ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w98 2/1 ਸਫ਼ੇ 4-6
  • ਆਸ਼ਾਵਾਦ ਲਈ ਅੱਜ ਠੋਸ ਆਧਾਰ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਆਸ਼ਾਵਾਦ ਲਈ ਅੱਜ ਠੋਸ ਆਧਾਰ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਅਬਰਾਹਾਮ ਨੂੰ ਆਪਣੇ ਆਸ਼ਾਵਾਦ ਦਾ ਇਨਾਮ ਮਿਲਿਆ
  • ਦੋ ਆਸ਼ਾਵਾਦੀ ਜਾਸੂਸ
  • ਯੂਨਾਹ ਦੀ ਦੁਚਿੱਤੀ
  • ਮੁਸੀਬਤਾਂ ਦੇ ਬਾਵਜੂਦ ਆਸ਼ਾਵਾਦ
  • ਸੱਚਾ ਆਸ਼ਾਵਾਦ ਸਫ਼ਲ ਹੁੰਦਾ ਹੈ!
  • ਉਸ ਨੇ ਦਇਆ ਕਰਨੀ ਸਿੱਖੀ
    ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
  • ਉਸ ਨੇ ਆਪਣੀਆਂ ਗ਼ਲਤੀਆਂ ਤੋਂ ਸਿੱਖਿਆ
    ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ
  • ਉਸ ਨੇ ਦਇਆ ਕਰਨੀ ਸਿੱਖੀ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
  • ਉਸ ਨੇ ਆਪਣੀਆਂ ਗ਼ਲਤੀਆਂ ਤੋਂ ਸਿੱਖਿਆ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
w98 2/1 ਸਫ਼ੇ 4-6

ਆਸ਼ਾਵਾਦ ਲਈ ਅੱਜ ਠੋਸ ਆਧਾਰ

ਇਤਿਹਾਸਕਾਰ ਅਤੇ ਸਮਾਜ-ਵਿਗਿਆਨੀ ਐੱਚ. ਜੀ. ਵੈੱਲਜ਼, ਜੋ 1866 ਵਿਚ ਪੈਦਾ ਹੋਇਆ ਸੀ, ਨੇ 20ਵੀਂ ਸਦੀ ਦੀ ਸੋਚ ਉੱਤੇ ਇਕ ਜ਼ਬਰਦਸਤ ਪ੍ਰਭਾਵ ਪਾਇਆ। ਆਪਣੀਆਂ ਲਿਖਤਾਂ ਦੁਆਰਾ, ਉਸ ਨੇ ਆਪਣੀ ਧਾਰਣਾ ਦੀ ਵਿਆਖਿਆ ਕੀਤੀ ਕਿ ਸਤਯੁਗ ਵਿਗਿਆਨ ਦੀ ਤਰੱਕੀ ਦੇ ਨਾਲ-ਨਾਲ ਆਵੇਗਾ। ਇਸ ਤਰ੍ਹਾਂ, ਕੋਲੀਅਰਜ਼ ਐਨਸਾਈਕਲੋਪੀਡੀਆ ਵੈੱਲਜ਼ ਦੇ “ਬੇਹੱਦ ਆਸ਼ਾਵਾਦ” ਬਾਰੇ ਦੱਸਦਾ ਹੈ ਜਿਉਂ-ਜਿਉਂ ਉਸ ਨੇ ਆਪਣੀ ਧਾਰਣਾ ਨੂੰ ਅੱਗੇ ਵਧਾਉਣ ਲਈ ਸਖ਼ਤ ਮਿਹਨਤ ਕੀਤੀ। ਪਰੰਤੂ ਐਨਸਾਈਕਲੋਪੀਡੀਆ ਇਹ ਵੀ ਨੋਟ ਕਰਦਾ ਹੈ ਕਿ ਉਸ ਦਾ ਆਸ਼ਾਵਾਦ ਵਿਸ਼ਵ ਯੁੱਧ II ਦੇ ਸ਼ੁਰੂ ਹੋਣ ਤੇ ਖੇਰੂੰ-ਖੇਰੂੰ ਹੋ ਗਿਆ।

ਜਿਉਂ ਹੀ ਵੈੱਲਜ਼ ਨੂੰ ਅਹਿਸਾਸ ਹੋਇਆ ਕਿ “ਵਿਗਿਆਨ ਚੰਗਾਈ ਅਤੇ ਬੁਰਾਈ ਦੋਵਾਂ ਲਈ ਕੰਮ ਕਰ ਸਕਦੀ ਸੀ, ਉਸ ਦੀ ਨਿਹਚਾ ਜਵਾਬ ਦੇ ਗਈ, ਅਤੇ ਉਹ ਨਿਰਾਸ਼ਾਵਾਦ ਵਿਚ ਡੁੱਬ ਗਿਆ,” ਚੇਂਬਰਜ਼ ਬਾਇਓਗ੍ਰਾਫਿਕਲ ਡਿਕਸ਼ਨਰੀ ਬਿਆਨ ਕਰਦੀ ਹੈ। ਇਸ ਤਰ੍ਹਾਂ ਕਿਉਂ ਹੋਇਆ?

