ਰਾਜ ਘੋਸ਼ਕ ਰਿਪੋਰਟ ਕਰਦੇ ਹਨ
“ਅਕਲਪਿਤ ਗੱਲਾਂ ਦੇ ਦੇਸ਼ ਵਿਚ” ਚੁਣੌਤੀਆਂ ਉੱਤੇ ਜੇਤੂ ਹੋਣਾ
ਪੌਲੁਸ ਰਸੂਲ ਨੇ ਕੁਰਿੰਥੁਸ ਵਿਚ ਪਹਿਲੀ-ਸਦੀ ਦੇ ਮਸੀਹੀਆਂ ਤੋਂ ਪੁੱਛਿਆ: “ਜੇ ਤੁਰ੍ਹੀ ਬੇ ਠਿਕਾਣੇ ਅਵਾਜ਼ ਦੇਵੇ ਤਾਂ ਕੌਣ ਲੜਾਈ ਲਈ ਲੱਕ ਬੰਨ੍ਹੇਗਾ? ਇਸੇ ਤਰਾਂ ਤੁਸੀਂ ਵੀ ਜੇ ਸਿੱਧੀ ਗੱਲ ਆਪਣੀ ਜ਼ਬਾਨੋਂ ਨਾ ਬੋਲੋ ਤਾਂ ਕੀ ਪਤਾ ਲੱਗੇ ਜੋ ਕੀ ਬੋਲਿਆ ਜਾਂਦਾ ਹੈ?”—1 ਕੁਰਿੰਥੀਆਂ 14:8, 9.
ਪਾਪੂਆ ਨਿਊ ਗਿਨੀ, ਜਿਸ ਨੂੰ ਕਦੀ-ਕਦਾਈਂ ਅਕਲਪਿਤ ਗੱਲਾਂ ਦਾ ਦੇਸ਼ ਕਿਹਾ ਜਾਂਦਾ ਹੈ, ਵਿਚ ਯਹੋਵਾਹ ਦੇ ਗਵਾਹ ਬਾਈਬਲ ਦੇ ਸਪੱਸ਼ਟ ਸੰਦੇਸ਼ ਦਾ ਪ੍ਰਚਾਰ ਕਰਨ ਲਈ ਕਠਿਨ ਰੁਕਾਵਟਾਂ ਦਾ ਸਾਮ੍ਹਣਾ ਕਰਦੇ ਹਨ। ਉਹ 700 ਵੱਖਰੀਆਂ-ਵੱਖਰੀਆਂ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਨੂੰ ਪ੍ਰਚਾਰ ਕਰਦੇ ਹਨ ਜਿਨ੍ਹਾਂ ਦੇ ਵੰਨ-ਸੁਵੰਨੇ ਰਿਵਾਜ ਹਨ। ਗਵਾਹਾਂ ਨੂੰ ਪਹਾੜੀ ਖੇਤਰਾਂ, ਸੜਕਾਂ ਦੀ ਘਾਟ, ਅਤੇ ਵੱਧ ਰਹੇ ਅਪਰਾਧ ਨਾਲ ਵੀ ਸੰਘਰਸ਼ ਕਰਨਾ ਪੈਂਦਾ ਹੈ। ਇਨ੍ਹਾਂ ਸਾਰੀਆਂ ਮੁਸ਼ਕਲਾਂ ਤੋਂ ਇਲਾਵਾ, ਕੁਝ ਧਾਰਮਿਕ ਸਮੂਹਾਂ, ਅਤੇ ਕਈ ਵਾਰੀ, ਸਕੂਲ ਅਧਿਕਾਰੀਆਂ ਵੱਲੋਂ ਵੀ ਵਿਰੋਧ ਦਾ ਸਾਮ੍ਹਣਾ ਕਰਨਾ ਪੈਂਦਾ ਹੈ।
