ਮਸੀਹੀ ਨਿਹਚਾ ਪਰਖੀ ਜਾਵੇਗੀ
“ਸਭਨਾਂ ਨੂੰ ਨਿਹਚਾ ਨਹੀਂ ਹੈ।”—2 ਥੱਸਲੁਨੀਕੀਆਂ 3:2.
1. ਇਤਿਹਾਸ ਨੇ ਕਿਵੇਂ ਦਿਖਾਇਆ ਹੈ ਕਿ ਸਾਰੇ ਲੋਕ ਸੱਚੀ ਨਿਹਚਾ ਨਹੀਂ ਰੱਖਦੇ?
ਇਤਿਹਾਸ ਦੌਰਾਨ, ਸੱਚੀ ਨਿਹਚਾ ਰੱਖਣ ਵਾਲੇ ਆਦਮੀ, ਔਰਤਾਂ, ਅਤੇ ਬੱਚੇ ਰਹੇ ਹਨ। ਇੱਥੇ ਸ਼ਬਦ “ਸੱਚੀ” ਢੁਕਵਾਂ ਹੈ ਕਿਉਂਕਿ ਲੱਖਾਂ ਹੋਰਨਾਂ ਨੇ ਇਕ ਅਜਿਹੀ ਨਿਹਚਾ ਦਿਖਾਈ ਹੈ ਜੋ ਅੰਧ ਵਿਸ਼ਵਾਸ ਦੇ ਬਰਾਬਰ ਹੈ, ਯਾਨੀ ਕਿ ਸਹੀ ਆਧਾਰ ਜਾਂ ਕਾਰਨ ਤੋਂ ਬਿਨਾਂ ਹੀ ਵਿਸ਼ਵਾਸ ਕਰਨ ਲਈ ਤਿਆਰ ਹੋਣਾ। ਅਜਿਹੀ ਨਿਹਚਾ ਵਿਚ ਅਕਸਰ ਝੂਠੇ ਦੇਵਤੇ ਜਾਂ ਉਪਾਸਨਾ ਦੇ ਅਜਿਹੇ ਕਿਸਮ ਸ਼ਾਮਲ ਹਨ ਜੋ ਸਰਬਸ਼ਕਤੀਮਾਨ, ਯਹੋਵਾਹ, ਅਤੇ ਉਸ ਦੇ ਪ੍ਰਗਟ ਕੀਤੇ ਬਚਨ ਦੇ ਅਨੁਸਾਰ ਨਹੀਂ ਹਨ। ਇਸ ਲਈ ਪੌਲੁਸ ਰਸੂਲ ਨੇ ਲਿਖਿਆ: “ਸਭਨਾਂ ਨੂੰ ਨਿਹਚਾ ਨਹੀਂ ਹੈ।”—2 ਥੱਸਲੁਨੀਕੀਆਂ 3:2.
2. ਇਹ ਮਹੱਤਵਪੂਰਣ ਕਿਉਂ ਹੈ ਕਿ ਅਸੀਂ ਆਪਣੀ ਨਿਹਚਾ ਦੀ ਜਾਂਚ ਕਰੀਏ?
2 ਪਰ ਪੌਲੁਸ ਦਾ ਕਥਨ ਸੰਕੇਤ ਕਰਦਾ ਹੈ ਕਿ ਉਸ ਸਮੇਂ ਕੁਝ ਲੋਕ ਸੱਚੀ ਨਿਹਚਾ ਰੱਖਦੇ ਸਨ ਅਤੇ ਇਸ ਦਾ ਸੰਕੇਤ ਹੈ ਕਿ ਅੱਜ ਵੀ ਕੁਝ ਲੋਕ ਸੱਚੀ ਨਿਹਚਾ ਰੱਖਦੇ ਹਨ। ਇਸ ਰਸਾਲੇ ਨੂੰ ਪੜ੍ਹਨ ਵਾਲਿਆਂ ਵਿੱਚੋਂ ਕਈਆਂ ਦੀ ਇੱਛਾ ਇਹ ਹੈ ਕਿ ਉਹ ਅਜਿਹੀ ਸੱਚੀ ਨਿਹਚਾ ਰੱਖਣ ਅਤੇ ਇਸ ਨੂੰ ਵਧਾਉਣ—ਉਹ ਨਿਹਚਾ ਜੋ ਈਸ਼ਵਰੀ ਸੱਚਾਈ ਦੇ ਸਹੀ ਗਿਆਨ ਦੇ ਅਨੁਸਾਰ ਹੈ। (ਯੂਹੰਨਾ 18:37; ਇਬਰਾਨੀਆਂ 11:6) ਕੀ ਇਹ ਤੁਹਾਡੇ ਬਾਰੇ ਸੱਚ ਹੈ? ਤਾਂ ਫਿਰ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਇਸ ਹਕੀਕਤ ਨੂੰ ਪਛਾਣੋ ਅਤੇ ਇਸ ਲਈ ਤਿਆਰ ਹੋਵੋ ਕਿ ਤੁਹਾਡੀ ਨਿਹਚਾ ਪਰਖੀ ਜਾਵੇਗੀ। ਇਹ ਕਿਉਂ ਕਿਹਾ ਜਾ ਸਕਦਾ ਹੈ?
3, 4. ਨਿਹਚਾ ਦੀਆਂ ਪਰੀਖਿਆਵਾਂ ਦੇ ਸੰਬੰਧ ਵਿਚ ਸਾਨੂੰ ਯਿਸੂ ਵੱਲ ਕਿਉਂ ਦੇਖਣਾ ਚਾਹੀਦਾ ਹੈ?
3 ਸਾਨੂੰ ਸਵੀਕਾਰ ਕਰਨਾ ਚਾਹੀਦਾ ਹੈ ਕਿ ਯਿਸੂ ਮਸੀਹ ਸਾਡੀ ਨਿਹਚਾ ਦਾ ਕੇਂਦਰ ਹੈ। ਦਰਅਸਲ, ਬਾਈਬਲ ਉਸ ਨੂੰ ਸਾਡੀ ਨਿਹਚਾ ਨੂੰ ਸੰਪੂਰਣ ਬਣਾਉਣ ਵਾਲਾ ਸੱਦਦੀ ਹੈ। ਇਹ ਯਿਸੂ ਨੇ ਜੋ ਕਿਹਾ ਅਤੇ ਕੀਤਾ ਦੇ ਕਾਰਨ ਹੈ, ਖ਼ਾਸ ਕਰਕੇ ਜਿਵੇਂ ਉਸ ਨੇ ਭਵਿੱਖਬਾਣੀ ਪੂਰੀ ਕੀਤੀ। ਉਸ ਨੇ ਉਹ ਆਧਾਰ ਮਜ਼ਬੂਤ ਕੀਤਾ ਜਿਸ ਉੱਤੇ ਇਨਸਾਨ ਸੱਚੀ ਨਿਹਚਾ ਸਥਾਪਿਤ ਕਰ ਸਕਦੇ ਹਨ। (ਇਬਰਾਨੀਆਂ 12:2; ਪਰਕਾਸ਼ ਦੀ ਪੋਥੀ 1:1, 2) ਫਿਰ ਵੀ, ਅਸੀਂ ਪੜ੍ਹਦੇ ਹਾਂ ਕਿ ਯਿਸੂ “ਸਾਰੀਆਂ ਗੱਲਾਂ ਵਿੱਚ ਸਾਡੇ ਵਾਂਙੁ ਪਰਤਾਇਆ ਗਿਆ ਪਰ ਉਹ ਪਾਪ ਤੋਂ ਰਹਿਤ” ਸੀ। (ਇਬਰਾਨੀਆਂ 4:15) ਜੀ ਹਾਂ, ਯਿਸੂ ਦੀ ਨਿਹਚਾ ਪਰਖੀ ਗਈ ਸੀ। ਸਾਡਾ ਹੌਸਲਾ ਢਾਹੁਣ ਜਾਂ ਡਰ ਪੈਦਾ ਕਰਨ ਦੀ ਬਜਾਇ, ਇਹ ਤਸੱਲੀ ਦੀ ਗੱਲ ਹੋਣੀ ਚਾਹੀਦੀ ਹੈ।
4 ਵੱਡੀਆਂ ਅਜ਼ਮਾਇਸ਼ਾਂ ਨੂੰ ਸਹਾਰਨ ਦੁਆਰਾ, ਇਸ ਹੱਦ ਤਕ ਕਿ ਤਸੀਹੇ ਦੀ ਸੂਲੀ ਉੱਤੇ ਮੌਤ ਨੂੰ ਵੀ ਸਹਿਣ ਦੁਆਰਾ, ਯਿਸੂ ਨੇ “ਆਗਿਆਕਾਰੀ ਸਿੱਖੀ।” (ਇਬਰਾਨੀਆਂ 5:8) ਉਸ ਨੇ ਸਾਬਤ ਕੀਤਾ ਕਿ ਇਨਸਾਨਾਂ ਉੱਤੇ ਆਉਣ ਵਾਲੀਆਂ ਕੋਈ ਵੀ ਪਰੀਖਿਆਵਾਂ ਦੇ ਬਾਵਜੂਦ, ਉਹ ਸੱਚੀ ਨਿਹਚਾ ਨਾਲ ਜੀ ਸਕਦੇ ਹਨ। ਇਹ ਗੱਲ ਖ਼ਾਸ ਮਹੱਤਤਾ ਰੱਖਦੀ ਹੈ ਜਦੋਂ ਅਸੀਂ ਉਸ ਬਾਰੇ ਸੋਚਦੇ ਹਾਂ ਜੋ ਯਿਸੂ ਨੇ ਆਪਣੇ ਪੈਰੋਕਾਰਾਂ ਬਾਰੇ ਕਿਹਾ ਸੀ: “ਜਿਹੜੀ ਗੱਲ ਮੈਂ ਤੁਹਾਨੂੰ ਆਖੀ ਸੀ ਚੇਤੇ ਰੱਖੋ ਭਈ ਦਾਸ ਆਪਣੇ ਮਾਲਕ ਨਾਲੋਂ ਵੱਡਾ ਨਹੀਂ।” (ਯੂਹੰਨਾ 15:20) ਅਸਲ ਵਿਚ, ਸਾਡੇ ਦਿਨ ਵਿਚ ਆਪਣੇ ਪੈਰੋਕਾਰਾਂ ਬਾਰੇ ਯਿਸੂ ਨੇ ਭਵਿੱਖਬਾਣੀ ਕੀਤੀ: “ਮੇਰੇ ਨਾਮ ਦੇ ਕਾਰਨ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਰੱਖਣਗੀਆਂ।”—ਮੱਤੀ 24:9.
