ਯਹੋਵਾਹ ਦੀ ਦਇਆ ਦੀ ਰੀਸ ਕਰੋ
“ਦਿਆਲੂ ਹੋਵੋ ਜਿਵੇਂ ਤੁਹਾਡਾ ਪਿਤਾ ਦਿਆਲੂ ਹੈ।” —ਲੂਕਾ 6:36.
1. ਫ਼ਰੀਸੀਆਂ ਨੇ ਆਪਣੇ ਆਪ ਨੂੰ ਨਿਰਦਈ ਕਿਵੇਂ ਦਿਖਾਇਆ?
ਭਾਵੇਂ ਕਿ ਇਨਸਾਨ ਨੂੰ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਇਆ ਗਿਆ ਸੀ, ਫਿਰ ਵੀ, ਉਹ ਅਕਸਰ ਉਸ ਦੀ ਦਇਆ ਦੀ ਰੀਸ ਕਰਨ ਵਿਚ ਅਸਫ਼ਲ ਹੋ ਜਾਂਦਾ ਹੈ। (ਉਤਪਤ 1:27) ਉਦਾਹਰਣ ਲਈ, ਫ਼ਰੀਸੀਆਂ ਉੱਤੇ ਗੌਰ ਕਰੋ। ਇਕ ਸਮੂਹ ਵਜੋਂ, ਉਨ੍ਹਾਂ ਨੇ ਖ਼ੁਸ਼ੀ ਨਹੀਂ ਮਨਾਈ ਜਦੋਂ ਯਿਸੂ ਨੇ ਸਬਤ ਦੇ ਦਿਨ ਤੇ ਦਇਆ ਨਾਲ ਇਕ ਆਦਮੀ ਦੇ ਸੁੱਕੇ ਹੋਏ ਹੱਥ ਨੂੰ ਚੰਗਾ ਕੀਤਾ। ਇਸ ਦੀ ਬਜਾਇ, ਉਨ੍ਹਾਂ ਨੇ ਯਿਸੂ ਵਿਰੁੱਧ ਮਤਾ ਪਕਾਇਆ “ਜੋ ਕਿਸ ਤਰ੍ਹਾਂ ਉਹ ਦਾ ਨਾਸ ਕਰੀਏ।” (ਮੱਤੀ 12:9-14) ਇਕ ਦੂਸਰੇ ਮੌਕੇ ਤੇ, ਯਿਸੂ ਨੇ ਇਕ ਜਮਾਂਦਰੂ ਅੰਨ੍ਹੇ ਨੂੰ ਚੰਗਾ ਕੀਤਾ। ਇਕ ਵਾਰ ਫਿਰ, “ਫ਼ਰੀਸੀਆਂ ਵਿੱਚੋਂ ਕਿੰਨਿਆਂ ਨੇ” ਯਿਸੂ ਦੀ ਦਇਆ ਦੇਖ ਕੇ ਖ਼ੁਸ਼ੀ ਨਹੀਂ ਮਨਾਈ। ਇਸ ਦੇ ਉਲਟ, ਉਨ੍ਹਾਂ ਨੇ ਸ਼ਿਕਾਇਤ ਕੀਤੀ: “ਇਹ ਮਨੁੱਖ ਪਰਮੇਸ਼ੁਰ ਦੀ ਵੱਲੋਂ ਨਹੀਂ ਜੋ ਸਬਤ ਦੇ ਦਿਨ ਨੂੰ ਨਹੀਂ ਮੰਨਦਾ।”—ਯੂਹੰਨਾ 9:1-7, 16.
2, 3. ਯਿਸੂ ਦੇ ਇਹ ਕਹਿਣ ਦਾ ਕੀ ਅਰਥ ਸੀ ਕਿ ‘ਫ਼ਰੀਸੀਆਂ ਦੇ ਖ਼ਮੀਰ ਤੋਂ ਹੁਸ਼ਿਆਰ ਰਹੋ’?
2 ਫ਼ਰੀਸੀਆਂ ਦਾ ਨਿਰਦਈ ਰਵੱਈਆ ਇਨਸਾਨੀਅਤ ਵਿਰੁੱਧ ਅਪਰਾਧ ਅਤੇ ਪਰਮੇਸ਼ੁਰ ਵਿਰੁੱਧ ਪਾਪ ਸੀ। (ਯੂਹੰਨਾ 9:39-41) ਇਸੇ ਲਈ, ਯਿਸੂ ਨੇ ਆਪਣੇ ਚੇਲਿਆਂ ਨੂੰ ਚੇਤਾਵਨੀ ਦਿੱਤੀ ਕਿ ਉਹ ਇਸ ਖ਼ਾਸ ਵਰਗ ਦੇ ਅਤੇ ਸਦੂਕੀਆਂ ਵਰਗੇ ਦੂਸਰੇ ਕੱਟੜ-ਧਰਮੀਆਂ ਦੇ ‘ਖ਼ਮੀਰ ਤੋਂ ਹੁਸ਼ਿਆਰ ਰਹਿਣ।’ (ਮੱਤੀ 16:6) ਬਾਈਬਲ ਵਿਚ ਖ਼ਮੀਰ ਪਾਪ ਜਾਂ ਭ੍ਰਿਸ਼ਟਤਾ ਨੂੰ ਦਰਸਾਉਣ ਲਈ ਪ੍ਰਯੋਗ ਕੀਤਾ ਜਾਂਦਾ ਹੈ। ਇਸ ਤਰ੍ਹਾਂ ਯਿਸੂ ਕਹਿ ਰਿਹਾ ਸੀ ਕਿ ‘ਗ੍ਰੰਥੀਆਂ ਅਤੇ ਫ਼ਰੀਸੀਆਂ’ ਦੀਆਂ ਸਿੱਖਿਆਵਾਂ ਸ਼ੁੱਧ ਉਪਾਸਨਾ ਨੂੰ ਭ੍ਰਿਸ਼ਟ ਕਰ ਸਕਦੀਆਂ ਸਨ। ਕਿਸ ਤਰ੍ਹਾਂ? ਇਨ੍ਹਾਂ ਵਿਚ ਲੋਕਾਂ ਨੂੰ ਸਿਖਾਇਆ ਜਾਂਦਾ ਸੀ ਕਿ ਉਹ “ਭਾਰੇ ਹੁਕਮਾਂ” ਨੂੰ, ਜਿਨ੍ਹਾਂ ਵਿਚ ਦਇਆ ਵੀ ਸ਼ਾਮਲ ਸੀ, ਅਣਡਿੱਠ ਕਰ ਕੇ ਸਿਰਫ਼ ਉਨ੍ਹਾਂ ਦੇ ਆਪਣੇ ਬਣਾਏ ਹੋਏ ਅਸੂਲਾਂ ਅਤੇ ਰੀਤਾਂ ਨੂੰ ਹੀ ਪਰਮੇਸ਼ੁਰ ਦੀ ਬਿਵਸਥਾ ਵਿਚਾਰਨ। (ਮੱਤੀ 23:23) ਇਸ ਰਸਮੀ ਕਿਸਮ ਦੇ ਧਰਮ ਨੇ ਪਰਮੇਸ਼ੁਰ ਦੀ ਉਪਾਸਨਾ ਨੂੰ ਇਕ ਅਸਹਿ ਬੋਝ ਬਣਾ ਦਿੱਤਾ ਸੀ।
3 ਉਜਾੜੂ ਪੁੱਤਰ ਦੇ ਦ੍ਰਿਸ਼ਟਾਂਤ ਦੇ ਦੂਸਰੇ ਭਾਗ ਵਿਚ, ਯਿਸੂ ਨੇ ਯਹੂਦੀ ਧਾਰਮਿਕ ਆਗੂਆਂ ਦੀ ਭ੍ਰਿਸ਼ਟ ਸੋਚਣੀ ਦਾ ਪਰਦਾ-ਫ਼ਾਸ਼ ਕੀਤਾ। ਦ੍ਰਿਸ਼ਟਾਂਤ ਵਿਚ ਪਿਤਾ, ਜੋ ਯਹੋਵਾਹ ਨੂੰ ਦਰਸਾਉਂਦਾ ਹੈ, ਆਪਣੇ ਪਸ਼ਚਾਤਾਪੀ ਪੁੱਤਰ ਨੂੰ ਮਾਫ਼ ਕਰਨ ਲਈ ਉਤਾਵਲਾ ਸੀ। ਪਰੰਤੂ ਮੁੰਡੇ ਦੇ ਵੱਡੇ ਭਰਾ ਦਾ ਨਜ਼ਰੀਆ ਇਸ ਮਾਮਲੇ ਵਿਚ ਬਿਲਕੁਲ ਵੱਖਰਾ ਸੀ। ਵੱਡਾ ਭਰਾ ‘ਫ਼ਰੀਸੀਆਂ ਅਰ ਗ੍ਰੰਥੀਆਂ’ ਨੂੰ ਦਰਸਾਉਂਦਾ ਹੈ।—ਲੂਕਾ 15:2.
ਭਰਾ ਦਾ ਗੁੱਸਾ
4, 5. ਉਜਾੜੂ ਪੁੱਤਰ ਦਾ ਭਰਾ ਕਿਸ ਭਾਵ ਵਿਚ “ਗੁਆਚ” ਗਿਆ ਸੀ?
4 “ਪਰ ਉਹ ਦਾ ਵੱਡਾ ਪੁੱਤ੍ਰ ਖੇਤ ਵਿੱਚ ਸੀ ਅਰ ਜਾਂ ਉਹ ਆਣ ਕੇ ਘਰ ਦੇ ਨੇੜੇ ਅੱਪੜਿਆ ਤਾਂ ਗਾਉਣ ਬਜਾਉਣ ਤੇ ਨੱਚਣ ਦੀ ਅਵਾਜ਼ ਸੁਣੀ। ਤਦ ਨੌਕਰਾਂ ਵਿੱਚੋਂ ਇੱਕ ਨੂੰ ਆਪਣੇ ਕੋਲ ਸੱਦ ਕੇ ਪੁੱਛਿਆ ਭਈ ਇਹ ਕੀ ਹੈ? ਉਸ ਨੇ ਉਹ ਨੂੰ ਆਖਿਆ, ਤੇਰਾ ਭਰਾ ਆਇਆ ਹੈ ਅਰ ਤੇਰੇ ਪਿਉ ਨੇ ਪਲਿਆ ਹੋਇਆ ਵੱਛਾ ਕੱਟਿਆ ਹੈ ਇਸ ਲਈ ਜੋ ਉਹ ਨੂੰ ਭਲਾ ਚੰਗਾ ਪਾਇਆ। ਪਰ ਉਹ ਗੁੱਸੇ ਹੋਇਆ ਅਤੇ ਅੰਦਰ ਜਾਣ ਨੂੰ ਉਹ ਦਾ ਜੀ ਨਾ ਕੀਤਾ।”—ਲੂਕਾ 15:25-28.
