ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w97 8/1 ਸਫ਼ੇ 20-25
  • ਵਰਤਮਾਨ ਲਈ ਜਾਂ ਸਦੀਪਕ ਭਵਿੱਖ ਲਈ ਜੀਉਣਾ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਵਰਤਮਾਨ ਲਈ ਜਾਂ ਸਦੀਪਕ ਭਵਿੱਖ ਲਈ ਜੀਉਣਾ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • “ਜਾਗਦੇ ਰਹੋ”
  • ਸਦੀਪਕ ਜੀਵਨ ਵਿਚ ਵਿਸ਼ਵਾਸ ਲਈ ਬੁਨਿਆਦ
  • ਦੂਰ ਭਵਿੱਖ ਵਿਚ?
  • ਵਫ਼ਾਦਾਰ ਰਾਖਾ
  • ਸਦੀਪਕ ਭਵਿੱਖ ਲਈ ਜੀਉਣਾ
  • ਰਾਖੇ ਨਾਲ ਮਿਲ ਕੇ ਸੇਵਾ ਕਰਨੀ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
  • ‘ਮੁਰਦੇ ਜੀ ਉੱਠਣਗੇ’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
  • ਧਰਤੀ ਉੱਤੇ ਸਦਾ ਦੀ ਜ਼ਿੰਦਗੀ—ਮਸੀਹੀਆਂ ਦੀ ਉਮੀਦ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
  • “ਜਾਗਦੇ ਰਹੋ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
w97 8/1 ਸਫ਼ੇ 20-25

ਵਰਤਮਾਨ ਲਈ ਜਾਂ ਸਦੀਪਕ ਭਵਿੱਖ ਲਈ ਜੀਉਣਾ?

“[ਇਸ] ਉਮੇਦ ਨਾਲ ਅਸੀਂ ਬਚਾਏ ਗਏ ਹਾਂ।”—ਰੋਮੀਆਂ 8:24.

1. ਅਪਿਕੂਰੀ ਕੀ ਸਿਖਾਉਂਦੇ ਸਨ, ਅਤੇ ਅਜਿਹੇ ਫ਼ਲਸਫ਼ੇ ਦਾ ਕੁਝ ਮਸੀਹੀਆਂ ਉੱਤੇ ਕੀ ਅਸਰ ਪਿਆ ਸੀ?

ਪੌਲੁਸ ਰਸੂਲ ਨੇ ਕੁਰਿੰਥੁਸ ਵਿਚ ਰਹਿਣ ਵਾਲੇ ਮਸੀਹੀਆਂ ਨੂੰ ਲਿੱਖਿਆ: “ਕਈ ਤੁਹਾਡੇ ਵਿੱਚੋਂ ਕਿਵੇਂ ਆਖਦੇ ਹਨ ਭਈ ਮੁਰਦਿਆਂ ਦਾ ਜੀ ਉੱਠਣਾ ਹੈ ਹੀ ਨਹੀਂ?” (1 ਕੁਰਿੰਥੀਆਂ 15:12) ਪ੍ਰਤੱਖ ਰੂਪ ਵਿਚ, ਪਹਿਲੀ ਸਦੀ ਦੇ ਮਸੀਹੀਆਂ ਉੱਤੇ ਯੂਨਾਨੀ ਪੰਡਤ ਅਪਿਕੂਰਸ ਦੇ ਮਾਰੂ ਫ਼ਲਸਫ਼ੇ ਦਾ ਕੁਝ ਹੱਦ ਤਕ ਪ੍ਰਭਾਵ ਪੈ ਚੁੱਕਾ ਸੀ। ਇਸ ਲਈ ਪੌਲੁਸ ਨੇ ਅਪਿਕੂਰੀ ਸਿੱਖਿਆ ਵੱਲ ਧਿਆਨ ਖਿੱਚਿਆ ਸੀ: “ਆਓ ਅਸੀਂ ਖਾਈਏ ਪੀਵੀਏ ਕਿਉਂ ਜੋ ਭਲਕੇ ਮਰਨਾ ਹੈ।” (1 ਕੁਰਿੰਥੀਆਂ 15:32) ਮੌਤ ਤੋਂ ਬਾਅਦ ਜੀਵਨ ਦੀ ਕਿਸੇ ਉਮੀਦ ਨੂੰ ਤੁੱਛ ਸਮਝ ਕੇ, ਅਪਿਕੂਰਸ ਦੇ ਪੈਰੋਕਾਰ ਮੰਨਦੇ ਸਨ ਕਿ ਇਕ ਵਿਅਕਤੀ ਦੇ ਜੀਵਨ ਦਾ ਖ਼ਾਸ ਜਾਂ ਮੁੱਖ ਮਕਸਦ ਕੇਵਲ ਸਰੀਰਕ ਆਨੰਦ ਲੈਣਾ ਹੀ ਹੈ। (ਰਸੂਲਾਂ ਦੇ ਕਰਤੱਬ 17:18, 32) ਅਪਿਕੂਰੀ ਫ਼ਲਸਫ਼ਾ ਸਵੈ-ਕੇਂਦ੍ਰਿਤ, ਸਨਕੀ, ਅਤੇ ਬੁਨਿਆਦੀ ਤੌਰ ਤੇ ਜ਼ਿੱਲਤ-ਭਰਿਆ ਸੀ।

2. (ੳ) ਪੁਨਰ-ਉਥਾਨ ਦਾ ਇਨਕਾਰ ਕਰਨਾ ਇੰਨਾ ਖ਼ਤਰਨਾਕ ਕਿਉਂ ਸੀ? (ਅ) ਪੌਲੁਸ ਨੇ ਕੁਰਿੰਥੁਸ ਦੇ ਮਸੀਹੀਆਂ ਦੀ ਨਿਹਚਾ ਨੂੰ ਕਿਸ ਤਰ੍ਹਾਂ ਮਜ਼ਬੂਤ ਕੀਤਾ ਸੀ?

2 ਪੁਨਰ-ਉਥਾਨ ਦਾ ਇਹ ਇਨਕਾਰ ਗੰਭੀਰ ਅਰਥ ਰੱਖਦਾ ਸੀ। ਪੌਲੁਸ ਨੇ ਤਰਕ ਕੀਤਾ: “ਜੇ ਮੁਰਦਿਆਂ ਦਾ ਜੀ ਉੱਠਣਾ ਨਹੀਂ ਹੈ ਤਾਂ ਮਸੀਹ ਵੀ ਨਹੀਂ ਜੀ ਉੱਠਿਆ। ਅਤੇ ਜੇ ਮਸੀਹ ਨਹੀਂ ਜੀ ਉੱਠਿਆ ਤਾਂ ਸਾਡਾ ਪਰਚਾਰ ਥੋਥਾ ਹੈ ਅਤੇ ਤੁਹਾਡੀ ਨਿਹਚਾ ਥੋਥੀ ਹੈ। . . . ਜੇ ਨਿਰੇ ਇਸੇ ਜੀਵਨ ਵਿੱਚ ਅਸਾਂ ਮਸੀਹ ਉੱਤੇ ਆਸ ਰੱਖੀ ਹੋਈ ਹੈ ਤਾਂ ਅਸੀਂ ਸਭਨਾਂ ਮਨੁੱਖਾਂ ਨਾਲੋਂ ਤਰਸ ਜੋਗ ਹਾਂ।” (1 ਕੁਰਿੰਥੀਆਂ 15:13-19) ਜੀ ਹਾਂ, ਸਦੀਪਕ ਭਵਿੱਖ ਦੀ ਉਮੀਦ ਤੋਂ ਬਿਨਾਂ, ਮਸੀਹੀਅਤ “ਥੋਥੀ” ਹੋਵੇਗੀ। ਇਹ ਮਕਸਦ ਰਹਿਤ ਹੋਵੇਗੀ। ਤਾਂ ਫਿਰ, ਕੋਈ ਹੈਰਾਨੀ ਦੀ ਗੱਲ ਨਹੀਂ ਕਿ ਇਸ ਅਧਰਮੀ ਸੋਚ ਦੇ ਪ੍ਰਭਾਵ ਦੇ ਹੇਠ, ਕੁਰਿੰਥੁਸ ਦੀ ਕਲੀਸਿਯਾ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਉੱਠ ਰਹੀਆਂ ਸਨ। (1 ਕੁਰਿੰਥੀਆਂ 1:11; 5:1; 6:1; 11:20-22) ਇਸ ਵਾਸਤੇ, ਪੌਲੁਸ ਦਾ ਟੀਚਾ ਪੁਨਰ-ਉਥਾਨ ਵਿਚ ਉਨ੍ਹਾਂ ਦੀ ਨਿਹਚਾ ਨੂੰ ਮਜ਼ਬੂਤ ਕਰਨਾ ਸੀ। ਸ਼ਕਤੀਸ਼ਾਲੀ ਤਰਕ, ਸ਼ਾਸਤਰ ਉਤਕਥਨ, ਅਤੇ ਮਿਸਾਲਾਂ ਇਸਤੇਮਾਲ ਕਰ ਕੇ, ਉਸ ਨੇ ਪੱਕੀ ਤਰ੍ਹਾਂ ਸਾਬਤ ਕੀਤਾ ਕਿ ਪੁਨਰ-ਉਥਾਨ ਦੀ ਉਮੀਦ ਕੋਈ ਕਲਪਨਾ ਨਹੀਂ ਸੀ ਪਰ ਇਕ ਅਸਲੀਅਤ ਸੀ ਜੋ ਜ਼ਰੂਰ ਪੂਰੀ ਹੋਵੇਗੀ। ਇਸ ਆਧਾਰ ਤੇ ਉਹ ਆਪਣੇ ਸੰਗੀ ਵਿਸ਼ਵਾਸੀਆਂ ਨੂੰ ਤਾਕੀਦ ਕਰ ਸਕਦਾ ਸੀ: “ਤੁਸੀਂ ਇਸਥਿਰ ਅਤੇ ਅਡੋਲ ਹੋਵੋ ਅਤੇ ਪ੍ਰਭੁ ਦੇ ਕੰਮ ਵਿੱਚ ਸਦਾ ਵਧਦੇ ਜਾਓ ਕਿਉਂ ਜੋ ਤੁਸੀਂ ਜਾਣਦੇ ਹੋ ਜੋ ਪ੍ਰਭੁ ਵਿੱਚ ਤੁਹਾਡੀ ਮਿਹਨਤ ਥੋਥੀ ਨਹੀਂ ਹੈ।”—1 ਕੁਰਿੰਥੀਆਂ 15:20-58.

“ਜਾਗਦੇ ਰਹੋ”

3, 4. (ੳ) ਪਤਰਸ ਦੇ ਅਨੁਸਾਰ, ਅੰਤ ਦਿਆਂ ਦਿਨਾਂ ਵਿਚ ਕਿਹੜਾ ਖ਼ਤਰਨਾਕ ਰਵੱਈਆ ਕੁਝ ਵਿਅਕਤੀਆਂ ਨੂੰ ਆਪਣੀ ਲਪੇਟ ਵਿਚ ਲੈ ਲਵੇਗਾ? (ਅ) ਸਾਨੂੰ ਆਪਣੇ ਆਪ ਨੂੰ ਕਿਸ ਚੀਜ਼ ਬਾਰੇ ਵਾਰ-ਵਾਰ ਯਾਦ ਦਿਲਾਉਣਾ ਚਾਹੀਦਾ ਹੈ?

3 ਅੱਜ-ਕਲ੍ਹ, ਕਈਆਂ ਦਾ ਨਿਰਾਸ਼ਾਵਾਦੀ, ਅੱਜ-ਲਈ-ਜੀਓ ਰਵੱਈਆ ਹੈ। (ਅਫ਼ਸੀਆਂ 2:2) ਇਹ ਉਸੇ ਤਰ੍ਹਾਂ ਹੈ ਜਿਵੇਂ ਪਤਰਸ ਰਸੂਲ ਨੇ ਭਵਿੱਖਬਾਣੀ ਕੀਤੀ ਸੀ। ਉਸ ਨੇ ਕਿਹਾ ਸੀ ਕਿ “ਠੱਠਾ ਕਰਨ ਵਾਲੇ ਠੱਠਾ ਕਰਦੇ ਹੋਏ . . . ਆਖਣਗੇ ਭਈ ਉਹ ਦੇ ਆਉਣ ਦੇ ਕਰਾਰ ਦਾ ਕੀ ਪਤਾ ਹੈ? ਕਿਉਂਕਿ ਜਦੋਂ ਦੇ ਵਡ ਵਡੇਰੇ ਸੌਂ ਗਏ ਸ੍ਰਿਸ਼ਟੀ ਦੇ ਮੁੱਢੋਂ ਸੱਭੇ ਕੁਝ ਤਿਵੇਂ ਹੀ ਬਣਿਆ ਰਹਿੰਦਾ ਹੈ।” (2 ਪਤਰਸ 3:3, 4) ਜੇਕਰ ਸੱਚੇ ਉਪਾਸਕ ਅਜਿਹੇ ਦ੍ਰਿਸ਼ਟੀਕੋਣ ਦੇ ਸ਼ਿਕਾਰ ਬਣ ਜਾਣ, ਤਾਂ ਉਹ ‘ਆਲਸੀ ਜਾਂ ਨਿਸਫਲ’ ਹੋ ਸਕਦੇ ਹਨ। (2 ਪਤਰਸ 1:8) ਖ਼ੁਸ਼ੀ ਦੀ ਗੱਲ ਹੈ ਕਿ ਪਰਮੇਸ਼ੁਰ ਦੇ ਲੋਕਾਂ ਦੀ ਬਹੁਗਿਣਤੀ ਨਾਲ ਇੰਜ ਨਹੀਂ ਹੈ।

4 ਵਰਤਮਾਨ ਦੁਸ਼ਟ ਵਿਵਸਥਾ ਦੇ ਆ ਰਹੇ ਅੰਤ ਵਿਚ ਦਿਲਚਸਪੀ ਰੱਖਣੀ ਗ਼ਲਤ ਨਹੀਂ ਹੈ। ਯਿਸੂ ਦੇ ਆਪਣੇ ਰਸੂਲਾਂ ਨੇ ਜੋ ਦਿਲਚਸਪੀ ਦਿਖਾਈ ਸੀ ਉਸ ਨੂੰ ਚੇਤੇ ਕਰੋ: “ਪ੍ਰਭੁ ਜੀ ਕੀ ਤੂੰ ਏਸ ਵੇਲੇ ਇਸਰਾਏਲ ਦਾ ਰਾਜ ਬਹਾਲ ਕਰਦਾ ਹੈਂ?” ਯਿਸੂ ਨੇ ਜਵਾਬ ਦਿੱਤਾ: “ਤੁਹਾਡਾ ਕੰਮ ਨਹੀਂ ਭਈ ਉਨ੍ਹਾਂ ਸਮਿਆਂ ਅਤੇ ਵੇਲਿਆਂ ਨੂੰ ਜਾਣੋ ਜੋ ਪਿਤਾ ਨੇ ਆਪਣੇ ਵੱਸ ਵਿੱਚ ਰੱਖੇ ਹਨ।” (ਰਸੂਲਾਂ ਦੇ ਕਰਤੱਬ 1:6, 7) ਇਨ੍ਹਾਂ ਸ਼ਬਦਾਂ ਦਾ ਬੁਨਿਆਦੀ ਪੈਗਾਮ ਉਹ ਹੀ ਹੈ ਜੋ ਉਸ ਨੇ ਜ਼ੈਤੂਨ ਦੇ ਪਹਾੜ ਉੱਤੇ ਦਿੱਤਾ ਸੀ: “ਤੁਸੀਂ ਨਹੀਂ ਜਾਣਦੇ ਜੋ ਤੁਹਾਡਾ ਪ੍ਰਭੁ ਕਿਹੜੇ ਦਿਨ ਆਉਂਦਾ ਹੈ। . . . ਜਿਸ ਘੜੀ ਤੁਹਾਨੂੰ ਚਿੱਤ ਚੇਤਾ ਨਾ ਹੋਵੇ ਉਸੇ ਘੜੀ ਮਨੁੱਖ ਦਾ ਪੁੱਤ੍ਰ ਆ ਜਾਵੇਗਾ।” (ਮੱਤੀ 24:42, 44) ਸਾਨੂੰ ਆਪਣੇ ਆਪ ਨੂੰ ਇਹ ਸਲਾਹ ਵਾਰ-ਵਾਰ ਯਾਦ ਦਿਲਾਉਣੀ ਚਾਹੀਦੀ ਹੈ! ਕੁਝ ਵਿਅਕਤੀ ਇਸ ਰਵੱਈਏ ਨਾਲ ਲਲਚਾਏ ਜਾ ਸਕਦੇ ਹਨ, ‘ਮੈਨੂੰ ਸ਼ਾਇਦ ਇੰਨਾ ਸਰਗਰਮ ਨਹੀਂ ਹੋਣਾ ਚਾਹੀਦਾ ਅਤੇ ਕੁਝ ਅਰਾਮ ਨਾਲ ਕੰਮ ਕਰਨਾ ਚਾਹੀਦਾ ਹੈ।’ ਇਹ ਕਿੰਨੀ ਵੱਡੀ ਗ਼ਲਤੀ ਹੋਵੇਗੀ! ਜ਼ਰਾ ਯਾਕੂਬ ਅਤੇ ਯੂਹੰਨਾ, ‘ਗਰਜਣ ਦੇ ਪੁੱਤ੍ਰਾਂ’ ਵੱਲ ਧਿਆਨ ਦਿਓ।—ਮਰਕੁਸ 3:17.

5, 6. ਯਾਕੂਬ ਅਤੇ ਯੂਹੰਨਾ ਦੀਆਂ ਮਿਸਾਲਾਂ ਤੋਂ ਅਸੀਂ ਕਿਹੜੇ ਸਬਕ ਸਿੱਖ ਸਕਦੇ ਹਾਂ?

