ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w99 1/1 ਸਫ਼ੇ 3-5
  • ਪਰਿਵਾਰ ਦੀ ਖ਼ੁਸ਼ੀ ਲਈ ਅਸਲੀ ਮਦਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਰਿਵਾਰ ਦੀ ਖ਼ੁਸ਼ੀ ਲਈ ਅਸਲੀ ਮਦਦ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਤਲਾਕ ਤੋਂ ਬਚਣਾ
  • ਅਲੱਗ-ਅਲੱਗ ਧਰਮ
  • ਜਦੋਂ ਪਿਤਾ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਜ਼ਰਅੰਦਾਜ਼ ਕਰਦਾ ਹੈ
  • ਇਕ ਸ਼ਾਂਤਮਈ ਮਨੋਬਿਰਤੀ
  • ਬੁਰੀਆਂ ਸੰਗਤਾਂ
  • ਕੀ ਪਰਿਵਾਰਕ ਖ਼ੁਸ਼ੀ ਦਾ ਇਕ ਰਾਜ਼ ਹੈ?
    ਪਰਿਵਾਰਕ ਖ਼ੁਸ਼ੀ ਦਾ ਰਾਜ਼
  • ਪਰਿਵਾਰਕ ਜੀਵਨ ਨੂੰ ਸਫ਼ਲ ਬਣਾਉਣਾ
    ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ
  • ਪਰਿਵਾਰਕ ਜੀਵਨ ਜੋ ਪਰਮੇਸ਼ੁਰ ਨੂੰ ਖ਼ੁਸ਼ ਕਰਦਾ ਹੈ
    ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ?
  • ਆਪਣੇ ਗ੍ਰਹਿਸਥ ਵਿਚ ਸ਼ਾਂਤੀ ਕਾਇਮ ਰੱਖੋ
    ਪਰਿਵਾਰਕ ਖ਼ੁਸ਼ੀ ਦਾ ਰਾਜ਼
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
w99 1/1 ਸਫ਼ੇ 3-5

ਪਰਿਵਾਰ ਦੀ ਖ਼ੁਸ਼ੀ ਲਈ ਅਸਲੀ ਮਦਦ

“ਇਹ ਕਹਿਣਾ ਉਚਿਤ ਹੈ ਕਿ ਅਮਰੀਕਾ ਵਿਚ ਪਰਿਵਾਰ ਸੰਕਟਮਈ ਸਥਿਤੀ ਵਿਚ ਹਨ। ਤਲਾਕ ਦੀਆਂ ਦਰਾਂ, ਨਾਜਾਇਜ਼ ਬੱਚਿਆਂ ਦੀ ਗਿਣਤੀ, ਨੌਜਵਾਨਾਂ ਨਾਲ ਅਤੇ ਵਿਆਹੁਤਾ ਸਾਥੀ ਨਾਲ ਦੁਰਵਿਹਾਰ ਦੀਆਂ ਸਮੱਸਿਆਵਾਂ ਤੋਂ ਕੇਵਲ ਇਹੀ ਸਿੱਟਾ ਕੱਢਿਆ ਜਾ ਸਕਦਾ ਹੈ।”

ਅਮਰੀਕੀ ਟੈਲੀਵਿਯਨ ਦੇ ਟੀਕਾਕਾਰ ਟਾਮ ਬਰੋਕਾ ਦੁਆਰਾ ਕਹੇ ਗਏ ਇਹ ਸ਼ਬਦ ਜ਼ਿਆਦਾਤਰ ਦੇਸ਼ਾਂ ਵਿਚ ਲਾਗੂ ਕੀਤੇ ਜਾ ਸਕਦੇ ਹਨ। ਇਸ ਸੰਕਟਮਈ ਸਥਿਤੀ ਦਾ ਕੀ ਮਤਲਬ ਹੈ?

ਬਹੁਤ ਸਾਰਿਆਂ ਤਰੀਕਿਆਂ ਵਿਚ ਪਰਿਵਾਰ ਸਮਾਜ ਦੀ ਬੁਨਿਆਦ ਹੈ। ਜੇਕਰ ਪਰਿਵਾਰ ਮੁਸੀਬਤ ਵਿਚ ਹੈ, ਤਾਂ ਸਮਾਜ ਵੀ ਮੁਸੀਬਤ ਵਿਚ ਹੈ। ਇਸ ਤੋਂ ਇਲਾਵਾ, ਪਰਿਵਾਰ ਬੱਚਿਆਂ ਲਈ ਭਾਵਾਤਮਕ ਅਤੇ ਮਾਲੀ ਸਹਾਇਤਾ ਦਾ ਸ੍ਰੋਤ ਹੈ। ਇੱਥੇ ਹੀ ਬੱਚੇ ਜੀਵਨ ਦਾ ਪਹਿਲਾ ਅਤੇ ਮਹੱਤਵਪੂਰਣ ਸਬਕ ਸਿੱਖਦੇ ਹਨ। ਜੇਕਰ ਪਰਿਵਾਰ ਹੀ ਮੁਸੀਬਤ ਵਿਚ ਹੈ, ਤਾਂ ਬੱਚੇ ਕੀ ਸਿੱਖ ਰਹੇ ਹਨ? ਉਨ੍ਹਾਂ ਨੂੰ ਸੁਰੱਖਿਆ ਕਿੱਥੋਂ ਮਿਲੇਗੀ? ਉਹ ਵੱਡੇ ਹੋ ਕੇ ਕਿਸ ਤਰ੍ਹਾਂ ਦੇ ਵਿਅਕਤੀ ਬਣਨਗੇ?