5 ਸਪੱਸ਼ਟ ਹੈ ਕਿ ਯਿਸੂ ਦੇ ਦ੍ਰਿਸ਼ਟਾਂਤ ਵਿਚ ਸਿਰਫ਼ ਉਜਾੜੂ ਪੁੱਤਰ ਨੂੰ ਹੀ ਸਮੱਸਿਆ ਨਹੀਂ ਸੀ। ਇਕ ਪੁਸਤਕ ਕਹਿੰਦੀ ਹੈ: “ਇੱਥੇ ਦਰਸਾਏ ਗਏ ਦੋਵੇਂ ਪੁੱਤਰ ਗੁਆਚੇ ਹੋਏ ਹਨ, ਇਕ ਪੁੱਤਰ ਦੁਰਾਚਾਰ ਕਾਰਨ ਜੋ ਉਸ ਨੂੰ ਭ੍ਰਿਸ਼ਟ ਕਰਦਾ ਹੈ, ਦੂਸਰਾ ਆਪਣੇ ਆਪ ਨੂੰ ਜ਼ਿਆਦਾ ਚੰਗਾ ਸਮਝਣ ਕਾਰਨ ਜੋ ਉਸ ਨੂੰ ਅੰਨ੍ਹਾ ਕਰ ਦਿੰਦਾ ਹੈ।” ਧਿਆਨ ਦਿਓ ਕਿ ਉਜਾੜੂ ਪੁੱਤਰ ਦੇ ਭਰਾ ਨੇ ਸਿਰਫ਼ ਖ਼ੁਸ਼ ਹੋਣ ਤੋਂ ਹੀ ਇਨਕਾਰ ਨਹੀਂ ਕੀਤਾ, ਪਰੰਤੂ ‘ਗੁੱਸੇ ਵੀ ਹੋਇਆ।’ “ਗੁੱਸੇ” ਲਈ ਮੂਲ ਯੂਨਾਨੀ ਸ਼ਬਦ, ਸਿਰਫ਼ ਇੱਕੋ ਵੇਲੇ ਗੁੱਸਾ ਭੜਕਣ ਨੂੰ ਸੰਕੇਤ ਨਹੀਂ ਕਰਦਾ ਹੈ, ਬਲਕਿ ਮਨ ਵਿਚ ਗੁੱਸੇ ਨੂੰ ਰੱਖੀ ਰੱਖਣ ਨੂੰ ਸੰਕੇਤ ਕਰਦਾ ਹੈ। ਸਪੱਸ਼ਟ ਹੈ ਕਿ ਉਜਾੜੂ ਪੁੱਤਰ ਦੇ ਭਰਾ ਨੇ ਆਪਣੇ ਮਨ ਵਿਚ ਗਹਿਰੀ ਨਾਰਾਜ਼ਗੀ ਰੱਖੀ, ਇਸ ਲਈ ਉਸ ਨੇ ਮਹਿਸੂਸ ਕੀਤਾ ਕਿ ਉਸ ਵਿਅਕਤੀ ਦੀ ਵਾਪਸੀ ਤੇ ਜਸ਼ਨ ਮਨਾਉਣਾ ਗ਼ਲਤ ਹੈ ਜਿਸ ਨੂੰ ਕਦੀ ਘਰ ਛੱਡਣਾ ਹੀ ਨਹੀਂ ਚਾਹੀਦਾ ਸੀ।
6. ਉਜਾੜੂ ਪੁੱਤਰ ਦਾ ਭਰਾ ਕਿਨ੍ਹਾਂ ਨੂੰ ਦਰਸਾਉਂਦਾ ਹੈ, ਅਤੇ ਕਿਉਂ?
6 ਉਜਾੜੂ ਪੁੱਤਰ ਦਾ ਭਰਾ ਉਨ੍ਹਾਂ ਲੋਕਾਂ ਨੂੰ ਢੁਕਵੇਂ ਤਰੀਕੇ ਨਾਲ ਦਰਸਾਉਂਦਾ ਹੈ ਜਿਨ੍ਹਾਂ ਨੇ ਯਿਸੂ ਦੁਆਰਾ ਪਾਪੀਆਂ ਲਈ ਦਿਖਾਈ ਗਈ ਦਇਆ ਅਤੇ ਪਰਵਾਹ ਉੱਤੇ ਨਾਰਾਜ਼ਗੀ ਪ੍ਰਗਟ ਕੀਤੀ। ਇਨ੍ਹਾਂ ਘਮੰਡੀਆਂ ਉੱਤੇ ਯਿਸੂ ਦੀ ਦਇਆ ਦਾ ਕੋਈ ਅਸਰ ਨਹੀਂ ਪਿਆ; ਨਾ ਹੀ ਇਨ੍ਹਾਂ ਨੇ ਉਹ ਖ਼ੁਸ਼ੀ ਮਨਾਈ ਜੋ ਇਕ ਪਾਪੀ ਨੂੰ ਮਾਫ਼ ਕੀਤੇ ਜਾਣ ਤੇ ਸਵਰਗ ਵਿਚ ਮਨਾਈ ਜਾਂਦੀ ਹੈ। ਇਸ ਦੀ ਬਜਾਇ, ਯਿਸੂ ਦੀ ਦਇਆ ਨੇ ਉਨ੍ਹਾਂ ਦਾ ਗੁੱਸਾ ਭੜਕਾਇਆ, ਅਤੇ ਉਹ ਆਪਣੇ ਮਨ ਵਿਚ “ਬੁਰੇ ਵਿਚਾਰ” ਕਰਨ ਲੱਗ ਪਏ। (ਮੱਤੀ 9:2-4) ਇਕ ਮੌਕੇ ਤੇ, ਕੁਝ ਫ਼ਰੀਸੀਆਂ ਦਾ ਗੁੱਸਾ ਇੰਨਾ ਭੜਕਿਆ ਕਿ ਉਨ੍ਹਾਂ ਨੇ ਉਸ ਆਦਮੀ ਨੂੰ ਬੁਲਾਇਆ ਜਿਸ ਨੂੰ ਯਿਸੂ ਨੇ ਚੰਗਾ ਕੀਤਾ ਸੀ ਅਤੇ ਉਸ ਨੂੰ ਯਹੂਦੀ ਸਭਾ-ਘਰ ਵਿੱਚੋਂ “ਛੇਕ ਦਿੱਤਾ”! (ਯੂਹੰਨਾ 9:22, 34) ਜਿਵੇਂ ਉਜਾੜੂ ਪੁੱਤਰ ਦੇ ਭਰਾ ਦਾ “ਅੰਦਰ ਜਾਣ ਨੂੰ . . . ਜੀ ਨਾ ਕੀਤਾ,” ਉਵੇਂ ਹੀ ਜਦੋਂ ਯਹੂਦੀ ਧਾਰਮਿਕ ਆਗੂਆਂ ਕੋਲ “ਅਨੰਦ ਕਰਨ ਵਾਲਿਆਂ ਦੇ ਨਾਲ ਅਨੰਦ” ਕਰਨ ਦਾ ਮੌਕਾ ਸੀ, ਤਾਂ ਉਨ੍ਹਾਂ ਨੇ ਆਨੰਦ ਕਰਨ ਤੋਂ ਇਨਕਾਰ ਕੀਤਾ। (ਰੋਮੀਆਂ 12:15) ਜਿਉਂ-ਜਿਉਂ ਯਿਸੂ ਆਪਣਾ ਦ੍ਰਿਸ਼ਟਾਂਤ ਸੁਣਾਉਂਦਾ ਗਿਆ, ਉਸ ਨੇ ਉਨ੍ਹਾਂ ਦੀ ਦੁਸ਼ਟ ਤਰਕ ਦਾ ਹੋਰ ਵੀ ਪਰਦਾ-ਫਾਸ਼ ਕੀਤਾ।
ਗ਼ਲਤ ਤਰਕ
7, 8. (ੳ) ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਉਜਾੜੂ ਪੁੱਤਰ ਦਾ ਭਰਾ, ਪੁੱਤਰ ਹੋਣ ਦਾ ਅਰਥ ਨਹੀਂ ਸਮਝਿਆ? (ਅ) ਵੱਡਾ ਪੁੱਤਰ ਕਿਵੇਂ ਆਪਣੇ ਪਿਤਾ ਤੋਂ ਭਿੰਨ ਸੀ?
7 “ਸੋ ਉਹ ਦਾ ਪਿਉ ਬਾਹਰ ਆਣ ਕੇ ਉਹ ਨੂੰ ਮਨਾਉਣ ਲੱਗਾ। ਪਰ ਓਨ ਆਪਣੇ ਪਿਉ ਨੂੰ ਉੱਤਰ ਦਿੱਤਾ, ਵੇਖ ਮੈਂ ਐੱਨੇ ਵਰਿਹਾਂ ਤੋਂ ਤੁਹਾਡੀ ਟਹਿਲ ਕਰਦਾ ਹਾਂ ਅਤੇ ਤੁਹਾਡਾ ਹੁਕਮ ਕਦੇ ਨਹੀਂ ਮੋੜਿਆ ਪਰ ਤੁਸਾਂ ਮੈਨੂੰ ਕਦੇ ਇੱਕ ਪਠੋਰਾ ਭੀ ਨਾ ਦਿੱਤਾ ਜੋ ਮੈਂ ਆਪਣਿਆਂ ਬੇਲੀਆਂ ਨਾਲ ਖੁਸ਼ੀ ਕਰਾਂ, ਪਰ ਜਦ ਤੁਹਾਡਾ ਇਹ ਪੁੱਤ੍ਰ ਆਇਆ ਜਿਹ ਨੇ ਕੰਜਰੀਆਂ ਦੇ ਮੂੰਹ ਤੇਰੀ ਪੂੰਜੀ ਉਡਾ ਦਿੱਤੀ ਤੁਸਾਂ ਉਹ ਦੇ ਲਈ ਪਲਿਆ ਹੋਇਆ ਵੱਛਾ ਕੱਟਿਆ।”—ਲੂਕਾ 15:28-30.
