ਪਰਮੇਸ਼ੁਰ ਦੀ ਧਾਰਮਿਕਤਾ ਵਿਚ ਆਪਣੇ ਭਰੋਸੇ ਨੂੰ ਪੱਕਾ ਕਰਨਾ
‘ਮੈਂ ਤੈਨੂੰ ਜਤਾ ਦਿੱਤੀਆਂ ਹਨ, ਭਈ ਤੇਰਾ ਭਰੋਸਾ ਯਹੋਵਾਹ ਉੱਤੇ ਹੋਵੇ।’—ਕਹਾਉਤਾਂ 22:19.
1, 2. (ੳ) ਯਹੋਵਾਹ ਦੇ ਗਵਾਹ ਯਹੋਵਾਹ ਵਿਚ ਕਿਉਂ ਭਰੋਸਾ ਰੱਖਦੇ ਹਨ? (ਕਹਾਉਤਾਂ 22:19) (ਅ) ਕੀ ਸੰਕੇਤ ਕਰਦਾ ਹੈ ਕਿ ਕੁਝ ਵਿਅਕਤੀਆਂ ਨੂੰ ਯਹੋਵਾਹ ਵਿਚ ਆਪਣਾ ਭਰੋਸਾ ਪੱਕਾ ਕਰਨ ਦੀ ਲੋੜ ਹੈ?
ਸੱਚੇ ਮਸੀਹੀ ਯਹੋਵਾਹ ਅਤੇ ਉਸ ਦੇ ਮਕਸਦਾਂ ਬਾਰੇ ਸਹੀ ਗਿਆਨ ਨਾਲ ਵਰੋਸਾਏ ਗਏ ਹਨ। “ਮਾਤਬਰ ਅਤੇ ਬੁੱਧਵਾਨ ਨੌਕਰ” ਪਿਆਰ ਨਾਲ “ਵੇਲੇ ਸਿਰ ਉਨ੍ਹਾਂ ਨੂੰ [ਅਧਿਆਤਮਿਕ] ਰਸਤ” ਦਿੰਦਾ ਹੈ। (ਮੱਤੀ 24:45) ਉਹ ਜੋ ਗਿਆਨ ਹਾਸਲ ਕਰਦੇ ਹਨ, ਉਸ ਨਾਲ ਉਹ ਪਰਮੇਸ਼ੁਰ ਵਿਚ ਆਪਣੇ ਭਰੋਸੇ ਦੀ ਇਕ ਪੱਕੀ ਨੀਂਹ ਰੱਖਦੇ ਹਨ। ਇਸ ਲਈ, ਇਕ ਸਮੂਹ ਵਜੋਂ, ਯਹੋਵਾਹ ਦੇ ਗਵਾਹ ਯਹੋਵਾਹ ਅਤੇ ਉਸ ਦੀ ਧਾਰਮਿਕਤਾ ਵਿਚ ਵਿਲੱਖਣ ਭਰੋਸਾ ਰੱਖਦੇ ਹਨ।
2 ਫਿਰ ਵੀ, ਇਸ ਤਰ੍ਹਾਂ ਲੱਗਦਾ ਹੈ ਕਿ ਨਿੱਜੀ ਤੌਰ ਤੇ ਕੁਝ ਗਵਾਹਾਂ ਨੂੰ ਅਜਿਹੇ ਭਰੋਸੇ ਨੂੰ ਪੱਕਾ ਕਰਨ ਦੀ ਲੋੜ ਹੈ। ਸੋਸਾਇਟੀ ਨੂੰ ਕਦੀ-ਕਦੀ ਅਜਿਹੀਆਂ ਚਿੱਠੀਆਂ ਮਿਲਦੀਆਂ ਹਨ ਜੋ ਪ੍ਰਕਾਸ਼ਨਾਂ ਵਿਚ ਦਿੱਤੀਆਂ ਗਈਆਂ ਵਿਆਖਿਆਵਾਂ ਉੱਤੇ ਸ਼ੱਕ ਪ੍ਰਗਟ ਕਰਦੀਆਂ ਹਨ। ਇਹ ਸ਼ੱਕ ਸ਼ਾਇਦ ਸਮਝ ਵਿਚ ਹੋਈਆਂ ਤਬਦੀਲੀਆਂ ਕਾਰਨ ਹੋਣ, ਜਾਂ ਸ਼ਾਇਦ ਅਜਿਹੇ ਮਾਮਲਿਆਂ ਬਾਰੇ ਹੋਣ ਜੋ ਚਿੱਠੀ ਲਿਖਣ ਵਾਲੇ ਨੂੰ ਖ਼ਾਸ ਕਰਕੇ ਜਜ਼ਬਾਤੀ ਤੌਰ ਤੇ ਪ੍ਰਭਾਵਿਤ ਕਰਦੇ ਹਨ।—ਤੁਲਨਾ ਕਰੋ ਯੂਹੰਨਾ 6:60, 61.
3. ਯਹੋਵਾਹ ਦੇ ਵਫ਼ਾਦਾਰ ਸੇਵਕਾਂ ਦੇ ਨਾਲ ਵੀ ਕੀ ਹੋ ਸਕਦਾ ਹੈ, ਅਤੇ ਕਿਉਂ?
3 ਯਹੋਵਾਹ ਦੇ ਸੱਚੇ ਸੇਵਕ ਵੀ ਉਪਦੇਸ਼ਕ ਦੀ ਪੋਥੀ 9:11 ਦੀ ਸੱਚਾਈ ਅਨੁਭਵ ਕਰਦੇ ਹਨ: “ਫੇਰ ਮੈਂ ਮੁੜ ਕੇ ਸੂਰਜ ਦੇ ਹੇਠ ਡਿੱਠਾ ਭਈ ਨਾ ਤਾਂ ਕਾਹਲੇ ਦੇ ਲਈ ਦੌੜ ਹੈ, ਨਾ ਸੂਰਮੇ ਦੇ ਲਈ ਜੁੱਧ, ਸਗੋਂ ਬੁੱਧਵਾਨ ਲਈ ਰੋਟੀ ਵੀ ਨਹੀਂ, ਨਾ ਮੱਤ ਵਾਲਿਆਂ ਨੂੰ ਧਨ ਨਾ ਹੀ ਚਤਰਿਆਂ ਨੂੰ ਕਿਰਪਾ ਪਰ ਇਨ੍ਹਾਂ ਸਭਨਾਂ ਨੂੰ ਸਮੇਂ ਸਿਰ ਅਤੇ ਮੌਕੇ ਨਾਲ ਮਿਲਦਾ ਹੈ [“ਕਿਉਂਕਿ ਇਨ੍ਹਾਂ ਸਭਨਾਂ ਉੱਤੇ ਸਮਾਂ ਅਤੇ ਅਣਚਿਤਵੀ ਘਟਨਾ ਵਾਪਰਦੇ ਹਨ,” ਨਿ ਵ]।” ਇਹ ਵਿਸਤ੍ਰਿਤ, ਜਾਂ ਅਧਿਆਤਮਿਕ ਅਰਥ ਵਿਚ ਕਿਵੇਂ ਸੱਚ ਸਾਬਤ ਹੋ ਸਕਦਾ ਹੈ? ਅਸੀਂ ਸ਼ਾਇਦ ਕੁਝ ਮਸੀਹੀਆਂ ਨੂੰ ਜਾਣਦੇ ਸੀ ਜੋ ਬਾਈਬਲ ਦੀ ਸਲਾਹ ਨੂੰ ਲਾਗੂ ਕਰਨ ਵਿਚ ਕਾਹਲੇ, ਸੱਚਾਈ ਦਾ ਪੱਖ ਲੈਣ ਵਿਚ ਦ੍ਰਿੜ੍ਹ, ਬਾਈਬਲ ਸਿਧਾਂਤਾਂ ਨੂੰ ਲਾਗੂ ਕਰਨ ਵਿਚ ਬੁੱਧਵਾਨ, ਅਤੇ ਸਹੀ ਗਿਆਨ ਦੀ ਭਾਲ ਵਿਚ ਜੋਸ਼ੀਲੇ ਸਨ। ਲੇਕਿਨ, “ਸਮਾਂ ਅਤੇ ਅਣਚਿਤਵੀ ਘਟਨਾ” ਦੇ ਕਾਰਨ, ਕਈ ਹੁਣ ਸ਼ਾਇਦ ਹਾਦਸੇ ਜਾਂ ਵਧਦੀ ਉਮਰ ਦੇ ਨਤੀਜੇ ਵਜੋਂ ਆਪਣੇ ਆਪ ਨੂੰ ਸੀਮਿਤ ਪਾਉਂਦੇ ਹਨ। ਉਹ ਸ਼ਾਇਦ ਸੋਚਣ ਕਿ ਕੀ ਉਹ ਮੌਤ ਦੇਖੇ ਬਿਨਾਂ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਵੜਨਗੇ ਜਾਂ ਨਹੀਂ।
4, 5. ਮਸੀਹੀਆਂ ਕੋਲ ਯਹੋਵਾਹ ਦੀ ਧਾਰਮਿਕਤਾ ਵਿਚ ਭਰੋਸਾ ਗੁਆਉਣ ਦਾ ਕੋਈ ਕਾਰਨ ਕਿਉਂ ਨਹੀਂ ਹੈ?
