ਕੀ ਧਰਤੀ ਦਾ ਸਰਬਨਾਸ਼ ਅਟੱਲ ਹੈ?
ਇਸ 20ਵੀਂ ਸਦੀ ਦੀ ਸਮਾਪਤੀ ਹੋਣ ਵਾਲੀ ਹੈ, ਅਤੇ 21ਵੀਂ ਸਦੀ ਦਾ ਆਰੰਭ ਹੋਣ ਵਾਲਾ ਹੈ। ਇਸ ਸਥਿਤੀ ਵਿਚ, ਵਧਦੀ ਗਿਣਤੀ ਵਿਚ ਲੋਕ, ਜੋ ਆਮ ਤੌਰ ਤੇ ਸ਼ਾਇਦ ਸਰਬਨਾਸ਼ ਦੀਆਂ ਭਵਿੱਖਬਾਣੀਆਂ ਵੱਲ ਘੱਟ ਹੀ ਧਿਆਨ ਦਿੰਦੇ ਜਾਂ ਬਿਲਕੁਲ ਕੋਈ ਧਿਆਨ ਨਹੀਂ ਦਿੰਦੇ, ਹੁਣ ਚਿੰਤਾ ਕਰਦੇ ਹਨ ਕਿ ਕਿਧਰੇ ਨਿਕਟ ਭਵਿੱਖ ਵਿਚ ਕੋਈ ਦੁਰਘਟਨਾ ਤਾਂ ਨਹੀਂ ਵਾਪਰਨ ਵਾਲੀ ਜੋ ਦੁਨੀਆਂ ਵਿਚ ਤਬਾਹੀ ਮਚਾ ਦੇਵੇਗੀ।
ਤੁਸੀਂ ਸ਼ਾਇਦ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਇਸ ਬਾਰੇ ਲੇਖ ਦੇਖੇ ਹੋਣਗੇ—ਸ਼ਾਇਦ ਇਸ ਵਿਸ਼ੇ ਉੱਤੇ ਪੂਰੀਆਂ ਪੁਸਤਕਾਂ ਦੇਖੀਆਂ ਹੋਣਗੀਆਂ। ਇਹ ਤਾਂ ਅੱਗੇ ਜਾ ਕੇ ਹੀ ਪਤਾ ਲੱਗੇਗਾ ਕਿ 21ਵੀਂ ਸਦੀ ਕਿਹੜੀਆਂ ਘਟਨਾਵਾਂ ਨਾਲ ਆਰੰਭ ਹੋਵੇਗੀ। ਕੁਝ ਲੋਕ ਕਹਿੰਦੇ ਹਨ ਕਿ ਸਾਲ 2000 ਦੀ ਸਮਾਪਤੀ ਤਕ ਪਹੁੰਚਣ ਵਿਚ ਕੇਵਲ ਇਕ ਸਾਲ ਦਾ ਫ਼ਰਕ ਪੈਂਦਾ ਹੈ (ਜਾਂ ਇਕ ਮਿੰਟ ਦਾ, 2000 ਦੇ ਅੰਤ ਤੋਂ 2001 ਦੇ ਆਰੰਭ ਤਕ) ਅਤੇ ਇਹ ਸ਼ਾਇਦ ਕੋਈ ਵੱਡੀ ਮਹੱਤਤਾ ਦੀ ਗੱਲ ਨਾ ਹੋਵੇ। ਪਰੰਤੂ ਜਿਹੜੀ ਗੱਲ ਬਹੁਤ ਸਾਰੇ ਲੋਕਾਂ ਨੂੰ ਚਿੰਤਿਤ ਕਰ ਰਹੀ ਹੈ, ਉਹ ਹੈ ਸਾਡੇ ਗ੍ਰਹਿ ਦਾ ਦੂਰਗਾਮੀ ਭਵਿੱਖ।
ਇਕ ਭਵਿੱਖਬਾਣੀ ਜੋ ਅੱਜ-ਕੱਲ੍ਹ ਅਕਸਰ ਸੁਣਨ ਵਿਚ ਆਉਂਦੀ ਹੈ, ਉਹ ਇਹ ਹੈ ਕਿ ਕਿਸੇ ਨਾ ਕਿਸੇ ਸਮੇਂ ਤੇ—ਭਾਵੇਂ ਨਿਕਟ ਜਾਂ ਦੂਰ ਭਵਿੱਖ ਵਿਚ—ਇਸ ਗ੍ਰਹਿ ਦਾ ਸਰਬਨਾਸ਼ ਅਟੱਲ ਹੈ। ਅਜਿਹੀਆਂ ਨਿਰਾਸ਼ਾਜਨਕ ਭਵਿੱਖਬਾਣੀਆਂ ਵਿੱਚੋਂ ਮਹਿਜ਼ ਇਕ-ਦੋ ਉੱਤੇ ਗੌਰ ਕਰੋ।