ਕੀ ਇਸ ਸੰਕਟਮਈ ਸਥਿਤੀ ਦੇ ਸਮੇਂ ਵਿਚ ਪਰਿਵਾਰ ਦੀ ਖ਼ੁਸ਼ੀ ਲਈ ਕੋਈ ਮਦਦ ਮੁਹੱਈਆ ਹੈ? ਜੀ ਹਾਂ। ਪਰਿਵਾਰ ਉਹ ਪ੍ਰਬੰਧ ਹੈ ਜਿਸ ਨੂੰ ਪਰਮੇਸ਼ੁਰ ਨੇ ਖ਼ੁਦ ਸਥਾਪਿਤ ਕੀਤਾ ਸੀ। (ਉਤਪਤ 1:27, 28) ਅਤੇ ਉਸ ਨੇ ਆਪਣੇ ਬਚਨ, ਬਾਈਬਲ ਵਿਚ ਪਰਿਵਾਰ ਲਈ ਜ਼ਰੂਰੀ ਮਾਰਗ-ਦਰਸ਼ਨ ਦਿੱਤਾ ਹੈ। (ਕੁਲੁੱਸੀਆਂ 3:18-21) ਇਹ ਸੱਚ ਹੈ ਕਿ ਅਸੀਂ ਸਮਾਜ ਨੂੰ ਸਮੁੱਚੇ ਤੌਰ ਤੇ ਬਦਲ ਨਹੀਂ ਸਕਦੇ, ਪਰ ਅਸੀਂ ਬਾਈਬਲ ਦੀ ਸਲਾਹ ਨੂੰ ਆਪਣੇ ਪਰਿਵਾਰ ਉੱਤੇ ਲਾਗੂ ਕਰ ਸਕਦੇ ਹਾਂ। ਅਸੀਂ ਤੁਹਾਨੂੰ ਉਨ੍ਹਾਂ ਕੁਝ ਲੋਕਾਂ ਬਾਰੇ ਜਿਨ੍ਹਾਂ ਨੇ ਇਸ ਤਰ੍ਹਾਂ ਕੀਤਾ ਹੈ, ਅਤੇ ਉਨ੍ਹਾਂ ਵੱਲੋਂ ਪ੍ਰਾਪਤ ਕੀਤੇ ਗਏ ਚੰਗੇ ਨਤੀਜਿਆਂ ਬਾਰੇ ਦੱਸਣਾ ਚਾਹੁੰਦੇ ਹਾਂ।

ਤਲਾਕ ਤੋਂ ਬਚਣਾ

ਕਈ ਦੇਸ਼ਾਂ ਵਿਚ ਕੁਝ 50 ਪ੍ਰਤਿਸ਼ਤ ਵਿਆਹਾਂ ਦਾ ਅੰਤ ਤਲਾਕ ਹੁੰਦਾ ਹੈ। ਇਹ ਮਨੁੱਖੀ ਰਿਸ਼ਤਿਆਂ ਦੀ ਬਹੁਤ ਵੱਡੀ ਅਸਫ਼ਲਤਾ ਹੈ! ਇਹ ਗੱਲ ਸੱਚ ਹੈ ਕਿ ਬਹੁਤ ਸਾਰੇ ਮਾਪੇ ਜੋ ਇਸ ਕਾਰਨ ਇਕੱਲੀ ਮਾਤਾ ਜਾਂ ਪਿਤਾ ਬਣ ਜਾਂਦੇ ਹਨ, ਉਹ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਦਾ ਵਧੀਆ ਕੰਮ ਕਰ ਰਹੇ ਹਨ। ਪਰ ਜ਼ਿਆਦਾਤਰ ਲੋਕ ਇਸ ਗੱਲ ਨਾਲ ਯਕੀਨਨ ਸਹਿਮਤ ਹੋਣਗੇ ਕਿ ਜੇਕਰ ਇਕ ਜੋੜਾ ਆਪਣੀਆਂ ਸਮੱਸਿਆਵਾਂ ਨੂੰ ਸੁਲਝਾ ਕੇ ਇਕੱਠਾ ਰਹਿ ਸਕੇ, ਤਾਂ ਇਹ ਜ਼ਿਆਦਾ ਚੰਗਾ ਹੋਵੇਗਾ।

ਸੋਲਮਨ ਦੀਪ-ਸਮੂਹ ਤੇ ਇਕ ਜੋੜੇ ਦਾ ਵਿਆਹ ਟੁੱਟਣ ਵਾਲਾ ਸੀ। ਪਤੀ, ਜੋ ਕਿ ਇਕ ਮੁਖੀ ਦਾ ਮੁੰਡਾ ਸੀ, ਹਿੰਸਕ ਤੇ ਬੁਰੀਆਂ ਆਦਤਾਂ ਵਾਲਾ ਸੀ। ਉਸ ਦੀ ਪਤਨੀ ਲਈ ਜ਼ਿੰਦਗੀ ਜੀਉਣੀ ਇੰਨੀ ਔਖੀ ਸੀ ਕਿ ਉਸ ਨੇ ਆਤਮ-ਹੱਤਿਆ ਕਰਨ ਦੀ ਵੀ ਕੋਸ਼ਿਸ਼ ਕੀਤੀ। ਫਿਰ, ਪਤੀ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਅਧਿਐਨ ਕਰਨ ਲਈ ਮੰਨ ਗਿਆ। ਉਸ ਨੇ ਸਿੱਖਿਆ ਕਿ ਜੋ ਕੋਈ ਵੀ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦਾ ਹੈ, ਉਸ ਨੂੰ ਸਿਰਫ਼ ਇਹੀ ਨਹੀਂ ਜਾਣਨਾ ਚਾਹੀਦਾ ਕਿ ਬੁਰਾ ਕੀ ਹੈ, ਪਰੰਤੂ “ਬੁਰਿਆਈ ਤੋਂ ਘਿਣ” ਕਰਨੀ ਚਾਹੀਦੀ ਹੈ। (ਜ਼ਬੂਰ 97:10) ਇਸ ਵਿਚ ਝੂਠ, ਚੋਰੀ, ਹਿੰਸਾ, ਅਤੇ ਸ਼ਰਾਬਖ਼ੋਰੀ ਵਰਗੀਆਂ ਚੀਜ਼ਾਂ ਨਾਲ ਨਫ਼ਰਤ ਕਰਨੀ ਸ਼ਾਮਲ ਹੈ। ਉਸ ਨੇ ਇਸ ਸਲਾਹ ਨੂੰ ਮੰਨਿਆ ਅਤੇ ਜਲਦੀ ਹੀ ਆਪਣੀਆਂ ਬੁਰੀਆਂ ਆਦਤਾਂ ਅਤੇ ਹਿੰਸਕ ਸੁਭਾਅ ਉੱਤੇ ਕਾਬੂ ਪਾ ਲਿਆ। ਉਸ ਦੀ ਪਤਨੀ ਇਨ੍ਹਾਂ ਤਬਦੀਲੀਆਂ ਨੂੰ ਵੇਖ ਕੇ ਹੈਰਾਨ ਹੋਈ, ਅਤੇ ਪਰਮੇਸ਼ੁਰ ਦੇ ਬਚਨ ਸਦਕਾ ਉਨ੍ਹਾਂ ਦਾ ਵਿਆਹੁਤਾ ਜੀਵਨ ਕਾਫ਼ੀ ਹੱਦ ਤਕ ਸੁਧਰ ਗਿਆ।