8 ਇਨ੍ਹਾਂ ਸ਼ਬਦਾਂ ਨਾਲ, ਉਜਾੜੂ ਪੁੱਤਰ ਦੇ ਭਰਾ ਨੇ ਸਪੱਸ਼ਟ ਕੀਤਾ ਕਿ ਉਹ ਪੁੱਤਰ ਹੋਣ ਦਾ ਅਸਲੀ ਅਰਥ ਨਹੀਂ ਸਮਝਿਆ ਸੀ। ਉਸ ਨੇ ਆਪਣੇ ਪਿਤਾ ਦੀ ਉਸੇ ਤਰ੍ਹਾਂ ਸੇਵਾ ਕੀਤੀ ਜਿਵੇਂ ਇਕ ਨੌਕਰ ਆਪਣੇ ਮਾਲਕ ਦੀ ਕਰਦਾ ਹੈ। ਜਿਵੇਂ ਕਿ ਉਸ ਨੇ ਆਪਣੇ ਪਿਤਾ ਨੂੰ ਕਿਹਾ: “ਮੈਂ . . . ਤੁਹਾਡੀ ਟਹਿਲ ਕਰਦਾ ਹਾਂ।” ਇਹ ਸੱਚ ਹੈ ਕਿ ਇਸ ਵੱਡੇ ਪੁੱਤਰ ਨੇ ਕਦੀ ਵੀ ਘਰ ਨਹੀਂ ਛੱਡਿਆ ਅਤੇ ਆਪਣੇ ਪਿਤਾ ਦੇ ਹੁਕਮ ਦੀ ਕਦੀ ਵੀ ਉਲੰਘਣਾ ਨਹੀਂ ਕੀਤੀ। ਪਰੰਤੂ, ਕੀ ਉਸ ਨੇ ਪਿਆਰ ਤੋਂ ਪ੍ਰੇਰਿਤ ਹੋ ਕੇ ਆਗਿਆਕਾਰੀ ਕੀਤੀ ਸੀ? ਕੀ ਉਸ ਨੇ ਆਪਣੇ ਪਿਤਾ ਦੀ ਸੇਵਾ ਕਰਨ ਵਿਚ ਸੱਚ-ਮੁੱਚ ਖ਼ੁਸ਼ੀ ਮਨਾਈ, ਜਾਂ ਕਿ ਉਹ ਆਪਣੇ ਆਪ ਵਿਚ ਸੰਤੁਸ਼ਟ ਹੋ ਕੇ ਇਹ ਵਿਸ਼ਵਾਸ ਕਰਨ ਲੱਗ ਪਿਆ ਸੀ ਕਿ ਉਹ ਇਕ ਚੰਗਾ ਪੁੱਤਰ ਹੈ ਕਿਉਂਕਿ ਉਸ ਨੇ “ਖੇਤ ਵਿੱਚ” ਆਪਣਾ ਕੰਮ ਪੂਰਾ ਕੀਤਾ ਸੀ? ਜੇ ਉਹ ਸੱਚ-ਮੁੱਚ ਇਕ ਚੰਗਾ ਪੁੱਤਰ ਸੀ, ਤਾਂ ਉਹ ਆਪਣੇ ਪਿਤਾ ਵਾਂਗ ਸੋਚਣ ਵਿਚ ਕਿਉਂ ਅਸਫ਼ਲ ਹੋਇਆ? ਜਦੋਂ ਉਸ ਨੂੰ ਆਪਣੇ ਭਰਾ ਨਾਲ ਦਇਆ ਕਰਨ ਦਾ ਮੌਕਾ ਮਿਲਿਆ, ਤਾਂ ਉਸ ਦੇ ਦਿਲ ਵਿਚ ਦਇਆ ਲਈ ਜਗ੍ਹਾ ਕਿਉਂ ਨਹੀਂ ਸੀ?—ਜ਼ਬੂਰ 50:20-22 ਦੀ ਤੁਲਨਾ ਕਰੋ।
9. ਸਮਝਾਓ ਕਿ ਯਹੂਦੀ ਧਾਰਮਿਕ ਆਗੂ ਕਿਵੇਂ ਵੱਡੇ ਪੁੱਤਰ ਵਰਗੇ ਸਨ।
9 ਯਹੂਦੀ ਧਾਰਮਿਕ ਆਗੂ ਇਸ ਵੱਡੇ ਪੁੱਤਰ ਵਰਗੇ ਸਨ। ਉਹ ਵਿਸ਼ਵਾਸ ਕਰਦੇ ਸਨ ਕਿ ਉਹ ਪਰਮੇਸ਼ੁਰ ਦੇ ਪ੍ਰਤੀ ਵਫ਼ਾਦਾਰ ਸਨ ਕਿਉਂਕਿ ਉਹ ਉਸ ਦੇ ਨਿਯਮਾਂ ਨੂੰ ਸਖ਼ਤੀ ਨਾਲ ਮੰਨਦੇ ਸਨ। ਇਹ ਸੱਚ ਹੈ ਕਿ ਆਗਿਆਕਾਰੀ ਜ਼ਰੂਰੀ ਹੈ। (1 ਸਮੂਏਲ 15:22) ਪਰੰਤੂ ਬਿਵਸਥਾ ਦੇ ਕੰਮਾਂ ਉੱਤੇ ਜ਼ਿਆਦਾ ਜ਼ੋਰ ਦੇਣ ਕਾਰਨ, ਉਨ੍ਹਾਂ ਨੇ ਪਰਮੇਸ਼ੁਰ ਦੀ ਉਪਾਸਨਾ ਨੂੰ ਇਕ ਭਾਵਨਾਹੀਣ ਰੀਤ, ਅਰਥਾਤ ਭਗਤੀ ਦਾ ਇਕ ਦਿਖਾਵਾ ਬਣਾ ਦਿੱਤਾ ਸੀ ਜਿਸ ਵਿਚ ਸੱਚੀ ਧਾਰਮਿਕਤਾ ਨਹੀਂ ਸੀ। ਉਨ੍ਹਾਂ ਦੇ ਦਿਮਾਗ਼ ਰੀਤਾਂ ਨਾਲ ਭਰੇ ਹੋਏ ਸਨ। ਉਨ੍ਹਾਂ ਦੇ ਦਿਲ ਪਿਆਰ ਤੋਂ ਸੱਖਣੇ ਸਨ। ਉਹ ਆਮ ਲੋਕਾਂ ਨੂੰ ਆਪਣੇ ਪੈਰਾਂ ਦੀ ਧੂੜ ਸਮਝਦੇ ਸਨ, ਅਤੇ ਉਨ੍ਹਾਂ ਨੂੰ ਘਿਰਣਾ ਨਾਲ ‘ਲਾਨਤੀ ਲੋਕ’ ਵੀ ਕਹਿੰਦੇ ਸਨ। (ਯੂਹੰਨਾ 7:49) ਪਰਮੇਸ਼ੁਰ ਇਨ੍ਹਾਂ ਆਗੂਆਂ ਦੇ ਕੰਮਾਂ ਤੋਂ ਕਿਵੇਂ ਪ੍ਰਭਾਵਿਤ ਹੋ ਸਕਦਾ ਸੀ ਜਦੋਂ ਕਿ ਇਨ੍ਹਾਂ ਦੇ ਦਿਲ ਉਸ ਤੋਂ ਬਹੁਤ ਦੂਰ ਸਨ?—ਮੱਤੀ 15:7, 8.
10. (ੳ) “ਮੈਂ ਬਲੀਦਾਨ ਨੂੰ ਨਹੀਂ ਪਰ ਦਯਾ ਨੂੰ ਚਾਹੁੰਦਾ ਹਾਂ,” ਇਹ ਇਕ ਢੁਕਵੀਂ ਸਲਾਹ ਕਿਉਂ ਸੀ? (ਅ) ਦਇਆ ਦੀ ਘਾਟ ਕਿੰਨਾ ਕੁ ਗੰਭੀਰ ਮਾਮਲਾ ਹੈ?
