ਪਾਠਕਾਂ ਵੱਲੋਂ ਸਵਾਲ
ਮੱਤੀ 17:20 ਦੇ ਅਨੁਸਾਰ, ਰਸੂਲ “ਆਪਣੀ ਘੱਟ ਨਿਹਚਾ ਦੇ ਕਾਰਨ” ਇਕ ਪੀੜਿਤ ਮੁੰਡੇ ਨੂੰ ਚੰਗਾ ਨਹੀਂ ਕਰ ਸਕੇ। ਪਰੰਤੂ, ਮਰਕੁਸ 9:29 ਵਿਚ ਉਨ੍ਹਾਂ ਦੀ ਅਯੋਗਤਾ ਨੂੰ ਪ੍ਰਾਰਥਨਾ ਦੀ ਲੋੜ ਨਾਲ ਜੋੜਿਆ ਗਿਆ ਹੈ। ਦੋ ਅਲੱਗ ਇੰਜੀਲ ਬਿਰਤਾਂਤਾਂ ਵਿਚ ਅਲੱਗ-ਅਲੱਗ ਕਾਰਨ ਕਿਉਂ ਦਿੱਤੇ ਗਏ ਹਨ?
ਅਸਲ ਵਿਚ, ਦੋਵੇਂ ਬਿਰਤਾਂਤ ਇਕ ਦੂਜੇ ਨੂੰ ਪੂਰਾ ਕਰਦੇ ਹਨ, ਨਾ ਕਿ ਇਕ ਦੂਜੇ ਦਾ ਵਿਰੋਧ। ਪਹਿਲਾਂ, ਮੱਤੀ 17:14-20 ਨੂੰ ਦੇਖੋ। ਉੱਥੇ ਇਕ ਮਨੁੱਖ ਨੇ ਦੱਸਿਆ ਕਿ ਉਸ ਦਾ ਪੁੱਤਰ ਮਿਰਗੀ ਦਾ ਰੋਗੀ ਹੈ ਅਤੇ ਕਿ ਯਿਸੂ ਦੇ ਚੇਲੇ ਉਸ ਮੁੰਡੇ ਨੂੰ ਚੰਗਾ ਨਹੀਂ ਕਰ ਸਕੇ। ਫਿਰ ਯਿਸੂ ਨੇ ਉਸ ਮੁੰਡੇ ਨੂੰ ਸਤਾਉਣ ਵਾਲੇ ਪਿਸ਼ਾਚ ਨੂੰ ਕੱਢ ਕੇ ਉਸ ਮੁੰਡੇ ਨੂੰ ਚੰਗਾ ਕੀਤਾ। ਚੇਲਿਆਂ ਨੇ ਪੁੱਛਿਆ ਕਿ ਉਹ ਉਸ ਪਿਸ਼ਾਚ ਨੂੰ ਕਿਉਂ ਨਹੀਂ ਕੱਢ ਸਕੇ। ਮੱਤੀ ਦੇ ਬਿਰਤਾਂਤ ਅਨੁਸਾਰ, ਯਿਸੂ ਨੇ ਜਵਾਬ ਦਿੱਤਾ: “ਆਪਣੀ ਘੱਟ ਨਿਹਚਾ ਦੇ ਕਾਰਨ ਕਿਉਂ ਜੋ ਮੈਂ ਤੁਹਾਨੂੰ ਸਤ ਆਖਦਾ ਹਾਂ ਕਿ ਜੇ ਤੁਹਾਡੇ ਵਿੱਚ ਇੱਕ ਰਾਈ ਦੇ ਦਾਣੇ ਸਮਾਨ ਨਿਹਚਾ ਹੋਵੇ ਤਾਂ ਤੁਸੀਂ ਇਸ ਪਹਾੜ ਨੂੰ ਕਹੋਗੇ ਜੋ ਐਧਰੋਂ ਹਟ ਕੇ ਉਸ ਥਾਂ ਚੱਲਿਆ ਜਾਹ ਅਤੇ ਉਹ ਚੱਲਿਆ ਜਾਵੇਗਾ ਅਤੇ ਤੁਹਾਨੂੰ ਕੋਈ ਕੰਮ ਅਣਹੋਣਾ ਨਾ ਹੋਵੇਗਾ।”—ਟੇਢੇ ਟਾਈਪ ਸਾਡੇ।