ਦੱਖਣੀ ਅਫ਼ਰੀਕਾ ਵਿਚ ਯਹੋਵਾਹ ਦੀ ਇਕ ਗਵਾਹ ਨੇ ਸੁਣਿਆ ਕਿ ਜਿਸ ਔਰਤ ਲਈ ਉਹ ਕੰਮ ਕਰ ਰਹੀ ਸੀ, ਉਹ ਅਤੇ ਉਸ ਦਾ ਪਤੀ ਤਲਾਕ ਲੈਣ ਬਾਰੇ ਸੋਚ ਰਹੇ ਹਨ। ਇਸ ਗਵਾਹ ਨੇ ਉਸ ਔਰਤ ਨੂੰ ਵਿਆਹ ਬਾਰੇ ਪਰਮੇਸ਼ੁਰ ਦਾ ਦ੍ਰਿਸ਼ਟੀਕੋਣ ਦੱਸਿਆ ਅਤੇ ਉਸ ਨੂੰ ਪਰਿਵਾਰਕ ਖ਼ੁਸ਼ੀ ਦਾ ਰਾਜ਼ ਨਾਮਕ ਕਿਤਾਬ ਦਿਖਾਈ। ਯਹੋਵਾਹ ਦੇ ਗਵਾਹਾਂ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਇਹ ਕਿਤਾਬ ਬਾਈਬਲ ਦੇ ਉਨ੍ਹਾਂ ਸਿਧਾਂਤਾਂ ਨੂੰ ਉਜਾਗਰ ਕਰਦੀ ਹੈ, ਜੋ ਵਿਆਹੁਤਾ ਜੀਵਨ ਵਿਚ ਲਾਗੂ ਹੁੰਦੇ ਹਨ, ਅਤੇ ਖ਼ਾਸ ਤੌਰ ਤੇ ਇਸ ਗੱਲ ਉੱਤੇ ਜ਼ੋਰ ਦਿੰਦੀ ਹੈ ਕਿ ਸਮੱਸਿਆਵਾਂ ਨੂੰ ਸੁਲਝਾਉਣ ਵਿਚ ਬਾਈਬਲ ਜੋੜਿਆਂ ਦੀ ਕਿਵੇਂ ਮਦਦ ਕਰਦੀ ਹੈ। ਉਸ ਔਰਤ ਅਤੇ ਉਸ ਦੇ ਪਤੀ ਦੋਹਾਂ ਨੇ ਕਿਤਾਬ ਨੂੰ ਪੜ੍ਹਿਆ ਅਤੇ ਇਸ ਵਿਚ ਦਿੱਤੀ ਗਈ ਬਾਈਬਲ ਦੀ ਸਲਾਹ ਨੂੰ ਸੱਚੇ ਦਿਲੋਂ ਲਾਗੂ ਕਰਨ ਦਾ ਜਤਨ ਕੀਤਾ। ਸਿੱਟੇ ਵਜੋਂ, ਉਨ੍ਹਾਂ ਨੇ ਤਲਾਕ ਨਾ ਲੈਣ ਦਾ ਫ਼ੈਸਲਾ ਕੀਤਾ—ਬਾਈਬਲ ਦੇ ਸਿਧਾਂਤਾਂ ਨੂੰ ਲਾਗੂ ਕਰਨ ਤੇ ਇਕ ਹੋਰ ਵਿਆਹ ਟੁੱਟਣ ਤੋਂ ਬਚ ਗਿਆ।

ਅਲੱਗ-ਅਲੱਗ ਧਰਮ

ਉਸ ਵਿਆਹ ਬਾਰੇ ਕੀ ਜਿੱਥੇ ਪਤੀ-ਪਤਨੀ ਦਾ ਅਲੱਗ-ਅਲੱਗ ਧਰਮ ਹੋਵੇ। ਬਾਈਬਲ ਵਾਸਤਵਿਕ ਤੌਰ ਤੇ ਮਸੀਹੀਆਂ ਨੂੰ “ਕੇਵਲ ਪ੍ਰਭੁ ਵਿੱਚ” ਹੀ ਵਿਆਹ ਕਰਵਾਉਣ ਦੀ ਸਲਾਹ ਦਿੰਦੀ ਹੈ। (1 ਕੁਰਿੰਥੀਆਂ 7:39) ਪਰੰਤੂ, ਕਦੇ-ਕਦਾਈਂ ਇਕ ਵਿਆਹੁਤਾ ਸਾਥੀ ਆਪਣਾ ਧਰਮ ਬਦਲ ਲੈਂਦਾ ਹੈ। ਕੀ ਇਸ ਕਰਕੇ ਵਿਆਹ ਤੋੜਨਾ ਜ਼ਰੂਰੀ ਹੈ? ਬਿਲਕੁਲ ਨਹੀਂ।