5 ਅਸੀਂ ਜਾਣਦੇ ਹਾਂ ਕਿ ਯਾਕੂਬ ਇਕ ਬੇਹੱਦ ਜੋਸ਼ੀਲਾ ਰਸੂਲ ਸੀ। (ਲੂਕਾ 9:51-55) ਮਸੀਹੀ ਕਲੀਸਿਯਾ ਦੇ ਸਥਾਪਿਤ ਹੋ ਜਾਣ ਤੋਂ ਬਾਅਦ, ਉਸ ਦੀ ਇਕ ਸਰਗਰਮ ਭੂਮਿਕਾ ਰਹੀ ਹੋਵੇਗੀ। ਪਰ ਜਦ ਯਾਕੂਬ ਅਜੇ ਤੁਲਨਾਤਮਕ ਤੌਰ ਤੇ ਜਵਾਨ ਸੀ, ਹੇਰੋਦੇਸ ਅਗ੍ਰਿੱਪਾ I ਨੇ ਉਸ ਦਾ ਕਤਲ ਕਰਵਾ ਦਿੱਤਾ ਸੀ। (ਰਸੂਲਾਂ ਦੇ ਕਰਤੱਬ 12:1-3) ਕੀ ਅਸੀਂ ਸੋਚਦੇ ਹਾਂ ਕਿ ਯਾਕੂਬ ਨੇ ਆਪਣਾ ਜੀਵਨ ਅਚਾਨਕ ਖ਼ਤਮ ਹੋ ਰਿਹਾ ਦੇਖ ਕੇ, ਇੰਨੇ ਜੋਸ਼ੀਲੇ ਹੋਣ ਜਾਂ ਆਪਣੀ ਸੇਵਕਾਈ ਵਿਚ ਇੰਨੇ ਜਤਨ ਕਰਨ ਬਾਰੇ ਉਦਾਸੀ ਮਹਿਸੂਸ ਕੀਤੀ ਹੋਵੇਗੀ? ਬਿਲਕੁਲ ਨਹੀਂ! ਨਿਰਸੰਦੇਹ ਉਹ ਖ਼ੁਸ਼ ਸੀ ਕਿ ਉਸ ਨੇ ਆਪਣੇ ਤੁਲਨਾਤਮਕ ਤੌਰ ਤੇ ਛੋਟੇ ਜੀਵਨ ਦੇ ਬਿਹਤਰੀਨ ਸਾਲ ਯਹੋਵਾਹ ਦੀ ਸੇਵਾ ਵਿਚ ਲਗਾਏ ਸਨ। ਹੁਣ, ਸਾਡੇ ਵਿੱਚੋਂ ਕੋਈ ਵੀ ਨਹੀਂ ਜਾਣਦਾ ਕਿ ਸਾਡਾ ਜੀਵਨ ਸ਼ਾਇਦ ਅਚਾਨਕ ਹੀ ਮੁੱਕ ਜਾਵੇਗਾ ਜਾਂ ਨਹੀਂ। (ਉਪਦੇਸ਼ਕ ਦੀ ਪੋਥੀ 9:11; ਤੁਲਨਾ ਕਰੋ ਲੂਕਾ 12:20, 21.) ਤਾਂ ਇਹ ਸਪੱਸ਼ਟ ਹੈ ਕਿ ਯਹੋਵਾਹ ਦੀ ਸੇਵਾ ਵਿਚ ਬਹੁਤ ਜੋਸ਼ੀਲੇ ਅਤੇ ਸਰਗਰਮ ਰਹਿਣਾ ਬੁੱਧੀਮਤਾ ਦੀ ਗੱਲ ਹੈ। ਇਸ ਤਰ੍ਹਾਂ ਅਸੀਂ ਉਸ ਨਾਲ ਆਪਣੀ ਨੇਕਨਾਮੀ ਬਣਾਈ ਰੱਖਾਂਗੇ ਅਤੇ ਆਪਣੇ ਸਦੀਪਕ ਭਵਿੱਖ ਨੂੰ ਲਗਾਤਾਰ ਆਪਣੀ ਨਜ਼ਰ ਵਿਚ ਰੱਖਦੇ ਹੋਏ ਜੀਵਨ ਬਤੀਤ ਕਰਾਂਗੇ।—ਉਪਦੇਸ਼ਕ ਦੀ ਪੋਥੀ 7:1.

6 ਯੂਹੰਨਾ ਰਸੂਲ ਤੋਂ ਵੀ ਇਕ ਸੰਬੰਧਿਤ ਸਬਕ ਮਿਲਦਾ ਹੈ, ਜੋ ਉਦੋਂ ਹਾਜ਼ਰ ਸੀ ਜਦੋਂ ਯਿਸੂ ਨੇ ‘ਜਾਗਦੇ ਰਹਿਣ’ ਲਈ ਤੀਬਰਤਾ ਨਾਲ ਤਾਕੀਦ ਕੀਤੀ ਸੀ। (ਮੱਤੀ 25:13; ਮਰਕੁਸ 13:37; ਲੂਕਾ 21:34-36) ਯੂਹੰਨਾ ਨੇ ਇਹ ਗੱਲ ਦਿਲ ਨੂੰ ਲਾ ਲਈ ਅਤੇ ਜੋਸ਼ ਨਾਲ ਕਈ ਦਹਾਕਿਆਂ ਤਕ ਸੇਵਾ ਕੀਤੀ। ਅਸਲ ਵਿਚ, ਇੰਜ ਜਾਪਦਾ ਹੈ ਕਿ ਉਹ ਬਾਕੀ ਸਾਰੇ ਰਸੂਲਾਂ ਤੋਂ ਜ਼ਿਆਦਾ ਦੇਰ ਜੀਉਂਦਾ ਰਿਹਾ। ਜਦ ਯੂਹੰਨਾ ਕਾਫ਼ੀ ਬੁੱਢਾ ਹੋ ਗਿਆ ਸੀ ਅਤੇ ਕਈ ਦਹਾਕਿਆਂ ਦੀ ਵਫ਼ਾਦਾਰ ਸੇਵਾ ਵੱਲ ਪਿੱਛੇ ਦੇਖ ਸਕਦਾ ਸੀ, ਤਾਂ ਕੀ ਉਹ ਉਸ ਜੀਵਨ ਨੂੰ ਇਕ ਭੁੱਲ, ਅਰਥਾਤ ਗੁਮਰਾਹ ਹੋਇਆ ਜਾਂ ਅਸੰਤੁਲਿਤ ਜੀਵਨ ਸਮਝਦਾ ਸੀ? ਬਿਲਕੁਲ ਨਹੀਂ! ਉਹ ਅਜੇ ਵੀ ਭਵਿੱਖ ਵੱਲ ਆਸ ਲਾ ਕੇ ਦੇਖ ਰਿਹਾ ਸੀ। ਜਦ ਪੁਨਰ-ਉਥਿਤ ਯਿਸੂ ਨੇ ਕਿਹਾ, “ਹਾਂ, ਮੈਂ ਛੇਤੀ ਆਉਂਦਾ ਹਾਂ,” ਤਾਂ ਯੂਹੰਨਾ ਨੇ ਇਕਦਮ ਜਵਾਬ ਦਿੱਤਾ, “ਆਮੀਨ! ਹੇ ਪ੍ਰਭੁ ਯਿਸੂ, ਆਓ।” (ਪਰਕਾਸ਼ ਦੀ ਪੋਥੀ 22:20) ਯੂਹੰਨਾ ਨਿਸ਼ਚੇ ਹੀ ਵਰਤਮਾਨ ਲਈ ਨਹੀਂ ਜੀ ਰਿਹਾ ਸੀ; ਉਸ ਨੇ ਇਕ ਸੁਸਤ ਅਤੇ ਸ਼ਾਂਤ ‘ਸਾਧਾਰਣ ਜੀਵਨ’ ਨਹੀਂ ਚਾਹਿਆ। ਉਸ ਦਾ ਆਪਣੀ ਪੂਰੀ ਜਾਨ ਅਤੇ ਤਾਕਤ ਨਾਲ ਸੇਵਾ ਕਰਦੇ ਰਹਿਣ ਦਾ ਪੱਕਾ ਇਰਾਦਾ ਸੀ, ਜਦ ਕਦੀ ਵੀ ਪ੍ਰਭੂ ਆ ਜਾਵੇ। ਸਾਡੇ ਬਾਰੇ ਕੀ?

ਸਦੀਪਕ ਜੀਵਨ ਵਿਚ ਵਿਸ਼ਵਾਸ ਲਈ ਬੁਨਿਆਦ

7. (ੳ) ਸਦੀਪਕ ਜੀਵਨ ਦੀ ਉਮੀਦ ਦਾ ਕਿਸ ਤਰ੍ਹਾਂ ‘ਸਨਾਤਨ ਸਮਿਆਂ ਤੋਂ ਵਾਇਦਾ ਕੀਤਾ ਹੋਇਆ ਸੀ’? (ਅ) ਯਿਸੂ ਨੇ ਸਦੀਪਕ ਜੀਵਨ ਦੀ ਉਮੀਦ ਉੱਤੇ ਕਿਸ ਤਰ੍ਹਾਂ ਚਾਨਣ ਪਾਇਆ ਸੀ?

