ਖ਼ੁਸ਼ੀ—ਪ੍ਰਾਪਤ ਕਰਨੀ ਕਿੰਨੀ ਮੁਸ਼ਕਲ
ਗੁੱਸਾ, ਚਿੰਤਾ, ਅਤੇ ਹਤਾਸ਼ਾ ਲੰਬੇ ਸਮੇਂ ਤੋਂ ਵਿਗਿਆਨਕ ਛਾਣ-ਬੀਣ ਦੇ ਵਿਸ਼ੇ ਰਹੇ ਹਨ। ਪਰੰਤੂ, ਹਾਲ ਹੀ ਦੇ ਸਾਲਾਂ ਵਿਚ, ਉੱਘੇ ਵਿਗਿਆਨੀ ਆਪਣੀ ਖੋਜ ਨੂੰ ਇਕ ਸਕਾਰਾਤਮਕ ਅਤੇ ਇੱਛਿਤ ਮਾਨਵੀ ਅਨੁਭਵ—ਖ਼ੁਸ਼ੀ—ਉੱਤੇ ਕੇਂਦ੍ਰਿਤ ਕਰ ਰਹੇ ਹਨ।
ਲੋਕਾਂ ਨੂੰ ਕਿਹੜੀ ਚੀਜ਼ ਜ਼ਿਆਦਾ ਖ਼ੁਸ਼ ਕਰ ਸਕਦੀ ਹੈ? ਜੇ ਉਹ ਜਵਾਨ ਹੁੰਦੇ, ਜ਼ਿਆਦਾ ਅਮੀਰ ਹੁੰਦੇ, ਜ਼ਿਆਦਾ ਸਿਹਤਮੰਦ ਹੁੰਦੇ, ਜ਼ਿਆਦਾ ਲੰਬੇ ਹੁੰਦੇ, ਜਾਂ ਜ਼ਿਆਦਾ ਪਤਲੇ ਹੁੰਦੇ? ਸੱਚੀ ਖ਼ੁਸ਼ੀ ਦਾ ਰਾਜ਼ ਕੀ ਹੈ? ਜ਼ਿਆਦਾਤਰ ਲੋਕ ਇਸ ਸਵਾਲ ਦਾ ਜਵਾਬ ਦੇਣਾ ਜੇਕਰ ਅਸੰਭਵ ਨਹੀਂ, ਤਾਂ ਮੁਸ਼ਕਲ ਜ਼ਰੂਰ ਪਾਉਂਦੇ ਹਨ। ਖ਼ੁਸ਼ੀ ਲੱਭਣ ਵਿਚ ਵਿਆਪਕ ਅਸਫ਼ਲਤਾ ਉੱਤੇ ਵਿਚਾਰ ਕਰਦੇ ਹੋਏ, ਸ਼ਾਇਦ ਕੁਝ ਇਸ ਸਵਾਲ ਦਾ ਜਵਾਬ ਦੇਣਾ ਜ਼ਿਆਦਾ ਸੌਖਾ ਪਾਉਣ ਕਿ ਕਿਹੜੀ ਚੀਜ਼ ਖ਼ੁਸ਼ੀ ਦਾ ਰਾਜ਼ ਨਹੀਂ ਹੈ।
ਲੰਬੇ ਸਮੇਂ ਤੋਂ, ਉੱਘੇ ਮਨੋ-ਵਿਗਿਆਨੀਆਂ ਨੇ ਖ਼ੁਸ਼ੀ ਪ੍ਰਾਪਤ ਕਰਨ ਦੇ ਰਾਜ ਵਜੋਂ ਸਵੈ-ਕੇਂਦ੍ਰਿਤ ਫ਼ਲਸਫ਼ੇ ਦੀ ਸਲਾਹ ਦਿੱਤੀ। ਉਹ ਨਾਖ਼ੁਸ਼ ਲੋਕਾਂ ਨੂੰ ਸਿਰਫ਼ ਆਪਣੀਆਂ ਵਿਅਕਤੀਗਤ ਜ਼ਰੂਰਤਾਂ ਪੂਰੀਆਂ ਕਰਨ ਉੱਤੇ ਧਿਆਨ ਕੇਂਦ੍ਰਿਤ ਕਰਨ ਦੀ ਸਲਾਹ ਦਿੰਦੇ ਸਨ। ਆਕਰਸ਼ਕ ਵਾਕ ਜਿਵੇਂ “ਆਪਣੀ ਸ਼ਖ਼ਸੀਅਤ ਪ੍ਰਗਟ ਕਰੋ,” “ਆਪਣੀਆਂ ਭਾਵਨਾਵਾਂ ਨੂੰ ਜਾਣੋ,” ਅਤੇ “ਆਪਣੇ ਆਪ ਨੂੰ ਪਛਾਣੋ,” ਮਨੋਰੋਗ-ਚਿਕਿਤਸਾ ਵਿਚ ਵਰਤੇ ਜਾਂਦੇ ਸਨ। ਪਰੰਤੂ, ਕੁਝ ਉੱਘੇ ਮਾਹਰ ਜਿਨ੍ਹਾਂ ਨੇ ਇਸ ਮਨੋਬਿਰਤੀ ਨੂੰ ਉਤਸ਼ਾਹਿਤ ਕੀਤਾ ਸੀ, ਹੁਣ ਸਹਿਮਤ ਹਨ ਕਿ ਅਜਿਹਾ ਵਿਅਕਤੀਵਾਦੀ ਰਵੱਈਆ ਸਦੀਵੀ ਖ਼ੁਸ਼ੀ ਨਹੀਂ ਲਿਆਉਂਦਾ ਹੈ। ਖ਼ੁਦਪਰਸਤੀ ਆਖ਼ਰ ਵਿਚ ਦੁੱਖ ਅਤੇ ਨਾਖ਼ੁਸ਼ੀ ਲਿਆਵੇਗੀ। ਸੁਆਰਥ ਖ਼ੁਸ਼ੀ ਦਾ ਰਾਜ਼ ਨਹੀਂ ਹੈ।
ਨਾਖ਼ੁਸ਼ੀ ਦਾ ਰਾਜ਼
ਜੋ ਲੋਕ ਸੁਖ-ਵਿਲਾਸ ਦਾ ਪਿੱਛਾ ਕਰਨ ਦੁਆਰਾ ਖ਼ੁਸ਼ੀ ਦੀ ਭਾਲ ਕਰਦੇ ਹਨ, ਉਹ ਗ਼ਲਤ ਜਗ੍ਹਾ ਵਿਚ ਲੱਭ ਰਹੇ ਹਨ। ਪ੍ਰਾਚੀਨ ਇਸਰਾਏਲ ਦੇ ਬੁੱਧੀਮਾਨ ਰਾਜਾ ਸੁਲੇਮਾਨ ਦੀ ਉਦਾਹਰਣ ਉੱਤੇ ਵਿਚਾਰ ਕਰੋ। ਬਾਈਬਲ ਦੀ ਉਪਦੇਸ਼ਕ ਦੀ ਪੋਥੀ ਵਿਚ, ਉਹ ਵਿਆਖਿਆ ਕਰਦਾ ਹੈ: “ਸਭ ਕੁਝ ਜੋ ਮੇਰੀਆਂ ਅੱਖੀਆਂ ਮੰਗਦੀਆਂ ਸਨ ਮੈਂ ਓਹਨਾਂ ਕੋਲੋਂ ਪਰੇ ਨਹੀਂ ਰੱਖਿਆ। ਮੈਂ ਆਪਣੇ ਮਨ ਨੂੰ ਕਿਸੇ ਤਰਾਂ ਦੇ ਅਨੰਦ ਤੋਂ ਨਹੀਂ ਵਰਜਿਆ ਕਿਉਂ ਜੋ ਮੇਰਾ ਮਨ ਮੇਰੀ ਸਾਰੀ ਮਿਹਨਤ ਨਾਲ ਰਾਜ਼ੀ ਰਿਹਾ ਅਤੇ ਮੇਰੀ ਸਾਰੀ ਮਿਹਨਤ ਵਿੱਚ ਮੇਰਾ ਇਹੋ ਹਿੱਸਾ ਸੀ।” (ਉਪਦੇਸ਼ਕ ਦੀ ਪੋਥੀ 2:10) ਸੁਲੇਮਾਨ ਨੇ ਆਪਣੇ ਲਈ ਘਰ ਬਣਾਏ, ਦਾਖ ਦੀਆਂ ਵਾੜੀਆਂ ਲਾਈਆਂ, ਅਤੇ ਆਪਣੇ ਲਈ ਬਾਗ਼-ਬਗ਼ੀਚੇ ਲਾਏ, ਅਤੇ ਤਲਾਬ ਬਣਾਏ। (ਉਪਦੇਸ਼ਕ ਦੀ ਪੋਥੀ 2:4-6) ਉਸ ਨੇ ਇਕ ਵਾਰ ਪੁੱਛਿਆ: “ਮੇਰੇ ਤੋਂ ਚੰਗਾ ਕੌਣ ਖਾਂਦਾ-ਪੀਂਦਾ ਹੈ?” (ਉਪਦੇਸ਼ਕ ਦੀ ਪੋਥੀ 2:25, ਨਿ ਵ) ਸਭ ਤੋਂ ਚੰਗੇ ਗਵੱਈਏ ਅਤੇ ਸੰਗੀਤਕਾਰਾਂ ਨੇ ਉਸ ਦਾ ਦਿਲਪਰਚਾਵਾ ਕੀਤਾ, ਅਤੇ ਉਸ ਨੇ ਦੇਸ਼ ਦੀਆਂ ਸਭ ਤੋਂ ਸੁੰਦਰ ਔਰਤਾਂ ਦਾ ਸਾਥ ਮਾਣਿਆ।—ਉਪਦੇਸ਼ਕ ਦੀ ਪੋਥੀ 2:8.
ਕਹਿਣ ਦਾ ਭਾਵ ਇਹ ਹੈ ਕਿ ਸੁਲੇਮਾਨ ਨੂੰ ਜਦੋਂ ਆਨੰਦ ਕਰਨ ਦਾ ਮੌਕਾ ਮਿਲਿਆ, ਤਾਂ ਉਹ ਝਿਜਕਿਆ ਨਹੀਂ। ਆਪਣੇ ਜੀਵਨ ਵਿਚ ਇੰਨਾ ਆਨੰਦ ਕਰਨ ਤੋਂ ਬਾਅਦ ਉਹ ਕਿਹੜੇ ਸਿੱਟੇ ਉੱਤੇ ਪਹੁੰਚਿਆ? ਉਸ ਨੇ ਕਿਹਾ: “ਮੈਂ ਓਹਨਾਂ ਸਭਨਾਂ ਕੰਮਾਂ ਨੂੰ ਜੋ ਮੇਰਿਆ ਹੱਥਾਂ ਨੇ ਕੀਤੇ ਸਨ ਅਤੇ ਉਸ ਮਿਹਨਤ ਨੂੰ ਜੋ ਮੈਂ ਕੰਮ ਕਰਨ ਦੇ ਵਿੱਚ ਕੀਤੀ ਸੀ ਡਿੱਠਾ, ਅਤੇ ਵੇਖੋ, ਓਹ ਸਾਰਿਆਂ ਦੇ ਸਾਰੇ ਵਿਅਰਥ ਅਤੇ ਹਵਾ ਦਾ ਫੱਕਣਾ ਸੀ ਅਤੇ ਸੂਰਜ ਦੇ ਹੇਠ ਕੋਈ ਲਾਭ ਨਹੀਂ ਸੀ।”—ਉਪਦੇਸ਼ਕ ਦੀ ਪੋਥੀ 2:11.
