਖ਼ਤਰੇ ਵਿਚ ਪਾ ਦੇਵਾਂ? ਮੈਂ ਕਿਸ ਹੱਦ ਤਕ ਤਮਾਖੂ ਦੀ ਲਤ ਨੂੰ ਆਪਣੇ ਜੀਵਨ ਨੂੰ ਨੁਕਸਾਨ ਪਹੁੰਚਾਉਣ ਦਿੱਤਾ ਹੈ?’ ਇਨ੍ਹਾਂ ਪਰੇਸ਼ਾਨ ਕਰਨ ਵਾਲੇ ਪ੍ਰਸ਼ਨਾਂ ਦਾ ਸਾਮ੍ਹਣਾ ਕਰਨਾ ਸ਼ਾਇਦ ਤੁਹਾਨੂੰ ਇਸ ਨੂੰ ਛੱਡ ਦੇਣ ਦਾ ਸਾਹਸ ਦੇਵੇ!

ਨਿਰਸੰਦੇਹ, ਤਮਾਖੂ ਦੀ ਲਤ ਉੱਤੇ ਕਾਬੂ ਪਾਉਣ ਲਈ ਤੁਹਾਨੂੰ ਸ਼ਾਇਦ ਦੂਸਰਿਆਂ ਤੋਂ ਸਹਾਇਤਾ ਅਤੇ ਸਹਾਰੇ ਦੀ ਲੋੜ ਹੋਵੇਗੀ। ਫਿਰ ਵੀ, ਆਪਣੇ ਆਪ ਨੂੰ ਲਤ ਤੋਂ ਆਜ਼ਾਦ ਕਰਾਉਣ ਲਈ ਆਪਣੇ ਅੰਤਹਕਰਣ ਨੂੰ ਸਿਖਲਾਈ ਦੇਣ ਅਤੇ ਮਜ਼ਬੂਤ ਕਰਨ ਵਿਚ ਬਾਈਬਲ ਉੱਤੇ ਮਨਨ ਕਰਨਾ ਬਹੁਤ ਸਹਾਇਤਾ ਕਰ ਸਕਦਾ ਹੈ।