5. ਸ਼ਾਸਤਰ ਕਿਵੇਂ ਸੰਕੇਤ ਕਰਦਾ ਹੈ ਕਿ ਅਸੀਂ ਪਰੀਖਿਆਵਾਂ ਦਾ ਸਾਮ੍ਹਣਾ ਕਰਾਂਗੇ?
5 ਇਸ ਸਦੀ ਦੇ ਮੁੱਢ ਵਿਚ, ਨਿਆਉਂ ਪਰਮੇਸ਼ੁਰ ਦੇ ਘਰ ਤੋਂ ਸ਼ੁਰੂ ਹੋਇਆ। ਸ਼ਾਸਤਰ ਨੇ ਪਹਿਲਾਂ ਹੀ ਦੱਸਿਆ ਸੀ: “[ਉਹ] ਸਮਾ ਆ ਪਹੁੰਚਾ ਭਈ ਪਰਮੇਸ਼ੁਰ ਦੇ ਘਰੋਂ ਨਿਆਉਂ ਸ਼ੁਰੂ ਹੋਵੇ ਅਤੇ ਜੇ ਉਹ ਪਹਿਲਾਂ ਸਾਥੋਂ ਸ਼ੁਰੂ ਹੋਵੇ ਤਾਂ ਉਨ੍ਹਾਂ ਦਾ ਅੰਤ ਕੀ ਹੋਵੇਗਾ ਜਿਹੜੇ ਪਰਮੇਸ਼ੁਰ ਦੀ ਖੁਸ਼ ਖਬਰੀ ਨੂੰ ਨਹੀਂ ਮੰਨਦੇ? ਜੇ ਧਰਮੀ ਮਰ ਮਰ ਕੇ ਬਚਦਾ ਹੈ, ਤਾਂ ਭਗਤੀਹੀਣ ਅਤੇ ਪਾਪੀ ਦਾ ਕੀ ਠਿਕਾਣਾ?”—1 ਪਤਰਸ 4:17, 18.
ਨਿਹਚਾ ਦੀ ਪਰੀਖਿਆ—ਕਿਉਂ?
6. ਪਰਖੀ ਗਈ ਨਿਹਚਾ ਕੀਮਤੀ ਕਿਉਂ ਹੈ?
6 ਇਕ ਤਰ੍ਹਾਂ ਨਾਲ, ਅਣਪਰਖੀ ਨਿਹਚਾ ਦੀ ਕੋਈ ਸਾਬਤ ਕੀਤੀ ਕੀਮਤ ਨਹੀਂ ਹੈ, ਅਤੇ ਉਸ ਦੀ ਖੂਬੀ ਅਣਜਾਣੀ ਰਹਿੰਦੀ ਹੈ। ਤੁਸੀਂ ਸ਼ਾਇਦ ਇਸ ਨੂੰ ਇਕ ਚੈੱਕ ਨਾਲ ਦਰਸਾ ਸਕਦੇ ਹੋ ਜੋ ਹਾਲੇ ਤੁੜਾਇਆ ਨਹੀਂ ਗਿਆ ਹੈ। ਤੁਹਾਨੂੰ ਸ਼ਾਇਦ ਕਿਸੇ ਕੀਤੇ ਕੰਮ ਲਈ, ਕਿਸੇ ਦਿੱਤੇ ਮਾਲ ਲਈ, ਜਾਂ ਇਕ ਤੋਹਫ਼ੇ ਵਜੋਂ ਇਕ ਚੈੱਕ ਮਿਲਿਆ ਹੋਵੇ। ਚੈੱਕ ਕੀਮਤੀ ਲੱਗਦਾ ਹੈ, ਪਰ ਕੀ ਇਸ ਦੀ ਕੋਈ ਕੀਮਤ ਹੈ? ਕੀ ਚੈੱਕ ਉੱਨਾ ਕੀਮਤੀ ਹੈ ਜਿੰਨਾ ਉਹ ਦਿਖਾਈ ਦਿੰਦਾ ਹੈ? ਇਸੇ ਤਰ੍ਹਾਂ, ਸਾਡੀ ਨਿਹਚਾ ਨੂੰ ਕੇਵਲ ਇਕ ਦਿਖਾਵੇ ਜਾਂ ਇਕ ਦਾਅਵੇ ਤੋਂ ਕੁਝ ਜ਼ਿਆਦਾ ਹੋਣਾ ਚਾਹੀਦਾ ਹੈ। ਜੇਕਰ ਅਸੀਂ ਸਾਬਤ ਕਰਨਾ ਚਾਹੁੰਦੇ ਹਾਂ ਕਿ ਉਹ ਅਸਲੀ ਅਰਥ ਅਤੇ ਸੱਚੀ ਖੂਬੀ ਰੱਖਦੀ ਹੈ, ਤਾਂ ਉਸ ਦਾ ਪਰਖਿਆ ਜਾਣਾ ਜ਼ਰੂਰੀ ਹੈ। ਜਦੋਂ ਸਾਡੀ ਨਿਹਚਾ ਪਰਖੀ ਜਾਂਦੀ ਹੈ ਸ਼ਾਇਦ ਸਾਨੂੰ ਪਤਾ ਲੱਗੇ ਕਿ ਇਹ ਮਜ਼ਬੂਤ ਅਤੇ ਕੀਮਤੀ ਹੈ। ਨਿਹਚਾ ਦੀ ਪਰੀਖਿਆ ਤੋਂ ਉਹ ਖੇਤਰ ਵੀ ਪ੍ਰਗਟ ਹੋ ਸਕਦੇ ਹਨ ਜਿੱਥੇ ਉਸ ਨੂੰ ਸ਼ੁੱਧ ਜਾਂ ਮਜ਼ਬੂਤ ਕਰਨ ਦੀ ਜ਼ਰੂਰਤ ਹੋਵੇ।
7, 8. ਸਾਡੀ ਨਿਹਚਾ ਦੀਆਂ ਪਰੀਖਿਆਵਾਂ ਕਿੱਥੋਂ ਆਉਂਦੀਆਂ ਹਨ?
7 ਪਰਮੇਸ਼ੁਰ ਸਤਾਹਟ ਜਾਂ ਨਿਹਚਾ ਦੀਆਂ ਦੂਜੀਆਂ ਪਰੀਖਿਆਵਾਂ ਨੂੰ ਸਾਡੇ ਉੱਤੇ ਆਉਣ ਦਿੰਦਾ ਹੈ। ਅਸੀਂ ਪੜ੍ਹਦੇ ਹਾਂ: “ਕੋਈ ਮਨੁੱਖ ਜਦ ਪਰਤਾਇਆ ਜਾਵੇ ਤਾਂ ਇਹ ਨਾ ਆਖੇ ਭਈ ਮੈਂ ਪਰਮੇਸ਼ੁਰ ਵੱਲੋਂ ਪਰਤਾਇਆ ਜਾਂਦਾ ਹਾਂ ਕਿਉਂ ਜੋ ਪਰਮੇਸ਼ੁਰ ਬਦੀਆਂ ਤੋਂ ਪਰਤਾਇਆ ਨਹੀਂ ਜਾਂਦਾ ਹੈ ਅਤੇ ਨਾ ਉਹ ਆਪ ਕਿਸੇ ਨੂੰ ਪਰਤਾਉਂਦਾ ਹੈ।” (ਯਾਕੂਬ 1:13) ਅਜਿਹੀਆਂ ਅਜ਼ਮਾਇਸ਼ਾਂ ਲਈ ਕੌਣ ਜਾਂ ਕੀ ਜ਼ਿੰਮੇਵਾਰ ਹੈ? ਸ਼ਤਾਨ, ਸੰਸਾਰ, ਅਤੇ ਖ਼ੁਦ ਆਪਣਾ ਅਪੂਰਣ ਸਰੀਰ।
8 ਅਸੀਂ ਸ਼ਾਇਦ ਮੰਨਦੇ ਹਾਂ ਕਿ ਸ਼ਤਾਨ ਸੰਸਾਰ ਉੱਤੇ, ਉਸ ਦੀ ਸੋਚਣੀ ਅਤੇ ਤੌਰ-ਤਰੀਕਿਆਂ ਉੱਤੇ ਇਕ ਸ਼ਕਤੀਸ਼ਾਲੀ ਪ੍ਰਭਾਵ ਪਾਉਂਦਾ ਹੈ। (1 ਯੂਹੰਨਾ 5:19) ਅਤੇ ਅਸੀਂ ਸ਼ਾਇਦ ਜਾਣਦੇ ਹਾਂ ਕਿ ਉਹ ਮਸੀਹੀਆਂ ਵਿਰੁੱਧ ਸਤਾਹਟ ਉਕਸਾਉਂਦਾ ਹੈ। (ਪਰਕਾਸ਼ ਦੀ ਪੋਥੀ 12:17) ਲੇਕਿਨ ਕੀ ਅਸੀਂ ਇਸ ਨੂੰ ਵੀ ਉੱਨਾ ਹੀ ਮੰਨਦੇ ਹਾਂ ਕਿ ਸ਼ਤਾਨ ਸਾਡੇ ਅਪੂਰਣ ਸਰੀਰ ਨੂੰ ਭਾਉਣ ਦੁਆਰਾ ਸਾਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦਾ ਹੈ, ਅਤੇ ਦੁਨਿਆਵੀ ਬਹਿਕਾਵਿਆਂ ਨੂੰ ਸਾਡੀਆਂ ਅੱਖਾਂ ਦੇ ਸਾਮ੍ਹਣੇ ਲਮਕਾ ਕੇ ਉਮੀਦ ਰੱਖਦਾ ਹੈ ਕਿ ਅਸੀਂ ਚੋਗ਼ਾ ਲੈ ਲਵਾਂਗੇ, ਪਰਮੇਸ਼ੁਰ ਦੀ ਅਵੱਗਿਆ ਕਰਾਂਗੇ, ਅਤੇ ਅੰਤ ਵਿਚ ਯਹੋਵਾਹ ਦੀ ਮਨਜ਼ੂਰੀ ਖੋਹ ਬੈਠਾਂਗੇ? ਨਿਸ਼ਚੇ ਹੀ, ਸਾਨੂੰ ਸ਼ਤਾਨ ਦੇ ਤਰੀਕਿਆਂ ਤੋਂ ਹੈਰਾਨ ਨਹੀਂ ਹੋਣਾ ਚਾਹੀਦਾ, ਕਿਉਂਕਿ ਯਿਸੂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦੇ ਹੋਏ ਉਸ ਨੇ ਉਹੀ ਤਰੀਕੇ ਇਸਤੇਮਾਲ ਕੀਤੇ ਸਨ।—ਮੱਤੀ 4:1-11.