10 ਯਿਸੂ ਨੇ ਫ਼ਰੀਸੀਆਂ ਨੂੰ ‘ਜਾ ਕੇ ਇਹ ਦਾ ਅਰਥ ਸਿੱਖਣ’ ਲਈ ਕਿਹਾ ਕਿ “ਮੈਂ ਬਲੀਦਾਨ ਨੂੰ ਨਹੀਂ ਪਰ ਦਯਾ ਨੂੰ ਚਾਹੁੰਦਾ ਹਾਂ।” (ਮੱਤੀ 9:13; ਹੋਸ਼ੇਆ 6:6) ਉਹ ਗ਼ਲਤ ਗੱਲਾਂ ਨੂੰ ਪਹਿਲ ਦੇ ਰਹੇ ਸਨ, ਕਿਉਂਕਿ ਦਇਆ ਤੋਂ ਬਿਨਾਂ ਉਨ੍ਹਾਂ ਦੇ ਸਾਰੇ ਬਲੀਦਾਨ ਵਿਅਰਥ ਸਨ। ਇਹ ਸੱਚ-ਮੁੱਚ ਇਕ ਗੰਭੀਰ ਮਾਮਲਾ ਹੈ, ਕਿਉਂਕਿ ਬਾਈਬਲ ਕਹਿੰਦੀ ਹੈ ਕਿ “ਨਿਰਦਈ” ਵਿਅਕਤੀ ਪਰਮੇਸ਼ੁਰ ਦੀ ਨਜ਼ਰ ਵਿਚ “ਮਰਨ ਦੇ ਜੋਗ ਹਨ।” (ਰੋਮੀਆਂ 1:31, 32) ਇਸ ਲਈ ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਯਿਸੂ ਨੇ ਕਿਹਾ ਸੀ ਕਿ ਇਕ ਸਮੂਹ ਵਜੋਂ ਧਾਰਮਿਕ ਆਗੂਆਂ ਦਾ ਸਦੀਪਕ ਵਿਨਾਸ਼ ਨਿਸ਼ਚਿਤ ਸੀ। ਸਪੱਸ਼ਟ ਹੈ ਕਿ ਉਨ੍ਹਾਂ ਦਾ ਨਿਰਦਈ ਰਵੱਈਆ ਇਕ ਵੱਡਾ ਕਾਰਨ ਸੀ, ਜਿਸ ਕਰਕੇ ਉਨ੍ਹਾਂ ਦਾ ਅਜਿਹਾ ਨਿਆਉਂ ਕੀਤਾ ਗਿਆ। (ਮੱਤੀ 23:33) ਪਰੰਤੂ ਸ਼ਾਇਦ ਇਸ ਵਰਗ ਦੇ ਕੁਝ ਵਿਅਕਤੀਆਂ ਦੀ ਨਿੱਜੀ ਤੌਰ ਤੇ ਮਦਦ ਕੀਤੀ ਜਾ ਸਕਦੀ ਸੀ। ਆਪਣੇ ਦ੍ਰਿਸ਼ਟਾਂਤ ਦੇ ਅਖ਼ੀਰ ਵਿਚ, ਯਿਸੂ ਨੇ ਪਿਤਾ ਵੱਲੋਂ ਆਪਣੇ ਵੱਡੇ ਪੁੱਤਰ ਨੂੰ ਕਹੇ ਸ਼ਬਦਾਂ ਦੁਆਰਾ ਅਜਿਹੇ ਯਹੂਦੀਆਂ ਦੀ ਸੋਚਣੀ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ। ਆਓ ਦੇਖੀਏ ਕਿ ਕਿਵੇਂ।
ਪਿਤਾ ਦੀ ਦਇਆ
11, 12. ਯਿਸੂ ਦੇ ਦ੍ਰਿਸ਼ਟਾਂਤ ਵਿਚ ਪਿਤਾ ਆਪਣੇ ਵੱਡੇ ਪੁੱਤਰ ਨੂੰ ਕਿਵੇਂ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ, ਅਤੇ ‘ਤੇਰਾ ਭਰਾ’ ਕਹਿਣ ਨਾਲ ਪਿਤਾ ਸ਼ਾਇਦ ਕੀ ਕਹਿਣਾ ਚਾਹੁੰਦਾ ਸੀ?
11 “ਪਰ ਓਨ ਉਸ ਨੂੰ ਆਖਿਆ, ਬੱਚਾ ਤੂੰ ਸਦਾ ਮੇਰੇ ਨਾਲ ਹੈਂ ਅਤੇ ਮੇਰਾ ਸੱਭੋ ਕੁਝ ਤੇਰਾ ਹੈ। ਪਰ ਖੁਸ਼ੀ ਕਰਨੀ ਅਨੰਦ ਹੋਣਾ ਜੋਗ ਸੀ ਕਿਉਂਕਿ ਤੇਰਾ ਇਹ ਭਰਾ ਮੋਇਆ ਹੋਇਆ ਸੀ ਅਤੇ ਫੇਰ ਜੀ ਪਿਆ ਹੈ ਅਰ ਗੁਆਚ ਗਿਆ ਸੀ ਅਤੇ ਹੁਣ ਲੱਭ ਪਿਆ ਹੈ।”—ਲੂਕਾ 15:31, 32.
12 ਧਿਆਨ ਦਿਓ ਕਿ ਪਿਤਾ ‘ਤੇਰਾ ਭਰਾ’ ਕਹਿੰਦਾ ਹੈ। ਕਿਉਂ? ਯਾਦ ਕਰੋ ਕਿ ਪਹਿਲਾਂ ਆਪਣੇ ਪਿਤਾ ਨਾਲ ਗੱਲ ਕਰਦੇ ਸਮੇਂ, ਵੱਡੇ ਪੁੱਤਰ ਨੇ ਉਜਾੜੂ ਪੁੱਤਰ ਨੂੰ ‘ਤੁਹਾਡਾ ਪੁੱਤ੍ਰ’ ਕਿਹਾ ਸੀ, ਨਾ ਕਿ “ਮੇਰਾ ਭਰਾ।” ਇਸ ਤਰ੍ਹਾਂ ਲੱਗਦਾ ਹੈ ਕਿ ਉਹ ਆਪਣੇ ਅਤੇ ਆਪਣੇ ਭਰਾ ਵਿਚਕਾਰ ਖ਼ੂਨ ਦੇ ਰਿਸ਼ਤੇ ਨੂੰ ਸਵੀਕਾਰ ਨਹੀਂ ਕਰਨਾ ਚਾਹੁੰਦਾ ਸੀ। ਇਸ ਲਈ ਹੁਣ ਪਿਤਾ ਆਪਣੇ ਵੱਡੇ ਪੁੱਤਰ ਨੂੰ ਮਾਨੋ ਇਹ ਕਹਿ ਰਿਹਾ ਹੈ: ‘ਇਹ ਸਿਰਫ਼ ਮੇਰਾ ਪੁੱਤਰ ਹੀ ਨਹੀਂ ਹੈ। ਇਹ ਤੇਰਾ ਭਰਾ ਹੈ, ਤੇਰਾ ਆਪਣਾ ਖ਼ੂਨ। ਤੈਨੂੰ ਤਾਂ ਉਸ ਦੀ ਵਾਪਸੀ ਤੇ ਖ਼ੁਸ਼ੀ ਮਨਾਉਣੀ ਚਾਹੀਦੀ ਹੈ!’ ਯਿਸੂ ਦੇ ਕਹਿਣ ਦਾ ਭਾਵ ਯਹੂਦੀ ਆਗੂਆਂ ਨੂੰ ਸਮਝ ਆ ਜਾਣਾ ਚਾਹੀਦਾ ਸੀ। ਜਿਨ੍ਹਾਂ ਪਾਪੀਆਂ ਨਾਲ ਉਹ ਘਿਰਣਾ ਕਰਦੇ ਸਨ, ਉਹ ਅਸਲ ਵਿਚ ਉਨ੍ਹਾਂ ਦੇ “ਭਰਾ” ਸਨ। ਇਹ ਸੱਚ ਹੈ ਕਿ “ਧਰਤੀ ਉੱਤੇ ਅਜਿਹਾ ਸਚਿਆਰ ਆਦਮੀ ਤਾਂ ਕੋਈ ਨਹੀਂ, ਜੋ ਭਲਿਆਈ ਹੀ ਕਰੇ ਅਤੇ ਪਾਪ ਨਾ ਕਰੇ।” (ਉਪਦੇਸ਼ਕ ਦੀ ਪੋਥੀ 7:20) ਤਾਂ ਫਿਰ, ਪਾਪੀਆਂ ਦੁਆਰਾ ਪਸ਼ਚਾਤਾਪ ਕਰਨ ਤੇ, ਉੱਘੇ ਯਹੂਦੀਆਂ ਕੋਲ ਖ਼ੁਸ਼ ਹੋਣ ਦਾ ਹਰ ਕਾਰਨ ਸੀ।
13. ਯਿਸੂ ਦਾ ਦ੍ਰਿਸ਼ਟਾਂਤ ਬਿਨਾਂ ਕਿਸੇ ਸਿੱਟੇ ਦੇ ਖ਼ਤਮ ਹੋ ਜਾਣ ਨਾਲ ਸਾਡੇ ਸਾਮ੍ਹਣੇ ਕਿਹੜਾ ਗੰਭੀਰ ਸਵਾਲ ਖੜ੍ਹਾ ਹੁੰਦਾ ਹੈ?
13 ਪਿਤਾ ਦੁਆਰਾ ਬੇਨਤੀ ਕਰਨ ਤੋਂ ਬਾਅਦ, ਦ੍ਰਿਸ਼ਟਾਂਤ ਬਿਨਾਂ ਕਿਸੇ ਸਿੱਟੇ ਦੇ ਖ਼ਤਮ ਹੋ ਜਾਂਦਾ ਹੈ। ਇੰਜ ਜਾਪਦਾ ਹੈ ਮਾਨੋ ਯਿਸੂ ਆਪਣੇ ਸਰੋਤਿਆਂ ਨੂੰ ਖ਼ੁਦ ਕਹਾਣੀ ਦਾ ਸਿੱਟਾ ਕੱਢਣ ਦਾ ਸੱਦਾ ਦੇ ਰਿਹਾ ਹੈ। ਵੱਡੇ ਪੁੱਤਰ ਨੇ ਚਾਹੇ ਜੋ ਵੀ ਕੀਤਾ ਹੋਵੇ, ਹਰੇਕ ਸਰੋਤੇ ਦੇ ਸਾਮ੍ਹਣੇ ਇਹ ਸਵਾਲ ਸੀ, ‘ਕੀ ਤੁਸੀਂ ਉਸ ਖ਼ੁਸ਼ੀ ਵਿਚ ਹਿੱਸਾ ਲਓਗੇ ਜੋ ਸਵਰਗ ਵਿਚ ਮਨਾਈ ਜਾਂਦੀ ਹੈ ਜਦੋਂ ਇਕ ਪਾਪੀ ਪਸ਼ਚਾਤਾਪ ਕਰਦਾ ਹੈ?’ ਅੱਜ ਮਸੀਹੀਆਂ ਕੋਲ ਵੀ ਮੌਕਾ ਹੈ ਕਿ ਉਹ ਇਸ ਸਵਾਲ ਦਾ ਜਵਾਬ ਆਪਣੇ ਕੰਮਾਂ ਦੁਆਰਾ ਦੇਣ। ਕਿਸ ਤਰ੍ਹਾਂ?
