ਰਾਜ ਘੋਸ਼ਕ ਰਿਪੋਰਟ ਕਰਦੇ ਹਨ
ਉਸ ਨੂੰ ਇਕ ‘ਭਾਰੇ ਮੁੱਲ ਦਾ ਮੋਤੀ’ ਮਿਲਿਆ
“ਸੁਰਗ ਦਾ ਰਾਜ ਇੱਕ ਬੁਪਾਰੀ ਵਰਗਾ ਹੈ ਜਿਹੜਾ ਚੰਗੇ ਮੋਤੀਆਂ ਨੂੰ ਲੱਭਦਾ ਫਿਰਦਾ ਸੀ। ਜਦ ਉਹ ਨੂੰ ਇੱਕ ਮੋਤੀ ਭਾਰੇ ਮੁੱਲ ਦਾ ਮਿਲਿਆ ਤਾਂ ਗਿਆ ਅਤੇ ਆਪਣਾ ਸਭ ਕੁਝ ਵੇਚ ਕੇ ਉਹ ਨੂੰ ਮੁੱਲ ਲਿਆ।” ਇਨ੍ਹਾਂ ਸ਼ਬਦਾਂ ਨਾਲ, ਯਿਸੂ ਨੇ ਪਰਮੇਸ਼ੁਰ ਦੇ ਰਾਜ ਦੀ ਅਸਾਧਾਰਣ ਕੀਮਤ ਨੂੰ ਦਰਸਾਇਆ ਸੀ। (ਮੱਤੀ 13:45, 46) ਰਾਜ ਦੀ ਕੀਮਤ ਪਛਾਣਨ ਵਾਲੇ ਵਿਅਕਤੀ ਅਕਸਰ ਇਸ ਨੂੰ ਪਾਉਣ ਲਈ ਵੱਡੀਆਂ ਨਿੱਜੀ ਕੁਰਬਾਨੀਆਂ ਕਰਦੇ ਹਨ। ਤਾਈਵਾਨ ਦੇ ਪਿੰਗਡੋਂਗ ਇਲਾਕੇ ਤੋਂ ਮਿਲਿਆ ਹੇਠ ਦਿੱਤਾ ਗਿਆ ਅਨੁਭਵ ਇਹ ਦਰਸਾਉਂਦਾ ਹੈ।
ਸਾਲ 1991 ਵਿਚ ਸ਼੍ਰੀਮਾਨ ਅਤੇ ਸ਼੍ਰੀਮਤੀ ਲਿਨ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਅਧਿਐਨ ਕਰਨਾ ਸ਼ੁਰੂ ਕੀਤਾ। ਜਦ ਇਕ ਸਥਾਨਕ ਪਾਦਰੀ ਨੂੰ ਪਤਾ ਲੱਗਾ ਤਾਂ ਉਸ ਨੇ ਉਨ੍ਹਾਂ ਨੂੰ ਆਪਣੇ ਚਰਚ ਵਿਚ ਭਰਤੀ ਕਰਾਉਣ ਦੀ ਕੋਸ਼ਿਸ਼ ਕੀਤੀ। ਜਦ ਕਿ ਲਿਨ ਪਰਿਵਾਰ ਦਾ ਮੰਡੀ ਵਿਚ ਸੂਰ ਅਤੇ ਬੱਤਖ ਦਾ ਲਹੂ ਵੇਚਣ ਦਾ ਧੰਦਾ ਸੀ, ਉਨ੍ਹਾਂ ਨੇ ਪਾਦਰੀ ਨੂੰ ਇਸ ਬਾਰੇ ਪੁੱਛਣ ਦਾ ਫ਼ੈਸਲਾ ਕੀਤਾ। “ਸਭ ਕੁਝ ਜੋ ਪਰਮਾਤਮਾ ਨੇ ਬਣਾਇਆ, ਮਨੁੱਖ ਦੇ ਭੋਜਨ ਲਈ ਉਚਿਤ ਹੈ,” ਉਸ ਨੇ ਜਵਾਬ ਦਿੱਤਾ। ਦੂਜੇ ਪਾਸੇ, ਗਵਾਹਾਂ ਨੇ ਉਨ੍ਹਾਂ ਨੂੰ ਉਸ ਵੱਲ ਧਿਆਨ ਦੇਣ ਲਈ ਉਤਸ਼ਾਹਿਤ ਕੀਤਾ ਜੋ ਪਰਮੇਸ਼ੁਰ ਦਾ ਬਚਨ ਕਹਿੰਦਾ ਹੈ। ਉਨ੍ਹਾਂ ਨੇ ਜਾਣਿਆ ਕਿ ਯਹੋਵਾਹ ਪਰਮੇਸ਼ੁਰ ਲਹੂ ਨੂੰ ਪਵਿੱਤਰ ਸਮਝਦਾ ਹੈ, “ਕਿਉਂ ਜੋ ਸਰੀਰ ਦੀ ਜਿੰਦ ਉਸ ਦੇ ਲਹੂ ਵਿੱਚ ਹੈ।” (ਲੇਵੀਆਂ 17:10, 11) ਇਸ ਲਈ ਸੱਚੇ ਮਸੀਹੀਆਂ ਲਈ ‘ਲਹੂ ਤੋਂ ਬਚੇ ਰਹਿਣਾ’ ਜ਼ਰੂਰੀ ਹੈ। (ਰਸੂਲਾਂ ਦੇ ਕਰਤੱਬ 15:20) ਇਸ ਵਿਸ਼ੇ ਤੇ ਸ਼ਾਸਤਰਵਚਨਾਂ ਦੀ ਜਾਂਚ ਕਰਨ ਦੇ ਸਿੱਟੇ ਵਜੋਂ, ਲਿਨ ਪਰਿਵਾਰ ਨੇ ਲਹੂ ਵੇਚਣਾ ਬੰਦ ਕਰ ਦਿੱਤਾ, ਭਾਵੇਂ ਕਿ ਇਹ ਉਨ੍ਹਾਂ ਦੀ ਆਮਦਨ ਦਾ ਮੁੱਖ ਸ੍ਰੋਤ ਸੀ। ਪਰ, ਥੋੜ੍ਹੇ ਹੀ ਚਿਰ ਵਿਚ, ਉਨ੍ਹਾਂ ਨੇ ਇਕ ਹੋਰ ਵੀ ਜ਼ਿਆਦਾ ਔਖੀ ਪਰੀਖਿਆ ਦਾ ਸਾਮ੍ਹਣਾ ਕੀਤਾ।
ਸੱਚਾਈ ਸਿੱਖਣ ਤੋਂ ਪਹਿਲਾਂ, ਲਿਨ ਪਰਿਵਾਰ ਨੇ ਆਪਣੀ ਜ਼ਮੀਨ ਤੇ 1,300 ਸੁਪਾਰੀ ਦੇ ਰੁੱਖ ਲਗਾਏ ਸਨ। ਭਾਵੇਂ ਦਰਖ਼ਤਾਂ ਨੂੰ ਫਲਦਾਰ ਹੋਣ ਲਈ ਪੰਜ ਸਾਲ ਲੱਗਣਗੇ, ਪਰ ਜਦ ਇਹ ਆਪਣੀ ਪੂਰੀ ਉਪਜ ਦੇਣ ਲੱਗਦੇ, ਤਾਂ ਲਿਨ ਪਰਿਵਾਰ ਪ੍ਰਤਿ ਸਾਲ 77,000 ਡਾਲਰ ਕਮਾਉਣ ਦੀ ਆਸ ਰੱਖ ਸਕਦਾ ਸੀ। ਜਿਉਂ-ਜਿਉਂ ਪਹਿਲੀ ਫ਼ਸਲ ਇਕੱਠੀ ਕਰਨ ਦਾ ਸਮਾਂ ਨੇੜੇ ਆਇਆ, ਲਿਨ ਪਰਿਵਾਰ ਲਈ ਇਕ ਮਹੱਤਵਪੂਰਣ ਫ਼ੈਸਲਾ ਕਰਨਾ ਜ਼ਰੂਰੀ ਹੋ ਗਿਆ। ਉਨ੍ਹਾਂ ਨੇ ਆਪਣੇ ਬਾਈਬਲ ਅਧਿਐਨ ਦੇ ਜ਼ਰੀਏ ਇਹ ਸਿੱਖਿਆ ਸੀ ਕਿ ਮਸੀਹੀਆਂ ਲਈ ਸਿਗਰਟ ਪੀਣ, ਨਸ਼ੀਲੀਆਂ ਦਵਾਈਆਂ ਦੀ ਕੁਵਰਤੋਂ ਕਰਨ, ਅਤੇ ਸੁਪਾਰੀ ਖਾਣ ਵਰਗੀਆਂ ਗੰਦੀਆਂ ਆਦਤਾਂ ਦਾ ਅਭਿਆਸ ਕਰਨ, ਜਾਂ ਉਨ੍ਹਾਂ ਨੂੰ ਅੱਗੇ ਵਧਾਉਣ ਤੋਂ ਪਰਹੇਜ਼ ਕਰਨ ਦੁਆਰਾ ਆਪਣੇ ਆਪ ਨੂੰ “ਸਰੀਰ ਅਤੇ ਆਤਮਾ ਦੀ ਸਾਰੀ ਮਲੀਨਤਾਈ” ਤੋਂ ਸ਼ੁੱਧ ਕਰਨਾ ਜ਼ਰੂਰੀ ਹੈ। (2 ਕੁਰਿੰਥੀਆਂ 7:1) ਉਹ ਕੀ ਕਰਨਗੇ?
