ਕੀ ਤੁਸੀਂ ਆਸ਼ਾਵਾਦੀ ਜਾਂ ਨਿਰਾਸ਼ਾਵਾਦੀ ਹੋ?
“ਉਹ ਸਭ ਤੋਂ ਵਧੀਆ ਸਮਾਂ ਸੀ, ਉਹ ਸਭ ਤੋਂ ਬੁਰਾ ਸਮਾਂ ਸੀ, . . . ਉਹ ਉਮੀਦਾਂ ਦੀ ਬਹਾਰ ਸੀ, ਉਹ ਨਿਰਾਸ਼ਾ ਦੀ ਪਤਝੜ ਸੀ, ਸਾਡੇ ਕੋਲ ਸਭ ਕੁਝ ਸੀ, ਸਾਡੇ ਹੱਥ ਬਿਲਕੁਲ ਖਾਲੀ ਸਨ।” ਚਾਰਲਸ ਡਿਕਨਸ ਦੀ ਸਾਹਿੱਤਕ ਸ਼ਾਹਕਾਰ ਕਿਤਾਬ ਦੋ ਸ਼ਹਿਰਾਂ ਦੀ ਕਹਾਣੀ (ਅੰਗ੍ਰੇਜ਼ੀ) ਦੇ ਆਰੰਭਕ ਸ਼ਬਦਾਂ ਨੇ ਕੁਸ਼ਲਤਾ ਨਾਲ ਸਪੱਸ਼ਟ ਕੀਤਾ ਕਿ ਘਟਨਾਵਾਂ ਸਾਡੀ ਸੋਚ, ਸਾਡੀਆਂ ਭਾਵਨਾਵਾਂ, ਅਤੇ ਸਾਡੇ ਨਜ਼ਰੀਏ ਨੂੰ ਕਿਸ ਤਰ੍ਹਾਂ ਦੋ ਵਿਰੋਧੀ ਤਰੀਕਿਆਂ ਵਿਚ ਪ੍ਰਭਾਵਿਤ ਕਰ ਸਕਦੀਆਂ ਹਨ।
ਜ਼ਿਕਰ ਕੀਤੇ ਗਏ ਦੋ ਸ਼ਹਿਰ ਫਰਾਂਸੀਸੀ ਇਨਕਲਾਬ ਦੀ ਗੜਬੜ ਦੇ ਦੌਰਾਨ ਲੰਡਨ ਅਤੇ ਪੈਰਿਸ ਸਨ। ਅਠਾਰ੍ਹਵੀਂ ਸਦੀ ਵਿਚ ਫਰਾਂਸ ਦੇ ਦੱਬੇ-ਕੁਚਲੇ ਨਾਗਰਿਕਾਂ ਲਈ, ਮਨੁੱਖੀ ਅਧਿਕਾਰਾਂ ਦਾ ਇਨਕਲਾਬੀ ਐਲਾਨ ਸੱਚ-ਮੁੱਚ “ਉਮੀਦਾਂ ਦੀ ਬਹਾਰ” ਸੀ। ਪਰੰਤੂ ਪੁਰਾਣੀ ਰਾਜਨੀਤਿਕ ਅਤੇ ਸਮਾਜਕ ਵਿਵਸਥਾ ਲਈ, ਜਾਂ ਖ਼ਤਮ ਹੋ ਰਹੀ ਰਾਜਨੀਤਿਕ ਪ੍ਰਣਾਲੀ ਲਈ, ਮੌਤ ਅਤੇ ਵਿਨਾਸ਼ ਵੱਲ ਲੈ ਜਾਣ ਵਾਲੀ ਇਹ “ਨਿਰਾਸ਼ਾ ਦੀ ਪਤਝੜ” ਸੀ।
ਆਸ਼ਾਵਾਦ ਜਾਂ ਨਿਰਾਸ਼ਾਵਾਦ? ਇਹ ਸਭ ਇਸ ਉੱਤੇ ਨਿਰਭਰ ਕਰਦਾ ਸੀ ਕਿ ਤੁਸੀਂ ਕਿਸ ਦਾ ਪੱਖ ਪੂਰਦੇ ਸੀ। ਅਤੇ ਇਹ ਹੁਣ ਵੀ ਇਸੇ ਤਰ੍ਹਾਂ ਹੈ।
ਸਵੈ-ਜਾਂਚ ਦਾ ਸਮਾਂ
ਕੀ ਤੁਸੀਂ ਆਸ਼ਾਵਾਦੀ ਹੋ? ਕੀ ਤੁਸੀਂ ਜੀਵਨ ਵਿਚ ਹਮੇਸ਼ਾ ਵਧੀਆ ਗੱਲਾਂ ਦੀ ਆਸ ਰੱਖਦੇ ਹੋ? ਜਾਂ ਕੀ ਤੁਹਾਡਾ ਝੁਕਾਅ ਨਿਰਾਸ਼ਾਵਾਦੀ ਹੈ, ਆਪਣੀਆਂ ਸੰਭਾਵਨਾਵਾਂ ਨੂੰ ਹਮੇਸ਼ਾ ਨਕਾਰਾਤਮਕ ਨਜ਼ਰ ਤੋਂ ਦੇਖਦੇ ਹੋ, ਅਤੇ ਵਧੀਆ ਸਿੱਟੇ ਦੀ ਉਮੀਦ ਰੱਖਦੇ ਹੋਏ ਵੀ ਬੁਰੇ ਦੀ ਆਸ ਰੱਖਦੇ ਹੋ?
