ਸ਼ਾਂਤੀ ਨਾਲ ਝਗੜੇ ਕਿਵੇਂ ਸੁਲਝਾਏ ਜਾਂਦੇ ਹਨ
ਮਾਨਵੀ ਹਿੰਸਾ ਮਨੁੱਖਜਾਤ ਜਿੰਨੀ ਪੁਰਾਣੀ ਹੈ। ਬਾਈਬਲ ਹਿੰਸਾ ਦੀ ਸ਼ੁਰੂਆਤ ਕਇਨ ਦੇ ਨਾਲ ਜੋੜਦੀ ਹੈ ਜੋ ਕਿ ਹਾਬਲ ਦਾ ਭਰਾ ਅਤੇ ਪਹਿਲੇ ਮਾਨਵੀ ਜੋੜੇ ਦਾ ਜੇਠਾ ਪੁੱਤਰ ਸੀ। ਜਦੋਂ ਪਰਮੇਸ਼ੁਰ ਨੇ ਕਇਨ ਦੇ ਚੜ੍ਹਾਵੇ ਦੀ ਬਜਾਇ ਹਾਬਲ ਦੇ ਚੜ੍ਹਾਵੇ ਉੱਤੇ ਕਿਰਪਾ ਦਿਖਾਈ, ਕਇਨ “ਬਹੁਤ ਕਰੋਧਵਾਨ ਹੋਇਆ।” ਇਸ ਬਾਰੇ ਉਸ ਨੇ ਕੀ ਕੀਤਾ? “ਕਇਨ ਨੇ ਆਪਣੇ ਭਰਾ ਹਾਬਲ ਦੇ ਵਿਰੁੱਧ ਉੱਠਕੇ ਉਹ ਨੂੰ ਮਾਰ ਸੁੱਟਿਆ।” ਬਾਅਦ ਵਿਚ ਉਸ ਨੇ ਆਪਣੇ ਆਪ ਨੂੰ ਪਰਮੇਸ਼ੁਰ ਅੱਗੇ ਬਹੁਤ ਵੱਡੀ ਮੁਸੀਬਤ ਵਿਚ ਪਾਇਆ। (ਉਤਪਤ 4:5, 8-12) ਹਿੰਸਾ ਨੇ ਸ੍ਰਿਸ਼ਟੀਕਰਤਾ ਨਾਲ ਕਇਨ ਦੇ ਵਿਗੜੇ ਹੋਏ ਰਿਸ਼ਤੇ ਦੇ ਮਸਲੇ ਨੂੰ ਨਹੀਂ ਸੁਧਾਰਿਆ।
ਅਸੀਂ ਕਇਨ ਵਾਂਗ ਮੁਸ਼ਕਲਾਂ ਸੁਲਝਾਉਣ ਲਈ ਕੁੱਟ-ਮਾਰ ਦਾ ਸਹਾਰਾ ਲੈਣ ਵਾਲੇ ਮਾਰਗ ਤੋਂ ਕਿਸ ਤਰ੍ਹਾਂ ਪਰਹੇਜ਼ ਕਰ ਸਕਦੇ ਹਾਂ?
ਹਿੰਸਾ ਦੀ ਥਾਂ ਧੀਰਜ
ਉਸ ਆਦਮੀ ਤੇ ਗੌਰ ਕਰੋ ਜਿਸ ਨੇ ਸ਼ਹੀਦ ਕੀਤੇ ਪਹਿਲੇ ਮਸੀਹੀ, ਇਸਤੀਫ਼ਾਨ ਦਾ ਕਤਲ ਹੁੰਦਾ ਹੋਇਆ ਦੇਖਿਆ ਅਤੇ ਇਸ ਨੂੰ ਚੰਗਾ ਸਮਝਿਆ। (ਰਸੂਲਾਂ ਦੇ ਕਰਤੱਬ 7:58; 8:1) ਇਹ ਆਦਮੀ, ਤਰਸੁਸ ਦਾ ਰਹਿਣ ਵਾਲਾ ਸੌਲੁਸ, ਇਸਤੀਫ਼ਾਨ ਦੇ ਧਾਰਮਿਕ ਅਸੂਲਾਂ ਦੇ ਨਾਲ ਸਹਿਮਤ ਨਹੀਂ ਸੀ ਅਤੇ ਉਸ ਦਿਆਂ ਕੰਮਾਂ-ਕਾਰਾਂ ਨੂੰ ਰੋਕਣ ਵਾਸਤੇ ਇਸਤੀਫ਼ਾਨ ਦੇ ਹਿੰਸਕ ਕਤਲ ਨੂੰ ਜਾਇਜ਼ ਸਮਝਦੇ ਹੋਏ ਇਸ ਨੂੰ ਸਮਰਥਨ ਦਿੱਤਾ। ਹੋ ਸਕਦਾ ਹੈ ਕਿ ਸੌਲੁਸ ਆਪਣੀ ਜ਼ਿੰਦਗੀ ਦੇ ਹਰ ਪਹਿਲੂ ਵਿਚ ਹਿੰਸਕ ਨਹੀਂ ਸੀ। ਲੇਕਿਨ ਫਿਰ ਵੀ ਉਹ ਮੁਸ਼ਕਲਾਂ ਸੁਲਝਾਉਣ ਲਈ ਹਿੰਸਾ ਦਾ ਸਹਾਰਾ ਲੈਣ ਲਈ ਤਿਆਰ ਸੀ। ਇਸਤੀਫ਼ਾਨ ਦੀ ਮੌਤ ਤੋਂ ਇਕ ਦਮ ਬਾਅਦ, ਸੌਲੁਸ “ਕਲੀਸਿਯਾ ਦਾ ਨਾਸ ਕਰਦਾ ਸੀ ਅਤੇ ਉਹ ਘਰਾਂ ਵਿੱਚ ਵੜ ਵੜ ਕੇ ਮਰਦਾਂ ਅਤੇ ਤੀਵੀਆਂ ਨੂੰ ਧੂ ਘਸੀਟ ਕੇ ਕੈਦ ਵਿੱਚ ਪੁਆਉਂਦਾ ਸੀ।”—ਰਸੂਲਾਂ ਦੇ ਕਰਤੱਬ 8:3.