9. ਅਸੀਂ ਨਿਹਚਾ ਦੀਆਂ ਉਦਾਹਰਣਾਂ ਤੋਂ ਕਿਵੇਂ ਲਾਭ ਉਠਾ ਸਕਦੇ ਹਾਂ?
9 ਆਪਣੇ ਬਚਨ ਅਤੇ ਮਸੀਹੀ ਕਲੀਸਿਯਾ ਦੁਆਰਾ, ਯਹੋਵਾਹ ਸਾਡੀਆਂ ਅੱਖਾਂ ਦੇ ਸਾਮ੍ਹਣੇ ਨਿਹਚਾ ਦੀਆਂ ਚੰਗੀਆਂ ਉਦਾਹਰਣਾਂ ਰੱਖਦਾ ਹੈ ਜਿਨ੍ਹਾਂ ਦੀ ਅਸੀਂ ਰੀਸ ਕਰ ਸਕਦੇ ਹਾਂ। ਪੌਲੁਸ ਨੇ ਤਾੜਨਾ ਦਿੱਤੀ: “ਹੇ ਭਰਾਵੋ, ਤੁਸੀਂ ਰਲ ਕੇ ਮੇਰੀ ਰੀਸ ਕਰੋ ਅਤੇ ਉਨ੍ਹਾਂ ਵੱਲ ਧਿਆਨ ਰੱਖੋ ਜੋ ਇਹੋ ਜਿਹੀ ਚਾਲ ਚੱਲਦੇ ਹਨ ਜਿਵੇਂ ਅਸੀਂ ਤੁਹਾਡੇ ਲਈ ਨਮੂਨੇ ਹਾਂ।” (ਫ਼ਿਲਿੱਪੀਆਂ 3:17) ਪਹਿਲੀ ਸਦੀ ਵਿਚ ਪਰਮੇਸ਼ੁਰ ਦੇ ਮਸਹ ਕੀਤੇ ਹੋਏ ਇਕ ਸੇਵਕ ਵਜੋਂ, ਪੌਲੁਸ ਨੇ ਵੱਡੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਦੇ ਬਾਵਜੂਦ, ਨਿਹਚਾ ਦੇ ਕੰਮ ਕਰਨ ਵਿਚ ਅਗਵਾਈ ਕੀਤੀ। 20ਵੀਂ ਸਦੀ ਦੇ ਅੰਤ ਵਿਚ, ਨਿਹਚਾ ਦੀਆਂ ਸਮਾਨ ਉਦਾਹਰਣਾਂ ਦੀ ਕਮੀ ਨਹੀਂ ਹੈ। ਇਬਰਾਨੀਆਂ 13:7 ਦੇ ਸ਼ਬਦ ਅੱਜ ਵੀ ਉੱਨੇ ਲਾਗੂ ਹੁੰਦੇ ਹਨ ਜਿੰਨੇ ਪੌਲੁਸ ਦੁਆਰਾ ਲਿਖੇ ਜਾਣ ਦੇ ਸਮੇਂ: “ਤੁਸੀਂ ਆਪਣੇ ਆਗੂਆਂ ਨੂੰ ਚੇਤੇ ਰੱਖੋ ਜਿਨ੍ਹਾਂ ਤੁਹਾਨੂੰ ਪਰਮੇਸ਼ੁਰ ਦਾ ਬਚਨ ਸੁਣਾਇਆ। ਓਹਨਾਂ ਦੀ ਚਾਲ ਦੇ ਓੜਕ ਵੱਲ ਧਿਆਨ ਕਰ ਕੇ ਓਹਨਾਂ ਦੀ ਨਿਹਚਾ ਦੀ ਰੀਸ ਕਰੋ।”
10. ਇਸ ਸਮੇਂ ਵਿਚ ਸਾਡੇ ਕੋਲ ਨਿਹਚਾ ਦੀਆਂ ਕਿਹੜੀਆਂ ਖ਼ਾਸ ਉਦਾਹਰਣਾਂ ਹਨ?
10 ਇਹ ਤਾੜਨਾ ਉਦੋਂ ਖ਼ਾਸ ਅਸਰ ਰੱਖਦੀ ਹੈ ਜਦੋਂ ਅਸੀਂ ਮਸਹ ਕੀਤੇ ਹੋਏ ਬਕੀਏ ਦੀ ਚਾਲ ਦੇ ਓੜਕ ਉੱਤੇ ਵਿਚਾਰ ਕਰਦੇ ਹਾਂ। ਅਸੀਂ ਉਨ੍ਹਾਂ ਦੀ ਉਦਾਹਰਣ ਵੱਲ ਧਿਆਨ ਦੇ ਕੇ ਉਨ੍ਹਾਂ ਦੀ ਨਿਹਚਾ ਦੀ ਰੀਸ ਕਰ ਸਕਦੇ ਹਾਂ। ਉਨ੍ਹਾਂ ਦੀ ਨਿਹਚਾ ਸੱਚੀ ਹੈ ਜੋ ਅਜ਼ਮਾਇਸ਼ਾਂ ਦੁਆਰਾ ਸ਼ੁੱਧ ਕੀਤੀ ਗਈ ਹੈ। 1870 ਦੇ ਦਹਾਕੇ ਵਿਚ ਛੋਟੇ ਸ਼ੁਰੂਆਤ ਤੋਂ, ਇਕ ਵਿਸ਼ਵ-ਵਿਆਪੀ ਭਾਈਚਾਰਾ ਬਣਿਆ ਹੈ। ਉਸ ਸਮੇਂ ਤੋਂ ਮਸਹ ਕੀਤੇ ਹੋਇਆਂ ਦੀ ਨਿਹਚਾ ਅਤੇ ਧੀਰਜ ਦੇ ਫਲ ਵਜੋਂ, ਹੁਣ ਪਚਵੰਜਾ ਲੱਖ ਤੋਂ ਜ਼ਿਆਦਾ ਯਹੋਵਾਹ ਦੇ ਗਵਾਹ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰ ਰਹੇ ਅਤੇ ਸਿੱਖਿਆ ਦੇ ਰਹੇ ਹਨ। ਜੋਸ਼ੀਲੇ ਸੱਚੇ ਉਪਾਸਕਾਂ ਦੀ ਵਰਤਮਾਨ ਵਿਆਪਕ ਕਲੀਸਿਯਾ ਪਰਖੀ ਗਈ ਨਿਹਚਾ ਦਾ ਸਬੂਤ ਹੈ।—ਤੀਤੁਸ 2:14.
ਸਾਲ 1914 ਬਾਰੇ ਨਿਹਚਾ ਪਰਖੀ ਗਈ
11. ਸੀ. ਟੀ. ਰਸਲ ਅਤੇ ਉਸ ਦੇ ਸਾਥੀਆਂ ਲਈ 1914 ਕਿਸ ਤਰ੍ਹਾਂ ਮਹੱਤਵਪੂਰਣ ਸੀ?