4 ਜਦੋਂ ਇਕ ਮਸੀਹੀ ਆਪਣੇ ਵਿਆਹੁਤਾ ਸਾਥੀ ਨੂੰ ਗੁਆ ਬੈਠਦਾ ਹੈ, ਤਾਂ ਦੁੱਖ ਅਤੇ ਵਿਛੋੜੇ ਦਾ ਇਹਸਾਸ ਬਹੁਤ ਸਖ਼ਤ ਹੁੰਦਾ ਹੈ। ਇਕ ਜੋੜੇ ਵਜੋਂ, ਉਨ੍ਹਾਂ ਨੇ ਸ਼ਾਇਦ ਇਕੱਠਿਆਂ ਕਈ ਸਾਲ ਜਾਂ ਦਹਾਕੇ ਯਹੋਵਾਹ ਦੀ ਸੇਵਾ ਵਿਚ ਗੁਜ਼ਾਰੇ ਹੋਣ। ਜੀਉਂਦਾ ਸਾਥੀ ਜਾਣਦਾ ਹੈ ਕਿ ਮੌਤ ਵਿਆਹ ਦੇ ਬੰਧਨ ਨੂੰ ਤੋੜ ਦਿੰਦੀ ਹੈ।a (1 ਕੁਰਿੰਥੀਆਂ 7:39) ਹੁਣ, ਆਪਣੇ ਭਰੋਸੇ ਨੂੰ ਕਮਜ਼ੋਰ ਹੋਣ ਤੋਂ ਬਚਾਉਣ ਲਈ, ਉਸ ਨੂੰ ਆਪਣੇ ਜਜ਼ਬਾਤਾਂ ਨੂੰ ਕਾਬੂ ਵਿਚ ਰੱਖਣਾ ਚਾਹੀਦਾ ਹੈ।—ਤੁਲਨਾ ਕਰੋ ਮਰਕੁਸ 16:8.
5 ਵਿਆਹੁਤਾ ਸਾਥੀ, ਮਾਤਾ ਜਾਂ ਪਿਤਾ, ਬੱਚੇ, ਜਾਂ ਨਜ਼ਦੀਕੀ ਮਸੀਹੀ ਮਿੱਤਰ ਦੀ ਮੌਤ ਨੂੰ ਯਹੋਵਾਹ ਦੀ ਧਾਰਮਿਕਤਾ ਵਿਚ ਭਰੋਸਾ ਦਿਖਾਉਣ ਦੇ ਇਕ ਮੌਕੇ ਵਜੋਂ ਵਿਚਾਰਨਾ ਕਿੰਨੀ ਬੁੱਧੀਮਤਾ ਦੀ ਗੱਲ ਹੈ! ਜਦੋਂ ਸਾਡਾ ਕੋਈ ਪਿਆਰਾ ਮਰ ਵੀ ਜਾਂਦਾ ਹੈ, ਤਾਂ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਅਨਿਆਉਂ ਨਹੀਂ ਕਰਦਾ। ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਹਰ ਕੋਈ ਜੋ ਸਦੀਪਕ ਜੀਵਨ ਹਾਸਲ ਕਰੇਗਾ—ਚਾਹੇ ਜੀਉਂਦੇ ਜੀ ਨਵੇਂ ਸੰਸਾਰ ਵਿਚ ਜਾ ਕੇ ਜਾਂ ਪੁਨਰ-ਉਥਾਨ ਦੁਆਰਾ—ਉਹ ਖ਼ੁਸ਼ ਹੋਵੇਗਾ। ਜ਼ਬੂਰਾਂ ਦਾ ਲਿਖਾਰੀ ਪਰਮੇਸ਼ੁਰ ਬਾਰੇ ਕਹਿੰਦਾ ਹੈ: “ਤੂੰ ਆਪਣਾ ਹੱਥ ਖੋਲ੍ਹਦਾ ਹੈਂ, ਅਤੇ ਸਾਰੇ ਜੀਆਂ ਦੀ ਇੱਛਿਆ ਪੂਰੀ ਕਰਦਾ ਹੈਂ। ਯਹੋਵਾਹ ਆਪਣੇ ਸਾਰੇ ਰਾਹਾਂ ਵਿੱਚ ਧਰਮੀ ਹੈ, ਅਤੇ ਆਪਣੇ ਸਾਰੇ ਕੰਮਾਂ ਵਿੱਚ ਦਯਾਵਾਨ ਹੈ। ਯਹੋਵਾਹ ਉਨ੍ਹਾਂ ਸਭਨਾਂ ਦੇ ਨੇੜੇ ਹੈ ਜਿਹੜੇ ਉਹ ਨੂੰ ਪੁਕਾਰਦੇ ਹਨ, ਹਾਂ, ਉਨ੍ਹਾਂ ਸਭਨਾਂ ਦੇ ਜਿਹੜੇ ਸਚਿਆਈ ਨਾਲ ਪੁਕਾਰਦੇ ਹਨ। ਉਹ ਆਪਣਾ ਭੈ ਮੰਨਣ ਵਾਲਿਆਂ ਦੀ ਇੱਛਿਆ ਪੂਰੀ ਕਰੇਗਾ, ਅਤੇ ਉਨ੍ਹਾਂ ਦੀ ਦੁਹਾਈ ਨੂੰ ਸੁਣੇਗਾ ਤੇ ਉਨ੍ਹਾਂ ਨੂੰ ਬਚਾਵੇਗਾ।”—ਜ਼ਬੂਰ 145:16-19.
ਬਿਨਾਂ ਵਜ੍ਹਾ ਦੁੱਖ ਸਹਾਰਨ ਦੀਆਂ ਭਾਵਨਾਵਾਂ
6, 7. (ੳ) ਬੀਤੇ ਸਮੇਂ ਵਿਚ ਕਸ਼ਟ ਸਹਿਣ ਵਾਲੇ ਮਸੀਹੀਆਂ ਦੀ ਸਮਝ ਹੁਣ ਸ਼ਾਇਦ ਕਿਉਂ ਬਦਲ ਗਈ ਹੈ? (ਅ) ਬੀਤੇ ਸਮੇਂ ਵਿਚ ਅਜਿਹੇ ਕਸ਼ਟ ਦੀ ਇਜਾਜ਼ਤ ਦੇਣ ਕਾਰਨ ਸਾਨੂੰ ਯਹੋਵਾਹ ਨੂੰ ਅਨਿਆਂਪੂਰਣ ਕਿਉਂ ਨਹੀਂ ਸਮਝਣਾ ਚਾਹੀਦਾ?