ਸੱਠ ਸਾਲ ਪਹਿਲਾਂ ਅਮਰੀਕੀ ਨਾਵਲਕਾਰ ਜੇਮਜ਼ ਬਰੈਂਚ ਕੇਬਲ ਨੇ ਦੋ ਵਿਰੋਧੀ ਫ਼ਲਸਫ਼ਿਆਂ ਦਾ ਇਸ ਤਰੀਕੇ ਨਾਲ ਸਾਰਾਂਸ਼ ਪੇਸ਼ ਕੀਤਾ: “ਆਸ਼ਾਵਾਦੀ ਕਹਿੰਦਾ ਹੈ ਕਿ ਅਸੀਂ ਸਭ ਤੋਂ ਬਿਹਤਰ ਸੰਸਾਰ ਵਿਚ ਜੀ ਰਹੇ ਹਾਂ; ਅਤੇ ਨਿਰਾਸ਼ਾਵਾਦੀ ਡਰਦਾ ਹੈ ਕਿ ਕਿਤੇ ਇਹ ਸੱਚ ਹੀ ਨਾ ਹੋਵੇ।” ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਇਹ ਨਜ਼ਰੀਆ ਥੋੜ੍ਹਾ ਸਨਕੀ ਹੈ, ਤਾਂ ਅੱਜ ਦੇ ਸੰਸਾਰ ਦੇ ਸਿਰਫ਼ ਤਿੰਨ ਪਹਿਲੂਆਂ ਦੇ ਪੱਖ-ਵਿਪੱਖ ਦੀ ਜਾਂਚ ਕਰੋ ਜੋ ਥੱਲੇ ਦਿੱਤੇ ਗਏ ਹਨ। ਫਿਰ ਆਪਣੀਆਂ ਸੋਚਾਂ ਦੀ ਜਾਂਚ ਕਰੋ, ਅਤੇ ਆਪਣੇ ਆਪ ਨੂੰ ਪੁੱਛੋ, ‘ਕੀ ਮੈਂ ਆਸ਼ਾਵਾਦੀ ਹਾਂ ਜਾਂ ਨਿਰਾਸ਼ਾਵਾਦੀ?’
ਸਥਾਈ ਸ਼ਾਂਤੀ: ਤੁਸੀਂ ਸੰਸਾਰ ਦੇ ਕਿੰਨੇ ਗੜਬੜ ਭਰੇ ਖੇਤਰਾਂ ਦੇ ਨਾਂ ਦੱਸ ਸਕਦੇ ਹੋ? ਆਇਰਲੈਂਡ, ਸਾਬਕਾ ਯੂਗੋਸਲਾਵੀਆ, ਮੱਧ ਪੂਰਬ, ਬੁਰੁੰਡੀ, ਰਵਾਂਡਾ—ਇਹ ਨਾਂ ਫਟਾਫਟ ਮਨ ਵਿਚ ਆਉਂਦੇ ਹਨ। ਕੀ ਸਥਾਈ, ਵਿਸ਼ਵ-ਵਿਆਪੀ ਸ਼ਾਂਤੀ ਯਕੀਨੀ ਬਣਾਉਣ ਲਈ ਇਨ੍ਹਾਂ ਅਤੇ ਦੂਸਰੇ ਸੰਘਰਸ਼ਾਂ ਨੂੰ ਕਦੀ ਖ਼ਤਮ ਕੀਤਾ ਜਾ ਸਕਦਾ ਹੈ? ਕੀ ਸੰਸਾਰ ਸ਼ਾਂਤੀ ਵੱਲ ਵੱਧ ਰਿਹਾ ਹੈ?
ਆਰਥਿਕ ਸਥਿਰਤਾ: 1999 ਤਕ ਆਰਥਿਕ ਏਕਤਾ ਦੀ ਉਮੀਦ ਰੱਖਦੇ ਹੋਏ, ਯੂਰਪੀ ਸੰਘ ਦੇ ਦੇਸ਼ ਮੁਦਰਾ-ਪਸਾਰ ਅਤੇ ਜਨਤਾ ਤੋਂ ਉਧਾਰ ਲੈਣ ਦੀਆਂ ਸਮੱਸਿਆਵਾਂ ਨਾਲ ਸਿੱਝਣ ਲਈ ਗੰਭੀਰ ਕਦਮ ਚੁੱਕ ਰਹੇ ਹਨ। ਹੋਰ ਕਿਧਰੇ, ਭ੍ਰਿਸ਼ਟਾਚਾਰ ਕਈ ਅਮਰੀਕੀ ਅਤੇ ਅਫ਼ਰੀਕੀ ਦੇਸ਼ਾਂ ਦੇ ਆਰਥਿਕ ਢਾਂਚੇ ਨੂੰ ਕਮਜ਼ੋਰ ਕਰ ਰਿਹਾ ਹੈ, ਜਿੱਥੇ ਮੁਦਰਾ-ਪਸਾਰ ਲੋਕਾਂ ਉੱਤੇ ਕਾਫ਼ੀ ਅਸਹਿ ਬੋਝ ਪਾਉਂਦਾ ਹੈ ਅਤੇ ਨਸਲੀ ਸਮੱਸਿਆਵਾਂ ਅਜੇ ਵੀ ਲੋਕਾਂ ਵਿਚ ਫੁੱਟ ਪਾਉਂਦੀਆਂ ਹਨ। ਕੀ ਵਿਸ਼ਵ-ਵਿਆਪੀ ਆਰਥਿਕ ਸਥਿਰਤਾ ਨੇੜੇ ਹੈ?
ਬੇਰੁਜ਼ਗਾਰੀ: 1997 ਦੀ ਕੌਮੀ ਚੋਣ ਵਿਚ, ਬਰਤਾਨਵੀ ਗਿਰਜੇ ਇਸ ਗੱਲ ਉੱਤੇ ਜ਼ੋਰ ਦੇਣ ਲਈ ਇਕਮੁੱਠ ਹੋਏ ਕਿ ਤਮਾਮ ਰਾਜਨੀਤਿਕ ਪਾਰਟੀਆਂ ਸਾਰਿਆਂ ਨੂੰ ਨੌਕਰੀ ਦੇਣਾ ਆਪਣੇ ਏਜੰਡੇ ਵਿਚ ਸਭ ਤੋਂ ਪਹਿਲਾਂ ਰੱਖਣ। ਪਰੰਤੂ ਸੰਸਾਰ ਦੇ ਲਗਭਗ 30 ਫੀ ਸਦੀ ਕਾਮੇ ਬੇਰੁਜ਼ਗਾਰ ਹਨ ਜਾਂ ਸਿਰਫ਼ ਛੋਟੇ-ਮੋਟੇ ਰੁਜ਼ਗਾਰ ਤੇ ਲੱਗੇ ਹਨ। ਇਸ ਸਥਿਤੀ ਵਿਚ, ਕੀ ਸਥਾਈ, ਪੂਰਣ ਰੁਜ਼ਗਾਰ ਦਾ ਟੀਚਾ ਪ੍ਰਾਪਤ ਹੋ ਸਕਦਾ ਹੈ—ਖ਼ਾਸ ਕਰਕੇ ਨੌਜਵਾਨਾਂ ਲਈ?
ਨਿਰਾਸ਼ਾਵਾਦੀ ਮਹਿਸੂਸ ਕਰਨਾ ਕਿੰਨਾ ਆਸਾਨ ਹੈ! ਫਿਰ ਵੀ ਇਕ ਖ਼ੁਸ਼ੀ ਵਾਲਾ ਪਹਿਲੂ ਹੈ, ਅਤੇ ਅਸੀਂ ਤੁਹਾਨੂੰ ਇਹ ਵਿਚਾਰ ਕਰਨ ਲਈ ਸੱਦਾ ਦਿੰਦੇ ਹਾਂ ਕਿ ਆਸ਼ਾਵਾਦੀ ਨਜ਼ਰੀਆ ਵਿਕਸਿਤ ਕਰਨਾ ਕਿਵੇਂ ਸੰਭਵ ਹੈ।
[ਸਫ਼ੇ 3 ਉੱਤੇ ਤਸਵੀਰ]
ਫਰਾਂਸੀਸੀ ਇਨਕਲਾਬ
[ਕ੍ਰੈਡਿਟ ਲਾਈਨ]
ਕਿਤਾਬ Pictorial History of the World ਵਿੱਚੋਂ