7 ਨਿਸ਼ਚਿਤ ਹੋਵੋ ਕਿ ਸਦੀਪਕ ਜੀਵਨ ਦੀ ਉਮੀਦ ਕੋਈ ਮਨੁੱਖ ਦਾ ਬਣਾਇਆ ਹੋਇਆ ਸੁਪਨਾ ਜਾਂ ਕਲਪਨਾ ਨਹੀਂ ਹੈ। ਜਿਵੇਂ ਤੀਤੁਸ 1:2 ਕਹਿੰਦਾ ਹੈ, ਸਾਡੀ ਈਸ਼ਵਰੀ ਭਗਤੀ “ਉਸ ਸਦੀਪਕ ਜੀਵਨ ਦੀ ਆਸ ਉੱਤੇ” ਆਧਾਰਿਤ ਹੈ, “ਜਿਹ ਦਾ ਪਰਮੇਸ਼ੁਰ ਨੇ ਜੋ ਝੂਠ ਬੋਲ ਨਹੀਂ ਸੱਕਦਾ ਸਨਾਤਨ ਸਮਿਆਂ ਤੋਂ ਵਾਇਦਾ ਕੀਤਾ ਸੀ।” ਪਰਮੇਸ਼ੁਰ ਦਾ ਮੁਢਲਾ ਮਕਸਦ ਇਹ ਸੀ ਕਿ ਸਾਰੇ ਆਗਿਆਕਾਰ ਮਾਨਵ ਹਮੇਸ਼ਾ ਲਈ ਜੀਉਣ। (ਉਤਪਤ 1:28) ਕੋਈ ਵੀ ਚੀਜ਼, ਆਦਮ ਅਤੇ ਹੱਵਾਹ ਦੀ ਬਗਾਵਤ ਵੀ ਇਸ ਮਕਸਦ ਨੂੰ ਨਿਸਫਲ ਨਹੀਂ ਕਰ ਸਕਦੀ। ਜਿਵੇਂ ਉਤਪਤ 3:15 ਵਿਚ ਦਰਜ ਹੈ, ਪਰਮੇਸ਼ੁਰ ਨੇ ਫ਼ੌਰਨ ਇਕ “ਸੰਤਾਨ” ਦਾ ਵਾਅਦਾ ਕੀਤਾ ਜੋ ਮਨੁੱਖਜਾਤੀ ਨੂੰ ਪਹੁੰਚਾਏ ਗਏ ਸਾਰੇ ਦੁੱਖਾਂ ਨੂੰ ਖ਼ਤਮ ਕਰੇਗੀ। ਜਦ ਉਹ “ਸੰਤਾਨ” ਜਾਂ ਮਸੀਹਾ, ਯਿਸੂ ਆਇਆ, ਤਾਂ ਉਸ ਨੇ ਸਦੀਪਕ ਜੀਵਨ ਦੀ ਉਮੀਦ ਆਪਣੀ ਇਕ ਬੁਨਿਆਦੀ ਸਿੱਖਿਆ ਬਣਾਈ। (ਯੂਹੰਨਾ 3:16; 6:47, 51; 10:28; 17:3) ਰਿਹਾਈ-ਕੀਮਤ ਵਜੋਂ ਆਪਣਾ ਸੰਪੂਰਣ ਜੀਵਨ ਕੁਰਬਾਨ ਕਰ ਕੇ, ਮਸੀਹ ਨੇ ਮਨੁੱਖਜਾਤੀ ਨੂੰ ਸਦੀਪਕ ਜੀਵਨ ਬਖ਼ਸ਼ਣ ਦਾ ਹੱਕ ਪ੍ਰਾਪਤ ਕੀਤਾ ਸੀ। (ਮੱਤੀ 20:28) ਉਸ ਦੇ ਕੁਝ ਚੇਲੇ, ਕੁੱਲ 1,44,000 ਜਨ, ਸਵਰਗ ਵਿਚ ਹਮੇਸ਼ਾ ਲਈ ਜੀਉਣਗੇ। (ਪਰਕਾਸ਼ ਦੀ ਪੋਥੀ 14:1-4) ਇਸ ਤਰ੍ਹਾਂ ਕੁਝ ਮਾਨਵ ਜੋ ਕਦੇ ਮਰਨਹਾਰ ਸਨ, ‘ਅਮਰਤਾ ਨੂੰ ਉਦਾਲੇ ਪਾਉਣਗੇ’!—1 ਕੁਰਿੰਥੀਆਂ 15:53.

8. (ੳ) “ਅਮਰਤਾ” ਕੀ ਹੈ, ਅਤੇ ਯਹੋਵਾਹ 1,44,000 ਨੂੰ ਅਮਰਤਾ ਕਿਉਂ ਪ੍ਰਦਾਨ ਕਰਦਾ ਹੈ? (ਅ) ਯਿਸੂ ਨੇ ‘ਹੋਰ ਭੇਡਾਂ’ ਅੱਗੇ ਕਿਹੜੀ ਉਮੀਦ ਰੱਖੀ ਸੀ?

8 “ਅਮਰਤਾ,” ਕਦੇ ਨਾ ਮਰਨ ਤੋਂ ਜ਼ਿਆਦਾ ਅਰਥ ਰੱਖਦੀ ਹੈ। ਇਸ ਵਿਚ “ਅਵਨਾਸੀ ਜੀਵਨ ਦੀ ਸ਼ਕਤੀ” ਸ਼ਾਮਲ ਹੈ। (ਇਬਰਾਨੀਆਂ 7:16; ਤੁਲਨਾ ਕਰੋ ਪਰਕਾਸ਼ ਦੀ ਪੋਥੀ 20:6.) ਪਰ, ਪਰਮੇਸ਼ੁਰ ਅਜਿਹਾ ਅਨੋਖਾ ਤੋਹਫ਼ਾ ਪ੍ਰਦਾਨ ਕਰ ਕੇ ਕੀ ਨੇਪਰੇ ਚਾੜ੍ਹਦਾ ਹੈ? ਸ਼ਤਾਨ ਦੀ ਚੁਣੌਤੀ ਨੂੰ ਯਾਦ ਕਰੋ ਕਿ ਪਰਮੇਸ਼ੁਰ ਦੇ ਪ੍ਰਾਣੀਆਂ ਵਿੱਚੋਂ ਕੋਈ ਵੀ ਭਰੋਸੇਯੋਗ ਨਹੀਂ ਹੈ। (ਅੱਯੂਬ 1:9-11; 2:4, 5) 1,44,000 ਨੂੰ ਅਮਰਤਾ ਪ੍ਰਦਾਨ ਕਰ ਕੇ, ਪਰਮੇਸ਼ੁਰ ਇਸ ਸਮੂਹ ਵਿਚ ਆਪਣਾ ਪੂਰਾ ਭਰੋਸਾ ਵਿਖਾਉਂਦਾ ਹੈ ਜਿਸ ਨੇ ਸ਼ਤਾਨ ਦੀ ਚੁਣੌਤੀ ਦਾ ਮੂੰਹ ਤੋੜ ਜਵਾਬ ਦਿੱਤਾ ਹੈ। ਪਰ ਬਾਕੀ ਮਨੁੱਖਜਾਤੀ ਬਾਰੇ ਕੀ? ਯਿਸੂ ਨੇ ਰਾਜ ਦੇ ਵਾਰਸਾਂ ਦੇ ਇਸ “ਛੋਟੇ ਝੁੰਡ” ਦੇ ਆਰੰਭਕ ਮੈਂਬਰਾਂ ਨੂੰ ਕਿਹਾ ਕਿ ਉਹ ‘ਸਿੰਘਾਸਣਾਂ ਤੇ ਬੈਠ ਕੇ ਇਸਰਾਏਲ ਦੀਆਂ ਬਾਰਾਂ ਗੋਤਾਂ ਦਾ ਨਿਆਉਂ ਕਰਨਗੇ।’ (ਲੂਕਾ 12:32; 22:30) ਇਸ ਦਾ ਅਰਥ ਨਿਕਲਦਾ ਹੈ ਕਿ ਦੂਸਰਿਆਂ ਨੂੰ ਇਸ ਰਾਜ ਦੀ ਪਰਜਾ ਹੋਣ ਲਈ ਧਰਤੀ ਤੇ ਸਦੀਪਕ ਜੀਵਨ ਮਿਲੇਗਾ। ਜਦ ਕਿ ਇਨ੍ਹਾਂ ‘ਹੋਰ ਭੇਡਾਂ’ ਨੂੰ ਅਮਰਤਾ ਨਹੀਂ ਦਿੱਤੀ ਜਾਂਦੀ ਹੈ, ਇਨ੍ਹਾਂ ਨੂੰ “ਸਦੀਪਕ ਜੀਉਣ” ਜ਼ਰੂਰ ਮਿਲਦਾ ਹੈ। (ਯੂਹੰਨਾ 10:16; ਮੱਤੀ 25:46) ਇਸ ਤਰ੍ਹਾਂ ਸਦੀਪਕ ਜੀਵਨ ਸਾਰੇ ਮਸੀਹੀਆਂ ਦੀ ਉਮੀਦ ਹੈ। ਇਹ ਕੋਈ ਕਲਪਨਾ ਨਹੀਂ ਪਰ ‘ਪਰਮੇਸ਼ੁਰ, ਜੋ ਝੂਠ ਬੋਲ ਨਹੀਂ ਸੱਕਦਾ,’ ਦੁਆਰਾ ਇਕ ਵਾਅਦਾ ਹੈ, ਅਤੇ ਯਿਸੂ ਦੇ ਕੀਮਤੀ ਖ਼ੂਨ ਨਾਲ ਇਸ ਦੀ ਕੀਮਤ ਚੁਕਾਈ ਗਈ ਹੈ।—ਤੀਤੁਸ 1:2.

ਦੂਰ ਭਵਿੱਖ ਵਿਚ?

9, 10. ਕਿਹੜੇ ਸਪੱਸ਼ਟ ਸੰਕੇਤ ਹਨ ਕਿ ਅਸੀਂ ਅੰਤ ਦੇ ਨਜ਼ਦੀਕ ਹਾਂ?