ਆਪਣੀ ਪੁਸਤਕ ਸੰਸਾਰ ਦਾ ਅੰਤ—ਮਾਨਵ ਦੇ ਲੁਪਤ ਹੋਣ ਨਾਲ ਜੁੜੇ ਸਮਾਜਕ ਅਤੇ ਨੈਤਿਕ ਵਿਸ਼ੇ (ਅੰਗ੍ਰੇਜ਼ੀ), ਜੋ ਪਹਿਲੀ ਵਾਰ 1996 ਵਿਚ ਪ੍ਰਕਾਸ਼ਿਤ ਕੀਤੀ ਗਈ ਸੀ, ਵਿਚ ਲੇਖਕ ਅਤੇ ਫ਼ਿਲਾਸਫ਼ਰ ਜਾਨ ਲੈਸਲੀ ਤਿੰਨ ਸੰਭਾਵਨਾਵਾਂ ਪੇਸ਼ ਕਰਦਾ ਹੈ ਕਿ ਧਰਤੀ ਉੱਤੇ ਮਨੁੱਖੀ ਜੀਵਨ ਕਿਵੇਂ ਖ਼ਤਮ ਹੋ ਸਕਦਾ ਹੈ। ਪਹਿਲਾਂ ਉਹ ਪੁੱਛਦਾ ਹੈ: “ਕੀ ਇਕ ਵਿਆਪਕ ਨਿਊਕਲੀ ਯੁੱਧ ਦਾ ਸਿੱਟਾ ਮਨੁੱਖਜਾਤੀ ਦਾ ਅੰਤ ਹੋਵੇਗਾ?” ਫਿਰ ਉਹ ਅੱਗੇ ਕਹਿੰਦਾ ਹੈ: “ਇਸ ਨਾਲੋਂ ਜ਼ਿਆਦਾ ਸੰਭਵ ਦ੍ਰਿਸ਼ ਹੋਵੇਗਾ, ਰੇਡੀਏਸ਼ਨ ਦੇ ਅਸਰਾਂ ਦੁਆਰਾ ਵਿਨਾਸ਼: ਕੈਂਸਰ, ਬੀਮਾਰੀ ਤੋਂ ਬਚਣ ਵਿਚ ਸਰੀਰ ਦੀ ਸਮਰਥਾ (immune system) ਕਮਜ਼ੋਰ ਹੋਣ ਨਾਲ ਛੂਤ ਦੀਆਂ ਬੀਮਾਰੀਆਂ ਦਾ ਬੇਮੁਹਾਰਾ ਫੈਲਣਾ, ਜਾਂ ਬਹੁਤ ਸਾਰੇ ਜਮਾਂਦਰੂ ਨੁਕਸ। ਵਾਤਾਵਰਣ ਨੂੰ ਅਰੋਗ ਬਣਾਈ ਰੱਖਣ ਲਈ ਲੋੜੀਂਦੇ ਸੂਖਮ-ਜੀਵਾਂ ਦਾ ਵੀ ਖ਼ਾਤਮਾ ਹੋ ਸਕਦਾ ਹੈ।” ਸ਼੍ਰੀਮਾਨ ਲੈਸਲੀ ਵੱਲੋਂ ਪੇਸ਼ ਕੀਤੀ ਗਈ ਤੀਜੀ ਸੰਭਾਵਨਾ ਇਹ ਹੈ ਕਿ ਇਕ ਧੂਮਕੇਤੂ ਜਾਂ ਇਕ ਉਲਕਾ ਧਰਤੀ ਨਾਲ ਟਕਰਾ ਸਕਦਾ ਹੈ: “ਜਿਨ੍ਹਾਂ ਧੂਮਕੇਤੂਆਂ ਅਤੇ ਉਲਕਾਵਾਂ ਦਾ ਗ੍ਰਹਿ-ਪਥ ਅਜਿਹਾ ਹੈ ਕਿ ਉਹ ਕਿਸੇ ਨਾ ਕਿਸੇ ਦਿਨ ਧਰਤੀ ਨਾਲ ਟਕਰਾ ਸਕਦੇ ਹਨ, ਉਨ੍ਹਾਂ ਵਿੱਚੋਂ ਅਨੁਮਾਨਿਤ ਦੋ ਹਜ਼ਾਰ ਅਜਿਹੇ ਹਨ ਜਿਨ੍ਹਾਂ ਦਾ ਵਿਆਸ ਇਕ ਕਿਲੋਮੀਟਰ ਤੋਂ ਲੈ ਕੇ ਦਸ ਕਿਲੋਮੀਟਰ ਤਕ ਹੈ। ਇਸ ਤੋਂ ਘੱਟ ਗਿਣਤੀ ਵਿਚ ਉਹ ਧੂਮਕੇਤੂਆਂ ਅਤੇ ਉਲਕਾਵਾਂ ਹਨ ਜੋ ਇਸ ਤੋਂ ਵੀ ਵੱਡੇ ਹਨ (ਅਨੁਮਾਨ ਲਗਾਉਣਾ ਤਾਂ ਮਹਿਜ਼ ਅਟਕਲਬਾਜ਼ੀ ਹੋਵੇਗਾ), ਅਤੇ ਇਸ ਤੋਂ ਛੋਟਿਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ।”
“ਸਰਬਨਾਸ਼ ਦੇ ਦਿਨ” ਦਾ ਸਜੀਵ ਵਰਣਨ