ਵੈੱਲਜ਼ ਦੀ ਨਿਹਚਾ ਅਤੇ ਆਸ਼ਾਵਾਦ ਸਿਰਫ਼ ਮਨੁੱਖੀ ਪ੍ਰਾਪਤੀਆਂ ਉੱਤੇ ਆਧਾਰਿਤ ਸੀ। ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਮਨੁੱਖਜਾਤੀ ਉਸ ਦੇ ਯੂਟੋਪੀਆ, ਅਰਥਾਤ ਆਦਰਸ਼-ਸੰਸਾਰ ਹਾਸਲ ਕਰਨ ਵਿਚ ਅਸਮਰਥ ਸੀ, ਤਾਂ ਉਸ ਕੋਲ ਹੋਰ ਕਿਸੇ ਪਾਸੇ ਜਾਣ ਨੂੰ ਰਾਹ ਨਹੀਂ ਸੀ। ਜਲਦੀ ਹੀ ਮਾਯੂਸੀ ਨਿਰਾਸ਼ਾਵਾਦ ਵਿਚ ਬਦਲ ਗਈ।

ਅੱਜ, ਬਹੁਤ ਸਾਰੇ ਲੋਕਾਂ ਦਾ ਇਸੇ ਕਾਰਨ ਕਰਕੇ ਸਮਾਨ ਤਜਰਬਾ ਹੈ। ਉਹ ਆਸ਼ਾਵਾਦ ਨਾਲ ਫੁੱਲੇ ਨਹੀਂ ਸਮਾਉਂਦੇ ਜਦੋਂ ਉਹ ਜਵਾਨ ਹੁੰਦੇ ਹਨ, ਪਰੰਤੂ ਉਹ ਗ਼ਮਗ਼ੀਨ ਨਿਰਾਸ਼ਾਵਾਦ ਵਿਚ ਡੁੱਬ ਜਾਂਦੇ ਹਨ ਜਦੋਂ ਉਹ ਬੁੱਢੇ ਹੋਣ ਲੱਗਦੇ ਹਨ। ਅਜਿਹੇ ਨੌਜਵਾਨ ਵੀ ਹਨ ਜੋ ਆਮ ਜੀਵਨ-ਢੰਗ ਨੂੰ ਛੱਡ ਕੇ ਨਸ਼ੀਲੀਆਂ ਦਵਾਈਆਂ ਦੀ ਕੁਵਰਤੋਂ ਕਰਨ ਵਿਚ, ਖੁੱਲ੍ਹੇ ਜਿਨਸੀ ਸੰਬੰਧਾਂ ਵਿਚ, ਅਤੇ ਹੋਰ ਦੂਸਰੇ ਵਿਨਾਸ਼ਕਾਰੀ ਜੀਵਨ-ਢੰਗਾਂ ਵਿਚ ਪੈ ਜਾਂਦੇ ਹਨ। ਇਸ ਦਾ ਜਵਾਬ ਕੀ ਹੈ? ਬਾਈਬਲ ਸਮਿਆਂ ਦੀਆਂ ਕੁਝ ਹੇਠ ਦਿੱਤੀਆਂ ਉਦਾਹਰਣਾਂ ਉੱਤੇ ਵਿਚਾਰ ਕਰੋ, ਅਤੇ ਦੇਖੋ ਕਿ—ਬੀਤੇ ਸਮੇਂ ਵਿਚ, ਵਰਤਮਾਨ ਵਿਚ, ਅਤੇ ਭਵਿੱਖ ਵਿਚ—ਆਸ਼ਾਵਾਦ ਲਈ ਕੀ ਆਧਾਰ ਹੈ।

ਅਬਰਾਹਾਮ ਨੂੰ ਆਪਣੇ ਆਸ਼ਾਵਾਦ ਦਾ ਇਨਾਮ ਮਿਲਿਆ

ਸਾਲ 1943 ਸਾ.ਯੁ.ਪੂ. ਵਿਚ, ਅਬਰਾਹਾਮ ਹਾਰਾਨ ਤੋਂ ਚਲਿਆ, ਫਰਾਤ ਦਰਿਆ ਨੂੰ ਪਾਰ ਕਰ ਕੇ ਕਨਾਨ ਦੇਸ਼ ਵਿਚ ਦਾਖ਼ਲ ਹੋਇਆ। ਅਬਰਾਹਾਮ ਦਾ ‘ਉਨ੍ਹਾਂ ਸਭਨਾਂ ਦੇ ਪਿਤਾ’ ਵਜੋਂ ਵਰਣਨ ਕੀਤਾ ਗਿਆ ਹੈ “ਜਿਹੜੇ ਨਿਹਚਾ ਕਰਦੇ ਹਨ,” ਅਤੇ ਉਸ ਨੇ ਕਿੰਨੀ ਵਧੀਆ ਉਦਾਹਰਣ ਕਾਇਮ ਕੀਤੀ!—ਰੋਮੀਆਂ 4:11.

ਅਬਰਾਹਾਮ ਦੇ ਨਾਲ ਉਸ ਦੇ ਭਰਾ ਦਾ ਅਨਾਥ ਪੁੱਤਰ ਲੂਤ, ਅਤੇ ਲੂਤ ਦਾ ਪਰਿਵਾਰ ਸੀ। ਬਾਅਦ ਵਿਚ, ਜਦੋਂ ਦੇਸ਼ ਵਿਚ ਕਾਲ ਪਿਆ, ਤਾਂ ਦੋਵੇਂ ਪਰਿਵਾਰ ਮਿਸਰ ਨੂੰ ਚਲੇ ਗਏ, ਅਤੇ ਉਚਿਤ ਸਮੇਂ ਤੇ ਉਹ ਇਕੱਠੇ ਆਪਣੇ ਦੇਸ਼ ਵਾਪਸ ਆਏ। ਇਸ ਸਮੇਂ ਤਕ, ਅਬਰਾਹਾਮ ਅਤੇ ਲੂਤ ਦੋਵਾਂ ਨੇ ਬਹੁਤ ਸਾਰੀ ਧਨ-ਦੌਲਤ ਅਤੇ ਕਾਫ਼ੀ ਸਾਰਾ ਪਸ਼ੂ-ਧਨ ਇਕੱਠਾ ਕਰ ਲਿਆ ਸੀ। ਜਦੋਂ ਉਨ੍ਹਾਂ ਦੇ ਪਾਲੀਆਂ ਵਿਚ ਝਗੜਾ ਹੋਇਆ, ਤਾਂ ਅਬਰਾਹਾਮ ਨੇ ਪਹਿਲ ਕੀਤੀ ਅਤੇ ਕਿਹਾ: “ਮੇਰੇ ਅਰ ਤੇਰੇ ਅਤੇ ਮੇਰੇ ਅਰ ਤੇਰੇ ਪਾਲੀਆਂ ਵਿੱਚ ਝਗੜਾ ਨਹੀਂ ਹੋਣਾ ਚਾਹੀਦਾ ਕਿਉਂਜੋ ਅਸੀਂ ਭਰਾ ਹਾਂ। ਭਲਾ, ਤੇਰੇ ਅੱਗੇ ਸਾਰਾ ਦੇਸ ਨਹੀਂ ਹੈ? ਮੈਥੋਂ ਵੱਖਰਾ ਹੋ ਜਾਹ। ਜੇ ਤੂੰ ਖੱਬੇ ਪਾਸੇ ਜਾਵੇਂ ਤਾਂ ਮੈਂ ਸੱਜੇ ਪਾਸੇ ਜਾਵਾਂਗਾ ਅਤੇ ਜੇ ਤੂੰ ਸੱਜੇ ਪਾਸੇ ਜਾਵੇਂ ਤਾਂ ਮੈਂ ਖੱਬੇ ਪਾਸੇ ਜਾਵਾਂਗਾ।”—ਉਤਪਤ 13:8, 9.

