“ਵੱਡੀ ਚਾਹ” ਨਾਲ ਉਡੀਕ ਕਰਨੀ
“ਸਰਿਸ਼ਟੀ ਵੱਡੀ ਚਾਹ ਨਾਲ ਪਰਮੇਸ਼ੁਰ ਦੇ ਪੁੱਤ੍ਰਾਂ ਦੇ ਪਰਕਾਸ਼ ਹੋਣ ਨੂੰ ਉਡੀਕਦੀ ਹੈ।”—ਰੋਮੀਆਂ 8:19.
1. ਅੱਜ ਦੇ ਮਸੀਹੀਆਂ ਅਤੇ ਪਹਿਲੀ ਸਦੀ ਦੇ ਮਸੀਹੀਆਂ ਦੀ ਸਥਿਤੀ ਵਿਚ ਕਿਹੜੀ ਸਮਾਨਤਾ ਹੈ?
ਅੱਜ ਸੱਚੇ ਮਸੀਹੀਆਂ ਦੀ ਸਥਿਤੀ ਪਹਿਲੀ ਸਦੀ ਦੇ ਮਸੀਹੀਆਂ ਵਰਗੀ ਹੈ। ਇਹ ਪਤਾ ਕਰਨ ਲਈ ਕਿ ਮਸੀਹਾ ਕਦੋਂ ਪ੍ਰਗਟ ਹੋਵੇਗਾ ਇਕ ਭਵਿੱਖਬਾਣੀ ਨੇ ਉਨ੍ਹਾਂ ਦਿਨਾਂ ਦੇ ਯਹੋਵਾਹ ਦੇ ਸੇਵਕਾਂ ਦੀ ਮਦਦ ਕੀਤੀ। (ਦਾਨੀਏਲ 9:24-26) ਉਸੇ ਭਵਿੱਖਬਾਣੀ ਨੇ ਯਰੂਸ਼ਲਮ ਦੇ ਵਿਨਾਸ਼ ਬਾਰੇ ਦੱਸਿਆ ਸੀ, ਲੇਕਿਨ ਇਸ ਵਿਚ ਅਜਿਹੀ ਕੋਈ ਵੀ ਗੱਲ ਨਹੀਂ ਸੀ ਜਿਸ ਤੋਂ ਮਸੀਹੀ ਪਹਿਲਾਂ ਹੀ ਜਾਣ ਸਕਦੇ ਸਨ ਕਿ ਉਸ ਸ਼ਹਿਰ ਦਾ ਵਿਨਾਸ਼ ਕਦੋਂ ਹੋਵੇਗਾ। (ਦਾਨੀਏਲ 9:26ਅ, 27) ਇਸੇ ਤਰ੍ਹਾਂ, ਪਰਮੇਸ਼ੁਰ ਦੀ ਮਿਹਰ ਨਾਲ ਇਕ ਭਵਿੱਖਬਾਣੀ ਦੇ ਕਾਰਨ 19ਵੀਂ ਸਦੀ ਦੇ ਸੁਹਿਰਦ ਬਾਈਬਲ ਸਿੱਖਿਆਰਥੀਆਂ ਨੇ ਉਡੀਕ ਕੀਤੀ। ਦਾਨੀਏਲ 4:25 ਦੇ ‘ਸੱਤ ਸਮਿਆਂ’ ਨੂੰ ‘ਪਰਾਈਆਂ ਕੌਮਾਂ ਦੇ ਸਮਿਆਂ’ ਨਾਲ ਜੋੜਨ ਦੁਆਰਾ ਉਨ੍ਹਾਂ ਨੇ ਅਨੁਮਾਨ ਲਗਾਇਆ ਕਿ ਮਸੀਹ 1914 ਵਿਚ ਰਾਜ ਸੱਤਾ ਹਾਸਲ ਕਰੇਗਾ। (ਲੂਕਾ 21:24; ਹਿਜ਼ਕੀਏਲ 21:25-27) ਭਾਵੇਂ ਕਿ ਦਾਨੀਏਲ ਦੀ ਪੁਸਤਕ ਵਿਚ ਅਨੇਕ ਭਵਿੱਖਬਾਣੀਆਂ ਹਨ, ਇਨ੍ਹਾਂ ਵਿੱਚੋਂ ਕੋਈ ਵੀ ਵਰਤਮਾਨ-ਦਿਨ ਦੇ ਬਾਈਬਲ ਸਿੱਖਿਆਰਥੀਆਂ ਲਈ ਇਹ ਹਿਸਾਬ ਲਗਾਉਣਾ ਸੰਭਵ ਨਹੀਂ ਬਣਾਉਂਦੀ ਕਿ ਸ਼ਤਾਨ ਦੀ ਸਾਰੀ ਰੀਤੀ-ਵਿਵਸਥਾ ਕਦੋਂ ਖ਼ਤਮ ਕੀਤੀ ਜਾਵੇਗੀ। (ਦਾਨੀਏਲ 2:31-44; 8:23-25; 11:36, 44, 45) ਫਿਰ ਵੀ, ਇਹ ਜਲਦੀ ਹੀ ਹੋਵੇਗਾ, ਕਿਉਂਕਿ ਅਸੀਂ “ਓੜਕ ਦੇ ਸਮੇਂ” ਵਿਚ ਜੀ ਰਹੇ ਹਾਂ।—ਦਾਨੀਏਲ 12:4.a
ਮਸੀਹ ਦੀ ਮੌਜੂਦਗੀ ਦੌਰਾਨ ਜਾਗਦੇ ਰਹਿਣਾ
2, 3. (ੳ) ਸਭ ਤੋਂ ਵੱਡਾ ਸਬੂਤ ਕੀ ਹੈ ਕਿ ਅਸੀਂ ਮਸੀਹ ਦੀ ਰਾਜਕੀ ਸੱਤਾ ਵਿਚ ਮੌਜੂਦਗੀ ਦੌਰਾਨ ਜੀ ਰਹੇ ਹਾਂ? (ਅ) ਕੀ ਦਿਖਾਉਂਦਾ ਹੈ ਕਿ ਮਸੀਹੀਆਂ ਨੂੰ ਯਿਸੂ ਮਸੀਹੀ ਦੀ ਮੌਜੂਦਗੀ ਦੌਰਾਨ ਜਾਗਦੇ ਰਹਿਣ ਦੀ ਲੋੜ ਸੀ?
2 ਇਹ ਸੱਚ ਹੈ ਕਿ 1914 ਵਿਚ ਮਸੀਹ ਨੂੰ ਰਾਜ ਸੱਤਾ ਦਿੱਤੇ ਜਾਣ ਤੋਂ ਪਹਿਲਾਂ, ਮਸੀਹੀ ਇਕ ਭਵਿੱਖਬਾਣੀ ਕਾਰਨ ਉਡੀਕ ਕਰ ਰਹੇ ਸਨ। ਲੇਕਿਨ ਜੋ “ਲੱਛਣ” ਮਸੀਹ ਨੇ ਆਪਣੀ ਮੌਜੂਦਗੀ ਅਤੇ ਰੀਤੀ-ਵਿਵਸਥਾ ਦੇ ਅੰਤ ਬਾਰੇ ਦਿੱਤਾ ਸੀ ਉਸ ਵਿਚ ਘਟਨਾਵਾਂ ਸਨ। ਅਤੇ ਇਨ੍ਹਾਂ ਵਿੱਚੋਂ ਅਨੇਕ ਘਟਨਾਵਾਂ ਉਸ ਦੀ ਮੌਜੂਦਗੀ ਦੇ ਸ਼ੁਰੂ ਹੋਣ ਤੋਂ ਬਾਅਦ ਦੇਖੀਆਂ ਜਾਣੀਆਂ ਸਨ। ਅਜਿਹੀਆਂ ਘਟਨਾਵਾਂ—ਲੜਾਈਆਂ, ਕਾਲ, ਭੁਚਾਲ, ਮਹਾਂਮਾਰੀਆਂ, ਕੁਧਰਮ ਦਾ ਵਾਧਾ, ਮਸੀਹੀਆਂ ਉੱਤੇ ਜ਼ੁਲਮ, ਅਤੇ ਸੰਸਾਰ ਭਰ ਵਿਚ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ—ਇਸ ਗੱਲ ਦਾ ਵੱਡਾ ਸਬੂਤ ਦਿੰਦੀਆਂ ਹਨ ਕਿ ਅਸੀਂ ਹੁਣ ਮਸੀਹ ਦੀ ਰਾਜਕੀ ਸੱਤਾ ਵਿਚ ਮੌਜੂਦਗੀ ਦੌਰਾਨ ਜੀ ਰਹੇ ਹਾਂ।—ਮੱਤੀ 24:3-14; ਲੂਕਾ 21:10, 11.
3 ਫਿਰ ਵੀ, ਆਪਣੇ ਚੇਲਿਆਂ ਨੂੰ ਯਿਸੂ ਦੀ ਵਿਦਾਇਗੀ ਸਲਾਹ ਦਾ ਪੂਰਾ ਭਾਵ ਇਹ ਸੀ ਕਿ “ਜਾਗਦੇ ਰਹੋ . . . ਜਾਗਦੇ ਰਹੋ।” (ਮਰਕੁਸ 13:33, 37; ਲੂਕਾ 21:36) ਜਾਗਦੇ ਰਹਿਣ ਦੇ ਇਨ੍ਹਾਂ ਉਪਦੇਸ਼ਾਂ ਦੇ ਪ੍ਰਸੰਗ ਨੂੰ ਚੰਗੀ ਤਰ੍ਹਾਂ ਪੜ੍ਹਨਾ ਇਹ ਦਿਖਾਉਂਦਾ ਹੈ ਕਿ ਮਸੀਹ ਮੂਲ ਰੂਪ ਵਿਚ ਆਪਣੀ ਮੌਜੂਦਗੀ ਦੇ ਸ਼ੁਰੂਆਤ ਦੇ ਲੱਛਣਾਂ ਲਈ ਜਾਗਦੇ ਰਹਿਣ ਬਾਰੇ ਗੱਲ ਨਹੀਂ ਕਰ ਰਿਹਾ ਸੀ। ਇਸ ਦੀ ਬਜਾਇ, ਉਹ ਆਪਣੇ ਸੱਚੇ ਮਸੀਹੀਆਂ ਨੂੰ ਉਸ ਦੀ ਮੌਜੂਦਗੀ ਦੌਰਾਨ ਜਾਗਦੇ ਰਹਿਣ ਦਾ ਹੁਕਮ ਦੇ ਰਿਹਾ ਸੀ। ਸੱਚੇ ਮਸੀਹੀਆਂ ਨੂੰ ਕਿਸ ਚੀਜ਼ ਲਈ ਜਾਗਦੇ ਰਹਿਣ ਦੀ ਲੋੜ ਸੀ?
4. ਯਿਸੂ ਦੁਆਰਾ ਦਿੱਤੇ ਗਏ ਲੱਛਣ ਦਾ ਕੀ ਮਕਸਦ ਹੋਣਾ ਸੀ?
4 ਯਿਸੂ ਨੇ ਇਸ ਸਵਾਲ ਦੇ ਜਵਾਬ ਵਿਚ ਆਪਣੀ ਮਹਾਨ ਭਵਿੱਖਬਾਣੀ ਕੀਤੀ: “ਇਹ ਗੱਲਾਂ ਕਦੋਂ ਹੋਣਗੀਆਂ [ਯਹੂਦੀ ਰੀਤੀ-ਵਿਵਸਥਾ ਦੇ ਵਿਨਾਸ਼ ਵੱਲ ਲੈ ਜਾਣ ਵਾਲੀਆਂ ਘਟਨਾਵਾਂ], ਅਤੇ ਤੇਰੀ ਮੌਜੂਦਗੀ ਦਾ ਅਤੇ ਰੀਤੀ-ਵਿਵਸਥਾ ਦੀ ਸਮਾਪਤੀ ਦਾ ਕੀ ਲੱਛਣ ਹੋਵੇਗਾ?” (ਮੱਤੀ 24:3, ਨਿ ਵ) ਪੂਰਵ-ਸੂਚਿਤ ਕੀਤਾ ਗਿਆ ਇਹ ਲੱਛਣ ਨਾ ਸਿਰਫ਼ ਮਸੀਹ ਦੀ ਮੌਜੂਦਗੀ ਦੀ ਪਛਾਣ ਕਰਾਵੇਗਾ ਲੇਕਿਨ ਵਰਤਮਾਨ ਦੁਸ਼ਟ ਰੀਤੀ-ਵਿਵਸਥਾ ਦੇ ਅੰਤ ਵੱਲ ਲੈ ਜਾਣ ਵਾਲੀਆਂ ਘਟਨਾਵਾਂ ਦੀ ਵੀ ਪਛਾਣ ਕਰਾਵੇਗਾ।
5. ਯਿਸੂ ਨੇ ਕਿਵੇਂ ਦਿਖਾਇਆ ਕਿ ਭਾਵੇਂ ਉਹ ਅਧਿਆਤਮਿਕ ਤੌਰ ਤੇ ਮੌਜੂਦ ਹੈ, ਉਹ ਹਾਲੇ ‘ਆਵੇਗਾ’?
5 ਯਿਸੂ ਨੇ ਦਿਖਾਇਆ ਕਿ ਉਹ ਆਪਣੀ “ਮੌਜੂਦਗੀ” (ਯੂਨਾਨੀ, ਪਰੂਸੀਆ) ਦੌਰਾਨ ਸ਼ਕਤੀ ਅਤੇ ਮਹਿਮਾ ਨਾਲ ਆਵੇਗਾ। ਅਜਿਹੇ ‘ਆਉਣ’ (ਜੋ ਯੂਨਾਨੀ ਸ਼ਬਦ ਅਰਖੋਮਾਈ ਦੇ ਰੂਪਾਂ ਦੁਆਰਾ ਸੰਕੇਤ ਕੀਤਾ ਗਿਆ ਹੈ) ਦੇ ਸੰਬੰਧ ਵਿਚ, ਉਸ ਨੇ ਐਲਾਨ ਕੀਤਾ: “ਤਦ ਮਨੁੱਖ ਦੇ ਪੁੱਤ੍ਰ ਦਾ ਨਿਸ਼ਾਨ ਅਕਾਸ਼ ਵਿੱਚ ਪਰਗਟ ਹੋਵੇਗਾ ਅਰ ਤਦੋਂ ਧਰਤੀ ਦੀਆਂ ਸਾਰੀਆਂ ਕੌਮਾਂ ਪਿੱਟਣਗੀਆਂ ਅਤੇ ਮਨੁੱਖ ਦੇ ਪੁੱਤ੍ਰ ਨੂੰ ਸਮਰੱਥਾ ਅਰ ਵੱਡੇ ਤੇਜ ਨਾਲ ਅਕਾਸ਼ ਦੇ ਬੱਦਲਾਂ ਉੱਤੇ ਆਉਂਦਿਆਂ ਵੇਖਣਗੀਆਂ। . . . ਫੇਰ ਹੰਜੀਰ ਦੇ ਬਿਰਛ ਤੋਂ ਇੱਕ ਦ੍ਰਿਸ਼ਟਾਂਤ ਸਿੱਖੋ। ਜਦ ਉਹ ਦੀ ਟਹਿਣੀ ਨਰਮ ਹੁੰਦੀ ਅਤੇ ਪੱਤੇ ਫੁੱਟਦੇ ਹਨ ਤਦ ਜਾਣ ਲੈਂਦੇ ਭਈ ਗਰਮੀ ਦੀ ਰੁੱਤ ਨੇੜੇ ਹੈ। ਇਸੇ ਤਰਾਂ ਤੁਸੀਂ ਵੀ ਜਾਂ ਇਹ ਸਭ ਕੁਝ ਵੇਖੋ ਤਾਂ ਜਾਣ ਲਓ ਜੋ ਉਹ [ਮਸੀਹ] ਨੇੜੇ ਸਗੋਂ ਬੂਹੇ ਉੱਤੇ ਹੈ। . . . ਸੋ ਜਾਗਦੇ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਜੋ ਤੁਹਾਡਾ ਪ੍ਰਭੁ ਕਿਹੜੇ ਦਿਨ ਆਉਂਦਾ ਹੈ। . . . ਤੁਸੀਂ ਵੀ ਤਿਆਰ ਰਹੋ ਕਿਉਂਕਿ ਜਿਸ ਘੜੀ ਤੁਹਾਨੂੰ ਚਿੱਤ ਚੇਤਾ ਨਾ ਹੋਵੇ ਉਸੇ ਘੜੀ ਮਨੁੱਖ ਦਾ ਪੁੱਤ੍ਰ ਆ ਜਾਵੇਗਾ।” (ਟੇਢੇ ਟਾਈਪ ਸਾਡੇ।)—ਮੱਤੀ 24:30, 32, 33, 42, 44.