6 ਬੀਤੇ ਸਮੇਂ ਵਿਚ, ਕੁਝ ਗਵਾਹਾਂ ਨੇ ਅਜਿਹੇ ਕੰਮ ਵਿਚ ਹਿੱਸਾ ਨਾ ਲੈਣ ਕਰਕੇ ਕਸ਼ਟ ਸਹੇ ਹਨ ਜੋ ਸ਼ਾਇਦ ਹੁਣ ਉਨ੍ਹਾਂ ਦਾ ਅੰਤਹਕਰਣ ਉਨ੍ਹਾਂ ਨੂੰ ਕਰਨ ਦੇਵੇ। ਉਦਾਹਰਣ ਲਈ, ਕਈ ਸਾਲ ਪਹਿਲਾਂ ਸ਼ਾਇਦ ਸਿਵਲੀਅਨ ਸੇਵਾ ਦੇ ਕੁਝ ਕੰਮਾਂ ਬਾਰੇ ਉਨ੍ਹਾਂ ਦੀ ਇਹੀ ਚੋਣ ਸੀ। ਇਕ ਭਰਾ ਸ਼ਾਇਦ ਹੁਣ ਮਹਿਸੂਸ ਕਰੇ ਕਿ ਉਹ ਵਰਤਮਾਨ ਰੀਤੀ-ਵਿਵਸਥਾ ਦੇ ਸੰਬੰਧ ਵਿਚ ਮਸੀਹੀ ਨਿਰਪੱਖਤਾ ਦੀ ਉਲੰਘਣਾ ਕੀਤੇ ਬਿਨਾਂ ਇਕ ਸ਼ੁੱਧ ਅੰਤਹਕਰਣ ਨਾਲ ਅਜਿਹਾ ਕੰਮ ਕਰ ਸਕਦਾ ਹੈ।
7 ਕੀ ਉਸ ਨੂੰ ਅਜਿਹੇ ਕੰਮ ਨਾ ਕਰਨ ਕਰਕੇ ਕਸ਼ਟ ਸਹਾਰਨ ਦੇਣਾ ਯਹੋਵਾਹ ਵੱਲੋਂ ਅਨਿਆਉਂ ਸੀ, ਜੋ ਕੰਮ ਉਹ ਸ਼ਾਇਦ ਹੁਣ ਬਿਨਾਂ ਬੁਰੇ ਨਤੀਜਿਆਂ ਦੇ ਕਰ ਸਕਦਾ ਹੈ? ਜਿਨ੍ਹਾਂ ਨੇ ਇਹ ਕਸ਼ਟ ਸਹਾਰੇ ਹਨ ਉਨ੍ਹਾਂ ਵਿੱਚੋਂ ਜ਼ਿਆਦਾਤਰ ਇਸ ਤਰ੍ਹਾਂ ਨਹੀਂ ਸੋਚਦੇ ਹਨ। ਸਗੋਂ, ਉਹ ਖ਼ੁਸ਼ ਹੁੰਦੇ ਹਨ ਕਿ ਉਨ੍ਹਾਂ ਨੂੰ ਇਹ ਖੁੱਲ੍ਹੇ-ਆਮ ਅਤੇ ਸਾਫ਼-ਸਾਫ਼ ਸਾਬਤ ਕਰਨ ਦਾ ਮੌਕਾ ਮਿਲਿਆ ਕਿ ਉਹ ਵਿਸ਼ਵ ਸਰਬਸੱਤਾ ਦੇ ਵਿਸ਼ੇ ਉੱਤੇ ਦ੍ਰਿੜ੍ਹ ਖੜ੍ਹੇ ਰਹਿਣ ਲਈ ਤਿਆਰ ਸਨ। (ਤੁਲਨਾ ਕਰੋ ਅੱਯੂਬ 27:5.) ਦ੍ਰਿੜ੍ਹਤਾ ਨਾਲ ਯਹੋਵਾਹ ਦਾ ਪੱਖ ਲੈਣ ਵਿਚ ਆਪਣੇ ਅੰਤਹਕਰਣ ਦੇ ਅਨੁਸਾਰ ਚੱਲਣ ਦਾ ਕਿਸੇ ਨੂੰ ਕੀ ਅਫ਼ਸੋਸ ਹੋ ਸਕਦਾ ਹੈ? ਆਪਣੀ ਸਮਝ ਅਨੁਸਾਰ ਮਸੀਹੀ ਸਿਧਾਂਤਾਂ ਤੇ ਵਫ਼ਾਦਾਰੀ ਨਾਲ ਕਾਇਮ ਰਹਿਣ ਜਾਂ ਅੰਤਹਕਰਣ ਦੀਆਂ ਚੋਭਾਂ ਅਨੁਸਾਰ ਚੱਲਣ ਦੁਆਰਾ ਉਹ ਯਹੋਵਾਹ ਦੀ ਮਿੱਤਰਤਾ ਦੇ ਯੋਗ ਸਾਬਤ ਹੋਏ। ਨਿਸ਼ਚੇ ਹੀ, ਅਜਿਹੇ ਰਾਹ ਉੱਤੇ ਨਾ ਚੱਲਣਾ, ਜੋ ਸਾਡੇ ਅੰਤਹਕਰਣ ਨੂੰ ਦੁਖੀ ਕਰੇ ਜਾਂ ਹੋਰ ਕਿਸੇ ਲਈ ਠੋਕਰ ਦਾ ਕਾਰਨ ਬਣੇ, ਬੁੱਧੀਮਤਾ ਹੈ। ਇਸ ਸੰਬੰਧ ਵਿਚ ਅਸੀਂ ਪੌਲੁਸ ਰਸੂਲ ਦੁਆਰਾ ਕਾਇਮ ਕੀਤੀ ਗਈ ਮਿਸਾਲ ਬਾਰੇ ਸੋਚ ਸਕਦੇ ਹਾਂ।—1 ਕੁਰਿੰਥੀਆਂ 8:12, 13; 10:31-33.
8. ਯਹੂਦੀ ਮਸੀਹੀਆਂ ਕੋਲ, ਜੋ ਪਹਿਲਾਂ ਬਿਵਸਥਾ ਦੇ ਅਧੀਨ ਸਨ, ਯਹੋਵਾਹ ਦੀ ਧਾਰਮਿਕਤਾ ਉੱਤੇ ਸ਼ੱਕ ਕਰਨ ਦਾ ਕੋਈ ਕਾਰਨ ਕਿਉਂ ਨਹੀਂ ਸੀ?
8 ਯਹੋਵਾਹ ਨੂੰ ਖ਼ੁਸ਼ ਕਰਨ ਲਈ, ਯਹੂਦੀਆਂ ਤੋਂ ਦਸ ਹੁਕਮਾਂ ਅਤੇ ਲਗਭਗ 600 ਹੋਰ ਵੱਖੋ-ਵੱਖਰੇ ਨਿਯਮਾਂ ਦੀ ਪਾਲਣਾ ਕਰਨ ਦੀ ਮੰਗ ਕੀਤੀ ਗਈ ਸੀ। ਬਾਅਦ ਵਿਚ, ਮਸੀਹੀ ਪ੍ਰਬੰਧ ਦੇ ਅਧੀਨ, ਯਹੋਵਾਹ ਦੀ ਸੇਵਾ ਕਰਨ ਲਈ ਇਨ੍ਹਾਂ ਦੀ ਪਾਲਣਾ ਕਰਨੀ ਜ਼ਰੂਰੀ ਨਹੀਂ ਸੀ, ਇੱਥੋਂ ਤਕ ਕਿ ਸਰੀਰਕ ਯਹੂਦੀਆਂ ਲਈ ਵੀ ਨਹੀਂ। ਉਨ੍ਹਾਂ ਨਿਯਮਾਂ ਵਿਚ ਜੋ ਹੁਣ ਲਾਜ਼ਮੀ ਨਹੀਂ ਸਨ, ਸੁੰਨਤ, ਸਬਤ ਮਨਾਉਣ, ਪਸ਼ੂਆਂ ਦੀਆਂ ਬਲੀਆਂ ਚੜ੍ਹਾਉਣ, ਅਤੇ ਖਾਣ-ਪੀਣ ਦੀਆਂ ਖ਼ਾਸ ਚੀਜ਼ਾਂ ਦੀ ਮਨਾਹੀ ਸੰਬੰਧੀ ਨਿਯਮ ਸ਼ਾਮਲ ਸਨ। (1 ਕੁਰਿੰਥੀਆਂ 7:19; 10:25; ਕੁਲੁੱਸੀਆਂ 2:16, 17; ਇਬਰਾਨੀਆਂ 10:1, 11-14) ਜਿਹੜੇ ਯਹੂਦੀ—ਰਸੂਲਾਂ ਸਮੇਤ—ਮਸੀਹੀ ਬਣੇ ਸਨ ਉਨ੍ਹਾਂ ਨੂੰ ਅਜਿਹੇ ਨਿਯਮਾਂ ਦੀ ਪਾਲਣਾ ਕਰਨ ਤੋਂ ਮੁਕਤ ਕੀਤਾ ਗਿਆ ਸੀ ਜਿਨ੍ਹਾਂ ਦੀ ਉਨ੍ਹਾਂ ਤੋਂ ਬਿਵਸਥਾ ਨੇਮ ਦੇ ਅਧੀਨ ਪਾਲਣਾ ਕਰਨ ਦੀ ਮੰਗ ਕੀਤੀ ਜਾਂਦੀ ਸੀ। ਕੀ ਉਨ੍ਹਾਂ ਨੇ ਸ਼ਿਕਾਇਤ ਕੀਤੀ ਕਿ ਪਰਮੇਸ਼ੁਰ ਦਾ ਪ੍ਰਬੰਧ ਅਨਿਆਉਂ ਸੀ ਕਿਉਂਕਿ ਉਸ ਨੇ ਪਹਿਲਾਂ ਉਨ੍ਹਾਂ ਤੋਂ ਉਹ ਮੰਗ ਕੀਤੀ ਜੋ ਹੁਣ ਜ਼ਰੂਰੀ ਨਹੀਂ ਸੀ? ਨਹੀਂ, ਯਹੋਵਾਹ ਦੇ ਮਕਸਦਾਂ ਦੀ ਜ਼ਿਆਦਾ ਸਪੱਸ਼ਟ ਸਮਝ ਹਾਸਲ ਕਰਨ ਤੇ ਉਨ੍ਹਾਂ ਨੇ ਖ਼ੁਸ਼ੀ ਮਨਾਈ।—ਰਸੂਲਾਂ ਦੇ ਕਰਤੱਬ 16:4, 5.