ਬਾਈਬਲ ਵਿਦਵਾਨ ਐਲਬਰਟ ਬਾਰਨਜ਼ ਦੇ ਅਨੁਸਾਰ, ਇੱਥੇ “ਨਾਸ ਕਰਦਾ” ਤਰਜਮਾ ਕੀਤਾ ਗਿਆ ਯੂਨਾਨੀ ਸ਼ਬਦ ਜੰਗਲੀ ਜਾਨਵਰਾਂ, ਜਿਵੇਂ ਕਿ ਸ਼ੇਰਾਂ ਅਤੇ ਬਘਿਆੜਾਂ, ਦੁਆਰਾ ਕੀਤੀ ਗਈ ਤਬਾਹੀ ਨੂੰ ਸੰਕੇਤ ਕਰ ਸਕਦਾ ਹੈ। ਬਾਰਨਜ਼ ਸਮਝਾਉਂਦਾ ਹੈ, “ਸੌਲੁਸ ਮਸੀਹੀਆਂ ਦੇ ਵਿਰੁੱਧ ਜੰਗਲੀ ਜਾਨਵਰ ਵਾਂਗ ਭੜਕ ਉੱਠਿਆ—ਇਹ ਕਰੜੇ ਸ਼ਬਦ ਹਨ ਲੇਕਿਨ ਇਹ ਉਸ ਜੋਸ਼ ਅਤੇ ਕ੍ਰੋਧ ਨੂੰ ਸੰਕੇਤ ਕਰਦੇ ਹਨ ਜਿਸ ਨਾਲ ਉਹ ਗੁੱਸੇ ਵਿਚ ਅਤਿਆਚਾਰ ਕਰਦਾ ਸੀ।” ਜਦੋਂ ਸੌਲੁਸ ਮਸੀਹ ਦੇ ਹੋਰ ਚੇਲੇ ਇਕੱਠੇ ਕਰਨ ਵਾਸਤੇ ਦੰਮਿਸਕ ਵੱਲ ਤੁਰਿਆ, ਉਹ ਹਾਲੇ ਵੀ “ਪ੍ਰਭੁ ਦੇ ਚੇਲਿਆਂ ਦੇ ਦਬਕਾਉਣ ਅਤੇ ਕਤਲ ਕਰਨ ਤੇ ਦਮ ਮਾਰਦਾ” ਸੀ। ਰਸਤੇ ਉੱਤੇ ਉਸ ਨਾਲ ਜੀ ਉੱਠੇ ਯਿਸੂ ਨੇ ਗੱਲ ਕੀਤੀ, ਅਤੇ ਇਸ ਦੇ ਨਤੀਜੇ ਵਜੋਂ ਸੌਲੁਸ ਇਕ ਮਸੀਹੀ ਬਣ ਗਿਆ।—ਰਸੂਲਾਂ ਦੇ ਕਰਤੱਬ 9:1-19.
ਮਸੀਹੀ ਬਣਨ ਤੋਂ ਬਾਅਦ, ਸੌਲੁਸ ਦਾ ਦੂਜਿਆਂ ਦੇ ਨਾਲ ਵਰਤਾਉ ਕਰਨ ਦਾ ਢੰਗ ਬਦਲ ਗਿਆ। ਇਸ ਗੱਲ ਦਾ ਸਬੂਤ ਉਹ ਘਟਨਾ ਹੈ ਜੋ 16 ਸਾਲ ਬਾਅਦ ਵਾਪਰੀ। ਅੰਤਾਕਿਯਾ ਵਿਚ ਉਸ ਦੀ ਕਲੀਸਿਯਾ ਨੂੰ ਲੋਕਾਂ ਦਾ ਇਕ ਸਮੂਹ ਆ ਕੇ ਉੱਥੇ ਦੇ ਮਸੀਹੀਆਂ ਨੂੰ ਮੂਸਾ ਦੀ ਬਿਵਸਥਾ ਤੇ ਚੱਲਣ ਲਈ ਮਜਬੂਰ ਕਰਨ ਲੱਗ ਪਿਆ। ਨਤੀਜੇ ਵਜੋਂ “ਉਨ੍ਹਾਂ ਨਾਲ ਝਗੜਾ” ਹੋਇਆ। ਇਸ ਵਕਤ ਸੌਲੁਸ, ਪੌਲੁਸ ਨਾਮ ਤੋਂ ਜਾਣਿਆ ਜਾਂਦਾ ਸੀ ਅਤੇ ਉਸ ਨੇ ਇਸ ਗਰਮਾ-ਗਰਮ ਬਹਿਸ ਵਿਚ ਹਿੱਸਾ ਲਿਆ। ਪਰ ਪੌਲੁਸ ਨੇ ਹਿੰਸਾ ਦਾ ਸਹਾਰਾ ਨਹੀਂ ਲਿਆ। ਇਸ ਦੀ ਬਜਾਇ, ਉਸ ਨੇ ਕਲੀਸਿਯਾ ਦੇ ਫ਼ੈਸਲੇ ਨੂੰ ਮਨਜ਼ੂਰ ਕੀਤਾ ਕਿ ਇਹ ਮਾਮਲਾ ਯਰੂਸ਼ਲਮ ਦੀ ਕਲੀਸਿਯਾ ਦੇ ਰਸੂਲਾਂ ਅਤੇ ਬਜ਼ੁਰਗਾਂ ਤਕ ਲਿਜਾਇਆ ਜਾਵੇ।—ਰਸੂਲਾਂ ਦੇ ਕਰਤੱਬ 15:1, 2.