ਯਿਸੂ ਮਸੀਹ ਕਿਉਂ ਆਉਂਦਾ ਹੈ?
6. ‘ਵੱਡੀ ਬਾਬੁਲ’ ਦਾ ਵਿਨਾਸ਼ ਕਿਵੇਂ ਆਵੇਗਾ?
6 ਭਾਵੇਂ ਕਿ ਯਿਸੂ ਮਸੀਹ 1914 ਤੋਂ ਰਾਜੇ ਵਜੋਂ ਮੌਜੂਦ ਹੈ, ਦੁਸ਼ਟ ਪਾਏ ਜਾਣ ਵਾਲੇ ਲੋਕਾਂ ਉੱਤੇ ਨਿਆਉਂ-ਪੂਰਤੀ ਕਰਨ ਤੋਂ ਪਹਿਲਾਂ, ਉਸ ਨੂੰ ਰਾਜ ਸਰਕਾਰਾਂ ਅਤੇ ਲੋਕਾਂ ਦਾ ਨਿਆਉਂ ਕਰਨ ਦੀ ਲੋੜ ਹੈ। (2 ਕੁਰਿੰਥੀਆਂ 5:10 ਦੀ ਤੁਲਨਾ ਕਰੋ।) ਯਹੋਵਾਹ ਜਲਦੀ ਹੀ ਰਾਜਨੀਤਿਕ ਸ਼ਾਸਕਾਂ ਦੇ ਮਨਾਂ ਵਿਚ ‘ਵੱਡੀ ਬਾਬੁਲ,’ ਯਾਨੀ ਕਿ ਝੂਠੇ ਧਰਮ ਦੇ ਵਿਸ਼ਵ ਸਾਮਰਾਜ, ਨੂੰ ਖ਼ਤਮ ਕਰਨ ਦਾ ਖ਼ਿਆਲ ਪਾਵੇਗਾ। (ਪਰਕਾਸ਼ ਦੀ ਪੋਥੀ 17:4, 5, 16, 17) ਪੌਲੁਸ ਰਸੂਲ ਨੇ ਵਿਸ਼ੇਸ਼ ਤੌਰ ਤੇ ਬਿਆਨ ਕੀਤਾ ਸੀ ਕਿ ਯਿਸੂ ਮਸੀਹ ‘ਕੁਧਰਮ ਦੇ ਪੁਰਖ’ ਨੂੰ ਖ਼ਤਮ ਕਰੇਗਾ, ਅਰਥਾਤ ਈਸਾਈ-ਜਗਤ ਦਾ ਧਰਮ-ਤਿਆਗੀ ਪਾਦਰੀ ਵਰਗ, ਜੋ ‘ਵੱਡੀ ਬਾਬੁਲ’ ਦਾ ਮੁੱਖ ਹਿੱਸਾ ਹੈ। ਪੌਲੁਸ ਨੇ ਲਿਖਿਆ: “ਉਹ ਕੁਧਰਮੀ ਪਰਗਟ ਹੋਵੇਗਾ ਜਿਹ ਨੂੰ ਪ੍ਰਭੁ ਯਿਸੂ ਆਪਣੇ ਮੁਖ ਦੇ ਸਾਹ ਨਾਲ ਦਗਧ ਕਰੇਗਾ ਅਤੇ ਆਪਣੇ ਆਉਣ [“ਮੌਜੂਦਗੀ,” ਨਿ ਵ] ਦੇ ਪਰਕਾਸ਼ ਨਾਲ ਨਾਸ ਕਰੇਗਾ।”—2 ਥੱਸਲੁਨੀਕੀਆਂ 2:3, 8.
7. ਜਦੋਂ ਮਨੁੱਖ ਦਾ ਪੁੱਤਰ ਆਪਣੇ ਤੇਜ ਨਾਲ ਆਵੇਗਾ ਤਾਂ ਉਹ ਕਿਹੜਾ ਨਿਆਉਂ ਕਰੇਗਾ?
7 ਨੇੜਲੇ ਭਵਿੱਖ ਵਿਚ, ਮਸੀਹ ਕੌਮਾਂ ਦੇ ਲੋਕਾਂ ਦਾ ਨਿਆਉਂ ਇਸ ਆਧਾਰ ਤੇ ਕਰੇਗਾ ਕਿ ਉਨ੍ਹਾਂ ਨੇ ਉਸ ਦੇ ਭਰਾਵਾਂ ਨਾਲ ਕਿਸ ਤਰ੍ਹਾਂ ਸਲੂਕ ਕੀਤਾ ਹੈ ਜੋ ਹਾਲੇ ਧਰਤੀ ਉੱਤੇ ਹਨ। ਅਸੀਂ ਪੜ੍ਹਦੇ ਹਾਂ: “ਜਦ ਮਨੁੱਖ ਦਾ ਪੁੱਤ੍ਰ ਆਪਣੇ ਤੇਜ ਨਾਲ ਸਾਰੇ ਦੂਤਾਂ ਸਣੇ ਆਵੇਗਾ ਤਦ ਉਹ ਆਪਣੇ ਤੇਜ ਦੇ ਸਿੰਘਾਸਣ ਉੱਤੇ ਬੈਠੇਗਾ। ਅਰ ਸਭ ਕੌਮਾਂ ਉਹ ਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ ਅਰ ਜਿਸ ਤਰਾਂ ਅਯਾਲੀ ਭੇਡਾਂ ਨੂੰ ਬੱਕਰੀਆਂ ਵਿੱਚੋਂ ਵੱਖਰਿਆਂ ਕਰਦਾ ਹੈ ਓਸੇ ਤਰਾਂ ਉਹ ਉਨ੍ਹਾਂ ਨੂੰ ਇੱਕ ਦੂਏ ਤੋਂ ਵੱਖਰਾ ਕਰੇਗਾ। ਅਤੇ ਉਹ ਭੇਡਾਂ ਨੂੰ ਆਪਣੇ ਸੱਜੇ ਪਾਸੇ ਅਰ ਬੱਕਰੀਆਂ ਨੂੰ ਖੱਬੇ ਪਾਸੇ ਖੜਿਆਂ ਕਰੇਗਾ। . . . ਪਾਤਸ਼ਾਹ [ਭੇਡਾਂ] ਨੂੰ ਉੱਤਰ ਦੇਵੇਗਾ, ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜਦ ਤੁਸਾਂ ਮੇਰੇ ਇਨ੍ਹਾਂ ਸਭਨਾਂ ਤੋਂ ਛੋਟੇ ਭਰਾਵਾਂ ਵਿੱਚੋਂ ਇੱਕ ਨਾਲ ਇਹ ਕੀਤਾ ਤਾਂ ਮੇਰੇ ਨਾਲ ਕੀਤਾ। . . . ਅਤੇ [ਬੱਕਰੀਆਂ] ਸਦੀਪਕ ਸਜ਼ਾ ਵਿੱਚ [ਜਾਣਗੀਆਂ] ਪਰ ਧਰਮੀ ਸਦੀਪਕ ਜੀਉਣ ਵਿੱਚ।”—ਮੱਤੀ 25:31-46.