11 ਪਹਿਲੇ ਵਿਸ਼ਵ ਯੁੱਧ ਦੇ ਭੜਕਣ ਤੋਂ ਕਈ ਸਾਲ ਪਹਿਲਾਂ, ਮਸਹ ਕੀਤਾ ਹੋਇਆ ਬਕੀਆ ਐਲਾਨ ਕਰਦਾ ਆਇਆ ਸੀ ਕਿ ਬਾਈਬਲ ਭਵਿੱਖਬਾਣੀ ਵਿਚ 1914 ਇਕ ਮਹੱਤਵਪੂਰਣ ਤਾਰੀਖ਼ ਹੋਵੇਗੀ। ਪਰ, ਉਨ੍ਹਾਂ ਦੀਆਂ ਕੁਝ ਉਮੀਦਾਂ ਅਨੁਮਾਨਿਤ ਸਮੇਂ ਤੇ ਪੂਰੀਆਂ ਨਹੀਂ ਹੋਈਆਂ ਸਨ, ਅਤੇ ਆਉਣ ਵਾਲੀਆਂ ਘਟਣਾਵਾਂ ਬਾਰੇ ਉਨ੍ਹਾਂ ਦਾ ਦ੍ਰਿਸ਼ਟੀਕੋਣ ਪੂਰੀ ਤਰ੍ਹਾਂ ਸਹੀ ਨਹੀਂ ਸੀ। ਉਦਾਹਰਣ ਵਜੋਂ, ਸੀ. ਟੀ. ਰਸਲ, ਵਾਚ ਟਾਵਰ ਸੋਸਾਇਟੀ ਦਾ ਪਹਿਲਾ ਪ੍ਰਧਾਨ, ਅਤੇ ਉਸ ਦੇ ਸਾਥੀ ਦੇਖ ਸਕਦੇ ਸਨ ਕਿ ਇਕ ਬਹੁਤ ਵੱਡਾ ਪ੍ਰਚਾਰ ਕੰਮ ਜ਼ਰੂਰੀ ਸੀ। ਉਨ੍ਹਾਂ ਨੇ ਪੜ੍ਹਿਆ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” (ਮੱਤੀ 24:14) ਲੇਕਿਨ, ਉਨ੍ਹਾਂ ਦਾ ਛੋਟਾ ਜਿਹਾ ਸਮੂਹ ਇਹ ਕਿਵੇਂ ਕਰ ਸਕਦਾ ਸੀ?
12. ਬਾਈਬਲ ਸੱਚਾਈ ਨੇ ਰਸਲ ਦੇ ਇਕ ਸਾਥੀ ਨੂੰ ਕਿਸ ਤਰ੍ਹਾਂ ਪ੍ਰੇਰਿਤ ਕੀਤਾ?
12 ਵਿਚਾਰ ਕਰੋ ਕਿ ਇਸ ਨੇ ਰਸਲ ਦੇ ਇਕ ਸਾਥੀ, ਏ. ਐੱਚ. ਮਕਮਿਲਨ ਨੂੰ ਕਿਵੇਂ ਪ੍ਰਭਾਵਿਤ ਕੀਤਾ। ਕੈਨੇਡਾ ਵਿਚ ਜੰਮਿਆ, ਮਕਮਿਲਨ ਅਜੇ 20 ਸਾਲਾਂ ਦਾ ਨਹੀਂ ਸੀ ਜਦੋਂ ਉਸ ਨੇ ਰਸਲ ਦੀ ਪੁਸਤਕ ਯੁਗਾਂ ਦੀ ਜੁਗਤੀ (1886, ਅੰਗ੍ਰੇਜ਼ੀ) ਪ੍ਰਾਪਤ ਕੀਤੀ। (ਇਹ ਪੁਸਤਕ, ਜੋ ਯੁਗਾਂ ਦੀ ਈਸ਼ਵਰੀ ਜੁਗਤੀ ਵੀ ਸੱਦੀ ਜਾਂਦੀ ਸੀ, ਸ਼ਾਸਤਰ ਦਾ ਅਧਿਐਨ [ਅੰਗ੍ਰੇਜ਼ੀ] ਦੇ ਸੈੱਟ ਦਾ ਪਹਿਲਾਂ ਖੰਡ ਬਣੀ ਜੋ ਦੂਰ ਤਕ ਵੰਡਿਆ ਗਿਆ ਸੀ। ਖੰਡ 2, ਸਮਾਂ ਨੇੜੇ ਹੈ [1889, ਅੰਗ੍ਰੇਜ਼ੀ], ਨੇ ਸੰਕੇਤ ਕੀਤਾ ਕਿ 1914 ਵਿਚ “ਪਰਾਈਆਂ ਕੌਮਾਂ ਦੇ ਸਮੇ” ਪੂਰੇ ਹੋ ਜਾਣਗੇ। [ਲੂਕਾ 21:24]) ਉਸ ਹੀ ਰਾਤ ਜਦੋਂ ਮਕਮਿਲਨ ਪੜ੍ਹਨ ਲੱਗਾ, ਉਸ ਨੇ ਸੋਚਿਆ: “ਇਹ ਤਾਂ ਸੱਚਾਈ ਲੱਗਦੀ ਹੈ!” 1900 ਦੀਆਂ ਗਰਮੀਆਂ ਵਿਚ, ਬਾਈਬਲ ਸਟੂਡੈਂਟਸ, ਜਿਵੇਂ ਯਹੋਵਾਹ ਦੇ ਗਵਾਹ ਉਸ ਸਮੇਂ ਸੱਦੇ ਜਾਂਦੇ ਸਨ, ਦੇ ਇਕ ਮਹਾਂ-ਸੰਮੇਲਨ ਤੇ ਉਹ ਰਸਲ ਨੂੰ ਮਿਲਿਆ। ਥੋੜ੍ਹੀ ਦੇਰ ਵਿਚ ਮਕਮਿਲਨ ਨੇ ਬਪਤਿਸਮਾ ਲਿਆ ਅਤੇ ਨਿਊਯਾਰਕ ਵਿਚ ਸੋਸਾਇਟੀ ਦੇ ਮੁੱਖ ਦਫ਼ਤਰ ਤੇ ਭਰਾ ਰਸਲ ਨਾਲ ਕੰਮ ਕਰਨ ਲੱਗ ਪਿਆ।
13. ਮੱਤੀ 24:14 ਦੀ ਪੂਰਤੀ ਦੇ ਸੰਬੰਧ ਵਿਚ ਮਕਮਿਲਨ ਅਤੇ ਦੂਸਰਿਆਂ ਨੇ ਕਿਹੜੀ ਸਮੱਸਿਆ ਦੇਖੀ ਸੀ?
13 ਆਪਣੀ ਬਾਈਬਲ ਪੜ੍ਹਾਈ ਤੇ ਆਧਾਰਿਤ, ਉਨ੍ਹਾਂ ਮਸਹ ਕੀਤੇ ਹੋਏ ਮਸੀਹੀਆਂ ਨੇ ਸੰਕੇਤ ਕੀਤਾ ਕਿ 1914 ਪਰਮੇਸ਼ੁਰ ਦੇ ਮਕਸਦ ਵਿਚ ਇਕ ਮਹੱਤਵਪੂਰਣ ਮੋੜ ਹੋਵੇਗਾ। ਪਰ ਮਕਮਿਲਨ ਅਤੇ ਦੂਸਰੇ ਵਿਚਾਰ ਕਰਦੇ ਸਨ ਕਿ ਮੱਤੀ 24:14 ਵਿਚ ਪਹਿਲਾਂ ਦੱਸਿਆ ਹੋਇਆ ਪ੍ਰਚਾਰ ਕੰਮ ਇੰਨੇ ਥੋੜ੍ਹੇ ਸਮੇਂ ਵਿਚ ਕਿਵੇਂ ਪੂਰਾ ਕੀਤਾ ਜਾ ਸਕਦਾ ਸੀ। ਬਾਅਦ ਵਿਚ ਉਸ ਨੇ ਕਿਹਾ: “ਮੈਨੂੰ ਯਾਦ ਹੈ ਕਿ ਮੈਂ ਇਸ ਬਾਰੇ ਭਰਾ ਰਸਲ ਨਾਲ ਕਈ ਵਾਰੀ ਚਰਚਾ ਕਰਦਾ ਹੁੰਦਾ ਸੀ, ਅਤੇ ਉਹ ਕਹਿੰਦੇ ਹੁੰਦੇ ਸਨ, ‘ਵੈਸੇ, ਭਰਾ ਜੀ, ਇੱਥੇ ਹੀ ਨਿਊਯਾਰਕ ਵਿਚ ਯਰੂਸ਼ਲਮ ਨਾਲੋਂ ਜ਼ਿਆਦਾ ਯਹੂਦੀ ਹਨ। ਇੱਥੇ ਡਬਲਿਨ ਨਾਲੋਂ ਜ਼ਿਆਦਾ ਆਇਰਿਸ਼ ਬੰਦੇ ਹਨ। ਅਤੇ ਇੱਥੇ ਰੋਮ ਨਾਲੋਂ ਜ਼ਿਆਦਾ ਇਤਾਲਵੀ ਹਨ। ਤਾਂ ਫਿਰ ਜੇ ਅਸੀਂ ਉਨ੍ਹਾਂ ਨੂੰ ਇੱਥੇ ਹੀ ਪ੍ਰਚਾਰ ਕਰੀਏ, ਤਾਂ ਮਨ ਲਓ ਅਸੀਂ ਇਹ ਸੰਦੇਸ਼ ਸਾਰੀ ਦੁਨੀਆਂ ਵਿਚ ਪਹੁੰਚਾ ਰਹੇ ਹਾਂ।’ ਪਰ ਇਸ ਗੱਲ ਨੇ ਸਾਡੇ ਮਨਾਂ ਨੂੰ ਤਸੱਲੀ ਨਹੀਂ ਦਿੱਤੀ। ਫਿਰ ਉਦੋਂ ‘ਫੋਟੋ-ਡਰਾਮਾ’ ਤਿਆਰ ਕਰਨ ਦਾ ਖ਼ਿਆਲ ਪੈਦਾ ਹੋਇਆ।”
14. ਸੰਨ 1914 ਤੋਂ ਪਹਿਲਾਂ, ਕਿਹੜਾ ਵਿਸ਼ੇਸ਼ ਕੰਮ ਜ਼ਿੰਮੇ ਲਿਆ ਗਿਆ ਸੀ?