ਅਬਰਾਹਾਮ, ਉਮਰ ਵਿਚ ਵੱਡਾ ਹੋਣ ਕਰਕੇ, ਆਪਣਾ ਫ਼ਾਇਦਾ ਸੋਚ ਸਕਦਾ ਸੀ, ਅਤੇ ਲੂਤ, ਆਪਣੇ ਚਾਚੇ ਲਈ ਆਦਰ ਕਰਕੇ, ਅਬਰਾਹਾਮ ਦੀ ਚੋਣ ਸਿਰ-ਮੱਥੇ ਲਾ ਸਕਦਾ ਸੀ। ਇਸ ਦੀ ਬਜਾਇ, “ਲੂਤ ਨੇ ਆਪਣੀਆਂ ਅੱਖੀਆਂ ਚੁੱਕ ਕੇ ਯਰਦਨ ਦੇ ਸਾਰੇ ਮੈਦਾਨ ਨੂੰ ਵੇਖਿਆ ਕਿ ਉਹ ਸਾਰਾ ਮੈਦਾਨ ਇਸ ਤੋਂ ਪਹਿਲਾਂ ਕਿ ਯਹੋਵਾਹ ਨੇ ਸਦੂਮ ਅਰ ਅਮੂਰਾਹ ਨੂੰ ਨਾਸ਼ ਕੀਤਾ ਚੰਗਾ ਤਰ ਸੀ, ਉਹ ਯਹੋਵਾਹ ਦੇ ਬਾਗ਼ ਵਰਗਾ ਸੀ ਅਥਵਾ ਸੋਆਰ ਨੂੰ ਜਾਂਦੇ ਹੋਏ ਮਿਸਰ ਦੇਸ ਵਰਗਾ ਸੀ। ਲੂਤ ਨੇ ਆਪਣੇ ਲਈ ਯਰਦਨ ਦਾ ਸਾਰਾ ਮੈਦਾਨ ਚੁਣਿਆ।” ਅਜਿਹੀ ਚੋਣ ਕਰਕੇ, ਲੂਤ ਕੋਲ ਆਸ਼ਾਵਾਦੀ ਹੋਣ ਦਾ ਹਰ ਕਾਰਨ ਸੀ। ਪਰੰਤੂ ਅਬਰਾਹਾਮ ਬਾਰੇ ਕੀ?—ਉਤਪਤ 13:10, 11.

ਕੀ ਅਬਰਾਹਾਮ ਹੂੜ੍ਹ-ਮੱਤਾ ਸੀ ਅਤੇ ਆਪਣੇ ਪਰਿਵਾਰ ਦੀ ਭਲਾਈ ਨੂੰ ਖ਼ਤਰੇ ਵਿਚ ਪਾ ਰਿਹਾ ਸੀ? ਨਹੀਂ। ਅਬਰਾਹਾਮ ਦਾ ਚੰਗਾ ਰਵੱਈਆ ਅਤੇ ਉਦਾਰ ਆਤਮਾ ਫ਼ਾਇਦੇਮੰਦ ਨਿਕਲਿਆ। ਯਹੋਵਾਹ ਨੇ ਅਬਰਾਹਾਮ ਨੂੰ ਕਿਹਾ: “ਆਪਣੀਆਂ ਅੱਖੀਆਂ ਹੁਣ ਚੁੱਕਕੇ ਇਸ ਥਾਂ ਤੋਂ ਜਿੱਥੇ ਤੂੰ ਹੁਣ ਹੈਂ ਉੱਤਰ ਅਰ ਦੱਖਣ, ਪੂਰਬ ਅਰ ਪੱਛਮ ਵੱਲ ਵੇਖ। ਕਿਉਂਕਿ ਏਹ ਸਾਰੀ ਧਰਤੀ ਜੋ ਤੂੰ ਵੇਖਦਾ ਹੈਂ ਤੈਨੂੰ ਅਰ ਤੇਰੀ ਅੰਸ ਨੂੰ ਸਦਾ ਲਈ ਮੈਂ ਦਿਆਂਗਾ।”—ਉਤਪਤ 13:14, 15.