8. ਪੌਲੁਸ ਅਧਰਮੀ ਲੋਕਾਂ ਉੱਤੇ ਨਿਆਉਂ-ਪੂਰਤੀ ਕਰਨ ਵਾਸਤੇ ਮਸੀਹ ਦੇ ਆਉਣ ਦਾ ਕਿਵੇਂ ਵਰਣਨ ਕਰਦਾ ਹੈ?
8 ਜਿਵੇਂ ਕਿ ਭੇਡਾਂ ਤੇ ਬੱਕਰੀਆਂ ਦੇ ਦ੍ਰਿਸ਼ਟਾਂਤ ਵਿਚ ਦਿਖਾਇਆ ਗਿਆ ਹੈ, ਯਿਸੂ ਸਾਰੇ ਅਧਰਮੀ ਲੋਕਾਂ ਉੱਤੇ ਆਖ਼ਰੀ ਨਿਆਉਂ ਪੂਰਾ ਕਰਦਾ ਹੈ। ਪੌਲੁਸ ਦੁਖੀ ਸੰਗੀ ਵਿਸ਼ਵਾਸੀਆਂ ਨੂੰ ‘ਉਸ ਸਮੇਂ ਉਸ ਦੇ ਨਾਲ ਸੁਖ’ ਹਾਸਲ ਕਰਨ ਦਾ ਭਰੋਸਾ ਦਿਵਾਉਂਦਾ ਹੈ “ਜਾਂ ਪ੍ਰਭੁ ਯਿਸੂ ਆਪਣੇ ਬਲਵੰਤ ਦੂਤਾਂ ਸਣੇ ਭੜਕਦੀ ਅੱਗ ਵਿੱਚ ਅਕਾਸ਼ੋਂ ਪਰਗਟ ਹੋਵੇਗਾ। ਅਤੇ ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੁ ਯਿਸੂ ਦੀ ਇੰਜੀਲ ਨੂੰ ਨਹੀਂ ਮੰਨਦੇ ਓਹਨਾਂ ਨੂੰ ਬਦਲਾ ਦੇਵੇਗਾ। ਓਹ ਸਜ਼ਾ ਭੋਗਣਗੇ ਅਰਥਾਤ ਪ੍ਰਭੁ ਦੇ ਹਜ਼ੂਰੋਂ ਅਤੇ ਉਹ ਦੀ ਸਮਰੱਥਾ ਦੇ ਤੇਜ ਤੋਂ ਸਦਾ ਦਾ ਵਿਨਾਸ, ਉਸ ਦਿਨ ਜਦ ਉਹ ਆਵੇਗਾ ਭਈ ਆਪਣਿਆਂ ਸੰਤਾਂ ਵਿੱਚ ਵਡਿਆਇਆ ਜਾਵੇ।” (2 ਥੱਸਲੁਨੀਕੀਆਂ 1:7-10) ਸਾਡੇ ਸਾਮ੍ਹਣੇ ਇਨ੍ਹਾਂ ਸਾਰੀਆਂ ਰੋਮਾਂਚਕ ਘਟਨਾਵਾਂ ਕਾਰਨ, ਕੀ ਸਾਨੂੰ ਨਿਹਚਾ ਨਹੀਂ ਕਰਨੀ ਚਾਹੀਦੀ ਅਤੇ ਮਸੀਹ ਦੇ ਆਉਣ ਲਈ ਉਤਸੁਕਤਾ ਨਾਲ ਜਾਗਦੇ ਨਹੀਂ ਰਹਿਣਾ ਚਾਹੀਦਾ?
ਮਸੀਹ ਦੇ ਪ੍ਰਗਟਾਵੇ ਦੀ ਚਾਹ ਨਾਲ ਉਡੀਕ ਕਰਨੀ
9, 10. ਧਰਤੀ ਉੱਤੇ ਰਹਿੰਦੇ ਮਸਹ ਕੀਤੇ ਹੋਏ ਵਿਅਕਤੀ ਉਤਸੁਕਤਾ ਨਾਲ ਯਿਸੂ ਮਸੀਹ ਦੇ ਪ੍ਰਗਟਾਵੇ ਦੀ ਉਡੀਕ ਕਿਉਂ ਕਰਦੇ ਹਨ?
9 ‘ਪ੍ਰਭੁ ਯਿਸੂ ਦਾ ਅਕਾਸ਼ੋਂ ਪਰਗਟ ਹੋਣਾ’ ਨਾ ਸਿਰਫ਼ ਦੁਸ਼ਟ ਲੋਕਾਂ ਤੇ ਨਾਸ਼ ਲਿਆਵੇਗਾ ਬਲਕਿ ਧਰਮੀ ਲੋਕਾਂ ਲਈ ਇਨਾਮ ਵੀ ਲਿਆਵੇਗਾ। ਧਰਤੀ ਉੱਤੇ ਰਹਿੰਦੇ ਮਸੀਹ ਦੇ ਮਸਹ ਕੀਤੇ ਹੋਏ ਭਰਾ ਉਸ ਦੇ ਪ੍ਰਗਟਾਵੇ ਤੋਂ ਪਹਿਲਾਂ ਹਾਲੇ ਵੀ ਸ਼ਾਇਦ ਦੁੱਖ ਸਹਿਣ, ਲੇਕਿਨ ਉਹ ਆਪਣੀ ਸ਼ਾਨਦਾਰ ਸਵਰਗੀ ਉਮੀਦ ਕਾਰਨ ਖ਼ੁਸ਼ ਹੁੰਦੇ ਹਨ। ਪਤਰਸ ਨੇ ਮਸਹ ਕੀਤੇ ਹੋਏ ਮਸੀਹੀਆਂ ਨੂੰ ਲਿਖਿਆ: “ਜਿੰਨੇਕੁ ਤੁਸੀਂ ਮਸੀਹ ਦੇ ਦੁਖਾਂ ਵਿੱਚ ਸਾਂਝੀ ਹੋ ਉੱਨਾਕੁ ਅਨੰਦ ਕਰੋ ਭਈ ਉਹ ਦੇ ਤੇਜ ਦੇ ਪਰਕਾਸ਼ ਹੋਣ ਦੇ ਵੇਲੇ ਭੀ ਤੁਸੀਂ ਡਾਢੇ ਅਨੰਦ ਨਾਲ ਨਿਹਾਲ ਹੋਵੋ।”—1 ਪਤਰਸ 4:13.
10 ਮਸਹ ਕੀਤੇ ਹੋਏ ਵਿਅਕਤੀ ਉਸ ਸਮੇਂ ਤਕ ਵਫ਼ਾਦਾਰ ਰਹਿਣ ਲਈ ਦ੍ਰਿੜ੍ਹ ਹਨ ਜਦੋਂ ਮਸੀਹ ‘ਉਨ੍ਹਾਂ ਨੂੰ ਉਸ ਕੋਲ ਇਕੱਠਿਆਂ ਕਰਦਾ ਹੈ’ ਤਾਂਕਿ ਉਨ੍ਹਾਂ ਦੀ “ਪਰਖੀ ਹੋਈ” ਨਿਹਚਾ “ਯਿਸੂ ਮਸੀਹ ਦੇ ਪਰਗਟ ਹੋਣ ਦੇ ਸਮੇਂ ਉਸਤਤ, ਮਹਿਮਾ ਅਤੇ ਆਦਰ ਦੇ ਜੋਗ ਨਿੱਕਲੇ।” (2 ਥੱਸਲੁਨੀਕੀਆਂ 2:1; 1 ਪਤਰਸ 1:7) ਆਤਮਾ ਤੋਂ ਜੰਮੇ ਇਨ੍ਹਾਂ ਵਫ਼ਾਦਾਰ ਮਸੀਹੀਆਂ ਬਾਰੇ, ਇਹ ਕਿਹਾ ਜਾ ਸਕਦਾ ਹੈ: “ਮਸੀਹ ਦੀ ਸਾਖੀ ਤੁਹਾਡੇ ਵਿੱਚ ਕਾਇਮ ਹੋਈ। ਇੱਥੋਂ ਤੀਕ ਜੋ ਤੁਹਾਨੂੰ ਕਿਸੇ ਦਾਤ ਵਿੱਚ ਘਾਟਾ ਨਹੀਂ ਹੈ ਜਦ ਕਿ ਤੁਸੀਂ ਸਾਡੇ ਪ੍ਰਭੁ ਯਿਸੂ ਮਸੀਹ ਦੇ ਪਰਗਟ ਹੋਣ ਦੀ ਉਡੀਕ ਕਰਦੇ ਹੋ।”—1 ਕੁਰਿੰਥੀਆਂ 1:6, 7.