ਯਰੂਸ਼ਲਮ ਵਿਚ, ਬਜ਼ੁਰਗਾਂ ਦੀ ਸਭਾ ਤੇ ਫਿਰ ਤੋਂ ਦੀ “ਬਹੁਤ ਵਾਦ” ਹੋਇਆ। ਪੌਲੁਸ ਨੇ ‘ਸਾਰੀ ਸਭਾ ਦੇ ਚੁੱਪ ਹੋਣ’ ਤਕ ਇੰਤਜ਼ਾਰ ਕੀਤਾ ਅਤੇ ਫਿਰ ਉਸ ਨੇ ਬੇਸੁੰਨਤ ਵਿਸ਼ਵਾਸੀਆਂ ਵਿਚ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੇ ਅਚੰਭਿਆਂ ਬਾਰੇ ਗਵਾਹੀ ਦਿੱਤੀ। ਸ਼ਾਸਤਰ-ਸੰਬੰਧੀ ਬਹਿਸ ਤੋਂ ਬਾਅਦ ਰਸੂਲ ਅਤੇ ਯਰੂਸ਼ਲਮ ਦੇ ਬਜ਼ੁਰਗ “ਇੱਕ ਮਨ ਹੋ ਕੇ” ਇਸ ਨਤੀਜੇ ਤੇ ਪਹੁੰਚੇ ਕਿ ਬੇਸੁੰਨਤ ਵਿਸ਼ਵਾਸੀਆਂ ਉੱਤੇ ਜ਼ਰੂਰੀ ਗੱਲਾਂ ਤੋਂ ਬਿਨਾਂ ਹੋਰ ਕੋਈ ਭਾਰ ਨਾ ਪਾਇਆ ਜਾਵੇ ਪਰ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਕਿ ਉਹ “ਮੂਰਤਾਂ ਦਿਆਂ ਚੜ੍ਹਾਵਿਆਂ ਅਤੇ ਲਹੂ ਅਤੇ ਗਲ ਘੁੱਟਿਆਂ ਹੋਇਆਂ ਦੇ ਮਾਸ ਅਤੇ ਹਰਾਮਕਾਰੀ ਤੋਂ ਬਚੇ [ਰਹਿਣ]।” (ਰਸੂਲਾਂ ਦੇ ਕਰਤੱਬ 15:3-29) ਸੱਚ-ਮੁੱਚ ਪੌਲੁਸ ਬਦਲ ਚੁੱਕਾ ਸੀ। ਉਸ ਨੇ ਹਿੰਸਾ ਤੋਂ ਬਿਨਾਂ ਗੱਲ ਸਾਂਭਣੀ ਸਿੱਖ ਲਈ ਸੀ।
ਹਿੰਸਕ ਝੁਕਾਵਾਂ ਤੇ ਕਾਬੂ ਪਾਉਣਾ
ਪੌਲੁਸ ਨੇ ਬਾਅਦ ਵਿਚ ਇਹ ਸਲਾਹ ਦਿੱਤੀ, “ਇਹ ਜੋਗ ਨਹੀਂ ਹੈ ਜੋ ਪ੍ਰਭੁ ਦਾ ਦਾਸ ਝਗੜਾ ਕਰੇ ਸਗੋਂ ਸਭਨਾਂ ਨਾਲ ਅਸੀਲ ਅਤੇ ਸਿੱਖਿਆ ਦੇਣ ਜੋਗ ਅਤੇ ਸਬਰ ਕਰਨ ਵਾਲਾ ਹੋਵੇ। ਅਤੇ ਜਿਹੜੇ ਸਾਹਮਣਾ ਕਰਦੇ ਹਨ ਓਹਨਾਂ ਨੂੰ ਨਰਮਾਈ ਨਾਲ ਤਾੜਨਾ ਕਰੇ।” (2 ਤਿਮੋਥਿਉਸ 2:24, 25) ਪੌਲੁਸ ਨੇ ਤਿਮੋਥਿਉਸ ਨੂੰ, ਜੋ ਉਮਰ ਵਿਚ ਇਕ ਛੋਟਾ ਨਿਗਾਹਬਾਨ ਸੀ, ਠੰਢੇ ਸੁਭਾਅ ਨਾਲ ਮੁਸ਼ਕਲਾਂ ਨੂੰ ਨਜਿੱਠਣ ਲਈ ਉਤਸ਼ਾਹਿਤ ਕੀਤਾ। ਪੌਲੁਸ ਇਹ ਅਸਲੀਅਤ ਜਾਣਦਾ ਸੀ ਕਿ ਮਸੀਹੀਆਂ ਦਰਮਿਆਨ ਵੀ ਗੁੱਸਾ ਭੜਕ ਉੱਠ ਸਕਦਾ ਹੈ। (ਰਸੂਲਾਂ ਦੇ ਕਰਤੱਬ 15:37-41) ਇਸ ਲਈ ਉਸ ਨੇ ਇਹ ਸਲਾਹ ਦਿੱਤੀ: “ਤੁਸੀਂ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ, ਸੂਰਜ ਤੁਹਾਡੇ ਕ੍ਰੋਧ ਉੱਤੇ ਨਾ ਡੁੱਬ ਜਾਵੇ!” (ਅਫ਼ਸੀਆਂ 4:26) ਬੇਕਾਬੂ ਕ੍ਰੋਧ ਵਿਚ ਭੜਕਣ ਤੋਂ ਬਿਨਾਂ ਗੁੱਸੇ ਨੂੰ ਕਾਬੂ ਕਰਨਾ ਹੀ ਅਜਿਹੇ ਜਜ਼ਬਾਤਾਂ ਨਾਲ ਨਿਪਟਣ ਦਾ ਸਹੀ ਤਰੀਕਾ ਹੈ। ਪਰ ਇਹ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ?