ਅੱਜ ਪਰਮੇਸ਼ੁਰ ਦੀ ਦਇਆ ਦੀ ਰੀਸ ਕਰਨਾ
14. (ੳ) ਅਸੀਂ ਅਫ਼ਸੀਆਂ 5:1 ਵਿਚ ਪਾਈ ਜਾਂਦੀ ਪੌਲੁਸ ਦੀ ਸਲਾਹ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ? (ਅ) ਪਰਮੇਸ਼ੁਰ ਦੀ ਦਇਆ ਦੇ ਸੰਬੰਧ ਵਿਚ ਕਿਹੜੀ ਗ਼ਲਤਫ਼ਹਿਮੀ ਤੋਂ ਸਾਨੂੰ ਬਚਣ ਦੀ ਲੋੜ ਹੈ?
14 ਪੌਲੁਸ ਨੇ ਅਫ਼ਸੀਆਂ ਨੂੰ ਨਸੀਹਤ ਦਿੱਤੀ: “ਤੁਸੀਂ ਪਿਆਰਿਆਂ ਪੁੱਤ੍ਰਾਂ ਵਾਂਙੁ ਪਰਮੇਸ਼ੁਰ ਦੀ ਰੀਸ ਕਰੋ।” (ਅਫ਼ਸੀਆਂ 5:1) ਇਸ ਲਈ, ਮਸੀਹੀ ਹੋਣ ਦੇ ਨਾਤੇ ਸਾਨੂੰ ਪਰਮੇਸ਼ੁਰ ਦੀ ਦਇਆ ਲਈ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ, ਇਸ ਨੂੰ ਆਪਣੇ ਦਿਲਾਂ ਵਿਚ ਬਿਠਾਉਣਾ ਚਾਹੀਦਾ ਹੈ, ਅਤੇ ਫਿਰ ਦੂਸਰਿਆਂ ਨਾਲ ਆਪਣੇ ਵਿਵਹਾਰ ਵਿਚ ਇਸ ਗੁਣ ਨੂੰ ਪ੍ਰਦਰਸ਼ਿਤ ਕਰਨਾ ਚਾਹੀਦਾ ਹੈ। ਪਰੰਤੂ, ਚੌਕਸੀ ਦੀ ਲੋੜ ਹੈ। ਇਹ ਨਹੀਂ ਸਮਝਣਾ ਚਾਹੀਦਾ ਕਿ ਪਰਮੇਸ਼ੁਰ ਦੀ ਦਇਆ ਪਾਪ ਦੀ ਗੰਭੀਰਤਾ ਨੂੰ ਘੱਟ ਕਰਦੀ ਹੈ। ਉਦਾਹਰਣ ਲਈ, ਕੁਝ ਲੋਕ ਸ਼ਾਇਦ ਲਾਪਰਵਾਹੀ ਨਾਲ ਤਰਕ ਕਰਨ, ‘ਜੇ ਮੈਂ ਪਾਪ ਕਰਾਂ, ਤਾਂ ਮੈਂ ਮਾਫ਼ੀ ਲਈ ਪਰਮੇਸ਼ੁਰ ਨੂੰ ਪ੍ਰਾਰਥਨਾ ਕਰ ਸਕਦਾ ਹਾਂ, ਅਤੇ ਉਹ ਦਇਆ ਕਰੇਗਾ।’ ਅਜਿਹਾ ਰਵੱਈਆ ‘ਸਾਡੇ ਪਰਮੇਸ਼ੁਰ ਦੀ ਕਿਰਪਾ ਨੂੰ ਉਲਟਾ ਕਰ ਕੇ ਲੁੱਚਪੁਣੇ ਵੱਲ ਲਾਉਣ’ ਦੇ ਬਰਾਬਰ ਹੋਵੇਗਾ, ਜਿਸ ਬਾਰੇ ਬਾਈਬਲ ਦੇ ਲਿਖਾਰੀ ਯਹੂਦਾਹ ਨੇ ਗੱਲ ਕੀਤੀ ਸੀ। (ਯਹੂਦਾਹ 4) ਭਾਵੇਂ ਕਿ ਯਹੋਵਾਹ ਦਿਆਲੂ ਹੈ, ਪਰ ਜਦੋਂ ਉਹ ਅਪਸ਼ਚਾਤਾਪੀ ਪਾਪੀਆਂ ਨਾਲ ਵਿਵਹਾਰ ਕਰਦਾ ਹੈ, ਤਾਂ ਉਹ “ਕੁਧਰਮ ਨੂੰ ਏਵੇਂ ਨਹੀਂ ਛੱਡਦਾ।”—ਕੂਚ 34:7. ਯਹੋਸ਼ੁਆ 24:19; 1 ਯੂਹੰਨਾ 5:16 ਦੀ ਤੁਲਨਾ ਕਰੋ।
15. (ੳ) ਖ਼ਾਸ ਕਰਕੇ ਬਜ਼ੁਰਗਾਂ ਨੂੰ ਦਇਆ ਪ੍ਰਤੀ ਸੰਤੁਲਿਤ ਨਜ਼ਰੀਆ ਕਿਉਂ ਰੱਖਣਾ ਚਾਹੀਦਾ ਹੈ? (ਅ) ਜਦ ਕਿ ਬਜ਼ੁਰਗ ਜਾਣ-ਬੁੱਝ ਕੇ ਕੀਤੇ ਪਾਪ ਨੂੰ ਨਹੀਂ ਸਹਾਰਦੇ ਹਨ, ਉਨ੍ਹਾਂ ਨੂੰ ਕੀ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਅਤੇ ਕਿਉਂ?
15 ਦੂਸਰੇ ਪਾਸੇ, ਸਾਨੂੰ ਇਸ ਗੱਲ ਤੋਂ ਵੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਕਿ ਅਸੀਂ ਉਨ੍ਹਾਂ ਪ੍ਰਤੀ ਕੱਟੜ ਅਤੇ ਆਲੋਚਨਾਤਮਕ ਰਵੱਈਆ ਰੱਖਣ ਦਾ ਝੁਕਾਅ ਨਾ ਰੱਖੀਏ ਜੋ ਆਪਣੇ ਪਾਪਾਂ ਦਾ ਸੱਚੇ ਦਿਲੋਂ ਪਸ਼ਚਾਤਾਪ ਕਰਦੇ ਹਨ ਅਤੇ ਈਸ਼ਵਰੀ ਅਫ਼ਸੋਸ ਪ੍ਰਦਰਸ਼ਿਤ ਕਰਦੇ ਹਨ। (2 ਕੁਰਿੰਥੀਆਂ 7:11) ਬਜ਼ੁਰਗਾਂ ਨੂੰ ਯਹੋਵਾਹ ਦੀਆਂ ਭੇਡਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਉਹ ਖ਼ਾਸ ਕਰਕੇ ਨਿਆਇਕ ਮਾਮਲਿਆਂ ਵਿਚ ਇਕ ਸੰਤੁਲਿਤ ਨਜ਼ਰੀਆ ਰੱਖਣ। ਮਸੀਹੀ ਕਲੀਸਿਯਾ ਨੂੰ ਸਾਫ਼ ਰੱਖਿਆ ਜਾਣਾ ਚਾਹੀਦਾ ਹੈ, ਅਤੇ ਇਹ ਸ਼ਾਸਤਰ ਅਨੁਸਾਰ ਵੀ ਢੁਕਵਾਂ ਹੈ ਕਿ ‘ਕੁਕਰਮੀ ਨੂੰ ਆਪਣੇ ਵਿੱਚੋਂ ਛੇਕ ਦਿਓ।’ (1 ਕੁਰਿੰਥੀਆਂ 5:11-13) ਪਰੰਤੂ, ਜਿੱਥੇ ਦਇਆ ਕਰਨ ਦੀ ਗੁੰਜਾਇਸ਼ ਹੈ ਉੱਥੇ ਦਇਆ ਕਰਨੀ ਬਹੁਤ ਚੰਗੀ ਗੱਲ ਹੈ। ਇਸ ਤਰ੍ਹਾਂ ਜਦ ਕਿ ਬਜ਼ੁਰਗ ਜਾਣ-ਬੁੱਝ ਕੇ ਕੀਤੇ ਗਏ ਪਾਪ ਨੂੰ ਨਹੀਂ ਸਹਾਰਦੇ ਹਨ, ਉਹ ਨਿਆਉਂ ਦੀ ਹੱਦ ਵਿਚ ਰਹਿ ਕੇ ਪ੍ਰੇਮਮਈ ਅਤੇ ਦਇਆ ਭਰੀ ਕਾਰਵਾਈ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਹਰ ਵੇਲੇ ਬਾਈਬਲ ਦੇ ਇਸ ਸਿਧਾਂਤ ਨੂੰ ਚੇਤੇ ਰੱਖਦੇ ਹਨ: “ਜਿਹ ਨੇ ਦਯਾ ਨਾ ਕੀਤੀ ਉਹ ਦਾ ਨਿਆਉਂ ਦਯਾ ਤੋਂ ਬਿਨਾ ਕੀਤਾ ਜਾਵੇਗਾ, ਦਯਾ ਨਿਆਉਂ ਦੇ ਉੱਤੇ ਫ਼ਤਹ ਪਾਉਂਦੀ ਹੈ।”—ਯਾਕੂਬ 2:13; ਕਹਾਉਤਾਂ 19:17; ਮੱਤੀ 5:7.
16. (ੳ) ਬਾਈਬਲ ਨੂੰ ਇਸਤੇਮਾਲ ਕਰਦੇ ਹੋਏ ਦਿਖਾਓ ਕਿ ਯਹੋਵਾਹ ਦਿਲੋਂ ਚਾਹੁੰਦਾ ਹੈ ਕਿ ਕੁਰਾਹੇ ਪਏ ਹੋਏ ਵਿਅਕਤੀ ਉਸ ਕੋਲ ਵਾਪਸ ਆਉਣ। (ਅ) ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਵੀ ਪਸ਼ਚਾਤਾਪੀ ਪਾਪੀਆਂ ਦੀ ਵਾਪਸੀ ਦਾ ਸੁਆਗਤ ਕਰਦੇ ਹਾਂ?