ਜਦੋਂ ਅਸੀਂ ਗ਼ਲਤ ਕੰਮ ਕਰਦੇ ਹਾਂ

ਚੰਗੇ ਕੰਮ ਕਰਨ ਲਈ ਸਾਡੇ ਪੂਰੇ ਜਤਨਾਂ ਦੇ ਬਾਵਜੂਦ, ਕਈ ਵਾਰ ਸਾਡੀਆਂ ਅਪੂਰਣਤਾਵਾਂ ਸਾਨੂੰ ਮਾਤ ਪਾ ਦਿੰਦੀਆਂ ਹਨ ਅਤੇ ਅਸੀਂ ਗ਼ਲਤੀ ਕਰ ਬੈਠਦੇ ਹਾਂ। ਉਦੋਂ ਸਾਡਾ ਅੰਤਹਕਰਣ ਸਾਨੂੰ ਪਰੇਸ਼ਾਨ ਕਰੇਗਾ, ਪਰੰਤੂ ਇਸ ਨੂੰ ਅਣਡਿੱਠ ਕਰਨ ਦੀ ਕੋਸ਼ਿਸ਼ ਕਰਨ ਲਈ ਅਸੀਂ ਲਲਚਾਏ ਜਾ ਸਕਦੇ ਹਾਂ। ਜਾਂ ਅਸੀਂ ਇੰਨੇ ਨਿਰਉਤਸ਼ਾਹਿਤ ਹੋ ਜਾਈਏ ਕਿ ਅਸੀਂ ਪਰਮੇਸ਼ੁਰ ਦੀ ਸੇਵਾ ਕਰਨ ਦੇ ਸਾਰੇ ਜਤਨਾਂ ਨੂੰ ਛੱਡ ਦੇਣਾ ਚਾਹੁੰਦੇ ਹਾਂ। ਪਰੰਤੂ, ਰਾਜਾ ਦਾਊਦ ਨੂੰ ਯਾਦ ਕਰੋ। ਬਥ-ਸ਼ਬਾ ਨਾਲ ਜ਼ਨਾਹ ਕਰਨ ਤੋਂ ਬਾਅਦ, ਉਸ ਦੇ ਅੰਤਹਕਰਣ ਨੇ ਉਸ ਨੂੰ ਦੁਖੀ ਕੀਤਾ। ਉਹ ਉਸ ਦੁੱਖ ਦਾ ਵਰਣਨ ਕਰਦਾ ਹੈ ਜੋ ਉਸ ਨੇ ਮਹਿਸੂਸ ਕੀਤਾ: “ਤੇਰਾ ਹੱਥ ਦਿਨੇ ਰਾਤ ਮੇਰੇ ਉੱਤੇ ਭਾਰਾ ਸੀ, ਮੇਰੀ ਤਰੀ ਗਰਮੀ ਦੀ ਔੜ ਵਿੱਚ ਬਦਲ ਗਈ।” (ਜ਼ਬੂਰ 32:4) ਦੁਖਦਾਈ? ਯਕੀਨਨ! ਫਿਰ ਵੀ ਇਸ ਈਸ਼ਵਰੀ ਉਦਾਸੀ ਨੇ ਦਾਊਦ ਨੂੰ ਤੋਬਾ ਕਰਨ ਅਤੇ ਪਰਮੇਸ਼ੁਰ ਨਾਲ ਮੇਲਮਿਲਾਪ ਕਰਨ ਲਈ ਪ੍ਰੇਰਿਤ ਕੀਤਾ। (ਤੁਲਨਾ ਕਰੋ 2 ਕੁਰਿੰਥੀਆਂ 7:10.) ਮਾਫ਼ੀ ਲਈ ਦਾਊਦ ਦੀ ਦੁਖਦਾਈ ਬੇਨਤੀ ਉਸ ਦੀ ਹਾਰਦਿਕ ਤੋਬਾ ਦਾ ਚੋਖਾ ਪ੍ਰਮਾਣ ਦਿੰਦੀ ਹੈ। ਕਿਉਂਕਿ ਉਸ ਨੇ ਆਪਣੇ ਅੰਤਹਕਰਣ ਪ੍ਰਤੀ ਪ੍ਰਤਿਕ੍ਰਿਆ ਦਿਖਾਈ, ਦਾਊਦ ਨੂੰ ਬਦਲਣ ਵਿਚ ਸਹਾਇਤਾ ਦਿੱਤੀ ਗਈ ਅਤੇ ਆਖ਼ਰਕਾਰ ਉਸ ਨੇ ਦੁਬਾਰਾ ਆਪਣਾ ਆਨੰਦ ਪ੍ਰਾਪਤ ਕੀਤਾ।—ਜ਼ਬੂਰ 51.

ਇਸੇ ਤਰ੍ਹਾਂ ਅੱਜ ਵੀ ਹੋ ਸਕਦਾ ਹੈ। ਕੁਝ ਲੋਕ ਬੀਤੇ ਸਮੇਂ ਵਿਚ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਅਧਿਐਨ ਕਰਦੇ ਸਨ ਪਰੰਤੂ ਬਾਅਦ ਵਿਚ ਬੰਦ ਕਰ ਦਿੱਤਾ ਜਦੋਂ ਉਨ੍ਹਾਂ ਨੇ ਸਿੱਖਿਆ ਕਿ ਉਨ੍ਹਾਂ ਦਾ ਜੀਵਨ ਪਰਮੇਸ਼ੁਰ ਦੇ ਉੱਚੇ ਮਿਆਰਾਂ ਦੀ ਇਕਸੁਰਤਾ ਵਿਚ ਨਹੀਂ ਸੀ। ਸ਼ਾਇਦ ਉਹ ਵਿਆਹ ਕੀਤੇ ਬਿਨਾਂ ਵਿਪਰੀਤ ਲਿੰਗ ਦੇ ਵਿਅਕਤੀ ਨਾਲ ਰਹਿ ਰਹੇ ਸਨ ਜਾਂ ਅਸ਼ੁੱਧ ਆਦਤਾਂ ਦੇ ਦਾਸ ਸਨ। ਉਨ੍ਹਾਂ ਦੇ ਅੰਤਹਕਰਣ ਨੇ ਉਨ੍ਹਾਂ ਨੂੰ ਪਰੇਸ਼ਾਨ ਕੀਤਾ!