11. ਯਿਸੂ ਮਸੀਹ ਦੇ ਪ੍ਰਗਟਾਵੇ ਦੀ ਉਡੀਕ ਕਰਦੇ ਸਮੇਂ, ਮਸਹ ਕੀਤੇ ਹੋਏ ਵਿਅਕਤੀ ਕੀ ਕਰਦੇ ਹਨ?
11 ਮਸਹ ਕੀਤਾ ਹੋਇਆ ਬਕੀਆ ਪੌਲੁਸ ਵਾਂਗ ਮਹਿਸੂਸ ਕਰਦਾ ਹੈ, ਜਿਸ ਨੇ ਲਿਖਿਆ: “ਮੇਰੀ ਸਮਝ ਵਿੱਚ ਇਸ ਵਰਤਮਾਨ ਸਮੇਂ ਦੇ ਦੁਖ ਉਸ ਪਰਤਾਪ ਨਾਲ ਜੋ ਸਾਡੀ ਵੱਲ ਪਰਕਾਸ਼ ਹੋਣ ਵਾਲਾ ਹੈ ਮਿਚਾਉਣ ਦੇ ਜੋਗ ਨਹੀਂ।” (ਰੋਮੀਆਂ 8:18) ਉਨ੍ਹਾਂ ਦੀ ਨਿਹਚਾ ਨੂੰ ਸਮੇਂ ਦੇ ਹਿਸਾਬ ਦੇ ਸਹਾਰੇ ਦੀ ਲੋੜ ਨਹੀਂ ਹੈ। ਉਹ ਆਪਣੇ ਸਾਥੀਆਂ, ‘ਹੋਰ ਭੇਡਾਂ,’ ਲਈ ਇਕ ਵਧੀਆ ਮਿਸਾਲ ਕਾਇਮ ਕਰਦੇ ਹੋਏ ਯਹੋਵਾਹ ਦੀ ਸੇਵਾ ਵਿਚ ਰੁੱਝੇ ਰਹਿੰਦੇ ਹਨ। (ਯੂਹੰਨਾ 10:16) ਇਨ੍ਹਾਂ ਮਸਹ ਕੀਤੇ ਹੋਇਆਂ ਨੂੰ ਪਤਾ ਹੈ ਕਿ ਇਸ ਦੁਸ਼ਟ ਵਿਵਸਥਾ ਦਾ ਅੰਤ ਨਜ਼ਦੀਕ ਹੈ, ਅਤੇ ਉਹ ਪਤਰਸ ਦੇ ਉਪਦੇਸ਼ ਵੱਲ ਧਿਆਨ ਦਿੰਦੇ ਹਨ: “ਤੁਸੀਂ ਆਪਣੀ ਬੁੱਧ ਦਾ ਲੱਕ ਬੰਨ੍ਹ ਕੇ ਸੁਚੇਤ ਰਹੋ ਅਤੇ ਓਸ ਕਿਰਪਾ ਦੀ ਪੂਰੀ ਆਸ ਰੱਖੋ ਜਿਹੜੀ ਯਿਸੂ ਮਸੀਹ ਦੇ ਪਰਕਾਸ਼ ਹੋਣ ਦੇ ਸਮੇਂ ਤੁਹਾਡੇ ਉੱਤੇ ਹੋਣ ਵਾਲੀ ਹੈ।”—1 ਪਤਰਸ 1:13.
‘ਸਰਿਸ਼ਟੀ ਵੱਡੀ ਚਾਹ ਨਾਲ ਉਡੀਕਦੀ ਹੈ’
12, 13. ਮਾਨਵ ਸ੍ਰਿਸ਼ਟੀ ਕਿਵੇਂ “ਅਨਰਥ ਦੇ ਅਧੀਨ ਕੀਤੀ ਗਈ” ਸੀ, ਅਤੇ ਹੋਰ ਭੇਡਾਂ ਕਿਸ ਚੀਜ਼ ਲਈ ਤਰਸਦੀਆਂ ਹਨ?
12 ਕੀ ਹੋਰ ਭੇਡਾਂ ਦੇ ਸਾਮ੍ਹਣੇ ਅਜਿਹੀ ਕੋਈ ਚੀਜ਼ ਹੈ ਜਿਸ ਦੀ ਉਹ ਵੱਡੀ ਚਾਹ ਨਾਲ ਉਡੀਕ ਕਰ ਸਕਦੇ ਹਨ? ਹਾਂ, ਯਕੀਨਨ ਹੈ। ਉਨ੍ਹਾਂ ਦੀ ਸ਼ਾਨਦਾਰ ਉਮੀਦ ਬਾਰੇ ਗੱਲ ਕਰਨ ਤੋਂ ਬਾਅਦ ਜੋ ਆਤਮਾ ਤੋਂ ਜੰਮੇ ‘ਪੁੱਤ੍ਰਾਂ’ ਵਜੋਂ, ਅਤੇ ਸਵਰਗੀ ਰਾਜ ਵਿਚ “ਮਸੀਹ ਦੇ ਨਾਲ ਸਾਂਝੇ ਅਧਕਾਰੀ” ਵਜੋਂ ਯਹੋਵਾਹ ਦੁਆਰਾ ਅਪਣਾਏ ਗਏ ਹਨ, ਪੌਲੁਸ ਨੇ ਕਿਹਾ: “ਸਰਿਸ਼ਟੀ ਵੱਡੀ ਚਾਹ ਨਾਲ ਪਰਮੇਸ਼ੁਰ ਦੇ ਪੁੱਤ੍ਰਾਂ ਦੇ ਪਰਕਾਸ਼ ਹੋਣ ਨੂੰ ਉਡੀਕਦੀ ਹੈ। ਕਿਉਂ ਜੋ ਸਰਿਸ਼ਟੀ ਅਨਰਥ ਦੇ ਅਧੀਨ ਕੀਤੀ ਗਈ, ਆਪਣੀ ਇੱਛਿਆ ਨਾਲ ਨਹੀਂ ਸਗੋਂ ਅਧੀਨ ਕਰਨ ਵਾਲੇ ਦੇ ਕਾਰਨ ਪਰ ਉਮੇਦ ਨਾਲ। ਇਸ ਲਈ ਜੋ ਸਰਿਸ਼ਟੀ ਆਪ ਵੀ ਬਿਨਾਸ ਦੀ ਗੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ ਨੂੰ ਪ੍ਰਾਪਤ ਕਰੇ।”—ਰੋਮੀਆਂ 8:14-21; 2 ਤਿਮੋਥਿਉਸ 2:10-12.
13 ਆਦਮ ਦੇ ਪਾਪ ਕਾਰਨ, ਉਸ ਦੀ ਸਾਰੀ ਸੰਤਾਨ “ਅਨਰਥ ਦੇ ਅਧੀਨ ਕੀਤੀ ਗਈ” ਸੀ, ਅਤੇ ਮੌਤ ਅਤੇ ਪਾਪ ਦੇ ਬੰਧਨ ਵਿਚ ਜਨਮ ਲੈਂਦੀ ਹੈ। ਉਹ ਆਪਣੇ ਆਪ ਨੂੰ ਅਜਿਹੇ ਬੰਧਨ ਤੋਂ ਛੁਡਾ ਨਹੀਂ ਸਕੀ ਹੈ। (ਜ਼ਬੂਰ 49:7; ਰੋਮੀਆਂ 5:12, 21) ਹਾਏ, ਹੋਰ ਭੇਡਾਂ ‘ਬਿਨਾਸ ਦੀ ਗੁਲਾਮੀ ਤੋਂ ਛੁੱਟਣ’ ਲਈ ਕਿੰਨਾ ਤਰਸ ਰਹੀਆਂ ਹਨ! ਲੇਕਿਨ ਇਹ ਹੋਣ ਤੋਂ ਪਹਿਲਾਂ, ਯਹੋਵਾਹ ਦੇ ਸਮਿਆਂ ਅਤੇ ਵੇਲਿਆਂ ਅਨੁਸਾਰ ਖ਼ਾਸ ਚੀਜ਼ਾਂ ਵਾਪਰਨੀਆਂ ਹਨ।
14. “ਪਰਮੇਸ਼ੁਰ ਦੇ ਪੁੱਤ੍ਰਾਂ ਦੇ ਪਰਕਾਸ਼ ਹੋਣ” ਵਿਚ ਕੀ ਸ਼ਾਮਲ ਹੋਵੇਗਾ, ਅਤੇ ਇਸ ਦਾ ਨਤੀਜਾ ਮਨੁੱਖਜਾਤੀ ਦੇ ‘ਬਿਨਾਸ ਦੀ ਗੁਲਾਮੀ ਤੋਂ ਛੁੱਟਣ’ ਵਿਚ ਕਿਵੇਂ ਹੋਵੇਗਾ?
14 “ਪਰਮੇਸ਼ੁਰ ਦੇ ਪੁੱਤ੍ਰਾਂ” ਦੇ ਮਸਹ ਕੀਤੇ ਹੋਏ ਬਕੀਏ ਦਾ ਪਹਿਲਾਂ ‘ਪਰਕਾਸ਼ ਹੋਣਾ’ ਜ਼ਰੂਰੀ ਹੈ। ਇਸ ਵਿਚ ਕੀ ਸ਼ਾਮਲ ਹੋਵੇਗਾ? ਪਰਮੇਸ਼ੁਰ ਦੇ ਸਮੇਂ ਅਨੁਸਾਰ, ਹੋਰ ਭੇਡਾਂ ਨੂੰ ਇਹ ਸਪੱਸ਼ਟ ਹੋ ਜਾਵੇਗਾ ਕਿ ਮਸਹ ਕੀਤੇ ਹੋਇਆਂ ਤੇ ਆਖ਼ਰੀ ‘ਮੋਹਰ ਲਗਾਈ’ ਗਈ ਹੈ ਅਤੇ ਉਹ ਮਸੀਹ ਨਾਲ ਰਾਜ ਕਰਨ ਲਈ ਵਡਿਆਏ ਗਏ ਹਨ। (ਪਰਕਾਸ਼ ਦੀ ਪੋਥੀ 7:2-4) ਜੀ ਉਠਾਏ ਗਏ “ਪਰਮੇਸ਼ੁਰ ਦੇ ਪੁੱਤ੍ਰਾਂ” ਦਾ ਵੀ ‘ਪਰਕਾਸ਼ ਹੋਵੇਗਾ’ ਜਦੋਂ ਉਹ ਸ਼ਤਾਨ ਦੀ ਦੁਸ਼ਟ ਰੀਤੀ-ਵਿਵਸਥਾ ਦਾ ਵਿਨਾਸ਼ ਕਰਨ ਵਿਚ ਮਸੀਹ ਨਾਲ ਹਿੱਸਾ ਲੈਣਗੇ। (ਪਰਕਾਸ਼ ਦੀ ਪੋਥੀ 2:26, 27; 19:14, 15) ਫਿਰ, ਮਸੀਹ ਦੇ ਹਜ਼ਾਰ ਵਰ੍ਹਿਆਂ ਦੇ ਰਾਜ ਦੌਰਾਨ, ਮਾਨਵ “ਸਰਿਸ਼ਟੀ” ਨੂੰ ਯਿਸੂ ਦੇ ਰਿਹਾਈ-ਕੀਮਤ ਬਲੀਦਾਨ ਦੇ ਲਾਭ ਲਿਆਉਣ ਦੇ ਜਾਜਕੀ ਮਾਧਿਅਮਾਂ ਵਜੋਂ ਉਨ੍ਹਾਂ ਦਾ ‘ਪਰਕਾਸ਼’ ਹੋਵੇਗਾ। ਇਸ ਦਾ ਨਤੀਜਾ ਮਨੁੱਖਜਾਤੀ ਲਈ ‘ਬਿਨਾਸ ਦੀ ਗੁਲਾਮੀ ਤੋਂ ਛੁੱਟਕਾਰਾ’ ਹੋਵੇਗਾ ਅਤੇ ਆਖ਼ਰਕਾਰ “ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ” ਵਿਚ ਦਾਖ਼ਲ ਹੋਣਾ। (ਰੋਮੀਆਂ 8:21; ਪਰਕਾਸ਼ ਦੀ ਪੋਥੀ 20:5; 22:1, 2) ਅਜਿਹੀਆਂ ਉੱਤਮ ਸੰਭਾਵਨਾਵਾਂ ਨਾਲ, ਕੀ ਇਹ ਕੋਈ ਹੈਰਾਨੀ ਦੀ ਗੱਲ ਹੈ ਕਿ ਹੋਰ ਭੇਡਾਂ “ਵੱਡੀ ਚਾਹ” ਨਾਲ ‘ਪਰਮੇਸ਼ੁਰ ਦੇ ਪੁੱਤ੍ਰਾਂ ਦੇ ਪਰਕਾਸ਼ ਹੋਣ ਨੂੰ ਉਡੀਕਦੀਆਂ ਹਨ’?—ਰੋਮੀਆਂ 8:19.
ਯਹੋਵਾਹ ਦੇ ਧੀਰਜ ਦਾ ਮਤਲਬ ਮੁਕਤੀ ਹੈ
15. ਯਹੋਵਾਹ ਵੱਲੋਂ ਘਟਨਾਵਾਂ ਦੇ ਸਮੇਂ ਦਾ ਹਿਸਾਬ ਲਾਉਣ ਦੇ ਸੰਬੰਧ ਵਿਚ ਸਾਨੂੰ ਕਿਹੜੀ ਗੱਲ ਕਦੀ ਵੀ ਨਹੀਂ ਭੁੱਲਣੀ ਚਾਹੀਦੀ?
15 ਯਹੋਵਾਹ ਸਮੇਂ ਦਾ ਬੜਾ ਪਾਬੰਦ ਹੈ। ਉਸ ਵੱਲੋਂ ਘਟਨਾਵਾਂ ਦੇ ਸਮੇਂ ਦਾ ਹਿਸਾਬ ਸੰਪੂਰਣ ਸਾਬਤ ਹੋਵੇਗਾ। ਮਾਮਲੇ ਸ਼ਾਇਦ ਹਮੇਸ਼ਾ ਉਸ ਤਰ੍ਹਾਂ ਨਹੀਂ ਹੋ ਰਹੇ ਹੋਣ ਜਿਸ ਤਰ੍ਹਾਂ ਅਸੀਂ ਖ਼ੁਦ ਅਨੁਮਾਨ ਲਗਾਇਆ ਹੋਵੇ। ਫਿਰ ਵੀ, ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਦੇ ਸਾਰੇ ਵਾਅਦੇ ਪੂਰੇ ਹੋਣਗੇ। (ਯਹੋਸ਼ੁਆ 23:14) ਉਹ ਸ਼ਾਇਦ ਮਾਮਲਿਆਂ ਨੂੰ ਕਈਆਂ ਦੀ ਉਮੀਦ ਤੋਂ ਜ਼ਿਆਦਾ ਚਿਰ ਜਾਰੀ ਰਹਿਣ ਦੇ ਰਿਹਾ ਹੈ। ਲੇਕਿਨ ਆਓ ਅਸੀਂ ਉਸ ਦੇ ਰਾਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਅਤੇ ਉਸ ਦੀ ਬੁੱਧ ਦੀ ਸ਼ਲਾਘਾ ਕਰੀਏ। ਪੌਲੁਸ ਨੇ ਲਿਖਿਆ: “ਵਾਹ, ਪਰਮੇਸ਼ੁਰ ਦਾ ਧਨ ਅਤੇ ਬੁੱਧ ਅਤੇ ਗਿਆਨ ਕੇਡਾ ਡੂੰਘਾ ਹੈ! ਉਹ ਦੇ ਨਿਆਉਂ ਕੇਡੇ ਅਣ-ਲੱਭ ਹਨ ਅਤੇ ਉਹ ਦੇ ਰਾਹ ਕੇਡੇ ਬੇਖੋਜ ਹਨ! ਪ੍ਰਭੁ ਦੀ ਬੁੱਧੀ ਨੂੰ ਕਿਸ ਜਾਣਿਆ, ਯਾ ਕੌਣ ਉਹ ਦਾ ਸਲਾਹੀ ਬਣਿਆ?”—ਰੋਮੀਆਂ 11:33, 34.