16 ਉਜਾੜੂ ਪੁੱਤਰ ਦਾ ਦ੍ਰਿਸ਼ਟਾਂਤ ਇਹ ਗੱਲ ਸਪੱਸ਼ਟ ਕਰਦਾ ਹੈ ਕਿ ਯਹੋਵਾਹ ਚਾਹੁੰਦਾ ਹੈ ਕਿ ਕੁਰਾਹੇ ਪਏ ਵਿਅਕਤੀ ਉਸ ਕੋਲ ਵਾਪਸ ਆਉਣ। ਸੱਚ-ਮੁੱਚ, ਯਹੋਵਾਹ ਉਨ੍ਹਾਂ ਨੂੰ ਉਦੋਂ ਤਕ ਸੱਦਾ ਦਿੰਦਾ ਰਹਿੰਦਾ ਹੈ ਜਦ ਤਕ ਉਹ ਆਪਣੇ ਆਪ ਨੂੰ ਬਿਲਕੁਲ ਹੀ ਅਪਸ਼ਚਾਤਾਪੀ ਸਾਬਤ ਨਹੀਂ ਕਰ ਦਿੰਦੇ ਹਨ। (ਹਿਜ਼ਕੀਏਲ 33:11; ਮਲਾਕੀ 3:7; ਰੋਮੀਆਂ 2:4, 5; 2 ਪਤਰਸ 3:9) ਉਜਾੜੂ ਪੁੱਤਰ ਦੇ ਪਿਤਾ ਵਾਂਗ, ਯਹੋਵਾਹ ਉਨ੍ਹਾਂ ਵਿਅਕਤੀਆਂ ਨਾਲ ਸਨਮਾਨ ਦੇ ਨਾਲ ਵਿਵਹਾਰ ਕਰਦਾ ਹੈ ਜਿਹੜੇ ਵਾਪਸ ਆਉਂਦੇ ਹਨ, ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਪਰਿਵਾਰ ਦੇ ਮੈਂਬਰ ਵਜੋਂ ਸਵੀਕਾਰ ਕਰਦਾ ਹੈ। ਕੀ ਤੁਸੀਂ ਇਸ ਮਾਮਲੇ ਵਿਚ ਯਹੋਵਾਹ ਦੀ ਰੀਸ ਕਰਦੇ ਹੋ? ਜਦੋਂ ਇਕ ਸੰਗੀ ਵਿਸ਼ਵਾਸੀ, ਜੋ ਕੁਝ ਸਮੇਂ ਲਈ ਛੇਕਿਆ ਗਿਆ ਸੀ, ਬਹਾਲ ਕੀਤਾ ਜਾਂਦਾ ਹੈ, ਤਾਂ ਤੁਹਾਡਾ ਰਵੱਈਆ ਕੀ ਹੁੰਦਾ ਹੈ? ਅਸੀਂ ਸਿੱਖ ਚੁੱਕੇ ਹਾਂ ਕਿ “ਸੁਰਗ ਵਿੱਚ . . . ਖੁਸ਼ੀ” ਹੁੰਦੀ ਹੈ। (ਲੂਕਾ 15:7) ਪਰੰਤੂ ਕੀ ਧਰਤੀ ਉੱਤੇ, ਤੁਹਾਡੀ ਕਲੀਸਿਯਾ ਵਿਚ, ਅਤੇ ਤੁਹਾਡੇ ਦਿਲ ਵਿਚ ਵੀ ਖ਼ੁਸ਼ੀ ਹੁੰਦੀ ਹੈ? ਜਾਂ, ਦ੍ਰਿਸ਼ਟਾਂਤ ਵਿਚ ਵੱਡੇ ਪੁੱਤਰ ਵਾਂਗ, ਕੀ ਤੁਹਾਡੇ ਦਿਲ ਵਿਚ ਵੀ ਨਾਰਾਜ਼ਗੀ ਹੈ, ਜਿਵੇਂ ਕਿ ਉਹ ਵਿਅਕਤੀ ਸੁਆਗਤ ਦੇ ਯੋਗ ਨਹੀਂ ਹੈ ਜਿਸ ਨੂੰ ਪਰਮੇਸ਼ੁਰ ਦੇ ਝੁੰਡ ਨੂੰ ਛੱਡਣਾ ਹੀ ਨਹੀਂ ਚਾਹੀਦਾ ਸੀ?
17. (ੳ) ਪਹਿਲੀ ਸਦੀ ਵਿਚ ਕੁਰਿੰਥੁਸ ਵਿਚ ਕਿਹੜੀ ਸਥਿਤੀ ਪੈਦਾ ਹੋ ਗਈ ਸੀ, ਅਤੇ ਪੌਲੁਸ ਨੇ ਕਲੀਸਿਯਾ ਦੇ ਭੈਣ-ਭਰਾਵਾਂ ਨੂੰ ਇਸ ਮਾਮਲੇ ਨਾਲ ਕਿਵੇਂ ਨਜਿੱਠਣ ਦੀ ਸਲਾਹ ਦਿੱਤੀ ਸੀ? (ਅ) ਪੌਲੁਸ ਦੀ ਨਸੀਹਤ ਵਿਵਹਾਰਕ ਕਿਉਂ ਸੀ, ਅਤੇ ਅਸੀਂ ਅੱਜ ਇਸ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ? (ਸੱਜੇ ਪਾਸੇ ਡੱਬੀ ਵੀ ਦੇਖੋ।)
17 ਇਸ ਮਾਮਲੇ ਵਿਚ ਆਪਣੀ ਜਾਂਚ ਕਰਨ ਲਈ, ਗੌਰ ਕਰੋ ਕਿ ਲਗਭਗ ਸਾਲ 55 ਸਾ.ਯੁ. ਵਿਚ ਕੁਰਿੰਥੁਸ ਵਿਚ ਕੀ ਵਾਪਰਿਆ ਸੀ। ਉੱਥੇ ਇਕ ਆਦਮੀ ਜਿਸ ਨੂੰ ਕਲੀਸਿਯਾ ਵਿੱਚੋਂ ਛੇਕ ਦਿੱਤਾ ਗਿਆ ਸੀ, ਨੇ ਆਪਣੀ ਅਨੈਤਿਕ ਜ਼ਿੰਦਗੀ ਨੂੰ ਤਿਆਗ ਦਿੱਤਾ। ਭਰਾਵਾਂ ਨੂੰ ਕੀ ਕਰਨਾ ਚਾਹੀਦਾ ਸੀ? ਕੀ ਉਨ੍ਹਾਂ ਨੂੰ ਉਸ ਦੇ ਪਸ਼ਚਾਤਾਪ ਉੱਤੇ ਸ਼ੱਕ ਕਰਨਾ ਚਾਹੀਦਾ ਸੀ ਅਤੇ ਉਸ ਤੋਂ ਦੂਰ ਰਹਿਣਾ ਚਾਹੀਦਾ ਸੀ? ਇਸ ਦੇ ਉਲਟ, ਪੌਲੁਸ ਨੇ ਕੁਰਿੰਥੀਆਂ ਨੂੰ ਤਾਕੀਦ ਕੀਤੀ: “ਤੁਹਾਨੂੰ ਚਾਹੀਦਾ ਹੈ ਜੋ ਉਹ ਨੂੰ ਮਾਫ਼ ਕਰੋ ਅਤੇ ਦਿਲਾਸਾ ਦਿਓ ਮਤੇ ਬਹੁਤਾ ਗਮ ਏਹੋ ਜੇਹੇ ਮਨੁੱਖ ਨੂੰ ਖਾ ਜਾਵੇ। ਉਪਰੰਤ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਜੋ ਤੁਸੀਂ ਉਸ ਉੱਤੇ ਆਪਣੇ ਪ੍ਰੇਮ ਨੂੰ ਜ਼ਾਹਰ ਕਰੋ।” (2 ਕੁਰਿੰਥੀਆਂ 2:7, 8) ਅਕਸਰ, ਪਸ਼ਚਾਤਾਪੀ ਪਾਪੀਆਂ ਦੇ ਦਿਲ ਵਿਚ ਖ਼ਾਸ ਕਰਕੇ ਸ਼ਰਮ ਅਤੇ ਨਿਰਾਸ਼ਾ ਦੀਆਂ ਭਾਵਨਾਵਾਂ ਆਉਂਦੀਆਂ ਹਨ। ਇਸ ਲਈ, ਇਨ੍ਹਾਂ ਨੂੰ ਯਕੀਨ ਦਿਵਾਉਣ ਦੀ ਲੋੜ ਹੈ ਕਿ ਉਨ੍ਹਾਂ ਦੇ ਸੰਗੀ ਵਿਸ਼ਵਾਸੀ ਅਤੇ ਯਹੋਵਾਹ ਉਨ੍ਹਾਂ ਨੂੰ ਪਿਆਰ ਕਰਦੇ ਹਨ। (ਯਿਰਮਿਯਾਹ 31:3; ਰੋਮੀਆਂ 1:12) ਇਹ ਬਹੁਤ ਜ਼ਰੂਰੀ ਹੈ। ਕਿਉਂ?
18, 19. (ੳ) ਕੁਰਿੰਥੀਆਂ ਨੇ ਪਹਿਲਾਂ ਕਿਵੇਂ ਦਿਖਾਇਆ ਕਿ ਉਹ ਬਹੁਤ ਨਰਮ ਸਨ? (ਅ) ਨਿਰਦਈ ਰਵੱਈਏ ਕਾਰਨ ਕੁਰਿੰਥੀਆਂ ਉੱਤੇ ਕਿਵੇਂ ‘ਸ਼ਤਾਨ ਹੱਥ ਕਰ’ ਸਕਦਾ ਸੀ?