ਬਾਤਸਵਾਨਾ ਵਿਚ ਯਹੋਵਾਹ ਦੀ ਇਕ ਨਵੀਂ-ਨਵੀਂ ਗਵਾਹ ਨੂੰ ਪੁੱਛਿਆ ਗਿਆ ਕਿ ਉਸ ਦੀ ਨਵੀਂ ਨਿਹਚਾ ਨੇ ਉਸ ਨੂੰ ਕਿਸ ਤਰ੍ਹਾਂ ਬਦਲ ਦਿੱਤਾ। ਉਸ ਨੇ ਆਪਣੇ ਪਤੀ ਨੂੰ ਇਸ ਬਾਰੇ ਦੱਸਣ ਲਈ ਕਿਹਾ, ਉਸ ਦੇ ਪਤੀ ਨੇ ਇਹ ਕਿਹਾ: “ਜਦ ਤੋਂ ਮੇਰੀ ਪਤਨੀ ਯਹੋਵਾਹ ਦੀ ਇਕ ਗਵਾਹ ਬਣੀ ਹੈ, ਮੈਂ ਉਸ ਵਿਚ ਬਹੁਤ ਸਾਰੀਆਂ ਵਧੀਆ ਤਬਦੀਲੀਆਂ ਵੇਖੀਆਂ ਹਨ। ਉਹ ਹੁਣ ਸ਼ਾਂਤ ਸੁਭਾਅ ਵਾਲੀ ਅਤੇ ਸਿਆਣੀ ਹੋ ਗਈ ਹੈ, ਜੋ ਕਿ ਉਹ ਪਹਿਲਾਂ ਨਹੀਂ ਸੀ। ਉਸ ਕੋਲ ਸਿਗਰਟ ਪੀਣੀ ਛੱਡ ਦੇਣ ਦੀ ਤਾਕਤ ਅਤੇ ਦ੍ਰਿੜ੍ਹ ਵਿਸ਼ਵਾਸ ਹੈ, ਇਕ ਅਜਿਹਾ ਐਬ ਜੋ ਮੇਰੇ ਵਿਚ ਅਜੇ ਵੀ ਹੈ। ਮੇਰੀ ਪਤਨੀ, ਮੇਰੇ ਬੱਚਿਆਂ ਤੇ ਮੇਰੇ ਨਾਲ, ਅਤੇ ਦੂਜਿਆਂ ਨਾਲ ਵੀ ਅੱਗੇ ਨਾਲੋਂ ਹੋਰ ਜ਼ਿਆਦਾ ਪ੍ਰੇਮ ਤੇ ਸਨੇਹ ਕਰਨ ਲੱਗ ਪਈ ਹੈ। ਉਹ ਖ਼ਾਸ ਤੌਰ ਤੇ ਬੱਚਿਆਂ ਨਾਲ ਹੋਰ ਜ਼ਿਆਦਾ ਸਹਿਣਸ਼ੀਲ ਹੋ ਗਈ ਹੈ। ਮੈਂ ਉਸ ਨੂੰ ਸੇਵਕਾਈ ਵਿਚ ਸਮਾਂ ਬਿਤਾਉਂਦੇ ਹੋਏ, ਦੂਜਿਆਂ ਨੂੰ ਉਨ੍ਹਾਂ ਦੇ ਜੀਵਨ ਬਿਹਤਰ ਬਣਾਉਣ ਵਿਚ ਮਦਦ ਦਿੰਦੇ ਹੋਏ ਵੇਖਦਾ ਹਾਂ। ਮੈਂ ਆਪਣੇ ਵਿਚ ਵੀ ਵਧੀਆ ਤਬਦੀਲੀਆਂ ਵੇਖੀਆਂ ਹਨ। ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਸਭ ਕੁਝ ਉਸ ਦੀ ਉਦਾਹਰਣ ਕਰਕੇ ਹੀ ਹੋਇਆ ਹੈ।” ਇਸ ਵਿਆਹੁਤਾ ਜੀਵਨ ਉੱਪਰ ਬਾਈਬਲ ਦੇ ਸਿਧਾਂਤਾਂ ਦਾ ਕਿੰਨਾ ਵਧੀਆ ਪ੍ਰਭਾਵ ਪਿਆ! ਬਹੁਤ ਸਾਰੇ ਗ਼ੈਰ-ਗਵਾਹਾਂ ਨੇ ਇਸੇ ਤਰ੍ਹਾਂ ਦੀਆਂ ਟਿੱਪਣੀਆਂ ਆਪਣੇ ਵਿਆਹੁਤਾ ਸਾਥੀਆਂ ਬਾਰੇ ਕੀਤੀਆਂ ਹਨ।

ਜਦੋਂ ਪਿਤਾ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਜ਼ਰਅੰਦਾਜ਼ ਕਰਦਾ ਹੈ

ਮਜ਼ਬੂਤ ਪਰਿਵਾਰ ਬਣਾਉਣ ਲਈ ਪਿਤਾ ਅਤੇ ਬੱਚਿਆਂ ਵਿਚਕਾਰ ਆਪਸੀ ਰਿਸ਼ਤਾ ਬਹੁਤ ਜ਼ਰੂਰੀ ਹੈ। ਪੌਲੁਸ ਰਸੂਲ ਨੇ ਸਲਾਹ ਦਿੱਤੀ: “ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ ਸਗੋਂ ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰੋ।” (ਅਫ਼ਸੀਆਂ 6:4) ਤਾਂ ਫਿਰ, ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਦ ਵਿਲਸਨ ਕੁਆਟਰਲੀ (ਅੰਗ੍ਰੇਜ਼ੀ) ਦਾ ਇਕ ਲੇਖ ਕਈ ਸਮਾਜਕ ਸਮੱਸਿਆਵਾਂ ਦਾ ਦੋਸ਼ ਉਨ੍ਹਾਂ ਪਿਤਾਵਾਂ ਉੱਤੇ ਲਾਉਂਦਾ ਹੈ, ਜੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਨਹੀਂ ਕਰਦੇ ਹਨ। ਲੇਖ ਨੇ ਕਿਹਾ: “1960 ਅਤੇ 1990 ਦੇ ਵਿਚਕਾਰ, ਆਪਣੇ ਸਕੇ ਪਿਤਾਵਾਂ ਤੋਂ ਅਲੱਗ ਰਹਿਣ ਵਾਲੇ ਬੱਚਿਆਂ ਦੀ ਗਿਣਤੀ ਦੁਗਣੀ ਨਾਲੋਂ ਵੀ ਜ਼ਿਆਦਾ ਹੋ ਗਈ ਹੈ . . . ਅਮਰੀਕੀ ਸਮਾਜ ਦੀਆਂ ਪਰੇਸ਼ਾਨ ਕਰਨ ਵਾਲੀਆਂ ਜ਼ਿਆਦਾਤਰ ਸਮੱਸਿਆਵਾਂ ਦੇ ਪਿੱਛੇ ਮੁੱਖ ਕਾਰਨ ਪਿਤਾ-ਭਾਵ ਵਿਚ ਆਈ ਗਿਰਾਵਟ ਹੈ।”