9. ਕੁਝ ਗਵਾਹਾਂ ਬਾਰੇ ਕੀ ਸੱਚ ਸੀ, ਲੇਕਿਨ ਉਨ੍ਹਾਂ ਕੋਲ ਅਫ਼ਸੋਸ ਕਰਨ ਦਾ ਕਾਰਨ ਕਿਉਂ ਨਹੀਂ ਹੈ?
9 ਆਧੁਨਿਕ ਸਮਿਆਂ ਵਿਚ, ਅਜਿਹੇ ਗਵਾਹ ਰਹੇ ਹਨ ਜੋ ਆਪਣੀ ਰਾਇ ਵਿਚ ਬਹੁਤ ਪੱਕੇ ਸਨ ਕਿ ਉਹ ਕੀ ਕਰਨਗੇ ਜਾਂ ਨਹੀਂ ਕਰਨਗੇ। ਅਤੇ ਇਸੇ ਕਾਰਨ ਉਨ੍ਹਾਂ ਨੇ ਦੂਜਿਆਂ ਨਾਲੋਂ ਜ਼ਿਆਦਾ ਦੁੱਖ ਸਹਾਰੇ ਹਨ। ਬਾਅਦ ਵਿਚ, ਵੱਧ ਗਿਆਨ ਨੇ ਮਾਮਲਿਆਂ ਨੂੰ ਜ਼ਿਆਦਾ ਖੁਲ੍ਹੀ ਨਜ਼ਰ ਨਾਲ ਦੇਖਣ ਵਿਚ ਉਨ੍ਹਾਂ ਦੀ ਮਦਦ ਕੀਤੀ। ਪਰ ਪਹਿਲਾਂ ਆਪਣੇ ਅੰਤਹਕਰਣ ਦੀ ਇਕਸੁਰਤਾ ਵਿਚ ਚੱਲਣ ਲਈ ਉਨ੍ਹਾਂ ਕੋਲ ਅਫ਼ਸੋਸ ਕਰਨ ਦਾ ਕੋਈ ਕਾਰਨ ਨਹੀਂ ਹੈ, ਉਦੋਂ ਵੀ ਜਦੋਂ ਇਸ ਨੇ ਸ਼ਾਇਦ ਵਾਧੂ ਦੁੱਖ ਲਿਆਂਦਾ ਹੋਵੇ। ਇਹ ਸੱਚ-ਮੁੱਚ ਸ਼ਲਾਘਾਯੋਗ ਹੈ ਕਿ ਉਨ੍ਹਾਂ ਨੇ ਯਹੋਵਾਹ ਪ੍ਰਤੀ ਵਫ਼ਾਦਾਰੀ ਵਿਚ ਅਤੇ ‘ਸੱਭੋ ਕੁਝ ਇੰਜੀਲ ਦੇ ਨਮਿੱਤ ਕਰਨ’ ਲਈ ਦੁੱਖ ਸਹਿਣ ਦੀ ਆਪਣੀ ਰਜ਼ਾਮੰਦੀ ਨੂੰ ਸਾਬਤ ਕੀਤਾ। ਯਹੋਵਾਹ ਅਜਿਹੀ ਈਸ਼ਵਰੀ ਭਗਤੀ ਨੂੰ ਬਰਕਤ ਦਿੰਦਾ ਹੈ। (1 ਕੁਰਿੰਥੀਆਂ 9:23; ਇਬਰਾਨੀਆਂ 6:10) ਪਤਰਸ ਰਸੂਲ ਨੇ ਸੂਝ ਨਾਲ ਲਿਖਿਆ: “ਜੇ ਤੁਸੀਂ ਸ਼ੁਭ ਕਰਮਾਂ ਦੇ ਕਾਰਨ ਦੁਖ ਝੱਲ ਕੇ ਧੀਰਜ ਕਰੋ ਤਾਂ ਇਹ ਪਰਮੇਸ਼ੁਰ ਨੂੰ ਪਰਵਾਨ ਹੈ।”—1 ਪਤਰਸ 2:20.
ਯੂਨਾਹ ਤੋਂ ਸਿੱਖਣਾ
10, 11. ਯੂਨਾਹ ਨੇ ਯਹੋਵਾਹ ਵਿਚ ਕਿਵੇਂ ਭਰੋਸੇ ਦੀ ਕਮੀ ਦਿਖਾਈ, (ੳ) ਜਦੋਂ ਉਸ ਨੂੰ ਨੀਨਵਾਹ ਜਾਣ ਦਾ ਕੰਮ ਦਿੱਤਾ ਗਿਆ ਸੀ? (ਅ) ਜਦੋਂ ਪਰਮੇਸ਼ੁਰ ਨੇ ਨੀਨਵਾਹ ਦੇ ਲੋਕਾਂ ਦਾ ਵਿਨਾਸ਼ ਨਹੀਂ ਕੀਤਾ?
10 ਜਦੋਂ ਯੂਨਾਹ ਨੂੰ ਨੀਨਵਾਹ ਜਾਣ ਲਈ ਹਿਦਾਇਤ ਦਿੱਤੀ ਗਈ ਸੀ, ਤਾਂ ਉਸ ਨੇ ਉਸ ਭਰੋਸੇ ਲਈ ਕਦਰ ਦੀ ਕਮੀ ਦਿਖਾਈ ਜੋ ਯਹੋਵਾਹ ਉਸ ਵਿਚ ਰੱਖ ਰਿਹਾ ਸੀ। ਇਕ ਡਰਾਉਣੇ ਅਨੁਭਵ ਤੋਂ ਬਾਅਦ, ਜੋ ਉਸ ਨੇ ਆਖੇ ਨਾ ਲੱਗਣ ਕਰਕੇ ਖ਼ੁਦ ਆਪਣੇ ਉੱਤੇ ਲਿਆਂਦਾ ਸੀ, ਯੂਨਾਹ ਨੂੰ ਹੋਸ਼ ਆਇਆ। ਉਸ ਨੇ ਆਪਣੀ ਗ਼ਲਤੀ ਦਾ ਅਹਿਸਾਸ ਕੀਤਾ, ਆਪਣੇ ਵਿਦੇਸ਼ੀ ਕੰਮ ਨੂੰ ਸਵੀਕਾਰ ਕੀਤਾ, ਅਤੇ ਨੀਨਵਾਹ ਦੇ ਲੋਕਾਂ ਉੱਤੇ ਆ ਰਹੇ ਵਿਨਾਸ਼ ਬਾਰੇ ਚੇਤਾਵਨੀ ਦਿੱਤੀ। ਫਿਰ ਇਕ ਅਕਲਪਿਤ ਗੱਲ ਹੋਈ: ਕਿਉਂਕਿ ਨੀਨਵਾਹ ਦੇ ਲੋਕਾਂ ਨੇ ਪਸ਼ਚਾਤਾਪੀ ਰਵੱਈਆ ਦਿਖਾਇਆ, ਯਹੋਵਾਹ ਨੇ ਉਨ੍ਹਾਂ ਉੱਤੇ ਵਿਨਾਸ਼ ਨਾ ਲਿਆਉਣ ਦਾ ਫ਼ੈਸਲਾ ਕੀਤਾ।—ਯੂਨਾਹ 1:1–3:10.
11 ਯੂਨਾਹ ਨੇ ਕੀ ਕੀਤਾ? ਚਿੜ ਕੇ ਉਸ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਵਿਚ ਸ਼ਿਕਾਇਤ ਕੀਤੀ। ਉਸ ਦੀ ਸ਼ਿਕਾਇਤ ਦਾ ਨਿਚੋੜ ਇਹ ਸੀ: ‘ਮੈਨੂੰ ਪਤਾ ਸੀ ਕਿ ਇਹੋ ਹੋਣਾ ਸੀ। ਇਸੇ ਲਈ ਤਾਂ ਮੈਂ ਪਹਿਲਾਂ ਨੀਨਵਾਹ ਆਉਣਾ ਨਹੀਂ ਚਾਹੁੰਦਾ ਸੀ। ਇੰਨਾ ਕੁਝ ਸਹਾਰ ਕੇ, ਇਕ ਵੱਡੀ ਮੱਛੀ ਦੁਆਰਾ ਨਿਗਲੇ ਜਾਣ ਦੇ ਖ਼ੌਫ਼ ਅਤੇ ਬੇਇੱਜ਼ਤੀ ਤੋਂ ਬਾਅਦ, ਨਾਲੇ ਨੀਨਵਾਹ ਦੇ ਲੋਕਾਂ ਨੂੰ ਅਟੱਲ ਵਿਨਾਸ਼ ਬਾਰੇ ਚੇਤਾਵਨੀ ਦੇਣ ਦੀ ਮੇਰੀ ਸਖ਼ਤ ਮਿਹਨਤ ਤੋਂ ਬਾਅਦ, ਹੁਣ, ਇਹ ਨਤੀਜਾ ਨਿਕਲਿਆ! ਮੇਰੇ ਸਾਰੇ ਕੀਤੇ ਕਰਾਏ ਤੇ ਪਾਣੀ ਫਿਰ ਗਿਆ ਅਤੇ ਮੈਂ ਐਵੇਂ ਹੀ ਦੁੱਖ ਝੱਲਿਆ! ਮੈਂ ਮਰ ਜਾਂਦਾ ਤਾਂ ਚੰਗਾ ਸੀ!’—ਯੂਨਾਹ 4:1-3.
12. ਅਸੀਂ ਯੂਨਾਹ ਦੇ ਅਨੁਭਵ ਤੋਂ ਕੀ ਸਿੱਖ ਸਕਦੇ ਹਾਂ?
12 ਕੀ ਸ਼ਿਕਾਇਤ ਕਰਨ ਲਈ ਯੂਨਾਹ ਕੋਲ ਜਾਇਜ਼ ਕਾਰਨ ਸੀ? ਕੀ ਯਹੋਵਾਹ ਪਸ਼ਚਾਤਾਪੀ ਪਾਪੀਆਂ ਨੂੰ ਦਇਆ ਦਿਖਾਉਣ ਵਿਚ ਅਨਿਆਉਂ ਕਰ ਰਿਹਾ ਸੀ? ਦਰਅਸਲ ਯੂਨਾਹ ਨੂੰ ਖ਼ੁਸ਼ੀ ਮਨਾਉਣੀ ਚਾਹੀਦੀ ਸੀ; ਲੱਖਾਂ ਹੀ ਲੋਕਾਂ ਨੂੰ ਮੌਤ ਦੀ ਸਜ਼ਾ ਤੋਂ ਬਚਾਇਆ ਜਾਣਾ ਸੀ! (ਯੂਨਾਹ 4:11) ਲੇਕਿਨ ਉਸ ਦੇ ਗੁਸਤਾਖ਼, ਸ਼ਿਕਾਇਤੀ ਰਵੱਈਏ ਨੇ ਦਿਖਾਇਆ ਕਿ ਉਹ ਯਹੋਵਾਹ ਦੀ ਧਾਰਮਿਕਤਾ ਵਿਚ ਪੂਰਾ ਭਰੋਸਾ ਨਹੀਂ ਰੱਖ ਰਿਹਾ ਸੀ। ਉਹ ਆਪਣੇ ਆਪ ਬਾਰੇ ਜ਼ਿਆਦਾ ਅਤੇ ਦੂਜਿਆਂ ਬਾਰੇ ਘੱਟ ਸੋਚ ਰਿਹਾ ਸੀ। ਆਓ ਅਸੀਂ ਯੂਨਾਹ ਤੋਂ ਸਿੱਖੀਏ ਅਤੇ ਆਪਣੇ ਆਪ ਨੂੰ ਤੇ ਆਪਣੀਆਂ ਨਿੱਜੀ ਜਜ਼ਬਾਤਾਂ ਨੂੰ ਪਿੱਛੇ ਰੱਖੀਏ। ਆਓ ਅਸੀਂ ਪੂਰਾ ਵਿਸ਼ਵਾਸ ਕਰੀਏ ਕਿ ਯਹੋਵਾਹ ਦੇ ਆਗਿਆਕਾਰ ਹੋਣਾ, ਉਸ ਦੇ ਸੰਗਠਨ ਦੁਆਰਾ ਦਿੱਤੀ ਗਈ ਹਿਦਾਇਤ ਨੂੰ ਮੰਨਣਾ ਅਤੇ ਉਸ ਦੇ ਫ਼ੈਸਲਿਆਂ ਨੂੰ ਮਨਜ਼ੂਰ ਕਰਨਾ ਸਹੀ ਹੈ। ਸਾਨੂੰ ਪੂਰਾ ਵਿਸ਼ਵਾਸ ਹੈ ਕਿ “ਭਲਾ ਓਹਨਾਂ ਦਾ ਹੀ ਹੋਵੇਗਾ ਜੋ ਪਰਮੇਸ਼ੁਰ ਤੋਂ ਡਰਦੇ ਹਨ।”—ਉਪਦੇਸ਼ਕ ਦੀ ਪੋਥੀ 8:12.
ਆਪਣਾ ਭਰੋਸਾ ਪੱਕਾ ਕਰਨ ਦਾ ਹੁਣ ਸਮਾਂ ਹੈ!
13. ਅਸੀਂ ਸਾਰੇ ਯਹੋਵਾਹ ਵਿਚ ਆਪਣਾ ਭਰੋਸਾ ਕਿਵੇਂ ਹੋਰ ਪੱਕਾ ਕਰ ਸਕਦੇ ਹਾਂ?
13 ਯਹੋਵਾਹ ਵਿਚ ਆਪਣੇ ਭਰੋਸੇ ਨੂੰ ਪੱਕਾ ਕਰਨਾ ਬੁੱਧੀਮਤਾ ਹੈ। (ਕਹਾਉਤਾਂ 3:5-8) ਨਿਸ਼ਚੇ ਹੀ, ਸਾਨੂੰ ਆਪਣਾ ਭਰੋਸਾ ਪੱਕਾ ਕਰਨ ਲਈ ਪ੍ਰਾਰਥਨਾ ਰਾਹੀਂ ਯਹੋਵਾਹ ਤੋਂ ਮਦਦ ਮੰਗਣ ਨਾਲੋਂ ਕੁਝ ਜ਼ਿਆਦਾ ਕਰਨਾ ਪਵੇਗਾ। ਭਰੋਸਾ ਸਹੀ ਗਿਆਨ ਦੇ ਆਧਾਰ ਤੇ ਵਧਦਾ ਹੈ, ਇਸ ਲਈ ਸਾਨੂੰ ਬਾਈਬਲ ਅਤੇ ਬਾਈਬਲ ਨੂੰ ਸਮਝਾਉਣ ਵਾਲਾ ਸਾਹਿੱਤ ਪੜ੍ਹ ਕੇ, ਨਿੱਜੀ ਬਾਈਬਲ ਅਧਿਐਨ ਨੂੰ ਆਪਣੇ ਰੋਜ਼ ਦੇ ਕੰਮਾਂ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਮਸੀਹੀ ਸਭਾਵਾਂ ਵਿਚ ਨਿਯਮਿਤ ਹਾਜ਼ਰੀ, ਨਾਲੇ ਚੰਗੀ ਤਿਆਰੀ ਅਤੇ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਲੈਣਾ ਵੀ ਆਵੱਸ਼ਕ ਹੈ। ਦੂਜਿਆਂ ਨਾਲ ਬਾਈਬਲ ਸੱਚਾਈਆਂ ਸਾਂਝੀਆਂ ਕਰਨ ਦੀ ਆਦਤ ਬਣਾਉਣੀ ਅਤੇ ਸਮਝ ਨਾਲ ਇਤਰਾਜ਼ਾਂ ਦਾ ਜਵਾਬ ਦੇਣਾ ਵੀ ਯਹੋਵਾਹ ਵਿਚ ਅਤੇ ਉਸ ਦੇ ਬਚਨ ਵਿਚ ਸਾਡਾ ਭਰੋਸਾ ਵਧਾਉਂਦਾ ਹੈ। ਇਸ ਤਰ੍ਹਾਂ ਅਸੀਂ ਹਰ ਦਿਨ ਉਸ ਦੇ ਹੋਰ ਜ਼ਿਆਦਾ ਨਜ਼ਦੀਕ ਹੋ ਰਹੇ ਹਾਂ।
14. ਬਹੁਤ ਜਲਦ, ਪਰਮੇਸ਼ੁਰ ਦੇ ਲੋਕਾਂ ਨੂੰ ਯਹੋਵਾਹ ਵਿਚ ਅੱਗੇ ਨਾਲੋਂ ਜ਼ਿਆਦਾ ਭਰੋਸਾ ਕਿਉਂ ਦਿਖਾਉਣਾ ਪਵੇਗਾ?
14 ਨੇੜਲੇ ਭਵਿੱਖ ਵਿਚ, ਮਨੁੱਖਜਾਤੀ ਤੇ ਆਉਣ ਵਾਲੇ ਸਭ ਤੋਂ ਵੱਡੇ ਕਸ਼ਟ ਦਾ ਸਮਾਂ ਅਚਾਨਕ ਆ ਜਾਵੇਗਾ। (ਮੱਤੀ 24:21) ਜਦੋਂ ਇਹ ਆਵੇਗਾ, ਉਦੋਂ ਪਰਮੇਸ਼ੁਰ ਦੇ ਸੇਵਕਾਂ ਨੂੰ ਯਹੋਵਾਹ ਦੀ ਧਾਰਮਿਕਤਾ ਉੱਤੇ ਅਤੇ ਉਸ ਦੇ ਸੰਗਠਨ ਦੁਆਰਾ ਦਿੱਤੀ ਗਈ ਹਿਦਾਇਤ ਉੱਤੇ ਅੱਗੇ ਨਾਲੋਂ ਜ਼ਿਆਦਾ ਭਰੋਸਾ ਰੱਖਣ ਦੀ ਲੋੜ ਪਵੇਗੀ। ਪ੍ਰਤੀਕਾਤਮਕ ਤੌਰ ਤੇ, ਉਹ ਉਦੋਂ ਪਰਮੇਸ਼ੁਰ ਦੇ ਇਸ ਹੁਕਮ ਦੀ ਪਾਲਣਾ ਭਰੋਸੇ ਨਾਲ ਕਰਨਗੇ: “ਹੇ ਮੇਰੀ ਪਰਜਾ, ਆਪਣੀਆਂ ਕੋਠੜੀਆਂ ਵਿੱਚ ਵੜ, ਆਪਣੇ ਬੂਹੇ ਆਪਣੇ ਉੱਤੇ ਭੇੜ ਲੈ, ਥੋੜੇ ਚਿਰ ਲਈ ਆਪ ਨੂੰ ਲੁਕਾ, ਜਦ ਤੀਕ ਕਹਿਰ ਟਲ ਨਾ ਜਾਵੇ।” (ਯਸਾਯਾਹ 26:20) ਪਹਿਲਾਂ ਹੀ ਉਹ 232 ਦੇਸ਼ਾਂ ਦੀਆਂ 85,000 ਤੋਂ ਜ਼ਿਆਦਾ ਕਲੀਸਿਯਾਵਾਂ ਦੇ ਸੁਰੱਖਿਅਕ ਮਾਹੌਲ ਵਿਚ ਵੜ ਚੁੱਕੇ ਹਨ। ਅਤੇ ‘ਆਪਣੀਆਂ ਕੋਠੜੀਆਂ ਵਿੱਚ ਵੜਣ’ ਦੇ ਹੁਕਮ ਵਿਚ ਭਾਵੇਂ ਹੋਰ ਜੋ ਵੀ ਗੱਲਾਂ ਸ਼ਾਮਲ ਹੋਣ, ਅਸੀਂ ਨਿਸ਼ਚਿਤ ਹੋ ਸਕਦੇ ਹਾਂ ਕਿ ਉਸ ਨੂੰ ਪੂਰਾ ਕਰਨ ਵਿਚ ਯਹੋਵਾਹ ਸਾਡੀ ਮਦਦ ਕਰੇਗਾ।
15. ਸਾਲ 1998 ਦੌਰਾਨ ਭਰੋਸੇ ਦੇ ਮਾਮਲੇ ਉੱਤੇ ਕਿਸ ਤਰ੍ਹਾਂ ਜ਼ੋਰ ਦਿੱਤਾ ਗਿਆ ਹੈ, ਅਤੇ ਇਹ ਕਿਉਂ ਉਚਿਤ ਹੈ?
15 ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਭਰੋਸੇ ਨੂੰ ਹੁਣ ਪੱਕਾ ਕਰੀਏ। ਆਪਣੇ ਮਸੀਹੀ ਭਰਾਵਾਂ ਵਿਚ, ਯਹੋਵਾਹ ਦੇ ਸੰਗਠਨ ਵਿਚ, ਅਤੇ ਸਭ ਤੋਂ ਵੱਧ ਖ਼ੁਦ ਯਹੋਵਾਹ ਵਿਚ ਭਰੋਸਾ ਰੱਖੇ ਬਗੈਰ, ਬਚਾਉ ਨਾਮੁਮਕਿਨ ਹੋਵੇਗਾ। ਇਸ ਲਈ ਕਿੰਨਾ ਉਚਿਤ ਹੈ ਕਿ 1998 ਦੌਰਾਨ, ਸੰਸਾਰ ਭਰ ਦੇ ਯਹੋਵਾਹ ਦੇ ਗਵਾਹਾਂ ਨੂੰ ਸਾਲ ਦੇ ਮੂਲ-ਪਾਠ ਦੇ ਸ਼ਬਦਾਂ ਦੁਆਰਾ ਬਾਰ-ਬਾਰ ਯਾਦ ਦਿਲਾਇਆ ਗਿਆ ਹੈ ਕਿ “ਹਰੇਕ ਜਿਹੜਾ ਪ੍ਰਭੁ [ਯਹੋਵਾਹ] ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ”! (ਰੋਮੀਆਂ 10:13) ਇਸ ਗੱਲ ਉੱਤੇ ਸਾਡਾ ਪੱਕਾ ਭਰੋਸਾ ਹੋਣਾ ਚਾਹੀਦਾ ਹੈ। ਜੇਕਰ ਅਸੀਂ ਇਸ ਭਰੋਸੇ ਵਿਚ ਥੋੜ੍ਹਾ ਵੀ ਅਵਿਸ਼ਵਾਸ ਦੇਖਦੇ ਹਾਂ, ਤਾਂ ਸਾਨੂੰ ਇਸ ਨੂੰ ਦੂਰ ਕਰਨ ਲਈ ਹੁਣ ਤੋਂ, ਹਾਂ, ਅੱਜ ਤੋਂ ਹੀ ਮਿਹਨਤ ਕਰਨੀ ਚਾਹੀਦੀ ਹੈ।
ਯਹੋਵਾਹ ਦਾ ਨਿਆਉਂ ਧਰਮੀ ਹੋਵੇਗਾ
16. ਜੇਕਰ ਵਧਾਇਆ ਨਾ ਜਾਵੇ ਤਾਂ ਭਰੋਸੇ ਨੂੰ ਕੀ ਹੋ ਸਕਦਾ ਹੈ, ਅਤੇ ਇਸ ਤੋਂ ਬਚਣ ਲਈ ਅਸੀਂ ਕੀ ਕਰ ਸਕਦੇ ਹਾਂ?