ਜੇਕਰ ਤੁਸੀਂ ਅਜਿਹੀ ਸਥਿਤੀ ਵਿਚ ਹੋ, ਤਾਂ ਪੰਤੇਕੁਸਤ ਦੇ ਦਿਨ ਤੇ ਰਸੂਲ ਪਤਰਸ ਦੁਆਰਾ ਕਹੇ ਗਏ ਸ਼ਬਦਾਂ ਉੱਤੇ ਵਿਚਾਰ ਕਰੋ। ਜਦੋਂ ਉਸ ਨੇ ਆਪਣੇ ਯਹੂਦੀ ਦੇਸ਼ ਭਾਈਆਂ ਦੇ ਪਾਪਾਂ ਨੂੰ ਬੇਨਕਾਬ ਕੀਤਾ, ਤਾਂ “ਉਨ੍ਹਾਂ ਦੇ ਦਿਲ ਛਿਦ ਗਏ।” ਹਾਰ ਮੰਨਣ ਦੀ ਬਜਾਇ, ਉਨ੍ਹਾਂ ਨੇ ਤੋਬਾ ਕਰਨ ਦੀ ਪਤਰਸ ਦੀ ਸਲਾਹ ਨੂੰ ਮੰਨਿਆ, ਅਤੇ ਪਰਮੇਸ਼ੁਰ ਦੀ ਕਿਰਪਾ ਹਾਸਲ ਕੀਤੀ। (ਰਸੂਲਾਂ ਦੇ ਕਰਤੱਬ 2:37-41) ਤੁਸੀਂ ਵੀ ਇਸੇ ਤਰ੍ਹਾਂ ਕਰ ਸਕਦੇ ਹੋ! ਕਿਉਂਕਿ ਤੁਹਾਡਾ ਅੰਤਹਕਰਣ ਤੁਹਾਨੂੰ ਦੁਖੀ ਕਰਦਾ ਹੈ, ਇਸ ਕਾਰਨ ਸੱਚਾਈ ਨੂੰ ਛੱਡਣ ਦੀ ਬਜਾਇ, ਆਪਣੇ ਅੰਤਹਕਰਣ ਨੂੰ ਤੁਹਾਨੂੰ ‘ਤੋਬਾ ਕਰਨ ਅਤੇ ਮੁੜਨ’ ਲਈ ਪ੍ਰੇਰਿਤ ਕਰਨ ਦਿਓ। (ਰਸੂਲਾਂ ਦੇ ਕਰਤੱਬ 3:19) ਦ੍ਰਿੜ੍ਹ ਇਰਾਦੇ ਅਤੇ ਜਤਨ ਨਾਲ, ਤੁਸੀਂ ਪਰਮੇਸ਼ੁਰ ਦੀ ਕਿਰਪਾ ਪ੍ਰਾਪਤ ਕਰਨ ਲਈ ਲੋੜੀਂਦੀਆਂ ਤਬਦੀਲੀਆਂ ਲਿਆ ਸਕਦੇ ਹੋ।

“ਅੰਤਹਕਰਨ ਸ਼ੁੱਧ ਰੱਖੋ”