16. ਯਹੋਵਾਹ ਦੇ ਧੀਰਜ ਤੋਂ ਕੌਣ ਲਾਭ ਉਠਾ ਸਕਦੇ ਹਨ?
16 ਪਤਰਸ ਨੇ ਲਿਖਿਆ: “ਇਸ ਲਈ ਹੇ ਪਿਆਰਿਓ, ਜਦੋਂ ਤੁਸੀਂ ਇਨ੍ਹਾਂ ਗੱਲਾਂ [ਪੁਰਾਣੇ “ਅਕਾਸ਼” ਅਤੇ “ਧਰਤੀ” ਦਾ ਵਿਨਾਸ਼ ਅਤੇ ਉਨ੍ਹਾਂ ਦੀ ਥਾਂ ਪਰਮੇਸ਼ੁਰ ਦੇ ਵਾਅਦਾ ਕੀਤੇ ਗਏ “ਨਵੇਂ ਅਕਾਸ਼” ਅਤੇ “ਨਵੀਂ ਧਰਤੀ”] ਦੀ ਉਡੀਕ ਕਰਦੇ ਹੋ ਤਾਂ ਜਤਨ ਕਰੋ ਭਈ ਤੁਸੀਂ [ਆਖ਼ਰਕਾਰ] ਸ਼ਾਂਤੀ ਨਾਲ ਉਹ ਦੇ ਅੱਗੇ ਨਿਰਮਲ ਅਤੇ ਨਿਹਕਲੰਕ ਠਹਿਰੋ। ਅਤੇ ਸਾਡੇ ਪ੍ਰਭੁ ਦੀ ਧੀਰਜ ਨੂੰ ਮੁਕਤੀ ਸਮਝੋ।” ਯਹੋਵਾਹ ਦੇ ਧੀਰਜ ਕਾਰਨ, ਲੱਖਾਂ ਹੀ ਹੋਰ ਲੋਕਾਂ ਨੂੰ ‘ਯਹੋਵਾਹ ਦੇ ਦਿਨ’ ਵਿੱਚੋਂ ਬਚਾਏ ਜਾਣ ਦਾ ਮੌਕਾ ਦਿੱਤਾ ਜਾ ਰਿਹਾ ਹੈ ਜੋ ਕਿ ਅਚਾਨਕ ਹੀ “ਚੋਰ ਵਾਂਙੁ ਆਵੇਗਾ।”। (2 ਪਤਰਸ 3:9-15) ਉਸ ਦਾ ਧੀਰਜ ਸਾਨੂੰ ਸਾਰਿਆਂ ਨੂੰ ‘ਡਰਦੇ ਅਤੇ ਕੰਬਦੇ ਹੋਏ ਆਪਣੀ ਮੁਕਤੀ ਦਾ ਕੰਮ ਨਿਬਾਹਣ’ ਦਾ ਮੌਕਾ ਦੇ ਰਿਹਾ ਹੈ। (ਫ਼ਿਲਿੱਪੀਆਂ 2:12) ਯਿਸੂ ਨੇ ਕਿਹਾ ਸੀ ਕਿ ਜੇਕਰ ਅਸੀਂ ਉਸ ਸਮੇਂ “ਮਨੁੱਖ ਦੇ ਪੁੱਤ੍ਰ ਦੇ ਸਾਹਮਣੇ ਖੜੇ” ਰਹਿਣ ਵਿਚ ਪ੍ਰਵਾਨਿਤ ਅਤੇ ਸਫ਼ਲ ਹੋਣਾ ਚਾਹੁੰਦੇ ਹਾਂ ਜਦੋਂ ਉਹ ਨਿਆਉਂ ਕਰਨ ਆਵੇਗਾ, ਤਾਂ ਸਾਨੂੰ ‘ਖਬਰਦਾਰ ਰਹਿਣ’ ਅਤੇ ‘ਜਾਗਦੇ ਰਹਿਣ’ ਦੀ ਲੋੜ ਹੈ।—ਲੂਕਾ 21:34-36; ਮੱਤੀ 25:31-33.
ਧੀਰਜ ਨਾਲ ਉਡੀਕ ਕਰਦੇ ਰਹੋ
17. ਸਾਨੂੰ ਪੌਲੁਸ ਰਸੂਲ ਦੇ ਕਿਹੜੇ ਸ਼ਬਦਾਂ ਨੂੰ ਦਿਲ ਵਿਚ ਬਿਠਾਉਣਾ ਚਾਹੀਦਾ ਹੈ?
17 ਪੌਲੁਸ ਨੇ ਆਪਣੇ ਅਧਿਆਤਮਿਕ ਭਰਾਵਾਂ ਨੂੰ “ਦਿੱਸਣ ਵਾਲੀਆਂ ਵਸਤਾਂ ਨੂੰ ਤਾਂ ਨਹੀਂ ਸਗੋਂ ਅਣਡਿੱਠ ਵਸਤਾਂ ਵੱਲ” ਨਜ਼ਰਾਂ ਰੱਖਣ ਲਈ ਪ੍ਰੇਰਿਤ ਕੀਤਾ। (2 ਕੁਰਿੰਥੀਆਂ 4:16-18) ਉਹ ਇਹ ਨਹੀਂ ਚਾਹੁੰਦਾ ਸੀ ਕਿ ਕੋਈ ਵੀ ਚੀਜ਼ ਉਨ੍ਹਾਂ ਦੇ ਅੱਗੇ ਰੱਖੇ ਗਏ ਸਵਰਗੀ ਇਨਾਮ ਦੇ ਦ੍ਰਿਸ਼ ਨੂੰ ਧੁੰਦਲਾ ਕਰੇ। ਚਾਹੇ ਅਸੀਂ ਮਸਹ ਕੀਤੇ ਹੋਏ ਮਸੀਹੀ ਹਾਂ ਜਾਂ ਅਸੀਂ ਹੋਰ ਭੇਡਾਂ ਵਿੱਚੋਂ ਹਾਂ, ਆਓ ਅਸੀਂ ਆਪਣੇ ਅੱਗੇ ਰੱਖੀ ਗਈ ਵਧੀਆ ਉਮੀਦ ਨੂੰ ਮਨ ਵਿਚ ਰੱਖੀਏ ਅਤੇ ਹਾਰ ਨਾ ਮੰਨੀਏ। ਆਓ ਅਸੀਂ ‘ਧੀਰਜ ਨਾਲ ਉਡੀਕ ਵਿੱਚ ਰਹੀਏ,’ ਇਹ ਸਾਬਤ ਕਰਦਿਆਂ ਕਿ ਅਸੀਂ “ਓਹਨਾਂ ਵਿੱਚੋਂ ਨਹੀਂ ਜਿਹੜੇ ਪਿਛਾਹਾਂ ਹਟ ਕੇ ਨਸ਼ਟ ਹੋ ਜਾਂਦੇ ਹਨ ਸਗੋਂ ਓਹਨਾਂ ਵਿੱਚੋਂ ਜਿਹੜੇ ਨਿਹਚਾ ਕਰ ਕੇ ਜਾਨ ਬਚਾ ਰੱਖਦੇ ਹਨ।”—ਰੋਮੀਆਂ 8:25; ਇਬਰਾਨੀਆਂ 10:39.
18. ਅਸੀਂ ਭਰੋਸੇ ਨਾਲ ਸਮੇਂ ਅਤੇ ਵੇਲੇ ਯਹੋਵਾਹ ਦੇ ਹੱਥਾਂ ਵਿਚ ਕਿਉਂ ਛੱਡ ਸਕਦੇ ਹਾਂ?