14 ‘ਸ੍ਰਿਸ਼ਟੀ ਦੇ ਫੋਟੋ-ਡਰਾਮੇ’ ਦਾ ਕੰਮ ਕਿੰਨਾ ਅਨੂਠਾ ਸੀ! ਇਸ ਵਿਚ ਫ਼ਿਲਮ ਅਤੇ ਕੱਚ ਦੀਆਂ ਰੰਗੀਨ ਸਲਾਈਡਾਂ ਸਨ, ਜੋ ਬਾਈਬਲ ਭਾਸ਼ਣ ਅਤੇ ਫੋਨੋਗ੍ਰਾਫ ਰਿਕਾਰਡਾਂ ਦੇ ਨਾਲ-ਨਾਲ ਚਲਾਏ ਜਾਂਦੇ ਸਨ। 1913 ਵਿਚ, ਪਹਿਰਾਬੁਰਜ (ਅੰਗ੍ਰੇਜ਼ੀ) ਨੇ ਅਰਕਾਂਸਾਸ, ਯੂ.ਐੱਸ.ਏ. ਵਿਚ ਇਕ ਮਹਾਂ-ਸੰਮੇਲਨ ਬਾਰੇ ਕਿਹਾ: “ਇਹ ਸਾਰਿਆਂ ਦੀ ਸਹਿਮਤੀ ਨਾਲ ਤੈ ਕੀਤਾ ਗਿਆ ਕਿ ਬਾਈਬਲ ਸੱਚਾਈਆਂ ਸਿਖਾਉਣ ਲਈ ਫ਼ਿਲਮਾਂ ਨੂੰ ਇਸਤੇਮਾਲ ਕਰਨ ਦਾ ਸਮਾਂ ਹੁਣ ਆ ਚੁੱਕਾ ਸੀ। . . . [ਰਸਲ] ਨੇ ਸਮਝਾਇਆ ਕਿ ਤਿੰਨ ਸਾਲਾਂ ਲਈ ਉਹ ਇਸ ਹੀ ਚੀਜ਼ ਉੱਤੇ ਕੰਮ ਕਰਦਾ ਆਇਆ ਸੀ ਅਤੇ ਹੁਣ ਸੈਂਕੜਿਆਂ ਹੀ ਸੁੰਦਰ ਤਸਵੀਰਾਂ ਤਕਰੀਬਨ ਤਿਆਰ ਸਨ, ਜੋ ਯਕੀਨਨ ਵੱਡੀਆਂ ਭੀੜਾਂ ਨੂੰ ਖਿੱਚਣਗੀਆਂ ਅਤੇ ਇੰਜੀਲ ਨੂੰ ਐਲਾਨ ਕਰਨਗੀਆਂ, ਅਤੇ ਜਨਤਾ ਨੂੰ ਪਰਮੇਸ਼ੁਰ ਵਿਚ ਦੁਬਾਰਾ ਵਿਸ਼ਵਾਸ ਕਰਨ ਲਈ ਮਦਦ ਦੇਣਗੀਆਂ।”
15. “ਫੋਟੋ-ਡਰਾਮਾ” ਦੇ ਕਿਹੋ ਜਿਹੇ ਨਤੀਜੇ ਨਿਕਲੇ?
15 ਜਨਵਰੀ 1914 ਵਿਚ “ਫੋਟੋ-ਡਰਾਮਾ” ਦੀ ਆਰੰਭਕ ਪੇਸ਼ਕਸ਼ ਤੋਂ ਬਾਅਦ ਇਸ ਨੇ ਇਹੋ ਕੀਤਾ। 1914 ਦੇ ਪਹਿਰਾਬੁਰਜ (ਅੰਗ੍ਰੇਜ਼ੀ) ਤੋਂ ਕੁਝ ਰਿਪੋਰਟ ਹੇਠਾਂ ਦਿੱਤੇ ਗਏ ਹਨ:
ਅਪ੍ਰੈਲ 1: “ਦੋ ਹਿੱਸੇ ਦੇਖਣ ਤੋਂ ਬਾਅਦ ਇਕ ਪਾਦਰੀ ਨੇ ਕਿਹਾ, ‘ਮੈਂ ਅਜੇ ਸ੍ਰਿਸ਼ਟੀ ਦੇ ਫੋਟੋ-ਡਰਾਮੇ ਦਾ ਅੱਧਾ ਹੀ ਹਿੱਸਾ ਦੇਖਿਆ ਹੈ, ਲੇਕਿਨ ਥੀਓਲਾਜੀਕਲ ਕਾਲਜ ਵਿਚ ਆਪਣੇ ਤਿੰਨ ਸਾਲ ਦੇ ਕੋਰਸ ਨਾਲੋਂ ਮੈਂ ਬਾਈਬਲ ਬਾਰੇ ਇਸ ਤੋਂ ਹੁਣ ਹੀ ਜ਼ਿਆਦਾ ਸਿੱਖਿਆ ਪ੍ਰਾਪਤ ਕੀਤੀ ਹੈ।’ ਇਸ ਨੂੰ ਦੇਖਣ ਤੋਂ ਬਾਅਦ ਇਕ ਯਹੂਦੀ ਨੇ ਕਿਹਾ, ‘ਮੈਂ ਪਹਲਿਾਂ ਨਾਲੋਂ ਹੁਣ ਇਕ ਬਿਹਤਰ ਯਹੂਦੀ ਬਣ ਕੇ ਜਾ ਰਿਹਾ ਹਾਂ।’ ਕਈ ਕੈਥੋਲਿਕ ਪਾਦਰੀ ਅਤੇ ਨਨ ਡਰਾਮਾ ਦੇਖਣ ਆਏ ਹਨ ਅਤੇ ਉਨ੍ਹਾਂ ਨੇ ਬਹੁਤ ਕਦਰ ਪ੍ਰਗਟ ਕੀਤੀ ਹੈ। . . . ਅਜੇ ਡਰਾਮਾ ਦੇ ਸਿਰਫ਼ ਬਾਰਾਂ ਸੈੱਟ ਹੀ ਬਣਾਏ ਗਏ ਹਨ . . . ਫਿਰ ਵੀ ਅਸੀਂ ਇਕੱਤੀ ਸ਼ਹਿਰਾਂ ਤਕ ਪਹੁੰਚ ਕੇ ਉਨ੍ਹਾਂ ਵਿਚ ਦਿਖਾ ਰਹੇ ਹਾਂ . . . ਕੁਝ ਪੈਂਤੀ ਹਜ਼ਾਰ ਲੋਕ ਹਰ ਰੋਜ਼ ਦੇਖ ਰਹੇ, ਸੁਣ ਰਹੇ, ਤਾਰੀਫ਼ ਕਰ ਰਹੇ, ਸੋਚ ਰਹੇ ਅਤੇ ਬਰਕਤਾਂ ਪਾ ਰਹੇ ਹਨ।”
ਜੂਨ 15: “ਤਸਵੀਰਾਂ ਨੇ ਮੈਨੂੰ ਸੱਚਾਈ ਬਾਰੇ ਦੱਸਣ ਲਈ ਹੋਰ ਜੋਸ਼ੀਲਾ ਬਣਾਇਆ ਹੈ, ਅਤੇ ਸਵਰਗੀ ਪਿਤਾ ਨਾਲੇ ਸਾਡੇ ਪਿਆਰੇ ਵੱਡੇ ਭਰਾ ਯਿਸੂ ਲਈ ਮੇਰੇ ਪ੍ਰੇਮ ਨੂੰ ਵਧਾਇਆ ਹੈ। ਮੈਂ ਹਰ ਰੋਜ਼ ਪ੍ਰਾਰਥਨਾ ਕਰਦਾ ਹਾਂ ਕਿ ਪਰਮੇਸ਼ੁਰ ਦੀ ਭਰਪੂਰ ਬਰਕਤ ਸ੍ਰਿਸ਼ਟੀ ਦੇ ਫੋਟੋ-ਡਰਾਮਾ ਉੱਤੇ ਅਤੇ ਉਸ ਦੀ ਪੇਸ਼ਕਾਰੀ ਵਿਚ ਹਿੱਸਾ ਲੈਣ ਵਾਲੇ ਸਾਰਿਆਂ ਉੱਤੇ ਹੋਵੇ . . . ਮੈਂ ਉਸ ਵਿਚ ਤੁਹਾਡਾ ਸੇਵਕ ਹਾਂ, ਐੱਫ. ਡਬਲਯੂ. ਨੋਚ। —ਆਇਓਵਾ।”