ਅਬਰਾਹਾਮ ਦੇ ਆਸ਼ਾਵਾਦ ਦਾ ਇਕ ਠੋਸ ਆਧਾਰ ਸੀ। ਇਹ ਪਰਮੇਸ਼ੁਰ ਦੇ ਵਾਅਦੇ ਉੱਤੇ ਆਧਾਰਿਤ ਸੀ ਕਿ ਉਹ ਅਬਰਾਹਾਮ ਤੋਂ ਇਕ ਵੱਡੀ ਕੌਮ ਬਣਾਏਗਾ ਤਾਂਕਿ “[ਅਬਰਾਹਾਮ] ਕਾਰਨ ਸਰਿਸ਼ਟੀ ਦੇ ਸਾਰੇ ਘਰਾਣੇ ਮੁਬਾਰਕ ਹੋਣਗੇ।” (ਉਤਪਤ 12:2-4, 7) ਸਾਡੇ ਕੋਲ ਵੀ ਭਰੋਸਾ ਰੱਖਣ ਦਾ ਕਾਰਨ ਹੈ, ਇਹ ਜਾਣਦੇ ਹੋਏ ਕਿ “ਜਿਹੜੇ ਪਰਮੇਸ਼ੁਰ ਨਾਲ ਪ੍ਰੇਮ ਰੱਖਦੇ ਹਨ ਸਾਰੀਆਂ ਵਸਤਾਂ ਰਲ ਕੇ ਓਹਨਾਂ ਦਾ ਭਲਾ ਕਰਦੀਆਂ ਹਨ।”—ਰੋਮੀਆਂ 8:28.

ਦੋ ਆਸ਼ਾਵਾਦੀ ਜਾਸੂਸ

ਕੁਝ 400 ਸਾਲ ਬਾਅਦ, ਇਸਰਾਏਲ ਦੀ ਕੌਮ ਕਨਾਨ ਦੇਸ਼ “ਜਿੱਥੇ ਦੁੱਧ ਅਰ ਸ਼ਹਿਤ ਵੱਗਦਾ” ਸੀ, ਵਿਚ ਦਾਖ਼ਲ ਹੋਣ ਲਈ ਤਿਆਰ ਸੀ। (ਕੂਚ 3:8; ਬਿਵਸਥਾ ਸਾਰ 6:3) ਮੂਸਾ ਨੇ 12 ਸਰਦਾਰਾਂ ਨੂੰ ‘ਧਰਤੀ ਦੀ ਭਾਲ ਕਰਨ ਅਤੇ ਉਸ ਰਾਹ ਦਾ ਜਿਹ ਦੇ ਵਿੱਚ ਉਨ੍ਹਾਂ ਨੇ ਉਤਾਹਾਂ ਜਾਣਾ ਹੈ ਅਤੇ ਉਨ੍ਹਾਂ ਸ਼ਹਿਰਾਂ ਦਾ ਜਿਨ੍ਹਾਂ ਵਿੱਚ ਉਨ੍ਹਾਂ ਪੁੱਜਣਾ ਹੈ ਪਤਾ ਦੇਣ’ ਲਈ ਘੱਲਿਆ। (ਬਿਵਸਥਾ ਸਾਰ 1:22; ਗਿਣਤੀ 13:2) ਦੇਸ਼ ਦੀ ਖ਼ੁਸ਼ਹਾਲੀ ਬਾਰੇ ਸਾਰੇ 12 ਜਾਸੂਸਾਂ ਦੀ ਇੱਕੋ ਰਾਏ ਸੀ, ਪਰੰਤੂ ਉਨ੍ਹਾਂ ਵਿੱਚੋਂ 10 ਜਾਸੂਸਾਂ ਨੇ ਇਕ ਨਿਰਾਸ਼ਾਵਾਦੀ ਰਿਪੋਰਟ ਦਿੱਤੀ ਜਿਸ ਨੇ ਲੋਕਾਂ ਦੇ ਦਿਲਾਂ ਵਿਚ ਡਰ ਪੈਦਾ ਕਰ ਦਿੱਤਾ।—ਗਿਣਤੀ 13:31-33.

ਦੂਸਰੇ ਪਾਸੇ, ਯਹੋਸ਼ੁਆ ਤੇ ਕਾਲੇਬ ਨੇ ਲੋਕਾਂ ਨੂੰ ਆਸ਼ਾਵਾਦੀ ਖ਼ਬਰ ਸੁਣਾਈ ਅਤੇ ਉਨ੍ਹਾਂ ਦੇ ਡਰ ਨੂੰ ਦੂਰ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਉਨ੍ਹਾਂ ਦੇ ਰਵੱਈਏ ਅਤੇ ਰਿਪੋਰਟ ਨੇ ਯਹੋਵਾਹ ਦੀ ਆਪਣੇ ਬਚਨ ਨੂੰ ਪੂਰਾ ਕਰਨ ਦੀ ਯੋਗਤਾ ਵਿਚ ਪੂਰਾ ਵਿਸ਼ਵਾਸ ਦਿਖਾਇਆ ਕਿ ਉਹ ਜ਼ਰੂਰ ਉਨ੍ਹਾਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਮੁੜ ਲੈ ਜਾਵੇਗਾ—ਪਰੰਤੂ ਇਸ ਦਾ ਕੋਈ ਲਾਭ ਨਹੀਂ ਹੋਇਆ। ਇਸ ਦੀ ਬਜਾਇ, “ਸਾਰੀ ਮੰਡਲੀ ਨੇ ਆਖਿਆ ਕਿ ਇਨ੍ਹਾਂ ਨੂੰ ਪੱਥਰਾਂ ਨਾਲ ਮਾਰੀਏ।”—ਗਿਣਤੀ 13:30; 14:6-10.

ਮੂਸਾ ਨੇ ਲੋਕਾਂ ਨੂੰ ਯਹੋਵਾਹ ਉੱਤੇ ਭਰੋਸਾ ਰੱਖਣ ਦੀ ਤਾਕੀਦ ਕੀਤੀ, ਪਰੰਤੂ ਉਨ੍ਹਾਂ ਨੇ ਸੁਣਨ ਤੋਂ ਇਨਕਾਰ ਕਰ ਦਿੱਤਾ। ਕਿਉਂਕਿ ਉਨ੍ਹਾਂ ਨੇ ਆਪਣਾ ਨਿਰਾਸ਼ਾਵਾਦੀ ਰਵੱਈਆ ਨਹੀਂ ਛੱਡਿਆ, ਪੂਰੀ ਕੌਮ ਨੂੰ 40 ਸਾਲ ਤਕ ਉਜਾੜ ਵਿਚ ਘੁੰਮਣਾ-ਫਿਰਨਾ ਪਿਆ। 12 ਜਾਸੂਸਾਂ ਵਿੱਚੋਂ ਸਿਰਫ਼ ਯਹੋਸ਼ੁਆ ਅਤੇ ਕਾਲੇਬ ਨੇ ਆਪਣੇ ਆਸ਼ਾਵਾਦ ਦਾ ਇਨਾਮ ਪ੍ਰਾਪਤ ਕੀਤਾ। ਅਸਲ ਸਮੱਸਿਆ ਕੀ ਸੀ? ਬੇਪਰਤੀਤੀ, ਕਿਉਂਕਿ ਲੋਕਾਂ ਨੇ ਆਪਣੀ ਬੁੱਧ ਉੱਤੇ ਭਰੋਸਾ ਰੱਖਿਆ ਸੀ।—ਗਿਣਤੀ 14:26-30; ਇਬਰਾਨੀਆਂ 3:7-12.

ਯੂਨਾਹ ਦੀ ਦੁਚਿੱਤੀ

ਯੂਨਾਹ ਨੌਵੀਂ ਸਦੀ ਸਾ.ਯੁ.ਪੂ. ਵਿਚ ਰਹਿੰਦਾ ਸੀ। ਬਾਈਬਲ ਸੰਕੇਤ ਕਰਦੀ ਹੈ ਕਿ ਯਾਰਾਬੁਆਮ II ਦੇ ਰਾਜ ਦੌਰਾਨ ਕਿਸੇ ਸਮੇਂ ਉਹ ਇਸਰਾਏਲ ਦੇ ਦਸ-ਗੋਤ ਰਾਜ ਲਈ ਯਹੋਵਾਹ ਦਾ ਇਕ ਵਫ਼ਾਦਾਰ ਨਬੀ ਸੀ। ਫਿਰ ਵੀ, ਉਸ ਨੇ ਲੋਕਾਂ ਨੂੰ ਚੇਤਾਵਨੀ ਦੇਣ ਲਈ ਨੀਨਵਾਹ ਨੂੰ ਜਾਣ ਦੀ ਕਾਰਜ-ਨਿਯੁਕਤੀ ਸਵੀਕਾਰ ਕਰਨ ਤੋਂ ਇਨਕਾਰ ਕੀਤਾ। ਇਤਿਹਾਸਕਾਰ ਜੋਸੀਫ਼ਸ ਕਹਿੰਦਾ ਹੈ ਕਿ ਯੂਨਾਹ “ਨੇ ਸੋਚਿਆ ਕਿ ਭੱਜ ਜਾਣਾ ਚੰਗਾ ਹੋਵੇਗਾ” ਅਤੇ ਉਹ ਯਾਫਾ ਨੂੰ ਭੱਜ ਗਿਆ। ਉੱਥੇ ਉਹ ਤਰਸ਼ੀਸ, ਜੋ ਸ਼ਾਇਦ ਆਧੁਨਿਕ-ਦਿਨ ਦਾ ਸਪੇਨ ਦੇਸ਼ ਹੈ, ਨੂੰ ਜਾਣ ਲਈ ਜਹਾਜ਼ ਉੱਤੇ ਚੜ੍ਹਿਆ। (ਯੂਨਾਹ 1:1-3) ਯੂਨਾਹ 4:2 ਵਿਚ ਸਮਝਾਇਆ ਗਿਆ ਹੈ ਕਿ ਯੂਨਾਹ ਨੇ ਆਪਣੀ ਕਾਰਜ-ਨਿਯੁਕਤੀ ਨੂੰ ਕਿਉਂ ਅਜਿਹੇ ਨਿਰਾਸ਼ਾਵਾਦੀ ਨਜ਼ਰੀਏ ਤੋਂ ਦੇਖਿਆ ਸੀ।

ਅਖ਼ੀਰ ਯੂਨਾਹ ਆਪਣੇ ਕੰਮ ਨੂੰ ਪੂਰਾ ਕਰਨ ਲਈ ਸਹਿਮਤ ਹੋਇਆ, ਪਰੰਤੂ ਉਸ ਨੂੰ ਗੁੱਸਾ ਚੜ੍ਹਿਆ ਜਦੋਂ ਨੀਨਵਾਹ ਦੇ ਲੋਕਾਂ ਨੇ ਤੋਬਾ ਕੀਤੀ। ਇਸ ਲਈ ਯਹੋਵਾਹ ਨੇ ਇਕ ਬੂਟੇ ਨੂੰ ਜਿਸ ਦੀ ਛਾਂ ਥੱਲੇ ਯੂਨਾਹ ਬੈਠਾ ਸੀ, ਸੁਕਾ ਦੇਣ ਦੁਆਰਾ ਉਸ ਨੂੰ ਦਇਆ ਦਾ ਇਕ ਵਧੀਆ ਸਬਕ ਸਿਖਾਇਆ। (ਯੂਨਾਹ 4:1-8) ਬੂਟੇ ਦੇ ਮਰ ਜਾਣ ਤੇ ਯੂਨਾਹ ਦੀਆਂ ਦੁਖੀ ਭਾਵਨਾਵਾਂ ਸਹੀ ਤੌਰ ਤੇ ਨੀਨਵਾਹ ਦੇ 1,20,000 ਲੋਕਾਂ ਲਈ ਹੋਣੀਆਂ ਚਾਹੀਦੀਆਂ ਸਨ ‘ਜਿਹੜੇ ਆਪਣੇ ਸੱਜੇ ਖੱਬੇ ਹੱਥ ਨੂੰ ਵੀ ਨਹੀਂ ਸਿਆਣਦੇ’ ਸਨ।—ਯੂਨਾਹ 4:11.