ਅੱਜ-ਕੱਲ੍ਹ ਗੁੱਸੇ ਨੂੰ ਕਾਬੂ ਕਰਨਾ ਕੋਈ ਸੌਖੀ ਗੱਲ ਨਹੀਂ। ਜਨਤਕ ਸਿਹਤ ਦੇ ਹਾਵਰਡ ਸਕੂਲ ਦੀ ਅਸਿਸਟੰਟ ਡੀਨ ਡਾ. ਡੈਬਰਾ ਪਰੋਥਰੋ-ਸਟਿਥ ਨੇ ਕਿਹਾ, “ਕਮੀਨਾ ਹੋਣਾ ਆਮ ਹੈ। ਜੋ ਗੁਣ ਇਕ ਦੂਜੇ ਨਾਲ ਚੰਗਾ ਮੇਲ-ਜੋਲ ਰੱਖਣ ਲਈ ਜ਼ਰੂਰੀ ਹਨ, ਯਾਨੀ ਕਿ ਗੱਲਬਾਤ ਕਰਨੀ, ਸਮਝੌਤਾ ਕਰਨਾ, ਹਮਦਰਦੀ ਦਿਖਾਉਣੀ, ਅਤੇ ਮਾਫ਼ ਕਰਨਾ, ਇਹ ਅਕਸਰ ਬੁਜ਼ਦਿੱਲਾਂ ਦੇ ਸਿਰ ਮੜ੍ਹੇ ਜਾਂਦੇ ਹਨ।” ਪਰ ਇਹ ਤਾਂ ਬਹਾਦਰੀ ਦੇ ਗੁਣ ਹਨ, ਅਤੇ ਸਾਡੇ ਅੰਦਰ ਭੜਕਣ ਵਾਲੇ ਹਿੰਸਕ ਝੁਕਾਵਾਂ ਨੂੰ ਕਾਬੂ ਕਰਨ ਵਾਸਤੇ ਬਹੁਤ ਜ਼ਰੂਰੀ ਹਨ।
ਇਕ ਮਸੀਹੀ ਬਣਨ ਤੋਂ ਬਾਅਦ, ਪੌਲੁਸ ਨੇ ਵੱਖਰੀਆਂ-ਵੱਖਰੀਆਂ ਅਣਬਣਾਂ ਨਾਲ ਨਿਪਟਣ ਦਾ ਇਕ ਬਿਹਤਰ ਤਰੀਕਾ ਸਿੱਖਿਆ। ਇਹ ਬਾਈਬਲ ਦੀ ਸਿੱਖਿਆ ਉੱਤੇ ਆਧਾਰਿਤ ਸੀ। ਯਹੂਦੀ ਧਰਮ ਦੇ ਇਕ ਵਿਦਵਾਨ ਵਜੋਂ, ਪੌਲੁਸ ਇਬਰਾਨੀ ਸ਼ਾਸਤਰਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਬਿਨਾਂ ਸ਼ੱਕ ਉਹ ਅਜਿਹੀਆਂ ਆਇਤਾਂ ਤੋਂ ਜਾਣੂ ਸੀ ਜਿਵੇਂ ਕਿ: “ਜ਼ਾਲਮ ਦੀ ਰੀਸ ਨਾ ਕਰ, ਨਾ ਉਹ ਦੀਆਂ ਸਾਰੀਆਂ ਗੱਲਾਂ ਵਿੱਚੋਂ ਕੋਈ ਚੁਣ।” “ਜਿਹੜਾ ਕ੍ਰੋਧ ਵਿੱਚ ਧੀਮਾ ਹੈ ਉਹ ਸੂਰਬੀਰ ਨਾਲੋਂ, ਅਤੇ ਆਪਣੀ ਰੂਹ ਨੂੰ ਵੱਸ ਵਿੱਚ ਰੱਖਣ ਵਾਲਾ, ਸ਼ਹਿਰ ਦੇ ਜਿੱਤਣ ਵਾਲੇ ਨਾਲੋਂ ਚੰਗਾ ਹੈ।” “ਜਿਹੜਾ ਮਨੁੱਖ ਆਪਣੀ ਰੂਹ ਉੱਤੇ ਵੱਸ ਨਹੀਂ ਰੱਖਦਾ, ਉਹ ਉਸ ਢੱਠੇ ਹੋਏ ਨਗਰ ਵਰਗਾ ਹੈ ਜਿਹਦੀ ਸ਼ਹਿਰ ਪਨਾਹ ਨਾ ਹੋਵੇ।” (ਕਹਾਉਤਾਂ 3:31; 16:32; 25:28) ਲੇਕਿਨ ਪੌਲੁਸ ਦੇ ਸੱਚਾਈ ਵਿਚ ਆਉਣ ਤੋਂ ਪਹਿਲਾਂ ਇਸ ਗਿਆਨ ਨੇ ਉਸ ਨੂੰ ਮਸੀਹੀਆਂ ਦੇ ਵਿਰੁੱਧ ਹਿੰਸਕ ਵਰਤਾਉ ਕਰਨ ਤੋਂ ਨਹੀਂ ਸੀ ਰੋਕਿਆ। (ਗਲਾਤੀਆਂ 1:13, 14) ਪਰ ਇਕ ਮਸੀਹੀ ਵਜੋਂ, ਪੌਲੁਸ ਹਿੰਸਾ ਦੀ ਬਜਾਇ ਗਰਮਾ-ਗਰਮ ਵਾਦ-ਵਿਸ਼ਿਆਂ ਨੂੰ ਨਿਪਟਣ ਲਈ ਦੂਜਿਆਂ ਨੂੰ ਸਮਝਾ ਕੇ ਮਨਾਉਂਦਾ ਸੀ। ਇਸ ਵਿਚ ਕਿਸ ਚੀਜ਼ ਨੇ ਉਸ ਦੀ ਮਦਦ ਕੀਤੀ?