ਕੀ ਇਸ ਦਾ ਇਹ ਅਰਥ ਹੈ ਕਿ ਜਿਹੜੇ ਬੱਚੇ ਆਪਣੇ ਪਿਤਾ ਵੱਲੋਂ ਮਾਰਗ-ਦਰਸ਼ਿਤ ਨਹੀਂ ਕੀਤੇ ਜਾਂਦੇ ਹਨ, ਉਹ ਪੱਕੇ ਤੌਰ ਤੇ ਅਸਫ਼ਲ ਹੋਣਗੇ? ਨਹੀਂ। ਪ੍ਰਾਚੀਨ ਸਮੇਂ ਵਿਚ ਜ਼ਬੂਰਾਂ ਦੇ ਇਕ ਲਿਖਾਰੀ ਨੇ ਕਿਹਾ: “ਜਦ ਮੇਰੇ ਮਾਪੇ ਮੈਨੂੰ ਤਿਆਗ ਦੇਣ, ਤਦ ਯਹੋਵਾਹ ਮੈਨੂੰ ਸਾਂਭੇਗਾ।” (ਜ਼ਬੂਰ 27:10) ਥਾਈਲੈਂਡ ਵਿਚ ਨੌਂ ਸਾਲ ਦੇ ਇਕ ਮੁੰਡੇ ਨੇ ਇਸ ਨੂੰ ਬਿਲਕੁਲ ਸਹੀ ਪਾਇਆ। ਬਚਪਨ ਵਿਚ ਹੀ ਉਸ ਦੀ ਮਾਂ ਦੀ ਮੌਤ ਹੋ ਗਈ, ਅਤੇ ਉਸ ਦਾ ਪਿਤਾ ਉਸ ਨੂੰ ਆਪਣੇ ਕੋਲ ਨਹੀਂ ਰੱਖਣਾ ਚਾਹੁੰਦਾ ਸੀ। ਉਹ ਮੁੰਡੇ ਨੂੰ ਉਸ ਦੀ ਦਾਦੀ ਕੋਲ ਛੱਡ ਆਇਆ। ਉਸ ਮੁੰਡੇ ਨੂੰ ਲੱਗਦਾ ਸੀ ਕਿ ਕੋਈ ਵੀ ਉਸ ਨਾਲ ਪਿਆਰ ਨਹੀਂ ਕਰਦਾ ਅਤੇ ਨਾ ਹੀ ਕੋਈ ਉਸ ਨੂੰ ਚਾਹੁੰਦਾ ਸੀ। ਇਸ ਕਰਕੇ ਉਹ ਬਾਗ਼ੀ ਬਣ ਗਿਆ ਅਤੇ ਧੌਂਸੀਏ ਵਜੋਂ ਬਦਨਾਮ ਹੋ ਗਿਆ। ਉਹ ਆਪਣੀ ਦਾਦੀ ਨੂੰ ਵੀ ਧਮਕਾਉਂਦਾ ਸੀ। ਯਹੋਵਾਹ ਦੇ ਗਵਾਹਾਂ ਦੀਆਂ ਦੋ ਪੂਰਣ-ਕਾਲੀ ਪ੍ਰਚਾਰਕਾਵਾਂ ਨੇ ਦੇਖਿਆ ਕਿ ਉਹ ਅਕਸਰ ਸਥਾਨਕ ਰਾਜ-ਗ੍ਰਹਿ ਦੇ ਬਾਹਰ ਖੜ੍ਹਾ ਰਹਿੰਦਾ ਹੈ, ਇਸ ਲਈ ਇਕ ਦਿਨ ਉਨ੍ਹਾਂ ਨੇ ਉਸ ਨੂੰ ਆਪਣੇ ਘਰ ਬੁਲਾਇਆ।

ਉਨ੍ਹਾਂ ਨੇ ਉਸ ਨੂੰ ਪਰਮੇਸ਼ੁਰ ਦੇ ਬਾਰੇ ਦੱਸਿਆ ਕਿ ਉਹ ਇਕ ਪਿਤਾ ਦੀ ਤਰ੍ਹਾਂ ਆਪਣੇ ਬੱਚਿਆਂ ਨਾਲ ਪਿਆਰ ਕਰਦਾ ਹੈ। ਉਨ੍ਹਾਂ ਨੇ ਪਰਮੇਸ਼ੁਰ ਦੁਆਰਾ ਵਫ਼ਾਦਾਰ ਇਨਸਾਨਾਂ ਨਾਲ ਵਾਅਦਾ ਕੀਤੇ ਗਏ ਜ਼ਮੀਨੀ ਪਰਾਦੀਸ ਬਾਰੇ ਵੀ ਦੱਸਿਆ। (ਪਰਕਾਸ਼ ਦੀ ਪੋਥੀ 21:3, 4) ਇਹ ਸਾਰੀਆਂ ਗੱਲਾਂ ਮੁੰਡੇ ਨੂੰ ਪਸੰਦ ਆਈਆਂ, ਅਤੇ ਉਹ ਹਰ ਰੋਜ਼ ਹੋਰ ਜ਼ਿਆਦਾ ਸਿੱਖਣ ਲਈ ਆਉਣ ਲੱਗ ਪਿਆ। ਗਵਾਹਾਂ ਨੇ ਉਸ ਨੂੰ ਦੱਸਿਆ ਕਿ ਜੇਕਰ ਉਹ ਸੱਚ-ਮੁੱਚ ਪਰਮੇਸ਼ੁਰ ਨੂੰ ਆਪਣਾ ਪਿਤਾ ਬਣਾਉਣਾ ਚਾਹੁੰਦਾ ਸੀ, ਤਾਂ ਉਸ ਨੂੰ ਧੌਂਸ ਜਮਾਉਣੀ ਬੰਦ ਕਰਨੀ ਪਵੇਗੀ। ਇਹ ਰੋਮੀਆਂ ਨੂੰ ਕਹੇ ਗਏ ਪੌਲੁਸ ਦੇ ਸ਼ਬਦਾਂ ਦੇ ਅਨੁਸਾਰ ਸੀ: “ਆਪਣੀ ਵਾਹ ਲੱਗਦਿਆਂ ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖੋ।” (ਰੋਮੀਆਂ 12:18) ਉਸ ਨੂੰ ਆਪਣੀ ਦਾਦੀ ਨਾਲ ਦਇਆਪੂਰਵਕ ਵਰਤਾਉ ਕਰਨ ਦੀ ਵੀ ਲੋੜ ਸੀ। (1 ਤਿਮੋਥਿਉਸ 5:1, 2) ਜਲਦੀ ਹੀ, ਉਸ ਨੇ ਬਾਈਬਲ ਦੇ ਸਿਧਾਂਤਾਂ ਨੂੰ ਅਮਲ ਵਿਚ ਲਿਆਂਦਾ—ਬਿਨਾਂ ਸ਼ੱਕ ਉਸ ਦੀ ਦਾਦੀ ਨਾਲ ਉਸ ਦਾ ਪਰਿਵਾਰਕ ਜੀਵਨ ਕਾਫ਼ੀ ਬਿਹਤਰ ਹੋ ਗਿਆ। (ਗਲਾਤੀਆਂ 5:22, 23) ਉਸ ਦੇ ਵਿਚ ਆਈਆਂ ਤਬਦੀਲੀਆਂ ਨੂੰ ਵੇਖ ਕੇ ਗੁਆਂਢੀ ਇੰਨੇ ਪ੍ਰਭਾਵਿਤ ਹੋਏ ਕਿ ਉਹ ਚਾਹੁੰਦੇ ਸਨ ਕਿ ਉਨ੍ਹਾਂ ਦੇ ਬੱਚੇ ਵੀ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਅਧਿਐਨ ਕਰਨ!