ਚਾਹੇ ਤੁਸੀਂ ਹੁਣੇ ਹੀ ਯਹੋਵਾਹ ਦੇ ਰਾਹਾਂ ਬਾਰੇ ਸਿੱਖਣਾ ਸ਼ੁਰੂ ਕਰ ਰਹੇ ਹੋ ਜਾਂ ਤੁਹਾਨੂੰ ਪ੍ਰੌੜ੍ਹ ਮਸੀਹੀ ਵਜੋਂ ਕਈ ਸਾਲਾਂ ਦਾ ਤਜਰਬਾ ਹੈ, ਪਤਰਸ ਦੀ ਤਾੜਨਾ ਢੁਕਵੀਂ ਹੈ: “ਅੰਤਹਕਰਨ ਸ਼ੁੱਧ ਰੱਖੋ।” (1 ਪਤਰਸ 3:16) ਇਹ ਇਕ ਲਾਭ ਹੈ, ਨਾ ਕਿ ਇਕ ਬੋਝ। ਆਪਣੇ ਮਨ ਅਤੇ ਦਿਲ ਨੂੰ ਪਰਮੇਸ਼ੁਰ ਦੇ ਬਚਨ, ਬਾਈਬਲ ਵਿਚ ਪਾਈ ਜਾਂਦੀ ਬੁੱਧੀ ਨਾਲ ਭਰਨ ਦੁਆਰਾ ਇਸ ਨੂੰ ਸਿਖਲਾਈ ਦਿਓ। ਆਪਣੇ ਅੰਤਹਕਰਣ ਦੀ ਸੁਣੋ ਜਦੋਂ ਇਹ ਤੁਹਾਨੂੰ ਚੇਤਾਵਨੀ ਦਿੰਦਾ ਹੈ। ਮਨ ਦੀ ਅੰਦਰੂਨੀ ਸ਼ਾਂਤੀ ਦਾ ਆਨੰਦ ਮਾਣੋ ਜੋ ਤੁਹਾਨੂੰ ਆਪਣੇ ਅੰਤਹਕਰਣ ਅਨੁਸਾਰ ਚੱਲਣ ਨਾਲ ਮਿਲ ਸਕਦੀ ਹੈ।

ਅਸੀਂ ਮੰਨਦੇ ਹਾਂ ਕਿ ਆਪਣੇ ਅੰਤਹਕਰਣ ਨੂੰ ਸਿਖਲਾਈ ਦੇਣੀ ਅਤੇ ਢਾਲਣਾ ਇਕ ਸੌਖਾ ਕੰਮ ਨਹੀਂ ਹੈ। ਫਿਰ ਵੀ, ਤੁਸੀਂ ਯਹੋਵਾਹ ਪਰਮੇਸ਼ੁਰ ਨੂੰ ਤੁਹਾਡੀ ਸਹਾਇਤਾ ਕਰਨ ਲਈ ਪ੍ਰਾਰਥਨਾ ਕਰ ਸਕਦੇ ਹੋ। ਉਸ ਦੀ ਸਹਾਇਤਾ ਨਾਲ, ਤੁਸੀਂ ਪਰਮੇਸ਼ੁਰ ਦੀ “ਸਾਫ਼ ਅੰਤਹਕਰਨ ਅਤੇ ਨਿਸ਼ਕਪਟ ਨਿਹਚਾ” ਨਾਲ ਸੇਵਾ ਕਰਨ ਦੇ ਯੋਗ ਹੋਵੋਗੇ।—1 ਤਿਮੋਥਿਉਸ 1:5.

[ਫੁਟਨੋਟ]

a ਜੇਕਰ ਤੁਸੀਂ ਮੁਫ਼ਤ ਗ੍ਰਹਿ ਬਾਈਬਲ ਅਧਿਐਨ ਕਰਨ ਵਿਚ ਦਿਲਚਸਪੀ ਰੱਖਦੇ ਹੋ, ਤਾਂ ਬਿਨਾਂ ਝਿਜਕ ਯਹੋਵਾਹ ਦੇ ਗਵਾਹਾਂ ਦੀ ਸਥਾਨਕ ਕਲੀਸਿਯਾ ਨਾਲ ਸੰਪਰਕ ਕਰੋ ਜਾਂ ਇਸ ਰਸਾਲੇ ਦੇ ਪ੍ਰਕਾਸ਼ਕਾਂ ਨੂੰ ਲਿਖੋ।

[ਸਫ਼ੇ 6 ਉੱਤੇ ਤਸਵੀਰ]

ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨਾ ਅਤੇ ਉਸ ਉਤੇ ਮਨਨ ਕਰਨਾ ਸਾਨੂੰ ਆਪਣੇ ਅੰਤਹਕਰਣ ਨੂੰ ਸਿਖਲਾਈ ਦੇਣ ਵਿਚ ਸਾਡੀ ਮਦਦ ਕਰੇਗਾ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