ਪੌਲੁਸ ਨੇ ਸਾਡੇ ਲਈ ਇਹ ਸਪੱਸ਼ਟ ਕੀਤਾ: “ਤੁਸੀਂ ਮੇਰੀ ਰੀਸ ਕਰੋ ਜਿਵੇਂ ਮੈਂ ਵੀ ਮਸੀਹ ਦੀ ਰੀਸ ਕਰਦਾ ਹਾਂ।” (1 ਕੁਰਿੰਥੀਆਂ 10:33) ਉਹ ਉਸ ਦੀ ਬਹੁਤ ਹੀ ਕਦਰ ਕਰਦਾ ਸੀ ਜੋ ਯਿਸੂ ਮਸੀਹ ਨੇ ਉਸ ਲਈ ਕੀਤਾ ਸੀ। (1 ਤਿਮੋਥਿਉਸ 1:13, 14) ਮਸੀਹ ਉਹ ਦੇ ਲਈ ਇਕ ਨਮੂਨਾ ਬਣਿਆ। ਉਹ ਜਾਣਦਾ ਸੀ ਕਿ ਯਿਸੂ ਨੇ ਪਾਪੀ ਮਨੁੱਖਜਾਤ ਲਈ ਕਿੰਨੇ ਦੁੱਖ ਝੱਲੇ ਸਨ। (ਇਬਰਾਨੀਆਂ 2:18; 5:8-10) ਪੌਲੁਸ ਸਬੂਤ ਦੇ ਸਕਦਾ ਸੀ ਕਿ ਮਸੀਹਾ ਬਾਰੇ ਯਸਾਯਾਹ ਦੀ ਭਵਿੱਖਬਾਣੀ ਯਿਸੂ ਵਿਚ ਪੂਰੀ ਹੋਈ: “ਉਹ ਸਤਾਇਆ ਗਿਆ ਤੇ ਦੁਖੀ ਹੋਇਆ, ਪਰ ਓਸ ਆਪਣਾ ਮੂੰਹ ਨਾ ਖੋਲ੍ਹਿਆ, ਲੇਲੇ ਵਾਂਙੁ ਜਿਹੜਾ ਕੱਟੇ ਜਾਣ ਲਈ ਲੈ ਜਾਇਆ ਜਾਂਦਾ, ਅਤੇ ਭੇਡ ਵਾਂਙੁ ਜਿਹੜੀ ਉੱਨ ਕਤਰਨ ਵਾਲਿਆਂ ਦੇ ਅੱਗੇ ਗੁੰਗੀ ਹੈ, ਸੋ ਓਸ ਆਪਣਾ ਮੂੰਹ ਨਾ ਖੋਲ੍ਹਿਆ।” (ਯਸਾਯਾਹ 53:7) ਪਤਰਸ ਰਸੂਲ ਨੇ ਲਿਖਿਆ: “ਉਹ [ਯਿਸੂ] ਗਾਲੀਆਂ ਖਾ ਕੇ ਗਾਲੀ ਨਾ ਦਿੰਦਾ ਸੀ ਅਤੇ ਦੁਖ ਪਾ ਕੇ ਦਬਕਾ ਨਾ ਦਿੰਦਾ ਸੀ ਸਗੋਂ ਆਪਣੇ ਆਪ ਨੂੰ ਉਹ ਦੇ ਹੱਥ ਸੌਂਪਦਾ ਸੀ ਜਿਹੜਾ ਜਥਾਰਥ ਨਿਆਉਂ ਕਰਦਾ ਹੈ।”—1 ਪਤਰਸ 2:23, 24.