ਉਸ ਬੁੱਧੀਮਾਨ ਰਾਜੇ ਦੇ ਸਿੱਟੇ ਅੱਜ ਵੀ ਠੀਕ ਸਾਬਤ ਹੁੰਦੇ ਹਨ। ਸੰਯੁਕਤ ਰਾਜ ਅਮਰੀਕਾ ਵਰਗੇ ਅਮੀਰ ਦੇਸ਼ ਦੀ ਉਦਾਹਰਣ ਉੱਤੇ ਵਿਚਾਰ ਕਰੋ। ਪਿਛਲੇ 30 ਸਾਲਾਂ ਦੌਰਾਨ, ਅਮਰੀਕੀ ਲੋਕਾਂ ਨੇ ਆਪਣੀ ਭੌਤਿਕ ਸੰਪਤੀ ਲਗਭਗ ਦੁਗਣੀ ਕਰ ਲਈ ਹੈ, ਜਿਵੇਂ ਕਿ ਗੱਡੀਆਂ, ਅਤੇ ਟੈਲੀਵਿਯਨ। ਫਿਰ ਵੀ, ਮਾਨਸਿਕ-ਸਿਹਤ ਮਾਹਰਾਂ ਦੇ ਅਨੁਸਾਰ, ਅਮਰੀਕੀ ਲੋਕ ਪਹਿਲਾਂ ਨਾਲੋਂ ਜ਼ਿਆਦਾ ਖ਼ੁਸ਼ ਨਹੀਂ ਹਨ। ਇਕ ਸੋਮੇ ਅਨੁਸਾਰ, “ਇਸੇ ਸਮੇਂ ਦੌਰਾਨ, ਹਤਾਸ਼ਾ ਦੀ ਦਰ ਬਹੁਤ ਜ਼ਿਆਦਾ ਵਧੀ ਹੈ। ਕਿਸ਼ੋਰਾਂ ਵਿਚ ਆਤਮ-ਹੱਤਿਆ ਦੀ ਗਿਣਤੀ ਤਿੰਨ ਗੁਣਾ ਵੱਧ ਗਈ ਹੈ। ਤਲਾਕ ਦੀ ਦਰ ਦੁਗਣੀ ਹੋ ਗਈ ਹੈ।” ਕੁਝ 50 ਵੱਖਰੇ-ਵੱਖਰੇ ਦੇਸ਼ਾਂ ਦੇ ਲੋਕਾਂ ਵਿਚ ਪੈਸੇ ਅਤੇ ਖ਼ੁਸ਼ੀ ਵਿਚਕਾਰ ਪਰਸਪਰ ਸੰਬੰਧ ਦਾ ਅਧਿਐਨ ਕਰਨ ਤੋਂ ਬਾਅਦ ਖੋਜਕਾਰ ਹਾਲ ਹੀ ਵਿਚ ਸਮਾਨ ਨਤੀਜਿਆਂ ਉੱਤੇ ਪਹੁੰਚੇ ਹਨ। ਸਾਧਾਰਣ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਤੁਸੀਂ ਖ਼ੁਸ਼ੀ ਨਹੀਂ ਖ਼ਰੀਦ ਸਕਦੇ ਹੋ।
ਇਸ ਦੇ ਉਲਟ, ਧਨ ਦਾ ਪਿੱਛਾ ਕਰਨ ਨੂੰ ਸਹੀ-ਸਹੀ ਨਾਖ਼ੁਸ਼ੀ ਦਾ ਰਾਜ਼ ਕਿਹਾ ਜਾ ਸਕਦਾ ਹੈ। ਪੌਲੁਸ ਰਸੂਲ ਨੇ ਚੇਤਾਵਨੀ ਦਿੱਤੀ: “ਓਹ ਜਿਹੜੇ ਧਨਵਾਨ ਬਣਿਆ ਚਾਹੁੰਦੇ ਹਨ ਸੋ ਪਰਤਾਵੇ ਅਤੇ ਫਾਹੀ ਵਿੱਚ ਅਤੇ ਬਹੁਤਿਆਂ ਮੂਰਖਪੁਣੇ ਦਿਆਂ ਅਤੇ ਨੁਕਸਾਨ ਕਰਨ ਵਾਲਿਆਂ ਵਿਸ਼ਿਆਂ ਵਿੱਚ ਪੈਂਦੇ ਹਨ ਜੋ ਮਨੁੱਖਾਂ ਨੂੰ ਤਬਾਹੀ ਅਤੇ ਨਾਸ ਦੇ ਸਮੁੰਦਰ ਵਿੱਚ ਡੋਬ ਦਿੰਦੇ ਹਨ। ਕਿਉਂ ਜੋ ਮਾਇਆ ਦਾ ਲੋਭ ਹਰ ਪਰਕਾਰ ਦੀਆਂ ਬੁਰਿਆਈਆਂ ਦੀ ਜੜ੍ਹ ਹੈ ਅਤੇ ਕਈ ਲੋਕ ਉਹ ਨੂੰ ਲੋਚਦਿਆਂ ਨਿਹਚਾ ਦੇ ਰਾਹੋਂ ਘੁੱਥ ਗਏ ਅਤੇ ਆਪਣੇ ਆਪ ਨੂੰ ਅਨੇਕ ਗਮਾਂ ਦਿਆਂ ਤੀਰਾਂ ਨਾਲ ਵਿੰਨ੍ਹਿਆ ਹੈ।”—1 ਤਿਮੋਥਿਉਸ 6:9, 10.