ਜੁਲਾਈ 15: “ਅਸੀਂ ਇਹ ਦੇਖ ਕੇ ਬਹੁਤ ਖ਼ੁਸ਼ ਹਾਂ ਕਿ ਇਸ ਸ਼ਹਿਰ ਵਿਚ ਤਸਵੀਰਾਂ ਨੇ ਕਿੰਨਾ ਚੰਗਾ ਪ੍ਰਭਾਵ ਪਾਇਆ ਹੈ, ਅਤੇ ਅਸੀਂ ਪੱਕਾ ਯਕੀਨ ਰੱਖਦੇ ਹਾਂ ਕਿ ਸੰਸਾਰ ਨੂੰ ਇਹ ਗਵਾਹੀ ਹੋਰ ਕਈਆਂ ਨੂੰ ਇਕੱਠਾ ਕਰਨ ਲਈ ਵੀ ਇਸਤੇਮਾਲ ਕੀਤੀ ਜਾ ਰਹੀ ਹੈ ਜੋ ਪ੍ਰਭੂ ਦੇ ਚੁਣੇ ਹੋਏ ਹੀਰੇ ਹੋਣ ਦਾ ਸਬੂਤ ਦਿੰਦੇ ਹਨ। ਅਸੀਂ ਕਾਫ਼ੀ ਸੁਹਿਰਦ ਬਾਈਬਲ ਵਿਦਿਆਰਥੀਆਂ ਨੂੰ ਜਾਣਦੇ ਹਾਂ ਜੋ ਫੋਟੋ-ਡਰਾਮਾ ਕੰਮ ਦੇ ਨਤੀਜੇ ਵਜੋਂ ਹੁਣ ਇੱਥੇ ਕਲਾਸ ਨਾਲ ਸੰਗਤ ਕਰ ਰਹੇ ਹਨ। . . . ਪ੍ਰਭੂ ਵਿਚ ਤੁਹਾਡੀ ਭੈਣ, ਐਮਾ. ਐੱਲ. ਬ੍ਰਿਕਰ।”
ਨਵੰਬਰ 15: “ਸਾਨੂੰ ਯਕੀਨ ਹੈ ਕਿ ਲੰਡਨ ਓਪੇਰਾ ਹਾਉਸ, ਕਿੰਗਸਵੇ ਵਿਚ, ਸ੍ਰਿਸ਼ਟੀ ਦੇ ਫੋਟੋ-ਡਰਾਮਾ ਰਾਹੀਂ ਦਿੱਤੀ ਜਾ ਰਹੀ ਵਧੀਆ ਗਵਾਹੀ ਬਾਰੇ ਸੁਣ ਕੇ ਤੁਸੀਂ ਖ਼ੁਸ਼ ਹੋਵੋਗੇ। ਇਸ ਨੁਮਾਇਸ਼ ਦੇ ਹਰੇਕ ਵੇਰਵੇ ਵਿਚ ਪ੍ਰਭੂ ਦਾ ਨਿਰਦੇਸ਼ਨ ਇੰਨੀ ਚੰਗੀ ਤਰ੍ਹਾਂ ਨਾਲ ਜ਼ਾਹਰ ਹੋਇਆ ਹੈ ਕਿ ਭਾਈ ਬਹੁਤ ਖ਼ੁਸ਼ ਹੋ ਰਹੇ ਹਨ . . . ਇੱਥੇ ਦੇ ਹਾਜ਼ਰੀਨ ਸਾਰੀਆਂ ਜਾਤਾਂ ਅਤੇ ਹਰ ਪ੍ਰਕਾਰ ਦੇ ਲੋਕਾਂ ਨਾਲ ਬਣੇ ਹੋਏ ਸਨ; ਅਸੀਂ ਗੌਰ ਕੀਤਾ ਹੈ ਕਿ ਕਈ ਪਾਦਰੀ ਵੀ ਹਾਜ਼ਰ ਹੋਏ ਹਨ। ਇਕ ਪਾਦਰੀ . . . ਨੇ ਟਿਕਟ ਮੰਗੇ ਤਾਂ ਜੋ ਉਹ ਅਤੇ ਉਸ ਦੀ ਪਤਨੀ ਇਸ ਨੂੰ ਦੁਬਾਰਾ ਆ ਕੇ ਦੇਖ ਸਕਣ। ਚਰਚ ਆਫ਼ ਇੰਗਲੈਂਡ ਦਾ ਇਕ ਮੁੱਖ ਪਾਦਰੀ ਕਈ ਵਾਰੀ ਡਰਾਮਾ ਦੇਖਣ ਆਇਆ ਹੈ, ਅਤੇ . . . ਆਪਣੇ ਕਈ ਦੋਸਤਾਂ ਨੂੰ ਨਾਲ ਲਿਆਇਆ ਹੈ ਤਾਂਕਿ ਉਹ ਵੀ ਇਸ ਨੂੰ ਦੇਖ ਸਕਣ। ਦੋ ਬਿਸ਼ਪ ਵੀ ਹਾਜ਼ਰ ਹੋਏ ਹਨ, ਅਤੇ ਪਦਵੀ ਵਾਲੇ ਕਈ ਲੋਕ।”
ਦਸੰਬਰ 1: “ਮੈਂ ਤੇ ਮੇਰੀ ਪਤਨੀ ਉਸ ਮਹਾਨ ਅਤੇ ਅਨਮੋਲ ਬਰਕਤ ਲਈ ਆਪਣੇ ਸਵਰਗੀ ਪਿਤਾ ਦਾ ਧੰਨਵਾਦ ਕਰਦੇ ਹਾਂ, ਜੋ ਤੁਹਾਡੇ ਰਾਹੀਂ ਸਾਨੂੰ ਮਿਲੀ ਹੈ। ਤੁਹਾਡੇ ਸੁੰਦਰ ਫੋਟੋ-ਡਰਾਮਾ ਦੇ ਕਾਰਨ ਹੀ ਅਸੀਂ ਸੱਚਾਈ ਦੇਖੀ ਅਤੇ ਸਵੀਕਾਰ ਕੀਤੀ . . . ਸਾਡੇ ਕੋਲ ਸ਼ਾਸਤਰ ਦਾ ਅਧਿਐਨ ਦੇ ਤੁਹਾਡੇ ਛੇ ਖੰਡ ਹਨ। ਉਹ ਬਹੁਤ ਮਦਦ ਕਰਦੇ ਹਨ।”
ਉਸ ਸਮੇਂ ਪਰੀਖਿਆਵਾਂ ਪ੍ਰਤੀ ਰਵੱਈਆ
16. ਸਾਲ 1914 ਨਿਹਚਾ ਦੀ ਪਰੀਖਿਆ ਕਿਉਂ ਲਿਆਇਆ ਸੀ?
16 ਪਰ, ਉਦੋਂ ਕੀ, ਜਦੋਂ ਅਜਿਹੇ ਸੱਚੇ ਅਤੇ ਸ਼ਰਧਾਲੂ ਮਸੀਹੀਆਂ ਨੇ ਪਾਇਆ ਕਿ 1914 ਵਿਚ ਉਨ੍ਹਾਂ ਦੀ ਪ੍ਰਭੂ ਕੋਲ ਹੋਣ ਦੀ ਉਮੀਦ ਪੂਰੀ ਨਹੀਂ ਹੋਈ? ਉਹ ਮਸਹ ਕੀਤੇ ਹੋਏ ਵਿਅਕਤੀ ਇਕ ਖ਼ਾਸ ਤੌਰ ਤੇ ਅਜ਼ਮਾਇਸ਼ੀ ਸਮੇਂ ਵਿੱਚੋਂ ਲੰਘੇ। ਨਵੰਬਰ 1, 1914, ਦੇ ਪਹਿਰਾਬੁਰਜ (ਅੰਗ੍ਰੇਜ਼ੀ) ਨੇ ਐਲਾਨ ਕੀਤਾ: “ਆਓ ਅਸੀਂ ਯਾਦ ਰੱਖੀਏ ਕਿ ਅਸੀਂ ਇਕ ਪਰੀਖਿਆ ਦੇ ਮੌਸਮ ਵਿਚ ਹਾਂ।” ਇਸ ਦੇ ਸੰਬੰਧ ਵਿਚ, ਯਹੋਵਾਹ ਦੇ ਗਵਾਹ—ਪਰਮੇਸ਼ੁਰ ਦੇ ਰਾਜ ਦੇ ਘੋਸ਼ਕ (1993, ਅੰਗ੍ਰੇਜ਼ੀ) ਬਿਆਨ ਕਰਦੀ ਹੈ: “1914 ਤੋਂ 1918 ਦੇ ਸਾਲ, ਵਾਕਈ ਹੀ, ਬਾਈਬਲ ਵਿਦਿਆਰਥੀਆਂ ਦੇ ਲਈ ‘ਇਕ ਪਰੀਖਿਆ ਦਾ ਮੌਸਮ’ ਸਾਬਤ ਹੋਏ।” ਕੀ ਉਹ ਆਪਣੀ ਨਿਹਚਾ ਨੂੰ ਸ਼ੁੱਧ ਕੀਤੀ ਜਾਣ ਅਤੇ ਆਪਣੀ ਸੋਚਣੀ ਨੂੰ ਤਬਦੀਲ ਹੋਣ ਦੇਣਗੇ, ਤਾਂਕਿ ਉਹ ਉਸ ਵੱਡੇ ਕੰਮ ਨੂੰ ਜ਼ਿੰਮੇ ਲੈ ਸਕਣ ਜੋ ਅੱਗੇ ਸੀ?
17. ਵਫ਼ਾਦਾਰ ਮਸਹ ਕੀਤੇ ਹੋਇਆਂ ਨੇ 1914 ਤੋਂ ਬਾਅਦ ਧਰਤੀ ਉੱਤੇ ਰਹਿਣ ਬਾਰੇ ਕਿਵੇਂ ਮਹਿਸੂਸ ਕੀਤਾ?