ਅਸੀਂ ਇਕ ਹੋਰ ਵਿਗਿਆਨੀ, ਪੌਲ ਡੇਵਿਸ ਦੀ ਵੀ ਮਿਸਾਲ ਲੈ ਸਕਦੇ ਹਾਂ, ਜੋ ਯੂਨੀਵਰਸਿਟੀ ਆਫ਼ ਐਡੀਲੇਡ, ਆਸਟ੍ਰੇਲੀਆ, ਦਾ ਇਕ ਪ੍ਰੋਫ਼ੈਸਰ ਹੈ। ਵਾਸ਼ਿੰਗਟਨ ਟਾਈਮਜ਼ ਨੇ ਉਸ ਦਾ ਵਰਣਨ “ਸਭ ਤੋਂ ਜਗਤ-ਪ੍ਰਸਿੱਧ ਸਾਇੰਸ ਲੇਖਕ” ਵਜੋਂ ਕੀਤਾ। ਉਸ ਨੇ 1994 ਵਿਚ ਅਖ਼ੀਰਲੇ ਤਿੰਨ ਮਿੰਟ (ਅੰਗ੍ਰੇਜ਼ੀ) ਨਾਮਕ ਪੁਸਤਕ ਛਾਪੀ, ਜਿਸ ਨੂੰ “ਸਰਬਨਾਸ਼ ਦੇ ਦਿਨ ਬਾਰੇ ਲਿਖੀਆਂ ਗਈਆਂ ਸਾਰੀਆਂ ਪੁਸਤਕਾਂ ਦੀ ਮਾਤਾ” ਕਿਹਾ ਗਿਆ ਹੈ। ਇਸ ਪੁਸਤਕ ਦੇ ਪਹਿਲੇ ਅਧਿਆਇ ਦਾ ਸਿਰਲੇਖ “ਸਰਬਨਾਸ਼ ਦਾ ਦਿਨ” ਹੈ, ਅਤੇ ਇਹ ਇਕ ਕਾਲਪਨਿਕ ਸਥਿਤੀ ਦਾ ਵਰਣਨ ਕਰਦੀ ਹੈ ਕਿ ਇਕ ਧੂਮਕੇਤੂ ਦੇ ਧਰਤੀ ਨਾਲ ਟਕਰਾ ਜਾਣ ਤੇ ਕੀ ਹੋ ਸਕਦਾ ਹੈ। ਉਸ ਦੇ ਡਰਾਉਣੇ ਵਰਣਨ ਦਾ ਇਕ ਭਾਗ ਪੜ੍ਹੋ:
“ਇਹ ਗ੍ਰਹਿ ਦਸ ਹਜ਼ਾਰ ਭੁਚਾਲਾਂ ਦੀ ਤੀਬਰਤਾ ਨਾਲ ਕੰਬ ਉੱਠਦਾ ਹੈ। ਵਿਸਥਾਪਿਤ ਹਵਾ ਇਕ ਤੂਫ਼ਾਨ ਬਣ ਕੇ ਧਰਤੀ ਦੀ ਸਤਹ ਉੱਤੋਂ ਵਗਦੀ ਹੋਈ ਸਾਰੀਆਂ ਇਮਾਰਤਾਂ ਨੂੰ ਢਹਿ-ਢੇਰੀ ਕਰ ਦਿੰਦੀ ਹੈ ਅਤੇ ਆਪਣੇ ਰਾਹ ਵਿਚ ਆਈਆਂ ਸਾਰੀਆਂ ਚੀਜ਼ਾਂ ਨੂੰ ਚੂਰ-ਚੂਰ ਕਰ ਦਿੰਦੀ ਹੈ। ਟੱਕਰ ਦੇ ਘਟਨਾ-ਸਥਲ ਦੇ ਆਲੇ-ਦੁਆਲੇ ਦੀ ਜ਼ਮੀਨ ਪਿਘਲੇ ਪਥਰੀਲੇ ਪਹਾੜਾਂ ਦੇ ਇਕ ਕੁੰਡਲ ਦੇ ਰੂਪ ਵਿਚ ਕਈ ਕਿਲੋਮੀਟਰ ਉੱਪਰ ਉੱਠ ਜਾਂਦੀ ਹੈ। ਇਹ ਡੇਢ ਸੌ ਕਿਲੋਮੀਟਰ ਚੌੜਾ ਟੋਆ ਪੁੱਟ ਕੇ ਧਰਤੀ ਦੇ ਅੰਦਰੂਨੀ ਭਾਗ ਨੂੰ ਨੰਗਾ ਕਰ ਦਿੰਦਾ ਹੈ। . . . ਧੂੜ ਅਤੇ ਮਲਬੇ ਦਾ ਇਕ ਵਿਸ਼ਾਲ ਬੱਦਲ ਵਾਯੂਮੰਡਲ ਵਿਚ ਫੈਲਦਾ ਹੈ, ਅਤੇ ਪੂਰੇ ਗ੍ਰਹਿ ਉੱਤੋਂ ਸੂਰਜ ਦੀ ਰੌਸ਼ਨੀ ਨੂੰ ਢੱਕ ਦਿੰਦਾ ਹੈ। ਹੁਣ ਸੂਰਜ ਦੀ ਰੌਸ਼ਨੀ ਦੀ ਬਜਾਇ ਅਰਬਾਂ ਟੁੱਟੇ ਤਾਰਿਆਂ ਦੀ ਇਕ ਖ਼ਤਰਨਾਕ, ਥਰਥਰਾਉਂਦੀ ਲਿਸ਼ਕ ਨਜ਼ਰ ਆਉਂਦੀ ਹੈ। ਜਿਉਂ ਹੀ ਵਿਸਥਾਪਿਤ ਸਾਮੱਗਰੀ ਪੁਲਾੜ ਤੋਂ ਤੇਜ਼ੀ ਨਾਲ ਵਾਯੂਮੰਡਲ ਵਿਚ ਵਾਪਸ ਆਉਂਦੀ ਹੈ, ਤਾਂ ਇਹ ਆਪਣੇ ਵੱਡੇ ਤਾਪ ਨਾਲ ਹੇਠਾਂ ਭੂਮੀ ਨੂੰ ਸਾੜ ਦਿੰਦੀ ਹੈ।”