ਅਸੀਂ ਯੂਨਾਹ ਦੇ ਤਜਰਬੇ ਤੋਂ ਕੀ ਸਿੱਖ ਸਕਦੇ ਹਾਂ? ਪਵਿੱਤਰ ਸੇਵਾ ਵਿਚ ਨਿਰਾਸ਼ਾਵਾਦ ਲਈ ਕੋਈ ਥਾਂ ਨਹੀਂ ਹੈ। ਜੇਕਰ ਅਸੀਂ ਯਹੋਵਾਹ ਦੇ ਨਿਰਦੇਸ਼ਨ ਨੂੰ ਸਮਝਦੇ ਹਾਂ ਅਤੇ ਪੂਰੇ ਵਿਸ਼ਵਾਸ ਨਾਲ ਇਸ ਅਨੁਸਾਰ ਚੱਲਦੇ ਹਾਂ, ਤਾਂ ਅਸੀਂ ਸਫ਼ਲਤਾ ਦਾ ਆਨੰਦ ਮਾਣਾਂਗੇ।—ਕਹਾਉਤਾਂ 3:5, 6.

ਮੁਸੀਬਤਾਂ ਦੇ ਬਾਵਜੂਦ ਆਸ਼ਾਵਾਦ

“ਬੁਰਿਆਂ ਦੇ ਕਾਰਨ ਨਾ ਕੁੜ੍ਹ,” ਰਾਜੇ ਦਾਊਦ ਨੇ ਕਿਹਾ। “ਕੁਕਰਮੀਆਂ ਵੱਲੋਂ ਨਾ ਸੜ।” (ਜ਼ਬੂਰ 37:1) ਵਾਕਈ, ਇਹ ਬੁੱਧੀਮਤਾ ਵਾਲੀ ਸਲਾਹ ਹੈ, ਕਿਉਂਕਿ ਅੱਜ ਅਨਿਆਂ ਅਤੇ ਬੇਈਮਾਨੀ ਚਾਰੇ ਪਾਸੇ ਫੈਲੀ ਹੈ।—ਉਪਦੇਸ਼ਕ ਦੀ ਪੋਥੀ 8:11.

ਭਾਵੇਂ ਕਿ ਅਸੀਂ ਕੁਧਰਮੀਆਂ ਵੱਲੋਂ ਸੜਦੇ ਨਹੀਂ ਹਾਂ, ਫਿਰ ਵੀ ਜਦੋਂ ਅਸੀਂ ਦੁਸ਼ਟਾਂ ਦੇ ਹੱਥੋਂ ਨਿਰਦੋਸ਼ ਵਿਅਕਤੀਆਂ ਨੂੰ ਦੁਖੀ ਹੁੰਦੇ ਦੇਖਦੇ ਹਾਂ ਜਾਂ ਜਦੋਂ ਖ਼ੁਦ ਸਾਡੇ ਨਾਲ ਅਨਿਆਂ ਹੁੰਦਾ ਹੈ ਤਾਂ ਮਾਯੂਸ ਮਹਿਸੂਸ ਕਰਨਾ ਆਸਾਨ ਹੈ। ਇਨ੍ਹਾਂ ਤਜਰਬਿਆਂ ਕਾਰਨ ਸ਼ਾਇਦ ਸਾਡਾ ਰਵੱਈਆ ਵੀ ਮਾਯੂਸੀ ਵਾਲਾ ਅਤੇ ਨਿਰਾਸ਼ਾਵਾਦੀ ਹੋ ਜਾਵੇ। ਜੇਕਰ ਅਸੀਂ ਇਸ ਤਰ੍ਹਾਂ ਮਹਿਸੂਸ ਕਰਦੇ ਹਾਂ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਪਹਿਲਾ, ਅਸੀਂ ਇਹ ਗੱਲ ਯਾਦ ਰੱਖ ਸਕਦੇ ਹਾਂ ਕਿ ਦੁਸ਼ਟ ਇਸ ਗੱਲ ਤੋਂ ਬੇਫ਼ਿਕਰ ਨਹੀਂ ਹੋ ਸਕਦੇ ਕਿ ਬਦਲਾ ਕਦੀ ਵੀ ਨਹੀਂ ਲਿਆ ਜਾਵੇਗਾ। ਜ਼ਬੂਰ 37 ਸਾਨੂੰ ਆਇਤ 2 ਵਿਚ ਯਕੀਨ ਦਿਵਾਉਂਦਾ ਹੈ: “ਓਹ [ਬੁਰੇ] ਤਾਂ ਘਾਹ ਵਾਂਙੁ ਛੇਤੀ ਕੁਮਲਾ ਜਾਣਗੇ, ਅਤੇ ਸਾਗ ਪੱਤ ਵਾਂਙੁ ਮੁਰਝਾ ਜਾਣਗੇ।”

ਇਸ ਦੇ ਨਾਲ ਹੀ, ਅਸੀਂ ਲਗਾਤਾਰ ਭਲਾ ਕਰੀ ਜਾ ਸਕਦੇ ਹਾਂ, ਆਸ਼ਾਵਾਦੀ ਰਹਿ ਸਕਦੇ ਹਾਂ, ਅਤੇ ਯਹੋਵਾਹ ਦੀ ਉਡੀਕ ਕਰ ਸਕਦੇ ਹਾਂ। “ਬੁਰਿਆਈ ਤੋਂ ਹਟ, ਭਲਿਆਈ ਕਰ, ਅਤੇ ਸਦਾ ਤੀਕ ਵੱਸ,” ਜ਼ਬੂਰਾਂ ਦਾ ਲਿਖਾਰੀ ਅੱਗੇ ਕਹਿੰਦਾ ਹੈ। “ਯਹੋਵਾਹ ਤਾਂ ਨਿਆਉਂ ਨਾਲ ਪ੍ਰੇਮ ਰੱਖਦਾ ਹੈ, ਅਤੇ ਆਪਣੇ ਭਗਤਾਂ ਨੂੰ ਤਿਆਗਦਾ ਨਹੀਂ।”—ਜ਼ਬੂਰ 37:27, 28.