ਇਕ ਸ਼ਾਂਤਮਈ ਮਨੋਬਿਰਤੀ

ਪੌਲੁਸ ਰਸੂਲ ਨੇ ਕੁਲੁੱਸੀਆਂ ਨੂੰ ਲਿਖਿਆ: “ਪ੍ਰੇਮ ਨੂੰ ਪਾ ਲਓ ਜਿਹੜਾ ਸੰਪੂਰਨਤਾਈ ਦਾ ਬੰਧ ਹੈ। ਅਤੇ ਮਸੀਹ ਦੀ ਸ਼ਾਂਤ . . . ਤੁਹਾਡਿਆਂ ਮਨਾਂ ਵਿੱਚ ਰਾਜ ਕਰੇ।” (ਕੁਲੁੱਸੀਆਂ 3:14, 15) ਸ਼ਾਂਤਮਈ ਮਨੋਬਿਰਤੀ ਅਤੇ ਦਿਲੀ ਪਿਆਰ, ਯਕੀਨਨ ਇਕ ਪਰਿਵਾਰ ਨੂੰ ਜੋੜੀ ਰੱਖੇਗਾ। ਅਤੇ ਇਹ ਪਰਿਵਾਰ ਵਿਚ ਕਾਫ਼ੀ ਸਮੇਂ ਤੋਂ ਪਈ ਫੁੱਟ ਨੂੰ ਖ਼ਤਮ ਕਰ ਸਕਦੇ ਹਨ। ਅਲਬਾਨੀਆ ਵਿਚ ਰਹਿਣ ਵਾਲੀ ਰੂਕੀਆ ਦੀ ਆਪਣੇ ਭਰਾ ਨਾਲ ਪਰਿਵਾਰਕ ਮਤਭੇਦ ਹੋਣ ਦੇ ਕਾਰਨ 17 ਸਾਲਾਂ ਤੋਂ ਬੋਲਚਾਲ ਬੰਦ ਸੀ। ਜਦੋਂ ਉਸ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਅਧਿਐਨ ਸ਼ੁਰੂ ਕੀਤਾ, ਤਾਂ ਉਸ ਨੇ ਇਹ ਸਿੱਖਿਆ ਕਿ ਯਹੋਵਾਹ ਦੇ ਹਰ ਸੇਵਕ ਨੂੰ ਤਾਕੀਦ ਕੀਤੀ ਜਾਂਦੀ ਹੈ ਕਿ ਉਹ ਦੂਜਿਆਂ ਦੇ ਨਾਲ ਸ਼ਾਂਤੀ ਵਿਕਸਿਤ ਕਰਨ। “ਉਹ . . . ਮਿਲਾਪ ਨੂੰ ਲੱਭੇ ਅਤੇ ਉਹ ਦਾ ਪਿੱਛਾ ਕਰੇ।”—1 ਪਤਰਸ 3:11.

ਰੂਕੀਆ ਨੇ ਅਹਿਸਾਸ ਕੀਤਾ ਕਿ ਉਸ ਨੂੰ ਵੀ ਆਪਣੇ ਭਰਾ ਨਾਲ ਮੇਲ-ਮਿਲਾਪ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਸ ਨੇ ਸਾਰੀ ਰਾਤ ਪ੍ਰਾਰਥਨਾ ਕੀਤੀ ਅਤੇ ਅਗਲੀ ਸਵੇਰ, ਧਕ-ਧਕ ਕਰਦੇ ਹੋਏ ਦਿਲ ਨਾਲ, ਉਹ ਆਪਣੇ ਭਰਾ ਦੇ ਘਰ ਪੈਦਲ ਚੱਲ ਕੇ ਗਈ। ਰੂਕੀਆ ਦੀ ਭਤੀਜੀ ਨੇ ਦਰਵਾਜ਼ਾ ਖੋਲ੍ਹਿਆ ਅਤੇ ਹੈਰਾਨੀ ਨਾਲ ਪੁੱਛਿਆ: “ਤੁਸੀਂ ਇੱਥੇ ਕੀ ਕਰ ਰਹੇ ਹੋ?” ਰੂਕੀਆ ਨੇ ਸ਼ਾਂਤੀ ਨਾਲ ਸਮਝਾਇਆ ਕਿ ਉਹ ਆਪਣੇ ਭਰਾ ਨੂੰ ਮਿਲਣ ਲਈ ਆਈ ਹੈ ਅਤੇ ਉਸ ਨਾਲ ਮੇਲ-ਮਿਲਾਪ ਕਰਨਾ ਚਾਹੁੰਦੀ ਹੈ। ਕਿਉਂ? ਕਿਉਂਕਿ ਉਸ ਨੇ ਹੁਣ ਅਹਿਸਾਸ ਕੀਤਾ ਕਿ ਇਹੀ ਪਰਮੇਸ਼ੁਰ ਦੀ ਇੱਛਾ ਹੈ। ਉਸ ਦੇ ਭਰਾ ਨੇ ਢੁਕਵੀਂ ਪ੍ਰਤਿਕ੍ਰਿਆ ਦਿਖਾਈ, ਅਤੇ ਉਨ੍ਹਾਂ ਦਾ ਪੁਨਰ-ਮਿਲਣ ਗਲਵੱਕੜੀਆਂ ਅਤੇ ਖ਼ੁਸ਼ੀ ਦੇ ਹੰਝੂਆਂ ਨਾਲ ਹੋਇਆ—ਬਾਈਬਲ ਦੇ ਸਿਧਾਂਤਾਂ ਨੂੰ ਅਮਲ ਵਿਚ ਲਿਆਉਣ ਕਾਰਨ ਇਕ ਪਰਿਵਾਰ ਆਪਸ ਵਿਚ ਦੁਬਾਰਾ ਮਿਲ ਗਿਆ।