18 ਅਸੀਂ ਭਰੋਸੇ ਨਾਲ ਸਮਿਆਂ ਅਤੇ ਵੇਲਿਆਂ ਨੂੰ ਯਹੋਵਾਹ ਦੇ ਹੱਥਾਂ ਵਿਚ ਛੱਡ ਸਕਦੇ ਹਾਂ। ਉਸ ਦੇ ਵਾਅਦਿਆਂ ਦੀ ਪੂਰਤੀ ਉਸ ਦੇ ਸਮੇਂ ਅਨੁਸਾਰ ‘ਚਿਰ ਨਾ ਲਾਵੇਗੀ।’ (ਹਬੱਕੂਕ 2:3) ਹੁਣ ਇਸ ਸਮੇਂ ਵਿਚ, ਤਿਮੋਥਿਉਸ ਨੂੰ ਦਿੱਤਾ ਗਿਆ ਪੌਲੁਸ ਦਾ ਉਪਦੇਸ਼ ਸਾਡੇ ਲਈ ਜ਼ਿਆਦਾ ਅਰਥ ਰੱਖਦਾ ਹੈ। ਉਸ ਨੇ ਕਿਹਾ: “ਮੈਂ ਪਰਮੇਸ਼ੁਰ ਅਤੇ ਮਸੀਹ ਯਿਸੂ ਨੂੰ ਜਿਹੜਾ ਜੀਉਂਦਿਆਂ ਅਤੇ ਮੋਇਆਂ ਦਾ ਨਿਆਉਂ ਕਰੇਗਾ ਗਵਾਹ ਕਰ ਕੇ ਉਹ ਦੇ ਪਰਕਾਸ਼ ਅਤੇ ਰਾਜ ਦਾ ਵਾਸਤਾ ਦੇ ਕੇ ਤੈਨੂੰ ਤਗੀਦ ਕਰਦਾ ਹਾਂ। ਭਈ ਤੂੰ ਬਚਨ ਦਾ ਪਰਚਾਰ ਕਰ। ਵੇਲੇ ਕੁਵੇਲੇ ਉਸ ਵਿੱਚ ਲੱਗਿਆ ਰਹੁ। . . . ਪਰਚਾਰਕ ਦਾ ਕੰਮ ਕਰੀਂ, ਆਪਣੀ ਸੇਵਕਾਈ ਨੂੰ ਪੂਰਿਆਂ ਕਰੀਂ।”—2 ਤਿਮੋਥਿਉਸ 4:1-5.
19. ਯਹੋਵਾਹ ਦੇ ਲੋਕਾਂ ਲਈ ਕੀ ਕਰਨ ਦਾ ਹਾਲੇ ਸਮਾਂ ਹੈ, ਅਤੇ ਕਿਉਂ?
19 ਜਾਨਾਂ ਖ਼ਤਰੇ ਵਿਚ ਹਨ—ਸਾਡੀਆਂ ਅਤੇ ਸਾਡੇ ਗੁਆਂਢੀਆਂ ਦੀਆਂ। ਪੌਲੁਸ ਨੇ ਲਿਖਿਆ: “ਆਪਣੇ ਆਪ ਦੀ ਅਤੇ ਆਪਣੀ ਸਿੱਖਿਆ ਦੀ ਰਾਖੀ ਕਰ। ਇਨ੍ਹਾਂ ਗੱਲਾਂ ਉੱਤੇ ਪੱਕਿਆਂ ਰਹੁ ਕਿਉਂ ਜੋ ਤੂੰ ਇਹ ਕਰ ਕੇ ਨਾਲੇ ਆਪਣੇ ਆਪ ਨੂੰ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ।” (1 ਤਿਮੋਥਿਉਸ 4:16) ਇਸ ਦੁਸ਼ਟ ਰੀਤੀ-ਵਿਵਸਥਾ ਦਾ ਸਮਾਂ ਬਹੁਤ ਥੋੜ੍ਹਾ ਹੈ। ਜਿਉਂ-ਜਿਉਂ ਅਸੀਂ ਵੱਡੇ ਚਾਹ ਨਾਲ ਆਉਣ ਵਾਲੀਆਂ ਰੋਮਾਂਚਕ ਘਟਨਾਵਾਂ ਦੀ ਉਡੀਕ ਕਰਦੇ ਹਾਂ, ਆਓ ਅਸੀਂ ਇਸ ਬਾਰੇ ਹਮੇਸ਼ਾ ਸਚੇਤ ਰਹੀਏ ਕਿ ਉਸ ਦੇ ਲੋਕਾਂ ਲਈ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦਾ ਹਾਲੇ ਵੀ ਯਹੋਵਾਹ ਦਾ ਸਮਾਂ ਅਤੇ ਵੇਲਾ ਹੈ। ਇਸ ਕੰਮ ਨੂੰ ਉਸ ਦੀ ਖ਼ੁਸ਼ੀ ਅਨੁਸਾਰ ਪੂਰਾ ਹੋਣ ਦੀ ਲੋੜ ਹੈ। “ਤਦ,” ਜਿਵੇਂ ਯਿਸੂ ਨੇ ਕਿਹਾ ਸੀ, “ਅੰਤ ਆਵੇਗਾ।”—ਮੱਤੀ 24:14.
[ਫੁਟਨੋਟ]
a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਪੁਸਤਕ, ਦੇ ਅਧਿਆਇ 10 ਅਤੇ 11 ਦੇਖੋ।
ਪੁਨਰ-ਵਿਚਾਰ ਵਜੋਂ
◻ ਸਮੇਂ ਦੇ ਹਿਸਾਬ ਦੇ ਸੰਬੰਧ ਵਿਚ, ਸਾਡੀ ਸਥਿਤੀ ਪਹਿਲੀ ਸਦੀ ਦੇ ਮਸੀਹੀਆਂ ਦੀ ਸਥਿਤੀ ਵਰਗੀ ਕਿਵੇਂ ਹੈ?
◻ ਮਸੀਹੀਆਂ ਨੂੰ ਮਸੀਹ ਦੀ ਮੌਜੂਦਗੀ ਦੌਰਾਨ ਵੀ ਕਿਉਂ ‘ਜਾਗਦੇ ਰਹਿਣਾ’ ਚਾਹੀਦਾ ਹੈ?
◻ ਮਾਨਵੀ ਸ੍ਰਿਸ਼ਟੀ “ਪਰਮੇਸ਼ੁਰ ਦੇ ਪੁੱਤ੍ਰਾਂ ਦੇ ਪਰਕਾਸ਼” ਨੂੰ ਕਿਉਂ ਵੱਡੀ ਚਾਹ ਨਾਲ ਉਡੀਕਦੀ ਹੈ?
◻ ਅਸੀਂ ਭਰੋਸੇ ਨਾਲ ਸਮੇਂ ਅਤੇ ਵੇਲੇ ਯਹੋਵਾਹ ਦੇ ਹੱਥਾਂ ਵਿਚ ਕਿਉਂ ਛੱਡ ਸਕਦੇ ਹਾਂ?
[ਸਫ਼ੇ 25 ਉੱਤੇ ਤਸਵੀਰ]
ਮਸੀਹੀਆਂ ਨੂੰ ਮਸੀਹ ਦੇ ਆਉਣ ਦੀ ਉਡੀਕ ਵਿਚ ਜਾਗਦੇ ਰਹਿਣ ਦੀ ਲੋੜ ਹੈ
[ਸਫ਼ੇ 26 ਉੱਤੇ ਤਸਵੀਰ]
ਮਸਹ ਕੀਤਾ ਹੋਇਆ ਬਕੀਆ ਯਹੋਵਾਹ ਦੀ ਸੇਵਾ ਵਿਚ ਰੁੱਝਾ ਰਹਿੰਦਾ ਹੈ, ਅਤੇ ਆਪਣੀ ਨਿਹਚਾ ਸਮੇਂ ਦੇ ਹਿਸਾਬ ਉਤੇ ਆਧਾਰਿਤ ਨਹੀਂ ਕਰਦਾ