ਇਕ ਦੁਖੀ ਜ਼ਮੀਰ ਦੇ ਦਬਾਉ ਦੇ ਅਧੀਨ, ਸ਼੍ਰੀਮਾਨ ਲਿਨ ਨੇ ਆਪਣਾ ਅਧਿਐਨ ਬੰਦ ਕਰਨ ਦਾ ਫ਼ੈਸਲਾ ਕੀਤਾ। ਇਸ ਸਮੇਂ ਦੇ ਦੌਰਾਨ, ਸ਼੍ਰੀਮਤੀ ਲਿਨ ਨੇ ਉਨ੍ਹਾਂ ਦੇ ਕੁਝ ਪੁਰਾਣੇ ਰੁੱਖਾਂ ਤੋਂ ਸੁਪਾਰੀ ਵੇਚ ਕੇ 3,000 ਡਾਲਰਾਂ ਤੋਂ ਵੱਧ ਨਫਾ ਕਮਾਇਆ। ਇਹ ਤਾਂ ਉਸ ਮੁਨਾਫ਼ੇ ਦਾ ਸਿਰਫ਼ ਇਕ ਪੂਰਵ-ਅਨੁਭਵ ਸੀ ਜੋ ਉਨ੍ਹਾਂ ਨੂੰ ਮਿਲਦਾ ਜੇਕਰ ਉਹ ਆਪਣੇ ਦਰਖ਼ਤਾਂ ਨੂੰ ਸਾਂਭ ਰੱਖਦੇ। ਪਰ, ਸ਼੍ਰੀਮਾਨ ਲਿਨ ਦੀ ਜ਼ਮੀਰ ਉਸ ਨੂੰ ਮਾਰਦੀ ਰਹੀ।
ਉਹ ਇਸ ਮਾਮਲੇ ਵਿਚ ਸੰਘਰਸ਼ ਕਰਦਾ ਰਿਹਾ ਜਦ ਤਾਈਂ ਇਕ ਦਿਨ ਉਸ ਨੇ ਸਥਾਨਕ ਗਵਾਹਾਂ ਨੂੰ ਉਸ ਵਾਸਤੇ ਉਸ ਦੇ ਸੁਪਾਰੀ ਦੇ ਰੁੱਖਾਂ ਨੂੰ ਕੱਟਣ ਲਈ ਕਿਹਾ। ਗਵਾਹਾਂ ਨੇ ਸਮਝਾਇਆ ਕਿ ਇਹ ਉਸ ਦਾ ਨਿੱਜੀ ਫ਼ੈਸਲਾ ਸੀ; ਇਸ ਲਈ, ਉਸ ਨੂੰ “ਆਪਣਾ ਹੀ ਭਾਰ ਚੁੱਕਣਾ ਪਵੇਗਾ” ਅਤੇ ਦਰਖ਼ਤ ਖ਼ੁਦ ਕੱਟਣੇ ਪੈਣਗੇ। (ਗਲਾਤੀਆਂ 6:4, 5) ਉਨ੍ਹਾਂ ਨੇ ਉਸ ਨੂੰ 1 ਕੁਰਿੰਥੀਆਂ 10:13 ਦੇ ਵਾਅਦੇ ਨੂੰ ਚੇਤੇ ਰੱਖਣ ਲਈ ਉਤਸ਼ਾਹ ਦਿੱਤਾ, ਜੋ ਕਹਿੰਦਾ ਹੈ: “ਤੁਹਾਡੇ ਉੱਤੇ ਇਹੋ ਜਿਹਾ ਕੋਈ ਪਰਤਾਵਾ ਨਹੀਂ ਪਿਆ ਜੋ ਮਨੁੱਖ ਤੋਂ ਨਹੀਂ ਝੱਲਿਆ ਜਾਂਦਾ ਪਰੰਤੂ ਪਰਮੇਸ਼ੁਰ ਵਫ਼ਾਦਾਰ ਹੈ ਜੋ ਤੁਹਾਡੀ ਸ਼ਕਤੀਓਂ ਬਾਹਰ ਤੁਹਾਨੂੰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ ਸਗੋਂ ਪਰਤਾਵੇ ਦੇ ਨਾਲ ਹੀ ਬਚ ਜਾਣ ਦਾ ਉਪਾਓ ਵੀ ਕੱਢ ਦੇਵੇਗਾ ਭਈ ਤੁਸੀਂ ਝੱਲ ਸੱਕੋ।” ਗਵਾਹਾਂ ਨੇ ਇਹ ਕਹਿ ਕੇ ਵੀ ਉਸ ਨਾਲ ਤਰਕ ਕੀਤਾ: “ਜੇ ਅਸੀਂ ਤੁਹਾਡੇ ਰੁੱਖ ਤੁਹਾਡੇ ਲਈ ਕੱਟ ਦੇਈਏ, ਤਾਂ ਸ਼ਾਇਦ ਤੁਸੀਂ ਪਛਤਾਓ ਅਤੇ ਨੁਕਸਾਨ ਦਾ ਕਸੂਰ ਸਾਡੇ ਮੱਥੇ ਲਾਓ।” ਥੋੜ੍ਹੀ ਦੇਰ ਬਾਅਦ, ਇਕ ਸਵੇਰੇ ਸ਼੍ਰੀਮਤੀ ਲਿਨ ਬਿਜਲਈ ਆਰੀ ਦੀ ਆਵਾਜ਼ ਸੁਣ ਕੇ ਉੱਠੀ। ਉਸ ਦਾ ਪਤੀ ਅਤੇ ਬੱਚੇ ਸੁਪਾਰੀ ਦੇ ਰੁੱਖ ਕੱਟ ਰਹੇ ਸਨ!
ਸ਼੍ਰੀਮਾਨ ਲਿਨ ਨੇ ਦੇਖਿਆ ਕਿ ਯਹੋਵਾਹ ਆਪਣੇ ਵਾਅਦੇ ਦਾ ਪੱਕਾ ਹੈ। ਉਸ ਨੇ ਅਜਿਹੀ ਨੌਕਰੀ ਪ੍ਰਾਪਤ ਕੀਤੀ ਜਿਸ ਨੇ ਉਸ ਨੂੰ ਇਕ ਸ਼ਾਂਤ ਜ਼ਮੀਰ ਦਿੱਤੀ ਅਤੇ ਯਹੋਵਾਹ ਦਾ ਪ੍ਰਸ਼ੰਸਕ ਬਣਨ ਦੇ ਯੋਗ ਬਣਾਇਆ। ਅਪ੍ਰੈਲ 1996 ਵਿਚ ਯਹੋਵਾਹ ਦੇ ਗਵਾਹਾਂ ਦੇ ਇਕ ਸਰਕਟ ਸੰਮੇਲਨ ਤੇ ਉਸ ਨੇ ਬਪਤਿਸਮਾ ਲਿਆ ਸੀ।
ਜੀ ਹਾਂ, ਸ਼੍ਰੀਮਾਨ ਲਿਨ ਨੇ ਅਸਲ ਵਿਚ ‘ਆਪਣਾ ਸਭ ਕੁਝ ਵੇਚ ਕੇ ਇੱਕ ਭਾਰੇ ਮੁੱਲ ਦਾ ਮੋਤੀ’ ਖ਼ਰੀਦ ਲਿਆ ਸੀ। ਹੁਣ ਉਸ ਕੋਲ ਯਹੋਵਾਹ ਪਰਮੇਸ਼ੁਰ ਨਾਲ ਨਿੱਜੀ ਰਿਸ਼ਤਾ ਰੱਖਣ ਅਤੇ ਉਸ ਦੇ ਰਾਜ ਹਿਤਾਂ ਲਈ ਸੇਵਾ ਕਰਨ ਦਾ ਅਣਮੋਲ ਵਿਸ਼ੇਸ਼-ਸਨਮਾਨ ਹੈ।