ਹੁਣ ਮਰਕੁਸ 9:14-29 ਖੋਲ੍ਹੋ, ਜਿੱਥੇ ਅਸੀਂ ਹੋਰ ਜ਼ਿਆਦਾ ਵੇਰਵੇ ਪਾਉਂਦੇ ਹਾਂ। ਉਦਾਹਰਣ ਲਈ, ਮਰਕੁਸ 9:17 ਵਿਚ ਇਹ ਵੇਰਵਾ ਦਿੱਤਾ ਗਿਆ ਹੈ ਕਿ ਇਸ ਮਾਮਲੇ ਵਿਚ ਮਿਰਗੀ ਵਰਗੇ ਦੌਰਿਆਂ ਦਾ ਕਾਰਨ ਇਕ ਦੁਸ਼ਟ ਆਤਮਾ ਸੀ। ਇਹ ਧਿਆਨ ਦੇਣ ਯੋਗ ਹੈ ਕਿ ਬਾਈਬਲ ਕਿਸੇ ਹੋਰ ਸ਼ਾਸਤਰਵਚਨ ਵਿਚ ਕਹਿੰਦੀ ਹੈ ਕਿ ਯਿਸੂ ਨੇ ਮਿਰਗੀ ਦੇ ਰੋਗੀਆਂ ਨੂੰ ਅਤੇ ਪਿਸ਼ਾਚ-ਗ੍ਰਸਤ ਲੋਕਾਂ ਨੂੰ ਚੰਗਾ ਕੀਤਾ। (ਮੱਤੀ 4:24) ਇਸ ਖ਼ਾਸ ਸਥਿਤੀ ਵਿਚ, ਦੌਰਿਆਂ ਦਾ ਕਾਰਨ ਇਕ “ਗੁੰਗੀ ਬੋਲੀ ਰੂਹ” ਸੀ, ਯਾਨੀ ਕਿ ਇਕ ਦੁਸ਼ਟ ਆਤਮਾ, ਜਿਸ ਗੱਲ ਦੀ ਪੁਸ਼ਟੀ ਵੈਦ ਲੂਕਾ ਕਰਦਾ ਹੈ। (ਲੂਕਾ 9:39; ਕੁਲੁੱਸੀਆਂ 4:14) ਮਰਕੁਸ 9:18 ਵਿਚ ਇਸ ਵਾਕਾਂਸ਼ ਵੱਲ ਧਿਆਨ ਦਿਓ, “ਉਹ [ਪਿਸ਼ਾਚ] ਜਿੱਥੇ ਕਿਤੇ ਉਸ ਨੂੰ ਫੜਦੀ ਹੈ।” ਸੋ ਉਹ ਮੁੰਡਾ ਲਗਾਤਾਰ ਨਹੀਂ, ਬਲਕਿ ਕੇਵਲ ਕਦੀ-ਕਦਾਈਂ ਹੀ ਪਿਸ਼ਾਚ ਦੁਆਰਾ ਸਤਾਇਆ ਜਾਂਦਾ ਸੀ। ਫਿਰ ਵੀ, ਚੇਲੇ ਉਸ ਪਿਸ਼ਾਚ ਨੂੰ ਕੱਢ ਕੇ ਉਸ ਮੁੰਡੇ ਨੂੰ ਚੰਗਾ ਨਹੀਂ ਕਰ ਸਕੇ। ਜਦੋਂ ਉਨ੍ਹਾਂ ਨੇ ਇਸ ਦਾ ਕਾਰਨ ਪੁੱਛਿਆ, ਤਾਂ ਯਿਸੂ ਨੇ ਜਵਾਬ ਦਿੱਤਾ: “ਇਸ ਪਰਕਾਰ ਦੀ ਪ੍ਰਾਰਥਨਾ ਬਿਨਾ ਕਿਸੇ ਹੋਰ ਤਰਾਂ ਨਹੀਂ ਨਿੱਕਲ ਸੱਕਦੀ।”
ਪਰੰਤੂ, ਮਰਕੁਸ ਦੇ ਬਿਰਤਾਂਤ ਨੂੰ ਧਿਆਨ ਨਾਲ ਪੜ੍ਹਨ ਤੋਂ ਇਹ ਪਤਾ ਲੱਗਦਾ ਹੈ ਕਿ ਇਸ ਦਾ ਮੱਤੀ ਦੇ ਬਿਰਤਾਂਤ ਨਾਲ ਕੋਈ ਵਿਰੋਧ ਨਹੀਂ ਹੈ। ਮਰਕੁਸ 9:19 ਵਿਚ, ਅਸੀਂ ਪੜ੍ਹਿਆ ਕਿ ਯਿਸੂ ਨੇ ਉਸ ਪੀੜ੍ਹੀ ਦੀ ਬੇਪਰਤੀਤੀ ਉੱਤੇ ਅਫ਼ਸੋਸ ਕੀਤਾ। ਅਤੇ ਆਇਤ 23 ਵਿਚ, ਇਹ ਦਰਜ ਕੀਤਾ ਗਿਆ ਹੈ ਕਿ ਉਸ ਨੇ ਮੁੰਡੇ ਦੇ ਪਿਤਾ ਨੂੰ ਕਿਹਾ: “ਪਰਤੀਤ ਕਰਨ ਵਾਲੇ ਦੇ ਲਈ ਸੱਭੋ ਕੁਝ ਹੋ ਸੱਕਦਾ ਹੈ।” ਇਸ ਲਈ ਮਰਕੁਸ ਵੀ ਨਿਹਚਾ ਦੀ ਮਹੱਤਤਾ ਉੱਤੇ ਜ਼ੋਰ ਦਿੰਦਾ ਹੈ। ਗੱਲ ਸਿਰਫ਼ ਇਹ ਹੈ ਕਿ ਆਇਤ 29 ਵਿਚ ਮਰਕੁਸ ਇਕ ਹੋਰ ਵੇਰਵਾ ਦਿੰਦਾ ਹੈ। ਮਰਕੁਸ ਨੇ ਪ੍ਰਾਰਥਨਾ ਬਾਰੇ ਯਿਸੂ ਦੁਆਰਾ ਕਹੀ ਗਈ ਉਹ ਗੱਲ ਦੱਸੀ, ਜੋ ਮੱਤੀ ਅਤੇ ਲੂਕਾ ਨੇ ਨਹੀਂ ਦੱਸੀ।
ਤਾਂ ਫਿਰ, ਅਸੀਂ ਕੀ ਕਹਿ ਸਕਦੇ ਹਾਂ? ਦੂਸਰੇ ਮੌਕਿਆਂ ਤੇ 12 ਰਸੂਲਾਂ ਅਤੇ 70 ਚੇਲਿਆਂ ਨੇ ਦੁਸ਼ਟ ਆਤਮਾਵਾਂ ਨੂੰ ਕੱਢਿਆ। (ਮਰਕੁਸ 3:15; 6:13; ਲੂਕਾ 10:17) ਪਰ ਇਸ ਮੌਕੇ ਤੇ ਚੇਲੇ ਪਿਸ਼ਾਚ ਨੂੰ ਨਹੀਂ ਕੱਢ ਸਕੇ। ਕਿਉਂ? ਜੇ ਅਲੱਗ-ਅਲੱਗ ਬਿਰਤਾਂਤਾਂ ਵਿਚ ਦੱਸੇ ਗਏ ਵੇਰਵਿਆਂ ਨੂੰ ਇਕੱਠਾ ਕੀਤਾ ਜਾਵੇ, ਤਾਂ ਅਸੀਂ ਇਸ ਸਿੱਟੇ ਤੇ ਪਹੁੰਚਦੇ ਹਾਂ ਕਿ ਉਹ ਇਸ ਮੌਕੇ ਤੇ ਪਿਸ਼ਾਚ ਕੱਢਣ ਲਈ ਤਿਆਰ ਨਹੀਂ ਸਨ। ਸ਼ਾਇਦ ਕੁਝ ਹੱਦ ਤਕ ਸਮੱਸਿਆ ਇਹ ਸੀ ਕਿ ਕਿਹੋ ਜਿਹਾ ਪਿਸ਼ਾਚ ਸ਼ਾਮਲ ਸੀ, ਕਿਉਂਕਿ ਇੰਜ ਜਾਪਦਾ ਹੈ ਕਿ ਪਿਸ਼ਾਚਾਂ ਦੇ ਅਲੱਗ-ਅਲੱਗ ਵਿਅਕਤਿੱਤਵ, ਦਿਲਚਸਪੀਆਂ, ਅਤੇ ਇੱਥੋਂ ਤਕ ਕਿ ਕਾਬਲੀਅਤਾਂ ਵੀ ਹੋ ਸਕਦੀਆਂ ਹਨ। ਇਸ ਪਿਸ਼ਾਚ ਨੂੰ ਕੱਢਣ ਲਈ, ਖ਼ਾਸ ਤੌਰ ਤੇ ਮਜ਼ਬੂਤ ਨਿਹਚਾ ਅਤੇ ਪਰਮੇਸ਼ੁਰ ਦੀ ਮਦਦ ਲਈ ਦਿਲੀ ਪ੍ਰਾਰਥਨਾ ਦੀ ਲੋੜ ਸੀ। ਬੇਸ਼ੱਕ, ਯਿਸੂ ਵਿਚ ਅਜਿਹੀ ਨਿਹਚਾ ਸੀ। ਉਸ ਨੂੰ ਆਪਣੇ ਪਿਤਾ, ਅਰਥਾਤ ਪ੍ਰਾਰਥਨਾ ਦੇ ਸੁਣਨ ਵਾਲੇ ਦਾ ਸਮਰਥਨ ਵੀ ਪ੍ਰਾਪਤ ਸੀ। (ਜ਼ਬੂਰ 65:2) ਯਿਸੂ ਨਾ ਕੇਵਲ ਪਿਸ਼ਾਚ ਨੂੰ ਕੱਢ ਕੇ ਉਸ ਪੀੜਿਤ ਮੁੰਡੇ ਨੂੰ ਚੰਗਾ ਕਰ ਸਕਦਾ ਸੀ, ਬਲਕਿ ਉਸ ਨੇ ਇੰਜ ਕੀਤਾ ਵੀ।