ਬੁਰੀਆਂ ਸੰਗਤਾਂ

“ਅੱਜ-ਕੱਲ੍ਹ, ਅਮਰੀਕਾ ਵਿਚ ਇਕ ਆਮ ਬੱਚਾ ਹਰ ਦਿਨ ਸੱਤ ਘੰਟੇ ਟੈਲੀਵਿਯਨ ਵੇਖਦਾ ਹੈ। ਅੱਠਵੀਂ ਜਮਾਤ ਤਕ ਪਹੁੰਚਦੇ-ਪਹੁੰਚਦੇ ਉਹ ਅੱਠ ਹਜ਼ਾਰ ਤੋਂ ਜ਼ਿਆਦਾ ਕਤਲ ਅਤੇ ਇਕ ਲੱਖ ਹਿੰਸਕ ਵਾਰਦਾਤਾਂ ਵੇਖ ਚੁੱਕਾ ਹੁੰਦਾ ਹੈ।” ਅਤਿਅੰਤ ਸਫ਼ਲ ਪਰਿਵਾਰਾਂ ਦੀਆਂ 7 ਆਦਤਾਂ (ਅੰਗ੍ਰੇਜ਼ੀ) ਨਾਮਕ ਕਿਤਾਬ ਵਿਚ ਇਹ ਕਿਹਾ ਗਿਆ ਹੈ। ਇੰਨਾ ਟੈਲੀਵਿਯਨ ਦੇਖਣ ਨਾਲ ਇਕ ਬੱਚੇ ਉੱਤੇ ਕੀ ਅਸਰ ਪੈਂਦਾ ਹੈ? “ਮਾਹਰ” ਚਾਹੇ ਇਸ ਬਾਰੇ ਆਪਸ ਵਿਚ ਸਹਿਮਤ ਨਹੀਂ ਹਨ, ਪਰ ਬਾਈਬਲ ਬੁਰੀਆਂ ਸੰਗਤਾਂ ਬਾਰੇ ਦ੍ਰਿੜ੍ਹਤਾ ਨਾਲ ਚੇਤਾਵਨੀ ਦਿੰਦੀ ਹੈ। ਉਦਾਹਰਣ ਵਜੋਂ, ਇਹ ਕਹਿੰਦੀ ਹੈ: “ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।” (ਕਹਾਉਤਾਂ 13:20) ਉਹ ਇਹ ਵੀ ਕਹਿੰਦੀ ਹੈ: “ਬੁਰੀਆਂ ਸੰਗਤਾਂ ਚੰਗਿਆਂ ਚਲਣਾਂ ਨੂੰ ਵਿਗਾੜ ਦਿੰਦੀਆਂ ਹਨ।” (1 ਕੁਰਿੰਥੀਆਂ 15:33) ਚਾਹੇ ਬੁਰੀਆਂ ਸੰਗਤਾਂ ਲੋਕਾਂ ਨਾਲ ਹੋਣ ਜਾਂ ਟੈਲੀਵਿਯਨ ਦੇ ਪ੍ਰੋਗ੍ਰਾਮਾਂ ਰਾਹੀਂ ਹੋਣ, ਜੇਕਰ ਅਸੀਂ ਸਮਝਦਾਰੀ ਨਾਲ ਇਸ ਸਿਧਾਂਤ ਨੂੰ ਹਰ ਮਾਮਲੇ ਵਿਚ ਸਹੀ ਮੰਨਦੇ ਹਾਂ, ਤਾਂ ਪਰਿਵਾਰਕ ਜੀਵਨ ਸੁਧਰ ਸਕਦਾ ਹੈ।

ਲਕਜ਼ਮਬਰਗ ਵਿਚ ਇਕ ਮਾਂ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਅਧਿਐਨ ਕਰ ਰਹੀ ਸੀ। ਇਕ ਦਿਨ ਉਸ ਨੇ ਗਵਾਹ ਨੂੰ ਦੱਸਿਆ ਕਿ ਸ਼ਾਮ ਦੇ ਵੇਲੇ ਉਸ ਦੀਆਂ ਸੱਤ ਅਤੇ ਅੱਠ ਸਾਲ ਦੀਆਂ ਦੋਵੇਂ ਕੁੜੀਆਂ ਬਹੁਤ ਝਗੜਾਲੂ ਹੋ ਜਾਂਦੀਆਂ ਸਨ। ਗਵਾਹ ਨੇ ਪੁੱਛਿਆ ਕਿ ਸ਼ਾਮ ਦੇ ਵੇਲੇ ਕੁੜੀਆਂ ਕੀ ਕਰਦੀਆਂ ਸਨ। ਮਾਂ ਨੇ ਕਿਹਾ ਕਿ ਜਦੋਂ ਉਹ ਰਸੋਈ ਦੀ ਸਫ਼ਾਈ ਕਰ ਰਹੀ ਹੁੰਦੀ ਹੈ, ਤਾਂ ਉਹ ਟੈਲੀਵਿਯਨ ਵੇਖਦੀਆਂ ਹਨ। ਕਿਹੜੇ ਪ੍ਰੋਗ੍ਰਾਮ? ਮਾਂ ਨੇ ਜਵਾਬ ਦਿੱਤਾ, “ਕੁਝ ਕਾਰਟੂਨ ਦੇਖਦੀਆਂ ਹਨ।” ਜਦੋਂ ਗਵਾਹ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਪ੍ਰੋਗ੍ਰਾਮ ਅਕਸਰ ਹਿੰਸਕ ਹੁੰਦੇ ਹਨ, ਤਾਂ ਕੁੜੀਆਂ ਦੀ ਮਾਂ ਨੇ ਇਨ੍ਹਾਂ ਦੀ ਜਾਂਚ ਕਰਨ ਦਾ ਵਾਅਦਾ ਕੀਤਾ।