ਇਸ ਮਗਰੋਂ ਪ੍ਰੋਫ਼ੈਸਰ ਡੇਵਿਸ ਇਸ ਕਾਲਪਨਿਕ ਦ੍ਰਿਸ਼ ਦਾ ਸੰਬੰਧ ਉਸ ਭਵਿੱਖਬਾਣੀ ਨਾਲ ਜੋੜਦਾ ਹੈ ਕਿ ਸਵਿਫ਼ਟ-ਟਟਲ ਨਾਮਕ ਧੂਮਕੇਤੂ ਧਰਤੀ ਨਾਲ ਟਕਰਾਏਗਾ। ਉਸ ਨੇ ਅੱਗੇ ਚੇਤਾਵਨੀ ਦਿੱਤੀ ਕਿ ਭਾਵੇਂ ਅਜਿਹੀ ਘਟਨਾ ਦੀ ਸ਼ਾਇਦ ਨੇੜਲੇ ਭਵਿੱਖ ਵਿਚ ਵਾਪਰਨ ਦੀ ਜ਼ਿਆਦਾ ਸੰਭਾਵਨਾ ਨਹੀਂ ਹੈ, ਪਰ ਉਸ ਦੀ ਰਾਇ ਵਿਚ “ਕਦੀ-ਨਾ-ਕਦੀ ਤਾਂ ਸਵਿਫ਼ਟ-ਟਟਲ, ਜਾਂ ਉਸ ਵਰਗਾ ਕੋਈ ਪਿੰਡ, ਧਰਤੀ ਨਾਲ ਜ਼ਰੂਰ ਟਕਰਾਏਗਾ।” ਉਸ ਦਾ ਸਿੱਟਾ ਇਸ ਅਨੁਮਾਨ ਉੱਤੇ ਆਧਾਰਿਤ ਹੈ ਕਿ ਅੱਧੇ ਕਿਲੋਮੀਟਰ ਜਾਂ ਇਸ ਤੋਂ ਵੱਧ ਵਿਆਸ ਵਾਲੇ 10,000 ਪਿੰਡਾਂ ਦਾ ਗ੍ਰਹਿ-ਪਥ ਧਰਤੀ ਦੇ ਗ੍ਰਹਿ-ਪਥ ਵਿੱਚੋਂ ਲੰਘਦਾ ਹੈ।
ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਅਜਿਹੀ ਡਰਾਉਣੀ ਘਟਨਾ ਵਾਪਰ ਸਕਦੀ ਹੈ? ਕਾਫ਼ੀ ਸਾਰੇ ਲੋਕ ਇਸ ਉੱਤੇ ਵਿਸ਼ਵਾਸ ਕਰਦੇ ਹਨ। ਪਰ ਉਹ ਚਿੰਤਾ ਦੀ ਕਿਸੇ ਵੀ ਭਾਵਨਾ ਨੂੰ ਲਾਂਭੇ ਕਰ ਛੱਡਦੇ ਹਨ, ਆਪਣੇ ਆਪ ਨੂੰ ਇਹ ਭਰੋਸਾ ਦਿੰਦੇ ਹੋਏ ਕਿ ਇਹ ਦੁਰਘਟਨਾ ਉਨ੍ਹਾਂ ਦੇ ਜੀਵਨ-ਕਾਲ ਵਿਚ ਨਹੀਂ ਵਾਪਰੇਗੀ। ਪਰੰਤੂ, ਇਸ ਗ੍ਰਹਿ ਦਾ ਕਦੀ ਵਿਨਾਸ਼ ਹੀ ਕਿਉਂ ਹੋਵੇ—ਭਾਵੇਂ ਨੇੜਲੇ ਭਵਿੱਖ ਵਿਚ ਜਾਂ ਹੁਣ ਤੋਂ ਹਜ਼ਾਰਾਂ ਸਾਲ ਬਾਅਦ? ਨਿਰਸੰਦੇਹ, ਆਪਣੇ ਨਿਵਾਸੀਆਂ, ਮਾਨਵ ਜਾਂ ਪਸ਼ੂ, ਦੀਆਂ ਮੁਸੀਬਤਾਂ ਦੀ ਜੜ੍ਹ ਧਰਤੀ ਨਹੀਂ ਹੈ। ਇਸ ਦੀ ਬਜਾਇ, ਕੀ ਖ਼ੁਦ ਮਨੁੱਖ ਇਸ 20ਵੀਂ ਸਦੀ ਦੀਆਂ ਜ਼ਿਆਦਾਤਰ ਸਮੱਸਿਆਵਾਂ ਲਈ ਜ਼ਿੰਮੇਵਾਰ ਨਹੀਂ, ਜਿਨ੍ਹਾਂ ਵਿਚ ਪੂਰੀ ਤਰ੍ਹਾਂ ਨਾਲ ‘ਧਰਤੀ ਦੇ ਨਾਸ’ ਦੀ ਸੰਭਾਵਨਾ ਵੀ ਸ਼ਾਮਲ ਹੈ।—ਪਰਕਾਸ਼ ਦੀ ਪੋਥੀ 11:18.