ਗਰਮ ਮਾਮਲਿਆਂ ਨਾਲ ਯਿਸੂ ਮਸੀਹ ਦੇ ਨਿਪਟਣ ਦੇ ਢੰਗ ਲਈ ਪੌਲੁਸ ਦੀ ਕਦਰ ਨੇ ਉਸ ਨੂੰ ਬਦਲਣ ਲਈ ਮਜਬੂਰ ਕੀਤਾ। ਉਹ ਆਪਣੇ ਸੰਗੀ ਵਿਸ਼ਵਾਸੀਆਂ ਨੂੰ ਇਹ ਸਲਾਹ ਦੇ ਸਕਦਾ ਸੀ: “ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ ਤਾਂ ਇੱਕ ਦੂਏ ਦੀ ਸਹਿ ਲਵੇ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੇ। ਜਿਵੇਂ ਪ੍ਰਭੁ ਨੇ ਤੁਹਾਨੂੰ ਮਾਫ਼ ਕੀਤਾ ਤਿਵੇਂ ਤੁਸੀਂ ਵੀ ਕਰੋ।” (ਕੁਲੁੱਸੀਆਂ 3:13) ਇਹ ਗੱਲ ਮੰਨਣੀ ਕਿ ਸਾਨੂੰ ਝਗੜੇ ਜਾਂ ਮਾਰ-ਕੁਟਾਈ ਨਹੀਂ ਕਰਨੀ ਚਾਹੀਦੀ ਕਾਫ਼ੀ ਨਹੀਂ ਹੈ। ਜੇਕਰ ਅਸੀਂ ਉਸ ਦੀ ਕਦਰ ਕਰੀਏ ਜੋ ਯਹੋਵਾਹ ਅਤੇ ਯਿਸੂ ਮਸੀਹ ਨੇ ਸਾਡੇ ਲਈ ਕੀਤਾ ਹੈ, ਸਾਨੂੰ ਹਿੰਸਕ ਝੁਕਾਅ ਉੱਤੇ ਕਾਬੂ ਪਾਉਣ ਲਈ ਵਧੀਆ ਕਾਰਨ ਮਿਲਣਗੇ।
ਕੀ ਇਹ ਮੁਮਕਿਨ ਹੈ?
ਜਪਾਨ ਵਿਚ ਇਕ ਬੰਦੇ ਨੂੰ ਅਜਿਹੇ ਕਿਸੇ ਚੰਗੇ ਕਾਰਨ ਦੀ ਜ਼ਰੂਰਤ ਸੀ। ਉਸ ਦਾ ਪਿਤਾ, ਜੋ ਬਹੁਤ ਗਰਮ ਸੁਭਾਅ ਵਾਲਾ ਇਕ ਫ਼ੌਜੀ ਸੀ, ਹਿੰਸਾ ਨਾਲ ਆਪਣੇ ਪਰਿਵਾਰ ਉੱਤੇ ਹੁਕਮ ਚਲਾਉਂਦਾ ਹੁੰਦਾ ਸੀ। ਖ਼ੁਦ ਮਾਰ-ਕੁਟਾਪੇ ਦਾ ਸ਼ਿਕਾਰ ਹੋਣ ਦੇ ਕਾਰਨ ਅਤੇ ਆਪਣੀ ਮਾਂ ਨੂੰ ਕੁੱਟ ਖਾਂਦੇ ਹੋਏ ਦੇਖ ਕੇ, ਇਸ ਬੰਦੇ ਨੇ ਇਕ ਹਿੰਸਕ ਸੁਭਾਅ ਅਪਣਾ ਲਿਆ। ਉਹ ਦੋ ਸਾਮੁਰਾਇ ਤਲਵਾਰਾਂ, ਇਕ ਵੱਢੀ ਇਕ ਛੋਟੀ, ਆਪਣੇ ਕੋਲ ਰੱਖਦਾ ਸੀ ਜੋ ਉਹ ਮੁਸ਼ਕਲਾਂ ਸੁਲਝਾਉਣ ਲਈ ਜਾਂ ਲੋਕਾਂ ਨੂੰ ਧਮਕਾਉਣ ਲਈ ਵਾਹੁੰਦਾ ਸੀ।
ਜਦੋਂ ਉਸ ਦੀ ਘਰ-ਵਾਲੀ ਬਾਈਬਲ ਸਟੱਡੀ ਕਰਨ ਲੱਗੀ, ਉਹ ਸਟੱਡੀ ਵਿਚ ਤਾਂ ਬਹਿੰਦਾ ਸੀ ਲੇਕਿਨ ਗੱਲਬਾਤ ਨੂੰ ਮਨ ਵਿਚ ਨਹੀਂ ਸੀ ਲਾਉਂਦਾ। ਲੇਕਿਨ ਜਦੋਂ ਉਸ ਨੇ ਰਾਜ ਦੀ ਇਹ ਖ਼ੁਸ਼ ਖ਼ਬਰੀa (ਅੰਗ੍ਰੇਜ਼ੀ) ਨਾਮਕ ਬੁਕਲੈਟ ਪੜ੍ਹੀ, ਉਹ ਬਦਲ ਗਿਆ। ਕਿਉਂ? ਉਹ ਸਮਝਾਉਂਦਾ ਹੈ ਕਿ “ਜਦੋਂ ਮੈਂ ‘ਯਿਸੂ ਮਸੀਹ’ ਅਤੇ ‘ਰਿਹਾਈ ਕੀਮਤ’ ਬਾਰੇ ਪੜ੍ਹਿਆ, ਮੈਂ ਬਹੁਤ ਹੀ ਸ਼ਰਮਿੰਦਾ ਹੋਇਆ। ਭਾਵੇਂ ਕਿ ਮੈਂ ਇਕ ਆਵਾਰਾ ਜ਼ਿੰਦਗੀ ਜੀਉਂਦਾ ਸੀ, ਫਿਰ ਵੀ ਮੈਂ ਉਨ੍ਹਾਂ ਦੀ ਮਦਦ ਕਰਨੀ ਚਾਹੁੰਦਾ ਸੀ ਜਿਨ੍ਹਾਂ ਦੇ ਨਾਲ ਮੇਰੀ ਬਣਦੀ ਸੀ। ਆਪਣਿਆਂ ਮਿੱਤਰਾਂ ਨੂੰ ਖ਼ੁਸ਼ ਕਰਨ ਵਿਚ ਮੈਨੂੰ ਖ਼ੁਸ਼ੀ ਮਿਲਦੀ ਸੀ ਪਰ ਸਿਰਫ਼ ਉਸ ਹੱਦ ਤਕ ਕਿ ਮੇਰੀ ਆਪਣੀ ਜ਼ਿੰਦਗੀ ਕਿਸੇ ਤਰ੍ਹਾਂ ਨਾ ਬਦਲੇ। ਪਰ ਪਰਮੇਸ਼ੁਰ ਦਾ ਪੁੱਤਰ, ਯਿਸੂ, ਮਨੁੱਖਜਾਤੀ ਲਈ, ਮੇਰੇ ਵਰਗੇ ਬੰਦਿਆਂ ਲਈ ਵੀ, ਆਪਣੀ ਜਾਣ ਕੁਰਬਾਨ ਕਰਨ ਲਈ ਤਿਆਰ ਸੀ। ਮੈਂ ਇਸ ਗੱਲ ਤੋਂ ਸੁੰਨ ਹੋ ਗਿਆ, ਜਿਵੇਂ ਕਿਸੇ ਨੇ ਮੈਨੂੰ ਕਰਾਰੀ ਸੱਟ ਮਾਰੀ ਹੋਵੇ।”
ਉਸ ਨੇ ਆਪਣੇ ਪੁਰਾਣੇ ਮਿੱਤਰਾਂ ਨਾਲ ਆਪਣੀ ਭਾਈ-ਬੰਦੀ ਬੰਦ ਕਰ ਦਿੱਤੀ ਅਤੇ ਜਲਦੀ ਹੀ ਯਹੋਵਾਹ ਦੇ ਗਵਾਹਾਂ ਦੀ ਇਕ ਕਲੀਸਿਯਾ ਵਿਚ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਦਾਖ਼ਲ ਹੋ ਗਿਆ। ਇਹ ਸਕੂਲ ਵਿਦਿਆਰਥੀਆਂ ਦੀ ਦੂਜਿਆਂ ਨੂੰ ਸੋਹਣੇ ਢੰਗ ਨਾਲ ਬਾਈਬਲ ਦੀ ਸਿੱਖਿਆ ਦੇਣ ਵਿਚ ਮਦਦ ਕਰਦਾ ਹੈ। ਇਸ ਸਕੂਲ ਦੇ ਕੋਰਸ ਨੇ ਇਸ ਬੰਦੇ ਦੀ ਹੋਰ ਤਰ੍ਹਾਂ ਵੀ ਮਦਦ ਕੀਤੀ। ਉਹ ਯਾਦ ਕਰਦਾ ਹੈ: “ਜਦੋਂ ਮੈਂ ਛੋਟਾ ਸਾਂ, ਮੈਂ ਦੂਜਿਆਂ ਨੂੰ ਧਮਕੀਆਂ ਦੇ ਕੇ ਅਤੇ ਮਾਰ-ਕੁੱਟ ਕੇ ਆਪਣੀ ਗੱਲ ਸਮਝਾਉਂਦਾ ਸੀ। ਜਿਉਂ-ਜਿਉਂ ਮੈਂ ਆਪਣੇ ਸੋਚ-ਵਿਚਾਰ ਦੂਜਿਆਂ ਤਕ ਪਹੁੰਚਾਉਣੇ ਸਿੱਖੇ, ਹਿੰਸਾ ਦਾ ਸਹਾਰਾ ਲੈਣ ਦੀ ਬਜਾਇ ਮੈਂ ਉਨ੍ਹਾਂ ਨਾਲ ਗੱਲ ਕਰ ਕੇ ਸਮਝਾਉਣ ਲੱਗ ਪਿਆ।”
ਕੀ ਉਸ ਨੇ, ਪੌਲੁਸ ਵਾਂਗ, ਮਸੀਹ ਦਾ ਰਾਹ ਅਪਣਾਇਆ ਹੈ? ਉਸ ਦੀ ਨਿਹਚਾ ਪਰਖੀ ਗਈ ਸੀ ਜਦੋਂ ਉਸ ਦੇ ਇਕ ਪੁਰਾਣੇ ਮਿੱਤਰ, ਜਿਸ ਦੇ ਨਾਲ ਉਸ ਨੇ ਭਾਈ-ਬੰਦੀ ਦੀ ਕਸਮ ਖਾਧੀ ਸੀ, ਨੇ ਉਸ ਨੂੰ ਮਸੀਹੀ ਬਣਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਉਸ ਦੇ “ਮਿੱਤਰ” ਨੇ ਉਸ ਨੂੰ ਮਾਰਿਆ-ਕੁੱਟਿਆ ਅਤੇ ਉਸ ਦੇ ਪਰਮੇਸ਼ੁਰ, ਯਹੋਵਾਹ ਨੂੰ ਗਾਲ੍ਹਾਂ ਕੱਢੀਆਂ। ਇਸ ਬੰਦੇ ਨੇ, ਜੋ ਪਹਿਲਾਂ ਬਹੁਤ ਗੁੱਸੇ ਵਾਲਾ ਸੀ, ਆਪਣੇ ਆਪ ਉੱਤੇ ਕਾਬੂ ਪਾਇਆ ਅਤੇ ਕਸਮ ਨਾ ਨਿਭਾ ਸਕਣ ਲਈ ਮਾਫ਼ੀ ਮੰਗੀ। ਨਿਰਾਸ਼ ਹੋ ਕੇ ਉਹ ਦਾ “ਭਰਾ” ਚਲਾ ਗਿਆ।