17 ਸਤੰਬਰ 1, 1916, ਦੇ ਪਹਿਰਾਬੁਰਜ (ਅੰਗ੍ਰੇਜ਼ੀ) ਨੇ ਕਿਹਾ: “ਅਸੀਂ ਕਲਪਨਾ ਕੀਤੀ ਸੀ ਕਿ ਗਿਰਜੇ [ਮਸਹ ਕੀਤੇ ਹੋਏ] ਨੂੰ ਇਕੱਠਾ ਕਰਨ ਦਾ ਵਾਢੀ ਦਾ ਕੰਮ ਪਰਾਈਆਂ ਕੌਮਾਂ ਦੇ ਸਮੇਂ ਦੇ ਅੰਤ ਤੋਂ ਪਹਿਲਾਂ ਪੂਰਾ ਕੀਤਾ ਜਾਵੇਗਾ; ਪਰੰਤੂ ਬਾਈਬਲ ਵਿਚ ਅਜਿਹਾ ਕੋਈ ਸੰਕੇਤ ਨਹੀਂ ਹੈ। . . . ਕੀ ਅਸੀਂ ਪਛਤਾਉਂਦੇ ਹਾਂ ਕਿ ਵਾਢੀ ਦਾ ਕੰਮ ਅਜੇ ਜਾਰੀ ਹੈ? . . . ਸਾਡਾ ਵਰਤਮਾਨ ਰਵੱਈਆ, ਪਿਆਰੇ ਭਾਈਓ, ਪਰਮੇਸ਼ੁਰ ਵੱਲ ਵੱਡੇ ਧੰਨਵਾਦ ਵਾਲਾ ਹੋਣਾ ਚਾਹੀਦਾ ਹੈ, ਜੋ ਉਸ ਵਧੀਆ ਸੱਚਾਈ ਦੀ ਕਦਰ ਨੂੰ ਵਧਾਉਂਦਾ ਹੈ ਜਿਸ ਨੂੰ ਦੇਖਣ ਅਤੇ ਜਿਸ ਨਾਲ ਪਛਾਣੇ ਜਾਣ ਦਾ ਉਸ ਨੇ ਸਾਨੂੰ ਵਿਸ਼ੇਸ਼-ਸਨਮਾਨ ਬਖ਼ਸ਼ਿਆ ਹੈ, ਅਤੇ ਜੋ ਉਸ ਸੱਚਾਈ ਨੂੰ ਦੂਜਿਆਂ ਤਕ ਪਹੁੰਚਾਉਣ ਦੀ ਮਦਦ ਕਰਨ ਲਈ ਜੋਸ਼ ਨੂੰ ਵਧਾਉਂਦਾ ਹੈ।” ਉਨ੍ਹਾਂ ਦੀ ਨਿਹਚਾ ਪਰਖੀ ਗਈ ਸੀ, ਫਿਰ ਵੀ ਉਨ੍ਹਾਂ ਨੇ ਉਸ ਪਰੀਖਿਆ ਦਾ ਸਫ਼ਲਤਾ ਨਾਲ ਸਾਮ੍ਹਣਾ ਕੀਤਾ। ਪਰ ਸਾਨੂੰ ਮਸੀਹੀਆਂ ਨੂੰ ਜਾਣਕਾਰ ਹੋਣਾ ਚਾਹੀਦਾ ਹੈ ਕਿ ਨਿਹਚਾ ਦੀਆਂ ਪਰੀਖਿਆਵਾਂ ਕਈ ਅਤੇ ਤਰ੍ਹਾਂ-ਤਰ੍ਹਾਂ ਦੀਆਂ ਹੋ ਸਕਦੀਆਂ ਹਨ।
18, 19. ਭਰਾ ਰਸਲ ਦੇ ਮਰਨ ਤੋਂ ਥੋੜ੍ਹੇ ਚਿਰ ਬਾਅਦ ਪਰਮੇਸ਼ੁਰ ਦੇ ਲੋਕਾਂ ਲਈ ਨਿਹਚਾ ਦੀਆਂ ਹੋਰ ਕਿਹੜੀਆਂ ਪਰੀਖਿਆਵਾਂ ਆਈਆਂ?
18 ਉਦਾਹਰਣ ਲਈ, ਭਰਾ ਚਾਰਲਸ ਟੀ. ਰਸਲ ਦੇ ਮਰਨ ਤੋਂ ਥੋੜ੍ਹੇ ਚਿਰ ਬਾਅਦ ਬਕੀਏ ਉੱਤੇ ਹੋਰ ਕਿਸਮ ਦੀ ਪਰੀਖਿਆ ਆਈ। ਇਹ ਉਨ੍ਹਾਂ ਦੀ ਨਿਸ਼ਠਾ ਅਤੇ ਨਿਹਚਾ ਦੀ ਪਰੀਖਿਆ ਸੀ। ਮੱਤੀ 24:45 ਦਾ ‘ਮਾਤਬਰ ਨੌਕਰ’ ਕੌਣ ਸੀ? ਕੁਝ ਵਿਅਕਤੀਆਂ ਨੇ ਮਹਿਸੂਸ ਕੀਤਾ ਕਿ ਉਹ ਖ਼ੁਦ ਭਰਾ ਰਸਲ ਹੀ ਸੀ, ਅਤੇ ਉਹ ਨਵੇਂ ਸੰਸਥਾਈ ਇੰਤਜ਼ਾਮਾਂ ਵਿਚ ਸਹਿਯੋਗ ਦੇਣ ਤੋਂ ਝਿਜਕਦੇ ਸਨ। ਜੇਕਰ ਉਹ ਹੀ ਨੌਕਰ ਹੁੰਦਾ, ਤਾਂ ਹੁਣ ਉਸ ਦੀ ਮੌਤ ਦੇ ਮਗਰੋਂ ਭਰਾ ਕੀ ਕਰਦੇ? ਕੀ ਉਨ੍ਹਾਂ ਨੇ ਨਿਯੁਕਤ ਕੀਤੇ ਕਿਸੇ ਨਵੇਂ ਵਿਅਕਤੀ ਦੀ ਪੈਰਵੀ ਕਰਨੀ ਸੀ, ਜਾਂ ਕੀ ਹੁਣ ਇਹ ਪਛਾਣਨ ਦਾ ਵਕਤ ਸੀ ਕਿ ਯਹੋਵਾਹ, ਸਿਰਫ਼ ਇਕ ਵਿਅਕਤੀ ਨੂੰ ਨਹੀਂ, ਪਰੰਤੂ ਮਸੀਹੀਆਂ ਦੇ ਸਮੁੱਚੇ ਸਮੂਹ ਨੂੰ ਸਾਧਨ ਜਾਂ ਨੌਕਰ ਵਰਗ ਦੇ ਤੌਰ ਤੇ ਇਸਤੇਮਾਲ ਕਰ ਰਿਹਾ ਸੀ?
19 ਸੰਨ 1918 ਵਿਚ ਸੱਚੇ ਮਸੀਹੀਆਂ ਉੱਤੇ ਇਕ ਹੋਰ ਪਰੀਖਿਆ ਆਈ ਜਦੋਂ, ਈਸਾਈ-ਜਗਤ ਦੇ ਪਾਦਰੀਆਂ ਦੁਆਰਾ ਉਕਸਾਈਆਂ ਗਈਆਂ, ਦੁਨਿਆਵੀ ਅਧਿਕਾਰੀਆਂ ਨੇ ਯਹੋਵਾਹ ਦੇ ਸੰਗਠਨ ਵਿਰੁੱਧ ‘ਕਾਨੂੰਨ ਦੁਆਰਾ ਫ਼ਸਾਦ ਪਾਇਆ।’ (ਜ਼ਬੂਰ 94:20, ਕਿੰਗ ਜੇਮਜ਼ ਵਰਯਨ) ਦੋਵੇਂ ਉੱਤਰੀ ਅਮਰੀਕਾ ਵਿਚ ਅਤੇ ਯੂਰਪ ਵਿਚ ਬਾਈਬਲ ਵਿਦਿਆਰਥੀਆਂ ਦੇ ਵਿਰੁੱਧ ਹਿੰਸਕ ਸਤਾਹਟ ਦੀ ਇਕ ਲਹਿਰ ਸ਼ੁਰੂ ਕੀਤੀ ਗਈ ਸੀ। ਪਾਦਰੀ-ਪ੍ਰੇਰਿਤ ਵਿਰੋਧਤਾ ਮਈ 7, 1918 ਨੂੰ ਸਿਖਰ ਤੇ ਪਹੁੰਚੀ, ਜਦੋਂ ਜੇ. ਐੱਫ਼. ਰਦਰਫ਼ਰਡ ਅਤੇ ਉਸ ਦੇ ਕਈ ਨਜ਼ਦੀਕੀ ਸਾਥੀਆਂ, ਜਿਨ੍ਹਾਂ ਵਿਚ ਏ. ਐੱਚ. ਮਕਮਿਲਨ ਵੀ ਸੀ, ਦੀ ਗਿਰਫ਼ਤਾਰੀ ਲਈ ਯੂ. ਐੱਸ. ਫੈਡਰਲ ਵਾਰੰਟ ਜਾਰੀ ਕੀਤੇ ਗਏ। ਉਨ੍ਹਾਂ ਉੱਤੇ ਰਾਜਧਰੋਹ ਦਾ ਝੂਠਾ ਦੋਸ਼ ਲਗਾਇਆ ਗਿਆ ਸੀ, ਅਤੇ ਅਧਿਕਾਰੀਆਂ ਨੇ ਉਨ੍ਹਾਂ ਦੀ ਬੇਗੁਨਾਹੀ ਦੀਆਂ ਅਰਜ਼ਾਂ ਨੂੰ ਅਣਡਿੱਠ ਕੀਤਾ।
20, 21. ਜਿਵੇਂ ਮਲਾਕੀ 3:1-3 ਵਿਚ ਪਹਿਲਾਂ ਹੀ ਦੱਸਿਆ ਗਿਆ ਸੀ, ਮਸਹ ਕੀਤੇ ਹੋਇਆਂ ਦੇ ਵਿਚਕਾਰ ਕਿਹੜਾ ਕੰਮ ਕੀਤਾ ਗਿਆ ਸੀ?