16 ਇਬਰਾਨੀਆਂ 3:14 ਵਿਚ, ਮਸਹ ਕੀਤੇ ਹੋਏ ਮਸੀਹੀਆਂ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ: “ਅਸੀਂ ਮਸੀਹ ਵਿੱਚ ਸਾਂਝੀ ਹੋਏ ਹੋਏ ਹਾਂ ਪਰ ਤਦ ਜੇ ਆਪਣੇ ਪਹਿਲੇ ਭਰੋਸੇ ਨੂੰ ਅੰਤ ਤੋੜੀ ਤਕੜਾਈ ਨਾਲ ਫੜੀ ਰੱਖੀਏ।” ਸਿਧਾਂਤ ਦੇ ਤੌਰ ਤੇ, ਇਹ ਸ਼ਬਦ ਜ਼ਮੀਨੀ ਉਮੀਦ ਰੱਖਣ ਵਾਲੇ ਮਸੀਹੀਆਂ ਉੱਤੇ ਵੀ ਲਾਗੂ ਹੁੰਦੇ ਹਨ। ਪਹਿਲਾ ਭਰੋਸਾ ਹੌਲੀ-ਹੌਲੀ ਖ਼ਤਮ ਹੋ ਸਕਦਾ ਹੈ ਜੇ ਇਸ ਨੂੰ ਵਧਾਇਆ ਨਾ ਜਾਵੇ। ਇਹ ਕਿੰਨਾ ਆਵੱਸ਼ਕ ਹੈ ਕਿ ਅਸੀਂ ਸਹੀ ਗਿਆਨ ਭਾਲਣਾ ਜਾਰੀ ਰੱਖੀਏ, ਅਤੇ ਇਸ ਤਰ੍ਹਾਂ ਉਸ ਨੀਂਹ ਨੂੰ ਪੱਕਾ ਕਰੀਏ ਜਿਸ ਉੱਤੇ ਸਾਡਾ ਭਰੋਸਾ ਆਧਾਰਿਤ ਹੈ!
17. ਅਸੀਂ ਕਿਉਂ ਨਿਸ਼ਚਿਤ ਹੋ ਸਕਦੇ ਹਾਂ ਕਿ ਬਚਾਉ ਦੇ ਸੰਬੰਧ ਵਿਚ, ਯਿਸੂ ਸਹੀ ਤਰ੍ਹਾਂ ਨਿਆਉਂ ਕਰੇਗਾ?
17 ਸਾਰੀਆਂ ਕੌਮਾਂ ਬਹੁਤ ਜਲਦ ਮਸੀਹ ਦੁਆਰਾ ਜਾਂਚੀਆਂ ਜਾਣਗੀਆਂ ਤਾਂਕਿ “ਜਿਸ ਤਰਾਂ ਅਯਾਲੀ ਭੇਡਾਂ ਨੂੰ ਬੱਕਰੀਆਂ ਵਿੱਚੋਂ ਵੱਖਰਿਆਂ ਕਰਦਾ ਹੈ ਓਸੇ ਤਰਾਂ ਉਹ ਉਨ੍ਹਾਂ ਨੂੰ ਇੱਕ ਦੂਏ ਤੋਂ ਵੱਖਰਾ” ਕਰ ਸਕੇ। (ਮੱਤੀ 25:31-33) ਅਸੀਂ ਨਿਸ਼ਚਿਤ ਹੋ ਸਕਦੇ ਹਾਂ ਕਿ ਮਸੀਹ ਇਹ ਨਿਆਉਂ ਕਰਨ ਵਿਚ ਕਿ ਕੌਣ ਬਚਾਉ ਦੇ ਯੋਗ ਹੈ, ਧਰਮੀ ਸਿੱਧ ਹੋਵੇਗਾ। ‘ਸਚਿਆਈ ਨਾਲ ਸੰਸਾਰ ਦਾ ਨਿਆਉਂ ਕਰਨ ਲਈ’ ਯਹੋਵਾਹ ਨੇ ਉਸ ਨੂੰ ਬੁੱਧ, ਅੰਤਰਦ੍ਰਿਸ਼ਟੀ, ਅਤੇ ਹੋਰ ਲੋੜੀਂਦੇ ਗੁਣ ਦਿੱਤੇ ਹਨ। (ਰਸੂਲਾਂ ਦੇ ਕਰਤੱਬ 17:30, 31) ਸਾਡਾ ਯਕੀਨ ਅਬਰਾਹਾਮ ਵਰਗਾ ਹੋਵੇ, ਜਿਸ ਨੇ ਕਿਹਾ: “ਐਉਂ ਕਰਨਾ ਅਰਥਾਤ ਧਰਮੀ ਨੂੰ ਕੁਧਰਮੀ ਨਾਲ ਮਾਰਨਾ ਤੈਥੋਂ [ਯਹੋਵਾਹ ਤੋਂ] ਦੂਰ ਹੋਵੇ ਤਾਂ ਧਰਮੀ ਕੁਧਰਮੀ ਦੇ ਤੁੱਲ ਹੋ ਜਾਵੇਗਾ। ਇਹ ਤੈਥੋਂ ਦੂਰ ਹੋਵੇ। ਕੀ ਸਾਰੀ ਧਰਤੀ ਦਾ ਨਿਆਈ ਨਿਆਉਂ ਨਾ ਕਰੇਗਾ?”—ਉਤਪਤ 18:25, 26.
18. ਸਾਨੂੰ ਉਨ੍ਹਾਂ ਗੱਲਾਂ ਬਾਰੇ ਜ਼ਿਆਦਾ ਫ਼ਿਕਰਮੰਦ ਕਿਉਂ ਨਹੀਂ ਹੋਣਾ ਚਾਹੀਦਾ ਜਿਨ੍ਹਾਂ ਬਾਰੇ ਸਾਨੂੰ ਹਾਲੇ ਕੁਝ ਨਹੀਂ ਪਤਾ ਹੈ?
18 ਯਹੋਵਾਹ ਦੀ ਧਾਰਮਿਕਤਾ ਵਿਚ ਪੂਰਾ ਭਰੋਸਾ ਰੱਖਦੇ ਹੋਏ, ਸਾਨੂੰ ਅਜਿਹੇ ਸਵਾਲਾਂ ਦੇ ਜਵਾਬ ਲੱਭਣ ਬਾਰੇ ਫ਼ਿਕਰ ਨਹੀਂ ਕਰਨਾ ਚਾਹੀਦਾ, ਜਿਵੇਂ: ‘ਨਿਆਣਿਆਂ ਦਾ ਨਿਆਉਂ ਕਿਵੇਂ ਕੀਤਾ ਜਾਵੇਗਾ? ਕੀ ਇਸ ਤਰ੍ਹਾਂ ਹੋ ਸਕਦਾ ਹੈ ਕਿ ਜਦੋਂ ਆਰਮਾਗੇਡਨ ਆਵੇਗਾ ਤਾਂ ਲੋਕਾਂ ਦੀ ਵੱਡੀ ਗਿਣਤੀ ਤਕ ਖ਼ੁਸ਼ ਖ਼ਬਰੀ ਨਾ ਪਹੁੰਚੀ ਹੋਵੇ? ਦਿਮਾਗ਼ੀ ਤੌਰ ਤੇ ਬੀਮਾਰ ਲੋਕਾਂ ਬਾਰੇ ਕੀ? ਇਸ ਬਾਰੇ ਕੀ? ਜਾਂ ਉਸ ਬਾਰੇ ਕੀ?’ ਇਹ ਸੱਚ ਹੈ ਕਿ ਇਸ ਵਕਤ ਸਾਨੂੰ ਇਹ ਨਹੀਂ ਪਤਾ ਕਿ ਯਹੋਵਾਹ ਇਨ੍ਹਾਂ ਮਸਲਿਆਂ ਨੂੰ ਕਿਵੇਂ ਹੱਲ ਕਰੇਗਾ। ਲੇਕਿਨ, ਉਹ ਯਕੀਨਨ ਇਨ੍ਹਾਂ ਨੂੰ ਧਰਮੀ ਅਤੇ ਦਿਆਲੂ ਤਰੀਕੇ ਨਾਲ ਹੱਲ ਕਰੇਗਾ। ਸਾਨੂੰ ਇਸ ਬਾਰੇ ਕਦੀ ਵੀ ਸ਼ੱਕ ਨਹੀਂ ਕਰਨਾ ਚਾਹੀਦਾ। ਅਸਲ ਵਿਚ, ਅਸੀਂ ਸ਼ਾਇਦ ਇਹ ਦੇਖ ਕੇ ਹੈਰਾਨ ਅਤੇ ਆਨੰਦਿਤ ਹੋਵਾਂਗੇ ਕਿ ਯਹੋਵਾਹ ਇਨ੍ਹਾਂ ਮਸਲਿਆਂ ਨੂੰ ਅਜਿਹੇ ਤਰੀਕਿਆਂ ਨਾਲ ਹੱਲ ਕਰੇਗਾ ਜਿਨ੍ਹਾਂ ਬਾਰੇ ਅਸੀਂ ਕਦੀ ਸੋਚਿਆ ਹੀ ਨਹੀਂ ਸੀ।—ਤੁਲਨਾ ਕਰੋ ਅੱਯੂਬ 42:3; ਜ਼ਬੂਰ 78:11-16; 136:4-9; ਮੱਤੀ 15:31; ਲੂਕਾ 2:47.