9 ਪੌਲੁਸ ਰਸੂਲ ਨੇ ਭਵਿੱਖਬਾਣੀ ਕੀਤੀ ਸੀ ਕਿ “ਭੈੜੇ ਸਮੇਂ” ਇਹ ਦਿਖਾਉਣਗੇ ਕਿ ਅਸੀਂ ਨਿਸ਼ਚਿਤ ਤੌਰ ਤੇ “ਅੰਤ ਦਿਆਂ ਦਿਨਾਂ” ਵਿਚ ਪਹੁੰਚ ਚੁੱਕੇ ਹਾਂ। ਜਿਉਂ-ਜਿਉਂ ਸਾਡੇ ਚੁਗਿਰਦੇ ਮਾਨਵ ਸਮਾਜ ਨਿਰਮੋਹ, ਲੋਭ, ਆਤਮ-ਸੰਤੋਖ, ਅਤੇ ਦੁਸ਼ਟਤਾ ਦੀ ਦਸ਼ਾ ਵਿਚ ਢਹਿ ਰਿਹਾ ਹੈ, ਕੀ ਅਸੀਂ ਇਹ ਅਹਿਸਾਸ ਨਹੀਂ ਕਰਦੇ ਹਾਂ ਕਿ ਇਸ ਦੁਸ਼ਟ ਸੰਸਾਰ ਵਿਵਸਥਾ ਤੇ ਆਪਣੇ ਨਿਆਉਂ ਅਮਲ ਵਿਚ ਲਿਆਉਣ ਲਈ ਯਹੋਵਾਹ ਦਾ ਦਿਨ ਜਲਦੀ ਨਾਲ ਆ ਰਿਹਾ ਹੈ? ਜਿਉਂ ਹੀ ਹਿੰਸਾ ਅਤੇ ਨਫ਼ਰਤ ਵਧਦੀ ਜਾਂਦੀ ਹੈ, ਕੀ ਅਸੀਂ ਆਪਣੇ ਚੁਗਿਰਦੇ ਪੌਲੁਸ ਦੇ ਸ਼ਬਦਾਂ ਦੀ ਪੂਰਤੀ ਨਹੀਂ ਦੇਖ ਰਹੇ ਹਾਂ: “ਦੁਸ਼ਟ ਮਨੁੱਖ ਅਤੇ ਛਲੀਏ . . . ਬੁਰੇ ਤੋਂ ਬੁਰੇ ਹੁੰਦੇ ਜਾਣਗੇ”? (2 ਤਿਮੋਥਿਉਸ 3:1-5, 13) ਕੁਝ ਵਿਅਕਤੀ ਸ਼ਾਇਦ ਆਸ਼ਾਵਾਦੀ ਢੰਗ ਨਾਲ ਕਹਿਣ “ਅਮਨ ਚੈਨ ਅਤੇ ਸੁਖ ਸਾਂਦ ਹੈ,” ਪਰ ਅਮਨ ਦੀਆਂ ਸਾਰੀਆਂ ਸੰਭਾਵਨਾਵਾਂ ਖ਼ਤਮ ਹੋ ਜਾਣਗੀਆਂ, ਕਿਉਂ ਜੋ “ਜਿਵੇਂ ਗਰਭਵੰਤੀ ਇਸਤ੍ਰੀ ਨੂੰ ਪੀੜਾਂ ਲੱਗਦੀਆਂ ਹਨ ਤਿਵੇਂ ਉਨ੍ਹਾਂ ਦਾ ਅਚਾਣਕ ਨਾਸ ਹੋ ਜਾਵੇਗਾ ਅਤੇ ਓਹ ਕਦੀ ਨਾ ਬਚਣਗੇ।” ਸਾਡੇ ਸਮਿਆਂ ਦੇ ਮਤਲਬ ਬਾਰੇ ਅਸੀਂ ਹਨੇਰੇ ਵਿਚ ਨਹੀਂ ਛੱਡੇ ਗਏ ਹਾਂ। ਸੋ, “ਅਸੀਂ . . . ਜਾਗਦੇ ਰਹੀਏ ਅਰ ਸੁਚੇਤ ਰਹੀਏ।”—1 ਥੱਸਲੁਨੀਕੀਆਂ 5:1-6.

10 ਇਸ ਤੋਂ ਇਲਾਵਾ, ਬਾਈਬਲ ਦਿਖਾਉਂਦੀ ਹੈ ਕਿ ਅੰਤ ਦਿਆਂ ਦਿਨਾਂ ਦਾ “ਸਮਾ ਥੋੜਾ” ਹੈ। (ਪਰਕਾਸ਼ ਦੀ ਪੋਥੀ 12:12; ਤੁਲਨਾ ਕਰੋ 17:10.) ਪ੍ਰਤੱਖ ਰੂਪ ਵਿਚ ਇਸ ‘ਥੋੜੇ ਸਮੇਂ’ ਦਾ ਚੋਖਾ ਹਿੱਸਾ ਬੀਤ ਚੁੱਕਾ ਹੈ। ਉਦਾਹਰਣ ਲਈ, ਦਾਨੀਏਲ ਦੀ ਭਵਿੱਖਬਾਣੀ “ਉੱਤਰ ਦੇ ਰਾਜੇ” ਅਤੇ “ਦੱਖਣ ਦੇ ਰਾਜੇ” ਦਰਮਿਆਨ ਸੰਘਰਸ਼ ਦਾ ਸਹੀ-ਸਹੀ ਵਰਣਨ ਕਰਦੀ ਹੈ ਜੋ ਇਸ ਸਦੀ ਤਕ ਚਲਿਆ ਆ ਰਿਹਾ ਹੈ। (ਦਾਨੀਏਲ 11:5, 6) ਪੂਰਾ ਹੋਣ ਲਈ ਸਿਰਫ਼ ਦਾਨੀਏਲ 11:44, 45 ਵਿਚ ਬਿਆਨ ਕੀਤਾ ਹੋਇਆ “ਉੱਤਰ ਦੇ ਰਾਜੇ” ਦਾ ਅਖ਼ੀਰਲਾ ਹਮਲਾ ਬਾਕੀ ਹੈ।—ਇਸ ਭਵਿੱਖਬਾਣੀ ਦੀ ਚਰਚਾ ਲਈ ਜੁਲਾਈ 1, 1987, ਅਤੇ ਨਵੰਬਰ 1, 1993, ਦੇ ਪਹਿਰਾਬੁਰਜ (ਅੰਗ੍ਰੇਜ਼ੀ) ਦੇਖੋ।

11. (ੳ) ਮੱਤੀ 24:14 ਕਿਸ ਹੱਦ ਤਕ ਪੂਰਾ ਹੋ ਚੁੱਕਾ ਹੈ? (ਅ) ਮੱਤੀ 10:23 ਵਿਚ ਦਰਜ ਯਿਸੂ ਦੇ ਸ਼ਬਦ ਕੀ ਸੰਕੇਤ ਕਰਦੇ ਹਨ?

11 ਯਿਸੂ ਨੇ ਇਹ ਵੀ ਭਵਿੱਖਬਾਣੀ ਕੀਤੀ ਸੀ ਕਿ “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” (ਮੱਤੀ 24:14) ਅੱਜ, ਯਹੋਵਾਹ ਦੇ ਗਵਾਹ 233 ਦੇਸ਼ਾਂ, ਟਾਪੂ ਸਮੂਹਾਂ, ਅਤੇ ਖੇਤਰਾਂ ਵਿਚ ਆਪਣਾ ਕਾਰਜ ਪੂਰਾ ਕਰ ਰਹੇ ਹਨ। ਇਹ ਸੱਚ ਹੈ ਕਿ ਅਣਛੋਹੇ ਖੇਤਰ ਅਜੇ ਵੀ ਹਨ, ਅਤੇ ਸ਼ਾਇਦ ਯਹੋਵਾਹ ਦੇ ਆਪਣੇ ਵੇਲੇ ਸਿਰ, ਅਵਸਰ ਦਾ ਦਰਵਾਜ਼ਾ ਖੁੱਲ੍ਹ ਜਾਵੇ। (1 ਕੁਰਿੰਥੀਆਂ 16:9) ਫਿਰ ਵੀ, ਮੱਤੀ 10:23 ਵਿਚ ਦਰਜ ਯਿਸੂ ਦੇ ਸ਼ਬਦ ਸਾਨੂੰ ਗੰਭੀਰਤਾ ਨਾਲ ਸੋਚਣ ਲਈ ਪ੍ਰੇਰਦੇ ਹਨ: “ਤੁਸੀਂ ਇਸਰਾਏਲ ਦਿਆਂ ਸਾਰਿਆਂ ਨਗਰਾਂ ਵਿੱਚ ਨਾ ਫਿਰ ਲਵੋਗੇ ਕਿ ਮਨੁੱਖ ਦਾ ਪੁੱਤ੍ਰ ਆ ਜਾਵੇ।” ਖ਼ੁਸ਼ ਖ਼ਬਰੀ ਤਾਂ ਯਕੀਨਨ ਸਾਰੀ ਧਰਤੀ ਵਿਚ ਐਲਾਨ ਕੀਤੀ ਜਾਵੇਗੀ, ਪਰ ਯਿਸੂ ਦੇ ਦੰਡਕਾਰ ਵਜੋਂ ‘ਆ ਜਾਣ’ ਤੋਂ ਪਹਿਲਾਂ ਅਸੀਂ ਵਿਅਕਤੀਗਤ ਰੂਪ ਵਿਚ ਰਾਜ ਸੰਦੇਸ਼ ਨਾਲ ਧਰਤੀ ਦੇ ਸਾਰੇ ਹਿੱਸਿਆਂ ਤਕ ਨਹੀਂ ਪਹੁੰਚਾਂਗੇ।

12. (ੳ) ਪਰਕਾਸ਼ ਦੀ ਪੋਥੀ 7:3 ਵਿਚ ਕਿਹੜੀ ‘ਮੋਹਰ ਲਾਉਣ’ ਦਾ ਜ਼ਿਕਰ ਹੈ? (ਅ) ਧਰਤੀ ਤੇ ਜੀ ਰਹੇ ਮਸਹ ਕੀਤੇ ਹੋਇਆਂ ਦੀ ਘੱਟ ਰਹੀ ਗਿਣਤੀ ਦਾ ਕੀ ਮਤਲਬ ਹੈ?