18 ਕੁਰਿੰਥੀਆਂ ਨੂੰ ਮਾਫ਼ੀ ਦਿੰਦੇ ਰਹਿਣ ਦੀ ਤਾਕੀਦ ਕਰਦੇ ਹੋਏ, ਪੌਲੁਸ ਨੇ ਇਹ ਇਕ ਕਾਰਨ ਦਿੱਤਾ ਕਿ “ਸ਼ਤਾਨ ਸਾਡੇ ਨਾਲ ਹੱਥ ਨਾ ਕਰ ਜਾਏ ਕਿਉਂ ਜੋ ਅਸੀਂ ਉਸ ਦਿਆਂ ਚਾਲਿਆਂ ਤੋਂ ਅਣਜਾਣ ਨਹੀਂ।” (2 ਕੁਰਿੰਥੀਆਂ 2:11) ਉਸ ਦੇ ਕਹਿਣ ਦਾ ਕੀ ਮਤਲਬ ਸੀ? ਕੁਝ ਸਮਾਂ ਪਹਿਲਾਂ ਪੌਲੁਸ ਨੂੰ ਕੁਰਿੰਥੁਸ ਦੀ ਕਲੀਸਿਯਾ ਨੂੰ ਬਹੁਤ ਜ਼ਿਆਦਾ ਨਰਮ ਹੋਣ ਕਰਕੇ ਝਿੜਕਣਾ ਪਿਆ ਸੀ। ਉਨ੍ਹਾਂ ਨੇ ਇਸੇ ਆਦਮੀ ਨੂੰ ਉਸ ਦੇ ਪਾਪਾਂ ਦੀ ਸਜ਼ਾ ਨਹੀਂ ਦਿੱਤੀ ਸੀ। ਇਸ ਤਰ੍ਹਾਂ ਕਰਨ ਨਾਲ, ਕਲੀਸਿਯਾ—ਖ਼ਾਸ ਕਰਕੇ ਬਜ਼ੁਰਗ—ਸ਼ਤਾਨ ਦੇ ਫੰਦੇ ਵਿਚ ਫਸ ਗਏ ਸਨ, ਕਿਉਂਕਿ ਕਲੀਸਿਯਾ ਦੀ ਬਦਨਾਮੀ ਕਰਨ ਵਿਚ ਸ਼ਤਾਨ ਨੂੰ ਬਹੁਤ ਖ਼ੁਸ਼ੀ ਹੋਣੀ ਸੀ।—1 ਕੁਰਿੰਥੀਆਂ 5:1-5.
19 ਜੇਕਰ ਉਹ ਹੁਣ ਬਿਲਕੁਲ ਉਲਟ ਕਰਨ ਲੱਗ ਪੈਂਦੇ ਅਤੇ ਪਸ਼ਚਾਤਾਪੀ ਆਦਮੀ ਨੂੰ ਮਾਫ਼ ਕਰਨ ਤੋਂ ਇਨਕਾਰ ਕਰ ਦਿੰਦੇ, ਤਾਂ ਸ਼ਤਾਨ ਨੇ ਉਨ੍ਹਾਂ ਨੂੰ ਇਕ ਹੋਰ ਤਰੀਕੇ ਨਾਲ ਫੰਦੇ ਵਿਚ ਫਸਾ ਲੈਣਾ ਸੀ। ਕਿਵੇਂ? ਉਹ ਉਨ੍ਹਾਂ ਦੇ ਕਠੋਰ ਅਤੇ ਨਿਰਦਈ ਹੋਣ ਦਾ ਫ਼ਾਇਦਾ ਉਠਾ ਸਕਦਾ ਸੀ। ਜੇਕਰ ਪਸ਼ਚਾਤਾਪੀ ਪਾਪੀ ਨੂੰ ‘ਬਹੁਤਾ ਗ਼ਮ ਖਾ ਜਾਵੇ’—ਜਾਂ ਟੂਡੇਜ਼ ਇੰਗਲਿਸ਼ ਵਰਯਨ ਦੇ ਅਨੁਸਾਰ, ਪਾਪੀ “ਇੰਨਾ ਉਦਾਸ ਹੋ ਜਾਵੇ ਕਿ ਹੌਸਲਾ ਹਾਰ ਦੇਵੇ”—ਤਾਂ ਪਰਮੇਸ਼ੁਰ ਦੇ ਸਾਮ੍ਹਣੇ ਬਜ਼ੁਰਗ ਕਿੰਨੇ ਦੋਸ਼ੀ ਠਹਿਰਦੇ! (ਹਿਜ਼ਕੀਏਲ 34:6; ਯਾਕੂਬ 3:1 ਦੀ ਤੁਲਨਾ ਕਰੋ।) ਚੰਗੇ ਕਾਰਨਾਂ ਕਰਕੇ, ਆਪਣੇ ਪੈਰੋਕਾਰਾਂ ਨੂੰ “ਇਨ੍ਹਾਂ ਛੋਟਿਆਂ ਵਿੱਚੋਂ ਇੱਕ ਨੂੰ” ਠੋਕਰ ਖੁਆਉਣ ਤੋਂ ਸਾਵਧਾਨ ਕਰਨ ਮਗਰੋਂ, ਯਿਸੂ ਨੇ ਕਿਹਾ: “ਖਬਰਦਾਰ ਰਹੋ! ਜੇ ਤੇਰਾ ਭਾਈ ਗੁਨਾਹ ਕਰੇ ਤਾਂ ਉਹ ਨੂੰ ਸਮਝਾ ਦਿਹ ਅਰ ਜੇ ਤੋਬਾ ਕਰੇ ਤਾਂ ਉਹ ਨੂੰ ਮਾਫ਼ ਕਰ।”a (ਟੇਢੇ ਟਾਈਪ ਸਾਡੇ।)—ਲੂਕਾ 17:1-4.
20. ਜਦੋਂ ਇਕ ਪਾਪੀ ਪਸ਼ਚਾਤਾਪ ਕਰਦਾ ਹੈ, ਤਾਂ ਸਵਰਗ ਅਤੇ ਧਰਤੀ ਦੋਵਾਂ ਤੇ ਕਿਵੇਂ ਖ਼ੁਸ਼ੀ ਮਨਾਈ ਜਾਂਦੀ ਹੈ?
20 ਹਰ ਸਾਲ ਸ਼ੁੱਧ ਉਪਾਸਨਾ ਵੱਲ ਵਾਪਸ ਮੁੜਨ ਵਾਲੇ ਹਜ਼ਾਰਾਂ ਲੋਕ, ਪਰਮੇਸ਼ੁਰ ਵੱਲੋਂ ਉਨ੍ਹਾਂ ਨੂੰ ਦਿਖਾਈ ਗਈ ਦਇਆ ਲਈ ਬਹੁਤ ਸ਼ੁਕਰਗੁਜ਼ਾਰ ਹਨ। “ਮੇਰੀ ਜ਼ਿੰਦਗੀ ਵਿਚ ਕੋਈ ਵੀ ਪਲ ਇੰਨਾ ਖ਼ੁਸ਼ੀ ਭਰਿਆ ਨਹੀਂ ਸੀ,” ਇਕ ਮਸੀਹੀ ਭੈਣ ਆਪਣੇ ਬਹਾਲ ਕੀਤੇ ਜਾਣ ਤੋਂ ਬਾਅਦ ਕਹਿੰਦੀ ਹੈ। ਬਿਨਾਂ ਸ਼ੱਕ, ਦੂਤਾਂ ਨੇ ਵੀ ਉਸ ਨਾਲ ਖ਼ੁਸ਼ੀ ਮਨਾਈ। ਆਓ ਅਸੀਂ ਵੀ “ਸੁਰਗ ਵਿੱਚ” ਮਨਾਈ ਜਾਂਦੀ “ਖੁਸ਼ੀ” ਵਿਚ ਸ਼ਾਮਲ ਹੋਈਏ ਜੋ ਇਕ ਪਾਪੀ ਦੇ ਪਸ਼ਚਾਤਾਪ ਕਰਨ ਤੇ ਮਨਾਈ ਜਾਂਦੀ ਹੈ। (ਲੂਕਾ 15:7) ਇਸ ਤਰ੍ਹਾਂ ਕਰਨ ਨਾਲ, ਅਸੀਂ ਯਹੋਵਾਹ ਦੀ ਦਇਆ ਦੀ ਰੀਸ ਕਰ ਰਹੇ ਹੋਵਾਂਗੇ।
[ਫੁਟਨੋਟ]
a ਭਾਵੇਂ ਕਿ ਇੰਜ ਜਾਪਦਾ ਹੈ ਕਿ ਕੁਰਿੰਥੁਸ ਵਿਚ ਉਸ ਪਾਪੀ ਨੂੰ ਜਲਦੀ ਹੀ ਬਹਾਲ ਕੀਤਾ ਗਿਆ ਸੀ, ਪਰੰਤੂ ਇਸ ਨੂੰ ਸਾਰੇ ਛੇਕੇ ਗਏ ਵਿਅਕਤੀਆਂ ਲਈ ਇਕ ਮਿਆਰ ਵਜੋਂ ਪ੍ਰਯੋਗ ਨਹੀਂ ਕੀਤਾ ਜਾਣਾ ਚਾਹੀਦਾ ਹੈ। ਹਰੇਕ ਮਾਮਲਾ ਵੱਖਰਾ ਹੁੰਦਾ ਹੈ। ਕੁਝ ਪਾਪੀ ਛੇਕੇ ਜਾਣ ਤੋਂ ਤੁਰੰਤ ਬਾਅਦ ਸੱਚੀ ਤੋਬਾ ਦਿਖਾਉਣੀ ਸ਼ੁਰੂ ਕਰ ਦਿੰਦੇ ਹਨ। ਦੂਸਰੇ ਵਿਅਕਤੀ ਸ਼ਾਇਦ ਅਜਿਹਾ ਰਵੱਈਆ ਪ੍ਰਗਟ ਕਰਨ ਵਿਚ ਕੁਝ ਸਮਾਂ ਲਗਾਉਣ। ਪਰੰਤੂ, ਹਰੇਕ ਮਾਮਲੇ ਵਿਚ, ਬਹਾਲ ਕੀਤੇ ਜਾਣ ਵਾਲੇ ਵਿਅਕਤੀਆਂ ਨੂੰ ਪਹਿਲਾਂ ਪਰਮੇਸ਼ੁਰ ਯੋਗ ਉਦਾਸੀ ਦਾ ਸਬੂਤ ਦੇਣਾ ਚਾਹੀਦਾ ਹੈ ਅਤੇ, ਜਿੱਥੇ ਸੰਭਵ ਹੈ, ਤੋਬਾ ਦੇ ਲਾਇਕ ਕੰਮ ਪ੍ਰਗਟ ਕਰਨੇ ਚਾਹੀਦੇ ਹਨ।—ਰਸੂਲਾਂ ਦੇ ਕਰਤੱਬ 26:20; 2 ਕੁਰਿੰਥੀਆਂ 7:11.