ਆਪਣੇ ਹਿੰਸਕ ਝੁਕਾਵਾਂ ਨੂੰ ਕਾਬੂ ਕਰਨ ਨਾਲ ਇਸ ਬੰਦੇ ਨੇ, ਜੋ ਪਹਿਲਾਂ ਗੁੱਸੇਖ਼ੋਰ ਸੀ, ਆਪਣੇ ਧਰਮ ਦੇ ਬਹੁਤ ਸਾਰੇ ਭੈਣ-ਭਰਾ ਪਾਏ ਹਨ, ਜੋ ਪਰਮੇਸ਼ੁਰ ਅਤੇ ਗੁਆਂਢੀ ਦੇ ਪਿਆਰ ਨਾਲ ਬੰਨ੍ਹੇ ਹੋਏ ਹਨ। (ਕੁਲੁੱਸੀਆਂ 3:14) ਅਸਲ ਵਿਚ, ਇਕ ਸਮਰਪਿਤ ਮਸੀਹੀ ਬਣਨ ਤੋਂ 20 ਸਾਲ ਬਾਅਦ, ਇਹ ਹੁਣ ਯਹੋਵਾਹ ਦੇ ਗਵਾਹਾਂ ਦੇ ਇਕ ਸਫ਼ਰੀ ਨਿਗਾਹਬਾਨ ਵਜੋਂ ਸੇਵਾ ਕਰ ਰਿਹਾ ਹੈ। ਉਸ ਵਾਸਤੇ ਇਹ ਕਿੰਨੀ ਖ਼ੁਸ਼ੀ ਦੀ ਗੱਲ ਹੁੰਦੀ ਹੈ ਜਦੋਂ ਉਹ ਬਾਈਬਲ ਵਰਤ ਕੇ ਦਿਖਾਉਂਦਾ ਹੈ ਕਿ ਜਿਨ੍ਹਾਂ ਮਨੁੱਖਾਂ ਦੇ ਜਾਨਵਰ ਵਰਗੇ ਸੁਭਾਅ ਹਨ, ਉਹ ਹਿੰਸਾ ਤੋਂ ਬਿਨਾਂ ਮੁਸ਼ਕਲਾਂ ਨਿਪਟਾ ਸਕਦੇ ਹਨ, ਠੀਕ ਜਿਵੇਂ ਉਸ ਨੇ ਖ਼ੁਦ ਸਿੱਖਿਆ ਸੀ! ਅਤੇ ਉਸ ਲਈ ਇਹ ਕਿੰਨਾ ਸਨਮਾਨ ਹੈ ਜਦੋਂ ਉਹ ਇਸ ਭਵਿੱਖਬਾਣੀ ਦੀ ਵੱਡੀ ਪੂਰਤੀ ਵੱਲ ਇਸ਼ਾਰਾ ਕਰ ਸਕਦਾ ਹੈ: “ਮੇਰੇ ਸਾਰੇ ਪਵਿੱਤ੍ਰ ਪਰਬਤ ਵਿੱਚ ਓਹ ਨਾ ਸੱਟ ਲਾਉਣਗੇ ਨਾ ਨਾਸ ਕਰਨਗੇ, ਕਿਉਂ ਜੋ ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਰੋਇਆ ਹੈ”!—ਯਸਾਯਾਹ 11:9.
ਪੌਲੁਸ ਰਸੂਲ ਅਤੇ ਇਸ ਬੰਦੇ ਵਾਂਗ, ਜੋ ਪਹਿਲਾਂ ਗੁੱਸੇਖ਼ੋਰ ਸੀ, ਤੁਸੀਂ ਵੀ ਸ਼ਾਂਤੀ ਨਾਲ ਖਿਝਾਊ ਮਾਮਲਿਆਂ ਅਤੇ ਝਗੜਿਆਂ ਨੂੰ ਸੁਲਝਾਉਣਾ ਸਿੱਖ ਸਕਦੇ ਹੋ। ਤੁਹਾਡੇ ਇਲਾਕੇ ਵਿਚ ਰਹਿਣ ਵਾਲੇ ਯਹੋਵਾਹ ਦੇ ਗਵਾਹ ਤੁਹਾਡੀ ਮਦਦ ਕਰਨ ਵਿਚ ਖ਼ੁਸ਼ ਹੋਣਗੇ।
[ਫੁਟਨੋਟ]
a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ।
[ਸਫ਼ੇ 5 ਉੱਤੇ ਸੁਰਖੀ]
ਪੌਲੁਸ ਇਹ ਅਸਲੀਅਤ ਜਾਣਦਾ ਸੀ ਕਿ ਮਸੀਹੀਆਂ ਦਰਮਿਆਨ ਵੀ ਗੁੱਸਾ ਭੜਕ ਉੱਠ ਸਕਦਾ ਹੈ
[ਸਫ਼ੇ 7 ਉੱਤੇ ਤਸਵੀਰ]
ਜੇਕਰ ਅਸੀਂ ਪਰਮੇਸ਼ੁਰ ਦੇ ਕੀਤੇ ਦੀ ਕਦਰ ਕਰੀਏ ਤਦ ਸ਼ਾਂਤਮਈ ਰਿਸ਼ਤੇ ਕਾਇਮ ਰਹਿਣਗੇ