12 ਪਰਕਾਸ਼ ਦੀ ਪੋਥੀ 7:1, 3 ਦੇ ਪਾਠ ਵੱਲ ਧਿਆਨ ਦਿਓ ਜੋ ਕਹਿੰਦਾ ਹੈ ਕਿ ਵਿਨਾਸ਼ ਦੀਆਂ “ਚੌਹਾਂ ਪੌਣਾਂ” ਨੂੰ ਰੋਕ ਕੇ ਰੱਖਿਆ ਹੋਇਆ ਹੈ “ਜਿੰਨਾ ਚਿਰ ਅਸੀਂ ਆਪਣੇ ਪਰਮੇਸ਼ੁਰ ਦੇ ਦਾਸਾਂ ਦੇ ਮੱਥੇ ਉੱਤੇ ਮੋਹਰ ਨਾ ਲਾਈਏ।” ਇਹ ਪਹਿਲੀ ਮੁਹਰ ਲਾਉਣ ਦਾ ਜ਼ਿਕਰ ਨਹੀਂ ਹੈ, ਜੋ ਉਦੋਂ ਲਾਈ ਗਈ ਸੀ ਜਦੋਂ 1,44,000 ਨੂੰ ਸਵਰਗੀ ਸੱਦਾ ਮਿਲਿਆ ਸੀ। (ਅਫ਼ਸੀਆਂ 1:13) ਇਹ ਆਖ਼ਰੀ ਮੁਹਰ ਲਾਉਣ ਦਾ ਜ਼ਿਕਰ ਹੈ, ਜਦੋਂ ਅਟੱਲ ਰੂਪ ਵਿਚ ਉਨ੍ਹਾਂ ਦੀ “ਪਰਮੇਸ਼ੁਰ ਦੇ” ਪਰਖੇ ਹੋਏ ਅਤੇ ਵਫ਼ਾਦਾਰ “ਦਾਸਾਂ” ਵਜੋਂ ਸ਼ਨਾਖਤ ਕੀਤੀ ਜਾਵੇਗੀ। ਪਰਮੇਸ਼ੁਰ ਦੇ ਅਸਲੀ ਮਸਹ ਕੀਤੇ ਹੋਏ ਪੁੱਤਰਾਂ ਦੀ ਗਿਣਤੀ ਜੋ ਇਸ ਵੇਲੇ ਧਰਤੀ ਤੇ ਜੀ ਰਹੀ ਹੈ, ਬਹੁਤ ਘੱਟ ਗਈ ਹੈ। ਇਸ ਤੋਂ ਇਲਾਵਾ, ਬਾਈਬਲ ਸਪੱਸ਼ਟ ਤੌਰ ਤੇ ਬਿਆਨ ਕਰਦੀ ਹੈ ਕਿ “ਚੁਣਿਆਂ ਹੋਇਆਂ ਦੀ ਖ਼ਾਤਰ” ਵੱਡੀ ਬਿਪਤਾ ਦਾ ਮੁਢਲਾ ਪੜਾਅ ‘ਘਟਾਇਆ ਜਾਏਗਾ।’ (ਮੱਤੀ 24:21, 22) ਮਸਹ ਕੀਤੇ ਹੋਏ ਵਿਅਕਤੀ ਹੋਣ ਦਾ ਦਾਅਵਾ ਕਰਨ ਵਾਲਿਆਂ ਵਿੱਚੋਂ ਜ਼ਿਆਦਾਤਰ ਵਿਅਕਤੀ ਵੱਡੀ ਉਮਰ ਦੇ ਹਨ। ਫਿਰ, ਕੀ ਇਹ ਸੰਕੇਤ ਨਹੀਂ ਕਰਦਾ ਕਿ ਅੰਤ ਨਜ਼ਦੀਕ ਹੈ?

ਵਫ਼ਾਦਾਰ ਰਾਖਾ

13, 14. ਰਾਖਾ ਵਰਗ ਦੀ ਕੀ ਜ਼ਿੰਮੇਵਾਰੀ ਹੈ?

13 ਇਸ ਸਮੇਂ ਦੇ ਦੌਰਾਨ, ਸਾਡੇ ਲਈ ‘ਮਾਤਬਰ ਨੌਕਰ’ ਦੀ ਅਗਵਾਈ ਨੂੰ ਤਵੱਜੋ ਦੇਣੀ ਉਚਿਤ ਹੈ। (ਮੱਤੀ 24:45) ਆਧੁਨਿਕ ਦਿਨ ਦਾ “ਨੌਕਰ” ਇਕ ਵਫ਼ਾਦਾਰ ‘ਰਾਖੇ’ ਵਜੋਂ ਸੌ ਸਾਲ ਤੋਂ ਜ਼ਿਆਦਾ ਸਮੇਂ ਲਈ ਸੇਵਾ ਕਰਦਾ ਆਇਆ ਹੈ। (ਹਿਜ਼ਕੀਏਲ 3:17-21) ਜਨਵਰੀ 1, 1984, ਦੇ ਪਹਿਰਾਬੁਰਜ (ਅੰਗ੍ਰੇਜ਼ੀ) ਨੇ ਸਮਝਾਇਆ: “ਇਹ ਰਾਖਾ ਧਰਤੀ ਉੱਤੇ ਬਾਈਬਲ ਭਵਿੱਖਬਾਣੀ ਦੀ ਪੂਰਤੀ ਅਨੁਸਾਰ ਹੋ ਰਹੀਆਂ ਘਟਨਾਵਾਂ ਨੂੰ ਧਿਆਨ ਨਾਲ ਦੇਖਦਾ ਹੈ, ਆ ਰਹੇ ‘ਅਜਿਹੇ ਵੱਡੇ ਕਸ਼ਟ ਜੋ ਜਗਤ ਦੇ ਮੁੱਢੋਂ ਕਦੇ ਨਹੀਂ ਹੋਇਆ’ ਬਾਰੇ ਚੇਤਾਵਨੀ ਦਿੰਦਾ ਹੈ ਅਤੇ ‘ਭਲਿਆਈ ਦੀ ਖੁਸ਼ ਖਬਰੀ’ ਪ੍ਰਕਾਸ਼ਿਤ ਕਰਦਾ ਹੈ।”—ਮੱਤੀ 24:21; ਯਸਾਯਾਹ 52:7.

14 ਯਾਦ ਰੱਖੋ: ਰਾਖੇ ਦਾ ਕੰਮ ਹੈ ਕਿ “ਜੋ ਕੁਝ ਉਹ ਵੇਖੇ” ਉਹੋ ਹੀ ਪੁਕਾਰੇ। (ਯਸਾਯਾਹ 21:6-8) ਬਾਈਬਲ ਦੇ ਸਮਿਆਂ ਵਿਚ, ਰਾਖਾ ਉਦੋਂ ਵੀ ਚੇਤਾਵਨੀ ਦਿੰਦਾ ਸੀ ਜਦੋਂ ਸੰਭਾਵੀ ਖ਼ਤਰਾ ਇੰਨਾ ਦੂਰ ਸੀ ਕਿ ਸਪੱਸ਼ਟ ਤੌਰ ਤੇ ਪਛਾਣਿਆ ਵੀ ਨਹੀਂ ਜਾ ਸਕਦਾ ਸੀ। (2 ਰਾਜਿਆਂ 9:17, 18) ਯਕੀਨਨ, ਉਨ੍ਹਾਂ ਦਿਨਾਂ ਵਿਚ ਖ਼ਤਰੇ ਦੀ ਪੁਕਾਰ ਕਈ ਵਾਰ ਗ਼ਲਤ ਵੀ ਹੁੰਦੀ ਸੀ। ਪਰ ਇਕ ਵਧੀਆ ਰਾਖਾ, ਲੱਜਾ ਦੇ ਡਰ ਕਾਰਨ ਚੁੱਪ ਨਾ ਰਹਿੰਦਾ। ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰੋਗੇ ਜੇ ਤੁਹਾਡੇ ਘਰ ਨੂੰ ਅੱਗ ਲੱਗੀ ਹੋਵੇ ਅਤੇ ਫਾਇਰਮੈਨ ਨਾ ਆਉਣ ਕਿਉਂ ਜੋ ਉਨ੍ਹਾਂ ਸੋਚਿਆ ਕਿ ਸ਼ਾਇਦ ਖ਼ਤਰੇ ਦੀ ਸੂਚਨਾ ਗ਼ਲਤ ਹੋਵੇ? ਜੀ ਨਹੀਂ, ਅਸੀਂ ਅਜਿਹੇ ਆਦਮੀਆਂ ਤੋਂ ਆਸ ਰੱਖਦੇ ਹਾਂ ਕਿ ਉਹ ਖ਼ਤਰੇ ਦਾ ਸੰਕੇਤ ਮਿਲਦੇ ਹੀ ਜਲਦੀ ਆ ਜਾਣਗੇ! ਇਸੇ ਤਰ੍ਹਾਂ, ਰਾਖਾ ਵਰਗ ਨੇ ਵੀ ਚੇਤਾਵਨੀ ਦਿੱਤੀ ਹੈ ਜਦੋਂ ਇੰਜ ਕਰਨਾ ਉਚਿਤ ਜਾਪਦਾ ਸੀ।

15, 16. (ੳ) ਭਵਿੱਖਬਾਣੀ ਬਾਰੇ ਸਾਡੀ ਸਮਝ ਵਿਚ ਸੋਧਾਂ ਕਿਉਂ ਕੀਤੀਆਂ ਗਈਆਂ ਹਨ? (ਅ) ਅਸੀਂ ਪਰਮੇਸ਼ੁਰ ਦੇ ਉਨ੍ਹਾਂ ਵਫ਼ਾਦਾਰ ਸੇਵਕਾਂ ਤੋਂ ਕੀ ਸਿੱਖ ਸਕਦੇ ਹਾਂ ਜੋ ਕੁਝ ਭਵਿੱਖਬਾਣੀਆਂ ਦੀ ਗ਼ਲਤ ਸਮਝ ਰੱਖਦੇ ਸਨ?