ਗੌਰ ਕਰਨ ਲਈ
◻ ਉਜਾੜੂ ਪੁੱਤਰ ਦਾ ਭਰਾ ਕਿਵੇਂ ਯਹੂਦੀ ਧਾਰਮਿਕ ਆਗੂਆਂ ਵਰਗਾ ਸੀ?
◻ ਉਜਾੜੂ ਪੁੱਤਰ ਦੇ ਭਰਾ ਨੇ ਕਿਸ ਤਰ੍ਹਾਂ ਪੁੱਤਰ ਹੋਣ ਦਾ ਅਰਥ ਨਹੀਂ ਸਮਝਿਆ ਸੀ?
◻ ਪਰਮੇਸ਼ੁਰ ਦੀ ਦਇਆ ਉੱਤੇ ਵਿਚਾਰ ਕਰਦੇ ਸਮੇਂ, ਸਾਨੂੰ ਕਿਹੜੀਆਂ ਦੋ ਗੱਲਾਂ ਵਿਚ ਹੱਦ ਕਰਨ ਤੋਂ ਬਚਣਾ ਚਾਹੀਦਾ ਹੈ?
◻ ਅੱਜ ਅਸੀਂ ਪਰਮੇਸ਼ੁਰ ਦੀ ਦਇਆ ਦੀ ਕਿਵੇਂ ਰੀਸ ਕਰ ਸਕਦੇ ਹਾਂ?
[ਸਫ਼ੇ 12 ਉੱਤੇ ਡੱਬੀ]
“ਉਸ ਉੱਤੇ ਆਪਣੇ ਪ੍ਰੇਮ ਨੂੰ ਜ਼ਾਹਰ ਕਰੋ”
ਛੇਕੇ ਗਏ ਪਾਪੀ ਦੇ ਸੰਬੰਧ ਵਿਚ ਜਿਸ ਨੇ ਪਸ਼ਚਾਤਾਪ ਪ੍ਰਦਰਸ਼ਿਤ ਕੀਤਾ ਸੀ, ਪੌਲੁਸ ਨੇ ਕੁਰਿੰਥੁਸ ਦੀ ਕਲੀਸਿਯਾ ਨੂੰ ਕਿਹਾ: “ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਜੋ ਤੁਸੀਂ ਉਸ ਉੱਤੇ ਆਪਣੇ ਪ੍ਰੇਮ ਨੂੰ ਜ਼ਾਹਰ ਕਰੋ।” (2 ਕੁਰਿੰਥੀਆਂ 2:8) “ਜ਼ਾਹਰ ਕਰੋ” ਅਨੁਵਾਦ ਕੀਤੇ ਗਏ ਯੂਨਾਨੀ ਸ਼ਬਦ ਦਾ ਕਾਨੂੰਨੀ ਭਾਸ਼ਾ ਵਿਚ ਅਰਥ ਹੈ “ਪ੍ਰਮਾਣਿਤ ਕਰਨਾ।” ਜੀ ਹਾਂ, ਕਲੀਸਿਯਾ ਵਿਚ ਬਹਾਲ ਕੀਤੇ ਗਏ ਪਸ਼ਚਾਤਾਪੀ ਵਿਅਕਤੀਆਂ ਨੂੰ ਅਹਿਸਾਸ ਕਰਾਏ ਜਾਣ ਦੀ ਲੋੜ ਹੈ ਕਿ ਉਹ ਸਾਨੂੰ ਪਿਆਰੇ ਹਨ ਅਤੇ ਕਿ ਉਨ੍ਹਾਂ ਦਾ ਦੁਬਾਰਾ ਕਲੀਸਿਯਾ ਦੇ ਮੈਂਬਰਾਂ ਵਜੋਂ ਸੁਆਗਤ ਕੀਤਾ ਜਾਂਦਾ ਹੈ।
ਪਰੰਤੂ, ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਲੀਸਿਯਾ ਵਿਚ ਜ਼ਿਆਦਾਤਰ ਭੈਣ-ਭਰਾ ਉਨ੍ਹਾਂ ਸਥਿਤੀਆਂ ਨੂੰ ਨਹੀਂ ਜਾਣਦੇ ਹਨ ਜਿਨ੍ਹਾਂ ਕਰਕੇ ਇਕ ਵਿਅਕਤੀ ਨੂੰ ਛੇਕਿਆ ਗਿਆ ਸੀ ਜਾਂ ਬਹਾਲ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਪਸ਼ਚਾਤਾਪੀ ਵਿਅਕਤੀ ਦੇ ਗ਼ਲਤ ਕੰਮ ਦਾ ਸ਼ਾਇਦ ਕੁਝ ਭੈਣ-ਭਰਾਵਾਂ ਉੱਤੇ ਨਿੱਜੀ ਤੌਰ ਤੇ ਅਸਰ ਪਿਆ ਹੋਵੇ ਜਾਂ ਉਨ੍ਹਾਂ ਨੂੰ ਇਸ ਤੋਂ ਦੁੱਖ ਪਹੁੰਚਿਆ ਹੋਵੇ—ਸ਼ਾਇਦ ਲੰਮੇ ਸਮੇਂ ਲਈ। ਇਸ ਲਈ, ਅਜਿਹੇ ਮਾਮਲਿਆਂ ਵਿਚ ਦੂਜਿਆਂ ਦਾ ਲਿਹਾਜ਼ ਦਿਖਾਉਂਦੇ ਹੋਏ, ਜਦੋਂ ਕਿਸੇ ਦੇ ਬਹਾਲ ਕੀਤੇ ਜਾਣ ਦੀ ਘੋਸ਼ਣਾ ਕੀਤੀ ਜਾਂਦੀ ਹੈ, ਤਾਂ ਇਹ ਸਮਝਣਯੋਗ ਹੈ ਕਿ ਅਸੀਂ ਉਸ ਵੇਲੇ ਬਹਾਲ ਕੀਤੇ ਗਏ ਵਿਅਕਤੀ ਦਾ ਖੁੱਲ੍ਹ ਕੇ ਸੁਆਗਤ ਕਰਨ ਦੀ ਬਜਾਇ, ਬਾਅਦ ਵਿਚ ਨਿੱਜੀ ਤੌਰ ਤੇ ਉਸ ਦਾ ਸੁਆਗਤ ਕਰ ਸਕਦੇ ਹਾਂ।
ਬਹਾਲ ਕੀਤੇ ਗਏ ਵਿਅਕਤੀਆਂ ਦਾ ਵਿਸ਼ਵਾਸ ਕਿੰਨਾ ਮਜ਼ਬੂਤ ਹੁੰਦਾ ਹੈ ਜਦੋਂ ਉਹ ਦੇਖਦੇ ਹਨ ਕਿ ਉਨ੍ਹਾਂ ਦਾ ਮਸੀਹੀ ਕਲੀਸਿਯਾ ਦੇ ਮੈਂਬਰਾਂ ਵਜੋਂ ਸੁਆਗਤ ਕੀਤਾ ਜਾਂਦਾ ਹੈ! ਅਸੀਂ ਅਜਿਹੇ ਪਸ਼ਚਾਤਾਪੀ ਵਿਅਕਤੀਆਂ ਨਾਲ ਰਾਜ ਗ੍ਰਹਿ ਵਿਚ, ਸੇਵਕਾਈ ਵਿਚ, ਅਤੇ ਦੂਸਰੇ ਢੁਕਵੇਂ ਮੌਕਿਆਂ ਤੇ ਗੱਲ ਕਰ ਕੇ ਅਤੇ ਉਨ੍ਹਾਂ ਨਾਲ ਸੰਗਤ ਦਾ ਆਨੰਦ ਮਾਣ ਕੇ ਉਨ੍ਹਾਂ ਨੂੰ ਉਤਸ਼ਾਹਿਤ ਕਰ ਸਕਦੇ ਹਾਂ। ਇਸ ਤਰ੍ਹਾਂ ਇਨ੍ਹਾਂ ਪਿਆਰਿਆਂ ਲਈ ਆਪਣੇ ਪਿਆਰ ਨੂੰ ਜ਼ਾਹਰ ਕਰਨ, ਜਾਂ ਪ੍ਰਮਾਣਿਤ ਕਰਨ ਦੁਆਰਾ, ਅਸੀਂ ਉਨ੍ਹਾਂ ਵੱਲੋਂ ਕੀਤੇ ਗਏ ਪਾਪਾਂ ਦੀ ਗੰਭੀਰਤਾ ਨੂੰ ਕਿਸੇ ਵੀ ਤਰ੍ਹਾਂ ਘਟਾਉਂਦੇ ਨਹੀਂ ਹਾਂ। ਇਸ ਦੀ ਬਜਾਇ, ਸਵਰਗੀ ਦੂਤਾਂ ਦੇ ਨਾਲ, ਅਸੀਂ ਇਸ ਗੱਲ ਤੋਂ ਖ਼ੁਸ਼ ਹੁੰਦੇ ਹਾਂ ਕਿ ਉਨ੍ਹਾਂ ਨੇ ਆਪਣੇ ਪਾਪਮਈ ਰਾਹ ਨੂੰ ਛੱਡ ਦਿੱਤਾ ਹੈ ਅਤੇ ਯਹੋਵਾਹ ਕੋਲ ਵਾਪਸ ਆ ਗਏ ਹਨ।—ਲੂਕਾ 15:7.
[ਸਫ਼ੇ 10 ਉੱਤੇ ਤਸਵੀਰ]
ਵੱਡੇ ਪੁੱਤਰ ਨੇ ਆਪਣੇ ਭਰਾ ਦੀ ਵਾਪਸੀ ਤੇ ਖ਼ੁਸ਼ੀ ਮਨਾਉਣ ਤੋਂ ਇਨਕਾਰ ਕੀਤਾ