ਅਗਲੇ ਹੀ ਦਿਨ, ਮਾਂ ਨੇ ਦੱਸਿਆ ਕਿ ਉਸ ਨੂੰ ਉਨ੍ਹਾਂ ਕਾਰਟੂਨਾਂ ਤੋਂ ਝਟਕਾ ਲੱਗਾ ਜੋ ਉਸ ਦੀਆਂ ਕੁੜੀਆਂ ਦੇਖ ਰਹੀਆਂ ਸਨ। ਉਸ ਵਿਚ ਪੁਲਾੜ ਤੋਂ ਆਏ ਕਾਲਪਨਿਕ ਦੈਂਤ ਦਿਖਾਏ ਜਾਂਦੇ ਸਨ, ਜੋ ਆਪਣੇ ਰਾਹ ਵਿਚ ਆਈ ਹਰ ਚੀਜ਼ ਨੂੰ ਤਹਿਸ-ਨਹਿਸ ਕਰ ਦਿੰਦੇ ਸਨ। ਉਸ ਨੇ ਆਪਣੀਆਂ ਕੁੜੀਆਂ ਨੂੰ ਸਮਝਾਇਆ ਕਿ ਯਹੋਵਾਹ ਹਿੰਸਾ ਤੋਂ ਨਫ਼ਰਤ ਕਰਦਾ ਹੈ ਅਤੇ ਜਦੋਂ ਅਸੀਂ ਇਸ ਤਰ੍ਹਾਂ ਦੇ ਵਹਿਸ਼ੀਪੁਣੇ ਨੂੰ ਵੇਖਦੇ ਹਾਂ, ਤਾਂ ਉਹ ਪ੍ਰਸੰਨ ਨਹੀਂ ਹੁੰਦਾ ਹੈ। (ਜ਼ਬੂਰ 11:5) ਦੋਵੇਂ ਕੁੜੀਆਂ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੀਆਂ ਸਨ, ਇਸ ਲਈ ਉਹ ਟੈਲੀਵਿਯਨ ਵੇਖਣ ਦੀ ਬਜਾਇ ਕੁਝ ਤਸਵੀਰਾਂ ਬਣਾਉਣ ਅਤੇ ਪੇਂਟਿੰਗ ਕਰਨ ਲਈ ਮੰਨ ਗਈਆਂ। ਛੇਤੀ ਹੀ, ਉਨ੍ਹਾਂ ਦਾ ਝਗੜਾਲੂ ਆਚਰਣ ਬਦਲ ਗਿਆ, ਅਤੇ ਪਰਿਵਾਰ ਦਾ ਮਾਹੌਲ ਬਿਹਤਰ ਹੋ ਗਿਆ।

ਇਹ ਕੇਵਲ ਕੁਝ ਹੀ ਉਦਾਹਰਣਾਂ ਹਨ ਜੋ ਦਿਖਾਉਂਦੀਆਂ ਹਨ ਕਿ ਬਾਈਬਲ ਦੇ ਸਿਧਾਂਤਾਂ ਨੂੰ ਲਾਗੂ ਕਰਨ ਤੇ ਪਰਿਵਾਰਕ ਜੀਵਨ ਬਿਹਤਰ ਹੋ ਸਕਦਾ ਹੈ। ਬਾਈਬਲ ਸਭ ਤਰ੍ਹਾਂ ਦੀਆਂ ਸਥਿਤੀਆਂ ਬਾਰੇ ਸਲਾਹ ਦਿੰਦੀ ਹੈ। ਇਹ ਭਰੋਸੇਯੋਗ ਹੈ ਅਤੇ ਦੂਜਿਆਂ ਉੱਤੇ ਸ਼ਕਤੀਸ਼ਾਲੀ ਤੇ ਚੰਗਾ ਪ੍ਰਭਾਵ ਪਾਉਂਦੀ ਹੈ। (ਇਬਰਾਨੀਆਂ 4:12) ਜਦੋਂ ਲੋਕ ਬਾਈਬਲ ਦਾ ਅਧਿਐਨ ਕਰਦੇ ਹਨ ਅਤੇ ਇਸ ਦੀਆਂ ਗੱਲਾਂ ਨੂੰ ਸੱਚੇ ਦਿਲੋਂ ਲਾਗੂ ਕਰਨ ਦਾ ਜਤਨ ਕਰਦੇ ਹਨ, ਤਾਂ ਪਰਿਵਾਰ ਮਜ਼ਬੂਤ ਹੁੰਦੇ ਹਨ, ਵਿਅਕਤਿੱਤਵ ਸੁਧਰਦੇ ਹਨ, ਅਤੇ ਗ਼ਲਤੀਆਂ ਕਰਨ ਤੋਂ ਬਚਦੇ ਹਨ। ਭਾਵੇਂ ਕਿ ਪਰਿਵਾਰ ਦਾ ਕੇਵਲ ਇਕ ਹੀ ਮੈਂਬਰ ਪਰਮੇਸ਼ੁਰ ਦੀ ਸਲਾਹ ਨੂੰ ਮੰਨਦਾ ਹੈ, ਫਿਰ ਵੀ ਸਥਿਤੀ ਬਿਹਤਰ ਹੋ ਸਕਦੀ ਹੈ। ਸੱਚ-ਮੁੱਚ, ਜੀਵਨ ਦੇ ਹਰ ਪਹਿਲੂ ਵਿਚ ਪਰਮੇਸ਼ੁਰ ਦੇ ਬਚਨ ਬਾਰੇ ਸਾਡਾ ਅਜਿਹਾ ਨਜ਼ਰੀਆ ਹੋਣਾ ਚਾਹੀਦਾ ਹੈ, ਜਿਸ ਤਰ੍ਹਾਂ ਕਿ ਜ਼ਬੂਰਾਂ ਦੇ ਲਿਖਾਰੀ ਦਾ ਸੀ। ਉਸ ਨੇ ਲਿਖਿਆ: “ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ, ਅਤੇ ਮੇਰੇ ਰਾਹ ਦਾ ਚਾਨਣ ਹੈ।”—ਜ਼ਬੂਰ 119:105.

[ਸਫ਼ੇ 5 ਉੱਤੇ ਤਸਵੀਰ]

ਬਾਈਬਲ ਦੇ ਸਿਧਾਂਤਾਂ ਨੂੰ ਲਾਗੂ ਕਰਕੇ ਪਰਿਵਾਰਕ ਸਮੱਸਿਆਵਾਂ ਸੁਲਝਾਈਆਂ ਗਈਆਂ ਹਨ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