ਮਨੁੱਖਾਂ ਦੁਆਰਾ ਭੈੜੀ ਸਾਂਭ-ਸੰਭਾਲ ਨੂੰ ਪਲਟਿਆ ਗਿਆ
ਉਸ ਸੰਭਾਵਨਾ ਬਾਰੇ ਕੀ ਕਿਹਾ ਜਾ ਸਕਦਾ ਹੈ ਕਿ ਖ਼ੁਦ ਮਨੁੱਖ ਆਪਣੀ ਭੈੜੀ ਸਾਂਭ-ਸੰਭਾਲ ਅਤੇ ਆਪਣੇ ਲਾਲਚ ਦੁਆਰਾ ਇਸ ਧਰਤੀ ਨੂੰ ਪੂਰੀ ਤਰ੍ਹਾਂ ਨਾਸ਼ ਜਾਂ ਤਬਾਹ ਕਰ ਦੇਵੇਗਾ? ਇਸ ਵਿਚ ਕੋਈ ਸ਼ੱਕ ਨਹੀਂ ਕਿ ਜੰਗਲਾਂ ਦੀ ਹੱਦੋਂ ਵੱਧ ਕਟਾਈ, ਵਾਯੂਮੰਡਲ ਵਿਚ ਬੇਮੁਹਾਰੇ ਪ੍ਰਦੂਸ਼ਣ, ਅਤੇ ਜਲ-ਪ੍ਰਦੂਸ਼ਣ ਕਾਰਨ ਧਰਤੀ ਦੇ ਕਈ ਭਾਗ ਪਹਿਲਾਂ ਹੀ ਬੁਰੀ ਤਰ੍ਹਾਂ ਨਾਲ ਨਾਸ਼ ਕੀਤੇ ਜਾ ਚੁੱਕੇ ਹਨ। ਕੁਝ 25 ਸਾਲ ਪਹਿਲਾਂ ਲੇਖਕਾ ਬਾਰਬਰਾ ਵੌਰਡ ਅਤੇ ਲੇਖਕ ਰਨੇ ਡਿਉਬੋ ਨੇ ਆਪਣੀ ਪੁਸਤਕ ਇੱਕੋ-ਇਕ ਧਰਤੀ (ਅੰਗ੍ਰੇਜ਼ੀ) ਵਿਚ ਇਸ ਸਥਿਤੀ ਦਾ ਸਹੀ-ਸਹੀ ਨਿਚੋੜ ਕੱਢਿਆ: “ਪ੍ਰਦੂਸ਼ਣ ਦੇ ਤਿੰਨ ਵਿਆਪਕ ਖੇਤਰ ਜਿਨ੍ਹਾਂ ਦੀ ਸਾਨੂੰ ਜਾਂਚ ਕਰਨੀ ਚਾਹੀਦੀ ਹੈ, ਹਵਾ, ਪਾਣੀ, ਅਤੇ ਮਿੱਟੀ ਹਨ। ਇਹੋ ਸਾਡੇ ਧਰਤੀ ਉੱਤੇ ਜੀਵਨ ਦੇ ਤਿੰਨ ਬੁਨਿਆਦੀ ਤੱਤ ਹਨ।” ਅਤੇ ਕੀ ਇਹ ਸੱਚ ਨਹੀਂ ਕਿ ਉਸ ਸਮੇਂ ਤੋਂ ਸਥਿਤੀ ਵਿਗੜਦੀ ਹੀ ਗਈ ਹੈ?
ਮਨੁੱਖ ਵੱਲੋਂ ਆਪਣੀਆਂ ਗ਼ਲਤੀਆਂ ਨਾਲ ਧਰਤੀ ਨੂੰ ਨਾਸ਼ ਕਰਨ ਜਾਂ ਤਬਾਹ ਕਰਨ ਦੀ ਸੰਭਾਵਨਾ ਉੱਤੇ ਵਿਚਾਰ ਕਰਦੇ ਸਮੇਂ, ਅਸੀਂ ਧਰਤੀ ਦੀ ਮੁੜ ਬਹਾਲ ਹੋਣ ਅਤੇ ਦੁਬਾਰਾ ਫਲਣ-ਫੁੱਲਣ ਦੀ ਹੈਰਾਨਕੁਨ ਯੋਗਤਾ ਉੱਤੇ ਵਿਚਾਰ ਕਰ ਕੇ ਹੌਸਲਾ ਰੱਖ ਸਕਦੇ ਹਾਂ। ਇਸ ਅਚੰਭੇ ਦੀ ਮੁੜ ਬਹਾਲੀ ਦੀ ਯੋਗਤਾ ਦਾ ਵਰਣਨ ਕਰਦੇ ਹੋਏ, ਰਨੇ ਡਿਉਬੋ ਇਕ ਦੂਸਰੀ ਪੁਸਤਕ, ਪਰਿਆਵਰਣਨਕ ਪ੍ਰਬੰਧ ਦੀ ਮੁੜ ਬਹਾਲ ਹੋਣ ਦੀ ਸ਼ਕਤੀ (ਅੰਗ੍ਰੇਜ਼ੀ) ਵਿਚ ਇਹ ਹੌਸਲਾਦਾਇਕ ਟਿੱਪਣੀਆਂ ਕਰਦਾ ਹੈ:
“ਬਹੁਤ ਸਾਰੇ ਲੋਕਾਂ ਨੂੰ ਇਹ ਡਰ ਹੈ ਕਿ ਵਾਤਾਵਰਣ ਦੇ ਵਿਗਾੜ ਪ੍ਰਤੀ ਸਚੇਤਤਾ ਪੈਦਾ ਹੋਣ ਵਿਚ ਬਹੁਤ ਦੇਰ ਹੋ ਚੁੱਕੀ ਹੈ, ਕਿਉਂਕਿ ਪਰਿਆਵਰਣਨਕ ਪ੍ਰਬੰਧ ਨੂੰ ਪਹੁੰਚਾਏ ਜਾ ਚੁੱਕੇ ਜ਼ਿਆਦਾਤਰ ਨੁਕਸਾਨਾਂ ਨੂੰ ਪਲਟਿਆ ਨਹੀਂ ਜਾ ਸਕਦਾ ਹੈ। ਮੇਰੀ ਰਾਇ ਵਿਚ ਇਹ ਨਿਰਾਸ਼ਾਵਾਦੀ ਵਿਚਾਰ ਬੇਬੁਨਿਆਦ ਹੈ ਕਿਉਂਕਿ ਪਰਿਆਵਰਣਨਕ ਪ੍ਰਬੰਧ ਆਪਣੇ ਅੰਦਰ ਸਦਮਾਜਨਕ ਅਨੁਭਵਾਂ ਤੋਂ ਮੁੜ ਬਹਾਲ ਹੋਣ ਦੀ ਵਿਸ਼ਾਲ ਸ਼ਕਤੀ ਰੱਖਦਾ ਹੈ।
“ਪਰਿਆਵਰਣਨਕ ਪ੍ਰਬੰਧ ਵਿਚ ਮੁੜ-ਚੰਗਾਈ ਦੀਆਂ ਕਈ ਪ੍ਰਕ੍ਰਿਆਵਾਂ ਹਨ। . . . ਇਹ ਪ੍ਰਕ੍ਰਿਆਵਾਂ ਪ੍ਰਗਤੀਸ਼ੀਲ ਢੰਗ ਨਾਲ ਮੂਲ ਪਰਿਆਵਰਣਨਕ ਸੰਤੁਲਨ ਨੂੰ ਮੁੜ ਬਹਾਲ ਕਰਨ ਦੁਆਰਾ, ਪਰਿਆਵਰਣਨਕ ਪ੍ਰਬੰਧ ਵਿਚ ਲਿਆਂਦੀ ਗਈ ਗੜਬੜੀ ਦੇ ਅਸਰਾਂ ਨੂੰ ਪਲਟਾ ਦਿੰਦੀਆਂ ਹਨ।”
ਇਹ ਕੀਤਾ ਜਾ ਸਕਦਾ ਹੈ
ਹਾਲ ਹੀ ਦੇ ਸਾਲਾਂ ਵਿਚ ਇਸ ਦੀ ਇਕ ਉੱਘੜਵੀਂ ਮਿਸਾਲ, ਲੰਡਨ ਦੇ ਪ੍ਰਸਿੱਧ ਟੇਮਜ਼ ਦਰਿਆ ਦੀ ਸਹਿਜੇ-ਸਹਿਜੇ ਸਫ਼ਾਈ ਹੈ। ਜੈਫ਼ਰੀ ਹੈਰੀਸਨ ਅਤੇ ਪੀਟਰ ਗ੍ਰਾਂਟ ਦੀ ਪੁਸਤਕ ਟੇਮਜ਼ ਦਾ ਬਦਲਿਆ ਰੂਪ (ਅੰਗ੍ਰੇਜ਼ੀ) ਇਸ ਮਾਅਰਕੇ ਦੀ ਪ੍ਰਾਪਤੀ ਬਾਰੇ ਦੱਸਦੀ ਹੈ। ਇਹ ਪ੍ਰਦਰਸ਼ਿਤ ਕਰਦੀ ਹੈ ਕਿ ਜਦੋਂ ਮਨੁੱਖ ਆਪਸ ਵਿਚ ਮਿਲ ਕੇ ਆਮ ਲੋਕਾਂ ਦੀ ਭਲਾਈ ਲਈ ਕੰਮ ਕਰਦੇ ਹਨ ਤਾਂ ਕੀ ਕੁਝ ਕੀਤਾ ਜਾ ਸਕਦਾ ਹੈ। ਇਸ ਪੁਸਤਕ ਦੇ ਮੁਖਬੰਧ ਵਿਚ ਬਰਤਾਨੀਆ ਦੇ ਡਿਊਕ ਆਫ਼ ਐਡਨਬਰਾ ਨੇ ਲਿਖਿਆ: “ਇਹ ਇਕ ਇੰਨੇ ਵੱਡੇ ਪੈਮਾਨੇ ਤੇ ਪ੍ਰਾਪਤ ਕੀਤੀ ਗਈ ਸਫ਼ਲਤਾ ਹੈ ਕਿ ਇਹ ਪ੍ਰਕਾਸ਼ਿਤ ਕਰਨ ਦੇ ਯੋਗ ਹੈ। ਭਾਵੇਂ ਕਿ ਇਸ ਵਿਚ ਇਹ ਖ਼ਤਰਾ ਹੈ ਕਿ ਕੁਝ ਲੋਕ ਸ਼ਾਇਦ ਸੋਚਣ ਲੱਗ ਪੈਣ ਕਿ ਸੰਰਖਿਅਣ ਸੰਬੰਧੀ ਸਮੱਸਿਆਵਾਂ ਅਸਲ ਵਿਚ ਇੰਨੀਆਂ ਗੰਭੀਰ ਨਹੀਂ ਹਨ ਜਿੰਨਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ। . . . ਸਾਰੀਆਂ ਸੰਰਖਿਅਣ ਸੰਸਥਾਵਾਂ ਟੇਮਜ਼ ਸੰਬੰਧੀ ਮਿਲੀ ਸਫ਼ਲਤਾ ਤੋਂ ਹੌਸਲਾ ਪ੍ਰਾਪਤ ਕਰ ਸਕਦੀਆਂ ਹਨ। ਚੰਗੀ ਖ਼ਬਰ ਇਹ ਹੈ ਕਿ ਇਹ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਦੀਆਂ ਜੁਗਤਾਂ ਵੀ ਸਫ਼ਲ ਹੋ ਸਕਦੀਆਂ ਹਨ।”