ਸੱਚਾ ਆਸ਼ਾਵਾਦ ਸਫ਼ਲ ਹੁੰਦਾ ਹੈ!

ਫਿਰ, ਸਾਡੇ ਭਵਿੱਖ ਬਾਰੇ ਕੀ? ਬਾਈਬਲ ਵਿਚ ਪਰਕਾਸ਼ ਦੀ ਪੋਥੀ ਸਾਨੂੰ “ਓਹ ਗੱਲਾਂ” ਦੱਸਦੀ ਹੈ “ਜਿਹੜੀਆਂ ਛੇਤੀ ਹੋਣ ਵਾਲੀਆਂ ਹਨ।” ਉਨ੍ਹਾਂ ਵਿਚ, ਇਕ ਲਾਲ ਘੋੜੇ ਦਾ ਸਵਾਰ, ਜੋ ਲੜਾਈ ਨੂੰ ਚਿਤ੍ਰਿਤ ਕਰਦਾ ਹੈ, “ਧਰਤੀ ਉੱਤੋਂ ਸੁਲਾਹ ਨੂੰ ਚੁੱਕ” ਲੈਣ ਲਈ ਪ੍ਰਗਟ ਹੁੰਦਾ ਹੈ।—ਪਰਕਾਸ਼ ਦੀ ਪੋਥੀ 1:1; 6:4.

ਵਿਸ਼ਵ ਯੁੱਧ I ਦੇ ਦੌਰਾਨ ਬ੍ਰਿਟੇਨ ਵਿਚ ਇਹ ਪ੍ਰਚਲਿਤ—ਅਤੇ ਆਸ਼ਾਵਾਦੀ—ਵਿਚਾਰ ਪਾਇਆ ਜਾਂਦਾ ਸੀ ਕਿ ਇਹ ਮਹਾਂ-ਯੁੱਧ ਆਖ਼ਰੀ ਹੋਵੇਗਾ। 1916 ਵਿਚ, ਬ੍ਰਿਟਿਸ਼ ਸਿਆਸਤਦਾਨ ਡੇਵਿਡ ਲੋਇਡ ਜੋਰਜ ਜ਼ਿਆਦਾ ਸਮਝਦਾਰ ਸੀ। ਉਸ ਨੇ ਕਿਹਾ: “ਇਹ ਯੁੱਧ, ਅਗਲੇ ਯੁੱਧ ਵਾਂਗ, ਯੁੱਧ ਨੂੰ ਖ਼ਤਮ ਕਰਨ ਵਾਲਾ ਯੁੱਧ ਹੈ।” (ਟੇਢੇ ਟਾਈਪ ਸਾਡੇ।) ਉਸ ਨੇ ਸਹੀ ਕਿਹਾ। ਵਿਸ਼ਵ ਯੁੱਧ II ਨੇ ਵੱਡੀ ਤਬਾਹੀ ਕਰਨ ਵਾਲੀਆਂ ਜ਼ਾਲਮ ਵਿਧੀਆਂ ਦੇ ਉਤਪਾਦਨ ਨੂੰ ਹੋਰ ਵਧਾਇਆ। 50 ਤੋਂ ਵੱਧ ਸਾਲਾਂ ਬਾਅਦ ਯੁੱਧਾਂ ਦਾ ਅੰਤ ਅਜੇ ਵੀ ਨਜ਼ਰ ਨਹੀਂ ਆਉਂਦਾ ਹੈ।

ਪਰਕਾਸ਼ ਦੀ ਪੋਥੀ ਵਿਚ ਹੀ ਅਸੀਂ ਦੂਸਰੇ ਘੋੜਸਵਾਰਾਂ ਬਾਰੇ ਵੀ ਪੜ੍ਹਦੇ ਹਾਂ—ਕਾਲ, ਮਹਾਂਮਾਰੀ, ਅਤੇ ਮੌਤ ਦੇ ਪ੍ਰਤੀਕ। (ਪਰਕਾਸ਼ ਦੀ ਪੋਥੀ 6:5-8) ਉਹ ਸਮਿਆਂ ਦੇ ਲੱਛਣ ਦੇ ਹੋਰ ਪਹਿਲੂ ਹਨ।—ਮੱਤੀ 24:3-8.

ਕੀ ਇਹ ਨਿਰਾਸ਼ਾਵਾਦ ਹੋਣ ਦੇ ਕਾਰਨ ਹਨ? ਬਿਲਕੁਲ ਨਹੀਂ, ਕਿਉਂਕਿ ਦਰਸ਼ਣ ਇਹ ਵੀ ਬਿਆਨ ਕਰਦਾ ਹੈ ਕਿ “ਇੱਕ ਨੁਕਰਾ ਘੋੜਾ ਹੈ ਅਤੇ ਉਹ ਦੇ ਸਵਾਰ ਕੋਲ ਇੱਕ ਕਮਾਣ ਹੈ। ਫੇਰ ਉਹ ਨੂੰ ਇੱਕ ਮੁਕਟ ਦਿੱਤਾ ਗਿਆ ਅਤੇ ਉਹ ਫਤਹ ਕਰਦਿਆਂ ਅਤੇ ਫਤਹ ਕਰਨ ਨੂੰ ਨਿੱਕਲ ਤੁਰਿਆ।” (ਪਰਕਾਸ਼ ਦੀ ਪੋਥੀ 6:2) ਇੱਥੇ ਅਸੀਂ ਯਿਸੂ ਮਸੀਹ ਨੂੰ ਸਵਰਗੀ ਰਾਜੇ ਵਜੋਂ ਸਾਰੀ ਦੁਸ਼ਟਤਾ ਨੂੰ ਮਿਟਾਉਂਦੇ ਹੋਏ, ਵਿਸ਼ਵ-ਵਿਆਪੀ ਸ਼ਾਂਤੀ ਅਤੇ ਮੇਲ-ਮਿਲਾਪ ਕਾਇਮ ਕਰਨ ਲਈ ਘੋੜੇ ਤੇ ਸਵਾਰ ਦੇਖਦੇ ਹਾਂ।a