ਫਿਰ ਵੀ, ਗਵਾਹਾਂ ਨੂੰ ਚੰਗੀ ਅਧਿਆਤਮਿਕ ਹਿਦਾਇਤ ਅਤੇ ਬਾਈਬਲ ਅਧਿਐਨ ਲਈ ਸਥਾਨਕ ਭਾਸ਼ਾਵਾਂ ਵਿਚ ਸਹਾਇਕ ਪੁਸਤਕਾਂ ਦੀ ਵੱਧ ਰਹੀ ਲਾਇਬ੍ਰੇਰੀ ਉਪਲਬਧ ਹੈ। ਇਹ ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਨੂੰ ਤੁਰ੍ਹੀ ਦੀ ਸਪੱਸ਼ਟ ਆਵਾਜ਼ ਵਜੋਂ ਸੁਣਾਉਣ ਲਈ ਲੈਸ ਕਰ ਰਹੀਆਂ ਅਕਸਰ ਪ੍ਰਤੀਕ੍ਰਿਆ ਸਕਾਰਾਤਮਕ ਹੁੰਦੀ ਹੈ, ਜਿਵੇਂ ਅੱਗੇ ਦਿੱਤੀ ਰਿਪੋਰਟ ਦਿਖਾਉਂਦੀ ਹੈ:
• ਸਕੂਲ ਦਾ ਨਵਾਂ ਸਾਲ ਸ਼ੁਰੂ ਹੋਣ ਤੇ, ਇਕ ਅਧਿਆਪਕ ਜਾਣਨਾ ਚਾਹੁੰਦਾ ਸੀ ਕਿ ਯਹੋਵਾਹ ਦੇ ਗਵਾਹਾਂ ਦੇ ਬੱਚੇ ਝੰਡੇ ਨੂੰ ਸਲਾਮੀ ਕਿਉਂ ਨਹੀਂ ਦਿੰਦੇ ਹਨ ਜਾਂ ਰਾਸ਼ਟਰ-ਗੀਤ ਕਿਉਂ ਨਹੀਂ ਗਾਉਂਦੇ ਹਨ। ਉਸ ਨੇ ਆਪਣਾ ਸਵਾਲ ਮਾਈਓਲਾ ਨਾਂ ਦੀ 13-ਸਾਲਾ ਵਿਦਿਆਰਥਣ ਨੂੰ ਪੁੱਛਿਆ ਜੋ ਇਕ ਬਪਤਿਸਮਾ-ਪ੍ਰਾਪਤ ਗਵਾਹ ਹੈ। ਮਾਈਓਲਾ ਨੇ ਸਪੱਸ਼ਟ, ਸ਼ਾਸਤਰ ਆਧਾਰਿਤ ਵਿਆਖਿਆ ਕੀਤੀ। ਅਧਿਆਪਕ ਨੇ ਉਸ ਦੀ ਤਰਕ ਨੂੰ ਸਵੀਕਾਰ ਕੀਤਾ ਕਿਉਂਕਿ ਇਹ ਬਾਈਬਲ ਵਿੱਚੋਂ ਸੀ। ਉਸ ਦੀ ਵਿਆਖਿਆ ਸਕੂਲ ਦੇ ਬਾਕੀ ਸਟਾਫ਼ ਨਾਲ ਵੀ ਸਾਂਝੀ ਕੀਤੀ ਗਈ।
ਬਾਅਦ ਵਿਚ, ਜਦੋਂ ਵਿਦਿਆਰਥੀਆਂ ਨੂੰ ਲੇਖ ਲਿਖਣ ਲਈ ਦਿੱਤੇ ਗਏ, ਤਾਂ ਮਾਈਓਲਾ ਨੇ ਤ੍ਰਿਏਕ ਦਾ ਵਿਸ਼ਾ ਚੁਣਿਆ। ਕਲਾਸ ਵਿੱਚੋਂ ਉਸ ਦੇ ਲੇਖ ਨੂੰ ਸਭ ਤੋਂ ਜ਼ਿਆਦਾ ਨੰਬਰ ਮਿਲੇ, ਅਤੇ ਅਧਿਆਪਕ ਨੇ ਪੁੱਛਿਆ ਕਿ ਉਸ ਨੂੰ ਇਹ ਜਾਣਕਾਰੀ ਕਿੱਥੋਂ ਮਿਲੀ। ਉਸ ਨੇ ਅਧਿਆਪਕ ਨੂੰ ਅੰਗ੍ਰੇਜ਼ੀ ਭਾਸ਼ਾ ਵਿਚ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ ਕਿਤਾਬ ਦਿਖਾਈ। ਅਧਿਆਪਕ ਨੇ ਸਾਰੀ ਕਲਾਸ ਨੂੰ ਕਿਤਾਬ ਪੇਸ਼ ਕੀਤੀ, ਅਤੇ ਬਹੁਤ ਸਾਰਿਆਂ ਨੇ ਆਪਣੇ ਲਈ ਇਕ ਕਿਤਾਬ ਚਾਹੀ। ਅਗਲੇ ਦਿਨ, ਮਾਈਓਲਾ ਨੇ ਆਪਣੇ ਸਹਿਪਾਠੀਆਂ ਨੂੰ 14 ਕਿਤਾਬਾਂ ਅਤੇ 7 ਰਸਾਲੇ ਦਿੱਤੇ, ਅਤੇ ਉਸ ਨੇ ਉਨ੍ਹਾਂ ਵਿੱਚੋਂ ਤਿੰਨਾਂ ਦੇ ਨਾਲ ਬਾਈਬਲ ਅਧਿਐਨ ਸ਼ੁਰੂ ਕੀਤੇ। ਮਾਈਓਲਾ ਦਾ ਪੂਰਣ-ਕਾਲੀ ਸੇਵਕਾ ਬਣਨ ਦਾ ਟੀਚਾ ਹੈ।
• ਪੋਰਟ ਮੌਰਸਬੀ ਦੇ ਨੇੜੇ ਇਕ ਤਟਵਰਤੀ ਪਿੰਡ ਵਿਚ ਯਹੋਵਾਹ ਦੇ ਗਵਾਹਾਂ ਦੇ ਇਕ ਨਿਖੜੇ ਸਮੂਹ ਨੇ 1970 ਦੇ ਦਹਾਕੇ ਦੇ ਮੁੱਢ ਤੋਂ ਵਿਰੋਧ ਦਾ ਸਾਮ੍ਹਣਾ ਕੀਤਾ ਹੈ। ਪਰੰਤੂ, ਹਾਲ ਹੀ ਵਿਚ ਉਨ੍ਹਾਂ ਨੂੰ ਇਕ ਅਕਲਪਿਤ ਸੋਮੇ ਤੋਂ ਮਦਦ ਮਿਲੀ। ਉੱਥੇ ਯੂਨਾਇਟਿਡ ਚਰਚ ਦੇ ਬਿਸ਼ਪ ਨੇ, ਜੋ ਪਾਪੂਆ ਨਿਊ ਗਿਨੀ ਦਾ ਵਸਨੀਕ ਸੀ ਅਤੇ ਵਿਦੇਸ਼ ਵਿਚ ਪੜ੍ਹਿਆ-ਲਿਖਿਆ ਸੀ, ਇਕ ਦਿਨ ਗਿਰਜੇ ਵਿਚ ਹਾਜ਼ਰੀਨ ਨੂੰ ਸਵਾਲ ਪੁੱਛਣ ਲਈ ਸੱਦਾ ਦਿੱਤਾ। ਇਕ ਆਦਮੀ ਨੇ ਪੁੱਛਿਆ: “ਸਾਡੇ ਪਿੰਡ ਵਿਚ ਦੋ ਧਰਮ ਹਨ—ਯੂਨਾਇਟਿਡ ਚਰਚ ਅਤੇ ਯਹੋਵਾਹ ਦੇ ਗਵਾਹ। ਸਾਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਗਵਾਹ ਸਾਡੇ ਘਰ ਆਉਂਦੇ ਹਨ?” ਕਾਫ਼ੀ ਸੋਚ-ਵਿਚਾਰ ਤੋਂ ਬਾਅਦ, ਬਿਸ਼ਪ ਨੇ ਉੱਤਰ ਦਿੱਤਾ: “ਤੁਹਾਨੂੰ ਸੱਚ ਦੱਸਾਂ, ਅਸਲ ਵਿਚ ਮੈਨੂੰ ਨਹੀਂ ਪਤਾ ਕਿ ਤੁਹਾਨੂੰ ਕੀ ਕਹਾਂ। ਹਾਲ ਹੀ ਵਿਚ, ਦੋ ਜਵਾਨ ਗਵਾਹ ਮੇਰੇ ਘਰ ਆਏ। ਉਨ੍ਹਾਂ ਨੇ ਮੈਨੂੰ ਇਕ ਸਵਾਲ ਪੁੱਛਿਆ, ਅਤੇ ਮੇਰੇ ਕੋਲ ਯੂਨੀਵਰਸਿਟੀ ਦੀ ਸਿਖਲਾਈ ਹੋਣ ਦੇ ਬਾਵਜੂਦ ਵੀ, ਮੈਂ ਜਵਾਬ ਨਹੀਂ ਜਾਣਦਾ ਸੀ। ਪਰੰਤੂ ਉਨ੍ਹਾਂ ਨੇ ਸੌਖਿਆਂ ਹੀ ਬਾਈਬਲ ਵਿੱਚੋਂ ਮੈਨੂੰ ਜਵਾਬ ਦਿੱਤਾ। ਇਸ ਲਈ ਮੈਂ ਨਹੀਂ ਦੱਸਾਂਗਾ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ—ਮੈਂ ਫ਼ੈਸਲਾ ਤੁਹਾਡੇ ਉੱਤੇ ਛੱਡਦਾ ਹਾਂ। ਜੇ ਤੁਸੀਂ ਸੁਣਨਾ ਨਹੀਂ ਚਾਹੁੰਦੇ ਹੋ ਤਾਂ ਨਾ ਸੁਣੋ, ਪਰੰਤੂ ਉਨ੍ਹਾਂ ਪ੍ਰਤੀ ਹਿੰਸਕ ਨਾ ਹੋਵੋ।”
ਵਾਚ ਟਾਵਰ ਸੋਸਾਇਟੀ ਦੇ ਇਕ ਸਫ਼ਰੀ ਪ੍ਰਤਿਨਿਧ ਜਿਸ ਨੇ ਗਵਾਹਾਂ ਦੇ ਇਸ ਸਮੂਹ ਨਾਲ ਬਾਅਦ ਵਿਚ ਮੁਲਾਕਾਤ ਕੀਤੀ ਸੀ, ਨੇ ਰਿਪੋਰਟ ਦਿੱਤੀ: “ਜਦੋਂ ਗਵਾਹ ਪ੍ਰਚਾਰ ਕਰਨ ਗਏ, ਤਾਂ ਪਿੰਡ ਵਿਚ ਤਕਰੀਬਨ ਹਰ ਇਕ ਨੇ ਉਨ੍ਹਾਂ ਦੀ ਗੱਲ ਸੁਣੀ। ਕੁਝ ਇਕ ਨੇ ਉਨ੍ਹਾਂ ਨੂੰ ਆਪਣੇ ਘਰਾਂ ਅੰਦਰ ਵੀ ਬੁਲਾਇਆ। ਇਹ ਹੁਣ ਪ੍ਰਚਾਰ ਕੰਮ ਕਰਨ ਲਈ ਇਕ ਪਰਾਦੀਸ ਹੈ।”