“ਵਿਸ਼ਾਲ ਸਾਫ਼-ਸਫ਼ਾਈ” ਨਾਮਕ ਅਧਿਆਇ ਵਿਚ, ਹੈਰੀਸਨ ਅਤੇ ਗ੍ਰਾਂਟ ਪਿਛਲੇ 50 ਸਾਲਾਂ ਦੀ ਪ੍ਰਾਪਤੀ ਬਾਰੇ ਜੋਸ਼ ਨਾਲ ਲਿਖਦੇ ਹਨ: “ਇਤਿਹਾਸ ਵਿਚ ਪਹਿਲੀ ਵਾਰ, ਇਕ ਅਤਿ ਪ੍ਰਦੂਸ਼ਿਤ ਅਤੇ ਉਦਯੋਗਿਕ ਮੈਲ ਨਾਲ ਭਰੇ ਦਰਿਆ ਨੂੰ ਇਸ ਹੱਦ ਤਕ ਮੁੜ ਬਹਾਲ ਕੀਤਾ ਗਿਆ ਹੈ ਕਿ ਵੱਡੀ ਗਿਣਤੀ ਵਿਚ ਮੁਰਗ਼ਾਬੀਆਂ ਅਤੇ ਮੱਛੀਆਂ ਇੱਥੇ ਪਰਤ ਆਈਆਂ ਹਨ। ਇਹ ਹਕੀਕਤ ਕਿ ਇੰਨੀ ਵੱਡੀ ਤਬਦੀਲੀ ਇੰਨੇ ਥੋੜ੍ਹੇ ਸਮੇਂ ਵਿਚ ਮੁਮਕਿਨ ਹੋ ਸਕੀ, ਅਤੇ ਉਹ ਵੀ ਅਜਿਹੀ ਸਥਿਤੀ ਵਿਚ ਜੋ ਪਹਿਲਾਂ-ਪਹਿਲ ਨਾਉਮੀਦ ਜਾਪਦੀ ਸੀ, ਹੁਣ ਜੰਗਲੀ-ਜੀਵਾਂ ਦੇ ਰੱਖਿਆ ਕਰਨ ਵਾਲਿਆਂ ਨੂੰ ਵੀ ਹੌਸਲਾ ਦਿੰਦੀ ਹੈ ਜੋ ਬੇਹੱਦ ਨਿਰਾਸ਼ਾਵਾਦੀ ਸੀ।”
ਉਹ ਅੱਗੇ ਇਸ ਤਬਦੀਲੀ ਦਾ ਵਰਣਨ ਕਰਦੇ ਹਨ: “ਸਾਲਾਂ ਦੇ ਦੌਰਾਨ ਇਸ ਦਰਿਆ ਦੀ ਦਸ਼ਾ ਬੁਰੀ ਤੋਂ ਬੁਰੀ ਹੁੰਦੀ ਚਲੀ ਗਈ ਅਤੇ ਸ਼ਾਇਦ ਅਖ਼ੀਰਲੀ ਚੋਟ ਉਦੋਂ ਪਹੁੰਚਾਈ ਗਈ ਜਦੋਂ ਦੂਜੇ ਵਿਸ਼ਵ ਯੁੱਧ ਦੌਰਾਨ ਗੰਦਾ ਪਾਣੀ ਕੱਢਣ ਦੀਆਂ ਮੁੱਖ ਵਿਵਸਥਾਵਾਂ ਅਤੇ ਨਾਲੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ ਜਾਂ ਨਸ਼ਟ ਕੀਤਾ ਗਿਆ ਸੀ। 1940 ਅਤੇ 1950 ਦੇ ਦਹਾਕਿਆਂ ਦੌਰਾਨ ਟੇਮਜ਼ ਦਰਿਆ ਦੀ ਦਸ਼ਾ ਸਭ ਤੋਂ ਬੁਰੀ ਸੀ। ਇਹ ਦਰਿਆ ਇਕ ਖੁੱਲ੍ਹੇ ਨਾਲੇ ਤੋਂ ਜ਼ਿਆਦਾ ਕੁਝ ਨਹੀਂ ਸੀ; ਇਸ ਦਾ ਪਾਣੀ ਕਾਲਾ ਸੀ, ਇਸ ਵਿਚ ਆਕਸੀਜਨ ਨਹੀਂ ਸੀ, ਅਤੇ ਗਰਮੀਆਂ ਦੇ ਮਹੀਨਿਆਂ ਦੌਰਾਨ ਟੇਮਜ਼ ਤੋਂ ਉੱਠਣ ਵਾਲੀ ਬਦਬੂ ਕਾਫ਼ੀ ਦੂਰ ਤਕ ਫੈਲਦੀ ਸੀ। . . . ਇਕ ਸਮੇਂ ਤੇ ਉੱਥੇ ਵੱਡੀ ਗਿਣਤੀ ਵਿਚ ਮਿਲਣ ਵਾਲੀਆਂ ਮੱਛੀਆਂ ਹੁਣ ਨਹੀਂ ਰਹੀਆਂ ਸਨ, ਸਿਵਾਇ ਕੁਝ ਈਲ ਮੱਛੀਆਂ ਦੇ ਜੋ ਪਾਣੀ ਤੋਂ ਬਾਹਰ ਸਾਹ ਲੈਣ ਦੀ ਆਪਣੀ ਸਮਰਥਾ ਕਾਰਨ ਉੱਥੇ ਜੀਉਂਦੀਆਂ ਰਹਿ ਸਕੀਆਂ ਸਨ। ਲੰਡਨ ਅਤੇ ਵੁਲਿਚ ਵਿਚਕਾਰ, ਇਮਾਰਤਾਂ ਨਾਲ ਘਿਰੇ ਹੋਏ ਦਰਿਆ ਦੇ ਅੰਦਰੂਨੀ ਪਸਾਰਾਂ ਵਿਚ ਕੇਵਲ ਕੁਝ ਜੰਗਲੀ ਬੱਤਖਾਂ ਅਤੇ ਹੰਸ ਰਹਿ ਗਏ ਸਨ, ਅਤੇ ਉਹ ਇਸ ਲਈ ਜੀਉਂਦੇ ਨਹੀਂ ਸਨ ਕਿ ਉਨ੍ਹਾਂ ਨੂੰ ਕੁਦਰਤੀ ਤੌਰ ਤੇ ਭੋਜਨ ਪ੍ਰਾਪਤ ਹੁੰਦਾ ਸੀ, ਬਲਕਿ ਇਸ ਲਈ ਕਿ ਉਹ ਨਦੀ ਦੇ ਘਾਟ ਤੇ ਅਨਾਜ ਲਾਹੁਣ ਵੇਲੇ ਡੁਲ੍ਹੇ ਅਨਾਜ ਉੱਤੇ ਪਲਦੇ ਸਨ। . . . ਉਦੋਂ ਕਿਸ ਨੇ ਵਿਸ਼ਵਾਸ ਕੀਤਾ ਹੋਵੇਗਾ ਕਿ ਹੋਣ ਵਾਲੀ ਹੈਰਾਨਕੁਨ ਤਬਦੀਲੀ ਸੰਭਵ ਸੀ? ਕੇਵਲ ਦਸਾਂ ਸਾਲਾਂ ਵਿਚ ਦਰਿਆ ਦੇ ਉਹੋ ਪਸਾਰਾਂ ਨੇ, ਪੰਛੀਆਂ ਤੋਂ ਸੱਖਣੇ ਹੋਣ ਦੀ ਬਜਾਇ, ਵੰਨਸੁਵੰਨੇ ਜਲ-ਪੰਛੀਆਂ ਦਾ ਆਸਰਾ ਬਣ ਜਾਣਾ ਸੀ, ਜਿਨ੍ਹਾਂ ਵਿਚ ਸਿਆਲ ਗੁਜ਼ਾਰਨ ਲਈ ਆਏ 10,000 ਜੰਗਲੀ-ਮੁਰਗ ਅਤੇ ਲੰਬੀਆਂ ਲੱਤਾਂ ਵਾਲੇ 12,000 ਪੰਛੀ ਵੀ ਸ਼ਾਮਲ ਸਨ।”
ਨਿਰਸੰਦੇਹ, ਇਹ ਧਰਤੀ ਦੇ ਕੇਵਲ ਇਕ ਛੋਟੇ ਭਾਗ ਵਿਚ ਇੱਕੋ ਤਬਦੀਲੀ ਦਾ ਵਰਣਨ ਹੈ। ਫਿਰ ਵੀ, ਅਸੀਂ ਇਸ ਮਿਸਾਲ ਤੋਂ ਸਬਕ ਸਿੱਖ ਸਕਦੇ ਹਾਂ। ਇਹ ਦਿਖਾਉਂਦਾ ਹੈ ਕਿ ਸਾਨੂੰ ਇਹ ਸੋਚਣ ਦੀ ਲੋੜ ਨਹੀਂ ਕਿ ਮਨੁੱਖ ਵੱਲੋਂ ਭੈੜੀ ਸਾਂਭ-ਸੰਭਾਲ, ਲਾਲਚ, ਅਤੇ ਲਾਪਰਵਾਹੀ ਕਾਰਨ ਧਰਤੀ ਦਾ ਸਰਬਨਾਸ਼ ਅਟੱਲ ਹੈ। ਸਹੀ ਸਿੱਖਿਆ ਅਤੇ ਮਨੁੱਖਜਾਤੀ ਦੀ ਆਮ ਭਲਾਈ ਲਈ ਕੀਤਾ ਗਿਆ ਸੰਯੁਕਤ ਜਤਨ ਧਰਤੀ ਦੇ ਪਰਿਆਵਰਣ, ਵਾਤਾਵਰਣ, ਅਤੇ ਭੂਮੀ ਨੂੰ ਪਹੁੰਚੇ ਵੱਡੇ ਨੁਕਸਾਨ ਨੂੰ ਵੀ ਪਲਟਾਉਣ ਵਿਚ ਧਰਤੀ ਦੀ ਮਦਦ ਕਰ ਸਕਦਾ ਹੈ। ਪਰੰਤੂ ਗਤੀਸ਼ੀਲ ਧੂਮਕੇਤੂਆਂ ਜਾਂ ਟੁੱਟੇ ਤਾਰਿਆਂ ਵਰਗੀਆਂ ਬਾਹਰੀ ਸ਼ਕਤੀਆਂ ਦੁਆਰਾ ਸੰਭਾਵੀ ਸਰਬਨਾਸ਼ ਬਾਰੇ ਕੀ ਕਿਹਾ ਜਾ ਸਕਦਾ ਹੈ?
ਅਗਲੇ ਲੇਖ ਵਿਚ ਅਜਿਹੇ ਉਲਝਾਊ ਸਵਾਲ ਦਾ ਸੰਤੋਖਜਨਕ ਜਵਾਬ ਪਾਉਣ ਦਾ ਜ਼ਰੀਆ ਦੱਸਿਆ ਗਿਆ ਹੈ
[ਸਫ਼ੇ 5 ਉੱਤੇ ਸੁਰਖੀ]
ਸਿੱਖਿਆ ਅਤੇ ਸੰਯੁਕਤ ਜਤਨ ਧਰਤੀ ਨੂੰ ਪਹੁੰਚੇ ਵੱਡੇ ਨੁਕਸਾਨ ਨੂੰ ਵੀ ਪਲਟਾਉਣ ਵਿਚ ਧਰਤੀ ਦੀ ਮਦਦ ਕਰ ਸਕਦੇ ਹਨ