ਨਾ ਧਨ, ਨਾ ਸਿਹਤ, ਨਾ ਜਵਾਨੀ, ਨਾ ਸੁੰਦਰਤਾ, ਨਾ ਤਾਕਤ, ਅਤੇ ਨਾ ਹੀ ਇਹ ਚੀਜ਼ਾਂ ਮਿਲ ਕੇ ਸਦੀਵੀ ਖ਼ੁਸ਼ੀ ਦੀ ਗਾਰੰਟੀ ਦੇ ਸਕਦੀਆਂ ਹਨ। ਕਿਉਂ ਨਹੀਂ? ਕਿਉਂਕਿ ਸਾਡੇ ਕੋਲ ਦੁਰਘਟਨਾਵਾਂ ਨੂੰ ਵਾਪਰਨ ਤੋਂ ਰੋਕਣ ਦੀ ਤਾਕਤ ਨਹੀਂ ਹੈ। ਰਾਜਾ ਸੁਲੇਮਾਨ ਨੇ ਉਚਿਤ ਢੰਗ ਨਾਲ ਟਿੱਪਣੀ ਕੀਤੀ: “ਮਨੁੱਖ ਆਪਣਾ ਸਮਾ ਵੀ ਨਹੀਂ ਸਿਆਣਦਾ, ਜਿੱਕਰ ਮੱਛੀਆਂ ਜਿਹੜੀਆਂ ਬਿਪਤਾ ਦੇ ਜਾਲ ਵਿੱਚ ਫਸ ਜਾਂਦੀਆਂ ਹਨ ਅਤੇ ਜਿੱਕਰ ਪੰਛੀ ਫਾਹੀ ਵਿੱਚ ਫਸ ਜਾਂਦੇ ਹਨ ਤਿਹਾ ਹੀ ਆਦਮ ਵੰਸੀ ਵੀ ਬਲਾ ਵਿੱਚ ਜਦ ਅੱਚਣਚੇਤ ਓਹਨਾਂ ਉੱਤੇ ਆ ਪੈਂਦੀ ਹੈ ਫਸ ਜਾਂਦੇ ਹਨ।”—ਉਪਦੇਸ਼ਕ ਦੀ ਪੋਥੀ 9:12.
ਮੁਸ਼ਕਲ ਨਾਲ ਪ੍ਰਾਪਤ ਹੋਣ ਵਾਲਾ ਟੀਚਾ
ਭਾਵੇਂ ਕਿੰਨੀ ਵੀ ਵਿਗਿਆਨਕ ਖੋਜ ਕੀਤੀ ਜਾਵੇ, ਮਨੁੱਖ ਖ਼ੁਸ਼ੀ ਪ੍ਰਾਪਤ ਕਰਨ ਦਾ ਫ਼ਾਰਮੂਲਾ ਜਾਂ ਢੰਗ ਨਹੀਂ ਸੁਝਾ ਸਕਦੇ ਹਨ। ਸੁਲੇਮਾਨ ਨੇ ਇਹ ਵੀ ਕਿਹਾ ਸੀ: “ਮੈਂ ਮੁੜ ਕੇ ਸੂਰਜ ਦੇ ਹੇਠ ਡਿੱਠਾ ਭਈ ਨਾ ਤਾਂ ਕਾਹਲੇ ਦੇ ਲਈ ਦੌੜ ਹੈ, ਨਾ ਸੂਰਮੇ ਦੇ ਲਈ ਜੁੱਧ, ਸਗੋਂ ਬੁੱਧਵਾਨ ਲਈ ਰੋਟੀ ਵੀ ਨਹੀਂ, ਨਾ ਮੱਤ ਵਾਲਿਆਂ ਨੂੰ ਧਨ ਨਾ ਹੀ ਚਤਰਿਆਂ ਨੂੰ ਕਿਰਪਾ ਪਰ ਇਨ੍ਹਾਂ ਸਭਨਾਂ ਨੂੰ ਸਮੇਂ ਸਿਰ ਅਤੇ ਮੌਕੇ ਨਾਲ ਮਿਲਦਾ ਹੈ।”—ਉਪਦੇਸ਼ਕ ਦੀ ਪੋਥੀ 9:11.