20 ਭਾਵੇਂ ਕਿ ਉਸ ਸਮੇਂ ਇਹ ਨਹੀਂ ਪਛਾਣਿਆ ਗਿਆ, ਇੱਥੇ ਇਕ ਸ਼ੁੱਧ ਕਰਨ ਦਾ ਕੰਮ ਅੱਗੇ ਵੱਧ ਰਿਹਾ ਸੀ, ਜਿਵੇਂ ਕਿ ਮਲਾਕੀ 3:1-3 ਵਿਚ ਵਰਣਨ ਕੀਤਾ ਗਿਆ ਹੈ: “ਉਸ ਦੇ ਆਉਣ ਦੇ ਦਿਨ ਨੂੰ ਕੌਣ ਸਹਾਰ ਸੱਕਦਾ ਹੈ ਅਤੇ ਕੌਣ ਖੜਾ ਰਹੇਗਾ ਜਦ ਉਹ ਪਰਗਟ ਹੋਵੇਗਾ? ਕਿਉਂ ਜੋ [ਨੇਮ ਦਾ ਦੂਤ] ਸੁਨਿਆਰੇ ਦੀ ਅੱਗ ਅਤੇ ਧੋਬੀ ਦੇ ਸਾਬਣ ਵਰਗਾ ਹੈ। ਉਹ ਚਾਂਦੀ ਨੂੰ ਤਾਉਣ ਅਤੇ ਸਾਫ਼ ਕਰਨ ਲਈ ਬੈਠੇਗਾ ਅਤੇ ਲੇਵੀਆਂ ਨੂੰ ਚਾਂਦੀ ਵਾਂਙੁ ਸਾਫ਼ ਕਰੇਗਾ ਅਤੇ ਓਹਨਾਂ ਨੂੰ ਸੋਨੇ ਵਾਂਙੁ ਅਤੇ ਚਾਂਦੀ ਵਾਂਙੁ ਤਾਵੇਗਾ ਅਤੇ ਓਹ ਧਰਮ ਨਾਲ ਯਹੋਵਾਹ ਲਈ ਭੇਟ ਚੜ੍ਹਾਉਣਗੇ।”
21 ਜਿਉਂ-ਜਿਉਂ ਵਿਸ਼ਵ ਯੁੱਧ I ਸਮਾਪਤ ਹੋਣ ਲੱਗਾ, ਕਈ ਬਾਈਬਲ ਵਿਦਿਆਰਥੀਆਂ ਨੇ ਨਿਹਚਾ ਦੀ ਇਕ ਹੋਰ ਪਰੀਖਿਆ ਦਾ ਸਾਮ੍ਹਣਾ ਕੀਤਾ—ਉਹ ਸੰਸਾਰਕ ਸੈਨਿਕ ਮਾਮਲਿਆਂ ਵਿਚ ਸਪੱਸ਼ਟ ਨਿਰਪੱਖਤਾ ਕਾਇਮ ਰੱਖਣਗੇ ਜਾਂ ਨਹੀਂ। (ਯੂਹੰਨਾ 17:16; 18:36) ਕਈਆਂ ਨੇ ਨਹੀਂ ਰੱਖੀ। ਇਸ ਲਈ 1918 ਵਿਚ, ਯਹੋਵਾਹ ਨੇ ‘ਨੇਮ ਦੇ ਦੂਤ,’ ਅਰਥਾਤ ਮਸੀਹ ਯਿਸੂ ਨੂੰ ਆਪਣੇ ਉਪਾਸਕਾਂ ਦੇ ਛੋਟੇ ਸਮੂਹ ਨੂੰ ਸੰਸਾਰਕ ਦਾਗ਼ਾਂ ਤੋਂ ਸਾਫ਼ ਕਰਨ ਲਈ, ਆਪਣੀ ਅਧਿਆਤਮਿਕ ਹੈਕਲ ਦੇ ਪ੍ਰਬੰਧ ਕੋਲ ਭੇਜਿਆ। ਜਿਹੜੇ ਸੱਚੀ ਨਿਹਚਾ ਪ੍ਰਗਟ ਕਰਦੇ ਰਹਿਣਾ ਚਾਹੁੰਦੇ ਸਨ, ਉਨ੍ਹਾਂ ਨੇ ਇਸ ਅਨੁਭਵ ਤੋਂ ਸਿੱਖਿਆ ਪ੍ਰਾਪਤ ਕੀਤੀ ਅਤੇ ਜੋਸ਼ ਨਾਲ ਪ੍ਰਚਾਰ ਕੰਮ ਕਰਦੇ ਹੋਏ, ਅੱਗੇ ਵਧੇ।
22. ਨਿਹਚਾ ਦੀਆਂ ਪਰੀਖਿਆਵਾਂ ਦੇ ਸੰਬੰਧ ਵਿਚ, ਕਿਸ ਗੱਲ ਉੱਤੇ ਵਿਚਾਰ ਕਰਨਾ ਬਾਕੀ ਹੈ?
22 ਅਸੀਂ ਜੋ ਕੁਝ ਵਿਚਾਰਿਆ ਹੈ ਇਹ ਸਿਰਫ਼ ਇਤਿਹਾਸਕ ਦਿਲਚਸਪੀ ਦੀ ਗੱਲ ਨਹੀਂ ਹੈ। ਸਗੋਂ ਇਹ ਯਹੋਵਾਹ ਦੀ ਵਿਸ਼ਵ-ਵਿਆਪੀ ਕਲੀਸਿਯਾ ਦੇ ਵਰਤਮਾਨ ਅਧਿਆਤਮਿਕ ਹਾਲਤ ਨਾਲ ਸਿੱਧਾ ਸੰਬੰਧ ਰੱਖਦੀ ਹੈ। ਪਰ ਆਓ ਅਸੀਂ ਅਗਲੇ ਲੇਖ ਵਿਚ ਨਿਹਚਾ ਦੀਆਂ ਉਨ੍ਹਾਂ ਕੁਝ ਪਰੀਖਿਆਵਾਂ ਉੱਤੇ ਵਿਚਾਰ ਕਰੀਏ ਜਿਨ੍ਹਾਂ ਦਾ ਅੱਜ ਪਰਮੇਸ਼ੁਰ ਦੇ ਲੋਕ ਸਾਮ੍ਹਣਾ ਕਰ ਰਹੇ ਹਨ ਅਤੇ ਦੇਖੀਏ ਕਿ ਅਸੀਂ ਸਫ਼ਲਤਾ ਨਾਲ ਇਨ੍ਹਾਂ ਉੱਤੇ ਕਿਵੇਂ ਜੇਤੂ ਹੋ ਸਕਦੇ ਹਾਂ।
ਕੀ ਤੁਹਾਨੂੰ ਯਾਦ ਹੈ?
◻ ਯਹੋਵਾਹ ਦੇ ਲੋਕਾਂ ਨੂੰ ਕਿਉਂ ਆਸ ਰੱਖਣੀ ਚਾਹੀਦੀ ਹੈ ਕਿ ਉਨ੍ਹਾਂ ਦੀ ਨਿਹਚਾ ਪਰਖੀ ਜਾਵੇਗੀ?
◻ ਸੰਨ 1914 ਤੋਂ ਪਹਿਲਾਂ ਪਰਮੇਸ਼ੁਰ ਦੇ ਸੰਦੇਸ਼ ਨੂੰ ਫੈਲਾਉਣ ਲਈ ਕਿਹੋ ਜਿਹੇ ਜਤਨ ਕੀਤੇ ਜਾ ਰਹੇ ਸਨ?
◻ “ਫੋਟੋ-ਡਰਾਮਾ” ਕੀ ਸੀ, ਅਤੇ ਇਸ ਦੇ ਕਿਹੋ ਜਿਹੇ ਨਤੀਜੇ ਹੋਏ?
◻ ਮਸਹ ਕੀਤੇ ਹੋਇਆਂ ਲਈ 1914-18 ਦੀ ਅਵਧੀ ਦੀਆਂ ਘਟਨਾਵਾਂ ਨੇ ਕਿਵੇਂ ਪਰੀਖਿਆਵਾਂ ਪੇਸ਼ ਕੀਤੀਆਂ?
[ਸਫ਼ੇ 24 ਉੱਤੇ ਤਸਵੀਰ]
ਇਸ ਸਦੀ ਦੇ ਤਕਰੀਬਨ ਸ਼ੁਰੂਆਤ ਵਿਚ, ਕਈ ਦੇਸ਼ਾਂ ਵਿਚ ਲੋਕ “ਮਲੈਨਿਅਲ ਡੌਨ” ਲੇਖ-ਮਾਲਾ ਦੀ ਮਦਦ ਨਾਲ ਬਾਈਬਲ ਦਾ ਅਧਿਐਨ ਕਰ ਰਹੇ ਸਨ, ਜੋ ਬਾਅਦ ਵਿਚ “ਸ਼ਾਸਤਰ ਦਾ ਅਧਿਐਨ” ਸੱਦਿਆ ਗਿਆ ਸੀ
[ਸਫ਼ੇ 25 ਉੱਤੇ ਤਸਵੀਰ]
ਸੀ. ਟੀ. ਰਸਲ ਤੋਂ ਇਕ ਚਿੱਠੀ ਜਿਸ ਵਿਚ ਰੀਕਾਰਡਿੰਗ ਲਈ ਮੁਢਲਾ ਪਾਠ ਪਾਇਆ ਜਾਂਦਾ ਹੈ। ਇਸ ਵਿਚ ਉਸ ਨੇ ਕਿਹਾ: “‘ਸ੍ਰਿਸ਼ਟੀ ਦਾ ਫੋਟੋ-ਡਰਾਮਾ’ ਆਈ ਬੀ ਐਸ ਏ—ਇੰਟਰਨੈਸ਼ਨਲ ਬਾਈਬਲ ਸਟੂਡੈਂਟਸ ਐਸੋਸੀਏਸ਼ਨ—ਦੁਆਰਾ ਪੇਸ਼ ਹੈ। ਇਸ ਦਾ ਉਦੇਸ਼ ਹੈ ਬਾਈਬਲ ਦੀ ਪੱਖ ਵਿਚ ਧਰਮ-ਵਿਗਿਆਨਕ ਦੇ ਵਿਸ਼ਾ ਉਤੇ ਲੋਕਾਂ ਦੀ ਸਿੱਖਿਆ”
[ਸਫ਼ੇ 26 ਉੱਤੇ ਤਸਵੀਰ]
ਡਮੀਟ੍ਰੀਅਸ ਪਪਾਜੋਰਜ ਨੇ ਸਫ਼ਰ ਕਰਦੇ ਹੋਏ “ਸ੍ਰਿਸ਼ਟੀ ਦਾ ਫੋਟੋ-ਡਰਾਮਾ” ਦਿਖਾਇਆ। ਬਾਅਦ ਵਿਚ, ਉਸ ਨੂੰ ਆਪਣੀ ਮਸੀਹੀ ਨਿਰਪੱਖਤਾ ਦੇ ਕਾਰਨ ਕੈਦ ਕੀਤਾ ਗਿਆ