15 ਪਰ, ਜਿਉਂ-ਜਿਉਂ ਘਟਨਾਵਾਂ ਪ੍ਰਗਟ ਹੁੰਦੀਆਂ ਹਨ, ਤਿਉਂ-ਤਿਉਂ ਭਵਿੱਖਬਾਣੀ ਬਾਰੇ ਸਾਡੀ ਸਮਝ ਨਿਖਰਦੀ ਹੈ। ਇਤਿਹਾਸ ਦਿਖਾਉਂਦਾ ਹੈ ਕਿ ਈਸ਼ਵਰੀ ਭਵਿੱਖਬਾਣੀਆਂ ਦੀ ਪੂਰਤੀ ਤੋਂ ਪਹਿਲਾਂ, ਉਨ੍ਹਾਂ ਦਾ ਪੂਰੀ ਤਰ੍ਹਾਂ ਨਾਲ ਸਮਝਿਆ ਜਾਣਾ ਅਸਾਧਾਰਣ ਸੀ। ਪਰਮੇਸ਼ੁਰ ਨੇ ਅਬਰਾਮ ਨੂੰ ਸਪੱਸ਼ਟ ਤੌਰ ਤੇ ਦੱਸਿਆ ਕਿ ਉਸ ਦੀ ਅੰਸ ਕਿੰਨੀ ਦੇਰ ਤਕ “ਇੱਕ ਦੇਸ ਵਿੱਚ ਜਿਹੜਾ ਉਨ੍ਹਾਂ ਦਾ ਨਹੀਂ ਹੈ ਪਰਦੇਸੀ ਹੋਊਗੀ,” ਅਰਥਾਤ, 400 ਸਾਲ ਲਈ। (ਉਤਪਤ 15:13) ਫਿਰ ਵੀ, ਮੂਸਾ ਨੇ ਆਪਣੇ ਆਪ ਨੂੰ ਇਕ ਮੁਕਤੀਦਾਤਾ ਵਜੋਂ, ਸਮੇਂ ਤੋਂ ਪਹਿਲਾਂ ਪੇਸ਼ ਕੀਤਾ।—ਰਸੂਲਾਂ ਦੇ ਕਰਤੱਬ 7:23-30.

16 ਮਸੀਹਾਈ ਭਵਿੱਖਬਾਣੀਆਂ ਵੱਲ ਵੀ ਧਿਆਨ ਦਿਓ। ਪਿੱਛਲਝਾਤ ਪਾਉਂਦੇ ਹੋਏ ਇਹ ਬਿਲਕੁਲ ਸਪੱਸ਼ਟ ਜਾਪਦਾ ਹੈ ਕਿ ਮਸੀਹਾ ਦੀ ਮੌਤ ਅਤੇ ਉਸ ਦੇ ਪੁਨਰ-ਉਥਾਨ ਦੀ ਭਵਿੱਖਬਾਣੀ ਕੀਤੀ ਗਈ ਸੀ। (ਯਸਾਯਾਹ 53:8-10) ਤਦ ਵੀ, ਯਿਸੂ ਦੇ ਆਪਣੇ ਚੇਲਿਆਂ ਨੇ ਇਸ ਅਸਲੀਅਤ ਨੂੰ ਨਹੀਂ ਸਮਝਿਆ ਸੀ। (ਮੱਤੀ 16:21-23) ਉਹ ਇਹ ਨਹੀਂ ਸਮਝੇ ਸੀ ਕਿ ਦਾਨੀਏਲ 7:13, 14 ਦੀ ਪੂਰਤੀ ਮਸੀਹ ਦੀ ਭਾਵੀ ਪਰੂਸੀਆ, ਜਾਂ “ਮੌਜੂਦਗੀ” ਵਿਚ ਹੋਵੇਗੀ। (ਮੱਤੀ 24:3, ਨਿ ਵ) ਇਸ ਲਈ ਉਹ ਆਪਣੇ ਹਿਸਾਬ ਵਿਚ ਤਕਰੀਬਨ 2,000 ਸਾਲ ਤੋਂ ਪਰੇ ਸਨ ਜਦ ਉਨ੍ਹਾਂ ਨੇ ਯਿਸੂ ਨੂੰ ਪੁੱਛਿਆ: “ਪ੍ਰਭੁ ਜੀ ਕੀ ਤੂੰ ਏਸ ਵੇਲੇ ਇਸਰਾਏਲ ਦਾ ਰਾਜ ਬਹਾਲ ਕਰਦਾ ਹੈਂ?” (ਰਸੂਲਾਂ ਦੇ ਕਰਤੱਬ 1:6) ਮਸੀਹੀ ਕਲੀਸਿਯਾ ਦੇ ਚੰਗੀ ਤਰ੍ਹਾਂ ਸਥਾਪਿਤ ਹੋਣ ਤੋਂ ਬਾਅਦ ਵੀ, ਗ਼ਲਤ ਧਾਰਣਾਵਾਂ ਅਤੇ ਝੂਠੀਆਂ ਆਸਾਂ ਉਭਰਦੀਆਂ ਰਹੀਆਂ। (2 ਥੱਸਲੁਨੀਕੀਆਂ 2:1, 2) ਭਾਵੇਂ ਕੁਝ ਮਸੀਹੀਆਂ ਦੇ ਦ੍ਰਿਸ਼ਟੀਕੋਣ ਕਦੀ-ਕਦਾਈਂ ਗ਼ਲਤ ਸਨ, ਫਿਰ ਵੀ ਯਹੋਵਾਹ ਨੇ ਉਨ੍ਹਾਂ ਪਹਿਲੀ ਸਦੀ ਦੇ ਵਿਸ਼ਵਾਸੀਆਂ ਦੇ ਕੰਮ ਉੱਤੇ ਨਿਰਸੰਦੇਹ ਬਰਕਤ ਦਿੱਤੀ ਸੀ!

17. ਸ਼ਾਸਤਰ ਦੀ ਸਾਡੀ ਸਮਝ ਵਿਚ ਸੋਧਾਂ ਬਾਰੇ ਸਾਡਾ ਕੀ ਦ੍ਰਿਸ਼ਟੀਕੋਣ ਹੋਣਾ ਚਾਹੀਦਾ ਹੈ?

17 ਅੱਜ-ਕੱਲ੍ਹ ਦੇ ਰਾਖਾ ਵਰਗ ਨੂੰ ਵੀ ਆਪਣੇ ਦ੍ਰਿਸ਼ਟੀਕੋਣ ਸਮੇਂ-ਸਮੇਂ ਤੇ ਨਿਖਾਰਨੇ ਪਏ ਹਨ। ਪਰ ਕੀ ਕੋਈ ਸ਼ੱਕ ਕਰ ਸਕਦਾ ਹੈ ਕਿ ‘ਮਾਤਬਰ ਨੌਕਰ’ ਉੱਤੇ ਯਹੋਵਾਹ ਦੀ ਬਰਕਤ ਹੈ? ਇਸ ਤੋਂ ਇਲਾਵਾ, ਜੇਕਰ ਪ੍ਰਸੰਗ ਵਿਚ ਦੇਖਿਆ ਜਾਵੇ, ਤਾਂ ਕੀ ਜ਼ਿਆਦਾਤਰ ਸੋਧਾਂ ਜੋ ਕੀਤੀਆਂ ਗਈਆਂ ਹਨ, ਸਾਪੇਖ ਤੌਰ ਤੇ ਛੋਟੀਆਂ-ਮੋਟੀਆਂ ਹੀ ਨਹੀਂ ਹਨ? ਬਾਈਬਲ ਬਾਰੇ ਸਾਡੀ ਬੁਨਿਆਦੀ ਸਮਝ ਵਿਚ ਕੋਈ ਤਬਦੀਲੀ ਨਹੀਂ ਹੋਈ ਹੈ। ਸਾਡਾ ਵਿਸ਼ਵਾਸ ਕਿ ਅਸੀਂ ਅੰਤ ਦਿਆਂ ਦਿਨਾਂ ਵਿਚ ਰਹਿੰਦੇ ਹਾਂ ਅੱਗੇ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੈ!

ਸਦੀਪਕ ਭਵਿੱਖ ਲਈ ਜੀਉਣਾ

18. ਸਾਨੂੰ ਸਿਰਫ਼ ਅੱਜ ਲਈ ਜੀਉਣ ਤੋਂ ਕਿਉਂ ਪਰਹੇਜ਼ ਕਰਨਾ ਚਾਹੀਦਾ ਹੈ?

18 ਦੁਨੀਆਂ ਭਾਵੇਂ ਕਹੇ, ‘ਆਓ ਅਸੀਂ ਖਾਈਏ ਪੀਵੀਏ ਕਿਉਂ ਜੋ ਭਲਕੇ ਮਰਨਾ ਹੈ,’ ਪਰ ਇਹ ਸਾਡਾ ਰਵੱਈਆ ਨਹੀਂ ਹੋਣਾ ਚਾਹੀਦਾ। ਹੁਣ ਦੇ ਜੀਵਨ ਵਿਚ ਮਿਲਣ ਵਾਲੇ ਮਜ਼ਿਆਂ ਲਈ ਵਿਅਰਥ ਜਤਨ ਕਿਉਂ ਕਰੀਏ ਜਦ ਕਿ ਤੁਸੀਂ ਸਦੀਪਕ ਭਵਿੱਖ ਲਈ ਕੰਮ ਕਰ ਸਕਦੇ ਹੋ? ਇਹ ਉਮੀਦ, ਭਾਵੇਂ ਸਵਰਗ ਵਿਚ ਅਮਰ ਜੀਵਨ ਜਾਂ ਧਰਤੀ ਉੱਤੇ ਸਦੀਪਕ ਜੀਵਨ ਦੀ ਹੋਵੇ, ਕੋਈ ਸੁਪਨਾ ਨਹੀਂ ਹੈ ਅਤੇ ਨਾ ਹੀ ਕਲਪਨਾ ਹੈ। ਇਹ ਇਕ ਹਕੀਕਤ ਹੈ ਜਿਸ ਦਾ ਵਾਅਦਾ ਉਸ ਪਰਮੇਸ਼ੁਰ ਨੇ ਕੀਤਾ ਹੈ “ਜੋ ਝੂਠ ਬੋਲ ਨਹੀਂ ਸੱਕਦਾ।” (ਤੀਤੁਸ 1:2) ਬਹੁਤ ਸਾਰੇ ਸਬੂਤ ਮੌਜੂਦ ਹਨ ਕਿ ਸਾਡੀ ਉਮੀਦ ਦੀ ਪ੍ਰਾਪਤੀ ਨਜ਼ਦੀਕ ਹੈ! “ਸਮਾ ਘਟਾਇਆ ਗਿਆ ਹੈ।”—1 ਕੁਰਿੰਥੀਆਂ 7:29.