ਬਹੁਤ ਸਾਰੇ ਵਿਅਕਤੀਆਂ ਨੇ, ਜਿਹੜੇ ਉੱਪਰ ਦਿੱਤੇ ਗਏ ਸ਼ਬਦਾਂ ਨਾਲ ਸਹਿਮਤ ਹਨ, ਸਿੱਟਾ ਕੱਢਿਆ ਹੈ ਕਿ ਅਸਲੀ ਖ਼ੁਸ਼ਹਾਲ ਜੀਵਨ ਦੀ ਆਸ ਕਰਨੀ ਅਨੁਚਿਤ ਹੈ। ਇਕ ਉੱਘੇ ਸਿੱਖਿਅਕ ਨੇ ਕਿਹਾ ਕਿ “ਖ਼ੁਸ਼ੀ ਇਕ ਕਲਪਿਤ ਪਰਿਸਥਿਤੀ ਹੈ।” ਦੂਸਰੇ ਮੰਨਦੇ ਹਨ ਕਿ ਖ਼ੁਸ਼ੀ ਦਾ ਰਾਜ਼ ਇਕ ਗੁੱਝਾ ਭੇਤ ਹੈ, ਕਿ ਭੇਤ ਨੂੰ ਬੁੱਝਣ ਦੀ ਯੋਗਤਾ ਸ਼ਾਇਦ ਬੌਧਿਕ ਤੌਰ ਤੇ ਗੁਣੀ ਅਧਿਆਤਮਵਾਦੀਆਂ ਤਕ ਹੀ ਸੀਮਿਤ ਹੈ।
ਅਜੇ ਵੀ, ਖ਼ੁਸ਼ੀ ਦੀ ਭਾਲ ਵਿਚ, ਲੋਕ ਵੱਖ-ਵੱਖ ਤਰ੍ਹਾਂ ਦੇ ਜੀਵਨ-ਢੰਗਾਂ ਨੂੰ ਪਰਖ ਰਹੇ ਹਨ। ਆਪਣੇ ਪੂਰਵਜਾਂ ਦੀ ਅਸਫ਼ਲਤਾ ਦੇ ਬਾਵਜੂਦ, ਅੱਜ ਵੀ ਬਹੁਤ ਸਾਰੇ ਆਪਣੀ ਨਾਖ਼ੁਸ਼ੀ ਦੇ ਇਲਾਜ ਵਜੋਂ ਧਨ, ਤਾਕਤ, ਸਿਹਤ, ਜਾਂ ਸੁਖ-ਵਿਲਾਸ ਦਾ ਪਿੱਛਾ ਕਰਦੇ ਹਨ। ਖੋਜ ਜਾਰੀ ਹੈ ਕਿਉਂਕਿ ਜ਼ਿਆਦਾਤਰ ਲੋਕ ਆਪਣੇ ਦਿਲਾਂ ਅੰਦਰ ਮੰਨਦੇ ਹਨ ਕਿ ਸਦੀਵੀ ਖ਼ੁਸ਼ੀ ਮਹਿਜ਼ ਇਕ ਕਲਪਿਤ ਪਰਿਸਥਿਤੀ ਹੀ ਨਹੀਂ ਹੈ। ਉਹ ਉਮੀਦ ਕਰਦੇ ਹਨ ਕਿ ਖ਼ੁਸ਼ੀ ਹੱਥ ਨਾ ਆਉਣ ਵਾਲਾ ਇਕ ਸੁਪਨਾ ਨਹੀਂ ਹੈ। ਫਿਰ ਤੁਸੀਂ ਸ਼ਾਇਦ ਪੁੱਛੋ, ‘ਮੈਂ ਇਸ ਨੂੰ ਕਿਵੇਂ ਪ੍ਰਾਪਤ ਕਰ ਸਕਦਾ ਹਾਂ?’