ਮਨੋਨੀਤ ਰਾਜੇ ਵਜੋਂ, ਜਦੋਂ ਯਿਸੂ ਮਸੀਹ ਧਰਤੀ ਤੇ ਸੀ, ਤਾਂ ਉਸ ਨੇ ਆਪਣੇ ਚੇਲਿਆਂ ਨੂੰ ਉਸ ਰਾਜ ਲਈ ਪ੍ਰਾਰਥਨਾ ਕਰਨੀ ਸਿਖਾਈ। ਸ਼ਾਇਦ ਤੁਹਾਨੂੰ ਵੀ “ਹੇ ਸਾਡੇ ਪਿਤਾ” ਜਾਂ ਪ੍ਰਭੂ ਦੀ ਪ੍ਰਾਰਥਨਾ ਕਰਨੀ ਸਿਖਾਈ ਗਈ ਹੋਵੇਗੀ। ਇਸ ਵਿਚ ਅਸੀਂ ਪਰਮੇਸ਼ੁਰ ਦੇ ਰਾਜ ਦੇ ਆਉਣ ਲਈ ਅਤੇ ਉਸ ਦੀ ਮਰਜ਼ੀ ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਪੂਰੀ ਹੋਣ ਲਈ ਪ੍ਰਾਰਥਨਾ ਕਰਦੇ ਹਾਂ।—ਮੱਤੀ 6:9-13.

ਇਸ ਵਰਤਮਾਨ ਰੀਤੀ-ਵਿਵਸਥਾ ਤੇ ਟਾਕੀਆਂ ਲਾਉਣ ਦੀ ਕੋਸ਼ਿਸ਼ ਕਰਨ ਦੀ ਬਜਾਇ, ਯਹੋਵਾਹ, ਆਪਣੇ ਮਸੀਹਾਈ ਰਾਜੇ, ਮਸੀਹ ਯਿਸੂ ਰਾਹੀਂ ਕਾਰਵਾਈ ਕਰਦੇ ਹੋਏ, ਇਸ ਨੂੰ ਪੂਰੀ ਤਰ੍ਹਾਂ ਹਟਾ ਦੇਵੇਗਾ। ਯਹੋਵਾਹ ਕਹਿੰਦਾ ਹੈ ਕਿ ਇਸ ਦੀ ਜਗ੍ਹਾ, “ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਉਤਪੰਨ ਕਰਦਾ ਹਾਂ, ਅਤੇ ਪਹਿਲੀਆਂ ਚੀਜ਼ਾਂ ਚੇਤੇ ਨਾ ਆਉਣਗੀਆਂ, ਨਾ ਮਨ ਉੱਤੇ ਹੀ ਚੜ੍ਹਨਗੀਆਂ।” ਸਵਰਗੀ ਰਾਜ ਸਰਕਾਰ ਅਧੀਨ, ਧਰਤੀ ਮਨੁੱਖਜਾਤੀ ਲਈ ਇਕ ਸ਼ਾਂਤਮਈ, ਖ਼ੁਸ਼ੀਆਂ ਭਰਿਆ ਘਰ ਬਣ ਜਾਵੇਗੀ ਜਿਸ ਵਿਚ ਜੀਵਨ ਅਤੇ ਕੰਮ ਨਿਰੰਤਰ ਆਨੰਦ ਦਾ ਕਾਰਨ ਹੋਣਗੇ। “ਜੋ ਕੁਝ ਮੈਂ ਉਤਪੰਨ ਕਰਦਾ ਹਾਂ, ਉਸ ਤੋਂ ਤੁਸੀਂ ਜੁੱਗੋ ਜੁੱਗ . . . ਬਾਗ ਬਾਗ ਹੋਵੋ,” ਯਹੋਵਾਹ ਕਹਿੰਦਾ ਹੈ। “ਮੇਰੇ ਚੁਣੇ ਹੋਏ ਆਪਣੇ ਹੱਥਾਂ ਦਾ ਕੰਮ ਢੇਰ ਚਿਰ ਭੋਗਣਗੇ।” (ਯਸਾਯਾਹ 65:17-22) ਜੇਕਰ ਤੁਸੀਂ ਭਵਿੱਖ ਲਈ ਆਪਣੀ ਉਮੀਦ ਇਸ ਯਕੀਨੀ ਵਾਅਦੇ ਉੱਤੇ ਆਧਾਰਿਤ ਕਰਦੇ ਹੋ, ਤਾਂ ਤੁਹਾਡੇ ਕੋਲ—ਹੁਣ ਅਤੇ ਹਮੇਸ਼ਾ ਲਈ—ਆਸ਼ਾਵਾਦੀ ਹੋਣ ਦਾ ਹਰ ਕਾਰਨ ਹੋਵੇਗਾ!

[ਫੁਟਨੋਟ]

a ਇਸ ਦਰਸ਼ਣ ਬਾਰੇ ਵਿਸਤ੍ਰਿਤ ਜਾਣਕਾਰੀ ਲਈ, ਕਿਰਪਾ ਕਰ ਕੇ ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਪੁਸਤਕ ਪਰਕਾਸ਼ ਦੀ ਪੋਥੀ—ਇਸ ਦਾ ਮਹਾਨ ਸਿਖਰ ਨੇੜੇ! (ਅੰਗ੍ਰੇਜ਼ੀ) ਦਾ ਅਧਿਆਇ 16 ਦੇਖੋ।

[ਸਫ਼ੇ 4 ਉੱਤੇ ਤਸਵੀਰ]

ਐਚ. ਜੀ. ਵੈਲਜ਼

[ਕ੍ਰੈਡਿਟ ਲਾਈਨ]

Corbis-Bettmann

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