19, 20. (ੳ) ਜਾਇਜ਼ ਸਵਾਲ ਪੁੱਛਣੇ ਕਿਉਂ ਗ਼ਲਤ ਨਹੀਂ ਹੈ? (ਅ) ਯਹੋਵਾਹ ਲੋੜੀਂਦੇ ਜਵਾਬ ਕਦੋਂ ਦੇਵੇਗਾ?
19 ਯਹੋਵਾਹ ਦਾ ਸੰਗਠਨ ਸਮੇਂ ਅਨੁਸਾਰ ਪੁੱਛੇ ਗਏ ਸੁਹਿਰਦ ਸਵਾਲਾਂ ਨੂੰ ਨਹੀਂ ਵਰਜਦਾ ਹੈ, ਜਿਵੇਂ ਕੁਝ ਵਿਰੋਧੀ ਗ਼ਲਤ ਦਾਅਵਾ ਕਰਦੇ ਹਨ। (1 ਪਤਰਸ 1:10-12) ਫਿਰ ਵੀ, ਬਾਈਬਲ ਸਲਾਹ ਦਿੰਦੀ ਹੈ ਕਿ ਅਸੀਂ ਮੂਰਖ ਅਤੇ ਅਨੁਮਾਨੀ ਸਵਾਲ ਪੁੱਛਣ ਤੋਂ ਬਚੀਏ। (ਤੀਤੁਸ 3:9) ਜਾਇਜ਼ ਸਵਾਲ ਪੁੱਛਣੇ ਅਤੇ ਪਰਮੇਸ਼ੁਰ ਦੇ ਬਚਨ ਅਤੇ ਮਸੀਹੀ ਪ੍ਰਕਾਸ਼ਨਾਂ ਵਿਚ ਸ਼ਾਸਤਰ-ਸੰਬੰਧੀ ਜਵਾਬਾਂ ਦੀ ਖੋਜ ਕਰਨੀ ਸਾਡੇ ਸਹੀ ਗਿਆਨ ਨੂੰ ਵਧਾ ਸਕਦਾ ਹੈ ਅਤੇ ਇਸ ਤਰ੍ਹਾਂ ਯਹੋਵਾਹ ਵਿਚ ਸਾਡੇ ਭਰੋਸੇ ਨੂੰ ਪੱਕਾ ਕਰ ਸਕਦਾ ਹੈ। ਸੰਗਠਨ ਯਿਸੂ ਦੀ ਮਿਸਾਲ ਦੀ ਪੈਰਵੀ ਕਰਦਾ ਹੈ। ਯਿਸੂ ਨੇ ਉਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਜਿਨ੍ਹਾਂ ਦਾ ਜਵਾਬ ਦੇਣ ਦਾ ਉਦੋਂ ਸਹੀ ਸਮਾਂ ਨਹੀਂ ਸੀ। ਉਸ ਨੇ ਵਿਆਖਿਆ ਕੀਤੀ: “ਅਜੇ ਮੈਂ ਤੁਹਾਡੇ ਨਾਲ ਬਹੁਤੀਆਂ ਗੱਲਾਂ ਕਰਨੀਆਂ ਹਨ ਪਰ ਹੁਣੇ ਤੁਸੀਂ ਸਹਾਰ ਨਹੀਂ ਸੱਕਦੇ।” (ਯੂਹੰਨਾ 16:12) ਉਸ ਨੇ ਇਹ ਵੀ ਸਵੀਕਾਰ ਕੀਤਾ ਸੀ ਕਿ ਕੁਝ ਅਜਿਹੀਆਂ ਗੱਲਾਂ ਵੀ ਸਨ ਜੋ ਉਹ ਖ਼ੁਦ ਉਸ ਸਮੇਂ ਤੇ ਨਹੀਂ ਜਾਣਦਾ ਸੀ।—ਮੱਤੀ 24:36.
20 ਯਹੋਵਾਹ ਕੋਲ ਪ੍ਰਗਟ ਕਰਨ ਲਈ ਹਾਲੇ ਵੀ ਬਹੁਤ ਗੱਲਾਂ ਹਨ। ਉਸ ਉੱਤੇ ਪੂਰਾ ਵਿਸ਼ਵਾਸ ਰੱਖਣਾ ਕਿ ਉਹ ਆਪਣੇ ਮਕਸਦਾਂ ਦਾ ਪ੍ਰਗਟਾਵਾ ਠੀਕ ਸਮੇਂ ਤੇ ਕਰੇਗਾ, ਕਿੰਨੀ ਬੁੱਧੀਮਤਾ ਦੀ ਗੱਲ ਹੈ। ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਜਦੋਂ ਯਹੋਵਾਹ ਦਾ ਸਮਾਂ ਆਵੇਗਾ, ਉਦੋਂ ਅਸੀਂ ਉਸ ਦੇ ਕੰਮ ਕਰਨ ਦੇ ਤਰੀਕਿਆਂ ਦੀ ਜ਼ਿਆਦਾ ਸਮਝ ਹਾਸਲ ਕਰਨ ਦਾ ਆਨੰਦ ਮਾਣਾਂਗੇ। ਜੀ ਹਾਂ, ਸਾਨੂੰ ਇਸ ਸ਼ਰਤ ਤੇ ਬਰਕਤ ਮਿਲੇਗੀ ਕਿ ਅਸੀਂ ਯਹੋਵਾਹ ਅਤੇ ਉਸ ਵੱਲੋਂ ਇਸਤੇਮਾਲ ਕੀਤੇ ਜਾ ਰਹੇ ਸੰਗਠਨ ਵਿਚ ਪੂਰਾ ਭਰੋਸਾ ਰੱਖੀਏ। ਕਹਾਉਤਾਂ 14:26 ਸਾਨੂੰ ਵਿਸ਼ਵਾਸ ਦਿਵਾਉਂਦਾ ਹੈ: “ਯਹੋਵਾਹ ਦੇ ਭੈ ਵਿੱਚ ਪੱਕਾ ਭਰੋਸਾ ਹੈ, ਅਤੇ ਉਹ ਦੇ ਪੁੱਤ੍ਰਾਂ ਲਈ ਪਨਾਹ ਦਾ ਥਾਂ ਹੈ।”
[ਫੁਟਨੋਟ]
a ਪਹਿਰਾਬੁਰਜ (ਅੰਗ੍ਰੇਜ਼ੀ), ਅਕਤੂਬਰ 15, 1967, ਸਫ਼ਾ 638; ਜੂਨ 1, 1987, ਸਫ਼ਾ 30 ਦੇਖੋ।
ਤੁਹਾਡਾ ਕੀ ਵਿਚਾਰ ਹੈ?
◻ ਜਜ਼ਬਾਤਾਂ ਕਰਕੇ ਯਹੋਵਾਹ ਵਿਚ ਆਪਣੇ ਭਰੋਸੇ ਨੂੰ ਕਮਜ਼ੋਰ ਹੋਣ ਦੇਣਾ ਮੂਰਖਤਾਈ ਕਿਉਂ ਹੈ?
◻ ਅਸੀਂ ਯੂਨਾਹ ਦੇ ਅਨੁਭਵ ਤੋਂ ਕੀ ਸਿੱਖ ਸਕਦੇ ਹਾਂ?
◻ ਬਾਈਬਲ ਅਧਿਐਨ ਅਤੇ ਸਭਾਵਾਂ ਵਿਚ ਹਾਜ਼ਰੀ ਕਿਉਂ ਇੰਨੇ ਮਹੱਤਵਪੂਰਣ ਹਨ?
[ਸਫ਼ੇ 25 ਉੱਤੇ ਤਸਵੀਰ]
ਜਦੋਂ ਸਾਡਾ ਕੋਈ ਪਿਆਰਾ ਮਰ ਵੀ ਜਾਂਦਾ ਹੈ, ਤਾਂ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਧਰਮੀ ਹੈ
[ਸਫ਼ੇ 26 ਉੱਤੇ ਤਸਵੀਰਾਂ]
ਕੀ ਤੁਸੀਂ ਨਿਸ਼ਚਿਤ ਹੋ ਕਿ ਤੁਹਾਡਾ ਭਰੋਸਾ ਯਹੋਵਾਹ ਵਿਚ ਹੈ?