19, 20. (ੳ) ਉਨ੍ਹਾਂ ਕੁਰਬਾਨੀਆਂ ਬਾਰੇ ਯਹੋਵਾਹ ਦਾ ਕੀ ਦ੍ਰਿਸ਼ਟੀਕੋਣ ਹੈ ਜੋ ਅਸੀਂ ਰਾਜ ਵਾਸਤੇ ਕੀਤੀਆਂ ਹਨ? (ਅ) ਸਾਨੂੰ ਸਦੀਵਤਾ ਨੂੰ ਨਜ਼ਰ ਵਿਚ ਰੱਖਦੇ ਹੋਏ ਕਿਉਂ ਜੀਉਣਾ ਚਾਹੀਦਾ ਹੈ?

19 ਇਹ ਸੱਚ ਹੈ ਕਿ ਇਹ ਵਿਵਸਥਾ ਕਈਆਂ ਦੇ ਅਨੁਮਾਨ ਨਾਲੋਂ ਜ਼ਿਆਦਾ ਦੇਰ ਟਿਕੀ ਰਹੀ ਹੈ। ਕੁਝ ਵਿਅਕਤੀ ਸ਼ਾਇਦ ਸੋਚਣ ਕਿ ਜੇ ਉਨ੍ਹਾਂ ਨੂੰ ਇਹ ਪਹਿਲਾਂ ਪਤਾ ਹੁੰਦਾ ਤਾਂ ਉਹ ਸ਼ਾਇਦ ਕੁਝ ਕੁਰਬਾਨੀਆਂ ਨਾ ਕਰਦੇ। ਪਰ ਸਾਨੂੰ ਇਨ੍ਹਾਂ ਕੁਰਬਾਨੀਆਂ ਬਾਰੇ ਪਛਤਾਵਾ ਨਹੀਂ ਕਰਨਾ ਚਾਹੀਦਾ। ਆਖ਼ਰ, ਕੁਰਬਾਨੀਆਂ ਦੇਣੀਆਂ ਮਸੀਹੀ ਦਾ ਇਕ ਮੂਲ ਫ਼ਰਜ਼ ਹੈ। ਮਸੀਹੀ ‘ਆਪਣੇ ਆਪ ਦਾ ਇਨਕਾਰ ਕਰਦੇ ਹਨ।’ (ਮੱਤੀ 16:24) ਸਾਨੂੰ ਕਦੇ ਨਹੀਂ ਮਹਿਸੂਸ ਕਰਨਾ ਚਾਹੀਦਾ ਕਿ ਪਰਮੇਸ਼ੁਰ ਨੂੰ ਪ੍ਰਸੰਨ ਕਰਨ ਦੇ ਸਾਡੇ ਜਤਨ ਵਿਅਰਥ ਰਹੇ ਹਨ। ਯਿਸੂ ਨੇ ਵਾਅਦਾ ਕੀਤਾ: “ਅਜੇਹਾ ਕੋਈ ਨਹੀਂ ਜਿਹ ਨੇ ਘਰ ਯਾ ਭਾਈਆਂ ਯਾ ਭੈਣਾਂ ਯਾ ਮਾਂ ਯਾ ਪਿਉ ਯਾ ਬਾਲ ਬੱਚਿਆਂ ਯਾ ਜਮੀਨਾਂ ਨੂੰ ਮੇਰੇ ਅਤੇ ਇੰਜੀਲ ਦੇ ਲਈ ਛੱਡਿਆ ਹੋਵੇ ਜਿਹੜਾ ਹੁਣ . . . ਸੌ ਗੁਣਾ ਨਾ ਪਾਵੇ . . . ਅਤੇ ਅਗਲੇ ਜੁਗ ਵਿੱਚ ਸਦੀਪਕ ਜੀਉਣ।” (ਮਰਕੁਸ 10:29, 30) ਅੱਜ ਤੋਂ ਹਜ਼ਾਰ ਸਾਲਾਂ ਬਾਅਦ, ਤੁਹਾਡੀ ਨੌਕਰੀ, ਘਰ, ਜਾਂ ਦੌਲਤ ਕਿੰਨਾ ਕੁ ਅਰਥ ਰੱਖਣਗੇ? ਦੂਜੇ ਪਾਸੇ, ਤੁਸੀਂ ਯਹੋਵਾਹ ਲਈ ਜੋ ਕੁਰਬਾਨੀਆਂ ਕੀਤੀਆਂ ਹਨ, ਉਹ ਹੁਣ ਤੋਂ ਦਸ ਲੱਖ ਸਾਲ ਬਾਅਦ—ਹੁਣ ਤੋਂ ਇਕ ਅਰਬ ਸਾਲ ਬਾਅਦ—ਵੀ ਅਰਥ ਰੱਖਣਗੀਆਂ! “ਕਿਉਂ ਜੋ ਪਰਮੇਸ਼ੁਰ ਕੁਨਿਆਈ ਨਹੀਂ ਜੋ ਤੁਹਾਡੇ ਕੰਮ ਨੂੰ . . . ਭੁੱਲ ਜਾਵੇ।”—ਇਬਰਾਨੀਆਂ 6:10.

20 ਇਸ ਲਈ, ਆਓ ਅਸੀਂ ਸਦੀਵਤਾ ਨੂੰ ਨਜ਼ਰ ਵਿਚ ਰੱਖਦੇ ਹੋਏ ਜੀਵਨ ਬਤੀਤ ਕਰੀਏ, ਅਤੇ ‘ਦਿੱਸਣ ਵਾਲੀਆਂ ਵਸਤਾਂ ਨੂੰ ਤਾਂ ਨਹੀਂ ਸਗੋਂ ਅਣਡਿੱਠ ਵਸਤਾਂ ਵੱਲ ਧਿਆਨ ਕਰੀਏ। ਕਿਉਂ ਜੋ ਦਿੱਸਣ ਵਾਲੀਆਂ ਵਸਤਾਂ ਅਨਿੱਤ ਹਨ ਪਰ ਅਣਡਿੱਠ ਵਸਤਾਂ ਨਿੱਤ ਹਨ।’ (2 ਕੁਰਿੰਥੀਆਂ 4:18) ਹਬੱਕੂਕ ਨਬੀ ਨੇ ਲਿਖਿਆ: “ਏਹ ਰੋਇਆ ਤਾਂ ਇੱਕ ਠਹਿਰਾਏ ਹੋਏ ਸਮੇਂ ਲਈ ਅਜੇ ਪੂਰੀ ਹੋਣ ਵਾਲੀ ਹੈ, ਉਹ ਅੰਤ ਵੱਲ ਕਾਹਲੀ ਕਰਦੀ ਹੈ, ਉਹ ਝੂਠੀ ਨਹੀਂ। ਭਾਵੇਂ ਉਹ ਠਹਿਰਿਆ ਰਹੇ, ਉਹ ਦੀ ਉਡੀਕ ਕਰ, ਉਹ ਜ਼ਰੂਰ ਆਵੇਗਾ। ਉਹ ਚਿਰ ਨਾ ਲਾਵੇਗਾ।” (ਹਬੱਕੂਕ 2:3) ਜੇਕਰ ਅਸੀਂ ਅੰਤ ‘ਦੀ ਉਡੀਕ ਕਰਦੇ ਰਹੀਏ,’ ਤਾਂ ਇਹ ਸਾਡੀਆਂ ਆਪਣੀਆਂ ਨਿੱਜੀ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਪੂਰੀਆਂ ਕਰਨ ਉੱਤੇ ਕਿਸ ਤਰ੍ਹਾਂ ਅਸਰ ਪਾਏਗਾ? ਸਾਡਾ ਅਗਲਾ ਲੇਖ ਇਨ੍ਹਾਂ ਵਿਸ਼ਿਆਂ ਬਾਰੇ ਚਰਚਾ ਕਰੇਗਾ।

ਪੁਨਰ-ਵਿਚਾਰ ਲਈ ਨੁਕਤੇ

◻ ਅੱਜ ਕੁਝ ਵਿਅਕਤੀ ਇਸ ਰੀਤੀ-ਵਿਵਸਥਾ ਦੇ ਅੰਤ ਦੀ ਜਾਪਦੀ ਦੇਰੀ ਦੇ ਕਾਰਨ ਕਿਸ ਤਰ੍ਹਾਂ ਪ੍ਰਭਾਵਿਤ ਹੋਏ ਹਨ?

◻ ਸਦੀਪਕ ਜੀਵਨ ਦੀ ਸਾਡੀ ਉਮੀਦ ਦਾ ਕੀ ਆਧਾਰ ਹੈ?

◻ ਸਾਡਾ ਉਨ੍ਹਾਂ ਕੁਰਬਾਨੀਆਂ ਬਾਰੇ ਕੀ ਦ੍ਰਿਸ਼ਟੀਕੋਣ ਹੋਣਾ ਚਾਹੀਦਾ ਹੈ ਜੋ ਅਸੀਂ ਰਾਜ ਹਿਤਾਂ ਲਈ ਕੀਤੀਆਂ ਹਨ?

[ਸਫ਼ੇ 23 ਉੱਤੇ ਤਸਵੀਰ]

ਵਿਸ਼ਵ-ਵਿਆਪੀ ਪ੍ਰਚਾਰ ਕਾਰਜ ਅੰਤ ਆਉਣ ਤੋਂ ਪਹਿਲਾਂ ਪੂਰਾ ਹੋਣਾ ਚਾਹੀਦਾ ਹੈ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